Mintu Brar

ਕੌਣ ਬਣੇਗਾ ਆਸਟ੍ਰੇਲੀਆ ਦਾ ਅਗਲਾ ਪ੍ਰਧਾਨ ਮੰਤਰੀ ........? - ਮਿੰਟੂ ਬਰਾੜ

ਸਕਾਟ ਮੋਰੀਸਨ ਬਨਾਮ ਐਂਥਨੀ ਐਲਬਨੀਜ਼


"ਸ਼ਨੀਵਾਰ 21 ਮਈ 2022 ਨੂੰ ਆਸਟ੍ਰੇਲੀਆ ਦੀਆਂ ਸੰਘੀ ਚੋਣਾਂ ਹੋਣ ਜਾਂ ਰਹੀਆਂ ਹਨ। ਜਿਨ੍ਹਾਂ ਵਿੱਚ ਮੁੱਖ ਮੁਕਾਬਲਾ ਲੇਬਰ ਅਤੇ ਲਿਬਰਲ ਪਾਰਟੀ ਵਿਚਲੇ ਹੈ। ਮੌਜੂਦਾ ਸਮੇਂ ਲਿਬਰਲ ਵੱਲੋਂ 'ਸਕਾਟ ਮੋਰੀਸਨ' ਪ੍ਰਧਾਨ ਮੰਤਰੀ ਹਨ। ਲੇਬਰ ਵੱਲੋਂ ਮੌਜੂਦਾ ਵਿਰੋਧੀ ਧਿਰ ਦੇ ਨੇਤਾ 'ਐਂਥਨੀ ਐਲਬਨੀਜ਼' ਪ੍ਰਧਾਨ ਮੰਤਰੀ ਦੇ ਦਾਅਵੇਦਾਰ ਹਨ। ਆਓ ਇੱਕ ਸਰਸਰੀ ਝਾਤ ਪਾਈਏ ਉਹਨਾਂ ਦੇ ਸਿਆਸੀ ਅਤੇ ਨਿੱਜੀ ਜੀਵਨ ਉੱਤੇ।"

ਆਸਟ੍ਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ .... ਕੀ ਰਿਹਾ ਘਾਟੇ ਦਾ ਸੌਦਾ....?

13 ਮਈ 1968 ਨੂੰ ਜਨਮੇ ਅਤੇ ਇਸੇ ਮਹੀਨੇ ਆਪਣਾ 54ਵਾਂ ਜਨਮ ਦਿਹਾੜਾ ਮਨਾਉਣ ਵਾਲੇ ਆਸਟ੍ਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਸਕਾਟ ਜੋਹਨ ਮੋਰੀਸਨ, ਜੋ ਕਿ ਲਿਬਰਲ ਪਾਰਟੀ ਦੇ 14ਵੇਂ ਨੇਤਾ ਹਨ ਅਤੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ। ਮੁੜ ਸੱਤਾ ਹਾਸਲ ਕਰਨ ਲਈ ਅੱਜ ਕੱਲ ਚੱਲ ਰਹੇ ਚੋਣ ਪ੍ਰਚਾਰ ਵਿੱਚ ਪੂਰੀ ਤਰ੍ਹਾਂ ਰੁੱਝੇ ਹੋਏ ਹਨ।
ਸਾਲ 2018, ਅਗਸਤ ਦਾ ਮਹੀਨਾ, ਸਕਾਟ ਮੋਰੀਸਨ ਵਾਸਤੇ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਇਹ ਵੀ ਇਕ ਸੱਚ ਹੈ ਕਿ ਉਹ ਜ਼ਾਤੀ ਤੌਰ ਤੇ ਚਮਤਕਾਰਾਂ ਵਿੱਚ ਵਿਸ਼ਵਾਸ ਵੀ ਰੱਖਦੇ ਹਨ। ਮੈਲਕਮ ਟਰਨਬੁੱਲ ਦਾ ਸੱਤਾ ਤੋਂ ਪਰ੍ਹਾਂ ਹੋ ਜਾਣਾ ਅਤੇ ਸਕਾਟ ਮੋਰੀਸਨ ਦਾ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਜਾਣਾ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਣਾ। ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।
ਸਿਡਨੀ ਦੇ ਵੇਵਰਲੇਅ ਵਿੱਚ, ਇੱਕ ਪੁਲਿਸ ਅਫ਼ਸਰ ਅਤੇ ਬਾਅਦ ਵਿੱਚ ਬਣੇ ਮੇਅਰ (ਸ੍ਰੀ ਜੋਹਨ ਡਗਲਸ ਮੋਰੀਸਨ) ਦੇ ਘਰ ਜਨਮੇ ਸਕਾਟ ਮੋਰੀਸਨ ਨੇ ਆਪਣੀ ਮੁੱਢਲੀ ਸਿੱਖਿਆ ਸਿਡਨੀ ਵਿੱਚ ਹੀ ਹਾਸਲ ਕੀਤੀ। ਫੇਰ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਤੋਂ ਭੂਗੋਲਿਕ ਅਰਥ-ਸ਼ਾਸਤਰ ਦੇ ਵਿਸ਼ਿਆਂ ਨਾਲ ਗ੍ਰੈਜੂਏਸ਼ਨ ਕੀਤੀ। ਸਕਾਟ ਮੋਰੀਸਨ ਦਾ ਪਿਛੋਕੜ ‘ਵਿਲੀਅਮ ਰਾਬਟਸ’ ਨਾਲ ਜੁੜਦਾ ਹੈ ਜੋ ਕਿ ਸਾਲ 1788 ਦੌਰਾਨ ਅਸਟ੍ਰੇਲੀਆ ਵਿੱਚ ਧਾਗਾ ਚੋਰੀ ਕਰਕੇ ਲਿਆਇਆ ਸੀ ਅਤੇ ਫੜਿਆ ਗਿਆ ਸੀ। ਬਾਅਦ ਵਿੱਚ ਉਸ ਨੂੰ ਸਜ਼ਾ ਵੀ ਹੋਈ ਸੀ।
ਸਕਾਟ ਮੋਰੀਸਨ 'ਪ੍ਰਰੈਸਬੇਟੇਰੀਅਨ ਚਰਚ ਆਫ਼ ਆਸਟ੍ਰੇਲੀਆ' (ਪੀ.ਸੀ.ਏ.) ਨੂੰ ਮੰਨਣ ਵਾਲੇ ਹਨ। ਕੱਟੜ ਧਾਰਮਿਕ ਹੋਣ ਕਾਰਨ ਉਹ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਆਸਟ੍ਰੇਲੀਆਈ ਧਰਤੀ ਉਪਰ ਧਰਮ ਦੇ ਨਾਂ ਤੇ ਖ਼ਾਸ ਕੰਮ ਕਰਨ ਲਈ ਭੇਜਿਆ ਹੈ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਉਕਤ ਬਿਆਨ ਦਾ ਮਤਲਬ ਇੰਝ ਸਮਝਾਇਆ ਸੀ ਕਿ "ਆਪਾਂ ਜੋ ਵੀ ਨਿੱਤ ਪ੍ਰਤੀ ਦਿਨ ਕਰਦੇ ਹਾਂ ਉਹ ਕ੍ਰਿਸਚਨ ਹੋਣ ਦੇ ਨਾਤੇ ਧਾਰਮਿਕ ਹੁੰਦਾ ਹੈ ਅਤੇ ਪ੍ਰਮਾਤਮਾ ਦੇ ਹੁਕਮ ਨਾਲ ਹੀ ਹੁੰਦਾ ਹੈ।"
ਉਨ੍ਹਾਂ ਦਾ ਵਿਆਹ ਸਾਲ 1990 ਵਿੱਚ ਜੈਨੀ ਵੈਰੇਨ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ (ਜੁੜਵਾਂ ਬੇਟੀਆਂ) ਹਨ।
ਸਾਲ 1989 ਤੋਂ 1995 ਤੱਕ ਉਹ ਨੈਸ਼ਨਲ ਪਾਲਿਸੀ ਦੇ ਤਹਿਤ ਬਤੌਰ ਖੋਜ ਮੈਨੇਜਰ ਕੰਮ ਕਰਦੇ ਰਹੇ। ਸਾਲ 1998 ਵਿੱਚ ਉਹ ਨਿਊਜ਼ੀਲੈਂਡ ਚਲੇ ਗਏ ਅਤੇ 2000 ਤੱਕ ਉਹ ਨਿਊਜ਼ੀਲੈਂਡ ਦੇ ਟੂਰਿਜ਼ਮ ਅਤੇ ਖੇਡ ਵਿਭਾਗ ਵਿਚ ਬਤੌਰ ਡਾਇਰੈਕਟਰ ਰਹੇ। ਫੇਰ ਸਾਲ 2004 ਤੋਂ 2006 ਤੱਕ ਉਹ ਟੂਰਿਜ਼ਮ ਆਸਟ੍ਰੇਲੀਆ ਦੇ ਮੈਨੇਜਿੰਗ ਡਾਇਰੈਕਟਰ ਵੀ ਰਹੇ। ਇਸ ਦੌਰਾਨ ਉਨ੍ਹਾਂ ਦੇ ਸਬੰਧ ਨਿਊਜ਼ੀਲੈਂਡ ਦੇ ਸੈਰ-ਸਪਾਟਾ ਮੰਤਰੀ ਮੁਰੈ ਮੈਕਲੀ ਨਾਲ ਕਾਫ਼ੀ ਨਜ਼ਦੀਕੀ ਹੋ ਚੁੱਕੇ ਸਨ।
ਸਾਲ 2000 ਵਿੱਚ ਉਹ ਆਸਟ੍ਰੇਲੀਆ ਵਾਪਸ ਪਰਤ ਆਏ ਅਤੇ ਨਿਊ ਸਾਊਥ ਵੇਲਜ਼ ਰਾਜ ਵਿਚਲੀ ਲਿਬਰਲ ਪਾਰਟੀ ਡਿਵੀਜ਼ਨ ਦੇ ਨਿਰਦੇਸ਼ਕ ਬਣ ਗਏ। ਰਾਜਨੀਤਿਕ ਸੋਚ ਸਮਝ ਰੱਖਣ ਵਾਲੇ ਸਕਾਟ ਮੋਰੀਸਨ, ਸਾਲ 2007 ਦੌਰਾਨ ਦੇਸ਼ ਦੇ ਹਾਊਸ ਆਫ਼ ਰਿਪ੍ਰੀਜ਼ੈਂਟੇਟਿਵ ਵਿੱਚ ਚੁਣੇ ਗਏ ਅਤੇ ਐੱਮ.ਪੀ. ਬਣ ਕੇ ਪਾਰਲੀਮੈਂਟ ਵਿੱਚ ਪਹੁੰਚੇ। ਸਾਲ 2013 ਵਿੱਚ ਲਿਬਰਲ ਪਾਰਟੀ ਨੇ ਨੈਸ਼ਨਲਾਂ ਨਾਲ ਗਠਜੋੜ ਕਰ ਲਿਆ ਅਤੇ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ। ਉਸ ਸਮੇਂ ਬਣੀ 'ਟੋਨੀ ਐਬਟ' ਸਰਕਾਰ ਵਿੱਚ ਸਕਾਟ ਮੋਰੀਸਨ ਨੂੰ ਇਮੀਗ੍ਰੇਸ਼ਨ ਅਤੇ ਬਾਰਡਰਾਂ ਦੀ ਸੁਰੱਖਿਆ ਵਾਲੇ ਵਿਭਾਗ ਦਾ ਮੰਤਰੀ ਬਣਾਇਆ ਗਿਆ। ਇਸ ਤੋਂ ਅਗਲੇ ਸਾਲ ਉਹ ਸਦਨ ਦੇ ਅੰਦਰੂਨੀ ਬਦਲਾਵਾਂ ਕਾਰਨ ਸਮਾਜਿਕ ਸੇਵਾਵਾਂ ਦੇ ਮੰਤਰੀ ਬਣਾ ਦਿੱਤੇ ਗਏ।
ਸਤੰਬਰ 2015 ਵਿੱਚ ਰਾਜਨੀਤਿਕ ਉਥੱਲ-ਪਥੱਲ ਹੋਈ ਅਤੇ ਪ੍ਰਧਾਨ ਮੰਤਰੀ 'ਐਬਟ' ਨੂੰ ਹਟਾ ਕੇ 'ਮੈਲਕਮ ਟਰਨਬੁੱਲ' ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਅਤੇ ਇਸੇ ਉਥੱਲ-ਪਥੱਲ ਦੇ ਚੱਲਦਿਆਂ, ਲਿਬਰਲ ਪਾਰਟੀ ਮੁੜ ਤੋਂ ਸਮੇਂ ਦੇ ਗੇੜ ਵਿੱਚ ਆ ਗਈ ਅਤੇ ਘਰੇਲੂ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਨੇ ਮੈਲਕਮ ਟਰਨਬੁੱਲ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਨੂੰ ਚੁਨੌਤੀ ਦੇ ਦਿੱਤੀ। ਭਾਵੇਂ ਇਹ ਚੁਨੌਤੀ ਅਸਰਦਾਰ ਸਾਬਤ ਨਾ ਹੋਈ। ਪਰੰਤੂ ਪਾਰਟੀ ਵਿੱਚ ਕਿਉਂਕਿ ਅ-ਵਿਸ਼ਵਾਸ ਪੈਦਾ ਹੋ ਹੀ ਚੁੱਕਿਆ ਸੀ ਇਸ ਲਈ ਲਿਬਰਲ ਪਾਰਟੀ ਨੇ ਦੋਬਾਰਾ ਤੋਂ ਲੀਡਰਸ਼ਿਪ ਦੀਆਂ ਚੋਣਾਂ ਕਰਵਾਉਣ ਦਾ ਸਿਰਫ਼ ਫ਼ੈਸਲਾ ਹੀ ਨਹੀਂ ਲਿਆ ਸਗੋਂ ਮੈਲਕਮ ਟਰਨਬੁੱਲ ਨੂੰ 'ਨਾਟ ਟੂ ਸਟੈਂਡ' ਵਾਲੀ ਸਥਿਤੀ ਵਿੱਚ ਖੜ੍ਹਾ ਕਰ ਦਿੱਤਾ ਗਿਆ।
ਇਸ ਖ਼ਾਨਾ-ਜੰਗੀ ਦੌਰਾਨ ਭਾਵੇਂ ਪੀਟਰ ਡਟਨ ਅਤੇ ਜੂਲੀ ਬਿਸ਼ਪ ਵੀ ਜਿੱਤ ਨਹੀਂ ਸਕੇ ਪਰੰਤੂ ਇਸ ਕਸ਼ਮਕਸ਼ ਦੌਰਾਨ ਸਕਾਟ ਮੋਰੀਸਨ ਇੱਕ -ਸਮਝੌਤੇ ਦਾ ਉਮੀਦਵਾਰ ਭਾਵ 'ਕੰਪਰੋਮਾਈਜ਼ਡ ਕੈਂਡੀਡੇਟ' ਦੇ ਤੌਰ ਤੇ ਅੱਗੇ ਆ ਗਏ ਅਤੇ ਵਕਤੀ ਤੌਰ ਰਾਜ-ਸੱਤਾ ਦੀ ਡੋਰ ਸਕਾਟ ਮੋਰੀਸਨ ਨੂੰ ਸਾਂਭਦਿਆਂ, ਆਸਟ੍ਰੇਲੀਆ ਦਾ 30ਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ।
ਇਹ ਰਾਜਨੀਤਿਕ ਸਚਾਈ ਹੈ ਕਿ ਸੱਤਾ ਕੁਰਸੀ ਤੱਕ ਪਹੁੰਚਣ ਵਾਲੇ ਰਾਹ ਅਤੇ ਸੋਚ ਵਿਚਾਰ ਕੁੱਝ ਹੋਰ ਹੀ ਹੁੰਦੇ ਹਨ। ਪਰੰਤੂ ਸੱਤਾ ਵਾਲੀ ਕੁਰਸੀ ਤੇ ਬੈਠਦਿਆਂ ਹੀ ਜੋ ਕੁੱਝ ਦਿਖਾਈ ਦੇਣ ਲੱਗਦਾ ਹੈ। ਪ੍ਰਧਾਨ ਮੰਤਰੀ ਬਣਦਿਆਂ ਹੀ ਸਕਾਟ ਮੋਰੀਸਨ ਸਾਹਮਣੇ ਬਹੁਤ ਸਾਰੀਆਂ ਨਵੀਂਆਂ ਨਵੀਂਆਂ ਚੁਨੌਤੀਆਂ ਨੇ ਕੇਵਲ ਸਿਰ ਹੀ ਨਹੀਂ ਕੱਢਿਆ, ਸਗੋਂ ਉਨ੍ਹਾਂ ਦੇ ਸਿਰੇ ਤੇ ਪਹੁੰਚੇ ਰਾਜਨੀਤਿਕ ਕੈਰੀਅਰ ਨੂੰ ਠੇਸ ਲਗਾਉਣੀ ਵੀ ਸ਼ੁਰੂ ਕਰ ਦਿੱਤੀ।
ਇਕ ਤਾਂ ਸਾਲ 2019 ਵਾਲੀਆਂ ਚੋਣਾਂ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਦੂਜਾ ਕੁਦਰਤੀ ਆਫ਼ਤ, ਜੰਗਲ ਦੀ ਅੱਗ ਕਾਰਨ (2019-2022), ਜਦੋਂ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਤਾਂ ਪ੍ਰਧਾਨ ਮੰਤਰੀ ਸਾਹਿਬ ਆਪਣੇ ਪਰਿਵਾਰ ਸਮੇਤ ਛੁੱਟੀਆਂ ਦਾ ਅਨੰਦ ਮਾਣ ਰਹੇ ਸਨ। ਇਸ ਕਾਰਨ ਪਾਰਟੀ ਨੂੰ ਸ਼ਰਮੰਦਗੀ  ਦਾ ਸਾਹਮਣਾ ਕਰਨਾ ਪਿਆ ਅਤੇ ਜੰਗਲ ਦੀ ਅੱਗ ਵਾਲੇ ਉਸ ਸੀਜ਼ਨ ਦਾ ਸਾਰਾ ਖ਼ਮਿਆਜ਼ਾ ਪ੍ਰਧਾਨ ਮੰਤਰੀ ਦੀ ਕਾਰਜ-ਕੁਸ਼ਲਤਾ ਨੂੰ ਪ੍ਰਭਾਵਿਤ ਕਰਦਾ ਦਿਖਾਈ ਦਿੰਦਾ ਹੈ।
ਫੇਰ ਕਰੋਨਾ ਕਾਲ ਆ ਗਿਆ। ਪਹਿਲਾਂ ਤਾਂ ਸਮੁੱਚੇ ਸੰਸਾਰ ਵਿੱਚ ਆਸਟ੍ਰੇਲੀਆਈ ਸਰਕਾਰ ਦੀ ਵਾਹ-ਵਾਹ ਹੋ ਗਈ ਕਿ ਦੇਸ਼ ਅੰਦਰ ਕਰੋਨਾ ਤੋਂ ਬਚਾਓ ਲਈ ਵਧੀਆ ਕਾਰਜ ਮੋਰੀਸਨ ਸਰਕਾਰ ਵੱਲੋਂ ਕੀਤੇ ਗਏ ਹਨ। ਪਰੰਤੂ ਨਾਲ ਹੀ ਇਸ ਦੌਰਾਨ ਕਰੋਨਾ ਮਰੀਜ਼ਾਂ ਦੀ ਦੇਖਭਾਲ, ਬਾਕੀ ਸਮਾਜ ਦਾ ਕਰੋਨਾ ਤੋਂ ਬਚਾਓ, ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਅਤੇ ਇਸ ਨਾਲ ਜੋ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ -ਉਸ ਦੀ ਭਰਪਾਈ ਪੂਰੀ ਨਾ ਕਰਨ, ਸਹੀ ਬੱਧ ਤਰੀਕਿਆਂ ਨਾਲ ਮੁਆਵਜ਼ੇ ਤੈਅ ਨਾ ਕਰਨ, ਸਮੇਂ ਸਿਰ ਸਹਾਇਤਾ ਨਾ ਮਿਲਣ ਆਦਿ ਦੇ ਦੋਸ਼ ਵੀ ਸਰਕਾਰ ਉਪਰ ਲੱਗੇ।
ਕੋਵਿਡ-19 ਵੈਕਸੀਨ ਦੀ ਖ਼ਰੀਦ ਤੋਂ ਲੈ ਕੇ ਵਿਤਰਨ ਆਦਿ ਤੱਕ ਬਹੁਤ ਸਾਰੀਆਂ ਖ਼ਾਮੀਆਂ ਪਾਈਆਂ ਗਈਆਂ ਅਤੇ ਇਸ ਨੇ ਵੀ ਮੋਰੀਸਨ ਸਰਕਾਰ ਦੀ ਕਾਰਜ-ਕੁਸ਼ਲਤਾ ਉਪਰ ਸਵਾਲ ਖੜ੍ਹੇ ਕੀਤੇ।
ਦੇਸ਼ ਦੀ ਪਾਰਲੀਮੈਂਟ ਦੇ ਅੰਦਰ, ਮਹਿਲਾਵਾਂ ਨਾਲ ਹੋਏ ਸ਼ੋਸ਼ਣ ਦੀ ਜਦੋਂ ਪੋਲ ਖੁੱਲ੍ਹੀ ਤਾਂ ਇਸ ਨਾਲ ਵੀ ਮੌਜੂਦਾ ਸਰਕਾਰ ਦੇ ਅਕਸ ਤੇ ਬੁਰੀ ਤਰ੍ਹਾਂ ਠਾਹ ਲੱਗੀ ਅਤੇ ਕਈ ਮੰਤਰੀਆਂ ਅਤੇ ਹੋਰ ਸਟਾਫ਼ ਮੈਂਬਰਾਂ ਉਪਰ ਵੀ ਮਹਿਲਾਵਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ।
ਬਾਹਰੀ ਦੇਸ਼ਾਂ ਦੇ ਤਾਲਮੇਲ ਸਬੰਧੀ ਨੀਤੀਆਂ ਦੌਰਾਨ, ਮੋਰੀਸਨ ਸਰਕਾਰ ਨੇ ਭਾਵੇਂ ਔਕਸ (ਆਸਟ੍ਰੇਲੀਆ, ਯੂ.ਕੇ. ਅਤੇ ਅਮਰੀਕਾ) ਦਰਮਿਆਨ ਸੰਧੀ ਹੋਈ ਅਤੇ ਪ੍ਰਮਾਣੂ ਪਣਡੁੱਬੀਆਂ ਖ਼ਰੀਦਣ ਦਾ ਫ਼ੈਸਲਾ ਹੋਇਆ। ਪਰੰਤੂ ਇਸ ਨਾਲ ਫਰਾਂਸ ਦੇ ਸਬੰਧ ਆਸਟ੍ਰੇਲੀਆ ਨਾਲ ਖਟਾਈ ਵਿੱਚ ਪੈ ਗਏ। ਕਿਉਂਕਿ ਪਹਿਲਾਂ ਵਾਲਾ ਸਮਝੌਤਾ ਆਸਟ੍ਰੇਲੀਆ ਦਾ ਫਰਾਂਸ ਨਾਲ ਚੱਲ ਰਿਹਾ ਸੀ। ਇਸ ਦੇ ਨਾਲ ਹੀ ਕੋਵਿਡ ਕਾਲ ਦਾ ਸਾਰਾ ਕਸੂਰ ਚੀਨ ਦਾ ਕੱਢਣ ਕਾਰਨ ਅਤੇ ਚੀਨ ਨੂੰ ਕਰੋਨਾ ਦਾ ਸਿੱਧਾ ਜ਼ਿੰਮੇਵਾਰ ਠਹਿਰਾਏ ਜਾਣ ਕਾਰਨ -ਆਸਟ੍ਰੇਲੀਆ, ਫਰਾਂਸ ਅਤੇ ਚੀਨ ਦੇ ਆਪਸੀ ਸੰਬੰਧਾਂ ਵਿੱਚ ਵਿਗਾੜ ਪੈ ਗਿਆ।
ਸ਼ਰਨਾਰਥੀਆਂ ਪ੍ਰਤੀ ਅਪਣਾਏ ਗਏ ਆਪਣੇ ਰੁਖ਼ ਲਈ ਵੀ ਸਰਕਾਰ ਦਾ ਜਨਤਕ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ।
ਸ਼ਰਨਾਰਥੀ ਕੈਂਪਾਂ ਵਿੱਚ ਰੱਖੇ ਗਏ ਦੂਸਰੇ ਦੇਸ਼ਾਂ ਤੋਂ ਆਏ ਲੋਕਾਂ ਪ੍ਰਤੀ ਸਰਕਾਰ ਦਾ ਵਧੀਆ ਰਵੱਈਆ ਨਹੀਂ ਹੈ ਅਤੇ ਉਨ੍ਹਾਂ ਨਾਲ ਇਨਸਾਨਾਂ ਵਰਗਾ ਵਰਤਾਓ ਨਹੀਂ ਕੀਤਾ ਜਾ ਰਿਹਾ, ਇਸ ਬਾਰੇ ਵੀ ਮੋਰੀਸਨ ਸਰਕਾਰ ਉਪਰ ਲਗਾਤਾਰ ਇਲਜ਼ਾਮ ਲੱਗਦੇ ਰਹੇ ਹਨ|
ਤਾਲਿਬਾਨ ਦੇ ਅਫ਼ਗ਼ਾਨ ਉਪਰ ਕਬਜ਼ੇ ਨੇ ਇੱਕ ਹੋਰ ਬਖੇੜਾ ਖੜ੍ਹਾ ਕਰ ਦਿੱਤਾ। ਅਫ਼ਗ਼ਾਨਿਸਤਾਨ ਦੀ ਲੜਾਈ ਦੌਰਾਨ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦੀ ਮਦਦ ਲਈ ਬਹੁਤ ਸਾਰੇ ਅਫ਼ਗ਼ਾਨ ਦੋ-ਭਾਸ਼ੀਏ -ਤਾਲੀਬਾਨਾਂ ਦੇ ਖ਼ਿਲਾਫ਼ ਖੜ੍ਹੇ ਹੋਏ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋਏ ਬਾਇਡਨ ਦੀ ਚੋਣ ਹੁੰਦਿਆਂ ਹੀ ਅਫ਼ਗ਼ਾਨਿਸਤਾਨ ਵਿੱਚੋਂ ਅਮਰੀਕੀ ਸੈਨਾਵਾਂ ਨੂੰ ਵਾਪਸ ਬੁਲਾ ਲਿਆ ਗਿਆ ਅਤੇ ਤਾਲੀਬਾਨਾਂ ਦਾ ਅਫ਼ਗ਼ਾਨਿਸਤਾਨ ਉਪਰ ਕਬਜ਼ਾ ਹੋ ਗਿਆ। ਉਹ ਅਫ਼ਗ਼ਾਨ ਨਾਗਰਿਕ, ਜਿਨ੍ਹਾਂ ਨੇ ਆਸਟ੍ਰੇਲੀਆਈ ਫ਼ੌਜਾਂ ਅਤੇ ਹੋਰ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦੀ ਮਦਦ ਕੀਤੀ ਸੀ, ਉਹਨਾਂ ਨੇ ਆਪਣੀ ਜਾਨ ਦੀ ਗੁਹਾਰ ਲਗਾਈ ਅਤੇ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਨੂੰ ਵੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉੱਥੋਂ ਕੱਢਣ ਅਤੇ ਰਾਜਨੀਤਿਕ ਸ਼ਰਨ ਦੇਣ ਦੀ ਮੰਗ ਰੱਖੀ ਸੀ। ਆਸਟ੍ਰੇਲਿਆਈ ਸਰਕਾਰ ਨੇ ਇਸ ਪਾਸੇ ਧਿਆਨ ਤਾਂ ਦਿੱਤਾ ਪਰੰਤੂ ਦੂਸਰੇ ਦੇਸ਼ਾਂ (ਬ੍ਰਿਟੇਨ ਅਤੇ ਅਮਰੀਕਾ) ਦੇ ਮੁਕਾਬਲਤਨ ਇਹ ਧਿਆਨ ਬਹੁਤ ਹੀ ਹੌਲੀ-ਹੌਲੀ ਅਤੇ ਘੱਟ ਦਿਖਾਈ ਦਿੱਤਾ। ਇਸ ਬਾਰੇ ਵੀ ਮੋਰੀਸਨ ਸਰਕਾਰ ਨੁਕਤਾਚੀਨੀਆਂ ਝੱਲ ਰਹੀ ਹੈ।
ਰੂਸ ਦੇ ਯੁਕਰੇਨ ਉਪਰ ਹਮਲੇ ਕਾਰਨ ਆਸਟ੍ਰੇਲਿਆਈ ਸਰਕਾਰ ਨੇ ਯੁਕਰੇਨ ਦਾ ਸਾਥ ਦਿੱਤਾ ਅਤੇ ਇੰਗਲੈਂਡ ਅਤੇ ਅਮਰੀਕਾ ਅਤੇ ਹੋਰ ਯੂਰਪੀ ਦੇਸ਼ਾਂ ਦੀ ਤਰਜ਼ ਤੇ ਯੁਕਰੇਨ ਨੂੰ ਹਥਿਆਰ ਸਪਲਾਈ ਕੀਤੇ ਅਤੇ ਹੋਰ ਮਦਦ ਵੀ ਕੀਤੀ।
ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਹਮੇਸ਼ਾ ਤੋਂ ਹੀ ਮਿੱਤਰ ਦੇਸ਼ ਰਹੇ ਹਨ ਅਤੇ ਬਹੁਤ ਸਾਰੀਆਂ ਸਾਂਝੀਆਂ ਨੀਤੀਆਂ ਦੇ ਪਾਲਕ ਵੀ ਰਹੇ ਹਨ। ਪਰੰਤੂ ਜਦੋਂ ਮੋਰੀਸਨ ਸਰਕਾਰ ਨੇ ਇਹ ਫ਼ੈਸਲਾ ਲਿਆ ਕਿ ਜੇਕਰ ਕੋਈ ਨਿਊਜ਼ੀਲੈਂਡ ਦਾ ਵਸਨੀਕ ਜੋ ਕਿ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ, ਜੇਕਰ ਇੱਥੇ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਡੀ ਪੋਰਟ ਕਰਕੇ ਨਿਊਜ਼ੀਲੈਂਡ ਭੇਜ ਦਿੱਤਾ ਜਾਵੇਗਾ। ਇਸ ਫ਼ੈਸਲੇ ਦਾ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ‘ਜੈਸਿੰਡਾ ਆਰਡਰਨ’ ਨੇ ਡਟ ਕੇ ਵਿਰੋਧ ਕੀਤਾ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੀ ਮਿੱਤਰਤਾ ਵਿੱਚ ਥੋੜ੍ਹੀ ਖਟਾਸ ਵੀ ਪੈਦਾ ਹੋਈ।
ਇਸ ਤੋਂ ਪਹਿਲਾਂ ਸਰਕਾਰ ਦਾ ਦੋਹਰੀ ਨਾਗਰਿਕਤਾ ਵਾਲਾ ਫ਼ੈਸਲਾ ਵੀ ਬਹੁਤ ਸਾਰੀਆਂ ਅੜਚਣਾਂ ਆਦਿ ਖੜ੍ਹੀਆਂ ਕਰ ਗਿਆ ਅਤੇ ਕਾਫ਼ੀ ਲੋਕਾਂ ਨੂੰ ਆਪਣੇ ਪਦ-ਭਾਰ ਇਸ ਤਹਿਤ ਛੱਡਣੇ ਪਏ ਅਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਸਿੱਧਾ ਅਸਰ ਸਕਾਟ ਮੋਰੀਸਨ ਸਰਕਾਰ ਦੀਆਂ ਰਣਨੀਤੀਆਂ ਨੂੰ ਗ਼ਲਤ ਗਰਦਾਨਣ ਵਿੱਚ ਹੀ ਪਿਆ ਅਤੇ ਵਿਰੋਧੀ ਲਗਾਤਾਰ ਸਿਰ ਚੁੱਕਦੇ ਰਹੇ।
ਦੇਸ਼ ਅੰਦਰ ਸਭ ਤੋਂ ਜ਼ਿਆਦਾ ਅਸਰ ਲੋਕਾਂ ਉਪਰ ਹੜ੍ਹਾਂ ਆਦਿ ਨਾਲ ਪਿਆ। ਇਸ ਸਾਲ 2022 ਦੇ ਸ਼ੁਰੂ ਵਿੱਚ ਹੀ ਹੜ੍ਹਾਂ ਨੇ ਕਾਫ਼ੀ ਤਬਾਹੀ ਮਚਾਈ ਅਤੇ ਲੋਕਾਂ ਨੇ ਸਿੱਧੇ ਤੌਰ ਤੇ ਮੋਰੀਸਨ ਸਰਕਾਰ ਨੂੰ ਹੀ ਇਸ ਦਾ ਦੋਸ਼ੀ ਐਲਾਨ ਦਿੱਤਾ ਅਤੇ ਸਾਫ਼ ਤੌਰ ਤੇ ਕਿਹਾ ਕਿ ਮੋਰੀਸਨ ਸਰਕਾਰ ਦਾ 'ਵਾਤਾਵਰਣ ਬਦਲ' ਸਬੰਧੀ ਕੋਈ ਵੀ ਧਿਆਨ ਨਹੀਂ ਹੈ।
ਅੰਦਰੂਨੀ  ਕਲੇਸ਼ : ਮੋਰੀਸਨ ਸਰਕਾਰ ਨੂੰ ਆਪਣਿਆਂ ਵੱਲੋਂ ਵੀ ਬਹੁਤ ਸਾਰੇ ਵਿਰੋਧੀ ਕਮੈਂਟਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਹਿਲਾਂ ਤਾਂ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਹੀ ਔਕਸ ਸਮਝੌਤੇ ਕਾਰਨ ਫਰਾਂਸ ਨਾਲ ਸਬੰਧ ਵਿਗੜਨ ਕਾਰਨ ਸਕਾਟ ਮੋਰੀਸਨ ਨੂੰ ਲਤਾੜਿਆ। ਨਿਊ ਸਾਊਥ ਵੇਲਜ਼ ਰਾਜ ਦੀ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਸਕਾਟ ਮੋਰੀਸਨ ਨੂੰ ਸਿੱਧੇ ਤੌਰ ਤੇ 'ਖ਼ਤਰਨਾਕ' ਦੱਸਿਆ ਅਤੇ ਕਿਹਾ ਕਿ ਇਸ ਬੰਦੇ ਦਾ ਦਿਮਾਗ਼ ਸੰਤੁਲਿਤ ਹੀ ਨਹੀਂ ਹੈ।
ਵਧੀਕ ਪ੍ਰਧਾਨ ਮੰਤਰੀ -ਬਾਰਨਾਬੇ ਜਾਇਸੀ ਨੇ ਇੱਕ ਮੈਸੇਜ ਕੀਤਾ, 'ਪ੍ਰਧਾਨ ਮੰਤਰੀ ਸਕਾਟ ਮੋਰੀਸਨ ਉਪਰ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਇੱਕ ਨੰਬਰ ਦਾ ਝੂਠਾ ਹੈ' ਅਤੇ ਇਸ ਨਾ ਚਾਹੁੰਦੇ ਹੋਏ ਵੀ 'ਲੀਕ' ਹੋ ਗਏ ਸੰਦੇਸ਼ ਨੇ ਵੀ ਕਾਫ਼ੀ ਤਰਥੱਲੀ ਮਚਾਈ ਅਤੇ ਸਕਾਟ ਮੋਰੀਸਨ ਦਾ ਅਕਸ ਹੋਰ ਵੀ ਖ਼ਰਾਬ ਕੀਤਾ।
ਲਿਬਰਲ ਸੈਨੇਟਰ ਕੰਸੇਟਾ ਫਿਅਰਾਵੰਟੀ ਵੇਲਜ਼ ਨੇ ਤਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ 'ਤਾਨਾਸ਼ਾਹ' ਤੱਕ ਕਰਾਰ ਦੇ ਦਿੱਤਾ ਅਤੇ ਕਿਹਾ ਕਿ ਇਹ ਸ਼ਖ਼ਸੀਅਤ ਤਾਂ 'ਪ੍ਰਧਾਨ ਮੰਤਰੀ ਆਫ਼ਿਸ' ਦੇ ਕਾਬਲ ਹੀ ਨਹੀਂ ਹੈ।
ਦੇਸ਼ ਦੁਨੀਆ ਦੀ ਰਾਜਨੀਤੀ ਅਤੇ ਹੋਰ ਕਾਰਜਾਂ ਨੂੰ ਦੇਖਦਿਆਂ ਇਹ ਤਾਂ ਸਪਸ਼ਟ ਹੋ ਹੀ ਜਾਂਦਾ ਹੈ ਕਿ ਇੱਕ ਵਿਅਕਤੀ ਜੋ ਕਿ ਸੱਤਾ ਜਾਂ ਕੁੱਝ ਵੀ ਹਾਸਲ ਕਰਨ ਵਾਸਤੇ ਜੋ ਸੰਘਰਸ਼ ਕਰਦਾ ਹੈ, ਜੋ ਸਚਾਈਆਂ ਪ੍ਰਗਟ ਕਰਦਾ ਹੈ, ਜੋ ਕੰਮ ਕਾਜ ਜਾਂ ਹੀਲੇ ਵਸੀਲੇ ਵਰਤ ਕੇ ਜਾਂ ਇਹ ਕਹਿ ਲਵੋ ਕਿ ਜੋ ਵਿਚਾਰਧਾਰਾ ਅਤੇ ਸੁਫ਼ਨੇ ਜਨਤਾ ਨੂੰ ਦਿਖਾ ਕੇ ਸੱਤਾ ਵਿੱਚ ਆਉਂਦਾ ਹੈ -ਅਕਸਰ ਹੀ ਉਹ ਪੂਰੇ ਨਹੀਂ ਹੁੰਦੇ ਅਤੇ ਰਾਜਨੀਤਿਕ ਲੋਕ ਆਪਣੀਆਂ ਖੇਡਾਂ ਖੇਡਣ ਵਿੱਚ ਹੀ ਮਸਰੂਫ਼ ਰਹਿੰਦੇ ਹਨ।ਕੌਣ ਹਨ 'ਐਂਥਨੀ ਐਲਬਨੀਜ਼'......?
ਕੀ ਉਹ ਬਣ ਸਕਦੇ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ?

2 ਮਾਰਚ, 1963 ਨੂੰ ਜਨਮੇ ਐਂਥਨੀ ਐਲਬਨੀਜ਼, ਦੀ ਜੀਵਨ ਯਾਤਰਾ ਬੜੇ ਹੀ ਸੰਘਰਸ਼ ਨਾਲ ਭਰੀ ਹੋਈ ਹੈ। ਪਿਤਾ ਦੇ ਪਿਆਰ ਤੋਂ ਦੂਰ ਰਹੇ ਐਂਥਨੀ ਦਾ ਬਚਪਨ ਮਾਂ ਦੇ ਸਹਾਰੇ ਨਾਲ ਹੀ ਬੀਤਿਆ ਕਿਉਂਕਿ ਉਨ੍ਹਾਂ ਦੀ ਮਾਂ ਮੈਰੀਆਨੇ ਐਲਰੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਸ (ਐਂਥਨੀ) ਦੇ ਪਿਤਾ ਉਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਕਾਰ ਦੁਰਘਟਨਾ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ। ਮੈਰੀਆਨੇ ਨੇ ਆਪਣੇ ਇਕਲੌਤੇ ਪੁੱਤਰ ਨੂੰ ਬੜੀਆਂ ਸੱਧਰਾਂ ਨਾਲ ਇਕੱਲਿਆਂ ਹੀ ਪਾਲਿਆ।
ਐਂਥਨੀ ਜਦੋਂ ਚੌਦਾਂ ਸਾਲਾਂ ਦੇ ਹੋਏ ਤਾਂ ਉਨ੍ਹਾਂ ਨੂੰ ਸਚਾਈ ਦਾ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ (ਕਾਰਲੋ ਐਲਬਨੀਜ਼) ਜ਼ਿੰਦਾ ਹਨ ਅਤੇ ਇਟਲੀ ਦੇ ਰਹਿਣ ਵਾਲੇ ਹਨ। ਉਹ ਆਪਣੇ ਮਾਤਾ ਪਿਤਾ ਦੇ ਪਿਆਰ ਦੀ ਨਿਸ਼ਾਨੀ ਹਨ। ਜਿਨ੍ਹਾਂ ਦਾ ਕਿ ਆਪਸ ਵਿੱਚ ਵਿਆਹ ਨਹੀਂ ਸੀ ਹੋ ਸਕਿਆ ਕਿਉਂਕਿ ਕਾਰਲੋ ਐਲਬਨੀਜ਼ ਪਹਿਲਾਂ ਤੋਂ ਹੀ ਉਨ੍ਹਾਂ ਦੇ ਇਟਲੀ ਦੇ ਪਿੰਡ ਦੀ ਇੱਕ ਲੜਕੀ ਨਾਲ ਕੁੜਮਾਈ ਕਰ ਚੁੱਕੇ ਸਨ ਅਤੇ ਉਹ (ਕਾਰਲੋ) ਮੈਰੀਆਨੇ ਨੂੰ ਇਕੱਲਿਆਂ ਛੱਡ ਕੇ ਚਲੇ ਗਏ।
ਐਂਥਨੀ ਦੇ ਜੀਵਨ ਦੀ ਸ਼ੁਰੂਆਤ ਸੰਘਰਸ਼ ਭਰੀ ਸੀ। ਉਹ ਮੰਨਦੇ ਹਨ ਕਿ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਨੂੰ ਜੀਵਨ ਦੀਆਂ ਤਿੰਨ ਪ੍ਰਮੁੱਖ ਸਚਾਈਆਂ ਨਾਲ ਵਾਕਫ਼ ਕਰਵਾਇਆ -ਕੈਥੋਲਿਕ ਧਾਰਮਿਕ ਜੀਵਨ, ਰਗਬੀ ਲੀਗ ਅਤੇ ਤੀਸਰੀ ਹੈ ਲੇਬਰ ਪਾਰਟੀ। ਇਨ੍ਹਾਂ ਤਿੰਨਾਂ ਨੂੰ ਫੜ੍ਹ ਕੇ ਉਹ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਪੌੜੀਆਂ ਨੂੰ ਚੜ੍ਹਦੇ ਰਹੇ ਹਨ ਅਤੇ ਮੰਜ਼ਿਲਾਂ ਨੂੰ ਸਰ ਵੀ ਕਰਦੇ ਰਹੇ ਹਨ। ਸਾਲ 2000 ਦੌਰਾਨ ਉਨ੍ਹਾਂ ਦਾ ਵਿਆਹ ਕਾਰਮਲ ਟੈਬੂ ਨਾਲ ਹੋਇਆ ਜੋ ਕਿ ਬਾਅਦ ਵਿੱਚ ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਵੀ ਰਹੀ। ਜੀਵਨ ਦੀ ਇੱਕ ਹੋਰ ਗਹਿਰੀ ਅਤੇ ਅਟੱਲ ਸਚਾਈ ਦਾ ਪਤਾ ਉਨ੍ਹਾਂ ਨੂੰ ਉਸ ਵਕਤ ਲੱਗਾ ਜਦੋਂ ਐਂਥਨੀ ਦੀ ਮਾਤਾ ਮੈਰੀਆਨੇ ਐਲਬਨੀਜ਼, ਸਾਲ 2002 ਵਿੱਚ ਐਂਥਨੀ ਦਾ ਸਾਥ ਛੱਡ ਕੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ।
ਆਪਣੇ ਜਨਮ ਤੋਂ ਕਈ ਦਹਾਕਿਆਂ ਬਾਅਦ, ਐਂਥਨੀ ਨੇ ਇਟਲੀ ਜਾ ਕੇ ਆਪਣੇ ਪਿਤਾ ਕਾਰਲੋ ਐਲਬਨੀਜ਼ ਬਾਰੇ ਪਤਾ ਲਗਾਉਣ ਦਾ ਮਨ ਬਣਾ ਲਿਆ ਅਤੇ ਆਸਟ੍ਰੇਲਿਆਈ ਸਫ਼ਾਰਤਖ਼ਾਨੇ ਦੇ ਸਹਿਯੋਗ ਨਾਲ ਉਨ੍ਹਾਂ ਦਾ ਪਤਾ ਮਿਲ ਵੀ ਗਿਆ।  ਸਾਲ 2009 ਵਿੱਚ ਉਨ੍ਹਾਂ ਨੇ ਆਪਣੇ ਪਿਤਾ ਕਾਰਲੋ ਐਲਬਨੀਜ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਪਰਿਵਾਰ ਇੱਕ ਵਾਰੀ ਫੇਰ ਤੋਂ ਇਕੱਠੇ ਹੋਏ। ਇਸ ਤੋਂ ਬਾਅਦ ਐਂਥਨੀ ਐਲਬਨੀਜ਼ ਦੇ ਪਿਤਾ ਕਾਰਲੋ ਐਲਬਨੀਜ਼ ਜਨਵਰੀ 2014 ਵਿੱਚ ਇਸ ਦੁਨੀਆ ਤੋਂ ਸਦਾ ਲਈ ਰੁਖ਼ਸਤ ਹੋ ਗਏ।
ਰਾਜਨੀਤਿਕ ਜੀਵਨ ਦੌਰਾਨ ਉਹ ਹਮੇਸ਼ਾ ਲੇਬਰ ਪਾਰਟੀ ਨਾਲ ਹੀ ਜੁੜੇ ਰਹੇ ਹਨ। ਉਨ੍ਹਾਂ ਦੇ 33ਵੇਂ ਜਨਮ ਦਿਨ ਤੇ ਰਾਜਨੀਤੀ ਨੇ ਉਨ੍ਹਾਂ ਨੂੰ ਸਾਲ 1996 ਦੌਰਾਨ ਸਿਡਨੀ (ਅੰਦਰੂਨੀ) ਤੋਂ ਜਿਤਾ ਕੇ ਵਧੀਆ ਤੋਹਫ਼ਾ ਦਿੱਤਾ ਸੀ। ਇਸ ਤੋਂ ਬਾਅਦ ਪੂਰੇ ਦਹਾਕੇ ਦਾ ਸਫ਼ਰ ਲੱਗਾ ਉਨ੍ਹਾਂ ਨੂੰ ਰਾਜਨੀਤਿਕ ਸੱਤਾ ਵਿੱਚ ਪਹੁੰਚਣ ਵਾਸਤੇ। ਜਦੋਂ ਸਾਲ 2007 ਵਿੱਚ ਲੇਬਰ ਪਾਰਟੀ ਸੱਤਾ ਵਿੱਚ ਆਈ ਅਤੇ ਕੈਵਿਨ ਰੁੱਡ ਪ੍ਰਧਾਨ ਮੰਤਰੀ ਬਣੇ ਤਾਂ ਐਂਥਨੀ ਐਲਬਨੀਜ਼ ਨੂੰ ਬੁਨਿਆਦੀ ਢਾਂਚੇ ਅਤੇ ਪਰਿਵਹਿਣ ਮੰਤਰੀ ਬਣਾਇਆ ਗਿਆ।
ਸਾਲ 2010 ਤੱਕ ਉਨ੍ਹਾਂ ਦਾ ਪ੍ਰਭਾਵ ਕਾਇਮ ਰਿਹਾ ਅਤੇ ਰਾਜਨੀਤੀ ਵਿੱਚ ਆਈ ਅਚਾਨਕ ਤਬਦੀਲੀ ਨੇ ਕੈਵਿਨ ਰੁੱਡ ਤੋਂ ਸੱਤਾ ਖੋਹ ਲਈ ਅਤੇ ਜੂਲੀਆ ਗਿਲਾਰਡ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਉਪਰ ਬਿਰਾਜਮਾਨ ਕਰ ਦਿੱਤਾ।
ਸਾਲ 2013 ਵਿੱਚ ਜਦੋਂ ਕਿ ਕੈਵਿਨ ਰੁੱਡ ਦੇਸ਼ ਦੇ ਦੋਬਾਰਾ ਪ੍ਰਧਾਨ ਮੰਤਰੀ ਬਣਨ ਵਿੱਚ ਕਾਮਯਾਬ ਹੋਏ ਤਾਂ ਉਸ ਸਮੇਂ ਐਂਥਨੀ ਐਲਬਨੀਜ਼ ਨੂੰ ਵਧੀਕ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ। ਪਰੰਤੂ ਇਹ ਸਰਕਾਰ ਵੀ ਮਹਿਜ਼ 10 ਕੁ ਹਫ਼ਤੇ ਹੀ ਚੱਲ ਸਕੀ ਅਤੇ ਲੇਬਰ ਪਾਰਟੀ, ਚੋਣਾਂ ਹਾਰ ਕੇ ਮੁੜ ਸੱਤਾ ਤੋਂ ਬਾਹਰ ਹੋ ਗਈ।
ਇਸ ਤੋਂ ਬਾਅਦ ਐਂਥਨੀ ਐਲਬਨੀਜ਼, ਵਿਰੋਧੀ ਧਿਰ ਦੇ ਨੇਤਾ ਵੱਜੋ ਉੱਭਰੇ ਪਰੰਤੂ ਉਨ੍ਹਾਂ ਦੇ ਮੁੱਖ ਵਿਰੋਧੀ ਬਿਲ ਸ਼ੋਰਟਨ ਕੋਲ ਜ਼ਿਆਦਾ ਨੁਮਾਇੰਦਿਆਂ ਦਾ ਸਹਿਯੋਗ ਹਾਸਲ ਸੀ ਇਸ ਲਈ ਉਦੋਂ ਭਾਵੇਂ ਉਹ ਜਿੱਤ ਨਾ ਸਕੇ। ਪਰ ਬਿਲ ਸ਼ੋਰਟਨ ਦੀ ਅਗਵਾਈ ਚ ਲਗਾਤਾਰ ਦੋ ਚੋਣਾ ਹਾਰਨ ਤੋਂ ਬਾਅਦ ਸਾਲ 2019 ਵਿੱਚ ਐਂਥਨੀ ਐਲਬਨੀਜ਼ ਨੂੰ ਲੇਬਰ ਪਾਰਟੀ ਨੇ ਵਿਰੋਧੀ ਧਿਰ ਦਾ ਨੇਤਾ ਥਾਪ ਦਿੱਤਾ।
ਵਿਰੋਧੀ ਧਿਰ ਦੇ ਨੇਤਾ ਬਣਨ ਦੇ ਨਾਲ ਹੀ ਐਂਥਨੀ ਐਲਬਨੀਜ਼ ਨੇ ਲੇਬਰ ਪਾਰਟੀ ਨੂੰ ਮੁੜ ਤੋਂ ਜਨਤਕ ਸਹਿਯੋਗ ਦਿਵਾਉਣ ਪ੍ਰਤੀ ਕੰਮ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਹਮੇਸ਼ਾ ਹੀ ਏਜਡ ਕੇਅਰ ਸੈਕਟਰ ਦੀ ਕਾਰਜ ਕੁਸ਼ਲਤਾ ਵੱਲ ਨਿਸ਼ਾਨੇ ਸਾਧੇ ਅਤੇ ਵਾਅਦੇ ਕੀਤੇ ਕਿ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਮਿਲਣ ਤੇ ਉਹ ਇਸ ਖੇਤਰ ਵਿੱਚ ਬਹੁਤ ਜ਼ਿਆਦਾ ਬਦਲਾਅ ਕਰਨਗੇ ਜਿਸ ਨਾਲ ਕਿ ਉਕਤ ਖੇਤਰ ਵਿੱਚ ਕਾਫ਼ੀ ਸੁਧਾਰ ਹੋਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਦੇਖਭਾਲ ਦੇ ਖ਼ਰਚੇ ਘਟਾਉਣ ਅਤੇ ਖ਼ਾਸ ਕਰਕੇ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਤਨਖ਼ਾਹਾਂ ਅਤੇ ਹੋਰ ਭੱਤਿਆਂ ਦੀ ਬਰਾਬਰਤਾ ਆਦਿ ਪ੍ਰਤੀ ਮਹੱਤਵਪੂਰਨ ਬਿਆਨ ਦਿੱਤੇ ਅਤੇ ਇਨ੍ਹਾਂ ਵਾਸਤੇ ਸਹੀ ਬੱਧ ਭਲਾਈ ਦੀਆਂ ਯੋਜਨਾਵਾਂ ਦੀ ਆਸ ਜਨਤਕ ਤੌਰ ਤੇ ਪੈਦਾ ਕੀਤੀ।
ਉਨ੍ਹਾਂ ਨੇ ਐਬੋਰਿਜਨਲ ਅਤੇ ਟੋਰੇਂਸ ਆਈਲੈਂਡਰਾਂ ਦੀ ਆਵਾਜ਼ ਨੂੰ ਪਾਰਲੀਮੈਂਟ ਤੱਕ ਪਹੁੰਚਾਉਣ ਲਈ ਇੱਕ ਸਲਾਹਕਾਰ ਬਾਡੀ ਦੇ ਸੰਗਠਨ ਦਾ ਐਲਾਨ ਵੀ ਕੀਤਾ ਹੈ ਜਿਸ ਨਾਲ ਕਿ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੇ ਪੁਰੇ ਹੱਕ ਦਿਵਾਏ ਜਾ ਸਕਣ।
ਰਾਜਨੀਤਿਕ ਗਲਿਆਰਿਆਂ ਵਿੱਚ ਇੱਕ ਗੱਲ ਸਾਫ਼ ਹੁੰਦੀ ਹੈ ਕਿ ਬਿਆਨ, ਸਮੇਂ ਅਨੁਸਾਰ ਬਦਲੇ ਜਾ ਸਕਦੇ ਹਨ। ਸਾਲ 2019 ਦੌਰਾਨ ਉਨ੍ਹਾਂ ਨੇ ਵਾਤਾਵਰਣ ਸਬੰਧੀ ਆਪਣੇ ਹੀ ਬਿਆਨਾਂ ਅਤੇ ਸੁਫ਼ਨਿਆਂ ਤੋਂ ਕਿਨਾਰਾ ਕੀਤਾ ਪਰੰਤੂ ਉਹ ਰਾਸ਼ਟਰੀ ਸੁਰੱਖਿਆ ਅਤੇ ਚੀਨ ਦੇ ਮੁੱਦਿਆਂ ਉਪਰ ਕਾਇਮ ਰਹੇ। ਉਨ੍ਹਾਂ ਨੇ ਸ਼ਰਨਾਰਥੀਆਂ (ਕਿਸ਼ਤੀਆਂ ਰਾਹੀਂ ਪੁੱਜਣ ਵਾਲੇ) ਪ੍ਰਤੀ ਵੀ ਪਹਿਲਾਂ ਤੋਂ ਪੇਸ਼ ਕੀਤੀ ਜਾ ਰਹੀ ਸੁਹਿਰਦਤਾ ਤੋਂ ਮੂੰਹ ਮੋੜਿਆ ਅਤੇ ਦੇਸ਼ ਦੀ ਮੌਜੂਦਾ ਸਰਕਾਰ ਵੱਲੋਂ ਚਲਾਈ ਗਈ ਰਣਨੀਤੀ ਦਾ ਸਮਰਥਨ ਕੀਤਾ।
ਕਰੋਨਾ ਕਾਲ ਦੌਰਾਨ ਮੌਜੂਦਾ ਸਰਕਾਰ ਵੱਲੋਂ ਕੀਤੇ ਗਏ ਕਾਰਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਯੋਜਨਾਵਾਂ, ਅਮਰੀਕਾ ਅਤੇ ਚੀਨ ਨਾਲ ਸਬੰਧ, ਆਰਥਿਕ ਨੀਤੀਆਂ, ਵਾਤਾਵਰਣ ਦੇ ਮੁੱਦੇ ਆਦਿ ਕਾਰਨ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੇਸ਼ ਦੀ ਜਨਤਾ ਉਪਰੋਕਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸ਼ੇਸ਼ ਫ਼ੈਸਲਾ ਕਰਨ ਜਾ ਰਹੀ ਹੈ ਅਤੇ ਉਹ ਫ਼ੈਸਲਾ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੱਕ ਵਿੱਚ ਹੋਵੇ| ਅਸੀਂ ਉਮੀਦ ਕਰਦੇ ਹਾਂ ਕਿ ਉਹ ਫ਼ੈਸਲਾ ਦੇਸ਼ ਅਤੇ ਦੇਸ਼ਵਾਸੀਆਂ ਦੇ ਹਿਤ ਵਿਚ ਹੋਵੇਗਾ।

ਮਿੰਟੂ ਬਰਾੜ
mintubrar@gmail.com

ਕਿਸਾਨੀਅਤ ਦਾ ਰਿਸ਼ਤਾ - ਮਿੰਟੂ ਬਰਾੜ


ਕਿਸੇ ਥਾਂ ਨੂੰ ਭਾਗ ਹੁੰਦੇ ਹਨ ਕਿ ਉੱਥੇ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਜਦੋਂ ਦਾ ਪਿਛਲੇ ਚਾਰ ਕੁ ਸਾਲਾਂ ਦਾ ਆਹ ਸੰਤਰਿਆਂ ਵਾਲਾ ਬਾਗ਼ ਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਸ਼ਾਇਦ ਹੀ ਕੋਈ ਵੇਲਾ ਹੋਵੇ ਜਦੋਂ ਮੈਂ ਇੱਥੇ ਹੋਵਾਂ ਤੇ ਪ੍ਰਾਹੁਣੇ ਨਾ ਆਉਣ। ਸੋ ਅੱਜ ਵੀ ਪਹਿਲਾਂ ਸਮਰਾਲੇ ਵਾਲਾ ਛੋਟਾ ਵੀਰ ਤੇਜਿੰਦਰ ਆਪਣੇ ਪਰਿਵਾਰ ਨਾਲ ਆ ਗਿਆ। ਉਹ ਗਿਆ ਤਾਂ ਜਸਵਿੰਦਰ ਅਤੇ ਚੀਮਾ ਬਾਈ ਆ ਗਏ। ਨਾਲ ਉਹਨਾਂ ਦੇ ਐਡੀਲੇਡ ਵਾਲਾ ਵਿਕੀ ਬਾਈ ਵੀ ਸੀ। ਮੁੱਕਦੀ ਗੱਲ ਬਠਿੰਡੇ ਆਲ਼ੀ ਚਾਹ ਦੀ ਪਤੀਲੀ ਠੰਢੀ ਨਹੀਂ ਹੋਣ ਦਿੱਤੀ ਸਾਰਾ ਦਿਨ।
ਦੂਜੇ ਪਾਸੇ ਸੰਤਰਿਆਂ ਦੀ ਤੁੜਵਾਈ ਚੱਲ ਰਹੀ ਸੀ। ਐਤਕੀਂ ਕਾਮਿਆਂ ਦੀ ਘਾਟ ਕਾਰਨ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਜਿਹੜਾ ਕੰਮ ਦੋ ਦਿਨਾਂ 'ਚ ਹੋ ਸਕਦਾ ਸੀ ਉਸ ਲਈ ਦੁੱਗਣੇ ਪੈਸੇ ਤੇ ਹਫ਼ਤੇ ਲੱਗ ਰਹੇ ਹਨ। ਜੇ ਅੱਠ ਦੱਸ ਕੁ ਕਾਮੇ ਲੱਗੇ ਹੋਣ ਤਾਂ ਬਿੰਨ ਚੱਕ-ਧਰ ਕਰਦੇ ਟਰੈਕਟਰ ਵਾਲੇ ਦੀ ਆਥਣ ਨੂੰ ਭੂਤਨੀ ਭੂਲਾ ਦਿੰਦੇ ਹਨ। ਅੱਜ ਸਿਰਫ਼ ਤਿੰਨ ਕੁ ਕਾਮੇ ਸਨ ਤੇ ਆਪਾਂ ਵੀ ਵਕਤ ਜਿਹਾ ਪਾਸ ਕਰ ਰਹੇ ਸੀ। ਪਰ ਆਥਣੇ ਜਿਹੇ ਜਦੋਂ ਮੈਂ ਕਤਾਰਾਂ 'ਚੋਂ ਬਿੰਨ ਬਾਹਰ ਕੱਢ ਰਿਹਾ ਸੀ ਤਾਂ ਅਚਾਨਕ ਦੋ ਅਧਖੜ ਜਿਹੀ ਉਮਰ ਦੇ ਗੋਰੇ ਸੰਤਰਿਆਂ ਦੇ ਵਿਚ ਵੜੇ ਫਿਰਨ। ਇੱਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਬਿਨਾਂ ਇਜਾਜ਼ਤ ਦੇ ਕੋਈ ਕਿਸੇ ਦੇ ਖੇਤ 'ਚੋਂ ਲੰਘਦਾ ਵੀ ਨਹੀਂ। ਉਹਨਾਂ ਮੈਨੂੰ ਦੇਖ ਕੇ ਹੱਥ ਚੱਕਿਆ। ਆਪਾਂ ਵੀ ਇਹ ਸੋਚ ਕੇ ਟਰੈਕਟਰ ਬੰਦ ਕਰ ਲਿਆ ਕਿ ਲਗਦਾ ਹੋਰ ਪ੍ਰਾਹੁਣੇ ਆ ਗਏ! ਮੈਂ ਟਰੈਕਟਰ ਤੋਂ ਉੱਤਰ ਕੇ ਉਹਨਾਂ ਕੋਲ ਆ ਗਿਆ। ਉਹਨਾਂ 'ਚੋਂ ਇਕ ਕਹਿੰਦਾ ਮਾਫ਼ ਕਰਨਾ ਅਸੀਂ ਤਾਂ ਕੰਮ ਚਲਦਾ ਦੇਖ ਕੇ ਹੱਸਦੇ ਹੱਸਦੇ ਏਧਰ ਨੂੰ ਆ ਗਏ।
ਮੇਰੇ 'ਕੋਈ ਨਾ' ਕਹਿਣ ਤੇ ਜਦੋਂ ਨੂੰ ਉਹ ਗੱਲ ਅੱਗੇ ਤੋਰਦੇ ਮੇਰੇ ਜ਼ਿਹਨ 'ਚ ਅਚਾਨਕ ਦੋ ਗੱਲਾਂ ਚੇਤੇ ਆ ਗਈਆਂ। ਇਕ ਤਾਂ ਇਹ ਕਿ ਸ਼ਿਕਾਰ ਆਪ ਹੀ ਪਿੰਜਰੇ 'ਚ ਆ ਗਿਆ। ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਜੇ ਦੋ ਕੁ ਘੰਟੇ ਮਗ਼ਜ਼ ਖਾਣ ਨੂੰ ਸਰੋਤਾ ਨਾ ਮਿਲੇ ਮੈਂ ਤਾਂ ਭੁੱਖਾ ਮਰ ਜਾਵਾਂ।
ਦੂਜੇ ਮੈਨੂੰ ਪੰਜਾਬ ਦੇ ਉਸ ਬੁਰੇ ਦੌਰ ਦੀ ਗੱਲ ਚੇਤੇ ਆ ਗਈ ਜਦੋਂ ਪੰਜਾਬ ਦੀ ਜਵਾਨੀ ਨੂੰ ਸਰਕਾਰ ਗਿਰਝਾਂ ਵਾਂਗ ਪੈਂਦੀ ਸੀ। ਵੇਲੇ-ਕੁਵੇਲੇ ਤਾਂ ਦੂਰ ਦੀ ਗੱਲ ਦਿਨ ਢਲਦੇ ਵੀ ਕੋਈ ਪਰਿਵਾਰ ਆਪਣੇ ਜਵਾਨ ਪੁੱਤਰ ਨੂੰ ਬਾਹਰ ਨਾ ਜਾਣ ਦਿੰਦਾ। ਪਰ ਜਵਾਨੀ ਅੱਥਰੀ ਹੁੰਦੀ ਹੈ ਉਹ ਕਿੱਥੇ ਰੋਕਿਆਂ ਰੁਕਦੀ। ਇਕ ਦਿਨ ਮੇਰਾ ਹਾਣੀ ਭੂਆ ਦਾ ਪੁੱਤ ਬੱਬੀ ਚੱਠਾ ਅਤੇ ਉਹਦੇ ਮਿੱਤਰ ਨੀਟਾ ਸਰਦਾਰ ਅਤੇ ਸ਼ੇਖਰ ਤਲਵੰਡੀ ਜੋ ਅੱਜ ਕੱਲ੍ਹ ਇਕ ਸਥਾਪਿਤ ਗੀਤਕਾਰ ਹੈ। 'ਸਾਬੋ ਕੀ ਤਲਵੰਡੀ'  ਦੇ ਬਾਹਰ-ਬਾਹਰ ਇਕ ਮੈਦਾਨ 'ਚ ਕਸਰਤ ਕਰਨ ਬਹਾਨੇ ਇਕੱਠੇ ਜਾ ਪੁੱਜੇ। ਮੈਦਾਨ ਦੇ ਦੱਖਣ ਆਲ਼ੇ ਪਾਸੇ ਸੀ.ਆਰ.ਪੀ.ਐੱਫ. ਦਾ ਕੈਂਪ ਲੱਗਿਆ ਹੁੰਦਾ ਸੀ। ਕੈਂਪ ਚੋਂ ਕੁੱਕਰ ਦੀਆਂ ਸੀਟੀਆਂ ਸੁਣ ਕੇ ਬੱਬੀ ਕਹਿੰਦਾ ਆਜੋ ਓਏ ਫ਼ੌਜੀਆਂ ਕੋਲੋਂ ਮੀਟ-ਸ਼ੀਟ ਖਾ ਕੇ ਆਈਏ। ਨੀਟਾ ਬਾਈ ਕਹਿੰਦਾ ਉਹ ਤਾਂ ਕਿਤੇ ਤੇਰਾ ਕੌਲਾ ਨਾ ਭਰ ਦੇਣ, ਮਰਵਾਏਂਗਾ ਕਿ? ਪਰ ਗੱਲਾਂ ਬਾਤਾਂ 'ਚ ਬੱਬੀ ਨੂੰ ਜਿੱਤਣਾ ਔਖਾ, ਸੋ ਉਸ ਨੇ ਦੋ ਚਾਰ ਉਦਾਹਰਨਾਂ ਮੌਕੇ ਤੇ ਘੜ ਸੁਣਾਈਆਂ ਤੇ ਚਲੋ ਜੀ ਗੱਲਾਂ ਕਰਦੇ ਕਰਾਉਂਦੇ ਉੱਥੇ ਪਹੁੰਚ ਗਏ। ਸੀ.ਆਰ.ਪੀ .ਆਲ਼ਿਆਂ ਨੇ ਅਣਜਾਣ ਜਿਹੇ ਗੱਭਰੂ ਨਿਧੜਕ ਹੀ ਕੈਂਪ 'ਚ ਵੜਦੇ ਦੇਖ ਬੰਦੂਕਾਂ ਤਣ ਲਈਆਂ , ਕਹਿੰਦੇ ਕਰ ਲਵੋ ਓਏ ਹੱਥ ਖੜ੍ਹੇ। ਦੋ ਚਾਰ ਕੁ ਮਿੰਟਾਂ 'ਚ ਜਦੋਂ ਉਹਨਾਂ ਆਲ਼ੇ ਦੁਆਲ਼ੇ ਗੇੜੇ ਜਿਹੇ ਖਾ ਕੇ ਦੇਖਿਆ ਵੀ ਲਗਦੇ ਤਾਂ ਸ਼ਰੀਫ਼ਜ਼ਾਦੇ ਹੀ ਆ, ਉਹਨਾਂ ਦਾ ਅਫ਼ਸਰ ਗੜ੍ਹਕ ਕੇ ਬੋਲਿਆ ਕਿਸ ਕੇ ਆਦਮੀ ਹੋ? ਕਿਸ ਨੇ ਭੇਜਾ ਤੁਮੇ ਕੈਂਪ ਮੈਂ? ਤੁਮਾਹਰੇ ਹਥਿਆਰ ਕਹਾਂ ਹੈ? ਚੌਧਰੀਆਂ ਦੇ ਮੁੰਡੇ ਸ਼ੇਖਰ ਨੇ ਸੋਚਿਆ ਕਿ ਚਲੋ ਅਫ਼ਸਰ ਦੀ ਹਿੰਦੀ ਦਾ ਜਵਾਬ ਇਹਨਾਂ 'ਚੋਂ ਮੈਂ ਹੀ ਵਧੀਆ ਦੇ ਸਕਦਾ। ਤਾਂ ਅਫ਼ਸਰ ਨੂੰ ਮੁਖ਼ਾਤਬ ਹੁੰਦਿਆਂ ਕਹਿੰਦਾ ਜਨਾਬ ਹਮ ਤੋ ਊਂਈ ਹਾਸਤੇ-ਹਾਸਤੇ ਇੱਧਰ ਕੋ ਚਲੇ ਆਏ। ਨੀਟਾ ਸਰਦਾਰ ਵਿਚੋਂ ਟੋਕਦਾ ਕਹਿੰਦਾ ਊਈ ਤਾਂ ਨਹੀਂ ਆਏ ਜੀ ਆਹ ਚੱਠਾ ਲੈ ਕੇ ਆਇਆ, ਕਹਿੰਦਾ ਤੁਸੀਂ ਮੀਟ ਬਹੁਤ ਸਵਾਦ ਬਣਾਉਂਦੇ ਹੋ ਤੇ ਖਾਣ ਨੂੰ ਵੀ ਵੱਡੇ-ਵੱਡੇ ਕੌਲਿਆਂ 'ਚ ਦਿੰਦੇ ਹੋ। ਸਾਰਿਆਂ ਦੇ ਹਾਸੇ ਨੇ ਮਾਹੌਲ ਖ਼ੁਸ਼ਗਵਾਰ ਕਰ ਦਿੱਤਾ ਤੇ ਸਾਨੂੰ ਤਾਅ ਜ਼ਿੰਦਗੀ ਲਈ ਇਹ ਡਾਇਲਾਗ ਮਿਲ ਗਿਆ। ਅਕਸਰ ਹੁਣ ਵੀ ਜਦੋਂ ਅਸੀਂ ਜੁੰਡੀ ਦੇ ਯਾਰ ਇਕੱਠੇ ਹੁੰਦੇ ਹਾਂ ਤਾਂ ਇਸ ਗੱਲ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ ਕਿ "ਊਂਈ ਹਾਸਤੇ-ਹਾਸਤੇ ਇੱਧਰ ਕੋ ਚਲੇ ਆਏ।"
ਖੜ੍ਹ ਜੋ ਯਾਰ! ਮੇਰੇ 'ਚ ਵੀ ਇਹ ਕਮੀ ਆ। ਵਿਸ਼ੇ ਤੋਂ ਭਟਕ ਜਾਣਾ। ਗੱਲ ਰਿਵਰਲੈਂਡ ਤੋਂ ਤੋਰ ਕੇ ਸਾਢੇ ਤਿੰਨ ਦਹਾਕੇ ਪਿੱਛੇ 'ਤਲਵੰਡੀ ਸਾਬੋ ਕੀ' ਲੈ ਵੜਿਆ। ਚਲੋ ਮੁੱਦੇ ਤੇ ਆਉਂਦੇ ਹਾਂ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਸੱਜਣ ਵੀ ਊਈ ਹਾਸਤੇ-ਹਾਸਤੇ ਆਪਣੇ ਕੋਲ ਆ ਹੀ ਗਏ ਹਨ ਤਾਂ ਇਹਨਾਂ ਦੀ ਸੇਵਾ ਕਰਨੀ ਬਣਦੀ ਹੈ। ਮੀਟ ਦੇ ਕੌਲੇ ਨਹੀਂ ਤਾਂ ਆਪਾਂ ਚਾਹ ਪਾਣੀ ਤਾਂ ਛਕਾ ਹੀ ਸਕਦੇ ਹਾਂ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਨਾਂ ਮਿੰਟੂ ਬਰਾੜ ਹੈ ਤੇ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਤਾਂ, ਮੈਨੂੰ ਉਹਨਾਂ ਚੋਂ ਇਕ ਨੇ ਆਪਣਾ ਨਾਮ ਜੌਨ ਅਤੇ ਦੂਜੇ ਨੇ ਪਾਲ ਦੱਸਦਿਆਂ, ਕਹਿੰਦੇ ਅਸੀਂ ਸੈਲਾਨੀ ਹਾਂ ਪੱਛਮੀ ਆਸਟ੍ਰੇਲੀਆ ਤੋਂ ਆਏ ਹਾਂ। ਪਰਥ ਤੋਂ ਵੀ ਅਗਾਂਹ ਨੈਰੋਜਨ ਸ਼ਹਿਰ ਦੇ ਲਾਗੇ ਪਿਸੇਵਿਲ ਸਾਡਾ ਪਿੰਡ ਹੈ। ਘਰੋਂ ਨਿਕਲਿਆਂ ਨੂੰ ਤਾਂ ਕਈ ਹਫ਼ਤੇ ਹੋ ਗਏ ਪਰ ਇੱਥੇ ਪਿਛਲੇ ਦੋ ਕੁ ਦਿਨਾਂ ਤੋਂ ਤੁਹਾਡੇ ਇਸ ਪਿੰਡ ਦੇ ਕੈਰੇਵਾਨ ਪਾਰਕ 'ਚ ਠਹਿਰੇ ਹੋਏ ਹਾਂ। ਅਸਲ 'ਚ ਕਿੱਤੇ ਵਜੋਂ ਅਸੀਂ ਵੀ ਕਿਸਾਨ ਹਾਂ। ਸੋ ਕਿਸਾਨੀਅਤ ਦਾ ਰਿਸ਼ਤਾ ਸਾਨੂੰ ਖਿੱਚ ਕੇ ਤੇਰੇ ਟਰੈਕਟਰ ਦੀ ਆਵਾਜ਼ ਕੋਲ ਲੈ ਆਇਆ। (ਇੱਥੇ ਜ਼ਿਕਰਯੋਗ ਹੈ ਕਿ ਇਹ ਕੈਰੇਵਾਨ ਪਾਰਕ ਮੇਰੇ ਖੇਤ ਦੀ ਚੜ੍ਹਦੇ ਪਾਸੇ ਆਲ਼ੀ ਗੁੱਠ ਦੇ ਨਾਲ ਲਗਦਾ।)
ਉਹਨਾਂ ਦੀ ਇਹ ਖਿੱਚ ਮੇਰੇ ਵੀ ਧੁਰ ਅੰਦਰ ਤੱਕ ਲਹਿ ਗਈ। ਇਕ-ਇਕ ਕਰ ਕੇ ਉੱਧੜਨ ਲੱਗ ਪਏ ਅਸੀਂ ਤਿੰਨੇ। ਵਪਾਰੀਆਂ ਕੋਲ ਵਪਾਰ ਦੀਆਂ ਗੱਲਾਂ,  ਜੁਆਰੀਆਂ ਕੋਲ ਜੂਏ ਦੀਆਂ ਤੇ ਕਿਸਾਨ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ 'ਚ ਹੋਵੇ ਉਹਨਾਂ ਕੋਲ ਅਖੀਰ ਬਹੁਮੁੱਲੀਆਂ ਫ਼ਸਲਾਂ ਦੀ ਪੈਂਦੀ ਘਟ ਕੀਮਤ ਦੀਆਂ ਗੱਲਾਂ, ਦਿਨੋਂ ਦਿਨ ਹੁੰਦੀ ਮਹਿੰਗੀ ਮਜ਼ਦੂਰੀ ਦੀਆਂ ਗੱਲਾਂ ਅਤੇ ਅਖੀਰ ਸਰਕਾਰਾਂ ਲਈ ਬਦਦੁਆਵਾਂ ਹੀ ਹੁੰਦੀਆਂ ਹਨ।
ਜੌਨ ਜੋ ਕਿ ਭੇਡਾਂ ਦਾ ਫਾਰਮ ਚਲਾਉਂਦਾ ਹੈ ਕਹਿੰਦਾ ਪਿਛਲੇ ਵਰ੍ਹੇ ਇਕ ਭੇਡ ਦੀ ਮੁਨਾਈ ਡੂਢ ਡਾਲਰ ਸੀ ਤੇ ਐਤਕੀਂ ਸਾਢੇ ਚਾਰ ਦਿੱਤੇ ਆ ਮੈਂ। ਕਾਮਾਂ ਤਾਂ ਆਥਣ ਨੂੰ ਦੋ ਸੌ ਭੇਡਾਂ ਮੁੰਨ ਕੇ ਅੱਠ-ਨੌਂ ਸੌ ਬਣਾ ਲੈਂਦਾ ਤੇ ਸਾਡੇ ਸਾਰਾ ਸਾਲ ਭੇਡਾਂ ਨਾਲ ਘੁਲ ਕੇ ਵੀ ਪੱਲੇ ਏਦੂੰ ਘੱਟ ਪੈਂਦੇ ਹਨ। ਪਾਲ ਜੋ ਕਿ ਕਣਕ ਅਤੇ ਸਰ੍ਹੋਂ ਆਦਿ ਦੀ ਖੇਤੀ ਕਰਦਾ ਕਹਿੰਦਾ, ਕਾਰਪੋਰੇਟ ਘਰਾਣੇ ਸਿਰੇ ਦੀ ਅਤੇ ਇਕ ਸਾਰ ਫ਼ਸਲ ਭਾਲਦੇ ਆ।  ਕੋਈ ਪੁੱਛੇ ਉਹਨਾਂ ਨੂੰ ਵੀ ਇਹ ਕਿਹੜਾ ਕਿਸੇ ਫ਼ਰਮੇ 'ਚ ਪਾ ਕੇ ਬਣਦੀ ਆ ਇਹ ਤਾਂ ਕੁਦਰਤ ਦੀ ਖੇਡ ਆ ਮੋਟੀ ਬਰੀਕ ਵੀ ਹੋ ਸਕਦੀ ਹੈ ਤੇ ਵਿੰਗੀ ਟੇਢੀ ਵੀ ਹੋ ਸਕਦੀ ਹੈ। ਮੈਂ ਵਿੱਚੇ ਟੋਕ ਕੇ ਕਿਹਾ ਹਾਂ ਆਹੀ ਕਸੂਰ ਐਤਕੀਂ ਸਾਡੀਆਂ ਮਿਰਚਾਂ ਤੋਂ ਹੋ ਗਿਆ ਉਹ ਥਲੋਂ ਚੁੰਝ ਜਿਹੀ ਵਿੰਗੀ ਕਰ ਗਈਆਂ ਤੇ ਬਜ਼ਾਰ ਆਲ਼ੇ ਕਹਿੰਦੇ ਇਹ ਤਾਂ ਕਿਸੇ ਕੰਮ ਦੀਆਂ ਨਹੀਂ ਬਿੰਨ 'ਚ ਮਾਰੋ। ਹਾਰ ਕੇ ਖੜ੍ਹੀਆਂ ਵਾਹੁਣੀਆਂ ਪਈਆਂ।
ਜੌਨ ਕਹਿੰਦਾ ਲੋਕ ਖ਼ਬਰਾਂ ਸੁਣ ਕੇ ਪੁੱਛ ਲੈਂਦੇ ਹਨ ਕਿ ਐਤਕੀਂ ਤਾਂ ਕਣਕ ਦਾ ਭਾਅ 280 ਡਾਲਰ ਨੂੰ ਟਨ ਹੈ, ਸੋਹਣੇ ਪੈਸੇ ਬਣ ਗਏ ਹੋਣਗੇ? ਪਰ ਉਹਨਾਂ ਨੂੰ ਕੀ ਦੱਸੀਏ ਵੀ 280 ਨੂੰ ਤਾਂ ਉਹ ਕਣਕ ਵਿਕਦੀ ਆ ਜੋ ਦੇਖਣ ਨੂੰ ਬੱਸ ਮੋਤੀਆਂ ਵਰਗੀ ਹੋਵੇ। ਪਰ ਜਦੋਂ ਪੱਕੀ ਫ਼ਸਲ 'ਤੇ ਚਾਰ ਕਣੀਆਂ ਪੈ ਜਾਂਦਿਆਂ ਹਨ ਤਾਂ ਉਹ ਭਾਅ ਚ ਪੰਜਾਹ ਫ਼ੀਸਦੀ ਕਾਟ ਲਾ ਕੇ ਲੈਂਦੇ ਹਨ। ਅਤੇ ਜੇ ਥੋੜ੍ਹਾ ਜਿਹਾ ਵੱਧ ਮੀਂਹ ਪੈ ਜਾਵੇ ਪੱਕੀ ਫ਼ਸਲ 'ਤੇ, ਤਾਂ ਪਹਿਲੀ ਗੱਲ ਤਾਂ ਫ਼ਸਲ ਹੀ ਅੱਧੀ ਹੁੰਦੀ ਹੈ ਤੇ ਜਿਹੜੀ ਹੁੰਦੀ ਹੈ ਉਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿੰਦੇ ਹਨ ਤੇ ਉਹ ਰਹਿ ਜਾਂਦੀ ਹੈ ਪਸ਼ੂਆਂ ਦੀ ਖ਼ੁਰਾਕ ਦੇ ਭਾਅ ਦੀ। ਆਖ਼ਿਰ ਨੂੰ ਕਿਸਾਨ ਉਤਾਂਹ ਨੂੰ ਮੂੰਹ ਚੱਕ ਕੇ ਕਹਿੰਦਾ ਰਹਿ ਜਾਂਦਾ ਕਿ ਜਦੋਂ ਲੋੜ ਸੀ ਕਣੀਆਂ ਪਾਈਆਂ ਨਹੀਂ ਤੇ ਜਦੋਂ ਚਾਰ ਦਾਣੇ ਪੱਕੇ ਤਾਂ ਤੇਰੇ ਯਾਦ ਆ ਗਿਆ।
ਗੱਲਾਂ ਕਰਦੇ-ਕਰਦੇ ਉਹ ਕਹਿੰਦੇ ਤੁਹਾਡੇ ਪਾਣੀ ਦਾ ਕੀ ਸਾਧਨ ਆ। ਮੈਂ ਕਿਹਾ ਆਜੋ ਉੱਧਰ ਮੋਟਰ ਆਲ਼ੇ ਪਾਸੇ ਨਾਲੇ ਤੁਹਾਨੂੰ ਬਠਿੰਡੇ ਵਾਲੀ ਚਾਹ ਬਣਾ ਕੇ ਪਿਆਉਣਾ। ਕਹਿੰਦੇ ਨਹੀਂ ਅਸੀਂ ਤੇਰਾ ਕੰਮ ਨਹੀਂ ਖੜ੍ਹਾਉਣਾ ਤੂੰ ਅੰਦਰੋਂ ਸਾਨੂੰ ਗਾਲ਼ਾ ਦੇਵੇਗਾ ਕਿ ਵਿਹਲੜ ਆ ਗਏ ਕੰਮ ਰੋਕਣ। ਮੈਂ ਕਿਹਾ ਨਹੀਂ ਭਲੇ ਮਾਨਸੋ ਮੈਂ ਤਾਂ ਸ਼ੁਕਰ ਮਨਾਇਆ ਤੁਹਾਡੇ ਆਉਣ ਤੇ। ਮੈਂ ਉੱਥੋਂ ਕੁਝ ਸੰਤਰੇ ਤੋੜ ਕੇ ਮਜ਼ਾਕ 'ਚ ਕਿਹਾ ਕਿ ਪਹਿਲਾ ਤੁਸੀਂ ਹਾਸਤੇ-ਹਾਸਤੇ ਇੱਧਰ ਆਏ ਸੀ ਹੁਣ ਆਹ ਖਾਂਦੇ-ਖਾਂਦੇ ਮੇਰੇ ਮੋਟਰ ਵਾਲੇ ਕੋਠੇ ਤੇ ਆਜੋ ਬਹਿ ਕੇ ਹੋਰ ਦੁੱਖ-ਸੁੱਖ ਕਰਾਂਗੇ। ਉਹਨਾਂ ਨੇ ਇਕ-ਇਕ ਸੰਤਰਾ ਫੜ ਲਿਆ ਤੇ ਇਕ-ਇਕ ਜੇਬ 'ਚ ਪਾ ਕੇ ਕਹਿੰਦੇ ਸਾਡੇ ਘਰ ਵਾਲੀਆਂ ਵੀ ਨੇ ਨਾਲ ਅਸੀਂ ਜਾ ਕੇ ਉਹਨਾਂ ਨੂੰ ਦੇਵਾਂਗੇ। ਮੈਂ ਕਿਹਾ ਕੋਈ ਨਾ ਜਾਂਦੇ ਉਹਨਾਂ ਲਈ ਝੋਲੀ ਭਰ ਕੇ ਹੋਰ ਲੈ ਜਾਇਓ।
ਚਲੋ ਉਹ ਖੇਤ ਦੀ ਦੱਖਣੀ ਗੁੱਠ ਤੇ ਬਣੀ ਮੋਟਰ ਵੱਲ ਤੁਰ ਪਏ ਤੇ ਮੈਂ ਟਰੈਕਟਰ ਨਾਲ ਦੂਜਾ ਬਿੰਨ ਚੁੱਕਣ ਤੁਰ ਪਿਆ। ਅਸੀਂ ਇਕੱਠੇ ਜਿਹੇ ਮੋਟਰ ਤੇ ਪੁੱਜੇ ਮੈਂ ਚਾਹ ਬਣਾਉਣੀ ਚਾਹੀ ਕਹਿੰਦੇ ਨਹੀਂ ਅਸੀਂ ਅੱਜ ਆਪਣੀਆਂ ਘਰ ਵਾਲੀਆਂ ਨਾਲ ਕਿਤੇ ਸ਼ਾਮ ਦਾ ਖਾਣਾ ਖਾਣ ਜਾਣਾ, ਸੋ ਹਾਲੇ ਇੱਥੇ ਹੀ ਹਾਂ ਇਕ ਦੋ ਦਿਨ, ਚਾਹ ਫੇਰ ਪੀ ਕੇ ਜਾਵਾਂਗੇ। ਕੁਝ ਦੇਰ ਗੱਲਾਂ ਮਾਰ ਲੈਂਦੇ ਹਾਂ ਹੋਰ।
ਮੈਂ ਛੇਤੀ ਦਿਨੇ ਮੰਜਾ ਢਾਇਆ ਤੇ ਕੋਲ ਦੋ ਕੁਰਸੀਆਂ ਕਰ ਲਈਆਂ। ਜੌਨ ਕੁਰਸੀ ਤੇ ਬਹਿ ਗਿਆ ਪਰ ਪਾਲ ਮੰਜੇ ਨੂੰ ਦੇਖ ਬੜਾ ਖ਼ੁਸ਼ ਹੋਇਆ ਕਹਿੰਦਾ ਇਹ ਬੜਾ ਵਧੀਆ ਹੈ। ਤੇ ਉਹ ਆ ਕੇ ਮੇਰੀ ਪੈਂਦ ਉੱਤੇ ਬੈਠ ਗਿਆ। ਮੈਂ ਕਿਹਾ ਪੈਂਦ ਤੇ ਕਾਹਨੂੰ ਬਹਿਣਾ, ਏਧਰ ਨੂੰ ਹੋ ਜਾ। ਉਹ ਕਹਿੰਦਾ ਕਿਉਂ ਇੱਥੇ ਕੀ ਆ? ਮੈਂ ਹੁਣ ਉਸ ਨੂੰ ਕੀ ਦੱਸਾਂ ਵੀ ਸਾਡੀ ਵੱਡੀ ਅੰਬੋ ਕਹਿੰਦੀ ਹੁੰਦੀ ਸੀ ਬਈ ਆਏ ਮਹਿਮਾਨ ਨੂੰ ਪੈਂਦ ਤੇ ਨਹੀਂ ਬਹਾਉਂਦੇ ਹੁੰਦੇ, ਇਹ ਉਸ ਦਾ ਨਿਰਾਦਰ ਹੁੰਦਾ। ਮੈਂ ਪਾਲ ਨੂੰ ਕਿਹਾ ਆਰਾਮਦਾਇਕ ਨਹੀਂ ਹੋਵੇਗੀ ਸੋ ਤੂੰ ਜਾ ਕੇ ਕਹੇਗਾ ਕਿ ਪੰਜਾਬੀਆਂ ਦੇ  ਮੰਜੇ 'ਤੇ ਬੈਠਣਾ ਤਾਂ ਬਹੁਤ ਔਖਾ। ਗੱਲ ਮੰਜੇ ਦੀ ਤੁਰ ਪਈ ਉਹਨਾਂ ਦੀ ਜਿਗਿਆਸਾ ਸੀ ਕਿ ਇਹ ਕਿੱਥੇ, ਕਿਉਂ ਅਤੇ ਕਾਹਤੋਂ ਵਰਤਦੇ ਹਨ? ਮੈਂ ਸੋਚਿਆ ਜੇ  ਜ਼ਿਆਦਾ ਖੁੱਲ੍ਹ ਕੇ ਦੱਸਣ ਲੱਗ ਪਿਆ ਤਾਂ ਮੇਰੀ ਅੰਗਰੇਜ਼ੀ ਮੁੱਕ ਜਾਣੀ ਆ। ਸੋ ਏਸ ਰੱਸੇ ਦੀ ਸਿਰੇ ਆਲ਼ੀ ਗੰਢ ਇਹ ਹੈ ਕਿ ਜਦੋਂ ਅਸੀਂ ਇਸ ਤੇ ਬਹਿ ਜਾਂਦੇ ਹਾਂ ਤਾਂ ਬਾਈ ਮੱਖਣ ਬਰਾੜ ਦੀ ਲਿਖਤ ਵਾਂਗ ਆਪਣੇ ਆਪ ਨੂੰ ਨਵਾਬ ਜਿਹਾ ਸਮਝਣ ਲੱਗ ਪੈਂਦੇ ਹਾਂ। ਉਹ ਹੈਰਾਨ ਜਿਹੇ ਹੋ ਕੇ ਕਹਿੰਦੇ ਤੂੰ ਕਹਿੰਦਾ ਕਿ ਇਹ ਮੰਜਾ ਹਰ ਘਰੇ ਹੁੰਦਾ ਅਤੇ ਇਕ ਘਰੇ ਕਈ-ਕਈ  ਹੁੰਦੇ ਆ? ਮੈਂ ਕਿਹਾ ਹਾਂ। ਉਹ ਕਹਿੰਦਾ ਫੇਰ ਤਾਂ "Too Many" ਨਵਾਬ ਹੋਣੇ ਆ ਤੁਹਾਡੇ ਪੰਜਾਬ 'ਚ ਤਾਂ!  ਇਹ ਕਹਿ ਕੇ ਜ਼ੋਰ ਦੀ ਹੱਸ ਪਏ।  ਮੈਂ ਕੀ ਦੱਸਾਂ ਕਿ ਬੱਸ ਆਹ ਨਵਾਬੀ ਵਾਲਾ ਭਰਮ ਹੀ ਤਾਂ ਹੈ ਸਾਡੇ ਪੱਲੇ!
ਮਾਹੌਲ ਹਲਕਾ ਫੁਲਕਾ ਬਣ ਗਿਆ ਸੀ ਪਰ ਉਹ ਬੈਠਣ ਦੀ ਥਾਂ ਅੱਚਵੀਂ ਜਿਹੀ ਕਰ ਰਹੇ ਸਨ ਤੇ ਬਾਰ ਬਾਰ ਕਹਿ ਰਹੇ ਸਨ ਅਸੀਂ ਤੇਰਾ ਕੰਮ ਖੜ੍ਹਾ ਦਿੱਤਾ, ਸਾਨੂੰ ਹੁਣ ਜਾਣਾ ਚਾਹੀਦਾ।
ਮੈਂ ਗੱਲ ਛੇੜੀ ਪੱਛਮੀ ਆਸਟ੍ਰੇਲੀਆ ਦੇ ਇਕ ਵੱਡੇ ਜ਼ਿਮੀਂਦਾਰ ਤੇ 'ਸਪੱਡ ਸ਼ੈੱਡ' ਜਰਨਲ ਸਟੋਰਾਂ ਦੀ ਲੜੀ ਦੇ ਮਾਲਕ ਟੋਨੀ ਗੁਲ੍ਹਾਟੀ ਬਾਰੇ। ਜਦੋਂ ਮੈਂ ਜਾਣਨਾ ਚਾਹਿਆ ਤਾਂ ਉਹ ਕਹਿੰਦੇ ਬੰਦੇ ਦੀ ਸਿਰੜ ਅਤੇ ਮਿਹਨਤ ਵੱਡੇ-ਵੱਡੇ ਪਹਾੜ ਚੀਰ ਦਿੰਦੀ ਹੈ। ਟੋਨੀ ਨੇ ਜਿੱਥੇ ਮੁਫ਼ਤ 'ਚ ਆਲੂ ਵੰਡ ਕੇ ਵੱਡੇ ਘਰਾਨਿਆਂ ਨੂੰ ਵਕਤ ਪਾ ਦਿੱਤਾ ਸੀ, ਉੱਥੇ ਸਰਕਾਰ ਦੀ ਧੌਣ 'ਤੇ ਗੋੜ੍ਹਾ ਰੱਖ ਕੇ ਆਪਣੀ ਹੋਂਦ ਮਨਵਾਉਣ 'ਚ ਵੀ ਕਾਮਯਾਬ ਹੋਇਆ। ਉਹ ਅਸਲ ਚ ਇਕ ਦਲੇਰ,ਸਾਦਾ ਅਤੇ ਮਿਹਨਤੀ ਇਨਸਾਨ ਹੈ ਤੇ ਅੱਜ ਵੀ ਤੁਸੀਂ ਉਸ ਨੂੰ ਕਾਲੀ ਲੰਮੀ ਨਿੱਕਰ ਪਾਇਆ ਆਪਣੇ ਕਿਸੇ ਖੇਤ ਜਾਂ ਵਪਾਰ 'ਤੇ ਮਿਹਨਤ ਕਰਦਾ ਦੇਖ ਸਕਦੇ ਹੋ। ਭਾਵੇਂ ਹੁਣ ਉਹ ਇਕ ਸਾਮਰਾਜ ਦਾ ਮਾਲਕ ਹੈ ਪਰ ਉਸ ਨੇ ਕਦੇ ਆਪਣੇ ਪੈਰ ਜ਼ਮੀਨ ਤੋਂ ਨਹੀਂ ਚੱਕੇ। (ਇੱਥੇ ਜ਼ਿਕਰਯੋਗ ਹੈ ਕਿ ਟੋਨੀ ਇਕ ਸਧਾਰਨ ਜ਼ਿਮੀਂਦਾਰ ਸੀ ਤੇ ਉਸ ਨੇ ਆਪਣੀ ਮਿਹਨਤ ਨਾਲ ਉਗਾਈ ਫ਼ਸਲ ਮੰਡੀਆਂ 'ਚ ਰੋਲਣ ਦੀ ਥਾਂ ਸਿੱਧੀ ਲੋਕਾਂ 'ਚ ਮੁਫ਼ਤ ਵੰਡਣ ਨੂੰ ਤਰਜੀਹ ਦਿੱਤੀ ਤੇ ਅੱਜ ਉਹ 'ਸਪੱਡ ਸ਼ੈੱਡ' ਨਾਂ ਦੇ ਸਟੋਰਾਂ ਦੀ ਇਕ ਲੜੀ ਦਾ ਮਾਲਕ ਹੈ ਜਿਸ ਵਿਚ ਤੁਸੀਂ ਸਿੱਧੇ ਖੇਤੋਂ ਪੈਦਾ ਕੀਤੀਆਂ ਤਾਜ਼ੀਆਂ ਚੀਜ਼ਾਂ ਬਿਨਾ ਵਿਚੋਲਿਆਂ ਦੇ ਮੁਨਾਫ਼ੇ ਤੋਂ ਖ਼ਰੀਦ ਸਕਦੇ ਹੋ)
ਤੁਰਦੇ ਤੁਰਦਿਆਂ ਨੂੰ ਮੈਂ ਪੁੱਛਿਆ ਕਿ ਤੁਹਾਡੇ ਪੱਛਮੀ ਆਸਟ੍ਰੇਲੀਆ 'ਚ ਤਾਂ ਸੀ.ਬੀ.ਐੱਚ. ਗਰੁੱਪ ਕਿਸਾਨਾਂ ਦਾ ਆਪਣਾ ਗਰੁੱਪ ਹੈ ਤੇ ਮੈਂ ਸੁਣਿਆ ਜਦੋਂ ਦਾ ਉਹ ਹੋਂਦ 'ਚ ਆਇਆ ਕਿਸਾਨ ਸੌਖੇ ਹੋ ਗਏ? ਕਹਿੰਦੇ! ਹੁੰਦਾ ਸੀ ਕਦੇ, ਹੁਣ ਤਾਂ ਬਲੱਡੀ ਕਾਰਪੋਰੇਟ ਘਰਾਨਿਆਂ ਦੇ ਹੱਥ ਚੜ੍ਹ ਗਿਆ। ਹੁਣ ਤਾਂ ਜੋ ਉਹ ਕਹਿੰਦੇ ਆ ਉਹੀ ਕਰਦੇ ਆ। ਮੇਰੇ ਮੂੰਹੋਂ ਅਚਨਚੇਤ ਨਿਕਲ ਗਿਆ ਕਿ ਅੱਛਾ ਇੱਥੇ ਵੀ ਅਡਾਨੀ ਤੇ ਅੰਬਾਨੀ ਆ ਗਏ। ਉਹ ਮੇਰੇ ਵੱਲ ਅਜੀਬ ਜਿਹਾ ਮੂੰਹ ਬਣਾ ਕੇ ਕਹਿੰਦਾ ਨਹੀਂ 'ਤੁਹਾਡਾ' ਅਡਾਨੀ ਤਾਂ ਕੋਲੇ ਦੀਆਂ ਖ਼ਾਨਾਂ 'ਚ ਮੂੰਹ ਮਾਰਦਾ ਫਿਰਦਾ। ਇੱਥੇ ਤਾਂ ਕਣਕ ਅਤੇ ਦਾਲਾਂ 'ਚ ਹੋਰ ਹੀ ਅਡਾਨੀ ਪੈਦਾ ਹੋਏ ਫਿਰਦੇ ਹਨ। ਪਿਛਲੇ ਦਿਨਾਂ 'ਚ ਸੀ.ਬੀ.ਐੱਚ. ਗਰੁੱਪ ਬਾਰੇ ਕਾਫ਼ੀ ਕੁਝ ਚੰਗਾ ਸੁਣਿਆ ਸੀ ਪਰ ਕਹਿੰਦੇ ਹਨ ਕਿ ਰਾਹ ਪਏ ਜਾਣੀਏ ਜਾਂ ਵਾਹ ਪਏ। ਜੌਨ ਕਹਿੰਦਾ ਮੈਨੂੰ ਤਾਂ ਲਗਦਾ ਗਿਆਨ ਸਾਡੀ ਕੁਆਲਿਟੀ ਲਾਈਫ਼ ਨੂੰ ਖਾ ਗਿਆ। ਸਾਡੇ ਪਿਓ ਦਾਦੇ ਅਨਪੜ੍ਹ ਸਨ।  ਉਹਨਾਂ ਕੋਲ ਭਾਵੇਂ ਵਸੀਲਿਆਂ ਦੀ ਘਾਟ ਸੀ ਪਰ ਚੰਗੀ ਸਿਹਤ ਅਤੇ ਸ਼ਾਹੀ ਜ਼ਿੰਦਗੀ ਸੀ। ਜੌਨ ਦੀਆਂ ਗੱਲਾਂ ਦਾ ਦਰਦ ਅੱਜ ਕਲ ਪੜ੍ਹ-ਲਿਖ ਗਿਆਨਵਾਨ ਕਹਾਉਂਦੀ ਪੀੜ੍ਹੀ 'ਤੇ ਸਵਾਲੀਆ ਨਿਸ਼ਾਨ ਲਾ ਰਿਹਾ ਸੀ।
ਅਡਾਨੀ ਦੀ ਗੱਲ ਆਉਣ ਤੇ ਮੈਂ ਕਿਹਾ ਕਿ ਉਹ ਤਾਂ ਵਪਾਰੀ ਆ ਪਰ ਜਿਸ ਨੇ ਉਸ ਨੂੰ ਇਹ ਵਣਜ ਸ਼ੁਰੂ ਕਰਵਾਉਣ 'ਚ ਦਲਾਲੀ ਖਾਧੀ ਹੈ ਉਸ ਦਾ ਤਾਂ ਛੇਤੀ ਹੀ ਮੂੰਹ ਕਾਲਾ ਹੋਵੇਗਾ। ਕਿਉਂਕਿ ਮੇਰਾ ਮੰਨਣਾ ਹੈ ਕਿ ਕਹਾਵਤਾਂ ਕਦੇ ਝੂਠੀਆਂ ਨਹੀਂ ਹੁੰਦੀਆਂ। ਉਹ ਹੈਰਾਨ ਜਿਹੇ ਹੋ ਕੇ ਕਹਿੰਦੇ ਤੂੰ ਜਾਣਦਾ ਉਸ ਦਲਾਲ ਨੂੰ? ਮੈਂ ਕਿਹਾ ਹਾਂ ਉਸੇ ਦੇ ਸਤਾਏਂ ਸਾਡੇ ਕਿਸਾਨ ਨੂੰ ਵੀ ਸੱਤ ਮਹੀਨੇ ਹੋ ਗਏ ਸੜਕਾਂ ਤੇ ਰੁਲਦੇ ਨੂੰ। ਉਹ ਕਹਿੰਦੇ ਕੀ ਇਹ ਸੱਚ ਹੈ ਕਿ ਉਹ ਸਿਰਫ਼ ਦੋ ਘਰਾਨਿਆਂ ਦਾ ਪ੍ਰਧਾਨ ਮੰਤਰੀ ਹੈ। ਮੈਂ ਕਿਹਾ ਨਹੀਂ ਇਹ ਸੱਚ ਨਹੀਂ ਅਸਲ 'ਚ ਤਾਂ ਉਹ ਸਾਰੇ ਭਾਰਤ ਦਾ ਪ੍ਰਧਾਨ ਮੰਤਰੀ ਹੈ ਪਰ ਪਾਲਤੂ ਸਿਰਫ਼ ਦੋ ਘਰਾਂ ਦਾ। ਦਿੱਲ੍ਹੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਦੀ ਗੂੰਝ ਇਹਨਾਂ ਦੇ ਕੰਨਾਂ ਤੱਕ ਪਹਿਲਾਂ ਹੀ ਪੁੱਜ ਚੁੱਕੀ ਸੀ।
ਜੌਨ ਤੇ ਪਾਲ ਸਿਰ ਮਾਰ ਕੇ (ਗੋਰਿਆਂ ਦਾ ਕਿਸੇ ਗੱਲ ਪ੍ਰਤੀ ਹਮਦਰਦੀ ਜਤਾਉਣ ਦਾ ਇਹ ਵੱਖਰਾ ਅੰਦਾਜ਼ ਹੈ) ਆਪਣੇ ਭਾਵ ਪ੍ਰਗਟਾਉਂਦੇ ਹੋਏ ਵਾਹੇ ਵਾਹਣ ਵਿਚ ਦੀ ਤੁਰ ਪਏ। ਮੈਂ ਨਾਲ ਤੁਰ ਪਿਆ ਗਿੱਠ ਗਿੱਠ ਲੰਮੀਆਂ ਮਿਰਚਾਂ ਮਿੱਟੀ 'ਚ ਦੱਬੀਆਂ ਦੇਖ ਕੇ ਕਹਿੰਦੇ ਅੱਛਾ ਹੁਣ ਇੱਥੇ ਦਫ਼ਨਾ ਦਿੱਤਿਆਂ ਵਿੰਗੀਆਂ ਮਿਰਚਾਂ? ਇਹ ਸੁਣ ਅਸੀਂ ਸਾਰੇ ਦਰਦ ਨਾਲ ਲਬਰੇਜ਼ ਹਾਸਾ ਹੱਸ ਪਏ ਤੇ ਹਾਸਤੇ-ਹਾਸਤੇ ਸੰਤਰਿਆਂ ਕੋਲ ਆ ਗਏ। ਮੈਂ ਕਿਹਾ ਸੰਤਰੇ ਲੈਂਦੇ ਜਾਓ। ਉਹ ਕਹਿੰਦੇ ਹੈਗੇ ਸਾਡੀ ਜੇਬ 'ਚ। ਮੈਂ ਕਿਹਾ ਇਕ-ਇਕ ਨਾਲ ਕੀ ਬਣੂ ? ਮੈਂ ਤੋੜ ਕੇ ਦਿੰਦਾ ਤੁਹਾਨੂੰ, ਮਿੱਠੇ ਜਿਹੇ। ਮੈਂ ਤੋੜੀ ਜਾਵਾਂ ਤੇ ਉਹ ਕਹੀ ਜਾਣ ਬੱਸ ਬਹੁਤ ਆ, ਪਹਿਲਾਂ ਹੀ ਇਸ ਬਾਰ ਤੇਰਾ ਖਰਚਾ ਤੁੜਵਾਈ 'ਤੇ ਬਹੁਤ ਹੋਇਆ। ਮੈਂ ਆਲਾ ਦੁਆਲਾ ਦੇਖ ਰਿਹਾ ਸੀ ਕਿ ਕਾਹਦੇ 'ਚ ਪਾਵਾਂ ਤਾਂ ਜੌਨ ਨੇ ਆਪਣੀ ਕੋਟੀ ਦੀ ਝੋਲੀ ਬਣਾ ਲਈ ਮੈਂ ਉਸ ਦੀ ਝੋਲੀ 'ਚ ਸੰਤਰੇ ਪਾ ਕੇ ਉਹਨਾਂ ਨੂੰ ਅਲਵਿਦਾ ਕਹੀ ਤੇ ਸੋਚ ਰਿਹਾ ਸੀ ਦੁਨੀਆ 'ਚ ਸਭ ਤੋਂ ਪਹਿਲਾਂ ਸਾਰੇ ਰਿਸ਼ਤੇ ਇਨਸਾਨੀਅਤ ਦੇ ਹੁੰਦੇ ਹਨ। ਫੇਰ ਉਹ ਰਿਸ਼ਤੇ ਕਿੱਤਿਆਂ ਦੇ ਹਿਸਾਬ 'ਚ ਜੋਖੇ ਜਾਂਦੇ ਹਨ ਅਤੇ ਉਹਨਾਂ 'ਚੋਂ ਹੀ ਇਕ 'ਕਿਸਾਨੀਅਤ' ਦਾ ਰਿਸ਼ਤਾ ਜੌਨ ਤੇ ਪਾਲ ਨੂੰ ਮੇਰੇ ਕੋਲ ਖਿੱਚ ਲਿਆਇਆ ਸੀ।

ਮਿੰਟੂ ਬਰਾੜ +61 434 289 905
mintubrar@gmail.com
(04/06/2021) 11:10pm
Kingston On Murray

ਸਿਆਸੀ ਚੀਕੂ ~ A Political Love Story - Mintu Brar Australia

ਚੀਕੂ ਦਾ ਇਤਿਹਾਸ ਕੀ ਹੈ ਇਹ ਕਿਥੋਂ ਆਇਆ, ਦੁਨੀਆ ਦੇ ਕਿਹੜੇ ਖ਼ਿੱਤੇ ‘ਚ ਇਸ ਦੀ ਕਾਸ਼ਤ ਹੁੰਦੀ ਹੈ ਤੇ ਕਿੱਥੇ ਨਹੀਂ ਹੁੰਦੀ ਅਤੇ ਕਿਹੜੇ ਮੌਸਮ ‘ਚ ਹੁੰਦਾ ਆਦਿ।  ਇਹਨਾਂ ਸਾਰੀਆਂ ਗੱਲਾਂ ਤੇ ਸਮਾਂ ਜਾਇਆ ਨਹੀਂ ਕਰਾਂਗਾ ਇਹ ਤੁਸੀਂ ਆਪ ਗੂਗਲ ਤੋਂ ਪੜ੍ਹ ਲਓ ਕਿਉਂਕਿ ਮੈਂ ਵੀ ਉੱਥੋਂ ਹੀ ਨਕਲ ਮਾਰ ਕੇ ਆਪਣੇ ਆਪ ਨੂੰ ਵਿਦਵਾਨ ਦਰਸਾਉਣ ਦੀ ਅਸਫਲ ਕੋਸ਼ਿਸ਼ ਕਰਨੀ ਸੀ।
ਬੱਸ ਚੀਕੂ ਬਾਰੇ ਜੋ ਹੁਣ ਤੱਕ ਸੱਚ ਦਾ ਗਿਆਨ ਮੇਰੇ ਜ਼ਿਹਨ ‘ਚ ਹੈ ਉਹ ਸਿਰਫ਼ ਇਕ ਲਾਈਨ ਦਾ ਹੈ ਕਿ ਜਦੋਂ ਕਦੇ ਬਚਪਨ ‘ਚ ਤਾਪ ਚੜ੍ਹ ਜਾਂਦਾ ਤਾਂ ਚਾਅ ਨਹੀਂ ਸੀ ਚੁੱਕਿਆ ਜਾਂਦਾ। ਇਸ ਪਿੱਛੇ ਕਾਰਨ ਹੁੰਦਾ ਸੀ ਕਿ ਇਕ ਤਾਂ ਗੁਲੂਕੋਸ ਦੇ ਬਿਸਕੁਟ ਖਾਣ ਨੂੰ ਮਿਲਣਗੇ, ਦੂਜੀ ਡਬਲਰੋਟੀ ਅਤੇ ਤੀਜੇ ਚੀਕੂ। ਸੋ ਇਸ ਦਾ ਮਤਲਬ ਇਹ ਹੋਇਆ ਕਿ ਚੀਕੂ ਬਿਮਾਰਾਂ ਦੇ ਲਈ ਕਾਫ਼ੀ ਲਾਹੇਵੰਦ ਫਲ ਹੈ।
ਕੱਲ੍ਹ ਦਾ ਚੀਕੂ ਇਕ ਬਾਰ ਫੇਰ ਚਰਚਾ ‘ਚ ਹੈ। ਸੋਚਿਆ ਚਰਚਾ ਛੇੜਨ ਵਾਲੇ ਤਾਂ ਬਿਮਾਰ ਵੀ ਨਹੀਂ ਜਾਪਦੇ! ਫੇਰ ਹੁਣ ਅਚਾਨਕ ਇਹ ਚੀਕੂ ਹਰ ਇਕ ਦੀ ਜ਼ੁਬਾਨ ਤੇ ਕਿਵੇਂ ਆ ਚੜ੍ਹਿਆ। ਹਰ ਕੋਈ ਇਸ ਤੇ ਵਿਅੰਗ ਕਰਨ ਲਈ ਕਾਹਲਾ, ਵੀ ਕੀਤੇ ਮੈਂ ਨਾ ਪਿੱਛੇ ਰਹਿ ਜਾਵਾਂ।
ਬਹੁਤ ਸਾਰੇ ਸੱਜਣ ਕਹਿ ਰਹੇ ਹਨ ਕਿ ਰਾਜਾ ਸਾਹਿਬ ਦੀ ਫ਼ੋਨ ਕਾਲ ਲੀਕ ਹੋ ਗਈ। ਬੜੀ ਤੇਜ਼ੀ ਨਾਲ ਇਕ ਵੀਡੀਓ ਇਕ ਫ਼ੋਨ ਤੋਂ ਦੂਜੇ ਫ਼ੋਨ ‘ਚ ਜਾ ਰਹੀ ਹੈ।  ਪਰ ਮੇਰੀ ਪੁੱਠੀ ਖੋਪੜੀ ਦੂਜੇ ਪੱਖ ਲੱਭਣ ਤੁਰੀ ਹੋਈ ਆ। ਮੈਨੂੰ ਲਗਦਾ ਤੁਸੀਂ ਭੁੱਲ ਗਏ ਪਿਛਲੇ ਦਿਨੀਂ ਇਕ ਡਰਾਮਾ ਹੋਇਆ ਸੀ। ਜਿਸ ‘ਚ ਕਪਤਾਨ ਦਾ ਨੀਤੀ ਘਾੜਾ ਕਾਫ਼ੀ ਚਰਚਾ ‘ਚ ਰਿਹਾ।
ਸੋਚਣ ਵਾਲੀ ਗੱਲ ਹੈ ਕਿਤੇ ਇਹ ਵੀ ਇਕ ਚੋਣ ਨੀਤੀ ਤਾਂ ਨਹੀਂ? ਚੋਣਾਂ ਅਕਸਰ ਮੁੱਦਿਆਂ ਤੇ ਲੜੀਆਂ ਜਾਂਦੀਆਂ ਹਨ। ਜਦੋਂ ਜਨਤਾ ਰੋ ਪਿੱਟ ਕੇ ਕੋਈ ਮੁੱਦਾ ਚੁੱਕਦੀ ਹੈ ਤਾਂ ਫੇਰ ਸਿਆਸੀ ਲੋਕ ਉਸ ਦੇ ਮੂੰਹ ‘ਚ ਚੁੰਘਣੀ ਪਾ ਦਿੰਦੇ ਹਨ। ਐਤਕੀਂ ਲਗਦਾ ਜਨਤਾ ਥੋੜ੍ਹੀ ਜਿਹੀ ਬਿਮਾਰ ਸੀ ਤੇ ਰਾਜੇ ਨੇ ਸੋਚਿਆ ਕਿ ਬਿਮਾਰਾਂ ਲਈ ਚੁੰਘਣੀ ਨਾਲੋਂ ਚੀਕੂ ਕਾਫ਼ੀ ਲਾਹੇਵੰਦ  ਰਹੇਗਾ।
ਸੋ ਹੁਣ ਮੇਰੀ ਪਿਆਰੀ ਜਨਤਾ ਅਤੇ ਵਿਰੋਧੀਆਂ ਨੂੰ ਚੀਕੂ ਮਿਲ ਗਿਆ ਤੇ ਚੋਣਾਂ ਤੱਕ ਚੀਕੂ-ਚੀਕੂ ਦੀ ਆਵਾਜ਼ ‘ਚ ਵਿਕਾਸ, ਵਾਅਦੇ ਅਤੇ ਮੁੱਦੇ ਵਿਚਾਰੇ ਖੁੱਡੇ ਲੱਗ ਜਾਣਗੇ। ਰਾਜੇ ਦੇ ਪਿਛਲੇ ਰਾਜ ਵੇਲੇ ਵੀ ਵਿਰੋਧੀਆਂ ਕੋਲ ਰਾਜੇ ਦੇ ਖ਼ਿਲਾਫ਼ ਸਿਰਫ਼ ਚੁਟਕਲੇ ਹੀ ਤਾਂ ਸੀ। ਕੋਈ ਰਾਜੇ ਦੀ ਪਜਾਮੀ ‘ਚ ਚੂਹੇ ਛੱਡ-ਛੱਡ ਭੋਲੀ ਭਾਲੀ ਜਨਤਾ ਦੇ ਦਿਲ ਲੁੱਟੀ ਜਾਂਦਾ ਸੀ ਕੋਈ ਰਾਜੇ ਦੇ ਪਜਾਮੀ ਪਾਉਣ ਤੋਂ ਲੈ ਕੇ ਢਾਠੀ ਬੰਨ੍ਹਣ ਤੱਕ ਦੇ ਸੀਨ ਦੀ ਰਾਸ-ਲੀਲ੍ਹਾ ਸਟੇਜ ‘ਤੇ ਪਰੋਸ ਰਿਹਾ ਸੀ।
ਹੁਣ ਚੀਕੂ ਦੇ ਚਾਅ ‘ਚ ਕਿਥੇ ਯਾਦ ਰਹਿਣਾ ਕਿ ਪੰਜਾਬ ਦਾ ਵਾਲ-ਵਾਲ ਕਰਜ਼ਾਈ ਹੈ, ਕਿਸ ਨੇ ਦਿੱਲੀ ਬੈਠੇ ਕਿਸਾਨਾਂ ਦੀ ਆਵਾਜ਼ ਬਣਨਾ, ਕਿਸ ਨੇ  ਨਸ਼ਿਆਂ ‘ਚ ਗ਼ਲਤਾਨ ਜਵਾਨੀ ਬਾਰੇ ਸੋਚਣਾ ਅਤੇ ਕਿਸ ਨੇ ਜਹਾਜ਼ ਚੜ੍ਹ ਰਹੀ ਜਵਾਨੀ ਨੂੰ ਰੋਕਣ ਦਾ ਉਪਰਾਲਾ ਕਰਨਾ? ਖੁਦਕੁਸ਼ੀਆਂ ਦੇ ਮਸਲੇ ਤਾਂ ਬੀਤੇ ਯੁੱਗ ਦੀਆਂ ਗੱਲਾਂ ਜਾਪਣ ਲੱਗ ਜਾਣੀਆਂ ਹਨ, ਇਸ ਚੀਕੂ ਕਾਂਡ ਮੂਹਰੇ।
ਹੁਣ ਛੋਟੇ ਬਾਦਲ ਸਾਹਿਬ ਸਟੇਜਾਂ ਤੇ ਲਲਕਾਰੇ ਮਾਰਨਗੇ ਕਿ ਭਾਵੇਂ ਕਿਹੋ ਜਿਹੇ ਮਰਜ਼ੀ ਕਾਂਡ ਅਸੀਂ ਕਿਤੇ ਪਰ ਕਦੇ ਪਰਾਈ ਜ਼ਨਾਨੀਆਂ ਲਈ ਚੀਕੂ ਨਹੀਂ ਤੋੜੇ। ਮਾਨ ਸਾਹਿਬ ਕੋਲੇ ਵੀ ਹੁਣ ਪੰਚ ਜਿਹੇ ਮੁੱਕੇ ਪਏ ਸੀ। ਚਲੋ ਚੀਕੂ ਨੇ ਉਹਨਾਂ ਦੇ ਚੁਟਕਲਿਆਂ ਦੀ ਪਟਾਰੀ ਵੀ ਫੇਰ ਭਰ ਦਿੱਤੀ। ਜਨਤਾ ਜਨਾਰਧਨ ਵਿਚਾਰੀ ਜੋ ਹਰ ਵਕਤ ਚੱਕੀ ਦੇ ਪੁੜਾਂ ‘ਚ ਪਿਸਦੀ ਹੈ, ਚੀਕੂ ਕੁਝ ਦਿਨਾਂ ਲਈ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ‘ਚ ਜ਼ਰੂਰ ਕਾਮਯਾਬ ਹੋ ਜਾਣਾ।
ਅੱਜ ਮੇਰਾ ਇਕ ਅਣਭੋਲ ਮਿੱਤਰ ਮੈਨੂੰ ਕਹਿੰਦਾ ਯਾਰ ਤੈਨੂੰ ਨਹੀਂ ਲਗਦਾ ਰਾਜੇ ਨੂੰ ਨੱਕ ਡਬੋ ਕੇ ਮਰ ਜਾਣਾ ਚਾਹੀਦਾ। ਮੈਂ ਪੁੱਛਿਆ ਕਾਹਦੇ ਲਈ? ਕਹਿੰਦਾ ਆਹ ਚੀਕੂ ਕਾਂਡ ਲਈ। ਹੁਣ ਉਸ ਭਲੇ ਮਾਣਸ ਨੂੰ ਕੀ ਦੱਸੀਏ! ਓਏ ਭਰਾਵਾ ਮੈਂ ਵੀ ਇਕ ਵਾਰ ਭਾਵੁਕ ਪਣੇ ‘ਚ ਇਹ ਸਵਾਲ ਇਕ ਮੁਲਾਕਾਤ ਦੌਰਾਨ ਮਹਾਰਾਣੀ ਸਾਹਿਬਾ ਨੂੰ ਅਸਿੱਧੇ ਰੂਪ ‘ਚ ਪੁੱਛ ਲਿਆ ਸੀ ਕਿ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ ਜਦੋਂ ਪੱਤਰਕਾਰ ਰਾਜਾ ਸਾਹਿਬ ਦਾ ਨਾਂ ਐਵੇਂ ਕਿਸੇ ਹੋਰ ਔਰਤ ਨਾਲ ਜੋੜਦੇ ਹਨ? ਮੂਹਰੋਂ ਮਹਾਰਾਣੀ ਸਾਹਿਬਾ ਨੇ ਬੜੇ ਸਹਿਜਤਾ ਨਾਲ ਮੇਰੀ ਬੋਲਤੀ ਇਹ ਕਹਿ ਕੇ ਬੰਦ ਕਰ ਦਿੱਤੀ ਕਿ ਭਾਈ ਇਸ ‘ਚ ਕੀ ਗ਼ਲਤ ਹੈ? ਇਹ ਤਾਂ ਰਾਜੇ ਮਹਾਰਾਜਿਆਂ ਦੇ ਮੁੱਢ ਕਦੀਮੋਂ ਸ਼ੌਕ ਰਹੇ ਹਨ। ਸੋ ਇਹ ਕੁਝ ਕਰਨ ਦੀ ਤਾਂ ਕਪਤਾਨ ਸਾਹਿਬ ਨੂੰ ਘਰੋਂ ਵੀ ਖੁੱਲ ਮਿਲੀ ਹੋਈ ਹੈ, ਤੂੰ ਨਾ ਫ਼ਿਕਰ ਕਰ।
ਰਾਜਾ ਤਾਂ ਕੱਲ੍ਹ ਦਾ ਮੁੱਛਾਂ ਥਾਣੀ ਹੱਸਦਾ ਹੋਣਾ। ਇਕ ਤਾਂ ਸੋਚਦਾ ਹੋਣਾ ਕਿ ਜਨਤਾ ਮੈਨੂੰ ਐਵੇਂ ਬੁੱਢਾ ਸਮਝੀ ਬੈਠੀ ਸੀ ਹੁਣ ਗੱਲਬਾਤ ਸੁਣ ਕੇ ਕਹਿੰਦੀ ਫਿਰਦੀ ਹੈ ਕਿ ਯਾਰ ਇਹ ਤਾਂ ਕਾਲਜਾਂ ਵਾਲੇ ਜੁਆਕਾਂ ਵਾਂਗੂ ਗੱਲ ਕਰਦੇ ਹਨ। ਦੂਜਾ ਰਾਜੇ ਦੇ ਖ਼ੁਸ਼ੀ ਦਾ ਕਾਰਨ ਇਹ ਵੀ ਹੋਣਾ ਕਿ ਜੋ ਲੋਕ ਕਹਿੰਦੇ ਸਨ ਕਿ ਰਾਜਾ ਐਵੇਂ ਸਲਾਹਕਾਰ ਤੇ ਪੈਸੇ ਬਰਬਾਦ ਕਰ ਰਿਹਾ। ਉਸ ਪਤੰਦਰ ਨੇ ਆਪਣੀ ਪਹਿਲੀ ਚਾਲ ‘ਚ ਹੀ ਲੋਕਾਂ ਦੇ ਮੂੰਹ ‘ਚ ਚੀਕੂ ਦੇ ਕੇ ਉਹਨਾਂ ਦੀ ਸਵਾਲ ਪੁੱਛਣ ਦੀ ਬਿਮਾਰੀ ਦਾ ਹੱਲ ਕਰ ਦਿੱਤਾ।
ਓਏ ਭਰਾਵੋ ਜਿਹੜੀਆਂ ਕਹਾਵਤਾਂ ਬਣਦੇ-ਬਣਦੇ ਯੁੱਗ ਲੱਗ ਜਾਂਦੇ ਆ, ਉਹਨਾਂ ਦਾ ਸਤਿਕਾਰ ਕਰ ਲਿਆ ਕਰੋ। ਸਾਡੀਆਂ ਕਹਾਵਤਾਂ ‘ਲੰਡੇ’ ਅਤੇ ‘ਲੁੱਚੇ’ ਨੂੰ ਚੌਧਰੀ ਦੱਸਦਿਆਂ। ਸੋ ਇਹੋ ਜਿਹੇ ਚੌਧਰੀਆਂ ਨੂੰ ਕੀ ਫ਼ਰਕ ਪੈਂਦਾ ਸਿਰਫ਼ ਇਕ ਆਵਾਜ਼ ਦੀ ਵੀਡੀਓ ਲੀਕ ਹੋਣ ਦਾ। ਜਿਹੜੇ ਲੋਕ ਗੁਟਕੇ ਫੜ ਕੇ ਸੌਂਹ ਖਾ ਕੇ ਉਸ ਤੇ ਪੂਰੇ ਨਹੀਂ ਉੱਤਰਦੇ।  ਉਹਨਾਂ ਦੀ ਤਾਂ ਭਾਵੇਂ ਨਗਨ ਵੀਡੀਓ ਲੀਕ ਕਰ ਦਿਓ ਉਸ ਦਾ ਵੀ ਕੀ ਫ਼ਰਕ ਪੈਣਾ। ਆਹ ਸਾਲ ਕੁ ਪਹਿਲਾਂ ਉੱਤੋਂ ਫੜਿਆ ਗਿਆ ਅਕਾਲੀ ਮੰਤਰੀ ਕਿਹੜਾ ਚੱਪਣੀ ਭਾਲਦਾ ਫਿਰਦਾ ਨੱਕ ਡਬੋਣ ਨੂੰ।
ਚੀਕੂ ਵਾਲਾ ਕੜਾ ਵਿਰੋਧੀਆਂ ਦੇ ਵੀ ਸੂਤ ਆ ਗਿਆ। ਉਹ ਵੀ ਕਿਥੋਂ ਚਾਹੁੰਦੇ ਹਨ ਕਿ ਜਨਤਾ ਉਹਨਾਂ ਨੂੰ ਸਵਾਲ ਕਰੇ ਤੇ ਵੱਡੇ ਵੱਡੇ ਵਾਅਦੇ ਕਰਨੇ ਪੈਣ,  ਜੋ ਬਾਅਦ ‘ਚ ਉਹਨਾਂ ਦੀ ਗਲੇ ਦੀ ਹੱਡੀ ਬਣਨ। ਹੈਰਾਨ ਨਾ ਹੋਇਓ ਜੇ ਐਤਕੀਂ ਚੋਣਾਂ ‘ਚ ਵਿਰੋਧੀ ਧਿਰ ਇਹ ਵਾਅਦਾ ਕਰੇ ਕਿ “ਸਾਨੂੰ ਰਾਜ ਦਿਓ ਅਸੀਂ ਇਕ ਵੀ ਚੀਕੂ ਬਾਰਡਰ ਨਹੀਂ ਟੱਪਣ ਦੇਵਾਂਗੇ।”
ਸਿਆਣੇ ਬਣੋ ਮਿੱਤਰੋ, ਉਹ ਰਾਜੇ ਦੀ ਨਿੱਜੀ ਜ਼ਿੰਦਗੀ ਹੈ ਉਹ ਭਾਵੇਂ ਚੀਕੂ ਭੇਜੇ ਭਾਵੇਂ ਸੀਤਾ ਫਲ। ਉਹ ਜਨਤਾ ਦਾ ਪਤੀ ਨਹੀਂ ਕਿ ਅਸੀਂ ਉਸ ਦੀ ਰਾਖੀ ਰੱਖੀਏ ਤੇ ਏਧਰ ਉੱਧਰ ਮੂੰਹ ਮਾਰਨ ਤੋਂ ਰੋਕੀਏ।  ਉਹ ਤਾਂ ਸਾਡਾ ਮੁੱਖਮੰਤਰੀ ਹੈ ਤੇ ਉਹ ਸਾਡੀ ਵੋਟ ਕੁਝ ਵਾਅਦਿਆਂ ਬਦਲੇ ਲੈ ਕੇ ਗਿਆ ਸੀ। ਬੱਸ ਥੋੜ੍ਹਾ ਜਿਹਾ ਚਿਰ ਰਹਿ ਗਿਆ, ਆਉਣਾ ਹੀ ਪੈਣਾ ਤੁਹਾਡੀ ਕਚਹਿਰੀ ‘ਚ ਫੇਰ ਉਸ ਨੂੰ।  ਸੋ ਹੁਣ ਸਮਾਂ ਹੈ ਆਪਣੇ ਸਵਾਲ ਸਾਣ ‘ਤੇ ਲਾਉਣ ਦਾ। ਦੰਦੇ ਕਢਾ ਲਵੋ ਸਵਾਲਾਂ ਰੂਪੀ ਦਾਤੀਆਂ ਦੇ। ਚੀਕੂ ਦੇ ਚੱਕਰ ‘ਚ ਫੇਰ ਨਾ ਪੰਜ ਸਾਲ ਲਈ ਗੋਡਣੀਆਂ ਲਵਾ ਲਿਓ। ਇਹ ਨੀਲੇ ਚਿੱਟੇ ਅਤੇ ਪੀਲੇ ਤੁਹਾਡੀ ਵੋਟ ਦੇ ਯਾਰ ਹਨ, ਉਂਜ ਤਾਂ ਇਹਨਾਂ ਸਾਡਾ ਖ਼ੂਨ ਹੀ ਚੂਸਣਾ। ਜੇ ਕਰ ਤੁਸੀਂ ਰਾਜੇ ਨੂੰ ਇਸ ਬਾਰ ਸਿਰਫ਼ ਇਸ ਲਈ ਵੋਟ ਨਹੀਂ ਪਾਉਂਦੇ ਕਿ ਉਹਨੇ ਚੀਕੂ ਕਾਂਡ ਕੀਤਾ ਤਾਂ ਤੁਹਾਨੂੰ ਆਪਣੀ ਯਾਦਦਾਸ਼ਤ ਦਾ ਇਲਾਜ ਕਰਵਾਉਣਾ ਚਾਹੀਦਾ।
ਇਸ ਬਾਰ ਜਦੋਂ ਕੋਈ ਵੀ ਸਿਆਸੀ ਬੰਦਾ ਵੋਟ ਮੰਗਣ ਆਵੇ ਭੁੱਲ ਜਾਓ ਉਸ ਨੇ ਕੀ ਕੀਤਾ। ਬੱਸ ਸਿਰਫ਼ ਯਾਦ ਰੱਖਿਓ ਜੋ ਉਸ ਨੇ ਵਾਅਦਾ ਕਰ ਕੇ ਪੂਰਾ ਨਹੀਂ ਕੀਤਾ। ਯਾਦ ਰੱਖਿਓ ਬਰਗਾੜੀ ਕਾਂਡ। ਯਾਦ ਰੱਖਿਓ ਪੋਹ ‘ਚ ਬਾਰਡਰ ‘ਤੇ ਠਰੇ ਕਿਸਾਨ। ਪੁੱਛਿਓ ਇਹਨਾਂ ਨੂੰ ਜਹਾਜ਼ਾਂ ‘ਚ ਚੜ੍ਹਦੀ ਜਵਾਨੀ ਨੂੰ ਠੱਲ੍ਹਣ ਲਈ ਕੀ ਸਕੀਮ ਹੈ ਤੁਹਾਡੇ ਕੋਲ। ਯਾਦ ਰੱਖਿਓ ਰੱਸਿਆਂ ਨਾਲ ਲਟਕਦੇ ਉਹ ਸਰੀਰ ਜੋ ਵੀ ਕਦੇ ਇਹਨਾਂ ਦੀ ਵੋਟ ਹੁੰਦੇ ਸਨ।
ਅੰਤ ‘ਚ ਰਾਜਾ ਸਾਹਿਬ ਨੂੰ ਸਵਾਲ ਹੈ ਕਿ ਰਾਜਾ ਸਾਹਿਬ ਤੁਹਾਨੂੰ ਨਹੀਂ ਲਗਦਾ ਜੇ ਐਨਾ ਫ਼ਿਕਰ ਤੁਸੀਂ ਆਪਣੀ ਪਰਜਾ ਦਾ ਕਰ ਲੈਂਦੇ ਜਿੰਨਾਂ ਆਪਣੀ ਪਰਦੇਸਣ ਮਿੱਤਰ ਦਾ ਕਰ ਰਹੇ ਹੋ ਤਾਂ ਪਰਜਾ ਤੁਹਾਨੂੰ  ਫੇਰ ਅੱਖਾਂ ਤੇ ਬਿਠਾ ਲੈਂਦੀ?
Mintu Brar Australia
mintubrar@gmail.com
+61 434 289 905

ਟਿਕ-ਟਾਕ ਤੋਂ  ਹੈਰਿਸ ਪਾਰਕ ਦੇ ਜੂਤ-ਪਤਾਂਗ ਤੱਕ - ਮਿੰਟੂ ਬਰਾੜ

ਆਖ਼ਿਰ ਬਾਰਾਂ ਸਾਲਾਂ ਬਾਅਦ ਹੁਣ ਫੇਰ ਆਸਟ੍ਰੇਲੀਆ 'ਚ  ਕੁਝ ਕੁ ਲੋਕਾਂ ਕਾਰਨ ਸਾਡਾ ਨੌਜਵਾਨ ਵਰਗ ਚਰਚਾ 'ਚ ਹੈ। ਭਾਵੇਂ ਇਹਨਾਂ ਬਾਰਾਂ ਸਾਲਾਂ ਦੌਰਾਨ ਸਾਡੇ ਬਹੁਤ ਸਾਰੇ ਬੱਚਿਆਂ ਨੇ, ਵੱਡੀਆਂ-ਵੱਡੀਆਂ ਮੱਲ੍ਹਾਂ ਮਾਰੀਆਂ। ਪਰ ਅੱਜ ਦੇ ਯੁੱਗ ਦੀ ਰੀਤ ਹੈ ਕਿ ਜੋ ਚੰਗਾ ਕਾਰਜ ਹੋਵੇ ਉਹ ਨਜ਼ਰਾਂ ਤੋਂ ਓਹਲੇ ਹੀ ਰਹਿ ਜਾਂਦਾ ਹੈ ਪਰ ਬੁਰਾ 'ਕਾਰਾ' ਨਜ਼ਰੀ ਚੜ੍ਹਦਾ ਬਿੰਦ ਨਹੀਂ ਲਾਉਂਦਾ।
ਪਹਿਲਾਂ 2008 'ਚ ਸਾਡੇ ਕੁਝ ਕੁ ਨੌਜਵਾਨ ਆਸਟ੍ਰੇਲੀਆ ਦੀਆਂ ਸੜਕਾਂ 'ਤੇ ਆਏ ਸਨ। ਉਸ ਗ਼ਲਤੀ ਦੇ ਨਤੀਜੇ ਕਈਆਂ ਨੇ, ਕਈ ਸਾਲਾਂ ਤੱਕ ਭੁਗਤੇ ਸਨ। ਉਸ ਵਕਤ ਹਾਲੇ ਫੇਰ ਵੀ ਨਰਾਜ਼ਗੀ ਦੀ ਵਜ੍ਹਾ ਸਹੀ ਸੀ, ਪਰ ਇਤਰਾਜ਼ ਜਤਾਉਣ ਦਾ ਤਰੀਕਾ ਗ਼ਲਤ ਸੀ। ਪਰ ਇਸ ਬਾਰ ਤਾਂ ਬਿਨਾਂ ਵਜ੍ਹਾ ਦੇ ਸੋਸ਼ਲ ਮੀਡੀਆ ਦੇ ਮੈਦਾਨ 'ਚ ਬੜ੍ਹਕਾਂ ਮਾਰਨ ਤੋਂ ਲੈ ਕੇ ਹੈਰਿਸ ਪਾਰਕ ਦੀਆਂ ਗਲੀਆਂ 'ਚ ਉੱਡੀਆਂ ਧੱਜੀਆਂ ਸਭ ਨੇ ਦੇਖੀਆਂ। ਅਫ਼ਸੋਸ ਇਸ ਗੱਲ ਦਾ ਹੈ ਕਿ ਹਰ ਬਾਰ ਦੀ ਤਰ੍ਹਾਂ ਇਸ ਨੂੰ ਰੰਗਤ ਭਾਈਚਾਰੇ ਦੀ ਜਾਂ ਫੇਰ ਧਰਮ ਦੀ ਦੇ ਦਿੱਤੀ ਗਈ।
ਹਰ ਪਾਸੇ ਤੋਂ ਪ੍ਰਤੀਕਰਮ ਦੇਖਣ ਸੁਣਨ ਨੂੰ ਮਿਲੇ ਪਰ ਜ਼ਿਆਦਾਤਰ ਨੇ ਇਸ ਵਰਤਾਰੇ ਦੀ ਨਿੰਦਿਆ ਹੀ ਕੀਤੀ। ਕੁਝ ਕੁ ਨੇ ਇਸ ਨੂੰ ਸਹੀ ਦਰਸਾਉਣ ਲਈ ਵੀ ਵਾਹ ਲਾਈ। ਇੱਥੇ ਹਰ ਇਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਪਰ ਸਿਰਫ਼ ਇਸ ਲਈ ਟਿੰਡ 'ਚ ਕਾਨਾ ਨਹੀਂ ਫਸਾਈ ਦਾ ਹੁੰਦਾ ਕਿ ਭਾਵੇਂ ਅਸੀਂ ਸਹੀ ਹਾਂ, ਭਾਵੇਂ ਗ਼ਲਤ ਹਾਂ ਪਰ ਹਾਰਨਾ ਨਹੀਂ। ਬਿਨਾਂ ਕਿਸੇ ਵੀ ਗੱਲ ਦੀ ਤਹਿ 'ਤੇ ਗਿਆਂ ਨਤੀਜਾ ਕੱਢ ਲੈਣੇ ਸਹੀ ਨਹੀਂ ਹੁੰਦਾ।
ਬੀਤੇ ਦਿਨੀਂ ਸਿਡਨੀ 'ਚ ਜੋ ਹੋਇਆ ਉਸ ਬਾਰੇ ਕਿਸੇ ਇਕ ਧਿਰ ਨੂੰ ਦੋਸ਼ੀ ਨਹੀਂ ਗਰਦਾਨਦਿਆਂ ਜਾ ਸਕਦਾ। ਪਰ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਵਿਦੇਸ਼ 'ਚ ਹਰ ਕੋਈ ਆਪਣੀ ਕੌਮ ਰਾਜ ਜਾਂ ਦੇਸ਼ ਦਾ ਰਾਜ ਨਾਇਕ ਹੁੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਕੋਈ ਵੀ ਵਰਤਾਰਾ ਕਰਨ ਤੋਂ ਪਹਿਲਾਂ ਸੌ ਬਾਰ ਸੋਚ ਲੈਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਲੜਨ ਵਾਲੀਆਂ ਦੋਨੇਂ ਧਿਰਾਂ ਇੱਕੋ ਮੁਲਕ ਨਾਲ ਸੰਬੰਧਿਤ ਹਨ। ਸੋ ਤੀਜਿਆਂ 'ਤੇ ਸਾਡਾ ਜੋ ਅਕਸ ਬਣਿਆ ਉਹ ਸਭ ਦੇ ਸਾਹਮਣੇ ਹੈ। ਦੂਜੀ ਗੱਲ, ਜਿਸ ਮਸਲੇ ਦੀ ਲੜਾਈ ਸੀ, ਉਸ ਲਈ ਜੰਗ ਦਾ ਮੈਦਾਨ ਇਹ ਮੁਲਕ ਨਹੀਂ ਹੋ ਸਕਦਾ ਸੀ।
ਭਾਵੇਂ ਕੁਝ ਲੋਕ ਇਸ ਨੂੰ ਨਿੱਜੀ ਲੜਾਈ ਦਾ ਨਾਮ ਦੇ ਰਹੇ ਹਨ। ਪਰ ਮੇਰਾ ਮੰਨਣਾ ਹੈ ਕਿ ਲੜਾਈ ਉੱਨੀ ਦੇਰ ਨਿੱਜੀ ਹੁੰਦੀ ਹੈ ਜਿੰਨੀ ਦੇਰ ਕਿਸੇ ਝੰਡੇ ਥੱਲੇ ਨਾ ਲੜੀ ਜਾਵੇ। ਪਰ ਇੱਥੇ ਤਾਂ ਨਾਅਰੇ, ਜੈਕਾਰੇ ਸਭ ਮੁਲਕ ਜਾਂ ਕੌਮ ਦੀ ਅਗਵਾਈ ਕਰ ਰਹੇ ਸਨ। ਸੋ ਲੜਾਈ ਨੂੰ 'ਹਰਿਆਣਾ ਬਨਾਮ ਪੰਜਾਬ' ਦਾ  ਨਾਮਕਰਨ ਕੀਤਾ ਗਿਆ।
ਭਾਵੇਂ ਧਰਮ ਨਾਲੋਂ ਪਹਿਲਾਂ ਮੈਂ ਇਨਸਾਨੀਅਤ 'ਚ ਵਿਸ਼ਵਾਸ ਰੱਖਦਾ ਹਾਂ, ਦੋਨਾਂ ਧਿਰਾਂ 'ਚ ਆਪਣੇ ਹੀ ਸਨ। ਪਰ ਮੇਰਾ ਪਹਿਲਾ ਗਿਲਾ ਉਸ ਨੌਜਵਾਨ ਨਾਲ ਹੈ, ਜੋ ਬਿਨਾਂ ਸੋਚੇ ਸਮਝੇ ਸਾਹਿਬ-ਏ-ਕਮਾਲ ਦੀ ਲਲਕਾਰ ਮਾਰ ਰਿਹਾ ਸੀ। ਉਸ ਨੂੰ ਇਹ ਲਲਕਾਰ ਮਾਰਨ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਸੀ ਕਿ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਸੂਰਾ ਉਸੇ ਨੂੰ ਸਮਝੋ ਜਿਹੜਾ ਦੀਨ ਕੇ ਹੇਤ ਲੜਦਾ ਹੈ ਜਾਂ ਬੰਦਾ ਉਹ ਹੁੰਦਾ ਜੋ ਵਕਤ ਵਿਚਾਰੇ। ਉਸ ਨੂੰ ਕੈਮਰੇ ਮੂਹਰੇ ਬਹਿ ਕੇ ਗੱਜਣ ਤੋਂ ਪਹਿਲਾਂ ਦੇਖ ਲੈਣਾ ਚਾਹੀਦਾ ਸੀ ਕਿ ਉਸ ਦੀਆਂ ਬਾਂਹਾਂ ਵਿਚ ਬਾਬਾ ਦੀਪ ਸਿੰਘ ਵਰਗਾ ਜ਼ੋਰ ਹੈ ਕੇ ਨਹੀਂ? ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਭਾਈ ਬਚਿੱਤਰ ਸਿੰਘ ਦੀ ਨਾਗਣੀ ਕੀ ਆਪੇ ਮਸਤੇ ਹਾਥੀ ਦਾ ਮੱਥਾ ਚੀਰ ਗਈ ਸੀ? ਹਰੀ ਸਿੰਘ ਨਲੂਏ ਨੂੰ 'ਨਲੂਆ' ਕਿਉਂ ਕਿਹਾ ਜਾਂਦਾ ਸੀ? ਇਸ ਬਾਰੇ ਪਤਾ ਹੋਣਾ ਚਾਹੀਦਾ ਸੀ। ਉਸ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਸੀ ਕਿ ਸਵਾ ਲਾਖ ਨਾਲ ਏਕ ਲੜਾਊਂ ਪਿੱਛੇ ਉਹ 'ਏਕ' ਗੁਰੂ ਦੀ ਬਖ਼ਸ਼ੀਸ਼ 'ਚੋਂ ਨਿਕਲੇ 'ਮਰਜੀਵੜੇ' ਸਨ ਜੋ ਮੈਦਾਨ 'ਚ ਆਪਣੇ ਸੈਨਾਪਤੀ ਨੂੰ ਇਕੱਲਾ ਜਾਂ ਜ਼ਖ਼ਮੀ ਨਹੀਂ ਛੱਡਦੇ ਹੁੰਦੇ। ਜੇ ਕਰ ਐਨਾ ਬਾਹੂ-ਬਲ ਨਹੀਂ ਸੀ ਤਾਂ ਮੁਗ਼ਲਾਂ ਨੂੰ ਉਨ੍ਹਾਂ ਦੇ ਦਰਬਾਰ 'ਚ ਲਲਕਾਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਵਾਂਗ ਲੋਹੇ ਦੇ ਇਰਾਦੇ ਦੇ ਧਾਰਨੀ ਹੋਣਾ ਲਾਜ਼ਮੀ ਸੀ। ਹੁਣ ਜੋ ਮਰਜ਼ੀ ਕਹੀ ਜਾਓ ਕਿ ਪਿੱਛੋਂ ਬਾਰ ਕਰ ਦਿੱਤਾ ਜਾਂ ਕੁਝ ਹੋਰ, ਪਰ ਅਸਲ 'ਚ ਜੋ ਹੋਇਆ ਉਹ ਲੋਕਾਂ ਦੇ ਸਾਹਮਣੇ ਹੈ।
ਹੁਣ ਜਾਂ ਤਾਂ ਇਸ ਵਰਤਾਰੇ ਨੂੰ ਆਪਣਾ ਨਿੱਜੀ ਮੰਨ ਕੇ ਤੁਸੀਂ ਆਪਣੇ ਆਪ ਨੂੰ ਸਹੀ ਸਾਬਿਤ ਕਰ ਸਕਦੇ ਹੋ, ਨਹੀਂ ਤਾਂ ਅੱਗੇ ਤੋਂ ਆਪੇ ਕਿਸੇ ਕੌਮ ਦੇ ਸੈਨਾਪਤੀ ਨਾ ਬਣਿਓ।
ਦੂਜਾ ਗਿਲਾ ਹਰਿਆਣਵੀ ਭਰਾਵਾਂ ਨੂੰ, ਦੱਸ ਦੇਵਾਂ ਕਿ ਨਿੱਜੀ ਗੱਲਾਂ ਨੂੰ ਜਾਤਾਂ-ਪਾਤਾਂ ਦੇ ਲੀੜੇ ਨਹੀਂ ਪਵਾਈ ਦੇ ਹੁੰਦੇ। ਜੀ ਸਦਕੇ ਤਰੱਕੀਆਂ ਕਰੋ। ਮਾਂ ਬਾਪ ਨੇ ਜੋ ਕੰਮ ਭੇਜੇ ਹੋ ਉਸ ਨੂੰ ਨੀਝ ਨਾਲ ਕਰੋ। ਥੋੜ੍ਹਾ ਜਿਹਾ ਇਤਿਹਾਸ ਵੀ ਪੜ੍ਹ ਲਓ ਕਿ ਅਸੀਂ-ਤੁਸੀਂ ਕੌਣ ਹਾਂ। ਐਵੇਂ ਨਾਂ ਮੌਕਾਪ੍ਰਸਤ ਨੇਤਾਵਾਂ ਦੀਆਂ ਗੱਲਾਂ 'ਚ ਆ ਜਾਇਆ ਕਰੋ। ਤੁਸੀਂ ਨਿੱਜੀ ਤੌਰ ਤੇ ਜੋ ਮਰਜ਼ੀ ਕਿਸੇ ਨੂੰ ਕਹਿ ਦਿਓ ਪਰ ਕਿਸੇ ਦੇ ਧਰਮ ਤੇ ਉਂਗਲਾਂ ਉਠਾਉਣ ਤੋਂ ਜਿਨ੍ਹਾਂ ਗੁਰੇਜ਼ ਹੋ ਜਾਵੇ ਚੰਗਾ ਹੁੰਦਾ। ਇਹ ਗੱਲ ਇਕੱਲੀ ਤੁਹਾਡੇ ਲਈ ਨਹੀਂ ਇਹ ਦੋਨਾਂ ਧਿਰਾਂ ਸਮੇਤ ਸਾਰੀ ਕਾਇਨਾਤ ਤੇ ਵੱਸਦੇ ਧਰਮਾਂ ਲਈ ਹੈ।
ਇਕ ਗੱਲ ਹੋਰ ਉਨ੍ਹਾਂ ਲੋਕਾਂ ਲਈ ਜੋ ਅਕਸਰ ਇਸ ਗੱਲ ਤੋਂ ਦੁਖੀ ਹੁੰਦੇ ਹਨ ਕਿ ਸਿੱਖ ਆਪਣਾ ਵੱਖਰਾ ਘਰ ਕਿਉਂ ਮੰਗਦੇ ਹਨ। ਉਨ੍ਹਾਂ ਲੋਕਾਂ ਨੂੰ ਦੱਸ ਦੇਵਾਂ ਕਿ ਜੇ ਕਿਸੇ ਦਾ ਘਰ ਗ਼ੱਦਾਰੀ ਕਰ ਕੇ ਦੱਬ ਲਿਆ ਜਾਵੇ ਤਾਂ ਕੀ ਉਹ ਆਪਣਾ ਘਰ ਵਾਪਸ ਮੰਗਣ ਕਾਰਨ 'ਦੋਸ਼ੀ' ਹੋ ਗਿਆ? ਸੋ ਇਤਿਹਾਸ ਪੜ੍ਹੋ ਏਸ਼ੀਆ ਦਾ ਸਭ ਤੋਂ ਤਾਕਤਵਰ ਸੀ 'ਖ਼ਾਲਸਾ ਰਾਜ'।
ਕਿਸੇ ਨੇ ਖ਼ੂਬ ਕਿਹਾ ਕਿ ਕੌਣ ਕਹਿੰਦਾ ਕਿ ਜ਼ਿੰਦਗੀ ਇਕ ਬਾਰ ਮਿਲਦੀ ਹੈ? ਜ਼ਿੰਦਗੀ ਤਾਂ ਹਰ ਰੋਜ਼ ਮਿਲਦੀ ਹੈ। ਇਕ ਬਾਰ ਤਾਂ ਬੱਸ ਮੌਤ ਮਿਲਦੀ ਹੈ। ਸੋਸ਼ਲ ਮੀਡੀਆ ਤੇ ਆਉਣ ਵਾਲੇ ਲਾਈਕ ਸਥਾਈ ਨਹੀਂ ਹੁੰਦੇ ਉਹ ਤਾਂ ਸਿਰਫ਼ ਸਿੰਗ ਫਸਾਉਣ ਤੱਕ ਹੀ ਸੀਮਤ ਹੁੰਦੇ ਹਨ। ਬਾਅਦ 'ਚ ਤਾਂ ਮੇਰੇ ਵਰਗੇ ਅਕਸਰ ਆਪਣੇ ਸਟੇਟਸ ਜ਼ਰੀਏ ਇਹਨਾਂ ਵਰਤਾਰਿਆਂ ਦੀ ਪੁਰਜ਼ੋਰ ਨਿੰਦਿਆ ਹੀ ਕਰਦੇ ਦੇਖੇ ਜਾਂਦੇ ਹਨ। ਕਿਸੇ ਦਾ ਪੁੱਤ ਮਰਵਾ ਕੇ ਉਸ ਨੂੰ ਸ਼ਹੀਦ ਦਾ ਦਰਜਾ ਗੁਆਂਢ 'ਚ ਸੋਂਹਦਾ ਹੁੰਦਾ। ਜਦੋਂ ਸ਼ਹੀਦੀ ਜਾਮ ਪੀਣ ਵਾਲਾ ਆਪਣਾ ਹੋਵੇ ਤਾਂ ਦੁੱਖ ਝੱਲਣਾ ਔਖਾ ਹੋ ਜਾਂਦਾ।
ਲੋਕਾਂ ਲਈ ਇਹ ਸਾਰਾ ਘਟਨਾਕ੍ਰਮ ਮਹਿਜ਼ ਮਨੋਰੰਜਨ ਹੋਵੇ। ਪਰ ਉਸ ਮਾਂ ਦੇ ਧੜਕਦੇ ਕਾਲਜੇ ਦੀ ਆਵਾਜ਼ ਸੁਣ ਕੇ ਦੇਖੋ ਜਿਸ ਦਾ ਪੁੱਤ ਬਿਨਾਂ ਕਿਸੇ ਉਦੇਸ਼ ਦੀ ਲੜਾਈ ਦੇ ਮੈਦਾਨ 'ਚ ਹੁੰਦਾ। ਪਹਿਲਾਂ ਪਿੰਡਾਂ 'ਚ ਸੁਣਦੇ ਹੁੰਦੇ ਸੀ ਕਿ ਫਲਾਣੇ ਨੂੰ ਫਲਾਣੇ ਦੀ ਚੁੱਕ ਨੇ ਮਰਵਾ ਦਿੱਤਾ। ਹੁਣ ਇਸੇ ਕਾਰਜ 'ਚ ਥੋੜ੍ਹੀ ਜਿਹੀ ਆਧੁਨਿਕਤਾ ਆ ਗਈ ਹੁਣ ਮਰਵਾਉਂਦੇ ਹਨ ਲਾਈਕ ਅਤੇ ਸ਼ੇਅਰ।
ਸੁਣਿਆ ਇਸ ਕੇਸ 'ਚ ਜੋ ਧਾਰਾਵਾਂ ਲੱਗਣ ਦੀ ਉਮੀਦ ਹੈ ਉਹ ਇਹਨਾਂ ਟਿਕ-ਟਾਕ ਯੋਧਿਆਂ ਨੂੰ ਦਸ ਕੁ ਸਾਲ ਤਾਂ ਜੇਲ੍ਹ ਦੀਆਂ ਰੋਟੀਆਂ ਖਵਾਉਣਗੀਆਂ ਹੀ। ਸੋ ਆਹ ਭਵਿੱਖਬਾਣੀ ਵੀ ਸੁਣਦੇ ਜਾਇਓ ਜਵਾਨੋ, ਜਦੋਂ ਤੁਸੀਂ ਝੁੱਗੇ ਦੇ ਚਾਰ ਛਿੱਲੜ ਲਾ ਕੇ ਤੇ ਜ਼ਿੰਦਗੀ ਦਾ ਕੀਮਤੀ ਸਮਾਂ ਜੇਲ੍ਹ 'ਚ ਗੁਆ ਕੇ ਆਉਗੇ ਨਾਂ, ਤਾਂ ਉਦੋਂ ਤੱਕ ਸੋਸ਼ਲ ਮੀਡੀਆ ਹੋਰ ਵੀ ਐਡਵਾਂਸ ਹੋ ਚੁੱਕਾ ਹੋਵੇਗਾ। ਇਹ ਭੁਲੇਖਾ ਕੱਢ ਦਿਓ ਕਿ ਤੁਹਾਡੇ ਇਹ ਅਖੌਤੀ ਫੋਲਅਰ ਤੁਹਾਡੀ ਵਾਪਸੀ 'ਤੇ ਜੇਲ੍ਹ ਮੂਹਰੇ ਹਾਰ ਲਈ ਖੜ੍ਹੇ ਹੋਣਗੇ। ਉਹ ਤਾਂ ਆਪਣੀ ਜ਼ਿੰਦਗੀ ਰਾਹ ਪਾ ਚੁੱਕੇ ਹੋਣਗੇ। ਕੋਈ ਐਸਾ ਮਹਾਨ ਕਾਰਜ ਕਰ ਕੇ ਤੁਸੀਂ ਜੇਲ੍ਹ ਨਹੀਂ ਸੀ ਗਏ, ਜੋ ਤੁਹਾਡੇ ਬੁੱਤ, ਚੌਂਕਾਂ 'ਚ ਲੱਗੇ ਹੋਣਗੇ। ਅਗਲੇ ਜੇਲ੍ਹ 'ਚੋਂ ਸਿੱਧਾ ਤੁਹਾਡੇ ਪਿੰਡ ਆਲਾ ਜਹਾਜ਼ ਚੜ੍ਹਾ ਕੇ ਤੁਹਾਡੇ ਸੁਪਨਿਆਂ ਦੀ ਵਾਪਸੀ ਦੀ ਉਡਾਰੀ ਲਗਵਾਉਣਗੇ। ਉਦੋਂ ਤੱਕ ਭਾਵੇਂ ਤੁਹਾਡਾ ਸਰੀਰ ਤਾਂ ਜੋਸ਼ ਗੁਆ ਚੁੱਕਾ ਹੋਵੇਗਾ ਪਰ ਏਨੀ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਫੇਰ ਅਗਲੀਆਂ ਪੀੜ੍ਹੀਆਂ ਨੂੰ ਹੋਸ਼ 'ਚ ਰਹਿਣ ਦਾ ਪ੍ਰਵਚਨ ਕਰਨਾ ਤੁਸੀਂ ਜ਼ਰੂਰ ਸਿੱਖ ਜਾਵੋਗੇ।
ਨੌਜਵਾਨ ਭਰਾਵੋ ਚੰਗਾ ਕਹੋ ਜਾਂ ਮਾੜਾ ਪਰ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਫ਼ਿਕਰ ਤੁਸੀਂ ਦੁਨੀਆ ਦਾ ਕਰਦੇ ਹੋ ਜੇ ਉਸ ਨਾਲੋਂ ਅੱਧਾ ਵੀ ਆਪਣਿਆਂ ਦਾ ਕਰ ਲਵੋ ਜਿਨ੍ਹਾਂ ਨੇ ਤੁਹਾਨੂੰ ਆਪਾ ਵੇਚ ਕੇ ਕੁਝ ਬਣਨ ਲਈ ਵਿਦੇਸ਼ ਭੇਜਿਆ, ਤਾਂ ਤੁਸੀਂ ਅੱਗਾ ਪਿੱਛਾ ਸਵਾਰ ਲਵੋਗੇ। ਹਾਂ ਮੈਂ ਨਹੀਂ ਕਹਿੰਦਾ ਕਿ ਆਪਣੇ ਧਰਮ, ਵਿਰਸੇ ਅਤੇ ਸਵੈਮਾਣ ਦੀ ਰਾਖੀ ਨਾਂ ਕਰੋ, ਕਰੋ ਜ਼ਰੂਰ ਕਰੋ ਪਰ ਹਰ ਇਕ ਦੀ ਜ਼ਿੰਦਗੀ 'ਚ ਇਸ ਨੂੰ ਕਰਨ ਦਾ ਇਕ ਸਹੀ ਸਮਾਂ ਜ਼ਰੂਰ ਆਉਂਦਾ। ਉਦੋਂ ਨਾ ਪਿੱਛੇ ਹਟੋ। ਉਦੋਂ ਤੱਕ , ਬੰਦਾ ਕੁਝ ਰੜ੍ਹ ਵੀ ਜਾਂਦਾ ਹੈ, ਜਿਸ ਨਾਲ ਸੱਪ ਵੀ ਮਾਰ ਲੈਂਦਾ ਤੇ ਸੋਟੀ ਵੀ ਬਚਾ ਲੈਂਦਾ ਹੈ।

ਮਿੰਟੂ ਬਰਾੜ
+61 434 289 905
mintubrar@gmail.com

ਲੋਕ ਗਾਇਕ ਜਾਂ ਮੋਕ ਗਾਇਕ? - ਮਿੰਟੂ ਬਰਾੜ

'ਵਿਵਾਦ', ਮਸ਼ਹੂਰੀ ਅਤੇ ਸਫਲਤਾ ਲੈਣ ਦਾ ਇਕ ਸਭ ਤੋਂ ਕਾਰਗਰ ਤੇ ਸੁਖਾਲਾ ਹਥਿਆਰ ਹੈ। ਜਿਸ ਨੂੰ ਅਕਸਰ ਸੁਨਹਿਰੀ ਦੁਨੀਆ ਦੇ ਲੋਕ ਬੜੀ ਬਾਖ਼ੂਬੀ ਨਾਲ ਵਰਤਦੇ ਰਹਿੰਦੇ ਹਨ। ਆਮ ਜਨਤਾ ਇਹਨਾਂ ਦਾ ਸ਼ਿਕਾਰ ਹੁੰਦੀ ਹੈ। ਕਦੇ ਇਹ ਜਨਤਾ ਦੀ ਜੇਬ ਕੁਤਰਦੇ ਹਨ ਤੇ ਕਦੇ ਭਾਵਨਾਵਾਂ। ਖ਼ਾਸ ਕਰ ਜੇ ਪੰਜਾਬੀ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਸਸਤੀ ਸ਼ੁਹਰਤ ਦੇ ਭੁੱਖੇ ਤੁਹਾਨੂੰ ਆਮ ਹੀ ਦੇਖਣ 'ਚ ਮਿਲ ਜਾਣਗੇ।

ਜਿਨ੍ਹਾਂ ਗਾਇਕਾਂ ਨੇ ਆਪਣਾ ਜ਼ਮੀਰ ਨਹੀਂ ਵੇਚਿਆ ਤੇ ਮਿਆਰ ਕਾਇਮ ਰੱਖਿਆ ਉਨ੍ਹਾਂ ਨੂੰ ਸਦਾ ਸਲਾਮ ਹੈ। ਪਰ ਜਿਹੜੇ ਅੱਜ ਦੀ ਜਵਾਨੀ ਨੂੰ ਗੁੰਮ ਰਾਹ ਕਰ ਰਹੇ ਹਨ ਉਨ੍ਹਾਂ ਲਈ ਹੈ ਇਹ ਲੇਖ।

ਪਾਠਕਾਂ ਤੋਂ ਅਗਾਊਂ ਮਾਫ਼ੀ ਇਸ ਲਈ ਮੰਗ ਰਿਹਾ ਹਾਂ ਕਿ ਜੋ ਸ਼ਬਦ ਅੱਜ ਦੇ ਇਸ ਲੇਖ 'ਚ ਲਿਖੇ ਜਾਣਗੇ ਉਹ ਮੇਰੇ ਕਿਰਦਾਰ ਦਾ ਹਿੱਸਾ ਨਹੀਂ ਹਨ। ਮਾਫ਼ੀ ਸਿਰਫ਼ ਪਾਠਕਾਂ ਤੋਂ ਹੈ ਕਿਉਂਕਿ ਉਹ ਮੇਰੇ ਤੋਂ ਮੰਦੀ ਭਾਸ਼ਾ ਦੀ ਆਸ ਨਹੀਂ ਕਰਦੇ, ਨਾ ਕਿ ਉਨ੍ਹਾਂ ਲੋਕਾਂ ਤੋਂ ਜੋ ਆਪਣੇ ਕਹੇ ਤੇ ਖੜ੍ਹਨ ਦੀ ਹਿੰਮਤ ਨਹੀਂ ਰੱਖਦੇ।

ਲੇਖ ਲਿਖਣ ਦਾ ਕਾਰਨ ਹੈ, ਤੇਜ਼ੀ ਨਾਲ ਆਇਆ ਤੇ ਉੱਨੀ ਹੀ ਤੇਜ਼ੀ ਨਾਲ ਗਿਆ ਗੀਤ 'ਮੇਰਾ ਕੀ ਕਸੂਰ'। ਜੋ ਕਿ 'ਬੀਰ ਸਿੰਘ' ਵੱਲੋਂ ਲਿਖਿਆ ਤੇ 'ਰਣਜੀਤ ਬਾਵਾ' ਵੱਲੋਂ ਗਾਇਆ ਗਿਆ ਸੀ। ਭਾਵੇਂ ਗੀਤ ਨੂੰ ਹਰ ਥਾਂ ਤੋਂ ਵਾਪਸ ਲੈ ਕੇ ਗਾਇਕ ਨੇ ਅਫ਼ਸੋਸ ਜਤਾ ਲਿਆ ਹੈ। ਉਸ ਦਾ ਮੰਨਣਾ ਹੈ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ।

ਅੱਜ ਜਦੋਂ ਇਸ ਗੱਲ ਦੀਆਂ ਖ਼ਬਰਾਂ ਬਣੀਆਂ ਤਾਂ ਮੈਂ ਆਪਣੇ ਇਕ ਮਿੱਤਰ ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲ ਕਰਦਾ ਕਹਿ ਬੈਠਾ ਕਿ ਆਹ ਜੋ ਪੰਜਾਬੀ 'ਲੋਕ ਗਾਇਕ' ਹਨ ਇਹਨਾਂ ਦਾ ਕੀ ਕੀਤਾ ਜਾਵੇ? ਤਾਂ ਉਹ ਮੂਹਰੇ ਕਹਿੰਦਾ ਬਾਈ ਇਹਨਾਂ ਨੂੰ 'ਲੋਕ ਗਾਇਕ' ਕਹਿਣਾ ਸ਼ੋਭਾ ਨਹੀਂ ਦਿੰਦਾ ਲੋਕ ਗਾਇਕ ਤਾਂ ਉਹ ਹੁੰਦੇ ਹਨ ਜੋ ਆਮ ਲੋਕਾਂ ਦੀਆਂ ਮੁਸੀਬਤਾਂ ਨੂੰ ਹਾਕਮਾਂ ਮੂਹਰੇ ਹਿੱਕ ਤਾਣ ਕੇ ਗਾਉਂਦੇ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਬਹੁਤ ਸਾਰੇ ਅਫ਼ਰੀਕਨ ਗਾਇਕ ‘ਲੋਕ ਗਾਇਕ’ ਕਹਾਉਣ ਦੇ ਹੱਕਦਾਰ ਹਨ। ਮੈਂ ਕਿਹਾ ਫੇਰ ਇਹਨਾਂ ਨੂੰ ਕੀ ਕਿਹਾ ਜਾਵੇ? ਤਾਂ ਉਹ ਬੜੇ ਹੀ ਸਹਿਜ  'ਚ ਕਹਿੰਦਾ ‘ਲੋਕ’ ਦੀ ਥਾਂ 'ਮੋਕ' ਕਹਿ ਸਕਦੇ ਹੋ ਬਾਈ, ਕਿਉਂਕਿ ਇਹ ਆਪਣੇ ਗਿੱਟੇ ਲਿਬੇੜਦੇ ਬਿੰਦ ਨਹੀਂ ਲਾਉਂਦੇ। ਸੋ ਸਹਿਜੇ ਹੀ ਗੁਰਪ੍ਰੀਤ ਅੱਜ ਦੇ ਇਸ ਲੇਖ ਦਾ ਸਿਰਲੇਖ ਮੈਨੂੰ ਦੇ ਗਿਆ।

ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਦੀ ਜਵਾਨੀ ਦੇ ਆਦਰਸ਼ ਜ਼ਿਆਦਾਤਰ ਲੋਕ ਗਾਇਕ ਤੇ ਫ਼ਿਲਮੀ ਨਾਇਕ ਹਨ। ਅਸਲ ਜ਼ਿੰਦਗੀ ਦੇ ਨਾਇਕ ਤਾਂ ਸਿਰਫ਼ ਕਿਤਾਬਾਂ 'ਚ ਹੀ ਸਿਮਟ ਕੇ ਰਹਿ ਗਏ ਹਨ।

ਦੇਸ਼ ਦੀ ਜਵਾਨੀ ਖ਼ਿਆਲੀ ਪੁਲਾਅ ਦੇ ਗੀਤ ਸੁਣਦੀ ਹੈ ਤੇ ਫੇਰ ਆਪਣੇ ਆਦਰਸ਼ਾਂ 'ਤੇ ਟਿਕ-ਟਾਕ ਬਣਾ ਕੇ ਦੇਸ਼ ਦਾ ਭਵਿੱਖ ਸਿਰਜਣ 'ਚ ਵਿਅਸਤ  ਹੈ।

ਇਹ ਵੀ ਅਫ਼ਸੋਸ ਹੈ ਕਿ ਪਿਛਲੇ ਇਕ ਸਾਲ 'ਚ ਇਹਨਾਂ ’ਚੋਂ ਕਈ ਆਦਰਸ਼ ਜੋ ਗੀਤਾਂ 'ਚ ਆਪਣੇ ਆਪ ਨੂੰ 'ਫੰਨੇ ਖਾਂ' ਦੱਸਦੇ ਸਨ ਪਰ ਜਦੋਂ ਵਾਹ ਪਿਆ ਤਾਂ ਗਿੱਟੇ ਲਿਬੇੜ ਗਏ। ਜਿਨ੍ਹਾਂ 'ਚ ਜ਼ਿਕਰਯੋਗ ਐਲੀ ਮਾਂਗਟ, ਮੂਸੇ ਵਾਲਾ ਅਤੇ ਹੁਣ ਰਣਜੀਤ ਬਾਵਾ ਤੁਹਾਡੇ ਸਾਹਮਣੇ ਹੈ।

ਗੱਲ ਰਣਜੀਤ ਬਾਵਾ ਦੀ ਕਰਦੇ ਹਾਂ।  ਸ਼ੁਰੂ 'ਚ ਚੰਗਾ ਗਾਇਆ ਤੇ ਲੋਕਾਂ ਨੇ ਉਨ੍ਹਾਂ ਕੋਲੋਂ ਉਹੋ ਜਿਹੀਆਂ ਉਮੀਦਾਂ ਰੱਖ ਲਈਆਂ। ਫੇਰ ਜਦੋਂ ਅਚਾਨਕ ਸਲਵਾਰਾਂ ਦੇ ਪੌਂਚੇ ਮਿਣਨ ਲੱਗ ਪਿਆ ਤਾਂ ਥੋੜ੍ਹੀ ਬਹੁਤ ਥੂ-ਥੂ ਵੀ ਹੋਈ। ਪਰ ਇਹੋ ਜਿਹੇ ਮੌਕਿਆਂ ਤੇ ਸਾਡੇ ਇਹਨਾਂ ਗਾਇਕਾਂ ਦੇ ਤਰਕਸ਼ 'ਚ ਇੱਕ ਧਾਰਮਿਕ ਤੀਰ ਹੁੰਦਾ ਹੈ ਫੇਰ ਇਹ ਉਹ ਚਲਾ ਦਿੰਦੇ ਹਨ ਤੇ ਭੋਲੀ-ਭਾਲੀ ਜਨਤਾ ਭੁੱਲਣਹਾਰ ਹੈ ਤੇ ਭੁੱਲ ਜਾਂਦੀ ਹੈ। ਬਿਨਾਂ ਸ਼ੱਕ ਚੰਗਾ ਵੀ ਬਹੁਤ ਕੁਝ ਗਾਇਆ,  ਇਸ ਚੰਗੇ ਦੀ ਲੜੀ 'ਚ ਹੀ ਸੀ 'ਮੇਰਾ ਕੀ ਕਸੂਰ'।  ਪਰ ਅਫ਼ਸੋਸ ਜਦੋਂ ਮਾੜਾ ਗਾਇਆ ਹਿੱਕ ਠੋਕ ਕੇ ਪਹਿਰਾ ਦਿੱਤਾ ਪਰ ਜਦੋਂ ਕੁਝ ਚੰਗਾ ਗਾਇਆ ਤਾਂ ਮੈਦਾਨ ਛੱਡ ਗਏ। 

ਇਸ ਵਿਸ਼ੇ ਤੇ ਮੇਰਾ ਇੱਕ ਮਿੱਤਰ ਮਨਪ੍ਰੀਤ ਕਹਿੰਦਾ ਕਿ ਬਾਈ ਇਸ ਦਾ ਇਕ ਪਹਿਲੂ ਇਹ ਵੀ ਹੋ ਸਕਦਾ ਹੈ ਕਿ ਬਾਵੇ ਦੇ ਪਰਵਾਰ ਨੇ ਉਸ ਨੂੰ ਰੋਕ ਦਿੱਤਾ ਹੋਵੇ ਕਿਉਂਕਿ ਉਸ ਨੇ ਬਚਪਨ 'ਚ ਆਪਣੇ ਬਾਪ ਨੂੰ ਖੋਹ ਦਿੱਤਾ ਸੀ।  ਮੈਂ ਉਸ ਨਾਲ ਇਸ ਗੱਲ 'ਤੇ ਕੁਝ ਹੱਦ ਤੱਕ ਸਹਿਮਤ ਹਾਂ ਖ਼ੁਦ ਇਸ ਦੌਰ 'ਚੋਂ ਲੰਘਿਆ ਹਾਂ। ਪਰ ਫੇਰ ਉਸ ਦਾ ਪਰਵਾਰ ਦੋਸ਼ੀ ਹੈ ਕਿਉਂਕਿ ਉਸ ਵਕਤ ਪਰਵਾਰ ਨੇ ਕਿਉਂ ਨਹੀਂ ਰੋਕਿਆ ਜਦੋਂ ਲੋਕਾਂ ਦੀਆਂ ਧੀਆਂ ਦੀਆਂ ਮਿਣਤੀਆਂ ਕਰਦਾ ਸੀ ਜਾਂ ਫੇਰ ਚੌਂਕ 'ਚ ਬੰਦੇ ਮਾਰਨ ਦੀਆਂ ਗੱਲਾਂ ਕਰਦਾ ਸੀ।

ਇਕ ਪਹਿਲੂ ਜੋ ਹੋਰ ਵਿਚਾਰਨਯੋਗ ਹੈ ਉਹ ਹੈ ਜੇਕਰ ਅਸੀਂ ਕੋਈ ਸੂਰਬੀਰਤਾ ਵਾਲੀ ਕਵਿਤਾ, ਕਹਾਣੀ, ਕਿਤਾਬ ਜਾਂ ਫੇਰ ਕੋਈ ਫ਼ਿਲਮ ਦੇਖ ਲਈਏ ਤਾਂ ਪਿੰਡੇ 'ਤੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਤੇ ਦਿਲ 'ਚ ਵੀ ਇਕ ਜਜ਼ਬਾ ਆ ਜਾਂਦਾ ਹੈ ਤੇ ਕਈਆਂ ਦਾ ਮੈਂ ਜੀਵਨ ਵੀ ਸਿਰਫ਼ ਇਕ ਘਟਨਾ ਨਾਲ ਬਦਲਦੇ ਦੇਖਿਆ। ਪਰ ਬਾਵੇ ਦੇ ਮਾਮਲੇ 'ਚ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਸ ਨੇ 'ਤੂਫ਼ਾਨ ਸਿੰਘ' ਫ਼ਿਲਮ 'ਚ ਇਕ ਇਹੋ ਜਿਹਾ ਚਰਿੱਤਰ ਜੀਵਿਆ ਜੋ ਕੌਮ ਦੀ ਅਣਖ ਲਈ ਸਭ ਕੁਰਬਾਨ ਕਰ ਗਿਆ। ਲੰਮੇ ਚਿਰ 'ਚ ਇਹ ਫ਼ਿਲਮ ਬਣੀ ਸੀ ਪਰ ਪਤਾ ਨਹੀਂ ਕਿਉਂ ਉਹ ਰਣਜੀਤ ਨੂੰ ਇੰਨਾ ਕੁ ਹੌਸਲਾ ਵੀ ਨਹੀਂ ਦੇ ਕੇ ਗਈ ਕਿ ਅੱਜ ਉਸ ਨੂੰ ਇਕ ਸੱਚ ਬੋਲਣ ਤੇ ਭੱਜਣ ਦੀ ਲੋੜ ਨਾ ਪੈਂਦੀ।

ਭਾਵੇਂ ਅਧਿਕਾਰਤ ਤੌਰ ਤੇ ਗੀਤ ਹਟਾ ਲਿਆ ਗਿਆ ਹੈ ਪਰ ਨਿੱਜੀ ਤੌਰ ਤੇ ਹਾਲੇ ਵੀ ਬਹੁਤ ਥਾਂ ਘੁੰਮ ਰਿਹਾ ਹੈ। ਉਸ ਗੀਤ ਦੇ ਮੈਂ ਸਾਰੇ ਬੋਲ ਕਈ ਬਾਰ ਸੁਣ ਕੇ ਇਹ ਲੇਖ ਲਿਖਣ ਬੈਠਾ ਹਾਂ। ਮੈਨੂੰ ਉਸ ਗੀਤ 'ਚ ਇਕ ਵੀ ਇਹੋ ਜਿਹਾ ਸ਼ਬਦ ਨਹੀਂ ਲੱਭਿਆ ਜੋ ਝੂਠ ਹੋਵੇ। ਗੀਤਕਾਰ ਬੀਰ ਸਿੰਘ ਦੀ ਕਲਮ ਦਾ ਮੈਂ ਵੀ ਇਕ ਮੁਰੀਦ ਹਾਂ। ਇਹ ਗੀਤ ਸੁਣ ਕੇ ਸਹਿਜ ਸੁਭਾਅ ਮੈਂ ਉਨ੍ਹਾਂ ਨੂੰ 'ਸ਼ਾਬਾਸ਼ ਸ਼ੇਰਾ' ਵੀ ਕਹਿ ਚੁੱਕਿਆ ਹਾਂ।

ਮੈਨੂੰ ਲਗਦਾ ਗਿੱਦੜਾ ਦੀ ਸਲਾਹ ਕਾਮਯਾਬ ਹੋ ਗਈ ਹੈ, ਜਿਨ੍ਹਾਂ ਅਖੀਰ 'ਅਖੌਤੀ ਸ਼ੇਰ' ਘੇਰ ਹੀ ਲਿਆ। ਇਕ ਸੱਚ ਬੋਲਣਾ ਤੇ ਫੇਰ ਭੱਜਣਾ, ਸਮਝ ਤੋਂ ਬਾਹਰ ਦੀ ਗੱਲ ਹੈ? ਮਾਫ਼ ਕਰਨਾ! ਫੇਰ ਤਾਂ ਇਸ ਨੂੰ 'ਮੋਕ' ਮਾਰਨਾ ਹੀ ਕਿਹਾ ਜਾਵੇਗਾ।

ਗਾਇਕ ਕਹਿ ਰਿਹਾ ਹੈ ਕਿ ਕਿਸੇ ਦਾ ਦਿਲ ਨਹੀਂ ਦਿਖਾਉਣਾ ਮੈਂ ਇਸ ਲਈ ਇਹ ਗੀਤ ਹਟਾ ਰਿਹਾ ਹਾਂ। ਪਰ ਦਿਲ ਤਾਂ ਉਦੋਂ ਵੀ ਕਈਆਂ ਦੇ ਦੁਖੇ ਹੋਣੇ ਹਨ ਜਦੋਂ ਤੁਸੀਂ ਕਿਸੇ ਦੀ ਧੀ ਵੱਲੋਂ ਪਾਏ ਕੱਪੜਿਆਂ ਨੂੰ ਦੇਖਣ ਦਾ ਨਜ਼ਰੀਆ ਬਦਲ ਦਿੱਤਾ ਸੀ। ਤੁਸੀਂ ਆਪਣੇ ਹੋਰ ਵੀ ਗੀਤ ਸੁਣ ਕੇ ਦੇਖ ਲਵੋ ਕਿਸੇ ਨਾ ਕਿਸੇ ਦਾ ਹਿਰਦਾ ਤਾਂ ਹਰ ਗੀਤ ਨੇ ਵਲੂੰਧਰਿਆਂ ਹੋਣਾ। ਇਕ ਗੀਤ 'ਚ ਚੌਂਕ 'ਚ ਗੋਲੀ ਮਾਰਨ ਤੱਕ ਦੀ ਗੱਲ ਕੀਤੀ ਜਾਂਦੀ ਹੈ।

ਪਰ ਹੁਣ ਜੇ ਮੂਤ ਅਤੇ ਇਨਸਾਨ ਦੇ ਫ਼ਰਕ ਤੇ ਸੱਚ ਬੋਲ ਦਿੱਤਾ ਤਾਂ ਕਿਹੜਾ ਲੋਹੜਾ ਆ ਗਿਆ? ਜੇ ਧਰਮ ਦੇ ਭੇਖੀਆਂ ਨੂੰ ਭੇਖੀ ਕਹਿ ਦਿੱਤਾ ਤਾਂ ਕਿਹੜੀ ਗ਼ਲਤ ਗੱਲ ਹੋ ਗਈ?

ਅਸਲ 'ਚ ਇਸ ਦਾ ਕਾਰਨ ਇਹ ਹੈ ਕਿ ਜੋ ਬਹੁ ਗਿਣਤੀ ਅਛੂਤ ਜਾਂ ਪੀੜਤ ਹਨ ਉਨ੍ਹਾਂ ਨੇ ਕੋਈ ਸ਼ਾਬਾਸ਼ ਜਾ ਆਰਥਿਕ ਫ਼ਾਇਦਾ ਨਹੀਂ ਦੇਣਾ ਸੀ। ਮੁੱਠੀ ਭਰ ਅਮੀਰ ਲੋਕਾਂ ਨੇ ਆਪਣੇ ਰਸੂਖ਼ ਅਤੇ ਪੈਸੇ ਦੇ ਜ਼ੋਰ ਤੇ ਖਾਟ ਵੀ ਖੜ੍ਹੀ ਕਰ ਦੇਣੀ ਸੀ ਤੇ ਗਾਇਕ ਦੀ ਰੋਟੀ ਚ ਵੀ ਲੱਤ ਮਾਰਨੀ ਸੀ।

ਕਿਸੇ ਨੇ ਜੇ ਤੁਹਾਡੇ ਖ਼ਿਲਾਫ਼ ਕੋਈ ਪਰਚਾ ਦਰਜ ਕਰਵਾ ਦਿੱਤਾ ਤਾਂ ਕਿਹੜਾ ਤੂਫ਼ਾਨ ਆ ਗਿਆ ਸੀ? ਅਦਾਲਤ 'ਚ ਸੱਚ ਨੂੰ ਸੱਚ ਕਹਿਣਾ ਅਤੇ ਉਸ ਨੂੰ ਸਾਬਿਤ ਕਰਨਾ ਕਿੰਨਾ ਕੁ ਔਖਾ ਸੀ? ਹੁਣ ਤੱਕ ਕਮਾਏ ਪੈਸਿਆਂ 'ਚੋਂ ਜੇ ਚਾਰ ਪੈਸੇ ਲਾ ਕੇ ਆਪਣੀ ਬੇਸ਼ਕੀਮਤੀ ਇੱਜ਼ਤ ਬਚਾ ਲਈ ਜਾਂਦੀ ਤਾਂ ਕੀ ਗ਼ਲਤ ਸੀ? ਮਿਹਨਤ ਕਰ ਕੇ ਪੈਸੇ ਇਸੇ ਲਈ ਕਮਾਏ  ਜਾਂਦੇ ਹਨ ਕਿ ਲੋੜ ਪੈਣ ਤੇ ਇਹੋ ਜਿਹੇ ਫੋੜੇ ਤੇ ਲਾ ਕੇ ਇਸ ਦਾ ਇਲਾਜ ਕਰਾ ਲਿਆ ਜਾਵੇ।

ਜੇਕਰ ਗੁਰੂ ਨਾਨਕ ਦੇਵ ਜੀ ਇਹ ਸ਼ਬਦ ਉਚਾਰ ਕੇ

ਰਾਜੇ ਸੀਹ ਮੁਕਦਮ ਕੁਤੇ॥

ਜਾਇ ਜਗਾਇਨਿ ਬੈਠੇ ਸੁਤੇ॥

ਭਗਤ ਕਬੀਰ ਜੀ ਇਹ ਦੋਹਾ ਲਿਖ ਕੇ

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥

ਤਉ ਆਨ ਬਾਟ ਕਾਹੇ ਨਹੀ ਆਇਆ॥

ਅਤੇ ਭਗਤ ਨਾਮ ਦੇਵ ਜੀ ਤੁਗਲਕ ਮੂਹਰੇ ਸੱਚ ਬੋਲ ਕੇ ਮਾਫ਼ੀ ਮੰਗ ਜਾਂਦੇ ਤਾਂ ਅੱਜ ਜੋ ਆਜ਼ਾਦੀ ਅਸੀਂ ਮਾਣ ਰਹੇ ਹਾਂ, ਉਹ ਵੀ ਨਹੀਂ ਮਿਲਣੀ ਸੀ।

ਪੰਜ ਅਤੇ ਸੱਤ ਸਾਲ ਦੇ ਬਾਲ ਸਾਹਿਬਜ਼ਾਦੇ ਸੱਚ ਲਈ ਅੜ ਕੇ ਸਾਰੀ ਕਾਇਨਾਤ ਤੱਕ ਆਪਣਾ ਬਚਪਨ ਸੰਭਾਲ ਗਏ।

ਜੇ ਭਗਤ ਸਿੰਘ ਬੰਬ ਸੁੱਟ ਕੇ ਭੱਜ ਜਾਂਦਾ ਤਾਂ ਉਸ ਨੇ ਰਹਿੰਦੀ ਦੁਨੀਆ ਤੱਕ ਜਵਾਨ ਨਹੀਂ ਸੀ ਰਹਿਣਾ। ਇਹ ਸੂਰੇ ਡਰੇ ਨਹੀਂ ਅਤੇ ਨਾ ਹੀ ਵਿਕੇ ਤਾਂ ਹੀ ਇਹਨਾਂ ਦੀਆਂ ਤਸਵੀਰਾਂ ਵਿਕਦੀਆਂ।

ਅਸੀਂ ਉਸ ਗੁਰੂ ਹਰਿ ਰਾਏ ਸਾਹਿਬ ਦੇ ਸਿੱਖ ਹਾਂ ਜਿਨ੍ਹਾਂ ਆਪਣੇ ਪੁੱਤਰ ਬਾਬਾ ਰਾਮ ਰਾਏ ਨੂੰ ਸਾਰੀ ਉਮਰ ਇਸ ਲਈ ਮੱਥੇ ਨਹੀਂ ਸੀ ਲਾਇਆ ਕਿਉਂਕਿ ਉਨ੍ਹਾਂ ਨੇ ਹਕੂਮਤ ਦੇ ਡਰੋਂ 'ਮਿਟੀ ਮੁਸਲਮਾਨ ਕੀ' ਦੀ ਥਾਂ 'ਮਿਟੀ ਬੇਈਮਾਨ ਕੀ' ਕਹਿ ਦਿੱਤਾ ਸੀ।

ਬਾਵਾ ਜੀ ਜਦੋਂ ਤੁਸੀਂ ਇਸ ਗੀਤ ਦੇ ਬੋਲ ਸੁਣੇ ਹੋਣਗੇ ਜਾਂ ਗਾਇਆ ਹੋਣਾ  ਉਦੋਂ ਨਹੀਂ ਪਤਾ ਸੀ ਕਿ ਦਮ ਤਾਂ ਇਕ ਦਬਕੇ ਦਾ, ਫੇਰ ਪੰਗਾ ਕਾਹਨੂੰ ਲੈਣਾ? ਇਹ ਸਤਰਾਂ ਲਿਖਦੇ ਨੂੰ ਮੈਨੂੰ ਪੂਰਾ ਪਤਾ ਕਿ ਇਹ ਤੁਹਾਡੇ ਅਤੇ ਤੁਹਾਡੇ ਜਿਹੇ ਹੋਰ ਕਈਆਂ ਦਾ ਦਿਲ ਦੁਖਾਉਣਗੀਆਂ। ਭਾਵੇਂ ਤੁਹਾਡਾ ਮਕਸਦ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ ਪਰ ਮੇਰਾ ਮਕਸਦ ਹੀ ਤੁਹਾਨੂੰ ਸ਼ੀਸ਼ਾ ਦਿਖਾਉਣਾ ਹੈ। ਸੋ ਅੰਜਾਮ ਜੋ ਹੋਵੇਗਾ ਭੁਗਤਾਂਗੇ।

ਬੰਦਾ ਗ਼ਲਤੀਆਂ ਦਾ ਪੁਤਲਾ ਹੈ ਤੇ ਗ਼ਲਤੀ ਹੋਣ ਤੇ ਝੁਕ ਜਾਣ 'ਚ ਕੋਈ ਬੁਰਾਈ ਨਹੀਂ। ਦੁੱਖ ਇਸ ਗੱਲ ਦਾ ਹੈ ਕਿ ਸੱਚ ਬੋਲ ਕੇ ਡਰ ਜਾਣ ਨੂੰ ਤਾਂ ਫੇਰ 'ਮੋਕ ਮਾਰਨਾ' ਹੀ ਕਿਹਾ ਜਾਵੇਗਾ। ਫੇਰ ਐਵੇਂ ਨਾ ਲੋਕਾਂ ਦੇ ਪੁੱਤਾਂ ਨੂੰ ਗੁੰਮਰਾਹ ਕਰੀ ਜਾਇਆ ਕਰੋ ਕਿ ਅਸੀਂ ਸ਼ੇਰ ਹੁੰਦੇ ਆ ਚੌਂਕ 'ਚ ਬੰਦਾ ਮਾਰ ਦਿੰਦੇ ਹਾਂ ਆਦਿ।

ਗ਼ਲਤ ਨੂੰ ਗ਼ਲਤ ਕਹੇ ਬਿਨਾਂ ਨਹੀਂ ਰਹਿ ਸਕਦਾ 2012 'ਚ ਐਡੀਲੇਡ ਵਿਖੇ ਹਨੀ ਸਿੰਘ ਨਾਲ ਇਕ ਮੁਲਾਕਾਤ ਕੀਤੀ ਸੀ ਉਸ ਦੇ ਮੂੰਹ ਤੇ ਸੱਚ ਬੋਲਿਆ ਸੀ। ਪਰਚਾ ਵੀ ਦਰਜ ਹੋਇਆ ਮੇਰੇ ਤੇ, ਉਸ ਦੇ ਚਾਹੁਣ ਵਾਲੇ ਇਕ ਨਹੀਂ ਹਜ਼ਾਰਾਂ ਲੋਕਾਂ ਨੇ ਗਾਲ੍ਹਾਂ ਵੀ ਕੱਢੀਆਂ। ਜੋ ਅੱਜ ਵੀ ਯੂ-ਟਿਊਬ ਤੇ ਜਾ ਕੇ ਪੜ੍ਹੀਆਂ ਜਾ ਸਕਦੀਆਂ ਹਨ। ਭਾਵੇਂ ਰੋਜ਼ ਕਮਾ ਕੇ ਖਾਣ ਵਾਲੇ ਹਾਂ ਪਰ ਉਨ੍ਹਾਂ ਸਰਮਾਏਦਾਰਾਂ ਅੱਗੇ ਝੁਕੇ ਨਹੀਂ ਸੀ। ਅੱਜ ਵੀ ਮਾਣ ਹੈ ਉਸ ਕਾਰਜ 'ਤੇ ਅਤੇ ਉਨ੍ਹਾਂ ਸਾਥੀਆਂ 'ਤੇ ਜੋ ਉਸ ਵਕਤ ਨਾਲ ਖੜੇ ਸਨ।

ਉਸ ਤੋਂ ਵੀ ਕਈ ਵਰ੍ਹੇ ਪਹਿਲਾਂ ਮੇਰੇ ਹੰਸ ਰਾਜ ਹੰਸ ਨਾਲ ਵੀ ਕੁਝ ਇਹੋ ਜਿਹੇ ਸਿੰਘ ਫਸੇ ਸਨ। ਜਦੋਂ ਉਸ ਨੇ ਆਪਣੀ ਕਲਾ ਛੱਡ ਸਮੇਂ ਦੇ ਹਾਕਮਾਂ ਦੇ ਡਰ 'ਚ ਸਸਤਾ ਆਟਾ ਦਾਲ ਵੇਚਣਾ ਸ਼ੁਰੂ ਕਰ ਦਿੱਤਾ ਸੀ। ਅੱਜ ਵੀ ਉਹ ਲੇਖ "ਹੁਣ ਸਾਡੇ ਰਾਜ ਗਾਇਕ ਸਸਤਾ ਆਟਾ ਦਾਲ ਵੇਚਿਆ ਕਰਨਗੇ" ਸਿਰਲੇਖ ਥੱਲੇ ਆਨ ਲਾਈਨ ਪੜ੍ਹਿਆ ਜਾ ਸਕਦਾ ਹੈ। 

ਰਣਜੀਤ ਤਾਂ ਸਿਰਫ਼ ਇਹ ਲੇਖ ਲਿਖਣ ਦਾ ਸਬੱਬ ਬਣ ਗਿਆ। ਨਿੱਜੀ ਤੌਰ ਤੇ ਮੇਰਾ ਉਸ ਨਾਲ ਕੋਈ ਵੱਟ ਦਾ ਰੌਲਾ ਨਹੀਂ ਹੈ। ਬਿਨਾਂ ਆਖਿਆ ਨਹੀਂ ਰਹਿ ਸਕਦਾ, ਬਿਨਾਂ ਖਾਧਿਆਂ ਰਹਿ ਸਕਦਾ ਹਾਂ।

ਡਾ ਜੇ ਡੀ ਚੌਧਰੀ ਦੀ ਇਕ ਕਵਿਤਾ ਜੋ ਮੈਨੂੰ ਸਦਾ ਪ੍ਰੇਰਦੀ ਰਹੀ ਹੈ ਕਿ ;

ਕੋਈ ਵੀ ਗੱਲ ਸੁਣ ਸਕਦਾ ਹਾਂ,

ਕੋਈ ਵੀ ਗੱਲ ਕਹਿ ਸਕਦਾ ਹਾਂ,

ਬਿਨਾਂ ਆਖਿਆ ਨਹੀਂ ਰਹਿ ਸਕਦਾ,

ਬਿਨਾਂ ਖਾਧਿਆਂ ਰਹਿ ਸਕਦਾ ਹਾਂ।

ਉਹ ਖੇਤਾਂ ਵਿਚ ਖੜੇ ਡਰਾਉਣੇ,

ਨਾਲੋਂ ਵੱਧ ਕੁਝ ਹੋਰ ਨਹੀਂ,

ਜੋ ਵੀ ਮੇਰਾ ਰਾਹ ਰੋਕੇਗਾ,

ਮੈਂ ਉਹਦੇ ਸੰਗ ਖਹਿ ਸਕਦਾ।

ਬਦਲ ਰਹੇ ਮੌਸਮ ਦੇ ਕੋਲੋਂ,

ਤੈਨੂੰ ਚਿੰਤਾ ਹੋ ਸਕਦੀ ਹੈ,

ਮੈਂ ਗਰਮੀ ਚੋਂ ਵੀ ਲੰਘਿਆਂ ਹਾਂ,

ਤੇ ਸਰਦੀ ਵੀ ਸਹਿ ਸਕਦਾ ਹਾਂ।

ਜੇ ਕਰ ਵਹਿੰਦੇ ਪਾਣੀ ਦੇ ਸੰਗ,

ਵਹਿ ਜਾਣਾ ਫ਼ਿਤਰਤ ਹੈ ਤੇਰੀ,

ਤੂੰ ਕਿੰਝ ਇਹ ਸੋਚ ਲਿਆ,

ਮੈਂ ਤੇਰੇ ਸੰਗ ਵਹਿ ਸਕਦਾ ਹਾਂ।

ਅਣਜਾਣੀ ਵੱਡੀ ਮਹਿਫ਼ਲ ਵਿਚ,

ਜਾਹ ਕੇ ਗ਼ੈਰ ਸਦਾਵਣ ਦੇ ਥਾਂ,

ਮੈਂ ਕੱਲਾ ਹੀ ਉੱਠ ਸਕਦਾ ਹਾਂ,

ਮੈਂ ਕੱਲਾ ਹੀ ਬਹਿ ਸਕਦਾ ਹਾਂ।

ਉਮੀਦ ਤੇ ਦੁਨੀਆ ਕਾਇਮ ਹੈ ਤਾਂ ਹੀ ਉਮੀਦ ਹੈ ਕਿ 'ਨਾਨਕ ਦਾ ਪੁੱਤ' ਕਹਾਉਣ ਵਾਲਾ 'ਬੀਰ ਸਿੰਘ' ਇਸ ਤੋਂ ਵੀ ਸਖ਼ਤ ਸ਼ਬਦਾਂ ਦੀਆਂ ਰਚਨਾਵਾਂ ਲਿਖ ਕੇ ਤੇਰਾ-ਤੇਰਾ ਤੋਲਦਾ ਰਹੇਗਾ ਅਤੇ ਲੋਕ ਗੀਤਕਾਰ ਕਹਾਏਗਾ। ਇਸ ਤੋਂ ਬਾਅਦ ਰਣਜੀਤ ਬਾਵਾ ਤੋਂ ਉਮੀਦ ਹੈ ਕਿ ਜੇ ਸੱਚ ਗਾਉਣ ਦਾ ਹੌਸਲਾ ਨਾ ਵੀ ਕਰ ਪਾਇਆ ਤਾਂ ਘੱਟ ਤੋਂ ਘੱਟ ਜਵਾਨੀ ਨੂੰ ਗੁੰਮਰਾਹ ਕਰਨ ਵਾਲੇ ਗੀਤ ਤਾਂ ਨਹੀਂ ਗਾਏਗਾ।

ਅੰਤ 'ਚ ਫਿੱਟ ਲਾਹਨਤ ਉਨ੍ਹਾਂ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੂੰ ਆਪਣੇ ਫ਼ਰਜ਼ਾਂ ਤੋਂ ਵੱਧ ਮੂਸੇ ਆਲ਼ੇ ਨੂੰ ਖ਼ੁਸ਼ ਕਰਨਾ ਜ਼ਿਆਦਾ ਸਹੀ ਲੱਗਿਆ। ਬੇਨਤੀ, ਇਹਨਾਂ ਗਾਇਕਾਂ ਨੂੰ ਆਪਣੇ ਆਦਰਸ਼ ਮੰਨਣ ਵਾਲੇ ਨੌਜਵਾਨਾਂ ਨੂੰ ਹੈ ਕਿ ਰੱਜ ਰੱਜ ਜਵਾਨੀਆਂ ਮਾਣੋ। ਜੇ ਕਿਸੇ ਨੂੰ ਆਦਰਸ਼ ਹੀ ਬਣਾਉਣਾ ਹੈ ਤਾਂ ਬਹੁਤ ਉੱਚੀਆਂ ਤੇ ਸੁੱਚੀਆਂ ਸ਼ਖ਼ਸੀਅਤਾਂ ਹੋਈਆਂ ਨੇ ਦੁਨੀਆ 'ਚ, ਉਨ੍ਹਾਂ ਬਾਰੇ ਜਾਣੋ। ਹਾਂ ਮੈਂ ਨਹੀਂ ਕਹਿੰਦਾ ਕਿ ਜਵਾਨੀ ਵੇਲੇ ਤੁਸੀਂ ਮਨੋਰੰਜਨ ਨਾ ਕਰੋ। ਚੰਗੇ ਗੀਤ ਸੁਣੋ, ਨੱਚੋ ਟੱਪੋ ਤੇ ਇਹਨਾਂ ਕਲਾਕਾਰਾਂ ਨੂੰ ਬਣਦਾ ਮਾਣ ਸਤਿਕਾਰ ਦਿਓ ਪਰ ਆਪਣਾ ਰੱਬ ਨਾ ਬਣਾਓ। ਕਿਉਂਕਿ ਸਾਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਬਹੁਤ ਪਹਿਲਾਂ ਹੀ 'ਆਸਾ ਕੀ ਵਾਰ' 'ਚ ਵਿਸਤਾਰ ਪੂਰਵਕ ਦੱਸ ਗਏ ਸਨ ਕਿ ਇਹ ਸਭ ਰੋਟੀਆਂ ਕਮਾਉਣ ਲਈ ਹੈ;

ਮਃ ੧ ॥

ਵਾਇਨਿ ਚੇਲੇ ਨਚਨਿ ਗੁਰ ॥

ਪੈਰ ਹਲਾਇਨਿ ਫੇਰਨਿੑ ਸਿਰ ॥

ਉਡਿ ਉਡਿ ਰਾਵਾ ਝਾਟੈ ਪਾਇ ॥

ਵੇਖੈ ਲੋਕੁ ਹਸੈ ਘਰਿ ਜਾਇ ॥

ਰੋਟੀਆ ਕਾਰਣਿ ਪੂਰਹਿ ਤਾਲ ॥

ਆਪੁ ਪਛਾੜਹਿ ਧਰਤੀ ਨਾਲਿ ॥

ਮਿੰਟੂ ਬਰਾੜ
+61 434 289 905
mintubrar@gmail.com

ਪੱਥਰ ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ' - ਮਿੰਟੂ ਬਰਾੜ ਆਸਟ੍ਰੇਲੀਆ

ਅਖੀਰ ਪੱਥਰ ਪਾੜ ਕੇ ਉੱਗ ਹੀ ਆਈ 'ਸੰਨੀ ਹਿੰਦੁਸਤਾਨੀ' ਰੂਪੀ ਕਰੂੰਬਲ। ਕਰੂੰਬਲ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਹਾਲੇ ਦਰਖ਼ਤ ਬਣਨ ਲਈ ਉਸ ਦਾ ਸਫ਼ਰ ਬਹੁਤ ਲੰਮੇਰਾ ਹੈ ਅਤੇ ਹਾਲੇ ਹੋਰ ਬਹੁਤ ਤੂਫ਼ਾਨ ਰਾਹ ਰੋਕਣ ਲਈ ਤਿਆਰ ਖੜ੍ਹੇ ਹਨ।

ਅੱਜ ਸਾਰਾ ਬਠਿੰਡਾ ਤਾਂ ਕੀ ਪੂਰਾ ਪੰਜਾਬ ਹੀ ਨਹੀਂ, ਪੂਰਾ ਹਿੰਦੁਸਤਾਨ ਹੀ ਸੰਨੀ ਦੀ ਇਸ ਜਿੱਤ 'ਤੇ ਖੀਵਾ ਹੋਇਆ ਫਿਰਦਾ ਹੈ। ਪਿਛਲੇ ਵਰ੍ਹੇ ਤੱਕ ਹਿੰਦੁਸਤਾਨ ਅਤੇ ਪੰਜਾਬ ਨੂੰ ਤਾਂ ਛੱਡੋ 'ਸਾਡਾ ਆਪਣਾ ਸੰਨੀ' ਕਹਿਣ ਵਾਲੇ ਬਠਿੰਡੇ ਦੇ ਲੋਕਾਂ ਦੀ ਉਸ ਨਾਲ ਸਿਰਫ਼ ਏਨੀ ਕੁ ਸਾਂਝ ਹੋਵੇਗੀ ਕਿ ਜਦੋਂ ਉਹ ਬੂਟ ਪਾਲਿਸ਼ ਕਰਨ ਲਈ ਉਨ੍ਹਾਂ ਨੂੰ ਅਰਜ਼ ਕਰਦਾ ਹੋਵੇਗਾ ਕਿ "ਬਾਬੂ ਜੀ ਬੂਟ ਪਾਲਿਸ਼ ਕਰਵਾ ਲਵੋ ਬਹੁਤ ਸੋਹਣੇ ਬਣਾ ਦੇਵਾਂਗਾ" ਤਾਂ ਮੂਹਰੋਂ "ਚੱਲ-ਚੱਲ ਅੱਗੇ ਜਾ ਮੈਂ ਨਹੀਂ ਕਰਵਾਉਣੇ ਪਾਲਿਸ਼।" ਜਾ ਫੇਰ "ਮੈ ਤਾਂ ਪੰਜ ਨਹੀਂ ਤਿੰਨ ਦੇਵਾਂਗਾ ਕਰਨੇ ਆ ਕਰ ਨਹੀਂ ਜਾ ਅਗਾਂਹ ਤੁਰਦਾ ਹੋ।" ਇਹ ਗੱਲ ਮੈਂ ਕੋਈ ਅੰਦਾਜ਼ੇ ਨਾਲ ਨਹੀਂ ਲਿਖ ਰਿਹਾ ਹਾਂ ਇਹ ਇਕ ਜ਼ਮੀਨੀ ਸਚਾਈ ਹੈ। ਲੱਖਾਂ-ਪਤੀ ਅਕਸਰ ਰਿਕਸ਼ੇ ਵਾਲੇ ਤੋਂ ਲੈ ਕਿ ਇਹੋ-ਜਿਹੇ ਹੋਰ ਗ਼ਰੀਬਾਂ ਨਾਲ ਇਕ-ਇਕ ਰੁਪਈਏ ਦੀ ਤੋੜ-ਭੰਨ ਕਰਦੇ ਤੁਸੀਂ ਅਕਸਰ ਦੇਖੇ ਹੋਣਗੇ।

ਮੇਰੇ ਜੀਵਨ ਦਾ ਵੱਡਾ ਹਿੱਸਾ ਬਠਿੰਡੇ 'ਚ ਬੀਤਿਆ ਸੋ ਬਹੁਤ ਨੇੜੇ ਤੋਂ ਜਾਣਦਾ ਹਾਂ ਬਠਿੰਡੇ ਬਾਰੇ। ਪਰ ਕੱਲ੍ਹ ਜਦੋਂ ਸੰਨੀ ਜਿੱਤਿਆ ਤਾਂ ਮੈਂ ਆਪਣੇ ਭੂਆ ਦੇ ਪੁੱਤ ਮਨਜਿੰਦਰ ਸਿੰਘ ਧਾਲੀਵਾਲ ਨੂੰ ਫ਼ੋਨ ਲਾ ਲਿਆ। ਸਿਰਫ਼ ਇਹ ਜਾਣਨ ਲਈ ਕਿ ਜ਼ਮੀਨੀ ਪੱਧਰ ਤੇ ਕੀ ਚੱਲ ਰਿਹਾ ਹੈ ਸੰਨੀ ਦੇ ਜਿੱਤਣ 'ਤੇ! ਉਹ ਕਹਿੰਦੇ ਯਾਰ ਕਮਾਲ ਕਰ ਦਿੱਤੀ ਮੁੰਡੇ ਨੇ, ਹਾਲੇ ਕਲ ਪਰਸੋਂ ਦੀ ਗੱਲ ਹੈ ਸਾਡੇ ਕੋਲ ਗੈੱਸ ਏਜੰਸੀ ਤੇ ਆਉਂਦਾ ਹੁੰਦਾ ਸੀ ਅਤੇ ਮੇਰੇ ਅਤੇ ਦਰਸ਼ਨ ਦੋਨਾਂ ਦੇ ਬੂਟ ਪਾਲਿਸ਼ ਕਰਨ ਦਾ ਅਸੀਂ ਉਸ ਨਾਲ ਪੱਕਾ ਠੇਕਾ ਪੰਜ ਰੁਪਿਆਂ 'ਚ ਮੁਕਾਇਆ ਹੋਇਆ ਸੀ। ਇਸ ਤਰ੍ਹਾਂ ਦੇ ਕਿੱਸੇ ਅੱਜ ਬਹੁਤ ਸਾਰੇ ਬਠਿੰਡਾ ਨਿਵਾਸੀਆਂ ਦੇ ਮੂੰਹ ਤੇ ਹਨ।

ਪਰ ਸੱਚ ਇਹ ਹੈ ਕਿ ਅੱਜ ਤੋਂ ਪਹਿਲਾਂ ਕਦੇ ਵੀ ਸੰਨੀ ਜਾਂ ਗ਼ੁਬਾਰੇ ਵੇਚਦੀ ਉਸ ਦੀ ਮਾਂ ਅਤੇ ਭੈਣ ਬਾਰੇ ਉਹ ਵਿਚਾਰ ਅਤੇ ਸਤਿਕਾਰ ਕਿਸੇ ਦੇ ਮਨ ਵਿਚ ਨਹੀਂ ਹੋਵੇਗਾ ਜੋ ਅੱਜ ਬਣਿਆ। ਸੋਚ ਕੇ ਦੇਖੋ ਕਿ ਜਦੋਂ ਇਕ ਲਾਲ ਬੱਤੀਆਂ ਤੇ ਖੜ੍ਹੀ ਕਾਰ ਦਾ ਸ਼ੀਸ਼ਾ ਕੋਈ ਗ਼ੁਬਾਰੇ ਵੇਚਣ ਵਾਲੀ ਮਾਂ ਜਾਂ ਭੈਣ ਖੜਕਾਉਂਦੀ ਹੋਵੇਗੀ ਤਾਂ ਮਾਫ਼ੀ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਸਿਰਫ਼ ਦੋ ਹੀ ਕਿਸਮ ਦੀਆਂ ਨਜ਼ਰਾਂ ਅੱਗੋਂ ਮਿਲਦੀਆਂ ਹੋਣਗੀਆਂ। ਇਕ ਤਾਂ ਗ਼ੁਸੈਲੀਆਂ ਅੱਖਾਂ ਜੋ ਇਹ ਕਹਿ ਰਹੀਆਂ ਹੁੰਦੀਆਂ ਹਨ ਕਿ ਚੱਲ ਪਰੇ ਸਵੇਰੇ-ਸਵੇਰੇ ਗੰਦੇ ਹੱਥ ਮੇਰੀ ਕਾਰ ਨੂੰ ਨਾਂ ਲਾ, ਜਾ ਐਵੇਂ ਦਿਮਾਗ਼ ਨਾ ਚੱਟ। ਦੂਜੀਆਂ ਉਹ ਹਵਸ ਭਰੀਆਂ ਨਜ਼ਰਾਂ ਜੋ ਗ਼ਰੀਬੀ 'ਚੋਂ ਝਲਕ ਰਹੇ ਪਿੰਡੇ ਦਾ ਨਾਪ ਲੈਂਦੀਆਂ ਤੇ ਖਚਰੀ ਜਿਹੀ ਹਾਸੀ ਹੱਸਦਿਆਂ ਹੁੰਦੀਆਂ।

ਅੱਜ ਤੱਕ ਬਹੁਤ ਸਾਰੇ ਲੋਕ ਹੋਣਗੇ ਜੋ ਉਨ੍ਹਾਂ ਨਾਲ ਦੋਹਰੇ ਮਤਲਬ ਵਾਲਿਆਂ ਟੁ`ਚੀਆਂ ਜਿਹੀਆਂ ਗੱਲਾਂ ਕਰ ਕੇ ਆਪਣਾ ਅਤੇ ਆਪਣੇ ਸਾਥੀਆਂ ਦਾ ਮਨ ਪਰਚਾਵਾ ਕਰਦੇ ਹੋਣਗੇ। ਪਰ ਅੱਜ ਉਨ੍ਹਾਂ ਹੀ ਲੋਕਾਂ ਨੂੰ ਸੰਨੀ 'ਆਪਣਾ', ਉਸ ਦੀ ਮਾਂ 'ਮਹਾਨ' ਔਰਤ ਅਤੇ ਉਸ ਦੀਆਂ ਭੈਣਾਂ ਬਹੁਤ 'ਕਿਸਮਤ' ਵਾਲੀਆਂ ਮਹਿਸੂਸ ਹੋ ਰਹੀਆਂ ਹੋਣਗੀਆਂ।

ਜਿਹੜੇ ਬਠਿੰਡੇ 'ਚ ਸੰਨੀ ਨੂੰ ਆਪਣਾ ਬੂਟ ਪਾਲਿਸ਼ ਵਾਲਾ ਡੱਬਾ ਰੱਖਣ ਨੂੰ ਥਾਂ ਨਹੀਂ ਮਿਲਦੀ ਸੀ ਉਸ ਦੀ ਮਿਹਨਤ ਰੰਗ ਲਿਆਈ, ਉਸ ਦੀ ਕਿਸਮਤ ਨੇ ਸਾਥ ਦਿੱਤਾ ਅਤੇ ਅੱਜ ਸਾਰਾ ਬਠਿੰਡਾ ਵੱਡੇ-ਵੱਡੇ ਹੋਰਡਿੰਗਜ਼ ਨਾਲ ਭਰਿਆ ਪਿਆ ਹੈ। ਹਰ ਕੋਈ ਕਾਹਲਾ ਹੋਇਆ ਫਿਰਦਾ ਉਸ ਦੇ ਸਵਾਗਤ ਲਈ। ਲੋਕਾਂ ਤੋਂ ਵੀ ਕਾਹਲਾ ਉਸ ਦਾ ਭਵਿੱਖ ਦਿਖਾਈ ਦੇ ਰਿਹਾ।

ਸੰਨੀ ਨੇ 'ਬਾਬਾ ਨਜ਼ਮੀ' ਦੇ ਇਸ ਸ਼ੇਅਰ ਨੂੰ ਪੁਖ਼ਤਾ ਕਰ ਦਿੱਤਾ ਹੈ ਕਿ

 

"ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ

ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ

ਤੇ ਮੰਜ਼ਿਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ

ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ।"

 

ਛੋਟੀ ਉਮਰੇ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਣਾ, ਘਰ ਵਿਕ ਜਾਣਾ, ਮਾਂ ਅਤੇ ਭੈਣਾਂ ਦਾ ਗ਼ੁਬਾਰੇ ਵੇਚਣਾ ਅਤੇ ਫਿਰ ਘਰ ਦਾ ਭਾਰ ਚੁੱਕਣ ਲਈ ਖ਼ੁਦ ਬੂਟ ਪਾਲਿਸ਼ ਕਰਦਿਆਂ ਵੀ ਆਪਣਾ ਸ਼ੌਕ ਨਾ ਮਰਨ ਦੇਣਾ, ਕਿਸੇ ਸਾਧਾਰਨ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਸੰਨੀ ਨੇ ਝੁਠਲਾ ਦਿੱਤਾ ਉਨ੍ਹਾਂ ਲੋਕਾਂ ਨੂੰ ਜੋ ਸ਼ਿਕਵੇ ਕਰਦੇ ਹਨ ਕਿ ਗ਼ਰੀਬੀ ਮਾਰ ਗਈ, ਮਾਂ ਬਾਪ ਅਨਪੜ੍ਹ ਸਨ ਇਸ ਲਈ ਕੁਝ ਨਾ ਬਣ ਸਕਿਆ, ਵਧੀਆ ਸਕੂਲ 'ਚ ਨਾ ਪੜ੍ਹਨ ਕਾਰਨ ਅੱਗੇ ਨਹੀਂ ਵੱਧ ਸਕਿਆ, ਆਲਾ ਦੁਆਲੇ ਚੰਗਾ ਮਹੌਲ ਨਹੀਂ ਸੀ ਅਤੇ ਸਭ ਤੋਂ ਵੱਡੀ ਗੱਲ ਕੋਈ ਉਸਤਾਦ ਨਹੀਂ ਮਿਲਿਆ ਸਿਖਾਉਣ ਲਈ।

ਜਦੋਂ ਦਾ ਸੰਨੀ ਚਕਾਚੌਂਧ ਦੀ ਦੁਨੀਆ 'ਚ ਆਇਆ ਉਸ ਦਿਨ ਤੋਂ ਲੈ ਕੇ ਉਸ ਦੇ ਜਿੱਤਣ ਤੋਂ ਬਾਅਦ ਦੇ ਬਿਆਨ ਸੁਣ ਕੇ ਕੀ ਕੋਈ ਕਹਿ ਸਕਦਾ ਕਿ ਇਹ ਮੁੰਡਾ ਸਿਰਫ਼ ਛੇ ਪੜ੍ਹਿਆ? ਉਸ ਦੀ ਲਿਆਕਤ, ਗ਼ਰੀਬੀ ਦੇ ਥਪੇੜਿਆਂ 'ਚੋਂ ਪੈਦਾ ਹੋਈ ਹੈ। ਉਹ ਆਪਣੇ ਆਪ ਨੂੰ ਮਹਾਨ (ਲੈਜੈਂਡ) ਨਹੀਂ ਕਹਿੰਦਾ, ਭਾਵੇਂ ਚੈਨਲ ਵਾਲੇ ਬਾਰ-ਬਾਰ ਉਸ ਦੇ ਗ਼ਰੀਬੀ 'ਚੋਂ ਉੱਠੇ ਹੋਣ ਦੀ ਹਮਦਰਦੀ ਲੈਣ ਦਾ ਮਾਹੌਲ ਬਣਾਉਂਦੇ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਇਹ ਕਿ ਮੁੱਢ ਤੋਂ ਮਨੋਰੰਜਨ ਦੀ ਦੁਨੀਆ ਇਸ ਜਜ਼ਬਾਤੀ ਹਥਿਆਰ ਨੂੰ ਵੱਡੇ ਪੱਧਰ ਤੇ ਭੁਨਾਉਂਦੀ ਰਹੀ ਹੈ। ਕੁਝ ਗੱਲ ਹੁੰਦੀ ਹੈ ਬਾਕੀ ਬਣਾ ਕੇ ਪੇਸ਼ ਕਰਨ 'ਚ ਮਾਹਿਰ ਰਹੀ ਹੈ। ਪਰ ਸੰਨੀ ਨੇ ਜਦ ਵੀ ਗੱਲ ਕੀਤੀ ਹੈ ਤਾਂ ਸ਼ਿਕਵੇ ਨਹੀਂ ਕੀਤੇ, ਉਸ ਨੇ ਸਿਰਫ਼ ਏਨਾ ਕਿਹਾ ਹੈ ਕਿ ਮੈਂ ਜ਼ਿੰਦਗੀ 'ਚ ਆਪਣੇ ਸੁਪਨੇ ਪੂਰੇ ਕਰਨੇ ਸਨ ਸੋ ਇਸ ਲਈ ਕੋਈ ਵੀ ਕੰਮ ਕਰ ਸਕਦਾ ਸੀ ਤੇ ਕਰ ਸਕਦਾ ਹਾਂ। ਜਿੱਥੇ ਸੰਨੀ ਦੀ ਕਲਾ 'ਚ ਪਰਪੱਕਤਾ ਦਿਖਾਈ ਦੇ ਰਹੀ ਹੈ ਉੱਥੇ ਉਹ ਆਪਣੀ ਉਮਰ ਨਾਲੋਂ ਕਿਤੇ ਸਮਝਦਾਰ ਦਿਖਾਈ ਦੇ ਰਿਹਾ ਹੈ।

ਹੁਣ ਗੱਲ ਕਰਦੇ ਹਾਂ ਇਸ ਕਰੂੰਬਲ ਦੇ ਦਰਖ਼ਤ ਬਣਨ ਦੇ ਸਫ਼ਰ 'ਚ ਆਉਣ ਵਾਲੇ ਤੁਫ਼ਾਨਾਂ ਦੀ। ਕਈ ਪੱਖ ਵਿਚਾਰਨਯੋਗ ਹਨ। ਸਫਲਤਾ ਦਾ ਨਸ਼ਾ, ਚੱਕਾ ਚੌਂਧ ਦੀ ਜ਼ਿੰਦਗੀ, ਮਾਇਆ ਦਾ ਜਾਲ, ਵਾਹ ਜੀ ਵਾਹ ਸੁਣਨ ਦੀ ਆਦਤ, ਮੌਕਾਪ੍ਰਸਤ ਲੋਕ ਅਤੇ ਸਲਾਹਕਾਰ ਆਦਿ।

ਇਹਨਾਂ ਗੱਲਾਂ ਤੋਂ ਬਚਨ ਦੇ ਨੁਕਤੇ ਸਾਡੀਆਂ ਪ੍ਰਚਲਿਤ ਕਹਾਵਤਾਂ 'ਚੋਂ ਬੜੇ ਸੁਖਾਲੇ ਲੱਭੇ ਜਾ ਸਕਦੇ ਹਨ। ਜਿਹੜੀ ਗ਼ਰੀਬੀ ਉਸ ਲਈ ਪੱਥਰ ਪਾੜਨ ਦੀ ਪ੍ਰੇਰਨਾ ਬਣੀ ਹੁਣ ਅਚਾਨਕ ਜਦੋਂ ਅਮੀਰੀ ਵਿਚ ਤਬਦੀਲ ਹੋਵੇਗੀ ਤਾਂ ਬੱਸ ਉਹੀ ਖ਼ਤਰਾ ਸਿਰ ਤੇ ਮੰਡਰਾਉਣਾ ਜੋ ਇਕ ਬੱਚੇ ਨੂੰ ਗਰਮ-ਸਰਦ ਹੋਣ ਦਾ ਹੁੰਦਾ ਹੈ। ਭਰ ਜੋਬਨ ਗਰਮੀ 'ਚ ਜੂਝਦੇ ਨੂੰ ਬਰਫ਼ ਵਾਲੇ ਠੰਢੇ ਪਾਣੀ ਨਾਲ ਇਕ ਬਾਰ ਰਾਹਤ ਤਾਂ ਜ਼ਰੂਰ ਮਿਲਦੀ ਹੈ ਪਰ ਸਰੀਰ ਦੇ ਗਰਮ-ਸਰਦ ਹੋਣ ਦਾ ਖ਼ਤਰਾ ਵੀ ਬਹੁਤ ਹੁੰਦਾ ਹੈ। ਯਾਰੀ ਤੇ ਸਰਦਾਰੀ ਕਿਸੇ-ਕਿਸੇ ਨੂੰ ਰਾਸ ਆਉਂਦੀ ਹੈ। ਕਹਿੰਦੇ ਹਨ ਕਿ ਜਦੋਂ ਸਫਲਤਾ ਸਿਰ ਚੜ੍ਹ ਬੋਲਦੀ ਹੈ ਤਾਂ ਬੰਦਾ ਆਰਾਮ-ਪ੍ਰਸਤ ਹੋ ਹੀ ਜਾਂਦਾ। ਪਰ ਯਾਦ ਰੱਖਣ ਵਾਲੀ ਇਕ ਰੂਸੀ ਕਹਾਵਤ ਹੈ ਕਿ "ਸਫਲਤਾ ਅਤੇ ਆਰਾਮ ਕਦੇ ਇਕੱਠੇ ਨਹੀਂ ਸੌਂਦੇ।"

ਜਿਵੇਂ ਮਾੜੇ ਦੀ ਜ਼ਨਾਨੀ ਹਰ ਇਕ ਦੀ ਭਾਬੀ ਹੁੰਦੀ ਹੈ ਓਵੇਂ ਤਕੜੇ ਨੂੰ ਵੀ ਹਰ ਕੋਈ ਆਪਣਾ ਰਿਸ਼ਤੇਦਾਰ ਕਹਿਣ ਲੱਗ ਜਾਂਦਾ ਹੈ। ਅੱਜ ਸੰਨੀ ਨਾਲ ਆਪਣੀਆਂ ਫ਼ੋਟੋਆਂ ਵਾਲੇ ਹੋਰਡਿੰਗ ਲਾਉਣ ਵਾਲਿਆਂ 'ਚੋਂ ਕਈਆਂ ਨੇ ਸੰਨੀ ਨੂੰ ਉਸ ਦੇ ਸੰਘਰਸ਼ ਦੇ ਵਕਤ 'ਚ ਆਪਣੇ ਥੜ੍ਹੇ ਨਹੀਂ ਚੜਣ ਦਿੱਤਾ ਹੋਣਾ। ਹੁਣ ਕਈ ਉਸ ਨਾਲ ਅਗਾਊਂ ਇਕਰਾਰਨਾਮੇ ਲਿਖਾਈ ਫਿਰਦੇ ਹੋਣਗੇ।

ਮੁੱਕਦੀ ਗੱਲ ਇਸ ਤੋਂ ਅੱਗੇ ਦਾ ਸਫ਼ਰ ਸੰਨੀ ਲਈ ਹੋਰ ਚੁਣੌਤੀਆਂ ਭਰਿਆ ਹੋਵੇਗਾ। ਅਸਲੀ ਪਰਖ ਹੁਣ ਹੋਵੇਗੀ। ਸੰਨੀ ਨੂੰ ਇਕ ਗੱਲ ਆਪਣੇ ਧਿਆਨ 'ਚ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਉਸ ਤੋਂ ਪਹਿਲਾਂ ਵੀ 'ਦਸ' ਹੋਰ ਜਣੇ ਇਹ ਖ਼ਿਤਾਬ ਜਿੱਤ ਚੁੱਕੇ ਹਨ। ਪਰ ਕੁਝ ਕੁ ਦਿਨਾਂ ਦੀ ਚਕਾਚੌਂਧ ਤੋਂ ਬਾਅਦ ਕੁਝ ਜ਼ਿਆਦਾ ਨਹੀਂ ਸੁਣਿਆ ਉਨ੍ਹਾਂ ਬਾਰੇ। ਨੇੜੇ ਤੋਂ ਜਾਨੋਂ ਉਨ੍ਹਾਂ ਬਾਰੇ ਕਿ ਕੀ-ਕੀ ਗ਼ਲਤੀਆਂ ਕੀਤੀਆਂ ਉਨ੍ਹਾਂ ਨੇ ਤੇ ਬਚੋ ਜਿਨ੍ਹਾਂ ਬਚ ਸਕਦੇ ਹੋ।

ਆਖ਼ਿਰ 'ਚ ਇਹੀ ਕਹਾਂਗਾ ਕਿ ਸੰਨੀ ਦੀ ਇਹ ਸਫਲਤਾ ਬਹੁਤ ਸਾਰੇ ਨੌਜਵਾਨਾਂ ਲਈ ਜਿੱਥੇ ਪ੍ਰੇਰਨਾ ਸਰੋਤ ਬਣੇਗੀ, ਓਥੇ ਅਮੀਰੀ ਦੇ ਨਸ਼ੇ 'ਚ ਚੂਰ ਅਮੀਰਾਂ ਨੂੰ ਗ਼ੁਰਬਤ 'ਚ ਰਹਿਣ ਵਾਲੇ ਲੋਕਾਂ ਪ੍ਰਤੀ ਆਪਣਾ ਨਜ਼ਰੀਆ ਬਦਲਣ 'ਚ ਵੀ ਸਹਾਈ ਹੋਵੇਗੀ।

ਪਰ ਇੱਥੇ ਮੈਂ ਨੌਜਵਾਨਾਂ ਨੂੰ ਇਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਸੰਨੀ ਭਾਵੇਂ ਇਕ ਗਾਇਕ ਦੇ ਤੌਰ ਤੇ ਕਾਮਯਾਬ ਹੋਇਆ ਹੈ ਕਿਓਂਕਿ ਉਸ ਕੋਲ ਇਕ ਚੰਗਾ ਗਲ਼ਾ ਤੇ ਜਮਾਂਦਰੂ ਦਾਤ ਹੈ।  ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੇ ਗਾਉਣ ਦੀ ਕੋਸ਼ਿਸ਼ 'ਚ ਲੱਗ ਜਾਓ ਉਹ ਤਾਂ ਪਹਿਲਾਂ ਹੀ ਇਕ-ਇੱਕ ਇੱਟ ਤੇ ਅਣਗਿਣਤ ਗਾਇਕ ਬੈਠੇ ਹਨ। ਅਕਾਲ ਪੁਰਖ ਨੇ ਹਰ ਇਕ ਨੂੰ ਕੁਝ ਖ਼ਾਸ ਦਿੱਤਾ ਹੈ, ਬੱਸ ਲੋੜ ਹੈ ਆਪਣੀ ਕਾਬਲੀਅਤ ਪਛਾਣਨ ਦੀ, ਉਸ ਨੂੰ ਆਪਣਾ ਸ਼ੌਕ ਬਣਾਉਣ ਦੀ ਅਤੇ ਉਸ ਸ਼ੌਕ ਨੂੰ ਜਨੂਨ 'ਚ ਬਦਲ ਕੇ ਆਪਣੇ ਸੁਪਨੇ ਪੂਰੇ ਕਰਨ ਦੀ।

ਸੰਨੀ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਸ ਨੂੰ ਤੇ ਉਸ ਦੇ ਪਰਵਾਰ ਨੂੰ ਢੇਰ ਸਾਰੀ ਵਧਾਈ ਦਿੰਦਾ ਹਾਂ।

ਮਿੰਟੂ ਬਰਾੜ ਆਸਟ੍ਰੇਲੀਆ

+ 61 434 289 905

mintubrar@gmail.com

"ਨਾਮ ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ" - ਮਿੰਟੂ ਬਰਾੜ ਆਸਟ੍ਰੇਲੀਆ

ਮਾਲਵੇ ਦੇ ਕ੍ਰਾਂਤੀਕਾਰੀ ਲੇਖਕ ਜਗਸੀਰ ਜੀਦਾ ਦੀ ਇਹ ਬੋਲੀ "ਬੰਦੇ ਮਾਰਨ ਲਈ ਖ਼ੋਜੀਆਂ ਮਿਜ਼ਾਈਲਾਂ ਤੇ ਨਰਮੇ ਦੀ ਸੁੰਡੀ ਨਾ ਮਰੇ।" ਅੱਜ ਵਾਰ-ਵਾਰ ਜ਼ਿਹਨ 'ਚ ਦਸਤਕ ਦੇ ਰਹੀ ਹੈ। ਭਾਵੇਂ ਬਾਈ ਜਗਸੀਰ ਦੀ ਇਹ ਰਚਨਾ ਮਾਲਵੇ ਦੇ ਨਰਮਾ ਉਤਪਾਦਕ ਜ਼ਿਮੀਂਦਾਰ ਦੀ ਪੀੜ 'ਚੋਂ ਨਿਕਲੀ ਹੋਈ ਹੈ। ਪਰ ਅੱਜ ਅੱਗ 'ਚ ਸੜ ਰਹੇ ਆਸਟ੍ਰੇਲੀਆ ਨੂੰ ਦੇਖ ਕੇ ਕੁਝ ਇਹੋ ਜਿਹੀ ਬੋਲੀ ਮੇਰੇ ਜ਼ਿਹਨ 'ਚ ਘੁੰਮ ਰਹੀ ਹੈ ਕਿ "ਨਾਮ ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਇਹ ਹੀ ਸੱਚ ਹੈ ਅੱਜ ਦੀ ਘੜੀ ਤਾਂ। ਹੋਂਦ 'ਚ ਆਉਣ ਤੋਂ ਤਕਰੀਬਨ ਦੋ-ਢਾਈ ਸਦੀਆਂ 'ਚ ਆਸਟ੍ਰੇਲੀਆ ਦੁਨੀਆ ਦੇ ਮੋਹਰੀ ਮੁਲਕਾਂ 'ਚ ਆਪਣਾ ਨਾਮ ਦਰਜ ਕਰਵਾ ਗਿਆ। ਇਕੱਲੇ ਭਾਰਤੀਆਂ ਦੀ ਹੀ ਨਹੀਂ ਦੁਨੀਆ ਦੇ ਬਹੁਤੇ ਮੁਲਕਾਂ ਦੇ ਲੋਕਾਂ ਦੀ ਪਰਵਾਸ ਕਰਨ ਲਈ ਆਸਟ੍ਰੇਲੀਆ ਪਹਿਲੀ ਪਸੰਦ ਹੈ। ਜਦੋਂ-ਕਦੇ ਸਰਵੇਖਣ ਹੁੰਦੇ ਹਨ ਤਾਂ ਆਸਟ੍ਰੇਲੀਆ ਦੇ ਕਈ ਸ਼ਹਿਰ ਦੁਨੀਆ ਦੇ ਪਹਿਲੇ ਦਸ ਰਹਿਣ ਲਈ ਸਭ ਤੋਂ ਚੰਗੇ ਸ਼ਹਿਰਾਂ 'ਚ ਆਉਂਦੇ ਹਨ। ਸੋਸ਼ਲ ਸਿਕਿਉਰਿਟੀ 'ਚ ਆਸਟ੍ਰੇਲੀਆ ਦੀ ਅਮਰੀਕਾ ਵੀ ਰੀਸ ਨਹੀਂ ਕਰ ਸਕਦਾ। ਹੈਲਥ ਅਤੇ ਸੇਫ਼ਟੀ ਦੇ ਮਾਮਲੇ 'ਚ ਆਸਟ੍ਰੇਲੀਆ ਏਨਾ ਕੁ ਚੌਕਸ ਹੈ ਕਿ ਭਾਵੇਂ ਕਿੰਨਾ ਵੀ ਨੁਕਸਾਨ ਹੋ ਜਾਵੇ ਪਰ ਬੰਦੇ ਦੀ ਜਾਨ ਅਤੇ ਸਿਹਤ ਨਾਲ ਕੋਈ ਸਮਝੌਤਾ ਨਹੀਂ। ਸਾਫ਼ ਆਬੋ-ਹਵਾ, ਸ਼ੁੱਧ ਖਾਣ-ਪੀਣ, ਚੰਗੀਆਂ ਡਾਕਟਰੀ ਸਹੂਲਤਾਂ, ਚੰਗੀ ਪੜ੍ਹਾਈ-ਲਿਖਾਈ ਤੇ ਚੰਗੀਆਂ ਖੇਡਾਂ। ਹੁਣ ਏਨਾ ਕੁਝ ਚੰਗਾ ਹੋਣ ਦੇ ਬਾਵਜੂਦ ਅੱਜ ਆਸਟ੍ਰੇਲੀਆ ਦੁਨੀਆ ਦੀ ਨਜ਼ਰ 'ਚ ਤਰਸ ਦਾ ਪਾਤਰ ਬਣਿਆ ਹੋਇਆ ਹੈ ਜਿਸ ਦਾ ਕਾਰਨ ਹੈ ਇੱਥੇ ਲੱਗੀਆਂ ਅੱਗਾਂ।
ਆਸਟ੍ਰੇਲੀਆ 'ਚ ਅੱਗਾਂ ਦਾ ਇਤਿਹਾਸ: ਭਾਵੇਂ ਆਸਟ੍ਰੇਲੀਆ 'ਚ ਜੀਵਨ ਹਜ਼ਾਰਾਂ ਸਾਲ ਪਹਿਲਾਂ ਤੋਂ ਪਾਇਆ ਜਾਂਦਾ ਪਰ ਅੱਜ ਦੇ ਆਸਟ੍ਰੇਲੀਆ ਦੀ ਹੋਂਦ 'ਚ ਆਉਣ ਤੋਂ ਬਾਅਦ ਜਿਹੜਾ ਰਿਕਾਰਡ ਦਰਜ ਹੋਇਆ ਮਿਲਦਾ ਹੈ ਉਸ ਮੁਤਾਬਿਕ 1851 ਤੋਂ ਲੈ ਕੇ ਹੁਣ ਤੱਕ ਤਕਰੀਬਨ 800 ਇਨਸਾਨ ਅਤੇ ਲੱਖਾਂ ਦੀ ਗਿਣਤੀ 'ਚ ਜਾਨਵਰ ਅੱਗਾਂ ਕਾਰਨ ਮਾਰੇ ਜਾ ਚੁੱਕੇ ਹਨ। ਪਿਛਲੀ ਡੇਢ ਸਦੀ ਦੌਰਾਨ ਆਏ ਇਹਨਾਂ ਭਿਆਨਕ ਦਿਨਾਂ ਦੀ ਮਾੜੀ ਯਾਦ ਆਸਟ੍ਰੇਲੀਆ ਵੱਸਦੇ ਲੋਕਾਂ ਦੇ ਮਨਾ 'ਚ ਵੱਖੋ-ਵੱਖ ਨਾਮਾਂ ਨਾਲ ਉੱਕਰੀ ਪਈ ਹੈ। 'ਕਾਲੇ ਵੀਰਵਾਰ', 'ਕਾਲੇ ਸ਼ਨੀਵਾਰ' ਜਾ 'ਸਵਾਹ ਰੰਗੇ ਬੁੱਧਵਾਰ' ਦੀ ਗੱਲ ਅੱਜ ਵੀ ਪ੍ਰਭਾਵਿਤ ਲੋਕਾਂ ਦੇ ਗਲੇ ਭਰ ਦਿੰਦੀ ਹੈ।
ਇਤਿਹਾਸਕਾਰ ਲਿਖਦੇ ਹਨ ਕਿ 6 ਫਰਵਰੀ 1851 ਦਿਨ ਵੀਰਵਾਰ ਨੂੰ ਲੱਗੀ ਅੱਗ 'ਚ ਬਹੁਤ ਸਾਰੇ ਇਨਸਾਨ, ਦਸ ਲੱਖ ਤੋਂ ਉੱਤੇ ਭੇਡਾਂ ਅਤੇ ਅਣਗਿਣਤ ਹੋਰ ਜਾਨਵਰ ਅੱਗ ਦੀ ਭੇਂਟ ਚੜ੍ਹ ਗਏ ਸਨ, ਜਿਸ ਕਾਰਨ ਅੱਜ ਵੀ ਇਸ ਦਿਨ ਨੂੰ 'ਕਾਲੇ ਵੀਰਵਾਰ' ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ।
ਆਸਟ੍ਰੇਲੀਆ ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ 7 ਫਰਵਰੀ 2009 ਨੂੰ ਲੱਗੀ ਸੀ ਜਿਸ ਦੌਰਾਨ 173 ਇਨਸਾਨ, ਅਣਗਿਣਤ ਜਾਨਵਰ ਤੇ ਪੰਛੀ ਇਸ ਦੀ ਲਪੇਟ 'ਚ ਆਏ ਸਨ। ਇਸ ਕਾਲੇ ਸ਼ਨੀਵਾਰ ਨੂੰ 400 ਦੇ ਕਰੀਬ ਵੱਖ-ਵੱਖ ਥਾਂਵਾਂ ਤੇ ਅੱਗ ਨੇ ਤਬਾਹੀ ਮਚਾਈ ਸੀ। ਜਿਸ ਵਿਚ 11 ਲੱਖ ਏਕੜ ਜ਼ਮੀਨ ਤਕਰੀਬਨ 2000 ਰਿਹਾਇਸ਼ੀ ਘਰਾਂ ਸਮੇਤ 3500 ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਸਨ। 400 ਦੇ ਕਰੀਬ ਲੋਕ ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਗਏ ਸਨ।
ਇਸ ਅੱਗ ਦੇ ਕਾਰਨ ਸਾਡੇ ਇੱਕ ਪੰਜਾਬੀ ਸ. ਚਰਨਾਮਤ ਸਿੰਘ ਦੇ ਪਰਵਾਰ ਨੇ ਵੀ ਆਪਣਾ ਸਭ ਕੁਝ ਗੁਆ ਲਿਆ ਸੀ। ਬੱਸ ਵਾਹਿਗੁਰੂ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਤੋਂ ਉਹ ਬਚ ਗਏ ਸਨ। ਦੁਨੀਆ ਭਰ 'ਚ ਚਰਨਾਮਤ ਸਿੰਘ ਨੂੰ ਜਾਣਨ ਵਾਲੇ ਹਾਸਿਆਂ ਦਾ ਵਣਜਾਰਾ ਸਮਝਦੇ ਹਨ। ਪਰ ਉਨ੍ਹਾਂ ਦੇ ਨਜ਼ਦੀਕੀ ਜਾਣਦੇ ਹਨ ਕਿ ਉਨ੍ਹਾਂ ਦੇ ਹਾਸਿਆਂ ਥੱਲੇ ਜੋ ਅੱਗ ਮੱਚਦੀ ਹੈ ਉਸ ਨੂੰ ਯਾਦ ਕਰਕੇ ਉਹ ਅੱਜ ਵੀ ਡੋਰ-ਭੌਰ ਹੋ ਜਾਂਦੇ ਹਨ। ਉਹ ਦੱਸਦੇ ਹਨ ਕਿ ਅੱਗ ਉਨ੍ਹਾਂ ਦੇ ਫਾਰਮ ਤੋਂ ਕਾਫ਼ੀ ਦੂਰ ਸੀ ਪਰ ਹਵਾ 'ਚ ਉੱਡ ਕੇ ਆਇਆ ਇਕ ਫਲੂਆ ਉਨ੍ਹਾਂ ਦੇ  ਪਰਵਾਰ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਸੁਆਹ ਕਰ ਗਿਆ ਸੀ।
ਹਰ ਸਾਲ ਅੱਗ ਪੀੜਤਾਂ ਦੀ ਗਿਣਤੀ ਵਧਦੀ ਜਾਂਦੀ ਹੈ। ਹੁਣ ਤੱਕ ਅਣਗਿਣਤ ਪੀੜਤਾਂ ਨਾਲ ਦੁੱਖ ਵੰਡਾਉਣ ਦਾ ਸਬੱਬ ਬਣਿਆ। ਹਰ ਇਕ ਰੁਆ ਕੇ ਹੀ ਗਿਆ। ਅੱਜ ਦੋ ਅਧਖੜ ਜਿਹੀਆਂ ਗੋਰੀਆਂ  ਸਾਡੇ ਕੋਲ ਖਾਣਾ ਖਾਣ ਆਈਆਂ, ਪੁੱਛਣ ਤੇ ਪਤਾ ਲੱਗਿਆ ਕਿ ਉਨ੍ਹਾਂ 'ਚੋਂ ਇਕ ਗਿਬਸਲੈਂਡ ਤੋਂ ਆਈ ਸੀ ਜਿੱਥੇ ਅੱਗਾਂ ਨੇ ਸਭ ਤਹਿਸ ਨਹਿਸ ਕਰ ਦਿੱਤਾ। ਰੋ-ਰੋ ਸੁੱਕ ਚੁੱਕੀਆਂ ਅੱਖਾਂ ਸਾਰੀ ਕਹਾਣੀ ਬਿਆਨ ਕਰ ਰਹੀਆਂ ਸਨ।  ਕਹਿੰਦੀ ਆਹ ਜੋ ਤਨ 'ਤੇ ਕੱਪੜੇ ਤੇ ਇਹਨਾਂ ਤੋਂ ਬਿਨਾਂ ਉਹ ਕਾਰ ਹੈ ਜਿਸ 'ਚ ਚੜ੍ਹ ਕੇ ਮੈਂ ਭੱਜ ਆਈ ਹਾਂ, ਸਭ ਤਬਾਹ ਹੋ ਗਿਆ। ਭਲੇ ਵੇਲਿਆਂ 'ਚ ਇਸ ਕਸਬੇ 'ਚ ਥੋੜ੍ਹੀ ਜਿਹੀ ਥਾਂ ਖ਼ਰੀਦੀ ਸੀ ਉਸ ਨੂੰ ਵੇਚ ਕੇ ਫੇਰ ਸਿਰ ਢੱਕਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਨਸਾਨਾਂ ਦੀਆਂ ਹੱਡ-ਬੀਤੀਆਂ ਤਾਂ ਬਹੁਤ ਲਿਖ ਸਕਦਾ ਹਾਂ ਪਰ ਉਹ ਅੱਗ ਪੀੜਤ ਲੱਖਾਂ ਬੇਸਹਾਰਾ ਚਿੜੀਆਂ-ਜਨੌਰਾਂ  ਬਾਰੇ ਸੋਚ ਕੇ ਰੂਹ ਕੰਬ ਜਾਂਦੀ ਹੈ, ਜਿਨ੍ਹਾਂ ਦੀਆਂ ਦਰਦ ਕਹਾਣੀਆਂ ਸਮਝ ਕੇ ਬਿਆਨ ਕਰਨ ਵਾਲਾ ਕੋਈ ਨਹੀਂ।
ਪਿਛਲੇ ਸਾਲਾਂ ਦੇ ਆਂਕੜੇ ਤਾਂ ਸਦਾ ਲਈ ਦਰਜ ਹੋ ਚੁੱਕੇ ਹਨ ਤੇ ਇਸ ਸਾਲ ਦੇ ਆਂਕੜੇ ਚਾਰ ਕੁ ਦਿਨਾਂ ਨੂੰ ਦਰਜ ਹੋ ਜਾਣਗੇ ਤੇ ਇੰਝ ਹੀ ਹਰ ਸਾਲ ਅੱਗ ਪੀੜਤਾਂ ਦੀ ਗਿਣਤੀ ਵਧਦੀ ਜਾਵੇਗੀ? ਇਹ ਸਵਾਲ ਹਰ ਇਕ ਦੇ ਮਨ 'ਚ ਹੈ ਕਿ ਕੀ ਆਸਟ੍ਰੇਲੀਆ ਜਿਹਾ ਵਿਕਸਤ ਦੇਸ਼ ਇਸ ਦਾ ਕੋਈ ਹੱਲ ਨਹੀਂ ਕੱਢ ਸਕਦਾ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਅੱਗਾਂ ਲੱਗਣ ਦੇ ਕਾਰਨ ਕੀ ਹਨ?
ਕਾਰਨ ਕਈ ਹਨ। ਸੰਖੇਪ ਇਹ ਹੈ ਕਿ ਆਸਟ੍ਰੇਲੀਆ 'ਚ ਸੂਰਜ ਦੀ ਤਪਸ਼ ਗਰਮੀ 'ਚ ਬਨਸਪਤੀ ਨੂੰ ਇਨ੍ਹਾਂ ਕੁ ਸੁਕਾ ਦਿੰਦੀ ਹੈ ਕਿ ਇਹ ਸੁੱਕੀ ਹੋਈ ਬਨਸਪਤੀ ਅੱਗ ਨੂੰ ਬਹੁਤ ਹੀ ਤੇਜ਼ੀ ਨਾਲ ਫੜਦੀ ਹੈ। ਇਸ ਤੋਂ ਬਿਨਾਂ ਏਥੋਂ ਦੇ ਜੰਗਲਾਂ ਅਤੇ ਖ਼ਾਲੀ ਥਾਂਵਾਂ ਤੇ ਜ਼ਿਆਦਾਤਰ ਸਫ਼ੈਦੇ ਅਤੇ ਪਾਈਨ ਦੇ ਦਰਖ਼ਤ ਪਾਏ ਜਾਂਦੇ ਹਨ। ਮਾਹਿਰ ਮੰਨਦੇ ਹਨ ਕਿ ਇਹਨਾਂ ਦਰਖਤਾਂ 'ਚ ਤੇਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਹਰੇ ਵੀ ਸੁੱਕਿਆਂ ਵਾਂਗ ਮੱਚਦੇ ਹਨ। ਇਹ ਅੱਗ ਕਈ ਬਾਰ ਸੂਰਜ ਦੀ ਜ਼ਿਆਦਾ ਤਪਸ਼ ਕਾਰਨ, ਬਿਜਲੀ ਦੇ ਸਪਾਰਕ ਕਾਰਨ, ਮਸ਼ੀਨਰੀ ਕਾਰਨ ਜਾਂ ਫੇਰ ਕਿਸੇ ਇਨਸਾਨ ਦੀ ਬੇਵਕੂਫ਼ੀ ਜਾਂ ਜਾਣ ਬੁੱਝ ਕੇ ਸੁੱਟੀ ਸਿਗਰਟ ਆਦਿ ਨਾਲ ਲਗਦੀ ਹੈ। ਹਾਦਸਾ ਤਾਂ ਕਦੋਂ ਵੀ ਤੇ ਕਿਤੇ ਵੀ ਹੋ ਸਕਦਾ ਹੈ ਪਰ ਜਦੋਂ ਜਾਣ ਬੁੱਝ ਕੇ ਕੋਈ ਗ਼ਲਤੀ ਕਰਦਾ ਹੈ ਤਾਂ ਤਕਲੀਫ਼ ਜ਼ਿਆਦਾ ਹੁੰਦੀ ਹੈ। ਜੇ ਕਰ ਪਿਛੋਕੜ 'ਚ ਝਾਤ ਮਾਰੀ ਜਾਵੇ ਤਾਂ ਇਸ ਸਭਿਅਕ ਮੁਲਕ 'ਚ ਵੀ ਅਸੱਭਿਅਕ ਤੇ ਸ਼ਰਾਰਤੀ ਲੋਕਾਂ ਦੀ ਕੋਈ ਘਾਟ ਨਹੀਂ ਦਿਸੀ। ਸ਼ਰਾਰਤੀ ਨਾਲੋਂ ਵੀ ਅਪਰਾਧਿਕ ਬਿਰਤੀ ਦੇ ਲੋਕ ਲਿਖਣਾ ਵਾਜਬ ਲੱਗਦਾ ਹੈ। ਪਹਿਲਾਂ ਕੁਝ ਕੁ ਹਾਦਸਿਆਂ ਪਿੱਛੇ ਮਛੋਹਰ ਮੱਤ ਦੇ ਮੁੰਡੇ ਕੁੜੀਆਂ ਦਾ ਹੱਥ ਸਾਬਿਤ ਹੋਇਆ ਸੀ। ਪਰ ਇਸ ਬਾਰ ਇਕ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਦੋ ਸੋ ਦੇ ਕਰੀਬ ਬੰਦਿਆਂ ਤੇ ਪੁਲਿਸ ਵੱਲੋਂ ਜਾਣਬੁੱਝ ਕੇ ਅੱਗ ਲਾਉਣ ਦਾ ਘਿਨੌਣਾ ਕਾਰਾ ਕਰਨ ਦਾ ਪਰਚਾ ਦਰਜ ਕੀਤਾ ਹੈ।
ਉਪਰਾਲੇ: ਆਸਟ੍ਰੇਲੀਆ ਦੀ ਵਿਸ਼ਾਲ ਭੂਗੋਲਿਕ ਰਚਨਾ ਸਰਕਾਰਾਂ ਲਈ ਇਕ ਵੱਡਾ ਚੈਲੰਜ ਰਿਹਾ ਹੈ। ਜਦੋਂ ਤੋਂ ਆਂਕੜੇ ਮਿਲਦੇ ਹਨ ਉਸ ਮੁਤਾਬਿਕ 1850 'ਚ ਵਿਕਟੋਰੀਆ ਸੂਬੇ 'ਚ ਸੀ.ਐੱਫ.ਏ. (ਕੰਟਰੀ ਫਾਇਰ ਅਥਾਰਿਟੀ), 1859 'ਚ ਨਿਊ  ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ 'ਚ ਆਰ.ਐੱਫ.ਐੱਸ. (ਰੂਰਲ ਫਾਇਰ ਸਰਵਿਸਿਜ਼), 1913 'ਚ ਸਾਊਥ ਆਸਟ੍ਰੇਲੀਆ 'ਚ ਸੀ.ਐੱਫ.ਐੱਸ. (ਕੰਟਰੀ ਫਾਇਰ ਸਰਵਿਸਿਜ਼) ਆਦਿ ਸੰਸਥਾਵਾਂ ਹੋਂਦ 'ਚ ਆਈਆਂ ਸਨ ਤੇ ਜੋ ਅੱਜ ਤੱਕ ਹਰ ਸਾਲ ਇਸ ਆਫ਼ਤ ਨਾਲ ਜੂਝਦੀਆਂ ਆ ਰਹੀਆਂ ਹਨ। 
ਆਪਣੇ ਸਲਾਨਾ ਬਜਟ 'ਚ ਅੱਗਾਂ ਦੀ ਆਫ਼ਤ ਦੇ ਫ਼ੰਡ 'ਚ ਕਟੌਤੀ ਕਰਕੇ ਅੱਜ ਦੀ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਗਰਮੀ ਦੇ ਮੌਸਮ ਵਿਚ ਕਿਤੇ ਵੀ ਅੱਗ ਲਾਉਣਾ ਗੈਰ ਕਾਨੂੰਨੀ ਹੈ। ਥਾਂ ਥਾਂ ਤੇ ਸਰਕਾਰ ਲਿਖਤੀ ਬੋਰਡ ਲਗਾ ਕੇ ਅਤੇ ਮੀਡੀਏ ਜ਼ਰੀਏ ਲੋਕਾਂ ਨੂੰ ਜਾਗ੍ਰਿਤ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਸਿਆਲਾਂ 'ਚ ਵੀ ਜਦੋਂ ਅਸੀਂ ਆਪਣੇ ਖੇਤਾਂ ਆਦਿ ਦੇ ਝਾੜ ਬੂਝ ਨੂੰ ਅੱਗ ਲਾਉਣੀ ਹੋਵੇ ਤਾਂ ਪਹਿਲਾਂ ਨੇੜੇ ਦੇ ਅੱਗ ਬੁਝਾਊ ਮਹਿਕਮੇ ਨੂੰ ਦੱਸਣਾ ਪੈਂਦਾ ਹੈ। ਤੁਸੀਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਚਾ ਸਕਦੇ ਜਿਸ ਨਾਲ ਜ਼ਹਿਰੀਲਾ ਧੂੰਆਂ ਬਣਦਾ ਹੋਵੇ ਮਸਲਨ ਜ਼ਹਿਰੀਲੀਆਂ ਦਵਾਈਆਂ ਲੱਗੀ ਲੱਕੜ ਜਾ ਪਲਾਸਟਿਕ ਆਦਿ।
ਪਰ ਇਹ ਤਾਂ ਆਮ ਜਿਹੇ ਉਪਰਾਲੇ ਹਨ ਲੋਕਾਂ ਨੂੰ ਜਾਗਰੂਕ ਕਰਨ ਦੇ। ਇਸ ਸੰਬੰਧੀ ਅਸੀਂ ਬਹੁਤ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਸਵਾਲ ਕੀਤਾ ਕਿ "ਸਾਇੰਸ ਦੇ ਇਸ ਯੁੱਗ 'ਚ ਅਸੀਂ ਬਹੁਤ ਕੁਝ ਖੋਜ ਲਿਆ ਹੈ ਪਰ ਆਸਟ੍ਰੇਲੀਆ 'ਚ  ਹਰ ਸਾਲ ਲਗਦੀਆਂ ਇਹਨਾਂ ਭਿਆਨਕ ਅੱਗਾਂ ਦਾ ਕੋਈ ਤੋੜ ਕਿਉਂ ਨਹੀਂ ਲੱਭਿਆ?" ਬਹੁਤਿਆਂ ਨੇ ਆਸਟ੍ਰੇਲੀਅਨ ਲੋਕਾਂ ਦੇ ਸੁਸਤ-ਪੁਣੇ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ।  ਉਨ੍ਹਾਂ ਦਾ ਮੰਨਣਾ ਸੀ ਕਿ ਆਸਟ੍ਰੇਲੀਆ ਸਾਲ ਭਰ ਕੁਝ ਨਹੀਂ ਕਰਦਾ ਤੇ ਜਦੋਂ ਅੱਗਾਂ ਲੱਗਣ  ਦੀ ਰੁੱਤ ਆ ਜਾਂਦੀ ਹੈ ਫੇਰ ਕੁਰਲਾਉਂਦਾ।
ਇੱਥੇ ਮੈਨੂੰ ਮੋਹੀ ਵਾਲੇ ਬਾਈ ਪਰਮਜੀਤ ਪੰਮੇ ਦੀ ਗੱਲ ਚੇਤੇ ਆ ਰਹੀ ਹੈ। 90 ਦੇ ਦਹਾਕੇ ਦੀ ਗੱਲ ਹੈ ਅਸੀਂ ਬਠਿੰਡੇ ਦੇ ਕੁਝ ਉੱਦਮੀ ਨੌਜਵਾਨਾਂ ਨੇ ਹੇਮਕੁੰਟ ਸਾਹਿਬ ਦੇ ਰਾਹ 'ਚ ਪੈਂਦੇ ਕਸਬੇ ਚਮੋਲੀ 'ਚ ਲੰਗਰ ਲਾਉਣਾ ਸ਼ੁਰੂ ਕੀਤਾ। ਦਿਨੇ ਸਾਰਾ ਦਿਨ ਲੰਗਰ ਦੀ ਸੇਵਾ 'ਚ ਰੁੱਝੇ ਰਹਿਣਾ ਅਤੇ ਜਦੋਂ ਰਾਤ ਨੂੰ ਇਕ ਖੜ੍ਹੇ ਟਰੱਕ 'ਚ ਸੌ ਜਾਣਾ, ਤਾਂ ਪਹਾੜੀ ਏਰੀਆ ਹੋਣ ਕਾਰਨ ਅੱਧੀ ਕੁ ਰਾਤ ਨੂੰ ਮੀਂਹ ਲਹਿ ਪੈਣਾ। ਫੇਰ ਸਾਰੇ ਏਧਰ-ਓਦਰ ਲੁਕਦੇ ਫਿਰਨਾ ਗਿੱਲੀਆਂ ਰਜਾਈਆਂ ਲੈ ਕੇ। ਫੇਰ ਪੰਮੇ ਬਾਈ ਨੇ ਕਹਿਣਾ ਕੱਲ੍ਹ ਨੂੰ ਆਪਾਂ ਸਭ ਤੋਂ ਪਹਿਲਾਂ ਛੱਤ ਦਾ ਇੰਤਜ਼ਾਮ ਕਰਾਂਗੇ ਤੇ ਨਾਲ ਹੀ ਕੋੜ੍ਹਕਿਰਲੇ ਦੀ ਬਾਤ ਸੁਣਾ ਦੇਣੀ ਕਿ ਕੋੜ੍ਹਕਿਰਲਾ ਹਰ ਰੋਜ਼ ਰਾਤ ਨੂੰ ਕੋੜ੍ਹਕਿਰਲੀ ਨਾਲ ਵਾਅਦਾ ਕਰ ਕੇ ਪੈਂਦਾ ਕਿ ਭਾਗਵਾਨੇ ਕੱਲ੍ਹ ਨੂੰ ਸਭ ਤੋਂ ਪਹਿਲਾਂ ਆਪਾਂ ਖੁੱਡ ਪੱਟਣ ਦਾ ਕੰਮ ਕਰਨਾ। ਪਰ ਸਾਰੀ ਉਮਰ ਇੰਝ ਹੀ ਗੁਜ਼ਾਰ ਲੈਂਦਾ।  ਉਹੀ ਹਾਲ ਆਸਟ੍ਰੇਲੀਆ ਦਾ। ਆਸਟ੍ਰੇਲੀਆ ਦੇ ਬਜਟ 'ਚ ਸੋਸ਼ਲ ਸਿਕਿਉਰਿਟੀ ਦੇ ਨਾਮ ਤੇ ਵਿਹਲਿਆਂ ਨੂੰ ਖੁਆਉਣ ਤੋਂ ਲੈ ਕੇ ਐੱਨ.ਬੀ.ਐੱਨ. ਜਿਹੇ ਚਿੱਟੇ ਹਾਥੀ ਪਤਾ ਨਹੀਂ ਕਿੰਨੇ ਕੁ ਬੰਨ੍ਹ ਰੱਖੇ ਹਨ? ਪਰ ਜਿਹੜੀ ਖੁੱਡ ਪੱਟਣ ਦੀ ਲੋੜ ਹੈ ਉਸ ਬਾਰੇ ਕਦੇ ਕੋਈ ਵਿਚਾਰ ਨਹੀਂ।
ਹਾਸੋ ਹੀਣੀ ਗੱਲ ਇਹ ਹੈ ਕਿ ਅੱਜ ਆਸਟ੍ਰੇਲੀਆ ਬੈਠਾ ਅਮਰੀਕਾ ਤੋਂ ਮਦਦ 'ਚ ਆ ਰਹੇ ਅੱਗ ਬੁਝਾਉਣ ਵਾਲੇ ਹੈਲੀਕਾਪਟਰ ਉਡੀਕ ਰਿਹਾ ਹੈ।
ਉਪਰੋਕਤ ਸਵਾਲ ਜਦੋਂ ਮੈਂ ਕਿਸੇ ਸਿਆਸੀ ਬੰਦੇ ਨੂੰ ਪਾਏ ਤਾਂ ਉਨ੍ਹਾਂ ਉਹੀ ਦੋਸ਼-ਪਰਦੋਸ਼ ਦਾ ਰਾਜਨੀਤਕ ਬਿਆਨ ਦਿੱਤਾ ਲੇਬਰ ਕਹਿੰਦੀ ਲਿਬਰਲ ਮਾੜੇ, ਲਿਬਰਲ ਕਹਿੰਦੇ ਲੇਬਰ ਮਾੜੀ ਤੇ ਦੋਨੇਂ ਰਲ ਕੇ ਕਹਿੰਦੇ ਗਰੀਨ ਪਾਰਟੀ ਵਾਲੇ ਮਾੜੇ। ਪਰ ਆਮ ਜਨਤਾ ਨੂੰ ਪਤਾ ਹੀ ਹੈ ਕਿ ਤੁਹਾਡੇ 'ਚੋਂ ਦੁੱਧ ਧੋਤਾ ਕੋਈ ਵੀ ਨਹੀਂ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਜ਼ਮੀਨੀ ਪੱਧਰ ਤੇ ਆਪ ਪੀੜਤਾਂ ਨੂੰ ਮਿਲਣ ਗਏ ਤਾਂ ਮੋਹਰੋਂ ਪੀੜਤ ਪੈ ਗਏ ਕਹਿੰਦੇ ਤੁਹਾਨੂੰ ਸਿਰਫ਼ ਸ਼ਹਿਰਾਂ ਵਾਲੇ ਦਿਸਦੇ ਹਨ, ਤੁਸੀਂ ਸਾਡੀ ਪਿੰਡਾਂ ਵਾਲਿਆਂ ਦੀ ਸਾਰ ਨਹੀਂ ਲੈਂਦੇ। ਜਦੋਂ ਮੈਂ ਗਰੀਨ ਵਾਲੇ ਬਾਈ ਨਵਦੀਪ ਨੂੰ ਪੁੱਛਿਆ ਤਾਂ ਉਹ ਕਹਿੰਦੇ ਅਸੀਂ ਤਾਂ ਕਦੋਂ ਦੇ ਕੁਰਲਾਉਂਦੇ ਹਾਂ ਕੀ ਇਸ ਦਾ ਪੱਕਾ ਹੱਲ ਕੱਢ ਲਵੋ ਪਰ ਸਾਡੀ ਸੁਣਦੇ ਨਹੀਂ। ਉਨ੍ਹਾਂ ਦੀ ਦਲੀਲ ਹੈ ਕਿ ਜਿੰਨੇ ਦਰਖ਼ਤ ਆਸਟ੍ਰੇਲੀਆ 'ਚ ਕੱਟੇ ਜਾਂਦੇ ਹਨ ਓਨੇ ਕਿਤੇ ਵੀ ਨਹੀਂ, ਜਿਸ ਦਾ ਨਤੀਜਾ ਤੁਸੀਂ ਦੇਖ ਲਵੋ ਮੀਂਹ ਵਾਲੇ ਜੰਗਲਾਂ (ਰੇਨ ਫਾਰੈਸਟ) 'ਚ ਕਦੇ ਅੱਗਾਂ ਲਗਦੀਆਂ ਨਹੀਂ ਸੁਣੀਆਂ ਸਨ ਪਰ ਆਸਟ੍ਰੇਲੀਆ 'ਚ ਇਹ ਵੀ ਮੱਚ ਰਹੇ ਹਨ।
ਬਹੁਤ ਕੁਝ ਲਿਖਿਆ ਜਾ ਸਕਦਾ ਹੈ ਇਸ ਵਿਸ਼ੇ ਤੇ ਪਰ ਸਮਾਪਤੀ ਤੋਂ ਪਹਿਲਾਂ ਜੇ ਇਕ ਰਾਹਤ ਅਤੇ ਮਾਣ ਕਰਨ ਵਾਲੀ ਗੱਲ ਲਿਖਾਂ ਤਾਂ ਉਹ ਇਹ ਹੈ ਕਿ ਆਸਟ੍ਰੇਲੀਆ ਦੇ ਹਰ ਛੋਟੇ ਵੱਡੇ ਇਨਸਾਨ ਵੱਲੋਂ ਕੀਤੀਆਂ ਜਾ ਰਹੀਆਂ ਨਿੱਜੀ ਕੋਸ਼ਿਸ਼ਾਂ। ਜਿੱਥੇ ਹਰ ਪਾਸੇ ਅੱਗਾਂ ਲੱਗਣ ਦੀਆਂ ਮਾੜੀਆਂ ਖ਼ਬਰਾਂ ਹਰ ਪਲ ਆ ਰਹੀਆਂ ਹਨ ਉੱਥੇ ਆਸਟ੍ਰੇਲੀਆ ਦਾ ਬੱਚਾ-ਬੱਚਾ ਰਾਹਤ ਕਾਰਜਾਂ 'ਚ ਕਿਸੇ ਨਾ ਕਿਸੇ ਰੂਪ 'ਚ ਆਪਣਾ ਯੋਗਦਾਨ ਪਾ ਰਿਹਾ ਹੈ। ਜਾਂਦੇ-ਜਾਂਦੇ ਇਕ ਆਸਟ੍ਰੇਲੀਅਨ ਹੋਣ ਦੇ ਨਾਤੇ ਉਨ੍ਹਾਂ ਦੇਸ਼ ਵਿਦੇਸ਼ ਬੈਠੀਆਂ ਸਾਰੀਆਂ ਰੂਹਾਂ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦਾ ਹਾਂ ਜਿਨ੍ਹਾਂ ਨੇ ਅਸਟਰੇਲੀਆ ਦੇ ਇਸ ਮੁਸ਼ਕਿਲ ਵਕਤ 'ਚ ਕਿਸੇ ਨਾ ਕਿਸੇ ਰੂਪ 'ਚ ਸਾਥ ਦੇ ਕੇ ਹਾਅ ਦਾ ਨਾਅਰਾ ਮਾਰਿਆ। ਲੇਖ ਦੇ ਅੰਤ 'ਚ ਸਰਕਾਰੀ ਕੋੜ੍ਹਕਿਰਲੇ ਤੋਂ ਉਮੀਦ ਕਰਦਾ ਹਾਂ ਕਿ ਅਗਲੀ ਬਾਰ ਦੀਆਂ ਕੁਦਰਤੀ ਆਫ਼ਤਾਂ ਆਉਣ ਤੋਂ ਪਹਿਲਾਂ-ਪਹਿਲਾਂ ਉਹ ਆਪਣੀ ਖੁੱਡ ਜ਼ਰੂਰ ਪੁੱਟ ਲਵੇਗਾ।

ਮਿੰਟੂ ਬਰਾੜ ਆਸਟ੍ਰੇਲੀਆ
+61 434 289 905
mintubrar@gmail.com

ਅੱਗ ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ - ਮਿੰਟੂ ਬਰਾੜ ਆਸਟ੍ਰੇਲੀਆ

ਪਰਸੋਂ ਯਾਨੀ 28 ਦਸੰਬਰ ਨੂੰ ਇੰਡੀਆ ਦਾ ਚਾਰ ਡਿਗਰੀ ਤਾਪਮਾਨ ਛੱਡ ਕੇ ਸਿੱਧੇ ਆਸਟ੍ਰੇਲੀਆ ਦੇ 44 ਡਿਗਰੀ ਤਾਪਮਾਨ 'ਚ ਆ ਪਹੁੰਚੇ ਹਾਂ। ਜਿੱਥੇ ਇੰਡੀਆ ਠੰਢ ਨਾਲ ਠੁਰ-ਠੁਰ ਕਰ ਰਿਹਾ ਹੈ,  ਉੱਥੇ ਆਸਟ੍ਰੇਲੀਆ ਇਕ ਪਾਸੇ ਸੂਰਜ ਦੀ ਤਪਸ਼ ਅਤੇ ਦੂਜੇ ਪਾਸੇ ਭਿਆਨਕ ਅੱਗਾਂ ਦੀ ਮਾਰ ਹੇਠ ਆਇਆ ਹੋਇਆ ਹੈ।
ਆਸਟ੍ਰੇਲੀਆ ਹਰ ਸਾਲ ਨਵੇਂ ਸਾਲ ਦੇ ਜਸ਼ਨਾਂ ਲਈ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ। ਪਰ ਇਸ ਵਾਰ ਦੁਚਿੱਤੀਆਂ ਦੇਖਣ ਸੁਣਨ ਨੂੰ ਮਿਲ ਰਹੀਆਂ ਸਨ ਕਿ ਨਵਾਂ ਸਾਲ ਹਰ ਵਾਰ ਵਾਂਗ ਮਨਾਇਆ ਜਾਣਾ ਚਾਹੀਦਾ ਹੈ ਕਿ ਨਹੀਂ? ਕਿਉਂ ਕਿ ਪਿਛਲੇ ਕੁਝ ਕੁ ਦਿਨਾਂ 'ਚ ਆਸਟ੍ਰੇਲੀਆ ਦਾ ਭਿਆਨਕ ਅੱਗਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਪਰ ਅਖੀਰ 'ਚ ਇਹ ਫ਼ੈਸਲਾ ਲਿਆ ਗਿਆ ਕਿ ਨਵਾਂ ਸਾਲ ਹਰ ਸਾਲ ਵਾਂਗ ਹੀ ਮਨਾਇਆ ਜਾਵੇਗਾ। ਉਨ੍ਹਾਂ ਲੋਕਾਂ ਦੀ ਰੋਜ਼ੀ ਰੋਟੀ ਨਹੀਂ ਖੋਹੀ ਜਾਵੇਗੀ ਜੋ ਨਵੇਂ ਸਾਲ ਕਾਰਨ ਚਲਦੀ ਹੈ।
ਪਰ ਇਸ ਬਾਰ ਜੋ ਵੱਖਰੀ ਗੱਲ ਇਹ ਕੀਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਲੋਕਾਂ ਲਈ ਵੱਡੇ ਪੱਧਰ ਤੇ ਫ਼ੰਡ ਇਕੱਠਾ ਕੀਤਾ ਜਾਵੇਗਾ। ਇਹ ਲੇਖ ਲਿਖਣ ਵੇਲੇ ਤੱਕ ਨਵਾਂ ਸਾਲ ਚੜ੍ਹਨ 'ਚ ਇਕ ਘੰਟਾ ਬਾਕੀ ਹੈ ਤੇ ਲੋਕਾਂ ਨੇ ਹੁਣ ਤੱਕ ਤਕਰੀਬਨ ਸਤ ਮਿਲੀਅਨ ਡਾਲਰ ਰੈੱਡ ਕਰਾਸ ਦੇ ਖਾਤੇ 'ਚ ਪਾ ਦਿੱਤੇ ਹਨ ਅਤੇ ਏਨੇ ਜ਼ਿਆਦਾ ਲੋਕ ਇੱਕੋ ਦਮ ਵੈੱਬ ਸਾਈਟ ਤੇ ਆਉਣ ਕਾਰਨ ਵੈੱਬ ਸਾਈਟ ਜਵਾਬ ਦੇ ਗਈ ਹੈ। ਸਾਰੇ ਮੀਡੀਆ ਵਾਲੇ ਨਵਾਂ ਸਾਲ ਲਾਈਵ ਦਿਖਾਉਣ ਦੇ ਨਾਲ-ਨਾਲ ਆਪਣੇ-ਆਪਣੇ ਤਰੀਕੇ ਨਾਲ ਇਸ ਫ਼ੰਡ ਬਾਰੇ ਪ੍ਰਚਾਰ ਰਹੇ ਹਨ ਅਤੇ ਲੋਕਾਂ ਨੂੰ ਫ਼ੰਡ ਜਮਾਂ ਕਰਵਾਉਣ ਦੇ ਹੋਰ ਤਰੀਕੇ ਦੱਸ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਇਹ ਲਗਦਾ ਸੀ ਕਿ ਇਕ ਪਾਸੇ ਆਸਟ੍ਰੇਲੀਆ ਮੱਚ ਰਿਹਾ ਦੂਜੇ ਪਾਸੇ ਇਹ ਲੋਕ ਨੱਚਣ ਗਾਉਣ ਤੇ ਪਟਾਕੇ ਚਲਾਉਣ ਦੀਆਂ ਗੱਲਾਂ ਕਰ ਰਹੇ ਹਨ। ਪਰ ਹੁਣ ਉਹ ਵੀ ਇਹ ਦੇਖ ਕੇ ਖ਼ੁਸ਼ ਹਨ ਕਿ ਲੋਕ ਕਿਵੇਂ ਆਪਣੀ ਖ਼ੁਸ਼ੀ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਨਹੀਂ ਭੁੱਲੇ ਜੋ ਆਪਣਾ ਸਾਰਾ ਕੁਝ ਗੁਆ ਚੁੱਕੇ ਹਨ।
ਮਦਦ ਇਕੱਲੀ ਧਨ ਦੀ ਨਹੀਂ ਹੋ ਰਹੀ, ਤਨ ਅਤੇ ਮਨ ਨਾਲ ਵੀ ਲੋਕ ਜ਼ਮੀਨੀ ਪੱਧਰ ਤੇ ਜੁੜੇ ਹੋਏ ਹਨ। ਦੋ ਕੁ ਦਿਨਾਂ ਤੋਂ ਸਾਨੂੰ ਵੀ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੂੰ ਆਸਟ੍ਰੇਲੀਆ ਦੀ ਭਾਸ਼ਾ 'ਚ ਫਾਇਰ ਫਾਈਟਰ ਯਾਨੀ ਕਿ ਅੱਗ ਬੁਝਾਉਣ ਵਾਲੇ ਯੋਧੇ ਕਿਹਾ ਜਾਂਦਾ ਹੈ।
ਕਲ ਵਿਕਟੋਰੀਆ ਦੇ ਇਕ ਛੋਟੇ ਜਿਹੇ ਕਸਬੇ ਈਡਨ ਹੋਪ ਦੇ ਵੀਹ ਕੁ ਕਿੱਲੋਮੀਟਰ ਚੜ੍ਹਦੇ ਵਾਲੇ ਪਾਸੇ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਜੱਦੋ ਜਹਿਦ ਚੱਲ ਰਹੀ ਹੈ। ਅਸੀਂ ਅੱਜ ਕਲ ਇਸ ਕਸਬੇ 'ਚ ਇਕ ਮੋਟਲ ਅਤੇ ਰੈਸਟੋਰੈਂਟ ਚਲਾਉਂਦੇ ਹਾਂ। ਸੋ ਇਹਨਾਂ ਯੋਧਿਆਂ ਲਈ ਅੱਜ ਜਦੋਂ ਮੈਂ ਸ਼ਾਮ ਦਾ ਖਾਣਾ ਲੈ ਕੇ ਗਿਆ ਤਾਂ ਬੜਾ ਅਜੀਬ ਅਤੇ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਜਦੋਂ ਰੋਹੀ ਬੀਆਬਾਨ ਤੇ ਅੱਤ ਦੀ ਗਰਮੀ 'ਚ ਅੱਗ ਨਾਲ ਮੱਥਾ ਲਾਈ ਬੈਠੇ ਤਕਰੀਬਨ 85 ਯੋਧਿਆਂ ਲਈ ਮੈਂ ਜੱਦੋ ਭਾਂਤ-ਭਾਂਤ ਦੇ ਪਕਵਾਨ ਅਤੇ ਠੰਢੇ ਲੈ ਕੇ ਉੱਥੇ ਪਹੁੰਚਿਆ ਤਾਂ ਉਨ੍ਹਾਂ ਦੇ ਮੂੰਹ ਤੇ ਰੌਣਕ ਦੇਖ ਮਨ ਸਕੂਨ ਨਾਲ ਭਰ ਗਿਆ। ਉਹ ਵਾਰੀ ਨਾਲ ਮੇਰੇ ਕੋਲ ਆਉਣ ਲੱਗੇ। ਆਪਣੇ ਢੰਗ ਨਾਲ ਅਸੀਸਾਂ ਦੇਣ, ਤੇ ਹੈਰਾਨ ਹੋਣ ਏਨੇ ਪਕਵਾਨਾਂ 'ਚੋ ਕਿਹੜਾ ਛੱਡੀਏ ਕਿਹੜਾ ਖਾਈਏ!
ਇਸੇ ਦੌਰਾਨ ਇਕ ਅਜੀਬ ਜਿਹੀ ਘਟਨਾ ਵਾਪਰੀ ਇਕ 35 ਕੁ ਵਰ੍ਹਿਆਂ ਦਾ ਗੋਰਾ ਨੌਜਵਾਨ ਆ ਕੇ ਮੈਨੂੰ ਅੰਗਰੇਜ਼ੀ 'ਚ ਪੁੱਛਣ ਲੱਗਿਆ ਕਿ ਬਾਈ ਤੇਰਾ ਪਿੱਛਾ ਕਿਥੋਂ ਦਾ? ਮੈਂ ਕਿਹਾ ਪੰਜਾਬ। ਕਹਿੰਦਾ ਪੰਜਾਬ ਤੋਂ ਕਿਥੋਂ? ਮੈਂ ਕਿਹਾ ਬਠਿੰਡਾ। ਨਾਲ ਹੀ ਮੈਂ ਪੁੱਛਿਆ ਕਿ ਤੂੰ ਜਾਣਦਾ ਕੁਝ ਪੰਜਾਬ ਬਾਰੇ। ਉਹ ਨੌਜਵਾਨ ਮੁਸਕਰਾ ਕੇ ਅੱਗੇ ਤੁਰ ਗਿਆ ਕਿਉਂ ਕਿ ਉਸ ਪਿੱਛੇ ਲੰਬੀ ਲਾਇਨ ਲੱਗ ਚੁੱਕੀ ਸੀ। ਚਲੋ ਮੈਂ ਵੀ ਲੰਗਰ ਵਰਤਾਉਣ 'ਚ ਜੁੱਟ ਗਿਆ। ਦਸ ਕੁ ਮਿੰਟਾਂ ਬਾਅਦ ਮੈਨੂੰ 10 ਕੁ ਮੀਟਰ ਦੂਰ ਖੜੇ ਖਾਣਾ ਖਾ ਰਹੇ ਨੌਜਵਾਨਾਂ ਦੇ ਪਿੱਛੋਂ ਮੂਲ ਮੰਤਰ ਕਰਨ ਦੀ ਅਵਾਜ਼ ਆਈ। ਬੜਾ ਸ਼ੁੱਧ ਉਚਾਰਨ। ਮੈਨੂੰ ਸਮਝ ਨਾ ਆਵੇ ਕਿ ਇਹ ਮੇਰਾ ਭਰਮ ਆ ਕਿਉਂਕਿ ਮੈਂ ਇੱਥੇ ਇਕੱਲਾ ਪੰਜਾਬੀ ਬੋਲਣ ਵਾਲਾ ਬੰਦਾ ਸੀ। ਪੂਰੀ ਪਹਿਲੀ ਪੌੜੀ ਤੋਂ ਬਾਅਦ ਫੇਰ ਸਭ ਸ਼ਾਂਤ। ਮੈਂ ਫੇਰ ਸੋਚਿਆ ਕਿ ਮੈਂ ਆਉਂਦਾ ਕਾਰ 'ਚ ਸ ਚਰਨ ਸਿੰਘ ਸਫ਼ਰੀ ਹੋਰਾਂ ਦੀ ਯਾਦਗਾਰ ਰਚਨਾ 'ਸਿੱਖੀ ਦੀ ਦਾਸਤਾਨ' ਸੁਣਦਾ ਆ ਰਿਹਾ ਸੀ ਤੇ ਗੁਰੂ ਨਾਨਕ ਜੀ ਦੀ ਲੰਗਰ ਪ੍ਰਥਾ ਬਾਰੇ ਸੋਚਦਾ ਆ ਰਿਹਾ ਸੀ ਇਸ ਕਰਕੇ ਮੇਰੇ ਕੰਨ ਬੋਲੇ ਹੋਣਗੇ।
ਪਰ ਥੋੜ੍ਹੀ ਦੇਰ ਬਾਅਦ ਮੇਰੇ ਬਾਰੇ 'ਚ ਪੁੱਛਣ ਵਾਲਾ ਨੌਜਵਾਨ ਮੁਸਕਰਾਉਂਦਾ ਹੋਇਆ ਕੋਲ ਆਇਆ ਤੇ ਫੇਰ ਪਹਿਲੀ ਪੌੜੀ ਦਾ ਜਾਪ ਕਰਨ ਲੱਗਿਆ। ਮੇਰਾ ਮੂੰਹ ਅੱਡਿਆ ਗਿਆ ਉਸ ਨੂੰ ਸੁਣ ਕੇ! ਏਨਾ ਸ਼ੁੱਧ ਉਚਾਰਨ ਸ਼ਾਇਦ ਮੈਂ ਵੀ ਨਹੀਂ ਕਰ ਪਾਉਂਦਾ। ਮੈਂ ਉਸ ਵਲ ਸਵਾਲੀਆ ਨਿਗਾਹ ਨਾਲ ਦੇਖਿਆ। ਕਹਿੰਦਾ ਲੰਮੀ ਕਹਾਣੀ ਹੈ ਇਸ ਪਿੱਛੇ ਵੇਹਲਾ ਹੋ ਲੈ ਫੇਰ ਸੰਖੇਪ 'ਚ ਸੁਣਾਉਣਾ। ਸਾਰੀ ਕਦੇ ਫੇਰ। ਮੈਂ ਕਿਹਾ ਕੋਈ ਨਾ ਮੈਂ ਹੱਥਾਂ ਨਾਲ ਲੰਗਰ ਵਰਤਾਈ ਜਾਣਾ ਤੇ ਕੰਨਾਂ ਨਾਲ ਤੁਹਾਡੀ ਗੱਲ ਸੁਣੀ ਜਾਣਾ।
ਕਾਰ ਦਾ ਬੂਟ ਖੋਲ੍ਹ ਮੈਂ ਲੰਗਰ ਵਾਰਤਾ ਰਿਹਾ ਸੀ ਤੇ ਉਹ ਮੇਰੇ ਪਿੱਛੇ ਆਨ ਖਲੋਤਾ।  ਕਹਿੰਦਾ ਅਸਲ 'ਚ ਮੈਂ ਇੰਡੀਆ ਵਿਆਹਿਆ ਸੀ। ਮੈਂ ਕਿਹਾ ਪੰਜਾਬ 'ਚ? ਕਹਿੰਦਾ ਨਹੀਂ ਹਿਮਾਚਲ 'ਚ। ਫੇਰ ਪੰਜਾਬੀ ਅਤੇ ਗੁਰਬਾਣੀ? ਕਹਿੰਦਾ ਹਰਭਜਨ ਸਿੰਘ ਯੋਗੀ ਅਮਰੀਕਾ ਵਾਲਿਆਂ ਦਾ ਅਸਰ  'ਚ ਸ਼ੁਰੂ ਕੀਤਾ। ਫੇਰ ਬਹੁਤ ਸਾਰੇ ਪ੍ਰਚਾਰਕਾਂ ਦੇ ਸੰਪਰਕ 'ਚ ਰਿਹਾ।  ਮੈਂ ਸ਼ਰਤੀਆ ਕਹਿ ਸਕਦਾ ਹਾਂ ਕਿ ਤੇਰੇ ਨਾਲੋਂ ਵੱਧ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਚੁੱਕਿਆਂ ਹਾਂ।  ਬਦਕਿਸਮਤੀ! ਹੁਣ ਮੈਂ ਆਪਣੀ ਪਤਨੀ ਤੋਂ ਵੱਖ ਹੋ ਚੁੱਕਿਆ। ਅੱਜ ਕੱਲ੍ਹ ਮੈਲਬਾਰਨ ਰਹਿ ਰਿਹਾ ਹਾਂ। ਮੇਰੇ  ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹਨ। ਜਿਵੇਂ-ਜਿਵੇਂ ਉਹ ਮੈਨੂੰ ਦੱਸੀ ਜਾਵੇ ਮੈਂ ਸੁੰਨ ਜਿਹਾ ਹੋਈ ਜਾਵਾ। 
ਉਸ ਦੇ ਅਖੀਰ ਇੱਕ ਗੋਰੇ ਨੂੰ ਬੋਲੇ 'ਉਹ ਬੋਲ' ਤਾਂ ਮੇਰੇ ਸਰੀਰ ਨੂੰ ਕੰਬਣੀ ਛੇੜ ਗਏ ਜਦੋਂ ਮੈਨੂੰ ਫਾਈਟਰਾਂ ਚੋਂ ਇਕ ਗੋਰੀ ਕਹਿੰਦੀ ਕੀ ਮੈਂ  ਦੂਜੀ ਬਾਰ ਲੈ ਸਕਦੀ ਹਾਂ? ਮੈਂ ਕਿਹਾ ਕਿਉਂ ਨਹੀਂ ਕਹਿੰਦੀ ਕਿਤੇ ਮੁੱਕ  ਤਾਂ ਨਹੀਂ ਜਾਵੇਗਾ? ਮੈ ਹਾਲੇ ਮੁਸਕਰਾਇਆ ਹੀ ਸੀ ਤੇ ਪੰਜਾਬੀ ਦੇ ਜੋ ਸ਼ਬਦ ਬੋਲਣ ਲਈ ਮੈਂ ਦਿਮਾਗ਼ 'ਚ ਅੰਗਰੇਜ਼ੀ ਬਣਾਉਣ ਦੀ ਕਸਰਤ ਕਰਨ ਹੀ ਲੱਗਿਆ ਸੀ। ਪਰ ਉਸ ਤੋਂ ਪਹਿਲਾਂ ਉਹੀ ਨੌਜਵਾਨ ਬੋਲ ਪਿਆ ਕਹਿੰਦਾ "ਬੇ ਫ਼ਿਕਰ ਹੋ ਜਾਓ ਇਹ ਬਾਬਾ ਨਾਨਕ ਜੀ ਦਾ ਲੰਗਰ ਹੈ ਤੇ ਕਦੇ ਤੋਟ ਨਹੀਂ ਆਉਂਦੀ।"
ਹੁਣ ਤੁਸੀਂ ਆਪ ਹੀ ਮੇਰੀ ਉਸ ਵੇਲੇ ਦੀ ਹਾਲਾਤ ਸਮਝ ਲਵੋ, ਮੇਰੇ ਤੋਂ ਅੱਖਰਾਂ 'ਚ ਬਿਆਨ ਨਹੀਂ ਹੁੰਦੀ।  ਬੱਸ ਮੈਂ ਇਨ੍ਹਾਂ ਕੁ ਪੁੱਛ ਸਕਿਆ ਦੋਸਤ ਮੈਂ ਤੁਹਾਡਾ ਨਾਮ ਤਾਂ ਪੁੱਛਣਾ ਭੁੱਲ ਗਿਆ? ਇਸੇ ਦੌਰਾਨ ਮੈਨੂੰ ਉਸ ਦੀ ਹਿੱਕ ਤੇ ਧਾਗੇ ਨਾਲ ਕੱਢਿਆ ਨਾਂ ਜੋ ਕੁਝ ਡੀ ਤੋਂ ਸ਼ੁਰੂ ਹੁੰਦਾ ਦਿਸਿਆ।  ਉਸ ਨੇ ਛੇਤੀ ਦਿਨੇ ਉਸ ਤੇ ਹੱਥ ਰੱਖ ਕੇ ਕਿਹਾ "ਦੋਸਤ ਇਹ ਤਾਂ ਸਰਕਾਰੀ ਨਾਮ ਹੈ ਪਰ ਮੈਨੂੰ ਤਾਂ ਉਹ ਲੋਕ ਚੰਗੇ ਲਗਦੇ ਹਨ ਜੋ ਮੈਨੂੰ ਰਣਧੀਰ ਸਿੰਘ ਕਹਿ ਕੇ ਬੁਲਾਉਂਦੇ ਹਨ। ਏਨਾ ਕਹਿ ਕੇ ਤੇਜ਼ੀ ਨਾਲ ਫ਼ਤਿਹ ਬੁਲਾ, ਮੇਰੇ ਮਨ 'ਚ ਅਣਗਿਣਤ ਸੁਆਲ ਛੱਡ ਰਣਧੀਰ ਸਿੰਘ ਦੂਰ ਲੱਗੀ ਅੱਗ ਦੇ ਰਣ 'ਚ ਜਾ ਗੱਜਿਆ।
2019 'ਚ ਲੇਖ ਲਿਖਣ ਬੈਠਾ ਸੀ ਤੇ 2020 ਚੜ੍ਹ ਗਿਆ ਸੋ ਸਾਰੀਆਂ ਜੁੜੀਆਂ ਤੇ ਅਨ ਜੁੜੀਆਂ ਰੂਹਾਂ ਨੂੰ ਮੇਰੇ ਅਤੇ ਸਾਡੇ ਅਦਾਰਿਆਂ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ।
ਮਿੰਟੂ ਬਰਾੜ ਆਸਟ੍ਰੇਲੀਆ
+61 434 289 905
mintubrar@gmail,com

ਅਰਦਾਸਾਂ ਹੋਈਆਂ ਪੂਰੀਆਂ ਜੀ - ਮਿੰਟੂ ਬਰਾਰ

ਸਿਆਸਤ ਸਭ ਤੋਂ ਵੱਡੀ ਨਹੀਂ ਹੁੰਦੀ, ਕੁੱਝ ਗੱਲਾਂ ਸਿਆਸਤ ਤੋਂ ਵੀ ਵੱਡੀਆਂ ਹੁੰਦੀਆਂ ਹਨ। ਅਤੇ ਜਦੋਂ ਸਤਿਗੁਰੂ ਨਾਨਕ ਦੀ ਗੱਲ ਆਉਂਦੀ ਹੈ ਤਾਂ ਸਹਿਜ ਸੁਭਾਅ ਹੀ "ਸਭ ਤੋਂ ਵੱਡਾ ਸਤਿਗੁਰ ਨਾਨਕ" ਸਾਡੇ ਮੂੰਹੋਂ ਮੱਲੋ-ਮੱਲ੍ਹੀ ਉਚਰਿਆ ਜਾਂਦਾ ਹੈ। ਜਿੱਥੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਕਵਾਇਦ ਸ਼ੁਰੂ ਹੋਈ ਹੈਂ ਤੇ ਸਮੁੱਚੇ ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ,  ਉੱਥੇ ਇਸੇ ਮਸਲੇ ਤੇ ਕੁਝ ਕੁ ਨੇਤਾਵਾਂ ਵੱਲੋਂ ਹੋ ਰਹੀ ਸੌੜੀ ਸਿਆਸਤ ਨੇ ਦੁਖੀ ਵੀ ਕੀਤਾ ਹੈ ਤੇ ਸਿਆਸਤ 'ਚ ਆਏ ਨਿਘਾਰ ਨੂੰ ਨੇੜੇ ਤੋਂ ਮਹਿਸੂਸ ਵੀ ਕੀਤਾ ਹੈ। ਭਾਵੇਂ ਇਸ ਲਾਂਘੇ ਦੇ ਖੁੱਲ੍ਹਣ ਦਾ ਕਾਰਨ ਵੀ ਸਿਆਸਤ ਬਣੀ ਹੈ ਪਰ ਹੁਣ ਇਹ ਵੱਖਰੀ ਗੱਲ ਹੈ ਕਿ ਇਸ ਪਿੱਛੇ ਸਿਆਸਤਦਾਨਾਂ ਦਾ ਮਕਸਦ ਚੰਗਾ ਹੈ, ਜਾਂ ਮਾੜਾ ਹੈ, ਇਹ ਤਾਂ ਵਕਤ ਦੇ ਗਰਭ ਵਿਚ ਹੈ। ਪਰ ਜੇ ਨਾਨਕ ਨਾਮ ਲੇਵਾ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਲਈ ਤਾਂ ਇਹ ਵਕਤ ਖ਼ੁਸ਼ੀ 'ਚ ਖੀਵੇ ਹੋਣ ਦਾ ਹੈ।  ਇਸ ਖ਼ੁਸ਼ੀ ਦੇ ਮੌਕੇ ਨੂੰ ਇਕੱਲਾ ਸਿੱਖ ਜਗਤ ਨਹੀਂ ਮਾਣ ਰਿਹਾ ਸਗੋਂ ਜਗਤ ਗੁਰੂ ਦੀ ਇਸ ਇਤਿਹਾਸਿਕ ਭੋਏਂ ਦੇ ਰਾਹ ਖੁੱਲ੍ਹਣ 'ਤੇ ਸਾਰੇ ਭਾਈਚਾਰਿਆ ਵੱਲੋਂ ਮਿਲ ਰਹੀਆਂ ਵਧਾਈਆਂ ਇਹ ਸਾਬਿਤ ਕਰਦਿਆਂ ਹਨ ਕਿ ਲੋਕ ਬਾਬਾ ਨਾਨਕ ਨੂੰ ਸਿਰਫ਼ ਜਗਤ ਗੁਰੂ ਕਹਿੰਦੇ ਹੀ ਨਹੀਂ, ਮੰਨਦੇ ਵੀ ਹਨ।
ਇਹੋ ਜਿਹੇ ਮਾਹੌਲ 'ਚ ਕੜ੍ਹੀ ਘੌਲਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਵਿਰਲੇ ਵਿਰਲੇ ਸਿਰਫ਼ ਇਸ ਲਈ ਵਿਰੋਧ ਕਰ ਰਹੇ ਹਨ ਕਿ ਇਸ ਦਾ ਮਾਣ ਉਨ੍ਹਾਂ ਦੇ ਹਿੱਸੇ ਕਿਉਂ ਨਹੀਂ ਆਇਆ। ਭਾਵੇਂ ਪਿਛਲੇ ਸੱਤਰ ਸਾਲਾਂ ਦੀਆਂ ਸੰਗਤ ਵੱਲੋਂ ਕੀਤੀਆਂ ਅਰਦਾਸਾਂ ਦਾ ਇਹ ਅਸਰ ਹੈ ਪਰ ਇਹਨਾਂ ਸਿਆਸਤਦਾਨਾਂ ਨੇ ਕਦੇ ਇਹ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਦੋ ਖਿਡਾਰੀਆਂ ਦੀ ਇਹ ਦੋਸਤੀ ਸਿਰਫ਼ ਇਕ ਮਿਲਣੀ 'ਚ ਏਡੇ ਵੱਡੇ ਕਾਰਜ ਦਾ ਰਾਹ ਪੱਧਰਾ ਕਰ ਦੇਵੇਗੀ। ਕਿਉਂਕਿ ਹੁਣ ਤੱਕ ਜਦੋਂ ਦੋਨਾਂ ਮੁਲਕਾਂ ਦੇ ਸਿਆਸਤਦਾਨ ਇਕ ਦੂਜੇ ਦੇ ਨੇੜੇ ਹੋਣ ਲਗਦੇ ਸਨ ਤਾਂ ਕੁਝ ਕੁ ਵੱਖਵਾਦੀ ਤਾਕਤਾਂ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਆਪਣੇ ਵੱਲੋਂ ਰੋਡੇ ਅਟਕਾ ਦਿੰਦਿਆਂ ਸਨ। ਜਾਂ ਫੇਰ ਧਰਮ ਦੇ ਨਾਂ ਤੇ ਵੋਟਾਂ ਦੀ ਰਾਜਨੀਤੀ ਆੜੇ ਆ ਜਾਂਦੀ ਸੀ।  ਇਮਰਾਨ ਦਾ ਪ੍ਰਧਾਨ ਮੰਤਰੀ ਬਣਨਾ ਤੇ ਸਿੱਧੂ ਨੂੰ ਸੌਂਹ ਚੁੱਕ ਸਮਾਗਮ ਦਾ ਨਿਓਤਾ ਦੇਣਾ ਲੋਕ ਵਿਰੋਧੀ ਤਾਕਤਾਂ ਦੇ ਹਜ਼ਮ ਨਹੀਂ ਸੀ ਆਇਆ। ਭਾਵੇਂ ਇਹ ਨਿਓਤਾ ਹੋਰਾਂ ਨੂੰ ਵੀ ਮਿਲਿਆ ਸੀ ਤੇ ਸੱਚ ਤਾਂ ਇਹ ਹੈ ਕਿ ਸਿੱਧੂ ਨਾਲ ਤਾਂ ਇਮਰਾਨ ਬਹੁਤ ਘੱਟ ਖੇਡਿਆ ਸੀ ਤੇ ਉਸ ਵਕਤ ਦੇ ਹੋਰ ਸਾਥੀਆਂ ਨੇ ਇਸ ਨਿਓਤੇ ਨੂੰ ਸਿਰਫ਼ ਇਸ ਗੱਲੋਂ ਨਕਾਰ ਦਿੱਤਾ ਸੀ ਕਿ ਇਹ ਦੇਸ਼ ਨਾਲ ਧ੍ਰੋਹ ਹੋਵੇਗਾ। ਪਰ ਸਿੱਧੂ ਜੋ ਕਿ ਸਦਾ ਹੀ ਹਵਾ ਦੇ ਉਲਟ ਚੱਲਿਆ ਹੈ ਨੇ ਇਸ ਬਾਰ ਫੇਰ ਸਾਬਿਤ ਕਰ ਦਿੱਤਾ ਕਿ ਜੋ ਜੋਖ਼ਮ ਉਠਾਉਂਦੇ  ਹਨ  ਉਹੀ ਕਾਮਯਾਬ ਹੁੰਦੇ ਹਨ।
ਅੱਗੇ ਵਧਣ ਤੋਂ ਪਹਿਲਾਂ ਕੁਝ ਕੁ ਗੱਲਾਂ ਸਿੱਧੂ ਬਾਰੇ ਵੀ ਹੋ ਜਾਣ।
ਅੱਜ ਤੋਂ ਛੇ ਕੁ ਮਹੀਨੇ ਪਹਿਲਾਂ ਹਰਮਨ ਰੇਡੀਉ ਤੇ ਇਕ ਸ਼ੋ ਦੌਰਾਨ ਖ਼ਬਰਾਂ ਦੀ ਸਮੀਖਿਆ ਕਰਦਿਆਂ ਮੈਂ ਸਿੱਧੂ ਨੂੰ ਪ੍ਰਧਾਨ ਮੰਤਰੀ ਪੱਧਰ ਦਾ ਨੇਤਾ ਕਹਿ ਦਿੱਤਾ ਸੀ। ਪਰ ਉਸ ਲਾਈਵ ਸ਼ੋ 'ਚ ਬਹੁਤੇ ਲੋਕ ਮੇਰੀ ਇਸ ਗੱਲ ਨਾਲ ਸਹਿਮਤ ਨਹੀਂ ਸਨ। ਉਸ ਵਕਤ ਮੈਂ ਇਹ ਵੀ ਕਿਹਾ ਸੀ ਕਿ ਮੋਦੀ ਇਸ ਲਈ ਘਾਣ ਸਿਆਸਤਦਾਨ ਨਹੀਂ ਹੈ ਕਿ ਉਹ ਬਹੁਤ ਪਹੁੰਚਿਆ ਹੋਇਆ ਬਲਕਿ ਇਸ ਲਈ ਹੈ ਕਿ ਉਸ ਦੇ ਕਿਸੇ  ਵੀ ਵਿਰੋਧੀ ਦਾ ਕੱਦ ਉਸ ਦੇ ਬਰਾਬਰ ਨਹੀਂ ਹੈ ਤੇ ਲੋਕਾਂ ਕੋਲ ਕੋਈ ਬਦਲ ਹੀ ਨਹੀਂ ਹੈ। ਖ਼ਾਸ ਤੌਰ ਤੇ ਮੁੱਖ ਵਿਰੋਧੀ ਰਾਹੁਲ ਗਾਂਧੀ ਬਹੁਤ ਹੀ ਅਨਾੜੀ ਸਿਆਸਤਦਾਨ ਹੈ। ਰਾਹੁਲ ਨੂੰ ਜੋ ਕੁਰਸੀ ਮਿਲੀ ਹੈ ਉਸ ਵਿਚ ਕੋਈ ਦੋ ਰਾਏ ਨਹੀਂ ਕਿ ਉਹ ਸਿਰਫ਼ ਭਾਈ ਭਤੀਜਾ ਵਾਦ ਦਾ ਸਿਖਰ ਹੈ।  ਮੈਂ ਉਸ ਵਕਤ ਕਿਹਾ ਸੀ ਕਿ ਕਾਂਗਰਸ ਸਿੱਧੂ ਦੀ ਕਾਬਲੀਅਤ ਦਾ ਸਹੀ ਫ਼ਾਇਦਾ ਨਹੀਂ ਉਠਾ ਰਹੀ। ਸਿੱਧੂ ਇਕ ਸੰਪੂਰਨ ਨੇਤਾ ਵਾਲੇ ਸਾਰੇ ਗੁਣਾਂ ਦਾ ਧਾਰੀ ਹੈ। ਉਸ ਕੋਲ ਮੋਦੀ ਦੇ ਹਰ ਅਸਤਰ-ਸ਼ਾਸਤਰ ਦਾ ਜਵਾਬ ਹੈ। ਉਹ ਮਿਹਨਤੀ ਹੈ,  ਸਿਰੜੀ ਹੈ,  ਉਸ ਕੋਲ ਜੁਮਲੇ ਹਨ,  ਗੰਗਾ ਗਏ ਗੰਗਾ ਰਾਮ ਬਣਨ ਦੀ ਕਾਬਲੀਅਤ ਰੱਖਦਾ,  ਉਸ ਦੀ ਪਛਾਣ ਦੇਸ਼ ਦੇ ਕੋਨੇ ਕੋਨੇ 'ਚ ਹੈ, ਸਭ ਤੋਂ ਵੱਡੀ ਗੱਲ ਕੀ ਉਹ ਚੁਨੌਤੀਆਂ ਨੂੰ ਸਵੀਕਾਰਨ ਦਾ ਮਾਦਾ ਰੱਖਦਾ ਹੈ।  ਹੁਣ ਤੁਸੀਂ ਦੱਸੋ ਜੇ ਇਕ ਸਰਜਨ ਨੂੰ ਤੁਸੀਂ ਮਰੀਜ਼ਾਂ ਦੇ ਜ਼ੁਕਾਮ ਠੀਕ ਕਰਨ ਤੇ ਲਾਈ ਰੱਖੋਗੇ ਤਾਂ ਕੀ ਇਹ ਉਸ ਦੀ ਕਾਬਲੀਅਤ ਨਾਲ ਇਨਸਾਫ਼ ਹੋਵੇਗਾ? ਕੈਪਟਨ ਅਮਰਿੰਦਰ ਸਿੰਘ ਭਾਵੇਂ ਰਾਜਸੀ ਪਿਛੋਕੜ ਰੱਖਦੇ ਹਨ, ਭਾਵੇਂ ਦੋ ਬਾਰ ਮੁੱਖਮੰਤਰੀ ਬਣ ਚੁੱਕੇ ਹਨ ਪਰ ਉਨ੍ਹਾਂ ਨੂੰ ਦੇਸ਼ ਦੇ ਕਿਸੇ ਹੋਰ ਕੋਨੇ 'ਚ ਸ਼ਾਇਦ ਲੋਕ ਨਾ ਪਛਾਣਨ। ਪਰ ਸਿੱਧੂ ਦਾ ਪਿਛੋਕੜ ਕ੍ਰਿਕਟ ਨਾਲ ਜੁੜਿਆ ਹੋਣ ਕਾਰਨ ਅਤੇ ਉਸ ਤੋਂ ਬਾਅਦ ਲੰਮਾ ਚਿਰ ਨੈਸ਼ਨਲ ਟੀ.ਵੀ. ਤੇ ਹਾਜ਼ਰ ਰਹਿਣ ਕਾਰਨ ਉਹ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹਨ। ਮੈਂ ਉਸ ਰੇਡੀਉ ਸ਼ੋ 'ਚ ਇਹ ਦਾਅਵਾ ਕੀਤਾ ਸੀ ਕਿ ਜੇ ਕਾਂਗਰਸ ਆਪਣੀ ਕਮਾਨ ਸਿੱਧੂ ਦੇ ਹੱਥ ਦੇ ਦਿੰਦੀ ਹੈ ਤਾਂ ਨਤੀਜੇ ਹਾਂ ਪੱਖੀ ਹੋਣਗੇ। ਪਰ ਉਸ ਵਕਤ ਲੋਕਾਂ ਦੇ ਇਹ ਗੱਲ ਹਜ਼ਮ ਨਹੀਂ ਸੀ ਹੋਈ ਤੇ ਉਨ੍ਹਾਂ ਸਿੱਧੂ ਨੂੰ ਬੜਬੋਲਾ,  ਮਜ਼ਾਕੀਆ ਤੇ ਦਲ ਬਦਲੂ ਜਿਹੇ ਅਹੁਦਿਆਂ ਨਾਲ ਨਿਵਾਜਿਆ ਸੀ। ਪਰ ਹੁਣ ਸਮਾਂ ਕਰਵੱਟ ਲੈ ਚੁੱਕਿਆ ਹੈ। ਸਿੱਧੂ ਦਾ ਕੱਦ ਇਕੱਲੇ ਕਰਤਾਰਪੁਰ ਲਾਂਘੇ ਕਾਰਨ ਜਿੱਥੇ ਸਾਰੀ ਦੁਨੀਆ 'ਚ ਉੱਚਾ ਹੋਇਆ ਹੈ, ਉੱਥੇ ਉਸ ਦੀ ਪਾਰਟੀ ਨੇ ਵੀ ਉਸ ਦੀ ਕਾਬਲੀਅਤ ਦਾ ਸਹੀ ਇਸਤੇਮਾਲ ਕੀਤਾ ਤੇ ਪੰਜਾਂ ਰਾਜਾਂ 'ਚੋਂ ਤਿੰਨ ਫ਼ਤਿਹ ਕਰ ਲਏ।
ਸਿਆਸਤ ਤੇ ਚੰਗੇ ਬੰਦੇ ਦਾ ਸੁਮੇਲ ਘੱਟ ਹੀ ਦੇਖਣ ਨੂੰ ਮਿਲਦਾ ਹੈ। ਪਰ ਜਦੋਂ ਮਾੜਿਆਂ ਦੀ ਬਹੁਤਾਤ ਹੋਵੇ ਤਾਂ ਜੋ ਘੱਟ ਮਾੜਾ ਹੁੰਦਾ, ਉਹ ਪਰਵਾਨਿਤ ਹੁੰਦਾ ਹੈ। ਸੋ ਆਪਾਂ ਇਸ ਲੇਖ ਰਾਹੀਂ ਸਿੱਧੂ ਨੂੰ ਜਾ ਕਿਸੇ ਹੋਰ ਨੂੰ ਮਹਾਨ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸਿਰਫ਼ ਉਨ੍ਹਾਂ ਦੀ ਜ਼ਿੰਦਗੀ 'ਚ ਹੁਣ ਤੱਕ ਦੀ ਕਾਬਲੀਅਤ ਤੇ ਝਾਤ ਮਾਰ ਰਹੇ ਹਾਂ।  ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਕਾਰਨ ਬਣੇ ਕੱਲ੍ਹ ਦੇ ਦੋ ਖਿਡਾਰੀ ਤੇ ਅੱਜ ਦੇ ਨੇਤਾਵਾਂ ਦੇ ਜੇ ਪਿਛੋਕੜ ਨੂੰ ਫਰੋਲਿਆ ਜਾਵੇ ਤਾਂ ਉਨ੍ਹਾਂ ਦਾ ਜੁਝਾਰੂ ਪਣ ਸਾਫ਼ ਝਲਕਦਾ। ਉਨ੍ਹਾਂ ਦਾ ਖਿਡਾਰੀ ਦੇ ਤੌਰ ਤੇ ਜੀਵਿਆ ਸਮਾ ਕਿਸੇ ਵੀ ਨੌਜਵਾਨ ਲਈ ਪ੍ਰੇਰਨਾਦਾਇਕ ਹੋ ਸਕਦਾ ਹੈ।
ਪਹਿਲਾਂ ਇਮਰਾਨ ਦੀ ਗੱਲ ਕਰਦੇ ਹਾਂ। ਉਹ ਪਾਕਿਸਤਾਨ ਦੀ ਟੀਮ 'ਚ ਬੜੀ ਤੇਜ਼ੀ ਨਾਲ ਇਕ ਆਲ ਰਾਊਂਡਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ। ਤੇ ਛੇਤੀ ਦੁਨੀਆ ਦੇ ਚਾਰ ਮਹਾਨ ਆਲ ਰਾਊਂਡਰ 'ਚ ਆਪਣਾ ਨਾਮ ਲਿਖਵਾ ਲਿਆ।  ਉਸ ਵਕਤ ਇੰਗਲੈਂਡ ਦੇ ਇਆਨ ਬਾਥਮ, ਭਾਰਤ ਦੇ ਕਪਿਲ ਦੇਵ ਨਿਊਜ਼ੀਲੈਂਡ ਦੇ ਸਰ ਰਿਚਰਡ ਹੈਡਲੀ ਦੇ ਨਾਲ ਨੌਜਵਾਨ ਇਮਰਾਨ ਖ਼ਾਨ ਦੀ ਤੂਤੀ ਬੋਲਦੀ ਸੀ। ਪਰ ਅਚਾਨਕ ਇਕ ਸੱਟ ਨੇ ਨਾ ਕਿ ਇਮਰਾਨ ਨੂੰ ਟੀਮ ਚੋਂ ਬਾਹਰ ਕਰ ਦਿੱਤਾ ਉਲਟਾ ਉਸ ਦੇ ਭਵਿੱਖ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ। ਪਰ ਜੁਝਾਰੂ ਅਤੇ ਜਨੂਨੀ ਇਨਸਾਨ ਨੇ ਨਾ ਸਿਰਫ਼ ਕ੍ਰਿਕਟ 'ਚ ਵਾਪਸੀ ਕੀਤੀ, ਉਲਟਾ 1992 'ਚ ਜੋ ਪਾਕਿਸਤਾਨ ਦੀ ਟੀਮ ਇਕ ਵਕਤ ਲੀਗ ਮੈਚਾਂ 'ਚੋਂ ਹੀ ਬਾਹਰ ਹੁੰਦੀ ਜਾਪਦੀ ਸੀ, ਨੂੰ ਆਪਣੇ ਦਮ ਤੇ ਵਰਲਡ ਕੱਪ ਜਿਤਾ ਕੇ ਦੁਨੀਆ ਨੂੰ ਦਰਸਾ ਦਿੱਤਾ ਕਿ ਉਹ ਹਾਰ ਮੰਨ ਕੇ ਬੈਠਣ ਵਾਲਾ ਨਹੀਂ ਹੈ। ਪਾਕਿਸਤਾਨੀ ਕ੍ਰਿਕਟ ਦਾ ਸਿਰਮੌਰ ਤਾਜ ਪਹਿਨਣ ਤੋਂ ਬਾਅਦ ਉਸ ਦੇ ਜੀਵਨ 'ਚ ਉਸ ਦੀ ਮਾਂ  ਦੀ ਕੈਂਸਰ ਨਾਲ ਹੋਈ ਮੌਤ ਨੇ ਬਹੁਤ ਵੱਡਾ ਬਦਲਾ ਲਿਆਂਦਾ ਤੇ ਉਸ ਨੇ ਇਕੱਲੇ ਆਪਣੇ ਦਮ ਤੇ ਕੈਂਸਰ ਨਾਲ ਲੜਨ ਦਾ ਹੀਆ ਕਰ ਕੇ ਪਾਕਿਸਤਾਨ ਜਿਹੇ ਗ਼ਰੀਬ ਮੁਲਕ ਨੂੰ ਦੋ ਵੱਡੇ ਕੈਂਸਰ ਹਸਪਤਾਲ ਬਣਾ ਕੇ ਦਿੱਤੇ ਤੇ ਅੱਜ ਵੀ ਆਪਣੀ ਕਮਾਈ ਦਾ ਵੱਡਾ ਹਿੱਸਾ ਉਹ ਇਹਨਾਂ ਨੂੰ ਦਾਨ ਵਿੱਚ ਦੇ ਰਿਹਾ ਹੈ। ਇਸੇ ਦੌਰਾਨ ਉਸ ਨੇ ਪਾਕਿਸਤਾਨ ਦੀ ਜਨਤਾ ਦੀ ਗ਼ਰੀਬੀ ਨੇੜੇ ਹੋ ਕੇ ਦੇਖੀ ਤੇ ਸਿਆਸਤ 'ਚ ਕੁੱਦ ਪਿਆ। ਸਿਆਸਤ 'ਚ ਆਉਣ ਦੇ ਪਹਿਲੇ ਦਿਨ ਤੋਂ ਉਹ ਇੱਕੋ ਦਾਅਵਾ ਕਰ ਰਿਹਾ ਹੈ ਕਿ ਉਹ ਪਾਕਿਸਤਾਨ ਦੇ ਅਵਾਮ ਦਾ ਜੀਵਨ ਪੱਧਰ ਉੱਚਾ ਚੱਕ ਕੇ ਹੀ ਦਮ ਲਵੇਗਾ।  ਉਹ ਅਸਮਾਨੋਂ (ਪੈਰਾਸ਼ੂਟ) ਤੋਂ ਉੱਤਰਿਆ ਨੇਤਾ ਨਹੀਂ ਸਗੋਂ 22 ਵਰ੍ਹੇ ਸਿਆਸਤ, ਫ਼ੌਜ ਅਤੇ ਵੱਖਵਾਦੀ ਤਾਕਤਾਂ ਨਾਲ ਦੋ ਚਾਰ ਹੁੰਦੀਆਂ ਆਈਆਂ ਹੈ ਸੋ ਜ਼ਮੀਨ ਚੋਂ ਉੱਠਿਆ (ਗਰਾਸ ਰੂਟ) ਨੇਤਾ ਹੈ।
ਆਉਂਦੀਆਂ ਖ਼ਾਲੀ ਖ਼ਜ਼ਾਨੇ ਵਾਲੇ ਮੁਲਕ 'ਚ ਖ਼ਰਚੇ ਘਟਾਉਣ ਤੇ ਵੱਡੀਆਂ ਸਰਕਾਰੀ ਇਮਾਰਤਾਂ ਨੂੰ ਉੱਚ ਵਿੱਦਿਅਕ ਅਦਾਰੇ ਬਣਾ ਕੇ ਪਾਕਿਸਤਾਨ ਦੇ ਭਵਿੱਖ ਨੂੰ ਸੰਵਾਰਨ ਦਾ ਕੰਮ ਉਹ ਸ਼ੁਰੂ ਕਰ ਚੁੱਕੇ ਹਨ। ਆਪਣੇ ਰਿਵਾਇਤੀ ਵਿਰੋਧੀ ਵੱਲ ਦੋਸਤੀ ਦਾ ਹੱਥ ਵਧਾ ਚੁੱਕੇ ਹਨ। ਪਰ ਇਹ ਵੱਖਰੀ ਗੱਲ ਹੈ ਕਿ ਭਾਜਪਾ ਨੇ ਆਪਣੇ ਹਿੰਦੂ ਵੋਟ ਬੈਂਕ ਦੀ ਖ਼ੁਸ਼ੀ ਲਈ ਇਮਰਾਨ ਖ਼ਾਨ ਵੱਲੋਂ ਵਧਾਏ ਹੱਥ ਨੂੰ ਇਹ ਕਹਿ ਕੇ ਨਕਾਰ ਦਿੱਤਾ ਸੀ ਕਿ ਪਹਿਲਾਂ ਅੱਤਵਾਦ ਖ਼ਤਮ ਕਰੋ। ਪਰ ਉਨ੍ਹਾਂ ਨੂੰ ਇਹ ਕੌਣ ਪੁੱਛੇ ਕਿ ਕੋਈ ਵੀ ਪੁਰਾਣਾ ਰੋਗ ਕੋਈ ਬਟਨ ਦੱਬੇ ਤੋਂ ਠੀਕ ਨਹੀਂ ਹੋ ਜਾਂਦਾ! ਉਸ ਲਈ ਉਲਟ ਹਾਲਤਾਂ 'ਚ ਵੀ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ ਫੇਰ ਜਾਂ ਕੇ ਕਿਤੇ ਇਲਾਜ ਹੁੰਦਾ।
ਇੱਥੇ ਇਕ ਪੱਖ ਇਹ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹ ਕੇ ਇਮਰਾਨ ਨੇ ਆਪਣੀ ਸਿਆਸੀ ਸੂਝ ਬੂਝ ਨੂੰ ਵੀ ਦਰਸਾਇਆ ਹੈ।  ਭਾਵੇਂ ਇਸ ਪਿੱਛੇ ਉਨ੍ਹਾਂ ਦੀ ਮਨਸਾ ਇਹ ਨਾ ਹੋਵੇ, ਪਰ ਉਨ੍ਹਾਂ ਵੱਲੋਂ ਲਏ ਗਏ ਇਸ ਫ਼ੈਸਲੇ ਨੇ ਭਾਰਤ ਸਰਕਾਰ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਹਾਲਤ ਪੈਦਾ ਕਰ ਦਿੱਤੀ। ਜਿਹੜੀ ਸਰਕਾਰ ਕੁਝ ਦਿਨ ਪਹਿਲਾਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ ਉਹੀ ਸਰਕਾਰ ਇਕ ਪਾਸੇ ਰਾਹ ਬਣਾਉਣ ਦਾ ਉਦਘਾਟਨ ਕਰਦੀ ਦਿਸੀ ਤੇ ਦੂਜੇ ਪਾਸੇ ਆਪਣੇ ਦੋ ਮੰਤਰੀਆਂ ਨੂੰ ਉੱਥੇ ਭੇਜਦੀ ਵੀ ਦਿਸੀ।
ਮੈਂ ਕੁਝ ਕੁ ਦਿਨ ਪਹਿਲਾਂ ਆਪਣੇ ਇਕ ਪਾਕਿਸਤਾਨੀ ਮਿੱਤਰ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕਹਿੰਦਾ "ਭਰਾ ਪਾਕਿਸਤਾਨੀ ਅਵਾਮ ਦੀ ਝੋਲੀ 'ਚ ਬੱਸ ਇਹੀ ਇਕ ਹੁਕਮ ਦਾ ਯੱਕਾ ਰਹਿ ਗਿਆ ਸੀ ਜੇ ਹੁਣ ਇਹ ਵੀ ਫ਼ੇਲ੍ਹ ਹੋ ਗਿਆ ਤਾਂ ਬੱਸ ਅੱਲਾਹ ਬੇਲੀ।" 
ਅੱਜ ਦੀ ਘੜੀ ਤਾਂ ਇਹ ਹੁਕਮ ਦਾ ਯੱਕਾ ਇਕੱਲੀ ਪਾਕਿਸਤਾਨੀ ਅਵਾਮ ਲਈ ਨਹੀਂ ਬਲਕਿ ਭਾਰਤੀ ਅਵਾਮ ਲਈ ਵੀ ਆਸ ਦੀ ਕਿਰਨ ਬਣ ਕੇ ਸਾਹਮਣੇ ਆਇਆ ਹੈ ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਵੱਖਵਾਦੀਆਂ ਅਤੇ ਮਾੜੀ ਸੋਚ ਦੇ ਸਿਆਸਤਦਾਨਾਂ ਨੇ ਵੀ ਕੋਈ ਚੂੜੀਆਂ ਨਹੀਂ ਪਾ ਰੱਖੀਆਂ, ਉਹ ਮਾਰਦੇ ਦਮ ਤੱਕ ਆਪਣੀ ਵਾਹ ਜ਼ਰੂਰ ਲਾਉਣਗੇ।  ਬੱਸ ਹੁਣ ਤਾਂ ਇਹੀ ਕਹਿ ਸਕਦੇ ਹਾਂ ਕਿ ਜੇ ਇਮਰਾਨ ਖ਼ਾਨ ਦੀ ਨੀਅਤ ਵਾਕਿਆ ਸਾਫ਼ ਹੈ ਤਾਂ ਉਸ ਦੀ ਝੋਲੀ ਮੁਰਾਦਾਂ ਤੋਂ ਭਰਨ ਲਈ ਕੋਈ ਨਹੀਂ ਰੋਕ ਸਕਦਾ।
ਹੁਣ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ। ਪਟਿਆਲੇ ਦੇ ਇਕ ਉੱਘੇ ਵਕੀਲ ਅਤੇ ਸਿਆਸਤਦਾਨ ਪਰਵਾਰ 'ਚ ਪੈਦਾ ਹੋਇਆ ਨਵਜੋਤ ਫ਼ਿਲਹਾਲ ਦੀ ਘੜੀ ਜੇ ਹਿੰਦੁਸਤਾਨ ਨਹੀਂ ਤਾਂ ਪੰਜਾਬ ਲਈ 'ਨਵੀਂ ਜੋਤ' ਦੇ ਤੌਰ ਤੇ ਤਾਂ ਜ਼ਰੂਰ ਦੇਖਿਆ ਜਾ ਰਿਹਾ ਹੈ।  ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਮੁੱਖ ਮੰਤਰੀਆਂ ਦੀ ਕਤਾਰ 'ਚ ਆਣ ਖੜ੍ਹਾ ਹੋਵੇਗਾ। ਭਾਵੇਂ ਇਹ ਹਾਲੇ ਸਮੇਂ ਤੋਂ ਅਗਾਂਹ ਦੀ ਗੱਲ ਹੈ ਪਰ ਉਨ੍ਹਾਂ ਦੇ ਸਿਆਸੀ ਪਾਲਨੇ 'ਚ ਪਿਆਂ ਦੇ ਪੈਰ ਤਾਂ ਕੁਝ ਇਹ ਹੀ ਕਹਾਣੀ ਬਿਆਨ ਕਰ ਰਹੇ ਹਨ।  ਜੇ ਅੱਜ ਨਵਜੋਤ ਮੁੱਖਮੰਤਰੀ ਜਾ ਫੇਰ ਕਿਸੇ ਉੱਚ ਅਹੁਦੇ ਨੂੰ ਹੱਥ ਪਾਉਣ ਦੇ ਨੇੜੇ ਹੋਇਆ ਹੈ ਤਾਂ ਉਸ ਪਿੱਛੇ ਉਸ ਦਾ ਜੁਝਾਰੂ ਪਨ ਸਾਫ਼ ਝਲਕਦਾ ਹੈ। ਉਸ ਨੂੰ ਸਿਆਸਤ ਦੀ ਗੁੜ੍ਹਤੀ ਬਚਪਨ 'ਚ ਮਿਲੀ। ਬਾਪ ਉੱਘੇ ਵਕੀਲ ਤੇ ਆਪਣੇ ਸਮੇਂ ਦੇ ਚੰਗੇ ਖਿਡਾਰੀ ਸ. ਭਗਵੰਤ ਸਿੰਘ ਸਿੱਧੂ ਕਾਂਗਰਸ 'ਚ ਸਾਰੀ ਉਮਰ ਕੰਮ ਕਰਦੇ ਰਹੇ। ਪਰ ਜਦੋਂ ਸਿੱਧੂ ਪਹਿਲ ਬਾਰ ਸਿਆਸਤ 'ਚ ਕੁੱਦੇ ਤਾਂ ਉਨ੍ਹਾਂ ਬੀ.ਜੇ.ਪੀ. ਦਾ ਲੜ ਜਾ ਫੜਿਆ। ਜੋ ਕਿ ਉਸ ਵਕਤ ਬਹੁਤ ਹੈਰਾਨ ਕਰਨ ਵਾਲਾ ਸੀ। ਪਰ ਲਗਦਾ ਉਸ ਵਕਤ ਉਹੀ ਗ਼ਲਤੀ ਕਾਂਗਰਸ ਨੇ ਕੀਤੀ ਸੀ ਜੋ ਪਿਛਲੇ ਵਰ੍ਹਿਆਂ 'ਚ ਆਮ ਆਦਮੀ ਪਾਰਟੀ ਨੇ ਕੀਤੀ। ਜੇਕਰ ਪਿਛਲੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਸਿੱਧੂ ਦੀ ਅਗਵਾਈ 'ਚ ਪੰਜਾਬ ਚੋਣਾਂ ਲੜਦੀ ਤਾਂ ਦਿੱਲੀ ਵਾਂਗ ਪੰਜਾਬ 'ਚ ਵੀ ਆਪ ਨੇ ਹੂੰਝਾ ਫੇਰ ਦੇਣਾ ਸੀ। ਸਿੱਧੂ ਦੇ ਖ਼ੁਦ ਦੇ ਕਹਿਣ ਮੁਤਾਬਿਕ ਪਾਰਟੀਆਂ ਉਸ ਨੂੰ ਸਿਰਫ਼ ਦਿਖਾਵੇ ਦੀ ਵਸਤੂ ਦੇ ਤੌਰ ਤੇ ਵਰਤ ਰਹੀਆਂ ਸਨ।  ਚੋਣਾਂ ਤੱਕ ਵਰਤੋਂ ਤੇ ਫੇਰ ਭੁੱਲ ਜਾਓ, ਤੇ ਕਹੋ! ਜਾਓ ਤੁਸੀਂ ਆਪਣੇ ਟੀ.ਵੀ. ਸ਼ੋ ਕਰੋ। ਪਰ ਇਸ ਬਾਰ ਉਨ੍ਹਾਂ ਨੇ ਧਾਰ ਲਿਆ ਸੀ ਕਿ ਜਿਹੜੀ ਵੀ ਪਾਰਟੀ 'ਚ ਉਹ ਆਉਣਗੇ ਉਸ 'ਚ ਉਹ ਆਪਣਾ ਬਣਦਾ ਮਾਣ ਸਤਿਕਾਰ ਜ਼ਰੂਰ ਲੈਣਗੇ।
ਸਿੱਧੂ ਦੀਆਂ ਸਿਆਸਤ ਦੀਆਂ ਹੋਰ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਉਸ ਦੇ ਖੇਡ ਜੀਵਨ ਤੇ ਵੀ ਝਾਤ ਮਾਰ ਲਈਏ। ਬਾਪ ਸ ਭਗਵੰਤ ਸਿੰਘ ਸਿੱਧੂ ਜੋ ਕਿ ਖ਼ੁਦ ਇਕ ਚੰਗੇ ਕ੍ਰਿਕਟਰ ਰਹੇ ਸਨ ਦਾ ਸੁਪਨਾ ਸੀ ਕਿ ਪੁੱਤ ਉੱਚ ਦਰਜੇ ਦਾ ਖਿਡਾਰੀ ਬਣੇ, ਉਨ੍ਹਾਂ ਸਾਰਾ ਜ਼ੋਰ ਲਾ ਦਿੱਤਾ ਨਵਜੋਤ ਨੂੰ ਭਾਰਤੀ ਟੀਮ ਦੀ ਉਂਗਲ ਫੜਾਉਣ 'ਤੇ। ਪਰ 1983 'ਚ ਸ਼ੁਰੂਆਤੀ ਟੈੱਸਟ ਮੈਚ 'ਚ ਇਕ ਖੇਡ ਲਿਖਾਰੀ ਰਾਜਨ ਬਾਲਾ ਵੱਲੋਂ ਆਪਣੇ ਲੇਖ 'ਚ ਲਿਖੀ ਇੱਕ ਲਾਈਨ 'ਸਟ੍ਰੋਕ ਲੈਸ ਵੰਡਰ'("Sidhu The Strokeless Wonder") ਨੇ ਅਗਲੇ ਚਾਰ ਸਾਲ ਲਈ ਭਾਰਤ ਦੀ ਟੀਮ ਦੇ ਦਰਵਾਜ਼ੇ ਸਿੱਧੂ ਲਈ ਬੰਦ ਕਰ ਦਿੱਤੇ ਸਨ। ਪਰ ਕਹਿੰਦੇ ਹਨ ਕਿ ਨਵਜੋਤ ਨੇ ਅਖ਼ਬਾਰ ਦੀ ਉਹ ਕਟਿੰਗ ਕੱਟ ਕੇ ਆਪਣੇ ਕਮਰੇ 'ਚ ਲਾ ਲਈ ਸੀ। ਹਰ ਰੋਜ਼ ਉਸ ਲਾਈਨ ਨੂੰ ਪੜ੍ਹ ਕੇ ਸਿੱਧੂ ਆਪਣੇ ਜਨੂਨ ਨੂੰ ਹੱਦਾਂ ਤੋਂ ਪਾਰ ਲੈ ਗਿਆ ਸੀ। ਕਿਹਾ ਜਾਂਦਾ ਹੈ ਕਿ ਸਿੱਧੂ ਨੂੰ ਜਦੋਂ 1987 'ਚ ਚਾਰ ਸਾਲ ਬਾਅਦ ਭਾਰਤ ਦੀ ਟੀਮ 'ਚ ਵਾਪਸੀ ਦਾ ਮੌਕਾ ਮਿਲਿਆ ਤਾਂ ਦਿਖਾ ਦਿੱਤਾ ਕਿ ਸਟ੍ਰੋਕ ਕਿਸ ਨੂੰ ਕਿਹਾ ਜਾਂਦਾ। ਰਾਜਨ ਬਾਲਾ ਦੀ ਉਸੇ ਕਲਮ ਨੇ ਫੇਰ ਸਿੱਧੂ ਨੂੰ "Sidhu From Strokeless Wonder To A Palm-Grove Hitter", ਲਿਖ ਕੇ ਨਿਵਾਜਿਆ। ਉਹ ਕੱਪ ਦੇ ਪ੍ਰਤੱਖ ਦਰਸ਼ੀ ਹਾਲੇ  ਭੁੱਲੇ ਨਹੀਂ ਹੋਣੇ ਜਦੋਂ ਸਿੱਧੂ ਪੰਜਾਹ ਬਣਾ ਲੈਂਦਾ ਸੀ ਤਾਂ ਸਿਰਫ਼ ਚਾਰ-ਪੰਜ ਗੇਂਦਾਂ ਬਾਅਦ ਸਕੋਰ ਬੋਰਡ ਤੇ ਪਝੱਤਰ ਲਿਖਵਾ ਦਿੰਦਾ ਸੀ। ਕ੍ਰਿਕਟ ਨਾਲ ਜੁੜਿਆ ਇਕ ਹੋਰ ਵਾਕਾ ਜੋ ਸਦਾ ਲਈ ਯਾਦ ਰੱਖਿਆ ਜਾਵੇਗਾ ਉਹ ਹੈ ਸਿੱਧੂ ਦਾ 1996 ਦਾ ਇੰਗਲੈਂਡ ਦੌਰਾ! ਉਸ ਦੌਰੇ ਨੂੰ ਵਿਚਾਲੇ ਛੱਡ ਕੇ ਆਉਣ ਦਾ ਜੋ ਸਾਹਸੀ ਫ਼ੈਸਲਾ ਸਿੱਧੂ ਨੇ ਲਿਆ ਸੀ ਉਹ ਭਾਵੇਂ ਅੱਜ ਤੱਕ ਬੁਝਾਰਤ ਬਣਿਆ ਹੋਇਆ ਹੈ ਪਰ ਆਪਣੇ ਸਵੈਮਾਣ ਲਈ ਸਿੰਘਾਸਣ ਨੂੰ ਲੱਤ ਮਾਰਨ ਦੀ ਇਕ ਨਿਵੇਕਲੀ ਘਟਨਾ ਦੇ ਤੌਰ ਤੇ ਸਦਾ ਯਾਦ ਰੱਖਿਆ ਜਾਵੇਗਾ। ਭਾਵੇਂ ਇਸ ਵਰਤਾਰੇ ਦੀ ਸਿੱਧੂ ਜਾ ਫੇਰ ਉਸ ਵਕਤ ਦੇ ਕਪਤਾਨ ਅੱਜਹਰੁਦੀਨ ਨੇ ਹਾਲੇ ਤੱਕ ਆਪਣੇ ਮੂੰਹੋਂ ਪੁਸ਼ਟੀ ਨਹੀਂ ਕੀਤੀ ਪਰ ਉਸ ਵਕਤ ਦੇ ਗਵਾਹ ਦੱਸਦੇ ਹਨ ਕਿ ਸਿੱਧੂ ਜਦੋਂ ਤਿਆਰ ਹੋ ਕੇ ਬੈਟਿੰਗ ਕਰਨ ਲਈ ਜਾ ਰਹੇ ਸਨ ਤਾਂ ਉਸ ਵਕਤ ਅਜ਼ਹਰ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਤਾਂ ਅੱਜ ਖੇਡਣ ਵਾਲੇ ਗਿਆਰਾਂ ਖਿਡਾਰੀਆਂ 'ਚ ਹੀ ਨਹੀਂ ਹੋ। ਜੋ ਕਿ ਇਕ ਕਪਤਾਨ ਵੱਲੋਂ ਵਰਤਿਆ ਗਿਆ ਸਹੀ ਤਰੀਕਾ ਨਹੀਂ ਸੀ। ਪਰ ਸਿੱਧੂ ਨੇ ਉਸੇ ਵਕਤ ਟੀਮ ਦਾ ਸਾਥ ਛੱਡ ਦੌਰੇ ਦੇ ਅੱਧ ਵਿਚਾਲੋ ਇੰਡੀਆ ਲਈ ਜਹਾਜ਼ ਫੜ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।  ਬਾਅਦ 'ਚ ਸਿੱਧੂ ਦੀ ਟੀਮ 'ਚ ਹੋਈ ਵਾਪਸੀ ਨੇ ਉਸ ਦੇ ਫ਼ੈਸਲੇ ਨੂੰ ਦਰੁਸਤ ਕਰਾਰ  ਦੇ ਦਿੱਤਾ ਸੀ। ਸਿੱਧੂ ਜਿੱਥੇ ਅਨੁਭਵੀ ਗਵਾਸਕਰ ਦਾ ਸਾਥੀ ਸਲਾਮੀ ਬੱਲੇਬਾਜ਼ ਰਿਹਾ ਉੱਥੇ ਨੌਜਵਾਨ ਸਚਿਨ ਦਾ ਸਾਥ ਵੀ ਉਨ੍ਹਾਂ ਮਾਣਿਆ। ਸਿੱਧੂ ਦੇ ਮਾਮਲੇ 'ਚ ਸਭ ਤੋਂ ਵੱਡੇ ਬਦਲਾ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਸੁਭਾਅ 'ਚ ਬੜਬੋਲਾ ਪਣ! ਉਨ੍ਹਾਂ ਦੇ ਪੁਰਾਣੇ ਸਾਥੀ ਦੱਸਦੇ ਹਨ ਕਿ ਸਿੱਧੂ ਟੀਮ 'ਚ ਬਹੁਤ ਹੀ ਸ਼ਰਮਾਕਲ ਤੇ ਘੱਟ ਬੋਲਣ ਵਾਲੇ ਇਨਸਾਨ ਦੇ ਤੌਰ ਤੇ ਜਾਣੇ ਜਾਂਦੇ ਸਨ।
ਗੱਲ 1991 ਦੀ ਹੈ, ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਇਕ ਇਰਾਨੀ ਟਰਾਫ਼ੀ ਮੈਚ ਚੱਲ ਰਿਹਾ ਸੀ। ਭਾਰਤ 'ਚ ਇਰਾਨੀ ਟਰਾਫ਼ੀ ਮੈਚ ਹਰ ਸਾਲ ਰਣਜੀ ਟਰਾਫ਼ੀ ਜੇਤੂ ਟੀਮ ਦਾ ਬਾਕੀ ਭਾਰਤ ਤੋਂ ਚੁਣੀ ਟੀਮ ਨਾਲ ਮੁਕਾਬਲਾ ਹੁੰਦਾ ਹੈ।  ਉਸ ਸਾਲ ਉਹ ਮੈਚ ਇਸ ਲਈ ਖ਼ਾਸ ਸੀ ਕਿ ਉਸ ਮੈਚ ਦੇ ਆਧਾਰ ਤੇ ਆਗਾਮੀ ਵੈਸਟ ਇੰਡੀਜ਼ ਦੇ ਦੌਰੇ ਤੇ ਜਾਣ ਵਾਲੀ ਭਾਰਤੀ ਟੀਮ ਦੀ  ਚੋਣ ਹੋਣੀ ਸੀ।  ਮਨਿੰਦਰ ਸਿੰਘ ਵਾਪਸੀ ਦੀ ਕੋਸ਼ਿਸ਼ 'ਚ ਸੀ ਤੇ ਅਨਿਲ ਖੁੰਬਲੇ ਆਪਣੀ ਸ਼ੁਰੂਆਤ ਦੀ ਕੋਸ਼ਿਸ਼ 'ਚ ਸੀ। ਸਬੱਬੀਂ ਸਾਨੂੰ ਵੀ ਉਹ ਮੈਚ ਦੇਖਣ ਦਾ ਮੌਕਾ ਮਿਲ ਗਿਆ ਤੇ ਕੋਈ ਜੁਗਾੜ ਜਿਹਾ ਲਾ ਕੇ ਮੈਂ ਤੇ ਭੂਆ ਦਾ ਪੁੱਤ ਮਨਜਿੰਦਰ ਧਾਲੀਵਾਲ ਨੇ  ਪਵੇਲੀਅਨ ਦੇ ਪਾਸ ਲੈ ਲਏ। ਹਾਲੇ ਉੱਥੇ ਜਾ ਕੇ ਬੈਠੇ ਹੀ ਸੀ ਕਿ ਸਿੱਧਾ ਇਕ ਛਿੱਕਾ ਸਾਡੇ ਪੈਰਾਂ 'ਚ ਸਿੱਧੂ ਨੇ ਲਿਆ ਮਾਰਿਆ।  ਸਾਡੀ ਰੂਹ ਖ਼ੁਸ਼ ਹੋ ਗਈ, ਲੱਗੇ ਪੰਜਾਬੀ ਸ਼ੇਰ ਨੇ ਸਾਡਾ ਸਵਾਗਤ ਕੀਤਾ ਹੋਵੇ। ਪਰ ਇਸ ਅਸਲੀ ਸ਼ੇਰ ਦੇ ਦਰਸ਼ਨ ਖਾਣੇ ਦੇ ਵਕਫ਼ੇ ਦੌਰਾਨ ਹੋਏ। ਸਾਰੇ ਖਿਡਾਰੀ ਸਾਡੇ ਆਲ਼ੇ ਦੁਆਲੇ ਸਨ ਤੇ ਜਦੋਂ ਉਹ ਖਾਣਾ ਖਾਣ ਤੋਂ ਬਾਅਦ ਵਾਪਸ ਮੈਦਾਨ 'ਚ ਜਾਣ ਲੱਗੇ ਤਾਂ ਦਿੱਲੀ ਦੇ ਕੁਝ ਵਿਗੜੇ ਤਿਗੜੇ ਜਿਹੇ ਨੌਜਵਾਨ ਜੰਗਲ਼ਿਆਂ ਨਾਲ ਆਣ ਖਲੋਤੇ ਤੇ ਖਿਡਾਰੀਆਂ ਨੂੰ ਉਲਟੇ ਸਿੱਧੇ ਤਾਣੇ ਮਾਰਨ ਲੱਗ ਪਏ। ਬੜੀ ਨੇੜੇ ਤੋਂ ਭੱਦੀ ਸ਼ਬਦਾਵਲੀ ਸੁਣਨ ਨੂੰ ਮਿਲੀ ਤੇ ਬੜਾ ਦੁੱਖ ਲੱਗਿਆ, ਅਸੀਂ ਇਹਨਾਂ ਖਿਡਾਰੀਆਂ ਦਾ ਏਨਾ ਸਨਮਾਨ ਕਰਦੇ  ਹਾਂ ਤੇ ਇਹ ਕੁਝ ਛੋਕਰੇ ਜਿਹੇ ਕਿੰਨਾ ਗ਼ਲਤ ਬੋਲ ਰਹੇ ਸਨ। ਸਾਰੀ ਗੇਂਦਬਾਜ਼ ਟੀਮ ਮੈਦਾਨ 'ਚ ਚਲੀ ਗਈ, ਹਰ ਇਕ ਨੂੰ ਉਨ੍ਹਾਂ ਪੁੱਠਾ ਸਿੱਧਾ ਨਾਮ ਦਿੱਤਾ। ਉਸ ਵਕਤ ਮਨੋਜ ਪ੍ਰਭਾਕਰ ਤੇ ਨਵਜੋਤ ਸਿੱਧੂ ਬੱਲੇਬਾਜ਼ੀ ਕਰ ਰਹੇ ਸਨ। ਪਹਿਲਾਂ ਮਨੋਜ ਜਦੋਂ ਲੰਘਣ ਲੱਗੇ ਤਾਂ ਇਕ ਸ਼ਰਾਰਤੀ ਨੇ ਜੰਗਲੇ ਊਤੋ ਦੀ ਉਨ੍ਹਾਂ ਦੇ ਵੱਡੇ ਹੈਟ ਨੂੰ ਡੇਗ ਦਿੱਤਾ। ਉਹ ਥੋੜ੍ਹਾ ਜਿਹਾ ਖਿਝ ਕੇ ਉੱਥੋਂ ਮੈਦਾਨ 'ਚ ਚਲੇ ਗਏ। ਸਾਡੀ ਧੜਕਣ ਵੱਧ ਗਈ ਤੇ ਅਸੀਂ ਮਹਿਸੂਸ ਕਰ ਰਹੇ ਸੀ ਕਿ ਇਹ ਪਤਾ ਨਹੀਂ ਸਿੱਧੂ ਨੂੰ ਕੀ ਬੋਲਣਗੇ।  ਏਨੇ ਨੂੰ ਸਿੱਧੂ ਆਪਣੇ ਬੱਲੇ ਨੂੰ ਕਹੀ ਵਾਂਗ ਮੋਢੇ ਤੇ ਧਰ ਕੇ ਇੰਝ ਤੁਰੇ ਆਉਣ ਜਿਵੇਂ ਜੱਟ ਕਣਕਾਂ ਨੂੰ ਪਾਣੀ ਲਾਉਣ ਚੱਲਿਆ ਹੁੰਦਾ।  ਹੈਰਾਨੀ ਦੀ ਗੱਲ ਇਹ ਹੋਈ ਕਿ ਭੀੜ 'ਚੋਂ ਸਿਰਫ਼ ਇਕ ਆਵਾਜ਼ ਆਈ ਕਿ "ਉਹ ਪੰਜਾਬੀ ਸ਼ੇਰ ਆ ਗਿਆ।" ਬੱਸ ਫੇਰ ਕੀ ਸਾਰੇ ਇਕ ਇਕ ਕਰਕੇ ਆਪੋ ਆਪਣੀਆਂ ਥਾਵਾਂ ਨੂੰ ਹੋ ਚੱਲੇ ਤੇ ਕਿਤੇ ਕਿਤੇ ਇਕ ਦੋ ਆਵਾਜ਼ਾਂ ਆ ਰਹੀਆਂ ਸਨ ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਾਈ ਸਾਲ ਪਹਿਲਾਂ ਦਾ ਇਹ ਵਾਕਿਆ ਅੱਜ ਵੀ ਤਰੋ ਤਾਜ਼ਾ ਹੈ ਤੇ ਸੋਚਿਆ ਅੱਜ ਸਾਂਝਾ ਕਰ ਲਵਾਂ।
ਮੇਰਾ ਇੱਥੇ ਇਹ ਹੱਡਬੀਤੀ ਸੁਣਾਉਣਾ ਦਾ ਮਕਸਦ ਸਿੱਧੂ ਦੇ ਗੁਣਗਾਨ ਕਰਨਾ ਨਹੀਂ। ਨਾ ਹੀ ਮੈਂ ਕਿਸੇ ਦਾ ਅੰਨ੍ਹਾ ਭਗਤ ਬਣਨ 'ਚ ਵਿਸ਼ਵਾਸ ਰੱਖਦਾ ਹਾਂ। ਕੱਲ੍ਹ ਨੂੰ ਇਸੇ ਕਲਮ ਨਾਲ ਸਿੱਧੂ ਦੀ ਮੁਖ਼ਾਲਫ਼ਤ ਵੀ ਕਰ ਸਕਦਾ ਹਾਂ। ਮੈਨੂੰ ਵੀ ਸਿੱਧੂ ਦੀਆਂ ਹਲਕੇ ਪੱਧਰ ਦੀਆਂ ਕੀਤੀ ਕੁਝ ਟਿੱਪਣੀਆਂ ਬਿਲਕੁਲ ਪਸੰਦ ਨਹੀਂ,  ਉਸ ਦਾ ਵਹਿਮੀ ਹੋਣਾ,  ਕਈ ਬਾਰ ਆਪਣੀਆਂ ਦਲੀਲਾਂ ਰਹੀ ਗਿੱਦੜਾਂ ਦੇ ਗੂੰਹ ਨੂੰ ਵੀ ਪਹਾੜੀ ਚੜ੍ਹਾ ਦੇਣ ਦੀ ਉਨ੍ਹਾਂ ਦੀ ਆਦਤ ਮੈਨੂੰ ਰੱਤੀ ਨਹੀਂ ਭਾਉਂਦੀ। ਪਰ ਸਕਾਰਾਤਮਿਕ ਸੋਚ ਰੱਖਦਾ ਹੋਇਆ ਸੱਚ ਕਹਾਂ ਤਾਂ ਇਹਨਾਂ ਇੱਕਾ ਦੁੱਕਾ ਗੱਲਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਿੱਧੂ ਗੁਣਾ ਦੀ ਗੁਥਲੀ ਹੈ। ਉਸ ਵਿਚ ਲੋਹੜੇ ਦੀ ਊਰਜਾ ਹੈ, ਜਿਸ ਦਾ ਫ਼ਾਇਦਾ ਇਕੱਲੇ ਪੰਜਾਬ ਲਈ ਨਹੀਂ ਹਿੰਦੁਸਤਾਨ ਲਈ ਲਿਆ ਜਾਣਾ ਚਾਹੀਦਾ ਹੈ। ਰਾਹੁਲ ਨੂੰ ਆਪਣੀ ਮਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਇਕ ਹੋਰ ਅਸਰਦਾਰ ਸਰਦਾਰ ਨੂੰ ਮੂਹਰੇ ਲਾਉਣਾ ਚਾਹੀਦਾ ਹੈ। ਜਿਸ ਦੀ ਸ਼ੁਰੂਆਤ ਪੰਜਾਂ ਰਾਜਾਂ ਦੀਆਂ ਚੋਣਾਂ ਨਾਲ ਹੋ ਚੁੱਕੀ ਹੈ ਤੇ ਹੋ ਸਕਦਾ ਸਾਡੀ ਇਸ ਸੋਚ ਨੂੰ ਅਮਲੀ ਜਾਮਾ ਵੀ ਪਊਆ ਦਿੱਤਾ ਜਾਵੇ।
ਮੁੱਦੇ ਤੇ ਆਉਂਦੇ ਹਾਂ ਗੱਲ ਕਰਤਾਰ ਪੁਰ ਲਾਂਘੇ ਤੋਂ ਚਲੀ ਸੀ ਤੇ ਕ੍ਰਿਕਟ ਮੈਦਾਨਾਂ ਤੋਂ ਹੁੰਦੀ ਹੋਈ ਸਿਆਸਤ ਦੇ ਗਲਿਆਰੇ 'ਚ ਆ ਵੜੀ। ਦੁਨੀਆ ਦੇ ਇਤਿਹਾਸ 'ਚ ਜਦੋਂ ਵੱਡੇ ਵੱਡੇ ਫ਼ੈਸਲਿਆਂ ਦੀ ਗੱਲ ਤੁਰੇਗੀ ਤਾਂ ਕਰਤਾਰਪੁਰ ਲਾਂਘੇ ਦੀ ਗੱਲ ਵੀ ਉਸ ਵਿਚ ਸ਼ਾਮਿਲ ਹੋਵੇਗੀ। ਜਦੋਂ ਇਸ ਲਾਂਘੇ ਦੀ ਗੱਲ ਤੁਰੇਗੀ ਤਾਂ ਕ੍ਰਿਕਟ ਦੇ ਇਹ ਦੋ ਮਹਾਨ ਮਹਾਰਥੀਆਂ ਦੀ ਗੱਲ ਚੱਲਣੀ ਵੀ ਸੁਭਾਵਿਕ ਹੈ। ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਉਦੋਂ ਤੱਕ ਇਹ ਮਹਾਰਥੀ ਸਿਆਸਤ ਦੀ ਹਿੱਕ ਉੱਤੇ ਵੀ ਆਪਣਾ ਝੰਡਾ ਗੱਡ ਚੁੱਕੇ ਹੋਣਗੇ।  ਭਾਵੇਂ ਇਸ ਰਾਹ ਨੂੰ ਖੋਲ੍ਹਣ ਦਾ ਮਾਣ ਕੋਈ ਵੀ ਲਈ ਜਾਵੇ ਪਰ ਸੱਚ ਤਾਂ ਇਹ ਹੈ ਕਿ ਜਦੋਂ ਨੀਅਤ ਨੀਤੀ ਸਾਫ਼ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਸਾਹਿਬ 'ਚ ਪਹਿਲੇ ਪ੍ਰਕਾਸ਼ ਮੌਕੇ ਆਏ ਵਾਕ "ਸੰਤਾਂ ਕੇ ਕਾਰਜ ਆਪਿ ਖਲੋਇਆ ਹਰਿ ਕੰਮ ਕਰਾਵਣ ਆਇਆ ਰਾਮ ॥" ਬਹੁਤੇ ਢੁਕਵੇਂ ਹਨ।
ਅੰਤ 'ਚ ਇਸ ਐਲਾਨਨਾਮੇ ਤੋਂ ਬਾਅਦ ਉਸ ਦਿਨ ਧੁਰ ਦਿਲੋਂ ਨਿਕਲੇ ਕੁਝ ਸ਼ਬਦ ਜੋ ਮੈਂ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸਨ ਆਪ ਜੀ ਦੀ ਨਜ਼ਰ;
"ਅੱਜ ਖ਼ੁਸ਼ੀ 'ਚ ਖੀਵਾ ਹੋ ਰਿਹਾ ਹਾਂ ਤੇ ਅੱਜ ਪਤਾ ਲੱਗਿਆ ਕਿ ਖ਼ੁਸ਼ੀ 'ਚ ਖੀਵਾ ਹੋਣਾ ਕਹਾਵਤ ਦਾ ਕੀ ਮਤਲਬ ਹੈ। ਜ਼ਿੰਦਗੀ 'ਚ ਪਹਿਲੀ ਵਾਰ ਹੋ ਰਿਹਾ ਹੈ ਕਿ ਅੱਜ ਦਾ ਅਖ਼ਬਾਰ ਪੜ੍ਹਨਾ ਚੰਗਾ ਲੱਗ ਰਿਹਾ ਹੈ। ਹਰ ਉਸ ਚੰਗੇ ਮੰਦੇ ਨੇਤਾ ਨੂੰ ਦਿਲੋਂ ਦੁਆਵਾਂ ਨਿਕਲ ਰਹੀਆਂ ਹਨ ਜੋ ਕਿਸੇ ਨਾ ਕਿਸੇ ਰੂਪ 'ਚ ਇਸ ਕਾਰਜ 'ਚ ਜੁੜੇ ਹਨ। 'ਜਗਤ ਗੁਰੂ' ਇਕ ਬਾਰ ਫੇਰ ਹੱਦਾਂ ਬੰਨ੍ਹੇ ਤੋੜਨ ਦਾ ਜ਼ਰ੍ਹੀਆ ਬਣੇ ਹਨ। 'ਕਰਤਾਰ ਪੁਰ ਲਾਂਘਾ' ਕਿਹੋ ਜਿਹਾ ਹੋਵੇਗਾ ਆਪਣੀ ਸੋਚ ਸ਼ਕਤੀ 'ਚ ਬਣਾ-ਬਣਾ ਦੇਖ ਰਿਹਾ ਹਾਂ। ਬਹੁਤ ਸਕਾਰਾਤਮਿਕ ਸੋਚ ਰਿਹਾ ਹਾਂ ਪਰ ਕਿਤੇ ਨਾ ਕੀਤੇ ਕੁਝ ਨਕਾਰਾਤਮਿਕ ਸਵਾਲ ਵੀ ਤੰਗ ਕਰ ਰਹੇ ਹਨ। ਕਦੇ ਸੋਚਦਾ ਇਹ ਸਿਆਸੀ ਲੋਕ ਕਿਤੇ ਫੇਰ ਸਾਡੀਆਂ ਭਾਵਨਾਵਾਂ ਨਾਲ ਨਾ ਖੇਡ ਜਾਣ! ਪਰ ਫੇਰ ਮਨ ਨੂੰ ਤਸੱਲੀ ਮਿਲਦੀ ਹੈ ਕਿ ਇਹ ਸਿਆਸੀ ਲੋਕ ਭਾਵੇਂ ਜਿੰਨੇ ਮਰਜ਼ੀ ਬੁਰੇ ਹੋਣ ਪਰ ਧਨ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸਿਆਸਤ ਕਰਨ ਦੀ ਜੁੱਰਤ ਨਹੀਂ ਕਰ ਸਕਣਗੇ।"
ਚਲੋ ਛੱਡੋ! "ਆਓ ਉਸ ਨਜ਼ਾਰੇ ਦਾ ਸੁਪਨਾ ਲਈਏ ਜਿਸ ਦਿਨ ਇਹ ਰਸਤਾ ਬਣ ਕੇ ਖੁੱਲ੍ਹੇਗਾ! ਤੇ ਕਿਵੇਂ ਸਾਰੇ ਪਹਿਲੇ ਹੀ ਦਿਨ ਗੁਰੂ ਦੀ ਕਰਮ ਭੋਏਂ ਦੇ ਦੀਦਾਰ ਲਈ ਜਾਣਾ ਚਾਹੁਣਗੇ, ਉਸ ਇਕੱਠ 'ਚ ਵੱਜਦੇ ਧੱਕੇ ਵੀ ਕਿੰਨੇ ਚੰਗੇ ਲੱਗਣਗੇ! ਸਰਕਾਰਾਂ ਇਕੱਠ ਨੂੰ ਸਾਂਭਣ 'ਚ ਫੇਲ ਹੋ ਰਹੀਆਂ ਹੋਣਗੀਆਂ ਤੇ ਗੁਰੂ ਨਾਨਕ ਜੀ ਦੇ ਪੈਰੋਕਾਰ ਕਿਵੇਂ ਵੱਧ ਚੜ ਕੇ ਸੇਵਾ ਕਰਨ 'ਚ ਜੁਟੇ ਹੋਣਗੇ। ਹਰ ਰੂਹ 'ਚੋਂ ਉਸ ਦੇ ਦੀਦਾਰ ਹੋਣਗੇ। ਸੰਗਤਾਂ ਨੂੰ ਕੰਟਰੋਲ ਕਰਨ 'ਚ ਕਿਤੇ ਕਿਤੇ ਪੁਲਿਸ ਡੰਡੇ ਵੀ ਵਰ੍ਹਾ ਰਹੀ ਹੋਵੇਗੀ। ਸਿਆਸੀ ਨੇਤਾ ਆਪਣੀਆਂ ਸਟੇਜਾਂ ਲਾ ਕੇ ਦਾਅਵੇ ਕਰ ਰਹੇ ਹੋਣਗੇ। ਗੁਰੂਘਰ ਦੇ ਸਪੀਕਰ ਤੋਂ ਚੱਲ ਰਹੀ 'ਧੁਰ ਕੀ ਬਾਣੀ' ਦੇ ਪ੍ਰਵਾਹ ਫ਼ਿਜ਼ਾ ਨੂੰ ਅਨੰਦਿਤ ਕਰਦੇ ਹੋਏ ਜਾਤ-ਪਾਤ, ਧਰਮ, ਹੱਦਾਂ ਬੰਨੇ ਤੋੜ ਕੇ ਮਨਾਂ ਦੀ ਮੈਲ ਧੋ ਰਹੀ ਹੋਵੇਗੀ। ਕਿਆ ਅਲੌਕਿਕ ਨਜ਼ਾਰਾ ਹੋਵੇਗਾ ਬਿਆਨ ਤੋਂ ਬਾਹਰ ਦੀਆਂ ਗੱਲਾਂ। ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮਦਿਨ ਤੇ ਮਿਲੇ ਇਸ ਬੇਸ਼ਕੀਮਤੀ ਨਜ਼ਰਾਨੇ ਅਤੇ ਗੁਰਪੁਰਬ ਦੀਆਂ ਕੋਟਿ ਕੋਟਿ ਮੁਬਾਰਕਾਂ।"

Mintu Brar
+61 434 289 905 (Australia)
+91 94678 00004 (India)
mintubrar@gmail.com

15 Dec. 2018