Gurbaj Singh

ਕਹਾਣੀ
                    ਚਾਨਣ  -  ਗੁਰਬਾਜ ਸਿੰਘ ਤਰਨ ਤਾਰਨ

ਜਮਾਤ ਵਿੱਚ ਵੜਦਿਆਂ ਹੀ,  (ਉੱਚੀ ਅਵਾਜ਼ ਗੂੰਜੀ) "ਕਲਾਸ ਸਟੈਂਡ..ਜੈ ਹਿੰਦ। "ਬੈਠੋ-ਬੈਠੋ ਬੱਚਿਓ, ਸਭ ਬੈਠ ਜਾਂਦੇ ਹਨ। ਹਾਂਜੀ, ਬੱਚਿਓ ਕੀ ਹਾਲ ਐ ਤੁਹਾਡਾ ਸਭ ਦਾ ?  ਆਸ ਕਰਦਾ ਹਾਂ ਕਿ ਸਾਰੇ ਰਾਜ਼ੀ-ਖੁਸ਼ੀ ਹੋਵੋਗੇ। (ਬੱਚੇ ਉੱਚੀ ਅਵਾਜ ਵਿੱਚ) " ਹਾਂਜੀ ਮਾਹਟਰ ਜੀ, ਅਸੀਂ ਸਭ ਟੀਕ ਆਂ ਜੀ। "
     ਇਹ ਮੇਰੇ ਨੇੜਲੇ ਪਿੰਡ ਦੇ ਸਰਕਾਰੀ ਪ੍ਰਾਈਮਰੀ ਸਕੂਲ ਦੀ ਪਹਿਲੀ ਜਮਾਤ ਦਾ ਕਮਰਾ ਹੈ ਜੋ ਸਕੂਲ ਵੜਦਿਆਂ ਹੀ ਪਹਿਲਾਂ ਆਉਂਦਾ ਸੀ। ਉਸਤੋਂ ਬਾਦ ਅੱਗੇ ਵੱਡੀਆਂ ਜਮਾਤਾਂ ਦੇ ਕਮਰੇ ਆਉਣੇ ਸ਼ੁਰੂ ਹੁੰਦੇ ਨੇ ..ਦੂਜੀ, ਤੀਜੀ, ਚੌਥੀ ਤੇ ਪੰਜਵੀਂ। ਸਾਰੇ ਕਮਰੇ ਬਾਹਰੀ ਚਾਰਦਵਾਰੀ ਦੇ ਨਾਲ ਕੁਝ ਵਿੱਥ ਤੇ ਬਣੇ ਅੱਗੇ ਦਰ ਅੱਗੇ ਵੱਧਦੇ ਜਾਂਦੇ ਨੇ। ਜਿਨਾਂ ਦੀਆਂ ਬਾਰੀਆਂ ਬਾਹਰ ਵੱਲ ਨੂੰ ਖੁੱਲ਼ਦੀਆਂ ਨੇ ਜਿਨਾਂ ਰਾਹੀਂ ਬਾਹਰਲੀ ਫਿਰਨੀ ਤੋਂ ਪਰੇ ਦੂਰ ਪਿੰਡ ਦੇ ਘਰ ਤੇ ਕੁਝ ਝੁੱਗੀਆਂ-ਢਾਰਿਆਂ ਵਾਲੇ ਨਜਰੀਂ ਪੈਂਦੇ ਸਨ।
     ਬੱਚਿਓ...ਅੱਜ, ਜੋ ਪਾਠ ਤੁਹਾਨੂੰ ਪੜ੍ਹਾਇਆ ਜਾਵੇਗਾ ਉਹ ਹੈ- " ਵਿੱਦਿਆ ਦੀ ਸਾਡੇ ਜੀਵਨ ਵਿੱਚ ਮਹੱਤਤਾ। "
    ਬੱਚਿਓ,  " ਵਿੱਦਿਆ ਸਾਡੇ ਜੀਵਨ ਵਿੱਚ ਬਹੁਤ ਖਾਸ ਮਹੱਤਵ ਰੱਖਦੀ ਹੈ, ਵਿੱਦਿਆ ਚਾਨਣ ਹੈ ਤੇ ਇਸ ਚਾਨਣ ਤੋਂ ਬਿਨਾਂ ਸਾਡਾ ਜੀਵਨ ਹਨੇਰੇ ਨਾਲ ਭਰ ਜਾਂਦਾ ਹੈ, ਸਾਡੇ ਜੀਵਨ ਦਾ ਐਸਾ ਕੋਈ ਖੇਤਰ ਨਹੀਂ ਜਿੱਥੇ ਵਿੱਦਿਆ ਕੰਮ ਨਹੀਂ ਆਉਂਦੀ, ਵਿੱਦਿਆ ਹੀ ਸਾਨੂੰ ਪੜਨਾ-ਲਿਖਣਾ ਸਿਖਾਉਂਦੀ ਹੈ। ਵਿਦਿਆ ਤੋਂ ਬਿਨਾਂ ਮਨੁੱਖੀ ਜੀਵਨ ਅੰਨੇ, ਬੋਲੇ ਤੇ ਗੂੰਗੇ ਹੋਣ ਸਮਾਨ ਹੈ।
      ਸਾਰੇ ਬੱਚੇ ਟਾਟਾਂ ਤੇ ਬੈਠੇ ਬੜੀ ਨੀਝ ਨਾਲ ਮੇਰੇ ਬੋਲਾਂ ਨੂੰ ਸੁਣ ਰਹੇ ਸਨ। ਬੋਲਦੇ-ਬੋਲਦੇ ਅਚਾਨਕ ਜਿਵੇਂ ਹੀ ਮੈਂ ਕਲਾਸ ਵਿਚਾਲਿਓਂ ਲੰਘਦੇ ਪਿਛਲੇ ਬੱਚਿਆਂ ਤੱਕ ਗਿਆ ਤਾਂ ਮੈਂ ਨੋਟ ਕੀਤਾ, ਪਿਛਲੀ ਬਾਰੀ ਤੋਂ ਬਾਹਰਲੀ ਕੰਧ ਤੋਂ ਦੋਹਾਂ ਹੱਥਾਂ ਤੇ ਵਿਚਾਕਰ ਚੇਹਰਾ ਕੰਧ ਤੇ ਟਿਕਾ ਕੋਈ ਦੇਖ ਰਿਹਾ ਸੀ ਜੋ ਅਚਾਨਕ ਹੀ ਮੇਰਾ ਧਿਆਨ ਪੈਣ ਤੇ ਹੇਠਾਂ ਹੋ ਗਿਆ ਸੀ। ਮੈਂ ਜਗਿਆਸਾ ਵੱਸ ਥੋੜਾ ਹੋਰ ਅੱਗੇ ਹੋ ਕੇ ਬਾਰੀ ਲਾਗੋਂ ਬਾਹਰਵਾਰ ਵੇਖਿਆ ਤਾਂ ਇੱਕ ਛੋਟਾ ਜਿਹਾ ਲੜਕਾ ਜੋ ਮਸਾਂ ਛੇ-ਸੱਤ ਸਾਲ ਦਾ ਹੋਵੇਗਾ, ਗੰਧਲੇ ਜਿਹੇ ਧੂੜ-ਮਿੱਟੀ ਤੇ ਕਾਲਖ ਨਾਲ ਭਰੇ ਪਾਟੇ ਪੁਰਾਣੇ ਕੱਪੜੇ ਪਾਈ ਮੋਢੇ ਤੇ ਪਲਾਸਟਿਕ ਦੀਆਂ ਖਾਲੀ ਬੋਤਲਾਂ, ਲਿਫਾਫੇ ਤੇ ਪਲਾਸਟਿਕ ਦੇ ਟੁੱਟੇ-ਭੱਜੇ ਸਮਾਨ ਨਾਲ ਭਰਿਆ ਭਾਰੀ ਤੋੜਾ ਚੁੱਕੀ ਕੰਧ ਤੋਂ ਦੂਰ ਤੁਰਿਆ ਜਾ ਰਿਹਾ ਸੀ ਜੋ ਉਸ ਦੇ ਕੱਦ ਤੋਂ ਸ਼ਾਇਦ ਥੋੜਾ ਵੱਡਾ ਹੀ ਹੋਵੇਗਾ। ਉਸ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਸ ਨੂੰ ਵੇਖ ਲਿਆ ਸੀ ਤੇ ਭਾਵੇਂ ਹੁਣ ਵੀ ਮੈਂ ਉਸ ਨੂੰ ਵੇਖ ਰਿਹਾਂ ਸੀ ਪਰ ਉਸ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਾ ਵੇਖਿਆ ਸ਼ਾਇਦ ਬਿਨਾਂ ਕਿਸੇ ਦਿਲਚਸਪੀ ਤੇ ਬੇਆਸੇ ਜਿਹੇ ਮਨ ਨਾਲ ਤੁਰਿਆ ਜਾ ਰਿਹਾ ਸੀ। ਮੈਂ ਵੀ ਕਲਾਸ ਅੰਦਰੋਂ ਬਾਰੀ ਵਿੱਚੋਂ ਦੀ ਉਸ ਨੂੰ ਅਵਾਜ਼ ਮਾਰਨਾ ਵਾਜਬ ਨਾ ਸਮਝਿਆ। ਏਨੀ ਛੋਟੀ ਉਮਰੇ ਬਾਲ ਮਜ਼ਦੂਰੀ ਕਰਦੇ ਉਸ ਛੋਟੇ ਲੜਕੇ ਬਾਰੇ ਸੋਚਦਾ ਡੂੰਘੀਆਂ ਸੋਚਾਂ ਚ' ਡੁੱਬਾ ਮੈਂ ਫੇਰ ਬੱਚਿਆਂ ਨੂੰ ਪੜ੍ਹਾਉਣ ਵਿੱਚ ਰੁੱਝ ਗਿਆ।
ਅਗਲੇ ਦਿਨ...
       ਬੱਚਿਓ, " ਤੁਸੀਂ, ਪਿਛਲੇ ਹਫਤੇ ਤੁਸੀਂ ਪੈਂਤੀ ਤੇ ਮੁਹਾਰਨੀ ਪਹਿਲਾਂ ਹੀ ਪੜ ਚੁੱਕੇ ਹੋ। ਅੱਜ ਮੈਂ ਤੁਹਾਨੂੰ ਸਾਡੇ ਜੀਵਨ ਵਿੱਚ ਸਦਾਚਾਰਕ ਗੁਣਾਂ ਦੇ ਮਹੱਤਵ ਬਾਰੇ ਦੱਸਾਂਗਾ। " ਸਭ ਤੋਂ ਵੱਡਾ ਸਦਾਚਾਰਕ ਗੁਣ ਹੈ- " ਆਗਿਆਕਾਰ ਬਣਨਾ।" ਆਗਿਆਕਾਰੀ ਬਨਣ ਦਾ ਅਰਥ ਹੈ -ਆਗਿਆ ਦਾ ਪਾਲਣ ਕਰਨਾ, ਚਾਹੇ ਉਹ ਤੁਹਾਡੇ ਮਾਤਾ-ਪਿਤਾ, ਅਧਿਆਪਕ, ਵੱਡੇ ਭੈਣ-ਭਰਾ ਜਾਂ ਰਿਸ਼ਤੇਦਾਰ ਹੋਵੇ, ਕੋਈ ਵੀ ਜੋ ਤੁਹਾਡੇ ਤੋਂ ਉਮਰ ਵਿੱਚ ਵੱਡਾ ਹੈ ਉਸ ਦਾ ਕਹਿਣਾ ਮੰਨਣਾ, ਉਸ ਨੂੰ ਆਗਿਆਕਾਰੀ ਬਨਣਾ ਕਹਿੰਦੇ ਹਨ। ਪੜ੍ਹਾ ਤਾਂ ਮੈਂ ਆਪਣੀ ਜਮਾਤ ਨੂੰ ਰਿਹਾ ਸੀ ਪਰ ਮੈਂ ਕੱਲ ਵਾਲੇ ਉਸ ਛੋਟੇ ਲੜਕੇ ਬਾਰੇ ਸੋਚ ਰਿਹਾ ਸੀ ਤੇ ਵਾਰ-ਵਾਰ ਬਾਰੀ ਤੋਂ ਬਾਹਰ ਵਾਲੀ ਕੰਧ ਵੱਲ ਵੀ ਤੱਕ ਰਿਹਾ ਸੀ ਤੇ ਆਪਣੇ ਆਪ ਨੂੰ ਸਵਾਲ ਕਰ ਰਿਹਾ ਸੀ ਕਿ ਉਹ ਛੋਟਾ ਲੜਕਾ ਅੱਜ ਕਿਉਂ ਨਹੀਂ ਆਇਆ? ਸ਼ਾਇਦ ਮੇਰੇ ਵੇਖ ਲਏ ਜਾਣ ਤੇ ਉਹ ਡਰ ਗਿਆ ਹੋਵੇਗਾ।
       ਪਰ ਉਹ ਹਰ ਰੋਜ਼ ਆਉਂਦਾ ਸੀ। ਬਾਹਰੀ ਚਾਰਦਿਵਾਰੀ ਦੀ ਕੰਧ ਉਸ ਦੇ ਕੱਦ ਤੋਂ ਵੀ ਛੋਟੀ ਹੋਣ ਕਾਰਨ, ਮੈਂ ਜੋ ਕੁਝ ਪੜ੍ਹਾਉਂਦਾ ਜਾਂ ਬਲੈਕਬੋਰਡ ਤੇ ਲਿਖਦਾ ਸੀ ਉਹ ਸਭ ਕੁਝ ਆਪਣੀ ਠੋਡੀ ਨੂੰ ਦੋਹਾਂ ਹੱਥਾਂ ਦੇ ਉੱਪਰ ਟਿਕਾ ਕੇ ਬੜੀ ਨੀਝ ਨਾਲ ਕੰਧ ਤੇ ਮੂੰਹ ਰੱਕ ਸਭ ਕੁਝ ਸੁਣਦਾ ਤੇ ਸਭ ਵਰਤਾਰਾ ਰੀਝ ਨਾਲ ਦੇਖਦਾ ਰਹਿੰਦਾ ਸੀ।
     ਦੁਪਹਿਰ ਬੀਤ ਗਈ, ਛੁੱਟੀ ਦਾ ਸਮਾਂ ਵੀ ਹੋ ਗਿਆ ਪਰ ਉਹ ਛੋਟਾ ਲੜਕਾ ਨਾ ਆਇਆ।
    ਆਖਰਕਾਰ ਛੁੱਟੀ ਦੀ ਘੰਟੀ ਵੱਜੀ, ਮੈਂ ਸਕੂਟਰ ਸਟਾਰਟ ਕੀਤਾ ਤੇ ਸਕੂਲ ਤੋਂ ਬਾਹਰਲੇ ਗੇਟ ਤੋਂ ਜਾਣ ਲੱਗੇ ਨੇ ਬੇਆਸੇ ਮਨ ਨਾਲ ਪਿੱਛੇ ਨੂੰ ਮੁੜ ਕੇ ਦੇਖਿਆ ਕਿ ਓਹੀ ਛੋਟਾ ਲੜਕਾ ਚਾਰਦਿਵਾਰੀ ਤੋਂ ਥੋੜਾ ਦੂਰ ਪਲਾਸਟਿਕ ਦੀਆਂ ਟੁੱਟੀਆਂ-ਭੱਜੀਆਂ ਖਾਲੀ ਬੋਤਲਾਂ ਚੁੱਕਦਾ ਦਿਖਾਈ ਦਿੱਤਾ। ਮੈਂ ਪਿਛਾਂਹ ਉਸ ਵੱਲ ਨੂੰ ਸਕੂਟਰ ਤੋਰ ਲਿਆ। ਮੈਂਨੂੰ ਆਉਂਦਾ ਵੇਖ ਉਹ ਤੇਜ-ਤੇਜ ਤੁਰਨ ਲੱਗਾ ਜਿਵੇ ਮੇਰੇ ਤੋਂ ਖਹਿੜਾ ਛੁਡਾਉਣਾ ਹੋਵੇ। ਮੇਰੇ ਨੇੜੇ ਪਹੁੰਚਣ ਤੇ ਉਹ ਡੁੱਸਕਣ ਲੱਗਾ। ਸ਼ਾਇਦ ਡਰ ਗਿਆ ਸੀ ਕਿ ਕਿਤੇ ਮੈਂ ਉਸ ਨੂੰ ਸਕੂਲ ਦੀ ਕੰਧ ਥਾਣੀ ਝਾਕਣ ਤੋਂ ਮਾਰਾਂਗਾ। ਉਹ ਭੱਜਣ ਹੀ ਲੱਗਾ ਸੀ ਕਿ ਮੈਂ ਉਸ ਦੀ ਬਾਂਹ ਫੜ ਲਈ। ਉਸ ਨੇ ਘਬਰਾ ਕੇ ਛੁਡਾਉਣ ਦੀ ਬਥੇਰੀ ਕੋਸ਼ਿਸ਼ ਕੀਤੀ। ਡਰ ਗਿਆ, " ਮੈਂ ਕੁਝ ਨਹੀਂ ਕੀਤਾ, ਮੈਂ ਕੁਝ 'ਨੀਂ ਕੀਤਾ ਜੀ। "  ਫੇਰ ਮੈਂ ਉਸ ਦੇ ਮੋਢੇ ਤੇ ਬੜੇ ਪਿਆਰ ਨਾਲ ਹੱਥ ਕੇ ਸ਼ਾਂਤ ਕੀਤਾ, " ਬੇਟਾ ਡਰ ਨਾ, ਬੇਟਾ ਡਰ ਨਾ, ਤੂੰ ਕੁਝ ਨਹੀਂ ਕੀਤਾ, ਮੈਂਨੂੰ ਪਤਾ ਵਾ। "  ਉਹ ਕਿਸੇ ਦੋਸ਼ੀ ਵਾਂਗ ਅੱਖਾਂ ਵਿੱਚ ਵਿੱਚ ਘਸੁੰਨ ਦੇ ਕੇ ਮਲੀ ਜਾ ਰਿਹਾ ਸੀ। ਮੈਂ ਉਸ ਦੇ ਹੱਥ ਪਰੇ ਕਰ ਪੋਲੇ ਜਿਹੇ ਪੁੱਛਿਆ। ਬੇਟਾ, " ਤੂੰ, ਏਥੇ ਰੋਜ਼ ਆਉਂਣਾ ਵਾ। " ਉਸ ਨੇ ਦੋਸ਼ੀਆਂ ਵਾਂਗ ਗਲੇਡੂ ਅੱਖਾਂ ਵਿੱਚ ਭਰ, ਹਾਂ ਵਿੱਚ ਸਿਰ ਹਿਲਾਇਆ। ਮੈਂ ਫੇਰ ਪੁਛਿਆ, " ਤੈਨੂੰ ਏਥੇ ਆਉਣਾ ਚੰਗਾ ਲੱਗਦੈ " ਉਸਨੇ ਫੇਰ ਹਾਂ ਵਿੱਚ ਸਿਰ ਹਿਲਾਇਆ। ਮੈਂ ਫੇਰ ਪੁੱਛਿਆ, " ਤੂੰ ਪੜ੍ਹਨਾ ਚਾਹੁੰਨਾ ਵਾਂ।" ਏਸ ਵਾਰ ਉਸ ਨੇ ਨਾਂਹ ਵਿੱਚ ਸਿਰ ਹਿਲਾਇਆ। ਮੈਂ ਹੈਰਾਨੀ ਵਿੱਚ ਪੁਛਿਆ, " ਕਿਉਂ ਬੇਟਾ ? ".. "ਤੈਨੂੰ ਪੜ੍ਹਨਾ ਚੰਗਾ ਨਹੀਂ ਲੱਗਦਾ।" ਉਸ ਨੇ ਪੋਲੇ ਜਿਹੇ ਕਿਹਾ, " ਬਾਪੂ ਕੈਂਦਾ ਤੂੰ ਕਬਾਰ (ਕਬਾੜ) ਕੱਠੀ ਕਰਨੀ ਵਾ, ਆਪਾਂ ਨੀ ਪਰਨਾ (ਪੜਨਾ), ਘਰ ਰੋਟੀ ਕਿਵੇਂ ਬਣੂੰਗੀ, ਤੂੰ ਆਪਣੇ ਵੱਡੇ ਭਰਾ ਨਾਲ ਮੇਰੇ ਨਾਲ ਕੰਮ ਕਰਾਇਆ ਕਰ।" ਮੈਂ ਉਸ ਨੂੰ ਫੇਰ ਪੁੱਛਿਆ, "ਤੂੰ ਬੇਟਾ ਰਹਿਣੈਂ ਕਿੱਥੇ ਵਾਂ ?" ਉਸ ਬਾਂਹ ਵਧਾ ਕੇ ਪਿੰਡ ਦੇ ਦੂਜੇ ਪਾਸੇ ਵੱਲ ਵੱਸੀ ਝੂੱਗੀਆਂ ਤੇ ਢਾਰਿਆਂ ਵਾਲੇ ਘਰਾਂ ਵੱਲ ਇਸ਼ਾਰਾ ਕਰ ਦਿੱਤਾ। ਮੈਨੂੰ ਹੁਣ ਸਭ ਕੁਝ ਸਾਫ ਸਮਝ ਪੈ ਰਿਹਾ ਸੀ। ਉਸ ਦਾ ਬਾਪ ਕਬਾੜ ਇਕੱਠੀ ਕਰਨ ਦਾ ਕੰਮ ਕਰਦਾ ਸੀ ਤੇ ਉਸਦਾ ਵੱਡਾ ਭਰਾ ਵੀ ਪੜ੍ਹਿਆ ਨਹੀ ਸੀ, ਗਰੀਬੀ ਕਾਰਨ ਉਸ ਨੂੰ ਕਬਾੜ ਇਕੱਠੀ ਕਰਨ ਲਈ ਉਸ ਦੇ ਬਾਪ ਨੇ ਲਾ ਰੱਖਿਆ ਸੀ। ਗੁਰਬਤ ਤੇ ਬੇਵਸੀ ਕਾਰਨ ਉਹ ਬਾਲ ਮਜਦੂਰੀ ਕਰਨ ਲਈ ਮਜਬੂਰ ਸੀ ਜੋ ਕਿ ਉਸ ਲਈ ਨਾ ਤਾਂ ਉਮਰ ਪੱਖੋਂ ਨਾ ਹੀ ਸਰੀਰ ਪੱਖੋਂ ਕਰਨ ਵਾਲਾ ਕੰਮ ਸੀ। ਮੈਂ ਦੇਖ ਰਿਹਾ ਸੀ ਉਹ ਬੱਚਾ ਆਪਣੇ ਆਉਣ ਵਾਲੇ ਭਵਿੱਖੀ ਸੁਪਨਿਆਂ ਤੇ ਗੁਰਬਤ ਦੇ ਦੋ ਪੁੜਾਂ ਵਿੱਚ ਬੁਰੀ ਤਰਾਂ ਫਸਿਆ ਪਿਆ ਸੀ ਜਿਸਦਾ ਕਿ ਉਸਨੂੰ ਇਸ ਦਾ ਜਰਾ ਵੀ ਇਲਮ ਨਹੀ ਸੀ। ਮਨ ਬਹੁਤ ਉਦਾਸ ਹੋਇਆ। ਮੈਂ ਮਨ ਹੀ ਮਨ ਉਸ ਦੀ ਮੱਦਦ ਕਰਨ ਲਈ ਬਿਹਬਲ ਹੋ ਰਿਹਾ ਸੀ। ਪਰ ਸਮਝ ਨਹੀ ਆ ਰਹੀ ਸੀ ਕਿ ਉਸ ਦੀ ਮੱਦਦ ਕਿਵੇਂ ਕੀਤੀ ਜਾਵੇ। ਮੈਂ ਆਪਣੇ ਆਪ ਨੂੰ ਕਿੰਨੇ ਹੀ ਸਵਾਲਾਂ ਦੀ ਘੁੰਮਣਘੇਰੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਸੀ ਜਿਸ ਦਾ ਕੋਈ ਹੱਲ ਮੈਨੂੰ ਅਜੇ ਸੁੱਝ ਨਹੀ ਰਿਹਾ ਸੀ।
       ਅਜੇ ਮੈਂ ਸੋਚਾਂ-ਫਿਕਰਾਂ ਵਿੱਚ ਗੁਆਚਾ ਉਸ ਵੱਲੋਂ ਪਾਸਾ ਵੱਟ ਘਰ ਨੂੰ ਮੁੜਨ ਹੀ ਲੱਗਾ ਸੀ ਕਿ ਇੱਕ ਨਿੱਕੇ ਜਿਹੇ ਹੱਥ ਨੇ ਪੋਲੇ ਜਿਹੇ ਮੇਰੀ ਉਂਗਲ ਫੜੀ ਜੋ ਧੂੜ-ਮਿੱਟੀ ਤੇ ਕਾਲਖ ਨਾਲ ਭਰਿਆ ਸੀ ਪਰ ਉਸਦੀ ਕੋਮਲ ਛੋਹ ਨੇ ਮੇਰੇ ਮਨ ਨੂੰ ਬੜੀ ਅਜੀਬ ਜਿਹੀ ਖੁਸ਼ੀ ਦਿੱਤੀ ਮੈਨੂੰ ਲੱਗਾ ਜਿਵੇਂ ਮੇਰੇ ਬੇਟੇ ਅੰਬਰ ਨੇ ਮੇਰੀ ਉਂਗਲ ਫੜੀ ਹੋਵੇ ਜੋ ਰੋਜ਼ ਬਾਹਰ ਲਿਜਾਣ ਲਈ ਜਿੱਦ ਕਰ ਬੈਹਿੰਦਾ ਹੈ। ਮੈਂ ਤੇਜੀ ਨਾਲ ਮੁੜ ਕੇ ਪਿੱਛੇ ਵੇਖਿਆ ਉਹੀ ਛੋਟਾ ਲੜਕਾ ਮੇਰੀ ਉਂਗਲ ਫੜੀ ਖਲੋਤਾ ਸੀ ਜੋ ਕੁਝ ਕਹਿਣਾ ਚਾਹੁੰਦਾ ਸੀ।
     ਓਹ ਪੋਲੇ ਜਿਹੇ ਬੋਲਿਆ, " ਮੈਨੂੰ ਵੀ ਚਾਨਣ ਚਾਈਦਾ। "  ਅਚਾਨਕ ਮੇਰੇ ਮਨ ਵਿੱਚ ਉੱਤਰ ਦੌੜਿਆ ਕਿ ਝੁੱਗੀਆਂ ਤੇ ਢਾਰਿਆਂ ਵਾਲੇ ਘਰਾਂ ਜਿੱਥੇ ਇਹ ਲੜਕਾ ਰਹਿੰਦਾ ਸੀ ਉੱਥੇ ਰਹਿਣ ਵਾਲਿਆਂ ਨੂੰ ਅਕਸਰ ਪਾਣੀ, ਬਿਜਲੀ ਦੀ ਸਪਲਾਈ ਨਹੀਂ ਮਿਲਦੀ, ਸ਼ਾਇਦ ਏਹ ਬਿਜਲੀ ਦੇ ਬੱਲਬ ਜਾਂ ਟਿਊਬ ਲਾਈਟ ਦੀ ਗੱਲ ਕਰਦਾ ਹੋਣਾਂ।
      ਪਰ ਉਹ ਫੇਰ ਬੋਲਿਆ, " ਤੁਸੀਂ ਕੱਲ ਜੋ ਪਰਾਇਆ (ਪੜਾਇਆ) ਮੈਂ ਸ਼ਭ ਸੁਣਿਆ ਸ਼ੀ.. ਮੈਨੂੰ ਵੀ ਚਾਨਣ ਚਾਈਦਾ ਵਾ "... " ਵਿੱਦਿਆ ਵਾਲਾ ਚਾਨਣ, ਤੁਸ਼ੀਂ ਦਓਗੇ ਮੈਨੂੰ ਵੀ ਚਾਨਣ।" ਮੈਂ ਇੱਕ ਟੱਕ ਉਸ ਦੇ ਚੇਹਰੇ ਵੱਲ ਵੇਖਣ ਲੱਗਾ, ਉਸਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਦੋ ਚਿਰਾਗਾਂ ਵਾਂਗ ਖੁਸ਼ੀ ਤੇ ਆਤਮ ਵਿਸ਼ਵਾਸ਼ ਨਾਲ ਭਰੀਆਂ ਚਮਕ ਰਹੀਆਂ ਸਨ ਤੇ ਉਸਦਾ ਧੂੜ-ਮਿੱਟੀ ਤੇ ਕਾਲਖ ਨਾਲ ਭਰਿਆ ਚੇਹਰਾ ਇਵੇਂ ਲੱਗ ਰਿਹਾ ਸੀ ਜਿਵੇਂ ਕੋਈ ਸੂਰਜ ਧੂੜ-ਗੁਬਾਰੀ ਕਾਲੇ ਬੱਦਲਾਂ ਦੋ ਉਹਲਿਓਂ ਚਮਕਾਂ ਮਾਰਨ ਨੂੰ ਬੇਸਬਰਾ ਹੋਵੇ, ਜਿਵੇਂ ਉਸਦੀ ਰੀਝ ਦੇ ਅਨੇਕਾਂ ਚਾਨਣ ਬਿਖਰਨ ਨੂੰ ਡਲਕ ਰਹੇ ਹੋਣ। ਉਸ ਦਾ ਖੁਸ਼ੀਂ ਨਾਲ ਭਰਿਆ ਚੇਹਰਾ ਤਾਜੇ ਖਿੜੇ ਫੁੱਲ਼ ਦੀ ਭਾਂਤੀ ਪਰਤੀਤ ਹੋਇਆ, ਮੇਰੀਆਂ ਅੱਖਾਂ ਉਸਦੀ ਪੜਨ ਦੀ ਤੀਬਰ ਲਾਲਸਾ ਦੇਖ ਕੇ ਭਰ ਆਈਆਂ।
     ਉਸਦੀਆਂ ਅੱਖਾਂ ਵਿੱਚਲਾ ਡਲਕਦਾ ਆਤਮ ਵਿਸ਼ਵਾਸ਼, ਚੇਹਰੇ ਦੀ ਚਮਕ ਤੇ ਪੜਨ ਦੀ ਤੀਬਰ ਇੱਛਾ ਦੇਖ ਮੈਥੋਂ ਰਿਹਾ ਨਾ ਗਿਆ ਤੇ ਮੈਂ ਉਸਨੂੰ ਸਕੂਲ ਵਿੱਚ ਦਾਖਲ ਕਰਾਉਣ ਦਾ ਤਹੱਈਆ ਕਰ, ਉਸਨੂੰ ਮਗਰ ਬਿਠਾ ਸਕੂਟਰ ਉਸਦੇ ਘਰ ਵੱਲ ਨੂੰ ਤੋਰ ਲਿਆ।
- ਗੁਰਬਾਜ ਸਿੰਘ ਤਰਨ ਤਾਰਨ ।
ਸੰਪਰਕ : 09872334944-, 08837644027