Gurwinder Singh Manak

ਅਨੁਸ਼ਾਸਨ : ਸੁਚਾਰੂ ਜ਼ਿੰਦਗੀ ਦਾ ਧੁਰਾ - ਗੁਰਬਿੰਦਰ ਸਿੰਘ ਮਾਣਕ

ਕੁਦਰਤ ਦੇ ਵਰਤਾਰੇ ਨੂੰ ਗਹੁ ਨਾਲ ਵਾਚੀਏ ਤਾਂ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਕਇਨਾਤ ਦੇ ਜ਼ਰੇ-ਜ਼ਰੇ ਵਿੱਚ ਬੇਮਿਸਾਲ ਜ਼ਾਬਤਾ ਸਮਾਇਆ ਹੋਇਆ ਹੈ। ਧਰਤੀ ’ਤੇ ਵਗਦੇ ਦਰਿਆਵਾਂ ਤੇ ਨਦੀਆਂ ਦੀ ਰਵਾਨੀ, ਝੂਮਦੀਆਂ ਫ਼ਸਲਾਂ, ਹਵਾ ਨਾਲ ਗੱਲਾਂ ਕਰਦੇ ਰੁੱਖ, ਅਨੰਤ ਰੰਗਾਂ ਦੇ ਫੁੱਲਾਂ ਦੀ ਮਹਿਕ, ਅੰਬਰੀਂ ਉਡਾਰੀਆਂ ਭਰਦੇ ਪਰਿੰਦੇ, ਅਨੇਕਾਂ ਜੀਵ-ਜੰਤੂ ਤੇ ਜਾਨਵਰ, ਮਹਾਸਾਗਰਾਂ ਵਿਚ ਉੱਠਦੀਆਂ ਲਹਿਰਾਂ, ਦਿਨ ਰਾਤ ਦਾ ਅਚੰਭਾ, ਜੀਵਨ ਤੇ ਮੌਤ ਦਾ ਰਹੱਸ, ਗੱਲ ਕੀ ਜੀਵਨ ਦੇ ਹਰ ਕਦਮ ’ਤੇ ਕੁਦਰਤ ਨੇ ਬਹੁਤ ਸਹਿਜਤਾ ਨਾਲ ਅਜਿਹਾ ਅਨੁਸ਼ਾਸਨ ਸਿਰਜਿਆ ਹੋਇਆ ਹੈ, ਜਿਸ ਨੂੰ ਦੇਖ ਕੇ ਮਨੁੱਖ ਦੀ ਬੁੱਧੀ ਆਚੰਭਿਤ ਹੋਣੋ ਨਹੀਂ ਰਹਿ ਸਕਦੀ। ਮਨੁੱਖ ਆਪਣੇ ਆਪ ਨੂੰ ਧਰਤੀ ਦਾ ਬਾਦਸ਼ਾਹ ਸਮਝਦਾ ਹੈ। ਅਸਲ ਵਿੱਚ ਇਹ ਸਾਰਾ ਕੁਝ ਵੀ ਕੁਦਰਤ ਵੱਲੋਂ ਬਖ਼ਸ਼ੀਆਂ ਅਣਮੁੱਲੀਆਂ ਦਾਤਾਂ ਦੀ ਬਦੌਲਤ ਹੀ ਹੈ। ਅਜਿਹੇ ਵਰਦਾਨ ਦੇ ਨਾਲ ਨਾਲ ਕੁਦਰਤ ਨੇ ਮਨੁੱਖ ਨੂੰ ਬਹੁਤ ਸਾਰੇ ਸੁਨੇਹੇ ਵੀ ਬਖ਼ਸ਼ੇ ਹੋਏ ਹਨ ਤਾਂ ਕਿ ਮਨੁੱਖ ਇਨ੍ਹਾਂ ਤੋਂ ਸਬਕ ਲੈ ਕੇ ਆਪਣੀ ਜ਼ਿੰਦਗੀ ਨੂੰ ਚੰਗੇਰਾ ਬਣਾ ਸਕੇ।
       ਜੇ ਧਰਤੀ ਉੱਤੇ ਸਭ ਕੁਝ ਬਿਨਾਂ ਕਿਸੇ ਜ਼ਾਬਤੇ ਦੇ ਆਪ ਮੁਹਾਰੇ ਹੀ ਹੋਣ ਲੱਗ ਜਾਵੇ ਤਾਂ ਜੀਵਨ ਨੂੰ ਕਈ ਤਰ੍ਹਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਨਾਂ ਕਿਸੇ ਅਨੁਸ਼ਾਸਨ ਤੋਂ ਮਨੁੱਖੀ ਜੀਵਨ ਨਾ ਕੇਵਲ ਆਪਣੇ ਲਈ ਹੀ ਸਗੋਂ ਦੂਜਿਆਂ ਲਈ ਵੀ ਅਨੇਕਾਂ ਪਰੇਸ਼ਾਨੀਆਂ ਪੈਦਾ ਕਰਕੇ ਬਰਬਾਦੀ ਦੇ ਰਾਹ ਤੋਰ ਦਿੰਦਾ ਹੈ। ਜੇ ਗਹੁ ਨਾਲ ਦੇਖੀਏ ਤਾਂ ਕੁਦਰਤ ਦੇ ਵਰਤਾਰੇ ਵਿੱਚ ਅੰਤਾਂ ਦਾ ਜ਼ਾਬਤਾ ਤੇ ਅਨੁਸ਼ਾਸਨ ਹੈ। ਸੂਰਜ, ਚੰਦ, ਸਿਤਾਰੇ, ਦਿਨ-ਰਾਤ ਬਣਨ ਦੀ ਪ੍ਰਕਿਰਿਆ ਗੱਲ ਕੀ ਕੁਦਰਤ ਦੇ ਜ਼ਰੇ-ਜ਼ਰੇ ਵਿੱਚ ਅਨੁਸ਼ਾਸਨ ਸਮਾਇਆ ਹੋਇਆ ਹੈ। ਇਨ੍ਹਾਂ ਵਿੱਚ ਕਦੇ ਕੋਈ ਖਲਲ ਨਹੀਂ ਪੈਂਦਾ। ਸੂਰਜ ਦੇ ਉਗਮਣ ਤੇ ਅਸਤ ਹੋਣ ਵਿੱਚ ਕਦੇ ਕੋਈ ਘਾਟ-ਵਾਧ ਨਹੀਂ ਆਈ। ਕਦੇ ਹੋਇਆ ਹੈ ਕਿ ਸੂਰਜ ਚੜ੍ਹਨਾ ਹੀ ਭੁੱਲ ਗਿਆ ਹੋਵੇ। ਧਰਤੀ ਉੱਤੇ ਰੁੱਖ, ਫੁੱਲ, ਬੂਟੇ, ਫ਼ਸਲਾਂ, ਬਨਸਪਤੀ ਵੀ ਬੀਜਣ ਤੋਂ ਲੈ ਕੇ ਉੱਗਣ, ਮਿੱਥੇ ਸਮੇਂ ਦੀ ਸੀਮਾਂ ਵਿੱਚ ਪਰਵਾਨ ਚੜ੍ਹਨ, ਫੁੱਲਾਂ, ਫ਼ਲਾਂ ਨਾਲ ਲੱਦੇ ਜਾਣ, ਫ਼ਸਲਾਂ ਦੇ ਪੱਕਣ ਤੱਕ ਇੱਕ ਵਿਸ਼ੇਸ਼ ਅਨੁਸ਼ਾਸਨ ਵਿੱਚ ਬੱਝੇ ਨਜ਼ਰ ਆਉਂਦੇ ਹਨ। ਕੁਦਰਤ ਦੇ ਇਸ ਆਚੰਭਿਤ ਵਰਤਾਰੇ ਵੱਲ ਗਹੁ ਨਾਲ ਨਜ਼ਰ ਮਾਰੀਏ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
       ਕੁਦਰਤ ਦਾ ਸਪੱਸ਼ਟ ਨੇਮ ਹੈ ਕਿ ਇੱਕ ਸਮੇਂ ਦੀ ਸੀਮਾ ਦੇ ਅਨੁਸਾਰ ਹੀ ਸਭ ਕੁਝ ਵਾਪਰਦਾ ਹੈ। ਬੰਦਾ ਜਿੰਨਾ ਮਰਜ਼ੀ ਤਰਲੋ-ਮੱਛੀ ਹੋਈ ਜਾਵੇ, ਪਰ ਜ਼ਾਬਤੇ ਦੇ ਨੇਮ ਵਿੱਚ ਬੱਝੇ ਫ਼ਸਲਾਂ, ਫ਼ਲ ਤੇ ਹੋਰ ਅਨੇਕਾਂ ਬੂਟੇ ਪ੍ਰਵਾਨ ਚੜ੍ਹਦੇ ਹਨ। ਕੁਦਰਤ ਦੇ ਵਰਤਾਰੇ ਵਿੱਚ ਹਰ ਚੀਜ਼ ਇੱਕ ਅਨੁਸ਼ਾਸਨ ਵਿੱਚ ਬੱਝੀ ਹੋਈ ਨਜ਼ਰ ਆਉਂਦੀ ਹੈ। ਜੀਵਨ ਪ੍ਰਤੀ ਵੀ ਇਹੀ ਨੇਮ ਤੇ ਜ਼ਾਬਤਾ ਸਿੱਖ ਲਿਆ ਜਾਵੇ ਤਾਂ ਜੀਵਨ ਦੀ ਤੋਰ ਨੂੰ ਬਹੁਤ ਚੰਗੇਰਾ ਤੇ ਅਨੁਸ਼ਾਸਨਮਈ ਬਣਾਇਆ ਜਾ ਸਕਦਾ ਹੈ। ਸਾਡੇ ਆਲੇ-ਦੁਆਲੇ ਵਿੱਚ ਬਹੁਤ ਕੁਝ ਅਜਿਹਾ ਮੰਦਭਾਗਾ ਵਾਪਰਦਾ ਨਜ਼ਰ ਪੈਂਦਾ ਹੈ ਜੋ ਕਿਸੇ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਦਾ ਹੀ ਸਿੱਟਾ ਹੁੰਦਾ ਹੈ। ਬਿਨਾਂ ਸ਼ੱਕ ਵਿਦਿਆ ਦਾ ਪਸਾਰ ਵੀ ਹੋ ਰਿਹਾ ਹੈ। ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿੱਚ ਵੀ ਹੈਰਾਨਕੁੰਨ ਖੋਜਾਂ ਨੇ ਮਨੁੱਖੀ ਜੀਵਨ ਦੀ ਕਾਇਆ-ਕਲਪ ਕਰ ਦਿੱਤੀ ਹੈ, ਪਰ ਇਸ ਸਭ ਕੁਝ ਦੇ ਬਾਵਜੂਦ ਸਾਡੇ ਕਿਰਦਾਰ ਦਾ ਸਭ ਤੋਂ ਭੈੜਾ ਪੱਖ ਇਹ ਹੈ ਕਿ ਅਸੀਂ ਬੇਹੱਦ ਆਪ-ਹੁਦਰੇ, ਅਨੁਸ਼ਾਸਨਹੀਣ ਤੇ ਨੇਮਾਂ ਤੋਂ ਲਾਪਰਵਾਹ ਹੋ ਗਏ ਹਾਂ। ਜਿਸ ਤਰ੍ਹਾਂ ਦਾ ਸਾਡੇ ਦੇਸ਼ ਵਿੱਚ ਸੜਕੀ ਆਤੰਕ ਪਸਰਿਆ ਹੋਇਆ ਹੈ ਤੇ ਨਿੱਤ-ਦਿਨ ਹਾਦਸਿਆਂ ਨਾਲ ਘਰਾਂ ਵਿੱਚ ਸੱਥਰ ਵਿਛ ਰਹੇ ਹਨ, ਇਸ ਦਾ ਸਭ ਤੋਂ ਵੱਡਾ ਕਾਰਨ ਸਾਡੀ ਸਿਰੇ ਦੀ ਅਣਗਹਿਲੀ ਤੇ ਅਨੁਸ਼ਾਸਨਹੀਣਤਾ ਹੀ ਕਹੀ ਜਾ ਸਕਦੀ ਹੈ। ਕਿਸੇ ਤਕਨੀਕੀ ਖ਼ਰਾਬੀ ਕਾਰਨ ਤਾਂ ਬਹੁਤ ਘੱਟ ਹਾਦਸੇ ਵਾਪਰਦੇ ਹਨ, ਬਹੁਤ ਹਾਦਸੇ ਸੜਕੀ ਨੇਮਾਂ ਦੀ ਘੋਰ ਉਲੰਘਣਾ ਤੇ ਸਾਡੀ ਗੈਰ-ਜ਼ਿੰਮੇਵਾਰੀ ਕਾਰਨ ਹੀ ਵਾਪਰਦੇ ਹਨ। ਜੇ ਵਾਹਨਾਂ ਦੀ ਗਿਣਤੀ ਵਧੀ ਹੈ ਤਾਂ ਸੜਕ-ਮਾਰਗਾਂ ਵਿੱਚ ਵੀ ਬਹੁਤ ਵਾਧਾ ਹੋਇਆ ਹੈ, ਪਰ ਅਸੀਂ ਕਿਸੇ ਨੇਮ-ਕਾਨੂੰਨ ਨੂੰ ਮੰਨਣ ਲਈ ਤਿਆਰ ਹੀ ਨਹੀਂ ਹਾਂ। ਸਾਡੀ ਲਾਪਰਵਾਹੀ ਕਾਰਨ ਪੂਰੇ ਦੇ ਪੂਰੇ ਪਰਿਵਾਰ ਹਾਦਸਿਆਂ ਦੀ ਭੇਟ ਚੜ੍ਹ ਰਹੇ ਹਨ।
   ਅਕਸਰ ਦੇਖਣ ਵਿੱਚ ਆਇਆ ਹੈ ਕਿ ਟਰੈਫਿਕ ਵਧਣ ਕਾਰਨ ਜਾਮ ਲੱਗਣੇ ਨਿੱਤ ਦਾ ਵਰਤਾਰਾ ਹੋ ਗਿਆ ਹੈ। ਬਹੁਤੀ ਵਾਰ ਇਹ ਜਾਮ ਨਿਯਮਾਂ ਦੀ ਉਲੰਘਣਾ ਤੇ ਵਾਹਨ-ਚਾਲਕਾਂ ਦੀ ਇੱਕ ਦੂਜੇ ਪ੍ਰਤੀ ਹਊਮੈ ਦਾ ਸਿੱਟਾ ਹੀ ਹੁੰਦੇ ਹਨ। ਆਪਣੀ ਲੇਨ ਨੂੰ ਤੋੜ ਕੇ ਇੱਕ ਦੂਜੇ ਤੋਂ ਅੱਗੇ ਜਾਣ ਦੀ ਲਾਲਸਾ ਕਾਰਨ ਟਰੈਫਿਕ ਵਿੱਚ ਵਿਘਨ ਪੈ ਜਾਂਦਾ ਹੈ। ਕਈ ਵਾਰ ਸਾਡੀ ਲਾਪਰਵਾਹੀ ਕਾਰਨ ਘੰਟਿਆਂ-ਬੱਧੀ ਜਾਮ ਲੱਗਾ ਰਹਿੰਦਾ ਹੈ। ਡਿਊਟੀ ’ਤੇ ਜਾ ਰਹੇ ਮੁਲਾਜ਼ਮਾਂ, ਵਿਆਹ-ਸ਼ਾਦੀ ਜਾਂ ਹੋਰ ਜ਼ਰੂਰੀ ਕੰਮਾਂ ਲਈ ਜਾ ਰਹੇ ਲੋਕਾਂ ਤੇ ਐਂਬੂਲੈਂਸ ਵਿੱਚ ਤੜਫ਼ ਰਹੇ ਮਰੀਜ਼ਾਂ ਦੀ ਵੀ ਕੋਈ ਪਰਵਾਹ ਨਹੀਂ ਕਰਦਾ। ਹਜ਼ਾਰਾਂ ਰੁਪਏ ਦਾ ਪੈਟਰੋਲ ਤੇ ਡੀਜ਼ਲ ਬਰਬਾਦ ਹੁੰਦਾ ਹੈ।
      ਆਪਣੀਆਂ ਮੰਗਾਂ ਮਨਾਉਣ ਲਈ ਅਕਸਰ ਜਥੇਬੰਦੀਆਂ ਵੱਲੋਂ ਸੜਕਾਂ ਰੋਕ ਕੇ ਰੋਸ-ਮੁਜ਼ਾਹਰੇ ਕਰਨਾ ਆਮ ਵਰਤਾਰਾ ਹੋ ਗਿਆ ਹੈ। ਅਸੀਂ ਆਪਣੇ ਹੱਕਾਂ ਦੀ ਆੜ ਵਿੱਚ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਭੁੱਲ ਜਾਂਦੇ ਹਾਂ। ਲੋਕਾਂ ਨੂੰ ਪਰੇਸ਼ਾਨੀ ਵਿੱਚ ਪਾ ਕੇ, ਸਰਕਾਰੀ ਸੰਪਤੀ ਨੂੰ ਤੋੜ-ਭੰਨ ਕੇ, ਗੱਡੀਆਂ ਨੂੰ ਅੱਗਾਂ ਲਾ ਕੇ ਅਸੀਂ ਇਹੀ ਦਰਸਾ ਰਹੇ ਹਾਂ ਕਿ ਅਨੁਸ਼ਾਸਨਹੀਣਤਾ ਸਾਡੇ ਹੱਡਾਂ ਵਿੱਚ ਰਚ ਚੁੱਕੀ ਹੈ। ਅਕਸਰ ਬੰਦ ਦੇ ਦੌਰਾਨ ਜਬਰੀ ਦੁਕਾਨਾਂ ਬੰਦ ਕਰਾਉਣੀਆਂ ਦੂਜੇ ਦੇ ਅਧਿਕਾਰਾਂ ਦੀ ਉਲੰਘਣਾ ਹੀ ਕਹੀ ਜਾ ਸਕਦੀ ਹੈ। ਕਿਸੇ ਵੱਡੇ ਸਿਆਸੀ ਨੇਤਾ ਨੇ ਆਉਣਾ ਹੋਵੇ ਤਾਂ ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉਸ ਦੀ ਕੋਈ ਪਰਵਾਹ ਨਹੀਂ ਕਰਦਾ। ਬੱਸਾਂ ਤੇ ਰੇਲਗੱਡੀਆਂ ਵਿੱਚ ਸਫ਼ਰ ਕਰਨ ਸਮੇਂ ਜਿਸ ਤਰ੍ਹਾਂ ਭੀੜਾਂ ਚੜ੍ਹਨ ਲਈ ਆਪਹੁਦਰੇਪਣ ਦਾ ਮੁਜ਼ਾਹਰਾ ਕਰਦੀਆਂ ਹਨ, ਇਹ ਸਾਡੇ ਅਨੁਸ਼ਾਸਨਹੀਣ ਹੋਣ ਦਾ ਵੱਡਾ ਸਬੂਤ ਹੈ। ਹੱਦ ਤਾਂ ਉਦੋਂ ਹੁੰਦੀ ਹੈ, ਜਦੋਂ ਬੱਸਾਂ ਤੇ ਰੇਲਗੱਡੀਆਂ ਦੀਆਂ ਛੱਤਾਂ ’ਤੇ ਵੀ ਸਭ ਨੇਮਾਂ ਨੂੰ ਛਿੱਕੇ ਟੰਗ ਕੇ ਸਵਾਰੀਆਂ ਬੈਠੀਆਂ ਦੇਖਦੇ ਹਾਂ। ਸ਼ਾਇਦ, ਇਹ ਵਿਲੱਖਣ ਵਰਤਾਰਾ ਸਾਡੇ ‘ਭਾਰਤ ਮਹਾਨ’ ਦੀ ਹੀ ਦੇਣ ਹੈ।
       ਵਿਆਹ-ਸ਼ਾਦੀਆਂ ਵਿੱਚ ਵੀ ਅਸੀਂ ਆਪਹੁਦਰੇਪਣ ਦਾ ਦਿਖਾਵਾ ਕਰ ਕੇ ਬਹੁਤ ਖੁਸ਼ ਹੁੰਦੇ ਹਾਂ। ਬੰਦੂਕਾਂ ਤੇ ਪਿਸਤੌਲਾਂ ਨਾਲ ਸ਼ਰੇਆਮ ਗੋਲੀਆਂ ਚਲਾ ਕੇ ਅਸੀਂ ਆਪਣੀ ਹਊਮੈ ਨੂੰ ਪੱਠੇ ਪਾਉਂਦੇ ਹਾਂ। ਉਦੋਂ ਸਭ ਖੁਸ਼ੀਆਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨ ਜਦੋਂ ਕਿਸੇ ਸ਼ਰਾਬੀ ਵੱਲੋਂ ਚਲਾਈਆਂ ਗੋਲੀਆਂ ਨਾਲ ਕੋਈ ਬੰਦਾ ਮੌਤ ਦੇ ਮੂੰਹ ਜਾ ਪੈਂਦਾ ਹੈ। ਹਥਿਆਰਾਂ ਦਾ ਦਿਖਾਵਾ ਕਰਨਾ ਕਿਸੇ ਸਿਆਣਪ ਦੀ ਨਹੀਂ, ਫੁਕਰੇਪਣ ਦੀ ਨਿਸ਼ਾਨੀ ਹੈ। ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਭਲਾ ਇਹ ਕਿਹੜਾ ਢੰਗ ਹੋਇਆ। ਵਿਆਹ-ਸ਼ਾਦੀਆਂ ਦੇ ਸਮਾਗਮਾਂ ਵਿੱਚ ਭੋਜਨ ਦੀ ਜਿੰਨੀ ਬਰਬਾਦੀ ਅਸੀਂ ਕਰਦੇ ਹਾਂ, ਇਸ ਤੋਂ ਵੱਡੀ ਅਨੁਸ਼ਾਸਨਹੀਣਤਾ ਕੀ ਹੋ ਸਕਦੀ ਹੈ। ਪਹਿਲਾਂ ਪਲੇਟਾਂ ਨੱਕੋ-ਨੱਕ ਭਰ ਲੈਣੀਆਂ ਤੇ ਫਿਰ ਦੋ-ਚਾਰ ਚਮਚੇ ਖਾ ਕੇ ਭਰੀ ਹੋਈ ਪਲੇਟ ਡਸਟਬਿਨ ਦੇ ਹਵਾਲੇ ਕਰ ਦੇਣੀ। ਫਿਰ ਕਿਸੇ ਹੋਰ ਆਇਟਮ ਵੱਲ ਧਾਵਾ ਬੋਲਦਿਆਂ ਪਲੇਟ ਭਰ ਲੈਣੀ। ਜਿਹੜਾ ਭੋਜਨ ਅਸੀਂ ਬਰਬਾਦ ਕਰ ਦਿੰਦੇ ਹਾਂ, ਉਸ ਨਾਲ ਸੈਂਕੜੇ ਬੰਦਿਆਂ ਦੀ ਭੁੱਖ ਮਿਟਾਈ ਜਾ ਸਕਦੀ ਹੈ। ਕਦੇ ਅਸੀਂ ਸੋਚਿਆ ਹੀ ਨਹੀਂ ਕਿ ਸਾਡੇ ਦੇਸ਼ ਵਿੱਚ ਹੀ ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹਨ।
        ਕਿਸੇ ਵੀ ਦਫ਼ਤਰੀ ਅਦਾਰੇ ਵਿੱਚ ਕੰਮ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਜੇ ਕਿਸੇ ਜ਼ਾਬਤੇ ਵਿੱਚ ਰਹਿ ਕੇ ਕੋਈ ਲਾਈਨ ਲਗਾ ਲਈ ਜਾਵੇ ਤਾਂ ਹਫੜ-ਦਫੜੀ ਵੀ ਨਹੀਂ ਮੱਚਦੀ ਤੇ ਕੰਮ ਵੀ ਹੋਈ ਜਾਂਦਾ ਹੈ, ਪਰ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਕਤਾਰ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨ ਨੂੰ ਸ਼ਾਇਦ ਹੇਠੀ ਸਮਝਦੇ ਹਾਂ। ਅਸੀਂ ਕੋਈ ਇੱਧਰੋਂ-ਉੱਧਰੋਂ ਬੰਦਾ ਲੱਭ ਕੇ ਵਾਕਫੀਅਤ ਪੈਦਾ ਕਰਕੇ ਆਪਣਾ ਕੰਮ ਕਰਾਉਣ ਦਾ ਜੁਗਾੜ ਲੱਭਣ ਦੇ ਰਾਹ ਤੁਰ ਪੈਂਦੇ ਹਾਂ। ਇਹ ਕੋਈ ਨਹੀਂ ਸੋਚਦਾ ਕਿ ਜਿਹੜੇ ਕਤਾਰ ਵਿੱਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ, ਉਹ ਵੀ ਤਾਂ ਆਖਰ ਇਨਸਾਨ ਹੀ ਹਨ।
       ਅਸਲ ਵਿੱਚ ਅਨੁਸ਼ਾਸਨਹੀਣਤਾ ਤੇ ਨੇਮ-ਕਾਨੂੰਨਾਂ ਦੀ ਉਲੰਘਣਾ ਸਾਡੇ ਸੁਭਾਅ ਦਾ ਹਿੱਸਾ ਬਣ ਚੁੱਕੀ ਹੈ। ਕਿਸੇ ਤਰ੍ਹਾਂ ਦੀ ਖੁੱਲ੍ਹ ਦਾ ਭਾਵ ਇਹ ਹਰਗਿਜ਼ ਨਹੀਂ ਹੁੰਦਾ ਕਿ ਅਸੀਂ ਦੂਜਿਆਂ ਦੇ ਅਧਿਕਾਰਾਂ ਦੀ ਪਰਵਾਹ ਕੀਤੇ ਬਿਨਾਂ ਮਨਮਾਨੀਆਂ ਕਰਨ ਲੱਗ ਜਾਈਏ। ਕਿਸੇ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਨੌਬਤ ਨਹੀਂ ਆਉਣੀ ਚਾਹੀਦੀ, ਸਗੋਂ ਇਹ ਤਾਂ ਮਨੁੱਖ ਦੇ ਅੰਦਰੋਂ ਹੀ ਆਪਮੁਹਾਰੇ ਪੈਦਾ ਹੋਣਾ ਚਾਹੀਦਾ ਹੈ। ਵਿਦੇਸ਼ਾਂ ਵਿੱਚ ਗਏ ਸਾਡੇ ਹਜ਼ਾਰਾਂ ਲੋਕ ਬਹੁਤ ਹੱਦ ਤੱਕ, ਉੱਥੋਂ ਦੇ ਕਾਨੂੰਨਾਂ ਦੀ ਇੰਨ-ਬਿੰਨ ਪਾਲਣਾ ਕਰਕੇ ਹੀ ਉੱਥੇ ਵਿਚਰਦੇ ਹਨ। ਪੰਜਾਬ ਦੇ ਬਹੁਤੇ ਲੋਕ ਅਕਸਰ ਵਿਦੇਸ਼ਾਂ ਦਾ ਸਫ਼ਰ ਕਰਦੇ ਰਹਿੰਦੇ ਹਨ, ਪਰ ਅਸੀਂ ਉੱਥੋਂ ਦੇ ਲੋਕਾਂ ਵੱਲੋਂ ਅਪਣਾਈਆਂ ਮੁੱਲਵਾਨ ਗੱਲਾਂ ਅਪਨਾਉਣ ਦੇ ਰਾਹ ਘੱਟ ਹੀ ਤੁਰਦੇ ਹਾਂ। ਸਾਡੇ ਦੇਸ਼ ਵਿੱਚ ਜਿਸ ਤਰ੍ਹਾਂ ਦੀ ਹਰ ਪਾਸੇ ਮਾਰੋ-ਮਾਰ ਤੇ ਹਾਹਾਕਾਰ ਮਚੀ ਹੋਈ ਹੈ, ਇਹ ਦੇਸ਼ ਲਈ ਹਰ ਪੱਖੋਂ ਘਾਤਕ ਹੈ। ਕੁਦਰਤ ਤੋਂ ਅਨੁਸ਼ਾਸਨ ਸਿੱਖ ਕੇ ਅਸੀਂ ਆਪਣੀ ਜੀਵਨ-ਜਾਚ ਨੂੰ ਹੋਰ ਸਚਿਆਰਾ ਬਣਾ ਸਕਦੇ ਹਾਂ।
ਸੰਪਰਕ : 98153-56086