Dr. Harbhajan Singh

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ - ਡਾ. ਹਰਿਭਜਨ ਸਿੰਘ

ਉਦੋਂ ਹਾਜ਼ਰ ਸਾਂ ਮੈਂ
ਤੇਰੇ ਹੱਥ ਵਿੱਚ ਜਦੋਂ ਤਲਵਾਰ
ਨੰਗੀ ਪਿਆਸ ਵਾਂਗੂੰ ਤੜਫੜਾਈ ਸੀ
ਲਹਿਰਦਾ, ਸੁਲਗਦਾ ਮੇਲਾ
ਜਦੋਂ ਸੁੱਕੇ ਸਰੋਵਰ ਵਾਂਗ ਗੁੰਮਸੁੰਮ ਬੁੱਝ ਗਿਆ ਸੀ
ਦੂਰ ਤੀਕਰ ਚੁੱਪ ਦੇ ਬੰਜਰ ਵਿਛੇ ਸਨ
ਜਿਨ੍ਹਾਂ ਦੇ ਵਿੱਚ ਸਵਾਸ ਵੀ ਉੱਗਦਾ ਨਹੀਂ ਪੂਰਾ।

ਉਦੋਂ ਹਾਜ਼ਰ ਸਾਂ ਮੈਂ
ਤੇਰੇ ਮੂੰਹੋਂ ਜਦੋਂ ਇੱਕ ਬੋਲ ਦਾ ਟੁਕੜਾ
ਸੁਲਗਦੀ ਲਾਟ ਵਾਂਗੂੰ ਨਿਕਲਿਆ ਸੀ
ਸੀਸ ਜਿਸ ਦੇ ਪਾਸ ਹੈ ਹਾਜ਼ਰ ਕਰੇ
ਉਦੋਂ ਬੇਸੀਸ ਬੰਦੇ ਵਾਂਗ ਮੇਰੀ ਹਾਜ਼ਰੀ ਸੀ
ਮੇਰੇ ਸੀਨੇ 'ਚੋਂ ਮੇਰੀ ਜਾਨ
ਅਚੇਤੀ ਲਹਿਰ ਵਾਂਗੂੰ ਤ੍ਰਭਕ ਕੇ ਉੱਠੀ
ਤੇ ਫ਼ਿਰ ਡੀਕੀ ਨਦੀ ਵਾਂਗੂੰ ਸੌਂ ਗਈ
ਮੈਂ ਆਪਣੇ ਆਪ ਦੀ ਇਕ ਲੀਕ
ਆਪਣੀ ਹਾਜ਼ਰੀ ਤੋਂ ਬਿਨਾਂ ਉਦੋਂ ਕੁਝ ਵੀ ਨਹੀਂ ਸਾਂ
ਮੈਂ ਆਪਣੀ ਥਾਂ ਤੇ ਬੈਠਾ ਸਾਂ ਬਿਰਛ ਵਾਂਗੂੰ
ਜਿਨੂੰ ਮੁੱਢੋਂ ਕਿਸੇ ਦੋ ਚਾਰ ਹੱਥ ਛੱਡ ਕੇ
ਸਬੂਤਾ ਵੱਢ ਦਿੱਤਾ ਸੀ
ਨਿਰੀ ਨੰਗੀ ਨਿਕੱਦੀ ਹੀਣਤਾ
ਮੇਰੇ ਉੱਪਰ ਮੇਰੀ ਆਪਣੀ ਵੀ ਛਾਂ ਕੋਈ ਨਹੀਂ ਸੀ।

ਉਦੋਂ ਹਾਜ਼ਰ ਸਾਂ ਮੈਂ
ਤੇਰੀ ਤੱਕਣੀ ਜਦੋਂ ਛਿਲਤੀ ਕਿਰਨ ਵਾਂਗੂੰ
ਮੇਰੇ ਵਿਰਲਾਂ 'ਚੋਂ ਅੰਦਰ ਝਾਕਦੀ ਸੀ
ਮੇਰੇ ਅੰਦਰ ਜੋ ਇੱਕ ਸੂਰਜ ਜਿਹਾ
ਤੂੰ ਬਾਲ ਧਰਿਆ ਸੀ
ਉਹਦੇ ਚਾਨਣ 'ਚ ਮੇਰੀ ਹਉਂ ਵਿਆਕੁਲ ਸੀ
ਮੈਂ ਆਪਣੇ ਆਪ ਨੂੰ ਪੁੱਛਦਾ ਪਿਆ ਸਾਂ
ਮੇਰੇ ਧੜ ਤੇ ਮੇਰਾ ਸਿਰ ਹੈ ਜਾਂ ਸਿਰ ਦਾ ਦੰਭ ਹੈ
ਜੋ ਵਿਖਾਇਆ ਤਾਂ ਜਾ ਸਕਦੈ
ਵਰਤਿਆ ਬਿਲਕੁਲ ਨਹੀਂ ਜਾਂਦਾ
ਮੈਂ ਆਪਣਾ ਆਪ ਹਾਂ ਜਾਂ ਅਜਨਬੀ ਹਾਂ
ਮੈਂ ਗੁਰੂ-ਦਰਬਾਰ ਵਿੱਚ ਬੈਠਾ ਪੁਰਖ ਹਾਂ
ਜਾਂ ਨਾਰ ਹਾਂ
ਜੋ ਘਰੋਂ ਨਿਕਲੀ ਤਾਂ ਸੀ
ਪਿੰਡੇ ਤੇ ਇੱਕ ਵਾਫ਼ਰ ਜਿਹਾ ਅੰਗ ਜੋੜ ਕੇ
ਪਰ ਭਰੇ ਚਾਨਣ,
ਭਰੇ ਬਾਜ਼ਾਰ ਦੇ ਸਾਹਮਣੇ
ਅੰਗ ਭੁਰਿਆ
ਨਾਰ ਦਾ ਬੁੱਚਾ ਅਸਲ
ਸਭ ਤੇ ਉਜਾਗਰ ਹੋ ਗਿਆ
ਮੈਨੂੰ ਹੁਣ ਆਪਣੀ ਹੀ ਹਾਜ਼ਰੀ
ਇੱਕ ਭਾਰ ਲਗਦੀ ਸੀ
ਤੇ ਭਰੇ ਮੇਲੇ ਦੀ ਚੁੱਪ
ਬੋਝ ਸੀ ਉਪਹਾਸ ਦਾ
ਤੇ ਚਮਤਕਾਰਾ ਜਦੋਂ ਹੋਇਆ
ਉਦੋਂ ਹਾਜ਼ਰ ਸਾਂ ਮੈਂ
ਮੇਰੇ ਲਾਗੇ ਹੀ ਬੈਠਾ ਸੀ ਚਮਤਕਾਰੀ
ਜਿਨ੍ਹੇਂ ਆਪਣੇ ਹੀ ਹੱਥੀਂ ਸੀਸ ਲਾਹ ਕੇ ਆਪਣਾ
ਸਹਿਜੇ ਟਿਕਾ ਦਿੱਤਾ ਤੇਰੇ ਚਰਨੀਂ
ਤੇਰੇ ਹੱਥ ਵਿੱਚ ਅਚੱਲ ਤਲਵਾਰ ਵੀ
ਛਿਣ ਭਰ ਲਈ ਥੱਰਰਾ ਗਈ ਸੀ
ਮੁਅਜ਼ਜ਼ਾ ਤੱਕ ਕੇ
ਸੀਸ ਵਾਲੇ ਸੀਸ ਅਰਪਨ ਵਾਸਤੇ
ਤਲਵਾਰ ਦੇ ਮੁਹਤਾਜ ਨਹੀਂ ਹੁੰਦੇ।

ਚਮਤਕਾਰੀ ਨੇ ਆਪਣਾ ਸੀਸ
ਇਉਂ ਸਹਿਜੇ ਟਿਕਾਇਆ ਸੀ ਤੇਰੇ ਚਰਨੀਂ
ਜਿਵੇਂ ਅੰਬਰ ਦੇ ਪੈਰੀਂ
ਨਿਤ ਸਵੇਰਾ ਆਪਣਾ ਸੂਰਜ ਬਾਲ ਧਰਦਾ ਹੈ।

ਤ੍ਰਬਕ ਕੇ ਉੱਠੀ ਸੀ ਮੇਰੀ ਜਾਨ
ਮੁੜ ਕੇ ਵਿਰਲ 'ਚੋਂ ਡੁੱਲ੍ਹ ਜਾਣ ਲਈ
ਕੀਲ ਵਿੱਚ ਬੱਝਾ ਹੋਇਆ ਮੇਲਾ
ਰਤਾ ਕੁ ਹਿੱਲ ਕੇ ਥਿਰ ਹੋ ਗਿਆ
ਚੁੱਪ ਬਰੜਾਈ ਰਤਾ
ਤੇ ਫ਼ਿਰ ਬਰੇਤੇ ਸੌਂ ਗਈ
ਤੇ ਚਮਤਕਾਰੀ ਪੁਰਖ ਇੱਕ ਹੋਰ
ਹੋਰ ਤੇ ਇੱਕ ਹੋਰ ਤੇ ਇੱਕ ਹੋਰ
ਇੱਕ ਗਗਨ ਇੱਕੋ ਸਮੇਂ
ਕਈ ਸੂਰਜ ਉਦੈ ਹੋਏ
ਤੇ ਮੈਂ ਬੇਸੀਸਾ ਧੀਰਿਆ
ਸ਼ੁਕਰ ਹੈ, ਹੁਣ ਗੁਰੂ ਨੂੰ ਲੋੜ ਨਹੀਂ।

ਤੇ ਜਦੋਂ ਤੂੰ ਸੀਸ ਨੂੰ
ਦਸਤਾਰ ਦਾ ਸਤਿਕਾਰ ਦੇ ਕੇ
ਤਖ਼ਤ ਉੱਤੇ ਪਾਸ ਆਪਣੇ ਹੀ ਬਿਠਾਇਆ ਸੀ
ਮੈਂ ਝੂਰਿਆ:
ਹਾਇ ਜੇ ਪਹਿਲਾਂ ਪਤਾ ਹੁੰਦਾ
ਕਿ ਏਨਾ ਪਿਆਰ ਦੇ ਕੇ
ਸਤਿਗੁਰੂ ਨੇ ਸੀਸ ਵਾਪਸ ਮੋੜ ਦੇਣਾ ਹੈ
ਤਾਂ ਮੈਂ… ਤਾਂ ਮੈਂ…
ਮੰਨਿਆਂ ਕਿ ਮੇਰੇ ਧੜ ਤੇ ਮੇਰਾ ਸੀਸ ਨਹੀਂ
ਸੀਸ ਦਾ ਪਾਖੰਡ ਤਾਂ ਹੈ
ਮੈਂ ਇਹ ਪਾਖੰਡ ਹੀ ਆਪਣੇ ਗੁਰੂ ਨੂੰ ਭੇਟ ਕਰਦਾ
ਪਰ ਨਹੀਂ
ਤੇਰੀ ਤੱਕਣੀ ਅਜੇ ਛਿਲਤੀ ਕਿਰਨ ਵਾਂਗੂੰ
ਮੇਰੇ ਵਿਰਲਾਂ 'ਚੋਂ ਅੰਦਰ ਝਾਕਦੀ ਸੀ
ਮੇਰੇ ਅੰਦਰ ਜੋ ਤੂੰ ਸੂਰਜ ਜਿਹਾ
ਇੱਕ ਬਾਲ ਧਰਿਆ ਸੀ
ਉਹ ਜਿਊਂਦਾ-ਜਾਗਦਾ ਸੀ
ਤੇ ਕਹਿ ਰਿਹਾ ਸੀ :
ਏਸ ਥਾਵੇਂ ਦੰਭ ਦਾ ਸਿੱਕਾ ਨਹੀਂ ਚੱਲਦਾ
ਸੀਸ ਅਰਪਨ ਦਾ ਸਦਾ ਵੇਲਾ ਹੈ, ਪਰ
ਆਪਣੇ ਧੜ 'ਤੇ ਸੀਸ ਪੈਦਾ ਕਰ
ਮੈਂ ਤੇਰੇ ਦਰਬਾਰ ਵਿੱਚ
ਹਾਲੇ ਵੀ ਹਾਜ਼ਰ ਹਾਂ
ਮੈਂ ਆਪਣੀ ਥਾਂ ਤੇ ਬੈਠਾ ਹਾਂ
ਬਿਰਛ ਵਾਂਗੂੰ
ਜਿਨੂੰ ਮੁੱਢੋਂ ਕਿਸੇ ਦੋ ਚਾਰ ਹੱਥ ਛੱਡ ਕੇ
ਸਬੂਤਾ ਵੱਢ ਦਿੱਤਾ ਹੈ
ਮੇਰੇ ਧੜ ਤੇ ਅਜੇ ਤੀਕਰ ਵੀ ਮੇਰਾ ਸੀਸ ਨਹੀਂ
ਪਰ ਸੀਸ ਦਾ ਪਾਖੰਡ ਵੀ ਨਹੀਂ
ਸੋਚਦਾ ਹਾਂ :
ਮੇਰੇ ਧੜ ਤੇ ਨਵੇਂ ਸੂਰਜ ਜਿਹਾ ਜਦ ਸੀਸ ਉੱਗੇਗਾ
ਰੌਸ਼ਨੀ ਉਸ ਦੀ
ਗੁਰੂ ਦਾ ਨਾਮ ਲੈ ਕੇ, ਅਰਪ ਦੇਵਾਂਗਾ
ਨਿਰੀ ਨੰਗੀ ਨਿਕੱਦੀ ਹੀਣਤਾ
ਮੈਥੋਂ ਹੁਣ ਜੀਵੀ ਨਹੀਂ ਜਾਂਦੀ।