Harjinder Singh Jawanda

ਤਿੜਕ ਰਹੇ ਪਰਿਵਾਰਿਕ ਰਿਸ਼ਤਿਆਂ ਨੂੰ ਮੁੜ ਜੋੜਨ ਦਾ ਯਤਨ ਕਰੇਗੀ ਫਿਲਮ 'ਬੱਲੇ ਓ ਚਲਾਕ ਸੱਜਣਾ' - ਜਿੰਦ ਜਵੰਦਾ

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ ਤੋਂ ਹੱਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਪੰਜਾਬੀ ਫ਼ਿਲਮ ‘ਬੱਲੇ ਓ ਚਲਾਕ ਸੱਜਣਾ’ ਜਲਦ ਹੀ ਸਿਨੇਮਾਂ ਘਰਾਂ ਵਿੱਚ ਰੀਲੀਜ਼ ਹੋਣ ਜਾ ਰਹੀ ਹੈ।ਦੋ ਸਕੇ ਭਰਾ ਹਾਕਮ ਅਤੇ ਵਰਿਆਮ ਦੀ ਜ਼ਿੰਦਗੀ ਵਿੱਚ ਉਲਝੀ ਕਹਾਣੀ ਨੂੰ ਇਸ ਫ਼ਿਲਮ ਵਿੱਚ ਦਰਸਾਇਆ ਗਿਆ ਹੈ। ਪਰਮ ਸਿੱਧੂ, ਗੁਰੀ ਪੰਧੇਰ ਅਤੇ ਸੁੱਖੀ ਢਿੱਲੋਂ ਵੱਲੋਂ ਨਿਰਮਿਤ ਅਤੇ ਮੈਨਲੈਂਡ ਫ਼ਿਲਮਜ਼ (ਕੈਨੇਡਾ) ਅਤੇ ਮੇਨਸਾਇਟ ਪਿਕਚਰਜ਼ (ਭਾਰਤ) ਵਲੋਂ ਪ੍ਰੋਡਿਊਸ ਇਸ ਫ਼ਿਲਮ ਦਾ ਨਿਰਦੇਸ਼ਨ ਰੋਇਲ ਸਿੰਘ ਨੇ ਕੀਤਾ।ਫਿਲਮ ਦੇ ਸਿਤਾਰੇ ਅਤੇ ਨਿਪੁੰਨ ਸਟਾਰ ਕਾਸਟ ਜਿਸ ਵਿੱਚ ਰਾਜ ਸਿੰਘ ਝਿੰਜਰ, ਵਿਕਰਮ ਚੌਹਾਨ, ਮੋਲੀਨਾ ਸੋਢੀ, ਹਰਸ਼ਜੋਤ ਕੌਰ, ਨਿਰਮਲ ਰਿਸ਼ੀ, ਮਹਾਬੀਰ ਭੁੱਲਰ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਪਰਮਿੰਦਰ ਬਰਨਾਲਾ, ਅਮਨ ਸੁਧਰ, ਗੁਰਪ੍ਰੀਤ ਤੋਤੀ, ਦਿਲਰਾਜ ਉਦੇ, ਸੁਖਵਿੰਦਰ ਰਾਜ ਅਤੇ ਹਰਮਨ ਵਿਰਕ ਸ਼ਾਮਿਲ ਹਨ।ਗੁਰਪ੍ਰੀਤ ਤੋਤੀ ਦੁਆਰਾ ਲਿਖੀ ਗਈ ਅਤੇ ਮਨੀਸ਼ ਏਕਲਵਿਆ ਦੁਆਰਾ ਸੰਪਾਦਿਤ ਅਸਲ ਵਿੱਚ ਫਿਲਮ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਸਮਾਜ ਦੇ ਕੁਝ ਮਹੱਤਵਪੂਰਨ ਦ੍ਰਿਸ਼ਾਂ ਨੂੰ ਉਜਾਗਰ ਕਰਦੀ ਹੈ ਜੋ ਆਪਣੀਆਂ ਗਲਤ ਧਾਰਨਾਵਾਂ ਦੇ ਅਧਾਰ 'ਤੇ ਸ਼ਰਮਨਾਕ ਨਤੀਜਿਆਂ ਤੇ ਪਹੁੰਚ ਜਾਂਦੇ ਹਨ। ਪਰ ਇਹ ਮਾਪਦੰਡ ਅਤੇ ਦੋਸ਼ ਇੱਕ ਨਿਰਦੋਸ਼ ਪਰਿਵਾਰ ਲਈ ਨੁਕਸਾਨਦੇਹ ਜਾਂ ਮਹੱਤਵਪੂਰਨ ਕਿਵੇਂ ਹਨ ਇਹ ਫਿਲਮ ਵਿੱਚ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ।ਫਿਲਮ ਦੇ ਨਿਰਦੇਸ਼ਕ ਰੌਇਲ ਸਿੰਘ ਨੇ ਕਿਹਾ, "ਮੈਨੂੰ ਫਿਲਮ ਦੇ ਨਿਰਦੇਸ਼ਕ ਵਜੋਂ ਜ਼ਿੰਮੇਵਾਰੀ ਮਿਲਣ ਅਤੇ ਪੰਜਾਬੀ ਸਿਨੇਮਾ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਨੂੰ ਨਿਰਦੇਸ਼ਿਤ ਕਰਨ ਦਾ ਮੌਕਾ ਮਿਲਣ ਤੋਂ ਵੱਧ ਖੁਸ਼ੀ ਹੈ। ਇਹ ਫਿਲਮ ਬਹੁਤ ਸਾਰੀਆਂ ਭਾਵਨਾਵਾਂ ਅਤੇ ਨੇਕ ਇਰਾਦਿਆਂ ਨਾਲ ਬਣਾਈ ਗਈ ਹੈ। ਇਸ ਲਈ, ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਇਸ ਵਿਲੱਖਣ ਕਹਾਣੀ ਨੂੰ ਭਰਪੂਰ ਪਿਆਰ ਦੇਣਗੇ।"ਅਦਾਕਾਰ ਰਾਜ ਸਿੰਘ ਝਿੰਜਰ ਨੇ ਕਿਹਾ, "ਮੈਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਪਰ ਇਸ ਫ਼ਿਲਮ ਦੀ ਕਹਾਣੀ ਮੈਨੂੰ ਸੱਚਮੁੱਚ ਪਸੰਦ ਆਈ। ਫ਼ਿਲਮ ਦੀ ਕਹਾਣੀ ਅਸਲੀਅਤ ਦੀ ਸੰਵੇਦਨਸ਼ੀਲਤਾ ਨੂੰ ਸਮਝਦੀ ਹੈ ਅਤੇ ਸਮਾਜ ਦੀ ਸਿਰਜਣਾ ਕਰਦੀ ਹੈ।ਅਭਿਨੇਤਰੀ ਨਿਰਮਲ ਰਿਸ਼ੀ ਨੇ ਵੀ ਕਿਹਾ, "ਪੰਜਾਬੀ ਸਿਨੇਮਾ ਨੇ ਪਿੱਛਲੇ ਕੁਝ ਸਾਲਾਂ ਵਿਚ ਬਹੁਤ ਖੂਬਸੂਰਤ ਫ਼ਿਲਮਾਂ ਦਾ ਨਿਰਮਾਣ ਕਰ ਕੇ ਇੱਕ ਕ੍ਰਾਂਤੀ ਲਿਆ ਦਿੱਤੀ ਹੈ, ਅਤੇ ਜਿਸ ਵਿਚ ਇੱਕ ਨਵੀਂ ਫਿਲਮ ਬੱਲੇ ਓ ਚਲਾਕ ਸੱਜਣਾ ਵੀ ਸ਼ਾਮਿਲ ਹੋਣ ਜਾ ਰਹੀ ਹੈ ਜੋ ਕਿ 4 ਅਗਸਤ ਨੂੰ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ।ਅਭਿਨੇਤਾ, ਵਿਕਰਮ ਚੌਹਾਨ ਨੇ ਇਹ ਵੀ ਕਿਹਾ, "ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਸ਼ਾਨਦਾਰ ਹੁੰਗਾਰਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਫਿਲਮਾਂ ਦਰਸ਼ਕਾਂ ਦੀਆਂ ਉਮੀਦਾਂ 'ਤੇ ਸੌ ਫ਼ੀਸਦੀ ਖਰੀ ਉਤਰੇਗੀ।

 

ਜਿੰਦ ਜਵੰਦਾ 9779591482

ਦਿਲਚਸਪ ਕਹਾਣੀ ਅਤੇ ਸਾਰਥਕ ਕਾਮੇਡੀ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਲੌਂਗ ਲਾਚੀ 2’ -ਹਰਜਿੰਦਰ ਸਿੰਘ ਜਵੰਦਾ

ਸਾਲ 2018 ਵਿੱਚ ਰਿਲੀਜ਼ ਹੋਈ ਨੀਰੂ ਬਾਜਵਾ ਨਾਲ ਅੰਬਰਦੀਪ ਦੀ ਬਤੌਰ ਹੀਰੋ ਪਹਿਲੀ ਫ਼ਿਲਮ ‘ਲੌਂਗ ਲਾਚੀ’ ਸੀ ਜਿਸਨੇ ਆਪਣੇ ਗੀਤਾਂ ਅਤੇ ਸਾਦਗੀ ਭਰੇ ਵਿਸ਼ੇ ਕਰਕੇ ਦਰਸ਼ਕਾਂ ਦਾ ਭਰਪੂਰ ਪਿਆਰ ਲਿਆ। ਇਸ ਫ਼ਿਲਮ ਤੇ ਟਾਇਟਲ ਸੌਂਗ ਨੇ ਤਾਂ ਮਕਬੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਸੀ। ਜ਼ਿਕਰਯੋਗ ਹੈ ਕਿ ਹਰਮਨਜੀਤ ਦੇ ਲਿਖੇ ਤੇ ਮੰਨਤ ਨੂਰ ਦੇ ਗਾਏ ਇਸ ਗੀਤ ‘ਵੇ ਤੂੰ ਲੌਂਗ ਤੇ ਮੈਂ ਲੈਚੀ...’ ਯੂਟਿਊਬ ਦੀ ਦੁਨੀਆ ਵਿੱਚ ਭਾਰਤ ਪੱਧਰ ਤੇ ਪਹਿਲਾ ਗੀਤ ਸੀ ਜਿਸਨੇ ਬਾਲੀਵੁੱਡ ਗੀਤਾਂ ਨੂੰ ਪਛਾੜ ਕੇ ਇੱਕ ਵਿਲੀਅਨ ਨੂੰ ਟੱਚ ਕੀਤਾ। ਇਸ ਫ਼ਿਲਮ ਦੀ ਪ੍ਰਸਿੱਧੀ ਨੂੰ ਵੇਖਦਿਆਂ ਦਰਸ਼ਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਇਸ ਦਾ ਸੀਕੁਅਲ ਬਣਾਇਆ ਜਾਵੇ, ਹੁਣ ਦਰਸ਼ਕਾਂ ਦੀ ਇਹ ਮੰਗ ਪੂਰੀ ਹੋਣ ਜਾ ਰਹੀ ਹੈ ਅਤੇ ਅਗਲੇ ਹਫਤੇ 19 ਅਗਸਤ ਨੂੰ ਲੌਂਗ ਲਾਚੀ 2 ਪੰਜਾਬੀ ਸਿਨੇਮਿਆਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਟਰੇਲਰ ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ ਵਿੱਚ ਨਵਾਂਪਣ ਹੈ ਜੋ ਫ਼ਿਲਮ ਦੇ ਕਿਰਦਾਰਾਂ ਦੇ ਪਿਛੋਕੜ ਦੀ ਗੱਲ ਕਰਦੀ ਦਰਸ਼ਕਾਂ ਨੂੰ ਨਵੇਂ ਮਨੋਰੰਜਨ ਨਾਲ ਜੋੜੇਗੀ। ਅੰਬਰਦੀਪ ਨੇ ਇਸ ਫ਼ਿਲਮ ‘ਤੇ ਬਹੁਤ ਮੇਹਨਤ ਕੀਤੀ ਹੈ। ਫ਼ਿਲਮ ਵਿੱਚ 1947 ਦੀ ਵੰਡ ਵੇਲੇ ਦਾ ਮਾਹੋਲ ਵੀ ਸ਼ਾਮਿਲ ਕੀਤਾ ਗਿਆ ਹੈ। ਐਮੀ ਵਿਰਕ ਦਾ ਕਿਰਦਾਰ ਵੀ ਪਹਿਲਾਂ ਨਾਲੋਂ ਹਟਕੇ ਹੋਵੇਗਾ। ਇਸ ਫ਼ਿਲਮ ਵਿੱਚ ਦਰਸ਼ਕਾਂ ਦੇ ਉਤਸ਼ਾਹ ਨੂੰ ਬਰਕਰਾਰ ਰੱਖਣ ਲਈ, ਨਿਰਮਾਤਾਵਾਂ ਨੇ ਪਹਿਲਾਂ ਟਰੇਲਰ ਤੇ ਹੁਣ ਲੌਂਗ ਲਾਚੀ 2’ ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤ ਵਿੱਚ ਨੀਰੂ ਬਾਜਵਾ, ਅੰਬਰਦੀਪ ਸਿੰਘ ਅਤੇ ਐਮੀ ਵਿਰਕ ਨਜ਼ਰ ਆ ਹਨ, ਇਹਨਾਂ ਦੀ ਤਿਗੜੀ ਗੀਤ ਵਿੱਚ ਖਾਸ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਜਿਸ ਨੂੰ ਸਿਮਰਨ ਭਾਰਦਵਾਜ ਨੇ ਗਾਇਆ ਹੈ। ਗੀਤ ਨੂੰ ਹਰਮਨਜੀਤ ਸਿੰਘ ਨੇ ਲਿਖਿਆ ਹੈ, ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ ਅਤੇ ਅਰਵਿੰਦ ਠਾਕੁਰ ਨੇ ਇਸ ਗੀਤ ਦੀ ਖੂਬਸੂਰਤ ਕੋਰੀਓਗ੍ਰਾਫੀ ਕੀਤੀ ਹੈ।ਫ਼ਿਲਮ  ਵਿੱਚ ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਤੋਂ ਇਲਾਵਾ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਨਿਰਦੇਸ਼ਨ ਅੰਬਰਦੀਪ ਨੇ ਖੁਦ ਕੀਤਾ ਹੈ।  ਇਹ ਫਿਲਮ ਵਿਲੇਜਰਜ਼ ਫਿਲਮ ਸਟੂਡੀਓ, ਅੰਬਰਦੀਪ ਪ੍ਰੋਡਕਸ਼ਨ, ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣਾਈ ਗਈ ਹੈ ਜਿਸ ਨੂੰ ਭਗਵੰਤ ਵਿਰਕ ਦੁਆਰਾ ਨਿਰਮਿਤ ਕੀਤਾ ਗਿਆ ਹੈ।    
ਹਰਜਿੰਦਰ ਸਿੰਘ ਜਵੰਦਾ 94638 28000   

ਸਿਆਸੀ ਖ਼ੇਤਰ 'ਚ ਇੱਕ ਵਲੰਟੀਅਰ ਤੋਂ ਕੈਬਨਿਟ ਦੇ ਅਹੁਦੇ ਤੱਕ ਪਹੁੰਚਣ ਵਾਲੀ ਮਿਹਨਤੀ ਸ਼ਖਸੀਅਤ ਚੇਤਨ ਸਿੰਘ ਜੌੜਾਮਾਜਰਾ - ਹਰਜਿੰਦਰ ਸਿੰਘ ਜਵੰਦਾ

ਜਿਸ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ, ਉਹ ਆਪਣੀ ਲਗਨ ਤੇ ਸੱਚੀ ਮਿਹਨਤ ਸਦਕਾ ਕਿਸੇ ਵੀ ਉੱਚੀ ਤੋਂ ਉਚੀ ਮੰਜ਼ਿਲ ਤੇ ਪਹੁੰਚ ਸਕਦਾ ਹੈ। ਇਸ ਮਿਹਨਤ, ਲਗਨ, ਹਿੰਮਤ, ਸਾਧਨਾ ਅਤੇ ਘਾਲਣਾ ਦੇ ਬਲਬੂਤੇ 2022 ਵਿਧਾਨ ਸਭਾ ਚੋਣਾਂ 'ਚ ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਅਤੇ ਆਪਣੇ ਵਿਰੋਧੀ ਧਨਾਢ ਉਮੀਦਵਾਰਾਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ (ਸ਼੍ਰੋਮਣੀ ਅਕਾਲੀ ਤੇ ਬਸਪਾ) ਅਤੇ ਸਾਬਕਾ ਵਿਧਾਇਕ ਰਜਿੰਦਰ ਸਿੰਘ (ਕਾਂਗਰਸ) ਤੋਂ 39763  ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਇੱਕ ਵੱਡੀ ਜਿੱਤ ਦਾ ਇਤਿਹਾਸ ਸਿਰਜਿਆ ਹੈ ਅਤੇ ਉਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਰਕਾਰ ਦੇ ਨਵੇਂ ਵਿਸਥਾਰ ਕੀਤੇ ਮੰਤਰੀ ਮੰਡਲ ਵਿੱਚ ਸ. ਜੌੜਾਮਾਜਰਾ ਦੀ ਨੂੰ ਸ਼ਾਮਲ ਕੀਤਾ ਗਿਆ ਹੈ।
ਹਲਕਾ ਸਮਾਣਾ ਦੇ ਇੱਕ ਛੋਟੇ ਜਿਹੇ ਪਿੰਡ ਜੌੜਾਮਾਜਰਾ ਦੇ ਆਮ ਕਿਸਾਨ ਪਰਿਵਾਰ ਚੋਂ ਉਠ ਕੇ ਵਿਧਾਨ ਸਭਾ  ਵਿੱਚ ਜਾ ਨਗਾਰਾ ਖੜਕਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਇਹ ਇੱਕ ਸੰਘਰਸ਼ ਦਾ ਖ਼ਲ ਹੈ।ਜੌੜਾਮਾਜਰਾ ਦਾ ਪਿਛੋਕੜ ਭਾਵੇਂ ਰਾਜਨੀਤਕ ਨਹੀਂ, ਉਨਾਂ੍ਹ ਦੀ ਇਨਕਲਾਬੀ ਸੋਚ ਅਤੇ ਪਹਿਲੇ ਦਿਨ ਤੋਂ ਸਮਾਜ ਸੇਵਾ ਦੇ ਸ਼ੌਂਕ ਨੇ ਉਨਾਂ ਦਾ ਸਿਆਸੀ ਖੇਤਰ 'ਚ ਪ੍ਰਵੇਸ ਕਰਵਾ ਦਿੱਤਾ।ਉਨਾਂ ਨੇ ਆਪਣੇ ਦਮ 'ਤੇ ਆਮ ਆਦਮੀ ਪਾਰਟੀ 'ਚ ਇਕ ਵਲੰਟੀਅਰ ਤੋਂ ਸ਼ੁਰੂ ਹੋ ਪੌੜੀ ਦਰ ਪੌੜੀ ਅੱਗੇ ਵੱਧਦਿਆਂ ਹਲਕਾ ਇੰਚਾਰਜ, ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਤੱਕ ਦੇ ਸਫਰ ਨੂੰ ਤੈਅ ਕਰਦਿਆਂ ਅੱਜ ਇਹ ਵਿਲੱਖਣ ਸਥਾਨ ਹਾਸਲ ਕੀਤਾ ਹੈ।ਹਾਲਾਂਕਿ ਕੁਝ ਲੋਕਾਂ ਵਲੋਂ ਉਨ੍ਹਾਂ ਨੂੰ ਸਮੇਂ-ਸਮੇਂ ਤੇ ਠਿੱਬੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਇੱਕ ਸੱਚੇ ਸਿਪਾਹੀ ਦਾ ਫਰਜ਼ ਨਿਭਾਉਦੇਂ ਹੋਏ ਸਬਰ ਰੱਖਦਿਆਂ ਆਪਣਾ ਰਾਜਨੀਤਕ ਕਿਰਦਾਰ ਨੂੰ ਨਹੀਂ ਬਦਲਿਆ ਅਤੇ ਹਰ ਸਮੇਂ ਸਮਾਜਕ ਬਦਲਾਅ ਲਿਆਉਣ ਵਾਲੀ ਆਪਣੀ ਆਮ ਆਦਮੀ ਪਾਰਟੀ ਦਾ ਪੱਖ ਪੂਰਿਆ।ਪਿਛਲੇ ਕਰੀਬ 9 ਸਾਲਾਂ ਤੋਂ ਪਾਰਟੀ ਦੀ ਨਿਰਸੁਆਰਥ ਕੀਤੀ ਜਾ ਰਹੀ ਸੇਵਾ ਭਾਵ ਨੇ ਉਨ੍ਹਾਂ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਰਕਰਾਂ  ਦਾ ਚਿਹੇਤਾ ਬਣਾ ਦਿੱਤਾ।
ਉਨ੍ਹਾਂ ਦੀ ਲਿਆਕਤ, ਦੂਰਅੰਦੇਸ਼ੀ ਸੋਚ ਅਤੇ ਮਿੱਤਰਤਾ ਭਰੇ ਨਿੱਘੇ ਸੁਭਾਅ ਨੇ ਹਲਕਾ 'ਚ ਆਪ ਪਾਰਟੀ ਨੂੰ ਹੋਰ ਵੀ ਮਜਬੂਤੀ ਮਿਲੀ।ਅੱਜ ਮੌਕਾਪ੍ਰਸਤੀ ਦੀ ਸਿਆਸਤ ਵਿੱਚ ਲੀਡਰ ਵੋਟਾਂ ਤੋਂ ਬਾਅਦ ਆਪਣੇ ਵਰਕਰਾਂ ਦਾ ਨਾਂ ਤੱਕ ਭੁੱਲ ਜਾਂਦੇ ਹਨ ਪਰ ਜੌੜਾਮਾਜਰਾ ਉਹ ਰਾਜਨੀਤਕ ਸਖਸ਼ੀਅਤ ਹੈ ਜਿੰਨਾਂ ਨੂੰ ਆਪਣੇ ਵਰਕਰਾਂ ਦੇ ਨਾਵਾਂ ਤੋਂ ਇਲਾਵਾ ਆਪਣੇ ਇਲਾਕੇ ਦੇ ਹਰ ਪਿੰਡ ਤੇ ਸ਼ਹਿਰ ਦੇ ਮੋਹਤਬਰ ਆਗੂਆਂ ਦੇ ਨਾਂ ਤੱਕ ਯਾਦ ਹਨ।ਜੌੜਾਮਾਜਰਾ ਨੇ ਕਦੇ ਵੀ ਆਪਣੀ ਸ਼ਰਾਫਤ, ਦਿਆਲਤਾ ਦਾ ਪੱਲਾ ਨਹੀਂ ਛੱਡਿਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕਰੜੀ ਮਿਹਨਤ ਕਰਦੇ ਰਹੇ, ਜਿਸ ਦੇ ਚੱਲਦੇ ਉਹ ਅੱਜ ਹਲਕੇ ਦੇ ਲੋਕਾਂ ਵਿਚ ਇੱਕ ਸ਼ਰੀਫ ਅਤੇ ਮਿਲਣਸਾਰ ਨੇਤਾ ਵਜੋਂ ਮਕਬੂਲ ਹੋਏ ਹਨ।ਕਹਿੰਦੇ ਹਨ ਕਿ ਇਨਸਾਨ ਦੀ ਮਿਹਨਤ ਅਤੇ ਸਖ਼ਲਤਾ ਓਦੋਂ ਪ੍ਰਵਾਨ ਚੜ੍ਹਦੀ ਹੈ, ਜਦ ਉਸਦੇ ਵਿਰੋਧੀ ਵੀ ਉਸਦੀ ਸਖ਼ਲਤਾ ਦਾ ਲੋਹਾ ਮੰਨਣ! ਜੋੜਾਮਾਜਰਾ ਦੇ ਮੈਂ ਉਹਨਾਂ ਆਲੋਚਕਾਂ ਵੱਲੋਂ ਵੀ ਪੈਰੀਂ ਹੱਥ ਲੱਗਦੇ ਦੇਖੇ, ਜਿਹੜੇ ਕਦੇ ਉਸ ਦੀ ਪਿੱਠ ਪਿੱਛੇ ਉਸ ਨੂੰ ਬੁਰਾ-ਭਲਾ ਬੋਲਦੇ ਸਨ।
ਜੌੜਾਮਾਜਰਾ ਦੀ ਸਰਬਪਰਵਾਨਿਤ ਸ਼ਖਸੀਅਤ ਦਾ ਇਕ ਪੱਖ ਇਹ ਵੀ ਹੈ ਕਿ ਉਹ ਹੋਸ਼ੀ, ਲਿਫਾਫੇਬਾਜ ਤੇ ਲਾਰੇਬਾਜ ਬਿਆਨਬਾਜੀ ਤੋਂ ਕੋਹਾਂ ਦੂਰ ਲੋਕਾਂ ਦੀ ਸੇਵਾ ਕਰਨਾ ਵਾਲਾ ਇਨਸਾਨ ਹੈ।ਉਸ ਨੇ ਹਮੇਸ਼ਾ ਹੀ ਸਾਫ ਸੁਥਰੀ ਰਾਜਨੀਤੀ ਕਰਨ ਨੂੰ ਤਰਜੀਹ ਦਿੱਤੀ ਹੈ ਅਤੇ ਆਪ ਪਾਰਟੀ ਦੀ ਹਰ ਚੋਣ ਵੇਲੇ ਹਰ ਤਰਾਂ ਸੇਵਾ ਕੀਤੀ। ਪਾਰਟੀ ਵਲੋਂ ਉਹਨਾਂ ਦੀ ਜੋ ਵੀ ਡਿਊਟੀ ਲਗਾਈ ਗਈ, ਜੌੜਾਮਾਜਰਾ ਨੇ ਉਸ ਨੂੰ ਤਨਦੇਹੀ ਨਾਲ ਨਿਭਾਇਆ ਹੈ।ਇਨੀ ਦਿਨੀਂ ਜੋੜਾਮਾਜਰਾ ਹਲਕਾ ਸਮਾਣਾ ਵਿਧਾਇਕ ਦੇ ਨਾਲ-ਨਾਲ ਵਿਧਾਨ ਸਭਾ ਦੀ ਹਾਊੁਸ ਕਮੇਟੀ ਅਤੇ ਐਗਰੀਕਲਚਰ ਕਮੇਟੀ ਦੇ ਮੈਂਬਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ  ਰਹੇ ਹਨ।
ਦੱਸਣਾ ਬਣਦਾ ਹੈ ਕਿ ਜੌੜਾਮਾਜਰਾ ਇੱਕ ਨਿਧੜਕ, ਦ੍ਰਿੜ ਇਰਾਦੇ ਵਾਲੇ ਅਤੇ ਬੇਬਾਕ ਸ਼ਖਸੀਅਤ ਹੈ, ਜੋ ਕਿਸੇ ਵੀ ਵੱਡੇ ਤੋਂ ਵੱਡੇ ਵਿਅਕਤੀ ਦੇ ਸਾਹਮਣੇ ਸੱਚੀ ਗੱਲ ਕਹਿਣ ਦੀ ਜ਼ੁਅਰਤ ਰੱਖਦੇ ਹਨ ਅਤੇ ਇੱਕ ਚੰਗਾ ਬੁਲਾਰਾ ਹੋਣ ਕਰਕੇ ਉਸ ਵਿੱਚ ਲੋਕਾਂ ਨੂੰ ਪ੍ਰਭਾਵਤ ਕਰਨ ਦਾ ਗੁਣ ਹੈ।ਸ. ਜੌੜਾਮਾਜਰਾ ਵਲੋਂ ਪਿਛਲੇ ਦਿਨੀਂ ਵਿਧਾਨ ਸਭਾ ਇਜਲਾਸ 'ਚ ਕੁਝ ਮਹੱਤਵਪੂਰਨ ਮੁੱਦੇ ਚੁੱਕੇ ਗਏ ਜਿਵੇਂ  ਕਿ ਸੜਕਾਂ ਚੌੜੀਆਂ ਕਰਨ ਸਮੇਂ ਸੜਕਾਂ ਦੇ ਕਿਨਾਰਿਆਂ ਤੋਂ ਦਰੱਖ਼ਤ ਪੱਟ ਦਿੱਤੇ ਜਾਂਦੇ ਹਨ ਸੜਕਾਂ ਬਣਾਏ ਜਾਣ ਉਪਰੰਤ ਦੁਬਾਰਾ ਸੜਕਾਂ ਦੇ ਕਿਨਾਰੇ  ਨਵੇਂ ਦਰੱਖਤ ਲਗਾਏ ਜਾਣ ਅਤੇ ਚੇਅਰਮੈਨ ਕੋਟੇ ਵਿੱਚ ਜਿਨ੍ਹਾਂ ਕਿਸਾਨਾਂ ਨੂੰ ਅਜੇ ਤੱਕ ਬਿਜਲੀ ਕੁਨੈਕਸ਼ਨ ਨਹੀਂ ਮਿਲੇ ਉਨ੍ਹਾਂ ਦੀਆ ਸਕਿਉਰਿਟੀਆਂ ਦੇ ਪੈਸੇ ਵਿਆਜ ਸਮੇਤ ਵਾਪਸ ਕਰਨ ਸਬੰਧੀ ਉਠਾਏ ਗਏ ਸਵਾਲਾਂ ਦੀ  ਸੂਬੇ ਭਰ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ।
ਉਹਨਾਂ ਨੂੰ ਇਨਸਾਨੀਅਤ ਦੀ ਸਮਝ ਹੈ ਅਤੇ  ਹਰ ਦੂਜੇ ਦੇ ਦੁੱਖ ਦਰਦ ਨੂੰ ਸਮਝਣ ਨੂੰ ਆਪਣਾ ਸਮਝਦੇ ਹਨ।ਉਨਾਂ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਲੋੜਵੰਦਾਂ ਦੇ ਦਰਦ ਹਰੇ ਜਾਣ, ਭਾਈਚਾਰਕ ਸਾਂਝ ਵਧੇ ਅਤੇ ਸਮਾਜ ਨੂੰ ਕੁਰੀਤੀਆਂ ਤੋਂ ਨਿਜਾਤ ਮਿਲੇ ਆਦਿ।ਸਮੇਂ ਦੇ ਚੱਕਰ ਅਨੁਸਾਰ ਪੂਰੇ ਵਿਸ਼ਵ ਭਰ ਵਿਚ ਕਰੋਨਾ ਕਾਲ ਦੇ ਚਲਦਿਆਂ ਜਦੋ ਸਰਕਾਰਾਂ ਦੇ ਹੁਕਮ ਅਨੁਸਾਰ ਲੌਕਡਾਊਨ ਦੌਰਾਨ ਦੇਸ਼ ਦੀ ਜਨਤਾ ਆਪਣੇ ਘਰਾਂ ਅੰਦਰ ਕੈਦ ਹੋ ਕੇ ਰਹਿ ਗਈ ਅਤੇ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਉਸ ਵੇਲੇ ਜੌੜਾਮਾਜਰਾ ਨੇ ਆਪਣੀ ਟੀਮ ਨਾਲ ਅੱਗੇ ਵੱਧ ਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਵਿਚ ਲੱਗੇ ਰਹੇ ਅਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ।ਪਿਛਲੇ ਸਮੇਂ ਦੌਰਾਨ ਜਦੋਂ ਅੰਨਦਾਤੇ ਦੀ ਹੋਂਦ ਨੂੰ ਬਚਾਉਣ ਲਈ ਕਾਲੇ ਕਾਨੂੰਨਾਂ ਖਿਲਾਖ਼ ਦਿੱਲੀ ਵਿਚ ਮੋਰਚੇ ਲੱਗੇ ਸਨ, ਉਦੋਂ ਤੋਂ ਹੁਣ ਤੱਕ ਸੂਬੇ ਵਿੱਚ ਲੜੇ ਜਾਣ ਵਾਲੇ ਵੱਖ-ਵੱਖ ਸੰਘਰਸ਼ਾਂ ਅਤੇ ਘੋਲਾਂ 'ਚ ਆਪਣੀ ਟੀਮ ਸਮੇਤ ਮੋਹਰੀ ਭੂਮਿਕਾ ਨਿਭਾਉਂਦੇ ਨਜ਼ਰ ਆਏ।ਪਰਮਾਤਮਾ ਇਸ ਸ਼ਖਸੀਅਤ ਨੂੰ ਤੰਦਰੁਸਤੀ ਦਿੰਦਿਆਂ ਲੰਮੀਆਂ ਉਮਰਾਂ ਬਖਸ਼ੇ ਅਤੇ ਸਮਾਜਿਕ ਕਰੁਤੀਆਂ, ਗੰਦਲੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਦੇ ਫੈਲੇ ਹੋਏ ਹਨੇਰੇ ਨੂੰ ਹੂੰਝਣ ਲਈ ਸੂਰਜ ਬਣ ਕੇ ਕੰਮ ਕਰਨ ਦੀ ਸ਼ਕਤੀ ਬਖਸ਼ੇ।
ਹਰਜਿੰਦਰ ਸਿੰਘ ਜਵੰਦਾ 9463828000

ਪੁਰਾਤਨ ਸੱਭਿਆਚਾਰ ਦੀ ਵਿੱਲਖਣ ਪੇਸ਼ਕਾਰੀ ‘ਸਹੁਰਿਆਂ ਦਾ ਪਿੰਡ ਆ ਗਿਆ’

ਗੁਰਨਾਮ ਭੁੱਲਰ ਜਿੰਨਾ ਵਧੀਆ ਗਾਇਕ ਹੈ ਉਨਾ ਹੀ ਵਧੀਆ ਅਦਾਕਾਰ ਵੀ। ਆਪਣੀਆਂ ਕੁਝ ਕੁ ਫ਼ਿਲਮਾਂ ਸਦਕਾ ਹੀ ਉਹ ਅੱਜ ਸਟਾਰ ਕਲਾਕਾਰਾਂ ਦੀ ਕਤਾਰ ਵਿੱਚ ਹੈ। ਪਿਛਲੇ ਦਿਨਾਂ ਵਿੱਚ ਰਿਲੀਜ਼ ਫ਼ਿਲਮ ‘ਲੇਖ’ ਨੇ ਵੇਖਦਿਆਂ ਉਸਦੀ ਕਲਾ ਕੇ ਅਨੇਕਾਂ ਰੰਗ ਉੱਭਰ ਕੇ ਸਾਹਮਣੇ ਆਏ। ਉਸਦੀ ਜੋੜੀ ਅੱਜ ਦੀ ਹਰੇਕ ਸੁਪਰਸਟਾਰ ਨਾਲ ਫਿੱਟ ਬਹਿੰਦੀ ਹੈ। ਤਾਨੀਆ, ਸੁਰਗੁਣ ਮਹਿਤਾ, ਸੋਨਮ ਬਾਜਵਾ ਉਸਦੀਆਂ ਵੱਖ ਵੱਖ ਫ਼ਿਲਮਾਂ ਵਿੱਚ ਹੀਰੋਇਨਾਂ ਰਹੀਆਂ। ਜੇਕਰ ਗੁਰਨਾਮ ਭੁੱਲਰ ਦੀ ਨਵੀਂ ਆ ਰਹੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਉਸਦੀ ਨਾਇਕਾ ਸਰਗੁਣ ਮਹਿਤਾ ਹੈ ਜੋ ਉਸ ਨਾਲ ਪਹਿਲਾਂ ਸੁਪਰ ਹਿੱਟ ਫ਼ਿਲਮ ‘ਸੁਰਖੀ ਬਿੰਦੀ’ ਵੀ ਕਰ ਚੁੱਕੀ ਹੈ। ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਟਰੇਲਰ ਬੀਤੇ ਦਿਨੀਂ ਆਇਆ ਹੈ ਜੋ ਦਰਸ਼ਕਾਂ ਵਿੱਚ ਫ਼ਿਲਮ ਪ੍ਰਤੀ ਉਤਸੁਕਤਾ ਵਧਾਉਂਦਾ ਹੈ। ਇਹ ਫ਼ਿਲਮ ਪਿਆਰ ਮੁਹੱਬਤ ਵਿੱਚ ਕੱਚੀ ਉਮਰੇ ਕੀਤੇ ਵਾਆਦਿਆਂ ਨੂੰ ਪੂਰਾ ਕਰਨ ਦੀ ਚਾਹਤ ਭਰੀ ਰੁਮਾਂਟਿਕ ਤੇ ਮਨੋਰੰਜਨ ਭਰਪੂਰ ਕਹਾਣੀ ਹੈ। ਅੰਬਰਦੀਪ ਵਲੋਂ ਲਿਖੀ ਇਸ ਫ਼ਿਲਮ ਨੂੰ ਸ਼ਿਤਿਜ਼ ਚੌਧਰੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਵਿੱਚ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ, ਪਰਮਿੰਦਰ ਕੌਰ ਗਿੱਲ ਤੇ ਹਰਦੀਪ ਗਿੱਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਬਹੁਤ ਵਧੀਆ ਹਨ। ਫਿਲਮ ਦੀ ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਪਿਆਰ ਦੀ ਉਲਝਣ ਭਰੀ ਕਹਾਣੀ ਹੈ, ਜਦੋਂ ਮਾਪਿਆਂ ਨਾਲ ਰਿਸ਼ਤੇ ਬਾਰੇ ਗੱਲ ਕਰਨ ਦੀ ਅੱਜ ਵਾਂਗ ਖੁੱਲ੍ਹ ਨਹੀਂ ਸੀ ਹੁੰਦੀ। ਫ਼ਿਲਮ ਦਾ ਨਾਇਕ ਕਿਸੇ ਵਿਚੋਲੇ ਹੱਥ ਕੁੜੀ ਵਾਲਿਆਂ ਦੇ ਘਰ ਆਪਣੇ ਰਿਸ਼ਤੇ ਦੀ ਪੇਸ਼ਕਸ਼ ਭੇਜਦਾ ਹੈ ਪਰ ਅਚਾਨਕ ਪਿੰਡ ’ਚ ਇਕੋ ਨਾਂ ਦੇ ਦੋ ਘਰ ਹੋਣ ਕਰਕੇ ਰਿਸ਼ਤਾ ਕਿਸੇ ਹੋਰ ਘਰ ਚਲਾ ਜਾਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਪਿਆਰ ਵਿੱਚ ਇੱਕ ਨਵੀਂ ਉਲਝਣ ਪੈ ਜਾਂਦੀ ਹੈ ਜਿਸ ਚੋਂ ਨਿਕਲਣ ਲਈ ਉਹ ਅਨੇਕਾਂ ਯਤਨ ਕਰਦੇ ਹਨ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜਦੇ ਫ਼ਿਲਮ ਦੇ ਦਿਲਚਸਪ ਪਹਿਲੂ ਹਨ।ਸ਼੍ਰੀ ਨਰੋਤਮ ਜੀ ਫ਼ਿਲਮ ਪ੍ਰੋਡਕਸ਼ਨ, ਨਿਊ ਏਰਾ ਫ਼ਿਲਮਜ਼ ਅਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ ਇਹ ਫਿਲਮ ਅੱਠ ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।
ਹਰਜਿੰਦਰ ਸਿੰਘ ਜਵੰਦਾ 9463828000


ਪੰਜਾਬ ਦੀ ਧਰਾਤਲ ਨਾਲ ਜੁੜੀ ਇੱਕ ਰੁਮਾਂਟਿਕ ਤੇ ਐਕਸ਼ਨ ਭਰਪੂਰ ਫ਼ਿਲਮ ਹੋਵੇਗੀ ‘ਉੱਚਾ ਪਿੰਡ’  - ਹਰਜਿੰਦਰ ਜਵੰਦਾ

ਅਦਾਕਾਰ ਨਵਦੀਪ ਕਲੇਰ ਤੇ ਅਦਾਕਾਰਾ ਪੂਨਮ ਸੂਦ ਨਿਭਾਉਣਗੇ ਮੁੱਖ ਭੂਮਿਕਾ  

ਕਾਮੇਡੀ ਅਤੇ ਵਿਆਹ ਕਲਚਰ ਵਾਲੀਆਂ ਫ਼ਿਲਮਾਂ ਦੀ ਭੀੜ ‘ਚੋਂ ਨਿਕਲਦਿਆਂ ਲਾਕ ਡਾਊਨ ਤੋਂ ਬਾਅਦ ਪੰਜਾਬੀ ਸਿਨਮੇ ਨੇ ਕਰਵੱਟ ਲਈ ਹੈ। ‘ਉੱਚਾ ਪਿੰਡ’ਬਾਰੇ ਇੱਕ ਲੇਖ ਪਹਿਲਾਂ ਸਕੂਲ ਦੇ ਸਿਲੇਬਸ ਕਿਤਾਬਾਂ ‘ਚ ਪੜ੍ਹਿਆ ਕਰਦੇ ਸੀ ਜਿਸ ਬਾਰੇ ਹੁਣ ਇੱਕ ਪੰਜਾਬੀ ਫ਼ਿਲਮ ਵੀ ਬਣ ਕੇ ਪੰਜਾਬੀ ਸਿਨਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਪੋਸਟਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਤੋਂ ਕਿਸੇ ਪੁਸਤਾਨੀ ਹਵੇਲੀ ਅਤੇ ਉਸਦੇ ਨਾਲ ਜੁੜੇ ਖਾਨਦਾਨੀ ਪੀੜ੍ਹੀਆਂ ਦੀ ਸਾਂਝ ਨਜ਼ਰ ਆਉਂਦੀ ਹੈ । ਹਰਜੀਤ ਰਿੱਕੀ ਦੁਆਰਾ ਡਾਇਰੈਕਟ ਕੀਤੀ ਇਹ ਫ਼ਿਲਮ ਐਕਸ਼ਨ, ਰੁਮਾਂਸ ਅਤੇ ਖਾਨਦਾਨੀ ਪ੍ਰੰਪਰਾਵਾਂ ਅਧਾਰਤ ਕਹਾਣੀ ਹੈ । ਫ਼ਿਲਮ ਵਿੱਚ ਨਵਦੀਪ ਕਲੇਰ ਅਤੇ ਪੂਨਮ ਸੂਦ ਨੇ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸੀਸ ਦੁੱਗਲ , ਮੁਕਲ ਦੇਵ, ਲੱਖਾ ਲਹਿਰੀ, ਸੰਜੂ ਸੋਲੰਕੀ, ਸਵਿੰਦਰ ਵਿੱਕੀ ਵਰਗੇ ਦਿੱਗਜ਼ ਕਲਾਕਾਰ ਵੀ ਆਪਣੇ ਜਬਰਦਸ਼ਤ ਕਿਰਦਾਰਾਂ ‘ਚ ਨਜ਼ਰ ਆਉਣਗੇ।
ਨਿਊ ਦੀਪ ਇੰਟਰਟੈਂਨਮੈਂਟ ਅਤੇ 2 ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿਲੋਂ ਦੀ ਇਹ ਫ਼ਿਲਮ ‘ਉੱਚਾ ਪਿੰਡ’ ਅਜੋਕੇ ਪੰਜਾਬੀ ਸਿਨਮੇ ਤੋਂ ਹਟਕੇ ਰੁਮਾਂਟਿਕ ਤੇ ਐਕਸ਼ਨ ਭਰਪੂਰ ਨਿਵੇਕਲੇ ਵਿਸ਼ੇ ਦੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਥੀਏਟਰ ਅਤੇ ਫ਼ਿਲਮਾਂ ਨਾਲ ਚਿਰਾਂ ਤੋਂ ਜੁੜਿਆ ਅਦਾਕਾਰ ‘ਨਵਦੀਪ ਕਲੇਰ ਅਤੇ ਚਰਚਿਤ ਖੂਬਸੁਰਤ ਅਦਾਕਾਰਾ ਪੂਨਮ ਸੂਦ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਧੂਰੀ ਸ਼ਹਿਰ ਦਾ ਜੰਮਪਲ ਨਵਦੀਪ ਕਲੇਰ ਥੀਏਟਰ ਦਾ ਪਰਪੱਕ ਕਲਾਕਾਰ ਹੈ ਜਿਸਨੇ ਰੁਪਿੰਦਰ ਗਾਂਧੀ ਗੈਂਗਸਟਰ, ਰੁਪਿੰਦਰ ਗਾਂਧੀ ਰੋਬਿਨਹੁਡ,ਸਰਦਾਰ ਮੁਹੰਮਦ, ਸਿਕੰਦਰ 2, ਪ੍ਰਾਹੁਣਾ, ਪੱਤਾ- ਪੱਤਾ ਸਿੰਘਾਂ ਦਾ ਵੈਰੀ, ਇਕੋ ਮਿੱਕੇ ਤੇ ਬਾਲੀਵੁੱਡ ਫ਼ਿਲਮ ‘ਗੋਲਡ’ ਵਰਗੀਆਂ ਫ਼ਿਲਮਾਂ ‘ਚ ਯਾਦਗਰੀ ਕਿਰਦਾਰ ਨਿਭਾਅ ਕੇ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਥਾਂ ਬਣਾਈ। ਪਹਿਲੀ ਵਾਰੀ ਨਾਇਕ ਦੀ ਭੂਮਿਕਾ ਪ੍ਰਤੀ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ੳਸਨੇ ਕਿਹਾ ਕਿ, ‘‘ਮੈਂ ਜ਼ਿੰਦਗੀ ‘ਚ ਕੁਝ ਪਾਉਣ ਲਈ ਹਮੇਸ਼ਾ ਹੀ ਸਖ਼ਤ ਮਿਹਨਤ ਅਤੇ ਲਗਨ ਦਾ ਪੱਲਾ ਫੜ੍ਹਿਆ ਹੈ । ਕਿਸੇ ਵੀ ਕਿਰਦਾਰ ਨੂੰ ਨਿਭਾਉਦਿਆਂ ਉਸਦੇ ਧੁਰ ਅੰਦਰ ਤੱਕ ਉਤਰ ਜਾਣਾ ਹੀ ਮੇਰਾ ਸੁਭਾਓ ਹੈ। ਜਦ ਇਹ ਫ਼ਿਲਮ ਮਿਲੀ ਤਾਂ ਆਪਣੇ ਕਿਰਦਾਰ ਨੂੰ ਪੜ੍ਹਦਿਆਂ ਮਹਿਸੂਸ ਹੋਇਆ ਕਿ ਇਹ ਮੇਰੇ ਲਈ ਹੀ ਖ਼ਾਸ ਹੈ, ਜਿਸਨੂੰ ਮੈਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰਵਾਨ ਕਰਕੇ ਬੇਹਤਰੀਨ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਮੈਨੂੰ ਯਕੀਨ ਹੈ ਕਿ ਦਰਸ਼ਕ ਮੇਰੇ ਕਿਰਦਾਰ ਨੂੰ ਜਰੂਰ ਪਸੰਦ ਕਰਨਗੇ ’’। ਫ਼ਿਲਮ ਦੀ ਨਾਇਕਾ ਪੂਨਮ ਸੂਦ ਬਾਰੇ ਕਹਿ ਸਕਦੇ ਹਾਂ ਕਿ ‘ਮੇਰੇ ਯਾਰ ਕਮੀਨੇ, ਅੱਜ ਦੇ ਲਫੰਗੇ, ਮੁੰਡਾ ਫਰੀਦਕੋਟੀਆ, ਯਾਰ ਅਣਮੁਲੇ 2, ਆਦਿ ਫ਼ਿਲਮਾਂ ਵਿੱਚ ਕੰਮ ਕਰਕੇ ਵੱਖਰੀ ਪਛਾਣ ਸਥਾਪਤ ਕਰਨ ਵਾਲੀ ਪੂਨਮ ਸੂਦ ਆਪਣੀ ਹਰਜੀਤ ਰਿੱਕੀ ਦੀ ਡਾਇਰੈਕਟ ਕੀਤੀ ਲਘੂ ਫ਼ਿਲਮ ‘ਵੰਡ ਨਾਲ ਉਹ ਪਹਿਲੀ ਵਾਰ ਚਰਚਾ ਵਿੱਚ ਆਈ ਸੀ।ਹੁਣ ਇਸ ਨਵੀਂ ਫ਼ਿਲਮ  ਨਾਲ ਹੀਰੋਇਨ ਬਣ ਕੇ ਸਾਰੀ ਫ਼ਿਲਮ ਦਾ ਬੋਝ ਆਪਣੇ ਮੋਢਿਆਂ ‘ਤੇ  ਚੁੱਕਣਾ  ਸੱਚਮੁਚ ਬਹੁਤ ਦਲੇਰੀ ਭਰਿਆ ਕਦਮ ਹੈ । ਇਸ ਫ਼ਿਲਮ ਤੋਂ ਪੂਨਮ ਨੂੰ ਬਹੁਤ ਆਸਾਂ ਹਨ। ਉਸਦਾ ਕਿਰਦਾਰ ਇਕ ਦਲੇਰ ਕੁੜੀ ਨਿੰਮੋ ਦਾ ਹੈ ਫ਼ਿਲਮ ਦੇ ਨਾਇਕ ਨਾਲ ਔਖੇ ਵਕਤ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਹੈ । ਇਸ ਨਵੀਂ ਫ਼ਿਲਮ ਵਿੱਚ ਬਤੋਰ ਨਾਇਕਾ ਕੰਮ ਕਰਕੇ ਉਹ ਬਹੁਤ ਖੁਸ਼ ਹੈ । ਯਕੀਨਣ ਦਰਸ਼ਕ ਉਸਨੂੰ ਪਸੰਦ ਕਰਨਗੇ । 3 ਸਤੰਬਰ ਨੂੰ ਰਿਲੀਜ ਹੋ ਰਹੀ ਇਸ ਫ਼ਿਲਮ ਦੇ ਨਿਰਦੇਸ਼ਕ ਹਰਜੀਤ ਰਿੱਕੀ ਨੇ ਦੱਸਿਆ ਕਿ ਇਹ ਫ਼ਿਲਮ ਰੁਮਾਂਸ ਅਤੇ ਐਕਸ਼ਨ ਭਰਪੂਰ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਨਵਾਂ ਟੇਸਟ ਦੇਵੇਗੀ। ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਤੇ ਮਨਮੋਹਣਾ ਹੈ, ਜੋ ਜਾਨੀ ਤੇ ਬੀ ਪਰਾਕ ਨੇ ਤਿਆਰ ਕੀਤਾ ਹੈ । ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਨਰਿੰਦਰ ਅੰਬਰਸਰੀਆ ਨੇ ਲਿਖਆ ਹੈ । ਪੰਜਾਬ ਦੀ ਧਰਾਤਲ ਨਾਲ ਜੁੜੀ ਇਹ ਫ਼ਿਲਮ ਹਰ ਵਰਗ ਦੇ ਦਰਸ਼ਕ ਨੂੰ ਪਸੰਦ ਆਵੇਗੀ।

ਹਰਜਿੰਦਰ ਜਵੰਦਾ 94638-28000

ਕਿਸਾਨ ਅੰਦੋਲਨ ਨੂੰ ਸਮਰਪਿਤ ਗਾਇਕ ਹਸਰਤ ਦਾ ਗੀਤ 'ਕਿਸਾਨਪੁਰ' ਹੋਇਆ ਰਿਲੀਜ਼ - ਹਰਜਿੰਦਰ  ਸਿੰਘ ਜਵੰਦਾ

ਕਹਿੰਦੇ ਝੂਠ, ਝੂਠ ਹੀ ਰਹਿੰਦਾ ਚਾਹੇ ਉਸਨੂੰ ਸਾਰੇ ਕਹਿਣ ਪਰ ਸੱਚ ਸੱਚ ਹੀ ਹੁੰਦਾ ਭਾਵੇਂ ਉਸਨੂੰ ਕੋਈ ਨਾ ਕਹੇ। ਸੱਚੀ ਗੱਲ ਇਹ ਹੈ ਕਿ ਅੱਜ ਸਾਰੇ ਦੇਸ਼ ਦੇ ਲੋਕ ਕਿਸਾਨਾਂ ਦੇ ਨਾਲ ਆਣ ਖੜੇ ਹੋਏ ਹਨ। ਹੁਣ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਹੈ ਕਿ ਕਿਸਾਨਾਂ ਦੇ ਵਿਰੋਧ ਕਰਨ ਦੀ ਅਸਲੀ ਵਜਾਹ ਅਖੀਰ ਹੈ ਕੀ !ਭੁੱਖ ਲੱਗਣ ਤੇ ਬੰਦਾ ਰੋਟੀ ਹੀ ਖਾਏਗਾ, ਉਹ ਵੀ ਜੋ ਕਿਸਾਨ ਉਗਾਏਗਾ, ਨੋਟ ਉਬਾਲ ਕੇ ਨਹੀਂ ਖਾਦੇ ਜਾ ਸਕਦੇ।ਇਸੇ ਵਜ੍ਹਾ ਕਾਰਣ ਹਰ ਖੇਤਰ ਦੇ ਲੋਕ ਦਿਨੋ ਦਿਨੀਂ ਕਿਸਾਨੀ ਅੰਦੋਲਨ ਦਾ ਹਿੱਸਾ  ਬਣਦੇ ਜਾ ਰਹੇ ਹਨ।ਕਿਸਾਨੀ ਧਰਨੇ ਦੀ ਮੁੱਖ ਥਾਵਾਂ ਟਿਕਰੀ ਬਾਰਡਰ, ਸਿੰਘੁ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਹਨ ਓਥੇ ਇਨੇ ਮਹੀਨਿਆਂ ਤੋਂ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਹੈ ਕਿ ਉਹ ਥਾਵਾਂ ਹੁਣ 'ਕਿਸਾਨਪੁਰ' ਜਾਪਣ ਲੱਗ ਗਈਆਂ ਹਨ।ਹਰ ਪਿੰਡ ਚੋਂ ਟਰਾਲੀਆਂ ਭਰ ਭਰ ਕੇ ਕਿਸਾਨੀ ਅੰਦੋਲਨ ਵੱਲ ਜਾ ਰਹੀਆਂ ਹਨ ਪਰ ਕੁਝ ਕਾਰਨ ਕਰਕੇ ਕੁਝ ਲੋਕ ਧਰਨੇ ਤੇ ਆਪਣੀ ਹਾਜ਼ਰੀ ਨਹੀਂ ਲਗਵਾ ਪਾ ਰਹੇ। ਹੁਣ ਉਹ ਲੋਕ ਆਪਣੇ ਪਿੰਡ ਹੀ ਰਹਿ ਕੇ ਲੋਕਾਂ ਨੂੰ ਅੰਦੋਲਨ ਬਾਰੇ ਜਾਗਰੂਕ ਕਰਨ ਲੱਗੇ ਹਨ।
ਉੱਪਰ ਦੱਸੇ ਸਾਰੇ ਵਰਤਾਰੇ ਨੂੰ ਗੀਤ ਦੇ ਰੂਪ ਵਿੱਚ ਹਰਜਿੰਦਰ ਜੋਹਲ ਨੇ ਬੰਦ ਕੀਤਾ ਹੈ। 'ਕਿਸਾਨਪੁਰ' ਨਾਮ ਤੋਂ ਇੱਕ ਗੀਤ ਰਿਲੀਜ਼ ਹੋਇਆ ਹੈ ਜਿਸਨੂੰ ਹਸਰਤ ਨੇ ਗਾਇਆ ਹੈ ਅਤੇ ਮਨੀ ਮਨਜੋਤ ਨੇ ਲਿਖਿਆ ਹੈ। ਗੀਤ ਦੀ ਵੀਡੀਓ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਮੌਜੂਦਾ ਹਾਲਾਤਾਂ ਨੂੰ ਬਖੂਬੀ ਬਿਆਨ ਕਰਦੀ ਹੈ। ਗੀਤ ਵਿੱਚ ਪੰਜਾਬੀ ਕਲਾਕਾਰ  ਰਵਿੰਦਰ ਮੰਡ  ਦੀ ਸ਼ਮੂਲੀਅਤ ਲਈ ਗਈ ਹੈ। ਗੀਤ ਵਿੱਚ ਦਿਖਾਇਆ ਹੈ ਕਿ ਕਿਸ ਤਰਾਂ ਲੋਕ ਜਾਗਰੂਕ ਹੋ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਨੂੰ ਤਿਆਰ ਹਨ।ਗੀਤ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਜੋ ਅਸਲ ਹਾਲਾਤ ਹਨ ਜਿਵੇਂ ਕਿ ਹਰ ਕਿੱਤੇ ਦਾ ਬੰਦਾ ਇਸ ਅੰਦੋਲਨ ਵਿੱਚ ਹਿੱਸਾ ਬਣਨ ਨੂੰ ਤਿਆਰ ਹੈ, ਨੂੰ ਗੀਤ ਵਿੱਚ ਮਿਸਾਲ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ।ਗੀਤ ਤੋਂ ਜ਼ਾਹਿਰ ਹੁੰਦਾ ਹੈ ਕਿ ਅਪੰਗਤਾ ਤੁਹਾਡੇ ਰਾਹ ਵਿੱਚ ਕਦੀ ਰੋੜਾ ਨਹੀਂ ਬਣ ਸਕਦੀ। ਬੈਸਾਖੀਆਂ ਦੇ ਸਹਾਰੇ ਚੱਲਣ ਵਾਲਾ ਬੰਦਾ ਵੀ ਕਿਸਾਨੀ ਅੰਦੋਲਨ ਵਿਚ ਸ਼ਿਰਕਤ ਕਰਨ ਨੂੰ ਤੜਫ ਰਿਹਾ ਹੈ।ਹੁਣ ਗੱਲ ਕਿਸੇ ਧਰਮ ਜਾਤ ਪਾਤ ਦੀ ਨਹੀਂ ਰਹੀ ਗੱਲ ਹੁਣ ਰੋਟੀ ਦੀ ਰਹਿ ਗਈ ਹੈ। ਜੇ ਅੰਨ ਉਗਾਵਣ ਵਾਲਾ ਹੀ ਨਹੀਂ ਰਹੇਗਾ ਤਾਂ ਰੋਟੀ ਕਿਥੋਂ ਪੱਕੂਗੀ? ਆਉਣ ਵਾਲੀਆਂ ਨਸਲਾਂ ਜਦ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਹੋਂਸਲਾ ਦੇਖਣਗੀਆਂ ਤਾਂ ਉਹ ਜ਼ਰੂਰ ਆਪਣੇ ਆਪ ਤੇ ਗਰਵ ਕਰਨਗੀਆਂ ਕਿ ਓਹਨਾ ਦੇ ਪੁਰਖਿਆਂ ਨੇ ਕਿਸ ਤਰਾਂ ਪਹਿਲਾ ਦੇਸ਼ ਨੂੰ ਆਜ਼ਾਦੀ ਦਵਾਈ ਫੇਰ ਕਿਸ ਤਰਾਂ ਆਪਣੀ ਹੋਂਦ ਬਚਾਉਂਦੇ ਹੋਏ ਰੋਟੀ ਲਈ ਸੰਘਰਸ਼ ਲੜਿਆ।
 
ਹਰਜਿੰਦਰ  ਸਿੰਘ ਜਵੰਦਾ 94638 28000

ਕਰਮਜੀਤ ਅਨਮੋਲ ਦੀ ਕਾਮੇਡੀ ਭਰਪੂਰ ਸਮਾਜਿਕ ਫ਼ਿਲਮ - ਹਰਜਿੰਦਰ ਸਿੰਘ ਜਵੰਧਾ

'ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ'

ਕੋਵਿਡ 19 ਦੇ ਪ੍ਰਕੋਪ ਤੋਂ ਬਾਅਦ ਸੁੰਨੇ ਪਏ ਸਿਨੇਮਾਂ ਘਰਾਂ 'ਚ ਬਹੁਤ ਜਲਦੀ ਮੁੜ ਰੌਣਕਾਂ ਪਰਤ ਰਹੀਆਂ ਹਨ। ਪੰਜਾਬੀ ਸਿਨੇ ਦਰਸ਼ਕਾਂ ਲਈ ਇਹ ਵੱਡੀ ਖੁਸ਼ਖ਼ਬਰੀ ਹੋਵੇਗੀ ਕਿ 'ਲਾਵਾਂ ਫੇਰੇ', ਮਿੰਦੋ ਤਸੀਲਦਾਰਨੀ'  ਵਰਗੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ ਬਣਾਉਣ ਵਾਲੀ ਪ੍ਰੋਡਕਸ਼ਨ ਹਾਊਸ ਹੁਣ ਇੱਕ ਹੋਰ ਵੱਡੀ ਕਾਮੇਡੀ ਫ਼ਿਲਮ ' ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ' ਨਾਂ ਦੀ ਕਾਮੇਡੀ ਭਰਪੂਰ ਫ਼ਿਲਮ ਲੈ ਕੇ ਆ ਰਹੀ ਹੈ।
   ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ 16 ਅਪ੍ਰੈਲ ਵਿਸਾਖੀ ਦੇ ਦਿਨਾਂ 'ਤੇ ਰਿਲੀਜ਼ ਹੋ  ਰਹੀ ਇਸ ਫ਼ਿਲਮ 'ਚ ਪੰਜਾਬੀ ਸਿਨੇਮੇ ਦਾ ਸਿਰਮੌਰ ਕਾਮੇਡੀਅਨ ਕਰਮਜੀਤ ਅਨਮੋਲ ਪਹਿਲੀ ਵਾਰ ਤਿੰਨ ਜਵਾਨ ਧੀਆਂ ਦੇ ਪ੍ਰੇਸ਼ਾਨ ਬਾਪ ਦੀ ਭੂਮਿਕਾ 'ਚ ਕਾਮੇਡੀ ਕਰਦਾ ਨਜ਼ਰ ਆਵੇਗਾ। ਫ਼ਿਲਮ 'ਚ ਕਰਮਜੀਤ ਅਨਮੋਲ, ਏਕਤਾ ਗੁਲਾਟੀ ਖੇੜਾ,ਪੀਹੂ ਸ਼ਰਮਾਂ, ਲਵ ਗਿੱਲ, ਲੱਕੀ ਧਾਲੀਵਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਗਾਂਧੀ , ਮਿੰਦੋ ਤਸੀਲਦਾਰਨੀ ਫ਼ਿਲਮਾਂ ਦੇ ਨਾਮੀਂ ਨਿਰਦੇਸ਼ਕ ਅਵਤਾਰ ਸਿੰਘ ਨੇ ਦਿੱਤਾ ਹੈ। ਜ਼ਿਰਕਯੋਗ ਹੈ ਕਿ ਬੀਤੇ ਦਿਨੀਂ ਇਸ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦੀ ਸੋਸਲ ਮੀਡੀਆ 'ਤੇ ਕਾਫ਼ੀ ਚਰਚਾ ਹੈ।
ਫ਼ਿਲਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਿਰਮਾਤਾ ਰੰਜੀਵ ਸਿੰਗਲਾ ਨੇ ਦੱਸਿਆ ਕਿ ਇਹ ਫ਼ਿਲਮ 'ਲਾਵਾਂ ਫੇਰੇ' ਵਾਂਗ ਫੁੱਲ ਪਰਿਵਾਰਕ ਕਾਮੇਡੀ ਹੋਵੇਗੀ। ਫ਼ਿਲਮ ਦਾ ਵਿਸ਼ਾ ਸਮਾਜ ਵਿੱਚੋਂ ਧੀਆਂ-ਪੁੱਤਾਂ ਦੇ ਫ਼ਰਕ ਨੂੰ ਮਿਟਾਉਦਾ ਹੈ ਤੇ ਦੱਸਦਾ ਹੈ  ਕਿ ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ। ਇਸ ਫ਼ਿਲਮ ਦੇ ਟਾਇਟਲ ਅਨੁਸਾਰ ਇੱਕ ਬਾਪ ਦੇ ਘਰ ਜਦ ਇੱਕ ਧੀ ਪੈਦਾ ਹੁੰਦੀ ਹੈ ਤਾਂ ਉਸਦੇ ਫ਼ਿਕਰ ਨੂੰ ਦਰਸਾਉਂਦਾ ਹੈ। ਮਨੋਰੰਜਨ ਪੱਖੋਂ ਇਹ ਇੱਕ ਨਿਰੋਲ ਪਰਿਵਾਰਕ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਹਾਸੇ-ਹਾਸੇ ਵਿੱਚ ਸਮਾਜ ਪ੍ਰਤੀ ਚੰਗੀ ਸੋਚ ਵਾਲੇ ਜੁੰਮੇਵਾਰ ਇੰਨਸਾਨ ਬਣਨ ਦਾ ਸੁਨੇਹਾ ਦਿੰਦੀ ਹੈ। ਇਸ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਅਮਨ ਸਿੱਧੂ ਨੇ ਲਿਖੇ ਹਨ। ਸੰਗੀਤ ਲਾਡੀ ਗਿੱਲ ਤੇ ਜੱਗੀ ਸਿੰਘ ਨੇ ਦਿੱਤਾ ਹੈ। ਹੈਪੀ ਰਾਏਕੋਟੀ, ਰੌਸ਼ਨ ਪ੍ਰਿੰਸ਼, ਤਲਬੀ ਅਤੇ ਜੱਗੀ ਸਿੰਘ ਦੇ ਲਿਖੇ ਗੀਤਾਂ ਨੂੰ ਗੁਰਨਾਮ ਭੁੱਲਰ, ਕਮਲ ਖਾਨ,ਆਰ ਬੀ ਤੇ ਤਲਬੀ ਨੇ ਪਲੇਅ ਬੈਕ ਗਾਇਆ ਹੈ। ਫ਼ਿਲਮ ਦੇ ਸਿਨਮੈਟੋਗ੍ਰਾਫ਼ਰ ਨਵਨੀਤ ਬੀਓਹਰ ਹਨ। ਫ਼ਿਲਮ ਦੇ ਪ੍ਰੋਡਿਊਸਰ ਰੰਜੀਵ ਸਿੰਗਲਾ ਹਨ ਤੇ ਐਗਜ਼ੀਕਿਊਟਰ ਪ੍ਰੋਡਿਊਸਰ ਰਾਜਿੰਦਰ ਕੁਮਾਰ ਗਾਗਾਹਰ ਹਨ। ਕਰੈਟਿਵ ਪ੍ਰੋਡਿਊਸਰ ਇੰਦਰ ਬਾਂਸਲ ਹਨ। ਇਹ ਫ਼ਿਲਮ ਓਮ ਜੀ ਗਰੁੱਪ ਵਲੋਂ 16 ਅਪ੍ਰੈਲ 2021 ਨੂੰ ਦੇਸ਼-ਵਿਦੇਸ਼ਾਂ 'ਚ ਰਿਲੀਜ਼ ਕੀਤੀ ਜਾ ਰਹੀ ਹੈ।

'ਜੋਰਾ-ਦਾ ਸੈਕਿੰਡ ਚੈਪਟਰ' ਨਾਲ ਮੁੜ ਸਰਗਰਮ ਹੋਇਆ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ - ਹਰਜਿੰਦਰ ਸਿੰਘ ਜਵੰਦਾ

ਪੰਜਾਬੀ ਗੀਤਕਾਰੀ ਤੋਂ ਬਾਅਦ ਅਮਰਦੀਪ ਸਿੰਘ ਗਿੱਲ ਫ਼ਿਲਮੀ ਖੇਤਰ ਦੀ ਇਕ ਜਾਣੀ ਪਛਾਣੀ ਸ਼ਖਸੀਅਤ ਹੈ। ਜਿੱਥੇ ਉਸਨੇ ਬਤੌਰ ਲੇਖਕ ਅਨੇਕਾਂ ਫ਼ਿਲਮਾਂ ਲਈ ਆਪਣਾ ਯੋਗਦਾਨ ਪਾਇਆ ਉੱਥੇ ਉਸਨੇ ਇੱਕ  ਸਫ਼ਲ ਨਿਰਦੇਸ਼ਕ ਵਜੋਂ ਗੂੜੀਆਂ ਪੈੜਾਂ ਪਾਈਆਂ, ਭਾਵੇਂ ਉਹ ਲਘੂ ਫਿਲਮਾਂ ਹੋਣ ਜਾਂ ਫਿਰ ਫ਼ੀਚਰ ਫ਼ਿਲਮਾਂ । ਅਮਰਦੀਪ ਸਿੰਘ ਗਿੱਲ ਨੇ ਮੌਜੂਦਾ ਸਿਨਮੇ ਦੀ ਭੀੜ 'ਚ ਇੱਕ ਵੱਖਰੇ ਸਿਨੇਮੇ ਦੀ ਨੀਂਹ ਰੱਖੀ ਜੋ ਕਾਲਪਨਿਕ ਪਾਤਰਾਂ ਦੀ ਬਜਾਏ ਜਿੰਦਗੀ ਨਾਲ ਜੂਝਦੇ ਅਸਲ ਮਨੁੱਖ ਦੀ ਕਹਾਣੀ ਬਿਆਨਦੇ ਹਨ।
ਸਾਹਿਤਕ ਮਾਹੌਲ 'ਚ ਜੰਮੇ ਪਲੇ  ਅਮਰਦੀਪ ਸਿੰਘ ਗਿੱਲ ਦਾ ਸਿਨੇਮਾ ਵੀ ਉਸਦੀਆਂ ਸਾਹਿਤਕ ਕਿਰਤਾਂ 'ਚੋਂ ਉਪਜਿਆ ਹੈ। ਰਾਮ ਸਰੂਪ ਅਣਖੀ ਦੀ ਕਹਾਣੀ ਦਾ ਫਿਲਮੀਕਰਣ ਕਰਦਿਆਂ ਉਸਨੇ 'ਸੁੱਤਾ ਨਾਗ' ਅਤੇ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਅਧਾਰਤ 'ਖੂਨ' ਆਦਿ ਲਘੂ ਫਿਲਮਾਂ ਦਾ ਨਿਰਮਾਣ ਕਰਕੇ ਸਾਹਿੱਤਕ ਸਿਨੇਮੇ ਦੀ ਪਿਰਤ ਪਾਈ। ਵੱਡੇ ਸਿਨਮੇ ਦੀ ਗੱਲ ਕਰੀਏ ਤਾਂ ਵਿਆਹ ਅਤੇ ਭੰਡਨੁਮਾਂ ਸਿਨੇਮੇ ਤੋਂ ਵੱਖ ਹੋ ਕੇ ਤੁਰਦਿਆਂ ਪੰਜਾਬ ਦੇ ਹਾਲਾਤਾਂ ਨਾਲ ਜੂਝਦੇ ਨੌਜਵਾਨ ਵਰਗ ਅਤੇ ਸਿਆਸੀ ਸੋਚ ਦੀ ਖੇਡ ਅਧਾਰਤ 'ਜੋਰਾ ਦਸ ਨੰਬਰੀਆਂ' ਫਿਲਮ ਬਣਾ ਕੇ ਬਾਲੀਵੁੱਡ ਪੱਧਰ ਦੇ ਐਕਸ਼ਨ ਸਿਨਮੇ  ਨੂੰ ਪੰਜਾਬੀ ਪਰਦੇ 'ਤੇ ਉਤਾਰਿਆ। ਟਿੱਬਿਆਂ  ਦੇ ਸ਼ਹਿਰ ਜਾਣੇ ਜਾਂਦੇ ਬਠਿੰਡੇ ਨੂੰ ਉਸਨੇ 'ਜੋਰਾ ਦਸ ਨੰਬਰੀਆ' ਰਾਹੀਂ ਮੁੰਬਈ ਵਰਗੇ ਮਹਾਂਨਗਰ ਬਣਾ ਕੇ ਪੰਜਾਬੀ ਸਿਨੇਮੇ ਲਈ ਨਵਾਂ ਸੁਪਨਾ ਸਿਰਜਿਆ।
'ਜ਼ੋਰਾ ਦਸ ਨੰਬਰੀਆਂ ' ਨੂੰ ਮਿਲੀ ਵੱਡੀ ਸਫ਼ਲਤਾ ਆਪਣੇ ਆਪ ਵਿਚ ਇੱਕ ਵੱਡੀ ਮਿਸ਼ਾਲ ਹੈ। ਇਸੇ ਫਿਲ਼ਮ  ਦੀ ਲੜੀ ਨੂੰ ਅੱਗੇ ਜੋੜਦਿਆਂ ਹੁਣ ਅਮਰਦੀਪ ਗਿੱਲ ਆਪਣੀ ਲੇਖਣੀ ਅਤੇ ਨਿਰਦੇਸ਼ਨਾਂ ਹੇਠ 'ਜ਼ੋਰਾ ૶ਦਾ ਸੈਂਕਡ ਚੈਪਟਰ' ਲੈ ਕੇ ਆ ਰਿਹਾ ਹੈ। ਇਸ ਫਿਲਮ ਦਾ ਟੀਚਰ 5 ਜਨਵਰੀ ਨੂੰ ਯੂਟਿਉਬ 'ਤੇ ਰਿਲੀਜ਼ ਹੋਇਆ ਹੈ। ਜਿਸਨੂੰ ਦਰਸ਼ਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ। 'ਬਠਿੰਡੇ ਵਾਲੇ ਬਾਈ ਫ਼ਿਲਮਜ਼', ਲਾਉਡ ਰੋਰ ਫ਼ਿਲਮ ਐਂਡ 'ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ 6 ਮਾਰਚ ਨੂੰ ਰਿਲੀਜ਼ ਹੋਣ  ਜਾ ਰਹੀ ਇਸ ਫਿਲਮ ਵਿੱਚ ਹਿੰਦੀ ਸਿਨੇਮੇ ਦੇ ਧਰਮਿੰਦਰ, ਦੀਪ ਸਿੱਧੂ, ਅਤੇ ਪੰਜਾਬੀ ਫਿਲਮਾਂ ਦੇ ਥੰਮਖ਼  ਗੁੱਗੂ ਗਿੱਲ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸਿੰਘਾਂ, ਸੋਨਪ੍ਰੀਤ ਸਿੰਘ ਜਵੰਧਾ, ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਵੀ ਅਹਿਮ ਕਿਰਦਾਰਾਂ 'ਚ ਆਪਣੀ ਕਲਾ ਦੇ ਜ਼ੌਹਰ ਵਿਖਾਉਣਗੇ। 
ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਵੀ ਅਮਰਦੀਪ ਸਿੰਘ ਗਿੱਲ ਹੈ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ 'ਜ਼ੋਰਾ ਦਸ ਨੰਬਰੀਆਂ' ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ , ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ। ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ  ਨੇ ਕੀਤਾ ਹੈ। ਫਿਲਮ ਦਾ ਸੰਗੀਤ ਮਿਊਜਿੰਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਨੇ ਪਲੇਅ ਬੈਕ ਗਾਇਆ ਹੈ।

ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ  ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਖੂਬਸੂਰਤ ਫ਼ਿਲਮ ਹੋਵੇਗੀ 'ਨਾਨਕਾ ਮੇਲ' - ਹਰਜਿੰਦਰ ਸਿੰਘ ਜਵੰਦਾ

ਪਾਲੀਵੁੱਡ ਪੋਸਟ- ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ। ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਤ ਪ੍ਰਚੱਲਤ ਹਨ ਪਰ ਇਸ ਫ਼ਿਲਮ ਵਿਚ ਰਿਸ਼ਤਿਆਂ 'ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ। ਕਿਵੇਂ ਪਰਿਵਾਰਕ ਸਾਝਾਂ ਇੰਨ੍ਹਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੇ ਹਨ ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ। ਰਿਸ਼ਤਿਆਂ ਦੀ ਸਰਹੱਦ 'ਤੇ ਮੋਹ ਦੀ ਦਸਤਕ ਦਿੰਦੀ ਪੰਜਾਬ ਦੀ ਧਰਾਤਲ ਨਾਲ ਜੁੜੀ ਫ਼ਿਲਮ 'ਨਾਨਕਾ ਮੇਲ' ਅਜੋਕੇ ਦੌਰ ਦੇ ਪੰਜਾਬੀ ਸਿਨੇਮੇ ਵਿਚ ਵਿਸ਼ੇਸ ਅਹਿਮੀਅਤ ਰੱਖਦੀ ਹੈ। ਪੈਸੇ ਦੇ ਹੰਕਾਰ ਅਤੇ ਸਮੇਂ ਦੀ ਚਾਲ ਨੇ ਮਾਮੇ-ਮਾਸੀਆਂ ਦੇ ਰਿਸ਼ਤਿਆਂ ਨੂੰ ਫਿੱਕੇ ਕਰ ਦਿੱਤਾ ਹੈ। ਇਹ ਫ਼ਿਲਮ ਅਜਿਹੇ ਪਰਿਵਾਰਾਂ ਦੀ ਕਹਾਣੀ ਹੈ ਜੋ ਪੀੜ੍ਹੀ ਦਰ ਪੀੜ੍ਹੀ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਵਰਤਦੇ। ਇਸ ਫ਼ਿਲਮ ਦਾ ਨਾਇਕ ਰੌਸ਼ਨ ਪ੍ਰਿੰਸ਼ ਹੈ ਤੇ ਨਾਇਕਾ ਰੂਬੀਨਾ ਬਾਜਵਾ। ਜਦ ਰੌਸ਼ਨ ਪ੍ਰਿੰਸ ਦੇ ਵਿਆਹ ਦੀ ਗੱਲ ਤੁਰਦੀ ਹੈ ਤਾਂ ਰਿਸ਼ਤਾ ਕਰਨ ਆਇਆ ਪਰਿਵਾਰ ਦਾ ਮੁਖੀ ਕਹਿੰਦਾ ਹੈ ਕਿ ਸਾਡੀ ਇੱਛਾ ਹੈ ਕਿ ਜਿੱਥੇ ਅਸੀਂ ਆਪਣੀ ਲਾਡਲੀ ਦਾ ਰਿਸ਼ਤਾ ਕਰੀਏ ਉਨ੍ਹਾਂ ਦਾ ਨਾਨਕਾ ਪਰਿਵਾਰ ਬਹੁਤ ਵੱਡਾ ਹੋਵੇ। ਪਰ ਮੁੰਡੇ ਦਾ ਬਾਪ ਆਪਣੇ ਸਹੁਰਿਆਂ ਨਾਲ ਨਾ ਵਰਤਦਾ ਹੋਣ ਕਰਕੇ ਰਿਸ਼ਤਾ ਅੱਧ ਵਿਚਕਾਰ ਹੀ ਅਟਕ ਜਾਂਦਾ ਹੈ। ਇਸ ਤਰਾਂ ਇਹ ਫ਼ਿਲਮ ਰਿਸ਼ਤਿਆਂ ਦੀ ਅਹਿਮੀਅਤ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਇਕ ਖੂਬਸੁਰਤ ਪਰਿਵਾਰਕ ਫ਼ਿਲਮ ਹੈ।
ਕਾਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਅਮਿਤ ਕੁਮਾਰ ਚੌਧਰੀ ਅਤੇ ਰਾਹੁਲ ਚੋਧਰੀ ਦੀ ਇਸ ਫ਼ਿਲਮ ਦੀ ਕਹਾਣੀ ਪ੍ਰਿੰਸ਼ ਕੰਵਲਜੀਤ ਸਿੰਘ ਨੇ ਲਿਖੀ ਹੈ। ਜਦਕਿ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਅਤੇ ਪ੍ਰਿੰਸ ਕੇ ਜੀ ਸਿੰਘ ਨੇ ਦਿੱਤਾ ਹੈ। ਫ਼ਿਲਮ ਵਿਚ ਰੌਸ਼ਨ ਪ੍ਰਿੰਸ, ਰੂਬੀਨਾ ਬਾਜਵਾ, ਸਰਦਾਰ ਸੋਹੀ , ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਸੁਨੀਤਾ ਧੀਰ, ਮਹਾਂਵੀਰ ਭੁੱਲਰ, ਗੁਰਮੀਤ ਸਾਜਨ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ,ਪ੍ਰਿੰਸ਼ ਕੇਜੀ ਸਿੰਘ, ਹਰਬੀ ਸੰਘਾ, ਰੁਪਿੰਦਰ ਕੌਰ,  ਹਰਿੰਦਰ ਭੁੱਲਰ, ਮੋਹਨੀ ਤੂਰ, ਸੁਖਵਿੰਦਰ ਚਹਿਲ, ਹਰਦੀਪ ਗਿੱਲ, ਵਿਜੇ ਟੰਡਨ ਅਤੇ ਸਿਮਰਨ ਸਹਿਜਪਾਲ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਦੇਸੀ ਕਰਿਊ, ਮਿਊਜ਼ਿਕ ਇੰਮਪਾਇਰ ਨੇ ਦਿੱਤਾ ਹੈ । ਇਹ ਫ਼ਿਲਮ 8 ਨਵੰਬਰ ਨੂੰ ਰਿਲੀਜ਼ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ
94638 28000

ਸਾਫ ਸੁਥਰੀ  ਤੇ ਸੱਭਿਆਚਾਰਕ ਗਾਇਕੀ ਦਾ ਸਿਰਨਾਵਾਂ ਹਰਜੀਤ ਹਰਮਨ - ਹਰਜਿੰਦਰ ਸਿੰਘ ਜਵੰਦਾ 

ਹਰਜੀਤ ਹਰਮਨ ਪੰਜਾਬੀ ਗਾਇਕੀ ਦੇ ਆਕਾਸ਼ ਮੰਡਲ ਦਾ ਉਹ ਟਿਮਟਮਾਉਂਦਾ  ਤਾਰਾ ਹੈ ਜਿਸ ਦੀ ਚਮਕ ਨੂੰ ਵਕਤ ਦੀ ਕੋਈ ਵੀ ਹਨੇਰੀ ਮੱਧਮ ਨਹੀਂ ਕਰ ਸਕੀ ਤੇ ਇਹ ਤਾਰਾ ਸੰਗੀਤ ਦੀ ਸੂਝ ਰੱਖਣ ਵਾਲੇ ਹਰ ਵਿਹੜੇ ਅੰਦਰ ਬੜੀ ਸ਼ਿੱਦਤ ਨਾਲ ਰੌਸ਼ਨੀ ਬਿਖੇਰਦਾ ਆ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਰਿਆਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਦੋਦਾ ਦੇ ਜੰਮਪਲ ਅਤੇ ਪਿਤਾ ਸ. ਬਚਿੱਤਰ ਸਿੰਘ ਤੇ ਮਾਤਾ ਸਰਦਾਰਨੀ  ਅਮਰਜੀਤ ਕੌਰ ਦੇ ਇਸ ਲਾਡਲੇ ਵਲੋਂ ਹੁਣ ਤਕ ਗਾਏ ਹਰ ਗੀਤ ਨੇ ਹੀ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਸ ਦੀ ਅਵਾਜ਼ ਵਿੱਚ ਗੰਭੀਰਤਾ, ਸਹਿਜਤਾ ਤੇ ਸਰਲਤਾ ਦਾ ਸੁਮੇਲ ਹੈ। ਹਰਮਨ ਦੀ ਗਾਇਕੀ ਦੀ  ਵੱਡੀ ਖ਼ਾਸੀਅਤ ਇਹ ਵੀ  ਹੈ ਕਿ ਉਸ ਨੇ ਅੱਜ ਤਕ ਸੱਭਿਆਚਾਰਕ ਤੇ ਸਾਫ ਸੁਥਰੇ ਗੀਤ ਹੀ ਸਰੋਤਿਆਂ ਦੀ  ਝੋਲੀ ਪਾਏ ਹਨ ਅਤੇ ਇਹ ਸਿੱਧ ਕਰ ਦਿਖਾਇਆ ਹੈ ਕਿ  ਲੱਚਰਤਾ ਦੀ ਹਨੇਰੀ 'ਚ ਸਭਿਅਤਾ ਦਾ ਦੀਵਾ ਬਾਲਣ ਵਾਲੇ ਵੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਆਪਣੀ ਗਾਇਕੀ ਵਿਚ  ਜਿੱਥੇ ਉਸ ਨੇ ਘਰੇਲੂ ਰਿਸ਼ਤਿਆਂ, ਸਮਾਜਿਕ ਵਿਸ਼ਿਆਂ ਤੇ ਧਾਰਮਿਕ ਸੂਖ਼ਮ-ਭਾਵਨਾਵਾਂ ਨੂੰ ਬਿਆਨ ਕਰਦੀ ਸ਼ਾਇਰੀ ਦੀ ਚੋਣ ਕੀਤੀ, ਉੱਥੇ ਉਸ ਨੇ ਰੁਮਾਂਟਿਕ ਗੀਤਾਂ ਵਿੱਚ ਵੀ ਸੁਹਜ-ਸੁਆਦ ਮੁਕੰਮਲ ਰੂਪ ਵਿੱਚ ਬਰਕਰਾਰ ਰੱਖਿਆ ਹੈ।  
    ਹਰਮਨ ਦੀ ਗਾਇਕੀ ਨੂੰ ਹਰ ਉਮਰ ਦੇ ਸਰੋਤਿਆਂ ਵਲੋਂ ਪਸੰਦ ਕੀਤਾ ਜਾਂਦਾ ਹੈ। ਇਸ ਦਾ ਕਾਰਨ ਉਸ ਦੀ ਆਵਾਜ਼, ਅੰਦਾਜ਼ ਅਤੇ ਪੰਜਾਬੀ ਦੀ ਧਨੀ ਕਲਮ ਗੀਤਕਾਰ ਸਵ. ਪ੍ਰਗਟ ਸਿੰਘ ਲਿਧੜਾਂ ਵਲੋਂ ਗਾਇਨ ਸਮੱਗਰੀ ਦੀ ਸੁਹਜਮਈ ਕੀਤੀ ਗਈ ਚੋਣ ਵੀ ਹੈ। ਉਸ ਦੀ ਗਾਇਕੀ ਅਤਿਅੰਤ ਗਹਿਰੀ ਹੈ ਜਿਸ ਨੂੰ ਸੁਣ ਕੇ ਅਜੀਬ ਜਿਹਾ ਸਕੂਨ ਪ੍ਰਾਪਤ ਹੁੰਦਾ ਹੈ। ਉਸ ਦਾ ਸੁਰੀਲਾ ਕੰਠ ਤੇ ਸੁੱਚੇ ਬੋਲ ਸਰੋਤਿਆਂ ਨੂੰ ਮੱਲੋਜ਼ੋਰੀ ਕੀਲਣ ਦੀ ਸਮਰੱਥਾ ਰੱਖਦੇ ਹਨ।
       
ਹਰਮਨ ਵਲੋਂ ਗਾਏ 'ਕੁੜੀ ਚਿਰਾਂ ਤੋਂ ਵਿਛੜੀ', 'ਝਾਂਜਰ','ਮਿੱਤਰਾਂ ਦਾ ਨਾਂ ਚਲਦਾ', '302 ਬਣ ਜੂ', 'ਇੰਤਜਾਰ ਕਰਾਂਗਾ', 'ਗੱਲ ਦਿਲ ਦੀ ਦੱਸ ਸੱਜਣਾ', 'ਵੰਡੇ ਹੋਏ ਪੰਜਾਬ ਦੀ ਤਰਾਂ', 'ਸ਼ਹਿਰ ਤੇਰੇ ਦੀਆਂ ਯਾਦਾਂ', 'ਕਾਂ ਬੋਲਦਾ', 'ਚਰਖਾ', 'ਸੂਰਮਾ',  'ਚੰਡੋਲ', 'ਉਸ ਰੁੱਤੇ ਸੱਜਣ ਮਿਲਾਦੇ ਰੱਬ', 'ਇੰਝ ਨਾ ਕਰੀਂ', 'ਮੁੰਦਰੀ', 'ਪਜੇਬਾਂ', 'ਇਸ ਨਿਰਮੋਹੀ ਨਗਰੀ ਦਾ', 'ਇੱਕ ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ', 'ਨੀਂ ਤੂੰ ਸੱਚੀਂਮੁੱਚੀਂ ਲੱਗੇ ਪੰਜਾਂ ਪਾਣੀਆਂ ਦੀ ਹੂਰ', 'ਸਜਨਾਂ', 'ਅਸੀਂ ਉਹ ਨਹੀਂ', 'ਚਾਦਰ', 'ਸੰਸਾਰ', 'ਪ੍ਰਦੇਸੀ', 'ਹੱਸ ਕੇ', 'ਚੰਨ', 'ਸ਼ੌਕ' ਅਤੇ 'ਅਵਾਜਾਂ', 'ਜੱਟੀ', 'ਤਰੀਕਾਂ', 'ਦਿਲਜਾਨੀ', 'ਜੱਟ 24 ਕੇਰਟ ਦਾ' ਅਤੇ 'ਮਾਏ ਨੀ ਮਾਏ' ਆਦਿ ਦਰਜਨਾਂ ਹੀ ਗੀਤ ਅਜਿਹੇ ਹਨ ਜੋ ਸਰੋਤਿਆਂ ਦੇ ਮਨਾਂ ਉੱਪਰ ਪੂਰੀ ਤਰਾਂ ਛਾਏ ਹੋਏ ਹਨ।  ਗੀਤਾਂ ਰਾਹੀਂ ਸਰੋਤਿਆਂ ਦੀ ਰੂਹ ਤਕ ਪਹੁੰਚਣ ਵਾਲਾ ਇਹ ਗਾਇਕ ਆਪਣੇ ਗੀਤਾਂ ਰਾਹੀਂ ਸੱਚ ਕਹਿਣ ਦੀ ਦਲੇਰੀ ਰੱਖਦਾ ਹੈ। ਉਸ ਨੇ ਆਪਣੀਆਂ ਟੇਪਾਂ ਵਿੱਚ ਉਸਾਰੂ ਸੋਚ ਦੇ ਗੀਤਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਸਮਾਜਿਕ ਬੁਰਾਈਆਂ ਤੇ ਵਿਅੰਗਮਈ ਚੋਟ ਕਰਨ ਵਾਲੇ ਗੀਤ ਵੀ ਉਹ ਆਪਣੀ ਐਲਬਮ ਵਿੱਚ ਅਕਸਰ ਸ਼ਾਮਲ ਕਰਦਾ ਹੈ। ਉਸ ਨੇ ਰੁਮਾਂਟਿਕ ਗੀਤ ਵੀ ਗਾਏ ਹਨ ਪਰ ਇਕ ਦਾਇਰੇ ਵਿੱਚ ਰਹਿ ਕੇ ਅਤੇ ਅਸ਼ਲੀਲ ਬੋਲਾਂ ਵਾਲੇ ਗੀਤਾਂ ਨੂੰ ਆਵਾਜ਼ ਦੇਣ ਲਈਉਸ ਦੀ ਜ਼ਮੀਰ ਨੇ ਕਦੇ ਵੀ ਉਸ ਨੂੰ  ਇਜ਼ਾਜਤ ਨਹੀ ਦਿੱਤੀ। ਇਸ ਤੋਂ ਇਲਾਵਾ ਹਰਮਨ ਨੇ ਕਦੇ ਵੀ ਆਪਣੇ ਗੀਤਾਂ ਦੇ ਵੀਡਿਓ ਫਿਲਮਾਂਕਣ ਵਿਚ ਵੀ  ਅਸ਼ਲੀਲਤਾ ਦਾ ਸਹਾਰਾ ਨਹੀਂ ਲਿਆ।
ਦੂਜੇ ਪਾਸੇ ਧਾਰਮਿਕ ਖੇਤਰ ਵਿਚ ਵੀ  ਹਰਮਨ ਆਪਣੀਆਂ  ਧਾਰਮਿਕ ਐਲਬਮਾਂ 'ਸਿੰਘ ਸੂਰਮੇ' ਅਤੇ 'ਸ਼ਾਨ ਏ ਕੌਮ' ਸਦਕਾ ਚੰਗਾ ਨਮਾਣਾ ਖੱਟ ਚੁੱਕਾ ਹੈ। ਜੇਕਰ ਹਰਮਨ ਨੂੰ ਮਿਲੇ ਇਨਾਮਾਂ-ਸਨਮਾਨਾਂ ਦੀ ਗੱਲ ਕਰੀਏ ਤਾਂ ਉਸ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਅਨੇਕਾਂ ਸਨਮਾਨ ਮਿਲੇ ਹਨ ਹਨ, ਪਰ ਸਰੋਤਿਆਂ ਦੇ ਦਿਲੀ ਪਿਆਰ ਨੂੰ ਉਹ ਸਭ ਤੋਂ ਵੱਡਾ ਸਨਮਾਨ ਸਮਝਦਾ ਹੈ। ਇੱਕ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਉਹ ਚੰਗੀ ਸੋਚ ਰੱਖਣ ਵਾਲਾ ਨੌਜਵਾਨ ਵੀ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਗਾਇਕੀ ਨੇ ਉਸ ਅੰਦਰ ਨਿਮਰਤਾ, ਸਤਿਕਾਰ ਅਤੇ ਮਿਠਾਸ ਦੇ ਭਾਵਾਂ ਨੂੰ ਭਰਪੂਰ ਕਰ ਦਿੱਤਾ ਹੈ।
ਫਿਲਮੀ ਖੇਤਰ 'ਚ ਹਰਮਨ ਨੇ ਆਪਣੀ ਫਿਲਮ ਪਾਰੀ ਦੀ ਸ਼ੁਰੂਆਤ ਭਾਵੇਂ  ਬੱਬੂ ਮਾਨ ਦੀ ਫ਼ਿਲਮ 'ਦੇਸੀ ਰੋਮੀਓ' ਤੋਂ ਕੀਤੀ ਸੀ ਪਰ  ਬਤੌਰ ਹੀਰੋ ਵਜੋਂ  ਉਹ  ਆਪਣੀ ਲੰਘੇ ਸਾਲ ਆਈ ਫਿਲਮ 'ਕੁੜਮਾਈਆਂ' ਨਾਲ ਉੱਭਰ ਕੇ ਸਾਹਮਣੇ ਆਇਆ ਅਤੇ ਦਰਸ਼ਕਾਂ ਵਲੋਂ ਹਰਜੀਤ ਹਰਮਨ ਦੀ ਅਦਾਕਾਰੀ ਨੂੰ ਬੇਹੱਦ ਪਸੰਦ ਕੀਤਾ ਗਿਆ।ਹਰਜੀਤ ਹਰਮਨ ਆਪਣੇ ਫਿਲਮੀ ਸਫਰ ਨੂੰ ਅੱਗੇ ਤੋਰਦਿਆਂ ਹੁਣ ਜਲਦ ਹੀ  ਇੱਕ ਹੋਰ ਫਿਲਮ 'ਤੂੰ ਮੇਰਾ ਕੀ ਲਗਦਾ' ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਹਰਜੀਤ ਹਰਮਨ ਹਾਲ ਹੀ 'ਚ ਆਪਣੇ ਨਵਾਂ ਖੂਬਸੂਰਤ ਗੀਤ 'ਮਿਲਾਂਗੇ ਜਰੂਰ'  ਲੈ ਕੇ ਹਾਜ਼ਰ ਹੋਏ ਹਨ।ਇਸ ਗੀਤ ਨੂੰ ਸਰੋਤੇ ਵਰਗ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸ਼ਬਦਾਂ ਦੀ ਲੜੀ ਵਿਚ ਪ੍ਰੋਣ ਵਾਲੀ ਕਲਮ ਸਿਰੌਮਰ ਗੀਤਕਾਰ ਸਵ. ਪ੍ਰਗਟ ਸਿੰਘ ਲਿੱਦੜਾਂ ਦੀ ਹੈ।ਇਸ ਗੀਤ ਦਾ ਵੀਡੀਓ ਪਰਗਟ ਸਿੰਘ ਦੇ ਪੁੱਤਰ ਨਾਮੀ ਵੀਡੀਓ ਡਾਇਰੈਕਟਰ ਸਟਾਲਨਵੀਰ ਸਿੰਘ ਨੇ ਤਿਆਰ ਕੀਤਾ ਹੈ ਅਤੇ  ਰਸਭਿੰਨੇ ਸੰਗੀਤ ਨਾਲ ਹਰ ਵਾਰ ਦੀ ਤਰਾਂ ਸੰਗੀਤਕਾਰ ਅਤੁਲ ਸ਼ਰਮਾ ਨੇ ਸਿੰਗਾਰਿਆ ਹੈ।ਦੱਸ ਦਈਏ ਕਿ ਹਰਜੀਤ ਹਰਮਨ ਭਵਿੱਖ 'ਚ ਜਲਦ ਹੀ ਹੋਰ ਵੀ ਕਈ ਨਵੇਂ ਗੀਤ ਦਰਸ਼ਕਾਂ ਦੇ ਰੂਬਰੂ ਕਰਨ ਦੀ ਤਿਆਰੀ ਹਨ।ਸੋ ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਦੇ ਸੁਨਿਹਰੀ ਭਵਿੱਖ ਲਈ ਅਜਿਹੇ ਕਲਾਕਾਰਾਂ ਦੀ ਬੇਹੱਦ ਲੋੜ ਹੈ। ਰੱਬ ਕਰੇ, ਉਸ ਦੀ ਉਮਰ 'ਲੋਕ ਗੀਤਾਂ' ਜਿੰਨੀ ਹੋਵੇ।