Gurmit-Karialvi

ਮਿਸ਼ਾਲਾਂ ਬਾਲਕੇ ਚੱਲਣ ਦਾ ਹੋਕਾ ਦੇਣ ਵਾਲਾ ਸ਼ਾਇਰ - ਮਹਿੰਦਰ ਸਾਥੀ - ਗੁਰਮੀਤ ਕੜਿਆਲਵੀ

ਮਹਿੰਦਰ ਸਾਥੀ ਅੱਜ ਵੀ ਇਨਕਲਾਬੀ ਹੈ !

ਸਾਥੀ ਨੇ ਇਨਕਲਾਬ ਦਾ ਗੁੱਟ ਉਦੋਂ ਫੜਿਆ ਸੀ ਜਦੋਂ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ ਤੁਰੀ ਚਿੰਗਾੜੀ ਨੇ ਪੂਰੇ ਭਾਰਤ, ਖਾਸ ਕਰ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਮਾੜੀਆਂ ਮੋਟੀਆਂ ਰੁਮਾਂਟਿਕ ਕਿਸਮ ਦੀਆਂ ਕਵਿਤਾਵਾਂ ਲਿਖਕੇ ਲੁਕੋ ਲੈਣ ਵਾਲੇ ਸਾਥੀ ਨੇ ਉਦੋਂ ਇਸ਼ਕੀਆ ਕਵਿਤਾਵਾਂ ਛੱਡਕੇ ਇਨਕਲਾਬੀ ਕਵੀ ਵਜੋਂ ਸਾਹਿਤ ਦੇ ਅੰਬਰ 'ਤੇ ਉਡਾਰੀ ਭਰਨੀ ਸ਼ੁਰੂ ਕੀਤੀ ਸੀ। ਉਹਨੀ ਦਿਨੀਂ ਤੱਤੀ ਸੁਰ ਵਿਚ ਕਵਿਤਾਵਾਂ ਕਹਾਣੀਆਂ ਲਿਖਣ ਵਾਲਿਆਂ ਦੀ ਝੰਡੀ ਸੀ। ਮਹਿੰਦਰ ਸਾਥੀ ਵੀ ਹੋਰ ਬਹੁਤ ਸਾਰੇ ਨੌਜੁਆਨਾਂ ਵਾਗੂੰ ਵੋਟਾਂ ਰਾਹੀਂ ਪੰਜਾਬ ਨੂੰ ਲੈਨਿਨਗਰਾਡ ਬਣਾ ਦੇਣ ਦੇ ਸੁਪਨੇ ਦਿਖਾਉਣ ਵਾਲਿਆਂ ਨਾਲੋਂ ਵੱਖਰੀ ਲੀਹ ਪਾੜਕੇ ਹਥਿਆਰਾਂ ਨਾਲ ਹੇਠਲੀ ਉੱਤੇ ਲਿਆ ਦੇਣ ਵਾਲਿਆਂ ਦਾ ਹਮਦਰਦ ਬਣ ਗਿਆ ਸੀ।

       ਸਾਥੀ ਉਦੋਂ ਵੀ ਇਨਕਲਾਬੀ ਬਣਿਆ ਰਿਹਾ ਜਦੋਂ ਨਹਿਰਾਂ ਅਤੇ ਕੱਸੀਆਂ ਦੇ ਪੁਲ ਪੁਲਸ ਅਤੇ ਨਕਸਲੀਆਂ ਦੇ ਕਥਿਤ 'ਮੁਕਾਬਲਿਆਂ ` ਦੇ ਚਸ਼ਮਦੀਦ ਗਵਾਹ ਬਣੇ ਹੋਏ ਸਨ। ਆਏ ਦਿਨ ਕਿਸੇ ਨਕਸਲੀ ਆਗੂ ਦੇ ਮੁਕਾਬਲੇ ਦੀ ਝੂਠੀ-ਸੱਚੀ ਖਬਰ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀ ਸੀ। ਪੁਲਸ ਦੇ ਬਹੁਤ ਸਾਰੇ ਥਾਣੇਦਾਰ, ਥਾਣੇਦਾਰ ਨਹੀਂ ਸ਼ਿਕਾਰੀ ਬਣੇ ਹੋਏ ਸਨ। ਸਾਥੀ ਨੂੰ ਵੀ ਸੀ ਆਈ ਡੀ ਨੇ ਪੁਲਸ ਮੁਖਬਰ ਬਣ ਜਾਣ ਲਈ 25000 ਰੁਪਈਆਂ ਦੀ ਮੋਟੀ ਰਾਸ਼ੀ ਦਾ ਚੋਗਾ ਪਾਇਆ। ਉਹਨਾਂ ਵੇਲਿਆਂ `ਚ ਇਹ ਬੜੀ ਵੱਡੀ ਰਕਮ ਸੀ। ਸਾਥੀ ਦੇ ਘਰ ਦੀ ਹਾਲਤ ਗਰੀਬੀ ਨੇ ਬੁਰੀ ਤਰਾਂ ਝੰਬੀ ਹੋਈ ਸੀ। ਵਿਆਹੁਣ ਯੋਗ ਭੈਣ ਘਰੇ ਕੁਆਰੀ ਬੈਠੀ ਸੀ। ਮੁਖਬਰੀ ਬਦਲੇ ਹਾਸਲ ਕੀਤੀ ਰਾਸ਼ੀ ਨਾਲ ਘਰਦੀ ਉਭੜ-ਖਾਬੜ ਹੋਈ ਕਬੀਲਦਾਰੀ ਦੀਆਂ ਕਈ ਖੁੱਡਾਂ ਬੰਦ ਕੀਤੀਆਂ ਜਾ ਸਕਦੀਆਂ ਸਨ।

"ਮੈਨੂੰ ਪੱਚੀ ਹਜਾਰ ਤਾਂ ਕੀ ਪੱਚੀ ਪੈਸੇ ਵੀ ਨਹੀਂ ਚਾਹੀਦੇ। ਬੇਸ਼ਕ ਗੋਲੀ ਮਾਰ ਦਿਓ । ਕੱਲ ਨੂੰ ਮਾਰਦੇ ਹੁਣੇ ਮਾਰ ਦਿਓ। ਭਾਵੇਂ ਫਾਂਸੀ ਲਾਉ ਭਾਵੇਂ ਚੌਂਕ `ਚ ਖੜਾ ਕੇ ਗੋਲੀ ਮਾਰੋ ਪਰ ਮੈਥੋਂ ਗਦਾਰੀ ਦੀ ਆਸ ਨਾ ਰੱਖਿਓ।" ਸਾਥੀ ਅਡੋਲ ਰਿਹਾ ਸੀ।

        ਸਾਥੀ ਉਦੋਂ ਵੀ ਇਨਕਲਾਬੀ ਸੀ ਜਦੋਂ ਮਾਸਕੋ ਤੋਂ ਤੁਰਿਆ, ਵਾਇਆ ਪੀਕਿੰਗ ਹੁੰਦਾ ਹੋਇਆ ਨਕਸਲਵਾੜੀ ਦਾ ਹੁਸੀਨ ਸੁਪਨਾ ਬਿਨਾ ਕਿਸੇ ਠੋਸ ਪ੍ਰਾਪਤੀ ਦੇ ਅੱਧਵਾਟੇ ਹੀ ਟੁੱਟ ਗਿਆ। ਤੱਤੀ ਸੁਰ ਵਿਚ ਲੱਗਦੇ ਨਾਅਰੇ ਖਾਮੋਸ਼ ਹੋ ਗਏ ਸਨ। ਰੋਹਲੇ ਬਾਣ, ਸਿਆੜ, ਹੇਮ ਜਯੋਤੀ, ਕਿੰਤੂ, ਲਲਕਾਰ ਅਤੇ ਅਜਿਹੇ ਹੋਰ ਕਿੰਨੇ ਹੀ ਪਰਚਿਆਂ ਵਿਚ ਅੱਗ ਵਰਗੀਆਂ ਕਵਿਤਾਵਾਂ ਲਿਖਣ ਵਾਲੇ ਕਈ ਕਵੀ ਜਨ ਇਧਰ-ਉਧਰ ਦੇ ਢੰਗ ਤਾਰੀਕੇ ਵਰਤਕੇ ਸਮੁੰਦਰਾਂ ਉਤੋਂ ਦੀ ਉਡਾਰੀ ਭਰਕੇ ਪੱਛਮ ਦੇ ਢਿੱਡੀ ਜਾ ਵੜੇ ਸਨ। ਰੂਸ ਦੀ ਥਾਵੇਂ ਪੱਛੋਂ ਦੇ ਪੂੰਜੀਵਾਦੀ ਮੁਲਕ ਹੀ ਉਹਨਾਂ ਦੀ ਠਾਹਰ ਬਣੇ ਸਨ। ਕਈ ਲੇਖਕ ਅਖਬਾਰਾਂ ਵਿਚ ਜਾ ਬੈਠੇ ਸਨ ਤੇ ਕਈਆਂ ਨੇ ਕਾਲਜ ਤੇ ਯੂਨੀਵਰਸਿਟੀਆਂ ਮੱਲ ਲਈਆਂ ਸਨ। ਮਹਿੰਦਰ ਸਾਥੀ ਦੇ ਹਿੱਸੇ ਇਹਨਾਂ `ਚੋ ਕੁੱਝ ਨਹੀਂ ਸੀ ਆਇਆ। ਉਹ ਮੋਗੇ ਸ਼ਹਿਰ ਵਿਚਲੀਆਂ ਫੈਕਟਰੀਆਂ ਦੀਆਂ ਮਸ਼ੀਨਾਂ ਦੀ ਘਰ -ਘਰ ਵਿਚ ਗੁਆਚਿਆ, ਖੁਰ ਗਈ ਲਹਿਰ ਦਾ ਰੁਦਨ ਕਰਦਾ ਰਿਹਾ :-

    ਜੋ ਨਾਇਕ ਬਨਣ ਨਿਕਲੇ ਸੀ ਉਹ ਰਹਿ ਗਏ ਬਣਕੇ ਖਲਨਾਇਕ ਅਵਾਮੀ-ਥਾਪਨਾਵਾਂ ਨਾਲ ਉਹਨਾਂ ਸੀ ਨਹੀਂ ਲਾਈਆਂ ।

     ਸਾਥੀ ਉਦੋਂ ਵੀ ਇਨਕਲਾਬੀ ਸੀ ਜਦੋਂ ਬਹੁਤ ਸਾਰੇ ਲਿਖਣ ਤੇ ਬੋਲਣ ਵਾਲੇ ਮਾਸ ਖਾਣੀਆਂ ਬੰਦੂਕਾਂ ਦੇ ਢਿੱਡੀਂ ਜਾ ਪਏ ਸਨ। ਉੁਦੋਂ ਕਈ ਕਹਿੰਦੀਆਂ ਕਹਾਉਂਦੀਆਂ ਕਲਮਾਂ ਖਾਮੋਸ਼ ਹੋ ਗਈਆਂ ਸਨ ਜਾਂ ਫਿਰ ਦੁਬਿਧਾ ਵਿਚ ਪੈ ਗਈਆਂ ਸਨ। ਬਹੁਤ ਸਾਰੇ ਕਾਮਰੇਡ ਸਰਕਾਰੀ ਨੀਤੀਆਂ ਦੇ ਢੰਡੋਰਚੀ ਬਣਕੇ ਗੰਨਮੈਨਾਂ ਦੀਆਂ ਧਾੜਾਂ ਲਈ ਫਿਰਦੇ ਸਨ। ਅਜਿਹੇ ਸੈਂਕੜੇ-ਹਜ਼ਾਰਾਂ ਸਿਰਲੱਥ ਲੋਕਾਂ ਦੀ ਵੀ ਕਮੀ ਨਹੀਂ ਸੀ ਜੋ ਨੰਗੇ ਧੜ ਲੜੀ ਜਾਂਦੇ ਸਨ। ਸਾਥੀ ਦੀ ਕਲਮ ਉਦੋਂ ਵੀ ਦਲੇਰੀ ਨਾਲ ਬੇਖੌਫ ਚੱਲਦੀ ਰਹੀ ਸੀ :

ਅਸੀਂ ਨਾ ਭਾਂਜ, ਨਾ ਫਰਿਆਦ ਨਾ ਸੰਧੀ ਬਣਾਂਗੇ ਓ

ਮਸ਼ਾਲਾਂ ਵਾਂਗ ਬਲ ਕੇ ਤੇਰੇ ਕੂਚੇ ਵਿਚ ਤਰਾਂਗੇ ਓ !

ਅਸੀਂ ਮੰਨਿਆ ਸ਼ਿਕਾਰੀ ਬਹੁਤ ਵਹਿਸ਼ੀ ਹੈ, ਜਨੂਨੀ ਹੈ,

ਅਸੀਂ ਚਹਿਕਾਂਗੇ, ਗਾਂਵਾਂਗੇ ਅਤੇ ਫਿਰ ਉੜਾਂਗੇ ਓ !

ਪੁੜਾਂਗੇ ਤੇਰੇ ਪੈਰੀਂ ਕੰਡੇ ਬਣ ਜਦ ਤੀਕ ਜੀਵਾਂਗੇ,

ਮਰਾਂਗੇ ਜਦ ਤੇਰੇ ਤਾਬੂਤ ਕਿੱਲ ਬਣਕੇ ਠੁਕਾਂਗੇ ਓ !

ਅਸੀਂ ਪਹਿਲਾਂ ਵੀ ਮਿੱਧੀਆਂ ਨੇ ਸਰਾਲਾਂ ਸਾਮਰਾਜੀ ਕਈ,

ਤੈਨੂੰ ਵੀ ਮਿੱਧਕੇ ਮਸਤ ਹਾਥੀਆਂ ਵਾਂਗੂੰ ਵਧਾਂਗੇ ਓ !!

      ਸਾਥੀ ਉਸ ਸਮੇਂ ਵੀ ਇਨਕਲਾਬੀ ਹੀ ਬਣਿਆ ਰਿਹਾ ਜਦੋਂ ਉਸਦੇ ਨਾਲ ਦੇ ਕਈ ਇਨਕਲਾਬੀ ਅਖਵਾਉਂਦੇ ਲੇਖਕ ਸਰਕਾਰੀ ਤੰਤਰ ਦੇ ਜਿੰਦੇ ਨੂੰ ਜੁਗਾੜਬੰਦੀ ਦੀ ਚਾਬੀ ਲਾਕੇ ਕਈ ਕਿਸਮ ਦੇ ਵੱਡੇ-ਛੋਟੇ ਐਵਾਰਡ ਡੁੱਕ ਗਏ। ਲੇਖਕੀ ਜਥੇਬੰਦੀਆਂ ਦੀ ਮਹਿੰਗੀ ਵੋਟ ਰਾਜਨੀਤੀ ਵੀ ਸਾਥੀ ਨੂੰ ਰਾਸ ਨਹੀਂ ਆਈ। ਸਾਥੀ ਜੇ ਕਿਸੇ ਧਿਰ ਨਾਲ ਡਟਕੇ ਖਲੋ ਜਾਂਦਾ ਤਾਂ ਕੋਈ ਨਾ ਕੋਈ ਸਰਕਾਰੀ ਇਨਾਮ-ਸਨਮਾਨ ਪੱਕੇ ਬੇਰ ਵਾਂਗ ਝੋਲੀ ਆ ਹੀ ਡਿੱਗਣਾ ਸੀ।

       ਸਾਥੀ ਇੰਜ ਕਿਵੇਂ ਕਰਦਾ? ਉਸਤੋਂ ਇਹ ਹੋਣਾ ਹੀ ਨਹੀਂ ਸੀ, ਤੇ ਇੰਜ ਉਹ ਤਾਅ ਉਮਰ ਇਨਕਲਾਬੀ ਸ਼ਾਇਰ ਬਣਿਆ ਰਿਹਾ। ਇਨਕਲਾਬੀ ਲਹਿਰ ਦੀ ਸੁਰ ਭਲੇ ਹੀ ਮੱਠੀ ਪੈ ਗਈ ਹੋਵੇ ਪਰ ਸਾਥੀ ਦੀਆਂ ਨਜ਼ਮਾਂ ਤੇ ਗ਼ਜ਼ਲ਼ਾਂ ਦੇ ਸ਼ੇਅਰਾਂ ਦੀ ਸੁਰ ਤੱਤੀ ਹੀ ਰਹੀ। ਉਹ ਆਪਣੇ ਸਿਦਕ `ਤੇ ਮਾਣ ਕਰਦਾ ਹੋਇਆ, ਅੱਗ ਵਰਗੇ ਸ਼ੇਅਰ ਆਖਦਾ ਰਿਹਾ। ਉਸਦੇ ਆਪਣੇ ਸ਼ਬਦਾਂ ਵਿਚ :-

ਕੁੱਝ ਨਾ ਕੁੱਝ ਤਾਂ ਨੇਰ ਨੂੰ ਹੈ ਹੂੰਝਦਾ

ਹੋਇਆ ਕੀ ਜੇ ਦੀਵੇ ਜਿਹਾ ਪ੍ਰਕਾਸ਼ ਹੈ

ਨਾਲ ਨੇਰੇ ਦੇ ਲੜੇ ਹਾਂ ਉਮਰ ਭਰ ,

ਬਸ ਸਾਡਾ ਤਾਂ ਇਹੋ ਹੀ ਇਤਿਹਾਸ ਹੈ।

     ਸਾਥੀ ਨੇ ਲੰਮਾ ਸਮਾ ਕਾਰਖਾਨਿਆਂ ਵਿਚ ਲੋਹਾ ਕੁੱਟਿਆ ਹੈ ਪਰ ਲੋਹੇ ਨਾਲ ਲੋਹਾ ਹੋਣ ਵਾਲੇ ਸਾਥੀ ਨੂੰ ਦੇਸ਼ ਦੇ ਹੋਰਨਾਂ ਕਰੋੜਾਂ ਕਿਰਤੀਆਂ ਵਾਂਗ ਲੋਹੇ ਦੀ ਕਾਰ ਝੂਟਣ ਦਾ ਸਬੱਬ ਨਹੀਂ ਮਿਲਿਆ। ਲੋਹਾ ਕੁੱਟਦਿਆਂ ਹੱਥਾਂ `ਤੇ ਪਏ ਅੱਟਣ ਐਨੇ ਕੁ ਸਖਤ ਹੋ ਗਏ ਕਿ ਉਸਦੇ ਹੱਥ ਹੀ ਲੋਹੇ ਦੇ ਹੋ ਗਏ। ਲੋਹੇ ਦੇ ਹੱਥਾਂ ਵਾਲਾ ਸਾਥੀ ਸਾਰੀ ਉਮਰ ਲੋਹੇ ਵਰਗੀ ਹੀ ਗ਼ਜ਼ਲ਼ ਲਿਖਦਾ ਰਿਹਾ। ਇਸੇ ਕਰਕੇ ਉਸਦੇ ਸ਼ੇਅਰਾਂ ਵਿਚ ਲੋਹੇ ਦੀ ਖੜਕਾਰ ਹੈ, ਹਥੌੜੇ ਵਰਗੇ ਭਾਰੇ-ਭਾਰੇ ਸ਼ਬਦ। ਸ਼ਾਇਰੀ ਵਿਚ ਬਗਾਵਤ ਲਈ ਵਰਤੇ ਜਾਣ ਵਾਲੇ ਹਥਿਆਰਾਂ ਅਤੇ ਕਿਰਤੀ ਹੱਥਾਂ ਲਈ ਲੋੜੀਂਦੇ ਉਜ਼ਾਰਾਂ ਦੀ ਗੱਲ ਹੈ। ਉਂਜ ਵੀ ਸਾਥੀ ਦੇ ਅੱਟਣਾ ਵਾਲੇ ਹੱਥਾਂ ਤੋਂ ਕੋਮਲ ਮੁਲਾਇਮ ਤੇ ਸੋਹਜ ਸੁਆਦ ਵਿਚ ਗੜੂੰਦ ਨਜ਼ਮਾਂ ਦੀ ਆਸ ਕਰਨੀ ਬੇਮਾਇਨਾ ਹੈ। ਫੇਰ ਵੀ ਕਲਾਤਮਿਕਤਾ ਅਤੇ ਸੂਖ਼ਮਤਾ ਨੂੰ ਕਿਸੇ ਨਜ਼ਮ ਜਾਂ ਗ਼ਜ਼ਲ਼ ਦਾ ਜਰੂਰੀ ਅੰਗ ਮੰਨਣ ਵਾਲਿਆਂ ਨੂੰ ਉਸਦੇ ਬਹੁਤ ਸਾਰੇ ਸ਼ੇਅਰ ਦਿਖਾਏ ਜਾ ਸਕਦੇ ਹਨ। ਪੂਰੀ ਦਾਲ ਟੋਹਣ ਨਾਲੋਂ ਇਕ ਦਾਣਾ ਹੀ ਵੇਖਿਆ ਜਾ ਸਕਦਾ,

ਉਨਾਂ ਪੁੱਛਿਆ ਕਹਿਰ ਕੱਕਰ ਦਾ ਕਿਹੜੇ ਫੁੱਲ ਨੇ ਸਹਿ ਜਾਂਦੇ

ਮੈਂ ਅੰਮ੍ਰਿਤ ਵੇਲੇ ਕੂੜਾ ਫੋਲਦੇ ਬੱਚੇ ਵਿਖਾ ਦਿੱਤੇ।

      ਸਾਥੀ ਦੇ ਅਜੇ ਲੂੰਈ ਵੀ ਨਹੀਂ ਸੀ ਫੁੱਟੀ ਜਦੋਂ ਉਸਦੇ ਕਿਰਤੀ ਹੱਥ ਵਰਕਸ਼ਾਪ ਵਿਚ ਲੋਹੇ ਨੂੰ ਕੁੱਟ ਕੁੱਟ ਸਿੱਧਾ ਕਰਨ ਲੱਗੇ ਸਨ। ਹਿੰਦੀ -ਚੀਨੀ ਭਾਈ-ਭਾਈ ਦੇ ਨਾਅਰੇ ਲਾਉਣ ਵਾਲਿਆਂ ਵਲੋਂ ਨੇਫ਼ਾ ਵਾਲੇ ਬਾਰਡਰ ਵਲੋਂ ਭਾਰਤ ਉੱਤੇ ਬੋਲੇ ਧਾਵੇ ਵਾਲੇ ਸਾਲ ਤੋਂ ਵੀ ਦੋ ਵਰੇ ਪਹਿਲੋਂ ਉਹ ਦਸਵੀਂ ਦੀਆਂ ਸਿਲੇਬਸ ਵਾਲੀਆਂ ਕਿਤਾਬਾਂ ਨੂੰ ਮੱਥਾ ਟੇਕ ਕੇ ਟਰੱਕਾਂ ਦੀ ਰਿਪੇਅਰ ਕਰਨ ਵਾਲੀ ਕਿਸੇ ਵਰਕਸ਼ਾਪ ਵਿਚ ਕੰਮ ਸਿੱਖਣ ਜਾ ਲੱਗਾ ਸੀ। ਪੜਾਈ ਉਸਨੇ ਸ਼ੌਕ ਨਾਲ ਨਹੀਂ ਸੀ ਛੱਡੀ ਬਲਕਿ ਹਾਲਾਤਾਂ ਨੇ ਉਸਦੇ ਘਰ ਦੁਆਲੇ ਨਾਗਵਲ ਹੀ ਅਜਿਹਾ ਪਾ ਲਿਆ ਸੀ ਕਿ ਉਸਨੇ ਦਸਵੀਂ ਤੱਕ ਦਾ ਸਫਰ ਵੀ ਬੜੀ ਮੁਸ਼ਕਲ ਨਾਲ ਤਹਿ ਕੀਤਾ ਸੀ। ਦਰਅਸਲ ਸਾਥੀ ਸਕੂਲ ਵਿਚ ਛੇ ਮਹੀਨੇ ਕਿਤਾਬਾਂ ਹੀ ਨਹੀਂ ਸੀ ਖਰੀਦ ਸਕਿਆ। ਕਿਤਾਬਾਂ ਨਾ ਲਿਆਉਣ ਕਾਰਨ ਮਾਸਟਰ ਆਏ ਦਿਨ ਉਸਨੂੰ ਜਮਾਤ ਵਿਚ ਖੜ੍ਹਾ ਕਰ ਲੈਂਦੇ। ਉਹਨਾਂ ਦਿਨਾਂ ਵਿਚ ਸਾਥੀ ਦੇ ਬਾਪ ਦਾ ਲੱਕੜਾਂ ਦੀ ਟਾਲ ਦਾ ਕੰਮ ਉੱਕਾ ਈ ਚੌੜ-ਚੁਪੱਟ ਹੋ ਚੁੱਕਾ ਸੀ । ਉੱਤੋ ਉਸਦੀ ਬਿਮਾਰੀ ਨੇ ਤਾਂ ਘਰ ਦਾ ਮੂੰਹ ਹੀ ਦੂਜੇ ਪਾਸੇ ਲਾ ਦਿੱਤਾ। ਖਰਵੇ ਸੁਭਾਅ ਦਾ ਇੰਦਰ ਸਿੰਘ ਬਾਘੇ ਪੁਰਾਣੇ ਨੇੜਲੇ ਆਪਣੇ ਪਿੰਡ ਕਾਲੇਕੇ ਰਹਿੰਦਿਆਂ ਆਪਣੇ ਜੁਆਕਾਂ ਤੇ ਉਹਨਾਂ ਦੀ ਮਾਂ ਨੂੰ ਬੇਵਜਾਹ ਹੀ ਕੁੱਟਮਾਰ ਕਰਦਾ ਰਹਿੰਦਾ। ਘਰ ਕੁਰੂਕਸ਼ੇਤਰ ਦਾ ਮੈਦਾਨ ਹੀ ਬਣਿਆ ਜਾਪਦਾ। ਮਿੰਦੀ ਨੂੰ ਆਪਣੇ ਬਾਪ ਦੇ ਇਸ ਸੁਭਾਅ ਦੀ ਕੋਈ ਸਮਝ ਨਾ ਪੈਂਦੀ। ਦਰਅਸਲ ਸਾਥੀ ਦਾ ਬਾਪ ਕਮਾਈ ਕਰਨ ਲਈ ਮਲਾਇਆ ਗਿਆ ਦੂਜੀ ਸੰਸਾਰ ਜੰਗ ਦੇ ਵਲਾਵੇਂ ਵਿਚ ਆ ਗਿਆ ਸੀ। ਫਿਰ ਕਈ ਵਰੇ ਉਸਦਾ ਥਹੁ ਪਤਾ ਈ ਨਹੀਂ ਸੀ ਲੱਗਾ। ਲੰਮਾ ਸਮਾਂ ਪਰਿਵਾਰ ਤੋਂ ਪਾਸੇ ਰਹਿਣ ਕਾਰਨ ਹੀ ਸ਼ਾਇਦ ਉਸਦਾ ਸੁਭਾਅ ਇਕੱਲਖੋਰਾ ਤੇ ਖਰਵਾ ਹੋ ਗਿਆ। ਗੱਲ -ਗੱਲ `ਤੇ ਵੱਡੂੰ ਖਾਊਂ ਕਰਨ ਵਾਲਾ। ਸ਼ਾਇਦ ਜਪਾਨੀਆਂ ਦੇ ਤਸ਼ੱਦਦ ਨੇ ਉਸ ਅੰਦਰਲੀ ਸੰਵੇਦਨਾ ਹੀ ਮਾਰ ਦਿੱਤੀ ਹੋਵੇ। ਇਸੇ ਸਮੇਂ `ਚ ਸਾਥੀ ਨੂੰ ਉਸਦੇ ਨਾਨਕੇ ਆਪਣੇ ਕੋਲ ਮੁਕਤਸਰ ਲੈ ਗਏ। ਵੱਡਾ ਮਾਮਾ ਬਸੰਤ ਸਿੰਘ ਪੁਲਸੀਆ ਤੇ ਛੋਟਾ ਜਸਵੰਤ ਸਿੰਘ ਪ੍ਰਚਾਰਕ ਸੀ ਜੋ ਗਿਆਨੀ ਜ਼ੈਲ ਸਿੰਘ ਨਾਲ ਜੱਥੇ ਵਿਚ ਰਿਹਾ। ਕੁੱਝ ਅਰਸਾ ਕਾਮਰੇਡਾਂ ਨਾਲ ਵੀ ਤੁਰਿਆ ਫਿਰਦਾ ਰਿਹਾ। ਮਾਮਿਆਂ ਨੇ ਸਾਥੀ ਨੂੰ ਦਰਬਾਰ ਸਾਹਿਬ ਨੇੜਲੇ ਗੁਰਦੁਆਰੇ ਵਿਚ ਗੁਰਮੁਖੀ ਸਿੱਖਣ ਲਾ ਦਿੱਤਾ ਸੀ। ਪ੍ਰਚਾਰਕ ਮਾਮਾ ਜਦੋਂ ਭਾਣਜੇ ਨੂੰ ਅੱਖਰ ਜੋੜ-ਜੋੜ ਕੇ ਪੰਜ ਗਰੰਥੀ ਪੜਦਿਆਂ ਵੇਖਦਾ-ਸੁਣਦਾ , ਉਸਦੇ ਅੰਦਰਲਾ ਖਿੜ ਜਾਂਦਾ।

        ਦੂਜੀ ਸੰਸਾਰ ਜੰਗ ਦੇ ਖਾਤਮੇ ਦੇ ਕਈ ਵਰਿਆਂ ਬਾਅਦ ਜਦੋਂ ਅਚਾਨਕ ਬਾਪ ਜਪਾਨੀਆਂ ਦੀ ਕੈਦ `ਚੋਂ ਰਿਹਾ ਹੋਕੇ ਘਰ ਆ ਗਿਆ ਤਾਂ ਪਰਿਵਾਰ ਜਿਵੇਂ ਫਿਰ ਜਿਉਂਦਿਆਂ ਵਿਚ ਹੋ ਗਿਆ ਹੋਵੇ। ਘਰ ਵਿਚ ਸੱਸ -ਨੂੰਹ ਦੀ ਬਣਦੀ ਹੀ ਨਹੀਂ ਸੀ। ਇੰਦਰ ਸਿਹੁੰ ਸਾਰੇ ਜੁਆਕ-ਜੱਲੇ ਨੂੰ ਲੈ ਕੇ ਮੋਗੇ ਆ ਗਿਆ ਜਿਥੇ ਉਸਨੇ ਲਕੜੀਆਂ ਦੀ ਟਾਅਲ ਅਤੇ ਤੂੜੀ ਵੇਚਣ ਦਾ ਕੰਮ ਚਲਾ ਲਿਆ। ਸਾਥੀ ਨੂੰ ਭੁਪਿੰਦਰਾ ਖਾਲਸਾ ਸਕੂਲ ਪੜਨੇ ਪਾ ਲਿਆ। ਮੋਗੇ ਸਾਥੀ ਹੋਣਾ ਦੇ ਗੁਆਂਢ ਵਿਚ ਮੁਸਲਮਾਨਾਂ ਦਾ ਘਰ ਸੀ। ਈਦੂ ਚੌਧਰੀ ਦਾ ਮੁੰਡਾ ਸਰਦਾਰ ਖਾਨ ਸਾਥੀ ਦਾ ਜਮਾਤੀ ਸੀ ਜੋ ਸਕੂਲ ਦੇ ਫੰਕਸ਼ਨਾਂ ਵਿਚ ਬਹੁਤ ਸੋਹਣਾ ਡਰੰਮ ਵਜਾਉਂਦਾ। ਸਰਦਾਰੇ ਦੀ ਮਾਂ ਵੀ ਪੁੱਤ ਦੇ ਜਮਾਤੀ "ਮਿੰਦੀ " ਨੂੰ ਡਾਹਢਾ ਪਿਆਰ ਕਰਦੀ। ਕਦੇ ਰੋਟੀ ਸਰਦਾਰੇ ਵੱਲੇ ਤੇ ਕਦੇ ਮਿੰਦੀ ਵੱਲੇ। ਜਿਸ ਸਾਲ ਰੈਡਕਲਿਫ ਦੀਆਂ ਖਿੱਚੀਆਂ ਲਕੀਰਾਂ ਨਾਲ ਭਾਰਤ-ਪਾਕ ਵੰਡ ਹੋਈ, ਸਾਥੀ ਤੀਸਰੀ ਜਮਾਤੇ ਪੜਦਾ ਪਿਆ ਸੀ। ਉਸਦਾ ਲੰਗੋਟੀਆ ਯਾਰ ਨਵੇਂ ਬਣੇ ਮੁਲਕ ਪਾਕਿਸਤਾਨ ਟੁਰ ਗਿਆ ਸੀ। ਉਸਦੀ ਸਲੇਟ ਮਹਿੰਦਰ ਉਰਫ ਮਿੰਦੀ ਕੋਲ ਰਹਿ ਗਈ ਸੀ ਜਿਸਨੂੰ ਮਿੰਦੀ ਇਸ ਆਸ ਨਾਲ ਕਈ ਵਰੇ ਸਾਂਭ-ਸਾਂਭ ਰੱਖਦਾ ਰਿਹਾ ਕਿ ਜਦੋਂ ਕਦੇ ਸਰਦਾਰਾ ਵਾਪਸ ਆਇਆ ਸਲੇਟ ਉਸਨੂੰ ਮੋੜ ਦੇਵੇਗਾ। ਉਸ ਅੰਦਰਲਾ ਬੱਚਾ ਸੋਚਦਾ ਕਿ ਕਿਸੇ ਨਾ ਕਿਸੇ ਦਿਨ ਸਰਦਾਰ ਆਪਣੀ ਸਲੇਟ ਲੈਣ ਜਰੂਰ ਆਵੇਗਾ। ਇਹ ਤਾਂ ਸਾਥੀ ਨੂੰ ਬਹੁਤ ਚਿਰ ਬਾਅਦ ਪਤਾ ਲੱਗਾ ਕਿ ਉਸਦੇ ਅਤੇ ਸਰਦਾਰੇ ਦੇ ਦਰਮਿਆਨ ਦੂਰੀ ਤਾਂ ਭਾਵੇਂ ਕੁੱਝ ਮੀਲਾਂ ਦੀ ਹੈ ਪਰ ਰੋਕਾਂ ਵਾਲੀਆਂ ਦੀਵਾਰਾਂ ਅਸਮਾਨ ਜਡੇਰੀਆਂ ਸਨ। ਬਚਪਨ ਦਾ ਵਿਛੜਿਆ ਯਾਰ ਸਾਥੀ ਨੂੰ ਸਾਰੀ ਉਮਰਾ ਨਾ ਮਿਲਿਆ, ਬਿਲਕੁਲ ਉਸੇ ਤਰਾਂ ਜਿਵੇਂ ਜਵਾਨੀ ਵੇਲੇ ਦਾ ਵਿਛੜਿਆ ਪਿਆਰ ਮੋਗੇ ਤੋਂ ਹਜ਼ਾਰਾਂ ਮੀਲ ਦੂਰ ਅਹਿਮਦਾਬਾਦ ਜਾ ਵਸਿਆ ਤੇ ਫਿਰ ਕਦੇ ਨਾ ਮਿਲ ਸਕਿਆ। ਸਾਥੀ ਸਾਰੀ ਉਮਰ ਨਾ ਕਦੇ ਸਰਦਾਰੇ ਨੂੰ ਭੁਲਾ ਸਕਿਆ ਤੇ ਨਾਹੀˆ "ਕਰਿਸ਼ਨਾ" ਦੀਆਂ ਯਾਦਾਂ ਨੇ ਉਸਦਾ ਖਹਿੜਾ ਛੱਡਿਆ।

       ਘਰਦੀ ਘੋਰ ਗਰੀਬੀ, ਥੁੜਾਂ ਮਾਰੇ ਪਰਿਵਾਰ ਵਿਚ ਚੱਲਦੀ ਰਹਿੰਦੀ ਮਹਾਂਭਾਰਤ, ਨਿੱਤ ਦਿਹਾੜੇ ਹੁੰਦੀ ਕੁੱਟਮਾਰ, ਬਚਪਨ ਦੇ ਆੜੀ ਦਾ ਵਿਛੋੜਾ, ਮਾੜੀ ਆਰਥਿਕਤਾ ਕਾਰਨ ਅੱਧਵਾਟੇ ਹੀ ਛੁੱਟ ਗਈ ਪੜ੍ਹਾਈ, ਕ੍ਰਿਸ਼ਨਾ ਦੀ ਜੁਦਾਈ ਤੇ ਫੈਕਟਰੀਆਂ ਅੰਦਰ ਹੋਏ ਆਰਥਿਕ ਸ਼ੋਸ਼ਣ ਨੇ ਸਾਥੀ ਨੂੰ ਬਗਾਵਤੀ ਸੁਭਾਅ ਵਾਲਾ ਬਣਾ ਦਿੱਤਾ। ਉਹ ਗੱਲ-ਗੱਲ `ਤੇ ਅੜਨ ਤੇ ਲੜਨ ਲੱਗਿਆ ਸੀ। ਕਵਿਤਾਵਾਂ ਵਿਚੋਂ ਅੱਗ ਨਿਕਲਣੀ ਸ਼ੁਰੂ ਹੋਈ। ਚੁੱਪ ਰਹਿਣੇ ਸੁਭਾਅ ਵਾਲੇ ਸਾਥੀ ਨੇ ਬਗਾਵਤ ਦਾ ਪਹਿਲਾ ਝੰਡਾ "ਜੈ ਭਾਰਤ ਮੈਟਲ ਇੰਡਸਟਰੀਜ਼" ਦੇ ਆਪਣੇ ਮਾਲਕਾਂ ਖਿਲਾਫ ਹੀ ਚੁੱਕ ਲਿਆ ਸੀ ਜਿਥੇ ਸਾਥੀ ਟਰਨਰ ਵਜੋਂ ਕੰਮ ਕਰਦਾ ਸੀ। ਇਸ ਫੈਕਟਰੀ ਵਾਲਿਆਂ ਨੇ ਕਾਮਿਆਂ ਨੂੰ ਨਵੇਂ ਸਾਲ `ਤੇ ਬੋਨਸ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਸਾਥੀ ਨੇ ਮੋਗੇ ਦੀ ਮਸ਼ਹੂਰ ਦੁੱਧ ਫੈਕਟਰੀ ਦੇ ਕਾਮਿਆਂ ਦੀ ਸਲਾਹ ਨਾਲ ਆਪਣੀ ਫੈਕਟਰੀ ਦੇ 150 ਕਾਮਿਆਂ ਨੂੰ ਤਿਆਰ ਕਰਕੇ ਮਾਲਕਾਂ ਖਿਲਾਫ ਸੰਘਰਸ਼ ਵਿੱਢ ਦਿੱਤਾ। ਸਾਥੀ ਦੀਆਂ ਜੋਸ਼ੀਲੀਆਂ ਕਵਿਤਾਵਾਂ ਫੈਕਟਰੀ ਕਾਮਿਆਂ ਵਿੱਚ ਜੋਸ਼ ਭਰਦੀਆਂ :-

ਜਦੋਂ ਤੱਕ ਹਥੇਲੀ `ਤੇ ਸਿਰ ਨਾ ਧਰੋਂਗੇ।

ਮੁਹੱਬਤ ਦੀ ਬਾਜ਼ੀ `ਚ ਯਾਰੋ ! ਹਰੋਂਗੇ।

ਤੁਸੀਂ ਨੱਬੇ, ਅਪਣੇ ਇਹ ਮੁੜਕੇ ਦੇ ਮੋਤੀ

ਦਸਾਂ  ਲੁੱਟਦਿਆਂ ਨੂੰ  ਕਦੋਂ  ਤੱਕ ਜਰੋਂਗੇ?

ਉਹ ਮਹਿਲੀਂ ਬਣੇ ਥੋਡੇ ਹੀਟਰ ਨੇ ਮਘਦੇ,

ਇਹ ਫੁੱਟਪਾਥ ਤੇ ਬੈਠੇ ਕਦੋਂ ਤੱਕ ਠਰੋਂਗੇ।

ਅਮਰ ਸਾਥੀਓ ! ਇਹ ਹੋ ਜਾਊ ਹਿਯਾਤੀ,

ਮਨੁੱਖਤਾ  ਲਈ  ਲੜਦੇ-ਲੜਦੇ  ਮਰੋਂਗੇ।

    ਕਾਮਿਆਂ ਦਾ ਜੋਸ਼ ਠਾਠਾਂ ਮਾਰਨ ਲੱਗਦਾ। ਉਹ ਵਧ -ਵਧ ਕੇ ਨਾਅਰੇ ਮਾਰਦੇ। ਫੈਕਟਰੀ ਦੀਆਂ ਕੰਧਾਂ ਗੂੰਜਣ ਲੱਗਦੀਆਂ। ਫੈਕਟਰੀ ਮਾਲਕਾਂ ਦੇ ਅਲਸ਼ੇਸ਼ਨ ਕੁੱਤੇ ਬਿਸਕੁੱਟ ਖਾਣੇ ਛੱਡ ਡਰਦੇ ਮਾਰੇ ਮੇਮ ਸਾਬ ਦੀ ਬੁੱਕਲ ਵਿਚ ਜਾ ਲੁੱਕਦੇ। ਸਾਥੀ ਦਾ ਦੱਬ ਦਬਾ ਵਧਦਾ ਗਿਆ। ਉਸਦੇ ਮਘਦੇ ਅੰਗਿਆਰਾਂ ਵਰਗੇ ਗੀਤਾਂ ਨੇ ਬੋਨਸ ਵਾਲੀ ਜੰਗ ਜਿੱਤ ਲਈ। ਮਾਲਕਾਂ ਨੇ ਹਥਿਆਰ ਛੁੱਟ ਦਿੱਤੇ ਸਨ।

     ਸੰਨ 1966 ਦੀ ਪੱਤਝੜ ਆਉਂਦਿਆਂ ਹੀ ਸਾਥੀ ਨੇ `ਜੈ ਭਾਰਤ ਮੈਟਲ ਇੰਡਸਟਰੀਜ` ਛੱਡ ਕੇ ਵੈਦ ਤੀਰਥ ਰਾਮ ਕਿਆਂ ਵਾਲੀ ਫੈਕਟਰੀ ਵਿੱਚ ਆ ਹਾਜ਼ਰੀ ਲਾਈ। ਇਹ ਕਿੰਨੇ ਹੀ ਚਿਰ ਤੋਂ ਬੰਦ ਪਈ ਫੈਕਟਰੀ ਸਾਥੀ ਦੇ ਭਰਾ ਅਤੇ ਸੁਰਜੀਤ ਕੁਮਾਰ ਨੇ ਠੇਕੇ `ਤੇ ਲੈਕੇ ਚਾਲੂ ਕੀਤੀ ਸੀ। ਨਿਊ ਭਾਰਤ ਫੈਕਟਰੀ ਵਿਚ ਬਲਦਾਂ ਤੇ ਘੋੜਿਆਂ ਦੀਆਂ ਖੁਰੀਆਂ `ਚ ਲੱਗਦੀਆਂ ਮੇਖਾਂ ਤੇ ਕਾਬਲੇ ਵਗੈਰਾ ਬਣਾਏ ਜਾਂਦੇ ਸਨ। ਇਸ ਫੈਕਟਰੀ ਵਿਚ ਮਾੜੀ ਮੋਟੀ ਜਿਹੀ ਤੁਕਬੰਦੀ ਕਰਨ ਵਾਲੇ ਠਾਣਾ ਸਿੰਘ ਨਾਲ ਸਾਥੀ ਦੀ ਨੇੜਤਾ ਬਣ ਗਈ। ਠਾਣੇ ਨੇ ਉਸਨੂੰ ਮਹਿੰਦਰ ਸਿੰਘ ਤੋਂ "ਮਹਿੰਦਰ ਸਾਥੀ" ਬਣਾ ਦਿੱਤਾ। ਫਾਜ਼ਿਲਕਾ ਵੱਲੀਂ ਦੇ ਇਸ ਠਾਣੇ ਨੇ ਹੀ ਸਾਥੀ ਨੂੰ ਮੁਕਤਸਰ ਨੇੜਲੇ ਭਲਾਈ ਆਣੀਏ ਠਾਣਾ ਸਿੰਘ ਨਾਲ ਮਿਲਾਇਆ ਸੀ।

       ਭਲਾਈਆਣੇ ਆਲੇ ਠਾਣਾ ਸਿੰਘ ਨਾਲ ਹੋਏ ਮੇਲ ਨੇ ‘ਨਿਊ ਭਾਰਤ ਇੰਡਸਟਰੀ" ਨੂੰ ਇਨਕਲਾਬੀਆਂ ਦੇ ਆਉਣ ਜਾਣ ਦਾ ਅੱਡਾ ਬਣਾ ਦਿੱਤਾ। ਇਹਨਾਂ ਦਿਨਾਂ ਵਿਚ ਹੀ ਸਾਥੀ ਦੀ ਲਿਖੀ ਨਜ਼ਮ "ਜਨਮ-ਜਨਮ ਦੇ ਸਾਥੀ ਮੇਰੇ" ਕਵਿਤਾ ਰਿਸਾਲੇ ਵਿਚ ਛਪੀ। ਇਹ ਨਜ਼ਮ ਗੁਰਦੀਪ ਘੋਲੀਏ ਨਾਲ ਨੇੜਤਾ ਪੈਦਾ ਕਰ ਗਈ। ਇਹ ਉਹੀ ਗੁਰਦੀਪ ਘੋਲੀਆ ਸੀ ਜਿਸਨੇ ਗੁਰਪਾਲ ਸਿੰਘ ਪਾਲ ਦਾ ਗਾਇਆ ਬਹੁ-ਚਰਚਿਤ ਗੀਤ "ਪਾਲੀ ਪਾਣੀ ਖੂਹ ਤੋਂ ਭਰੇ" ਲਿਖਿਆ ਸੀ। ਫੇਰ ਤਾਂ ਰਾਜੇਆਣੀਏ ਬੰਤ, ਮਾਣੂਕਿਆਂ ਵਾਲੇ ਚਰਨ ਸਿੰਘ, ਤੇ ਹੋਰ ਕਿੰਨੇ ਹੀ ਰੂਪੋਸ਼ ਨਕਸਲਾਈਟਾਂ ਨਾਲ ਸਾਥੀ ਦਾ ਮੇਲ ਹੋਣ ਲੱਗਾ। ਉਹਨੀ ਦਿਨੀ ਪੰਜਾਬ ਦੀਆਂ ਸੱਥਾਂ ਵਿੱਚ "ਮੁੰਡਿਆਂ-ਖੁੰਡਿਆਂ " ਵਲੋਂ ਹੇਠਲੀ ਉੱਤੇ ਲਿਆਉਣ ਦੀਆਂ ਗੱਲਾਂ ਚੱਲਣ ਲੱਗ ਪਈਆਂ ਸਨ। ਮਾਸਕੋ ਦਾ ਲਾਲ ਚੌਂਕ ਸਾਥੀ ਦੇ ਵੀ ਸੁਪਨਿਆਂ ਵਿਚ ਆਉਣ ਲੱਗਾ। ਕਈ ਰਿਸਾਲੇ ਤੇ ਔਖੀਆਂ-ਔਖੀਆਂ ਸਿਧਾਂਤਕ ਪੁਸਤਕਾਂ ਸਾਥੀ ਕੋਲ ਆਉਣ ਲੱਗੀਆਂ। ਮਾਰਕਸ ਦੀ 'ਦਵੰਦਾਤਮਕ ਭੌਤਿਕਵਾਦ' ਵਾਲੀ ਥਿਉਰੀ ਸਾਥੀ ਦੇ ਦਿਮਾਗ ਵਿਚ ਧੱਸਣ ਲੱਗੀ। ਸਾਥੀ ਨੇ ਫੈਕਟਰੀ ਦੇ ਠੇਕੇਦਾਰ ਬਣੇ ਆਪਣੇ ਭਰਾ ਖਿਲਾਫ ਹੀ ਝੰਡਾ ਚੁੱਕ ਲਿਆ। ਸੀ ਪੀ ਆਈ ਦੇ ਸਰਵਣ ਸਿੰਘ ਸਹਿਗਲ ਤੇ ਵੰਨੀ-ਵੰਨੀ ਦੇ ਹੋਰ ਕਈ ਕਾਮਰੇਡਾਂ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਫੈਕਟਰੀ ਦੀ ਲੜਾਈ ਘਰ ਤੱਕ ਪੁੱਜਣੀ ਕੁਦਰਤੀ ਸੀ। ਘਰ ਵਿਚ ਕਲੇਸ਼ ਖੜਾ ਹੋ ਗਿਆ ਪਰ ਸਾਥੀ ਨੇ ਸੰਘਰਸ਼ ਨੂੰ ਪਿੱਠ ਨਾ ਵਿਖਾਈ। ਸਾਥੀ ਨੇ ਇਹ ਘੋਲ ਵੀ ਸ਼ਾਨ ਨਾਲ ਜਿੱਤ ਲਿਆ ਸੀ। ਮੋਗੇ ਦਾ ਇਲਾਕਾ ਉਹਨਾਂ ਦਿਨਾਂ `ਚ ਸਰਗਰਮੀਆਂ ਦਾ ਗੜ ਬਣਿਆ ਹੋਇਆ ਸੀ। ਰੂਪੋਸ਼ ਹੋਏ ਫਿਰਦੇ ਨਕਸਲਬਾੜੀਏ ਮੋਗੇ ਦੀ ਬਾਗ-ਗਲੀ ਵਿਚ ਹਲਵਾਈ ਦਾ ਕੰਮ ਕਰਦੇ ਹਵੇਲਾ ਸਿੰਘ ਦੇ ਡੇਰੇ ਗੁਪਤ ਮੀਟਿੰਗਾਂ ਕਰਦੇ। ਸਾਰਿਆਂ ਦੇ ਨਾਂ ਪਤੇ ਫਰਜੀ ਹੁੰਦੇ, ਕਿਸੇ ਦਾ ਅਜਮੇਰ, ਕਿਸੇ ਦਾ ਬਲਵੀਰ ਕਿਸੇ ਦਾ ਕੁੱਝ ਹੋਰ। ਇੱਕ ਛੇ ਫੁੱਟ ਉੱਚੇ ਲੰਮੇ ਤੇ ਸੱਬਲ ਵਰਗੇ ਜਵਾਨ ਨੂੰ ਸਾਰੇ ਬਾਈ-ਬਾਈ ਆਖਦੇ। ਸਿਰੇ ਦਾ ਦਲੇਰ ਪਰ ਬੇਪਰਵਾਹ। ਸਾਥੀ ਨੂੰ ਬਹੁਤ ਬਾਅਦ ਵਿਚ ਪਤਾ ਲੱਗਾ ਕਿ ਇਹ ਜਾਂਬਾਜ਼ ਲੜਾਕੂ ਇਨਾਮ ਯਾਫਤਾ ਬੰਤ ਰਾਜੇਆਣੀਆ ਸੀ।

       "ਪਤਾ ਹੀ ਨਹੀਂ ਲੱਗਿਆ ਜਮਾਤੀ ਦੁਸ਼ਮਣਾਂ ਦੇ ਸਫਾਏ ਵਾਲੀ ਲਾਈਨ ਕਦੋਂ ਵਿਅਕਤੀਗਤ ਕਤਲਾਂ ਵੱਲ ਮੁੜ ਗਈ। ਲੋਕ ਚੇਤਨਾ ਜ਼ਰੂਰੀ ਸੀ। ਬਹੁਤ ਸਾਰੇ ਲੋਕ ਹਮਦਰਦ ਜਰੂਰ ਸਨ ਪਰ ਉਠਕੇ ਨਾਲ ਨਹੀਂ ਤੁਰੇ। ਜੇ ਕਿਧਰੇ ਕਿਸੇ ਨੌਜਵਾਨ ਦਾ ਪੁਲਸ ਮੁਕਾਬਲਾ ਬਣਾਇਆ ਜਾਂਦਾ ਸੀ ਤਾਂ ਲੋਕ ਸੰਘਰਸ਼ ਨਹੀਂ ਸੀ ਕਰਦੇ। ਪੁਲਸ ਥਾਣੇ ਨਹੀਂ ਸੀ ਘੇਰਦੇ, ਉਲਟਾ ਬੂਹੇ-ਬਾਰੀਆਂ ਬੰਦ ਕਰਕੇ ਖੁਦ ਨੂੰ ਘਰਾਂ ਅੰਦਰ ਬੰਦ ਕਰ ਲੈਂਦੇ ਸਨ।" ਸਾਥੀ ਨੂੰ ਸਾਰਾ ਕੁੱਝ ਯਾਦ ਹੈ ਜਿਵੇਂ ਕੱਲ ਹੀ ਵਾਪਰਿਆ ਹੋਵੇ।

        "ਜ਼ੋਸ਼ ਈ ਸੀ ਜ਼ੋਸ਼ ਸੀ--ਹੋਸ਼ ? ਹੋਸ਼ ਤਾਂ ਹੈ ਈ ਨਹੀਂ ਸੀ। ਉਦੋਂ ਤਾਂ ਆਏਂ ਲੱਗਦਾ ਸੀ ਜਿਵੇਂ ਇਨਕਲਾਬ ਬਰੂੰਹਾਂ ਦੇ ਬਾਹਰ ਖੜਾ ਐ ਤੇ ਬਸ ਤੇਲ ਚੋਅ ਕੇ ਹੀ ਅੰਦਰ ਲੰਘਾ ਲੈਣਾ। ਉਦੋਂ ਨਹੀਂ ਸੀ ਜਾਣਦੇ ਕਿ `ਸਟੇਟ` ਕੋਲ ਬੜੀ ਤਾਕਤ ਹੁੰਦੀ ਹੈ। ਬੇਪਨਾਹ ਵਸੀਲੇ। ਸਾਥੋਂ ਤਾਂ ਜਮਾਤੀ ਦੁਸ਼ਮਣ ਦੀ ਪਛਾਣ ਹੀ ਨਹੀਂ ਹੋਈ। ਅਸੀਂ ਤਾਂ ਸਧਾਰਨ ਹੋਮਗਾਰਡੀਏ ਤੇ ਸਿਪਾਹੀ ਨੂੰ ਈ ਜਮਾਤੀ ਦੁਸ਼ਮਣ ਸਮਝੀ ਗਏ। ਭਲਾ ਇਹ ਦੁਸ਼ਮਣ ਕਿਵੇਂ ਹੋਏ? " ਸਾਥੀ ਨੇ ਜਿਵੇਂ ਲਹਿਰ ਦੇ ਸਮੁਚੇ ਕਾਰਕੁੰਨਾਂ ਨੂੰ ਹੀ ਸੁਆਲ ਕੀਤਾ ਸੀ।

"ਉਦੋਂ ਲੀਡਰਸ਼ਿਪ ਅੱਗੇ ਸੁਆਲ ਨੀ ਰੱਖੇ ? "

      "ਚੱਲਦੀ ਜੰਗ ਵਿਚ ਸੁਆਲ ਨੀ ਕੀਤੇ ਜਾਂਦੇ ਹੁੰਦੇ ਮੁੰਡਿਆ। ਫੇਰ ਉੱਤੋਂ ਵਾਅ ਹੀ ਐਸੀ ਵਗਦੀ ਸੀ, ਸੁਆਲ ਕਰਨ ਵਾਲੇ `ਤੇ ਝੱਟ ਈ ਗਦਾਰੀ ਦਾ ਠੱਪਾ ਲਾ ਦਿੱਤਾ ਜਾਂਦਾ ਸੀ । ਜਦੋਂ ਤਾਈਂ ਸੁਆਲ ਹੋਣ ਲੱਗੇ ਉਦੋਂ ਤੱਕ ਤਾਂ ਲਹਿਰ ਖੱਖੜੀਆਂ ਕਰੇਲੇ ਹੋਗੀ ਸੀ।"

       ਸਾਥੀ ਅੰਦਰ ਜਿਵੇਂ ਯਾਦਾਂ ਦੇ ਵੱਡੇ-ਵੱਡੇ ਬੋਹਲ ਲੱਗੇ ਹੋਣ। ਸਾਥੀ ਦੀਆਂ ਗੱਲਾਂ ਸੁਨਣ ਲਈ ਅਸੀਂ ਫੌਜੀ ਮਾਰਕੀਟ ਵਿਚਲੀ "ਪਾਲ ਸਿੰਘ ਯਾਦਗਾਰੀ ਟਰੱਸਟ" ਦੀ ਲਾਇਬਰੇਰੀ ਜਾਂਦੇ ਜਿਥੇ ਸਾਥੀ ਲਾਇਬਰੇਰੀਅਨ ਵਜੋਂ ਕੰਮ ਕਰਦਾ ਸੀ। ਅਸੀਂ ਸਾਥੀ ਤੋਂ ਨਵੀਆਂ ਲਿਖੀਆਂ ਰਚਨਾਵਾਂ ਦੀ ਸੋਧ ਸੁਧਾਈ ਵੀ ਕਰਵਾਉਂਦੇ। ਲਾਇਬਰੇਰੀ ਜਿਵੇਂ ਨਵੇਂ ਲੇਖਕਾਂ ਲਈ ਵਰਕਸ਼ਾਪ ਹੋਵੇ। ਪੰਜਾਬੀ, ਹਿੰਦੀ ਤੇ ਹੋਰ ਭਾਸ਼ਾਵਾਂ ਦੇ ਕਲਾਸਿਕ ਸਾਹਿਤ ਨਾਲ ਜਾਣ-ਪਛਾਣ ਵੀ ਸਾਥੀ ਨੇ ਹੀ ਕਰਾਈ ਸੀ। ਸਾਹਿਤ ਵਿਚਾਰ ਮੰਚ ਦੀ ਮੀਟਿੰਗ ਵੀ ਇਥੇ ਹੀ ਹੁੰਦੀ ਸੀ ਜਿਸਦਾ ਪ੍ਰਧਾਨ ਸੜਕਨਾਮੇ ਆਲਾ ਬਲਦੇਵ ਸਿੰਘ ਤੇ ਜਨਰਲ ਸਕੱਤਰ ਮਹਿੰਦਰ ਸਾਥੀ ਸੀ। ਇਥੇ ਹੀ ਕੇ ਐਲ ਗਰਗ, ਸਤਿਆ ਪਰਕਾਸ਼ ਉੱਪਲ, ਕਾਮਰੇਡ ਸੁਰਜੀਤ ਗਿੱਲ, ਡਾ: ਸੁਰਜੀਤ ਬਰਾੜ, ਅਸ਼ਵਨੀ ਗੁਪਤਾ, ਨਰਿੰਦਰ ਸ਼ਰਮਾ, ਅਮਰਜੀਤ ਵਰਗੇ ਮੋਗੇ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਪਹਿਲੀ ਵਾਰ ਮਿਲਣ ਦਾ ਸਬੱਬ ਬਣਿਆ ਸੀ।

       ਰੋਡੇ ਕਾਲਜ ਵਿਚੋਂ ਜਦੋਂ ਹੀ ਵਿਹਲਾ ਹੁੰਦਾ, ਸਾਥੀ ਦੀ ਲਾਇਬਰੇਰੀ ਵੱਲ ਸ਼ੂਟ ਵੱਟ ਲੈਂਦਾ। ਸਾਥੀ ਨਾਗਮਣੀ, ਆਰਸੀ, ਦ੍ਰਿਸ਼ਟੀ, ਸਿਰਜਣਾ ਤੇ ਹਿੰਦੀ ਦੇ ਸਾਰਿਕਾ ਵਰਗੇ ਮੈਗਜ਼ੀਨਾਂ ਦੇ ਪੁਰਾਣੇ ਅੰਕ ਪੜ੍ਹਨ ਨੂੰ ਦਿੰਦਾ। ਅਸੀਂ ਦੇਸੀ-ਵਿਦੇਸ਼ੀ ਸਾਹਿਤ ਦੀਆਂ ਗੱਲਾਂ ਕਰਦੇ। ਪਿੰਡ ਦੀ ਸਰਪੰਚੀ ਤੋਂ ਗੋਰਬਾਚੇਵ ਤੱਕ ਦੀ ਰਾਜਨੀਤੀ ਨੂੰ ਰਿੜਕਿਆ ਜਾਂਦਾ। ਸਾਥੀ ਗਲੋਟੇ ਵਾਂਗ ਉਧੜਦਾ ਚਲਾ ਜਾਂਦਾ। ਨਕਸਲਬਾੜੀ ਦੌਰ ਬਾਰੇ ਕੀਤੀਆਂ ਗੱਲਾਂ ਨਾਵਲਾਂ-ਕਹਾਣੀਆਂ ਨਾਲੋਂ ਵੀ ਰੌਚਿਕ ਲੱਗਦੀਆਂ।

        ਸਾਲ 1971 ਦੇ ਗਣਤੰਤਰ ਆਲੇ ਦਿਹਾੜੇ ਮੁੰਡਿਆਂ ਨੇ ਅਜੈਬ ਸਿਹੁੰ ਕੋਕਰੀ ਦਾ ਕਤਲ ਕਰ ਦਿੱਤਾ। ਸਮਝਿਆ ਜਾਂਦਾ ਸੀ ਕਿ ਇਸੇ ਨੇ ਹੀ ਸਾਂਡਰਸ ਕਤਲ ਕੇਸ ਵਿੱਚ ਭਗਤ ਸਿੰਘ ਤੇ ਸਾਥੀਆਂ ਖ਼ਿਲਾਫ ਗਵਾਹੀ ਦਿੱਤੀ ਸੀ। ਪੁਲਸ ਦਾ ਖਾਸ ਬੰਦਾ ਹੋਣ ਕਰਕੇ ਉਸਦੇ ਕਤਲ ਨੇ ਪੁਲਸ ਸਫਾਂ ਵਿਚ ਹਲਚਲ ਜਿਹੀ ਮਚਾ ਦਿਤੀ। ਫੜੋ ਫੜੀ ਸ਼ੁਰੂ ਹੋ ਗਈ। ਪੁਲਸ ਨੇ ਫਰਵਰੀ ਦੇ ਸ਼ੁਰੂ `ਚ ਹੀ 66 ਬੰਦੇ ਧਰ ਲਏ। ਸਾਥੀ ਨੇ ਉਦੋਂ ਨਿਹੰਗਾਂ ਦੇ ਕਹਿਣ ਵਾਂਗ ਪਹਿਲੀ ਵਾਰ "ਸਹੁਰੇ" ਵੇਖੇ ਸਨ।

"ਕੀ ਨਾਂ ਉਏ ਤੇਰਾ ਮਹਿੰਗੇ ਜਿਏ ਰੰਗ ਆਲਿਆ ?" ਢਿੱਡਲ ਮੁਨਸ਼ੀ ਨੇ ਰੋਜਨਾਮਚੇ ਆਲਾ ਵਹੀ ਖਾਤਾ ਖੋਲਦਿਆਂ ਪੁੱਛਿਆ ਸੀ ।

"ਮਹਿੰਦਰ ਸਾਥੀ! "

"ਮਹਿੰਦਰ ਸਾਥੀ ? ਥੋਡੇ ਤਾਂ ਨਾਵਾਂ ਦੇ ਮੂਹਰੇ ਸਾਥੀ ਲੱਗਾ ਹੁੰਦਾ ਆਹ ਕੀ ਕਹਿੰਦੇ : ਸਾਥੀ ਰਵੇਲ ਸਿੰਹੁ, ਸਾਥੀ ਸੁਹੇਲ ਸਿਹੁੰ, ਸਾਥੀ ਫਲਾਣਾ ਸਿਹੁੰ, ਸਾਥੀ ਢਿਮਕਾ ਸਿਹੁੰ। ਤੂੰ ਆਹ "ਸਾਥੀ "ਨੂੰ ਮਗਰ ਲਾਈ ਫਿਰਦੈਂ। ਇਹ ਮਾਜਰਾ ਕੀ ਐ ?"

"ਸ਼ਾਇਰ ਐ। ਕਵਿਤਾਵਾ-ਕਵਿਤੂਵਾਂ ਝਰੀਟਦਾ। ਤੇਰੇ ਨ੍ਹੀ ਸਮਝ ਆਉਣੀਆਂ।" ਦੂਰੋਂ ਤੁਰੇ ਆਉਂਦੇ ਗਿੱਟਲ ਠਾਣੇਦਾਰ ਨੇ ਸਾਥੀ ਦੇ ਜੁਆਬ ਤੋਂ ਪਹਿਲਾਂ ਹੀ ਮੁਨਸ਼ੀ ਨੂੰ ਸਮਝਾ ਦਿੱਤਾ ਸੀ।

"ਕੀ ਲਿਖਦੈ ਹੁੰਨੈ ?"

"ਕਵਿਤਾਵਾਂ ਵੀ, ਰੁਬਾਈਆਂ ਵੀ, ਗ਼ਜ਼ਲ਼ਾਂ ਵੀ, ਗੀਤ ਵੀ !"

"ਕਿਹੋ ਜੀਐਂ ਲਿਖਦੈਂ ? ਮਤਬਲ ਫਿਲਮੀ ਕਿ ਮਰਾੜਾਂ ਆਲੇ ਮਾਨ ਅਰਗੇ ?" ਥਾਣੇਦਾਰ ਦੀ ਬੈਂਤ ਮੇਜ਼ `ਤੇ ਗੋਲ ਗੋਲ ਘੁੰਮੀ ਸੀ।

"ਐਵੇਂ ਰੁਮਾਂਟਿਕ ਜਿਏ ਸ਼ੇਅਰ ਲਿਖਦੈ ਹੁੰਨੈ। ਇਸ਼ਕ-ਮੁਸ਼ਕ ਆਲੇ।" ਦਰਅਸਲ ਸਾਥੀ ਵੱਧ ਤੋਂ ਵੱਧ ਸਮਾਂ ਗੱਲਾਂਬਾਤਾਂ ਵਿਚ ਲੰਘਾਉਣਾ ਚਾਹੁੰਦਾ ਸੀ। ਪੁਲਸੀਆਂ ਦੀ `ਆਉ ਭਗਤ` ਤੋਂ ਬਚਣ ਲਈ ਸਾਥੀ ਦੀ ਇਹ ਵੀ ਇਕ "ਸਟਰੈਟਜੀ" ਸੀ।

"ਸੁਣਾ ਫਿਰ ਕੋਈ ਚੋਂਦਾ-ਚੋਂਦਾ ਜਿਹਾ ਸ਼ੇਅਰ, ਪਤਾ ਲੱਗੇ ਤੇਰੀ ਸ਼ਾਇਆਰੀ ਦਾ।" ਥਾਣੇਦਾਰ ਨੇ 'ਸ਼ਾਇਰੀ` ਨੂੰ ਘੋਟ ਕੇ ਬੋਲਿਆ ਸੀ।

ਮੌਕਾ ਤਾੜਦਿਆਂ ਸਾਥੀ ਨੇ ਕਿਸੇ ਵਕਤ `ਕ੍ਰਿਸ਼ਨਾ` ਦੀ ਯਾਦ ਵਿਚ ਲਿਖੀ ਗ਼ਜ਼ਲ ਦੇ ਸ਼ੇਅਰ ਛੋਹ ਲਏ :-

ਤੇਰਾ ਹੁਸਨ ਖੜਾ ਇਸ ਪਾਰ

ਮੇਰਾ ਇਸ਼ਕ ਖੜਾ ਉਸ ਪਾਰ

ਕਾਤਲ ਰਸਮਾਂ ਦੀ ਝਨਾਂਅ

ਸ਼ੂਕੇ ਪਈ ਆਪਣੇ ਵਿਚਕਾਰ।

"ਸਾਲਿਆ ਰੁਮਾਂਟਿਕ ਦਿਆ, ਆਹ ਇਸ਼ਕ-ਮੁਸ਼ਕ ਆਲਾ ਸ਼ੇਅਰ ਐ ? ਆਹ ਕਾਤਲ ਕੀਹਨੂੰ ਕਿਹਾ ?"

ਸਾਥੀ ਨੇ ਭਾਰੇ-ਭਾਰੇ ਸਿਧਾਂਤਕ ਤੇ ਕਾਮਰੇਡੀ ਸ਼ਬਦ ਵਰਤ ਕੇ ਥਾਣੇਦਾਰ ਨੂੰ ਬਥੇਰਾ ਸਮਝਾਇਆ ਪਰ "ਸਾਹਬ ਬਹਾਦਰ" ਜੀਆਂ ਨੂੰ ਤਾਂ ਸਾਥੀ ਦੇ ਸਿੱਧੇ-ਪੱਧਰੇ ਸ਼ੇਅਰ ਵਿਚੋਂ ਵੀ ਕਿਸੇ ਵੱਡੀ ਬਗਾਵਤ ਦੀ ਬੂ ਆਈ ਸੀ।

"ਸਾਲਿਆ ਰਾਣੀ ਖਾਂ ਦਿਆ! ਪੰਜਾਬ ਆਲੀ ਪੁਲਸ ਨੂੰ ਤੂੰ ਪਾਗਲ ਸਮਝਦੈਂ ? ਸਾਨੂੰ ਸਾਰਾ ਪਤਾ ਤੂੰ ਕਿਹੜੇ ਟੇਸ਼ਣ ਤੋਂ ਬੋਲਦੈਂ।"

"ਨਹੀਂ ਜਨਾਬ! ਤੁਸੀਂ ਤਾਂ ਐਨੇ ਰਹਿਮ ਦਿਲ ਅਫਸਰ ਓਂ, ਥੋਨੂੰ ਭਲਾ ਕੋਈ ਕਾਤਲ ਕਿਵੇਂ ਆਖਦੂ ?"

"ਐਮੀ ਫੁੱਦੂ ਨਾ ਬਣਾ, ਸਾਨੂੰ ਕਿਤੇ ਪਤਾ ਨ੍ਹੀ ਵਈ ਕਾਤਲ ਕੌਣ ਐ ?" ਆਖਦਿਆਂ ਥਾਣੇਦਾਰ ਨੇ 'ਮਾਣ–ਤਾਣ' ਕਰਨ ਲਈ ਸਾਥੀ ਨੂੰ ਸਿਪਾਹੀਆਂ ਹਵਾਲੇ ਕਰ ਦਿੱਤਾ ਸੀ।

       ਪੁਲਸੀਏ ਵਾਰ ਵਾਰ ਉਸਤੋਂ ਬੰਤ ਰਾਜੇਆਣੀਏ ਬਾਰੇ ਪੁੱਛਦੇ ਰਹੇ। ਸਾਥੀ ਕੀ ਦੱਸਦਾ ? ਥਾਣੇਦਾਰ ਮੁਕਾਬਲਾ ਬਣਾ ਦੇਣ ਅਤੇ ਅਜੈਬ ਸਿੰਘ ਕੋਕਰੀ ਵਾਲੇ ਦੇ ਕਤਲ ਕੇਸ ਵਿਚ ਧਰ ਲੈਣ ਦੇ ਡਰਾਵੇ ਦਿੰਦਾ ਰਿਹਾ। ਸਾਥੀ ਵਾਰ ਵਾਰ ਕਹਿੰਦਾ ਰਿਹਾ ਕਿ ਉਸਨੂੰ ਇਸ ਐਕਸ਼ਨ ਬਾਰੇ ਕੁੱਝ ਪਤਾ ਨਹੀਂ। ਸਾਥੀ ਆਖਦਾ ਵੀ ਠੀਕ ਸੀ ਕਿਉਂ ਕੇ ਬਹੁਤੇ ਕਾਡਰ ਨੂੰ ਕਿਸੇ ਐਕਸ਼ਨ ਬਾਰੇ ਤਾਂ ਕੀ ਨਾਲਦੇ ਸਾਥੀਆਂ ਦੇ ਅਸਲੀ ਨਾਵਾਂ ਬਾਰੇ ਵੀ ਪਤਾ ਨਹੀਂ ਸੀ ਹੁੰਦਾ।

        ਮਹਿੰਦਰ ਸਾਥੀ ਦੇ ਫੜੇ ਸਾਰੇ ਸਾਥੀ ਹਵਾਲਾਤ ਦੇ ਠੰਡੇ ਫਰਸ਼ `ਤੇ ਹੀ ਰਾਤ ਕੱਟਦੇ। ਇੱਕ ਦਿਨ ਅੱਕੇ ਥਾਣੇਦਾਰ ਨੇ ਕੁੱਝ ਜ਼ਿਆਦਾ ਹੀ ਕੇੜਾ ਚਾੜ ਦਿੱਤਾ। ਉਸ ਦਿਨ ਸ਼ਾਇਦ ਉਪਰੋਂ ਕੁੱਝ ਜਿਆਦਾ ਹੀ ਲਾਹ-ਪਾਹ ਹੋਈ ਹੋਵੇ। ਅਖਬਾਰਾਂ ਵਿਚ ਕੋਕਰੀ ਕਤਲ ਕਾਂਡ ਛਾਇਆ ਪਿਆ ਸੀ। ਅਜੈਬ `ਤੇ ਹਮਲਾ ਕਰਨ ਵਾਲੇ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਸਨ ਆਏ ਜਿਸ ਕਰਕੇ ਉੱਚ ਅਫਸਰਾਂ ਦੀ ਕਿਰਕਿਰੀ ਹੋਈ ਪਈ ਸੀ। ਬੇਇਜ਼ਤੀ ਦੀ ਰੇਲ ਨੇ ਉਪਰੋਂ ਚੱਲਕੇ ਥਾਣੇਦਾਰ ਤੇ ਆਖੀਰ ਮੁਨਸ਼ੀ ਕੋਲ ਆਕੇ ਬਰੇਕ ਮਾਰੀ ਸੀ। ਉਸ ਰਾਤ ਥਾਣੇਦਾਰ ਦੇ ਹੁਕਮ `ਤੇ ਫੜੇ ਗਏ ਸਾਰੇ ਬੰਦਿਆਂ ਦੇ ਲੀੜੇ ਲੁਹਾ ਦਿੱਤੇ ਗਏ। ਤੇੜ ਕੇਵਲ ਡੋਕਲ ਜਿਹੇ ਕੱਛੇ ਹੀ ਰਹਿ ਗਏ। ਪੋਹ ਦੇ ਅਖੀਰਲੇ ਪੱਖ ਦੀ ਹੱਡ ਚੀਰਵੀਂ ਠੰਡ ਸਾਥੀ ਵਰਗਿਆਂ ਦੇ 'ਗਰੀਬੜੇ` ਹੱਡਾਂ ਵਿਚ ਮਧਾਣੀ ਚੀਰਾ ਪਾਈ ਤੁਰੀ ਜਾਂਦੀ ਸੀ। ਥਾਣੇਦਾਰ ਹਵਾਲਾਤ ਦੀ ਬਿਲਕੁਲ ਸਾਹਮਣੀ ਬੈਰਕ ਵਿਚ ਮੋਟੇ-ਮੋਟੇ ਲੋਗੜ ਵਾਲੀਆਂ ਦੋ ਰਜਾਈਆਂ ਜੋੜੀ ਪਿਆ ਸੀ। ਕੰਨਾਂ ਦਾ ਬੜਾ ਪਤਲਾ ਹੋਣ ਕਰਕੇ ਮਾੜੀ ਜਿਹੀ ਬਿੜਕ `ਤੇ ਹੀ ਕੰਨ ਚੁੱਕ ਲੈਂਦਾ ਸੀ।

"ਜੇ ਕੱਪੜਾ ਉੱਤੇ ਲਿਆ ਤਾਂ ਵੇਖਿਓ !" ਤੇ ਥਾਣੇਦਾਰ ਨੇ ਨਾਲ ਦੀ ਨਾਲ ਰਾਤ ਦੀ ਡਿਊਟੀ ਵਾਲੇ ਹੋਮਗਾਰਡੀਏ ਨੂੰ ਹੋਕਰਾ ਮਾਰ ਦਿੱਤਾ ਸੀ,

"ਉਏ ਪਾਨਿਆ ! ਕੰਜਰ ਦਿਆ ਕੰਜਰਾ -- ਖਿਆਲ ਰੱਖੀਂ, ਕੋਈ ਲੀੜਾ ਕੱਪੜਾ ਜਾਂ ਟਾਟ ਬੋਰੀ ਨਾ ਲੈਣ ਉੱਤੇ।"

"ਜੀ ਜਨਾਬ !" ਆਖਦਿਆਂ ਸੰਤਰੀ ਡੰਡਾ ਖੜਕਾਉਂਦਾ ਸੀਖਾਂ ਕੋਲ ਆ "ਸਿੱਧੇ ਹੋਜੋ ਸਿੱਧੇ " ਦਾ ਹੁਕਮ ਚਲਾਉਣ ਲੱਗ ਪਿਆ ਸੀ।

        ਵਕਤ ਦੀਆਂ ਮਾਰਾਂ ਦਾ ਝੰਬਿਆਂ ਸਾਥੀ ਦਾ ਪਤਲ ਚੰਮਾ ਸਰੀਰ ਠੰਡ ਨਾਲ ਆਕੜਿਆ ਜਾਂਦਾ ਸੀ। ਇਸ ਮੌਕੇ `ਤੇ ਸੇਖੇ ਵਾਲਾ ਦਸ ਨੰਬਰੀਆ ਮਲਕੀਤ ਸਿੰਘ ਰੱਬ ਬਣਕੇ ਬਹੁੜਿਆ ਸੀ। ਉਸਦੇ ਸਿਰ `ਤੇ ਇਰਾਦਾ ਕਤਲ ਅਤੇ ਕਤਲ ਵਰਗੇ ਕਈ ਖਤਰਨਾਕ ਕੇਸ ਸਨ। ਜਦੋਂ ਹੀ ਬੈਰਕ ਵਿਚੋਂ ਥਾਣੇਦਾਰ ਦੇ ਘੁਰਾੜਿਆਂ ਦੀ ਚੱਕੀ ਚੱਲਣ ਲੱਗੀ, ਮਲਕੀਤ ਨੇ ਆਪਣੇ ਆਲਾ ਭਾਰਾ ਕੰਬਲ ਠੁਰ-ਠੁਰ ਕਰਦੇ ਸਾਥੀ `ਤੇ ਇਹ ਕਹਿੰਦਿਆਂ ਪਾ ਦਿੱਤਾ, "ਸਾਡੇ ਵਰਗੇ ਲੜੇ ਲੰਡੇ ਬਦਮਾਸ਼ਾਂ ਦਾ ਕੀ ਐ ? ਥੋੜੀਆਂ ਜਾਨਾਂ ਬਾਹਲੀਆਂ ਕੀਮਤੀ ਐ। "

        ਸੱਚਮੁਚ ਜੇਕਰ ਉਸ ਰਾਤ ਸੇਖੇ ਵਾਲੇ ਮਲਕੀਤ ਵਰਗਾ ਬਦਮਾਸ਼ ਕੁਰਬਾਨੀ ਨਾ ਕਰਦਾ ਤਾਂ ਪੰਜਾਬੀ ਸਾਹਿਤ ਖਾਸ ਕਰ ਇਨਕਲਾਬੀ ਸਾਹਿਤ ਨੂੰ ਬੜਾ ਵੱਡਾ ਘਾਟਾ ਪੈ ਜਾਂਦਾ। " ਮਿਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਚੱਕਣਾ ਜਦੋਂ ਤੱਕ ਰਾਤ ਬਾਕੀ ਹੈ" ਵਰਗੀ ਸ਼ਾਹਕਾਰ ਰਚਨਾ ਨਮੂੰਨੀਏ ਦੀ ਭੇਟ ਚੜ ਜਾਣੀ ਸੀ। ਸਾਥੀ ਜਿੰਦਾ ਰਿਹਾ, ਸਾਥੀ ਨੇ ਜਿੰਦਾ ਹੀ ਰਹਿਣਾ ਸੀ ਕਿਉਂਕੇ ਅੱਗੇ ਚੱਲਕੇ ਉਸਨੇ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਵਾਲੇ ਸ਼ੇਅਰਾਂ ਦੀ ਸਿਰਜਣਾ ਕਰਨੀ ਸੀ।

"ਸਾਥੀ ਸਾਬ ਪੁਲਸ ਨੇ ਕੁੱਟਿਆ ਤਾਂ ਹੋਊ, ਕਿ ਨਹੀਂ ? "

ਸਾਡੀ ਪੁੱਛ `ਤੇ ਸਾਥੀ ਫੁੱਲਝੜੀ ਵਾਂਗ ਖਿੜ ਖਿੜਾਇਆ ਸੀ,

"ਕੁੱਟਣਾ ਤਾਂ ਸੀਗਾ ਈ, ਹੋਰ ਉਥੇ ਮੈਂ ਭੂਆ ਕੋਲੇ ਗਿਆ ਸੀ।"

      ਇੱਕ ਦਿਨ ਥਾਣੇਦਾਰ ਸਾਥੀ ਹੋਰਾਂ `ਤੇ ਦੰਦੀਆਂ ਕਰੀਚਣ ਲੱਗਾ, "ਆਹ ਜਿਹੜਾ ਤੁਸੀਂ ਕੰਧਾਂ ਲਾਲ ਕੀਤੀਆਂ ਪਈਆਂ ਨਾਅਰੇ ਲਿਖ-ਲਿਖਕੇ ਅਖੇ ਇਨਕਲਾਬ ਬੰਦੂਕ ਦੀ ਨਾਲੀ `ਚੋਂ ਨਿਕਲਦਾ ਐ, ਪੁੱਤ ਮੇਰਿਓ ਇਨਕਲਾਬ ਦਾ ਤਾਂ ਪਤਾ ਨਹੀਂ ਕਿਥੋਂ ਨਿਕਲੂ-ਕਦੋਂ ਨਿਕਲੂ -ਕਿਵੇਂ ਨਿਕਲੂ। ਖੌਰੇ ਨਿਕਲੂ ਵੀ ਕਿ ਵਿੱਚੇ ਰਹਿਜੂ ਪਰ ਮੈਂ ਥੋਡੇ ਢਿੱਡਾਂ `ਚੋਂ `ਮਾਓ ਜਰੂਰ ਕੱਢੂੰ।"

      ਹਿਰਾਸਤ ਦੇ ਉਹਨੀਂ ਦਿਨੀ ਥਾਣੇਦਾਰ ਤੇ ਉਸਦੀ ਪੁਲਸ ਸਾਥੀ ਵਰਗਿਆਂ ਦੇ ਢਿੱਡ ਵਿੱਚੋˆ "ਮਾਓ" ਕੱਢਣ ਲਈ ਚਾਰਾ ਮਾਰਦੀ ਰਹੀ "ਸ਼ੈਅਰਾ ! ਲੈ ਅੱਜ ਤੋਂ ਬਾਅਦ ਤੈਨੂੰ ਨੀ ਹੱਥ ਲਾਉਂਦੇ, ਪਰ ਇੱਕ ਗੱਲ ਸਮਝਾਦੇ, ਆਹ ਸਾਲਾ ਐਨਕਲਾਬ-ਉਨਕਲਾਬ ਹੈ ਕਿਹੜੀ ਸ਼ੈਅ ਦਾ ਨਾਂ ? " ਇੱਕ ਦਿਨ ਹੌਲਦਾਰ ਨੇ ਆਪਣੇ ਗਿਆਨ ਵਿਚ ਵਾਧਾ ਕਰਨ ਲਈ ਸਾਥੀ ਨੂੰ ਪੁੱਛਿਆ ਸੀ।

      "ਜਦੋਂ ਪਰੋਲੋਤਾਰੀ ਜਮਾਤ ਇੱਕਮੁਠ ਹੋਕੇ ਬੁਰਜ਼ਆਜ਼ੀ ਦੇ ਖਿਲਾਫ਼ ਵਿਦਰੋਹ ਕਰ ਉੱਠਦੀ ਐ, ਉਦੋਂ ਇੱਕ ਵਾਰ ਤਾਂ ਆਰਾਜਕਤਾ ਦਾ ਮਾਹੌਲ ਬਣ ਜਾਂਦਾ। ਸਟੇਟ ਪਰੋਲੋਤਾਰੀਆਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਤਰਾਂ ਦਾ ਤਾਰੀਕਾ ਅਪਨਾਉਂਦੀ ਹੈ। ਸਟੇਟ ਇੱਕ ਤਰ੍ਹਾਂ---।"

"ਬੱਸ ----ਬਾ---ਸ। ਹੁਣ ਭਾਸ਼ਣ ਨਾ ਕਰਨ ਲੱਗਜੀਂ। ਇਹ ਪੁਲਸ ਥਾਣਾ ਐ, ਬਿਜਲੀ ਬੋਰਡ ਜਾਂ ਰੋਡਵੇ ਆਲੇ ਮੁਲਾਜ਼ਮਾਂ ਦਾ ਜਲਸਾ ਨੀ। ਤੈਨੂੰ ਤਾਂ ਐਨਾ ਪੁੱਛਿਆ ਵਈ ਇਹ ਭੈਣਨਾ -- ਐਨਕਲਾਬ ਹੈ ਕੀ ਚੀਜ਼ ਜੀਹਨੇ ਸਾਲੀ ਸਾਰੀ ਪੁਲਸ ਨੂੰ ਟਿੰਡੀ ਆਲੇ ਬੀਅ `ਤੇ ਚੜਾਇਆ ਪਿਆ।" ਹੌਲਦਾਰ ਨੇ ਸਾਥੀ ਦੀ ਗੱਲ ਵਿਚਾਲਿਓਂ ਹੀ ਟੋਕ ਦਿੱਤੀ ਸੀ।

      "ਜਨਾਬ ਉਹੀ ਤਾਂ ਦੱਸੀ ਜਾਨੈ। ਹੁਣ ਸਟੇਟ ਦਾ ਖਾਸਾ ਈ ਹੁੰਦਾ ਹਰ ਲਹਿਰ ਨੂੰ ਡੰਡੇ ਦੇ ਜੋਰ `ਤੇ ਦਬਾਉਣਾ। ਸਟੇਟ ਆਪਣਾ ਦਮਨ ਚੱਕਰ ਚਲਾਉਂਦੀ ਐ ਪਰ ਮਿਹਨਤਕਸ਼ ਜਮਾਤ ਦੀ ਏਕਤਾ ਅੱਗੇ ਪੂੰਜੀਵਾਦ ਦੀ ਪਾਲਕ ਸਟੇਟ ਨੂੰ ਗੋਡੇ ਟੇਕਣੇ ਪੈਂਦੇ ਨੇ। ਬੁਰਜ਼ਆਜੀ ਦਾ ਅਜਿੱਤ ਜਾਪਦਾ ਕਿਲਾ ਢਹਿ ਢੇਰੀ ਹੋ ਜਾਂਦਾ ਹੈ। ਕਿਰਤੀਆਂ ਦੀ ਜਿੱਤ ਹੁੰਦੀ ਹੈ। ਲੁੱਟ ਆਧਾਰਿਤ ਨਿਜ਼ਾਮ ਦਾ ਖਾਤਮਾ ਹੋ ਜਾਂਦਾ ਹੈ । ਕਿਰਤੀਆਂ ਦੀ ਤਾਨਾਸ਼ਾਹੀ ਸਥਾਪਿਤ ਹੋ ਜਾਂਦੀ ਹੈ । ਕਿਰਤੀ ਜਮਾਤ ਆਪਣੀ ਤਕਦੀਰ ਆਪ ਘੜਦੀ ਐ।"

"ਤੇਰੀ ਹਾਅ ਸੰਸਕ੍ਰਿਤ ਜਿਈ ਮੇਰੇ ਤਾਂ ਪੱਲੇ ਨ੍ਹੀ ਪਈ। ਜੇ ਸਾਲਾ ਐਨਾ ਦਮਾਗ ਹੁੰਦਾ ਤਾਂ ਕਿਸੇ ਯੂਨੀਬਰੱਸਟੀ ਵਿਚ ਪਰੂਫੈਅਸਰ ਲੱਗੇ ਹੁੰਦੇ, ਆਹ ਕਸਾਈਆਂ ਆਲੇ ਕਿੱਤੇ ਅੱਲੀਂ ਨ੍ਹੀ ਸੀ ਆਉਂਦੇ। ਪੰਜਾਬ ਆਲੀ ਪੁਲਸ ਨੂੰ ਤਾਂ ਪੰਜਾਬੀ `ਚ ਸਮਝਾ। ਜਮਾਂ ਠੇਠ ਪੇਂਡੂ ਭਾਸ਼ਾ `ਚ ।"

"ਜਦੋਂ ਹੇਠਲੀ ਉੱਤੇ ਆਜੇ, ਉਹਨੂੰ ਕਹਿੰਦੇ ਆ ਇਨਕਲਾਬ।"

"ਹਾਂਅ ! ਆਹ ਹੋਈ ਨਾ ਗੱਲ ; ਐਵੇਂ ਡੂਢ ਘੰਟੇ ਤੋਂ ਛੱਡੀ ਜਾਨੈ ਉੱਘ ਦੀਆਂ ਪਤਾਲ।" ਸਾਥੀ ਨੇ ਹੌਲਦਾਰ ਦੇ ਸਮਝ ਆ ਜਾਣ `ਤੇ ਸੰਤੁਸ਼ਟੀ ਦਾ ਲੰਮਾ ਸਾਹ ਲਿਆ ਸੀ।

"ਮੈਂ ਵੀ ਲਿਖ ਲੈਨਾ ਹੁੰਨਾ ਸ਼ੇਅਰ -ਸ਼ੂਅਰ ਜਿਏ। ਸੁਣਾਊਂ ਤੈਨੂੰ ਕਿਸੇ ਦਿਨ।" ਹੌਲਦਾਰ ਨੇ ਆਵਦੇ ਕਵੀ ਹੋਣ ਦਾ ਖੁਲਾਸਾ ਕਰ ਦਿੱਤਾ ਸੀ ।

"ਕਿਸੇ ਦਿਨ ਕਿਉਂ------ਅੱਜ ਈ ਸੁਣਾ। ਫੇਰ ਕੀਹਨੇ ਵੇਖਿਆ ? ਚੱਕ ਦੇ ਫੱਟੇ। ਲਾ ਲੈਨੇ ਆਂ ਐਥੇ ਈ ਕਵੀ ਦਰਬਾਰ।"

ਫਿਰ ਕਈ ਦਿਨ ਕਵੀ ਦਰਬਾਰ ਲੱਗਦਾ ਰਿਹਾ। ਹੌਲਦਾਰ ਦੀਆਂ ਕਵਿਤਾਵਾਂ ਨੇ ਸਾਥੀ ਨੂੰ ਕੁੱਟ ਤੋਂ ਬਚਾਈ ਰੱਖਿਆ ਸੀ। ਫੇਰ ਤਾਂ ਚੱਲ ਸੋ ਚੱਲ। ਹੁੰਗਾਰਾ ਭਰਨ ਲਈ ਵਿਚ-ਵਿਚ ਸਾਥੀ ਆਪਣਾ ਕੋਈ ਸ਼ੇਅਰ ਵੀ ਸੁਣਾ ਦਿੰਦਾ ਸੀ,

ਜੀ ਚਾਹੁੰਦਾ ਹੈ ਬਦਲ ਦੇਵਾਂ ਏਸ ਸਮਾਜ ਨੂੰ।

ਤੇਰੇ ਸਾਥ ਦੀ ਲੋੜ ਹੈ ਮੇਰੇ ਜ਼ਹਾਦ ਨੂੰ।

     ਵਾਹ ! ਵਾਹ !! ਆਖਦਿਆਂ ਹੌਲਦਾਰ ਆਪਣੇ ਇਸ਼ਕੀਆਂ ਕਿਸਮ ਦੇ ਥਰਡ ਕਲਾਸ ਸ਼ੇਅਰ ਸੁਣਾ ਦਿੰਦਾ। ਉਸਦਾ ਤਾਂ ਜਿਵੇਂ ਕੜ ਹੀ ਪਾਟ ਗਿਆ ਸੀ। ਛੇਤੀ ਹੀ ਸਾਥੀ ਨੂੰ ਮਹਿਸੂਸ ਹੋ ਗਿਆ ਕਿ ਹੌਲਦਾਰ ਦੇ ਸ਼ੇਅਰ ਸੁਨਣ ਨਾਲੋਂ ਕੁੱਟ ਖਾਣੀ ਕਿਤੇ ਸੌਖੀ ਤੇ ਬੇਹਤਰ ਹੈ।

      "ਮਾਰਚ ਮਹੀਨੇ ਬੰਤ ਰਾਜੀਆਣੀਏ ਦੇ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦੀਆਂ ਖਬਰਾਂ ਆ ਗਈਆਂ। ਬਾਅਦ `ਚ ਪਤਾ ਲੱਗਾ ਕਿ ਉਹ ਫਿਰੋਜਪੁਰ ਆਈ ਟੀ ਆਈ `ਚੋਂ ਫੜਿਆ ਗਿਆ ਸੀ। ਹਰਸ਼ਰਨ ਧੀਦੋ ਉਥੇ ਆਈ ਟੀ ਆਈ ਕਰਦਾ ਸੀ, ਬੰਤ ਉਸੇ ਕੋਲ ਹੀ ਰਹਿ ਰਿਹਾ ਸੀ। ਬੰਤ ਵਾਲੀਵਾਲ ਦਾ ਬਹੁਤ ਚੰਗਾ ਖਿਡਾਰੀ ਸੀ। ਕੱਦ ਆਮ ਨਾਲੋਂ ਕਿਤੇ ਜ਼ਿਆਦਾ। ਰੂਪੋਸ਼ ਰਹਿਣਾ ਬੜਾ ਔਖਾ ਐਹੋ ਜਿਹੇ ਬੰਦੇ ਦਾ। ਬੰਤ ਆਪਣੇ ਅੰਦਰੋਂ ਖੇਡਣ ਵਾਲੀ ਭੁੱਖ ਨਾ ਮਾਰ ਸਕਿਆ ਤੇ ਇਕ ਦਿਨ ਵਾਲੀਵਾਲ ਖੇਡਦਿਆਂ ਹੀ ਫੜਿਆ ਗਿਆ। ਬੰਤ ਦੇ ਸ਼ਹੀਦ ਹੋ ਜਾਣ ਬਾਅਦ ਸਾਡੇ `ਤੇ ਪੁਲਸੀਆ ਜ਼ਬਰ ਬੰਦ ਹੋ ਗਿਆ।" ਮਹਿੰਦਰ ਸਾਥੀ ਬੀਤੇ ਦੀਆਂ ਤੰਦਾਂ ਫੜਨ ਲੱਗਾ ਦੂਰ ਨਿਕਲ ਗਿਆ ਸੀ।

     "ਗੁਰਮੀਤ ਕੇਰਾਂ ਅਸੀਂ ਇਕ ਘਰ ਠਹਿਰੇ ਹੋਏ ਸਾਂ, ਨਾਲਦੇ ਘਰ ਮਿਸਤਰੀ-ਮਜ਼ਦੂਰ ਲੱਗੇ ਹੋਏ ਸਨ। ਉਹ ਆਪਸ ਵਿਚ ਲਹਿਰ ਬਾਰੇ ਗੱਲਾਂ ਕਰ ਰਹੇ ਸਨ। ਕਹਿੰਦੇ , ਮੁੰਡਿਆਂ ਨੇ ਆਪਣੀਆਂ ਜਵਾਨੀਆਂ ਲਾਤੀਆਂ। ਮਾੜਾ ਕੰਮ ਨੀ ਕੀਤਾ ਪਰ ਹਜੇ ਤਿਆਰੀ ਨ੍ਹੀ ਸੀ ਕੀਤੀ। ਕਾਹਲੀ ਕਰਗੇ। ਹਜੇ ਠਹਿਰ ਜਾਂਦੇ ਤਾਂ ਚੰਗਾ ਸੀ। ਐਹੋ ਜਿਹੀਆਂ ਗੱਲਾਂ ਕਰਦੇ ਸੀ ਅਨਪੜ੍ਹ ਲੋਕ, ਬਿਲਕੁਲ ਆਮ ਲੋਕ। ਬਿਨਾਂ ਲੋਕਾਂ ਨੂੰ ਜਥੇਬੰਦ ਕੀਤਿਆਂ, ਬਿਨਾਂ ਕਿਸੇ ਤਿਆਰੀ ਦੇ ਐਡੀ ਵੱਡੀ ਸਟੇਟ ਨਾਲ ਜੰਗ ਵਿੱਢ ਲੈਣੀ ਕਿਵੇਂ ਵੀ ਵਾਜ਼ਬ ਨਹੀਂ ਸੀ। ਹੀਰਿਆਂ ਵਰਗੇ ਕਿੰਨੇ ਹੀ ਟੇਲੈਂਟਡ ਮੁੰਡੇ ਮਰਵਾਲੇ, ਐਵੇਂ ਭੰਗ ਦੇ ਭਾੜੇ।"

      ਫਿਰ ਸਾਥੀ ਲਹਿਰ ਦੇ ਅਸਫਲ ਹੋਣ ਦੇ ਕਾਰਨ ਗਿਣਾਉਣ ਲੱਗਦਾ। ਦੱਸਦਾ ਕਿ ਕਿਵੇਂ ਗੈਰ-ਸਿਧਾਂਤਕ ਤੇ ਲੁਟੇਰੇ ਕਿਸਮ ਦੇ ਫੁੱਕਰੇ ਬੰਦੇ ਲਹਿਰ ਵਿਚ ਘੁਸਪੈਂਠ ਕਰ ਗਏ ਸਨ ।

      "ਮੋਗੇ ਬਾਗ ਗਲੀ ਵਿਚ ਹਵੇਲੇ ਨਾਂ ਦੇ ਹਲਵਾਈ ਦੀ ਦੁਕਾਨ ਹੁੰਦੀ ਸੀ। ਵਾਹਵਾ ਮਸ਼ਹੂਰ ਸੀ ਉਦੋਂ। ਨਿਹੰਗਾਂ ਦਾ ਇਕ ਆਗੂ ਸੰਤਾ ਸਿੰਘ ਇਹਦਾ ਭਰਾ ਸੀ। ਹਵੇਲਾ ਸਿੰਘ ਦਾ ਮਕਾਨ ਸ਼ੇਖਾਂ ਵਾਲੇ ਚੌਂਕ ਵਿਚ ਸੀ। ਹਵੇਲਾ ਵਿਆਹ-ਸ਼ਾਦੀਆਂ `ਤੇ ਹਲਵਾਈ ਦਾ ਕੰਮ ਕਰਦਾ ਸੀ। ਉਸਦੇ ਸ਼ੇਖਾਂ ਆਲੇ ਚੌਂਕ ਵਿਚਲੇ ਚੁਬਾਰੇ `ਚ ਅੰਡਰ ਗਰਾਊਂਡ ਕਾਮਰੇਡ ਇਕੱਠੇ ਹੁੰਦੇ ਸਨ। ਹਵੇਲੇ ਦਾ ਇਕ ਭਰਾ ਰਾਮ ਸਿੰਘ ਬੀ ਏ ਬੀ ਐਡ ਸੀ। ਭਰਾ ਦੀ ਬਦੌਲਤ ਰਾਮ ਸਿੰਘ ਵੀ ਕਾਮਰੇਡਾਂ ਕੋਲ ਬਹਿਣ ਉਠਣ ਲੱਗ ਗਿਆ। ਇਕ ਦਿਨ ਕਿਸੇ ਵਿਆਹ `ਚ ਨਾਲ ਦੇ ਹਲਵਾਈਆਂ ਨੇ ਝਗੜਾ ਹੋਣ `ਤੇ ਹਵੇਲੇ ਨੂੰ ਖੁਰਚਣਿਆਂ ਨਾਲ ਫੈਂਟ ਦਿੱਤਾ। ਬਾਅਦ `ਚ ਉਹਦੀ ਮੌਤ ਹੋਗੀ। ਰਾਮ ਸਿੰਘ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਕਿਧਰੋਂ ਹਥਿਆਰ ਲੈ ਆਇਆ। ਦਿਲੋਂ ਉਹ ਲਹਿਰ ਦੇ ਨਾਲ ਨ੍ਹੀ ਸੀ। ਇਨਕਲਾਬੀ ਵਿਚਾਰਧਾਰਾ ਨਾਲ ਵੀ ਉਹਦਾ ਕੋਈ ਲਾਗਾ-ਦੇਗਾ ਹੈਨੀ ਸੀ। ਬੱਸ ਐਵੇਂ ਫੁਕਰਾਪੰਥੀ `ਚ ਈ ਹਥਿਆਰ ਚੱਕੀ ਫਿਰਦਾ ਸੀ। ਲੁੰਪਨ ਕਲਾਸ ਦੇ ਐਹੋ ਜਿਹੇ ਬੰਦਿਆਂ ਨੂੰ ਪਾਰਟੀ `ਚ ਲੈਣਾ ਸਰਾਸਰ ਹੀ ਗਲ਼ਤੀ ਸੀ। ਇਹ ਘਾਤਕ ਸਾਬਤ ਹੋਏ। ਇਹਨਾਂ ਫੂਹੜ ਤੇ ਲੁਟੇਰੇ ਕਿਸਮ ਦੇ ਬੰਦਿਆਂ ਦੀਆਂ ਕਾਰਵਾਈਆਂ ਕਰਕੇ ਸਰਕਾਰ ਨਕਸਲੀਆਂ ਨੂੰ ਬਦਨਾਮ ਕਰਨ ਤੇ ਲੋਕਾਂ ਨਾਲੋਂ ਨਿਖੇੜਨ ਵਿਚ ਕਾਮਯਾਬ ਹੋਈ।"

       ਫਿਰ ਸਾਥੀ ਵਿਛੜ ਗਏ ਆਪਣੇ ਸਾਥੀਆਂ ਨੂੰ ਯਾਦ ਕਰਨ ਲੱਗਦਾ ਹੈ, " ਕੜਿਆਲਵੀ , ਰਾਜੇਆਣੀਏ ਬੰਤ, ਘੋਲੀਏ ਵਾਲੇ ਗੁਰਦੀਪ , ਮਾਣੂਕਿਆਂ ਆਲੇ ਚਰਨ ਵਰਗੇ ਕਿੰਨੇ ਹੀ ਮੁੰਡੇ ਅੱਜ ਵੀ ਮੇਰੀਆਂ ਅੱਖਾਂ ਅੱਗੇ ਤੁਰੇ ਫਿਰਦੇ ਹਨ । ਉਵੇਂ-ਜਿਵੇਂ। ਉਡੂੰ-ਉਡੂੰ ਕਰਦੇ । ਜਾਨ ਤਲੀ `ਤੇ ਰੱਖੀ ਫਿਰਦੇ । ਮੌਤੋਂ ਬੇਪਰਵਾਹ । ਤਖ਼ਤਾ ਪਲਟ ਦੇਣ ਦੀਆਂ ਗੱਲਾਂ ਕਰਦੇ। ਗੁਰਦੀਪ ਘੋਲੀਆ ਬੜਾ ਹੋਣਹਾਰ ਮੁੰਡਾ ਸੀ । ਕਿਤਾਬਾਂ ਬਹੁਤ ਪੜ੍ਹਦਾ ਸੀ । "ਪਾਲੀ ਪਾਣੀ ਖੂਹ ਤੋਂ ਭਰੇ " ਵਰਗੇ ਪਿਆਰੇ ਗੀਤ ਲਿਖੇ ਉਸਨੇ । ਥਾਣੇ ਵਿਚ ਬੜਾ ਟਾਰਚਰ ਕੀਤਾ ਸੀ ਉਸਨੂੰ, ਜਿਸ ਕਰਕੇ ਦਿਮਾਗੀ ਤੌਰ 'ਤੇ ਬੜਾ ਅੱਪਸੈਟ ਹੋ ਗਿਆ ਸੀ । ਪੁਲਸ ਉਸਨੂੰ ਵਾਰ- ਵਾਰ ਪ੍ਰੇਸ਼ਾਨ ਤੇ ਜ਼ਲੀਲ ਕਰਦੀ ਸੀ । ਉਹ ਤੰਗ ਆ ਗਿਆ । ਇਕ ਵਾਰ ਪੁਲਸ ਉਸਨੂੰ ਫੜਨ ਗਈ , ਗੁਰਦੀਪ ਉਦੋˆ ਆਪਣੇ ਖੇਤ ਵਿਚ ਕੰਮ ਕਰ ਰਿਹਾ ਸੀ । ਉਸਨੂੰ ਪਤਾ ਲੱਗਾ ਤਾਂ ਪੁਲਸ ਦੇ ਹੱਥ ਆਉਣ ਤੋਂ ਪਹਿਲਾਂ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ਬੜਾ ਵਧੀਆ ਮਨੁੱਖ ਚਲਾ ਗਿਆ । ਜਿਉਂਦਾ ਰਹਿੰਦਾ , ਬੜੇ ਉੱਚ ਪਾਏ ਦੇ ਗੀਤ ਮਾਂ-ਬੋਲੀ ਨੂੰ ਦੇਣੇ ਸਨ ।"

ਸਾਥੀ ਐਨਕ ਲਾਹ ਕੇ ਅੱਖਾਂ ਦੇ ਕੋਇਆਂ ਵਿਚ ਉਤਰ ਆਇਆ ਪਾਣੀ ਸਾਫ ਕਰਦਾ ਹੈ ।

     "ਗੁਰਦੀਪ ਮੇਰੇ ਕੋਲ ਅਕਸਰ ਹੀ ਫੈਕਟਰੀ ਆਉਂਦਾ । ਅਸੀˆ ਲੰਮੀਆਂ-ਲੰਮੀਆਂ ਗੱਲਾਂ ਕਰਦੇ । ਠਾਣਾ ਵੀ ਆ ਜਾਂਦਾ । ਉਹ ਅੰਗਰੇਜ਼ੀ ਦੀ ਐਮ ਏ ਸੀ ।ਉਸਦਾ ਗਿਆਨ ਬਹੁਤ ਵਸੀਹ ਸੀ, ਇਕ ਤਰ੍ਹਾਂ ਮੇਰਾ ਸਿਧਾਂਤਕ ਗੁਰੂ ਹੀ ਸਮਝ ਲੈ । ਅਸੀˆ ਸਾਰੇ ਉਸਨੂੰ ਬਲਵੀਰ ਹੀ ਆਖਦੇ ਸਾਂ । ਉਹ ਦੋਵੇˆ ਸਾਹਿਤਕ ਬੰਦੇ ਹੋਣ ਕਾਰਨ ਮੇਰੀ ਉਹਨਾਂ ਨਾਲ ਨੇੜਤਾ ਹੋ ਗਈ", ਉਸ ਦੌਰ ਦੀਆਂ ਬਹੁਤ ਸਾਰੀਆਂ ਗੱਲਾਂ ਪੰਜ ਦਹਾਕੇ ਲੰਘ ਜਾਣ `ਤੇ ਵੀ ਸਾਥੀ ਦੇ ਦਿਲ ਦੀ ਸਲੇਟ ਉਪਰ ਉਕਰੀਆਂ ਪਈਆਂ ਹਨ ।

      "ਗੁਰਮੀਤ ! ਭਲੇ ਹੀ ਲਹਿਰ ਕਾਮਯਾਬ ਨਹੀˆ ਹੋਈ ਪਰ ਇਸਨੇ ਬਹੁਤ ਸਾਰੇ ਬੁਧੀਜੀਵੀ ਪੈਦਾ ਕੀਤੇ। ਸੰਤ ਰਾਮ ਉਦਾਸੀ, ਅਵਤਾਰ ਪਾਸ਼, ਦਰਸ਼ਨ ਖਟਕੜ, ਲਾਲ ਸਿੰਘ ਦਿਲ, ਕਰਨੈਲ ਸਿੰਘ ਬਾਗੀ , ਸਾਡਾ ਵੱਡਾ ਕਹਾਣੀਕਾਰ ਵਰਿਆਮ ਸੰਧੂ …. ਗੱਲ ਕੀ ਲੇਖਕਾਂ ਦੀ ਤਾਂ ਇਕ ਪੀੜੀ ਹੀ ਪੈਦਾ ਕਰ ਦਿੱਤੀ। ਡਾ: ਜਗਤਾਰ ਤੇ ਸੁਰਜੀਤ ਪਾਤਰ ਨੇ ਵੀ ਲਹਿਰ ਦੇ ਪ੍ਰਭਾਵ ਵਿਚ ਆਕੇ ਲਿਖਿਆ। ਬੜਾ ਸਾਹਿਤ ਲਿਖਿਆ ਗਿਆ। ਬਹੁਤ ਸਾਰੇ ਸਾਹਿਤਕ ਰਿਸਾਲੇ ਨਿਕਲੇ । ਪਰ ਸਾਰੇ ਕੁੱਝ ਦੇ ਬਾਵਜੂਦ ਲੋਕਾਂ ਨੂੰ ਸਿਧਾਂਤ ਨਾਲ ਨਹੀਂ ਜੋੜ ਸਕੇ । ਦਰਅਸਲ ਗੋਲੀ ਚਲਾਉਣੀ ਕੋਈ ਔਖਾ ਕੰਮ ਨੀ, ਔਖਾ ਐ ਲੋਕਾਂ ਨੂੰ ਸਿਧਾਂਤਕ ਗਿਆਨ ਨਾਲ ਲੈਸ ਕਰਨਾ। ਲਹਿਰ ਵਿਚ ਮਿਡਲ ਕਲਾਸ ਦੇ ਮੁੰਡੇ ਜ਼ਿਆਦਾ ਆਗੇ, ਇਹ ਆਪਣੀ ਕਲਾਸ ਵਾਲੀਆਂ ਵਹਿਬਤਾਂ ਵੀ ਨਾਲ ਹੀ ਲੈ ਆਏ। ਪਰੋਲਤਾਰੀ ਜਮਾਤ ਨੂੰ ਤਾਂ ਅਸੀਂ ਲਿਆ ਹੀ ਨਹੀਂ ਨਾਲ। ਜਾਗਰੂਕ ਹੀ ਨਹੀਂ ਕੀਤਾ । ਫਿਰ ਪਾਰਟੀ ਦਾ ਕੋਈ ਜਥੇਬੰਦਕ ਢਾਂਚਾ ਵੀ ਨਹੀਂ ਸੀ । ਐਵੇਂ ਮਾਅਰਕੇਬਾਜ਼ੀ ਨੂੰ ਹੀ ਪਰਾਪਤੀਆਂ ਸਮਝੀ ਗਏ। ਹੁਣ ਵੇਖਲੋ , ਬੰਤ ਹੋਰਾਂ ਨੇ ਬਿਨਾਂ ਕਾਡਰ ਨੂੰ ਸੁਚੇਤ ਕੀਤਿਆਂ ਐਡਾ ਵੱਡਾ ਐਕਸ਼ਨ ਕਰਤਾ ਕੋਕਰੀ ਆਲਾ, ਨਤੀਜਾ ਕੀ ਨਿਕਲਿਆ? ਅਗਲੇ ਦਿਨ ਸਾਨੂੰ ਸੁੱਤੇ ਪਿਆਂ ਹੀ ਨੱਪ ਲਿਆ। ਇਹ ਮਾਅਰਕੇਬਾਜ਼ੀ ਨਹੀਂ ਤਾਂ ਹੋਰ ਕੀ ਸੀ ? " ਚਾਹ ਦੀ ਆਖਰੀ ਘੁੱਟ ਭਰਦਿਆਂ ਸਾਥੀ ਆਪਣੀ ਮਾਅਰਕੇਬਾਜ਼ੀ ਵਾਲੀ ਇਕ ਹੋਰ ਘਟਨਾ ਛੂਹ ਲੈਂਦਾ ਹੈ :

"ਅਜਮੇਰ ਗਿੱਲ ਮੇਰਾ ਬਹੁਤ ਪਿਆਰਾ ਯਾਰ ਸੀ ! ਆਰਟ ਫਿਲਮਾਂ ਵੇਖਣ ਦਾ ਪੁੱਜ ਕੇ ਸ਼ੌਕੀਨ। ਅਸੀˆ ਰਾਤ ਦੇ ਸ਼ੋਅ ਦੀਆਂ ਟਿਕਟਾਂ ਲੈ ਲੈਣੀਆਂ। ਇਕ ਵਾਰ ਰਾਜ ਕਪੂਰ ਤੇ ਨਰਗਿਸ ਦੀ ਫਿਲਮ "ਜਾਗਤੇ ਰਹੋ" ਵੇਖਣ ਚਲੇ ਗਏ। ਇਸ ਸਾਰੀ ਫਿਲਮ ਵਿਚ ਰਾਜ ਕਪੂਰ ਇਕ ਹੀ ਡਾਇਲਾਗ ਬੋਲਦਾ ਹੈ, ਜਦੋˆ ਨਰਗਿਸ ਤੋਂ ਪਾਣੀ ਮੰਗਦਾ ਹੈ। ਫਿਲਮ ਸਮਾਜ ਦੇ ਭਿੰਨ-ਭਿੰਨ ਵਰਗਾ `ਤੇ ਬੜਾ ਕਰਾਰਾ ਵਿਅੰਗ ਕਰਦੀ ਹੈ। ਰਾਜ ਕਪੂਰ ਉਹਨਾਂ ਦਿਨਾਂ `ਚ ਸਟਾਰ ਸੀ। ਉਸਦੀ ਫਿਲਮ ਹੋਣ ਕਰਕੇ ਕਈ ਮਨਚਲੇ ਵੀ ਫਿਲਮ ਵੇਖਣ ਆਏ ਸੀਗੇ। ਹੁਣ ਫਿਲਮ ਦਾ ਹੀਰੋ ਚੁੱਪ। ਲਾਲਿਆਂ ਦੇ ਜੁਆਕਾਂ ਨੂੰ ਮਸਾਲਾ ਫਿਲਮਾਂ ਆਲਾ ਮਸਾਲਾ ਮਿਲਿਆ ਨਾ। ਲਉ ਜੀ ਉਹ ਤਾਂ ਲੱਗਗੇ ਰੌਲਾ ਪਾਉਣ। ਐਵੇਂ ਹਾਤ-ਹੂਤ। ਅਸੀਂ ਦੋ -ਤਿੰਨ ਵਾਰ ਸਮਝਾਇਆ ਵੀ ਪਰ ਨਾ ਜੀ, ਉਹ ਤਾਂ ਸਗੋˆ ਹੋਰ ਚਾਮਲਗੇ। ਫੇਰ ਕੀ ? ਫੇਰ ਅਸੀਂ ਕਰਤਾ ਐਕਸ਼ਨ। ਅਜਮੇਰ ਨੇ ਇਕ ਨੂੰ ਧੌਲ ਮਾਰ ਕੇ ਸਿੱਟ ਲਿਆ। ਇਕ ਨੂੰ ਮੈਂ ਸਾਂਭ ਲਿਆ। ਉਥੇ ਤਾਂ ਹੋਗੀ ਚੱਕਲੋ-ਚੱਕਲੋ। ਕੁੱਛ ਬੰਦੇ ਛੁਡਾਉਣ ਵੀ ਲੱਗਪੇ। ਅਸੀਂ ਵਾਪਸੀ `ਤੇ ਆਪਣੀ ਮੂਰਖਤਾ ਦੀਆਂ ਗੱਲਾˆ ਕਰਨ ਲੱਗੇ ਕਿ ਇਹ ਨਿਰੀ ਆਪਣੀ ਮਾਅਰਕੇਬਾਜ਼ੀ ਸੀ। ਜੇ ਭਲਾ ਮੁੰਡੀਹਰ ਕੋਲ ਚਾਕੂ-ਛੁਰਾ ਜਾਂ ਕੋਈ ਹੋਰ ਹਥਿਆਰ ਹੁੰਦਾ ਫੇਰ ਸਾਡਾ ਕੀ ਬਣਦਾ?"

        ਸਾਥੀ ਨੇ ਪੂਰੇ ਛੇ ਦਹਾਕੇ ਸਾਹਿਤਕ ਸਫ਼ਰ ਤਹਿ ਕੀਤਾ ਹੈ । ਸੈਂਕੜੇ ਲੇਖਕਾਂ ਨਾਲ ਉਸਦੇ ਦੂਰ ਜਾਂ ਨੇੜੇ ਦੇ ਸਬੰਧ ਰਹੇ ਹਨ । ਉਹ 1966 ਵਿਚ ਲਿਖਾਰੀ ਸਭਾ ਮੋਗਾ ਦਾ ਮੈਂਬਰ ਬਣ ਗਿਆ ਸੀ । ਇਹ ਸਭਾ ਉਹਨਾਂ ਸਮਿਆਂ ਵਿਚ ਬਹੁਤ ਸਰਗਰਮ ਸੀ। ਜਸਵੰਤ ਸਿੰਘ ਕੰਵਲ, ਪਰੀਤਮ ਪੰਧੇਰ, ਗੁਰਚਰਨ ਚੀਮਾ, ਕਹਾਣੀਕਾਰ ਅਜੀਤ ਪੱਤੋ, ਹਰਪਾਲਜੀਤ ਪਾਲੀ, ਭਾਗ ਸਿੰਘ ਉਪਾਸ਼ਕ, ਸੁਖਦੇਵ ਸੰਧੂ, ਦੇਸ ਰਾਜ, ਹਰਨੇਕ ਸਿੰਘ ਰਾਜੇਆਣਾ, ਅਜਮੇਰ ਗਿੱਲ, ਤੇ ਸਤਿਆ ਪ੍ਰਕਾਸ਼ ਉੱਪਲ ਆਦਿ ਉਸਦੇ ਨੇੜਲੇ ਘੇਰੇ ਵਿਚ ਰਹੇ ਨੇ। ਅਜਮੇਰ ਗਿੱਲ ਨਾਲ ਬੜੀ ਗੂਹੜੀ ਯਾਰੀ ਸੀ। ਉਸਦਾ ਪਿੰਡ ਤਾਂ ਝੰਡੇਆਣਾ ਸੀ ਪਰ ਪੜ੍ਹਨ ਲਿਖਣ ਤੇ ਮਹਿਫ਼ਲ ਜਮਾਉਣ ਲਈ ਹੀ ਅਜਮੇਰ ਗਿੱਲ ਨੂੰ ਮੋਗੇ ਚੁਬਾਰਾ ਕਿਰਾਏ `ਤੇ ਲੈ ਕੇ ਦਿੱਤਾ ਸੀ। ਦੇਰ ਰਾਤ ਗਈ ਤੱਕ ਇਸ ਚੁਬਾਰੇ ਵਿਚ ਲੇਖਕਾਂ ਦੀਆਂ ਮਹਿਫ਼ਲਾˆ ਜੰਮਦੀਆਂ। ਮਾਝੇ ਵਾਲਾ ਕਹਾਣੀਕਾਰ ਮੁਖਤਾਰ ਗਿੱਲ, ਸ਼ਾਇਰ ਪ੍ਰਮਿੰਦਰਜੀਤ ਅਤੇ ਖੁਰਸ਼ੀਦ ਵਰਗੇ ਰੰਗਲੇ ਲੇਖਕ ਇਹਨਾਂ ਸਾਹਿਤਕ ਮਹਿਫਲਾਂ ਵਿਚ ਰੰਗ ਭਰਦੇ। ਪਿੰਗਲ ਆਰੂਜ ਤੋˆ ਲੈ ਕੇ "ਇਨਕਲਾਬ" ਤੱਕ ਇਹਨਾˆ ਮਹਿਫਲਾਂ ਵਿਚ ਰਿੜਕਿਆ ਜਾਂਦਾ। ਕਈਆਂ ਨੂੰ ਅਜਮੇਰ ਗਿੱਲ ਦੇ ਹੁਜ਼ਰੇ `ਤੇ ਸਜਦੀਆਂ ਇਹ ਮਹਿਫਲਾਂ ਚੰਗੀਆਂ ਵੀ ਨਹੀਂ ਸਨ ਲੱਗਦੀਆਂ। ਉਹ ਅਜਮੇਰ ਤੇ ਸਾਥੀ ਵਿਚਾਲੇ ਡੱਕਾ ਸੁੱਟਣ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ। ਅਜਿਹੇ ਕਿਸੇ ਸਾਂਝੇ ਦੋਸਤ ਦੀ ਮੇਹਰਬਾਨੀ ਸਦਕਾ ਸਾਥੀ ਕਾਫੀ ਚਿਰ ਅਜਮੇਰ ਗਿੱਲ ਨਾਲ ਗੁੱਸੇ-ਗਿਲੇ ਵੀ ਹੋਇਆ ਰਿਹਾ ਪਰ ਅਜਮੇਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਪਹਿਲਾਂ-ਪਹਿਲਾਂ ਦੋ ਯਾਰਾਂ ਦੀ ਟੁੱਟੀ ਹੋਈ ਯਾਰੀ ਗੰਢੀ ਗਈ ਸੀ ।

       ਸੜਕਨਾਮੇ ਵਾਲੇ ਬਲਦੇਵ ਸਿੰਘ ਦੇ ਕਲਕੱਤਾ ਛੱਡ ਕੇ ਪੱਕੇ ਤੌਰ ਹੀ ਮੋਗੇ ਆ ਵਸਣ `ਤੇ ਮਹਿੰਦਰ ਸਾਥੀ ਨੇ ਅਜਮੇਰ ਗਿੱਲ ਤੇ ਉਪਾਸ਼ਕ ਵਰਗਿਆਂ ਨਾਲ ਮਿਲਕੇ ਸਾਹਿਤ ਵਿਚਾਰ ਮੰਚ ਬਣਾ ਲਿਆ ਸੀ। ਬਲਦੇਵ ਸਿੰਘ ਨੂੰ ਇਸਦਾ ਪ੍ਰਧਾਨ ਬਣਾਕੇ ਸਾਹਿਤਕ ਸਰਗਰਮੀਆਂ ਦੀ ਹਨੇਰੀ ਹੀ ਲਿਆ ਦਿੱਤੀ। ਮਹਿੰਦਰ ਸਾਥੀ ਜਨਰਲ ਸਕੱਤਰ ਹੋਣ ਦੇ ਨਾਤੇ ਲੇਖਕਾਂ ਨੂੰ ਮੀਟਿੰਗ ਲਈ ਸੁਨੇਹੇ ਲਾਉਣ, ਪੱਤਰ ਲਿਖਣ, ਖਬਰਾˆ ਭੇਜਣ, ਕਾਰਵਾਈ ਲਿਖਣ ਤੋਂ ਲੈਕੇ ਦਰੀਆਂ ਵਿਛਾਉਣ ਤੱਕ ਦੇ ਸਾਰੇ ਕੰਮ ਪੂਰੇ ਸਿਰੜ ਨਾਲ ਕਰਦਾ। ਪੰਜਾਬ ਦੇ ਸੰਤਾਪੇ ਦੌਰ ਵਿਚ ਸਾਥੀ ਨੇ ਬੁੱਘੀਪੁਰੀਏ ਨਾਟ ਨਿਰਦੇਸ਼ਕ ਪਰਮਜੀਤ ਗਿੱਲ ਦੇ ਨਾਲ ਨਾਟਕ ਕਰਨੇ ਸ਼ੁਰੂ ਕੀਤੇ ਪਰਮਜੀਤ ਗਿੱਲ ਨਾਲ ਕੀਤੇ ਨਾਟਕਾਂ ਵਿਚ ਸਾਥੀ ਨੇ ਹੀ ਨਹੀਂ, ਉਸਦੀ ਸਾਥਣ ਰਾਮ ਦੁਲਾਰੀ ਤੇ ਬੇਟੀ ਸੰਜੂ ਨੇ ਵੀ ਅਦਾਕਾਰੀ ਕੀਤੀ। ਕੁੱਸੇ ਦੀ ਧਰਤੀ `ਤੇ ਖੇਡੇ ਗਏ ਨਾਟਕ ਦੋ ਮਾਵਾਂ, ਪੰਜਾਬੀ ਭਵਨ ਲੁਧਿਆਣਾ ਦੇ ਮੰਚ `ਤੇ ਪੇਸ਼ "ਤੂਤਾਂ ਵਾਲਾ ਖੂਹ” ਅਤੇ ਫਰੀਦਕੋਟ ਬਾਬਾ ਫਰੀਦ ਮੇਲੇ `ਤੇ ਖੇਡੇ ਨਾਟਕ "ਕਾਲੇ ਲਿਖ ਨਾ ਲੇਖ " ਨਾਲ ਸਾਥੀ ਨੇ ਅਦਾਕਾਰੀ ਦਾ ਸ਼ੌਕ ਵੀ ਪੂਰਾ ਕੀਤਾ। `ਸੂਹੀ ਸਵੇਰ` ਇਕ ਹੋਰ ਯਾਦਗਾਰੀ ਪੇਸ਼ਕਾਰੀ ਸੀ। ਰਾਮ ਦੁਲਾਰੀ ਵਲੋˆ ਸਾਥੀ ਦੇ ਲਿਖੇ ਗੀਤ ਉਪਰ ਬਹੁਤ ਹੀ ਪ੍ਰਭਾਵਸ਼ਾਲੀ ਸਮੂਹ ਗਾਣ ਤਿਆਰ ਕੀਤਾ ਗਿਆ। ਇਹ ਗੀਤ ਵੀ ਲੋਕਾˆ ਵਲੋˆ ਬੜਾ ਪਸੰਦ ਕੀਤਾ ਜਾਂਦਾ ਸੀ :-

ਪੱਤਝੜ ਸਦਾ ਨਾ ਰਹਿਣੀ ਆਉਣੀ ਬਹਾਰ ਅਕਸਰ।

ਜੀਵਨ ਤੋਂ ਮੌਤ ਖਾਂਦੀ, ਆਈ ਹੈ ਹਾਰ ਅਕਸਰ

ਇਹ ਸਹਿਮ ਦਾ ਸਮੁੰਦਰ, ਲਹਿਣਾ ਹੀ ਲਹਿਣਾ ਇੱਕ ਦਿਨ

ਚਿੜੀਆਂ ਨੇ ਬਾਜਾਂ ਦੇ ਗਲ, ਪੈਣਾ ਹੀ ਪੈਣਾ ਇੱਕ ਦਿਨ।

ਸਤਿਆਂ ਦੇ ਰੋਹ ਦੇ ਹੜ ਨੇ, ਵਹਿਣਾ ਹੀ ਵਹਿਣਾ ਇੱਕ ਦਿਨ।

ਜ਼ੁਲਮੋ-ਸਿਤਮ ਦਾ ਧੌਲਰ, ਢਹਿਣਾ ਹੀ ਢਹਿਣਾ ਇੱਕ ਦਿਨ।

ਉਠਣਗੇ "ਸਾਥੀ" ਖਾਕੋਂ ਇਹ ਖਾਕਸਾਰ ਆਖਰ

ਪੱਤਝੜ ਸਦਾ ਨਾ ਰਹਿਣੀ ਆਉਣੀ ਬਹਾਰ ਆਖਰ ।

ਜੀਵਨ ਤੋਂ ਮੌਤ ਖਾਂਦੀ ਆਈ ਹੈ ਹਾਰ ਆਖਰ।

      ਬਲਦੇਵ ਸਿੰਘ ਦੀ ਨਾਟਕ ਮੰਡਲੀ ਲੋਕ ਕਲਾ ਮੰਚ ਮੋਗਾ ਦੀ ਟੀਮ ਵਿਚ ਸਾਥੀ ਨੇ "ਕਿੱਸਾ ਇਕਬਾਲ ਕਾ" ਨਾਟਕ ਕਈ ਵਾਰ ਖੇਡਿਆ। ਹੋਰ ਕਲਾਕਾਰਾਂ ਵਾਂਗ ਨਾਟਕ ਕਰਦਿਆਂ ਦਰਸ਼ਕਾˆ ਦੀਆਂ ਤਾੜੀਆਂ ਸਾਥੀ ਨੂੰ ਵੀ ਚੰਗੀਆਂ ਲੱਗਦੀਆਂ ਸਨ ਪਰ ਲੰਬੇ-ਲੰਬੇ ਸੰਵਾਦ ਕੌਣ ਚੇਤੇ ਕਰੇ ? ਸਾਥੀ ਨੂੰ ਇਹ ਕੰਮ ਬੜਾ ਔਖਾ ਲੱਗਦਾ ਸੀ। ਸੰਵਾਦ ਚੇਤੇ ਕਰਦਿਆਂ ਆਪਣੀਆਂ ਕਵਿਤਾਵਾਂ ਉਹਨਾਂ ਵਿਚ ਰਲਗੱਡ ਹੁੰਦੀਆਂ ਰਹਿੰਦੀਆਂ। ਸਾਥੀ ਨੇ ਅਦਾਕਾਰੀ ਵਾਲੇ ਸ਼ੌਕ ਨੂੰ ਛੱਡਣਾ ਹੀ ਬਿਹਤਰ ਸਮਝਿਆ ਸੀ।

       ਸਾਥੀ ਦੇ ਨਵੇˆ -ਪੁਰਾਣੇ ਚੇਲਿਆˆ ਦੀ ਗਿਣਤੀ ਚੰਗੀ ਖਾਸੀ ਹੈ ਜਿਹੜੇ ਉਸ ਕੋਲੋਂ ਅਕਸਰ ਬਹਿਰ ਵਜ਼ਨ ਅਤੇ ਉਰਦੂ ਸ਼ਬਦਾਵਲੀ ਬਾਰੇ ਗਿਆਨ ਪਰਾਪਤ ਕਰਦੇ ਰਹਿੰਦੇ ਨੇ ਪਰ ਇਸਦੇ ਬਾਵਜੂਦ ਮਹਿੰਦਰ ਸਾਥੀ ਨੂੰ ਆਪਣੇ ਕਈ ਸਮਕਾਲੀਆਂ ਵਾਂਗ `ਉਸਤਾਦ ਸ਼ਾਇਰ` ਹੋਣ ਦਾ ਦਰਜਾ ਹਾਸਲ ਨਹੀˆ ਹੋ ਸਕਿਆ । ਰਣਜੀਤ ਸਰਾਂ ਵਾਲੀ, ਅਮਰਜੀਤ ਢੁੱਡੀਕੇ, ਮੁਰੀਦ ਸੰਧੂ, ਧਾਮੀ ਗਿੱਲ, ਅਵਤਾਰ ਅਵੀ, ਦਲਜੀਤ ਕੁਸ਼ਲ, ਗੁਰਪਰੀਤ ਧਰਮਕੋਟ , ਤੇ ਸਤਪਾਲ ਖੁੱਲਰ ਵਰਗੇ ਅਨੇਕਾਂ ਸ਼ਾਇਰ ਸਾਥੀ ਦੇ ਤਕੀਏ ਦੀ ਗਾਹੇ-ਬਗਾਹੇ ਹਾਜ਼ਰੀ ਭਰ ਜਾਂਦੇ ਨੇ । ਸਾਥੀ ਤੋˆ ਗ਼ਜ਼ਲ਼ ਦੀਆਂ ਬਾਰੀਕੀਆਂ ਸਮਝਦੇ, ਉਸ ਨਾਲ ਉਸਦੀ ਪਹਿਲ - ਪਲੇਠੀ ਦੀ ਮੁਹੱਬਤ ਬਾਰੇ ਵੀ ਗੱਲਾਂ ਕਰ ਜਾਂਦੇ ਨੇ ਤੇ ਨਾਲ ਦੀ ਨਾਲ ਆਪਣੇ ਕੋਈ ਨਵੇˆ -ਪੁਰਾਣੇ ਕਿੱਸੇ ਵੀ ਸਾਂਝੇ ਕਰ ਲੈਂਦੇ ਹਨ । ਆਪਣੇ ਬੱਚਿਆਂ ਵਰਗੇ ਦੋਸਤਾˆ ਨਾਲ ਗੱਲਾਂ ਕਰਦਿਆਂ ਸਾਥੀ ਨਵੇˆ ਸਿਰਿਉਂ ਊਰਜਾ ਹਾਸਲ ਕਰ ਲੈਂਦਾ ਹੈ ।

       ਆਪਣੇ ਨਾਲੋˆ ਕਈ ਦਹਾਕੇ ਛੋਟੇ ਮੁੰਡਿਆਂ ਨਾਲ ਵਿਚਰਦਿਆਂ ਸਾਥੀ ਉਹਨਾਂ ਵਰਗਾ ਹੀ ਹੋ ਜਾਂਦਾ ਹੈ। ਬਿਲਕੁਲ ਹਮਉਮਰ। ਇਹ ਹਮਉਮਰ ਗਭਰੇਟਾˆ ਦੀ ਸੰਗਤ ਹੀ ਉਸਨੂੰ ਬੁੱਢਾ ਨਹੀਂ ਹੋਣ ਦਿੰਦੀ । ਨੌਜੁਆਨ ਚੇਲਿਆਂ ਵਲੋਂ ਦਿੱਤੀ ਊਰਜਾ ਆਸਰੇ ਤਾਂ ਸਾਥੀ ਨੇ ਕਈ ਵਾਰ ਮੌਤ ਨੂੰ ਵੀ ਝਕਾਨੀ ਦੇ ਦਿੱਤੀ ਹੈ। ਪਿੱਛੇ ਜਿਹੇ ਤਾਂ ਉਸਨੇ ਨਾਗਰਾਜ ਨਾਲ ਵੀ ਪੰਗਾ ਪਾ ਲਿਆ ਸੀ।

"ਸਾਥੀ ਸਾਹਿਬ, ਤੁਹਾਡੇ ਡੰਗ ਮਾਰਕੇ ਤਾਂ ਸੱਪ ਵੀ ਪਛਤਾਉਂਦਾ ਹੋਊ, ਕਿ ਨਹੀˆ? "ਮੈˆ ਮੋਗੇ ਦੇ ਕਿਸੇ ਹਸਪਤਾਲ ਵਿਚ ਸੱਪ ਤਂ ਡੰਗ ਖਾਕੇ ਬੈੱਡ `ਤੇ ਪਏ ਸਾਥੀ ਨੂੰ ਛੇੜਿਆ ਸੀ।

"ਜਾਣਦੇ ਅਪਸਰਾ ਜਾਣਦੇ । ਐਵੇˆ ਨਾ ਟਾਂਚਾˆ ਕਰਿਆ ਕਰ ।"

"ਗੱਲ ਤਾਂ ਕੜਿਆਲਵੀ ਦੀ ਠੀਕ ਐ। ਸੱਪ ਵੀ ਕਹਿੰਦਾ ਹੋਊ ਕਿ ਇਹ ਤਾਂ ਮੇਰੇ ਨਾਲੋˆ ਵੀ ਵੱਧ ਜ਼ਹਿਰੀ ਐ। ਹੋ ਸਕਦਾ ਵਿਚਾਰਾ ਸੁਰਗ ਈ ਸਿਧਾਰ ਗਿਆ ਹੋਵੇ!" ਅਮਰ ਸੂਫੀ ਨੇ ਵਿਚਾਲਿਉਂ ਆਰ ਲਾ ਦਿੱਤੀ ਸੀ।

"ਊਂ ਸਾਥੀ ਸਾਬ ਇਹਨਾਂ ਗੱਲਾਂ ਨੂੰ ਮੰਨਦੇ ਤਾਂ ਹੈਨੀ ਪਰ ਹੈ ਸੋਲਾਂ ਆਨੇ ਸੱਚੀ। ਸੱਪ ਜੀ ਮਾਰਾਜ ਦਾ ਸਾਥੀ ਨਾਲ ਕੋਈ ਪੁਰਾਣਾ ਹਿਸਾਬ ਕਿਤਾਬ ਲੱਗਦੈ। ਕੀ ਪਤਾ ਕਿਸੇ ਪਿਛਲੇ ਜਨਮ ਦਾ ਈ … ਹੋਵੇ ? " ਸਾਰੀ ਰਾਤ ਸਾਥੀ ਦੇ ਸਿਰਹਾਣੇ ਬੈਠ ਜਾਗਦਿਆਂ ਰਾਤ ਕੱਟਣ ਵਾਲਾ ਦਲਜੀਤ ਕੁਸ਼ਲ ਵੀ ਟਾਂਚ ਲਾਉਣੋ ਨਹੀˆ ਸੀ ਟਲਿਆ । ਸਾਥੀ ਖਿੜ -ਖਿੜ ਕਰਕੇ ਹੱਸਿਆ ਸੀ, ਜਿਵੇˆ ਕੌਲੀ ਵਿਚ ਰੋੜ ਛਣਕਦੇ ਹੋਣ,

"ਹਾਆ …. ਹਾ .. ਹਾਅ ….ਠੀਕ ਐ। ਸੱਪ ਕੋਈ ਪੂੰਜੀਪਤੀ ਹੋਊ ਤੇ ਮੈਤੋਂ ਨੱਪੀ ਗਈ ਹੋਊ ਸੰਘੀ ਇਹਦੀ। ਹੁਣ ਅਗਲੇ ਨੇ ਕੱਢ ਲਿਆ ਗੁੱਸਾ ਮੌਕਾ ਤਾੜਕੇ।" ਸਾਥੀ ਵੀ ਹਾਸੇ ਮਜ਼ਾਕ ਵਿਚ ਸ਼ਾਮਲ ਹੋ ਗਿਆ ਸੀ।

"ਸਾਥੀ ਸਾਬ ਸੱਪ ਹੋਊ ਕੋਈ ਸੱਜੇ ਪੱਖੀ ਈ।"

"ਹਾਆ … ਹਾ ... ਅ … ਅ ਠੀਕ ਐ।" ਸਾਥੀ ਦੇ ਹਾਸੇ ਨਾਲ ਹਸਪਤਾਲ ਦੇ ਮਰੀਜ਼ ਵੀ ਸਾਡੇ ਵੱਲੀ ਗਹੁ ਨਾਲ ਦੇਖਣ ਲੱਗੇ ਸਨ। ਮੈਨੂੰ ਕਈ ਵਰੇ ਪਹਿਲਾਂ ਵਾਪਰੀ ਘਟਨਾ ਯਾਦ ਆ ਗਈ। ਉਦੋˆ ਮਹਿੰਦਰ ਸਾਥੀ ਭਾਰਤ ਸਰਕਾਰ ਦੀ ਬੁੱਢਿਆਂ ਨੂੰ ਪੜਾਉਣ ਵਾਲੀ "ਸਾਖਰਤਾ ਮੁਹਿੰਮ" ਵਿਚ ਕੰਮ ਕਰਦਾ ਸੀ। ਇੱਕ ਦਿਨ ਉਹ ਡਾ: ਸੁਰਜੀਤ ਦੌਧਰ ਦੇ ਦੁਪਹੀਆ ਸਕੂਟਰ ਪਿੱਛੇ ਬੈਠਕੇ ਕਿਧਰੇ ਜਾ ਰਿਹਾ ਸੀ ਕਿ ਐਕਸੀਡੈਂਟ ਹੋ ਗਿਆ। ਸਾਥੀ ਦੀ ਸੱਜੀ ਲੱਤ ਦਾ ਕੜਾਕਾ ਪੈ ਗਿਆ। ਸਾਥੀ ਨੂੰ ਟੁੱਟੀ ਲੱਤ `ਤੇ ਪਲੱਸਤਰ ਲੁਆਈ ਕਈ ਦਿਨ ਹਸਪਤਾਲ ਦੇ ਬੈੱਡ ਉਪਰ ਪੈਣਾ ਪਿਆ। ਮਿਜ਼ਾਜ਼ ਪੁਰਸ਼ੀ ਲਈ ਹਸਪਤਾਲ ਆਏ ਵਿਅੰਗਕਾਰ ਕੇ. ਐਲ. ਗਰਗ ਨੇ ਸਾਥੀ ਨੂੰ ਛੇੜਿਆ ਸੀ

"ਕਾਮਰੇਡ ! ਸੱਜਿਆਂ ਦੇ ਸਕੂਟਰ ਪਿੱਛੇ ਬੈਠ ਕੇ ਝੂਟੇ ਲੈਨਾ, ਸੱਜੀ ਲੱਤ ਤਾਂ ਤੁੜਵਾਉਣੀ ਈ ਸੀ।"

"ਇਕੱਲਾ ਸਾਥੀ ਈ ਨੀ ਸੱਜਿਆਂ ਪਿਛੇ ਬੈਠਕੇ ਝੂਟੇ ਲੈਂਦਾ, ਹੁਣ ਤਾˆ ਕਾਮਰੇਡਾˆ ਦੀਆਂ ਪਾਰਟੀਆਂ ਵੀ ਸੱਜਿਆਂ ਨਾਲ ਰਲਕੇ ਸੱਤਾ ਦੇ ਝੂਟੇ ਲਈ ਜਾਂਦੀਆਂ", ਨੇੜੇ ਖੜੇ ਰਵੀ ਕਾਂਤ ਸ਼ੁਕਲੇ ਨੇ ਸੱਟ ਟਿਕਾਣੇ ਮਾਰ ਦਿੱਤੀ ਸੀ।

"ਪਾਰਟੀਆਂ-ਪੂਰਟੀਆਂ ਦਾ ਤਾਂ ਸ਼ੁਕਲਾ ਸਾਬ ਮੈਨੂੰ ਪਤਾ ਨੀ … ਪਰ ਸਾਥੀ ਅੱਜ ਤੱਕ ਵੀ ਡਟਿਆ ਆਉਂਦਾ ਆਵਦੀ ਵਿਚਾਰਧਾਰਾ `ਤੇ। ਐਨ ਸਿਰ ਪਰਨੇ। ਆਪਾਂ ਤਾˆ ਲੋਕਾˆ ਨਾਲ ਖੜੇ ਆਂ। ਇਨਾਮਾˆ-ਸ਼ਨਾਮਾ ਖਾਤਰ ਨੀ ਲਿਖਿਆ। ਕਦੇ ਐਵਾਰਡਾਂ-ਅਵੂਰਡਾਂ ਦੀ ਝਾਕ ਨ੍ਹੀ ਰੱਖੀ। ਪਲਸ ਮੰਚ ਨੇ ਭਾਜੀ ਗੁਰਸ਼ਰਨ ਸਿੰਘ ਦੀ ਅਗਵਾਈ ਹੇਠ ਹਜ਼ਾਰਾˆ ਲੋਕਾˆ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ, ਇਹ ਲੋਕਾˆ ਦਾ ਸਨਮਾਨ ਸੀ। ਇਹ ਸਨਮਾਨ ਲੈਂਦਿਆˆ ਮਾਣ ਵੀ ਮਹਿਸੂਸ ਹੁੰਦਾ ਸੀ। ਭਾਈ ਸਾਹਬ! ਸਰਕਾਰਾਂ ਦੀਆਂ ਬੁਰਕੀਆਂ ਦੀ ਝਾਕ ਰੱਖਣ ਆਲੇ ਹਾਕਮਾˆ ਦੀ ਅੱਖ `ਚ ਅੱਖ ਪਾਕੇ ਗੱਲ ਨ੍ਹੀ ਕਰ ਸਕਦੇ, ਮੇਰਾ ਸ਼ੇਅਰ ਸੁਣਲੋ ਮਾੜਾ ਜਿਆ:-

ਜੋ ਗੱਲ ਗੁਲਦਾਉਦੀਆਂ ਦੀ ਗਾਉਂਦੇ ਹਾਹਾਕਾਰ ਦੀ ਰੁੱਤੇ,

ਐ ! 'ਸਾਥੀ` ਭੰਡ, ਖੁਸਰੇ, ਸ਼ੁਗਲੀਏ ਨੇ, ਉਹ ਕਵੀ ਕਿੱਥੇ?

ਉਹ ਜਿਹੜੇ ਰਾਜੇ ਦੀ ਬੁਰਕੀ `ਤੇ ਪਲਦੇ ਨੇ ਪਏ ਯਾਰੋ,

ਉਹਨਾਂ ਵਿਚ ਰਾਜੇ ਨੂੰ ਸ਼ੀਂਹ ਕਹਿਣ ਦੀ ਮਰਦਾਨਗੀ ਕਿੱਥੇ?

ਐਵੇˆ ਗੱਲਾˆ ਮਾਰੀ ਜਾਂਦੇ ਐ!" ਸਾਥੀ ਜੋਸ਼ ਵਿਚ ਆ ਗਿਆ ਸੀ। ਲੱਤ ਵਿਚੋˆ ਨਿਕਲਦੀ ਚੀਸ ਉਸਨੇ ਦੰਦਾਂ ਥੱਲੇ ਜੀਭ ਦੇਕੇ ਦੱਬ ਲਈ।

"ਗਰਗ ਸਾਹਬ ਇਹ ਗੱਲ ਤਾਂ ਪੱਕੀ ਐ ਸਾਥੀ ਦੀ, ਭਾਵੇˆ ਕਿੰਨੀਆਂ ਈ ਚੰਗੀਆਂ -ਮਾੜੀਆਂ ਵਾਵਾਂ ਵਗੀਆਂ, ਡੋਲਿਆ ਨੀ, ਨਾ ਈ ਕਿਸੇ ਤੋਂ ਡਰਿਆ ਐ। ਕਿਸੇ ਦੀ ਝੇਪ ਵੀ ਨੀ ਮੰਨੀ। ਫਿਰ ਲਿਖਿਆ ਵੀ ਠੋਕ ਕੇ  … ਏਸ ਗੱਲੋਂ ਤਾਂ ਸਾਥੀ ਜਾਂਬਾਜ਼ ਐ ਪੂਰਾ!" ਘੋਲੀਏ ਵਾਲੇ ਨਰਿੰਦਰ ਸ਼ਰਮੇ ਨੇ ਜਿਵੇਂ ਸਾਥੀ ਦੇ ਬੋਲਾਂ `ਤੇ ਮੋਹਰ ਲਾ ਦਿੱਤੀ ਸੀ। ਸਾਥੀ ਹੋਰ ਗੜਕੇ ਵਿੱਚ ਹੋ ਗਿਆ ਸੀ।

"ਜਿਵੇˆ ਪਾਰਟੀਆਂ ਮੈਨੀਫੈਸਟੋ ਜਾਰੀ ਕਰਦੀਆਂ ਉਵੇਂ ਜਿਵੇਂ ਮੇਰਾ ਵੀ ਮੈਨੀਫੈਸਟੋ ਐ। ਸੁਣਲੋ ਮਾੜਾ ਜਿਆ :-

ਹਯਾਤੀ ਘਾਇਲ ਹੈ, ਗੀਤਾਂ ਦੀ ਮਰਹਮ ਲਾਉਣ ਦੇ ਸਾਥੀ।

ਲਿਖਾਂਗਾ ਹੁਸਨ ਦੇ ਨਗਮੇ ਵੀ ਵੇਲਾ ਆਉਣ ਦੇ ਸਾਥੀ।

ਆਵਾਮੀ ਸ਼ਾਇਰ ਹਾਂ ਮੈਂ, ਢਾਰਿਆਂ ਦੇ ਗੀਤ ਗਾਵਾਂਗਾ,

ਨਹੀ ਮੈˆ ਗੀਤ ਗਾਉਣੇ, ਮਹਿਲਾਂ ਨੂੰ ਪਰਚਾਉਣ ਦੇ ਸਾਥੀ।"

"ਬਾਕਮਾਲ ! ਬਾਕਮਾਲ !!" ਆਖਦਿਆਂ ਪਤਾ ਲੈਣ ਆਏ ਲੇਖਕ ਵਿਸਮਾਦ ਵਿਚ ਸਿਰ ਹਿਲਾਉਣ ਲੱਗੇ ਸਨ।

ਸਾਹਿਤਕ ਹਲਕਿਆਂ ਵਿਚ ਸਾਥੀ ਦਾ ਸਤਿਕਾਰ ਹੈ। ਨਵੇˆ ਮੁੰਡਿਆਂ ਦੇ ਨਾਲ -ਨਾਲ ਪੁਰਾਣੇ ਯਾਰਾˆ ਬੇਲੀਆਂ ਨਾਲ ਵੀ ਗੰਢ ਪੀਡੀ ਐ। ਫਿਰੋਜ਼ਪੁਰੀਏ ਗ਼ਜ਼ਲ਼ਗੋ ਜਸਪਾਲ ਘਈ, ਲੇਖਕਾਂ ਦਾ ਪਟਵਾਰੀ ਹਰਮੀਤ ਵਿਦਿਆਰਥੀ, ਬਰਨਾਲੇ ਆਲਾ ਗ਼ਜ਼ਲ਼ਕਾਰ ਬੂਟਾ ਸਿੰਘ ਚੌਹਾਨ, ਹਿਮਾਚਲੀ ਪਹਾੜੀਆਂ ਦੀ ਗੋਦੀ `ਚ ਬੈਠਾ ਡਾ: ਸੰਦੀਪ ਦਾਖਾ ਤੇ ਹੋਰ ਅਨੇਕਾਂ ਦੂਰ-ਨੇੜੇ ਦੇ ਲੇਖਕ ਮਿੱਤਰ ਲੰਘਦੇ ਕਰਦੇ ਸਾਥੀ ਦਾ ਹਾਲ-ਹਵਾਲ ਪਤਾ ਕਰ ਜਾਂਦੇ ਹਨ। ਸਾਥੀ ਅਜਕਲ ਆਪਣੀ ਕੋਈ ਰਚਨਾ ਘੱਟ ਹੀ ਸੁਣਾਉਂਦਾ ਹੈ, ਵਧੇਰੇ ਕਰਕੇ ਸੁਣਦਾ ਹੈ।

ਸਾਥੀ ਨੂੰ ਆਪਣੇ ਪ੍ਰਤੀਬੱਧ ਲੇਖਕ ਹੋਣ `ਤੇ ਮਾਣ ਹੈ ਕਿ ਉਸਨੇ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾˆ ਸਮਾਜ ਦੇ ਦੱਬੇ-ਕੁਚਲੇ ਕਿਸਾਨ-ਮਜ਼ਦੂਰ ਲੋਕਾਂ ਦੀ ਗੱਲ ਕੀਤੀ ਹੈ। ਮਹਿੰਦਰ ਸਾਥੀ ਤਾਂ ਉਸ ਲੇਖਕ ਨੂੰ ਲੇਖਕ ਮੰਨਣੋ ਹੀ ਇਨਕਾਰੀ ਹੈ ਜਿਸਦੀਆਂ ਰਚਨਾਵਾਂ ਵਿਚ ਪੀੜਤ ਧਿਰਾˆ ਦੇ ਦੁੱਖਾਂ ਦਰਦਾਂ ਦੀ ਬਾਤ ਨਹੀˆ ਹੁੰਦੀ। ਜਿਨ੍ਹਾਂ ਵਿਚ ਜਾਬਰਾਂ ਨੂੰ ਵੰਗਾਰਿਆ ਨਹੀਂ ਹੁੰਦਾ। ਸਾਥੀ ਆਖਦਾ ਹੈ ਕਿ ਲੇਖਕ ਕਦੇ ਨਿਰਪੱਖ ਨਹੀˆ ਹੋ ਸਕਦਾ। ਉਸਨੂੰ ਤਾਂ ਕਿਸੇ ਨਾ ਕਿਸੇ ਧਿਰ ਨਾਲ ਖੜਨਾ ਹੀ ਪੈਣਾ ਹੈ --- ਲਾਲੋਆਂ ਨਾਲ ਜਾਂ ਮਲਿਕ ਭਾਗੋਆਂ ਨਾਲ। ਇਸੇ ਕਰਕੇ ਸਾਥੀ ਪ੍ਰਤੀਬੱਧਤਾ ਨੂੰ ਬੜਾ ਜਰੂਰੀ ਸਮਝਦਾ ਹੈ। ਉਹ ਅਕਸਰ ਆਖਦਾ ਹੈ :"ਆਵਾਰਾ ਪਸ਼ੂ ਕਿਸੇ ਦਾ ਕੀ ਸੁਆਰਦੇ ਨੇ? ਕੁੱਝ ਨਹੀਂ ਸੁਆਰਦੇ, ਐਵੇˆ ਲੋਕਾˆ ਦੀਆਂ ਫਸਲਾਂ ਈ ਉਜਾੜਦੇ ਐ।"

ਸਮਾਜ ਨੂੰ ਬਦਲਣ ਦੀ ਰੀਝ ਸਾਥੀ ਅੰਦਰ ਅਜੇ ਵੀ ਪ੍ਰਬਲ ਹੈ। ਇਨਕਲਾਬੀ ਜ਼ਜ਼ਬਾ ਅਜੇ ਵੀ ਉਸ ਅੰਦਰ ਜੁਆਨ ਹੈ। ਪੰਜ ਦਹਾਕਿਆਂ ਦੇ ਆਪਣੇ ਸਾਹਿਤਕ ਤੇ ਸੰਘਰਸ਼ੀ ਸਫ਼ਰ `ਤੇ ਸਾਥੀ ਨੂੰ ਮਾਣ ਹੈ। ਬਸ ਕਦੇ-ਕਦੇ ਗਿਲ਼ਾ ਜਰੂਰ ਜ਼ਾਹਰ ਕਰਦਾ ਹੈ।

"ਕਾਡਰ ਬੜਾ ਇਮਾਨਦਾਰ ਸੀ, ਹੁਣ ਵੀ ਇਮਾਨਦਾਰ ਐ। ਲੋਕਾˆ ਨੇ ਜ਼ਿੰਦਗੀਆਂ ਲਾ ਦਿੱਤੀਆਂ ਪਰ ਲੀਡਰਾˆ ਨੇ ਬੰਦੇ ਨਹੀਂ ਸੰਭਾਲੇ। ਸਾਰੀ ਉਮਰ ਲਾ ਦੇਣ ਵਾਲੇ ਰੁਲਦੇ ਰਹੇ। ਇਹਨਾਂ ਦੇ ਜਲਸਿਆਂ ਜਲੂਸਾਂ, ਧਰਨਿਆਂ-ਮੁਜ਼ਾਹਿਰਿਆਂ ਵਿਚ ਕਵਿਤਾਵਾਂ ਪੜਨ ਵਾਲਿਆਂ ਦਾ ਕੁੱਝ ਨਾ ਕੁੱਝ ਤਾਂ ਹੱਕ ਬਣਦਾ ਈ ਐ ਨਾ? ਗੁਰਮੀਤ ! ਉਮਰ ਦੇ ਐਸ ਪੜਾਅ `ਤੇ ਆਕੇ ਇਹ ਗੱਲਾਂ ਕਰਨੀਆਂ ਨੀ ਚਾਹੁੰਦਾ, ਪਰ ਕਰਨੀਆਂ ਪੈਂਦੀਆਂ। ਸਾਨੂੰ ਸਤਾਰਵੀਂ ਸਦੀ ਦੇ ਸਿੱਖਾਂ ਵਰਗੇ ਮਿਸਾਲੀ ਕਿਰਦਾਰ ਚਾਹੀਦੇ ਸਨ। ਅਫਸੋਸ ਕਿ ਕਈ ਲੋਕਾਂ ਦੇ ਕਿਰਦਾਰ ਨੀਵੇਂ ਰਹਿ ਗਏ। ਜਾਤੀਵਾਦ ਵੀ ਨਹੀਂ ਗਿਆ ਅੰਦਰੋਂ, ਗੱਲਾਂ ਸਮਾਜਵਾਦ ਦੀਆਂ ਕਰਦੇ ਰਹੇ ਪਰ ਆਪਣੇ ਅੰਦਰਲਾ ਜੰਗੀਰਦਾਰ ਮਾਰਿਆ ਨਹੀˆ।"

      ਸਾਥੀ ਦੀਆਂ ਗੱਲਾˆ ਕੌੜੀਆਂ ਜਰੂਰ ਨੇ ਪਰ ਹੈਨ ਚਿੱਟੇ ਦਿਨ ਵਰਗੀਆਂ, "ਲੈਨਿਨ ਤੇ ਮਾਉ ਮਹਾਨ ਨੇ । ਬਹੁਤ ਮਹਾਨ ਨੇ, ਇਹਦੇ `ਚ ਕੋਈ ਦੋ ਰਾਵਾਂ ਨਈਂ। ਅਸੀਂ ਇਹਨਾਂ ਤੋˆ ਪਰੇਰਨਾ ਲੈ ਸਕਦੇ ਹਾਂ ਪਰ ਹਜਾਰਾਂ ਮੀਲ ਦੂਰ ਦੇ ਸਿਧਾਂਤਾਂ ਨੂੰ ਇਥੇ ਲਾਗੂ ਕਰੀ ਜਾਣਾ ਕਿੰਨਾ ਕੁ ਤਰਕ ਸੰਗਤ ਸੀ? ਸਾਡਾ ਆਵਦਾ ਇਤਿਹਾਸ ਨਾਇਕਾਂ ਨਾਲ ਭਰਿਆ ਪਿਆ, ਔਰ ਦੁੱਖ ਦੀ ਗੱਲ ਇਹ ਕਿ ਅਸੀਂ ਆਵਦੇ ਨਾਇਕਾਂ ਨੂੰ ਪੁੱਛਿਆ ਈ ਨਈਂ। ਇਥੋˆ ਦੀ ਜ਼ਮੀਨ ਨਾਲ ਜੁੜਕੇ ਹੀ ਤਬਦੀਲੀ ਲਿਆਉਣ ਦੀ ਗੱਲ ਕੀਤੀ ਜਾ ਸਕਦੀ ਐ। ਵਕਤ ਬਹੁਤ ਅੱਗੇ ਲੰਘ ਗਿਆ, ਅਸੀਂ ਬੜੇ ਪਿੱਛੇ ਰਹਿ ਗਏ ਆਂ ਪਰ ਮੈਂ ਅੱਜ ਵੀ ਇਸ ਗੱਲ ਦਾ ਮੁਦਈ ਹਾਂ ਕਿ ਇਨਕਲਾਬ ਬਿਨਾਂ ਇਸ ਮੁਲਕ ਦਾ ਸਰਨਾ ਨਈਂ । ਆਹ ਹੁਣ ਕਨਈਏ ਵਰਗੇ ਨਵੇਂ ਮੁੰਡਿਆਂ ਅੰਦਰ ਬਲਦੀ ਹੋਈ ਅੱਗ ਵੇਖਕੇ ਦਿਲ ਨੂੰ ਧਰਵਾਸ ਹੁੰਦਾ ਕਿ ਅਸੀˆ ਹਾਰੇ ਨਹੀਂ ਆਂ। ਅਸੀਂ  ਲੜ ਰਹੇ ਹਾਂ ! ਸਾਥੀ ਸ਼ੇਅਰ ਗੁਣਗਨਾਉਣ ਲੱਗਦਾ ਹੈ :-

ਮਸ਼ਾਲਾਂ ਹਾˆ ਅਸੀਂ ਰਾਹਾਂ ਦੀਆਂ, ਦੀਵੇ ਘਰਾਂ ਦੇ ਹਾਂ,

ਨਹੀਂ ਹਾˆ ਚੰਦ ਅਰਸ਼ਾਂ ਦੇ , ਅਸੀਂ ਤਾਰੇ ਨਹੀਂ ਯਾਰੋ।

ਮੁਹਾਜ਼ਾਂ ਨਾਲੋˆ ਘਰ ਸਾਨੂੰ, ਹੋਏ ਪਿਆਰੇ ਨਹੀਂ ਯਾਰੋ,

ਅਸੀˆ ਜਿੱਤੇ ਨਹੀਂ ਹਾਂ ਜੇ, ਅਸੀਂ ਹਾਰੇ ਨਹੀਂ ਯਾਰੋ।

ਸਾਥੀ ਦੀਆਂ ਅੱਖਾਂ ਵਿਚਲੀ ਲਿਸ਼ਕ ਹੋਰ ਚਮਕਣ ਲੱਗਦੀ ਹੈ !

*****************

ਸੰਪਰਕ : 9872640994

ਬੋਹੜ ਵਾਲਿਆਂ ਦਾ ਸਾਧਾ - ਗੁਰਮੀਤ ਕੜਿਆਲਵੀ

ਬੋਹੜ ਵਾਲਿਆਂ ਦਾ ਸਾਧਾ
ਲੋੜੋਂ ਵੱਧ ਪੜ੍ਹ ਗਿਆ ਹੈ
ਅਨਪੜ੍ਹ ਮਾਂ ਉਸਨੂੰ ਪਿਆਰ ਨਾਲ
"ਸਾਡਾ ਪਾੜ੍ਹਾ" ਆਖਦੀ ਹੈ।
ਮਾਂ ਦਾ "ਸਾਡਾ ਪਾੜ੍ਹਾ"
ਸੱਤਵੀਂ ਤੋਂ ਅੱਗੇ ਵੀ ਪੜ੍ਹਦਾ
ਜੇ ਉਸਦਾ ਕੁੱਤਾ ਨਾ ਅੜਦਾ ।
ਮਾਸਟਰ ਨੇ ਬੋਰਡ 'ਤੇ ਚਾਕ ਘਸਾਉਂਦਿਆ
"ਮੰਨ ਲਓ ਮੂਲਧਨ ਸੌ" ਆਖਿਆ
ਸਾਧਾ ਆਕੜ ਗਿਆ,
"ਐਂ ਕਿਮੇ ਮੰਨ ਲਈਏ ?"
ਮਾਸਟਰ ਨੂੰ ਗੁੱਸਾ ਆਇਆ,
"ਮੰਨਣ 'ਚ ਕੀ ਹਰਜ਼ ਐ?"
ਸਾਧਾ ਨੀ ਮੰਨਿਆ
"ਮਾਸਟਰ ਜੀ ਕੱਲ੍ਹ ਨੂੰ ਆਖ ਦਿਉਂਗੇ
ਮੰਨ ਲਓ ਰੁਲਦੂ ਤੇਰਾ ਬਾਪ ਐ;
ਇਹ ਤਾਂ ਜਮਾ ਪਾਪ ਐ।"
ਸਾਧੇ ਨੇ ਭੂਗੋਲ ਵਾਲੇ ਨਾਲ ਵੀ
ਕੁੱਤਾ ਫਸਾ ਲਿਆ
"ਮਾਸਟਰ ਜੀ ਜਮਾ ਝੂਠ ਮਾਰਦੇ ਓਂ
ਧਰਤੀ ਘੁੰਮਦੀ ਨਹੀ ਖੜੀ ਐ
ਘੁੰਮਦੀ ਐ ਤਾਂ ਦਿਖਾਓ"
ਸਾਧੇ ਦਾ ਬਾਪ ਉਸਤੋਂ ਵੀ ਸਲੱਗ
"ਮਾਸਟਰਾ ਗੱਲ ਤਾਂ ਮੁੰਡੇ ਦੀ ਠੀਕ ਐ
ਘੁੰਮਦੀ ਐ ਤਾਂ ਘੁੰਮਦਿਆਂ ਵਿਖਾਦੇ।"
ਪਾਣੀਪਤ ਦੀ ਤੀਜੀ ਲੜਾਈ 'ਚ
ਸਾਧਾ ਮਰਾਠਿਆਂ ਵੱਲ ਹੋ ਖਲੋਤਾ
ਆਂਹਦਾ ਅਹਿਮਦ ਸ਼ਾਹ ਅਬਦਾਲੀ ਨਹੀਂ
ਮਰਾਠੇ ਜਿੱਤੇ ਸਨ
ਮਾਸਟਰ ਮੱਥੇ ਦੀਆਂ ਠੀਕਰੀਆਂ ਭੰਨ੍ਹ ਲਈਆਂ
ਸਾਧਾ ਟੱਸ ਤੋਂ ਮੱਸ ਨਹੀਂ ਹੋਇਆ
ਉਸ ਇਕੋ ਰਟ ਫੜ ਲਈ,
"ਯਾਰ ਤਾਂ ਮਾੜੀ ਧਿਰ ਨਾਲ ਹੀ ਖੜਦੇ ਹੁੰਦੇ।"
ਅੱਜਕਲ੍ਹ ਸਾਧੇ ਦਾ ਕੁੱਤਾ ਦਿੱਲੀ ਵਾਲੇ ਨਾਲ
ਫਸਿਆ ਹੋਇਆ
ਦਿੱਲੀ ਵਾਲਾ ਬਥੇਰਾ ਸਮਝਾਉਂਦਾ ਹੈ,
"ਮੇਰਾ ਆੜੀ ਸ਼ਾਹੂਕਾਰ ਤੇਰੀ ਫਸਲ
ਸਿੱਧੀ ਖੇਤ 'ਚੋਂ ਚੱਕ ਲਿਆ ਕਰੂ
ਸ਼ਾਹੂਕਾਰ ਨਾਲ ਪੱਕਾ ਕਰਾਰ ਹੋਜੂ
ਜੋ ਉਹ ਆਖੂ ਬੀਜ਼ ਲਿਆ ਕਰੀਂ
ਜਿੱਥੇ ਜੀਅ ਕਰੇ ਵੇਚ ਵੱਟ ਲਵੀਂ
ਸ਼ਾਹੂਕਾਰ ਨਾਲ ਪੱਕੀ ਆੜੀ
ਰਾਤ ਦਿਨ ਢੋਲੇ ਦੀਆਂ ਲਾਵੀਂ।
ਸਾਧੇ ਦਾ ਕੁੱਤਾ ਅੜਿਆ ਪਿਆ ਐ
"ਉਏ ਦਿੱਲੀ ਵਾਲਿਆ !
ਸਾਡੇ ਮਨ ਕੀ ਬਾਤ ਵੀ ਸੁਣ ਲਿਆ ਕਰ
ਨਾਲੇ ਇਕ ਗੱਲ ਸੁਣ
ਖੇਤ ਸਾਡੇ
ਫਸਲਾਂ ਸਾਡੀਆਂ
ਤੂੰ ਢੇਕਾ ਲੱਗਦੈਂ ?"
ਦਿੱਲੀ ਵਾਲਾ ਅੱਲੀਆਂ ਟਪੱਲੀਆਂ ਮਾਰਕੇ
ਡੰਗ ਟਪਾਉਂਦਾ ਹੈ
ਉਸਦਾ ਚੀਲ੍ਹ 'ਚ ਗਿੱਟਾ ਫਸਿਆ ਪਿਆ
ਓਧਰ ਸਾਧੇ ਦਾ ਕੁੱਤਾ ਫਸਿਆ ਪਿਆ
ਦਿੱਲੀ ਵਾਲਾ ਕੀ ਜਾਣੇ
ਸਾਧੇ ਦਾ ਕੁੱਤਾ ਜਿਹੜੀ ਗੱਲ 'ਤੇ
ਅੜ ਗਿਆ ਸੋ ਅੜ ਗਿਆ।
ਉਂਜ ਸਾਧੇ ਨੇ ਸਾਫ ਕਰ ਦਿੱਤਾ
ਮੂਲਧਨ ਵੀ ਸੌ ਮੰਨ ਲੈਂਦਾਂ
ਧਰਤੀ ਘੁੰਮਦੀ ਨਹੀਂ ਛੁਕਾਟੇ ਪਾਉਂਦੀ
ਤੇਰੇ ਕਹੇ ਪਾਣੀਪਤ ਦੀ ਜੰਗ ਵੀ ਅਦਬਾਲੀ ਨੂੰ ਜਿਤਾ ਦਿੰਨਾ
ਪਰ ਭਾਈ ਸਾਹਿਬ
ਆਪਣੀ ਫਸਲ ਦਾ ਫੈਸਲਾ ਸਾਧਾ ਆਪ ਕਰੂ
ਜਮਾਂ ਆਪ ।

ਤੁਰ ਗਿਆ "ਗ਼ੈਰ ਹਾਜ਼ਿਰ" ਆਦਮੀ - ਗੁਰਮੀਤ ਕੜੀਆਲਵੀ

ਪ੍ਰੇਮ ਗੋਰਖੀ ਅਣਹੋਇਆ ਦਾ ਲੇਖਕ ਸੀ। ਉਸਦੀ ਸਵੈ ਜੀਵਨੀ "ਗ਼ੈਰ ਹਾਜ਼ਿਰ ਆਦਮੀ" ਨਾਗਮਣੀ 'ਚ ਛਪਦੀ ਹੁੰਦੀ ਸੀ। ਉਹਨਾਂ ਦਿਨਾਂ 'ਚ ਗੋਰਖੀ ਦੀ ਜੀਵਨੀ ਅਤੇ ਬਲਦੇਵ ਸਿੰਘ ਸੜਕਨਾਮਾ ਦਾ ਕਾਲਮ "ਸੜਕਨਾਮਾ" ਪੜ੍ਹਨ ਲਈ ਹੀ ਨਾਗਮਣੀ ਲੱਭ ਲੱਭ ਕੇ ਪੜ੍ਹੀ ਦਾ ਸੀ। ਪ੍ਰੇਮ ਗੋਰਖੀ ਨਾਗਮਣੀ ਅਤੇ ਅੰਮ੍ਰਿਤਾ ਦਾ ਚਹੇਤਾ ਲੇਖਕ ਸੀ। ਉਸਦੀ ਸਵੈ ਜੀਵਨੀ ਇਸ ਕਰਕੇ ਵੀ ਚੰਗੀ ਲੱਗਦੀ ਕਿ ਉਸ ਵਿੱਚੋਂ ਮੇਰੇ ਵਰਗਿਆਂ ਨੂੰ ਆਪਣੇ ਆਪ ਦਾ ਝਾਉਲਾ ਪੈਂਦਾ। ਉਸ ਵਿਚਲਾ ਪ੍ਰੇਮ ਕਦੇ ਕਿਸੇ ਕੁੜੀ ਪਿੱਛੇ ਲੜਾਈ ਮੁੱਲ ਲੈਂਦਾ ਅਤੇ ਕਦੇ ਪੈਸੇ ਦੀ ਤੰਗੀ ਕਰਕੇ ਚੋਰੀ ਚਕਾਰੀ ਵੀ ਕਰਦਾ। ਉਸਨੇ ਆਪਣੇ ਆਪ ਨੂੰ ਵਡਿਆਇਆ ਨਹੀਂ ਸੀ। ਆਪਣੇ ਆਪ ਨੂੰ ਗਲੋਰੀਫਾਈ ਨਹੀਂ ਸੀ ਕੀਤਾ। ਬਿਲਕੁੱਲ ਸਾਧਾਰਨ ਗਰੀਬ ਘਰ ਦਾ ਮੁੰਡਾ ਜੋ ਅੱਖਾਂ 'ਚ ਮੁਹੱਬਤ ਦੇ ਵੀ ਸੁਪਨੇ ਬੁਣਦਾ ਹੈ ਤੇ ਕੁੱਝ ਨਵਾਂ ਕਰਨ ਦੇ ਵੀ। "ਗ਼ੈਰ ਹਾਜ਼ਿਰ ਆਦਮੀ" ਇਕ ਸਾਧਾਰਨ ਮਨੁੱਖ ਦੀ ਸਾਧਾਰਨਤਾ ਦੀ ਬਾਤ ਸੀ। ਇਸੇ ਕਰਕੇ ਇਸ ਸਵੈ ਜੀਵਨੀ ਨੇ ਪਹਿਲੀ ਵਾਰ ਸਵੈ ਜੀਵਨੀ ਲੇਖਣ ਦੇ ਖੇਤਰ 'ਚ ਭਰਵੀਂ ਚਰਚਾ ਛੇੜੀ ਸੀ। ਇਸਦਾ ਲੇਖਕ ਮਹਾਨ ਮਨੁੱਖ ਨਹੀਂ ਸੀ। ਕੋਈ ਆਜ਼ਾਦੀ ਘੁਲਾਟੀਆ, ਕੋਈ ਮਹਾਨ ਵਿਗਿਆਨੀ, ਖਿਡਾਰੀ ਜਾਂ ਲਿਖਾਰੀ ਨਹੀਂ ਸੀ ਫਿਰ ਵੀ ਇਹ ਸਵੈ ਜੀਵਨੀ ਵੱਧ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿੱਚ ਸ਼ਾਮਲ ਸੀ। ਬਹੁਤ ਸਾਰੇ ਪਾਠਕ "ਗ਼ੈਰ ਹਾਜ਼ਿਰ ਆਦਮੀ" ਲਈ ਹੀ ਨਾਗਮਣੀ ਪੜਦੇ ਸਨ।

      ਪ੍ਰੇਮ ਗੋਰਖੀ ਦੀ ਕਹਾਣੀ "ਇਕ ਟਿਕਟ ਰਾਮਪੁਰਾ ਫੂਲ" ਦ੍ਰਿਸ਼ਟੀ ਮੈਗਜ਼ੀਨ ਵਿਚ ਛਪੀ ਤਾਂ ਇਸਦੀ ਭਰਵੀਂ ਚਰਚਾ ਹੋਈ। ਇਹ 'ਦੀਵਾ ਬੱਲੇ ਸਾਰੀ ਰਾਤ' ਵਾਲਾ ਸਮਾਂ ਸੀ। ਕ੍ਰਿਪਾਲ ਕਜ਼ਾਕ, ਦਲਬੀਰ ਚੇਤਨ,ਨਛੱਤਰ, ਗੁਰਚਰਨ ਚਾਹਲ ਭੀਖੀ, ਸੁਰਿੰਦਰ ਸ਼ਰਮਾ, ਬਲਦੇਵ ਸਿੰਘ ਸੜਕਨਾਮਾ ਤੇ ਉਸ ਪੀੜੀ ਦੇ ਹੋਰ ਵੀ ਨਾਮਵਰ ਕਹਾਣੀਕਾਰ ਸਾਰੀ ਸਾਰੀ ਰਾਤ ਕਹਾਣੀਆਂ ਪੜ੍ਹਦੇ। ਪੜ੍ਹੀਆਂ ਕਹਾਣੀਆਂ 'ਤੇ ਨਿੱਠ ਕੇ ਚਰਚਾ ਹੁੰਦੀ। ਬੇਲਿਹਾਜ਼ ਹੋ ਕੇ ਇਕ ਦੂਜੇ ਦੀਆਂ ਕਹਾਣੀਆਂ ਦੀ ਛਿੱਲ ਲਾਹੀ ਜਾਂਦੀ। ਇਕ ਦੂਜੇ ਦੀ ਪਿੱਠ ਖੁਰਕਣ ਦਾ ਉਦੋਂ ਅਜੇ ਬਹੁਤਾ ਰਿਵਾਜ਼ ਨਹੀਂ ਸੀ ਪਿਆ। ਐਨੇ ਐਵਾਰਡ ਵੀ ਸ਼ੁਰੂ ਨਹੀਂ ਸਨ ਹੋਏ। ਪ੍ਰੇਮ ਗੋਰਖੀ ਕਹਾਣੀਆਂ ਦੀ ਇਸ ਰਾਤ "ਦੀਵਾ ਬਲੇ ਸਾਰੀ ਰਾਤ" ਦਾ ਮੋਹਰੀ ਆਗੂ ਹੁੰਦਾ ਸੀ। ਪੰਜਾਬ ਦੇ ਹਾਲਾਤ ਜਿਆਦਾ ਵਿਗੜੇ ਤਾਂ ਕਹਾਣੀਆਂ ਵਾਲੀਆਂ ਰਾਤਾਂ ਵੀ ਬੰਦ ਹੋ ਗਈਆਂ। ਦੁਬਾਰਾ ਸ਼ੁਰੂ ਕਰਨ ਦਾ ਯਤਨ ਤਾਂ ਹੋਇਆ ਪਰ ਉਦੋਂ ਨੂੰ ਕਹਾਣੀਕਾਰਾਂ ਦਾ ਨਵਾਂ ਪੂਰ ਪਿੜ 'ਚ ਆ ਚੁੱਕਾ ਸੀ ਜਿਹੜਾ ਆਪਣੇ ਆਪ ਨੂੰ ਸਰਵ ਸੰਪਨ ਸਮਝਦਾ ਅਜਿਹੀਆਂ ਗੋਸ਼ਟੀਆਂ ਜਾਂ ਵਿਚਾਰ ਚਰਚਾ ਨੂੰ ਫਜ਼ੂਲ ਸਮਝਦਾ ਸੀ। "ਦੀਵਾ ਬਲੇ ਸਾਰੀ ਰਾਤ" ਦੇ ਦੂਜੇ ਪੜਾਅ ਵਿੱਚ ਹੀ ਉਹਨਾਂ ਦੇ ਹੁਕਮਾਂ 'ਤੇ ਪਟਿਆਲੇ ਡੀ ਸੀ ਡਬਲਿਊ (ਰੇਲਵੇ ਕਾਲੋਨੀ) ਦੇ ਕੁਆਰਟਰਾਂ 'ਚ ਹੋਈ ਗੋਸ਼ਟੀ 'ਚ ਸ਼ਾਮਲ ਹੋਣ ਦਾ ਸਬੱਬ ਬਣਿਆ। ਫੇਰ ਬਲਦੇਵ ਸਿੰਘ ਸੜਕਨਾਮਾ ਦੇ ਘਰ 'ਚ ਕਹਾਣੀਕਾਰਾਂ ਨੇ ਦੀਵਾ ਬਾਲਿਆ। ਪ੍ਰੇਮ ਗੋਰਖੀ ਚੰਡੀਗੜ੍ਹ ਤੋਂ ਚੱਲ ਕੇ ਆਇਆ। ਜਸਵੀਰ ਕਲਸੀ ਅਤੇ ਮੇਰੇ ਤੋਂ ਵੀ ਕਹਾਣੀਆਂ ਸੁਣੀਆਂ। ਸਾਡੇ 'ਚ ਐਨਾ ਸਬਰ ਨਹੀਂ ਸੀ।

        ਪ੍ਰੇਮ ਗੋਰਖੀ ਪੰਜਾਬੀ ਕਹਾਣੀ ਦੀ ਇਕ ਵਿਲੱਖਣ ਧਾਰਾ ਦਾ ਨਾਂ ਸੀ। ਉਸਨੇ ਦਲਿਤਾਂ ਦੀ ਯਥਾਰਥਿਕ ਸਥਿਤੀ ਬਾਰੇ ਮਹਿਜ਼ ਫੋਟੋਗ੍ਰਾਫੀ ਕਰਨ ਦੀ ਥਾਂ 'ਤੇ ਉਹਨਾਂ ਦੀ ਮਾਨਸਿਕਤਾ ਅਤੇ ਉਹਨਾਂ ਅੰਦਰਲੇ ਦਵੰਦਾਂ ਨੂੰ ਪੇਸ਼ ਕਰਨ ਦਾ ਕਾਰਜ ਕੀਤਾ। ਦਲਿਤ ਪਾਤਰਾਂ ਨੂੰ ਚਿਤਰਦਿਆਂ ਉਹ ਉਲਾਰ ਨਹੀਂ ਸੀ ਹੁੰਦਾ ਸਗੋਂ ਇਹਨਾਂ ਅੰਦਰਲੀਆਂ ਵਿਸੰਗਤੀਆਂ ਅਤੇ ਕਮੀਨਗੀਆਂ ਨੂੰ ਵੀ ਇਮਾਨਦਾਰੀ ਨਾਲ ਪੇਸ਼ ਕਰਦਾ ਸੀ। ਉਹ ਪਾਤਰਾਂ ਦੇ ਅੰਦਰ ਉਤਰਨਾ ਜਾਣਦਾ ਸੀ। ਉਸਦੀ ਕਹਾਣੀ ਬੜੀ ਸ਼ੂਖਮ ਛੋਹਾਂ ਵਾਲੀ ਹੁੰਦੀ ਸੀ। ਦੁਆਬੇ ਦੇ ਦਲਿਤਾਂ ਅੰਦਰ ਆ ਰਹੀਆਂ ਆਰਥਿਕ, ਸਮਾਜਿਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਿੰਨੀ ਸਹਿਜਤਾ ਨਾਲ ਪ੍ਰੇਮ ਗੋਰਖੀ ਨੇ ਲਿਖਿਆ ਹੈ, ਸ਼ਾਇਦ ਹੋਰ ਲੇਖਕ ਨਾ ਲਿਖ ਸਕਿਆ ਹੋਵੇ।

        ਕੁੰਡਾ, ਅਰਜਨ ਸਫੈਦੀ ਵਾਲਾ, ਭੇਤੀ ਬੰਦੇ, ਬਚਨਾ ਬੱਕਰਵੱਡ, ਵਿੱਥ, ਧੀਆਂ, ਆਖਰੀ ਕਾਨੀ ਵਰਗੀਆਂ ਅਮਰ ਕਹਾਣੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ ਪ੍ਰੇਮ ਗੋਰਖੀ ਜਲੰਧਰ ਲਾਗਲੇ ਪਿੰਡ ਲਾਡੋਵਾਲੀ ਦਾ ਜੰਮਪਲ ਸੀ। ਕਾਗਜ਼ਾਂ 'ਚ ਉਸਦੀ ਜਨਮ ਤਾਰੀਕ 15 ਜੂਨ 1947 ਹੈ। ਉਸਦੇ ਬਾਪ ਦਾ ਨਾਂ ਅਰਜਨ ਦਾਸ ਤੇ ਮਾਂ ਦਾ ਨਾਂ ਰੱਖੀ ਸੀ। ਉਸਨੇ "ਮਿੱਟੀ ਰੰਗੇ ਲੋਕ" "ਧਰਤੀ ਪੁੱਤਰ" "ਅਰਜਨ ਸਫੈਦੀ ਵਾਲਾ" "ਜੀਣ ਮਰਨ" ਉਸਦੇ ਕਹਾਣੀ ਸੰਗ੍ਰਹਿ ਹਨ। 'ਤਿੱਤਰ ਖੰਭੀ ਜੂਹ' ਨਾਵਲਿਟ ਵੀ ਚਰਚਿਤ ਮੈਗਜ਼ੀਨ 'ਦ੍ਰਿਸ਼ਟੀ' 'ਚ ਛਪਿਆ ਸੀ। 'ਵਣਵੇਲਾ' ਤੇ 'ਬੁੱਢੀ ਰਾਤ ਤੇ ਸੂਰਜ' ਵੀ ਪੰਜਾਬੀ ਪਾਠਕਾਂ 'ਚ ਖਾਸੇ ਪ੍ਰਵਾਨ ਹੋਏ ਸਨ।

       ਪ੍ਰੇਮ ਗੋਰਖੀ ਪਹਿਲਾਂ ਅਜੀਤ 'ਚ ਪਰੂਫ ਰੀਡਿੰਗ ਦਾ ਕੰਮ ਕਰਦਾ ਰਿਹਾ। ਪੰਜਾਬੀ ਟ੍ਰਿਬਿਊਨ ਅਖਬਾਰ ਸ਼ੁਰੂ ਹੋਣ 'ਤੇ ਬਤੌਰ ਪਰੂਫ ਰੀਡਰ ਚੰਡੀਗੜ੍ਹ ਆ ਗਿਆ ਤੇ ਇਥੋਂ ਹੀ ਸੀਨੀਅਰ ਪਰੂਫ ਰੀਡਰ ਰਿਟਾਇਰ ਹੋਇਆ। ਉਹ ਮੇਰੇ ਸਮੇਤ ਅਨੇਕਾਂ ਨਵੇਂ ਕਹਾਣੀਕਾਰਾਂ ਨੂੰ ਸੇਧ ਦਿੰਦਾ ਰਹਿੰਦਾ। ਚਿਠੀਆਂ ਦੇ ਲੰਮੇ ਜੁਆਬ ਲਿਖਦਾ। ਅਕਸਰ ਉਸ ਕੋਲ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਜਾਣਾ ਬਣਿਆ ਰਹਿੰਦਾ। ਸੈਕਟਰ 29 ਵਾਲੀ ਟ੍ਰਿਬਿਊਨ ਕਾਲੋਨੀ ਵਾਲੇ ਉਸਦੇ ਘਰ ਲੇਖਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ। ਉਹ ਨਵਿਆਂ ਪੁਰਾਣਿਆਂ ਨੂੰ ਇੱਕੋ ਜਿੰਨੇ ਮੋਹ ਪਿਆਰ ਨਾਲ ਮਿਲਦਾ। ਉਸਦਾ ਦਾਇਰਾ ਭਾਵੇਂ ਵੱਡਾ ਸੀ ਪਰ ਉਹ ਜੁਗਾੜੀ ਲੇਖਕ ਨਹੀਂ ਸੀ, ਇਸੇ ਕਰਕੇ ਕੋਈ ਵੱਡਾ ਇਨਾਮ ਉਸਦੇ ਹਿੱਸੇ ਨਾ ਆ ਸਕਿਆ। ਕਈ ਸਾਲ ਹੋਏ ਉਸਦਾ ਭਿਆਨਕ ਐਕਸੀਡੈਂਟ ਹੋਇਆ। ਜਾਨ ਤਾਂ ਭਾਵੇਂ ਬਚ ਗਈ ਪਰ ਸਿਰ ਦੀ ਸੱਟ ਨੇ ਉਸਨੂੰ ਸਾਵਾਂ ਨਾ ਰਹਿਣ ਦਿੱਤਾ। ਉਸਦੀਆਂ ਸਰਗਰਮੀਆਂ 'ਚ ਪਹਿਲਾਂ ਜਿਹਾ ਤਿੱਖਾਪਣ ਨਾ ਰਿਹਾ। ਉਹ ਚੰਡੀਗੜ੍ਹ ਤੋਂ ਜਲੰਧਰ ਜਾਂਦਾ ਤੇ ਭਗਵੰਤ, ਕਾਲੀ ਤੇ ਮੱਖਣ ਮਾਨ ਵਰਗੇ ਉਮਰੋਂ ਛੋਟੇ ਬੇਲੀਆਂ ਨੂੰ ਮਿਲ ਲੈਂਦਾ। ਬਾਕੀ ਪੰਜਾਬ ਨਾਲੋਂ ਨਾਤਾ ਜਿਵੇਂ ਟੁੱਟ ਗਿਆ ਸੀ।

       ਹੁਣ ਉਸਦੀ ਕਲਮ ਦੁਬਾਰਾ ਰਵਾਂ ਹੋਈ ਸੀ। ਉਸਨੇ ਪੰਜਾਬੀ ਟ੍ਰਿਬਿਊਨ ਵਿੱਚ ਆਪਣੇ ਪਾਤਰਾਂ ਬਾਰੇ ਲਿਖਣਾ ਸ਼ੁਰੂ ਕੀਤਾ। ਰਾਜਿੰਦਰ ਬਿਮਲ, ਕਰਨ ਭੀਖੀ ਤੇ ਹੋਰ ਪ੍ਰਕਾਸ਼ਕਾਂ ਨੇ ਉਹਨਾਂ ਦੀਆਂ ਕਿਤਾਬਾਂ ਦੇ ਨਵੇਂ ਐਡੀਸ਼ਨ ਛਾਪਣ ਦੀ ਚਾਰਾਜੋਈ ਕਰਨੀ ਆਰੰਭੀ। ਉਮੀਦ ਬੱਝੀ ਕਿ ਹੁਣ ਉਹਨਾਂ ਦੀਆਂ ਨਵੀਂਆਂ ਕਹਾਣੀਆਂ ਵੀ ਪੜਨ ਨੂੰ ਮਿਲਣਗੀਆਂ।

      ਪਿਛਲੇ ਤੋ ਪਿਛਲੇ ਸਾਲ ਮੋਹਨਜੀਤ, ਪਿਛਲੇ ਸਾਲ ਕਿਰਪਾਲ ਕਜ਼ਾਕ ਤੇ ਫਿਰ ਐਤਕੀਂ ਗੁਰਦੇਵ ਸਿੰਘ ਰੁਪਾਣਾ ਨੂੰ ਸਾਹਿਤ ਅਕਾਡਮੀ ਐਵਾਰਡ ਮਿਲ ਜਾਣ ਨਾਲ ਆਸ ਬੱਝੀ ਸੀ ਕਿ ਚਿਰਾਂ ਦੇ ਅਣਗੌਲੇ ਤੁਰੇ ਆਉਂਦੇ ਪ੍ਰੇਮ ਗੋਰਖੀ ਦੀ ਝੋਲੀ ਵੀ ਅਜ ਭਲਕ ਇਹ ਐਵਾਰਡ ਪੈ ਹੀ ਜਾਵੇਗਾ। ਉਸਦੇ ਸੰਗੀ ਸਾਥੀ ਉਸਦੀਆਂ ਚਿਰ ਸਥਾਈ ਰਚਨਾਵਾਂ ਦੀ ਗੱਲ ਕਰਕੇ ਉਸਦੇ ਅਣਗੌਲੇ ਰਹਿ ਜਾਣ ਦਾ ਰੰਜ ਕਰਦੇ ਰਹਿੰਦੇ ਸਨ।

  ਇਸਤੋਂ ਪਹਿਲਾਂ ਕਿ ਭਾਸ਼ਾ ਵਿਭਾਗ, ਅਕਾਡਮੀ ਜਾਂ ਹੋਰ ਸੰਸਥਾਵਾਂ ਆਪਣੀ ਭੁੱਲ ਸੁਧਾਰਦੀਆਂ- ਪੰਜਾਬੀ ਕਹਾਣੀ ਵਿੱਚ ਅਣਹੋਇਆ ਦੀ ਬਾਤ ਪਾਉਣ ਵਾਲਾ ਗੋਰਖੀ ਲੰਮੇ ਰਾਹਾਂ 'ਤੇ ਤੁਰ ਗਿਆ। ਹੁਣ ਫੋਨ 'ਤੇ ਉਸਦੀ ਪਿਆਰੀ ਖੜਕਵੀਂ ਆਵਾਜ਼, "ਕੈਸੇ ਹੈ ਪਿਆਰਿਓ ? ਠੀਕ ਓਂ। ਕੋਈ ਨਵੀਂ ਕਹਾਣੀ ਲਿਖੀ ਐ ?" ਸੁਨਣ ਨੂੰ ਨਹੀਂ ਮਿਲਣੀ।

ਵਿਦਿਆ  ਦਾ ਘਣਛਾਵਾਂ  ਰੁੱਖ - ਗੁਰਮੀਤ ਕੜਿਆਲਵੀ

ਭੈਣ ਜੀ ਨਸੀਬ ਕੌਰ ਤਖਾਣਵੱਧ ਮੇਰੇ ਪਿੰਡ ਕੜਿਆਲ ਦੇ ਸਕੂਲ ਦੀ ਪਹਿਲੀ ਅਧਿਆਪਕਾ ਸੀ ਜਿਸ ਨੇ ਆਪਣੇ ਨਾਂ ਵਾਂਗ ਹੀ ਵਿਦਿਆ ਦੀ ਰੋਸ਼ਨੀ ਦਿਖਾ ਕੇ ਮੇਰੇ ਪਿੰਡ ਦੀਆਂ ਸੈਂਕੜੇ ਧੀਆਂ ਦੇ ਨਸੀਬ ਲਿਖੇ।
       ਉਨ੍ਹਾਂ ਦਾ ਜਨਮ 25 ਅਕਤੂਬਰ 1926 ਨੂੰ ਪਿੰਡ ਕੋਕਰੀ ਕਲਾਂ ਦੇ ਰਹਿਣ ਵਾਲੇ ਗੋਖਾ ਸਿੰਘ ਅਤੇ ਭਾਗ ਕੌਰ ਦੇ ਘਰ ਹੋਇਆ। ਮੈਟ੍ਰਿਕ ਉਨ੍ਹਾਂ ਬੀਬੀ ਹਰਪ੍ਰਕਾਸ਼ ਕੌਰ ਖਾਲਸਾ ਹਾਈ ਸਕੂਲ ’ਚੋਂ 1945 ਵਿਚੋਂ ਕੀਤੀ। ਜਿਨ੍ਹਾਂ ਸਮਿਆਂ ’ਚ ਲੜਕੀ ਦੇ ਜਨਮ ਨੂੰ ਬੋਝ ਸਮਝਿਆ ਜਾਂਦਾ ਸੀ, ਉਨ੍ਹਾਂ ਦੇ ਚੇਤਨ ਮਾਤਾ ਪਿਤਾ ਨੇ ਉਨ੍ਹਾਂ ਵੇਲਿਆਂ ’ਚ ਵੀ ਆਪਣੀ ਧੀ ਨੂੰ ਹੋਸਟਲ ’ਚ ਰੱਖ ਕੇ ਪੜ੍ਹਾਈ ਕਰਵਾਈ। 1950-51 ਵਿਚ ਉਨ੍ਹਾਂ ਜੇਬੀਟੀ ਪਾਸ ਕੀਤੀ। 1950 ਦੇ ਪੰਜ ਹਾੜ ਵਾਲੇ ਦਿਨ ਉਨ੍ਹਾਂ ਦੀ ਸ਼ਾਦੀ ਤਖਾਣਵੱਧ ਵਾਸੀ ਮੋਦਨ ਸਿੰਘ ਦੇ ਲੜਕੇ ਲਾਲ ਸਿੰਘ ਨਾਲ ਹੋ ਗਈ ਜੋ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਸਨ।
        ਨਸੀਬ ਕੌਰ ਜੀ ਦੀ ਪਹਿਲੀ ਨਿਯੁਕਤੀ ਡਿਸਟ੍ਰਿਕ ਬੋਰਡ ਫਿਰੋਜ਼ਪੁਰ ਅਧੀਨ ਪਿੰਡ ਕੜਿਆਲ ਦੇ ਬੰਦ ਪਏ ਲੜਕੀਆਂ ਦੇ ਸਕੂਲ ਵਿਚ ਹੋਈ। ਉਨ੍ਹਾਂ ਨੇ ਪਿੰਡ ਦੇ ਘਰ ਘਰ ਜਾ ਕੇ ਕੁੜੀਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਆ। ਮਿਸਤਰੀ ਸੰਤਾ ਸਿੰਘ ਇਲਾਕੇ ਦੇ ਬੜੇ ਮਸ਼ਹੂਰ ਮਿਸਤਰੀ ਸਨ, ਅਗਾਂਹਵਧੂ ਵਿਚਾਰਾਂ ਵਾਲੇ। ਉਨ੍ਹਾਂ ਨੇ ਬੀਬੀ ਨਸੀਬ ਕੌਰ ਅਤੇ ਲਾਲ ਸਿੰਘ ਦੀ ਜੋੜੀ ਨੂੰ ਰਹਿਣ ਲਈ ਵਧੀਆ ਬੈਠਕ ਤਿਆਰ ਕਰਵਾ ਦਿੱਤਾ। ਸ੍ਰੀਮਤੀ ਨਸੀਬ ਕੌਰ ਦੀ ਮਿਹਨਤ ਅਤੇ ਪ੍ਰੇਰਨਾ ਸਦਕਾ ਪਿੰਡ ਦੇ ਲੋਕਾਂ ਵਿਚ ਕੁੜੀਆਂ ਨੂੰ ਪੜ੍ਹਾਉਣ ਸਬੰਧੀ ਚੇਤਨਾ ਪੈਦਾ ਹੋ ਗਈ। ਜਿਹੜੇ ਲੋਕ ‘ਜੇ ਕੁੜੀਆਂ ਨੂੰ ਸਕੂਲ ਭੇਜ ਦਿੱਤਾ ਤਾਂ ਲੋਕ ਸਾਨੂੰ ਕੀ ਕਹਿਣਗੇ’ ਆਖਦਿਆਂ ਕੁੜੀਆਂ ਨੂੰ ਸਕੂਲ ਭੇਜਣ ਲਈ ਉੱਕਾ ਹੀ ਤਿਆਰ ਨਹੀਂ ਸਨ, ਉਨ੍ਹਾਂ ਨੇ ਵੀ ਆਪਣੀਆਂ ਲੜਕੀਆਂ ਪੜ੍ਹਨ ਲਈ ਸਕੂਲ ਲਾ ਦਿੱਤੀਆਂ। ਇੰਜ ਉਨ੍ਹਾਂ ਨੇ ਕੁਝ ਮਹੀਨਿਆਂ ਵਿਚ ਹੀ ਸਕੂਲ ਸਫਲਤਾ ਨਾਲ ਚੱਲਣ ਲਾ ਦਿੱਤਾ।
       ਭੈਣ ਜੀ ਨਸੀਬ ਕੌਰ ਭਾਵੇਂ 1953 ਤੋਂ 1955 ਤੱਕ, ਕੇਵਲ ਦੋ ਸਾਲ ਹੀ ਮੇਰੇ ਪਿੰਡ ਰਹੇ ਪਰ ਲੋਕਾਂ ਵਿਚ ਚੇਤਨਾ ਦਾ ਅਜਿਹਾ ਬੀਜ ਬੀਜਿਆ ਕਿ ਆਉਣ ਵਾਲੇ ਸਮੇਂ ਵਿਚ ਪਿੰਡ ਕੜਿਆਲ ਵਿਦਿਆ ਪੱਖੋਂ ਪੂਰੇ ਜਿਲ੍ਹੇ ਵਿਚੋਂ ਮੋਹਰੀ ਗਿਣਿਆ ਜਾਣ ਲੱਗਾ। ਪਿੰਡ ਦੀਆਂ ਲੜਕੀਆਂ ਪੜ੍ਹ ਲਿਖ ਕੇ ਨੌਕਰੀਆਂ ਵਿਚ ਆ ਗਈਆਂ। ਬਾਅਦ ਵਿਚ ਕੁੜੀਆਂ ਤੇ ਮੁੰਡਿਆਂ ਦਾ ਸਕੂਲ ਇਕੱਠਾ ਹੋ ਗਿਆ। ਆਜ਼ਾਦੀ ਦੇ ਮਹਿਜ਼ ਦੋ ਦਹਾਕਿਆਂ ਦੇ ਸਮੇਂ ਵਿਚ ਹੀ ਪਿੰਡ ਵਿਚ ਨੌਕਰੀ ਪੇਸ਼ਾ ਲੋਕਾਂ ਦੀ ਵੱਡੀ ਗਿਣਤੀ ਹੋ ਗਈ। ਇਹ ਸਭ ਪਿੰਡ ਦੀ ਪਹਿਲੀ ਅਧਿਆਪਕਾ ਭੈਣ ਜੀ ਨਸੀਬ ਕੌਰ ਕਰ ਕੇ ਵਾਪਰਿਆ ਸੀ।
        ਭੈਣ ਜੀ ਨਸੀਬ ਕੌਰ ਦਾ ਸਹੁਰਾ ਪਰਿਵਾਰ ਇਲਾਕੇ ਦਾ ਅਗਾਂਹਵਧੂ ਵਿਚਾਰਾਂ ਵਾਲਾ ਪਰਿਵਾਰ ਸੀ। ਉਨ੍ਹਾਂ ਦੇ ਸਹੁਰਾ ਮੋਦਨ ਸਿੰਘ ਅਕਾਲੀ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਸਰਗਰਮੀ ਨਾਲ ਹਿੱਸਾ ਲਿਆ। ਫਿਰ ਉਹ ਉੱਘੇ ਆਗੂ ਤੇਜਾ ਸਿੰਘ ਸੁਤੰਤਰ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਲਾਲ ਪਾਰਟੀ ਵਿਚ ਚਲੇ ਗਏ ਤੇ ਬਾਅਦ ਵਿਚ ਕਮਿਊਨਿਸਟ ਪਾਰਟੀ ਦੇ ਮੈਬਰ ਬਣ ਗਏ। ਉਨ੍ਹਾਂ ਨੇ ਬੇਦੀ ਫਾਰਮ ਅਤੇ ਬਿਰਲਾ ਫਾਰਮ ਦੇ ਮੋਰਚਿਆਂ ਸਮੇਂ ਤਿੰਨ ਮਹੀਨੇ ਦੀ ਜੇਲ੍ਹ ਕੱਟੀ। ਉਨ੍ਹਾਂ ਦੀ ਵਿਚਾਰਧਾਰਾ ਦਾ ਅਸਰ ਉਨ੍ਹਾਂ ਦੇ ਪੁੱਤਰ ਲਾਲ ਸਿੰਘ ਉਪਰ ਵੀ ਪਿਆ। ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣ ਕੇ ਸਰਗਰਮੀ ਕਰਨ ਲੱਗੇ। ਅਧਿਆਪਕ ਬਣਨ ਉਪਰੰਤ ਉਹ ਮੁਲਾਜ਼ਮਾਂ ਦੇ ਮੁਹਾਜ਼ ਤੇ ਸਰਗਰਮ ਹੋ ਗਏ।
       ਘਰਦੇ ਮਾਹੌਲ ਦਾ ਅਸਰ ਭੈਣ ਜੀ ਨਸੀਬ ਕੌਰ ’ਤੇ ਹੋਣਾ ਸੁਭਾਵਿਕ ਹੀ ਸੀ। ਉਹ ਵੀ ਪਤੀ ਦੇ ਨਾਲ ਹੀ ਅਧਿਆਪਕ ਯੂਨੀਅਨ ਦੀਆਂ ਸਰਗਰਮੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲੱਗੇ। ਉਹ ਇਕ ਸਮਰਪਿਤ ਅਧਿਆਪਕਾ ਸਨ ਜੋ ਲੜਕੀਆਂ, ਖਾਸ ਕਰ ਪੇਂਡੂ ਲੜਕੀਆਂ ਦੀ ਪੜ੍ਹਾਈ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ। ਇਸੇ ਕਰਕੇ ਉਨ੍ਹਾਂ ਨੇ ਸਾਰੀ ਉਮਰ ਪੇਂਡੂ ਹਲਕਿਆਂ ਵਿਚ ਹੀ ਪੜ੍ਹਾਇਆ। ਕੜਿਆਲ ਰਹਿਣ ਦੇ ਸਮੇਂ ਬੇਟੀ ਬਲਕਰਨਜੀਤ ਦਾ ਜਨਮ ਹੋਇਆ।  1955 ਦੇ ਆਖੀਰ ਵਿਚ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਧੂੜਕੋਟ ਦੀ ਬਦਲੀ ਕਰਵਾਈ ਸੀ, ਫਿਰ ਆਪਣੇ ਪਿੰਡ ਤਖਾਣਵੱਧ ਆ ਗਏ ਅਤੇ ਇਕੱਤੀ ਅਕਤੂਬਰ 1984, ਭਾਵ ਆਪਣੀ ਸੇਵਾ ਮੁਕਤੀ ਤੱਕ ਪਿੰਡ ਵਿਚ ਹੀ ਪੜ੍ਹਾਇਆ।
      ਭੈਣ ਜੀ ਨਸੀਬ ਕੌਰ ਕਮਿਊਨਿਸਟ ਲਹਿਰ ਨਾਲ ਜੁੜੇ ਰਹੇ। ਜਦੋਂ ਉਨ੍ਹਾਂ ਦੇ ਜੀਵਨ ਸਾਥੀ ਲਾਲ ਸਿੰਘ ਨੂੰ 1964 ’ਚ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਆਦੇਸ਼ਾਂ ’ਤੇ ਮਹਿਕਮੇ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਤਾਂ ਪਰਿਵਾਰ ਦੀ ਆਰਥਿਕਤਾ ਡਾਵਾਂਡੋਲ ਹੋਣ ਤੋਂ ਬਚਾਉਣ ਲਈ ਭੈਣ ਜੀ ਨੇ ਲੱਕ ਬੰਨ੍ਹ ਲਿਆ। ਆਪਣੀ ਨੌਕਰੀ, ਮੁਲਾਜ਼ਮ ਮੁਹਾਜ਼ ’ਤੇ ਸਰਗਰਮੀ ਅਤੇ ਧੀਆਂ- ਬਲਕਰਨਜੀਤ, ਕੰਵਲਜੀਤ, ਨਿਰਪਾਲਜੀਤ ਦੀ ਦੇਖਭਾਲ ਕਰਨ ਦੇ ਨਾਲ ਨਾਲ ਪਰਿਵਾਰ ਦੇ ਗੁਜ਼ਾਰੇ ਲਈ ਮੱਝਾਂ ਰੱਖ ਲਈਆਂ।  ਹਕੂਮਤ ਨਾਲ ਹੋ ਰਹੀ ਸਖਤ ਟੱਕਰ ਵਿਚ ਪਤੀ ਨੂੰ ਡੋਲਣ ਨਾ ਦਿੱਤਾ। ਸਖਤ ਮਿਹਨਤ ਕਰਕੇ ਪਰਵਾਰ ਹੀ ਨਹੀਂ ਚਲਾਇਆ, ਮੁਕੱਦਮੇ 'ਤੇ ਆਉਣ ਵਾਲੇ ਖਰਚੇ ਦਾ ਪ੍ਰਬੰਧ ਕਰਨ ਵਿਚ ਵੀ ਬਣਦਾ।ਸਰਦਾ ਹਿੱਸਾ ਪਾਇਆ। ਨੌਕਰੀ ਦੀ ਬਹਾਲੀ ਵਾਸਤੇ ਸੁਪਰੀਮ ਕੋਰਟ ਤੱਕ ਲੜਾਈ ਲੜੀ ਗਈ, ਆਖਰ 14 ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਲਾਲ ਸਿੰਘ ਨੂੰ ਨੌਕਰੀ 'ਤੇ ਬਹਾਲ ਕਰ ਦਿੱਤਾ।
       ਸ੍ਰੀਮਤੀ ਨਸੀਬ ਕੌਰ ਅਧਿਆਪਕ ਯੂਨੀਅਨ ਤੋਂ ਇਲਾਵਾ ਅਜਿਹੀਆਂ ਹੋਰ ਅਗਾਂਹਵਧੂ ਸਰਗਰਮੀਆਂ ਨਾਲ ਵੀ ਜੁੜੇ ਰਹਿੰਦੇ ਸਨ। ਮੈਨੂੰ ਯਾਦ ਹੈ ਕਿ ਉਨ੍ਹਾਂ ਨੇ 1991 ਵਿਚ ਰਮਾ ਰਤਨ ਦੀ ਅਗਵਾਈ ਵਿਚ ਪੰਜਾਬ ਦੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਸ਼ੁਰੂ ਕੀਤੇ ਕਾਫ਼ਲੇ ਦੇ ਜਿ਼ਲ੍ਹਾ ਫਰੀਦਕੋਟ ਦੇ ਦੌਰੇ ਸਮੇਂ ਬੜੀ ਸ਼ਿੱਦਤ ਨਾਲ਼ ਸਹਿਯੋਗ ਕੀਤਾ। ਡੇਢ-ਦੋ ਸੌ ਬੱਚਿਆਂ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਵੱਖ ਵੱਖ ਕਲਾਵਾਂ ਨਾਲ ਜੁੜੇ ਕਲਾਕਾਰਾਂ ਨੇ ਕਈ ਦਿਨ ਪਿੰਡ ਤਖਾਣਵੱਧ ਦੇ ਸਕੂਲ ਵਿਚ ਪੜਾਅ ਕੀਤਾ ਤਾਂ ਨਸੀਬ ਭੈਣ ਜੀ ਨੇ ਕਾਫ਼ਲੇ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ।
ਭੈਣ ਜੀ ਨਸੀਬ ਕੌਰ ਨੇ ਆਪਣੀਆਂ ਤਿੰਨੇ ਧੀਆਂ ਨੂੰ ਉੱਚ ਵਿਦਿਆ ਦਿਵਾ ਕੇ ਪੈਰਾਂ ਸਿਰ ਕੀਤਾ। ਸਭ ਤੋਂ ਵੱਡੀ ਬੇਟੀ ਬਲਕਰਨਜੀਤ ਪਰਵਾਰ ਸਮੇਤ ਕੈਨੇਡਾ ਵਿਚ ਰਹਿ ਰਹੀ ਹੈ। ਸਭ ਤੋਂ ਛੋਟੀ ਬੇਟੀ ਨਿਰਪਾਲਜੀਤ ਨੂੰ ਐੱਮ.ਐਸ.ਈ ਬਾਟਨੀ ਦੀ ਉੱਚ ਵਿੱਦਿਆ ਦੁਆਈ। ਨਿਰਪਾਲ ਨੇ ਪੌਦਿਆਂ ਵਿਚ ਸੈੱਲ ਕਲਚਰ ਵਿਸ਼ੇ ਸਬੰਧੀ ਪਰਾਗ ਯੂਨੀਵਰਸਿਟੀ (ਚੈੱਕ ਰੀਪਬਲਿਕ) ਤੋਂ ਪੈ.ਐੱਚ.ਡੀ .ਦੀ ਡਿਗਰੀਪ੍ਰਾਪਤ ਕੀਤੀ। ਮੈਡਮ ਕੰਵਲਜੀਤ ਢਿੱਲੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਵੱਡਾ ਨਾਂਅ ਹੈ, ਉਸ ਨੇ ਪੰਜਾਬੀ ਨਾਟਕ ਆਲੋਚਨਾ ਦੇ ਖੇਤਰ ਵਿਚ ਵੀ ਚੰਗਾ ਕਾਰਜ ਕੀਤਾ ਹੈ। ਭੈਣ ਜੀ ਨਸੀਬ ਕੌਰ ਨੇ ਪਰਿਵਾਰਕ ਵਿਰਾਸਤ ਨੂੰ ਅੱਗੇ ਤੋਰਨ ਲਈ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਦੇ ਨਾਲ ਨਾਲ ਕਮਿਊਨਿਸਟ ਵਿਚਾਰਧਾਰਾ ਨਾਲ ਵੀ ਜੋੜਿਆ। ਪ੍ਰੋ. ਕੰਵਲਜੀਤ ਢਿੱਲੋਂ ਭਾਰਤੀ ਕਮਿਊਨਿਸਟ ਪਾਰਟੀ ਦੀ ਸਰਗਰਮ ਆਗੂ ਹੈਤੇ ਪਾਰਟੀ ਦੇ ਮਿਹਲਾ ਵਿੰਗ "ਵੋਮੈੱਨ ਫੈਡਰੇਸ਼ਨ ਆਫ ਇੰਡੀਆ" ਦੀ ਰਾਸ਼ਟਰੀ ਸਕੱਤਰ ਹੈ
ਨਸੀਬ ਕੌਰ ਭੈਣ ਜੀ ਵਿਦਿਆ ਦਾ ਉਹ ਘਣਛਾਵਾਂ ਰੁੱਖ ਸੀ ਜਿਸ ਨੇ ਪਛੜੇ ਪਿੰਡਾਂ ਦੇ ਹਜ਼ਾਰਾਂ ਬੱਚਿਆਂ ਨੂੰ ਠੰਢੀ ਮਿੱਠੀ ਛਾਂ ਦਿੱਤੀ। ਇਹ ਘਣਛਾਵਾਂ ਰੁੱਖ ਭਾਵੇਂ ਲੰਘੀ 11 ਅਪਰੈਲ ਨੂੰ ਸਾਡੇ ਕੋਲੋਂ ਚਲਾ ਗਿਆ ਪਰ ਉਨ੍ਹਾਂ ਵਲੋਂ ਸਾਡੇ ਪਿੰਡਾਂ ਵਿਚ ਬੀਜਿਆ ਚੇਤਨਾ ਦਾ ਬੀਜ ਪੂਰੀ ਤਰ੍ਹਾਂ ਹਰਿਆ ਭਰਿਆ ਨਜ਼ਰ ਆਉਂਦਾ ਹੈ।
ਸੰਪਰਕ : 98726-40994

ਕਹਾਣੀ : ਨਮੋਲੀਆਂ - ਗੁਰਮੀਤ ਕੜਿਆਲਵੀ

ਪ੍ਰਾਇਮਰੀ ਸਕੂਲ ਕੋਲੋਂ ਲੰਘਦਿਆਂ ਦਿਲ ਵਿਚ ਹੌਲ ਜਿਹਾ ਪੈਣ ਲੱਗ ਜਾਂਦਾ ਏ। ਹਰ ਵਾਰ ਸੋਚਦਾ ਹਾਂ ਕਿ ਸਕੂਲ ਅੰਦਰ ਝਾਤੀ ਨਹੀਂ ਮਾਰਨੀ ਪਰ ਫੇਰ ਪਤਾ ਹੀ ਨਹੀਂ ਲੱਗਦਾ ਨਿਗਾਹਾਂ ਕਦੋਂ ਸਕੂਲ ਦਾ ਵੱਡਾ ਗੇਟ ਅੰਦਰ ਚਲੀਆਂ ਜਾਂਦੀਆਂ ਨੇ। ਕਿੰਨਾ ਬਦਲ ਗਿਆ ਹੈ ਸਕੂਲ ? ਉਦੋਂ ਸਿਰਫ਼ ਦੋ ਕਮਰੇ ਅਤੇ ਦੋ ਵਰਾਂਡੇ ਹੁੰਦੇ ਸਨ ਪਰ ਹੁਣ ਤਾਂ ਅਣਗਿਣਤ ਕਮਰੇ ਬਣ ਚੁੱਕੇ ਨੇ। ਹੁਣ ਤਾਂ ਸਾਰੀਆਂ ਜਮਾਤਾਂ ਕਮਰਿਆਂ ਵਿਚ ਬੈਠਦੀਆਂ ਨੇ। ਵਿਹੜੇ ਵਿਚ ਲੱਗੀ ਛਾਂਦਰ ਤੇ ਬਾਪੂ ਵਰਗੀ ਚਾਰ-ਚੁਫੇਰੇ ਫੈਲੀ ਨਿੰਮ ਪੁੱਟ ਦਿੱਤੀ ਗਈ ਹੈ, ਜਿਸ ਦੀਆਂ ਨਮੋਲੀਆਂ ਘੋਟਾ ਮਾਸਟਰ ਸਾਨੂੰ ਧੱਕੇ ਨਾਲ ਖੁਆਉਂਦਾ ਹੁੰਦਾ ਸੀ।
      "ਨਿੰਮ ਬੜਾ ਗੁਣਕਾਰੀ ਦਰਖ਼ਤ ਹੈ। ਇਹਦੀਆਂ ਨਮੋਲੀਆਂ ਖਾਣ ਨਾਲ ਛੱਤੀ ਬਿਮਾਰੀਆਂ ਟੁੱਟਦੀਆਂ ਨੇ। ਮਲੇਰੀਆ ਤਾਂ ਮਜਾਲ ਕੀ ਨੇੜੇ ਆਜੇ! ਫੋੜਾ ਫਿਨਸੀ ਨਿਕਲਣ ਦਾ ਤਾਂ ਸੁਆਲ ਹੀ ਪੈਦਾ ਨ੍ਹੀ ਹੁੰਦਾ। ਬਿਮਾਰ ਹੋ ਕੇ ਦਵਾਈਆਂ ਲੈਣ ਨਾਲੋਂ ਚੰਗਾ ਇਹ ਨਮੋਲੀਆਂ ਖਾਓ।" ਉਹ ਕਹਿੰਦਾ ਹੁੰਦਾ ਸੀ।
      ਘੋਟਾ ਮਾਸਟਰ ਡੰਡਾ ਲੈ ਕੇ ਜੁਆਕਾਂ ਦੇ ਸਿਰ 'ਤੇ ਖੜ ਜਾਂਦਾ। ਹਰ ਇਕ ਨੂੰ ਪੰਜ ਪੰਜ ਨਮੋਲੀਆਂ ਖਾਣੀਆਂ ਪੈਂਦੀਆਂ। ਉਸਦਾ ਡੰਡਾ, ਜਿਸਨੂੰ ਉਹ 'ਘੋਟਾ' ਕਿਹਾ ਕਰਦਾ ਸੀ, ਸਾਰੇ ਸਕੂਲ ਵਿਚ ਮਸ਼ਹੂਰ ਹੁੰਦਾ ਸੀ। ਉਸ ਦੇ ਇਸ ਘੋਟੇ ਦੀ ਮਸ਼ਹੂਰੀ ਕਾਰਨ ਹੀ ਸਕੂਲੀਆਂ ਨੇ ਉਸਦਾ ਨਾਂ 'ਘੋਟਾ ਮਾਸਟਰ' ਪਾਇਆ ਹੋਇਆ ਸੀ। ਕੁੱਟਣ ਦਾ ਤਾਂ ਉਹ ਕੋਈ ਬਹਾਨਾ ਹੀ ਲੱਭਦਾ ਰਹਿੰਦਾ। ਜਿਸ ਦਿਨ ਉਹ ਸਕੂਲ ਨਾ ਆਇਆ ਹੁੰਦਾ, ਇਉਂ ਲੱਗਦਾ ਜਿਵੇਂ ਕੈਦਖ਼ਾਨੇ ਦੇ ਬੂਹੇ ਖੁੱਲ੍ਹ ਗਏ ਹੋਣ। ਉਸ ਦੇ ਸਕੂਲ ਵੜਦਿਆਂ ਹੀ ਜਿਵੇਂ ਕੋਈ ਦਿਉ-ਰੂਹ ਸਕੂਲ ਵਿਚ ਪ੍ਰਵੇਸ਼ ਕਰ ਜਾਂਦੀ। ਸਾਰਾ ਸਕੂਲ ਸੁਸਰੀ ਵਾਂਗ ਸੌਂ ਜਾਂਦਾ। ਅਸੀਂ ਅੱਖਾਂ ਹੀ ਅੱਖਾਂ 'ਚ ਇਕ ਦੂਜੇ ਨਾਲ਼ ਆਪਣੀ ਪੀੜ ਸਾਂਝੀ ਕਰਦੇ। ਢੂਈ ਅਤੇ ਹੱਥਾਂ 'ਤੇ ਪੈਣ ਵਾਲ਼ੇ ਡੰਡਿਆਂ ਦੀ ਪੀੜ ਮਹਿਸੂਸ ਹੋਣ ਲੱਗ ਜਾਂਦੀ। ਜਮਾਤ ਵਿਚ ਆਉਂਦਿਆਂ ਹੀ ਉਹ ਘਰ ਹੱਲ ਕਰਨ ਲਈ ਦਿੱਤਾ ਕੰਮ ਵੇਖਣਾ ਸ਼ੂਰ ਕਰ ਦਿੰਦਾ। ਜਿਸ ਨੇ ਕੰਮ ਨਾ ਕੀਤਾ ਹੁੰਦਾ ਉਸ ਦੀ ਸ਼ਾਮਤ ਆ ਜਾਂਦੀ। ਕੋਈ ਝੂਠਾ-ਸੱਚਾ ਬਹਾਨਾ ਉਸ ਅੱਗੇ ਨਾ ਚੱਲਦਾ। ਉਹ ਬੇਕਿਰਕਾਂ ਵਾਂਗ ਬੈਂਤ ਵਰ੍ਹਾਉਂਦਾ ਅਤੇ ਪੁਲਸੀਆ ਰੋਅਬ 'ਚ ਗਾਲ੍ਹਾਂ ਵੀ ਕੱਢਦਾ।
   "ਮਾਂ ਦਿਆ----ਜਾ ਕੇ ਮਾਂ ਆਵਦੀ ਦੀ ਕੱਛ 'ਚ ਵੜਿਆ ਰਿਹੈਂ, ਸਕੂਲ ਦਾ ਕੰਮ ਤੇਰੇ ਪਿਓ ਨੇ ਕਰਨਾ ਸੀ ?" ਘੋਟੇ ਮਾਸਟਰ ਦਾ ਘੋਟਾ ਓਨਾ ਚਿਰ ਚੱਲਦਾ ਜਿੰਨਾ ਚਿਰ ਉਹ ਆਪ ਹਫ਼ ਨਹੀਂ ਸੀ ਜਾਂਦਾ। ਮਾਸਟਰ ਨਹੀਂ, ਜਿਵੇਂ ਕੋਈ ਕਸਾਈ ਹੋਵੇ। ਜਦੋਂ ਵੀ ਸਕੂਲ ਅੱਗੋਂ ਲੰਘਦਾ ਹਾਂ 'ਘੋਟਾ ਮਾਸਟਰ' ਯਾਦ ਆਉਂਦਾ ਹੈ। ਸਰੀਰ ਵਿਚ ਉਸ ਦੀ ਕੁੱਟ ਕਾਰਨ ਪਈਆਂ ਚਸਕਾਂ ਫੇਰ ਸ਼ੂਰ ਹੋ ਜਾਂਦੀਆਂ ਨੇ।
     ਘੋਟਾ ਮਾਸਟਰ ਗਰਮੀਆਂ ਦੀਆਂ ਛੁੱਟੀਆਂ ਵਿਚ ਢੇਰ ਸਾਰਾ ਕੰਮ ਘਰੋਂ ਕਰਨ ਲਈ ਦਿੰਦਾ। ਇੰਨਾ ਕੰਮ ਕਿ ਸਾਰੀਆਂ ਛੁੱਟੀਆਂ ਵਿਚ ਮਸੀਂ ਪੂਰਾ ਹੋ ਸਕੇ। ਗਰਮੀਆਂ ਦੀਆਂ ਛੁੱਟੀਆਂ ਵਿਚ ਦੁੜੰਗੇ ਲਾਉਣ ਅਤੇ ਖੇਡਣ-ਮੱਲਣ ਦੇ ਚਾਹਵਾਨਾਂ ਤੋਂ ਇਹ ਕੰਮ ਪੂਰਾ ਨਾ ਹੁੰਦਾ। ਜਦੋਂ ਛੁੱਟੀਆਂ ਖ਼ਤਮ ਹੋਣ 'ਤੇ ਸਕੂਲ ਲੱਗਦਾ, ਪਹਿਲੇ ਦਿਨ ਹੀ 'ਘੋਟਾ ਮਾਸਟਰ' ਦਾ ਘੋਟਾ ਫਿਰ ਜਾਂਦਾ। ਐਨੀ ਕੁੱਟ ਖਾ ਕੇ ਵੀ ਪਤਾ ਨਹੀਂ ਮੇਰੇ ਜਮਾਤੀ ਉਦਾਸ ਕਿਉਂ ਨਹੀਂ ਸੀ ਹੁੰਦੇ। ਸ਼ਾਇਦ ਉਹ ਮਹੀਨਾ ਭਰ ਮੌਜ-ਮਸਤੀ ਕਰ ਲੈਣ ਦੀ ਚਾਰ ਡੰਡੇ ਕੋਈ ਜ਼ਿਆਦਾ ਕੀਮਤ ਨਹੀਂ ਸੀ ਸਮਝਦੇ ਪਰ ਮੇਰੇ ਤਾਂ ਜਿਵੇਂ ਸਰੀਰ 'ਤੇ ਹੀ ਨਹੀਂ ਦਿਮਾਗ਼ 'ਤੇ ਵੀ ਇਹ ਘੋਟਾ ਫਿਰ ਜਾਂਦਾ। ਜੀਅ ਕਰਦਾ ਸਕੂਲੋਂ ਭੱਜ ਜਾਵਾਂ। ਕੰਮ ਨਾ ਕਰ ਕੇ ਲਿਆ ਸਕਣ ਵਿਚ ਮੇਰਾ ਕੀ ਕਸੂਰ ? ਛੁੱਟੀਆਂ ਦੌਰਾਨ ਘਰਦਿਆਂ ਨੇ ਇਕ ਦਿਨ ਵੀ ਤਾਂ ਵਿਹਲਾ ਨਹੀਂ ਸੀ ਰਹਿਣ ਦਿੱਤਾ । ਪਹਿਲੀ ਛੁੱਟੀ ਵਾਲੇ ਦਿਨ ਤੋਂ ਹੀ ਬਾਪੂ ਝੋਨਾ ਲਾਉਣ ਲਾ ਲੈਂਦਾ ਸੀ ਤੇ ਫਿਰ ਸਾਰੀਆਂ ਛੁੱਟੀਆਂ ਝੋਨਾ ਲਾਉਂਦਿਆਂ ਹੀ ਲੰਘ ਜਾਂਦੀਆਂ। ਸਾਰੀ ਦਿਹਾੜੀ ਕੋਡੀ ਢੂਈ ਝੋਨਾ ਲਾਉਂਦਿਆਂ, ਆਥਣ ਨੂੰ ਲੱਕ ਸਿੱਧਾ ਨਾ ਹੁੰਦਾ। ਦੁਪਹਿਰ ਨੂੰ ਖੇਤ ਵਿਚਲਾ ਪਾਣੀ ਤਪ ਜਾਂਦਾ ਤਾਂ ਜਿਵੇਂ ਹੱਡ ਸੜਨ ਲੱਗਦੇ। ਉਪਰੋਂ ਸੂਰਜ ਅੱਗ ਵਰ੍ਹਾਉਂਦਾ। ਕਦੇ ਕਦੇ ਜੀਅ ਕਰਦਾ ਭੱਠ ਵਾਂਗੂੰ ਤਪਦੇ ਸਰੀਰ ਨੂੰ ਠਾਰਨ ਲਈ ਪਾਣੀ ਵਿਚ ਸੂਰ ਵਾਂਗ ਪਲਸੇਟੇ ਮਾਰਾਂ। ਸਾਰੀ ਦਿਹਾੜੀ ਸਿਰ ਚੁੱਕ ਕੇ ਵੇਖਣਾ ਨਹੀਂ ਸੀ ਮਿਲਦਾ। ਕਦੇ ਕਦੇ ਬਾਪੂ ਤੋਂ ਅੱਖ ਬਚਾ ਕੇ ਪਿੰਡ ਵੱਲ ਵੇਖਦਾ ਤਾਂ ਦਿਲ ਵਿਚ ਲੂਹਰੀਆਂ ਉਠਦੀਆਂ। ਪਿੰਡ ਦੀਆਂ ਗਲੀਆਂ ਕੱਛਦੇ ਤੇ ਛੁੱਟੀਆਂ ਦਾ ਸੁਆਦ ਮਾਣਦੇ ਹਾਣੀ ਮੁੰਡਿਆਂ ਦਾ ਖ਼ਿਆਲ ਆਉਂਦਾ ਤਾਂ ਦਿਲ ਕਾਹਲਾ ਪੈਣ ਲੱਗਦਾ। ਝੋਨਾ ਲਾਉਂਦੇ ਹੱਥ ਥਾਏਂ ਸਿੱਥਲ ਹੋ ਜਾਂਦੇ। ਤੀਲ੍ਹਾ ਮਸੀਂ ਗਡੋਇਆ ਜਾਂਦਾ। ਪਨੀਰੀ ਦੀ ਗੁੱਟੀ ਵਗਾਹ ਮਾਰਨ ਨੂੰ ਜੀਅ ਕਰਦਾ। ਬਾਪੂ ਪਤਾ ਨਹੀਂ ਕਿਵੇਂ ਤਾੜ ਰੱਖਦਾ। ਹੌਲ਼ੀ ਕੰਮ ਕਰਦਿਆਂ ਵੇਖ ਉਸ ਦੇ ਮੂੰਹੋਂ ਗਲ਼ੀ-ਸੜੀ ਗਾਲ਼੍ਹ ਨਿਕਲਦੀ।
       "ਮਾਂ ਦਿਆ-----ਮਾਰ ਲੈ ਹੱਥ। ਫੇ ਸਾਰਾ ਸਾਲ ਵਿਹਲੀਆਂ ਈ ਖਾਣੀਆਂ। ਪੁੱਛ ਕੇ ਤੀਲ੍ਹਾ ਗਡੋਨੈ। ਲਾ ਲੈ ਚਾਰ ਤੀਲ੍ਹੇ ਛੇਤੀ-ਛੇਤੀ।" ਮੇਰਾ ਜੀਅ ਕਰਦਾ ਹਥਲੀ ਗੁੱਟੀ ਸੁੱਟ ਕੇ ਭੱਜ ਜਾਵਾਂ ਪਰ ਬਾਪੂ ਦੀ ਕੁੱਟ ਚੇਤੇ ਆਉਣ 'ਤੇ ਮੂੰਹ ਉਸੇ ਤਰ੍ਹਾਂ ਦਾ ਹੋ ਜਾਂਦਾ ਜਿਵੇਂ ਘੋਟੇ ਮਾਸਟਰ ਵਲੋਂ ਜ਼ਬਰਦਸਤੀ ਨਮੋਲੀਆਂ ਖੁਆਉਣ 'ਤੇ ਹੋ ਜਾਂਦਾ ਸੀ। ਜਦੋਂ ਕਦੇ ਬਾਪੂ ਨੂੰ ਸਕੂਲ ਦਾ ਕੰਮ ਕਰਨ ਵਾਲਾ ਪਿਆ ਹੋਣ ਬਾਰੇ ਅਤੇ ਕੰਮ ਨਾ ਕਰਨ 'ਤੇ ਪੈਣ ਵਾਲੀ ਕੁੱਟ ਬਾਰੇ ਦੱਸਦਾ, ਉਹ ਭੜਕ ਪੈਂਦਾ। ਉਸ ਦੀਆਂ ਅੱਖਾਂ ਘੋਟੇ ਮਾਸਟਰ ਵਾਂਗ ਲਾਲ ਸੁਰਖ਼ ਹੋ ਜਾਂਦੀਆਂ।
     "ਗੰਦੀਏ 'ਲਾਦੇ-----ਪੜ੍ਹ ਕੇ ਤੈਂਅ ਕਿਹੜਾ ਕਾਨੂੰਗੋ ਲੱਗ ਜਾਣੈ। ਆਹੀ ਖੋਰੀ ਖੋਤਨੀ ਐ ਆਖੀਰ ਨੂੰ। ਨਾ ਜਾਈਂ ਸਕੂਲ ਜੇ ਬਹੁਤਾ ਡਰ ਲੱਗਦਾ। ਅੱਗੇ ਕਿਹੜਾ ਪੜ੍ਹ ਪੜ੍ਹ ਕਿਲੇ ਢਾਹੀ ਜਾਨੈ ?" ਫੇਰ ਸਾਰੀਆਂ ਛੁੱਟੀਆਂ ਦੌਰਾਨ ਬੋਲਣ ਦਾ ਹੌਸਲਾ ਹੀ ਨਹੀਂ ਸੀ ਪੈਂਦਾ। ਮਨ ਮਾਰ ਕੇ ਕੰਮ ਲੱਗਾ ਰਹਿੰਦਾ। ਦਿਲ ਵਿਚ ਡਾਹਢਾ ਗੁੱਸਾ ਆਉਂਦਾ ਪਰ ਕੀ ਕਰਦਾ ? ਜਦੋਂ ਵੀ ਗੁੱਸਾ ਆਉਂਦਾ, ਪਨੀਰੀ ਦੇ ਦਸ ਦਸ ਬੂਟੇ ਇੱਕੋ ਥਾਂ ਲਾਈ ਜਾਂਦਾ। ਜੜ੍ਹਾਂ ਕੋਲ਼ੋਂ ਕਰ ਕੇ ਝੋਨੇ ਦੇ ਬੂਟੇ ਫੜਦਾ ਤੇ ਕਚੀਚੀ ਲੈ ਲੈ ਕੇ ਲਾਉਂਦਾ। ਇੰਜ ਕਰਨ ਨਾਲ਼ ਮਨ ਨੂੰ ਤਸੱਲੀ ਜਿਹੀ ਹੋ ਜਾਂਦੀ। ਗੁੱਸਾ ਪਤਾ ਨਹੀਂ ਕਿਧਰ ਨੂੰ ਖੰਭ ਲਾ ਕੇ ਉੱਡ-ਪੁੱਡ ਜਾਂਦਾ।
      ਮਾਂ ਮੇਰੇ ਮਾਸੂਮ ਮੂੰਹ 'ਤੇ ਆਈ ਉਦਾਸੀ ਵੇਖ ਕੇ ਹਾਉਂਕਾ ਖਿੱਚ ਲੈਂਦੀ, "ਬੱਸ ਪੁੱਤ ਆਹੀ ਚਾਰ ਦਿਨ ਆ ਕੰਮ ਦੇ। ਆਪਾਂ ਗਰੀਬਾਂ ਦਾ ਤਾਂ ਆਹੀ ਸੀਜ਼ਨ ਹੁੰਦਾ ਕਮਾਈ ਦਾ ਜੇ ਮਾਰ ਲੈਣ ਝੁੱਟ ਸਾਰੇ ਜੀਅ ਰਲ਼ਕੇ। ਮੇਰਾ ਸਾਊ ਪੁੱਤ ਬਣ ਕੇ ਲੁਆਦੇ ਆਹ ਦਿਨ। ਨਾਲੇ ਤੇਰੇ ਪੈਸਿਆਂ ਦਾ ਤਾਂ ਤੈਨੂੰ ਈ ਸੂਟ ਬਣਾ ਦੇਣਾ। ਹੋਰ ਅਸੀਂ ਕੀ ਕਰਨੇ ਪੈਸੇ ?" ਮਾਂ ਮੇਰਾ ਦਿਲ ਰਿਝਾਉਣ ਲਈ ਕਹਿੰਦੀ। ਮੇਰਾ ਜੀਅ ਕਰਦਾ ਕਰਦਾ ਮਾਂ ਦੇ ਗਲ਼ ਲੱਗ ਉੱਚੀ ਉੱਚੀ ਰੋਵਾਂ।
      ਮੇਰੇ ਤੋਂ ਵੱਡੀਆਂ ਤਿੰਨ ਭੈਣਾਂ ਵੀ ਸਾਰੀ ਦਿਹਾੜੀ ਨਾਲ ਹੀ ਕੰਮ ਕਰਾਉਂਦੀਆਂ। ਮੈਂ ਸੋਚਦਾ- ਇਹ ਵੀ ਤਾਂ ਮੇਰੇ ਆਂਗੂੰ ਥੱਕ ਜਾਂਦੀਆਂ ਹੋਣਗੀਆ ? ਪਰ ਭੈਣਾਂ ਨੇ ਕਦੇ ਮੇਰੇ ਵਾਂਗ ਥੱਕੇ ਹੋਣ ਬਾਰੇ ਉਜ਼ਰ ਨਹੀਂ ਸੀ ਕੀਤਾ। ਉਹ ਤਾਂ ਸਿਰ ਸੁੱਟ ਕੇ ਕੰਮ ਨੂੰ ਲੱਗੀਆਂ ਰਹਿੰਦੀਆਂ ਸਨ, ਉਂਜ ਉਨ੍ਹਾਂ ਦੇ ਚਿਹਰੇ ਬੁਝੇ ਰਹਿੰਦੇ। ਮੈਂ ਉਨ੍ਹਾਂ ਨੂੰ ਕਦੇ ਆਂਢ-ਗੁਆਂਢ ਦੀਆਂ ਕੁੜੀਆਂ ਨਾਲ ਖੇਡਦਿਆਂ ਨਹੀਂ ਸੀ ਦੇਖਿਆ। ਜਦੋਂ ਵੀ ਦੇਖਿਆ, ਕਿਸੇ ਨਾ ਕਿਸੇ ਕੰਮ ਵਿਚ ਜੁੱਟਿਆਂ ਹੀ ਦੇਖਿਆ ਸੀ। ਆਂਢ-ਗੁਆਂਢ ਦੀਆਂ ਕੁੜੀਆਂ ਨੂੰ ਖੇਡਦੀਆਂ ਦੇਖਦਾ ਤਾਂ ਮੇਰੇ ਅੰਦਰੋਂ ਲੂਹਰੀ ਜਿਹੀ ਉੱਠਦੀ, "ਭੈਣਾਂ ਕਿਉਂ ਨਹੀਂ ਖੇਡਦੀਆਂ ?" ਮੇਰਾ ਜੀਅ ਵੀ ਕਰਦਾ ਪੁੱਛਣ ਨੂੰ, ਪਰ ਹੌਸਲਾ ਨਾ ਪੈਂਦਾ।
      "ਛੁੱਟੀਆਂ-ਛੁੱਟੀਆਂ ਕਰਾਉਣਾ ਤੈਂਅ ਚਾਰ ਦਿਨ ਕੰਮ, ਫੇਰ ਸਾਰਾ ਸਾਲ ਹਰੀਆਂ ਈ ਚਰਨੀਆਂ। ਵਿਹਲੀਆਂ ਈਂ ਖਾਣੀਆਂ ਮੁਫਤ ਦੀਆਂ। ਕੋਈ ਮਰਨ ਨ੍ਹੀ ਲੱਗਾ ਤੂੰ ਆਹ ਪੰਦਰਾਂ ਦਿਨਾਂ 'ਚ ? ਹੋਰ ਨ੍ਹੀ ਤਾਂ ਆਵਦੇ ਫੀਸਾਂ-ਫੂਸਾਂ ਜੋਗੇ ਈ ਕਮਾਲੇਂਗਾ। ਇਕ ਤਾਂ ਆਹ ਮੇਰੇ ਸਾਲੇ-----ਦਿਨੋ ਦਿਨ ਵਧਾਈ ਤੁਰੇ ਜਾਂਦੇ।" ਬਾਪੂ ਕਈ ਵਾਰ ਮੇਰਾ ਧਿਆਨ ਆਸੇ-ਪਾਸੇ ਕਰਨ ਲਈ ਜਾਂ ਐਵੇਂ ਫੋਕਾ ਰੋਅਬ ਝਾੜਨ ਲਈ ਹੀ ਕਹਿ ਦਿੰਦਾ। ਮੈਨੂੰ ਉਸ ਦੀ 'ਸਾਰਾ ਸਾਲ ਵਿਹਲਾ ਰਹਿ ਕੇ ਹਰੀਆਂ ਚਰਨ' ਵਾਲ਼ੀ ਗੱਲ 'ਤੇ ਹਾਸਾ ਵੀ ਆਉਂਦਾ ਤੇ ਰੋਣਾ ਵੀ। ਛੁੱਟੀ ਹੋਣ 'ਤੇ ਅਜੇ ਮਸੀਂ ਘਰ ਵੜਦਾ ਸਾਂ ਜਦੋਂ ਰੰਬਾ ਤੇ ਪੱਲੀ ਮੇਰੇ ਹੱਥਾਂ ਵਿਚ ਆ ਜਾਂਦੇ। ਖੇਤਾਂ ਦੀਆਂ ਵੱਟਾਂ ਅਤੇ ਰੱਕੜਾਂ ਵਿਚ ਉੱਗਿਆ ਘਾਹ ਖੋਤਦਿਆਂ ਸਾਰੀ ਦਿਹਾੜੀ ਲੰਘ ਜਾਂਦੀ, ਫੇਰ ਕਿਤੇ ਜਾ ਕੇ ਪੰਡ ਬਣਦੀ। ਫਿਰ ਆਥਣੇ ਹੋਏ ਘਰ ਵੜਦਾ ਸਾਂ।
       ਬਾਪੂ ਹਰ ਵਰ੍ਹੇ ਸਾਲ-ਡੇਢ ਸਾਲ ਦੀ ਕੋਈ ਝੋਟੀ ਲਿਆ ਕੇ ਕਿੱਲੇ 'ਤੇ ਬੰਨ੍ਹਦਿਆਂ ਹੀ ਹੁਕਮ ਅਤੇ ਸੁਝਾਅ ਭਰੇ ਰਲ਼ਵੇਂ ਮਿਲ਼ਵੇਂ ਸੁਰ ਵਿਚ ਆਖਦਾ, "ਲੈ ਫੜ, ਤੂੰ ਹੀ ਸਾਂਭਣੀ ਐ। ਸਾਲ ਡੂਢ ਸਾਲ 'ਚ ਕਿਸੇ ਥਾਂ ਸਿਰ ਹੋਜੂ। ਅਗਲੇ ਨੂੰ ਅਧਿਆਰੇ ਦੇ ਬਣਦੇ ਪੈਸੇ ਤਾਰ ਕੇ ਘਰ ਰੱਖ ਲਾਂਗੇ। ਝੋਟੀ ਰਵੇ ਦੀ ਐ । ਸਾਰਾ ਸਾਲ ਦੁੱਧ ਵਾਧ ਪੀਆਂਗੇ।" ਪਰ ਇਹ ਦੁੱਧ ਵਾਧ ਪੀਣਾ ਨਸੀਬ ਨਹੀਂ ਸੀ ਹੁੰਦਾ। ਝੋਟੀ ਦੇ ਮੱਝ ਬਣਨ 'ਤੇ, ਇਹ ਝੋਟੀ ਕਿੱਲੇ ਤੋਂ ਖੁੱਲ੍ਹ ਕੇ ਕਿਸੇ ਹੋਰ ਦੇ ਕਿੱਲੇ 'ਤੇ ਚਲੀ ਜਾਂਦੀ।
      "ਝੋਟੀ ਘਰੇ ਰੱਖ ਲੈਂਦੇ, ਪਰ ਫਿੱਟ ਨਹੀਂ ਸੀ ਬੈਠਣੀ। ਨੁਕਸ ਸੀ ਵੱਡਾ ਏਹਨੂੰ। ਲੇਵਾ ਪੁੱਠਾ ਸੀ। ਮੂਹਰਲਾ ਥਣ ਵੀ ਥੋੜ੍ਹਾ ਜਿਹਾ ਔਹਰਾ ਸੀ। ਊਂ ਸੀ ਵੀ ਥੋੜ੍ਹੀ ਜਿਹੀ ਕੌੜ ਈ। ਐਹੇ ਜੇ ਡੰਗਰ ਦਾ ਘਰੇ ਰੱਖਣਾ ਠੀਕ ਨ੍ਹੀ ਹੁੰਦਾ।" ਬਾਪੂ ਦੀ ਮੱਝ ਘਰੇ ਨਾ ਰੱਖਣ ਵਾਲ਼ੀ ਦਲੀਲ ਸੁਣ ਕੇ ਉਸ 'ਤੇ ਤਰਸ ਵੀ ਆਉਂਦਾ ਤੇ ਗੁੱਸਾ ਵੀ। ਮੱਝ ਦੇ ਕਿੱਲੇ ਤੋਂ ਚਲੇ ਜਾਣ 'ਤੇ ਦਿਲ ਕਈ ਦਿਨ ਉਦਾਸ ਰਹਿੰਦਾ। ਸਾਲ-ਡੇਢ ਸਾਲ ਤੋਂ ਇਸ ਆਸ 'ਤੇ ਪੱਠੇ ਪਾਉਂਦਾ ਰਿਹਾ ਸਾਂ ਕਿ ਇਸ ਦੇ ਸੂਣ 'ਤੇ ਪੀਣ ਨੂੰ ਦੁੱਧ ਮਿਲ ਜਾਇਆ ਕਰੇਗਾ ਤੇ ਦੁੱਧ ਤੋਂ ਬਣਾਈ ਦਹੀਂ ਨਾਲ ਅੱਧੀ ਛੁੱਟੀ ਸੁਆਦ ਨਾਲ ਰੋਟੀ ਖਾਧੀ ਜਾਇਆ ਕਰੇਗੀ। ਬਾਪੂ ਫੇਰ ਕੋਈ ਨਿੱਕੀ ਜਿਹੀ ਕੱਟੀ ਲਿਆ ਕੇ ਕਿੱਲੇ 'ਤੇ ਬੰਨ੍ਹ ਦਿੰਦਾ। ਮੈਂ ਫੇਰ ਰੰਬਾ ਅਤੇ ਦਾਤੀ ਪੱਲੀ ਚੁੱਕ ਕੇ ਖੇਤਾਂ ਦੀਆਂ ਵੱਟਾਂ ਗਾਹੁਣ ਲੱਗ ਜਾਂਦਾ। ਕਣਕ ਦੇ ਖੇਤਾਂ 'ਚੋਂ ਸੇਂਜੀ ਅਤੇ ਰੱਕੜਾਂ 'ਚ ਉੱਗਿਆ ਘਾਹ ਤੇ ਮਧਾਣਾ ਖੋਤ ਲਿਆਉਂਦਾ। ਝੋਟੀ ਜਦੋਂ ਮੇਰਾ ਲਿਆਂਦਾ ਘਾਹ ਮੁਰਚ ਮੁਰਚ ਕਰਕੇ ਖਾਂਦੀ, ਦਿਲ ਖ਼ੁਸ਼ੀ ਨਾਲ ਨੱਚ ਉਠਦਾ। ਬਾਲਟੀ ਲੈ ਕੇ ਦੁੱਧ ਚੋਂਦੀ ਮਾਂ, ਦੁੱਧ ਨਾਲ ਭਰੀ ਝੱਗੋ-ਝੱਗ ਹੋਈ ਬਾਲਟੀ, ਦਹੀਂ ਅਤੇ ਲੱਸੀ ਦੀਆਂ ਘਰ ਵਿੱਚ ਲੱਗੀਆਂ ਲਹਿਰਾਂ-ਬਹਿਰਾਂ ਦੇ ਸੁਪਨੇ ਦਿਮਾਗ਼ ਵਿਚ ਘੁੰਮਣ ਲੱਗਦੇ।
      ਜਦੋਂ ਪੰਜਵੀਂ ਜਮਾਤ ਵਿੱਚੋਂ ਪੂਰੇ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ 'ਤੇ ਆਇਆ, ਉਸ ਦਿਨ ਘੋਟੇ ਮਾਸਟਰ ਨੇ ਮੁੰਡਾ ਭੇਜ ਕੇ ਬਾਪੂ ਨੂੰ ਉਚੇਚਾ ਸਕੂਲ ਸੱਦਿਆ। ਬਾਪੂ ਦੇ ਆਉਣ 'ਤੇ ਘੋਟੇ ਮਾਸਟਰ ਨੇ ਮੈਨੂੰ ਬੁੱਕਲ ਵਿਚ ਲੈ ਕੇ ਘੁੱਟਿਆ। ਬਾਪੂ ਨੂੰ ਪੂਰੇ ਸਤਿਕਾਰ ਨਾਲ਼ ਆਪਣੇ ਕੋਲ ਪਈ ਕੁਰਸੀ 'ਤੇ ਬੈਠਣ ਲਈ ਕਿਹਾ। ਬਾਪੂ ਡਰਦਾ-ਡਰਦਾ ਜਿਹਾ ਬੈਠਾ ਜਿਵੇਂ ਕੁਰਸੀ ਕੋਈ ਡੰਗ ਮਾਰਨ ਵਾਲ਼ਾ ਸੱਪ ਹੋਵੇ।
      "ਲਿਆਕਤ ਕਿਸੇ ਦੀ ਮਾਂ ਦੀ ਨਿੱਜੀ ਜਾਇਦਾਦ ਨਹੀਂ ਹੁੰਦੀ। ਕੀ ਹੋਇਆ ਏਹ ਗਰੀਬ ਘਰੇ ਜੰਮਿਆ, ਦਿਮਾਗ 'ਨ੍ਹੀਂ ਗਰੀਬ ਏਹਦਾ। ਕਹਿੰਦੇ ਕਹਾਉਂਦੇ ਖੱਬੀਖਾਨਾਂ ਦੇ ਮੁੰਡਿਆਂ ਨੂੰ ਪਛਾੜਿਆ ਏਹਨੇ। ਸਾਨੂੰ ਸਾਰੇ ਸਕੂਲ ਨੂੰ ਮਾਣ ਆ ਏਹਦੇ 'ਤੇ। ਅੱਗੇ ਮਹੀਨੇ ਕੁ ਤਕ ਵਜ਼ੀਫੇ ਦੀ ਪ੍ਰੀਖਿਆ ਹੋਣ ਵਾਲ਼ੀ ਐ। ਮੈਂ ਆਪ ਲੈ ਕੇ ਜਾਊਂ ਪ੍ਰੀਖਿਆ ਦੁਆਉਣ। ਮੈਨੂੰ ਆਪਣੇ ਪੁੱਤਾਂ ਨਾਲੋਂ ਵੱਧ ਪਿਆਰਾ।" ਘੋਟੇ ਮਾਸਟਰ ਦੇ ਮੂੰਹੋਂ ਅਜਿਹੇ ਪਿਆਰ ਭਰੇ ਸ਼ਬਦ ਸੁਣ ਕੇ ਮੇਰੀਆਂ ਅੱਖਾਂ ਵਿਚ ਪਾਣੀ ਆ ਗਿਆ ਸੀ। ਮੈਂ ਉਸ ਸਮੇਂ ਦੇਖਿਆ, ਘੋਟੇ ਮਾਸਟਰ ਦੀਆਂ ਅੱਖਾਂ ਵੀ ਸਿਲੀਆਂ ਹੋ ਗਈਆਂ ਸਨ। ਬਾਪੂ ਤਾਂ ਬਿਲਕੁਲ ਹੀ ਗੁੰਮ ਗਿਆ ਸੀ। ਮੈਨੂੰ ਘੋਟਾ ਮਾਸਟਰ ਬੜਾ ਚੰਗਾ-ਚੰਗਾ ਲੱਗਾ ਸੀ।
      "ਦੇਖ ਜਗੀਰ ਸਿੰਘ, ਮੁੰਡੇ ਨੂੰ ਪੜ੍ਹਨੋ ਨ੍ਹੀਂ ਹਟਾਉਣਾ। ਪੜ੍ਹਨ ਦੇ ਜਿਥੋਂ ਤੱਕ ਪੜ੍ਹਦਾ। ਅਫਸਰ ਬਣਾਉਣਾ ਏਹਨੂੰ, ਵੱਡਾ ਅਫਸਰ। ਜਿਸ ਦਿਨ ਕਿਸੇ ਅਹੁਦੇ 'ਤੇ ਪੁੱਜ ਗਿਆ, ਤੇਰੀ ਸਾਰੀ ਗਰੀਬੀ ਹੂੰਝ ਸੁੱਟੂ। ਲੜੇ-ਲੰਡੇ ਸਰਦਾਰ ਤੇਰੇ ਅੱਗੇ ਪਿੱਛੇ ਫਿਰਿਆ ਕਰਨਗੇ।" ਘੋਟੇ ਮਾਸਟਰ ਨੇ ਆਖਿਆ ਸੀ। ਮੈਂ ਉਸ ਦਿਨ ਪਹਿਲੀ ਵਾਰ ਕਿਸੇ ਦੇ ਮੂੰਹੋਂ ਬਾਪੂ ਦਾ ਇਹ ਨਾਂ ਸੁਣਿਆ ਸੀ। ਕੰਮ-ਧੰਦੇ ਲਈ ਸੱਦਣ ਆਉਣ ਵਾਲੇ ਤਾਂ ਉਸ ਨੂੰ 'ਗੀਰੀ' ਈ ਸੱਦਦੇ ਸਨ।
     "ਏਹ ਤੈਨੂੰ ਤੰਗ ਨ੍ਹੀਂ ਕਰਦਾ। ਵਜ਼ੀਫੇ ਆਸਰੇ ਈ ਪੜ੍ਹੀ ਜਾਊ। ਅਸੀਂ ਵੀ ਬਣਦੀ-ਸਰਦੀ ਹੈਲਪ ਕਰਿਆ ਕਰਾਂਗੇ। ਅਸੀਂ ਸਾਰਾ ਸਟਾਫ ਏਹਨੂੰ ਕੁਛ ਬਣਿਆ ਵੇਖਨਾ ਚਾਹੁੰਨੇ।"
      "ਹੱਛਾ ਜੀ !" ਬਾਪੂ ਨੇ ਜੁਆਬ ਵਿਚ ਮਸੀਂ ਇੰਨਾ ਹੀ ਕਿਹਾ ਸੀ। ਮੈਨੂੰ ਪਹਿਲੇ ਨੰਬਰ 'ਤੇ ਆਉਣ ਦੀ ਇੰਨੀ ਖ਼ੁਸ਼ੀ ਮਹਿਸੂਸ ਹੋ ਰਹੀ ਸੀ ਕਿ ਜੀਅ ਕਰਦਾ ਸੀ ਖੰਭ ਲਾ ਕੇ ਅਸਮਾਨ ਵੱਲ ਨੂੰ ਉੱਡ ਜਾਵਾਂ। ਉਸ ਦਿਨ ਮੈਂ ਅੰਦਰ ਵੜ ਕੇ ਘੋਟੇ ਮਾਸਟਰ ਦੀਆਂ ਗੱਲਾਂ ਚੇਤੇ ਕਰ-ਕਰ ਰੋਂਦਾ ਰਿਹਾ ਸਾਂ। ਕਿਉਂ ਰੋਂਦਾ ਰਿਹਾ ਸਾਂ, ਇਹ ਮੈਨੂੰ ਸਮਝ ਨਹੀਂ ਆਈ। ਮਾਂ ਦੇ ਪੈਰ ਧਰਤੀ 'ਤੇ ਨਹੀਂ ਸੀ ਲੱਗੇ। ਉਹਨੇ ਆਂਡ-ਗੁਆਂਢ ਪਤਾਸੇ ਵੰਡੇ ਸਨ। ਪਤਾਸਿਆਂ ਲਈ ਘਰ ਪੈਸੇ ਕਿਥੋਂ ਆ ਗਏ ? ਮੈਂ ਇਹ ਵੀ ਸੋਚਦਾ ਰਿਹਾ ਸਾਂ।
        "ਨੀ ਭੈਣੇ ਆਪਣਾ ਪਾਲ ਪਾਸ ਹੋਇਆ। ਮਸ਼ਟਰ ਕਹਿੰਦੇ ਅਖੇ ਪਟੜੀ ਫੇਰ ਦੇ ਸਕੂਲਾਂ 'ਚੋਂ ਪਹਿਲੇ ਲੰਬਰ 'ਤੇ ਆਇਆ। ਸਾਡੀਆਂ ਤਾਂ ਏਹਦੇ 'ਤੇ ਈ ਆਸਾਂ। ਖੌਰੇ ਆਵਦੇ ਪਿਉ ਹੱਥੋਂ ਰੰਬਾ ਪੱਲੀ ਤੇ ਮੇਰੇ ਸਿਰ ਤੋਂ ਗੋਹੇ ਆਲਾ ਬੱਠਲ ਛੁਡਾ ਦੇਵੇ ? ਮਸ਼ਟਰ ਕਹਿੰਦੇ ਕਿਸੇ ਵੱਡੇ 'ਹੁਦੇ 'ਤੇ ਲੱਗੂ, ਏਹਦਾ ਡਮਾਕ ਬਹੁਤ ਤੇਜ਼ ਆ। ਭਾਈ ਗਰੀਬੀ ਆਲੀ ਬਿਮਾਰੀ ਫੇਰ ਈ ਖੇਹੜਾ ਸ਼ੱਡੂ ਸਾਡਾ।" ਮਾਂ ਚੁੰਨੀ ਦੇ ਲੜ ਨਾਲ਼ ਅੱਖਾਂ 'ਚੋਂ ਵਗ ਆਏ ਅੱਥਰੂ ਪੂੰਝਣ ਲੱਗ ਜਾਂਦੀ।
       ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮਾਂ ਮੇਰੇ ਪਾਸ ਹੋਣ ਦੀ ਖ਼ੁਸ਼ੀ ਵਿਚ ਰੋਣ ਕਿਉਂ ਲੱਗੀ ਸੀ।
      ਪੰਜਵੀਂ ਕਰ ਕੇ ਛੇਵੀਂ ਜਮਾਤ ਵਿਚ ਪਿੰਡ ਦੇ ਦੂਸਰੇ ਪਾਸੇ ਬਣੇ ਹਾਈ ਸਕੂਲ ਵਿਚ ਜਾਣ ਲੱਗਾ ਸਾਂ। ਪਿੰਡ ਆਲੇ ਇਸ ਸਕੂਲ ਨੂੰ 'ਵੱਡਾ ਸਕੂਲ' ਕਿਹਾ ਕਰਦੇ ਸਨ। ਮੇਰੇ ਨਾਲ਼ ਪੜ੍ਹਦੀਆਂ ਪਿੰਡ ਦੀਆਂ ਬਹੁਤੀਆਂ ਕੁੜੀਆਂ ਤੇ ਵਿਹੜੇ ਆਲੇ ਮੁੰਡੇ ਸਕੂਲੋਂ ਹਟ ਕੇ ਘਰ ਬੈਠ ਗਏ ਸਨ। ਸਭ ਤੋਂ ਜ਼ਿਆਦਾ ਦੁੱਖ ਗੁੰਨੇ ਕੇ ਜੀਤੇ ਦੇ ਸਕੂਲੋਂ ਹਟਾ ਲੈਣ ਦਾ ਹੋਇਆ ਸੀ। ਜੀਤੇ ਨੂੰ ਸਕੂਲੋਂ ਹਟਾ ਕੇ ਰੱਤ-ਪੀਣਿਆਂ ਦੇ ਵੱਗ ਮਗਰ ਦਿੱਤਾ ਸੀ। ਮੈਨੂੰ ਜਦੋਂ ਹੀ ਜੀਤੇ ਦੇ ਸਕੂਲੋਂ ਹਟਾ ਲੈਂ ਬਾਰੇ ਪਤਾ ਚੱਲਿਆ, ਮੈਂ ਜੀਤੇ ਕੇ ਘਰ ਚਲਾ ਗਿਆ ਸਾਂ। ਮੇਰੇ ਅਤੇ ਜੀਤੇ ਦੇ ਨਾਨਕੇ ਨਾਲੋ ਨਾਲ ਪਿੰਡਾਂ 'ਚ ਸਨ। ਮੈਂ ਜੀਤੇ ਦੀ ਮਾਂ ਨੂੰ ਮਾਸੀ ਕਿਹਾ ਕਰਦਾ ਸਾਂ।
      "ਮਾਸੀ ਜੀਤੇ ਨੂੰ ਪੜ੍ਹਨੋਂ ਕਿਉਂ ਉਠਾ ਲਿਆ ? ਲਾ ਦਿਓ ਖਾਂ ਏਹਨੂੰ ਵੱਡੇ ਸਕੂਲੇ ਮੇਰੇ ਨਾਲ਼ ਈ।" ਮੈਂ ਤਰਲਾ ਕੀਤਾ ਸੀ।
      "ਪੁੱਤ ਕੀ ਕਰੀਏ? ਘਰ ਕਿਵੇਂ ਚੱਲੂ? ਤਾਇਆ ਤਾਂ ਤੇਰਾ ਜਿੰਨੇ ਕਮਾਉਂਦਾ, ਓਨੇ ਦੇ ਡੋਡੇ ਪੀ ਜਾਂਦਾ। ਘਰੇ ਤਾਂ ਇਕ ਡੰਗ ਦੀ ਰੋਟੀ ਨ੍ਹੀਂ ਪੱਕਦੀ, ਏਹਦੀ ਪੜ੍ਹਾਈ ਦਾ ਖਰਚਾ ਕੌਣ ਤੋਰੂ ? ਨਾਲੇ ਪੁੱਤ ਆਪਾਂ ਗਰੀਬਾਂ ਨੂੰ ਪੜ੍ਹਾਈਆਂ ਨਾਲ਼ ਕੀ ? ਆਪਣੀ ਏਡੀ ਚੰਗੀ ਕਿਸਮਤ ਕਿੱਥੇ ?" ਮਾਸੀ ਨੇ ਕੋਈ ਹੁੰਗਾਰਾ ਨਹੀਂ ਸੀ ਭਰਿਆ। ਉਸ ਦੇ ਬੋਲ ਸੁਣ ਕੇ ਮੇਰਾ ਦਿਲ ਟੁੱਟ ਗਿਆ ਸੀ। ਮੈਂ ਬਿਨਾਂ ਕੁਝ ਹੋਰ ਬੋਲੇ ਘਰ ਆ ਗਿਆ ਸਾਂ।
        ਪ੍ਰਾਇਮਰੀ ਸਕੂਲ 'ਚ ਪੜ੍ਹਦਿਆਂ ਕਈ ਵਾਰ ਮਨ ਸਕੂਲੋਂ ਭੱਜ ਜਾਣ ਨੂੰ ਕਰ ਆਉਂਦਾ ਸੀ ਪਰ ਵੱਡੇ ਸਕੂਲ ਪੜ੍ਹਦਿਆਂ ਪੜ੍ਹਾਈ ਤੋਂ ਕਦੇ ਮਨ ਨਹੀਂ ਸੀ ਅੱਕਿਆ। ਬੱਸ ਕਿਸੇ ਧੁਨ ਵਿਚ ਲੱਗਾ ਰਹਿੰਦਾ ਸਾਂ। ਪੜ੍ਹ ਕੇ ਕਿਸੇ ਵੱਡੇ ਅਹੁਦੇ 'ਤੇ ਲੱਗਣ ਦਾ ਸੁਪਨਾ ਅੱਖਾਂ ਅੱਗੇ ਤੈਰਦਾ ਰਹਿੰਦਾ। ਮੈਨੂੰ ਹੁਣ ਆਪਣੇ ਮੈਲ਼ੇ ਤੇ ਪੁਰਾਣੇ ਕੱਪੜੇ ਵੇਖ ਕੇ ਕਦੇ ਹੀਣਤਾ ਵੀ ਨਾ ਆਉਂਦੀ। ਇਹ ਗੱਲਾਂ ਜਿਵੇਂ ਅਸਰ ਕਰਨੋਂ ਹੀ ਹਟ ਗਈਆਂ ਸਨ। ਹਿਸਾਬ ਵਾਲ਼ੇ ਨਿੱਕੇ ਕੱਦ ਦੇ ਮਾਸਟਰ, ਜਿਸ ਨੂੰ ਸਾਰੇ ਵਿਦਿਆਰਥੀ 'ਚਮਗਿੱਦੜ' ਆਖਦੇ ਹੁੰਦੇ ਸਨ, ਵਲੋਂ ਜਾਤ ਦਾ ਨਾਂ ਲੈ-ਲੈ ਕੇ ਕੀਤੀਆਂ ਚਿੜਾਉਣ ਵਾਲ਼ੀਆਂ ਗੱਲਾਂ ਜ਼ਰੂਰ ਦੁਖੀ ਕਰਦੀਆਂ। ਮੈਨੂੰ ਤਾਂ ਭਾਵੇਂ ਉਹ ਕੁੱਝ ਨਹੀਂ ਸੀ ਕਹਿੰਦਾ (ਕੁੱਝ ਕਹਿਣ ਦਾ ਮੌਕਾ ਹੀ ਕਿੱਥੇ ਦਿੰਦਾ ਸਾਂ, ਉਂਜ ਉਸ ਵਲੋਂ ਤਾਂ ਕੋਈ ਢਿੱਲ ਨਹੀਂ ਸੀ ਹੁੰਦੀ) ਪਰ ਮੇਰੇ ਇਕ ਦੋ ਸਾਥੀਆਂ, ਜੋ ਪੜ੍ਹਾਈ ਵਿਚ ਕੁੱਝ ਕਮਜ਼ੋਰ ਸਨ, ਨਾਲ ਉਹ ਬੁਰੀ ਤਰ੍ਹਾਂ ਪੇਸ਼ ਆਉਂਦਾ।
       "ਸਰਕਾਰ ਦੇ ਜਵਾਈ ਓ ਤੁਸੀਂ----ਮੁਫ਼ਤ ਕਿਤਾਬਾਂ----ਫ਼ੀਸਾਂ ਮੁਆਫ਼, ਵਜ਼ੀਫੇ ਤਾਂ ਮਿਲ ਜਾਂਦੇ। ਤੁਸੀਂ ਪੜ੍ਹ ਕੇ ਕੀ ਕਰਨਾ ? ਕੰਜਰ ਦੇ ਕੰਜਰੋ ਸੀਰੀ ਰਲ਼ ਜੋ----ਚਾਰ ਮਣ ਦਾਣੇ ਤਾਂ ਆਉਣ ਘਰੇ। ਪੜ੍ਹ ਕੇ ਕਿਹੜਾ ਡੀ. ਸੀ. ਲੱਗਜੋਂਗੇ ?" ਚਮਗਿੱਦੜ ਮਾਸਟਰ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮਨ ਦੁਖੀ ਹੁੰਦਾ ਪਰ ਅੰਦਰੇ-ਅੰਦਰੇ ਸਾਰਾ ਕੁਝ ਪੀ ਜਾਂਦਾ। ਉਸਦੀਆਂ ਬਿੱਲੀ ਵਰਗੀਆਂ ਲਾਲ ਅੱਖਾਂ ਤੋਂ ਭੈਅ ਆਉਂਦਾ। ਉਸਦਾ ਪੀਰੀਅਡ ਤਾਂ ਮਸਾਂ ਲੰਘਦਾ ਸੀ, ਜਿਵੇਂ ਵਕਤ ਇੱਕ ਥਾਂ 'ਤੇ ਰੁਕ ਜਾਂਦਾ ਹੋਵੇ।
      ਗੰਜੇ ਹਿੰਦੀ ਮਾਸਟਰ ਤੋਂ ਕੁੱਟ ਖਾ ਕੇ ਬੜਾ ਸੁਆਦ ਆਉਂਦਾ। ਇਹ ਨਹੀਂ ਕਿ ਹਿੰਦੀ ਵਿਚੋਂ ਕਮਜ਼ੋਰ ਸਾਂ, ਬੱਸ ਕੁੱਟ ਖਾਣ ਲਈ ਜਾਣ-ਬੁੱਝ ਕੇ ਘਰ ਦਾ ਕੰਮ ਨਾ ਕਰਦਾ। ਇਹ ਆਦਤ ਦਸਵੀਂ ਵਿਚ ਜਾ ਕੇ ਹੀ ਪਈ ਸੀ।
      "ਗੰਦਾ ਆਂਡਾ! ਸੂਰ! ਚੰਗਾ ਭਲਾ ਹੁੰਦਾ ਸੀ, ਪਤਾ ਨ੍ਹੀਂ ਕੀ ਬਿਮਾਰੀ ਪੈਗੀ ਇਹਨੂੰ। ਇੰਨਾ ਗਧਿਆ ਨਾਲ਼ ਰਲ਼ਕੇ ਜਵਾਂ ਮਾਤਾ ਦਾ ਮਾਲ ਬਣਦਾ ਜਾ ਰਿਹੈ।" ਹਿੰਦੀ ਵਾਲ਼ਾ ਮਾਸਟਰ ਮੌਲਾ ਬਖਸ਼ ਨਾਲ਼ ਸੇਵਾ ਕਰਦਾ, ਸਲੋਕ ਵੀ ਪੜ੍ਹੀ ਜਾਂਦਾ। ਕੁੱਟ ਖਾਂਦਿਆਂ ਮੇਰੀ ਨਿਗਾਹ ਚੋਰੀ-ਚੋਰੀ ਕੁੜੀਆਂ ਵਾਲ਼ੇ ਪਾਸੇ ਚਲੀ ਜਾਂਦੀ। ਮੈਂ ਵੇਖਦਾ ਜਿੰਦਰ ਦਾ ਬੁਰਾ ਹਾਲ ਹੋਇਆ ਹੁੰਦਾ। ਮੈਨੂੰ ਜਾਪਦਾ ਜੇਕਰ ਉਸਦਾ ਵੱਸ ਚੱਲੇ ਤਾਂ ਉਹ ਕੁੱਟ ਰਹੇ ਗੰਜੇ ਮਾਸਟਰ ਦੇ ਹੱਥੋਂ ਡੰਡਾ ਆ ਫੜੇ। ਜਿੰਨਾ ਚਿਰ ਮੈਨੂੰ ਕੁੱਟ ਦਾ ਪ੍ਰਸ਼ਾਦ ਮਿਲਦਾ ਰਹਿੰਦਾ, ਉਹ ਅੱਖਾਂ ਬੰਦ ਕਰੀ ਰੱਖਦੀ। ਹਿੰਦੀ ਮਾਸਟਰ ਦਾ ਪੀਰੀਅਡ ਲੰਘਣ ਬਾਅਦ, ਜਦੋਂ ਵੀ ਮੌਕਾ ਮਿਲਦਾ ਉਹ ਮੈਨੂੰ ਇਕੱਲਾ ਵੇਖ ਮੇਰੇ ਕੋਲ਼ ਆ ਜਾਂਦੀ।
       "ਪਾਲ ਤੂੰ ਕੰਮ ਕਿਉਂ ਨ੍ਹੀਂ ਕਰਕੇ ਲਿਆਉਂਦਾ? ਤੂੰ ਕੁੱਟ ਕਿਉਂ ਖਾਨੈ ? ਤੇਰੇ ਪੀੜ ਨ੍ਹੀਂ ਹੁੰਦੀ?" ਉਹ ਮੇਰੇ ਹੱਥ ਫੜ ਕੇ ਹੱਥਾਂ ਉਪਰ ਪਈਆਂ ਲਾਸਾਂ ਅਤੇ ਨੀਲ ਵੇਖਦੀ ਅਤੇ ਹਉਂਕਾ ਖਿੱਚ ਹੁਬਕੀਂ-ਹੁਬਕੀਂ ਰੋਣ ਲੱਗ ਜਾਂਦੀ। ਮੈਨੂੰ ਉਸ ਦਾ ਇੰਜ ਰੋਣਾ ਚੰਗਾ ਚੰਗਾ ਲੱਗਦਾ। ਮੇਰਾ ਜੀਅ ਕਰਦਾ, ਉਸ ਦੀਆਂ ਪਲਕਾਂ ਤੋਂ ਬਾਹਰ ਵਗ ਆਏ ਹੰਝੂਆਂ ਨੂੰ ਆਪਣੀਆਂ ਉਂਗਲਾਂ ਦੇ ਪੋਟਿਆਂ ਨਾਲ਼ ਸਾਫ਼ ਕਰ ਦੇਵਾਂ ਪਰ ਇੰਜ ਨਾ ਕਰ ਸਕਦਾ। ਮੈਂ ਸਿਰ ਸੁੱਟ ਕੇ ਉਸ ਕੋਲ਼ ਖੜ੍ਹਾ ਰਹਿੰਦਾ। ਉਸ ਦੀਆਂ ਅੱਖਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਹੁੰਦੀ।
      "ਮੈਂ ਤੇਰਾ ਕੰਮ ਕਰਕੇ ਲਿਆ ਦਿਆ ਕਰੂੰ।" ਤੇ ਉਹ ਸੱਚਮੁਚ ਹਰ ਰੋਜ਼ ਹਿੰਦੀ ਮਾਸਟਰ ਵੱਲੋਂ ਦਿੱਤਾ ਮੇਰਾ ਘਰ ਦਾ ਕੰਮ ਕਰ ਕੇ ਲਿਆਉਣ ਲੱਗੀ। ਉਹ ਛੁੱਟੀ ਵੇਲ਼ੇ ਕਾਪੀ ਘਰ ਲੈ ਜਾਂਦੀ ਤੇ ਅਗਲੇ ਦਿਨ ਸਭ ਤੋਂ ਪਹਿਲਾਂ ਹੀ ਜਮਾਤ ਵਿਚ ਆ ਬਹਿੰਦੀ। ਆਉਂਦਿਆਂ ਸਾਰ ਕਾਪੀ ਮੈਨੂੰ ਫੜਾ ਦਿੰਦੀ। ਮੇਰੇ ਹਿੰਦੀ ਵਾਲੇ ਗੰਜੇ ਮਾਸਟਰ ਤੋਂ ਕੁੱਟ ਪੈਣੀ ਬੰਦ ਹੋ ਗਈ। ਮੈਨੂੰ ਪਤਾ ਨਹੀਂ ਕਿਉਂ ਇਹ ਬੁਰਾ-ਬੁਰਾ ਲੱਗਣ ਲੱਗਾ। ਮੇਰਾ ਜੀਅ ਕਰਦਾ ਕਿ ਜਿੰਦਰ ਪਹਿਲਾਂ ਵਾਂਗ ਮੇਰੇ ਹੱਥ ਫੜੇ, ਹੱਥਾਂ 'ਤੇ ਪਏ ਨੀਲ ਚੁੰਮੇ ਤੇ ਹੁਬਕੀਂ-ਹੁਬਕੀਂ ਰੋਵੇ। ਮੈਂ ਡਰਾਇੰਗ ਦਾ ਕੰਮ ਕਰਨਾ ਬੰਦ ਕਰ ਦਿੱਤਾ ਉਸ ਦੀ ਕੁੱਟ ਪ੍ਰਾਇਮਰੀ ਆਲ਼ੇ ਘੋਟੇ ਮਾਸਟਰ ਵਰਗੀ ਸੀ। ਉਹ ਤਾਂ ਕੁੱਟ-ਕੁੱਟ ਬੇਹਾਲ ਹੀ ਕਰ ਦਿੰਦਾ, ਪਰ ਉਸ ਦੀ ਕੁੱਟ ਚੰਗੀ-ਚੰਗੀ ਲੱਗਦੀ। ਜਿੰਦਰ ਪਹਿਲਾਂ ਵਾਂਗ ਫੇਰ ਹੱਥ ਫੜ ਚੁੰਮਣ ਲੱਗੀ ਸੀ। ਫੇਰ ਉਹ ਮੇਰਾ ਡਰਾਇੰਗ ਦਾ ਕੰਮ ਕਰ ਕੇ ਵੀ ਲਿਆਉਣ ਲੱਗੀ। ਉਸ ਦੇ ਦਿਲ ਵਿਚ ਪਤਾ ਨਹੀਂ ਕੀ ਆਈ, ਉਹ ਦਿਨ 'ਚ ਇਕ ਅੱਧ ਵਾਰ ਮੇਰਾ ਹੱਥ ਫੜ ਕੇ ਜ਼ਰੂਰ ਚੁੰਮਦੀ।
      ਇਤਿਹਾਸ ਵਾਲ਼ਾ ਮਾਸਟਰ ਜਿਸ ਨੂੰ ਦੂਜੇ ਮਾਸਟਰ 'ਕਾਮਰੇਡ ਸਟਾਲਿਨ' ਕਹਿ ਕੇ ਬੁਲਾਇਆ ਕਰਦੇ ਸਨ, ਤੂੜ-ਤੂੜ ਕੇ ਸਮਾਜਵਾਦ ਸਾਡੇ ਦਿਮਾਗ਼ਾਂ ਵਿਚ ਵਾੜਦਾ ਰਹਿੰਦਾ। ਉਸ ਵਲੋਂ ਵਰਤੇ ਔਖੇ-ਔਖੇ ਸ਼ਬਦਾਂ ਦੀ ਮੈਨੂੰ ਕੋਈ ਸਮਝ ਨਹੀਂ ਸੀ ਪੈਂਦੀ। ਬੁਰਜੂਆ, ਪੈਟੀ ਬੁਰਜੂਆ, ਪ੍ਰੋਲੇਤਾਰੀ, ਬਸਤੀਵਾਦੀ, ਨਵ-ਬਸਤੀਵਾਦੀ ਵਰਗੇ ਸ਼ਬਦ ਸਿਰ ਦੇ ਉਪਰ-ਉਪਰ ਦੀ ਲੰਘ ਜਾਂਦੇ। ਕਲਾਸ ਦੇ ਸਾਰੇ ਮੁੰਡੇ ਪਿੱਠ ਪਿੱਛੇ ਉਸ ਨੂੰ 'ਬੁਰਜੂਆ' ਕਹਿੰਦੇ ਸਨ। ਉਸ ਦੀ ਔਖੀ ਭਾਰੀ ਫ਼ਿਲਾਸਫ਼ੀ ਸਾਡੇ ਕਿਸੇ ਦੀ ਸਮਝ ਨਹੀਂ ਸੀ ਪੈਂਦੀ ਪਰ ਫੇਰ ਵੀ ਉਹ ਅਮੀਰ-ਗਰੀਬ, ਕਾਣੀ ਵੰਡ ਤੇ ਜਾਤਾਂ-ਧਰਮਾਂ ਦੇ ਵਿਰੋਧ ਦੀਆਂ ਗੱਲਾਂ ਕਰਦਾ ਮੈਨੂੰ ਚੰਗਾ-ਚੰਗਾ ਲੱਗਦਾ। ਮੈਨੂੰ ਲੱਗਦਾ ਜਿਵੇਂ ਮਾਸਟਰ ਦੇ ਅੰਦਰ ਇਨ੍ਹਾਂ ਸਭ ਦੇ ਖ਼ਿਲਾਫ਼ ਕੋਈ ਲਾਵਾ ਬਲ ਰਿਹਾ ਹੋਵੇ। ਉਸ ਦੀਆਂ ਗੱਲਾਂ ਸੁਣਦਿਆਂ, ਦਿਹਾੜੀ ਜੋਤੇ ਦਾ ਔਖਾ ਕੰਮ ਕਰਦਾ ਬਾਪੂ, ਕਪਾਹ ਚੁਗਦੀਆਂ ਭੈਣਾਂ, ਝੋਨਾ ਲਾਉਂਦਾ ਆਪਣਾ-ਆਪ ਤੇ ਗੋਹਾ-ਕੂੜਾ ਢੋਂਦੀ ਮਾਂ ਮੇਰੀਆਂ ਅੱਖਾਂ ਅੱਗੇ ਆ ਖੜਦੇ। ਕਾਮਰੇਡ ਮਾਸਟਰ ਗੱਲ ਭਾਵੇਂ ਮਹਿਮੂਦ ਗਜ਼ਨਵੀ ਦੇ ਹਮਲੇ ਤੋਂ ਸ਼ੁਰੂ ਕਰਦਾ ਜਾਂ ਭਾਰਤੀ ਸੁਤੰਤਰਤਾ ਅੰਦੋਲਨ ਤੋਂ, ਖ਼ਤਮ ਆ ਕੇ ਰੂਸ ਅਤੇ ਚੀਨ ਦੇ ਇਨਕਲਾਬ 'ਤੇ ਹੀ ਕਰਦਾ। ਮਾਸਟਰ ਦੀਆਂ ਗੱਲਾਂ ਸੁਣ ਕੇ ਕਈ ਵਾਰ ਤਾਂ ਖ਼ੂਨ ਖੌਲਣ ਲੱਗ ਜਾਂਦਾ। ਜੀਅ ਕਰਦਾ ਭਗਤ ਸਿੰਘ ਵਾਂਗ ਮੇਰੇ ਕੋਲ ਪਸਤੌਲ ਹੋਵੇ ਪਰ ਇਸ ਨਾਲ਼ ਮਾਰਾਂ ਕਿਸ ਨੂੰ? ਇਹ ਸੋਚਣ 'ਤੇ ਮੇਰੇ ਕੁਝ ਵੀ ਸਮਝ ਨਾ ਆਉਂਦਾ। ਮੈਂ ਪਿੰਡ ਦੇ ਬਹੁਤ ਸਾਰੇ ਬੰਦਿਆਂ ਬਾਰੇ ਸੋਚਦਾ ਕਿਸ ਕਿਸ ਨੂੰ ਮਾਰਨਾ ਚਾਹੀਦਾ ਹੈ। ਇੱਕ-ਇੱਕ ਕਰਕੇ ਕਈ ਚਿਹਰੇ ਅੱਖਾਂ ਸਾਹਮਣੇ ਆਉਂਦੇ, ਪਰ ਦਿਮਾਗ਼ ਕੋਈ ਫ਼ੈਸਲਾ ਨਾ ਕਰ ਸਕਦਾ।
       ਜਿਸ ਦਿਨ ਦਸਵੀ ਦਾ ਰੀਜ਼ਲਟ ਆਇਆ, ਮਾਂ ਨੇ ਚੁੰਮ-ਚੁੰਮ ਮੇਰਾ ਮੂੰਹ ਲਾਲ ਕਰ ਦਿੱਤਾ। ਗਲੀ ਗੁਆਂਢ ਤੇ ਪਿੰਡ 'ਚੋਂ ਮਿਲੀਆਂ ਵਧਾਈਆਂ ਨਾਲ਼ ਮਾਂ ਦੀ ਝੋਲੀ ਭਰ ਗਈ ਸੀ। ਮੈਂ ਸੋਚਦਾ ਹੁੰਦਾ ਸਾਂ ਕਿ ਡਿਗਰੀ ਕਰਦਿਆਂ ਸਾਰ ਕਿਸੇ ਦਫ਼ਤਰ ਦੀ ਖਾਲ਼ੀ ਪਈ ਕੁਰਸੀ 'ਤੇ ਬਿਠਾ ਦਿੱਤਾ ਜਾਵਾਂਗਾ ਪਰ ਕਾਲਜ ਚੋਂ ਡਿਗਰੀ ਲੈ ਕੇ ਨਿਕਲਿਆ ਤਾਂ ਮੇਰੇ ਤੇ ਮਾਂ ਦੇ ਸੁਪਨੇ ਇੱਕ-ਇੱਕ ਕਰਕੇ ਤਿੜਕਣ ਲੱਗੇ। ਕਿਸੇ ਸਰਕਾਰੀ ਦਫ਼ਤਰ ਜਾਂਦਾ ਤਾਂ ਖਾਲੀ ਪਈਆਂ ਕੁਰਸੀਆਂ ਵੱਲ ਵੇਖ ਵੇਖ ਕੇ ਹੈਰਾਨ ਹੁੰਦਾ ਕਿ ਇਹਨਾਂ 'ਚੋਂ ਇੱਕ ਵੀ ਮੇਰੇ ਲਈ ਕਿਉਂ ਨਹੀਂ ? ਆਪਣੇ ਲਈ ਕਿਸੇ ਅਹੁਦੇ ਦੀ ਭਾਲ 'ਚ ਪੰਜਵੇਂ ਸੱਤਵੇਂ ਦਿਨ ਕਿਸੇ ਟੈਸਟ, ਇੰਟਰਵਿਊ 'ਤੇ ਚੜ੍ਹਿਆ ਰਹਿੰਦਾ। ਮੇਰੇ ਟੈਸਟ, ਇੰਟਰਵਿਊ 'ਤੇ ਜਾਣ ਲੱਗਿਆਂ ਮਾਂ ਸੁੱਖਣਾ ਸੁੱਖਦੀ। ਮਿਸਤਰੀ ਨਾਲ ਦਿਹਾੜੀ ਲਾ ਕੇ ਕਮਾਏ ਚਾਰ ਪੈਸੇ ਟੈਸਟ-ਇੰਟਰਵਿਊ ਦੇ ਢਿੱਡ 'ਚ ਜਾ ਵੜਦੇ ਤਾਂ ਬੱਜਰੀ ਵਾਲ਼ੀ ਕੜਾਹੀ ਚੁੱਕਣ ਨਾਲ਼ ਸਿਰ 'ਤੇ ਪੜੇ ਰੋਬੜੇ ਚਸਕਣ ਲੱਗਦੇ। ਘਰ 'ਚ ਕੁੜ-ਕੁੜ ਰਹਿਣ ਲੱਗੀ। ਬਾਪੂ ਹਰ ਵੇਲੇ ਬਿਨਾ ਗੱਲੋਂ ਅਵਾ-ਤਵਾ ਬੋਲਦਾ ਰਹਿੰਦਾ।
      "ਚੜ੍ਹੀ ਰਹਿੰਦੀ ਸੀ ਘੋੜੇ 'ਤੇ ਅਖੇ ਪੁੱਤ ਨੂੰ ਪੜ੍ਹਾ ਕੇ ਵੱਡਾ ਅਪਸਰ ਲੁਆਉਣੈ। ਲੁਆ ਲੈ ਕਾਨੂੰਗੋ। ਕੋਈ ਚਪੜਾਸੀ ਰੱਖਣ ਨੂੰ ਤਿਆਰ ਨ੍ਹੀਂ। ਐਵੇਂ ਘਰੋਂ ਨਿਕਲ ਜਾਂਦਾ ਕੰਮ ਤੋਂ ਟਲਣ ਮਾਰਾ। ਪੈਸੇ ਪੱਟ ਕੇ ਮੁੜ ਆਉਂਦਾ ਤੋਰਾ ਫੇਰਾ ਕਰਕੇ।" ਬਾਪੂ ਦੇ ਬੋਲ ਹਥੋੜੇ ਵਾਂਗੂੰ ਸਿਰ 'ਚ ਵੱਜਦੇ।
      "ਖੌਰੇ ਰੱਬ ਕੰਜਰ ਸਾਡਾ ਈ ਵੈਰੀ ਕਾਹਨੂੰ ਹੋਇਆ ਪਿਆ ? ਮੇਰਾ ਪੁੱਤ ਤਾਂ ਪੜ੍ਹ-ਪੜ੍ਹ ਕੇ ਕਮਲਾ ਹੋ ਗਿਆ। ਸਾਰੀ-ਸਾਰੀ ਦਿਹਾੜੀ ਕਿਤਾਬਾਂ ਨਾਲ ਮੱਥਾ ਮਾਰਦਾ ਰਹਿੰਦੈ। ਸਾਡੀ ਅਵਦੀ ਕਿਸਮਤ ਈ ਮਾੜੀ ਆ। ਸਾਡੇ ਕਰਮਾਂ 'ਚ ਈ ਸੁਖ ਨ੍ਹੀਂ ਲਿਖਿਆ।" ਮਾਂ ਡੁਸਕਣ ਲੱਗਦੀ।
        ਮੈਂ ਮਾਂ ਜਾਂ ਬਾਪੂ ਨੂੰ ਕਦੇ ਨਹੀ ਸੀ ਦੱਸਿਆ ਕਿ ਜਿਸ ਵੀ ਨੌਕਰੀ ਲਈ ਇੰਟਰਵਿਊ ਟੈਸਟ ਦੇਣ ਜਾਈਦਾ ਹੈ, ਉਥੇ ਤਾਂ ਪਹਿਲਾਂ ਹੀ ਵੱਡੇ ਅਫ਼ਸਰਾਂ, ਵਜ਼ੀਰਾਂ ਦਾ ਕੋਈ ਪੁੱਤ-ਭਤੀਜਾ ਜਾਂ ਕੋਈ ਪੈਸੇ ਵਾਲਾ ਰੱਖ ਲਿਆ ਹੁੰਦਾ ਹੈ। ਸੋਚਦਾ ਮਾਂ ਤੇ ਬਾਪੂ ਦੁਖੀ ਹੋਣਗੇ। ਬਾਪੂ ਤਾਂ ਸ਼ਾਇਦ ਦੁਖੀ ਹੋਇਆ ਇਹੀ ਕਹਿ ਦੇਵੇ, "ਹੁਣ ਸਾਡੇ ਹੱਡ ਬਾਕੀ ਰਹਿੰਦੇ ਆ, ਉਹ ਵਿਕਦੇ ਤਾਂ ਵੇਚ ਦੇ।"
      "ਮੇਰੇ ਸਾਲੇ ਆਹ ਵੱਡੇ ਢਿੱਡਾਂ ਆਲ਼ੇ ਕਦੋਂ ਅੱਗੇ ਆਉਣ ਦਿੰਦੇ ਕਿਸੇ ਗਰੀਬ ਨੂੰ। ਲੋਕ ਕੁੜੀ ਦੇ------ ਥੱਦੀਆਂ ਦੀਆਂ ਥੱਦੀਆਂ ਨੋਟਾਂ ਦੀਆਂ ਚੁੱਕੀ ਫਿਰਦੇ ਅਪਸਰਾਂ ਮਗਰ। ਸਾਨੂੰ ਗਰੀਬ ਨੂੰ ਨੌਕਰੀ ਕਿੱਥੇ? ਐਵੇਂ ਗਾਲਤੇ ਐਨੇ ਵਰ੍ਹੇ। ਕਿਸੇ ਮਿਸਤਰੀ ਨਾਲ ਲਾਇਆ ਹੁੰਦਾ, ਹੁਣ ਨੂੰ ਸਿਰੇ ਦਾ ਮਿਸਤਰੀ ਬਣਿਆ ਹੁੰਦਾ। ਪਰ ਚੱਲਣ ਕਿੱਥੇ ਦਿੱਤੀ ਮੇਰੀ----ਤੀਵੀਂ ਨੇ। ਅਖੇ ਅਪਸਰ ਬਣਾਉਣੈ। ਬਣਾਲੈ---।" ਮੈਨੂੰ ਬਾਪੂ 'ਤੇ ਤਰਸ ਵੀ ਆਉਂਦਾ ਤੇ ਇਉਂ ਵੀ ਜਾਪਦਾ ਜਿਵੇਂ ਉਹ ਬਹੁਤ ਵੱਡਾ ਸੱਚ ਬੋਲ ਰਿਹਾ ਹੋਵੇ। ਬਾਪੂ ਨੂੰ ਇਹ ਸਾਰਾ ਕੁੱਝ ਕਿੱਥੋਂ ਪਤਾ ਲੱਗ ਗਿਆ? ਮੇਰੀ ਸਮਝ ਵਿਚ ਨਾ ਆਉਂਦਾ।
       ਰੁਜ਼ਗਾਰ ਦਫ਼ਤਰਾਂ ਦੇ ਧੱਕੇ ਖਾਂਦਿਆ-ਖਾਂਦਿਆਂ ਆਖ਼ਰ ਥੱਕ ਹਾਰ ਕੇ ਸ਼ਹਿਰ ਟਰੱਕਾਂ ਵਾਲ਼ੀ ਵਰਕਸ਼ਾਪ 'ਤੇ ਜਾ ਲੱਗਾ। ਵਿੱਚ-ਵਿਚਾਲੇ ਅਜੇ ਵੀ ਕਿਤੇ-ਨਾ-ਕਿਤੇ 'ਅਹੁਦਾ' ਭਾਲਣ ਤੁਰ ਜਾਈਦਾ। ਵਰਕਸ਼ਾਪ 'ਤੇ ਸਾਰੀ ਦਿਹਾੜੀ ਪੰਸੇਰੀ ਭਾਰ ਦਾ ਘਣ ਚਲਾਉਣਾ ਪੈਂਦਾ। ਹੱਥਾਂ 'ਤੇ ਅੱਟਣ ਬਣ ਗਏ। ਹੱਥਾਂ ਦੇ ਨੀਲ ਵੇਖਦਆਂ ਮੱਲੋ-ਮੱਲੀ ਜਿੰਦਰ ਚੇਤੇ ਆ ਜਾਂਦੀ।
      "ਪਾਲ!" ਆਵਾਜ਼ ਸੁਣ ਕੇ ਮੈਂ ਆਸੇ-ਪਾਸੇ ਵੇਖਿਆ। ਜਿੰਦਰ ਨੂੰ ਆਪਣੀ ਮਾਂ ਨਾਲ ਅੱਡੇ ਵਿਚ ਵੇਖ ਹੈਰਾਨ ਰਹਿ ਗਿਆ ਸਾਂ। ਉਸਨੂੰ ਕਈ ਵਰ੍ਹੇ ਹੋ ਗਏ ਸਨ ਕਨੈਡਾ ਗਿਆਂ। ਮੈਂ ਵੇਖ ਵੇਖ ਹੈਰਾਨ ਹੋ ਰਿਹਾ ਸਾਂ, ਜਿੰਦਰ ਅਜੇ ਵੀ ਕਿੰਨੀ ਸਾਦੀ ਜਿਹੀ ਸੀ।
      "ਪਾਲ ਕੀ ਕਰ ਰਿਹੈਂ ਅੱਜ ਕੱਲ੍ਹ? ਉਸ ਦੀ ਆਵਾਜ਼ 'ਚ ਅਜੇ ਵੀ ਪਹਿਲਾਂ ਵਾਂਗ ਅਪਣਾਪਨ ਸੀ।
     "ਵਰਕਸ਼ਾਪ 'ਚ ਹਥੌੜੇ ਨਾਲ਼ ਠੱਕ-ਠੱਕ।" ਮੈਂ ਨੀਵੀਂ ਜਿਹੀ ਪਾ ਲਈ। ਮੇਰੇ ਚਿਹਰੇ ਉਪਰਲੇ ਹੀਣਤਾ ਭਾਵ ਜਿੰਦਰ ਨੇ ਪੜ੍ਹ ਲਏ ਹੋਣਗੇ। ਮੇਰਾ ਦਿਲ ਕੀਤਾ, ਉਹ ਮੇਰੇ ਹੱਥਾਂ ਨੂੰ ਫੜੇ ਤੇ ਹੱਥਾਂ 'ਤੇ ਪੱਕੇ ਤੌਰ 'ਤੇ ਪੈ ਚੁੱਕੇ ਨੀਲਾਂ ਨੂੰ ਚੁੰਮ ਲਏ। ਮੇਰਾ ਜੀਅ ਕੀਤਾ ਉਹ ਪੁੱਛੇ, "ਐਹ ਨੀਲ ਕਿਉਂ ਪਏ ਨੇ ?" ਤੇ ਮੈਂ ਦੱਸਾਂ ਕਿ ਇਹ ਨੀਲ ਮੈਂ ਆਪਣੀ ਮਰਜ਼ੀ ਨਾਲ਼ ਨਹੀਂ ਪੁਆਏ। ਹੁਣ ਤਾਂ ਨੀਲ ਪਾਉਣ ਦੇ ਜ਼ਿੰਮੇਵਾਰ ਲੋਕਾਂ ਨੂੰ ਨੀਲਾ ਕਰ ਦੇਣ ਬਾਰੇ ਸੋਚਦਾ ਰਹਿੰਦਾ ਹਾਂ।
"ਪਾਲ ਮੈਨੂੰ ਤੇਰੀ ਐਜੂਕੇਸ਼ਨ ਦਾ ਪਤਾ ਐ। ਮੈਂ ਅਕਸਰ ਤੇਰੇ ਬਾਰੇ ਪੁੱਛਦੀ ਰਹਿੰਦੀ ਹਾਂ। ਖ਼ੈਰ ਇਹਦੇ 'ਚ ਨਮੋਸ਼ੀ ਵਾਲ਼ੀ ਕਿਹੜੀ ਗੱਲ ਐ ? ਬਾਹਰਲੇ ਦੇਸ਼ਾਂ 'ਚ ਕਿਸੇ ਵੀ ਕੰਮ ਨੂੰ ਨਫ਼ਰਤ ਨ੍ਹੀਂ ਕੀਤੀ ਜਾਂਦੀ ਭਾਵੇਂ ਕਲੀਨਿੰਗ ਦਾ ਕੰਮ ਈ ਕਿਉਂ ਨਾ ਹੋਵੇ। ਉੁਹਨਾਂ ਲੋਕਾਂ ਦੀ ਤਾਂ ਸੋਚ ਹੈ ਕਿ ਜੋ ਕੰਮ ਸਾਨੂੰ ਰੋਟੀ ਦਿੰਦਾ ਹੈ ਉਹ ਮਾੜਾ ਕਿਵੇ ਹੋਇਆ ?" ਜਿੰਦਰ ਦੇ ਬੋਲਾਂ ਵਿੱਚ ਕਹਿਰਾਂ ਦੀ ਡੂੰਘਿਆਈ ਸੀ। ਉਸ ਦੀਆਂ ਗੱਲਾਂ ਸੁਣਕੇ ਮੈਨੂੰ ਕਾਮਰੇਡ ਮਾਸਟਰ ਦੀਆਂ ਗੱਲਾਂ ਚੇਤੇ ਆਈਆਂ ਸਨ।
         "ਪਰ----?" ਮੈਂ ਜਿੰਦਰ ਨੂੰ ਕਹਿਣਾ ਚਾਹੁੰਦਾ ਵੀ ਕੁੱਝ ਕਹਿ ਨਾ ਸਕਿਆ।
       "ਪਾਲ! ਏਹੀ ਦਸਤੂਰ ਆ ਇੰਡੀਆ ਦਾ। ਜੋ ਯੋਗ ਹੁੰਦਾ ਹੈ ਉਸ ਨੂੰ ਏਥੇ ਮੌਕੇ ਨਹੀਂ ਮਿਲਦੇ ਤੇ ਜਿਸਨੂੰ ਮੌਕੇ ਮਿਲਦੇ ਨੇ ਉਹ ਯੋਗ ਨਹੀਂ ਹੁੰਦਾ।" ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਹੋ ਜਿੰਦਰ ਹੈ ਜੋ ਬੜੀ ਮਾਸੂਮ ਤੇ ਭੋਲੀ ਜਿਹੀ ਹੁੰਦੀ ਸੀ। ਇਹ ਐਨੀਆਂ ਸਿਆਣੀਆਂ ਤੇ ਫ਼ਿਲਾਸਫ਼ੀ ਵਾਲ਼ੀਆਂ ਗੱਲਾਂ ਕਿਵੇਂ ਕਰਨ ਲੱਗ ਪਈ ਸੀ।
       "ਪਾਲ ਮੇਰੇ ਹੱਥਾਂ ਵੱਲ ਵੇਖ !" ਜਿੰਦਰ ਨੇ ਦੋਵੇਂ ਹੱਥ ਮੇਰੇ ਅੱਗੇ ਫੈਲਾ ਦਿੱਤੇ। ਉਸਦੇ ਹੱਥਾਂ ਵੱਲ ਵੇਖ ਮੈਨੂੰ ਜਿਵੇਂ ਕਰੰਟ ਲੱਗਾ ਸੀ। ਲੱਗਾ ਜਿਵੇਂ ਮੇਰੇ ਹੱਥ ਜਿੰਦਰ ਦੇ ਹੱਥਾਂ 'ਚ ਵਟ ਗਏ ਹੋਣ। ਮੈਂ ਉਸਦੇ ਹੱਥਾਂ ਵੱਲ ਹੀ ਵੇਖਦਾ ਰਿਹਾ ਤੇ ਕਿੰਨਾ ਚਿਰ ਕੁੱਝ ਬੋਲ ਨਾ ਸਕਿਆ।
      "ਮੇਰੇ ਆਪਣੇ ਹੱਥ ਨੇ! ਉਹੀ ਹੱਥ ਜਿਨ੍ਹਾਂ ਕਦੀ ਡੱਕਾ ਭੰਨ ਕੇ ਦੂਹਰਾ ਨਹੀਂ ਸੀ ਕੀਤਾ। ਹਾਂ ਪਾਲ ਇਹ ਮੇਰੇ ਹੱਥ ਨੇ। ਉਥੇ ਬਾਹਰ ਪਰਿਵਾਰ ਦੇ ਸਾਰੇ ਜੀਅ ਨੂੰ ਕੰਮ ਕਰਨਾ ਪੈਂਦਾ। ਕੋਈ ਵਿਹਲਾ ਨਹੀਂ ਰਹਿੰਦਾ। ਦੋ-ਦੋ ਸ਼ਿਫਟਾਂ ਲਗਾਏ ਬਗ਼ੈਰ ਗੁਜ਼ਾਰਾ ਹੀ ਨਹੀਂ ਹੁੰਦਾ। ਦੇਖ ਫੈਕਟਰੀ ਦੇ ਔਖੇ ਕੰਮ ਨੇ ਮੇਰੇ ਹੱਥਾਂ 'ਤੇ ਗੰਢਾਂ ਪਾ ਦਿੱਤੀਆਂ ਨੇ।"
        ਮੇਰੇ ਅੰਦਰੋਂ ਚੀਸ ਉਠੀ। ਮੇਰਾ ਜੀਅ ਕੀਤਾ ਜਿੰਦਰ ਦੇ ਹੱਥ ਫੜ ਕੇ ਚੁੰਮ ਲਵਾਂ।
      ਜਿੰਦਰ ਦੇ ਚਲੇ ਜਾਣ ਬਾਅਦ ਕਿੰਨਾ ਚਿਰ ਮੈਂ ਆਪਣੇ ਹੱਥਾਂ ਵੱਲ ਵੇਖਦਾ ਰਿਹਾ। ਪ੍ਰਾਇਮਰੀ ਸਕੂਲ, ਘੋਟਾ ਮਾਸਟਰ, ਨਿੰਮ ਦੀਆਂ ਨਮੋਲੀਆਂ, ਕਣਕ ਦੀ ਵਢਾਈ, ਝੋਨੇ ਦਾ ਖੇਤ, ਮੁਰਚ ਮੁਰਚ ਘਾਹ ਖਾਂਦੀ ਮੱਝ, ਮਾਂ ਦੀਆਂ ਅੱਖਾਂ ਦੇ ਹੰਝੂ, ਬਾਪ ਦੀਆਂ ਤਿਊੜੀਆਂ, ਭੈਣਾਂ ਦੇ ਚਿਹਰੇ 'ਤੇ ਉਕਰੀ ਉਦਾਸੀ, ਹਿਸਾਬ ਆਲ਼ੇ ਠਿਗਣੇ ਮਾਸਟਰ ਦੀਆਂ ਦਿਲ ਸਾੜਨ ਵਾਲ਼ੀਆਂ ਗੱਲਾਂ, ਕਾਮਰੇਡ ਮਾਸਟਰ ਦੀ ਔਖੀ ਭਾਰੀ ਫ਼ਿਲਾਸਫ਼ੀ ਤੇ ਗੰਜੇ ਮਾਸਟਰ ਦੀ ਕੁੱਟ-ਸਾਰਾ ਕੁੱਝ ਫਿਲਮ ਦੀ ਰੀਲ ਵਾਂਗ ਇੱਕ-ਇੱਕ ਕਰਕੇ ਅੱਖਾਂ ਅੱਗੋਂ ਲੰਘ ਗਿਆ।
        ਅੱਜ ਫੇਰ ਜਦੋਂ ਸਕੂਲ ਅੱਗੋਂ ਲੰਘਿਆ ਹਾਂ ਤਾਂ ਮਾਂ ਬੜੀ ਚੇਤੇ ਆਈ ਹੈ। ਉਹ ਅਕਸਰ ਕਿਹਾ ਕਰਦੀ, "ਪੁੱਤ ਗਰੀਬੀ ਸਭ ਤੋਂ ਵੱਡੀ ਬਿਮਾਰੀ ਐ।"
      "ਜਿੰਨਾ ਚਿਰ ਕਿਸੇ ਨੂੰ ਗਰੀਬੀ ਦੀ ਬਿਮਾਰੀ ਚਿੰਬੜੀ ਹੋਵੇ ਉਸ ਨੂੰ ਆਪਣੀ ਵਿਦਵਤਾ ਦਾ ਸਹੀ ਮੁੱਲ ਨਹੀਂ ਮਿਲਦਾ।" ਕਾਮਰੇਡ ਮਾਸਟਰ ਵੀ ਗ਼ਰੀਬੀ ਨੂੰ ਬਿਮਾਰੀ ਕਹਿੰਦਾ ਹੁੰਦਾ ਸੀ।
       ਮਾਂ ਦੀ ਗਰੀਬੀ ਨੂੰ ਬਿਮਾਰੀ ਕਹਿਣ ਵਾਲ਼ੀ ਗੱਲ ਪਹਿਲਾਂ-ਪਹਿਲ ਬੜੀ ਅਜੀਬ ਲੱਗਦੀ ਹੁੰਦੀ ਸੀ। ਉਦੋਂ ਸਮਝੀਦਾ ਸੀ ਕਿ ਖੰਘ, ਬੁਖਾਰ ਤੇ ਜ਼ੁਕਾਮ ਹੀ ਬਿਮਾਰੀ ਹੁੰਦੇ ਨੇ। ਗ਼ਰੀਬੀ ਵੀ ਭਿਆਨਕ ਬਿਮਾਰੀ ਐ, ਇਹ ਤਾਂ ਹੁਣ ਪਤਾ ਲੱਗਾ ਹੈ। ਆਪਣੇ ਤੇ ਜਿੰਦਰ ਦੇ ਹੱਥਾਂ ਦੀਆਂ ਗੰਢਾਂ ਚੇਤੇ ਆ ਗਈਆਂ ਨੇ। ਜੀਅ ਕਰਦਾ ਹੈ ਮਾਂ ਨੂੰ ਆਖਾਂ,
"ਮਾਂ ਇਹ ਬਿਮਾਰੀ ਹੱਥਾਂ 'ਤੇ ਗੰਢਾਂ ਵਾਲ਼ਿਆਂ ਸਾਰਿਆਂ ਲੋਕਾਂ ਨੂੰ ਈ ਐ।" ਘੋਟੇ ਮਾਸਟਰ ਦੀ ਨਮੋਲੀਆਂ ਖੁਆਉਣ ਵਾਲੀ ਗੱਲ ਚੇਤੇ ਕਰਦਿਆਂ ਚਿਹਰੇ 'ਤੇ ਮੁਸਕਰਾਹਟ ਫੈਲ ਗਈ ਹੈ। ਉਹ ਕਹਿੰਦਾ ਹੁੰਦਾ ਸੀ, "ਨਮੋਲੀਆਂ ਖਾਣ ਨਾਲ ਛੱਤੀ ਬਿਮਾਰੀਆਂ ਟੁੱਟਦੀਆਂ ਨੇ।" ਉਦੋਂ ਨਮੋਲੀਆਂ ਡਾਹਢੀਆਂ ਕੌੜੀਆਂ ਲੱਗਦੀਆਂ ਸਨ। ਖਾਣ ਤੋਂ ਬਚਣ ਲਈ ਕਈ ਹੀਲੇ ਵਸੀਲੇ ਕਰੀਦੇ ਸਨ। ਰੱਬ ਵਿਚਾਰੇ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਜੇ ਘੋਟਾ ਮਾਸਟਰ ਹੁਣ ਹੁੰਦਾ, ਮੈਂ ਉਸਨੂੰ ਆਖਣਾ ਸੀ,
      "ਮਾਸਟਰ ਜੀ, ਤੁਸੀਂ ਜਿੰਨੀਆਂ ਕਹੋ ਮੈਂ ਨਮੋਲੀਆਂ ਖਾਣ ਨੂੰ ਤਿਆਰ ਹਾਂ, ਬੱਸ ਇਹ ਗਰੀਬੀ ਵਾਲੀ ਬਿਮਾਰੀ ਟੁੱਟਣੀ ਚਾਹੀਦੀ।"
    - ਪਰ ਇਹ ਬਿਮਾਰੀ ਛੱਤੀ ਬਿਮਾਰੀਆਂ 'ਚ ਹੋਣੀ ਨ੍ਹੀਂ, ਜੇਕਰ ਹੁੰਦੀ, ਫੇਰ ਮੈਨੂੰ ਨਹੀਂ ਸੀ ਲੱਗਣੀ। ਘੋਟੇ ਮਾਸਟਰ ਨੇ ਨਮੋਲੀਆਂ ਹੀ ਇੰਨੀਆਂ ਖੁਆ ਦਿੱਤੀਆਂ ਨੇ ਬਚਪਨ 'ਚ।

ਕਿੱਥੇ ਕੱਟੇਂਗਾ ਰਾਤ ਵੇ ਟੁੱਟਿਆ ਤਾਰਿਆ - ਗੁਰਮੀਤ ਕੜਿਆਲਵੀ


ਬਹੁਤ ਉਦਾਸ ਖਬਰ ਹੈ। ਡਾ: ਤਾਰਾ ਸਿੰਘ ਸੰਧੂ ਨਹੀਂ ਰਿਹਾ। ਉਹ ਸਿਆਸਤ ਦਾ ਹੰਮਾਯੂ ਸੀ ਜਿਹੜਾ ਸਾਰੀ ਉਮਰ ਥਿੜਕਦਾ ਹੀ ਰਿਹਾ। ਕਿਧਰੇ ਵੀ ਉਸਦੇ ਪੈਰ ਨਹੀਂ ਲੱਗੇ। ਕਿਤੇ ਉਹ ਆਪ ਨਾ ਟਿਕਿਆ ਤੇ ਕਿਤੇ ਧਨਾਢ ਤੇ ਹੰਡੇ ਹੋਏ ਸਿਆਸਤੀਆਂ ਨੇ ਨਾ ਟਿਕਣ ਦਿਤਾ।
        ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਦਿਆਂ ਵਿਦਿਆਰਥੀ ਯੂਨੀਅਨ ਏ. ਆਈ. ਐਸ. ਐਫ. ਆਗੂ ਵਜੋਂ ਐਸਾ ਉਭਰਿਆ, ਦੇਸ਼ ਪੱਧਰ 'ਤੇ ਸਥਾਪਤ ਹੋ ਗਿਆ। ਉਹ ਧੱਕੜ ਕਿਸਮ ਦਾ ਬੰਦਾ ਸੀ। ਪ੍ਰਭਾਵਸ਼ਾਲੀ ਬੁਲਾਰਾ। ਉਸਦੀ ਕੁਰਸੀ ਸੀ. ਪੀ. ਆਈ. ਦੇ ਦਿੱਲੀ ਦਫਤਰ 'ਚ ਜਾ ਡੱਠੀ। ਇੰਦਰਜੀਤ ਗੁਪਤਾ ਤੇ ਚਤੁਰਾਰਨ ਮਿਸ਼ਰਾ ਵਰਗੇ ਕੌਮੀ ਆਗੂਆਂ ਦਾ ਨੇੜ ਬਣ ਗਿਆ। ਤਾਰਾ ਸਰਬ ਭਾਰਤ ਨੌਜਵਾਨ ਸਭਾ ਦਾ ਪ੍ਰਧਾਨ ਬਣਕੇ ਦੇਸ਼ ਦੇ ਕੋਨੇ ਕੋਨੇ ਜਾਣ ਲੱਗਾ। ਪਾਰਟੀ ਕਾਰਡ ਜੇਬ 'ਚ ਪਾਈ ਉਸਨੇ ਉੱਤਰੀ ਕੋਰੀਆ ਸਮੇਤ ਅਨੇਕਾਂ ਸਮਾਜਵਾਦੀ ਦੇਸ਼ ਗਾਹ ਮਾਰੇ। ਕਿੰਮ ਉਲ ਜੁੰਗ ਸਮੇਤ ਵੱਡੇ ਵੱਡੇ ਕੌਮਾਂਤਰੀ ਆਗੂਆਂ ਨਾਲ ਫੋਟੋਆਂ ਖਿੱਚੀਆਂ ਗਈਆਂ ਜਿਸਨੂੰ ਉਹ ਚਾਅ ਨਾਲ ਆਪਣੇ ਘਰ ਦੀ ਦੀਵਾਰ 'ਤੇ ਟੰਗੀ ਰੱਖਦਾ। ਉਸਨੇ ਉਤਰੀ ਕੋਰੀਆ ਬਾਰੇ ਬੜਾ ਵਧੀਆ ਸਫਰਨਾਮਾ "ਸੱਦੀ ਹੋਈ ਮਿਤਰਾਂ ਦੀ" ਵੀ ਲਿਖਿਆ। ਦਿੱਲੀ ਰਹਿੰਦਿਆਂ ਉਸਦਾ ਮੇਲ ਸੰਸਦ ਮੈਂਬਰਾਂ ਤੇ ਮੰਤਰੀਆਂ ਨਾਲ ਹੁੰਦਾ ਰਹਿੰਦਾ।
       ਫੇਰ ਪਾਰਟੀ ਨੇ ਚੰਡੀਗੜ੍ਹ ਵੱਲ ਤੋਰ ਦਿੱਤਾ। ਲੇਖਕਾਂ ਦੀ ਸਿਰਮੌਰ ਸੰਸਥਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੀਆਂ ਚੋਣਾਂ ਲੜਾ ਦਿਤੀਆਂ। ਤਾਰੇ ਅਨੁਸਾਰ ਇਹ ਵੀ ਕੁੱਝ ਪਾਰਟੀ ਆਗੂਆਂ ਦੇ ਅੰਦਰਲੀ ਬੇਈਮਾਨੀ ਸੀ। ਉਹ ਨਹੀਂ ਸੀ ਚਾਹੁੰਦੇ ਤਾਰਾ ਪਾਰਟੀ ਦਾ ਸਕੱਤਰ ਬਣੇ। ਉਹਨਾਂ ਤਾਰੇ ਨੂੰ ਲੇਖਕਾਂ ਦੀਆਂ ਚੋਣਾਂ 'ਚ ਧੱਕ ਦਿੱਤਾ। ਤਾਰੇ ਦਾ ਲੇਖਕ ਵਜੋਂ ਕੋਈ ਕੱਦ ਨਹੀਂ ਸੀ। "ਚੌਰਸ ਕਿੱਲ" ਵਰਗੇ ਇੱਕਾ ਦੁੱਕਾ ਨਾਟਕ ਹੀ ਲਿਖੇ ਸਨ। ਜਾਂ ਅਖਬਾਰਾਂ ਵਿੱਚ ਆਰਟੀਕਲ ਸਨ। ਪਾਰਟੀ ਦੇ ਉਹ ਆਗੂ ਸੋਚਦੇ ਸਨ ਕਿ ਤਾਰੇ ਨੂੰ ਲੇਖਕਾਂ ਨੇ ਵੋਟਾਂ ਨਹੀਂ ਪਾਉਣੀਆਂ। ਇਹ ਚੋਣ ਹਾਰ ਜਾਵੇਗਾ ਤੇ ਇਸਦੇ ਨਾਲ ਹੀ ਹਾਰ ਜਾਵੇਗੀ ਉਸਦੇ ਅੰਦਰਲੀ ਵੱਡਾ ਆਗੂ ਬਨਣ ਦੀ ਚਾਹਨਾ। ਪਰ ਤਾਰਾ ਸਿੰਘ ਸੰਧੂ ਸਿਰੜੀ ਸੀ। ਚੋਣ ਜਿੱਤਣ ਲਈ ਉਸਨੇ ਪੰਜਾਬ ਦਾ ਕੋਨਾ ਕੋਨਾ ਗਾਹ ਦਿੱਤਾ। ਆਪਣੀ ਮੈਨੇਜਮੈਂਟ ਆਸਰੇ ਉਹ ਚੋਣ ਜਿੱਤ ਗਿਆ।
       ਤਾਰਾ ਸਿੰਘ ਸੰਧੂ ਨੇ ਪੰਜਾਬ ਸੰਕਟ ਦੇ ਉਹਨਾਂ ਦਿਨਾਂ 'ਚ ਕੇਂਦਰੀ ਪੰਜਾਬੀ ਲੇਖਕ ਨੂੰ ਪੂਰੀ ਤਰ੍ਹਾਂ ਸਰਗਰਮ ਕਰੀ ਰੱਖਿਆ। ਸਭਾ ਦੇ ਜਨਰਲ ਸਕੱਤਰ ਰਹੇ ਡਾ. ਰਵਿੰਦਰ ਰਵੀ ਦੇ ਨਾਂ ਹੇਠ "ਰਵੀ ਪਾਸ਼ ਪੰਜਾਬੀ ਚੇਤਨਾ ਕਾਰਵਾਂ" ਸ਼ੁਰੂ ਕੀਤਾ। ਵੱਡੀਆਂ ਕਲਮਾਂ ਉਸਦੇ ਇਹਨਾਂ ਕਦਮਾਂ ਨੂੰ ਦੂਰੋਂ ਦੂਰੋਂ ਵੇਖਦੀਆਂ ਰਹਿੰਦੀਆਂ। ਜਿੰਨੇ ਲੇਖਕ--ਉੱਨੇ ਹੀ ਧੜੇ। ਤਾਰਾ ਲੇਖਕਾਂ ਅੰਦਰਲੀ ਧੜੇਬੰਦੀ ਤੋਂ ਨਿਰਾਸ਼ ਹੋ ਗਿਆ। ਦਰਅਸਲ ਇਹ ਧੜੇਬੰਦੀ ਲੇਖਕਾਂ ਅੰਦਰ ਨਹੀਂ ਸੀ, ਪਾਰਟੀਆਂ ਅੰਦਰਲੀ ਸੀ ਜੋ ਲੇਖਕਾਂ ਅੰਦਰ ਤੁਰੀ ਫਿਰਦੀ ਸੀ ਤੇ ਹੈ। ਡਾ. ਸੰਧੂ ਨੇ ਆਪਣੇ ਪ੍ਰਧਾਨ ਤੇ ਉੱਚ ਦੁਮਾਲੜੇ ਵਾਲੇ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਰਹਿਨੁਮਾਈ ਹੇਠ ਵੱਡੇ ਵੱਡੇ ਸਮਾਗਮ ਕਰ ਵਿਖਾਏ। ਜਿਵੇਂ ਕਿਵੇਂ ਉਸਨੇ ਆਪਣੀ ਜਨਰਲ ਸਕੱਤਰੀ ਨਿਭਾਅ ਦਿੱਤੀ।
      ਫਿਰ ਇਕ ਦਿਨ ਤਾਰਾ ਅਖਬਾਰਾਂ ਦੀ ਮੁੱਖ ਖਬਰ 'ਚ ਚਮਕਿਆ। ਲੇਖਕਾਂ ਤੇ ਆਮ ਲੋਕਾਂ ਲਈ ਇਹ ਕੋਈ ਚੰਗੀ ਖਬਰ ਨਹੀਂ ਸੀ। ਤਾਰਾ ਸਿੰਘ ਸੰਧੂ ਵਾਇਆ ਤੇਜ ਤਰਾਰ ਆਗੂ ਜਗਮੀਤ ਸਿੰਘ ਬਰਾੜ, ਨਰਾਇਣ ਦੱਤ ਤਿਵਾੜੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਤੇ ਲੌਂਗੋਵਾਲ ਰਾਜੀਵ ਸਮਝੌਤੇ ਦੇ ਕਰਨਧਾਰ ਅਰਜਨ ਸਿੰਘ ਵਲੋਂ ਕਾਂਗਰਸ ਤੋਂ ਅੱਡ ਹੋ ਕੇ ਬਣਾਈ "ਤਿਵਾੜੀ ਕਾਂਗਰਸ" ਦੀ ਦਲਦਲ 'ਚ ਉਤਰ ਗਿਆ। ਉਦੋਂ ਪ੍ਰਕਾਸ਼ ਨੇ ਪੰਜਾਬੀ ਟ੍ਰਿਬਿਊਨ ਵਿੱਚ "ਕਿੱਥੇ ਕੱਟੇਂਗਾ ਰਾਤ ਵੇ ਟੁੱਟਿਆ ਤਾਰਿਆ" ਸਿਰਲੇਖ ਨਾਲ ਲੇਖ ਲਿਖਿਆ ਸੀ। ਇਹ ਤਾਰੇ ਦੇ ਮਾੜੇ ਦੌਰ ਦੀ ਸ਼ੁਰੂਆਤ ਸੀ। ਜਿਹੜਾ ਤਾਰਾ ਦੇਸ਼ ਦੀ ਰਾਜਨੀਤੀ ਦੇ ਆਕਾਸ਼ 'ਤੇ ਚਮਕਦਾ ਸੀ, ਉਹ ਹੁਣ ਸਰਮਾਏਦਾਰੀ ਦੀ ਚਕਾਚੌਂਧ ਵਿੱਚ ਆਕੇ ਉੱਕਾ ਧੁੰਦਲਾ ਹੋ ਗਿਆ ਸੀ।
       ਜਿੰਨਾਂ ਸਮਿਆਂ 'ਚ ਤਾਰੇ ਨੇ ਸੀ. ਪੀ. ਆਈ. ਨੂੰ ਅਲਵਿਦਾ ਆਖੀ, ਕੇਂਦਰ 'ਚ ਹਰਦਨਹਾਲੀ ਡੋਡੇਗੌੜਾ ਦੇਵਗੌੜਾ ਦੀ ਅਗਵਾਈ 'ਚ ਸਾਂਝੇ ਮੋਰਚੇ ਦੀ ਰਲੀ ਮਿਲੀ ਸਰਕਾਰ ਬਣ ਗਈ। ਇੰਦਰਜੀਤ ਗੁਪਤਾ ਦੇਸ਼ ਦੇ ਗ੍ਰਹਿ ਮੰਤਰੀ ਬਣ ਗਏ। ਕਾਮਰੇਡ ਚਤੁਰਾਰਨ ਮਿਸ਼ਰਾ ਖੇਤੀਬਾੜੀ ਮੰਤਰੀ ਬਣੇ। ਤਾਰੇ ਦੇ ਯਾਰਾਂ 'ਚ ਅਕਸਰ ਗੱਲਾਂ ਚੱਲਦੀਆਂ, "ਜੇ ਤਾਰਾ ਪਾਰਟੀ ਨਾ ਛੱਡਦਾ, ਇੰਦਰਜੀਤ ਗੁਪਤਾ ਦਾ ਨਿੱਜੀ ਸਹਾਇਕ ਹੁੰਦਾ।" ਤਾਰਾ ਕਿਸੇ ਹੋਰ ਉੱਚੀ ਪੁਜ਼ੀਸ਼ਨ 'ਤੇ ਵੀ ਹੋ ਸਕਦਾ ਸੀ। ਇਹ ਉਹੀ ਸਮਾਂ ਸੀ ਜਦੋਂ ਮਹਿਜ਼ ਸਿੱਖ ਚਿਹਰੇ ਨੂੰ ਮੰਤਰੀ ਬਣਾਉਣ ਖਾਤਰ ਹੀ ਸ੍ ਬਲਵੰਤ ਸਿੰਘ ਰਾਮੂਵਾਲੀਆ ਨੂੰ ਦੇਵਗੌੜਾ ਸਰਕਾਰ 'ਚ ਸਮਾਜ ਭਲਾਈ ਮੰਤਰਾਲਾ ਮਿਲ ਗਿਆ ਸੀ। ਲੋਕ ਤਾਂ ਇਹ ਵੀ ਆਖਦੇ ਸਨ, "ਤਾਰਾ ਪਾਰਟੀ 'ਚ ਟਿਕਿਆ ਰਹਿੰਦਾ ਤਾਂ ਹੋ ਸਕਦਾ ਰਾਮੂੰਵਾਲੀਏ ਦੀ ਥਾਂ ਉਹੀ ਕੈਬਨਿਟ ਵਜ਼ੀਰ ਹੁੰਦਾ।" ਪਰ ਜੇ ਕਦੋਂ ਕਿਸੇ ਦੇ ਹੱਥ ਆਈ ਹੈ।
        ਫਿਰ ਤਾਰਾ ਸਿੰਘ ਸੰਧੂ ਆਪਣੇ ਆਗੂ ਜਗਮੀਤ ਸਿੰਘ ਬਰਾੜ ਦੇ ਨਾਲ ਹੀ ਕਾਂਗਰਸ 'ਚ ਆ ਵੜਿਆ। ਬਰਾੜ ਨੇ ਸਰਕਾਰ 'ਚ ਆਪਣੇ ਗਰੁੱਪ ਦੇ ਹਿਸੇ ਆਉਂਦੀ ਚੇਅਰਮੈਨੀ ਕੁਲਬੀਰ ਸਿੰਘ ਸਿਧੂ ਨੂੰ ਦੁਆ ਦਿਤੀ। ਭਰਾ ਰਿਪਜੀਤ ਸਿੰਘ ਬਰਾੜ ਕੋਟ ਕਪੂਰੇ ਤੋ ਐਮ. ਐਲ. ਏ. ਬਣਾ ਲਿਆ ਸੀ। ਤਾਰਾ ਸਿੰਘ ਸੰਧੂ ਨੂੰ ਜਿਲ੍ਹਾ ਮੋਗਾ ਦੀ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਉਸਨੇ ਚੰਡੀਗੜ੍ਹ ਤੋਂ ਮੋਗੇ ਆ ਡੇਰੇ ਲਾਏ।
       ਹੁਣ ਤਾਰਾ ਸੱਤਾਧਾਰੀ ਪਾਰਟੀ ਦਾ ਜਿਲ੍ਹਾ ਪ੍ਰਧਾਨ ਸੀ। ਉਸਨੇ ਮੋਗੇ 'ਚ ਪਾਰਟੀ ਦਾ ਸ਼ਾਨਦਾਰ ਦਫਤਰ ਖੋਲਿਆ। ਹਰ ਰੋਜ ਸੈਂਕੜੇ ਲੋਕ ਦਫਤਰ 'ਚ ਆਉਂਦੇ। ਤਾਰੇ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ। ਹੁਣ ਅਫਸਰਾਂ ਦੇ ਫੋਨ ਸਨ, ਕਰਮਚਾਰੀਆਂ ਦੀਆਂ ਇਧਰੋਂ ਓਧਰ ਦੀਆਂ ਬਦਲੀਆਂ ਸਨ, ਕੋਈ ਨਾ ਕੋਈ ਉਦਘਾਟਨ ਸੀ, ਕਿਸੇ ਨਾ ਕਿਸੇ ਫੰਕਸ਼ਨ ਦੀ ਪ੍ਰਧਾਨਗੀ ਸੀ, ਬੱਲੇ ਬੱਲੇ ਸੀ, ਵਾਹ ਵਾਹ ਸੀ। ਦਾਰੂ ਸੀ, ਮਹਿਫਲਾਂ ਸਨ। ਭਟਕਣਾ ਸੀ, ਤੇ ਆਲੇ ਦੁਆਲੇ ਮੌਕਾਪ੍ਰਸਤ ਯਾਰਾਂ ਦਾ ਜਮਾਵੜਾ। ਉਹ ਸਾਰਾ ਕੁੱਝ ਸੀ ਜੋ ਸਿਆਸਤ ਵਿੱਚ ਕੁਰਸੀ ਵਾਲਿਆਂ ਕੋਲ ਹੁੰਦਾ ਹੈ ਪਰ ਜੇ ਕੁੱਝ ਨਹੀਂ ਸੀ ਤਾ ਉਹ ਸੀ - ਸਥਿਰਤਾ, ਸਹਿਜਤਾ ਤੇ ਸ਼ਾਂਤੀ। ਸਿਆਸਤਦਾਨਾਂ ਵਾਂਗ ਉਸਦਾ ਧਿਆਨ ਵੀ ਜਿਲ੍ਹਾ ਪ੍ਰਧਾਨੀ ਵਾਲੀ ਕੁਰਸੀ ਬਚਾਉਣ 'ਚ ਲੱਗਾ ਰਹਿੰਦਾ। ਉਹ ਭਿੰਡਰ ਖੁਰਦ ਦੇ ਨਾ-ਮਾਤਰ ਜ਼ਮੀਨ ਵਾਲੇ ਪਰਿਵਾਰ ਦਾ ਪੁੱਤ ਸੀ। ਧਨਾਢ ਆਗੂ ਉਸਦੇ ਪੈਰ ਲੱਗਣ ਹੀ ਨਹੀਂ ਸਨ ਦੇ ਰਹੇ। ਉਹ ਅੰਦਰੋਂ ਨਿਰਾਸ਼ ਸੀ। ਕਿਤਾਬਾਂ ਵਾਲੇ ਕੋਲੋਂ ਕਿਤਾਬ ਖੁੱਸ ਗਈ ਸੀ। ਸ਼ਬਦਾਂ ਕੋਲੋਂ ਦੂਰ ਜਾਕੇ ਉਹ ਛਟਪਟਾ ਰਿਹਾ ਸੀ। ਉਹ ਸਾਹਿਤਕ ਮਹਿਫਲਾਂ ਲਈ ਸਹਿਕਣ ਲੱਗਾ। ਉਹ ਸਾਹਿਤ ਅਤੇ ਸਿਆਸਤ ਵਿੱਚ ਪੈਂਡੂਲਮ ਵਾਂਗ ਲਟਕਦਾ ਰਹਾ। ਉਹ ਸਾਹਿਤ ਨੂੰ ਮੁਹੱਬਤ ਕਰਨ ਵਾਲੀ ਰੂਹ ਸੀ ਜੋ ਸਿਆਸਤ ਦੀ ਕਦਰਹੀਣ ਭੀੜ 'ਚ ਬੇਚੈਨ ਹੋਈ ਭਟਕਦੀ ਸੀ।
      ਫਿਰ ਕਾਂਗਰਸ 'ਚ ਸ੍ਰ ਜਗਮੀਤ ਸਿੰਘ ਬਰਾੜ ਦੀ ਸੱਦ ਪੁੱਛ ਘਟ ਗਈ। ਤਾਰੇ ਦੀ ਪ੍ਰਧਾਨਗੀ ਚਲੇ ਗਈ। ਆਰਥਿਕ ਪੱਖੋਂ ਤਾਂ ਉਹ ਪਹਿਲਾਂ ਹੀ ਟੁੱਟਿਆ ਹੋਇਆ ਸੀ, ਹੁਣ ਰਾਜਨੀਤਕ ਪੱਖੋਂ ਵੀ ਟੁੱਟ ਗਿਆ ਸੀ। ਵੇਲੇ ਨਾਲ ਉਸਨੇ ਆਪਣੀ ਵਫਾਦਾਰੀ ਬਦਲਣ ਦੀ ਚਾਲ ਵੀ ਖੇਡੀ ਪਰ ਸਿਆਸਤ ਵਾਲੀ ਚਿੜੀ ਨੇ ਉਸਨੂੰ ਲੜ ਨਾ ਫੜਾਇਆ। ਉਹ ਅਖਬਾਰਾਂ 'ਚ ਲੇਖ ਲਿਖਕੇ ਵੱਡੇ ਆਗੂ ਨੂੰ ਖੁਸ਼ ਕਰਨ ਦੇ ਅਸਫਲ ਯਤਨ ਕਰਦਾ ਰਿਹਾ। ਉਸਦੇ ਕੋਈ ਯਤਨ ਕਾਮਯਾਬ ਨਹੀਂ ਹੋ ਸਕੇ। ਉਸਦੇ ਹਿਸੇ ਨਾ ਪੀ. ਪੀ. ਐਸ. ਸੀ. ਦੀ ਮੈਂਬਰੀ ਆਈ, ਨਾ ਐਸ. ਐਸ. ਬੋਰਡ ਦੀ। ਉਸਨੂੰ ਤਾਂ ਜਿਲ੍ਹਾ ਪੱਧਰ ਦੀ ਕੋਈ ਚੇਅਰਮੈਨੀ ਵੀ ਨਾ ਜੁੜ ਸਕੀ। ਇਹ ਉਸਦੇ ਬੁਰੇ ਦਿਨਾਂ ਦੀ ਕੁੱਝ ਕੁੱਝ ਸ਼ੁਰੂਆਤ ਸੀ।
       ਫਿਰ ਬਹੁਤ ਹੀ ਮਾੜੀਆਂ ਘਟਨਾਵਾਂ ਵਾਪਰ ਗਈਆਂ। ਉਹ ਘਟਨਾਵਾਂ ਜਿਸਦਾ ਕਿਆਸ ਮੇਰੇ ਜਿਹੇ ਲੋਕਾਂ ਨੇ ਉੱਕਾ ਹੀ ਨਹੀਂ ਸੀ ਕੀਤਾ। ਤਾਰੇ ਦੇ ਚਮਕਣ ਵਾਲੇ ਅਕਸ 'ਤੇ ਜਿਵੇਂ ਚਿੱਕੜ ਦਾ ਭਰਿਆ ਬੁੱਕ ਆ ਡਿੱਗਿਆ ਹੋਵੇ। ਆਪਣੇ ਪਰਿਵਾਰ ਨਾਲ ਉਸਦੀ ਮਹਾਂਭਾਰਤ ਚੱਲਣ ਲੱਗੀ। ਰਿਸ਼ਤਿਆਂ ਦੀ ਮਹਾਂਭਾਰਤ ਵਿੱਚ ਉਹ ਬੁਰੀ ਤਰ੍ਹਾਂ ਹਾਰ ਗਿਆ। ਅਸੀਂ ਉਦੋਂ ਹੀ ਸੋਚ ਲਿਆ ਸੀ ਕਿ ਤਾਰਾ ਟੁੱਟ ਜਾਵੇਗਾ।
      ਤਾਰਾ ਸਿੰਘ ਸੰਧੂ ਯਾਰਾ ਦਾ ਯਾਰ ਸੀ। ਉਹ ਖੂਬਸੂਰਤ ਦਿਲ ਵਾਲਾ ਇਨਸਾਨ ਸੀ। ਉਹ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਬੁਲਾਰਾ ਸੀ। ਵੱਡਾ ਚਿੰਤਕ ਸੀ। ਜਥੇਬੰਦਕ ਵਿਉਂਤਬੰਦੀ ਦਾ ਮਾਹਰ। "ਹਿੰਦ ਪਾਕਿ ਮਿੱਤਰਤਾ ਮੇਲਾ" ਉਸਦੇ ਦਿਮਾਗ ਦੀ ਵਿਲੱਖਣ ਉਪਜ ਸੀ। ਉਸਨੇ ਸਰਹੱਦ 'ਤੇ ਮੇਲਾ ਲਾ ਕੇ ਵੰਡ ਵੇਲੇ ਬੇਮੌਤ ਮਾਰੇ ਗਏ ਲੱਖਾਂ ਪੰਜਾਬੀਆਂ ਦੀ ਯਾਦਗਾਰ ਬਣਾਈ ਤੇ ਉਪਰ ਫੈਜ਼ ਅਹਿਮਦ ਫੈਜ਼ ਦੀ ਨਜ਼ਮ "ਜੋ ਤਾਰੀਖ ਰਾਹੋਂ ਮੇ ਮਾਰੇ ਗਏ" ਉਕਰਵਾਈ। ਉਹ ਯਾਰਾ ਲਈ ਪੁੱਲ ਬਨਣਾ ਜਾਣਦਾ ਸੀ। ਬਹੁਤ ਸਾਰੇ ਲੋਕ ਉਸਨੂੰ ਪੌੜੀ ਬਣਾਕੇ ਬਹੁਤ ਉੱਚੇ ਚੜ ਗਏ ਪਰ ਉਹ ਪੌੜੀ ਦੇ ਹੇਠਲੇ ਡੰਡੇ ਨੂੰ ਹੀ ਹੱਥ ਪਾਈ ਖੜਾ ਰਿਹਾ। ਉਹਦਾ ਸਫਰ ਉਪਰ ਤੋਂ ਹੇਠਾਂ ਵੱਲ ਦਾ ਹੈ। ਸਰਵ ਭਾਰਤ ਨੌਜਵਾਨ ਸਭਾ ਦਾ ਕੌਮੀ ਪੱਧਰ ਦਾ ਪ੍ਰਧਾਨ ਹੁੰਦਿਆਂ ਕੇਂਦਰ ਦੇ ਮੰਤਰੀਆਂ ਨਾਲ ਬੈਠਦਾ ਉੱਠਦਾ ਸੀ। ਵਿਦੇਸ਼ਾਂ ਵਿੱਚ ਪਾਰਟੀ ਡੈਲੀਗੇਟ ਵਜੋਂ ਜਾਂਦਾ ਸੀ। ਫੇਰ ਚੰਡੀਗੜ੍ਹ ਆਕੇ ਪੰਜਾਬ ਜੋਗਾ ਰਹਿ ਗਿਆ। ਲੇਖਕ ਸਭਾ ਦਾ ਜਨਰਲ ਸਕੱਤਰ ਬਣਕੇ ਪੰਜਾਬ ਦੇ ਐਮ ਐਲਿਆਂ ਤੇ ਮੰਤਰੀਆਂ ਨੂੰ ਮਿਲਣ ਗਿਲਣ ਲੱਗਾ। ਫੇਰ ਹੋਰ ਥੱਲੇ ਨੂੰ ਖਿਸਕਿਆ ਤਾਂ ਕਾਂਗਰਸ ਦੀ ਜਿਲ੍ਹਾ ਪ੍ਰਧਾਨਗੀ ਮਿਲ ਗਈ। ਇਥੇ ਉਹ ਪਿੰਡਾਂ ਦੇ ਸਰਪੰਚਾਂ ਨੂੰ ਮਿਲਣ ਲੱਗਾ।
    ….ਤੇ ਵਕਤ ਨੇ ਉਸਨੂੰ ਇਥੋਂ ਵੀ ਹੇਠਾਂ ਵੱਲ ਧੱਕ ਦਿੱਤਾ। ਉਹ ਪਿੰਡ ਰਹਿਣ ਲੱਗਾ। ਪਿੰਡ ਦੀ ਸੱਥ 'ਚ ਬੈਠੇ ਵਿਹਲੜ ਬੰਦੇ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਪਿੰਡ ਵਾਲਾ ਇਹ "ਤਾਰਾ" ਕਦੇ ਬਹੁਤ ਉੱਚਾ ਚਮਕਦਾ ਰਿਹਾ ਹੈ। ਉਹ ਦਾਰੂ ਪੀ ਕੇ ਤਾਰੇ ਨਾਲ ਜੱਬਲੀਆਂ ਮਾਰਨ ਬਹਿ ਜਾਂਦਾ। ਤਾਰਾ ਮੱਥਾ ਫੜ ਲੈਂਦਾ।
   ਤਾਰਾ ਆਪਣੀ ਹੋਣੀ 'ਤੇ ਅੰਦਰ ਹੀ ਅੰਦਰ ਝੂਰਦਾ। ਉਦਾਸ ਹੋਇਆ ਆਖਦਾ, "ਆਹ ਦਿਨ ਵੀ ਵੇਖਣੇ ਸਨ ?"
ਹੁਣੇ ਉਦਾਸ ਕਰ ਦੇਣ ਵਾਲੀ ਖਬਰ ਆਈ ਹੈ--ਤਾਰਾ ਟੁੱਟ ਗਿਆ ਹੈ।
ਤਾਰਾ ਟੁੱਟਦਾ ਹੈ ਤਾਂ ਇਕ ਲੰਬੀ ਲਕੀਰ ਪਿੱਛੇ ਛੱਡ ਜਾਂਦਾ ਹੈ।