Parvinder Singh

ਦੂਰਦਰਸਨ ਜਲੰਧਰ ਦਾ ਮਾਣ ਐਡੀਟਰ/ ਪ੍ਰੋਡਿਊਸਰ ਸੁਰਿੰਦਰ ਬਾਲੀ -  ਪਰਵਿੰਦਰਜੀਤ ਸਿੰਘ

ਦੂਰਦਰਸ਼ਨ ਜਲੰਧਰ ਦਾ ਸ਼ਾਨਾਂਮੱਤਾ ਇਤਿਹਾਸ ਹੈ। ਕਲਾ ਦੇ ਇਸ ਕੇਂਦਰ ਨੇ ਕਈ ਵੱਡੇ ਕਲਾਕਾਰ ਪੈਦਾ ਕੀਤੇ ਅਤੇ ਇਨ੍ਹਾਂ ਕਲਾਕਾਰਾਂ ਨੇ ਦੁਨੀਆਂ ਵਿੱਚ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡੇ। ਗੁਰਦਾਸ ਮਾਨ, ਸਰਦੂਲ ਸਿਕੰਦਰ ਅਤੇ ਹਰਭਜਨ ਮਾਨ ਵਰਗੇ ਕਈ ਨਾਮ ਹਨ ਜਿਨ੍ਹਾਂ ਨੂੰ ਦੂਰਦਰਸ਼ਨ ਨੇ ਲੋਕਾਂ ਦੇ ਰੂਬਰੂ ਕੀਤਾ ਇਹ ਸਟਾਰ ਕਲਾਕਾਰ ਬਣੇ। ਦੂਰਦਰਸ਼ਨ ਜਲੰਧਰ ਦੀ ਇਹ ਖਾਸੀਅਤ ਰਹੀ ਹੈ ਕਿ ਇਹ ਵੱਖ ਵੱਖ ਕਲਾਵਾਂ ਨਾਲ ਜੁੜੇ ਕਲਾਕਾਰ ਭਾਵੇਂ ਅਭਿਨੈ ਦਾ ਖੇਤਰ ਹੋਵੇ, ਕੋਮਲ ਕਲਾਵਾਂ, ਗਿਆਨ ਵਿਗਿਆਨ, ਐਂਕਰਿੰਗ ਜਾਂ ਕਲਾ ਦਾ ਕੋਈ ਹੋਰ ਖੇਤਰ ਹੋਵੇ ਦੇ ਕਲਾਕਾਰਾਂ ਨੂੰ ਸਰੋਤਿਆਂ ਅੱਗੇ ਪੇਸ਼ ਕਰਨਾ ਆਪਣਾ ਫਰਜ਼ ਸਮਝਦਾ ਹੈ। ਇਨ੍ਹਾਂ ਪ੍ਰੋਗਰਾਮਾਂ ਨੂੰ ਪੈਦਾ ਕਰਨ, ਬਣਾਉਣ ਦੀ ਸਾਰੀ ਜਿੰਮੇਵਾਰੀ ਦੂਰਦਰਸ਼ਨ ਦੇ ਪ੍ਰੋਡਿਊਸਰਾਂ ਦੇ ਸਿਰ ਹੁੰਦੀ ਹੈ। ਦੂਰਦਰਸ਼ਨ ਜਲੰਧਰ ਨਾਲ ਜੁੜੇ ਕਈ ਅਜਿਹੇ ਪ੍ਰੋਡਿਊਸਰ ਹਨ ਜਿਨ੍ਹਾਂ ਨੇ ਆਪਣੀ ਸੂਝ ਦਾ ਲੋਹਾ ਮਨਵਾਇਆ ਅਤੇ ਦੂਰਦਰਸ਼ਨ ਜਲੰਧਰ ਦੀ ਸਾਨ ਨੂੰ ਚਾਰ ਚੰਨ ਲਾਉਣ ਵਿੱਚ ਆਪਣਾ ਫਰਜ ਸਮਝਿਆ ਹੈ। ਅਜਿਹੇ ਹੀ ਇੱਕ ਬੇਦਾਗ ਪ੍ਰੋਡਿਊਸਰ ਹਨ ਸੁਰਿੰਦਰ ਸਿੰਘ ਬਾਲੀ।
      ਦੂਰਦਰਸਨ ਜਲੰਧਰ ਨੂੰ ਦੇਖਣ ਵਾਲੇ ਸਰੋਤੇ ਜਾਣਦੇ ਹਨ ਕਿ ਰੋਜ਼ਾਨਾ ਕਈ ਅਜਿਹੇ ਪ੍ਰੋਗਾਰਾਮ ਦੂਰਦਰਸ਼ਨ ਜਲੰਧਰ ਵੱਲੋਂ ਪੇਸ਼ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਖਤਮ ਹੋਣ ਤੋਂ ਬਾਅਦ ਸਕਰੀਨ ਤੇ ਸੁਰਿੰਦਰ ਬਾਲੀ ਦਾ ਨਾਮ ਰੂਪਮਾਨ ਹੁੰਦਾ ਹੈ। ਸੁਰਿੰਦਰ ਬਾਲੀ ਦਾ ਜਨਮ ਮਾਤਾ ਤੇਜ ਕੌਰ ਦੀ ਕੁੱਖੋਂ ਸ: ਬਲਵੰਤ ਸਿੰਘ ਦੇ ਘਰ ਸੰਨ 1974 ਵਿੱਚ ਹੋਇਆ ਉਹ ਸ੍ਰੀ ਨਗਰ ਦੀਆਂ ਵਾਦੀਆਂ ਵਿੱਚ ਪਲਿਆ ਖੇਡਿਆ ਤੇ ਜਵਾਨ ਹੋਇਆ। ਉਸ ਨੇ ਸੁੰਦਰ ਵਾਦੀਆਂ ਵਿੱਚ ਸੇਬ, ਚਿਨਾਰ ਅਤੇ ਦੇਵਦਾਰ ਦੇ ਹਰੇ ਕਚੂਰ ਦੇ ਦਰਖਤਾਂ ਨੂੰ ਝੂਮਦੇ ਵੇਖਿਆ ਬਰਫਾਂ ਬਰਸਾਤਾਂ ਦੇ ਮੌਸਮਾਂ ਨੂੰ ਮਾਣਿਆ ਅਤੇ ਉਸ ਅੰਦਰ ਆਪਣੇ ਵਤਨ ਦੀ ਮਿੱਟੀ ਲਈ ਕੁਝ ਕਰਨ ਦੇ ਜਜਬੇ ਨੇ ਅੰਗੜਾਈ ਲਈ। ਉਹ ਪੜ੍ਹਾਈ ਪੂਰੀ ਕਰਕੇ ਦੂਰਦਰਸ਼ਨ ਕੇਂਦਰ ਵਿੱਚ ਰਾਏਪੁਰ ਬਤੌਰ ਪ੍ਰਰੋਡਿਊਸਰ ਨਿਯੁਕਤ ਹੋਇਆ। ਸੁਰਿੰਦਰ ਬਾਲੀ ਨੇ ਕੁਝ ਚਰਰਿਤ ਪ੍ਰੋਗਰਾਮ ਬਣਾਏ ਜਿਨ੍ਹਾਂ ਵਿੱਚ ਉਸ ਵੱਲੋਂ ਵਿਸਾਖੀ ਦੇ ਤਿਉਹਾਰ 'ਤੇ ਬਣਾਏ ਪ੍ਰੋਗਰਾਮ ''ਕਣਕਾਂ ਬੋਲ ਪਈਆਂ" ਨੂੰ ਨੈਸ਼ਨਲ ਐਵਾਰਡ ਲਈ ਨਾਮਜਦ ਕੀਤਾ ਗਿਆ। ਇਸੇ ਤਰਾਂ ਨਵੇਂ ਸਾਲ ਦੇ ਪ੍ਰੋਗਰਾਮ 'ਟਿੱਕ ਟਿੱਕ ਟਿੱਕ ਦੋ ਹਜਾਰ ਇੱਕ' ਅਤੇ 'ਬਚ ਕੇ ਮੋੜ ਤੋਂ' ਬਣਾ ਕੇ ਸੁਰਿੰਦਰ ਬਾਲੀ ਨੇ ਜਿੱਥੇ ਦੂਰਦਰਸ਼ਨ ਜਲੰਧਰ ਦੀ ਸਾਖ ਬਣਾਈ ਉੱਥੇ ਆਪਣੀ ਸੂਝ ਅਤੇ ਕੰਮ ਪ੍ਰਤੀ ਲਗਨ ਦਾ ਸਬੂਤ ਵੀ ਦਿੱਤਾ। ਨਵੇਂ ਸਾਲ ਦੇ ਪ੍ਰੋਗਰਾਮਾਂ ਤੋਂ ਇਲਾਵਾ ਬੇਹੱਦ ਚਰਚਿਤ ਨਾਟਕ 'ਸਤਰੰਜ' ਦੀ ਐਡੀਟਿੰਗ ਸੁਰਿੰਦਰ ਬਾਲੀ ਨੇ ਕੀਤੀ। ਦੂਰਦਰਸ਼ਨ ਜਲੰਧਰ ਦੇ ਖਾਸ ਪ੍ਰੋਗਰਾਮ ''ਖਾਸ ਖਬਰ ਇੱਕ ਨਜ਼ਰ" ਪਿਛਲੇ ਅਰਸੇ ਤੋਂ ਬਤੌਰ ਪ੍ਰੋਡਿਊਸਰ ਉਹ ਸਫਲਤਾ ਪੂਰਵਕ ਨਿਭਾ ਰਿਹਾ ਹੈ। ਅਜਕਲ 'ਨਿਊਜ਼', 'ਅੱਜ ਦਾ ਮਸਲਾ' 'ਸਰਗਰਮੀਆਂ', 'ਬੌਧ ਕਥਾ', ਅਤੇ ਹਰ ਐਤਵਾਰ ਨੂੰ 'ਸੱਜਰੀ ਸਵੇਰ' ਵਿੱਚ 'ਗੱਲਾਂ ਤੇ ਗੀਤ' ਆਦਿ ਪ੍ਰੋਗਰਾਮਾਂ ਲਈ ਸੁਰਿੰਦਰ ਬਾਲੀ ਅੱਜ ਆਪਣੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਦੂਰਦਰਸ਼ਨ ਨੂੰ ਉਹ ਆਪਣਾ ਮੱਕਾ ਮੰਨਦਾ ਹੈ ਬੇਸ਼ੱਕ ਉਹਦਾ ਜਨਮ ਸ੍ਰੀ ਨਗਰ ਵਿੱਚ ਹੋਇਆ ਪਰ ਪੰਜਾਬੀਅਤ ਉਸ ਦੇ ਖੂਨ ਵਿੱਚ ਹੈ। ਉਹ ਆਖਦਾ ਹੈ ਪੰਜਾਬੀ ਮਾਂ ਬੋਲੀ ਦਾ ਮੇਰੇ ਸਿਰ ਵੱਡਾ ਕਰਜ਼ ਹੈ ਜਿਸ ਨੂੰ ਜਿੰਨਾਂ ਵੀ ਹੋ ਸਕੇ ਲਾਹੁਣ ਦੀ ਕੋਸ਼ਿਸ਼ ਕਰਦਾ ਹਾਂ।
      ਦੂਰਦਰਸ਼ਨ ਦੇ ਧਾਰਮਿਕ ਪ੍ਰੋਗਰਾਮ 'ਸੋ ਥਾਵ ਸੁਹਾਵਾ' ਬਣਾਉਣ ਲਈ ਉਹ ਗੁਰੂ ਨਾਨਕ ਦੇਵ ਜੀ ਦੇ ਅਸਥਾਨ 'ਪੱਥਰ ਸਾਹਿਬ' ਲਦਾਖ ਵਿਖੇ ਗਿਆ ਇਹ ਪ੍ਰੋਗਰਾਮ ਇੰਨਾ ਖੂਬਸੂਰਤ ਅਤੇ ਚਰਚਿਤ ਰਿਹਾ ਕਿ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਉਸ ਨੂੰ ਵਿਸ਼ੇਸ਼ ਸਨਮਾਨ ਦੇ ਕੇ ਮਾਣ ਦਿੱਤਾ ਗਿਆ। ਬਾਲੀ ਨੇ ਪੰਜਾਬ ਤੋਂ ਬਾਹਰ ਜਿਵੇਂ ਦੂਰਦਰਸ਼ਨ ਰਾਏਪੁਰ, ਛੱਤੀਸਗੜ, ਜੰਮੂ ਅਤੇ ਲਦਾਖ ਆਦਿ ਸਟੇਸ਼ਨਾਂ 'ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਪਰ ਇਸ ਦੌਰਾਨ ਵੀ ਉਸ ਦਾ ਪੰਜਾਬੀ ਪ੍ਰਤੀ ਮੋਹ ਬਰਕਰਾਰ ਰਿਹਾ। ਜੰਮੂ ਦੂਰਦਰਸ਼ਨ ਲਈ ਉਸ ਨੇ ਇੱਕ ਵਿਸ਼ੇਸ਼ ਪ੍ਰੋਗਰਾਮ 'ਤੇਰੀਆਂ ਅੱਖਾਂ ਮੇਰੇ ਅੱਥਰੂ' ਬਣਾਇਆ ਇਸ ਨੂੰ ਭਾਰਤੀ ਦੂਰਦਰਸਨ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦਾ ਦਰਜਾ ਦਿੱਤਾ ਗਿਆ।
   ਇੱਕੋ ਵੇਲੇ ਕਈ ਪ੍ਰੋਗਰਾਮ ਬਣਾਉਣੇ ਜਾਂ ਲਾਈਵ ਕਰਨੇ ਸੁਰਿੰਦਰ ਬਾਲੀ ਦਾ ਹਾਸਲ ਹੈ। ਦੂਰਦਰਸਨ ਵਿੱਚ ਲਾਈਵ ਪ੍ਰੋਗਰਾਮਾਂ ਨੂੰ ਇੱਕ ਤਰਾਂ੍ਹ ਨਾਲ ਵੱਡਾ ਰਿਸਕ ਸਮਝਿਆ ਜਾਂਦਾ ਹੈ। ਪਰ ਬਾਲੀ ਵਿੱਚ ਇਹ ਖਾਸੀਅਤ ਹੈ ਕਿ ਉਹ ਹਰ ਤਰਾਂ੍ਹ ਦੇ ਪ੍ਰੋਗਰਾਮਾਂ ਨੂੰ ਸੁਚੱਜੇ ਢੰਗ ਨਾਲ ਕਰਨਾ ਜਾਣਦਾ ਹੈ। ਪਿਛਲੇ ਕੁਝ ਅਰਸੇ ਤੋਂ ਖਬਰਾਂ ਤੋਂ ਇਲਾਵਾ 'ਖਾਸ ਖਬਰ ਇੱਕ ਨਜ਼ਰ' ਪ੍ਰੋਗਰਾਮ ਜੋ ਦੂਰਦਰਸ਼ਨ ਦਾ ਹਾਸਲ ਹੈ ਨੂੰ ਸੁਰਿੰਦਰ ਬਾਲੀ ਆਪਣੀ ਸੂਝ ਨਾਲ ਬੜੇ ਸਫਲਤਾ ਪੂਰਵਕ ਢੰਗ ਨਾਲ ਪੇਸ਼ ਕਰ ਰਿਹਾ ਹੈ।
      ਸੁਰਿੰਦਰ ਬਾਲੀ ਦੀ ਇਹ ਸਿਫਤ ਹੈ ਕਿ ਉਹ ਯਾਰਾਂ ਦਾ ਯਾਰ ਬੰਦਾ ਹੈ ਝੱਟ ਵਿੱਚ ਦੂਜੇ ਬੰਦੇ ਨਾਲ ਘੁਲ-ਮਿਲ ਜਾਂਦਾ ਹੈ। ਆਪਣੇ ਫਰਜ਼ਾਂ ਪ੍ਰਤੀ ਉਹ ਸੁਚੇਤ ਹੈ। ਬਿਨਾਂ ਕਿਸੇ ਲਿਹਾਜ ਦੇ ਉਹ ਆਪਣੇ ਕੰਮ ਨੂੰ ਤਰਜੀਹ ਦੇਣੀ ਆਪਣਾ ਫਰਜ਼ ਸਮਝਦਾ ਹੈ। ਉਸ ਕੋਲ ਕਲਾ ਨੂੰ ਉਜਾਗਰ ਕਰਨ ਦਾ ਹੁਨਰ ਹੈ। ਉਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਉਦਾਸ ਵੀ ਹੁੰਦਾ ਹੈ ਅਤੇ ਆਪਣੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਵੀ ਕਰਦਾ ਹੈ। ਸੁਰਿੰਦਰ ਸਿੰਘ ਬਾਲੀ ਅਜਕਲ ਆਪਣੀ ਸੂਝਵਾਨ ਪਤਨੀ ਰੁਪਿੰਦਰ ਕੌਰ ਅਤੇ ਬੇਟੇ ਮੰਨਤਪਾਲ ਸਿੰਘ ਨਾਲ ਜਲੰਧਰ ਵਿਖੇ ਰਹਿ ਕੇ ਸਫਲਤਾ ਪੂਰਵਕ ਆਪਣੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ।