Paramjit-Singh-Bagrria

ਮਾਨਵਤਾ ਦੇ ਸੱਚੇ ਸੇਵਕ  :ਭਗਤ ਪੂਰਨ ਸਿੰਘ - ਪਰਮਜੀਤ ਸਿੰਘ ਬਾਗੜੀਆ

ਪੰਜਾਬ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਅਨੇਕਾਂ ਸਖਸ਼ੀਅਤਾਂ ਨੂੰ ਅਲੱਗ ਅਲੱਗ ਨਾਮ ਦੇ ਨਾਲ ਜਾਣਿਆ ਜਾਂਦਾ ਹੈ |ਉਹਨਾਂ ਵਿੱਚੋਂ ਭਗਤ ਪੂਰਨ ਸਿੰਘ ਨੂੰ ਦੁਨਿਆਵੀ ਭਗਤੀ ਦਾ ਸਿਰਮੌਰ ਭਗਤ, ਦਇਆਵਾਨ ,ਨਿਆਸਰਿਆਂ ਦਾ ਆਸਰਾ ,ਪਿੰਗਲਵਾੜੇ ਦਾ ਬਾਨੀ ,ਦੈਵੀ ਦਰਵੇਸ਼, ਨਿਸ਼ਕਾਮ ਸੇਵਾ ਭਾਵਨਾ ਦੇ ਪੁੰਜ ,ਯੁੱਗ ਪੁਰਸ਼ ,ਨਿਓਟਿਆਂ ਦੀ ਓਟ ,ਰੂਹਾਨੀ ਪ੍ਰਤਿਭਾ ਦੇ ਮਾਲਕ, ਮਹਾਦਾਨੀ ,ਸੰਤ ਮਹਾਤਮਾ ਦੇ ਰੂਪ, ਮਾਨਵਤਾ ਦਾ ਮਸੀਹਾ ,ਆਦਿ ਅਨੇਕਾਂ ਨਾਮ ਵਿਸ਼ੇਸ਼ਣ ਦੇ ਨਾਂ ਜਾਣਿਆ ਜਾਂਦਾ ਹੈ| ਭਗਤ ਪੂਰਨ ਸਿੰਘ ਨੂੰ 20  ਵੀ ਸਦੀ ਦੇ ਭਾਈ ਘਨੱਈਆ ਜੀ ਦੇ ਨਾਮ ਨਾਲ ਵੀ ਸੰਬੋਧਨ ਕਰਕੇ ਜਾਣਿਆ ਜਾਂਦਾ ਹੈ |ਮਾਨਵਤਾ ਦੀ ਭਲਾਈ ਨਾਲ ਜੁੜੇ ਸੇਵਾ ਭਾਵਨਾ ਦੇ ਪੁੰਜ, ਭਗਤ ਪੂਰਨ ਸਿੰਘ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ|
ਦੀਨ ਦੁਨੀਆ ਦੇ ਸੇਵਕ ,ਨਿਥਾਣਿਆਂ ਦੇ ਥਾਣ, ਬੇਸਆਸਰਿਆਂ ਨੂੰ ਆਸਰਾ ਦੇਣ ਵਾਲੇ ਇਸ ਸਖਸ਼ ਦਾ ਜਨਮ ਚਾਰ ਜੂਨ 1904 ਈਸਵੀ ਨੂੰ ਪਿੰਡ ਰਾਜੇਵਾਲ ਰੇਹਣੌਂ, ਤਹਿਸੀਲ ਖੰਨਾ ਜਿਲਾ੍ ਲੁਧਿਆਣਾ ਵਿਖੇ ਪਿਤਾ ਸੇਠ ਸ਼ਿੱਬੂ ਮਲ ਸ਼ਾਹੂਕਾਰ ਅਤੇ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ| ਭਗਤ ਪੂਰਨ ਸਿੰਘ ਦੇ ਬਚਪਨ ਦਾ ਨਾਮ ਰਾਮ ਜੀ ਦਾਸ ਸੀ |ਪਿਤਾ ਸ਼ਿਬੂ ਮਲ ਇੱਕ ਅਮੀਰ ਖੱਤਰੀ ਸ਼ਾਹੂਕਾਰ ਸੀ ਅਤੇ ਮਾਤਾ ਮਹਿਤਾਬ ਕੌਰ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਸੀ| ਜਿਹੜੀ ਕਿ ਧਾਰਮਿਕ ਖਿਆਲਾ ਅਤੇ ਸੂਖਮ ਬਿਰਤੀ ਦੀ ਮਾਲਕ ਸੀ| ਬਚਪਨ ਤੋਂ ਹੀ ਭਗਤ ਜੀ ਨੂੰ ਪੜਨ ਲਿਖਣ ਦਾ ਸ਼ੌਕ ਸੀ |ਉਹਨਾਂ ਦੇ ਮਨ ਵਿੱਚ ਪਰਉਪਕਾਰ ਦੀ ਭਾਵਨਾ ਆਪਣੀ ਮਾਂ ਵੱਲੋਂ ਮਿਲੇ ਸੰਸਕਾਰਾਂ ਦੀ ਦੀ ਦੇਣ  ਨਾਲ ਪੈਦਾ ਹੋਈ| ਭਗਤ ਜੀ ਆਪਣੀ ਮਾਂ ਬਾਰੇ ਆਖਦੇ ਹਨ ,"ਮੇਰੀ ਮਾਂ ਇੱਕ ਕਲਾਕਾਰ ਸੀ ,ਜਿਸ ਨੇ ਮੇਰੀ ਸ਼ਖਸ਼ੀਅਤ ਨੂੰ ਬੜੇ ਪਿਆਰ ਤੇ ਸ਼ਰਧਾ ਨਾਲ ਘੜਿਆ |ਉਸਨੇ ਆਪਣਾ ਸਮੁੱਚਾ ਪਿਆਰ ਅਤੇ ਰੀਝਾਂ ਮੇਰੇ ਉੱਤੇ ਕੁਰਬਾਨ ਕਰ ਦਿੱਤੀਆਂ|"
1913 ਵਿੱਚ ਪਏ ਕਾਲ ਨਾਲ ਉਸਦੇ ਪਿਤਾ ਦਾ ਕਾਰੋਬਾਰ ਤਬਾਹ ਹੋ ਗਿਆ| ਜਿਸ ਕਾਰਨ ਦੋਵਾਂ ਮਾਂ ਤੇ ਪੁੱਤ ਨੂੰ ਆਰਥਿਕ ਤੰਗੀਆਂ ਤਰੁਸੀ਼ਆਂ ਵਿੱਚ ਜੀਵਨ ਬਤੀਤ ਕਰਨਾ ਪਿਆ| ਪਿਤਾ ਦੀ ਮੌਤ ਤੋਂ ਬਾਅਦ ਮਾਤਾ ਉੱਪਰ ਸਾਰੀ ਪਰਿਵਾਰਿਕ ਜਿੰਮੇਵਾਰੀ ਪੈ ਗਈ| ਮਾਤਾ ਮਹਿਤਾਬ ਕੌਰ ਨੇ ਗਰੀਬੀ  ਕੱਟਣ ਤੇ ਰਾਮ ਜੀ ਦਾਸ ਦੀ ਪੜ੍ਹਾਈ ਲਈ ਕਈ ਥਾਈ ਨੌਕਰੀ ਵੀ ਕੀਤੀ| ਪੜ੍ਹਾਈ ਵਿਚਕਾਰ ਛੱਡ ਕੇ ਉਹ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਵਿਖੇ ਬਿਨਾਂ ਤਨਖਾਹ ਤੋਂ ਸੇਵਾ ਭਾਵਨਾ ਨਾਲ ਜਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ| ਉਹਨਾਂ ਦੇ ਮਨ ਵਿੱਚ ਪਰਉਪਕਾਰ ਦੀ ਭਾਵਨਾ ਦੇ ਸੁਪਨਿਆਂ ਨੂੰ ਆਪਣੀ ਮੰਜ਼ਿਲ ਸਮਝਿਆ| 1934 ਵਿੱਚ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਚਾਰ ਸਾਲਾਂ ਦਾ ਅਪੰਗ ਬੱਚੇ ਨੂੰ ਪਰਿਵਾਰ ਵਾਲੇ  ਡਿਊੜੀ ਅੱਗੇ ਰੱਖ ਗਏ ਤੇ ਸੇਵਾਦਾਰਾਂ ਨੇ ਉਹ ਬੱਚਾ ਰਾਮ ਜੀ ਦਾਸ ਦੇ ਹਵਾਲੇ ਕਰ ਦਿੱਤਾ| ਉਸ ਦੀ ਸੇਵਾ ਕਰਨ ਨਾਲ ਹੀ ਨਾਲ ਹੀ ਰਾਮ ਜੀ ਦਾਸ ਭਗਤ ਪੂਰਨ ਸਿੰਘ ਦੇ ਰੂਪ ਵਿੱਚ ਨਿਖਰ ਕੇ ਸਾਹਮਣੇ ਆਏ| ਭਗਤ ਪੂਰਨ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ, ਜਿਹੜਾ ਬੇਸਹਾਰਿਆਂ ਦੀ ਸੇਵਾ ਵਾਲਾ ਪਰਉਪਕਾਰੀ ਦੀ ਭਾਵਨਾ ਵਾਲਾ ਰੂਪ ਹੋ ਨਿਬੜਿਆ| ਉਸ ਬੱਚੇ ਦਾ ਨਾਮ ਪਿਆਰਾ ਰੱਖਿਆ ਗਿਆ|
ਭਗਤ ਜੀ ਜਿੱਥੇ ਵੀ ਜਾਂਦੇ ਉਸ ਪਿਆਰੇ ਨੂੰ ਮੋਢੇ ਕੁੱਛੜ ਵਿੱਚ ਚੁੱਕ ਕੇ ਲੈ ਕੇ ਜਾਂਦੇ| 1947 ਨੂੰ ਦੇਸ਼ ਆਜ਼ਾਦ ਹੋਣ ਸਮੇਂ ਭਗਤ ਜੀ ਉਸ ਅਪੰਗ ਬੱਚੇ ਨੂੰ ਚੁੱਕ ਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਪਹੁੰਚੇ| ਕੈਂਪ ਵਿੱਚ ਅਨੇਕਾਂ ਬੇਸਹਾਰੇ ਲੋਕ ,ਔਰਤਾਂ ਤੇ ਬੱਚੇ ਆਦਿ ਸਨ ਜਿਹੜੇ ਬੇਘਰ ਤੇ ਉੱਜੜ ਚੁੱਕੇ ਸਨ, ਦੇਸ਼ ਦੀ ਵੰਡ ਸਮੇਂ ਇਨੀ ਮਨੁੱਖਤਾ ਦਾ ਲਹੂ ਲੁਹਾਣ ਅਤੇ ਘਾਣ ਹੁੰਦਾ ਦੇਖ ਕੇ ਭਗਤ ਜੀ ਦਾ ਦਿਲ ਕੁਰਲਾ ਉਠਿਆ| ਮਾਨਵਤਾ ਦੀ ਭਲਾਈ ਲਈ ਪਰਉਪਕਾਰੀ ਭਾਵਨਾ ਨਾਲ ਲਾਚਾਰ  ਅਤੇ ਲਾਵਿਾਰਸ ਰੋਗੀਆਂ ਦੀ ਦੇਖਭਾਲ ਸਾਂਭ ਸੰਭਾਲ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ |ਭਗਤ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਗਵਾਈ ਲੈ ਕੇ ਬੇਸਹਾਰਾ ਲਾਵਿਾਰਸ, ਲੂਲੇ ਲੰਗੜੇ, ਗੂੰਗੇ ਬੈਰੇ, ਅਪੰਗ ਵਿਅਕਤੀਆਂ ਦੀ ਸੇਵਾ ਪਰਮਾਤਮਾ ਦਾ ਰੂਪ ਮੰਨ ਕੇ ਤਨੋ ਮਨੋ ਦਿਨ ਰਾਤ ਅਟੁੱਟ ਸੇਵਾ ਕੀਤੀ |1958 ਈਸਵੀ ਵਿੱਚ ਭਗਤ ਪੂਰਨ ਸਿੰਘ ਨੇ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਨਾਂ ਦੀ ਸੰਸਥਾ ਦੀ ਨੀਹ ਪੱਥਰ ਰੱਖਿਆ|
ਭਗਤ ਜੀ ਦਾ ਹਿਰਦਾ ਕੋਮਲ, ਹਮਦਰਦੀ ਬਹੁ- ਦਿਸ਼ਾਵੀ ਤੇ ਬਿਰਤੀ ਨੇ ਗਿਆਨ ਨੂੰ ਪ੍ਰਦਾਨ ਕਰਨ ਵਾਲੀ ਸੀ |ਮਨੁੱਖ ਦਾ ਤਾਂ ਕੀ ਕਿਸੇ ਜਾਨਵਰ ਦਾ ਦੁੱਖ ਵੀ ਉਹਨਾਂ ਤੋਂ ਸਹਾਰਿਆ ਨਹੀਂ ਸੀ ਜਾਂਦਾ |ਅਸਾਧ ਰੋਗੀ  ,ਕੈਂਸਰ ,ਝੱਲੇ ,ਅਧਰੰਗ ,ਕੋਹੜ ਤੇ ਪਾਗਲਪਨ ਵਰਗੀਆਂ ਨਾ ਮੁਰਾਦ ਬਿਮਾਰੀਆਂ ਨਾਲ ਗ੍ਰੱਸੇ ਹੋਏ ਲੋਕਾਂ ਲਈ ਰੋਟੀ ਪਾਣੀ ,ਦਵਾਈਆਂ ਦਾ ਬੰਦੋਬਸਤ ,ਨਵਾਉਣ ਧੋਣ ,ਮੱਲਮ ਪੱਟੀ ਤੇ ਮੰਜੇ ਬਿਸਤਰੇ ਦਾ ਪ੍ਰਬੰਧ ਕਰਨਾ ਉਹ ਆਪਣੀ ਨਿਸ਼ਕਾਮ ਸੇਵਾ ਸਮਝਦੇ ਸਨ |
ਭਗਤ ਜੀ ਕੇਵਲ ਸਮਾਜ ਸੇਵੀ ਹੀ ਨਹੀਂ ਸਨ ਬਲਕਿ ਵਾਤਾਵਰਣ ਪ੍ਰੇਮੀ ਅਤੇ ਸਾਹਿਤ ਰਸੀਏ ਵੀ ਸਨ |ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਫਲਸਫੇ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ "ਦੀ ਮਹੱਤਤਾ ਬਾਰੇ ਸਮੁੱਚੀ ਲੋਕਾਈ ਨੂੰ ਜਾਣੂ ਕਰਵਾਇਆ |ਵਾਤਾਵਰਨ ਦੀ ਸ਼ੁੱਧਤਾ ਲਈ ਵਧੇਰੇ ਰੁੱਖ ਲਗਾਉਣ ਦੀ, ਪਾਣੀ ਦੀ ਵਰਤੋਂ ਸੰਜਮਤਾਂ ਨਾਲ ਧਰਤੀ ਨੂੰ ਦੂਸਿਤ ਤੋਂ ਹੋਣ ਤੋਂ ਬਚਾਉਣ ਲਈ ਵੀ ਬੀੜਾ ਚੁੱਕਿਆ| ਭਗਤ ਪੂਰਨ ਸਿੰਘ ਪ੍ਰਦੂਸ਼ਣ, ਜਲ ਸਾਧਨਾ, ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਖਤਰੇ ਤੋਂ ਸੁਚੇਤ ਸਨ ਜਿਸ ਕਾਰਨ ਉਹਨਾਂ ਨੇ ਅਨੇਕਾਂ ਕਿਤਾਬਾਂ, ਟਰੈਕਟ  ,ਪਰਚੇ ਛਪਵਾ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ| ਵਾਤਾਵਰਨ ਦੀ ਸ਼ੁੱਧੀ ਲਈ ਪਿੱਪਲ ,ਬੋਹੜ ,ਨਿੰਮ ਤਿਰਵੈਣੀਆਂ ਲਗਾ ਕੇ ਰੁੱਖਾਂ ਦੀ ਸੰਭਾਲ ਕਰਨ ਦੇ ਯਤਨ ਆਰੰਭ ਕੀਤੇ| ਕਲਮ ਤੇ ਬਾਟੇ ਦੇ ਸੰਕਲਪ ਨਾਲ ਸਮੁੱਚੀ ਮਾਨਵਤਾ ਨੂੰ ਸੇਵਾ ਭਾਵਨਾ ਦਾ ਸੰਦੇਸ਼ ਪਹੁੰਚਾਇਆ ਆਪ ਜੀ ਨੂੰ ਅਨੇਕਾਂ ਭਾਸ਼ਾਵਾਂ ਦਾ ਗਿਆਤਾ ਵੀ ਸਨ|
ਜਿੱਥੇ ਭਗਤ ਜੀ ਉੱਘੇ ਸਮਾਜ ਸੇਵੀ, ਵਾਤਾਵਰਣ ਪ੍ਰੇਮੀ ਤੇ ਸਾਹਿਤ ਰਸੀਏ ਸਨ |ਉਥੇ ਉਹ ਸਰਵ ਭਾਰਤੀ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਦੇ ਮੋਢੀ ਵਜੋਂ ਵੀ ਜਾਣੇ ਗਏ ਸਨ| ਨੇਕੀ ਦੀ ਰਾਹ ਤੇ ਚਲਦੇ ਹੋਏ ਉਹਨਾਂ ਨੇ ਸਮੁੱਚੀ ਮਨੁੱਖਤਾ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜਾਉਂਦੇ ਹੋਏ ਸਮਾਜਿਕ ਭਲਾਈ ਦੇ ਕੰਮ ਕੀਤੇ| ਉਹਨਾਂ ਦਾ ਪੂਰੀ ਮਨੁੱਖਤਾ ਨੂੰ ਇਹ ਸੰਦੇਸ਼ ਸੀ ਕਿ ਮਨੁੱਖ ਨੂੰ ਸਾਦਾ ਜੀਵਨ ਬਤੀਤ ਕਰਦੇ ਹੋਏ ਮਨੁੱਖਤਾ ਦਾ ਭਲਾ ਸੋਚਣਾ ਚਾਹੀਦਾ ਹੈ ਤੇ ਆਉਣ ਵਾਲੀਆ ਪੀੜੀਆਂ ਲਈ ਚੰਗੇ ਤੇ ਨੇਕ ਕੰਮ ਕਰਨੇ ਚਾਹੀਦੇ ਹਨ|
ਭਗਤ ਜੀ ਦੀ ਇਸ ਪੁਰਉਪਕਾਰੀ ਸੇਵਾ ਭਾਵਨਾ ਸਦਕਾ ਭਾਰਤ ਸਰਕਾਰ ਨੇ 1979 ਵਿੱਚ 'ਪਦਮ ਸ੍ਰੀ 'ਐਵਾਰਡ ਨਾਲ ਸਨਮਾਨਿਤ ਕੀਤਾ ਪਰ 1984 ਵਿੱਚ ਹਰਿਮੰਦਰ ਸਾਹਿਬ ਦੀ ਦੁਖਦਾਇਕ ਘਟਨਾ ਸਮੇਂ ਸਾਕਾ ਨੀਲਾ ਤਾਰਾ ਵਜੋਂ ਰੋਜ਼ ਪ੍ਰਗਟ ਕਰਕੇ ਵਾਪਸ ਕਰ ਦਿੱਤਾ |1990 ਵਿੱਚ ਭਗਤ ਜੀ ਨੂੰ ਹਾਰਮਨੀ ਅੈਵਾਰਡ ਨਾਲ ਨਿਵਾਜਿਆ ਗਿਆ 1992 ਵਿੱਚ ਰੋਗਮਨ ਤੇ ਭਾਈ ਘਨਈਆ ਅੈਵਾਰਡ ਨਾਲ ਸਨਮਾਨਿਤ ਕੀਤਾ ਗਿਆ ਇੰਨੀ ਨਿਸ਼ਕਾਮ ਸੇਵਾ ਭਾਵਨਾ ਦਾ ਬੀੜਾ ਉਠਾਉਣ ਨਾਲ ਭਗਤ ਪੂਰਨ ਸਿੰਘ ਦਾ ਜੀਵਨ ਸਮੁੱਚੀ ਕੌਮ ਲਈ ਯਾਦਗਰੀ ਹੋ ਨਿਬੜਦਾ ਹੈ| ਉਹ ਸਾਰੀ ਉਮਰ ਅਵਿਵਹਾਤ ਰਹੇ ਸਾਰੀ ਜਿੰਦਗੀ ਸਮੁੱਚੀ ਮਨੁੱਖਤਾ ਦੇ ਲੇਖੇ ਲਗਾ ਕੇ ਨਿਰ ਸੁਆਰਥ ਤੇ ਪਰਉਪਕਾਰ ਦੀ ਭਾਵਨਾ ਨਾਲ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਪੰਨਿਆਂ ਤੇ ਆਪਣਾ ਨਾਮ ਅੰਕਿਤ ਕਰਵਾ ਗਏ |ਅੰਤਿਮ ਸਮੇਂ ਭਗਤ ਪੂਰਨ ਸਿੰਘ ਜਿਉਂਦੇ ਸਮੇਂ ਪਿੰਗਲਵਾੜੇ ਦੀ ਸੰਸਥਾ ਦਾ ਉੱਤਰਾਧਿਕਾਰੀ ਡਾਕਟਰ ਇੰਦਰਜੀਤ ਕੌਰ ਨੂੰ ਸੌਂਪ ਗਏ| ਭਗਤ ਪੂਰਨ ਸਿੰਘ ਦੁਆਰਾ ਬੀਜੇ ਹੋਏ ਬੋਰਡ ਦੀ ਛਾਂ ਇੰਨੀ ਸੰਘਣੀ ਹੋ ਗਈ ਕਿ ਡਾਕਟਰ ਇੰਦਰਜੀਤ ਕੌਰ ਤੇ ਸਮੁੱਚੀ ਪਿੰਗਲਵਾੜਾ ਟਰੱਸਟ ਦਾ ਵਿਲੱਖਣ ਯੋਗਦਾਨ ਹੋਣ ਨਾਲ ਬੇਸਹਾਰਿਆਂ ਅਤੇ ਅਪੰਗ ਵਿਅਕਤੀ ਉਹਨਾਂ ਦੇ ਰਿਣੀ ਹਨ| "ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ "ਅਨੁਸਾਰ ਭਗਤ ਪੂਰਨ ਸਿੰਘ ਜੀ ਪੰਜ ਅਗਸਤ 1992 ਨੂੰ ਇਸ ਦੁਨੀਆ ਤੋਂ ਅਲਵਿਦਾ ਹੋ ਗਏ |ਭਗਤ ਜੀ ਭਾਵੇਂ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਹੇ ਇਹ ਸਾਡੇ ਲਈ ਬਹੁਤ ਵੱਡਾ ਘਾਟਾ ਹੈ ਪਰ ਆਪਣੇ ਪਿੱਛੇ ਪਿੰਗਲਵਾੜੇ ਦੇ ਰੂਪ ਵਿੱਚ ਆਪਣੀ ਸਦੀਵੀ ਯਾਦ ਤੇ ਅਮਿਟ ਛਾਪ ਛੱਡ ਕੇ ਗਏ| ਜਿਸ ਕਾਰਨ  ਭਗਤ ਪੂਰਨ ਸਿੰਘ ਦੇ ਸੁਪਨੇ ਨੇ ਉਹਨਾਂ ਨੂੰ ਪੂਰਨ ਤੌਰ ਤੇ ਅਮਰ ਕਰ ਦਿੱਤਾ|
ਸਮੁੱਚੀ ਮਨੁੱਖਤਾ ਦੇ ਮਸੀਹੇ  ਬਣ ਕੇ ਪਰਮਾਤਮਾ ਵੱਲੋਂ ਭੇਜਿਆ ਇਹ ਵਾਰਸ ਪੰਜਾਬ ਵਿੱਚ ਬੜੇ ਸਤਿਕਾਰ ਨਾਲ ਜਾਣਿਆ ਜਾਂਦਾ ਰਿਹਾ ਹੈ ਅਤੇ ਜਾਣਿਆ ਜਾਂਦਾ ਰਹੇਗਾ| ਅੱਜ ਦੁਨੀਆ ਦੀ ਮਹਾਨ ਸ਼ਖਸ਼ੀਅਤ ਰੱਬੀ ਤੇ ਦਰਵੇਸ਼ੀ ਰੂਹ ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੀ ਮਨੁੱਖੀ ਸੇਵਾ ਭਾਵਨਾ ਅਤੇ ਨੇਕ ਸੋਚ ਨੂੰ ਸਲਾਮ ਕਰਦੇ ਹੋਏ ਆਓ ਆਪਾਂ ਵੀ ਪ੍ਰਣ ਕਰੀਏ ਕਿ ਮਨੁੱਖਤਾ ਦੀ ਸੇਵਾ ਭਾਵਨਾ ਲਈ ਧਨ ਦੌਲਤ ਦੀ ਅਮੀਰੀ ਹੋਣ ਦੀ ਬਜਾਏ ਇੱਕ ਅਜਿਹੀ ਦਿਲੀ ਭਾਵਨਾ ਪੈਦਾ ਕਰੀਏ ਜਿਹੜੀ ਬੇਸਹਾਰਿਆਂ ਦਾ ਦੁੱਖ ਮਹਿਸੂਸ ਕਰ ਸਕੇ ਅਤੇ ਨਿਸ਼ਕਾਮ ਹੋ ਕੇ ਦੀਨ ਦੁਖੀਆਂ ਦੀ ਸੇਵਾ ਕਰ ਸਕੇ|

ਧੰਨਵਾਦ ਸਹਿਤ

 ਜਿਓਤੀ ਸ਼ਾਹੀ

ਅਸਿਸਟੈਂਟ ਪ੍ਰੋਫੈਸਰ( ਇਤਿਹਾਸ ਵਿਭਾਗ)

 ਮਾਈ ਭਾਗੋ ਕਾਲਜ

 (ਸਹਿ- ਸਿੱਖਿਆ) ਰਾਮਗੜ ਲੁਧਿਆਣਾ

98775 44795

ਸਿੱਖ ਵਿਰਾਸਤ ਦੀ ਕਲਾ ਦੇ  ਦ੍ਰਿਸ਼ਟੀ ਮਾਧਿਅਮ ਰਾਹੀਂ ਗਲੋਬਲ ਪਹੁੰਚ ਲਈ ਨਾਨਕ ਲੀਲਾ ਵਿਜੂਅਲ ਆਰਟ ਟਰੱਸਟ ਦਾ ਗਠਨ

ਨਿੱਗਰ ਚਰਚਾ ਲਈ ਭਾਈ ਮਨਜੀਤ ਸਿੰਘ ਸਾਬਕਾ ਜਥੇਦਾਰ ਜੀ ਦੀ ਪਹਿਲ 'ਤੇ ਸਿੱਖ ਚਿੰਤਕ ਅਤੇ ਕਲਾ ਖੇਤਰ ਦੀਆਂ ਅਨੁਭਵੀ ਹਸਤੀਆਂ ਜੁੜ ਬੈਠੀਆਂ
-ਪਰਮਜੀਤ ਸਿੰਘ ਬਾਗੜੀਆ

ਵਿਗਿਆਨ ਅਤੇ ਤਕਨੀਕ ਪੱਖੋਂ ਵਿਕਸਤ ਆਧੁਨਿਕ ਸੰਚਾਰ ਯੁੱਗ ਵਿਚ ਸਿੱਖ ਧਰਮ ਦੀ ਮਾਣਮੱਤੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਨੂੰ ਅਜੋਕੇ ਦ੍ਰਿਸ਼ ਮਾਧਿਅਮ ਰਾਹੀਂ ਗਲੋਬਲ ਪਸਾਰੇ ਵਿਚ ਲਿਜਾਣ ਲਈ ਇਕ ਸੰਸਥਾ 'ਨਾਨਕ ਲੀਲਾ ਵਿਜੂਅਲ ਆਰਟਸ  ਚੈਰੀਟੇਬਲ ਟਰੱਸਟ' ਦਾ ਗਠਨ ਕੀਤਾ ਗਿਆ। ਇਸ ਸਬੰਧੀ ਸਿੱਖ ਵਿਦਵਾਨਾਂ, ਚਿੰਤਕਾਂ, ਸੰਚਾਰ ਦੇ ਵੱਖ ਵੱਖ ਮਾਧਿਅਮਾਂ ਰਾਹੀਂ ਸਿਨੇਮਾ, ਸਟੇਜ, ਲੇਖਣੀ ਅਤੇ ਦਸਤਾਵੇਜੀ ਖੇਤਰਾਂ ਦੇ ਅਨੁਭਵੀ ਮਾਹਿਰਾਂ ਦੀ ਇੱਕ ਇਕੱਤਰਤਾ ਉੱਘੀ ਸਿੱਖ ਸ਼ਖਸ਼ੀਅਤ ਭਾਈ ਮਨਜੀਤ ਸਿੰਘ ਸਾਬਕਾ ਸਿੰਘ ਸਾਹਿਬਾਨ ਅਤੇ ਸੰਸਥਾਪਕ ਤੇ ਸੰਚਾਲਕ ਗੁਰਮਤਿ ਸਾਗਰ ਟਰੱਸਟ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਹਿਲ 'ਤੇ ਸ੍ਰੀ ਅਨੰਦਪਰ ਸਾਹਿਬ ਵਿਖੇ ਹੋਈ। ਭਾਈ ਮਨਜੀਤ ਸਿੰਘ ਜੀ ਵਲੋਂ ਆਖੇ ਸਵਾਗਤੀ ਸ਼ਬਦਾਂ ਵਿਚ ਅਕਾਲ ਪੁਰਖ ਦਾ ਓਟ ਆਸਰਾ ਤੱਕਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਵ ਗਠਿਤ ਸੰਸਥਾ ਨਾਨਕ ਲੀਲਾ ਵਿਜੁਅਲ ਆਰਟਸ ਚੈਰੀਟੇਬਲ ਟਰੱਸਟ ਰਜਿ. ਵਲੋਂ  ਦ੍ਰਿਸ਼ ਆਧਿਅਮ ਰਾਹੀਂ  ਸਿੱਖ ਧਰਮ, ਵਿਰਸੇ ਅਤੇ ਫਲਸਫੇ ਨੂੰ ਕਲਾ ਦੇ ਵੱਖ ਵੱਖ ਮਾਧਿਅਮਾਂ ਰਾਹੀਂ ਗਲੋਬਲ ਸਿੱਖ ਸਮਾਜ ਲਈ ਨਰੋਈਆਂ ਅਤੇ ਪ੍ਰਮਾਣਿਕ ਕ੍ਰਿਤਾਂ ਸਿਰਜਣ ਹਿੱਤ ਸੁਝਾਅ ਮੰਗੇ ਤਾਂ ਜੋ ਇਹ ਪ੍ਰੋਜੈਕਟ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਿਸੇਰੇ ਵਜੋਂ ਵਿਚਰ ਸਕੇ।
ਸਭ ਤੋਂ ਪਹਿਲਾ ਉੱਘੇ ਸਿੱਖ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਸਿੱਖ ਧਰਮ ਅਤੇ ਵਿਰਸੇ ਦੀ ਖੁਬਸੂਰਤੀ ਨੂੰ ਕਲਾ ਮਾਧਿਅਮ ਰਾਹੀ ਸਜੱਗ ਰੂਪ ਵਿਚ ਉਭਾਰਨ ਲਈ ਲੋੜੀਂਦੇ ਸਾਧਨਾਂ ਦਾ ਹੋਣਾ ਅਹਿਮ ਕੜੀ ਹੈ। ਉਨਹਾਂ ਆਖਿਆ ਕਿ ਜੋ ਕੁਝ ਅਸੀਂ ਸਮਾਜ ਨੂੰ ਵਿਖਾਉਣਾ ਜਾ ਸਮਝਾਉਣਾ ਚਾਹੁੰਦੇ ਹਾਂ ਉਸ ਲਈ ਸਾਨੂੰ ਕਲਾ ਦੇ ਪਰਿਆਪਤ ਸਾਧਨਾਂ ਰਾਹੀ ਲੋਕ ਮਨਾਂ ਨੂੰ ਸਿਰਜਣ ਤੱਕ ਜਾਣਾ ਹੋਵੇਗਾ। ਸੰਸਥਾ ਵਲੋਂ ਆਪਣੇ ਉਦੇਸ਼ਾਂ ਲਈ ਕਲਾ ਮਾਧਿਅਮ ਨੂੰ ਚੁਣਨ ਦੇ ਉਸਾਰੂ ਅਤੇ ਹਾਂ ਪੱਖੀ ਪਹੁੰਚ ਅਪਣਾਉਣ ਬਾਰੇ ਉਨਹਾਂ ਆਖਿਆ ਕਿ ਸਿਨੇਮਾ ਇਕ ਅਜਿਹਾ ਮਾਧਿਅਮ ਹੈ ਜਿਸ ਵਿਚ ਸਾਰੀਆਂ ਹੀ ਕਲਾਵਾਂ ਆ ਜਾਂਦੀਆਂ ਹਨ ਅਤੇ ਸਮਾਜ ਉਸਾਰੀ ਲਈ ਸਿਨੇਮਾ ਦਾ ਵੱਡਾ ਯੋਗਦਾਨ ਹੈ ਅਤੇ ਸਿੱਖ ਕੌਮ ਦੇ ਸੰਘਰਸ਼ ਤੋਂ ਆਤਮ ਹੱਤਿਆ ਤੱਕ ਦੇ ਕਾਲ ਨੂੰ ਵੀ ਇਨ੍ਹਾਂ ਮਧਿਅਮਾਂ ਰਾਹੀ ਉਜਾਗਰ ਕੀਤਾ ਜਾਣਾ ਬਣਦਾ ਹੈ।
ਉੱਘੇ ਵਿਦਵਾਨ ਭਾਈ ਹਰਸਿਮਰਨ ਸਿੰਘ ਨੇ ਆਖਿਆ ਕਿ ਕਲਾ ਨੂੰ ਕਲਾ ਲਈ ਜਾਂ ਕਿਸੇ ਵੱਡੇ ਮਕਸਦ ਦੀ ਪ੍ਰਾਪਤੀ ਲਈ ਵਰਤਣਾ ਦੋ ਅਲੱਗ ਅਲੱਗ ਪੱਖ ਹਨ ਅਤੇ ਵਿਕਾਸ ਦਾ ਇਹ ਪੜਾਅ ਬੜਾ ਗੰਭੀਰ ਹੈ, ਉਨਹਾਂ ਕਿਹਾ ਕਿ ਆਉਣ ਵਾਲੇ 50 ਸਾਲਾਂ ਨੁੰ ਮੁੱਖ ਰੱਖ ਕੇ ਪ੍ਰੋਜੈਕਟ ਉਲੀਕਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬੀਤੇ ਦੀ ਵਿਰਾਸਤ ਨੂੰ ਦੇਖ ਅਤੇ ਮਾਣ ਸਕਣ, ਭਾਵੇਂ ਇਸ ਮਾਮਲੇ ਵਿਚ ਹੁਣ ਤੱਕ ਬੜੀਆਂ ਅਣਗਹਿਲੀਆਂ ਵੀ ਹੋਈਆਂ ਹਨ ਪਰ ਹੁਣ ਮੋੜਾ ਪਾਉਣ ਦਾ ਸਮਾਂ ਹੈ।
ਪ੍ਰਸਿੱਧ ਵਿਦਵਾਨ ਡਾ. ਬਲਕਾਰ ਸਿੰਘ ਸਾਬਕਾ ਪ੍ਰੋਫੈਸਰ ਗੁਰੂ ਗ੍ਰੰਥ ਸਾਹਿਬ ਸਟੱਡੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਖਿਆ ਕਿ ਵਿਜੁਅਲ ਆਰਟ ਹੀ ਯੁੱਗ ਦੀ ਪ੍ਰਧਾਨ ਸੁਰ ਹੈ ਅਤੇ ਆਸਥਾ, ਚੇਤਨਾ ਦਾ ਕੇਂਦਰ ਬਣਨੀ ਚਾਹੀਦੀ ਹੈ। ਪ੍ਰੌਜੈਕਟ ਸਾਡੀ ਵਿਰਾਸਤ ਨੁੰ ਪੂਰਦਾ ਮਾਡਲ ਹੋਵੇ। ਉਨਹਾਂ ਆਖਿਆ ਕਿ ਕਲਾ ਦੀ ਵਰਤੋਂ ਨੁੰ ਕਈ ਵਾਰ ਸਾਡੀ ਸਮਾਜਿਕ ਸੋਚ ਵਰਤਣ ਨਹੀਂ ਦਿੰਦੀ ਪਰ ਅਸੀਂ ਚਿੰਤਨ-ਆਸਥਾ ਦੇ ਭੇੜ ਵਿਚੋਂ ਵੀ ਲੰਘਣਾ ਹੈ। ਉਨਹਾਂ ਆਖਿਆ ਕਿ ਸਿਧਾਂਤ ਦਾ ਕਲਾ ਨਾਲ ਕੋਈ ਵਿਰੋਧ ਨਹੀਂ ਪਰ ਕਈ ਵਾਰ ਦੋਵੇਂ ਇਕ ਦੂਜੇ ਨੂੰ ਮਿਧਦੇ ਹਨ ਇਸ ਲਈ ਵਿਧਾ ਦਾ ਉਲਾਰ ਹੋਣਾ ਵੀ ਖਤਰਨਾਕ ਹੈ। ਅਸੀ ਵਰਤਣ ਵਿਚ ਅਤੇ ਵਰਤੇਜਾਣ ਵਿਚ ਫ਼ਰਕ ਮਹਿਸੂਸ ਕਰਨਾ ਹੈ।
ਦਸਤਾਵੇਜੀ ਖੇਤਰ ਵਿਚ ਸਥਾਪਤ ਹੋਏ ਨਾਮ ਸ. ਕਰਨਵੀਰ ਸਿੰਘ ਸਿਵੀਆ ਜਿਨ੍ਹਾਂ 'ਪੁੰਛ ਦੇ ਰਾਖੇ' ਸਿੱਖ ਆਰਮੀ ਅਫਸਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਬਾਰੇ ਡਾਕੂ ਡਰਾਮਾ ਦਾ ਨਿਰਮਾਣ ਵੀ ਕੀਤਾ ਹੈ, ਨੇ ਆਖਿਆ ਕਿ ਸਿੱਖ ਇਤਿਹਾਸ ਦੀਆਂ ਘਟਨਾਵਾਂ ਅਤੇ ਵਰਤਾਰਿਆਂ ਨੂੰ ਲੋਕ ਮਨਾਂ ਤੱਕ ਪਹੁੰਚਾਉਣ ਲਈ ਖੂਬਸੂਰਤ ਸਟੋਰੀ ਟੈਲਿੰਗ ਆਰਟ ਦੀ ਲੋੜ ਹੈ। ਜਿਵੇਂ ਅਸੀਂ ਗੁਰੂ ਨਾਨਕ ਦੀ ਬਾਣੀ ਵਿਚਲੇ ਐਲੀਮੈਂਟ ਆਫ ਲਵ ਨੂੰ ਹੋਰ ਵਿਆਪਕ ਸੰਦਰਭ ਵਿਚ ਦਰਸਾ ਸਕਦੇ ਹਾਂ।
ਸਿੱਖ ਆਰਟ ਖੇਤਰ ਵਿਚ ਸਥਾਪਤ ਨਾਮ ਸ. ਹਰਦੀਪ ਸਿੰਘ ਮੁਹਾਲੀ ਨੇ ਵੀ ਵਿਜੂਅਲ ਆਰਟ ਦੇ ਸਭ ਤੋਂ ਅਸਰਦਾਰ ਮਾਧਿਅਮ ਹੋਣ ਦੀ ਗੱਲ ਕਰਦਿਆਂ ਆਖਿਆ ਕਿ ਹੁਣ ਤੱਕ ਮੌਜੂਦ ਸਿੱਖ ਸਿਨੇਮਾ ਵਿਚ ਕਲਾ ਖੇਤਰ ਨੂੰ ਵੱਡੇ ਪੱਧਰ 'ਤੇ ਅਣਡਿੱਠ ਕੀਤਾ ਗਿਆ ਹੈ। ਫਿਲਮ ਨਿਰਮਾਣ ਦੀ ਸਰਵਪੱਖੀ ਜਾਣਕਾਰੀ ਅਤੇ ਸਫਲ ਅਗਵਾਈ ਲਈ ਕੰਟੈਂਟ ਦਾ ਕਲੀਅਰ ਹੋਣਾ ਬਹੁਤ ਜਰੂਰੀ ਹੈ।
ਸੈਕਟਰੀ ਦੀ ਭੂਮਿਕਾ ਸਫਲਤਾ ਨਾਲ ਨਿਭਾਉਣ ਵਾਲੇ ਸਿੱਖ ਵਿਦਵਾਨ ਡਾ. ਕੇਹਰ ਸਿੰਘ ਨੇ ਆਖਿਆ ਕਿ ਪਹਿਲਾ ਕਦਮ ਚੁੱਕਣਾ ਅਤੇ ਆਸ਼ਾਵਾਦੀ ਰਹਿਣਾ ਹੀ ਮਹੱਤਵਪੂਰਨ ਹੈ ਫਿਰ ਗੁਰੂ ਦੀ ਬਖਸ਼ਿਸ ਵੀ ਹੋਣ ਲਗਦੀ ਹੈ। ਫਿਲਮ ਨਿਰਮਾਣ ਅਤੇ ਫਿਲਮ ਲੇਖਣੀ ਖੇਤਰ ਦੇ ਅਨੁਭਵੀ ਨੌਜਵਾਨ ਸਤਦੀਪ ਸਿੰਘ ਅਤੇ ਨੌਜਵਾਨ ਸਰਬਜੀਤ ਸਿੰਘ ਜੋ 34  ਸ਼ਾਰਟ ਫਿਲਮਾਂ ਦਾ ਨਿਰਮਾਣ ਦਾ ਅਨੁਭਵ ਰੱਖਦੇ ਹਨ ਨੇ ਵੀ ਵੱਖ ਵੱਖ ਪਹਿਲੂਆਂ 'ਤੇ ਚਰਚਾ ਕੀਤੀ।
ਪਟਕਥਾ ਤੇ ਸੰਵਾਂਦ ਅਤੇ ਫਿਲਮ ਅਤੇ ਕਲਾ ਖੇਤਰ ਵਿਚ ਉਭਰਦੇ ਨੌਜਵਾਨ ਅਤੇ ਡਾ. ਪਰਮਜੀਤ ਸਿੰਘ ਕੱਟੂ ਪ੍ਰੋਫੈਸਰ ਲਵਲੀ ਯੂਨੀਵਰਸਿਟੀ ਜਲੰਧਰ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਆਖਿਆ ਕਿ ਅੱਜ ਦੇ ਦੌਰ ਵਿਚ ਦ੍ਰਿਸ਼ ਮਾਧਿਅਮ ਹੀ ਸਭ ਤੋਂ ਵਿਆਪਕ ਅਤੇ ਅਸਰਦਾਰ ਮਾਧਿਅਮ ਹੈ ਸ. ਕੱਟੂ ਨੇ ਇਸ ਸੰਸਥਾ ਦੇ ਵਿਚਾਰ ਅਧੀਨ ਪਲੇਠੇ ਪ੍ਰੋਜੈਕਟ 'ਤੇ ਰੋਸ਼ਨੀ ਪਾਊਂਦਿਆਂ ਆਖਿਆ ਕਿ ਇਸ ਅਧੀਨ ਸ੍ਰੀ ਗੁਰੂ ਨਾਨਕ ਜੀ ਦੁਆਰਾ ਸਿਰਜੀ ਬਾਣੀ ਬਾਰਹਾ ਮਾਹ ਜੋ ਮਨੁੱਖ, ਕੁਦਰਤ ਅਤੇ ਅਧਿਆਤਮਿਕ ਪ੍ਰਕਾਸ਼ ਦੀ ਯਾਤਰਾ ਦਾ ਸੁਮੇਲ ਹੈ, ਨੂੰ 6 ਭਾਗਾਂ ਵਿਚ ਵੱਖ ਵੱਖ ਪਹਿਲੂਆਂ ਤੋਂ ਦਰਸਾਇਆ ਜਾਵੇਗਾ ਅਤੇ ਬਾਣੀ ਦੇ ਇਸ ਹਿੱਸੇ ਵਿਚਲੀ ਕੁਦਰਤ, ਸੁਰਤ ਅਤੇ ਅਧਿਆਤਮਿਕ ਸੁਨੇਹੇ ਦੀ ਇਕਸੁਰਤਾ ਨੂੰ ਦਰਸਾਉਣ ਦਾ ਯਤਨ ਹੋਵੇਗਾ।
ਬਾਅਦ ਵਿਚ ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਨੇ ਆਖਿਆ ਕਿ ਅੱਜ ਦੀ ਚਰਚਾ ਸਾਰਥਿਕ ਅਤੇ ਸੁਖਾਵੀਂ ਰਹੀ ਹੈ ਅਤੇ ਹਾਜਰ ਵਿਦਵਾਨਾਂ ਅਤੇ ਕਲਾ ਖੇਤਰ ਦੇ ਪ੍ਰਤੀਨਿਧਾਂ ਨੇ ਸੋਚਵਾਨ ਅਤੇ ਉਤਸ਼ਾਹ ਹੋਣ ਦਾ ਪ੍ਰਮਾਣ ਦਿੱਤਾ ਹੈ। ਉਨਹਾਂ ਅੱਗੇ ਆਖਿਆ ਕਿ ਜੋ ਹੁਣ ਤਕ ਸਮਕਾਲੀ ਵਿਦਵਾਨਾਂ ਤੋਂ ਨਹੀਂ ਹੋ ਸਕਿਆ, ਉਹ ਕੁਝ ਕਰਨ ਲਈ ਅੱਜ ਦੇ ਨੌਜਵਾਨ ਅੱਗੇ ਆਉਣ। ਸਿੰਘ ਸਾਹਿਬ ਜੀ ਨੇ ਆਖਿਆ ਕਿ ਅਸੀਂ ਨਾਦੀ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਸਿੱਖਾਂ ਦੀ ਨਾਦੀ ਮਾਂ ਮਾਤਾ ਸਾਹਿਬ ਕੌਰ ਜੀ ਦੇ ਅਹਿਸਾਨ ਗੁਰੂ ਦੇ ਕਹਾਉਣ ਵਾਲਿਆਂ ਲਈ ਅਜੇ ਬਾਕੀ ਹਨ ਪਰ ਅੱਜ ਦੀ ਇੱਕਤਰਤਾ ਤੋਂ ਆਸ ਬੱਝੀ ਹੈ। ਉਨ੍ਹਾਂ ਨੇ ਪ੍ਰੋਜੈਕਟ ਲਈ ਪ੍ਰਗਾਟਾਏ ਵਿੱਤੀ ਅੰਦੇਸ਼ਿਆਂ ਤੋਂ ਨਿਸਚਿੰਤ ਹੋਣ ਦੀ ਗੱਲ ਕਰਦਿਆਂ ਆਖਿਆ ਕਿ ਅਸੀਂ ਕਾਰਜ਼ਸੀਲ ਹੋਏ ਤੁਰਨਾ ਜਾਰੀ ਰੱਖਣਾ ਹੈ ਅਤੇ ਬਰਕਤਾਂ ਮਾਲਿਕ ਨੇ ਪਾਉਣੀਆਂ ਨੇ। ਬੈਠਕ ਵਿਚ ਵਿਚਾਰ ਅਧੀਨ ਪ੍ਰੌਜੈਕਟ ਬਾਰਹਾ ਮਾਹ ਅਤੇ ਨੌਜਵਾਨ ਸਤਦੀਪ ਸਿੰਘ ਦੀ ਦੇਖ ਰੇਖ ਅਧੀਨ ਲਾਵਾਂ ਅਧਾਰਤ ਪ੍ਰੋਜੈਕਟ 'ਪ੍ਰਣ' ਦੇ ਨਾਲ ਹੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਹੀਦੀ ਪੁਰਬ ਮੌਕੇ ਵੀ ਸਬੰਧਤ ਪ੍ਰੌਜੈਕਟ ਨਾਲੋ ਨਾਲ ਆਰੰਭ ਤੇ ਮੁਕੰਮਲ ਕੀਤੇ ਜਾਣਗੇ ।

ਟਿਕੈਤ ਵਲੋਂ ਕਿਸਾਨ ਅੰਦੋਲਨ ਦਿੱਲੀ ਤੋਂ ਦੱਖਣ ਤੱਕ ਲਿਜਾਣ ਦਾ ਐਲਾਨ - ਪਰਮਜੀਤ ਸਿੰਘ ਬਾਗੜੀਆ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਬੀਤੇ  ਦੋ  ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਮੱਲੀ ਬੈਠਾ ਸੰਯੁਕਤ ਕਿਸਾਨ ਮੋਰਚਾ 26 ਦੀ ਟ੍ਰੈਕਟਰ ਪ੍ਰੇਡ ਤੋਂ ਬਾਅਦ ਹੋਈਆਂ ਅਣਚਾਹੀਆਂ ਘਟਨਾਵਾਂ ਨਾਲ ਐਨਾ ਹਿੱਲ ਜਾਵੇਗਾ, ਇਹ ਕਿਸੇ ਨੇ ਚਿਤਵਿਆ ਵੀ ਨਹੀਂ ਸੀ। 26 ਜਨਵਰੀ ਨੂੰ ਵਾਪਰੇ ਲਾਲ ਕਿਲਾ ਐਪੀਸੋਡ ਤੋਂ ਬਾਅਦ ਕੇਂਦਰ ਸਰਕਾਰ ਨੇ ਭਾਜਪਾ ਅਤੇ ਆਰ.ਐਸ.ਐਸ. ਕਾਰਕੁੰਨਾਂ ਅਤੇ ਸੁਰੱਖਿਆ ਫੋਰਸਾਂ ਨਾਲ ਮਿਲ ਕੇ ਮੋਰਚੇ ਨੂੰ ਕੁਚਲਣ ਅਤੇ ਬਦਨਾਮ ਕਰਨ ਦੀ ਪੂਰੀ ਵਾਹ ਲਾਈ, ਇਕ ਵਾਰ ਤਾਂ ਲੱਗਿਆ ਕਿ 2 ਮਹੀਨੇ ਤੋਂ ਬੱਝਿਆ ਮੋਰਚਾ ਹੁਣ ਬਿਖਰ ਜਾਵੇਗਾ, ਇੰਝ ਹੋਣ ਵੀ ਲੱਗ ਪਿਆ ਸੀ। 26 ਜਨਵਰੀ ਦੀ ਟ੍ਰੈਕਟਰ ਪ੍ਰੇਡ ਤੋਂ ਬਾਅਦ ਵੱਡੀ ਗਿਣਤੀ ਵਿਚ ਪੰਜਾਬ-ਹਰਿਆਣਾ ਨੂੰ ਵਾਪਸ ਪਰਤ ਰਹੇ ਕਿਸਾਨਾਂ ਦੇ ਸ਼ੰਕੇ ਸੁਭਾਵਕ ਸਨ। ਮੋਦੀ ਸਰਕਾਰ ਸਿੰਘੂ ਸਰਹੱਦ ਵਾਲੇ ਮੋਰਚੇ ਨਾਲ ਟਕਰਾਉਣ ਤੋਂ ਬਾਅਦ ਯੂ.ਪੀ.-ਦਿੱਲੀ ਸਰਹੱਦ ਦੇ ਗਾਜੀਪੁਰ ਮੋਰਚੇ ਨਾਲ ਸਿੱਝਣ ਲੱਗ ਪਈ। ਇਕ ਵਾਰ ਤਾਂ ਗਾਜੀਪੁਰ ਮੋਰਚੇ ਵਿਚ ਵੀ ਖਲਬਲੀ ਮੱਚ ਗਈ। ਮੋਰਚੇ ਦਾ ਇਕੱਠ ਘਟਣ 'ਤੇ ਕਿਸਾਨ ਇਥੇ ਘਿਰਦੇ ਨਜਰ ਆਏ ਪਰ ਐਨ ਮੌਕੇ 'ਤੇ 28 ਜਨਵਰੀ ਦੀ ਰਾਤ ਨੂੰ ਪੱਛਮੀ ਯੂ.ਪੀ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਭਾਵੁਕ ਭਾਸ਼ਣ ਅਤੇ ਅਪੀਲ ਨੇ ਲਾਈਵ ਦੇਖ ਰਹੇ ਕਿਸਾਨਾਂ ਦੀ ਰੋਟੀ ਛੁਡਵਾ ਦਿੱਤੀ। ਫਿਰ ਪੱਛਮੀ  ਉੱਤਰ ਪ੍ਰਦੇਸ਼ ਅਤੇ ਹਰਿਆਣਾ ਦਾ ਕਿਸਾਨ ਝੰਜੋੜਿਆ ਗਿਆ ਅਤੇ ਬਾਗਪਤ ਤੋਂ ਮੇਰਠ, ਮੁਜੱਫਰਨਗਰ ਤੋਂ ਲੈ ਕੇ ਤਰਾਈ ਦੇ ਰੁਦਰਪੁਰ,ਕਾਸ਼ੀਪੁਰ, ਬਾਜਪੁਰ ਅਤੇ ਨੈਨੀਤਾਲ ਪਹਾੜੀਆਂ ਦੇ ਪੈਰਾਂ ਵਿਚ ਵਸੇ ਸ਼ਹਿਰ ਖਟੀਮਾਂ ਤਕ ਵਿਛੀ ਪੰਜਾਬੀ ਕਿਸਾਨ ਪੱਟੀ ਤੋਂ ਕਿਸਾਨੀ ਕਾਫਲੇ ਗਾਜੀਪੁਰ ਬਾਰਡਰ ਵੱਲ ਕੂਚ ਕਰਨ ਲੱਗੇ। ਬਸ ਇਸੇ ਦ੍ਰਿਸ਼ ਨੇ ਸਖਤੀ ਦਾ ਇਰਾਦਾ ਬਣਾਈ ਬੈਠੀ ਯੋਗੀ ਅਤੇ ਮੋਦੀ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਦੋ ਮਹੀਨੇ ਤੋਂ ਚੱਲ ਰਹੇ ਮੋਰਚੇ ਦੀ ਜਿੰਮੇਵਾਰੀ ਜਿਵੇਂ ਅਚਾਨਕ ਟਿਕੈਤ ਦੇ ਮੋਢਿਆਂ 'ਤੇ ਆ ਗਈ ਹੋਵੇ। ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਅੱਥਰੂ ਭਰਿਆ ਭਾਸ਼ਣ ਖਿਲਰਦੇ ਮੋਰਚਾ ਦਾ ਬਾਨਣੂੰ ਬੰਨ੍ਹ ਗਿਆ।
ਟਿਕੈਤ ਦੀ ਮੋਦੀ ਸਰਕਾਰ ਅੱਗੇ ਮਾਰੀ ਬੜ੍ਹਕ ਅਤੇ ਦਹਾੜ ਨੇ ਟੁੱਟਦੇ ਕਿਸਾਨ ਅੰਦੋਲਨ ਵਿਚ ਨਵੀਂ ਰੂਹ ਫੂਕ ਦਿੱਤੀ ਅਤੇ ਐਲਾਨ ਕਰ ਦਿੱਤਾ ਕਿ ਹੁਣ ਇਹ ਕਿਸਾਨ ਅੰਦੋਲਨ ਦੇਸ਼ ਵਿਆਪੀ ਰੂਪ ਧਾਰੇਗਾ। ਟਿਕੈਤ ਨੇ ਐਲਾਨ ਕੀਤਾ ਕਿ ਜੋ ਹੁਣ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ ਉਸ ਵਿਚ 40 ਲੱਖ ਟ੍ਰੈਕਟਰ ਸ਼ਾਮਲ ਹੋਣਗੇ ਅਤੇ ਅੰਦੋਲਨ ਦਿੱਲੀ ਤੋਂ ਹਰਿਆਣਾ , ਯੂ.ਪੀ. ਹੁੰਦਾ ਹੋਇਆ ਮੱਧ ਪ੍ਰਦੇਸ ਰਾਹੀ ਮਹਾਰਾਸ਼ਟਰ ਅਤੇ ਆਂਧਰਾ ਹੁੰਦਾ ਹੋਇਆ ਕਰਨਾਟਕ ਦੀ ਰਾਜਧਾਨੀ ਬੰਗਲੋਰ ਤੱਕ ਜਾਵੇਗਾ। ਕਿਸਾਨ ਆਗੂ ਟਿਕੈਤ ਨੇ ਆਖਿਆ ਕਿ ਜਿਵੇਂ ਹੀ ਵੱਖ ਵੱਖ ਰਾਜਾਂ ਵਿਚੋਂ ਕਿਸਾਨ ਮੋਰਚਾ ਗੁਜਰਦਾ ਜਾਵੇਗਾ, ਸਥਾਨਕ ਕਿਸਾਨ ਟ੍ਰੈਕਟਰਾਂ ਸਮੇਤ ਨਾਲ ਜੁੜਦੇ ਜਾਣਗੇ। ਇਸ 2 ਹਜਾਰ ਕਿਲੋਮੀਟਰ ਤੋਂ ਲੰਮੇ ਪ੍ਰਸਾਤਾਵਤ ਕਿਸਾਨੀ ਮੋਰਚਾ ਪੰਧ 'ਤੇ ਕਈ ਖੇਤਰੀ ਪਾਰਟੀਆਂ ਦੀ ਅਜੀਬ ਇਕਸੁਰਤਾ ਵੀ ਉਭਰਨ ਦੇ ਤਕੜੇ ਸੰਕੇਤ ਹਨ। ਇਹ ਵੀ ਸੰਭਾਵਨਾ ਹੈ ਭਾਜਪਾ ਵਿਰੁੱਧ ਸਮੂਹ ਖੇਤਰੀ ਪਾਰਟੀਆਂ ਕਿਸਾਨੀ ਅੰਦੋਲਨ ਦੀ ਲਾਮਬੰਦੀ ਵਿਚ ਆ ਖੜੀਆਂ ਹੋਣ। ਟਿਕੈਤ ਨੇ ਤਾਜਾ ਐਲਾਨ ਕੀਤਾ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਵਿੱਢਿਆ ਇਹ ਅੰਦੋਲਨ ਅਕਤੂਬਰ ਤੱਕ ਚੱਲੇਗਾ। ਉਸਦੇ ਵਜ਼ਨੀ ਬੋਲ 'ਜੇ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀ' ਗਾਜੀਪੁਰ ਕਿਸਾਨ ਮੋਰਚੇ ਦੇ ਮੰਚ 'ਤੇ ਇਕ ਤੋਂ ਵੱਧ ਵਾਰ ਗੂੰਜੇ ਹਨ। ਦੇਸ਼ ਵਿਚ  ਇਕ ਸਦੀ ਬਾਅਦ ਉੱਠੀ ਇਹ ਕਿਸਾਨੀ ਲਹਿਰ 4 ਮਹੀਨੇ ਤੋਂ ਕਿਸਾਨੀ ਮੰਗਾਂ ਪ੍ਰਤੀ ਅੜੀਅਲ ਵਤੀਰਾ ਧਾਰੀ ਬੈਠੀ ਮੋਦੀ ਸਰਕਾਰ ਨੂੰ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ 'ਤੇ ਲੀਕ ਫੇਰਨ ਲਈ ਅਤੇ ਖੇਤੀ ਜਿਣਸਾਂ ਲੀ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਨੂੰ ਸੰਵਿਧਾਨਕ ਦਰਜੇ ਦੀ ਮੰਗ ਮੰਨਣ ਲਈ ਮਜਬੂਰ ਕਰ ਸਕਦੀ ਹੈ, ਨਹੀਂ ਤਾਂ 2024 ਦੀਆਂ ਚੋਣਾਂ ਵਿਚ ਅਣਕਿਆਸੀ ਸਿਆਸੀ ਇਬਾਰਤ ਲਿਖੀ ਜਾਣੀ ਅਟੱਲ ਹੈ। ਚੰਦ ਪੂੰਜੀਪਤੀ ਘਰਾਣਿਆਂ ਦਾ ਵਪਾਰਕ ਹਿੱਤ ਪੂਰਨ ਲਈ ਜਬਰੀ ਠੋਸੇ ਇਹ ਕਾਲੇ ਕਾਨੂੰਨ ਭਾਜਪਾ ਨੂੰ ਸਿਆਸੀ ਤੌਰ 'ਤੇ ਮਹਿੰਗੇ ਪੈਣਗੇ।
ਇਹ ਜਾਪ ਰਿਹਾ ਹੈ ਕਿ ਸਿੰਘੂ, ਟਿੱਕਰੀ ਅਤੇ ਗਾਜੀਪੁਰ ਬਾਰਡਰ 'ਤੇ ਲੱਗੇ ਧਰਨੇ ਜੇ ਦੇਸ਼ ਵਿਆਪੀ ਕਿਸਾਨੀ ਮੋਰਚੇ ਦੇ ਰੂਪ ਵਿਚ ਅੱਗੇ ਵਧਦੇ ਹਨ ਤਾਂ ਇਹ ਦੇਸ਼ ਵਿਚ ਹੁਣ ਤੱਕ ਉੱਠੀ ਸਭ ਤੋਂ ਵੱਡੀ ਅਤੇ ਲੰਮੀ ਕਿਸਾਨੀ ਲਹਿਰ ਹੋਵੇਗੀ ਜਿਸਦਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੋਂ ਬਾਅਦ ਵੱਡਾ ਸਿਹਰਾ ਯੂ.ਪੀ. ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਸਿਰ ਬੱਝੇਗਾ।

ਪਰਮਜੀਤ ਸਿੰਘ ਬਾਗੜੀਆ 9814765705

ਕਿਸਾਨੀ ਸੰਘਰਸ ਦੀ ਤਸਵੀਰ ਤੇ ਤਾਸੀਰ ਵੇਂਹਦਿਆਂ...... - ਪਰਮਜੀਤ ਸਿੰਘ ਬਾਗੜੀਆ

ਕਿਸਾਨਾਂ 'ਤੇ ਜਬਰੀ ਥੋਪੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਚੋਂ ਉੱਠੀ ਵਿਰੋਧ ਦੀ ਚਿਣਗ ਬੀਤੇ 41 ਦਿਨਾਂ ਤੋਂ ਰਾਜਧਾਨੀ ਸ਼ਹਿਰ ਦਿੱਲੀ ਦੀਆਂ ਬਰੂਹਾਂ 'ਤੇ ਮਘ ਰਹੀ ਹੈ। ਵਿਰੋਧ ਦੀ ਦਿਨੋ ਦਿਨ ਮਘਦੀ ਇਸ ਲਹਿਰ ਨੇ ਹਰਿਆਣਾ, ਉੱਤਰ ਪ੍ਰਦੇਸ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਦੇਸ਼ ਦੇ ਹੋਰਨਾ ਹਿੱਸਿਆਂ ਵਿਚੋਂ ਵੀ ਕਿਸਾਨਾਂ ਅਤੇ ਕਿਸਾਨ ਸੰਗਠਨਾਂ ਦੀ ਹਮਾਇਤ ਦਿੱਲੀ ਮੋਰਚੇ ਵਿਚ ਡਟੇ ਕਿਸਾਨਾਂ ਤੱਕ ਪੁੱਜ ਰਹੀ ਹੈ। ਪੰਜਾਬ ਹਰਿਆਣਾ ਦੇ ਲੋਕਾਂ ਅਤੇ ਵਿਦੇਸ਼ ਵੱਸਦੇ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਅਤੇ ਆਪਣੇ ਆਪਣੇ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਲੱਖਾਂ ਦੀ ਗਿਣਤੀ ਵਿਚ ਦਿੱਲੀ ਬੈਠੇ ਧਰਨਾਕਾਰੀ ਕਿਸਾਨਾਂ ਲਈ ਹਰ ਸੰਭਵ ਅਤੇ ਲੋੜੀਂਦੀ ਸਹਾਇਤਾ ਪਹੁੰਚਾਈ ਹੈ।
ਦਿੱਲੀ ਵਿਚ ਕੌਮੀ ਸ਼ਾਂਹਰਾਹ 'ਤੇ ਸਿੰਘੂ ਬਾਰਡਰ ਅਤੇ ਬਹਾਦਰਗੜ੍ਹ ਰੋਡ ਟਿਕਰੀ ਬਾਰਡਰ 'ਤੇ ਲੱਗੇ ਵਿਸ਼ਾਲ ਧਰਨਿਆਂ ਵਿਚ ਵਿਚਰਨ 'ਤੇ ਇਸ ਇਤਿਹਾਸਕ ਲਾਮਬੰਦੀ ਦੇ ਅਨੇਕਾਂ ਸੁਖਾਵੇਂ ਅਤੇ ਹੈਰਾਨੀਜਨਕ ਪਹਿਲੂ ਉਭਰਕੇ ਸਾਹਮਣੇ ਆਏ ਹਨ। ਪੰਜਾਬ ਦੇ ਕਿਸਾਨਾਂ ਦੇ ਸਮਰਥਨ ਵਿਚ ਸਭ ਤੋਂ ਪਹਿਲਾਂ ਗੁਆਂਢੀ ਸੂਬੇ ਹਰਿਆਣਾ ਦੇ ਕਿਸਾਨ ਨਾਲ ਖੜ੍ਹੇ ਹੋਏ। ਹਰਿਆਣਵੀ ਕਿਸਾਨਾਂ ਨੇ ਪੰਜਾਬ ਨੂੰ ਵੱਡਾ ਭਰਾ ਮੰਨਦਿਆਂ ਖਾਤਰਦਾਰੀ ਵਾਲੀ ਸੇਵਾ ਅਤੇ ਮੋਰਚੇ 'ਤੇ ਬਰਾਬਰ ਡਟ ਕੇ  ਸੰਘਰਸ਼ੀਲ ਧਿਰਾਂ ਨੂੰ ਇਹ ਯਕੀਨ ਦਿਵਾਇਆ ਹੈ ਕਿ ਸਿਆਸੀ ਧਿਰਾਂ ਦੇ ਪਾਏ ਵਖਰੇਵੇਂ ਸਾਡੀ ਕੁਦਰਤੀ ਅਤੇ ਭਾਈਚਾਰਕ ਸਾਂਝ ਨੂੰ ਨਹੀਂ ਡੀਕ ਸਕਦੇ। ਟਿਕਰੀ ਬਾਰਡਰ 'ਤੇ ਮੈਟਰੋ ਲਾਈਨ ਦੇ ਨਾਲ ਨਾਲ ਹਰਿਆਣਵੀ ਖਾਪ ਪੰਚਾਇਤਾ ਦੇ ਧਰਨੇ ਅਤੇ ਭੁੱਖ ਹੜਤਾਲਾਂ ਚੱਲ ਰਹੀਆਂ ਹਨ। ਹਰਿਆਣਾ ਦੇ ਲੋਕਾਂ ਨੇ ਆਪਣੇ ਆਪਣੇ ਗੋਤ-ਬਰਾਦਰੀ ਦੀਆ ਅਲੱਗ ਪੰਚਾਇਤਾਂ ਬਣਾਈਆਂ ਹੋਈਆਂ ਹਨ। ਇਹੀ ਗੋਤਰ ਪੰਚਾਇਤਾਂ ਹੁਣ ਕਿਸਾਨਾਂ ਦੇ ਹੱਕ ਵਿਚ ਡਟੀਆਂ ਹੋਈਆਂ ਹਨ। ਹਰਿਆਣਵੀ ਛੋਰੇ ਥਾਂ ਥਾਂ ਲੰਗਰ ਲਾਈ ਬੈਠੇ ਹਨ। ਟਿਕਰੀ ਬਾਰਡਰ 'ਤੇ ਦੇਖਿਆ ਕਿ ਕਈ ਦਿਨਾਂ ਦੇ ਅਨੁਭਵ ਉਪਰੰਤ ਹਰਿਆਣਾ ਦੇ ਕਿਸਾਨਾਂ ਨੇ ਵੀ ਇਸ ਲੰਬੇ ਧਰਨੇ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਲਗਾਤਾਰ ਤੇ ਪੁਖਤਾ ਸਪਲਾਈ ਦਾ ਇਕ ਸਿਸਟਮ ਜਿਹਾ ਬਣਾ ਲਿਆ ਹੈ। ਉਹ ਜਦੋਂ ਵੀ ਸਬਜੀਆਂ ਤੇ ਦੁੱਧ ਆਦਿ ਦੀ ਗੱਡੀ ਭਰ ਕੇ ਲਿਆਉਂਦੇ ਹਨ, ਲੋੜ ਅਨੁਸਾਰ ਸਪਲਾਈ ਕਰਦੇ ਅੱਗੇ ਵਧਦੇ ਹਨ ਅਤੇ ਦੂਸਰੇ ਗੇੜੇ ਦੀ ਲੋੜ ਵੀ ਪੁੱਛਦੇ ਜਾਂਦੇ ਹਨ। ਮੇਰੇ ਦੇਖਦਿਆਂ ਹੀ ਬਹਾਦਰਗੜ੍ਹ ਰੋਡ ਵਾਲਾ ਚੌਕ, ਜਿੱਥੋਂ ਮੀਲਾਂ ਲੰਬਾ ਧਰਨਾ ਆਰੰਭ ਹੁੰਦਾ ਹੈ, ਉਥੇ ਸਮਾਨ ਦਾ ਭਰਿਆ ਇਕ ਟਰੱਕ ਦੁਆਬਾ ਖੇਤਰ ਵਿਚੋਂ ਆਇਆ ਕਿ ਕਿਸੇ ਨੂੰ ਰਸਦ ਜਾਂ ਕੰਬਲ ਤੇ ਪਾਣੀ ਗੀਜਰ ਚਾਹੀਦੇ ਹੋਣ ਦੱਸੋ? ਪਰ ਓਥੇ ਹਾਜਰ ਸੰਗਤਾਂ ਨੇ ਹੱਥ ਜੋੜ ਦਿੱਤੇ ਕਿ ਸਭ ਸਮਾਨ ਵਾਧੂ ਹੈ ਅਤੇ ਅਰਜ ਵੀ ਕੀਤੀ ਕਿ ਰਾਜਸਥਾਨ ਵਾਲੇ ਪਾਸੇ ਪੈਂਦੇ ਸ਼ਾਹਜਹਾਂਪੁਰ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਸਮਾਨ ਦੀ ਲੋੜ ਹੈ ਇਹ ਟਰੱਕ ਉਨਹਾਂ ਦੀ ਸੇਵਾ ਵਿਚ ਲਾ ਦਿਓ, ਏਨਾ ਸੁਣਨ ਸਾਰ ਹੀ ਡਰਾਈਵਰ ਨੇ ਟਰੱਕ ਰਾਜਸਥਾਨ ਬਾਰਡਰ ਵੱਲ ਨੂੰ ਸਿੱਧਾ ਕਰ ਦਿੱਤਾ। ਟਿਕਰੀ ਬਾਰਡਰ ਜਿੱਥੇ ਲਗਭਗ 20 ਕਿਲੋਮੀਟਰ ਲੰਬਾ ਧਰਨਾ ਹੈ, ਮੈਟਰੋ ਵਾਲੇ ਪਾਸੇ ਕਈ ਕਿਲੋਮੀਟਰ ਤੱਕ ਧਰਨੇ ਵਿਚ ਸ਼ਾਮਲ ਹੋਣ ਆਏ ਵੱਖ ਵੱਖ ਸਮੂਹ ਕਿਸਾਨਾਂ ਦੇ ਹੱਕ ਵਿਚ ਬੈਨਰ, ਤਖਤੀਆਂ ਅਤੇ 'ਕਾਲੇ ਕਾਨੂੰਨ ਰੱਦ ਕਰੋ' ਦੇ  ਗੂੰਜਦੇ ਨਾਅਰਿਆਂ ਦੇ ਨਾਲ ਨਾਲ ਪ੍ਰਦਰਸਨ਼ੀ ਮਾਰਚ ਕਰਦੇ ਹਨ। ਸ਼ਾਮ ਤੱਕ ਇਨਹਾਂ ਪ੍ਰਦਰਸ਼ਨਕਾਰੀ ਟੋਲੀਆਂ ਦੀ ਗਿਣਤੀ ਸੈਂਕੜੇ ਤੋਂ ਪਾਰ ਹੋ ਜਾਂਦੀ ਹੈ। ਨੌਜਵਾਨਾਂ ਦੇ ਭਾਂਤ-ਸੁਭਾਂਤੇ ਨਾਅਰੇ ਦੇਸ਼ ਦੀ ਜਵਾਨੀ ਦੇ ਅਦਰੂਨੀ ਵੇਗ ਦੀ ਗਵਾਹੀ ਭਰਦੇ ਨੇ। ਦਿੱਲੀ ਅਤੇ ਹੋਰ ਸੂਬਿਆਂ ਦੀਆਂ ਹਾਸ਼ੀਏ 'ਤੇ ਜਾ ਚੁੱਕੀਆਂ ਕਿਰਤੀ ਅਤੇ ਦੱਬੀਆਂ-ਕੁਚਲੀਆਂ ਧਿਰਾਂ ਵੀ ਆਪਣੀ ਮੁਕਤੀ ਨੁੰ ਇਸ ਮੋਰਚੇ ਦੀ ਹੋਣੀ ਨਾਲ ਮੇਲੇ ਦੇਖ ਰਹੀਆਂ ਹਨ। ਗੈਰ ਕਿਸਾਨੀ ਧਿਰਾਂ ਦਾ ਕਿਸਾਨੀ ਸੰਘਰਸ਼  ਦੀ ਪੈੜ ਵਿਚ ਪੈਰ ਧਰਨਾ ਵੀ ਕਿਸਾਨੀ ਘੋਲ ਦਾ ਜਿਕਰਯੋਗ ਹਾਸਲ ਹੈ।
ਸਿੰਘੂ ਸਰਹੱਦ ਅਤੇ ਟਿਕਰੀ ਧਰਨੇ 'ਤੇ ਦਿੱਲੀ ਵਾਸੀ ਸ਼ਹਿਰੀਆਂ ਦੀ ਵੀ ਭਰਵੀਂ ਹਾਜਰੀ ਰਹਿੰਦੀ ਹੈ ਉਹ ਥਾਂ ਥਾਂ ਚੱਲਦੇ ਲੰਗਰਾਂ ਵਿਚ ਸੇਵਾ ਕਰਨ ਦੇ ਨਾਲ ਨਾਲ  ਠੰਡ ਵਿਚ ਬੈਠੇ ਕਿਸਾਨਾਂ ਲਈ ਲੋੜੀਂਦੀ ਹਰ ਛੋਟੀ ਤੋਂ ਛੋਟੀ  ਸਹੂਲਤ ਦਾ ਖਿਆਲ ਕਰਦਿਆਂ ਰਸਦ ਅਤੇ ਚੀਜਾਂ-ਵਸਤਾਂ ਲੈ ਕੇ ਆਊਂਦੇ ਹਨ। ਬਹੁਤੇ ਥਾਈਂ ਮੈਂ ਦੇਖਿਆਂ ਕਿ ਦਾਨੀ ਸੱਜਣ ਵੰਡਣ ਲਈ ਜੋ ਗਰਮ ਵਸਤਰ ਜਾਂ ਹੋਰ ਲੋੜੀਂਦੀਆਂ ਚੀਜਾਂ ਲਿਆਉਂਦੇ ਹਨ, ਉਹ ਕੋਈ ਪ੍ਰਚਾਰਕ ਹੋਕਾ ਵੀ ਨਹੀਂ ਦਿੰਦੇ, ਬਸ ਚੁੱਪ ਚਾਪ ਆਪਣਾ ਸਮਾਨ ਵੰਡ ਕੇ ਅਲੋਪ ਹੋ ਜਾਂਦੇ ਹਨ, ਉਨਹਾਂ ਵਿਚ ਇਹ ਨਿੱਕੀ ਨਿੱਕੀ ਸੇਵਾ ਦੀਆਂ ਤਸਵੀਰਾਂ ਲੈਣ ਜਾਂ ਵਿਖਾਵਾ ਕਰਨ ਦੀ ਪ੍ਰਵਿਰਤੀ ਵੀ ਮੈਂ ਕਿਧਰੇ ਨਹੀਂ ਦੇਖੀ। ਮੁਢਲੇ ਦਿਨਾਂ ਵਿਚ ਭਾਵੇਂ ਬੀਬੀਆਂ ਦੀ ਹਾਜਰੀ ਘੱਟ ਸੀ ਪਰ ਹੁਣ ਬੀਬੀਆਂ ਨੇ ਵੀ ਮੋਰਚਾ ਭਖਾ ਲਿਆ ਹੈ। ਸਿੰਘੂ ਅਤੇ ਟਿਕਰੀ ਸਰਹੱਦ 'ਤੇ ਉਹ ਕਿਸਾਨ ਵੀਰਾਂ ਬਰਾਬਰ 11-11 ਦਾ ਜਥਾ ਬਣਾ ਕੇ 24 ਘੰਟੇ ਭੁੱਖ ਹੜਤਾਲ 'ਤੇ ਬੈਠ ਰਹੀਆਂ ਹਨ। ਟਿਕਰੀ ਦੇ ਧਰਨੇ ਵੱਲ ਜਾਂਦੇ ਰਸਤੇ 'ਤੇ ਇਕ ਹੋਰ ਸਟੇਜ ਹੈ ਪਕੌੜਾ ਚੌਕ ਵਾਲੀ ਸਟੇਜ, ਇਥੇ ਵੀ ਹਜਾਰਾਂ ਔਰਤਾਂ ਸਵੇਰ ਤੋਂ ਲੈ ਕੇ ਹਨੇਰੇ ਹੁੰਦੇ ਤੱਕ ਸਟੇਜ ਦੀ ਕਾਰਵਾਈ ਸਬਰ ਨਾਲ ਸੁਣਦੀਆਂ ਹਨ ਅਤੇ ਤਰਕਾਲਾਂ ਤੱਕ ਵੀ ਉਨਹਾਂ ਦਾ ਸੰਘਰਸ਼ੀ ਨਾਅਰਿਆਂ ਦੇ ਹੁੰਗਾਰੇ ਦਾ ਜ਼ੋਸ਼ ਮੱਠਾ ਨਹੀਂ ਪੈਂਦਾ। ਪੰਜਾਬੀ ਵਿਆਹ ਜਾਂ ਮਰਨੇ ਪਰਨੇ 'ਤੇ  ਜਾ ਕੇ ਵੀ ਆਪਣੇ ਘਰ ਪਰਤਣ ਦੀ ਕਾਹਲ ਵਿਚ ਰਹਿੰਦੇ ਹਾਂ ਪਰ ਏਥੇ ਡਟੇ ਬਜੁਰਗਾਂ, ਨੌਜਵਾਨਾਂ, ਬੀਬੀਆ ਅਤੇ ਕਾਫੀ ਗਿਣਤੀ ਵਿਚ ਆਏ ਬੱਚਿਆਂ ਵਿਚ ਮੈਂ ਘਰਾਂ ਨੂੰ ਮੁੜਨ ਦੀ ਕਾਹਲ ਦੀ ਕੋਈ ਵੀ ਲਕੀਰ ਕਿਸੇ ਦੇ ਚਿਹਰੇ 'ਤੇ ਨਹੀਂ ਦੇਖੀ। ਸਭ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਧਰਨੇ 'ਤੇ ਡਟੇ ਰਹਿਣ ਦਾ ਲੰਬਾ ਦਾਈਆ ਬੰਨ੍ਹ ਬੈਠਣ ਲਈ ਮਾਨਸਿਕ ਤੌਰ 'ਤੇ ਤਿਆਰ ਹਨ।
  3 ਮਹੀਨੇ ਤੋਂ ਲੰਬੇ ਇਸ ਕਿਸਾਨੀ ਸ਼ਘਰਸ਼ ਦੇ ਚੱਲਦਿਆਂ ਹੁਣ ਤੱਕ 50 ਤੋਂ ਵੱਧ ਕਿਸਾਨਾਂ ਦਾ ਅਚਾਨਕ ਜਾਂ ਹਾਦਸਾ ਵਸ ਵਿਛੜ ਜਾਣਾ ਵੀ ਇਸ ਲਹਿਰ ਦਾ ਦੁਖਦਾਈ ਪਹਿਲੂ ਹੈ। ਭਾਵੇਂ ਇਨਹਾਂ ਕਿਸਾਨੀ ਘੋਲ ਦੇ ਸ਼ਹੀਦ ਕਰਾਰ ਦਿੱਤੇ ਗਏ ਵਿਆਕਤੀਆਂ ਲਈ ਜਥੇਬੰਦੀਆਂ ਨੇ ਪ੍ਰਸ਼ਾ਼ਸ਼ਨ ਤੋਂ ਅੜ ਕੇ ਮੁਆਵਜੇ ਵੀ ਲਏ ਹਨ ਪਰ ਕਈ ਸੇਵਾ ਸੰਗਠਨਾਂ ਅਤੇ ਚਰਚਿਤ ਹਸਤੀਆਂ ਨੇ ਵੀ ਇਨਹਾਂ ਵਿਛੜੇ ਸਾਥੀਆਂ ਦੇ ਪਰਿਵਾਰਾਂ ਨੁੰ ਆਰਥਿਕ ਠੁੰਮਣਾ ਦਿੱਤਾ ਹੈ। ਕਿਸਾਨੀ ਘੋਲ ਚਿਰਾਂ ਬਾਅਦ ਪੰਜਾਬੀਆਂ ਦੇ ਅਣਕਿਆਸੇ ਏਕੇ ਦਾ ਸਬੱਬ ਬਣਿਆ ਹੈ। ਉਮਰ ਦੇ ਆਖਿਰੀ ਪੜਾਅ ਦੇ ਸਾਡੇ ਬਜੁਰਗਾਂ ਨੂੰ ਸਰਕਾਰ ਵਲੋਂ ਖੇਤਾਂ 'ਤੇ ਪੂੰਜੀਪਤੀਆਂ ਨੂੰ  ਕਬਜੇ ਲਈ ਘੜੀ ਕਾਨੂੰਨੀ ਮਾਨਤਾ ਦਾ ਮਾਨਸਿਕ ਦਬਾਓ ਵੀ ਝੱਲਣਾ ਪੈ ਰਿਹਾ ਹੈ। ਏਸ ਦੌਰ ਵਿਚ ਮਾਨਸਿਕ ਪੱਖੋਂ ਉਖੜੇ ਬਜੁਰਗਾਂ ਨੂੰ ਮਾਨਸਿਕ ਸਿਹਤਮੰਦੀ ਦੀ ਹਾਲਤ ਵਿਚ ਆਉਣ ਲਈ ਆਖਿਰੀ ਸਾਹ ਤੱਕ ਜੂਝਣਾ ਪਏਗਾ।  
ਕਿਸਾਨ ਆਗੂਆਂ ਦੀ ਇਨਹਾਂ ਕਾਨੂੰਨਾਂ ਦੀ ਬਰਖਾਸਗੀ ਨੂੰ ਲੈ ਕੇ ਹਕੂਮਤ ਨਾਲ ਪੜਾਅਵਾਰ ਵਾਰਤਾ ਜਾਰੀ  ਹੈ । ਧਰਨਾਕਾਰੀ ਲੋਕ ਦੇਸ਼ ਦਾ ਮੁੱਖ ਧਾਰਾ ਵਾਲਾ ਮੀਡੀਆ ਗੈਰਹਾਜਿਰ ਰਹਿਣ ਦੇ ਬਾਵਜੂਦ ਵੀ ਸ਼ੋਸ਼ਲ ਮੀਡੀਆ ਰਾਹੀਂ ਹਰ ਤਾਜੀ ਅਪਡੇਟ ਹਾਸਲ ਕਰ ਰਹੇ ਹਨ। ਹੁਣ ਤਾਂ ਕਿਸਾਨ ਮੋਰਚੇ ਨੇ ਵੀ ਕਿਸਾਨੀ ਸੰਘਰਸ ਵਿਰੁੱਧ ਨਾਂਹ ਪੱਖੀ ਪ੍ਰਚਾਰ ਨੂੰ ਨੱਪਣ ਅਤੇ ਸਹੀ ਗੱਲ ਲੋਕਾਂ ਤੱਕ ਪਹੁਚਾਉਣ ਲਈ  ਲਈ ਆਪਣਾ ਹੀ ਮੀਡੀਆ ਮੰਚ ਬਣਾ ਲਿਆ ਹੈ। ਲੋਕਾਂ ਨੂੰ ਕੇਂਦਰ-ਕਿਸਾਨ ਜਥੇਬੰਦੀਆਂ ਵਿਚਕਾਰ ਵਾਰਤਾ ਦੇ ਸਾਰਥਕ ਅਤੇ ਹਿੱਤਕਾਰੀ ਨਤੀਜੇ ਵਿਚ ਦੇਰੀ ਹੋਣ ਜਾਂ ਇੱਛਿਤ ਨਤੀਜੇ ਨਾ ਹਾਸਲ ਕਰ ਸਕਣ ਦਾ ਵੀ ਇਲਮ ਹੈ। ਅਜਿਹੀ ਹਾਲਤ ਵਿਚ ਉਹ ਸੰਘਰਸ਼ ਨੂੰ ਹੋਰ ਲੰਬਾ ਅਤੇ ਦੇਸ਼ ਦੇ ਹਰ ਖਿੱਤੇ ਅਤੇ ਹਰ ਵਰਗ ਤੱਕ ਲਿਜਾਣ ਦਾ ਅਹਿਦ ਕਰਨ ਨੂੰ ਵੀ ਤਿਆਰ ਬੈਠੇ ਹਨ। ਇਹ ਇਕ ਲੰਬੀ ਲੜਾਈ ਹੈ। ਇਸ ਦੀ ਗੰਭੀਰਤਾ ਅਤੇ ਅਡੋਲਤਾ ਨੇ ਉੱਤਰੀ ਭਾਰਤ ਦੀਆਂ ਸਿਆਸੀ ਧਿਰਾਂ ਦੇ ਸਾਹ ਸੂਤ ਰੱਖੇ ਹਨ ਖਾਸ ਕਰ ਪੰਜਾਬ ਅਤੇ ਹਰਿਆਣਾ ਦੀਆਂ ਸਿਆਸੀ ਜਮਾਤਾਂ ਵੀ ਤੇਲ ਦੀ ਧਾਰ ਵੇਖ ਰਹੀਆਂ ਹਨ। ਇਹ ਗੱਲ ਹੁਣ ਨਿੱਤਰਨ ਵਾਲੀ ਹੀ ਹੈ ਕਿ ਕਿਸਾਨੀ ਘੋਲ ਦਾ ਉਤਰਾਅ-ਚੜਾਅ ਪੰਜਾਬ ਵਿਚ ਨਿਵੇਕਲੀ ਸਿਆਸੀ ਪਿਰਤ ਦੀ ਆਰੰਭਤਾ ਦਾ ਬੀਜ ਸਮੋਈ ਬੈਠਾ ਹੈ।

5 ਜਨਵਰੀ,(ਪਰਮਜੀਤ ਸਿੰਘ ਬਾਗੜੀਆ 98147 65705)