Major Singh

 'ਪੜ੍ਹਿਆ ਸੁਣਿਆ ਸਮਝਣਾ ਪੈਣਾ' - ਮੇਜਰ ਸਿੰਘ ਬੁਢਲਾਡਾ

"ਤੁਮ ਮਖਤੂਲ ਸੁਪੇਦ ਸਪੀਅਲ,
ਹਮ ਬਪੁਰੇ ਜਸ ਕੀਰਾ ॥
ਸਤ ਸੰਗਤਿ ਮਿਲਿ ਰਹੀਐ ਮਾਧਉ,
ਜੈਸੇ ਮਧੁਪ ਮਖੀਰਾ॥"
ਮੌਕਾ ਮਿਲਦੇ ਲੀਡਰ ਸਾਡੇ,
ਰਹਿੰਦੇ ਗੁਰੂ ਦਾ ਉਪਦੇਸ਼ ਸੁਣਾਉਂਦੇ।
ਆਪ ਇਹ ਧੜਿਆਂ ਵਿੱਚ ਵੰਡੇ,
ਇਕੱਠੇ ਨਜ਼ਰ ਨਾ ਆਉਂਦੇ।
ਜੋ ਗੱਲ ਲੋਕਾਂ ਦੇ ਸਮਝਣ ਵਾਲੀ,
ਲੋਕ ਬਿਲਕੁਲ ਸਮਝਦੇ ਨਾਹੀਂ।
ਲੀਡਰ ਸਾਡੇ ਲੁੱਟਣ ਬੁੱਲੇ
ਇਹਨਾਂ ਦੇ ਸਿਰ ਤੇ ਤਾਹੀਂ।
ਲੋਕੋ!ਹੁਣ ਜੁੱਗ ਗਿਆਨ ਦਾ ,
ਹਰ ਗੱਲ ਸੋਚ ਵਿਚਾਰੋ।
ਸੱਚ ਝੂਠ ਦਾ ਕਰੋ ਨਖੇੜਾ,
ਤੁਸੀਂ ਦੁੱਧੋ ਪਾਣੀ ਨਿਤਾਰੋ।
ਜਿਸਨੂੰ ਝੂਠ ਸੁਣਾਉਣ ਦੀ ਆਦਤ,
ਇਥੇ ਝੂਠ ਸੁਣਾਉਂਦੇ ਰਹਿਣਾ।
'ਮੇਜਰ' ਸੱਚ ਝੂਠ ਸਮਝਣ ਲਈ,
ਪੜ੍ਹਿਆ ਸੁਣਿਆ ਸਮਝਣਾ ਪੈਣਾ।

ਮੇਜਰ ਸਿੰਘ ਬੁਢਲਾਡਾ
94176 42327

ਮੌਤ - ਮੇਜਰ ਸਿੰਘ ਬੁਢਲਾਡਾ

ਲੋਕੋ!ਵੇਖੋ ਕੁਦਰਤ ਰੱਬ ਦੀ,
ਮੌਤ ਸਭ ਤੋਂ ਕਰੀ ਬਲਵਾਨ।
ਇਹਨੂੰ ਹੁਕਮ ਮਿਲਣ ਦੀ ਦੇਰ ਆ,
ਇਹ ਭੱਜਿਆ ਦਿੰਦੀ ਨਾ ਜਾਣ।
ਨਾ ਉੱਕੇ ਨਿਸ਼ਾਨਾ ਇਸ ਦਾ,
ਜਦੋਂ ਚੱਕਲੇ ਤੀਰ ਕਮਾਨ।
ਇਹ ਨਾ ਰੋਕਿਆ ਕਿਸੇ ਦੀ ਰੁੱਕਦੀ,
ਕਰੇ ਯਤਨ ਸਭੇ ਨਕਾਮ।
ਇਹ ਨਾ ਮਿੱਤ ਕਿਸੇ ਦੀ ਦੋਸਤੋ,
ਛੋਟੇ ਵੱਡੇ ਇਕ ਸਮਾਨ।
ਇਹ ਨਾ ਤਰਸ ਕਿਸੇ ਤੇ ਖਾਂਵਦੀ,
ਬੱਚਾ ਬੁੱਢਾ ਭਾਂਵੇ ਜਵਾਨ।
ਇਹਤੋਂ ਬਚਕੇ ਕੋਈ ਨਾ ਨਿੱਕਲੇ,
ਭਾਂਵੇ ਕਿੱਡਾ ਕੋਈ ਮਹਾਨ।
ਨਾ ਛੱਡਿਆ ਕੋਈ ਇਸ ਨੇ,
ਜੋ ਆਇਆ ਵਿੱਚ ਜਹਾਨ।
ਇਹਦੇ ਅੱਗੇ ਪੇਸ਼ ਨਾ ਜਾਂਵਦੀ,
ਮੇਜਰ ਇਹ ਦਿੰਦੀ ਤੋੜ ਗੁਮਾਨ...।

ਮੇਜਰ ਸਿੰਘ ਬੁਢਲਾਡਾ
94176 42327

 'ਅਸਲੀ ਵਾਰਸ ਨਹੀਂ ਬਣ ਸਕਦੇ' - ਮੇਜਰ ਸਿੰਘ ਬੁਢਲਾਡਾ

'ਗੁਰੂ' ਦੀ 'ਸੋਚ' ਤੋਂ ਮੁੱਖ ਭੁਆਂਉਣ ਵਾਲੇ।
ਵਰਜੀ ਥਾਂ ਤੇ ਸੀਸ ਝੁਕਾਉਣ ਵਾਲੇ।
ਨਿੱਜੀ ਹਿੱਤਾਂ ਲਈ 'ਗੁਰੂ' ਨਾਮ ਵਰਤਕੇ,
ਭੋਲੇ ਭਾਲੇ ਲੋਕਾਂ ਨੂੰ ਵਰਗਲਾਉਣ ਵਾਲੇ।
ਮਾਰਨ ਤਰਾਂ ਤਰਾਂ ਦੀ ਠੱਗੀਆਂ ਜੋ,
ਫੰਡ ਇਕੱਠਾ ਕਰ ਛਕਣ ਛਕਾਉਣ ਵਾਲੇ।
'ਗੁਰੂ ਸਾਹਿਬ' ਮੂਹਰੇ ਵਰਜੇ ਕੰਮ ਕਰਨ,
ਜਿਸ ਤੋਂ ਸੀ ਉਹ ਹਟਾਉਣ ਵਾਲੇ।
'ਮੇਜਰ' ਉਹ ਕੁਝ ਵੀ ਬਣੀ ਜਾਣ ਆਪੇ,
ਪਰ ਕੌਮ ਲਈ 'ਢਾਰਸ' ਨਹੀਂ ਬਣ ਸਕਦੇ।
ਧੱਕੇ ਧੋਖੇ ਨਾਲ ਭਾਵੇਂ ਬਣ ਜਾਣ ਇਹ,
ਕੌਮ ਦੇ ਅਸਲੀ 'ਵਾਰਸ' ਨਹੀਂ ਬਣ ਸਕਦੇ।
ਮੇਜਰ ਸਿੰਘ ਬੁਢਲਾਡਾ
94176 42327

'ਸੱਥ ਚਰਚਾ' :  'ਭ੍ਰਿਸ਼ਟਾਚਾਰੀ ਬਨਾਮ ਸਮਾਜ ਸੇਵੀ' - ਮੇਜਰ ਸਿੰਘ 'ਬੁਢਲਾਡਾ'

"ਲੈ ਸੁਣਾ, ਸੂਬੇਦਾਰਾ! ਕੋਈ ਖ਼ਬਰ ਖੁਬਰ, ਸੁਣਿਆਂ ਹੁਣ ਵੱਡੇ ਅਫਸਰ ਭਗਵੰਤ ਮਾਨ ਦੇ ਖਿਲਾਫ ਹੋ ਰਿਹੇ ਨੇ,ਕੀ ਗੱਲ ਹੋ ਗਈ ?"
ਬਲਦੇਵ ਸਿਉਂ ਨੇ ਖ਼ਬਰ ਦੀ ਪੂਰੀ ਜਾਣਕਾਰੀ ਲੈਣ ਲਈ ਸਵਾਲ ਕੀਤਾ ।
" ਹੁਣ ਇਹ ਵੱਡੇ ਅਫਸਰ, ਕੀ ਛੋਟੇ ਅਫ਼ਸਰ, ਉਹ ਸਾਰੇ ਅਧਿਕਾਰੀ ਦੁਖੀ ਨੇ ਸਾਰੇ ਨਵੀਂ ਸਰਕਾਰ ਤੋਂ, ਜਿਹਨਾਂ ਦੇ 'ਦੋ ਨੰਬਰ' ਦੀ ਕਮਾਈ ਨਾ ਹੋਣ ਕਰਕੇ ਬਟੂਏ ਢਿੱਲੇ ਜਾ ਖ਼ਾਲੀ ਰਹਿਣ ਲੱਗ ਪਏ।
ਹੁਣ ਇਹ ਕਹਿੰਦੇ ਨੇ ਬ‌ਈ, ਵਿਜੀਲੈਂਸ ਜਾ ਕੋਈ ਹੋਰ ਸਾਡੇ ਅਫਸਰਾਂ ਨੂੰ ਤੰਗ ਨਾ ਕਰੇ।
ਜਿਹੜਾ ਵੀ ਅਧਿਕਾਰੀ ਕਿਸੇ ਕੇਸ ਵਿੱਚ ਕੋਈ ਫੜਿਆ ਜਾਂਦਾ, ਇਹਨਾਂ ਦੀਆਂ ਜਥੇਬੰਦੀਆਂ ਹੜਤਾਲ ਕਰਕੇ ਧਰਨਾ ਲਾਕੇ ਬਹਿ ਜਾਂਦੀਆਂ ਨੇ, ਇਵੇਂ ਇਹ ਅਫ਼ਸਰ ਸਰਕਾਰ ਨੂੰ ਦਬਾਉਣਾ ਚਾਹੁੰਦੇ ਨੇ।
ਸੂਬੇਦਾਰ ਨੇ ਅਫ਼ਸਰਾਂ ਦੀ ਹੜਤਾਲ ਵਾਰੇ ਸਮਝਾਇਆ।
"ਸੂਬੇਦਾਰਾਂ! ਇਹਨਾਂ ਦਾ ਪੱਕਾ ਹੱਲ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ, ਐਂ ਤਾਂ ਇਹ ਤੰਗ ਬਹੁਤ ਕਰਨਗੇ,ਲੋਕ ਦਫ਼ਤਰਾਂ 'ਚ ਚੱਕਰ ਮਾਰ ਮਾਰ ਅੱਕੇ ਪ‌ਏ ਨੇ।"
ਇਹਨਾਂ ਤੋਂ ਅੱਕੇ ਹੋਏ ਨਾਜ਼ਰ ਨੇ ਆਮ ਲੋਕਾਂ ਲ‌ਈ ਹਾਅ ਦਾ ਨਾਹਰਾ ਮਾਰਦੇ ਕਿਹਾ।
"ਕਰਤਾ ਜੀ ਹੱਲ, ਭਗਵੰਤ ਮਾਨ ਨੇ ਇਹਨਾਂ ਨੂੰ ਅੱਜ ਦੋ ਵਜੇ ਦਾ ਟਾਈਮ ਦਿੱਤਾ ਸੀ, ਕਹਿੰਦਾ ਜਾ ਤਾਂ ਦੋ ਵਜੇ ਹੜਤਾਲ ਖ਼ਤਮ ਕਰਕੇ ਕੰਮ ਤੇ ਆਜੋ, ਨਹੀਂ ਫਿਰ ਸਸਪੈਂਡ  ਹੋਣ ਲਈ ਤਿਆਰ ਰਹੋ।"
"ਫਿਰ ਬ‌ਈ ਕੀ ਬਣਿਆ ?"
"ਫਿਰ ਕੀ ਕਰਤੀ ਹੜਤਾਲ ਖ਼ਤਮ, ਆਉਣ ਲੱਗਗੀਆਂ ਖਬਰਾਂ। ਮਖੌਲ ਹੀ ਸਮਝ ਰੱਖਿਆ ਨਵੀਂ ਸਰਕਾਰ ਨੂੰ।
ਇਹਨਾਂ ਭ੍ਰਿਸ਼ਟ ਅਫ਼ਸਰਸ਼ਾਹੀ ਨੇ।"
"ਨਜ਼ਾਰਾ ਲਿਆਤਾ ਮੁੱਖ ਮੰਤਰੀ ਨੇ, ਨਰਮ ਪਾਸਾ ਵੇਖਿਆ ਸੀ ਇਹਨਾਂ ਨੇ, ਹੁਣ ਗਰਮ ਪਾਸਾ ਵੀ ਦੇਖਕੇ ਹਟੇ।"
ਨਾਜ਼ਰ ਨੇ ਖੁਸ਼ੀ ਜ਼ਾਹਰ ਕਰਦੇ ਨੇ ਕਿਹਾ।
" ਦੇਖੋ,ਇਕ ਉਹ ਵੀ ਲੋਕ ਨੇ, ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ 'ਸਮਾਜ ਸੇਵੀ', ਦੇਖੋ ਕਿਵੇਂ ਕੰਮ ਕਰ ਰਹੇ ਨੇ, ਬੇਸਹਾਰੇ ਲੋਕਾਂ ਦੇ ਸਹਾਰੇ ਬਣਦੇ, ਦਿਮਾਗ਼ੀ ਤੌਰ ਤੇ ਬਿਮਾਰ ਲੋਕਾਂ ਦੀ ਦੇਖੋ ਕਿਵੇਂ ਸੇਵਾ ਕਰ ਰਹੇ ਨੇ।
ਦੂਜੇ ਪਾਸੇ ਇਹ ਭ੍ਰਿਸ਼ਟ ਲੋਕ ਨੇ, ਚੰਗੀਆਂ ਤਨਖਾਹਾਂ ਮਿਲਣ ਦੇ ਬਾਵਜੂਦ,ਆਮ ਲੋਕਾਂ ਦੀਆਂ ਜੇਬਾਂ ਤੇ ਹਰ ਵੇਲੇ ਨਿਗਾਹ ਰੱਖਦੇ ਨੇ।"
ਹਰਨੇਕ ਸਿਉਂ ਨੇ ਦੁੱਖ ਜ਼ਾਹਰ ਕਰਦੇ ਨੇ ਕ‌ਈ ਗਾਲਾਂ ਵੀ ਕੱਢ ਮਾਰੀਆਂ।
" ਅੱਛਾ, ਇੱਕ ਗੱਲ ਹੋਰ ਆ, ਜੇ ਕਿਤੇ ਆਮ ਲੋਕਾਂ ਦੀਆਂ ਜੇਬਾਂ ਤੇ ਅੱਖ ਰੱਖਣ ਵਾਲੇ, ਲੋਕਾਂ ਦੇ ਹਮਦਰਦ ਬਣਕੇ ਲੋਕਾਂ ਦੇ ਕੰਮ ਕਰਨ, ਲੋਕਾਂ ਨੂੰ ਸਹੀ ਗਾਈਡ ਕਰਨ, ਤਾਂ ਲੋਕਾਂ ਨੇ ਅਸੀਸਾਂ ਤਾਂ ਦੇਣੀਆਂ ਹੀ ਦੇਣੀਆਂ, ਲੋਕ ਜਾਨ ਕਿਹੜਾ ਨਾ ਇਹਨਾਂ ਤੋਂ ਵਾਰ ਦੇਣ ਯਾਰ! ਕ‌ਈ ਤਾਂ ਐਹੇ ਜੇ ਵੀ ਨੇ, ਜਿੰਨ੍ਹੇ ਕੁ ਨੋਟਾਂ ਦੀ ਇਹ ਆਸ ਰੱਖਦੇ ਨੇ , ਇਸ ਤੋਂ ਕਿਤੇ ਵੱਧ ਤਾਂ ਉਹ ਵੇਸੈ ਹੀ ਖ਼ਰਚ ਦੇਣ ਇਹਨਾਂ ਤੇ; ਦੁੱਖ ਸੁੱਖ ਵਿੱਚ ਵੱਖਰਾ ਸਹਿਯੋਗ ਮੋਢੇ ਨਾਲ ਮੋਢਾ ਜੋੜ ਕੇ ਖੜਨ ਇਹ ਲੋਕ।"
ਅਜਮੇਰ ਸਿੰਘ ਨੇ ਨਵੀਂ ਗੱਲ ਕਰਦੇ ਹੋਏ ਕਿਹਾ।
" ਬਿਲਕੁਲ ਬਾਈ, ਤੇਰੀ ਸੋਲਾਂ ਆਨੇ ਸੱਚੀ ਗੱਲ ਆ।
ਕ‌ਈ ਮੁਲਾਜ਼ਮ ਐਸੇ ਹੈਗੇ ਵੀ ਨੇ, ਜਿਹਨਾਂ ਦੀ ਕਦਰ ਕਰਦੇ ਹੋਏ ਲੋਕ ਆਪ ਫੋਨ ਕਰਕੇ ਪੁੱਛਦੇ ਨੇ,ਦੱਸਿਓ ਜੀ ਕੋਈ ਸੇਵਾ ਹੋਵੇ।"
" ਲੈਅ ਤੂੰ ਬਾਬੇ ਧਰਮੇ ਦੇ ਮੁੰਡੇ ਵੱਲ ਵੇਖਲਾ,ਸਾਰੇ ਕਹਿੰਦੇ ਨੇ ਇਹਦੀ ਸੋਚ ਬਹੁਤ ਵਧੀਆ, ਕਿਸੇ ਤੋਂ ਪੈਸਾ ਧੇਲਾ ਲੈਣਾ ਤਾਂ ਦੂਰ ਦੀ ਗੱਲ, ਕਿਸੇ ਤੋਂ ਚਾਹ ਦਾ ਕੱਪ ਵੀ ਨੀਂ ਪੀਂਦਾ।ਜਦੋਂ ਸੇਵਦਾਰ ਸੀ ਉਦੋਂ ਵੀ, ਹੁਣ ਉਹ ਭਾਈ ਤਰੱਕੀ ਕਰਕੇ ਅੱਗੇ ਵੱਧ ਗਿਆ ਲੋਕਾਂ ਨਾਲ ਐਨਾ ਪਿਆਰ ਵਧਾ ਲਿਆ, ਮੈਂ ਤਾਂ ਇਕ ਦਿਨ ਉਹਦੀਆਂ ਸਿਫ਼ਤਾਂ ਸੁਣ ਸੁਣਕੇ ਹੈਰਾਨ ਹੀ ਰਹਿ ਗਿਆ।"
'ਬਿੰਦਰ' ਨੇ ਇਮਾਨਦਾਰ ਮੁਲਾਜ਼ਮ ਦੀ ਸਿਫ਼ਤ ਕਰਦਿਆਂ ਕਿਹਾ।
"ਇਹਦੇ ਵਾਂਗੂ ਤਾਇਆ, ਆ ਨੰਬਰਦਾਰਾਂ ਦੇ 'ਕਰਨੈਲ' ਦੀ ਇਹੋ ਸਿਫ਼ਤ ਆ, ਜਿਹੜਾ ਪੁਲਿਸ ਵਿਚ ਆ, ਮਜ਼ਾਲ ਆ ਕਿਸੇ ਨੂੰ ਉੱਚਾ ਨੀਵਾਂ ਬੋਲਜੇ ਜਾ ਕਿਸੇ ਤੋਂ ਕੁੱਝ ਲੈ ਲਵੇ।"
ਸੁਖਜਿੰਦਰ ਨੇ ਇਕ ਹੋਰ ਚੰਗੇ ਮੁਲਾਜ਼ਮ ਗੱਲ ਸਾਰਿਆਂ ਵਿੱਚ ਰੱਖੀ।
" ਦੇਖੋ ਆਪਾਂ ਸਾਰੇ ਜਾਣਦੇ ਹਾਂ, ਕਿਸੇ ਵੀ ਮਹਿਕਮੇ ਵਿੱਚ ਵਰਗ ਵਿੱਚ, ਸਾਰੇ ਲੋਕ ਮਾੜੇ ਨੀ ਹੁੰਦੇ, ਸਾਰੇ ਚੰਗੇ ਨੀ ਹੁੰਦੇ।
ਅੱਛਾ,ਹੋਰ ਵੇਖਲਾ ਇਹ ਹਰਾਮ ਦੀ ਕਮਾਈ ਪਚਦੀ ਕਿਸੇ ਕਿਸੇ ਦੇ ਆ, ਬਹੁਤਿਆਂ ਦੀ ਉਲਾਦ ਬਹੁਤ ਮਾੜੀ ਨਿੱਕਲਦੀ ਆ, ਫਲਾਣੇ ਨੂੰ ਵੇਖਲਾ, ਕਿਵੇਂ ਸਿੱਧੀਆਂ ਗਾਲਾਂ ਦਿੰਦਾ ਮੁੰਡਾ ਉਹਨੂੰ, ਕਿਸੇ ਨੂੰ ਉਠੇ ਬੈਠੇ ਨੁੰ ਵੀ ਨਹੀਂ ਦੇਖਦਾ।
ਅਖੀਰ ਪਛਤਾਉਂਦੇ ਫਿਰ ਇਹ ਵੀ ਬਹੁਤ ਨੇ,ਪਰ ਸਮਾਂ ਤਾਂ ਲੰਘ ਚੁੱਕਿਆ ਹੁੰਦਾ।"
ਚਾਨਣ ਸਿਉਂ ਨੇ ਚੁੱਪ ਤੋੜਦਿਆਂ ਪਿੰਡ ਦੇ ਭ੍ਰਿਸ਼ਟਾਚਾਰੀ ਰਹੇ ਇਕ ਅਫ਼ਸਰ ਦੀ ਗੱਲ ਦੱਸਦਿਆਂ ਕਿਹਾ।
"ਫ਼ਰੀਦਾ ਤੇਰੀ ਝੋਂਪੜੀ, ਗਲ ਕਟੀਅਨਿ ਕੇ ਪਾਸ।
ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ  ਭਿਆ ਉਦਾਸ।"
'ਅਜਮੇਰ ਸਿਉਂ' ਨੇ ਬਾਬਾ ਫ਼ਰੀਦ ਦਾ ਦੋਹਾਂ ਸੁਣਾਉਦਿਆਂ ਹੋ ਰਹੀ ਚਰਚਾ ਖ਼ਤਮ ਕਰਦਿਆਂ ਕਿਹਾ।

ਮੇਜਰ ਸਿੰਘ 'ਬੁਢਲਾਡਾ'
94176 42327

 'ਖ਼ੋਜੀ ਲੇਖਕ 'ਰੂਪ ਲਾਲ ਰੂਪ' -ਮੇਜਰ ਸਿੰਘ 'ਬੁਢਲਾਡਾ'

ਜਲੰਧਰ ਜ਼ਿਲ੍ਹੇ ਦੇ ਪਿੰਡ 'ਭੇਲਾਂ' ਵਿੱਚ,
ਹੋਇਆ ਖ਼ੋਜੀ ਲੇਖਕ 'ਰੂਪ ਲਾਲ' ਯਾਰੋ।
ਜਿਸਨੇ 'ਰਵਿਦਾਸ' ਜੀ ਦੇ ਉਤੇ 'ਖੋਜ' ਕੀਤੀ,
ਘੁੰਮਿਆਂ ਪੂਰਾ ਦੇਸ਼ ਲਾਕੇ 'ਦੋ ਸਾਲ' ਯਾਰੋ।
'ਗੁਰੂ ਰਵਿਦਾਸ ਪਰਗਾਸ' ਲਿਖਕੇ ਕਿਤਾਬ ਵੱਡੀ,
ਨਵੀਂ 'ਖੋਜ' ਕੀਤੀ ਕਾਇਮ ਮਿਸਾਲ ਯਾਰੋ।
ਗੁਰੂ 'ਰਵਿਦਾਸ' ਦੇ 'ਵਾਰਸ' ਅਖਵਾਉਣ ਵਾਲਿਆਂ ਨੂੰ,
ਸਭ ਨੂੰ ਪੜ੍ਹਨੀ ਚਾਹੀਦੀ 'ਰੀਝ' ਨਾਲ ਯਾਰੋ।
ਅਸਮਰੱਥ ਲੋਕ ਪੜ੍ਹਨ 'ਸਿੱਖ ਕੱਲਬ' ਨੈੱਟ ਉਤੇ,
ਸਮਰੱਥ ਲੋਕ ਖ਼ਰੀਦਣ ਲਈ ਹੋਣ ਦਿਆਲ ਯਾਰੋ।
'ਮੇਜਰ' ਇਤਿਹਾਸ ਵਿੱਚ ਰਲਾਇਆ 'ਮਿਥਿਹਾਸ' ਭਾਰੀ,
ਤੁਸੀਂ ਸਮਝਣ ਦੀ ਕਰ ਦਿਉ ਕਮਾਲ ਯਾਰੋ।
ਮੇਜਰ ਸਿੰਘ 'ਬੁਢਲਾਡਾ'
94176 42327

'ਗੁਰੂ ਗੋਬਿੰਦ' ਨੂੰ ਵਾਜਾਂ' - ਮੇਜਰ ਸਿੰਘ ਬੁਢਲਾਡਾ

ਉਹਨਾਂ ਲੋਕਾਂ ਤੇ ਬਣਦਾ ਤਰਸ ਕਰਨਾ,
ਜੋ 'ਗੁਰੂ ਗੋਬਿੰਦ' ਨੂੰ ਵਾਜਾਂ ਮਾਰਦੇ ਨੇ।
"ਕਲਗੀਆਂ ਵਾਲਿਆ ਮੁੜਕੇ ਪਾ ਫੇਰਾ,
ਜਾਲਮ ਫੇਰ ਉਡਾਰੀਆਂ ਮਾਰਦੇ ਨੇ।"

ਇਹ ਚਾਹੁੰਦੇ ਨੇ ਅਸਾਂ ਨਾ ਕੁਝ ਕਰੀਏ,
'ਗੁਰੂ' ਆਕੇ ਦੇਵੇ ਸਾਡਾ ਸਾਰ ਲੋਕੋ।
ਸਾਡੇ ਪਰਵਾਰ ਨੂੰ ਕੋਈ ਨਾ ਆਂਚ ਆਵੇ,
'ਗੁਰੂ' ਮੜ ਆਕੇ ਵਾਰੇ 'ਪਰਵਾਰ' ਲੋਕੋ।

ਭਰਾਵੋ, ਮੁੜਕੇ ਬਲਾਉਣ ਵਾਲਿਓ ਰਹਿਬਰਾਂ ਨੂੰ,
ਉਹ ਜੋ ਰਾਹ ਦੱਸ ਗ‌ਏ ਜਾਣੇ ਸੰਸਾਰ ਸਾਰਾ।
ਜ਼ੁਲਮ ਰੋਕਣ ਲਈ ਕਰਨਾ ਸੰਘਰਸ਼ ਪੈਂਦਾ,
'ਮੇਜਰ' ਵਾਰਨਾ ਪੈ ਜਾਂਦਾ 'ਪਰਵਾਰ' ਸਾਰਾ।

ਮੇਜਰ ਸਿੰਘ ਬੁਢਲਾਡਾ
94176 42327

 ਜਨਮ ਦਿਨ ਵਿਸ਼ੇਸ਼:- 'ਨਾ ਭੁੱਲਿਆ ਉਡਵਾਇਰ ਸੀ' - ਮੇਜਰ ਸਿੰਘ 'ਬੁਢਲਾਡਾ'

'ਵੀਹ' ਸਾਲਾਂ ਵਿੱਚ ਵੀ ਨਾ ਭੁੱਲਿਆ 'ਉਡਵਾਇਰ' ਸੀ।
'ਊਧਮ ਸਿੰਘ' ਨੇ ਲੰਡਨ ਜਾਕੇ ਕਰ ਦਿੱਤਾ ਢੇਰ ਸੀ।
ਸਾਂਵੇਂ ਦੁਸ਼ਮਣ ਤੇ ਲਾਇਆ ਬਿੰਨ ਕੇ ਨਿਸ਼ਾਨਾ ਸੀ।
ਸੂਰਮੇ ਨੇ ਨਾ ਮਾਰਿਆ ਨਿਰਦੋਸ਼ ਕੋਈ ਗ਼ੈਰ ਸੀ।
ਗ਼ਦਰੀ ਲਹਿਰ ਵਿੱਚ ਨਿੱਠ ਕੇ ਸੀ ਕੰਮ ਕੀਤਾ,
ਲੜਿਆ ਦੇਸ਼ ਦੀ ਅਜ਼ਾਦੀ ਲਈ ਸੂਰਮਾ ਦਲੇਰ ਸੀ।
ਫੜੇ ਗਏ ਹਥਿਆਰ, ਸਜ਼ਾ ਕੱਟਕੇ ਦੇਸ਼ ਲਈ,
ਮੱਠੀ ਨਾ ਪੈਣ ਦਿੱਤੀ ਅਜ਼ਾਦੀ ਵਾਲੀ ਲਹਿਰ ਸੀ।
'ਮੇਜਰ' ਅਨਕ ਵਾਰ ਕਰਾਂ ਪ੍ਰਣਾਮ ਇਹ ਸੂਰਮੇ ਨੂੰ,
ਦੇਸ਼ ਕੌਮ ਦੀ ਖਾਤਰ ਲਈ ਮੌਤ ਸਹੇੜ ਸੀ।

ਲੇਖਕ -ਮੇਜਰ ਸਿੰਘ 'ਬੁਢਲਾਡਾ'
94176 42327

'ਮੁੱਖ ਮੰਤਰੀ' ਸਾਹਿਬ! - ਮੇਜਰ ਸਿੰਘ ਬੁਢਲਾਡਾ

ਕੁਝ ਵਿਗੜੇ ਹੋਏ ਅਫ਼ਸਰ ਤੇ ਮੁਲਾਜ਼ਮ,
ਲੋਕਾਂ ਨੂੰ ਕਰਦੇ ਨੇ ਖੱਜਲ ਖੁਆਰ 'ਮਾਨਾਂ'!
    ਤਾਂ ਜੋ ਲੋਕਾਂ ਵਿੱਚ ਬਦਨਾਮ ਹੋ ਜਾਏ,
    ਪਹਿਲੀ ਵਾਰ ਬਣੀ 'ਆਪ' ਸਰਕਾਰ 'ਮਾਨਾਂ'!
ਵਿਰੋਧੀਆਂ ਦੇ ਹੱਕ ਵਿੱਚ ਸ਼ਰੇਆਮ ਭੁਗਤਣ,
'ਆਪ' ਵਰਕਰਾਂ ਨੂੰ ਨਾ ਦੇਣ ਸਤਿਕਾਰ 'ਮਾਨਾਂ'!
     ਆਮ ਲੋਕਾਂ ਦੇ ਸਹੀ ਨਾ ਕੰਮ ਕਰਦੇ,
     ਇਹਨਾਂ ਦੁਖੀ ਕੀਤੇ ਵਰਕਰ ਜ਼ਿੰਮੇਵਾਰ 'ਮਾਨਾਂ'!
ਮੁੱਖ ਮੰਤਰੀ ਸਾਹਿਬ ਕਰਵਾ ਲਵੋ ਸਰਵਾ,
ਗੱਲ ਦਿਉ ਨਾ ਐਵੇਂ ਨਕਾਰ 'ਮਾਨਾਂ'!
  ਵਰਕਰਾਂ ਨੂੰ ਮਿਲਣੇ ਚਾਹੀਦੇ ਨੇ ਹੱਕ ਪੂਰੇ,
  ਇਹ ਜਿਹਨਾਂ ਦੇ ਨੇ ਹੱਕਦਾਰ 'ਮਾਨਾਂ'!

ਮੇਜਰ ਸਿੰਘ ਬੁਢਲਾਡਾ
94176 42327

'ਹੰਕਾਰ ਨਾ ਹੁੰਦਾ'

ਜੇ ਤੇਰੇ ਵਿੱਚ ਹੰਕਾਰ ਨਾ ਹੁੰਦਾ।
ਕਿਸੇ ਤੇ ਤੇਰਾ ਵਾਰ ਨਾ ਹੁੰਦਾ।

ਹੱਕ ਸੱਚ ਤੇ ਖੜ੍ਹਦਾ ਸੱਜਣਾਂ,
ਕਿਸੇ ਦੇ ਉਤੇ ਭਾਰ ਨਾ ਹੁੰਦਾ।

ਲੱਗਣੇ ਸੀ ਸਭ ਆਪਣੇ ਤੈਨੂੰ,
ਮਾੜਾ ਤੇਰਾ ਵਿਵਹਾਰ ਨਾ ਹੁੰਦਾ।

ਲੋਕਾਂ ਵਿੱਚ ਤੇਰੀ ਕਦਰ ਸੀ ਹੋਣੀ,
ਜੇ ਮਾੜਾ ਤੇਰਾ ਕਿਰਦਾਰ ਨਾ ਹੁੰਦਾ।

ਮੇਜਰ ਸੱਚ ਦੇ ਰਸਤੇ ਚੱਲਣਾ ਸੀ,
ਜੇ ਝੂਠ ਨਾਲ ਪਿਆਰ ਨਾ ਹੁੰਦਾ।

ਮੇਜਰ ਸਿੰਘ ਬੁਢਲਾਡਾ
94176 42327

'ਫੇਸਬੁੱਕ ਬੋਲੀਆਂ' - ਮੇਜਰ ਸਿੰਘ ਬੁਢਲਾਡਾ

*ਬਈ ਫੇਸਬੁੱਕ ਮੰਚ ਮਿਲ ਗਿਆ ਸਾਨੂੰ,
ਜਿਥੇ ਮਨ ਮਰਜੀ ਦੀਆਂ ਪੋਸ਼ਟਾਂ ਪਾਈਏ।
ਸੱਜਣਾਂ ਨਾਲ ਦੁੱਖ-ਸੁੱੱਖ ਕਰਕੇ,
ਹੋਲੇ ਫੁੱਲ ਵਰਗੇ ਹੋ ਜਾਈਏ।
ਹੱਸੀਏ ਖੇਡੀਏ ਪਾਈਏ ਬੋਲੀਆਂ,
ਗੀਤ ਸ਼ੌਕ ਦੇ ਗਾਈਏ।
ਸੱਜਣੋ ਖੁਸ਼ ਰਹੀਏ,
ਨਾ ਕਿਸੇ ਦਿਲ ਦੁਖਾਈਏ।
ਸੱਜਣੋ ਖੁਸ਼ ਰਹੀਏ ...।
*ਫੇਸਬੁੱਕ ਮੰਚ ਮਿਲ ਗਿਆ ਸੱਜਣਾਂ,
ਦੇ ਲਾ ਸ਼ੌਂਕ ਦੇ ਗੇੜੇ।
ਦੂਰ ਦੁਰਾਡੇ ਬੈਠੇ ਸੱਜਣ,
ਕਰ ਦਿਤੇ ਨੇੜੇ ਨੇੜੇ।
ਚੰਗੇ ਮਿੱਤਰਾਂ ਨੂੰ,
ਚੰਗੇ ਮਿਲਦੇ ਮਿੱਤਰ ਵਧੇਰੇ।
ਚੰਗੇ ਮਿੱਤਰਾਂ ਨੂੰ...।
*ਫੇਸਬੁੱਕ ਮੰਚ ਮਿਲ ਗਿਆ ਸੱਜਣਾਂ,
ਇਥੇ ਮਿਲਦੇ ਮਿੱਤਰ ਵਧੇਰੇ।
ਬੜੇ ਗਿਆਨੀ ਧਿਆਨੀ ਇਥੇ,
ਮਿਲਦੇ ਬੁਝੜ ਵੀ ਲੋਕ ਵਧੇਰੇ।
ਇਹ ਤੈਨੇ ਤਹਿ ਕਰਨਾ,
ਮਿੱਤਰ ਬਣਾਉਣੇ ਕਿਹੜੇ?
ਇਹ ਤੈਨੇ ਤਹਿ ਕਰਨਾ...।
*ਫੇਸਬੁੱਕ ਇਕ ਦਰਿਆ ਦੇ ਵਾਂਗਰ,
ਜਿਥੇ 'ਹੰਸ' ਲੱਭਦੇ ਰਹਿੰਦੇ ਮੋਤੀ।
'ਬਗਲੇ' ਲੱਭਦੇ ਡੱਡੂ ਮੱਛੀਆਂ,
ਕਿਸਮਤ ਜਿੰਨ੍ਹਾਂ ਦੀ ਖੋਟੀ।
ਉਹਨਾਂ ਨੂੰ ਕੀ ਮਿਲਣਾ?
ਅਕਲ ਜਿੰਨ੍ਹਾਂ ਦੀ ਮੋਟੀ।
ਉਹਨਾਂ ਨੂੰ ਕੀ ਮਿਲਣਾ...।
ਮੇਜਰ ਸਿੰਘ ਬੁਢਲਾਡਾ
94176 42327