Haroon Khalid

ਲਾਹੌਰ ਕਿਲ੍ਹੇ ਵਿਚ ਲੱਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ - ਹਾਰੂਨ ਖ਼ਾਲਿਦ

ਲਾਹੌਰ ਸਿਰਫ਼ ਇਕ ਸ਼ਹਿਰ ਹੀ ਨਹੀਂ, ਸਗੋਂ ਇਕ ਸੁਪਨਾ, ਇਕ ਵਿਚਾਰ ਤੇ ਇਕ ਪ੍ਰਤੀਕ ਵੀ ਹੈ, ਜਿਸ ਉਤੇ ਇਸ ਦੇ ਲੰਬੇ ਇਤਿਹਾਸ ਦੌਰਾਨ ਤਰ੍ਹਾਂ ਤਰ੍ਹਾਂ ਦੇ ਸਾਮਰਾਜਾਂ ਤੇ ਰਾਜ ਘਰਾਣਿਆਂ ਨੇ ਹਕੂਮਤ ਕੀਤੀ। ਜੇ ਇਸ ਸ਼ਹਿਰ ਨੂੰ ਇਸ ਪ੍ਰਤੀਕਮਈ ਚਿੱਤਰ ਪੱਟ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਹ ਅਜਿਹਾ ਮਾਧਿਅਮ ਬਣ ਜਾਂਦਾ ਹੈ, ਜਿਸ ਰਾਹੀਂ ਰਾਜੇ, ਰਾਣੀਆਂ, ਹੁਕਮਰਾਨ ਤੇ ਸਿਆਸਤਦਾਨ ਆਪਣੇ ਹੁਕਮਾਂ ਤੇ ਸਿਆਸੀ ਚਾਹਤਾਂ ਦਾ ਇਜ਼ਹਾਰ ਕਰਦੇ ਹਨ।
        ਮਿਸਾਲ ਵਜੋਂ ਦਾਰਾ ਸ਼ਿਕੋਹ ਦੇ ਕਾਲ ਦੌਰਾਨ ਇਹ ਸ਼ਹਿਰ ਉਸ ਦੇ ਆਪਣੇ ਸੂਫ਼ੀ ਮੁਰਸ਼ਦ ਮੀਆਂ ਮੀਰ ਲਈ ਪਿਆਰ ਦਾ ਪ੍ਰਤੀਕ ਬਣ ਜਾਂਦਾ ਹੈ। ਉਸ ਵੱਲੋਂ ਬੁਨਿਆਦੀ ਢਾਂਚੇ ਦਾ ਵਿਉਂਤਿਆ ਵੱਡਾ ਪ੍ਰਾਜੈਕਟ, ਜਿਸ ਤਹਿਤ ਉਸ ਦੇ ਨੌਲੱਖਾ ਮਹਿਲ ਤੋਂ ਮੀਆਂ ਮੀਰ ਦੀ ਦਰਗਾਹ ਤੱਕ ਲਾਲ ਇੱਟਾਂ ਦਾ ਪੱਕਾ ਰਸਤਾ ਬਣਨਾ ਸੀ, ਉਸ ਦੇ ਇਸ ਪਿਆਰ ਦਾ ਪ੍ਰਗਟਾਵਾ ਕਰਦਾ ਹੈ। ਉਂਝ ਇਹ ਪ੍ਰਾਜੈਕਟ ਸਿਰੇ ਨਾ ਚੜ੍ਹ ਸਕਿਆ, ਕਿਉਂਕਿ ਇਸ ਦੌਰਾਨ ਮੁਗ਼ਲ ਤਖ਼ਤ ਲਈ ਲੜਾਈ ਸ਼ੁਰੂ ਹੋ ਗਈ, ਜਿਸ ਵਿਚ ਬਾਦਸ਼ਾਹ ਸ਼ਾਹਜਹਾਂ ਦੇ ਸਾਰੇ ਸ਼ਹਿਜ਼ਾਦੇ ਇਕ-ਦੂਜੇ ਖ਼ਿਲਾਫ਼ ਲੜ ਰਹੇ ਸਨ। ਸੱਤਾ ਦੀ ਲੜਾਈ ਵਿਚ ਦਾਰਾ ਸ਼ਿਕੋਹ ਦਾ ਛੋਟਾ ਭਰਾ ਔਰੰਗਜ਼ੇਬ ਜੇਤੂ ਰਿਹਾ। ਔਰੰਗਜ਼ੇਬ ਨੇ ਇਨ੍ਹਾਂ ਹੀ ਲਾਲ ਇੱਟਾਂ ਦਾ ਇਸਤੇਮਾਲ ਇਕ ਹੋਰ ਪ੍ਰਤੀਕ ਭਾਵ ਬਾਦਸ਼ਾਹੀ ਮਸਜਿਦ ਬਣਾਉਣ ਲਈ ਕੀਤਾ, ਜਿਹੜੀ ਇਕ ਤਰ੍ਹਾਂ ਲਾਹੌਰ ਸ਼ਹਿਰ ਦੀ ਪ੍ਰਤੀਨਿਧ ਇਮਾਰਤ ਹੈ।
      ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਪ੍ਰਤੀਕ ਉਸਾਰੇ। ਉਸ ਨੇ 1799 ਵਿਚ ਸ਼ਹਿਰ ਉਤੇ ਕਬਜ਼ਾ ਕੀਤਾ ਤੇ ਛੇਤੀ ਹੀ ਬਾਅਦ ਆਪਣੇ ਆਪ ਨੂੰ ਮਹਾਰਾਜਾ ਐਲਾਨ ਦਿੱਤਾ। ਮਹਾਰਾਜੇ ਦੀ ਜਿੱਤ ਤੋਂ ਪਹਿਲਾਂ ਲਾਹੌਰ ਆਪਣੀ ਸਾਖ਼ ਇਕ ਤਰ੍ਹਾਂ ਗੁਆ ਚੁੱਕਾ ਸੀ ਤੇ ਇਸ ਦੀ ਥਾਂ ਅੰਮ੍ਰਿਤਸਰ ਨੇ ਲੈ ਲਈ ਸੀ, ਪਰ ਤਾਂ ਵੀ ਇਸ ਦਾ ਵਿਚਾਰ ਤੇ ਪ੍ਰਤੀਕ ਕਾਇਮ ਸੀ। ਮਹਾਰਾਜਾ ਰਣਜੀਤ ਸਿੰਘ ਲਈ ਲਾਹੌਰ ਦੀ ਫ਼ਤਹਿ ਇਕ ਸਿਖਰਲਾ ਕਦਮ ਸੀ, ਜਿਸ ਨੇ ਉਸ ਨੂੰ ਇਕ ਜੰਗਜੂ ਸਰਦਾਰ ਦੀ ਥਾਂ ਮਹਾਰਾਜਾ ਬਣਾ ਦਿੱਤਾ। ਲਾਹੌਰ ਕਿਸੇ ਵਕਤ ਮੁਗ਼ਲ ਸੱਤਾ ਦਾ ਪ੍ਰਤੀਕ ਸੀ ਤੇ ਇਸੇ ਤਰਜ਼ ਉਤੇ ਮਹਾਰਾਜੇ ਨੇ ਆਪਣਾ ਲਾਹੌਰ ਦਰਬਾਰ ਬਣਾਇਆ।
      ਬਰਤਾਨਵੀ ਹਕੂਮਤ ਦੌਰਾਨ, ਲਾਹੌਰ ਨੇ ਆਪਣੇ ਆਪ ਵਿਚ ਬਹੁਤ ਸਮਰੱਥ ਪ੍ਰਤੀਕ ਵਜੋਂ ਤਬਦੀਲ ਹੋਣਾ ਸੀ। ਇਕ ਪਾਸੇ, ਸਿਵਲ ਲਾਈਨਜ਼, ਮਾਲ ਰੋਡ ਅਤੇ ਛਾਉਣੀ ਦੀ ਉਸਾਰੀ ਇਕ ਗਰਿਡ ਵਿਚ ਹੋਈ, ਜਿਸ ਦੇ ਨਾਲ ਚੌੜੇ ਰਸਤੇ ਅਤੇ ਖੁੱਲ੍ਹੇ-ਡੁੱਲ੍ਹੇ ਬੰਗਲੇ ਸਨ, ਜਦੋਂਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਘਰ ਕਾਫ਼ੀ ਭੀੜੇ ਤੇ ਅੰਦਰੂਨੀ ਸ਼ਹਿਰ ਦੀਆਂ ਸੜਕਾਂ ਟੇਢੀਆਂ-ਮੇਢੀਆਂ ਸਨ। ਇਹ ਸਾਰਾ ਕੁਝ ਵਧੇਰੇ 'ਵਿਵਸਥਿਤ' ਤੇ 'ਕੁਸ਼ਲ' ਰਾਜ-ਪ੍ਰਬੰਧ ਦਾ ਪ੍ਰਤੀਕ ਸੀ। ਦੂਜੇ ਪਾਸੇ ਅਰਬੀ ਇਮਾਰਤਸਾਜ਼ੀ ਦਾ ਵਿਕਾਸ ਹੋ ਰਿਹਾ ਸੀ, ਜਿਸ ਵਿਚ ਰਵਾਇਤੀ ਭਾਰਤੀ ਇਮਾਰਤਸਾਜ਼ੀ ਤੇ ਯੂਰੋਪੀਅਨ ਤਰਜ਼ ਦਾ ਸੁਮੇਲ ਸੀ। ਅਜਿਹਾ ਪੰਜਾਬ ਯੂਨੀਵਰਸਿਟੀ, ਲਾਹੌਰ ਮਿਊਜ਼ੀਅਮ ਅਤੇ ਲਾਹੌਰ ਹਾਈ ਕੋਰਟ ਦੀਆਂ ਇਮਾਰਤਾਂ ਵਿਚ ਦਿਖਾਈ ਦਿੰਦਾ ਹੈ, ਜੋ ਅਗਾਂਹ ਵੀ ਜਾਰੀ ਸੀ, ਕਿਉਂਕਿ ਅੰਗਰੇਜ਼ ਆਪਣੇ ਆਪ ਨੂੰ 'ਮੁਗ਼ਲ ਸਲਤਨਤ' ਦੇ ਵਾਰਿਸ ਵਜੋਂ ਪੇਸ਼ ਕਰ ਰਹੇ ਸਨ। ਇਸ ਤਰ੍ਹਾਂ ਇਹ ਨਵਾਂ ਲਾਹੌਰ ਸ਼ਹਿਰ, ਜੋ ਇਕ ਪ੍ਰਾਚੀਨ ਸ਼ਹਿਰ ਦਾ ਨਵਾਂ ਅਵਤਾਰ ਸੀ, ਅਜਿਹਾ ਜ਼ੋਰਦਾਰ ਪ੍ਰਤੀਕ ਸੀ, ਜਿਸ ਨੂੰ ਅੰਗਰੇਜ਼ ਆਪਣੀ ਹਕੂਮਤ ਨੂੰ ਵਾਜਬ ਠਹਿਰਾਉਣ ਲਈ ਇਸਤੇਮਾਲ ਕਰ ਸਕਦੇ ਸਨ।
       ਮਾਲ ਰੋਡ ਉਤੇ ਪੰਜਾਬ ਪਾਰਲੀਮੈਂਟ (ਪੰਜਾਬ ਅਸੰਬਲੀ ਹਾਲ) ਦੇ ਸਾਹਮਣੇ ਮਹਾਰਾਣੀ ਵਿਕਟੋਰੀਆ ਦਾ ਬੁੱਤ ਸੀ, ਜਿਸ ਵਿਚ ਮਹਾਰਾਣੀ ਬੈਠੀ ਹੋਈ ਸੀ। ਬੁੱਤ ਉੱਤੇ ਗੁੰਬਦਦਾਰ ਛੱਤ ਬਣੀ ਸੀ, ਜੋ ਮੁਗ਼ਲ ਇਮਾਰਤਸਾਜ਼ੀ ਰਵਾਇਤਾਂ ਦਾ ਹਿੱਸਾ ਹੈ। ਬਰਤਾਨਵੀ ਮਹਾਰਾਣੀ ਨੂੰ ਮੁਗ਼ਲ ਇਮਾਰਤਸਾਜ਼ੀ ਢਾਂਚੇ ਵਿਚ ਦਿਖਾਉਣਾ ਇਸ ਪ੍ਰਤੀਕਵਾਦ ਦਾ ਸਾਰ ਸੀ, ਜੋ ਪ੍ਰਾਚੀਨ ਤੇ ਆਧੁਨਿਕ ਲਾਹੌਰ ਵਿਚ ਇਕ ਲਗਾਤਾਰਤਾ ਦਿਖਾਉਣ ਲਈ ਜ਼ਰੂਰੀ ਵੀ ਸੀ। ਇਥੋਂ ਕੁਝ ਕਿਲੋਮੀਟਰ ਦੂਰ, ਲਾਹੌਰ ਹਾਈ ਕੋਰਟ ਤੋਂ ਅਗਾਂਹ ਜੌਹਨ ਲਾਰੈਂਸ ਦਾ ਬੁੱਤ ਸੀ, ਜੋ ਭਾਰਤ ਦਾ ਵਾਇਸਰਾਏ ਬਣਨ ਤੋਂ ਪਹਿਲਾਂ ਪੰਜਾਬ ਦਾ ਚੀਫ਼ ਕਮਿਸ਼ਨਰ ਰਿਹਾ ਸੀ। ਇਸ ਹੈਸੀਅਤ ਵਿਚ ਉਸ ਨੇ ਪੰਜਾਬ ਦੇ ਸਿੱਖ ਰਾਜ ਤੋਂ ਬਰਤਾਨਵੀ ਹਕੂਮਤ ਤਹਿਤ ਜਾਣ ਦੇ ਅਮਲ ਦੀ ਨਿਗ਼ਰਾਨੀ ਕੀਤੀ। ਇਸ ਤੋਂ ਵੀ ਅਹਿਮ 1857 ਦੇ 'ਗ਼ਦਰ' ਦੌਰਾਨ ਉਸ ਦੇ ਰੋਲ ਨੇ ਲਾਰੈਂਸ ਦੀ ਹੈਸੀਅਤ ਬਹੁਤ ਵਧਾ ਦਿੱਤੀ, ਕਿ ਉਸ ਨੇ ਇਕੱਲਿਆਂ ਹੀ ਬਰਤਾਨਵੀ ਸਾਮਰਾਜ ਦਾ ਬਚਾਅ ਕੀਤਾ ਸੀ। ਇਸ ਸ਼ਾਨਦਾਰ ਬੁੱਤ ਵਿਚ ਲਾਰੈਂਸ ਦੇ ਇਕ ਹੱਥ 'ਚ ਤਲਵਾਰ ਤੇ ਦੂਜੇ ਵਿਚ ਕਲਮ ਫੜੀ ਸੀ ਤੇ ਹੇਠਾਂ ਲਿਖਿਆ ਸੀ : 'ਤੁਹਾਨੂੰ ਹਕੂਮਤ ਪੈੱਨ ਨਾਲ ਚਾਹੀਦੀ ਹੈ ਜਾਂ ਤਲਵਾਰ ਨਾਲ?' ਬੁੱਤ ਭਾਰੀ ਵਿਰੋਧ ਕਾਰਨ 1920ਵਿਆਂ ਵਿਚ ਹਟਾ ਦਿੱਤਾ ਗਿਆ।
      ਇਮਾਰਤਸਾਜ਼ੀ ਵਾਂਗ ਹੀ ਬੁੱਤਾਂ ਨੇ ਵੀ ਸੂਬੇ ਦੀਆਂ ਸਿਆਸੀ ਚਾਹਤਾਂ ਨੂੰ ਆਕਾਰ ਦੇਣ ਵਿਚ ਅਹਿਮ ਕਿਰਦਾਰ ਨਿਭਾਇਆ। ਮਿਸਾਲ ਵਜੋਂ, ਜੌਹਨ ਲਾਰੈਂਸ ਦਾ ਬੁੱਤ ਇਹ ਪ੍ਰਗਟਾਵਾ ਕਰਦਾ ਸੀ ਕਿ ਕਿਵੇਂ 'ਦਿਆਲੂ' ਬਰਤਾਨਵੀ ਸਾਮਰਾਜ ਉਸ ਸੂਰਤ ਵਿਚ ਲੋਕਾਂ ਖ਼ਿਲਾਫ਼ ਤਾਕਤ ਦੀ ਵਰਤੋਂ ਲਈ ਤਿਆਰ ਸੀ, ਜੇ ਲੋਕ ਇਸ 'ਵਿਗਿਆਨਕ ਪੱਖੋਂ ਉੱਚੀ' ਨਸਲ ਭਾਵ ਅੰਗਰੇਜ਼ਾਂ ਨੂੰ ਸਵੀਕਾਰਨ ਲਈ ਰਾਜ਼ੀ ਨਾ ਹੁੰਦੇ। ਇਸੇ ਤਰ੍ਹਾਂ ਕਿੰਗ ਐਡਵਰਡ ਮੈਡੀਕਲ ਕਾਲਜ ਲਾਗੇ ਬਾਦਸ਼ਾਹ ਐਡਵਰਡ ਦਾ ਬੁੱਤ ਸੀ। ਪੰਜਾਬ ਯੂਨੀਵਰਸਿਟੀ ਦੀ ਦੀਵਾਰ ਤੋਂ ਬਾਹਰ ਐਲਫਰਡ ਵੂਲਨਰ ਦਾ ਬੁੱਤ ਸੀ, ਜੋ ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਾਈਸ ਚਾਂਸਲਰ ਸੀ। ਲਾਹੌਰ ਅੱਜ ਵੀ ਪਾਕਿਸਤਾਨ ਦਾ ਮੁੱਖ ਸਿੱਖਿਆ ਕੇਂਦਰ ਹੈ, ਜੋ ਇਸ ਨੂੰ ਬਰਤਾਨਵੀ ਸਾਮਰਾਜ ਦੀ ਦੇਣ ਹੈ ਤੇ ਇਸ ਸ਼ਹਿਰ ਵਿਚ ਕਿਸੇ ਸਮੇਂ ਸਥਾਪਤ ਰਹੇ ਬੁੱਤਾਂ ਵਿਚੋਂ ਸਿਰਫ਼ ਵੂਲਨਰ ਦਾ ਬੁੱਤ ਹੀ ਅੱਜ ਵੀ ਆਪਣੀ ਥਾਂ ਖੜ੍ਹਾ ਹੈ।
        ਵੀਹਵੀਂ ਸਦੀ ਦੇ ਦੂਜੇ ਅੱਧ ਦੌਰਾਨ ਲਾਹੌਰ ਹੌਲੀ-ਹੌਲੀ ਆਜ਼ਾਦੀ ਲਹਿਰ ਦਾ ਪ੍ਰਤੀਕ ਬਣ ਗਿਆ ਤੇ ਸ਼ਹਿਰ ਵਿਚ ਇਸ ਦੌਰਾਨ ਕੁਝ ਹੋਰ ਬੁੱਤ ਲੱਗੇ, ਜਿਹੜੇ ਇਸ ਤਬਦੀਲੀ ਦੀ ਸ਼ਾਹਦੀ ਭਰਦੇ ਹਨ। ਨਾਸਿਰ ਬਾਗ਼ ਦੇ ਨੇੜੇ ਕਾਂਗਰਸ ਦੇ ਨਾਮੀ ਆਗੂ ਲਾਲਾ ਲਾਜਪਤ ਰਾਏ ਦਾ ਬੁੱਤ ਸੀ, ਜਿਸ ਦੀ ਮੌਤ ਦਾ 'ਬਦਲਾ' ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਿਆ ਸੀ। ਮਾਲ ਰੋਡ ਉਤੇ ਸਰ ਗੰਗਾ ਰਾਮ ਦਾ ਬੁੱਤ ਸੀ, ਜੋ ਸਿਵਲ ਇੰਜਨੀਅਰ ਸੀ, ਜਿਸ ਨੇ 20ਵੀਂ ਸਦੀ ਦੌਰਾਨ ਸ਼ਹਿਰ ਨੂੰ ਕਈ ਸ਼ਾਨਦਾਰ ਇਮਾਰਤਾਂ ਦਿੱਤੀਆਂ।
       ਪਾਕਿਸਤਾਨ ਬਣਨ ਤੋਂ ਬਾਅਦ ਲਾਹੌਰ ਨੇ ਇਕ ਹੋਰ ਤਬਦੀਲੀ ਦਾ ਦੌਰ ਦੇਖਿਆ ਤੇ ਇਸ ਵਾਰ ਇਕ ਨਵਾਂ ਵਿਚਾਰ ਤੇ ਪ੍ਰਤੀਕ ਉੱਭਰਿਆ, ਜਿਹੜਾ ਕਈ ਤਰੀਕਿਆਂ ਨਾਲ ਅੱਜ ਵੀ ਜਾਰੀ ਹੈ ਅਤੇ ਲਾਹੌਰ ਇੰਝ ਪਾਕਿਸਤਾਨੀ ਕੌਮਪ੍ਰਸਤੀ ਦਾ ਪ੍ਰਤੀਕ ਬਣ ਗਿਆ। ਜਿਨ੍ਹਾਂ ਸੜਕਾਂ, ਚੌਰਾਹਿਆਂ ਤੇ ਇਮਾਰਤਾਂ ਦੇ ਨਾਂ ਅੰਗਰੇਜ਼ ਅਫ਼ਸਰਾਂ ਤੇ ਨਾਮੀ ਕਾਂਗਰਸੀ ਆਗੂਆਂ 'ਤੇ ਰੱਖੇ ਗਏ ਸਨ, ਉਨ੍ਹਾਂ ਨੂੰ ਬਦਲ ਕੇ ਮੁਸਲਿਮ ਲੀਗ ਆਗੂਆਂ ਦੇ ਨਾਂ ਦੇ ਦਿੱਤੇ ਗਏ। ਇਸ ਤਰ੍ਹਾਂ ਲਾਰੈਂਸ ਹਾਲ, ਕਾਇਦ-ਏ-ਆਜ਼ਮ ਲਾਇਬਰੇਰੀ ਬਣ ਗਿਆ। ਮਾਲ ਰੋਡ ਦਾ ਨਾਂ ਬਦਲ ਕੇ ਸ਼ਾਹਰਾਹ-ਏ-ਕਾਇਦ-ਏ-ਆਜ਼ਮ ਕਰ ਦਿੱਤਾ ਗਿਆ ਅਤੇ ਕ੍ਰਿਸ਼ਨ ਨਗਰ ਦਾ ਨਾਂ ਇਸਲਾਮਪੁਰਾ ਰੱਖ ਦਿੱਤਾ ਗਿਆ। ਪਿਛਲੇ ਦੌਰ ਦੇ ਬੁੱਤ ਤੇ ਹੋਰ ਪ੍ਰਤੀਕ ਵੀ ਹਟਾ ਦਿੱਤੇ ਗਏ। ਲਾਲਾ ਲਾਜਪਤ ਰਾਏ ਦਾ ਬੁੱਤ ਸ਼ਿਮਲੇ ਚਲਾ ਗਿਆ। ਸਰ ਗੰਗਾ ਰਾਮ ਦਾ ਬੁੱਤ ਤਾਂ ਵੰਡ ਦੇ ਦੰਗਿਆਂ ਦੌਰਾਨ ਹੀ ਤਬਾਹ ਹੋ ਗਿਆ ਸੀ। ਮਹਾਰਾਣੀ ਵਿਕਟੋਰੀਆ ਦਾ ਬੁੱਤ ਲਾਹੌਰ ਮਿਊਜ਼ੀਅਮ ਦੀ ਸ਼ਾਨ ਬਣ ਗਿਆ। ਮਜ਼ਹਬ ਦੀ ਖ਼ਾਸ ਵਿਆਖਿਆ ਦੇ ਆਧਾਰ ਉਤੇ ਇਨ੍ਹਾਂ ਦੀ ਥਾਂ ਕੋਈ ਹੋਰ ਬੁੱਤ ਨਹੀਂ ਲਾਇਆ ਗਿਆ, ਕਿਉਂਕਿ ਬੁੱਤਾਂ ਨੂੰ ਇਸਲਾਮ ਵਿਚ ਵਰਜਿਤ ਮੰਨਿਆ ਜਾਂਦਾ ਹੈ। ਲਾਹੌਰ ਨੂੰ 1947 ਤੋਂ ਬਾਅਦ ਇਸਲਾਮੀ ਕੌਮਪ੍ਰਸਤੀ ਦੇ ਪ੍ਰਤੀਕ ਵਜੋਂ ਦੇਖਿਆ ਜਾਣ ਲੱਗਾ। ਇਸ ਦੌਰਾਨ ਸਾਮਰਾਜੀ ਦੌਰ ਦੇ ਕੁਝ ਨਾਂ ਤੇ ਨਿਸ਼ਾਨ ਤਾਂ ਭਾਵੇਂ ਕਾਇਮ ਰਹਿਣ ਦਿੱਤੇ ਗਏ, ਪਰ ਹਿੰਦੂ ਤੇ ਸਿੱਖ ਪ੍ਰਤੀਕ ਇਸ ਰੁਝਾਨ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਏ।
       ਇਸ ਸਾਰੇ ਪ੍ਰਸੰਗ ਦੌਰਾਨ ਹਾਲ ਹੀ ਵਿਚ ਲਾਹੌਰ ਕਿਲ੍ਹੇ ਵਿਚ ਲਾਏ ਗਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਕਿਵੇਂ ਬਿਆਨਿਆ ਜਾਵੇ? (ਤਾਂਬੇ ਦਾ ਇਹ ਆਦਮ ਕੱਦ ਬੁੱਤ ਕਿਲ੍ਹੇ ਵਿਚ ਮਹਾਰਾਣੀ ਜਿੰਦਾਂ ਹਵੇਲੀ ਨੇੜੇ ਪਿਛਲੇ ਦਿਨੀਂ ਮਹਾਰਾਜੇ ਦੀ 180ਵੀਂ ਬਰਸੀ ਮੌਕੇ ਲਾਇਆ ਗਿਆ।) ਸਾਲਾਂ ਤੋਂ ਅਸੀਂ ਇਸ ਸ਼ਹਿਰ ਦੇ ਸਿੱਖ ਇਤਿਹਾਸ ਨੂੰ ਇਕ ਖ਼ਾਸ ਢਾਂਚੇ ਵਿਚ ਰੱਖ ਕੇ ਪੇਸ਼ ਕਰਦੇ ਆਏ ਹਾਂ। ਪੰਜਾਬ ਵਿਚ ਸਿੱਖ ਹਕੂਮਤ ਦਾ ਦੌਰ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਉਭਾਰ ਤੋਂ ਵੀ ਪਹਿਲਾਂ ਦਾ ਹੈ ਤੇ ਉਸ ਤੋਂ ਬਾਅਦ ਵੀ ਕੁਝ ਸਾਲ ਜਾਰੀ ਰਿਹਾ, ਨੂੰ ਪਾਕਿਸਤਾਨੀ ਇਤਿਹਾਸ ਵਿਚ ਬੜੇ ਬੜਬੜਜ਼ਦਾ ਸਾਲਾਂ ਵਜੋਂ ਦਿਖਾਇਆ ਜਾਂਦਾ ਹੈ, ਖ਼ਾਸਕਰ ਮੁਸਲਮਾਨਾਂ ਲਈ। ਇਸ ਵਿਚ ਕਾਫ਼ੀ ਭਾਵੇਂ ਅਫ਼ਵਾਹਾਂ ਹੀ ਹਨ, ਪਰ ਕੁਝ ਹਕੀਕਤ ਵੀ ਹੈ। ਮਿਸਾਲ ਵਜੋਂ, ਇਹ ਸੱਚ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਬਾਦਸ਼ਾਹੀ ਮਸਜਿਦ ਨੂੰ ਤਬੇਲੇ ਵਜੋਂ ਵਰਤਿਆ ਗਿਆ। ਇਸੇ ਤਰ੍ਹਾਂ ਇਹ ਗੱਲ ਵੀ ਮਕਬੂਲ ਹੈ ਕਿ ਮਹਾਰਾਜੇ ਨੇ ਮਸਜਿਦ ਵਜ਼ੀਰ ਖ਼ਾਨ ਦੇ ਮੀਨਾਰ ਵਿਚ ਇਕ ਰਾਤ ਆਪਣੀ ਖ਼ਾਸ ਰਾਣੀ ਮੋਰਾਂ ਸਰਕਾਰ ਨਾਲ ਕੱਟੀ ਸੀ।
       ਸਮੱਸਿਆ ਇਨ੍ਹਾਂ ਕਹਾਣੀਆਂ ਦੇ ਪ੍ਰਚਾਰ ਵਿਚ ਨਹੀਂ ਹੈ। ਸਮੱਸਿਆ ਹੈ ਚੋਣਵੀਆਂ ਕਹਾਣੀਆਂ ਦੇ ਪ੍ਰਚਾਰ ਦੀ, ਜੋ ਇਕ ਖ਼ਾਸ ਸੋਚ ਦੇ ਮੁਆਫ਼ਕ ਹਨ ਤੇ ਦੂਜੀਆਂ ਨੂੰ ਨਜ਼ਰਅੰਦਾਜ਼ ਕਰ ਦੇਣ ਦੀ। ਇਸ ਲਈ ਜਿਥੇ ਵਿਦਿਆਰਥੀਆਂ ਨੂੰ ਇਹ ਪੜ੍ਹਾਇਆ ਜਾਂਦਾ ਰਹੇਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਾਦਸ਼ਾਹੀ ਮਸਜਿਦ ਨੂੰ ਆਪਣੇ ਘੋੜਿਆਂ ਦੇ ਤਬੇਲੇ ਲਈ ਵਰਤਿਆ, ਉਥੇ ਇਹ ਕਦੇ ਨਹੀਂ ਦੱਸਿਆ ਜਾਵੇਗਾ ਕਿ ਮਹਾਰਾਜੇ ਦੀ ਇਕ ਪਤਨੀ ਮਹਾਰਾਣੀ ਜਿੰਦ ਕੌਰ, ਜੋ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ, ਨੇ ਕੁਰਾਨ ਦੀਆਂ ਹੱਥ ਲਿਖਤ ਕਾਪੀਆਂ ਦਾ ਸੰਗ੍ਰਹਿ ਦਾਤਾ ਦਰਬਾਰ ਦੇ ਭੇਟ ਕੀਤਾ ਸੀ, ਜਾਂ ਕਿਵੇਂ ਆਪਣੇ ਮੁਸਲਮਾਨ ਵਜ਼ੀਰ ਦੇ ਕਹਿਣ 'ਤੇ ਮਹਾਰਾਜੇ ਨੇ ਲਾਹੌਰ ਦੀ ਸੁਨਹਿਰੀ ਮਸਜਿਦ ਦਾ ਨਵੀਨੀਕਰਨ ਕਰਵਾ ਕੇ ਮੁਸਲਮਾਨਾਂ ਨੂੰ ਸੌਂਪ ਦਿੱਤੀ। ਮਹਾਰਾਜੇ ਤੋਂ ਪਹਿਲਾਂ ਇਸ ਮਸਜਿਦ ਨੂੰ ਗੁਰਦੁਆਰੇ ਵਿਚ ਬਦਲ ਦਿੱਤਾ ਗਿਆ ਸੀ।
      ਇਸ ਸੋਚ ਤੇ ਪ੍ਰਚਾਰ ਦੌਰਾਨ ਜਿਹੜਾ ਇਕ ਹੋਰ ਤੱਥ ਦਬਾ ਦਿੱਤਾ ਜਾਂਦਾ ਹੈ, ਉਹ ਹੈ ਮੁਗ਼ਲਾਂ ਵੱਲੋਂ ਸਿੱਖ ਗੁਰੂਆਂ ਤੇ ਇਸ ਭਾਈਚਾਰੇ ਦਾ ਕੀਤਾ ਗਿਆ ਸਿਆਸੀ ਦਮਨ। ਬਾਦਸ਼ਾਹ ਜਹਾਂਗੀਰ ਵੱਲੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤੇ ਜਾਣ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ 'ਤੇ ਹੋਈ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਇਸ ਬੁਰੀ ਤਰ੍ਹਾਂ ਦਰੜੀ ਗਈ ਧਾਰਮਿਕ ਘੱਟ ਗਿਣਤੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਸੱਤਾ ਦੀਆਂ ਬੁਲੰਦੀਆਂ ਉਤੇ ਪਹੁੰਚਣ ਦੀ ਕੀਤੀ ਕਮਾਲ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ।
       ਮਹਾਰਾਜਾ ਰਣਜੀਤ ਸਿੰਘ ਜੋ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦਾ ਹੈ, ਉਸ ਨੂੰ ਇਸ ਭਾਈਚਾਰੇ ਦੇ ਮੁਗ਼ਲਾਂ ਅਤੇ ਉਨ੍ਹਾਂ ਦੇ ਸਾਥੀਆਂ ਹੱਥੋਂ ਸਦੀਆਂ ਤੱਕ ਹੋਏ ਦਮਨ ਦੇ ਪਿਛੋਕੜ ਵਿਚ ਸਮਝਿਆ ਜਾਣਾ ਚਾਹੀਦਾ ਹੈ। ਮੁਗ਼ਲ ਕਾਲ ਦੌਰਾਨ ਅਜਿਹਾ ਵੀ ਵਕਤ ਸੀ ਜਦੋਂ ਕੋਈ ਸਿੱਖ ਬੱਚਾ ਆਪਣੀ ਮੌਤ ਦਾ ਸੁਨੇਹਾ ਆਪਣੇ ਨਾਲ ਲੈ ਕੇ ਜੰਮਦਾ ਸੀ। ਪੰਜਾਬ ਦੇ ਕੁਝ ਮੁਗ਼ਲ ਸੂਬੇਦਾਰਾਂ ਦੀ ਧਾਰਮਿਕ ਕੱਟੜਤਾ ਦਾ ਇਹ ਆਲਮ ਸੀ। ਇਸ ਤੋਂ ਇਕ ਸਦੀ ਤੋਂ ਵੀ ਘੱਟ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਉੱਭਰ ਕੇ ਆਇਆ, ਜਿਸ ਨੇ ਇਸ ਸਭ ਤੋਂ ਵੱਧ ਦਬਾਏ ਗਏ ਭਾਈਚਾਰੇ ਨੂੰ ਪੰਜਾਬ ਦੀ ਹਾਕਮ ਜਮਾਤ ਬਣਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਕੋਈ ਧਾਰਮਿਕ ਆਗੂ ਨਹੀਂ ਸੀ। ਉਹ ਧਰਮ ਨਿਰਪੱਖ ਹਾਕਮ ਸੀ, ਜਾਂ ਆਖ ਲਈਏ ਕਿ ਬਹੁਤ ਚੁਸਤ ਹਾਕਮ ਸੀ, ਜੋ ਕਈ ਵਾਰ ਸਿਆਸੀ ਫ਼ਾਇਦੇ ਲਈ ਧਾਰਮਿਕ ਪ੍ਰਤੀਕਾਂ ਦਾ ਇਸਤੇਮਾਲ ਕਰ ਲੈਂਦਾ ਸੀ, ਜਿਵੇਂ ਹੋਰ ਵੀ ਹਾਕਮ ਕਰਦੇ ਸਨ ਤੇ ਕਰਦੇ ਹਨ। ਹਾਂ, ਸਿੱਖ ਸੋਚ ਵਿਚ ਉਸ ਨੇ ਇਕ ਅਹਿਮ ਧਾਰਮਿਕ ਰੁਤਬਾ ਹਾਸਲ ਕਰ ਲਿਆ ਸੀ, ਮੁੱਖ ਤੌਰ 'ਤੇ ਇਸੇ ਕਾਰਨ ਕਿ ਉਸ ਦੇ ਉਭਾਰ ਤੋਂ ਪਹਿਲਾਂ ਇਸ ਭਾਈਚਾਰੇ ਨੂੰ ਕਿਵੇਂ ਦਬਾਇਆ ਗਿਆ ਸੀ।
      ਮਹਾਰਾਜਾ ਰਣਜੀਤ ਸਿੰਘ ਦਾ ਸਨਮਾਨ ਕਰ ਕੇ ਪਾਕਿਸਤਾਨ ਹਕੂਮਤ ਨੇ ਬਹੁਤ ਵਧੀਆ ਕੰਮ ਕੀਤਾ ਹੈ, ਕਿੳਂਂਕਿ ਇਸ ਰਾਹੀਂ ਦਹਾਕਿਆਂ ਦੀ ਨੀਤੀ ਨੂੰ ਲਾਂਭੇ ਕਰ ਦਿੱਤਾ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮੌਜੂਦਾ ਹਕੂਮਤ ਕਿਵੇਂ ਮੁਸਲਿਮ ਬਨਾਮ ਸਿੱਖ ਇਤਿਹਾਸ ਦੀਆਂ ਤੰਗਦਿਲ ਧਾਰਨਾਵਾਂ ਤੋਂ ਦੂਰ ਜਾਣ ਦੀ ਚਾਹਵਾਨ ਹੈ ਤੇ ਇਹ ਇਸ ਤੋਂ ਕਿਤੇ ਵਿਆਪਕ ਇਤਿਹਾਸ ਨੂੰ ਥਾਂ ਦੇਣਾ ਚਾਹੁੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰਾ ਵਰਤਾਰਾ ਉਦੋਂ ਵਾਪਰ ਰਿਹਾ ਹੈ, ਜਦੋਂ ਭਾਰਤੀ ਹਕੂਮਤ ਇਸ ਦੇ ਲਗਪਗ ਐਨ ਉਲਟ ਦਿਸ਼ਾ ਵਿਚ ਚੱਲ ਰਹੀ ਹੈ ਤੇ ਗਿਣ-ਮਿੱਥ ਕੇ ਮੁਸਲਿਮ ਇਤਿਹਾਸ ਤੇ ਵਿਰਾਸਤ ਨੂੰ ਖੂੰਜੇ ਲਾ ਰਹੀ ਹੈ। ਪਾਕਿਸਤਾਨੀ ਹਕੂਮਤ ਵੱਲੋਂ ਇਹ ਸਹੀ ਦਿਸ਼ਾ ਵਿਚ ਚੁੱਕਿਆ ਗਿਆ ਕਦਮ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਸਰਕਾਰ ਕਿਵੇਂ ਆਪਣੇ ਸਭ ਤੋਂ ਅਹਿਮ ਵਿਚਾਰ ਤੇ ਪ੍ਰਤੀਕ, ਭਾਵ ਲਾਹੌਰ ਨੂੰ ਦੂਜੇ ਧਾਰਮਿਕ ਭਾਈਚਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹੈ। ਉਮੀਦ ਹੈ ਕਿ ਇਸ ਤੋਂ ਬਾਅਦ ਅਜਿਹੇ ਹੋਰ ਵੀ ਵਧੀਆ ਕਦਮ ਚੁੱਕੇ ਜਾਣਗੇ।

(ਲੇਖਕ 'ਵਾਕਿੰਗ ਵਿਦ ਨਾਨਕ' ਅਤੇ 'ਇਮੈਜਿਨਿੰਗ ਲਾਹੌਰ' ਸਮੇਤ ਚਾਰ ਕਿਤਾਬਾਂ ਦਾ ਰਚੇਤਾ ਹੈ)
'ਪੰਜਾਬੀ ਟ੍ਰਿਬਿਊਨ' 'ਚੋਂ ਧੰਨਵਾਦ ਸਹਿਤ