Gurbhajan Gill

ਵੇ ਪੁੰਨਣਾ, ਵੇ ਬੱਦਲਾ, ਵੇ ਸਾਂਵਲਾ, ਕਿੰਨਾ ਚਿਰ ਹੋਰ ਤੇਰੀ ਛਾਂ ... -  ਗੁਰਭਜਨ ਗਿੱਲ

ਅਮਰਜੀਤ ਗੁਰਦਾਸਪੁਰੀ ਪੰਜਾਬੀ ਲੋਕ ਸੰਗੀਤ ਵਿਰਸੇ ਦੀ ਉਹ ਸੁਰੀਲੀ ਤੰਦ ਸੀ ਜਿਸ ਦੀ ਟੁਣਕਾਰ ਉਮਰ ਦੇ 92ਵੇਂ ਸਾਲ ’ਚ ਦਾਖ਼ਲ ਹੋ ਕੇ ਵੀ ਟੱਲੀ ਵਾਂਗ ਟੁਣਕਦੀ ਰਹੀ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਦੋਵਾਲੀ ਕਲਾਂ ਦਾ ਜੰਮਿਆ ਜਾਇਆ ਜ਼ੈਲਦਾਰ ਹਰਨਾਮ ਸਿੰਘ ਰੰਧਾਵਾ ਦਾ ਪੋਤਰਾ ਤੇ ਸ: ਰਛਪਾਲ ਸਿੰਘ ਤੇ ਮਾਤਾ ਹਰਬੰਸ ਕੌਰ ਦਾ ਪੁੱਤਰ ਕਮਿਊਨਿਸਟ ਪਾਰਟੀ ਦੇ ਸਭਿਆਚਾਰਕ ਵਿੰਗ ਦਾ ਕਾਰਕੁਨ ਬਣਿਆ ਤਾਂ ਲੋਕਾਂ ਨੇ ਗੱਲਾਂ ਕੀਤੀਆਂ, ‘‘ਅਖੇ! ਰੇਸ਼ਮੀ ਗਦੇਲਿਆਂ ’ਤੇ ਸੌਣ ਵਾਲਾ ਇਹ ਅਲੂੰਆਂ ਮੁੰਡਾ ਕਿਵੇਂ ਕੱਚੇ ਧੂੜ ਲਪੇਟੇ ਰਾਹਾਂ ’ਤੇ ਤੁਰੇਗਾ?’’ ਅਮਰਜੀਤ ਗੁਰਦਾਸਪੁਰੀ ਨੇ ਇਹ ਗੱਲ ਸੱਚ ਕਰ ਵਿਖਾਈ ਕਿ ਸਮਰਪਣ ਤੇ ਵਿਸ਼ਵਾਸ ਦੀ ਸ਼ਕਤੀ ਨਾਲ ਹਰ ਮੁਸੀਬਤ ਨੂੰ ਹੱਸ ਕੇ ਜਰਿਆ ਜਾ ਸਕਦਾ ਹੈ।
       ਤੇਰਾ ਸਿੰਘ ਚੰਨ, ਜਸਵੰਤ ਸਿੰਘ ਰਾਹੀ, ਨਰਿੰਦਰ ਦੋਸਾਂਝ, ਲੋਕ ਗਾਇਕਾ ਸੁਰਿੰਦਰ ਕੌਰ, ਬੀਬੀ ਮਹਿੰਦਰ ਨਵਤੇਜ ਸਿੰਘ, ਨਿਰੰਜਨ ਸਿੰਘ ਮਾਨ, ਹੁਕਮ ਚੰਦ ਖਲੀਲੀ, ਜਗਦੀਸ਼ ਫਰਿਆਦੀ ਅਤੇ ਜੁਗਿੰਦਰ ਬਾਹਰਲਾ ਦਾ ਸਾਥੀ ਬਣ ਕੇ ਉਸ ਨੇ ਬੰਬਈ ਕਲਕੱਤੇ ਤੀਕ ਪੰਜਾਬੀ ਲੋਕ ਸੁਰਾਂ ਵਿਚ ਲਪੇਟੇ ਇਨਕਲਾਬੀ ਗੀਤਾਂ ਦੀ ਛਹਿਬਰ ਲਾਈ। ਉਸ ਦੀ ਸਹਿ ਗਾਇਕਾ ਵਜੋਂ ਇਸ ਇਨਕਲਾਬੀ ਸਫ਼ਰ ਦੌਰਾਨ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਂਦੀ ਗਾਇਕਾ ਸੁਰਿੰਦਰ ਕੌਰ ਨੇ ਵੀ ਇਪਟਾ ਦੀਆਂ ਸਟੇਜਾਂ ’ਤੇ ਸਾਥ ਨਿਭਾਇਆ। ਤੇਰਾ ਸਿੰਘ ਚੰਨ ਦੇ ਲਿਖੇ ਸੰਗੀਤ ਨਾਟਕ ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ ਅਤੇ ਲੱਕੜ ਦੀ ਲੱਤ ਵਿਚ ਵਿਸ਼ਵ ਅਮਨ ਲਹਿਰ ਨੂੰ ਸਮਰਪਿਤ ਗੀਤਾਂ ਦਾ ਪਰਾਗਾ ਅਮਰਜੀਤ ਗੁਰਦਾਸਪੁਰੀ ਦੇ ਕੰਠ ਨੂੰ ਛੋਹ ਕੇ ਹੀ ਪੌਣਾਂ ਵਿਚ ਘੁਲਿਆ। ਰਸ ਭਰਪੂਰ ਵਾਰਤਕ ਦੇ ਲਿਖਾਰੀ ਅਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਨਿੰਦਰ ਘੁਗਿਆਣਵੀ ਨੇ 2010 ਵਿੱਚ ਅਮਰਜੀਤ ਗੁਰਦਾਸਪੁਰੀ ਦੇ ਜੀਵਨ ’ਤੇ ਆਧਾਰਿਤ ਇਕ ਟੈਲੀਫਿਲਮ ਬਣਾਈ ਤਾਂ ਉਸ ਵਿੱਚ ਉਸ ਦੀਆਂ ਜੀਵਨ ਯਾਦਾਂ ਅਤੇ ਲੋਕ ਗਾਇਕੀ ਦੇ ਕੁਝ ਨਮੂਨੇ ਵੀ ਅੰਕਿਤ ਕੀਤੇ। ਇਸ ਫਿਲਮ ਵਿੱਚ ਅਮਰਜੀਤ ਗੁਰਦਾਸਪੁਰੀ ਦਾ ਜੀਵਨ ਭਰ ਕੀਤਾ ਸੰਘਰਸ਼ ਭਾਵੇਂ ਕਿਣਕਾ ਮਾਤਰ ਹੀ ਅੰਕਿਤ ਹੋ ਸਕਿਆ, ਪਰ ਖ਼ੂਬਸੂਰਤ ਕੋਸ਼ਿਸ਼ ਲਈ ਪੰਜਾਬੀ ਭਾਈਚਾਰਾ ਉਸ ਦਾ ਰਹਿੰਦੀ ਦੁਨੀਆ ਤੀਕ ਰਿਣੀ ਰਹੇਗਾ। ਇਹ ਫਿਲਮ ਆਮ ਬੰਦਿਆਂ ਲਈ ਭਾਵੇਂ ਬਹੁਤੀ ਦਿਲਚਸਪੀ ਦਾ ਵਸੀਲਾ ਨਾ ਬਣ ਸਕੀ, ਪਰ ਇਤਿਹਾਸ ਦੇ ਜਾਣਕਾਰਾਂ ਲਈ ਸੰਭਾਲਣਯੋਗ ਤੋਹਫ਼ਾ ਬਣ ਗਈ। ਗੁਰਪ੍ਰੀਤ ਸਿੰਘ ਤੂਰ ਅਤੇ ਪਿਰਥੀਪਾਲ ਸਿੰਘ ਹੇਅਰ ਬਟਾਲਾ ਨੇ ਇਸ ਦੇ ਪਸਾਰ ਦੀ ਜ਼ਿੰਮੇਵਾਰੀ ਨਿਭਾਈ।
       ਜ਼ਿਲ੍ਹਾ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਤਹਿਸੀਲ ਦਾ ਪਿੰਡ ਉਦੋਵਾਲੀ ਕਲਾਂ ਉਸ ਦੀ ਜਨਮ ਭੋਇੰ ਹੈ। ਪਹਿਲਾਂ ਇਹ ਪਿੰਡ ਉਸ ਦੇ ਦਾਦਾ ਜੀ ਜ਼ੈਲਦਾਰ ਹਰਨਾਮ ਸਿੰਘ ਜਾਂ ਪਿੰਡ ਦੇ ਅਕਾਲੀ ਆਗੂ ਜਥੇਦਾਰ ਗੁਰਦਿੱਤ ਸਿੰਘ ਕਰਕੇ ਇਲਾਕੇ ਵਿਚ ਜਾਣਿਆ ਜਾਂਦਾ ਸੀ, ਪਰ ਅਮਰਜੀਤ ਦੀ ਆਵਾਜ਼ ਨੇ ਇਸ ਪਿੰਡ ਨੂੰ ਦੇਸ਼ ਦੇਸ਼ਾਂਤਰ ਵਿਚ ਪ੍ਰਸਿੱਧ ਕਰ ਦਿੱਤਾ। 1931 ਦੇ ਸਾਉਣ ਮਹੀਨੇ ਦੀ 26 ਤਰੀਕ ਨੂੰ ਉਹ ਸਰਦਾਰ ਰਛਪਾਲ ਸਿੰਘ ਰੰਧਾਵਾ ਅਤੇ ਬੀਬੀ ਹਰਬੰਸ ਕੌਰ ਦੇ ਘਰ ਜਨਮਿਆ। ਸਿਰਫ਼ 32 ਸਾਲ ਦੀ ਉਮਰ ਵਿਚ ਉਸ ਦੇ ਪਿਤਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਅਮਰਜੀਤ ਗੁਰਦਾਸਪੁਰੀ ਦੇ ਪਿੰਡ ਵਿਚ ਰਹਿੰਦਾ ਇਕ ਨੌਜਵਾਨ ਬਾਬਾ ਦਰਸ਼ੋ ਅਕਸਰ ਗਲੀਆਂ ਵਿਚ ਵਾਰਸ ਦੀ ‘ਹੀਰ’, ਪੀਲੂ ਦਾ ‘ਮਿਰਜ਼ਾ’ ਅਤੇ ਕਾਦਰਯਾਰ ਦਾ ‘ਪੂਰਨ ਭਗਤ’ ਗਾਉਂਦਾ ਫਿਰਦਾ। ਪਿੰਡ ਦੇ ਮੁੰਡੇ ਅਕਸਰ ਉਸ ਦੀ ਆਵਾਜ਼ ਨਾਲ ਸੁਰ ਮਿਲਾਉਂਦੇ। ਅਮਰਜੀਤ ਵੀ ਉਨ੍ਹਾਂ ਮੁੰਡਿਆਂ ਵਿਚੋਂ ਇਕ ਹੁੰਦਾ। ਉਸ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਹ ਸ਼ੌਕ ਉਸ ਲਈ ਜ਼ਿੰਦਗੀ ਦਾ ਗਹਿਣਾ ਬਣ ਜਾਵੇਗਾ। ਬਾਬਾ ਦਰਸ਼ੋ ਰਵਾਇਤੀ ਮਿਰਜ਼ਾ ਸਾਹਿਬਾਂ ਦੀ ਥਾਂ ਲੋਕ ਅੰਗ ਵਿਚ ਲਿਖੇ ਮਿਰਜ਼ੇ ਦੇ ਬੋਲ ਅਲਾਪਦਾ :
ਨੀਂ ਦਿੱਲੀਏ ਕਾਗਾਂ ਹਾਰੀਏ, ਨੀ ਤੇਰਾ ਸੂਹਾ ਨੀ ਚੰਦਰੀਏ ਬਾਣਾ
      ਇਸ ਵਿਚ ਉਹ 360 ਬਲਦ ਲੱਦ ਕੇ ਲੂਣ ਦਾ ਵਪਾਰ ਕਰਨ ਵਾਲੇ ਲੁਬਾਣੇ ਦਾ ਵੀ ਜ਼ਿਕਰ ਕਰਦਾ, ਜਿਸ ਵਿਚ ਉਸ ਦੀ ਲੁਬਾਣੀ ਦੀ ਮੌਤ ਦਾ ਵੀ ਜ਼ਿਕਰ ਹੁੰਦਾ। ਮਿਰਜ਼ੇ ਦੀ ਸਾਹਿਬਾਂ ਨੂੰ ਉਹ ਲੁਬਾਣਾ ਆਪਣੇ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ, ਪਰ ਸਾਹਿਬਾਂ ਆਪਣੇ ਮਿਰਜ਼ੇ ਦੀ ਮੌਤ ਦਾ ਵੇਰਵਾ ਕਰਦੀ। ਇਸ ਵਿਚ ਅੰਤਲਾ ਬੰਦ ਇਹੀ ਹੁੰਦਾ ਕਿ ਸਾਹਿਬਾਂ ਆਪਣੇ ਮਹਿਬੂਬ ਮਿਰਜ਼ੇ ਦੀ ਮੌਤ ਨੂੰ ਦੱਸਦੀ-ਦੱਸਦੀ ਆਪਣੇ ਆਪ ਨੂੰ ਵੀ ਸਰਵਾਹੀ ਭਾਵ ਤਲਵਾਰ ਨਾਲ ਖ਼ਤਮ ਕਰ ਲੈਂਦੀ ਹੈ। ਇਸ ਵਿਚਲਾ ਦਰਦ ਜਦੋਂ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਵਿਚ ਘੁਲ ਕੇ ਪੇਸ਼ ਹੁੰਦਾ ਤਾਂ ਉਹ ਦ੍ਰਿਸ਼ ਜਾਗਦਿਆਂ ਤਾਂ ਕੀ ਸੁੱਤਿਆਂ ਸੁੱਤਿਆਂ ਵੀ ਅੱਖਾਂ ਅੱਗੋਂ ਨਹੀਂ ਜਾਂਦਾ। ਇਹ ਪਹਿਲਾ ਗੀਤ ਸੀ ਜਿਸ ਨੇ ਅਮਰਜੀਤ ਨੂੰ ਗਾਇਕੀ ਦੇ ਰਾਹ ਤੋਰਿਆ। ਤੇਜਾ ਸਿੰਘ ਸੁਤੰਤਰ, ਕਾਮਰੇਡ ਗੋਪਾਲ ਸਿੰਘ ਠੱਠਾ, ਦਲੀਪ ਸਿੰਘ ਟਪਿਆਲਾ, ਕਾਮਰੇਡ ਵਾਸਦੇਵ ਸਿੰਘ ਝੰਗੀ, ਫ਼ਜ਼ਲਾਬਾਦ (ਗੁਰਦਾਸਪੁਰ) ਦੇ ਕਾਮਰੇਡ ਹਰਭਜਨ ਸਿੰਘ, ਕ੍ਰਿਪਾਲ ਸਿੰਘ ਤੇ ਬਲਜੀਤ ਸਿੰਘ ਫ਼ਜ਼ਲਾਬਾਦ ਨਾਲ ਅਮਰਜੀਤ ਦੀ ਦੋਸਤੀ ਨੇ ਅਜਿਹਾ ਸੂਹਾ ਰੰਗ ਚਾੜ੍ਹਿਆ ਕਿ ਉਹ ਆਪ ਇਸ ਰਸਤੇ ਦਾ ਪੱਕਾ ਪਾਂਧੀ ਬਣ ਗਿਆ।
      1952 ਵਿਚ ਉਸ ਨੇ ਫ਼ਜ਼ਲਾਬਾਦ ਵਿਖੇ ਹੋਈ ਕਿਸਾਨ ਕਾਨਫਰੰਸ ਵਿਚ ਪਹਿਲੀ ਵਾਰ ਮੰਚ ’ਤੇ ਖਲੋ ਕੇ ਇਹ ਗੀਤ ਗਾਇਆ :
ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ।
ਹੁਣ ਨਹੀਉਂ ਹੁੰਦੀਆਂ, ਸਬਰ ਸਬੂਰੀਆਂ।
       ਇਹ ਗੀਤ ਗਾਉਣ ਤੋਂ ਪਹਿਲਾਂ ਉਹ ਸਿਰਫ਼ ਪਿੰਡ ਦਾ ਜਵਾਈ-ਭਾਈ ਸੀ ਜਿਸ ਨੂੰ ਉਸ ਦੇ ਰਿਸ਼ਤੇਦਾਰ ਮੁੰਡਿਆਂ ਨੇ ਇਹ ਕਹਿ ਕੇ ਸਟੇਜ ’ਤੇ ਚਾੜ੍ਹ ਦਿੱਤਾ ਸੀ ਕਿ ਸਾਡਾ ਪਰਾਹੁਣਾ ਵੀ ਗਾਉਂਦੈ, ਇਹਨੂੰ ਸੁਣੋ। ਇਸ ਤੋਂ ਬਾਅਦ ਅਮਰਜੀਤ ਗੁਰਦਾਸਪੁਰੀ ਵਿਸ਼ਾਲ ਲੋਕ ਸਮੂਹ ਦਾ ਚਹੇਤਾ ਗਵੱਈਆ ਬਣ ਗਿਆ। ਇਲਾਕੇ ਦੇ ਸ਼ਾਇਰ ਜਸਵੰਤ ਸਿੰਘ ਰਾਹੀ, ਮਹੈਣ ਸਿੰਘ ਅਨਪੜ੍ਹ, ਵੱਸਣ ਸਿੰਘ ਮਸਤਾਨਾ, ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਸ਼ਿਵ ਕੁਮਾਰ ਅਤੇ ਅਜਿਹੇ ਕਈ ਹੋਰ ਲੋਕ ਉਸ ਨੂੰ ਆਪਣੇ ਗੀਤ ਦੇਣ ਲੱਗੇ, ਮਿੱਠੀ ਆਵਾਜ਼ ਨਾਲ ਉਮਰਾਂ ਦੀ ਸਾਂਝ ਪਾਉਣ ਲਈ।
       ਇਨ੍ਹਾਂ ਹੀ ਸਮਿਆਂ ਵਿਚ ਉਸ ਨੇ ਡੇਰਾ ਬਾਬਾ ਨਾਨਕ ਲਾਗਲੇ ਪਿੰਡ ਜੌੜੀਆਂ ਦੇ ਜਾਏ ਪੰਜਾਬੀ ਸ਼ਾਇਰ ਅਮਰ ਚਿੱਤਰਕਾਰ ਦਾ ਗੀਤ ਗਾਇਆਂ :
ਜਿਉਂਦੇ ਜੀ ਆ ਸੋਹਣਿਆ, ਤੈਨੂੰ ਸੁਰਗ ਵਿਖਾਵਾਂ।
ਲੱਗੀਆਂ ਹੋਈਆਂ ਰੌਣਕਾਂ, ਪਿੱਪਲਾਂ ਦੀਆਂ ਛਾਵਾਂ।
       ਇਹ ਲੋਕ ਉਭਾਰ ਦਾ ਵਕਤ ਸੀ। ਆਜ਼ਾਦੀ ਮਗਰੋਂ ਕਮਿਊਨਿਸਟ ਆਗੂ ਇਸ ਆਜ਼ਾਦੀ ਨੂੰ ਅਸਲੀ ਆਜ਼ਾਦੀ ਨਹੀਂ ਸਨ ਮੰਨਦੇ। ਉਹ ਇਸ ਨੂੰ ਨਕਲੀ ਆਜ਼ਾਦੀ ਆਖਦੇ। ਜਸਵੰਤ ਸਿੰਘ ਰਾਹੀ ਵਰਗੇ ਸ਼ਾਇਰ ਸਰਕਾਰੀ ਨੀਤੀਆਂ ਨੂੰ ਬੇਪਰਦ ਕਰਦੇ ਤੇ ਲਿਖਦੇ :
ਗੌਰਮਿੰਟ ਨੇ ਝੱਗਾ ਦਿੱਤਾ, ਪਾ ਲਓ ਲੋਕੋ ਪਾ ਲਓ।
ਅੱਗਾ ਪਿੱਛਾ ਹੈ ਨਹੀਂ ਜੇ ਤੇ, ਬਾਹਵਾਂ ਆਪ ਲੁਆ ਲਓ।
     ਅਮਰਜੀਤ ਗੁਰਦਾਸਪੁਰੀ ਆਪਣੇ ਸਾਥੀ ਦਲੀਪ ਸਿੰਘ ਸ਼ਿਕਾਰ ਨਾਲ ਮਿਲ ਕੇ ਇਹੋ ਜਿਹੇ ਗੀਤ ਗਾਉਂਦਾ। ਹੌਲੀ-ਹੌਲੀ ਉਹ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਗੁਰਦਾਸਪੁਰ ਇਕਾਈ ਦਾ ਪੱਕਾ ਕਲਾਕਾਰ ਬਣ ਗਿਆ। ਉਸ ਦੀ ਸੋਭਾ ਸੂਬੇ ਵਿਚ ਪਹੁੰਚੀ ਤਾਂ ਇਪਟਾ ਦੇ ਮੋਹਰੀ ਆਗੂਆਂ ਤੇਰਾ ਸਿੰਘ ਚੰਨ ਅਤੇ ਜੁਗਿੰਦਰ ਬਾਹਰਲਾ ਨੇ ਉਸ ਨੂੰ ਸੂਬੇ ਦੇ ਕਲਾਕਾਰਾਂ ਵਿਚ ਲੈ ਲਿਆ। ਨਰਿੰਦਰ ਦੋਸਾਂਝ, ਹੁਕਮ ਚੰਦ ਖਲੀਲੀ, ਜਗਦੀਸ਼ ਫਰਿਆਦੀ, ਪ੍ਰੋਫ਼ੈਸਰ ਨਿਰੰਜਨ ਸਿੰਘ ਮਾਨ, ਗਾਇਕਾ ਸੁਰਿੰਦਰ ਕੌਰ ਤੇ ਉਸ ਦੇ ਪਤੀ ਪ੍ਰੋਫ਼ੈਸਰ ਜੋਗਿੰਦਰ ਸਿੰਘ ਸੋਢੀ, ਨਵਤੇਜ ਸਿੰਘ ਪ੍ਰੀਤਲੜੀ ਤੇ ਉਨ੍ਹਾਂ ਦੀ ਪਤਨੀ ਬੀਬੀ ਮਹਿੰਦਰ ਕੌਰ ਵੀ ਉਨ੍ਹਾਂ ਦੇ ਨਾਲ ਇਸ ਸਭਿਆਚਾਰ ਕਾਫ਼ਲੇ ਵਿਚ ਸ਼ਾਮਿਲ ਸਨ।
       ਅਮਰਜੀਤ ਗੁਰਦਾਸਪੁਰੀ ਇਪਟਾ ਅਤੇ ਕਮਿਊਨਿਸਟ ਲਹਿਰ ਵਿਚ ਗੁਜ਼ਾਰੇ ਪਲਾਂ ਦਾ ਜ਼ਿਕਰ ਕਰਦਿਆਂ ਅਕਸਰ ਦੱਸਦਾ ਕਿ ਉਹ ਉਤਸ਼ਾਹ ਦੀ ਭਰਪੂਰਤਾ ਦੇ ਦਿਨ ਸਨ। ਉਸ ਨੂੰ ਉਹ ਦਿਨ ਵੀ ਅੱਜ ਯਾਦ ਹੈ ਜਦੋਂ ਆਪਣੇ ਮਿੱਤਰ ਅਤੇ ਸਹਿਯੋਗੀ ਕਲਾਕਾਰ ਦਲੀਪ ਸਿੰਘ ਸ਼ਿਕਾਰ ਨੂੰ ਸਾਈਕਲ ’ਤੇ ਬਿਠਾ ਕੇ ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜੋਗਿੰਦਰ ਬਾਹਰਲਾ ਦੇ ਪਿੰਡ ਚਬੇਵਾਲ ਜਿਆਣ ਪਹੁੰਚਿਆ। ਜਾਣ ਸਾਰ ਉਨ੍ਹਾਂ ਨੂੰ ਕਮਿਊਨਿਸਟ ਆਗੂ ਡਾ. ਭਾਗ ਸਿੰਘ ਨੇ ਸਟੇਜ ’ਤੇ ਚੜ੍ਹਾ ਦਿੱਤਾ ਤੇ ਉਹ ਅੱਧੀ ਰਾਤ ਤੀਕ ਗੀਤ ਹੀ ਗਾਉਂਦੇ ਰਹੇ। ਇਨਕਲਾਬੀ ਗੀਤਾਂ ਦੇ ਵਜਦ ਕਾਰਨ ਥਕੇਵਾਂ ਤੇ ਅਕੇਵਾਂ ਉਨ੍ਹਾਂ ਦੇ ਨੇੜੇ ਨਹੀਂ ਸੀ ਆਉਂਦਾ। ਇਕ ਗੱਲ ਦਾ ਕੰਡਾ ਅੰਤ ਤੀਕ ਵੀ ਉਸ ਦੇ ਮਨ ਵਿਚ ਰੜਕਦਾ ਰਿਹਾ ਕਿ ਸਾਡੇ ਆਗੂਆਂ ਨੇ ਇਪਟਾ ਜਾਂ ਕਲਚਰਲ ਸਕੁਆਡ ਦੇ ਕਲਾਕਾਰਾਂ ਨੂੰ ਕਦੇ ਸਾਥੀ ਨਹੀਂ ਸੀ ਸਮਝਿਆ, ਸਿਰਫ਼ ਭੀੜ ਇਕੱਠੀ ਕਰਨ ਵਾਲੇ ਸੰਦ ਸਮਝ ਕੇ ਹੀ ਵਰਤਦੇ ਰਹੇ। ਇਸ ਦਾ ਇਕ ਹਵਾਲਾ ਉਹ ਧੁਆਣ ਦਮੋਦਰ (ਗੁਰਦਾਸਪੁਰ) ਦੀ ਕਾਨਫਰੰਸ ਦੀ ਉਦਾਹਰਣ ਦੇ ਕੇ ਅਕਸਰ ਦਿੰਦਾ। ਕਿਵੇਂ ਇਕ ਸਰਦ ਸਿਆਲੀ ਰਾਤ ਪ੍ਰੋਗਰਾਮ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਦੇ ਘਰ ਆਪਣੇ ਸੌਣ ਲਈ ਜਾ ਬਿਸਤਰੇ ਵਿਛਾਏ ਕਿ ਆ ਕੇ ਆਰਾਮ ਨਾਲ ਸੌਂ ਜਾਵਾਂਗੇ, ਪਰ ਜਦ ਅੱਧੀ ਰਾਤ ਨੂੰ ਪ੍ਰੋਗਰਾਮ ਪੇਸ਼ ਕਰ ਕੇ ਪਰਤੇ ਤਾਂ ਉਨ੍ਹਾਂ ਬਿਸਤਰਿਆਂ ’ਤੇ ਸੀਨੀਅਰ ਕਾਮਰੇਡ ਸੁੱਤੇ ਪਏ ਸਨ। ਨਾ ਬਿਸਤਰਾ, ਨਾ ਰੋਟੀ, ਨਾ ਪਾਣੀ। ਠਰੀਆਂ ਤੇ ਆਕੜੀਆਂ ਰੋਟੀਆਂ ਨੂੰ ਜਦ ਗਰਮ ਕਰਨ ਲਈ ਆਖਿਆ ਤਾਂ ਇਕ ਸੀਨੀਅਰ ਕਾਮਰੇਡ ਖੰਘੂਰਾ ਮਾਰ ਕੇ ਬੋਲਿਆ, ‘‘ਤੁਸੀਂ ਇਨਕਲਾਬ ਕੀ ਲਿਆਓਗੇ ਜਿਹੜੇ ਤੱਤੀਆਂ ਰੋਟੀਆਂ ਮੰਗਦੇ ਓ।’’ ਅਮਰਜੀਤ ਵੱਲ ਇਸ਼ਾਰਾ ਕਰ ਕੇ ਘੂਰਦਿਆਂ ਬੋਲਿਆ, ‘‘ਤੇਰੇ ਵਿਚੋਂ ਜ਼ੈਲਦਾਰੀ ਬੂ ਨਹੀਂ ਗਈ।’’ ਉਸ ਰਾਤ ਉਹ ਬੇਹੱਦ ਉਦਾਸ ਹੋਇਆ।
       ਕਮਿਊਨਿਸਟ ਪਾਰਟੀ ’ਤੇ ਪਾਬੰਦੀ ਲੱਗਣ ਵੇਲੇ ਉਹ ਵੀ ਰੂਪੋਸ਼ ਹੋ ਗਿਆ ਅਤੇ ਮੋਗਾ, ਫ਼ਰੀਦਕੋਟ, ਢੁੱਡੀਕੇ ਇਲਾਕੇ ਦੇ ਲੋਕ ਜੰਗਲ ਵਿਚ ਲੁਕਿਆ ਰਿਹਾ। ਜਸਵੰਤ ਸਿੰਘ ਕੰਵਲ, ਕਾਮਰੇਡ ਲਖਬੰਸ, ਕੁਲਭੂਸ਼ਨ ਬੱਧਣਵੀ, ਕਾਮਰੇਡ ਸੁਰਜੀਤ ਗਿੱਲ ਘੋਲੀਆ ਨਾਲ ਦੋਸਤੀ ਉਨ੍ਹਾਂ ਵਰ੍ਹਿਆਂ ਵਿਚ ਹੀ ਪਈ।
       ਅਮਰਜੀਤ ਗੁਰਦਾਸਪੁਰੀ ਨੇ ਮਾਝੇ ਦੀ ਗਾਇਕੀ ਦੀ ਰਵਾਇਤ ਨੂੰ ਉਸ ਵੇਲੇ ਸਿਖ਼ਰਾਂ ’ਤੇ ਪਹੁੰਚਾ ਦਿੱਤਾ ਜਦ ਗੋਲ ਬਾਗ ਅੰਮ੍ਰਿਤਸਰ ਵਿਖੇ ਹੋਈ ਅਮਨ ਕਾਨਫਰੰਸ ਵਿਚ ਉਸ ਨੇ ਤੇਰਾ ਸਿੰਘ ਚੰਨ ਦਾ ਲਿਖਿਆ ਗੀਤ ‘ਕਾਗ ਸਮੇਂ ਦਾ ਬੋਲਿਆ ਨੀ ਅਮਨਾਂ ਦੀ ਬੋਲੀ’ ਗਾਇਆ। ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੱਸਦੇ ਹਨ ਕਿ ਉਸ ਕਾਨਫਰੰਸ ਵਿਚ ਇਕ ਲੱਖ ਤੋਂ ਵੱਧ ਲੋਕ ਹਾਜ਼ਰ ਸਨ। ਹਾਜ਼ਰ ਲੋਕਾਂ ਵਿਚੋਂ ਹਰ ਕਿਸੇ ਨੇ ਇਸ ਗੀਤ ਨੂੰ ਸਾਹ ਰੋਕ ਕੇ ਸਿਰਫ਼ ਸੁਣਿਆ ਹੀ ਨਹੀਂ ਸਗੋਂ ਦੁਬਾਰਾ ਸੁਣਨ ਦੀ ਫਰਮਾਇਸ਼ ਵੀ ਕੀਤੀ।
       ਇਹ ਗੀਤ ਵਿਸ਼ਵ ਅਮਨ ਲਹਿਰ ਵਿਚ ਪੰਜਾਬ ਦਾ ਨਿੱਗਰ ਹਿੱਸਾ ਬਣਿਆ। ਪੰਜਾਬ ਵਿਚ ਅਤਿਵਾਦ ਦੇ ਸਿਖਰ ਵੇਲੇ ਸੂਬੇ ਵਿਚੋਂ ਗੁਰਦਾਸਪੁਰ ਦਾ ਸਰਹੱਦੀ ਇਲਾਕਾ ਸਭ ਤੋਂ ਵੱਧ ਬਲਦੀ ਦੇ ਬੁੱਥੇ ਸੀ ਤਾਂ ਅਮਰਜੀਤ ਨੇ ਮੇਰਾ ਲਿਖਿਆ ਗੀਤ ‘‘ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਅਸੀਂ ਨਹੀਂ ਕੁਝ ਹੋਰ ਮੰਗਦੇ। ਸਾਨੂੰ ਮੋੜ ਦਿਓ ਖਿੜਿਆ ਗੁਲਾਬ, ਅਸੀਂ ਨਹੀਂ ਕੁਝ ਹੋਰ ਮੰਗਦੇ।’’ ਆਪਣੀ ਮਿੱਠੀ ਆਵਾਜ਼ ਵਿਚ ਗਾ ਕੇ ਪਿੰਡ-ਪਿੰਡ ਗਿਆ। ਉਸ ਦੀ ਤੂੰਬੀ ਦੀ ਤਾਰ ਇਹ ਵੀ ਅਲਾਪਦੀ ਰਹੀ :
ਨੀ ਘੁੱਗੀਏ ਉੱਡਦੀ ਰਹੀਂ, ਤੇਰੇ ਲੱਗੇ ਭਾਵੇਂ ਮਗਰ ਸ਼ਿਕਾਰੀ।
       ਇਹ ਗੀਤ ਉਸ ਤਪਦੀ ਧਰਤੀ ’ਤੇ ਠੰਢੀਆਂ ਕਣੀਆਂ ਵਰਗਾ ਅਹਿਸਾਸ ਸਿਰਜਦੇ।
     1986 ਵਿਚ ਇਪਟਾ ਨੇ ਪੰਜਾਬੀ ਭਵਨ, ਲੁਧਿਆਣਾ ਵਿਚ ਪ੍ਰਸਿੱਧ ਉਰਦੂ ਸ਼ਾਇਰ ਕੈਫੀ ਆਜ਼ਮੀ ਦੀ ਸਦਾਰਤ ਅਧੀਨ ਇਪਟਾ ਦੀ ਗੋਲਡਨ ਜੁਬਲੀ ਮਨਾਉਣ ਲਈ ਸਮਾਗਮ ਕੀਤਾ। ਉਸ ਵਿਚ ਹੋਰ ਕਲਾਕਾਰਾਂ ਦੇ ਨਾਲ ਨਾਲ ਅਮਰਜੀਤ ਗੁਰਦਾਸਪੁਰੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਉਹ ਸਮਾਂ ਸੀ ਜਦ ਪੰਜਾਬ ਦੇ ਹਿੰਦੂ ਇਸ ਸੂਬੇ ਨੂੰ ਛੱਡ ਕੇ ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਵੱਸਣ ਲਈ ਜਾ ਰਹੇ ਸਨ। ਮਾਝਾ ਇਸ ਦਰਦ ਨੂੰ ਸਭ ਤੋਂ ਵੱਧ ਸਹਿ ਰਿਹਾ ਸੀ। ਇਸ ਪੀੜ ਨੂੰ ਅਮਰਜੀਤ ਗੁਰਦਾਸਪੁਰੀ ਨੇ ਪੰਜਾਬੀ ਭਵਨ ਦੇ ਬਲਰਾਜ ਸਾਹਨੀ ਮੰਚ ’ਤੇ ਵਾਰਸ ਸ਼ਾਹ ਦੀ ਹੀਰ ਦੇ ਹਵਾਲੇ ਨਾਲ ਇਉਂ ਪੇਸ਼ ਕੀਤਾ:
ਵੀਰਾ ਅੰਮੜੀ ਜਾਇਆ ਜਾਹ ਨਾਹੀਂ ਸਾਨੂੰ ਨਾਲ ਫਿਰਾਕ ਦੇ ਮਾਰ ਨਾਹੀਂ।
ਭਾਈ ਮਰਨ ਤੇ ਪੌਦੀਆਂ ਭੱਜ ਬਾਹਾਂ, ਭਾਈ ਗਿਆਂ ਜੇਡੀ ਕਾਈ ਹਾਰ ਨਾਹੀ।
       ਦਰਦ ਭਿੱਜੇ ਇਨ੍ਹਾਂ ਬੋਲਾਂ ਨੂੰ ਦਸ ਹਜ਼ਾਰ ਤੋਂ ਵੱਧ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ। ਇਹ ਗੀਤ ਮੁੱਕਣਸਾਰ ਕੈਫੀ ਆਜ਼ਮੀ ਦੀ ਜੀਵਨ ਸਾਥਣ ਅਤੇ ਇਪਟਾ ਲਹਿਰ ਦੀ ਮਜ਼ਬੂਤ ਥੰਮ ਰਹੀ ਫਿਲਮ ਕਲਾਕਾਰ ਸ਼ੌਕਤ ਆਜ਼ਮੀ ਇਕਦਮ ਮੰਚ ’ਤੇ ਆਈ ਅਤੇ ਬੋਲੀ, ‘‘ਐ ਪੰਜਾਬ ਵਾਲੋ! ਇਤਨਾ ਕੀਮਤੀ ਹੀਰਾ ਛੁਪਾਈ ਬੈਠੇ ਹੋ, ਮੇਰਾ ਸਾਰਾ ਕੁਝ ਲੇ ਲੋ, ਮੁਝੇ ਅਮਰਜੀਤ ਗੁਰਦਾਸਪੁਰੀ ਦੇ ਦੋ। ਇਸ ਨੇ ਜੋ ਪੰਜਾਬ ਕਾ ਦਰਦ ਗਾਇਆ ਹੈ, ਕਾਸ਼! ਵੋਹ ਮੇਰਾ ਹਿੱਸਾ ਬਨ ਜਾਏ ਔਰ ਵੋਹ ਦਿਨ ਕਭੀ ਨਾ ਆਏ ਜਬ ਹਿੰਦੂ ਭਾਈਓਂ ਕੇ ਜਾਨੇ ਕਾ ਰੁਦਨ ਅਮਰਜੀਤ ਗੁਰਦਾਸਪੁਰੀ ਜੈਸੇ ਕਲਾਕਾਰੋਂ ਕੋ ਫਿਰ ਕਰਨਾ ਪੜੇ। ਜਗਦੇਵ ਸਿੰਘ ਜੱਸੋਵਾਲ ਅਤੇ ਪੰਜਾਬੀ ਨਾਵਲਕਾਰ ਰਾਮ ਸਰੂਪ ਅਣਖੀ ਇਸ ਗੱਲ ਦੀ ਗਵਾਹੀ ਦੇ ਸਕਦੇ ਸਨ, ਪਰ ਉਹ ਸਾਥੋਂ ਕਈ ਸਾਲ ਪਹਿਲਾਂ ਵਿੱਛੜ ਗਏ। ਉਸ ਰਾਤ ਸਾਡਾ ਸਾਰਿਆਂ ਦਾ ਟਿਕਾਣਾ ਜਸੋਵਾਲ ਸਾਹਿਬ ਦੇ ਗੁਰਦੇਵ ਨਗਰ ਵਾਲੇ ਆਲ੍ਹਣੇ ਵਾਲੇ ਚੁਬਾਰੇ ਵਿੱਚ ਹੀ ਸੀ। ਇੱਥੇ ਹੀ ਅਮਰਜੀਤ ਗੁਰਦਾਸਪੁਰੀ ਨੇ ਆਪਣੇ ਗੀਤਾਂ ਨਾਲ ਰਾਮ ਸਰੂਪ ਅਣਖੀ ਨੂੰ ਕੀਲਿਆ। ਬਰਨਾਲਾ ਪਰਤ ਕੇ ਉਸ ਨੇ ਗੁਰਦਾਸਪੁਰੀ ਬਾਰੇ ਕਿਸੇ ਅਖ਼ਬਾਰ ਵਿੱਚ ਲਿਖਿਆ।
      ਅਮਰਜੀਤ ਗੁਰਦਾਸਪੁਰੀ ਸਾਹਿਤ ਸਿਰਜਣਾ ਦੇ ਸਮਾਨਾਂਤਰ ਤੁਰਦਾ ਉਹ ਕਲਾਕਾਰ ਹੈ ਜਿਸ ਨੇ ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਮੇਰੇ ਵਰਗੇ ਅਨੇਕਾਂ ਲੋਕਾਂ ਨੂੰ ਸਾਹਿਤ ਸਿਰਜਣਾ ਲਈ ਥਾਪੜਾ ਦਿੱਤਾ। ਸ਼ਿਵ ਕੁਮਾਰ ਨੇ ‘ਕਾਲੀ ਦਾਤਰੀ ਚੰਨਣ ਦਾ ਦਸਤਾ, ਲੱਛੀ ਕੁੜੀ ਵਾਢੀਆਂ ਕਰੇ’ ਗੀਤ ਅਮਰਜੀਤ ਗੁਰਦਾਸਪੁਰੀ ਦੀ ਬੰਬੀ ’ਤੇ ਬਹਿ ਕੇ ਲਿਖਿਆ ਸੀ। ਸ਼ਿਵ ਕੁਮਾਰ ਨੂੰ ਅੰਮ੍ਰਿਤਸਰ ਦੀਆਂ ਸਾਹਿਤਕ ਮਹਿਫ਼ਲਾਂ ਵਿਚ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਲੈ ਕੇ ਗਿਆ। ਇਸ ਦਾ ਵੇਰਵਾ ਪ੍ਰੋਫ਼ੈਸਰ ਹਰਬੰਸ ਲਾਲ ਅਗਨੀਹੋਤਰੀ ਆਪਣੀ ਜੀਵਨ ਗਾਥਾ ਵਿਚ ਬੜੇ ਮਾਣ ਨਾਲ ਦਿੰਦੇ ਹਨ ਕਿ ਕਿਵੇਂ ਸ਼ਿਵ ਕੁਮਾਰ ਨੂੰ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਅੰਮ੍ਰਿਤਸਰ ਦੇ ਹਾਲ ਬਜ਼ਾਰ ਸਥਿਤ ਤੇਜ ਪ੍ਰਿੰਟਿੰਗ ਪ੍ਰੈਸ ’ਤੇ ਲੈ ਕੇ ਆਇਆ ਜੋ ਉਨ੍ਹੀਂ ਦਿਨੀਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਦਾ ਮੁੱਖ ਕੇਂਦਰ ਸੀ। ਸ਼ਿਵ ਕੁਮਾਰ ਬਟਾਲਵੀ ਦੀ ਕਰਤਾਰ ਸਿੰਘ ਬਲੱਗਣ ਨਾਲ ਮੁਲਾਕਾਤ ਵੀ ਉਸ ਨੇ ਹੀ ਕਰਵਾਈ ਜੋ ਉਸ ਵੇਲੇ ਮਾਸਕ ਪੱਤਰ ਕਵਿਤਾ ਦੇ ਸੰਪਾਦਕ ਸਨ। ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੀ ਕਾਵਿ ਪ੍ਰੰਪਰਾ ਵਿਚ ਸਭ ਤੋਂ ਸੁਰੀਲਾ ਨਾਮ ਕਰਤਾਰ ਸਿੰਘ ਬਲੱਗਣ ਦਾ ਸੀ ਜਿਸਨੇ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਲਈ ਕਈ ਵਿਸ਼ੇਸ਼ ਗੀਤ ਲਿਖੇ, ਉਨ੍ਹਾਂ ਵਿਚੋਂ ਕੁਝ ਗੀਤ ਤਾਂ ਸਿਰਫ਼ ਅਮਰਜੀਤ ਨੇ ਹੀ ਗਾਏ ਹਨ। ਮਿਸਾਲ ਵਜੋਂ :
ਚਿੱਟੀ-ਚਿੱਟੀ ਪਗੜੀ ਤੇ ਘੁੱਟ-ਘੁੱਟ ਬੰਨ੍ਹ,
ਭਲਾ ਵੇ ਮੈਨੂੰ ਤੇਰੀ ਸਹੁੰ ਈ,
ਵਿਚ ਵੇ ਗੁਲਾਬੀ ਫੁੱਲ ਟੰਗਿਆ ਕਰ।
ਠੰਢੇ ਬੁਰਜ ਵਿਚੋਂ ਇਕ ਦਿਨ ਦਾਦੀ ਮਾਤਾ,
ਪਈ ਹੱਸ-ਹੱਸ ਬੱਚਿਆਂ ਨੂੰ ਤੋਰੇ।
ਸਿੰਘਾ ਜੇ ਚੱਲਿਆ ਚਮਕੌਰ, ਉਥੇ ਸੁੱਤੇ ਨੀ ਦੋ ਭੌਰ।
ਧਰਤੀ ਚੁੰਮੀਂ ਕਰਕੇ ਗੌਰ, ਕਲਗੀਧਰ ਦੀਆਂ ਪਾਈਏ ਬਾਤਾਂ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ’ਨੇਰ੍ਹੀਆਂ ਰਾਤਾਂ।
ਮਹਿੰਗੇ ਮੁੱਲ ਲਈਆਂ ਪ੍ਰਭਾਤਾਂ।
ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ।
ਕਣਕਾਂ ਨਿਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ।
    ਅਮਰਜੀਤ ਗੁਰਦਾਸਪੁਰੀ ਨੂੰ ਪੰਜਾਬੀ ਸਾਹਿਤ ਸਭਾ ਧਿਆਨਪੁਰ ਦੇ ਬਾਨੀ ਪ੍ਰਧਾਨ ਵਜੋਂ ਜ਼ਿਲ੍ਹਾ ਗੁਰਦਾਸਪੁਰ ਦੀ ਸਾਹਿਤਕ ਲਹਿਰ ਨੂੰ ਅਗਵਾਈ ਦੇਣ ਦਾ ਵੀ ਮਾਣ ਮਿਲਿਆ। ਉਸ ਦੀ ਅਗਵਾਈ ਕਰਕੇ ਹੀ ਇਸ ਇਲਾਕੇ ਵਿਚ ਪ੍ਰਿੰਸੀਪਲ ਸੁਜਾਨ ਸਿੰਘ, ਮੋਹਣ ਕਾਹਲੋਂ, ਵਰਿਆਮ ਸਿੰਘ ਸੰਧੂ, ਜਸਵੰਤ ਸਿੰਘ ਰਾਹੀ, ਸ਼ਮਸ਼ੇਰ ਸਿੰਘ ਸੰਧੂ ਵਰਗੇ ਲਿਖਾਰੀ ਇਸ ਸਭਾ ਦੇ ਸਮਾਗਮਾਂ ਵਿਚ ਅਕਸਰ ਆਉਂਦੇ ਰਹੇ। ਸਿਤਮਜ਼ਰੀਫੀ ਇਹ ਹੈ ਕਿ ਅਮਰਜੀਤ ਗੁਰਦਾਸਪੁਰੀ ਟੈਲੀਵਿਜ਼ਨ ਸੰਸਾਰ ਦਾ ਹਿੱਸਾ ਨਾ ਬਣ ਸਕਿਆ। ਬਹੁਤ ਬਾਅਦ ਵਿੱਚ ਓਮ ਗੌਰੀ ਦੱਤ ਸ਼ਰਮਾ ਤੇ ਡਾ. ਲਖਵਿੰਦਰ ਜੌਹਲ ਨੇ ਉਸ ਨੂੰ ਪੇਸ਼ ਕੀਤਾ।
      ਸਵੈਮਾਣ ਅਤੇ ਆਪਣੇ ਆਦਰਸ਼ ’ਤੇ ਪਹਿਰੇਦਾਰੀ ਦੇਂਦਾ ਅਮਰਜੀਤ ਗੁਰਦਾਸਪੁਰੀ 1962 ਤੋਂ ਲਗਾਤਾਰ ਆਕਾਸ਼ਵਾਣੀ ਜਲੰਧਰ ਦਾ ਏ ਗਰੇਡ ਕਲਾਕਾਰ ਰਿਹਾ। ਉਸ ਦੇ ਗਾਏ ਗੀਤਾਂ ਨੂੰ ਆਕਾਸ਼ਵਾਣੀ ਤੋਂ ਬਿਨਾਂ ਹੋਰ ਕਿਤਿਓਂ ਨਹੀਂ ਸੁਣਿਆ ਜਾ ਸਕਦਾ ਕਿਉਂਕਿ ਵਪਾਰਕ ਕੰਪਨੀਆਂ ਨਾਲ ਉਸ ਸਮਝੌਤਾ ਕੀਤਾ ਨਹੀਂ ਅਤੇ ਦੂਰਦਰਸ਼ਨ ਦੀ ਲਾਲ ਫੀਤਾਸ਼ਾਹੀ ਨੂੰ ਉਸ ਨੇ ਕਦੇ ਪੱਠੇ ਨਹੀਂ ਸਨ ਪਾਏ। ਉਸ ਦੇ ਯਤਨਾਂ ਸਦਕਾ ਹੀ ਇਸ ਇਲਾਕੇ ਵਿਚ ਸੰਗੀਤ ਨੂੰ ਵੀ ਅਜਿਹੇ ਸੁਰੀਲੇ ਲੋਕ ਮਿਲੇ ਜਿਨ੍ਹਾਂ ਨੇ ਕਦੇ ਅਸ਼ਲੀਲ ਬੋਲਾਂ ਨੂੰ ਆਪਣੇ ਕੰਠ ’ਤੇ ਨਹੀਂ ਲਿਆਂਦਾ। ਮੈਂ ਇਹ ਗੱਲ ਚੇਤੇ ਕਰ ਕੇ ਆਪਣੇ ਆਪ ਨੂੰ ਵਡਿਆ ਲੈਂਦਾ ਹਾਂ ਕਿ ਮੇਰਾ ਇਕ ਪੁਰਖਾ ਅਮਰਜੀਤ ਗੁਰਦਾਸਪੁਰੀ ਹੈ ਜਿਸ ਦੇ ਗੀਤਾਂ ਨੂੰ ਬਚਪਨ ਤੋਂ ਸੁਣਦਿਆਂ-ਸੁਣਦਿਆਂ ਆਪਣੇ ਅੰਦਰ ਉਹ ਨਿਜ਼ਾਮ ਉਸਾਰ ਲਿਆ ਹੈ ਜਿਸ ਨੂੰ ਲੋਕ ਸੰਗੀਤ ਸੂਝ ਆਖਦੇ ਨੇ। ਮੈਂ ਇਕੱਲਾ ਨਹੀਂ, ਮੇਰੇ ਨਾਲ ਤੁਰਦੇ ਕਾਫ਼ਲੇ ਵਿਚ ਸ਼ਮਸ਼ੇਰ ਸਿੰਘ ਸੰਧੂ ਵੀ ਹੈ, ਜਗਦੇਵ ਸਿੰਘ ਜਸੋਵਾਲ ਵੀ ,ਗੁਰਪ੍ਰੀਤ ਸਿੰਘ ਤੂਰ ਤੇ ਤੇਜਪ੍ਰਤਾਪ ਸਿੰਘ ਸੰਧੂ ਵੀ ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਅਮਰਜੀਤ ਗੁਰਦਾਸਪੁਰੀ ਨੂੰ ਲਗਾਤਾਰ ਸੁਣਿਆ ਹੈ।
     92 ਬਹਾਰਾਂ ਤੇ ਪੱਤਝੜਾਂ ਹੰਢਾ ਕੇ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ ਹੈ। ਪੁੱਤਰ ਨਵਨੀਤ ਤੇ ਪਰਮਸੁਨੀਲ ਦੀ ਮੌਤ ਨੇ ਉਸ ਨੂੰ ਵਿੰਨ੍ਹ ਸੁੱਟਿਆ ਸੀ। ਫਿਰ ਵੀ ਉਹ ਹਰ ਮੌਸਮ ਨੂੰ ਖਿੜੇ ਮੱਥੇ ਸਹਾਰਦਾ ਸਾਥੋਂ ਬਹੁਤ ਦੂਰ ਤੁਰ ਗਿਆ। ਜੈਕਸਨ (ਅਮਰੀਕਾ) ਵੱਸਦੇ ਉਸ ਦੇ ਪੁੱਤਰ ਤੇਜ ਬਿਕਰਮ ਸਿੰਘ ਰੰਧਾਵਾ ਦਾ ਕਹਿਣਾ ਹੈ, ‘‘24 ਫਰਵਰੀ ਤੀਕ ਮੇਰੇ ਲਈ ਭਾਰਤ ’ਚ ਦੋ ਸੂਰਜ ਚੜ੍ਹਦੇ ਸਨ, ਇੱਕ ਲੋਕਾਂ ਵਾਲਾ ਤੇ ਦੂਸਰਾ ਮੇਰੇ ਬਾਬਲ ਵਾਲਾ। ਦੂਜਾ ਸੂਰਜ ਡੁੱਬਣ ਨਾਲ ਸਾਡਾ ਸੰਸਾਰ ਹਨੇਰਾ ਹੋ ਗਿਆ ਹੈ।’’