Dr-Ranjit-Singh

ਧਰਤੀ ਹੇਠਲੇ ਪਾਣੀ ਦੀ ਕਮੀ ਲਈ ਕੌਣ ਜ਼ਿੰਮੇਵਾਰ ? - ਡਾ. ਰਣਜੀਤ ਸਿੰਘ

ਪੰਜਾਬ ਵਿਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ। ਇਸ ਦੇ ਕਾਰਨਾਂ ਦੀ ਘੋਖ ਅਤੇ ਪਾਣੀ ਵਿਚ ਵਾਧੇ ਲਈ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਦੀ ਥਾਂ ਭਾਂਡਾ ਕਿਸਾਨਾਂ ਸਿਰ ਭੰਨਿਆ ਜਾ ਰਿਹਾ ਹੈ। ਕੀ ਪੰਜਾਬ ਵਿਚ ਪਾਣੀ ਦੀ ਹੋ ਰਹੀ ਘਾਟ ਲਈ ਕੇਵਲ ਕਿਸਾਨ ਹੀ ਜ਼ਿੰਮੇਵਾਰ ਹਨ? ਕਿਸਾਨ ਤਾਂ ਅੰਨਦਾਤਾ ਹੈ, ਉਹ ਆਪ ਭਾਵੇਂ ਢਿੱਡੋਂ ਭੁੱਖਾ ਰਹੇ ਪਰ ਲੋਕਾਈ ਦਾ ਢਿੱਡ ਜ਼ਰੂਰ ਭਰਦਾ ਹੈ। ਉਹ ਤਾਂ ਕੁਦਰਤ ਦੇ ਨੇੜੇ ਹੈ, ਪਾਣੀ ਨੂੰ ਦੇਵਤਾ ਮੰਨਦਾ ਹੈ, ਪਾਣੀ ਦੀ ਬਰਬਾਦੀ ਜਾਂ ਇਸ ਨੂੰ ਗੰਧਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਉਸ ਦਾ ਕਿੱਤਾ ਹੀ ਅਜਿਹਾ, ਹੋਰ ਕਿਸੇ ਕਿੱਤੇ ਵਿਚ ਇਤਨੀ ਮਿਹਨਤ ਨਹੀਂ ਕਰਨੀ ਪੈਂਦੀ। ਇਸ ਦੇ ਨਾਲ ਹੀ ਕੁਦਰਤ ਦੀ ਮਾਰ ਵੀ ਉਸੇ ਨੂੰ ਸਭ ਤੋਂ ਵੱਧ ਝੱਲਣੀ ਪੈਂਦੀ ਹੈ। ਕਿਸਾਨ ਪਾਣੀ ਦੀ ਵਰਤੋਂ ਅਨਾਜ ਪੈਦਾ ਕਰਨ ਲਈ ਕਰਦਾ ਹੈ, ਸਾਡੇ ਵਾਂਗ ਉਸ ਦੀ ਬਰਬਾਦੀ ਨਹੀਂ ਕਰਦਾ। ਉਹ ਜਦੋਂ ਖੇਤ ਨੂੰ ਪਾਣੀ ਲਗਾਉਂਦਾ ਹੈ ਤਾਂ ਲਗਭਗ ਅੱਧਾ ਪਾਣੀ ਮੁੜ ਧਰਤੀ ਹੇਠ ਚਲਾ ਜਾਂਦਾ ਹੈ। ਇਕ ਹਿੱਸਾ ਭਾਫ ਬਣ ਕੇ ਉਡਦਾ ਹੈ ਤੇ ਮੁੜ ਸ਼ੁਧ ਹੋ ਕੇ ਮੀਂਹ ਦੇ ਰੂਪ ਵਿਚ ਵਾਪਸ ਧਰਤੀ ਸਿੰਜਦਾ ਹੈ ਤੇ ਬਾਕੀ ਪਾਣੀ ਦਾਣਿਆਂ ਅਤੇ ਨਾੜ ਰਾਹੀਂ ਮਨੁੱਖ ਤੇ ਪਸ਼ੂਆਂ ਕੋਲ ਜਾਂਦਾ ਹੈ।
ਸਾਡੇ ਮਾਹਿਰ ਸਾਰੇ ਫਸਾਦ ਦੀ ਜੜ੍ਹ ਝੋਨੇ ਨੂੰ ਮੰਨਦੇ ਹਨ। ਇੱਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਹੈ। ਚੌਲਾਂ ਦਾ ਗੁਣਗਾਣ ਵੇਦਾਂ ਵਿਚ ਵੀ ਕੀਤਾ ਗਿਆ ਹੈ। ਮੱਕੀ ਬਾਹਰੋਂ ਆਈ ਫ਼ਸਲ ਹੈ। ਵਾਰਸ ਸ਼ਾਹ ਨੇ ਆਪਣੀ ਹੀਰ ਵਿਚ ਬਾਸਮਤੀ ਦੀਆਂ ਵੀਹ ਤੋਂ ਵੀ ਵੱਧ ਕਿਸਮਾਂ ਦਾ ਜ਼ਿਕਰ ਕੀਤਾ ਹੈ। ਜਦੋਂ ਸਿੰਜਾਈ ਦੇ ਸਾਧਨ ਖੂਹ ਸਨ, ਉਦੋਂ ਸਾਉਣੀ ਵਿਚ ਬਹੁਤ ਘੱਟ ਰਕਬੇ ਵਿਚ ਫ਼ਸਲ ਬੀਜੀ ਜਾਂਦੀ ਸੀ। ਨਿਆਈਂ ਵਿਚ ਮੱਕੀ, ਕਮਾਦ, ਕੁਝ ਦਾਲਾਂ, ਸਬਜ਼ੀਆਂ ਤੇ ਚਰ੍ਹੀ ਜਾਂ ਬਾਜਰਾ। ਬਹੁਤੀ ਧਰਤੀ ਖਾਲੀ ਹੀ ਰੱਖੀ ਜਾਂਦੀ ਸੀ। ਮੀਂਹ ਪੈਣ ’ਤੇ ਉਸ ਦੀ ਮੁੜ ਮੁੜ ਵਹਾਈ ਕੀਤੀ ਜਾਂਦੀ ਸੀ। ਹਾੜ੍ਹੀ ਦੀ ਬਿਜਾਈ ਲਈ ਮੀਂਹ ਪਿਛੋਂ ਖੇਤ ਵਿਚ ਗਿੱਲ ਦੱਬ ਲਈ ਜਾਂਦੀ ਸੀ। ਨੀਵੇਂ ਖੇਤਾਂ ਵਿਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਸੀ। ਉਦੋਂ ਬਰਸਾਤ ਬਹੁਤ ਹੁੰਦੀ ਸੀ। ਹਫ਼ਤੇ ਹਫ਼ਤੇ ਦੀਆਂ ਝੜੀਆਂ ਲਗਦੀਆਂ ਸਨ। ਜਦੋਂ ਪਾਣੀ ਦੀ ਸਹੂਲਤ ਹੋਈ ਤਾਂ ਕਿਸਾਨ ਨੇ ਸਾਉਣੀ ਵਿਚ ਵੀ ਪੂਰੀ ਫ਼ਸਲ ਬੀਜਣੀ ਸ਼ੁਰੂ ਕਰ ਦਿੱਤੀ। ਕਿਸਾਨ ਸਭ ਤੋਂ ਵੱਧ ਮਿਹਨਤ ਕਰਦਾ ਹੈ। ਸਭ ਤੋਂ ਵੱਧ ਖਤਰੇ ਸਹੇੜਦਾ ਹੈ, ਫਿਰ ਵੀ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ। ਇਹ ਝੋਨੇ ਦੀ ਫ਼ਸਲ ਹੀ ਹੈ ਕਿ ਕਿਸਾਨ ਦੇ ਘਰ ਚੁੱਲ੍ਹਾ ਮਘਦਾ ਹੈ। ਝੋਨਾ ਸਾਉਣੀ ਦੀ ਸਭ ਤੋਂ ਘੱਟ ਖ਼ਤਰੇ ਵਾਲੀ ਫ਼ਸਲ ਹੈ। ਜੇ ਇਸ ਦੀ ਲੁਆਈ 20 ਜੂਨ ਤੋਂ ਪਿੱਛੋਂ ਕੀਤੀ ਜਾਵੇ ਤਾਂ ਮਾਹਿਰਾਂ ਅਨੁਸਾਰ, ਵਰਤੇ ਪਾਣੀ ਤੇ ਉਪਜ ਦਾ ਆਪੋ ਵਿਚਲਾ ਅਨੁਪਾਤ ਝੋਨੇ ਦਾ ਸਭ ਤੋਂ ਵੱਧ ਹੈ। ਤਿੰਨ ਮਹੀਨਿਆਂ ਦੀ ਫ਼ਸਲ ’ਤੇ 35 ਕੁਇੰਟਲ ਤੋਂ ਵੱਧ ਇਕ ਏਕੜ ਵਿਚੋਂ ਝਾੜ ਪ੍ਰਾਪਤ ਹੋ ਜਾਂਦਾ ਹੈ।
       ਇਸ ਵਿਚ ਕੋਈ ਸ਼ੱਕ ਨਹੀਂ ਕਿ ਝੋਨੇ ਹੇਠ ਕੋਈ 10 ਲੱਖ ਹੈਕਟੇਅਰ ਧਰਤੀ ਕੱਢ ਕੇ ਦੂਜੀਆਂ ਫ਼ਸਲਾਂ ਹੇਠ ਲਿਜਾਣ ਦੀ ਲੋੜ ਹੈ। ਕੀ ਕਿਸੇ ਮਾਹਿਰ ਨੇ ਦੱਸਿਆ ਹੈ ਕਿ ਉਸ ਦਸ ਲੱਖ ਹੈਕਟੇਅਰ ਵਿਚ ਕੀ ਬੀਜਿਆ ਜਾਵੇ? ਅਸਲ ਵਿਚ ਕੋਈ ਸਰਕਾਰ ਨਹੀਂ ਚਾਹੁੰਦੀ ਕਿ ਝੋਨੇ ਦੀ ਪੈਦਾਵਾਰ ਘੱਟ ਕੀਤੀ ਜਾਵੇ। ਹਰ ਵਰ੍ਹੇ ਕੇਂਦਰ ਸਰਕਾਰ ਰਾਜਾਂ ਨੂੰ ਪੈਦਾਵਾਰ ਦੇ ਟੀਚੇ ਦਿੰਦੀ ਹੈ ਤੇ ਇਸ ਵਿਚ ਹਰ ਵਾਰ ਵਾਧਾ ਕੀਤਾ ਜਾਂਦਾ ਹੈ। ਵਾਹੀ ਹੇਠ ਧਰਤੀ ਘਟ ਰਹੀ ਹੈ ਅਤੇ ਆਬਾਦੀ ਵਿਚ ਵਾਧਾ ਹੋ ਰਿਹਾ ਹੈ। ਦੇਸ਼ ਦੀ ਸਾਰੀ ਵਸੋਂ ਨੂੰ ਰੱਜਵੀਂ ਰੋਟੀ ਅਜੇ ਵੀ ਮਿਲ ਨਹੀਂ ਰਹੀ। ਪੰਜਾਬ ਸਰਕਾਰ ਨੇ ਗਰਮੀਆਂ ਵਿਚ ਮੂੰਗੀ ਬੀਜਣ ਨੂੰ ਹੁਲਾਰਾ ਦਿੱਤਾ ਹੈ। ਇਸ ਨਾਲ ਕਿਸਾਨ ਦੀ ਆਮਦਨ ਤਾਂ ਭਾਵੇਂ ਵਧ ਜਾਵੇ ਪਰ ਪਾਣੀ ਦੀ ਬਰਬਾਦੀ ਤਾਂ ਹੁੰਦੀ ਹੈ। ਇਹ ਸਮਰਥਨ ਮੁੱਲ ਮੁੱਖ ਮੌਸਮ ਦੀ ਮੂੰਗੀ ਅਤੇ ਮੱਕੀ ਲਈ ਦੇਣਾ ਚਾਹੀਦਾ ਹੈ। ਪਾਣੀ ਬਾਰੇ ਕਿਸੇ ਵਿਦਵਾਨ ਨੇ ਤਾਂ ਇਥੋਂ ਤਕ ਲਿਖ ਦਿੱਤਾ ਹੈ ਕਿ 90% ਪਾਣੀ ਦੀ ਵਰਤੋਂ ਕਿਸਾਨ ਹੀ ਕਰਦੇ ਹਨ। ਸ਼ਾਇਦ ਉਹ ਭੁੱਲ ਗਿਆ ਕਿ ਕਿਸਾਨਾਂ ਦੇ 14 ਲੱਖ ਟਿਊਬਵੈੱਲ ਹਨ ਜਿਹੜੇ ਸਾਲ ਵਿਚ ਛੇ ਕੁ ਮਹੀਨੇ ਚਲਦੇ ਹਨ। ਗੈਰ-ਕਿਸਾਨੀ ਖੇਤਰ ਵਿਚ 25 ਲੱਖ ਟਿਊਬਵੈੱਲ ਹਨ ਜਿਹੜੇ ਆਕਾਰ ਵਿਚ ਵੀ ਵੱਡੇ ਹਨ ਤੇ ਦਿਨ ਰਾਤ ਚਲਦੇ ਹਨ। ਘਰਾਂ ਵਿਚ ਪਾਣੀ ਦੀ ਵਰਤੋਂ ਸਮੇਂ ਕੋਈ ਸੰਜਮ ਨਹੀਂ ਵਰਤਿਆ ਜਾਂਦਾ।
       ਅੱਧੀ ਸਦੀ ਪਹਿਲਾਂ ਜਦੋਂ ਸੂਬੇ ਦੀ ਆਬਾਦੀ ਇਕ ਕਰੋੜ ਤੋਂ ਘੱਟ ਸੀ ਤਾਂ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਂਦੀ ਸੀ। ਘਰ ਵਿਚ ਸਾਰੇ ਦਿਨ ਵਿਚ ਮਸਾਂ ਤਿੰਨ ਚਾਰ ਘੜੇ ਪਾਣੀ ਦੀ ਵਰਤੋਂ ਹੁੰਦੀ ਹੈ। ਮਰਦ ਸਾਰੇ ਖੂਹਾਂ ’ਤੇ ਜਾ ਕੇ ਨਹਾਉਂਦੇ ਸਨ ਤੇ ਔਰਤਾਂ ਇਕ ਬਾਲਟੀ ਨਾਲ ਨਹਾ ਲੈਂਦੀਆਂ ਸਨ। ਹੁਣ ਆਬਾਦੀ ਤਿੰਨ ਕਰੋੜ ਹੋਣ ਵਾਲੀ ਹੈ। ਘਰਾਂ ਵਿਚ ਟੂਟੀਆਂ, ਫਲਸ਼, ਬਾਥਰੂਮ, ਧੋ-ਧੁਆਈ ਤੇ ਗੱਡੀਆਂ ਦੀ ਧੁਆਈ ਲਈ ਪਾਣੀ ਦੀ ਅੰਨੇਵਾਹ੍ਵ ਬਰਬਾਦੀ ਕੀਤੀ ਜਾ ਰਹੀ ਹੈ। ਇਸ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਬਰਬਾਦੀ ਗੈਰ ਖੇਤੀ ਖੇਤਰ ਵਿਚ ਹੁੰਦੀ ਹੈ ਤੇ ਸਜ਼ਾ ਕਿਸਾਨ ਨੂੰ ਭੁਗਤਣੀ ਪੈਂਦੀ ਹੈ। ਇਵੇਂ ਹੀ ਘਰਾਂ, ਕਾਰਾਂ, ਦੁਕਾਨਾਂ, ਦਫ਼ਤਰਾਂ ਸਭ ਥਾਈਂ ਏਸੀ ਲੱਗੇ ਹਨ। ਇਸ ਨਾਲ ਆਲਮੀ ਤਪਸ਼ ਵਿਚ ਵਾਧਾ ਹੋ ਰਿਹਾ ਹੈ। ਨੁਕਸਾਨ ਕਿਸਾਨ ਦਾ ਹੋ ਰਿਹਾ ਹੈ। ਇਸ ਵਾਰ ਕਣਕ ਦੇ ਘਟੇ ਝਾੜ ਦਾ ਇਹੋ ਕਾਰਨ ਹੈ।
       ਜੇ ਪਾਣੀ ਦੀ ਬਚਤ ਕਰਨੀ ਹੈ ਤਾਂ ਇਸ ਪਾਸੇ ਸੰਜੀਦਾ ਯਤਨ ਹੋਣੇ ਚਾਹੀਦੇ ਹਨ। ਘਰਾਂ ਵਿਚ ਪਾਣੀ ਦੇ ਮੀਟਰ ਲਗਾਏ ਜਾਣ ਤੇ ਮਿੱਥੇ ਸਮੇਂ ’ਤੇ ਹੀ ਪਾਣੀ ਦਿੱਤਾ ਜਾਵੇ। ਕਿਸਾਨ ਤੋਂ ਮੱਕੀ, ਦਾਲਾਂ ਦੀ ਖਰੀਦ ਕੀਤੀ ਜਾਵੇ ਤਾਂ ਜੋ ਉਹ ਉੱਚੀਆਂ ਤੇ ਰੇਤਲੀਆਂ ਧਰਤੀਆਂ ਵਿਚ ਝੋਨੇ ਦੀ ਖੇਤੀ ਨਾ ਕਰੇ। ਧਰਤੀ ਹੇਠ ਪਾਣੀ ਭੇਜਣ ਲਈ ਇਮਾਨਦਾਰੀ ਨਾਲ ਯਤਨ ਕੀਤੇ ਜਾਣ। ਧਰਤੀ ਹੇਠ ਪਾਣੀ ਦਾ ਕੋਈ ਭੰਡਾਰ ਨਹੀਂ, ਇਹ ਤਾਂ ਬਰਸਾਤ ਤੇ ਦਰਿਆਵਾਂ ਰਾਹੀਂ ਭੰਡਾਰ ਬਣਾਇਆ ਜਾਂਦਾ ਹੈ। ਮਾਲਵੇ ਤੇ ਬਹੁਤੇ ਇਲਾਕੇ ਵਿਚ ਤਾਂ ਹੁਣ ਵੀ ਪੀਣ ਵਾਲਾ ਸ਼ੁੱਧ ਪਾਣੀ ਨਹੀਂ ਮਿਲਦਾ। ਜਦੋਂ ਸਿੰਜਾਈ ਹਲਟਾਂ ਨਾਲ ਹੁੰਦੀ ਸੀ ਉਦੋਂ ਵੀ ਗਰਮੀਆਂ ਵਿਚ ਖੂਹਾਂ ਦਾ ਪਾਣੀ ਹੇਠਾਂ ਚਲਾ ਜਾਂਦਾ ਸੀ ਤੇ ਵਾਧੂ ਟਿੰਡਾਂ ਪਾਉਣੀਆਂ ਪੈਂਦੀਆਂ ਸਨ। ਕਈ ਵਾਰ ਤਾਂ ਖੂਹ ਸੁੱਕ ਜਾਂਦੇ ਸਨ ਤੇ ਮੀਂਹ ਪੈਣ ਨਾਲ ਮੁੜ ਭਰ ਜਾਂਦੇ ਸਨ। ਪੰਜਾਬ ਵਿਚ ਪ੍ਰਤਾਪ ਸਿੰਘ ਕੈਰੋਂ ਨੇ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਦੇ ਲਗਭਗ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਸੀ। ਇਨ੍ਹਾਂ ਨਹਿਰਾਂ ਦੀ ਬਦੌਲਤ ਹੀ ਧਰਤੀ ਹੇਠ ਪਾਣੀ ਦੇ ਭੰਡਾਰ ਵਿਚ ਵਾਧਾ ਹੋਇਆ ਸੀ। ਜੇ ਟਿਊਬਵੈੱਲ ਨਾ ਲਗਦੇ ਤਾਂ ਪੰਜਾਬ ਦੇ ਬਹੁਤੇ ਹਿੱਸੇ ਵਿਚ ਸੇਮ ਹੋ ਜਾਣੀ ਸੀ। ਹੁਣ ਵੀ ਸਾਨੂੰ ਨਹਿਰਾਂ ਤੇ ਖਾਲੇ ਬਰਸਾਤ ਤੋਂ ਪਹਿਲਾਂ ਸਾਫ ਕਰਵਾ ਕੇ ਪਾਣੀ ਨਾਲ ਭਰਨੇ ਚਾਹੀਦੇ ਹਨ। ਬਰਸਾਤ ਵਿਚ ਦਰਿਆ ਪਾਣੀ ਨਾਲ ਭਰ ਜਾਂਦੇ ਹਨ। ਇਸ ਕਰ ਕੇ ਸਾਰੀਆਂ ਨਹਿਰਾਂ ਵਿਚ ਪਾਣੀ ਛੱਡਿਆ ਜਾ ਸਕਦਾ ਹੈ। ਅੱਗੇ ਪਿੰਡਾਂ ਸ਼ਹਿਰਾਂ ਵਿਚ ਤਲਾਬ ਤੇ ਟੋਭੇ ਹੁੰਦੇ ਸਨ। ਸੜਕਾਂ ਵੀ ਕੱਚੀਆਂ ਸਨ। ਇੰਝ ਪਾਣੀ ਧਰਤੀ ਹੇਠ ਚਲਾ ਜਾਂਦਾ ਸੀ। ਹੁਣ ਟੋਭੇ ਪੂਰੇ ਗਏ ਹਨ, ਸੜਕਾਂ ਪੱਕੀਆਂ ਹੋ ਗਈਆਂ ਹਨ। ਬਰਸਾਤ ਦਾ ਪਾਣੀ ਧਰਤੀ ਹੇਠ ਭੇਜਣ ਲਈ ਸਰਕਾਰ ਨੂੰ ਵਿਸ਼ੇਸ਼ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਟੋਭਿਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।
       ਹੁਣ ਪਾਣੀ ਦੇ ਗੰਦੇ ਹੋਣ ਬਾਰੇ ਚਰਚਾ ਕਰਦੇ ਹਾਂ। ਇਸ ਦਾ ਦੋਸ਼ੀ ਵੀ ਕਿਸਾਨ ਨੂੰ ਹੀ ਬਣਾਇਆ ਜਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਖੇਤੀ ਵਿਚ ਜ਼ਹਿਰਾਂ ਦੀ ਵਰਤੋਂ ਘਟ ਕਰਨ ਦੀ ਲੋੜ ਹੈ ਪਰ ਇਹ ਪਾਣੀ ਵਿਚ ਘੁਲਦੀਆਂ ਨਹੀਂ। ਪਾਣੀ ਨੂੰ ਤਾਂ ਸ਼ਹਿਰੀ ਲੋਕ ਗੰਦਾ ਕਰਦੇ ਹਨ। ਲੁਧਿਆਣੇ ਕੋਲ ਵਗਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਹੈ। ਇਹ ਜ਼ਹਿਰੀਲਾ ਪਾਣੀ ਸਤਲੁਜ ਵਿਚ ਪੈਂਦਾ ਹੈ ਤੇ ਉਥੋਂ ਨਹਿਰਾਂ ਰਾਹੀਂ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਲੋਕ ਇਹੀ ਜ਼ਹਿਰੀਲਾ ਪਾਣੀ ਪੀਂਦੇ ਹਨ। ਇਸ ਇਲਾਕੇ ਨੂੰ ਕੈਂਸਰ ਪੱਟੀ ਇਸੇ ਪਾਣੀ ਨੇ ਬਣਾਇਆ ਹੈ। ਅੱਧੀ ਸਦੀ ਤੋਂ ਰੌਲਾ ਪੈ ਰਿਹਾ ਹੈ ਪਰ ਅਜੇ ਤਕ ਇਸ ਗੰਦੇ ਪਾਣੀ ਨੂੰ ਸਤਲੁਜ ਵਿਚ ਜਾਣ ਤੋਂ ਰੋਕਿਆ ਨਹੀਂ ਗਿਆ। ਇਸ ਨੂੰ ਸਾਫ ਕਰ ਕੇ ਸਿੰਜਾਈ ਲਈ ਵਰਤਣ ਦਾ ਕੋਈ ਯਤਨ ਨਹੀਂ ਹੋਇਆ। ਬਹੁਤੇ ਘਰਾਂ ਵਿਚ ਗਰਕੀ ਟੁੱਟੀਆਂ ਹਨ। ਇਹ ਸਾਰਾ ਗੰਦ ਧਰਤੀ ਹੇਠ ਪਾਣੀ ਨੂੰ ਗੰਦਾ ਕਰਦਾ ਹੈ। ਬਹੁਤੀਆਂ ਫੈਕਟਰੀਆਂ ਦਾ ਗੰਦਾ ਪਾਣੀ ਇਵੇਂ ਹੀ ਧਰਤੀ ਹੇਠ ਭੇਜਿਆ ਜਾਂਦਾ ਹੈ। ਇਸ ਬਾਰੇ ਕਦੇ ਚਰਚਾ ਨਹੀਂ ਹੋਈ।
       ਜੇ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਪਾਣੀ ਦੀ ਬਚਤ ਹੋਵੇ ਤੇ ਇਸ ਨੂੰ ਗੰਦਾ ਹੋਣ ਤੋਂ ਰੋਕਿਆ ਜਾਵੇ ਤਾਂ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ਕਾਰਜਕਾਰੀ ਯੋਜਨਾ ਬਣਾਈ ਜਾਵੇ ਤੇ ਉਸ ਉਤੇ ਸੰਜੀਦਗੀ ਨਾਲ ਯਤਨ ਕੀਤੇ ਜਾਣ। ਕੇਵਲ ਕਿਸਾਨਾਂ ਦੇ ਸਿਰ ਦੋਸ਼ ਮੜ੍ਹਨ ਨਾਲ ਕੋਈ ਸੁਧਾਰ ਨਹੀਂ ਹੋਵੇਗਾ। ਕਿਸਾਨ ਦੀ ਤਾਂ ਵਾਹੀ ਹੇਠ ਧਰਤੀ ਹਰ ਸਾਲ ਘਟ ਰਹੀ ਹੈ ਤੇ ਅਸੀਂ ਉਸ ਨੂੰ ਖਾਲੀ ਰੱਖਣ ਦੀ ਸਲਾਹ ਦੇ ਰਹੇ ਹਾਂ। ਇਸ ਸ਼ਾਇਦ ਸੰਭਵ ਨਹੀਂ ਹੋਵੇਗਾ। ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਸਰਕਾਰੀ ਯਤਨ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਗੰਭੀਰ ਮਸਲੇ ਦਾ ਹਲ ਲੱਭਿਆ ਜਾ ਸਕਦਾ ਹੈ। ਕਿਸਾਨ ਜਥੇਬੰਦੀਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਨਹਿਰੀ ਪ੍ਰਬੰਧ ਨੂੰ ਮੁੜ ਚਾਲੂ ਕਰਵਾਉਣ, ਇਸ ਨਾਲ ਜਿਥੇ ਧਰਤੀ ਹੇਠ ਪਾਣੀ ਜਾਵੇਗਾ, ਉਥੇ ਟਿਊਬਵੈਲ ਬੰਦ ਹੋ ਜਾਣਗੇ। ਪਾਣੀ ਤੇ ਬਿਜਲੀ ਦੀ ਬਚਤ ਹੋਵੇਗੀ। ਘਟ ਰਹੇ ਪਾਣੀ ਅਤੇ ਵਧ ਰਹੀ ਆਲਮੀ ਤਪਸ਼ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਹੋਵੇਗਾ। ਕਿਸਾਨ ਜਥੇਬੰਦੀਆਂ ਸਰਕਾਰ ਨੂੰ ਇਸ ਪਾਸੇ ਫ਼ੌਰੀ ਕਦਮ ਚੁੱਕਣ ਲਈ ਮਜਬੂਰ ਕਰ ਸਕਦੀਆਂ ਹਨ। ਅਜਿਹਾ ਕੀਤਿਆਂ ਕਿਸਾਨਾਂ ਦੇ ਹੱਕਾਂ ਦੀ ਸਭ ਤੋਂ ਵਧੀਆ ਢੰਗ ਨਾਲ ਰਾਖੀ ਹੋ ਸਕੇਗੀ।
ਸੰਪਰਕ : 94170-87328

ਸੂਚਨਾ ਤਕਨਾਲੋਜੀ ਦੀ ਸੁਚੱਜੀ ਵਰਤੋਂ ਦੀ ਲੋੜ - ਡਾ. ਰਣਜੀਤ ਸਿੰਘ

ਇੱਕੀਵੀਂ ਸਦੀ ਨੂੰ ਸੂਚਨਾ ਤਕਨਾਲੋਜੀ ਦੀ ਸਦੀ ਆਖਿਆ ਜਾਂਦਾ ਹੈ। ਇਸ ਦੇ ਵਿਸਥਾਰ ਨਾਲ ਸਰਹੱਦਾਂ ਦੇ ਹੱਦਾਂ ਬੰਨੇ ਘਟ ਕੇ ਸੰਸਾਰ ਇਕ ਪਿੰਡ ਦਾ ਰੂਪ ਬਣਦਾ ਜਾ ਰਿਹਾ ਹੈ। ਪਿਛਲੀ ਸਦੀ ਵਿਚ ਰੇਡੀਓ ਦੀ ਪ੍ਰਧਾਨਤਾ ਸੀ ਜਿਸ ਨੇ ਵਿਕਾਸ ਵਿਚ ਖ਼ਾਸਕਰ ਖੇਤੀ ਤੇ ਪੇਂਡੂ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ। ਇਸ ਨੇ ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਵਿਚ ਵੀ ਯੋਗਦਾਨ ਪਾਇਆ। ਸੂਚਨਾ ਤਕਨਾਲੋਜੀ ਨੂੰ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬੀਆਂ ਨੇ ਵਧੇਰੇ ਤੇਜ਼ੀ ਨਾਲ ਅਪਣਾਇਆ ਹੈ। ਪੰਜਾਬ ਦੇ ਹਰੇਕ ਘਰ ਵਿਚ ਟੈਲੀਵਿਜ਼ਨ ਤੇ ਮੋਬਾਈਲ ਫੋਨ ਪਹੁੰਚ ਗਏ ਹਨ। ਸਮਾਜਿਕ ਮੀਡੀਆ ਨੇ ਸ਼ਹਿਰਾਂ ਵਿਚ ਤਾਂ ਤੇਜ਼ੀ ਨਾਲ ਪੈਰ ਪਸਾਰੇ ਹੀ, ਪਿੰਡ ਵੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਰਹੇ। ਪਿੰਡਾਂ ਵਿਚ ਵੀ ਇਸ ਦਾ ਪਸਾਰਾ ਤੇਜ਼ੀ ਨਾਲ ਹੋ ਰਿਹਾ ਹੈ। ਮੀਡੀਆ ਦਾ ਪ੍ਰਭਾਵ ਲੋਕੀ ਖ਼ਾਸਕਰ ਨਵੀਂ ਪੀੜ੍ਹੀ ਬੜੀ ਛੇਤੀ ਕਬੂਲਦੀ ਹੈ। ਮੀਡੀਆ ਨੇ ਮਾਂ ਬੋਲੀ, ਸਭਿਆਚਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਨਾਲ ਲੋਕਾਈ ਨੂੰ ਜੋੜਨ ਅਤੇ ਵਿਗਿਆਨਕ ਸੋਚ ਪ੍ਰਫੁਲਿਤ ਕਰਨ ਦੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ ਹੈ। ਇਹ ਪੰਜਾਬੀਆਂ ਨੂੰ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਨਾਲ ਜੋੜਨ ਦੀ ਥਾਂ ਤੋੜਨ ਵਿਚ ਵਧੇਰੇ ਭੂਮਿਕਾ ਨਿਭਾ ਰਿਹਾ ਹੈ। ਲੋਕਾਂ ਵਿਚ ਵਿਗਿਆਨਕ ਸੋਚ ਨੂੰ ਪ੍ਰਫੁਲਿਤ ਕਰਨ ਦੀ ਥਾਂ ਉਨ੍ਹਾਂ ਨੂੰ ਵਹਿਮਾਂ ਭਰਮਾਂ, ਧਾਗੇ-ਤਵੀਤਾਂ ਅਤੇ ਕਰਮ ਕਾਂਡਾਂ ਵਿਚ ਉਲਝਾਇਆ ਜਾ ਰਿਹਾ ਹੈ।
          ਮੀਡੀਆ ਦੇ ਪ੍ਰਭਾਵ ਨਾਲ ਚਾਹੀਦਾ ਸੀ ਕਿ ਸਾਡੀ ਬੋਲੀ ਅਤੇ ਸਭਿਆਚਾਰ ਵਿਚ ਹੋਰ ਨਿਖਾਰ ਆਉਂਦਾ, ਜਿਸ ਵਿਚੋਂ ਗਿਆਨ ਵਿਗਿਆਨ ਦੀ ਝਲਕ ਨਜ਼ਰ ਆਉਂਦੀ। ਵਿਕਾਸ ਨਾਲ ਸਭਿਆਚਾਰਕ ਤਬਦੀਲੀਆਂ ਤਾਂ ਆਉਂਦੀਆਂ ਹੀ ਹਨ। ਇਹ ਤਾਂ ਪ੍ਰਗਤੀ ਦੀ ਨਿਸ਼ਾਨੀ ਹੈ ਪਰ ਨਾਂਹਪੱਖੀ ਬਿਰਤੀ ਕਿਸੇ ਵੀ ਸਮਾਜ ਲਈ ਸੁਖਾਵੀਂ ਨਹੀਂ ਹੁੰਦੀ। ਇਸ ਦਾ ਜ਼ਿੰਮੇਵਾਰ ਕੁਝ ਹੱਦਾਂ ਤੀਕ ਸਾਡਾ ਰਾਜਨੀਤਕ ਅਤੇ ਪ੍ਰਬੰਧਕੀ ਢਾਂਚਾ ਵੀ ਹੈ। ਅਜ਼ਾਦੀ ਪਿਛੋਂ ਲੋਕਾਂ ਵਿਚ ਆਪਣੀ ਬੋਲੀ, ਸਭਿਆਚਾਰ ਅਤੇ ਵਸੀਲਿਆਂ ਬਾਰੇ ਜਿਹੜੀ ਚੇਤਨਾ ਚਾਹੀਦੀ ਸੀ, ਉਹ ਨਹੀਂ ਜਾਗੀ। ਲੋਕਤੰਤਰ ਵਿਚ ਸਰਕਾਰ ਵਲੋਂ ਇਸ ਪਾਸੇ ਜਿਹੇ ਜਿਹੋ ਯਤਨ ਹੋਣੇ ਚਾਹੀਦੇ ਸਨ ਉਹ ਵੀ ਨਹੀਂ ਹੋਏ। ਰਾਜਨੀਤੀ ਵਿਚ ਕੌਮੀਅਤ, ਸੇਵਾ ਅਤੇ ਲਗਨ ਦੀ ਥਾਂ ਕੁਰਸੀ ਦੀ ਭੁੱਖ ਅਤੇ ਪੈਸਾ ਬਟੋਰਨ ਦੀ ਹੋੜ ਲੱਗੀ ਹੈ। ਅਜਿਹੀ ਸਥਿਤੀ ਵਿਚ ਬੋਲੀ ਅਤੇ ਸਭਿਆਚਾਰ ਦੇ ਵਿਕਾਸ ਵਲ ਧਿਆਨ ਦੇਣ ਦੀ ਭਲਾ ਕਿਸ ਕੋਲ ਵਿਹਲ ਹੈ। ਇਸ ਸਥਿਤੀ ਦੇ ਅਸਰ ਨਾਲ ਪੰਜਾਬੀ ਖਾਸਕਰ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਤੋਂ ਦੂਰ ਹੋ ਰਹੀ ਹੈ।
         ਪੰਜਾਬ ਵਿਚ ਆਇਆ ਸੱਭਿਆਚਾਰਕ ਖਲਾਅ ਬੇਚੈਨੀ ਦਾ ਮੁੱਖ ਕਾਰਨ ਹੈ। ਲੋਕਾਂ ਵਿਚ ਸੱਚ, ਸੰਤੋਖ ਤੇ ਆਪਸੀ ਭਾਈਚਾਰਾ ਖਤਮ ਹੋ ਰਿਹਾ ਹੈ। ਪੰਜਾਬੀਆਂ ਨੂੰ ਉਨ੍ਹਾਂ ਦੇ ਮਹਾਨ ਵਿਰਸੇ ਨਾਲ ਜੋੜਨ ਦੀ ਲੋੜ ਹੈ। ਇਸ ਪਾਸੇ ਸੰਚਾਰ ਦੇ ਆਧੁਨਿਕ ਸਾਧਨ ਚੋਖਾ ਹਿੱਸਾ ਪਾ ਸਕਦੇ ਹਨ। ਰੇਡੀਓ, ਟੈਲੀਵਿਜ਼ਨ, ਇੰਟਰਨੈੱਟ, ਸਮਾਜਿਕ ਮੀਡੀਆ ਅਤੇ ਫ਼ਿਲਮਾਂ ਵਲੋਂ ਵਿਸ਼ੇਸ਼ ਭੂਮਿਕਾ ਨਿਭਾਈ ਜਾ ਸਕਦੀ ਹੈ। ਪਰ ਪੰਜਾਬੀ ਫ਼ਿਲਮਾਂ ਤੇ ਟੈਲੀਵਿਜ਼ਨ ਦੇ ਪ੍ਰੋਗਰਾਮ ਪੰਜਾਬੀਅਤ ਉਤੇ ਆਧਾਰਿਤ ਨਹੀਂ ਹੁੰਦੇ, ਨਾ ਹੀ ਉਨ੍ਹਾਂ ਵਿਚ ਪੰਜਾਬੀ ਕਿਰਦਾਰ ਦੀ ਝਲਕ ਮਿਲਦੀ ਹੈ। ਪੰਜਾਬੀ ਕਿਰਦਾਰ ਜਾਂ ਤਾਂ ਧਰਮ ਦੀ ਓਟ ਲੈ ਕੇ ਪੇਸ਼ ਕੀਤਾ ਜਾਂਦਾ ਹੈ ਜਾਂ ਫਿਰ ਲੋਕ ਸਾਹਿਤ ਦੀ ਆੜ ਲੈ ਕੇ ਲੱਚਰਪੁਣੇ ਦਾ ਵਿਖਾਵਾ ਕੀਤਾ ਜਾਂਦਾ ਹੈ। ਇਸ ਪਾਸੇ ਹੋ ਰਹੀ ਕੁਤਾਹੀ ਤੋਂ ਲੋਕਾਂ ਵਲੋਂ ਮਿਲਦੇ ਮੱਠੇ ਹੁੰਗਾਰੇ ਦਾ ਬਹਾਨਾ ਬਣਾ ਕੇ ਸੁਰਖਰੂ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਕਿ ਚੰਗੀਆਂ ਫ਼ਿਲਮਾਂ ਅਤੇ ਚੰਗੇ ਪ੍ਰੋਗਰਾਮਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
      ਟੈਲੀਵਿਜ਼ਨ ਦੇ ਨਿਜੀ ਚੈਨਲਾਂ ਦੇ ਆਗਮਨ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ। ਇਹ ਲੋਕ ਵਪਾਰੀ ਹਨ, ਜਿਨ੍ਹਾਂ ਆਪਣਾ ਮਾਲ ਵੇਚਣਾ ਹੈ। ਪੰਜਾਬੀ ਦੂਜੇ ਸੂਬਿਆਂ ਦੇ ਮੁਕਾਬਲੇ ਵਧੇਰੇ ਖੁਸ਼ਹਾਲ ਹੋਣ ਕਰਕੇ, ਇਨ੍ਹਾਂ ਦਾ ਪ੍ਰਭਾਵ ਤੇਜ਼ੀ ਨਾਲ ਕਬੂਲ ਰਹੇ ਹਨ। ਪੇਂਡੂ ਅਤੇ ਸ਼ਹਿਰੀ ਵਸੋਂ ਵਿਚ ਇਥੇ ਸਭ ਤੋਂ ਘਟ ਅੰਤਰ ਹੈ। ਆਵਾਜਾਈ ਦੇ ਸਾਧਨਾਂ ਵਿਚ ਸੁਧਾਰ ਹੋਣ ਨਾਲ ਪਿੰਡਾਂ ਵਿਚ ਵੀ ਇਹ ਪ੍ਰਭਾਵ ਤੇਜ਼ੀ ਨਾਲ ਵਧਿਆ ਹੈ। ਪਿੰਡ ਜਿਨ੍ਹਾਂ ਨੇ ਹੁਣ ਤੀਕ ਪੰਜਾਬੀ ਸਭਿਆਚਾਰ ਅਤੇ ਰਸਮਾਂ ਰਿਵਾਜ਼ਾਂ ਨੂੰ ਸੰਭਾਲਿਆ ਹੋਇਆ ਸੀ, ਨੇ ਵੀ ਇਸ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਸਾਡੇ ਲੋਕ ਸੰਗੀਤ ਵਿਚ ਪੌਪ ਰਲ ਗਿਆ ਹੈ। ਲੋਕ ਨਾਚਾਂ ਵਿਚ ਬੇਸੁਰਾ ਨੱਚਣਾ ਟੱਪਣਾ। ਸ਼ਰਾਬ ਦੀ ਖੁੱਲ੍ਹਮ-ਖੁੱਲ੍ਹੀ ਵਰਤੋਂ ਸਮਾਜਿਕ ਰੁਤਬੇ ਦੀ ਲਖਾਇਕ ਬਣ ਗਈ ਹੈ। ਬੇਲੋੜਾ ਵਿਖਾਵਾ ਅਤੇ ਹਉਮੈ ਸਾਡੀ ਸੋਚ ਦਾ ਅੰਗ ਬਣ ਗਏ ਹਨ। ਭਾਈਚਾਰਕ ਸਾਂਝ, ਬਜ਼ੁਰਗਾਂ ਦੀ ਇੱਜ਼ਤ, ਕਿਰਤ ਦਾ ਸਤਿਕਾਰ ਪੰਜਾਬੀ ਜੀਵਨ ਵਿਚੋਂ ਮਨਫ਼ੀ ਹੋ ਰਹੇ ਹਨ। ਅਸੀਂ ਆਪਣੇ ਸਭਿਆਚਾਰ ਨਾਲੋਂ ਟੁੱਟ ਰਹੇ ਹਾਂ। ਇੰਝ ਇਥੇ ਇਕ ਸਭਿਆਚਾਰਕ ਖਲਾਅ ਬਣ ਗਿਆ ਹੈ, ਜਿਸ ਦੀ ਪੂਰਤੀ ਅਸੀਂ ਕੇਵਲ ਮੀਡੀਆ ਰਾਹੀਂ ਵਿਖਾਈ ਜਾ ਰਹੀ ਬੇਹੂਦਗੀ ਨਾਲ ਕਰ ਰਹੇ ਹਾਂ।
         ਆਜ਼ਾਦੀ ਪਿਛੋਂ ਸਾਨੂੰ ਆਪਣੇ ਵਿਦਿਅਕ ਅਤੇ ਪ੍ਰਬੰਧਕੀ ਢਾਂਚੇ ਨੂੰ ਆਪਣੇ ਸਮਾਜ ਅਨੁਸਾਰ ਢਾਲਣਾ ਚਾਹੀਦਾ ਸੀ, ਪਰ ਅਸੀਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਸਗੋਂ ਇਸ ਨੂੰ ਹੋਰ ਪ੍ਰਪੱਕ ਕੀਤਾ ਹੈ। ਮਿਹਨਤ, ਇਮਾਨਦਾਰੀ, ਦੇਸ਼ ਭਗਤੀ ਆਦਿ ਦੀ ਸਾਡੇ ਲਈ ਮਹੱਤਤਾ ਖਤਮ ਹੋ ਗਈ ਹੈ। ਰਹਿੰਦੀ ਕਸਰ ਲੋਕ ਸੰਚਾਰ ਸਾਧਨਾਂ ਨੇ ਪੂਰੀ ਕਰ ਦਿੱਤੀ। ਇਨ੍ਹਾਂ ਰਾਹੀਂ ਸਾਡੇ ਸਭਿਆਚਾਰ ਦਾ ਵਿਕਾਸ ਹੋਣਾ ਚਾਹੀਦਾ ਸੀ, ਪਰ ਅਸੀਂ ਇਸ ਦੇ ਉਲਟ ਆਪਣੇ ਸਭਿਆਚਾਰ ਨੂੰ ਛੁਟਿਆਣਾ ਸ਼ੁਰੂ ਕਰ ਦਿੱਤਾ ਹੈ। ਲੋੜ ਅਨੁਸਾਰ ਸਭਿਆਚਾਰਕ ਤਬਦੀਲੀਆਂ ਕਰਕੇ ਉਸ ਨੂੰ ਸਮੇਂ ਦਾ ਹਾਣੀ ਬਣਾਉਣ ਵਲ ਅਸੀਂ ਧਿਆਨ ਨਹੀਂ ਦਿੱਤਾ। ਇੰਝ ਇਕ ਬੇਚੈਨੀ ਸਾਰੇ ਪਾਸੇ ਫੈਲ ਗਈ ਹੈ। ਹਰ ਮੌਕੇ ਫੁਕਰੇਪਣ ਦਾ ਵਖਾਵਾ ਵਡੱਪਣ ਦੀ ਨਿਸ਼ਾਨੀ ਬਣਦਾ ਜਾ ਰਿਹਾ ਹੈ। ਇਹ ਰੁਝਾਨ ਸਾਡੇ ਲਈ ਘਾਤਕ ਸਿੱਧ ਹੋਵੇਗਾ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਸਾਡਾ ਨੌਜਾਵਨ ਬਿਲਕੁਲ ਦਿਸ਼ਾਹੀਣ ਹੋ ਜਾਵੇਗਾ। ਬਦਕਿਸਮਤੀ ਨਾਲ ਸਾਡੇ ਰਾਜਸੀ ਆਗੂਆਂ ਨੂੰ ਕੇਵਲ ਆਪਣੀ ਕੁਰਸੀ ਦਾ ਹੀ ਧਿਆਨ ਹੈ। ਹੁਣ ਵੇਲਾ ਸੰਭਲਣ ਦਾ ਹੈ। ਨਿਜੀ ਅਤੇ ਸੌੜੇ ਸਵਾਰਥਾਂ ਨੂੰ ਤਿਆਗ ਆਪਣੀ ਨਵੀਂ ਪੀੜ੍ਹੀ ਨੂੰ ਸਹੀ ਸੇਧ ਦੇਈਏ, ਉਨ੍ਹਾਂ ਨੂੰ ਨੇਕ ਇਨਸਾਨ ਬਣਾਉਣ ਦਾ ਯਤਨ ਕਰੀਏ ਤੇ ਆਪਣੇ ਵਿਰਸੇ ਨਾਲ ਜੋੜਨ ਦਾ ਯਤਨ ਕਰੀਏ। ਨੌਜਵਾਨਾਂ ਨੂੰ ਕੁਰਾਹੇ ਪਾ ਰਹੇ ਲੋਕ ਸੰਚਾਰ ਸਾਧਨਾਂ ਉਤੇ ਜ਼ਾਬਤਾ ਲਾਗੂ ਕੀਤਾ ਜਾਵੇ। ਉਨ੍ਹਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਵੇ। ਆਪਣੇ ਸਭਿਆਚਾਰ ਦੇ ਆਧਾਰ ਉਤੇ ਮਨਪ੍ਰਚਾਵੇ ਦੇ ਉਸਾਰੂ ਢੰਗ ਤਰੀਕੇ ਪ੍ਰਫੁਲਿਤ ਕੀਤੇ ਜਾਣ। ਸਭਿਆਚਾਰ ਦੇ ਨਾਂ ਉਤੇ ਕੀਤੇ ਜਾ ਰਹੇ ਲਚਰਪੁਣੇ ਨੂੰ ਰੋਕਿਆ ਜਾਵੇ। ਬੱਚਿਆਂ ਵਿਚ ਸੁਚੱਜੀਆਂ ਕਦਰਾਂ ਕੀਮਤਾਂ ਵਿਕਸਤ ਕੀਤੀਆਂ ਜਾਣ। ਸਕੂਲੀ ਪਾਠ ਸਮੱਗਰੀ ਰਾਹੀਂ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਵੇ। ਅਸਲ ਵਿਚ ਵਿਗਿਆਨ ਦੇ ਨਾਲ-ਨਾਲ ਸਦਾਚਾਰ ਦੀ ਪੜ੍ਹਾਈ ਵੀ ਜ਼ਰੂਰੀ ਹੈ। ਮੁਢਲੀ ਵਿਦਿਆ ਹਰ ਸਕੂਲ ਵਿਚ ਮਾਂ ਬੋਲੀ ਰਾਹੀਂ ਦਿੱਤੀ ਜਾਵੇ। ਸਮਾਜੀ ਕਦਰਾਂ ਕੀਮਤਾਂ ਦੀ ਪਾਲਣਾ ਕਰਨਾ ਪਿਛੜੇਪਨ ਦੀ ਨਿਸ਼ਾਨੀ ਨਹੀਂ, ਸਗੋਂ ਸੁਚੱਜੀ ਸ਼ਖ਼ਸੀਅਤ ਦੀ ਝਲਕ ਹੈ।
        ਕੋਈ ਵੀ ਕੌਮ ਅਤੇ ਦੇਸ਼ ਉਦੋਂ ਤੀਕ ਸਹੀ ਅਰਥਾਂ ਵਿਚ ਵਿਕਸਤ ਨਹੀਂ ਹੋ ਸਕਦਾ ਜਦੋਂ ਤੀਕ ਲੋਕ ਆਪਣੀ ਬੋਲੀ ਅਤੇ ਵਿਰਸੇ ਉਤੇ ਮਾਣ ਨਾ ਕਰਨ। ਜਦੋਂ ਤੀਕ ਅਸੀਂ ਆਪਣੇ ਵਿਰਸੇ, ਬੋਲੀ ਅਤੇ ਸਭਿਆਚਾਰ ਉਤੇ ਮਾਣ ਨਹੀਂ ਕਰਦੇ, ਉਦੋਂ ਤੀਕ ਅਸੀਂ ਘਟੀਆਪਣ ਦਾ ਸ਼ਿਕਾਰ ਬਣੇ ਰਹਾਂਗੇ ਅਤੇ ਇਸ ਅਹਿਸਾਸ ਵਾਲੇ ਨਾਗਰਿਕ ਕਦੇ ਵੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਸਕਦੇ। ਉਨ੍ਹਾਂ ਵਿਚ ਨਵੀਨ ਸੋਚ, ਉਸਾਰੂ ਕਾਰਜਸ਼ੈਲੀ ਤੇ ਇਮਾਨਦਾਰੀ ਦੀ ਘਾਟ ਰਹਿੰਦੀ ਹੈ। ਸਮੇਂ ਨਾਲ ਵਿਕਾਸ ਹੁੰਦਾ ਹੈ ਅਤੇ ਸਭਿਆਚਾਰਕ ਤਬਦੀਲੀਆਂ ਵੀ ਆਉਂਦੀਆਂ ਹਨ। ਇਹ ਤਬਦੀਲੀ ਉਦੋਂ ਹੀ ਸੁਖਾਵੀਂ ਹੁੰਦੀ ਹੈ ਜਦੋਂ ਲੋਕਾਂ ਨੂੰ ਆਪਣੀ ਬੋਲੀ ਅਤੇ ਵਿਰਸੇ ਦੇ ਹੋਰ ਨੇੜੇ ਲੈ ਕੇ ਆਵੇ। ਲੋਕਾਂ ਦੀ ਸੋਚ, ਰਹਿਣ ਸਹਿਣ ਅਤੇ ਬੋਲਚਾਰ ਵਿਚ ਹੋਰ ਨਿਖਾਰ ਆਵੇ। ਸੱਚ, ਸੰਤੋਖ, ਸੁੱਚੀ ਕਿਰਤ ਤੇ ਚੜ੍ਹਦੀ ਕਲਾ ਸਾਡੇ ਵਿਚੋਂ ਮਨਫ਼ੀ ਹੋ ਰਹੇ ਹਨ। ਵਿਖਾਵਾ ਭਾਰੂ ਹੋ ਰਿਹਾ ਹੈ। ਵਿਖਾਵੇ ਦੀ ਦੌੜ ਵਿਚ ਪੈਸਾ ਮਹੱਤਵਪੂਰਨ ਬਣ ਜਾਂਦਾ ਹੈ। ਪੈਸੇ ਲਈ ਬੇਈਮਾਨੀ ਕੀਤੀ ਜਾਂਦੀ ਹੈ। ਰਿਸ਼ਤਿਆਂ ਵਿਚ ਤ੍ਰੇੜਾ ਆਉਂਦੀਆਂ ਹਨ। ਆਪਸੀ ਪਿਆਰ ਤੇ ਮਿਲਵਰਤਣ ਨੂੰ ਖੋਰਾ ਲਗਦਾ ਹੈ। ਅਜਿਹੀ ਸਥਿਤੀ ਵਿਚ ਸਮਾਜਿਕ ਅਤੇ ਆਰਥਿਕ ਤਬਦੀਲੀ ਵਿਕਾਸ ਦੀ ਥਾਂ ਵਿਨਾਸ਼ ਦਾ ਕਾਰਨ ਬਣਨ ਲਗ ਪੈਂਦੀ ਹੈ।
        ਟੀਵੀ ‘ਤੇ ਵਿਖਾਈਆਂ ਜਾ ਰਹੀਆਂ ਨਿਤ ਨਵੀਆਂ ਵਸਤਾਂ ਨੂੰ ਖਰੀਦਣ ਦੀ ਜ਼ਿੱਦ ਪਰਿਵਾਰ ਵਿਚ ਤਲਖੀ ਵਧਾਉਂਦੀ ਹੈ ਜਾਂ ਫਿਰ ਪਤੀ ਨੂੰ ਰਿਸ਼ਵਤ ਲੈਣ ਲਈ ਉਕਸਾਉਂਦੀ ਹੈ। ਨਾਜਾਇਜ਼ ਰਿਸ਼ਤਿਆਂ ਦੇ ਨਿੱਘ ਨੂੰ ਮਾਨਣ ਲਈ ਤਰੰਗਾਂ ਉਠਦੀਆਂ ਹਨ, ਜਿਸ ਨਾਲ ਪਰਿਵਾਰਿਕ ਰਿਸ਼ਤਿਆਂ ਦੀਆਂ ਤੰਦਾਂ ਟੁੱਟਦੀਆਂ ਹਨ। ਇਸ ਡੱਬੇ ਵਿਚ ਬਹੁਤ ਸ਼ਕਤੀ ਹੈ। ਇਹ ਕੁਝ ਵੀ ਕਰ ਸਕਦਾ ਹੈ। ਡੁੱਬਦੇ ਦੀ ਇਹ ਬਾਂਹ ਫੜ ਸਕਦਾ ਹੈ ਪਰ ਜੇ ਚਾਹਵੇ ਤਾਂ ਡੁੱਬਦੇ ਨੂੰ ਹੋਰ ਡੋਬ ਸਕਦਾ ਹੈ। ਆਉ ਆਪਣੇ ‘ਤੇ ਵੀ ਕੁਝ ਕਾਬੂ ਪਾਈਏ। ਐਵੇਂ ਨਾ ਫਜ਼ੂਲ ਪ੍ਰੋਗਰਾਮ ਵੇਖ ਸਮਾਂ ਗਵਾਈਏ। ਸੋਸ਼ਲ ਮੀਡੀਆ ਉਤੇ ਕਾਬੂ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਦੀ ਵਰਤੋਂ ਗਿਆਨ ਪ੍ਰਾਪਤੀ ਤੱਕ ਹੀ ਸੀਮਤ ਰੱਖੀਏ।

 

       ਪੰਜਾਬ ਵਿਚ ਹੁਣ ਲਗਭਗ ਹਰੇਕ ਘਰ ਵਿਚ ਸਮਾਰਟ ਫੋਨ ਹੈ। ਇਸ ਦਾ ਲਾਭ ਲੈਣ ਲਈ ਯੂ-ਟਿਊਬ, ਫੇਸਬੁੱਕ, ਵਟਸਐਪ ਆਦਿ ਉਤੇ ਨਵਿਆਂ ਚੈਨਲਾਂ ਦਾ ਹੜ੍ਹ ਆ ਗਿਆ ਹੈ। ਇਹ ਚੈਨਲ ਲੋਕ ਸੇਵਾ ਲਈ ਨਹੀਂ ਸਗੋਂ ਕਮਾਈ ਕਰਨ ਲਈ ਚਲਾਏ ਜਾ ਰਹੇ ਹਨ। ਇਨ੍ਹਾਂ ਨੂੰ ਵੇਖਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਪ੍ਰੋਗਰਾਮ ਚਟਪਟੇ ਬਣਾਏ ਜਾ ਰਹੇ ਹਨ, ਕਿਉਂਕਿ ਜਿਸ ਪ੍ਰੋਗਰਾਮ ਦੇ ਜਿੰਨੇ ਵੱਧ ਦਰਸ਼ਕ ਹੋਣਗੇ ਉਂਨੇ ਹੀ ਵਧ ਇਸ਼ਤਿਹਾਰ ਮਿਲਣਗੇ। ਇੰਝ ਸੋਸ਼ਲ ਮੀਡੀਆ ਵੀ ਕਮਾਈ ਦਾ ਸਾਧਨ ਬਣਾਇਆ ਜਾ ਰਿਹਾ ਹੈ। ਹੁਣ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਉਤੇ ਲਗਾਮ ਲਗਾਈ ਜਾਵੇ। ਇਸ ਦੇ ਨਾਲ ਹੀ ਅਜਿਹੇ ਪ੍ਰੋਗਰਾਮ ਬਣਾਏ ਜਾਣ ਜਿਹੜੇ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਰੌਚਕ ਢੰਗ ਨਾਲ ਦੇਣ। ਸੁਚੱਜੀ ਜੀਵਨ ਜਾਚ ਅਤੇ ਵਿਗਿਆਨਕ ਸੋਚ ਨੂੰ ਪ੍ਰਫੁਲਿਤ ਕੀਤਾ ਜਾਵੇ। ਕੰਮਕਾਜ ਦੇ ਵਿਗਿਆਨਕ ਢੰਗ ਤਰੀਕੇ ਵੀ ਪ੍ਰਚਾਰੇ ਜਾਣ। ਕੁਝ ਸੰਸਥਾਵਾਂ ਨੇ ਇਸ ਪਾਸੇ ਯਤਨ ਆਰੰਭੇ ਹਨ ਪਰ ਇਹ ਬਹੁਤ ਘਟ ਹਨ ਜਦੋਂ ਕਿ ਉਸਕਾਊ ਪ੍ਰੋਗਰਾਮਾਂ ਦੀ ਭਰਮਾਰ ਹੈ। ਸਾਡੀਆਂ ਸਾਰੀਆਂ ਹੀ ਜਥੇਬੰਦੀਆਂ, ਭਾਵੇਂ ਧਾਰਮਿਕ, ਰਾਜਨੀਤਕ ਜਾਂ ਸਮਾਜਿਕ, ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਕਦਰਾਂ ਕੀਮਤਾਂ ਨਾਲ ਜੋੜਨ ਲਈ ਪੂਰਾ ਯਤਨ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਕੋਲ ਪਹੁੰਚਣ ਲਈ ਵੀ ਇਹ ਵਧੀਆ ਵਸੀਲਾ ਹੈ। ਚੰਗੇ ਵਿਚਾਰਾਂ ਦਾ ਪਰਸਾਰ ਕਰਨ ਲਈ ਇਹ ਸਾਧਨ ਬਹੁਤ ਹੀ ਸਹਾਈ ਸਿੱਧ ਹੋ ਸਕਦਾ ਹੈ। 

       ਪੰਜਾਬ ਵਿਚ ਹੁਣ ਲਗਭਗ ਹਰੇਕ ਘਰ ਵਿਚ ਸਮਾਰਟ ਫੋਨ ਹੈ। ਇਸ ਦਾ ਲਾਭ ਲੈਣ ਲਈ ਯੂ-ਟਿਊਬ, ਫੇਸਬੁੱਕ, ਵਟਸਐਪ ਆਦਿ ਉਤੇ ਨਵਿਆਂ ਚੈਨਲਾਂ ਦਾ ਹੜ੍ਹ ਆ ਗਿਆ ਹੈ। ਇਹ ਚੈਨਲ ਲੋਕ ਸੇਵਾ ਲਈ ਨਹੀਂ ਸਗੋਂ ਕਮਾਈ ਕਰਨ ਲਈ ਚਲਾਏ ਜਾ ਰਹੇ ਹਨ। ਇਨ੍ਹਾਂ ਨੂੰ ਵੇਖਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਪ੍ਰੋਗਰਾਮ ਚਟਪਟੇ ਬਣਾਏ ਜਾ ਰਹੇ ਹਨ, ਕਿਉਂਕਿ ਜਿਸ ਪ੍ਰੋਗਰਾਮ ਦੇ ਜਿੰਨੇ ਵੱਧ ਦਰਸ਼ਕ ਹੋਣਗੇ ਉਂਨੇ ਹੀ ਵਧ ਇਸ਼ਤਿਹਾਰ ਮਿਲਣਗੇ। ਇੰਝ ਸੋਸ਼ਲ ਮੀਡੀਆ ਵੀ ਕਮਾਈ ਦਾ ਸਾਧਨ ਬਣਾਇਆ ਜਾ ਰਿਹਾ ਹੈ। ਹੁਣ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਉਤੇ ਲਗਾਮ ਲਗਾਈ ਜਾਵੇ। ਇਸ ਦੇ ਨਾਲ ਹੀ ਅਜਿਹੇ ਪ੍ਰੋਗਰਾਮ ਬਣਾਏ ਜਾਣ ਜਿਹੜੇ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਰੌਚਕ ਢੰਗ ਨਾਲ ਦੇਣ। ਸੁਚੱਜੀ ਜੀਵਨ ਜਾਚ ਅਤੇ ਵਿਗਿਆਨਕ ਸੋਚ ਨੂੰ ਪ੍ਰਫੁਲਿਤ ਕੀਤਾ ਜਾਵੇ। ਕੰਮਕਾਜ ਦੇ ਵਿਗਿਆਨਕ ਢੰਗ ਤਰੀਕੇ ਵੀ ਪ੍ਰਚਾਰੇ ਜਾਣ। ਕੁਝ ਸੰਸਥਾਵਾਂ ਨੇ ਇਸ ਪਾਸੇ ਯਤਨ ਆਰੰਭੇ ਹਨ ਪਰ ਇਹ ਬਹੁਤ ਘਟ ਹਨ ਜਦੋਂ ਕਿ ਉਸਕਾਊ ਪ੍ਰੋਗਰਾਮਾਂ ਦੀ ਭਰਮਾਰ ਹੈ। ਸਾਡੀਆਂ ਸਾਰੀਆਂ ਹੀ ਜਥੇਬੰਦੀਆਂ, ਭਾਵੇਂ ਧਾਰਮਿਕ, ਰਾਜਨੀਤਕ ਜਾਂ ਸਮਾਜਿਕ, ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਕਦਰਾਂ ਕੀਮਤਾਂ ਨਾਲ ਜੋੜਨ ਲਈ ਪੂਰਾ ਯਤਨ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਕੋਲ ਪਹੁੰਚਣ ਲਈ ਵੀ ਇਹ ਵਧੀਆ ਵਸੀਲਾ ਹੈ। ਚੰਗੇ ਵਿਚਾਰਾਂ ਦਾ ਪਰਸਾਰ ਕਰਨ ਲਈ ਇਹ ਸਾਧਨ ਬਹੁਤ ਹੀ ਸਹਾਈ ਸਿੱਧ ਹੋ ਸਕਦਾ ਹੈ।