Ishwar-Dial-Gaurh

ਪੰਜਾਬ ਦਾ ਸਿਆਸੀ ਅਚੇਤ - ਈਸ਼ਵਰ ਦਿਆਲ ਗੌੜ

ਪੰਜਾਬ ਦੇ ਸਿਆਸੀ ਅਚੇਤ ਨੂੰ ਸਮਝੇ ਬਿਨਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ, ਭਾਵ ਪੰਜਾਬ ਦੀ ਲੋਕਾਈ ਦੇ ਵਿਕਾਸ ਬਾਰੇ ਸੋਚਣਾ ਅਤੇ ਪ੍ਰਚਾਰਨਾ ਮਹਿਜ਼ ਇਸ਼ਤਿਹਾਰਬਾਜ਼ੀ ਅਤੇ ਸ਼ੋਸ਼ੇਬਾਜ਼ੀ ਤੋਂ ਵੱਧ ਕੁਝ ਨਹੀਂ। ਲੋਕਾਈ ਦੇ ਵਿਕਾਸ ਵਿਚ ਉਸ ਦਾ ਤੰਦਰੁਸਤ ਸਿਆਸੀ ਵਿਕਾਸ ਵੀ ਸ਼ਾਮਲ ਹੁੰਦਾ ਹੈ। ਪੈਂਤੜੇਬਾਜ਼ੀ ਅਤੇ ਫਰੇਬਬਾਜ਼ੀ ਮੂਲਕ ਸਿਆਸਤ ਦੇ ਪ੍ਰਚਲਤ ਅਰਥ ਤੇ ਅਮਲ ਨੂੰ ਤੰਦਰੁਸਤ ਸਿਆਸੀ ਵਿਕਾਸ ਹੀ ਵੰਗਾਰ ਅਤੇ ਬਦਲ ਸਕਦਾ ਹੈ। ਦਲ-ਬਦਲੂ ਸਿਆਸਤ ਕੋਝੀ ਸਿਆਸਤ ਹੈ, ਲੋਕ-ਪੱਖੀ ਤੰਦਰੁਸਤ ਵਿਚਾਰਧਾਰਕ ਸਿਆਸਤ ਨਹੀਂ।
       ਪੰਜਾਬ ਦਾ ਸਿਆਸੀ ਅਚੇਤ ਨਾਬਰ ਅਤੇ ਗ਼ੈਰ-ਸੰਪ੍ਰਦਾਇਕ ਹੈ। ਇਸ ਅਚੇਤ ਨੇ ਉਸ ਸਿਆਸਤਦਾਨ, ਹੁਕਮਰਾਨ ਨੂੰ ਹੁੰਗਾਰਾ ਦਿੱਤਾ ਜਿਸ ਵਿਚ ਇਹ ਦੋ ਗੁਣ ਵਿਦਮਾਨ ਸਨ। ਰਾਜਾ ਪੋਰਸ, ਬਾਦਸ਼ਾਹ ਅਕਬਰ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਦੇ ਸਿਆਸੀ ਅਚੇਤ ’ਚ ਬੜਾ ਹੀ ਅਹਿਮ ਰੁਤਬਾ ਹੈ। ਲੋਕ-ਮਨ ਨੇ ਇਨ੍ਹਾਂ ਦੁਆਲੇ ਅਨੇਕਾਂ ਕਿੱਸੇ-ਕਹਾਣੀਆਂ, ਗੀਤ, ਮੁਹਾਵਰੇ ਆਦਿ ਸਿਰਜੇ ਹੋਏ ਹਨ। ਇਨ੍ਹਾਂ ਦੀ ਪਹਿਚਾਣ ਹਿੰਦੂ, ਮੁਸਲਮਾਨ ਅਤੇ ਸਿੱਖ ਰਾਜਿਆਂ ਵਜੋਂ ਘੱਟ ਹੈ ਅਤੇ ਲੋਕ-ਪੱਖੀ ਨਾਬਰਾਂ ਅਤੇ ਗ਼ੈਰ-ਸੰਪ੍ਰਦਾਇਕਾਂ ਵਜੋਂ ਜ਼ਿਆਦਾ ਹੈ। ਇਹ ਪੰਜਾਬ ਦੇ ਸਿਆਸੀ ਅਚੇਤ ਪਿੜ ਦੇ ਕਦੀਮੀ ਪ੍ਰਤੀਕ (ਆਰਕੀਟਾਈਪਜ਼) ਹਨ। ਰਾਜਾ ਰਸਾਲੂ ਅਤੇ ਸ਼ਹੀਦ ਭਗਤ ਸਿੰਘ ਤਾਂ ਪੰਜਾਬ ਦੇ ਸਭਿਆਚਾਰਕ ਅਚੇਤ ’ਚ ਵੀ ਖੁਣੇ ਪਏ ਹਨ। ਪੰਜਾਬ ਦੀ ਤਮਾਮ ਲੋਕਾਈ ਆਪਣੇ ਆਪ ਨੂੰ ਇਨ੍ਹਾਂ ਦੇ ਵਾਰਿਸ ਸਮਝਦੀ ਹੈ। ਸਮਝਣ ਵਾਲਾ ਤੱਥ ਇਹ ਹੈ ਕਿ ਸਿਆਸੀ ਅਚੇਤ, ਸਭਿਆਚਾਰ ਅਤੇ ਇਤਿਹਾਸ ਦੇ ਆਪਸੀ ਰਿਸ਼ਤੇ ਸੰਘਣੇ ਹੁੰਦੇ ਹਨ। ਪੰਜਾਬ ਦੀ ਜਾਂ ਹਿੰਦੋਸਤਾਨ ਦੀ ਸਿਆਸਤ ਤੰਦਰੁਸਤ ਇਸ ਲਈ ਨਹੀਂ ਕਿ ਇਸ ਦੀ ਰਹਿਨੁਮਾਈ ਕਰਨ ਵਾਲਿਆਂ ਨੇ ਮੌਜੂਦਾ ਸਿਆਸੀ ਅਮਲ ’ਚੋਂ ਇਹ ਤਿੰਨੇ ਵਰਤਾਰੇ - ਪੰਜਾਬ ਦੀ ਲੋਕਾਈ ਦਾ ਸਿਆਸੀ ਅਚੇਤ, ਸਭਿਆਚਾਰ ਅਤੇ ਇਤਿਹਾਸ - ਮਨਫ਼ੀ ਕਰ ਰੱਖੇ ਹਨ।
         ਸੰਨ 1849 ’ਚ ਫਰੰਗੀ ਦੀ ਆਮਦ ਨਾਲ ਪੰਜਾਬ ਸੰਪ੍ਰਦਾਇਕਤਾ ਦੇ ਪੱਖੋਂ ਜਾਤ-ਪਾਤ ਅਤੇ ਮਜ਼ਹਬ ਦੇ ਤੌਰ ’ਤੇ ‘ਸੁਚੇਤ’ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਆਧੁਨਿਕ ਚੇਤਨਾ ਨਿਰਵਿਘਨ ਤਰੱਕੀ ਹੀ ਨਹੀਂ ਕਰ ਰਹੀ ਸਗੋਂ ਮਜ਼ਬੂਤ ਵੀ ਹੋ ਰਹੀ ਹੈ। ਇਸ ਕਿਸਮ ਦੀ ਬੇਮੁਹਾਰੀ ਤਰੱਕੀ ਪੰਜਾਬ ’ਚ, ਜਿੱਥੇ ਕਿਸੇ ਵੇਲੇ ਵੇਦਾਂ-ਸ਼ਾਸਤਰਾਂ ਅਤੇ ਗ੍ਰੰਥਾਂ ਦੀ ਸਿਰਜਣਾ ਹੋਈ, ਇੱਕ ਲੰਮੇ ਸਮੇਂ ਤੋਂ ਦਾਰਸ਼ਨਿਕ-ਸੂਖ਼ਮ ਦ੍ਰਿਸ਼ਟੀ ਦੀ ਗ਼ੈਰਹਾਜ਼ਰੀ ਦਾ ਸਬੂਤ ਹੈ। ਅਜੋਕੇ ਪੰਜਾਬ ’ਚ ਫਲਸਫ਼ੇ ਦੀ ਚੋਖੀ ਗ਼ਰੀਬੀ ਹੈ। ਇਸ ਸਦਕਾ ਪੰਜਾਬ ਦਾ ਨਾਬਰ ਅਤੇ ਗ਼ੈਰ-ਸੰਪ੍ਰਦਾਇਕ ਸਿਆਸੀ ਅਚੇਤ ਅਤੇ ਸਮਾਜਿਕ ਤੇ ਸਭਿਆਚਾਰਕ ਪਿੜ ਕਈ ਮਰਤਬਾ ਵਲੂੰਧਰਿਆ ਗਿਆ ਹੈ। ਪੰਜਾਬ ਦੇ ਸਿਆਸੀ ਅਚੇਤ ’ਚ ਰੂਹਾਨੀਅਤ ਵਿਦਮਾਨ ਹੈ ਅਤੇ ਸਿਆਸੀ ‘ਸੁਚੇਤ’ ’ਚ ਫ਼ਿਰਕਾਪ੍ਰਸਤੀ ਅਤੇ ਅਸਭਿਅਤਾ ਹਰ ਪਲ ਸਰਗ਼ਰਮ ਰਹਿੰਦੀ ਹੈ। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਜਦ ਸਿਆਸਤ ਨੇ ਰੂਹਾਨੀਅਤ ਦੀ ਬਜਾਏ ਫ਼ਿਰਕਾਪ੍ਰਸਤੀ ਜਾਂ ਮਜ਼ਹਬੀ ਕਟੱੜਤਾ ਨੂੰ ਪਨਾਹ ਦਿੱਤੀ ਤਦ ਪੰਜਾਬ ਦੀਆਂ ਲੋਕ-ਪੱਖੀ ਰੂਹਾਂ ਨੇ ਆਪਣੀ ਸ਼ਹਾਦਤ ਦਿੱਤੀ। ਅਜੋਕੀ ਸਿਆਸਤ ਵੀ ਜਦ ਅਜਿਹੀ ਫ਼ਿਰਕਾਪ੍ਰਸਤੀ ਜਾਂ ਮਜ਼ਹਬੀ ਕੱਟੜਤਾ ਦੀ ਸ਼ਰਨ ’ਚ ਆਈ, ਉਸ ਵੇਲੇ ਪੰਜਾਬ, ਪੰਜਾਬ ਦੀ ਲੋਕਾਈ ਅਤੇ ਪੰਜਾਬੀਅਤ ਦੀ ਕਈ ਸ਼ਕਲਾਂ-ਸ਼ੂਰਤਾਂ ’ਚ ਸ਼ਹਾਦਤ ਹੋਈ, ਕਤਲੋ-ਗ਼ਾਰਤ ਹੋਈ। ਬਾਬਾ ਫ਼ਰੀਦ ਸਿਆਸਤ ਦੇ ਗ਼ਲਬੇ ਨੂੰ ਆਪਣੇ ਰੂਹਾਨੀ ਮੁਹਾਵਰੇ ਰਾਹੀਂ ਸਮਝਾਉਂਦਾ ਵੀ ਹੈ :
ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ॥
ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ॥
ਫਰੀਦਾ ਕੋਠੇ ਮੰਡਪ ਮਾੜੀਆ ਉਸਾਰਦੇ ਭੀ ਗਏ॥
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥
      ਸਮੇਂ-ਸਮੇਂ ਸਿਰ ਜਦੋਂ ਪੰਜਾਬ ਦਾ ਨਾਬਰ ਅਤੇ ਗ਼ੈਰ-ਸੰਪ੍ਰਦਾਇਕ ਸਿਆਸੀ ਅਚੇਤ ਆਪਣਾ ਇਜ਼ਹਾਰ ਕਰਦਾ ਹੈ, ਭਾਵ ਜਦੋਂ ਪੰਜਾਬ ਦੀ ਲੋਕਾਈ ਸਿਆਸੀ ਤੌਰ ’ਤੇ ਇੱਕਜੁਟ ਹੁੰਦੀ ਹੈ, ਉਸ ਵੇਲੇ ਪੰਜਾਬ ਦੇ ਸੁਚੇਤ ਸਿਆਸਤਦਾਨਾਂ, ਵਿਦਵਾਨਾਂ ਅਤੇ ਤਾਰੀਖ਼ਦਾਨਾਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਲੋਕਾਈ ਦੇ ਸਿਆਸੀ ਅਚੇਤ ਅਤੇ ਸਿਆਸਤ ਦੀ ਸੁਚੇਤਤਾ ਦਰਮਿਆਨ ਕਸ਼ਮਕਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਹੌਲੀ-ਹੌਲੀ ਇਹ ਕਸ਼ਮਕਸ਼ ਕਈ ਕਿਸਮ ਦੀਆਂ ਅਖੌਤੀ ਜਾਂ ਪੈਦਾ ਕੀਤੀਆਂ ਸਮਾਜਿਕ, ਸਭਿਆਚਾਰਕ, ਮਜ਼ਹਬੀ ਅਤੇ ਭਾਸ਼ਾਈ ਤਰੇੜਾਂ ’ਚ ਤਬਦੀਲ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਕਰ ਦਿੱਤੀ ਜਾਂਦੀ ਹੈ। ਬੁਨਿਆਦੀ ਕਸ਼ਮਕਸ਼ ਬਹੁ-ਵਚਨੀ ਹੋ ਜਾਂਦੀ ਹੈ। ਕਈ ਕਿਸਮ ਦੇ (ਕ)ਰੂਪਾਂ ’ਚ ਵਿਚਰਨ ਲੱਗ ਪੈਂਦੀ ਹੈ।
       ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹ ਸਭ ਕੁਝ ਉਸ ਦੌਰ ’ਚ ਵਾਪਰ ਰਿਹਾ ਹੈ ਜਿਸ ਨੂੰ ਆਧੁਨਿਕ, ਲੋਕਤੰਤਰੀ, ਤਰਕਸ਼ੀਲ, ਵਿਗਿਆਨਕ ਅਤੇ ਆਲਮੀ ਦੌਰ ਆਖਿਆ ਜਾ ਰਿਹਾ ਹੈ। ਸਿਆਸਤ ਦੇ ਜਿਸ ਨਾਜ਼ੁਕ ਦੌਰ ’ਚੋਂ ਪੰਜਾਬ ਗੁਜ਼ਰ ਰਿਹਾ ਹੈ, ਇਸ ਤੱਥ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਬਾਬਾ ਨਾਨਕ ਦੀ ਬਾਬਰਬਾਣੀ ਅਤੇ ਆਪ ਦੁਆਰਾ ਲੋਧੀ ਸਲਤਨਤ ਦੇ ਬਦਨਿਜ਼ਾਮ ਦੀ ਜੋ ਤਸਵੀਰਕਸ਼ੀ ਕੀਤੀ ਗਈ ਹੈ ਉਹ ਤਨਕੀਦ ਪੰਜਾਬ ਦੀ ਲੋਕਾਈ ਦੇ ਸਿਆਸੀ ਅਚੇਤ, ਸਭਿਆਚਾਰ, ਇਮਾਨ ਅਤੇ ਇਤਿਹਾਸ ’ਚ ਦਰਜ ਹੈ। ਲੋਕਾਈ ਬਾਬਾ ਜੀ ਦੀ ਇਸ ਬਾਣੀ ਅਤੇ ਤਨਕੀਦ ਨੂੰ ਕਈ ਵਾਰ ਵਿਚਾਰਦੀ ਅਤੇ ਚਿਤਾਰਦੀ ਹੈ। ਪਿਛਲੇ ਸਮੇਂ ਦੌਰਾਨ ਲੋਕਾਈ ਦੇ ਗ਼ੈਰ-ਫ਼ਿਰਕੇਦਾਰਾਨਾ ਰੋਸ-ਮੁਜ਼ਾਹਰੇ, ਮੋਰਚੇ ਅਤੇ ਧਰਨੇ ਇਸ ਦਾ ਗੱਲ ਦਾ ਸਬੂਤ ਹਨ ਕਿ ਵਿਰਸੇ ਦਾ ਦਿੱਤਾ ਸਿਆਸੀ ਅਚੇਤ ਦਾ ਵਰਤਾਰਾ ਵੀ ਲੋਕਾਈ ’ਚ ਮੌਜੂਦ ਹੁੰਦਾ ਹੈ।
      ਮੈਂ ਆਪਣੇ ਇਸ ਲੇਖ ਨੂੰ ਮਹਾਰਾਜਾ ਰਣਜੀਤ ਸਿੰਘ ਦੇ ‘ਖ਼ਾਲਸਾ’ ਰਾਜ ਦੀ ਸਥਾਪਤੀ ਦੇ ਵੇਰਵਿਆਂ ਨਾਲ ਸਮਾਪਤ ਕਰਾਂਗਾ। ‘ਖ਼ਾਲਸਾ’ ਰਾਜ ਪੰਜਾਬ ਦੇ ਸਿਆਸੀ ਅਚੇਤ, ਇਤਿਹਾਸ ਅਤੇ ਸਭਿਆਚਾਰ ਦੇ ਸੰਘਣੇ ਰਿਸ਼ਤਿਆਂ ਦੀ ਤਾਜ਼ਾ ਮਿਸਾਲ ਹੈ।
      ਮਹਾਰਾਜਾ ਰਣਜੀਤ ਸਿੰਘ ਨੇ 1799 ਤੋਂ 1839 ਤੀਕ ਚਾਲੀ ਸਾਲ ਪੰਜਾਬ ਦੇ ਇੱਕ ਵੱਡੇ ਹਿੱਸੇ ’ਤੇ ਹਕੂਮਤ ਕੀਤੀ। ਉਸ ਦੇ ਤੌਰ-ਤਰੀਕੇ ਜਾਗੀਰੂ ਸਨ। ਉਸ ਦਾ ਮਿਜ਼ਾਜ ਕਬਾਇਲੀ ਤੇ ਕਿਰਸਾਨੀ ਵਾਲਾ ਸੀ। ਸਮਾਜਿਕ ਪੱਖ ਤੋਂ ਉਹ ਗ਼ੈਰ-ਸੰਪ੍ਰਦਾਇਕ, ਅਤੇ ਮਜ਼ਹਬੀ ਤੌਰ ’ਤੇ ਗ਼ੈਰ-ਫ਼ਿਰਕੇਦਾਰਾਨਾ ਹੁਕਮਰਾਨ ਸੀ। ਉਸ ਦੇ ਦਰਬਾਰ ਦੀ ਸਰਕਾਰੀ ਭਾਸ਼ਾ ਫ਼ਾਰਸੀ ਸੀ। ਉਸ ਦਾ ਆਪਣਾ ਵਜੂਦ ਰਹਿਤਲੀ ਸੀ। ਉਹ ਰਹਿਤਲ ਦਾ ਬੰਦਾ-ਬਾਸ਼ਿੰਦਾ ਸੀ। ਇਹ ਰਹਿਤਲ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਸੀ। ਹੁਣ ਵੀ ਹੈ। ਪੰਜਾਬ-ਪੰਜਾਬੀ-ਪੰਜਾਬੀਅਤ ਦੀਆਂ ਜੜ੍ਹਾਂ ਅਤੇ ਵਾਸਾ ਇਸੇ ਧਰਤੀ ’ਤੇ ਹੈ।
        ਰਣਜੀਤ ਸਿੰਘ ਪੰਜਾਬ ਦੀ ਭੋਂ ਦਾ ਜਾਇਆ ਹੈ। ਜਿਸ ਕਦਰ ਉਹ ਲਾਹੌਰ ਨੂੰ ਸਰ ਕਰਦਾ ਹੈ ਉਸ ਤੋਂ ਉਸ ਦੇ ਕਿਰਦਾਰ ਦਾ ਪਤਾ ਚਲਦਾ ਹੈ : ਉਹ ਚੌਕਸ ਹੈ, ਫ਼ੈਸਲਾਕੁੰਨ ਹੈ, ਨੀਤੀਵਾਨ ਹੈ, ਜੁਗਤੀ ਹੈ, ਵਿਵੇਕਾਤਮਿਕ ਹੈ, ਵਿਵੇਚਨਾਤਮਿਕ ਵੀ।
       ਸੱਤ ਜੁਲਾਈ 1799 ਨੂੰ ਰਣਜੀਤ ਸਿੰਘ ਆਪਣੇ ਲਸ਼ਕਰ ਸਮੇਤ ਲਾਹੌਰ ’ਚ ਦਾਖ਼ਲ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਲਾਹੌਰ ਕਿਲ੍ਹੇ ਦੇ ਸਾਹਮਣੇ ਸਥਿਤ ਸ਼ਾਹੀ ਮਸਜਿਦ ਦੇ ਦੀਦਾਰ ਹੁੰਦੇ ਹਨ। ਇਹ ਮਸਜਿਦ 1674 ’ਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਤਿਆਰ ਕਰਵਾਈ ਸੀ। ਇਸ ਬਾਦਸ਼ਾਹ ਨਾਲ ਅਤੇ ਇਸ ਦੇ ਪੂਰਵ ਪਦ-ਅਧਿਕਾਰੀਆਂ ਅਤੇ ਉਤਰਾ-ਅਧਿਕਾਰੀਆਂ ਨਾਲ ਖ਼ਾਲਸਾ-ਸਿੰਘਾਂ ਦੀ ਲਸ਼ਕਰੀ ਟੱਕਰ ਹੁੰਦੀ ਰਹੀ ਹੈ। ਰਣਜੀਤ ਸਿੰਘ ਇਸ ਸ਼ਾਹੀ ਮਸਜਿਦ ’ਚ ਆਪਣੀ ਫ਼ੌਜ ਸਮੇਤ ਕਿਆਮ ਕਰਦਾ ਹੈ। ਉਸ ਨੂੰ ਇਸ ਦੇ ਦੀਦਾਰ ਕਰ ਕੇ ਬੜਾ ਸਕੂਨ ਮਹਿਸੂਸ ਹੁੰਦਾ ਹੈ। ਰਣਜੀਤ ਸਿੰਘ ਪਾਸ ਬਾਬਾ ਨਾਨਕ ਤੇ ਮਰਦਾਨੇ ਵਾਲੀ ਗ਼ੈਰ-ਫ਼ਿਰਕੇਦਾਰਾਨਾ ਵਿਰਾਸਤ ਹੈ। ਇਸੇ ਲਾਹੌਰ ਸ਼ਹਿਰ ’ਚ ਦੋ ਸਦੀਆਂ ਪਹਿਲਾਂ ਪੰਜਾਬ ਦਾ ਹਰਮਨ ਪਿਆਰਾ ਸੂਫ਼ੀ, ਸ਼ਾਹ ਹੁਸੈਨ ਕ੍ਰਿਸ਼ਨ ਭਗਤੀ ਤੇ ਪੰਜਾਬ ਦੀ ਲੋਕ ਕਥਾ, ਹੀਰ-ਰਾਂਝੇ ਦੇ ਰੰਗ ’ਚ ਰੰਗੀਆਂ ਆਪਣੀਆਂ ਕਾਫ਼ੀਆਂ ਗਾਉਂਦਾ ਰਿਹਾ ਹੈ। ਲਾਹੌਰ ਦੇ ਸੂਫ਼ੀ, ਮੀਆਂ ਮੀਰ ਦੀ ਪੰਜਵੇਂ ਗੁਰੂ ਅਰਜਨ ਦੇਵ ਨਾਲ ਨੇੜਤਾ ਰਹੀ ਅਤੇ ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਨੀਂਹ ਵੀ ਰੱਖੀ। ਲਾਹੌਰ ਦੀ ਫ਼ਿਜ਼ਾ ’ਚ ਵੰਨ-ਸੁਵੰਨੀਆਂ ਮਹਿਕਾਂ ਹਨ। ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦਾ ਵੱਡਾ ਪੁੱਤਰ ਦਾਰਾ ਸ਼ਿਕੋਹ ਸਾਈਂ ਮੀਆਂ ਮੀਰ ਦਾ ਸ਼ਾਗਿਰਦ ਸੀ ਅਤੇ ਉਸ ਨੇ ਕਈ ਵਰ੍ਹੇ ਏਥੇ ਬਿਤਾਏ ਜਿਸ ਦੌਰਾਨ ਉਸ ਨੇ ਉਪਨਿਸ਼ਦਾਂ ਨੂੰ ਫ਼ਾਰਸੀ ਵਿਚ ਅਨੁਵਾਦ ਕਰਵਾਇਆ ਤੇ ਫ਼ਾਰਸੀ ਵਿਚ ਗ੍ਰੰਥ ਲਿਖੇ।
        ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਦੀਆਂ ਗ਼ੈਰ-ਫ਼ਿਰਕੇਦਾਰਾਨਾ ਅਤੇ ਦੀਨਦਾਰੀ ਵਾਲੀਆਂ ਰਵਾਇਤਾਂ ਨੇ ਰਣਜੀਤ ਸਿੰਘ ਨੂੰ ਤੁਅੱਸਬੀ ਜੋਸ਼-ਜਨੂੰਨ ਤੋਂ ਦੂਰ ਹੀ ਰੱਖਿਆ।
ਲਾਹੌਰ ਨੂੰ ਸਰ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਮਹਾ-ਦਰਬਾਰ ਦਾ ਆਯੋਜਨ ਕੀਤਾ। ਕਲਪਨਾ ਰਾਹੀਂ ਉਸ ਦਾ ਦ੍ਰਿਸ਼ ਕੁਝ ਏਦਾਂ ਦਾ ਚਿਤਰਿਆ ਜਾ ਸਕਦਾ ਹੈ : ਇਸ ਮਹਿਫ਼ਿਲ ਵਿਚ ਸ਼ਹਿਰ ਦੇ ਪਤਵੰਤੇ ਲੋਕ ਸ਼ਿਰਕਤ ਕਰਦੇ ਹਨ। ਬਰਸਾਤ ਦਾ ਸੁਹਾਣਾ ਤੇ ਠੰਢਾ ਮੌਸਮ। ਰਣਜੀਤ ਸਿੰਘ ਮਹਿਮਾਨਾਂ ਦੀ ਮਿਠਿਆਈਆਂ ਨਾਲ ਟਹਿਲ-ਸੇਵਾ ਕਰ ਰਿਹਾ ਹੈ ਅਤੇ ਉਸ ਦੀ ਸੱਸ, ਸਦਾ ਕੌਰ ਬਟਾਲੇ ਤੇ ਮੁਕੇਰੀਆਂ ਤੋਂ ਮੰਗਵਾਏ ਹੋਏ ਰਸੀਲੇ ਅੰਬਾਂ ਦੀਆਂ ਟੋਕਰੀਆਂ ਪੇਸ਼ ਕਰ ਰਹੀ ਹੈ।
ਲਾਹੌਰ ਦੇ ਨਵੇਂ ਹੁਕਮਰਾਨ, ਰਣਜੀਤ ਸਿੰਘ ਨੇ ਮਹਾ-ਦਰਬਾਰ ’ਚ ਐਲਾਨ ਕੀਤਾ ਕਿ ਮੌਜੂਦਾ ਧਾਰਮਿਕ ਪ੍ਰਸ਼ਾਸਨ ’ਚ ਕਿਸੇ ਵੀ ਕਿਸਮ ਦੀ ਰੱਦੋਬਦਲ ਨਹੀਂ ਕੀਤੀ ਜਾਵੇਗੀ। ਕਾਜ਼ੀਆਂ ਤੇ ਮੁਫਤੀਆਂ ਦੇ ਪੁਸ਼ਤੈਨੀ ਦਫ਼ਤਰ ਨੂੰ ਰਣਜੀਤ ਸਿੰਘ ਨੇ ਅਦਬ ਨਾਲ ਕਾਇਮ ਰੱਖਣ ਦੇ ਹੁਕਮ ਜਾਰੀ ਕੀਤੇ। ਕਾਜ਼ੀ ਨਿਜ਼ਾਮੂਦੀਨ ਅਤੇ ਮੁਹੰਮਦ ਸ਼ਾਹਪੁਰ ਤੇ ਸਦੌਲਾ ਚਿਸ਼ਤੀ, ਜੋ ਮੁਫ਼ਤੀ ਦੇ ਅਹੁਦੇ ਦੇ ਤੈਨਾਤ ਸਨ, ਹੋਰਾਂ ਨੂੰ ਖ਼ਿਲਅਤਾਂ ਬਖ਼ਸ਼ੀਆਂ ਗਈਆਂ। ਕਾਜ਼ੀ ਨਿਜ਼ਾਮੂਦੀਨ ਦੇ ਮੁਸਲਮਾਨ ਵਸੋਂ ਦੀ ਸ਼ਾਦੀ ਕਰਵਾਉਣ ਦੇ ਅਤੇ ਤਲਾਕ ਸਬੰਧੀ ਹਕੂਕ ਨੂੰ ਮਾਨਤਾ ਦਿੱਤੀ ਗਈ। ਮੁਫ਼ਤੀਆਂ ਨੂੰ ਪਹਿਲਾਂ ਵਾਂਗ ਜਾਇਦਾਦ ਦੇ ਮਸਲੇ ਨਿਪਟਾਉਣ ਲਈ ਹੁਕਮ ਹੋਏ। ਮੁਹੱਲੇਦਾਰੀ ਵਿਵਸਥਾ ਨੂੰ ਮੁੜ ਸੁਰਜੀਤ ਕੀਤਾ ਗਿਆ। ਪਹਿਲਾਂ ਵਾਂਗ ਹਰ ਇੱਕ ਮੁਹੱਲੇ ਨੂੰ ਉਸ ਦੇ ਮੋਹਤਬਰ ਬਾਸ਼ਿੰਦੇ ਦੇ ਸਪੁਰਦ ਕਰ ਦਿੱਤਾ ਗਿਆ। ਕਾਰੀਗਰਾਂ ਨੂੰ ਪੁਰਾਣੀਆਂ ਤੋਪਾਂ ਦੀ ਮੁਰੰਮਤ ਕਰਨ ਲਈ ਰੁਜ਼ਗਾਰ ਦਿੱਤਾ ਗਿਆ। ਕੁਝ ਹੀ ਦਿਨਾਂ ’ਚ ਲਾਹੌਰ ਸ਼ਹਿਰ ’ਚ ਨਵੀਂ ਕਿਸਮ ਦੀ ਜਿੰਦ-ਜਾਨ ਆ ਗਈ। ਇਹ ਮੁੜ ਧੜਕਣ-ਲਰਜ਼ਣ ਲੱਗ ਪਿਆ ਸੀ।
       ਰਣਜੀਤ ਸਿੰਘ ਦੇ ਅਜਿਹੇ ਪ੍ਰਸ਼ਾਸਨਿਕ ਤੇ ਸਮਾਜਿਕ ਕਦਮ ਉਸ ਦੇ ਆਪਣੀ ਭੋਂ ਨਾਲ ਜੁੜੇ ਹੋਣ ਦਾ ਸਬੂਤ ਸਨ। ਉਸ ਨੇ ਦੱਸ ਦਿੱਤਾ ਕਿ ਭਵਿੱਖ ’ਚ ਉਹ ਕਿਹੋ ਜਿਹਾ ਹਾਕਮ ਹੋਵੇਗਾ ਅਤੇ ਉਸ ਦੇ ਪ੍ਰਸ਼ਾਸਨ ਦਾ ਕਿਰਦਾਰ ਕਿਹੋ ਜਿਹਾ ਹੋਵੇਗਾ। ਉਸ ਨੇ ਆਪਣੇ ਅਤੇ ਦੂਜੀਆਂ ਸਿਆਸੀ ਤਾਕਤਾਂ ਦਰਮਿਆਨ ਫ਼ਰਕ ਨੂੰ ਦਰਸਾਇਆ। ਮਸਲਨ, ਕਸੂਰ ਦਾ ਪਠਾਣ ਹਾਕਮ ਨਿਜ਼ਾਮੂਦੀਨ ਬੇਸ਼ਕ ਮੁਸਲਮਾਨ ਪੰਜਾਬੀਆਂ ਦਾ ਨੁਮਾਇੰਦਾ ਹੋਣ ਦਾ ਦਾਅਵਾ ਕਰਦਾ ਸੀ, ਪਰ ਅੰਦਰੋ-ਅੰਦਰੀ ਉਹ ਅਫਗ਼ਾਨ ਸੱਤਾ ਨੂੰ ਲਾਹੌਰ ’ਚ ਸਥਾਪਤ ਕਰ ਕੇ ਖ਼ੁਦ ਸੂਬੇਦਾਰ ਹੋਣਾ ਲੋਚਦਾ ਸੀ। ਇਸੇ ਤਰ੍ਹਾਂ ਕਾਂਗੜੇ ਦਾ ਸੰਸਾਰ ਚੰਦ ਹਿੰਦੂਆਂ ਦਾ ਹਮਾਇਤੀ ਹੋਣ ਦਾ ਦਾਅਵੇਦਾਰ ਸੀ। ਪਟਿਆਲਾ ਦੇ ਸਰਦਾਰ, ਸਾਹਿਬ ਸਿੰਘ ਨੂੰ ਸ਼ਾਹ ਜ਼ਮਾਨ ਦੇ ਦਾਦੇ, ਅਹਿਮਦ ਸ਼ਾਹ ਅਬਦਾਲੀ ਨਾਲ ਆਪਣੇ ਸੁਖਾਵੇਂ ਸਬੰਧਾਂ ਬਾਰੇ ਮਾਣ ਸੀ।
        ਰਣਜੀਤ ਸਿੰਘ ਨੇ ਇੱਕ ਐਸੀ ਰਾਜ ਵਿਵਸਥਾ ਦਾ ਆਗ਼ਾਜ਼ ਅਤੇ ਅਮਲ ਕੀਤਾ ਜੋ ਜਾਤ-ਪਾਤ, ਮਜ਼ਹਬ ਤੇ ਫ਼ਿਰਕਿਆਂ ਦੇ ਤੁਅੱਸਬੀ ਚੌਖਟਿਆਂ ’ਚ ਫਿੱਟ ਨਹੀਂ ਸੀ ਬੈਠਦੀ। ਐਪਰ ਰਣਜੀਤ ਸਿੰਘ ਨੇ ਪੰਜਾਬ ਦੀ ਲੋਕਾਈ ਦੇ ਸਥਾਪਤ ਰੀਤੀ-ਰਿਵਾਜਾਂ ਦੇ ਪਿੜ ’ਚ ਕਿਸੇ ਵੀ ਕਿਸਮ ਦੀ ਦਖ਼ਲਅੰਦਾਜ਼ੀ ਨਹੀਂ ਕੀਤੀ ਸਗੋਂ ਇੱਕ ਹਾਕਮ ਦੀ ਹੈਸੀਅਤ ’ਚ ਇਸ ਨੂੰ ਆਦਰ-ਸਤਿਕਾਰ ਅਤੇ ਸਰਪ੍ਰਸਤੀ ਦਿੱਤੀ। ਬਗ਼ੈਰ ਕਿਸੇ ਵਿਤਕਰੇ ਦੇ ਲਿਆਕਤ, ਹੁਨਰ ਤੇ ਇਖ਼ਲਾਕ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ। ਸਰਕਾਰ ਖ਼ਾਲਸਾ ’ਚ ਵੰਨ-ਸੁਵੰਨੇ ਮਜ਼ਹਬੀ ਅਦਾਰਿਆਂ ਨੂੰ ਬਰਾਬਰ ਦੀ ਸਰਪ੍ਰਸਤੀ ਤੇ ਮਾਲੀ ਮਦਦ ਹਾਸਲ ਸੀ। ਮਹਾਰਾਜਾ ਰਣਜੀਤ ਸਿੰਘ ਹਰ ਰੰਗ ਅਤੇ ਹਰ ਤਬ੍ਹਾ-ਤਬੀਅਤ ਦੇ ਤਿੱਥ-ਤਿਉਹਾਰਾਂ-ਮੇਲਿਆਂ ’ਚ ਬੜੇ ਹੀ ਖ਼ਲੂਸ ਨਾਲ ਸ਼ਿਰਕਤ ਕਰਦਾ। ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਪੰਜਾਬ ਨੂੰ ਪਾਏਦਾਰ ਰਾਜ ਅਤੇ ਰਾਜ ਵਿਵਸਥਾ ਦੀ ਸਖ਼ਤ ਜ਼ਰੂਰਤ ਹੈ। ਮਹਾਰਾਜੇ ਨੇ ਕਦੇ ਵੀ ਕਿਸੇ ਇੱਕ ਮਜ਼ਹਬੀ ਬਿਰਾਦਰੀ ਦੇ ਜੋਸ਼-ਖ਼ਰੋਸ਼ ਨੂੰ ਆਪਣੀ ਰਾਜ ਵਿਵਸਥਾ ਅਤੇ ਲੋਕਾਈ ਦੀ ਤਰਜ਼-ਏ-ਜ਼ਿੰਦਗੀ ਨੂੰ ਚਲਾਉਣ ਦਾ ਪੈਮਾਨਾ ਨਹੀਂ ਬਣਾਇਆ।
       ਲੋੜ ਹੈ ਕਿ ਪੰਜਾਬ ਦੇ ਮੌਜੂਦਾ ਸਿਆਸਤਦਾਨ ਪੰਜਾਬ ਲਈ ਲਾਹੇਵੰਦ ਅਤੇ ਲਾਜ਼ਮੀ ਇਤਿਹਾਸ ਦੀ ਅਲਖ ਜਗਾਉਣ। ਪੰਜਾਬ ਦਾ ਸਿਆਸੀ ਅਚੇਤ ਇਸ ਦੀ ਮੰਗ ਕਰ ਰਿਹਾ ਹੈ।
ਸੰਪਰਕ : 98783-69932