Kuldeep-Chumber

ਰਹਿਬਰਾਂ ਦੇ ਅਹਿਸਾਨ - ਕੁਲਦੀਪ ਚੁੰਬਰ

ਮੈਂ ਹਾਂ ਮਿਸ਼ਨਰੀ ਬੰਦਾ ਮਿਸ਼ਨ ਦੀ ਗੱਲ ਬਿਨਾਂ ਨਹੀਂ ਰਹਿ ਸਕਦਾ।
ਰਹਿਬਰਾਂ ਦੇ ਅਹਿਸਾਨ ਨੇ ਸਿਰ ਤੇ, ਚੁੱਪ ਕਰਕੇ ਨਹੀਂ ਬਹਿ ਸਕਦਾ।

ਮੰਜ਼ਿਲ ਦੇ ਵੱਲ ਤੁਰਦੇ ਜਾਣਾ, ਪਿੱਛੇ ਕਦੇ ਵੀ ਮੁੜਨਾ ਨਹੀਂ
ਇਕ ਪੈਨਲ ਤੇ ਡੱਟਕੇ ਰਹਿਣਾ ਹੋਰ ਕਿਤੇ ਵੀ ਜੁੜਨਾ ਨਹੀਂ
ਜਿਉਂਦੇ ਜੀਅ ਏਹ ਰੰਗ ਮਿਸ਼ਨ ਦਾ, ਅੰਦਰੋਂ ਕਦੇ ਨਹੀਂ ਲਹਿ ਸਕਦਾ।
ਰਹਿਬਰਾਂ ਦੇ ਅਹਿਸਾਨ ਨੇ . . . . . . . .

ਆਪਣੇ ਪੈਰੀਂ ਖੜ੍ਹਨਾ ਦੱਸਿਆ ਜਗਤ ਪਿਤਾ ਦੀ ਬਾਣੀ ਨੇ
ਹੱਕਾਂ ਦੇ ਲਈ ਲੜਨਾ ਦੱਸਿਆ ਕੀਤੀ ਹੋਈ ਵੰਡ ਕਾਣੀ ਨੇ
ਹੱਥ ਕਰਾਰੇ ਕੀਤੇ ਬਿਨ ਨਹੀਂ, ਮਹਿਲ ਮਨੂੰ ਦਾ ਢਹਿ ਸਕਦਾ
ਰਹਿਬਰਾਂ ਦੇ ਅਹਿਸਾਨ ਨੇ . . . . . . . .

ਝੰਡਾ ਚੱਕ ਬਗਾਵਤ ਵਾਲਾ, ਰਾਹ ਸੰਘਰਸ਼ ਦੇ ਪੈਣਾ ਹੈ
ਤਖ਼ਤ ਦਿੱਲੀ ਦੇ ਮਾਲਕ ਬਣਨਾ, ਇਹ ਸੰਵਿਧਾਨ ਦਾ ਕਹਿਣਾ ਹੈ
ਪੰਦਰਾਂ ਕਰਨ ਪੰਚਾਸੀਆਂ ਉੱਤੇ, ਰਾਜ ਕਦੇ ਨਹੀਂ ਸਹਿ ਸਕਦਾ
ਰਹਿਬਰਾਂ ਦੇ ਅਹਿਸਾਨ ਨੇ . . . . . . . .

ਅਸੀਂ ਹਾਂ ਮੂਲ ਨਿਵਾਸੀ ਦੇਸ਼ ਦੇ, ਸਾਨੂੰ ਪੁਰਖਿਆਂ ਦੱਸਿਆ ਏ
ਸੱਤਾ ਪ੍ਰਾਪਤ ਕਰਨੇ ਦੇ ਲਈ , ਆਪਣੀ ਕਮਰ ਨੂੰ ਕੱਸਿਆ ਏ
ਏਨੇ ਜੋਗੇ ਹੋ ਗਏ 'ਚੁੰਬਰਾ', ਦਿਲ ਆਪਣੇ ਦੀ ਕਹਿ ਸਕਦਾ
ਰਹਿਬਰਾਂ ਦੇ ਅਹਿਸਾਨ ਨੇ . . . . . . . .

ਵਲੋਂ : ਕੁਲਦੀਪ ਚੁੰਬਰ 98151-37254

ਭੀਮ ਦੇ ਯਰਾਨੇ - ਕੁਲਦੀਪ ਚੁੰਬਰ

ਅਸੀਂ ਓਸ ਭੀਮ ਦੇ ਦੀਵਾਨੇ ਹਾਂ ਦੀਵਾਨੇ
ਦੁਖੀਆਂ ਗਰੀਬਾਂ ਨਾਲ  ਜਿਸ ਦੇ ਯਰਾਨੇ।

ਓਹਦੇ ਸੰਗੀ ਸਾਥੀ ਹੌਕੇ ਹਾਵਿਆਂ 'ਚ ਸਿੰਨ੍ਹੇ
ਜਿਹਨਾਂ ਦੇ ਕਲੇਜੇ ਪਾਪੀ  ਵੈਰੀਆਂ ਨੇ ਵਿੰਨ੍ਹੇ
ਸਿਰੋਂ ਪੈਰਾਂ ਤੱਕ ਜਿਹਨਾਂ ਝੱਲੇ ਮੇਹਣੇ ਤਾਹਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .

ਦੁੱਖਾਂ ਦੀ  ਕਹਾਣੀ  ਜਿਸ ਵਰਗ  ਦੀ ਲੰਮੀ
ਓਹਨਾਂ ਦੀਆਂ ਛੱਤਾਂ ਥੱਲੇ ਭੀਮ ਦਿੱਤੀ ਥੰਮੀ
ਹਾਕਮਾਂ  ਨੂੰ  ਕਲਮ  ਬਣਾ  ਗਈ  ਨਿਸ਼ਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .

ਖੂਨ ਤੇ ਪਸੀਨੇ ਨਾਲ  ਭਿੱਜੇ  ਰਹਿਣ ਜਿਹੜੇ
ਦੁੱਖ ਗ਼ਮ ਜਿਹਨਾਂ ਦੇ ਨੇ ਬੈਠੇ ਆਕੇ ਵਿਹੜੇ
ਜਿਹਨਾਂ ਦੀਆਂ  ਸੁਰਾਂ  ਵਿਚ  ਦਰਦ ਤਰਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .

ਆਰ ਪਰਿਵਾਰ  ਸਾਰਾ  ਕੌਮ  ਸਿਰੋਂ  ਵਾਰਿਆ
ਆਪਣੇ ਅਖੀਰੀ ਦਮ ਤਾਈਂ ਵੀ ਨਾ ਹਾਰਿਆ
ਭਲਾਈ  ਲਈ ਲੱਭਦਾ ਹੀ  ਰਿਹਾ ਓਹ ਬਹਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .

ਅਸੀਂ ਭੀਮ ਮਰ ਕੇ ਵੀ ਭੁੱਲ ਨਹੀਂਓ ਸਕਦੇ
ਹੋਰ  ਕਿਸੇ  ਉੱਤੇ  ਕਦੇ ਡੁੱਲ੍ਹ ਨਹੀਂਓ ਸਕਦੇ
'ਚੁੰਬਰਾ' ਨਾ ਕਦੇ ਅਸੀਂ ਓਸ ਲਈ ਬੇਗ਼ਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .

 ਲੇਖਕ : ਕੁਲਦੀਪ ਚੁੰਬਰ ,  98151-37254