Geeta Kashiyap

ਬਿਹਾਰੀ ਕੁੜੀ ਦੀ ਪੁਕਾਰ - ਗੀਤਾ ਕਸ਼ਿਅਪ

ਦਸਤਾਵੇਜ਼ੀ ਫਿਲਮ ‘ਵਾਰਿਸ’ ਪੰਜਾਬੀਆਂ ਨੂੰ ਪੁੱਛਦੀ ਹੈ: ‘ਤੁਹਾਡੀ ਮਾਂ ਬੋਲੀ ਦਾ ਅਸਲੀ ਵਾਰਿਸ ਕੌਣ ਹੈ?’ ਮੈਂ ਬਿਹਾਰੀ ਮੂਲ ਦੀ ਹਾਂ ਅਤੇ ਚੰਗੀ ਤਰ੍ਹਾਂ ਪੰਜਾਬੀ ਬੋਲ ਅਤੇ ਪੜ੍ਹ-ਲਿਖ ਸਕਦੀ ਹਾਂ। ਇਕ ਦਿਨ ਪੰਜਾਬੀ ਸਾਹਿਤਕਾਰ ਅਮਰਜੀਤ ਚੰਦਨ ਨੇ ਮੈਨੂੰ ਪੁੱਛਿਆ, ‘‘ਅੱਜਕੱਲ੍ਹ ਕੀ ਕਰਦੀ ਏਂ? ਪੀਐੱਚ.ਡੀ. ਹੋ ਗਈ ਜਾਂ ਹਾਲੇ ਨਹੀਂ?’’ ਮੇਰੀ ਪੰਜਾਬੀ ਹਾਲੇ ਵੀ ਕਾਫ਼ੀ ਠੀਕ ਹੈ ਜਦੋਂਕਿ ਮੈਨੂੰ ਪੰਜਾਬ ਛੱਡਿਆਂ ਤਿੰਨ ਸਾਲ ਹੋ ਗਏ ਹਨ। ਮੈਂ ਇਮਾਨਦਾਰੀ ਨਾਲ ਇਕ ਗੱਲ ਦੱਸ ਦੇਵਾਂ ਕਿ ਮੈਂ ਅੱਜ ਵੀ ਆਪਣੇ ਭੈਣਾਂ-ਭਰਾਵਾਂ ਨਾਲ ਪੰਜਾਬੀ ’ਚ ਗੱਲ ਕਰਦੀ ਹਾਂ। ਚੰਦਨ ਹੋਰਾਂ ਨੇ ਪੁੱਛਿਆ, ‘‘ਪੰਜਾਬੀ ਤਾਂ ਠੀਕ ਹੈ, ਫੇਰ ਤੇਰੀ ਮਾਂ ਬੋਲੀ ਭੋਜਪੁਰੀ ਦਾ ਕੀ ਹੋਇਆ?’’ ਮੈਂ ਕਿਹਾ, ‘‘ਮੇਰੀ ਭੋਜਪੁਰੀ ਵੀ ਵਧੀਆ ਹੈ, ਜਿਸ ਲਈ ਮੈਂ ਆਪਣੇ ਪਿਤਾ ਜੀ ਦੀ ਧੰਨਵਾਦੀ ਹਾਂ। ਉਨ੍ਹਾਂ ਮੈਨੂੰ ਤੇ ਮੇਰੇ ਭੈਣਾਂ-ਭਰਾਵਾਂ ਨੂੰ ਭੋਜਪੁਰੀ ਬੋਲਣੀ ਸਿਖਾਈ, ਹਮੇਸ਼ਾ ਭੋਜਪੁਰੀ ਬੋਲਣ ’ਤੇ ਜ਼ੋਰ ਪਾਇਆ।’’
       ਮੈਂ ਕਿਸੇ ਜਨਤਕ ਥਾਂ ’ਤੇ ਵੀ ਪੰਜਾਬੀ ਜਾਂ ਭੋਜਪੁਰੀ ਬੋਲਣ ’ਚ ਸੰਗਦੀ ਨਹੀਂ। ਭੋਜਪੁਰੀ ਮੇਰੀ ਪਹਿਲੀ ਮਾਂ ਬੋਲੀ ਹੈ ਤੇ ਪੰਜਾਬੀ ਦੂਜੀ ਬੋਲੀ। ਮੇਰੇ ਇਹ ਲੇਖ ਲਿਖਣ ਦਾ ਇੱਕੋ ਮੰਤਵ ਹੈ ਕਿ ਮਾਂ ਬੋਲੀ ਦੀ ਗੱਲ ਹੁੰਦੀ ਰਹੇ। ਹਰ ਕੋਈ ਇਹ ਸੋਚੇ ਕਿ ਉਹਦੀ ਮਾਂ ਬੋਲੀ ਕੀ ਹੈ ਤੇ ਉਹਦੀ ਰੋਜ਼ਾਨਾ ਜ਼ਿੰਦਗੀ ’ਚ ਮਾਂ ਬੋਲੀ ਦੀ ਕਿੰਨੀ ਕੁ ਥਾਂ ਹੈ। ਮੇਰੇ ਦੋਸਤਾਂ ਅਤੇ ਕਈ ਹੋਰ ਲੋਕਾਂ ਦੇ ਉਪਰਾਲੇ ਬਾਰੇ ਤੁਸੀਂ ਕਿੰਨੇ ਕੁ ਜਾਗਰੂਕ ਹੋ। ਇਸ ਬਾਰੇ ਤੁਹਾਨੂੰ ਸੋਚਣ ਦੀ ਲੋੜ ਹੈ।
        ਪੰਜਾਬ ’ਚ ਪਰਵਾਸੀ ਮਜ਼ਦੂਰ ਕਾਫ਼ੀ ਗਿਣਤੀ ਵਿਚ ਹਨ। ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਨੇ ਤੇ ਪੰਜਾਬੀ ਉਨ੍ਹਾਂ ਦੀ ਪੜ੍ਹਾਈ-ਲਿਖਾਈ ਦਾ ਹਿੱਸਾ ਹੈ। ਉਹ ਪੰਜਾਬੀ ਵਧੀਆ ਸਿੱਖ ਤੇ ਬੋਲ ਰਹੇ ਨੇ। ਮੇਰੇ ਦੋਸਤਾਂ ਨੇ ਇਸੇ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬੀ ਲੋਕ ਪੰਜਾਬੀ ਨਹੀਂ ਬੋਲ ਰਹੇ ਕਿਉਂਕਿ ਉਹ ਕਾਨਵੈਂਟ ਸਕੂਲਾਂ ’ਚ ਜਾ ਰਹੇ ਨੇ ਜਿੱਥੇ ਅੰਗਰੇਜ਼ੀ ਜਾਂ ਹਿੰਦੀ ਹੀ ਬੋਲਣ ਦਾ ਨਿਯਮ ਹੈ। ਮੈਂ ਯੂਨੀਵਰਸਿਟੀਆਂ ’ਚ ਪੜ੍ਹਾਉਂਦਿਆਂ ਮਹਿਸੂਸ ਕੀਤਾ, ਰੁਜ਼ਗਾਰ ਕਿਵੇਂ ਪੀੜ੍ਹੀ ਨੂੰ ਬਦਲ ਰਿਹਾ ਹੈ। ਮੈਨੂੰ ਬਹੁਤ ਅਜੀਬ ਲੱਗਦਾ ਹੈ, ਜਦੋਂ ਕੋਈ ਪੱਗ ਬੰਨ੍ਹੀ ਬੰਦਾ ਪੰਜਾਬ ਦਾ ਹੋ ਕੇ ਪੰਜਾਬ ’ਚ ਰਹਿੰਦਿਆਂ ਹਿੰਦੀ ’ਚ ਗੱਲ ਕਰਦਾ ਹੈ। ਮੈਂ ਕਈ ਵਾਰੀ ਕਹਿ ਦਿੰਦੀ ਹਾਂ, ‘‘ਮੈਨੂੰ ਪੰਜਾਬੀ ਆਉਂਦੀ ਆ ਤੇ ਤੁਸੀਂ ਪੰਜਾਬੀ ’ਚ ਹੀ ਗੱਲ ਕਰੋ। ਪਰ ਉਨ੍ਹਾਂ ਦੇ ਦੋਸਤ ਤੇ ਹੋਰ ਫੁਕਰਾਪਣ ਉਨ੍ਹਾਂ ਨੂੰ ਪੰਜਾਬੀ ਬੋਲਣੋਂ ਰੋਕਦਾ ਹੈ।’’ ਮੈਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਹਿੰਦੀ ਤੋਂ ਓਦੋਂ ਤਕ ਕੋਈ ਸਮੱਸਿਆ ਨਹੀਂ ਹੈ, ਜਦੋਂ ਤਕ ਇਹ ਕਿਸੇ ਵੀ ਮਾਂ ਬੋਲੀ ਲਈ ਖ਼ਤਰਾ ਨਾ ਬਣੇ ਤੇ ਕੋਈ ਵੀ ਸਰਕਾਰ ਇਹਨੂੰ ਮਾਂ ਬੋਲੀ ਤੋਂ ਉਪਰ ਨਾ ਰੱਖੇ। ਇਸ ਪੀੜ੍ਹੀ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ : ਤੁਹਾਨੂੰ ਪੰਜਾਬੀ ਬੋਲਣ ’ਚ ਸੰਗ ਕਿਉਂ ਆਉਂਦੀ ਹੈ? ਤੁਸੀਂ ਹਿੰਦੀ ਬੋਲ ਕੇ ਸੋਚਦੇ ਹੋ- ਸਾਡੀ ਵੱਖਰੀ ‘ਕਲਾਸ’ ਹੋ ਗਈ ਹੈ ਤੇ ਹੁਣ ਅਸੀਂ ਪੇਂਡੂ ਨਹੀਂ ਰਹੇ। ਜੇ ਅਜਿਹੀ ਗੱਲ ਨਹੀਂ ਤਾਂ ਕੀ ਤੁਸੀਂ ਪੰਜਾਬੀ ਛੱਡ ਕੇ ਅੰਗਰੇਜ਼ੀ ਜਾਂ ਹਿੰਦੀ ਬੋਲਣ ਦਾ ਕੋਈ ਹੋਰ ਕਾਰਨ ਦੱਸ ਸਕਦੇ ਹੋ?
      ਇੱਕੀ ਫਰਵਰੀ ਨੂੰ ਭਾਸ਼ਾਈ ਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਬਹੁ-ਭਾਸ਼ਾਈਵਾਦ ਨੂੰ ਉਤਸ਼ਾਹ ਦੇਣ ਲਈ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਮੈਂ ਤੁਹਾਨੂੰ ਫਿਰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਮਾਂ ਬੋਲੀ ਬਚਾਉਣ ਲਈ ਕੀ ਕਰ ਰਹੇ ਹੋ? ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਸਿੱਖਣਾ ਆਰਥਿਕ ਫ਼ਾਇਦਾ ਦੇ ਸਕਦਾ ਹੈ, ਪਰ ਉਸ ਵਿਚ ਮਾਣ ਕਰਨ ਜਿਹਾ ਕੁਝ ਵੀ ਨਹੀਂ। ਮਾਣ ਸਿਰਫ਼ ਆਪਣੀ ਮਾਤ ਭਾਸ਼ਾ ਬੋਲਣ ਵਿਚ ਹੀ ਹੁੰਦਾ ਹੈ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਖ਼ਾਸਕਰ ਪੰਜਾਬ ਦੇ ਕਿਸੇ ਵੀ ਕੋਨੇ ’ਚ ਹੋ ਤਾਂ ਪੰਜਾਬੀ ਬੋਲੋ ਤੇ ਮਾਣ ਮਹਿਸੂਸ ਕਰੋ।
       ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿਹੜੀ ਭਾਸ਼ਾ ਸਿਖਾਓਗੇ? ਹਿੰਦੀ ਜਾਂ ਅੰਗਰੇਜ਼ੀ ਤਾਂ ਉਨ੍ਹਾਂ ਨੂੰ ਸਕੂਲ, ਕਾਲਜ ਵਾਲੇ ਵੀ ਸਿਖਾ ਦੇਣਗੇ, ਪਰ ਤੁਸੀਂ ਉਨ੍ਹਾਂ ਦੇ ਮਾਂ ਬਾਪ ਬਣ ਕੇ ਕੀ ਸਿਖਾਉਗੇ। ਦਸਤਾਵੇਜ਼ੀ ‘ਵਾਰਿਸ’ ਕਹਿੰਦੀ ਹੈ ਕਿ ਪੰਜਾਬੀ ਦੇ ਵਾਰਿਸ ਹੁਣ ਪਰਵਾਸੀ ਮਜ਼ਦੂਰ ਜਾਂ ਉਨ੍ਹਾਂ ਦੇ ਬੱਚੇ ਹੋਣਗੇ, ਪੰਜਾਬੀਆਂ ਦੇ ਬੱਚੇ ਨਹੀਂ। ਪਰਵਾਸੀਆਂ ਲਈ ਪੰਜਾਬੀ ਸਿੱਖਣਾ ਆਰਥਿਕ ਮਜਬੂਰੀ ਹੈ ਕਿਉਂਕਿ ਇਹ ਭਾਸ਼ਾ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ’ਚ ਮਦਦ ਕਰੇਗੀ ਤੇ ਉਨ੍ਹਾਂ ਲਈ ਬੋਲਚਾਲ ਸੌਖੀ ਹੋ ਜਾਵੇਗੀ। ਠੀਕ ਉਸੇ ਤਰ੍ਹਾਂ ਜਿਵੇਂ ਤੁਸੀਂ ਬੇਗਾਨੇ ਦੇਸ਼ ਜਾ ਕੇ ਉੱਥੋਂ ਦੀ ਭਾਸ਼ਾ ਸਿੱਖਦੇ ਹੋ ਤਾਂ ਕਿ ਤੁਹਾਡਾ ਸੰਵਾਦ ਸੁਖਾਲਾ ਹੋ ਜਾਵੇ। ਜੇ ਉਨ੍ਹਾਂ ਨੂੰ ਪੁੱਛੋਗੇ : ਕੀ ਉਹ ਪੰਜਾਬੀ ਬੋਲਣ ’ਚ ਮਾਣ ਮਹਿਸੂਸ ਕਰਦੇ ਨੇ ਤਾਂ ਸ਼ਾਇਦ ਉਨ੍ਹਾਂ ਦਾ ਜਵਾਬ ਜਾਂ ਤਾਂ ਨਾਂਹ ਹੋਵੇਗਾ ਜਾਂ ਫੇਰ ਕੋਈ ਜਵਾਬ ਹੀ ਨਹੀਂ ਹੋਣਾ। ਜੇ ਇਹੋ ਸਵਾਲ ਪੰਜਾਬੀਆਂ ਨੂੰ ਪੁੱਛਿਆ ਜਾਵੇ ਤਾਂ ਉਹ ਮਾਣ ਨਾਲ ਹਾਂ ਕਹਿ ਸਕਦੇ ਹਨ। ਜਿਵੇਂ ਮੈਨੂੰ ਭੋਜਪੁਰੀ ਬੋਲਣ ’ਚ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਮੇਰੀ ਪਛਾਣ ਦਾ ਹਿੱਸਾ ਹੈ। ਤੁਹਾਡੀ ਪਛਾਣ ਬਾਰੇ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ। ਮੈਂ ਹੁਣ ਬੰਗਲੌਰ ਰਹਿੰਦੀ ਤੇ ਨੌਕਰੀ ਕਰਦੀ ਹਾਂ। ਇਹ ਸ਼ਹਿਰ ਮਹਾਂਨਗਰ ਹੈ। ਇੱਥੇ ਤਮਿਲ, ਤੇਲਗੂ, ਮਲਿਆਲੀ ਤੇ ਕਾਫ਼ੀ ਸਾਰੇ ਉੱਤਰ ਭਾਰਤੀ ਵੀ ਰਹਿੰਦੇ ਨੇ। ਇੱਥੇ ਅੰਗਰੇਜ਼ੀ ਬੋਲਚਾਲ ਦੀ ਭਾਸ਼ਾ ਹੈ। ਮੈਂ ਵੇਖਿਆ ਹੈ ਕਿ ਲੋਕ ਆਪਣੀ ਮਾਂ ਬੋਲੀ ਪ੍ਰਤੀ ਕਾਫ਼ੀ ਸਚੇਤ ਹਨ। ਆਪਣੇ ‘ਦੇਸ’ ਦਾ ਬੰਦਾ ਮਿਲਣ ’ਤੇ ਆਪਣੀ ਮਾਤ ਭਾਸ਼ਾ ਵਿਚ ਹੀ ਗੱਲ ਕਰਦੇ ਹਨ। ਜੇ ਤੁਸੀਂ ਪੰਜਾਬੀ ਨਹੀਂ ਬੋਲੋਗੇ ਤੇ ਪੜ੍ਹੋਗੇ ਤਾਂ ਤੁਸੀਂ ਆਪਣੇ ਸਾਹਿਤ ਤੇ ਗੁਰਬਾਣੀ ਤੋਂ ਬਹੁਤ ਦੂਰ ਹੋ ਜਾਵੋਗੇ ਤੇ ਇਸ ਤਰ੍ਹਾਂ ਦੀ ਹਨੇਰੀ ਗੁਫ਼ਾ ’ਚ ਧੱਕੇ ਜਾਓਗੇ ਜਿਹਦਾ ਕੋਈ ਸਿਰਾ ਨਹੀਂ ਲੱਭਣਾ।
ਸੰਪਰਕ : 98760-29177