Kulwant Sarota

ਪਰਚੀ - ਕੁਲਵੰਤ ਸਰੋਤਾ

ਪੰਚਕੂਲੇ ਪਿਤਾ ਜੀ ਦੀ ਗ੍ਰਿਫ਼ਤਾਰੀ ਤੋਂ ਬਾਦ ਵਿਗੜੇ ਹਾਲਾਤਾਂ ਕਾਰਨ ਕੰਮ ਬਿਲਕੁਲ ਬੰਦ ਹੋ ਗਿਆ ਸੀ। ਮੈਂ ਘਰੇ ਮਾਤਾ ਜੀ ਬਿਮਾਰ ਹੋਣ ਕਰਕੇ ਦਵਾਈ ਲੈਣ ਲਈ ਪਹਿਲੀ ਵਾਰ ਕਿਸੇ ਤੋਂ ਦੋ ਸੌ ਰੁਪਏ ਉਧਾਰ ਮੰਗੇ ਸਨ। ਜਿਗਰੀ ਦੋਸਤ ਨੇ ਪਹਿਲਾਂ ਤਾਂ ਇਧਰ-ਉਧਰ ਦੀਆਂ ਸੁਣਾਈਆਂ ਤੇ ਫ਼ਿਰ ਸੌ ਰੁਪਏ ਦੇ ਦਿੱਤੇ। ਸੌ ਦਾ ਨੋਟ ਲੈ ਕੇ ਮੈਂ ਖੁਸ਼ੀ 'ਚ ਘਰ ਵੱਲ ਜਾ ਰਿਹਾ ਸੀ ਕਿ ਚਲੋ ਸੌ ਰੁਪਏ ਦੀ ਬਿਮਾਰ ਮਾਂ ਲਈ ਦਵਾਈ ਲੈ ਲਵਾਂਗਾ। ਮੈਂ ਇਹ ਸੋਚਦਾ ਜਾ ਰਿਹਾ ਸੀ ਕਿ ਅੱਗੋਂ ਮੇਰੇ ਦੋਸਤ ਦੇ ਦੋਸਤ ਦਾ ਦੋਸਤ ਮਿਲ ਗਿਆ। ਉਸ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਤੇ ਮੈਨੂੰ ਜੱਫ਼ੀ 'ਚ ਲੈ ਲਿਆ। ਮੈਂ ਹੈਰਾਨ ਸਾਂ ਕਿ ਅੱਗੇ ਤਾਂ ਇਸਨੇ ਕਦੇ ਚੰਗੀ ਤਰ੍ਹਾਂ ਬੁਲਾਇਆ ਵੀ ਨਹੀਂ ਸੀ। ਉਸਨੇ ਜਲਦੀ ਹੀ ਮੇਰੀ ਹੈਰਾਨਗੀ ਦੂਰ ਕਰਦਿਆਂ ਇਕ ਕਾਪੀ ਜਿਹੀ ਕੱਢੀ 'ਤੇ ਬੋਲਿਆ 'ਹਾਂ ਜੀ! ਕਿੰਨੇ ਦੀ ਪਰਚੀ ਕੱਟੀਏ... ਅਸੀਂ ਮੁਹੱਲੇ 'ਚ ਜਗਰਾਤਾ ਕਰਵਾ ਰਹੇ ਹਾਂ।
    'ਫਿਰ ਕਦੇ ਸਹੀ... ਮੈਂ ਸਹਿਜ ਸੁਭਾ ਹੀ ਕਿਹਾ।
'ਥੋੜੀ ਕਟਵਾ ਲੈ ਅੱਜ... ਸਿਰਫ਼ ਸੌ ਰੁਪੈ ਦੀ...
    ਮੈਨੂੰ ਲੱਗਿਆ ਜਿਵੇਂ ਮੈਂ ਡਿੱਗ ਪਵਾਂਗਾ, ਪਰ ਮੈਂ ਸੰਭਲ ਗਿਆ ਅਤੇ ਜੇਬ 'ਚ ਹੱਥ ਮਾਰਿਆ ਤੇ ਸੌ ਦਾ ਨੋਟ ਸਿੱਧਾ ਕਰਦਿਆਂ ਦੇ ਦਿੱਤਾ, ਜਿਵੇਂ 'ਜੁਰਮਾਨਾ' ਦੇ ਰਿਹਾ ਹੋਵਾਂ।
    ਘਰੇ ਆ ਕੇ ਮੈਂ ਬਿਨਾ ਰੋਟੀ ਖ਼ਾਧੇ ਪੈ ਗਿਆ ਪਰ ਨੀਂਦ ਨਹੀਂ ਆ ਰਹੀ ਸੀ। ਮਾਤਾ ਜੀ ਸਾਰੀ ਰਾਤ ਬਿਨਾ ਦਵਾਈ ਤੋਂ ਖੰਘ ਰਹੀ ਸੀ। ਮੈਂ ਤੇ ਮੇਰੀ ਬਿਮਾਰ ਮਾਂ ਨੇ ਸਾਰੀ ਰਾਤ ਜਗਰਾਤਾ ਕੱਟਿਆ ਅਤੇ ਮਾਂ ਤੜਕਸਾਰ ਖ਼ੰਘਦੀ-ਖ਼ੰਘਦੀ ਪੂਰੀ ਹੋ ਗਈ।


ਕੁਲਵੰਤ ਸਰੋਤਾ
ਮੰਡੀ ਬਰੀਵਾਲਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 98780-00533

29 Jan. 2018