Pro Avtar Singh

ਪਰਵਰਿਸ਼, ਸਿੱਖੀ ਦੀ ਸਮਝ ਅਤੇ ਦਰਦ - ਅਵਤਾਰ ਸਿੰਘ (ਪ੍ਰੋ)

ਚਾਰ ਪੰਜ ਸਾਲ ਦਾ ਹੋਵਾਂਗਾ, ਜਦ ਮੇਰੀ ਵੱਡੀ ਭੈਣ ਨੇ ਘਰੇ ਨਿੰਮ ਹੇਠ ਮੈਨੂੰ ਜ਼ਮੀਨ ‘ਤੇ ਊੜਾ ਐੜਾ ਵਾਹੁਣਾ ਸਿੱਖਾ ਦਿੱਤਾ। ਪਤਾ ਨਹੀਂ ਭੈਣ ਨੇ ‘ਪ੍ਰੋਫੈਸਰ’ ਸ਼ਬਦ ਕਿੱਥੋਂ ਸੁਣਿਆ ਹੋਵੇਗਾ, ਉਹ ਮੈਨੂੰ ‘ਮੇਰਾ ਪ੍ਰੋਫੈਸਰ ਵੀਰਾ’ ਆਖਦੀ।

ਬਚਪਨਾ ਸੀ। ਮੇਰਾ ਬੜਾ ਜੀ ਕਰਨਾ ਕਿ ਪੱਗ ਬੰਨ੍ਹਾਂ। ਪਿਤਾ ਜੀ ਦੀ ਕੇਸਕੀ ਮੈਂ ਆਪਣੇ ਗੋਡੇ ‘ਤੇ ਬੰਨ੍ਹ ਬੰਨ੍ਹ ਦੇਖਦਾ। ਇਹ ਸ਼ੌਕ ਦੇਖਕੇ ਮੇਰੀ ਦੂਜੀ ਵੱਡੀ ਭੈਣ ਨੇ ਮੇਰੇ ਸਿਰ ‘ਤੇ ਕਦੀ ਕਦੀ ਪੱਗ ਬੰਨ੍ਹ ਦੇਣੀ ਤੇ ਮੈਂ ਸਿਰ ‘ਤੇ ਪੱਗ ਬੱਝੀ ਦੇਖਣ ਲਈ ਮੁੜ ਮੁੜ ਸ਼ੀਸ਼ਾ ਦੇਖਦਾ।

ਪੜ੍ਹਨ ਲਿਖਣ ਨੂੰ ਮੇਰਾ ਜੀ ਕਾਹਲ਼ਾ ਪੈਂਦਾ। ਮੇਰਾ ਸ਼ੌਂਕ ਦੇਖ ਕੇ ਚੰਡੀਗੜ੍ਹ ਵਾਲ਼ੇ ਜੀਜਾ ਜੀ ਨੇ ਮੈਨੂੰ ਸੈਂਟੀਨਲ ਦਾ ਪੈੱਨ ਲਿਆ ਦਿੱਤਾ। ਹੱਥ ਵਿੱਚ ਇੰਨਾ ਸੋਹਣਾ ਪੈੱਨ ਦੇਖ ਦੇਖ ਮੇਰੀ ਅੱਡੀ ਨਾ ਲੱਗਦੀ। ਅੱਛਾ ਪੈੱਨ ਰੱਖਣ ਦਾ ਸ਼ੌਂਕ ਮੇਰੇ ਖ਼ੂਨ ਵਿੱਚ ਰਮ ਗਿਆ। ਮੈਂ ਆਪਣੇ ਵੱਡੇ ਭਾਈਆਂ ਦੀਆਂ ਪੁਰਾਣੀਆਂ ਕਾਪੀਆਂ ‘ਤੇ ਊੜਾ ਐੜਾ ਲਿਖ ਲਿਖ ਦੇਖਦਾ।

ਭੈਣ ਕੋਲ਼ ਚੰਡੀਗੜ੍ਹ ਗਿਆ ਤਾਂ ਮੇਰਾ ਭਾਣਜਾ ਸਕੂਲ ਵਿੱਚ ਪੜ੍ਹਨ ਲੱਗ ਪਿਆ ਸੀ। ਉਹ ਏ ਬੀ ਸੀ ਲਿਖਦਾ ਤਾਂ ਮੈਂ ਉਸਨੂੰ ਨੀਝ ਲਾ ਲਾ ਦੇਖਦਾ। ਇੱਕ ਦਿਨ ਮੈਂ ਏ ਲਿਖਣੀ ਸਿੱਖ ਲਈ ਤੇ ਦੂਜੇ ਦਿਨ ਡੀ ਤੱਕ ਪੁੱਜ ਗਿਆ। ਮੈਂ ਉੱਥੇ ਹਫ਼ਤਾ ਕੁ ਰਿਹਾ ਤੇ ਪੂਰੀ ਏ ਬੀ ਸੀ ਸਿੱਖ ਲਈ। ਮੇਤੋਂ ਛੋਟਾ, ਮੇਰਾ ਭਾਣਜਾ ਮੇਰਾ ਉਸਤਾਦ ਬਣ ਗਿਆ। ਅਸੀਂ ਕਦੀ ਕਦੀ ਰੋਜਗਾਰਡਨ ਵਿੱਚ ਘੁੰਮਣ ਜਾਂਦੇ, ਆਈਸਕ੍ਰੀਮ ਖਾਂਦੇ ਤਾਂ ਸਾਨੂੰ ਲੱਗਦਾ ਜਿਵੇਂ ਅਸੀਂ ਅੰਗਰੇਜ਼ ਹੋਈਏ; ਕਿਉਂਕਿ ਸਾਨੂੰ ਦੋਹਾਂ ਨੂੰ ਏ ਬੀ ਸੀ ਆਉਂਦੀ ਸੀ। ਜਿਉਮੈਟਰੀਕਲ ਜਹੇ ਪੁਲ਼ ‘ਤੇ ਨੱਠ ਨੱਠ ਜਾਣਾ ਤੇ ਉਹ ਚੱਲਦਾ ਫੁਆਰਾ ਦੇਖਣਾ। ਸੋਲ਼ਾਂ ਸੈਕਟਰ ਦੇ ਸਟੇਡੀਅਮ ਦੀਆਂ ਪੌੜੀਆਂ ‘ਚ ਬੈਠੇ ਅਸੀਂ ਗੱਲਾਂ ਕਰਦੇ ਰਹਿੰਦੇ ਤੇ ਕਦੀ ਕਦੀ ਬਾਈ ਤੇਈ ਅਤੇ ਸੋਲ਼ਾਂ ਸਤਾਰਾਂ ਦੇ ਗੋਲ਼ ਚੌਂਕ ਵਿੱਚ ਪਤੰਗ ਉੜਾਉਂਦੇ।

ਮੈਂ ਸੱਤ ਸਾਲ ਦਾ ਹੋਵਾਂਗਾ। ਮੇਰੇ ਪਿਤਾ ਜੀ ਮੈਨੂੰ ਸਾਇਕਲ ‘ਤੇ ਸਕੂਲ ਲੈ ਗਏ ਤੇ ਦਾਖਲ ਕਰਾ ਆਏ। ਮਾਸਟਰ ਜੀ ਨੇ ਮੇਰਾ ਨਾਂ ਹੀ ਪੁੱਛਿਆ ਤੇ ਜਨਮ ਤਰੀਕ, ਉਸ ਸਾਲ ਦਾਖਲ ਹੋਣ ਵਾਲੇ ਵਿਦਿਆਰਥੀ ਦੀ, ਉਹ ਇੱਕ ਹੀ ਲਿਖਦੇ ਸਨ — ਇੱਕ ਚਾਰ ਉੱਨੀ ਸੌ ਬਾਹਟ।

ਜਾਂਦੇ ਹੋਏ ਪਿਤਾ ਜੀ ਨੇ ਸ਼ੇਖੂਪੁਰੀਏ ਦੀਪ ਦੀ ਹੱਟੀ ਤੋਂ ਮੈਨੂੰ ਬਾਲਉਪਦੇਸ਼ ਲੈ ਦਿੱਤਾ। ਮੇਰੀ ਬੀਬੀ ਨੇ ਕੋਈ ਪੁਰਾਣਾ ਕੱਪੜਾ ਉਧੇੜ ਕੇ ਸੂਈ ਧਾਗੇ ਨਾਲ਼ ਮੇਰੇ ਲਈ ਨਿੱਕਾ ਜਿਹਾ ਝੋਲ਼ਾ ਸੀਂ ਦਿੱਤਾ। ਅਗਲੇ ਦਿਨ ਮੈਂ ਤੜਕੇ ਉੱਠਿਆ, ਇਸ਼ਨਾਨ ਕੀਤਾ, ਭੈਣ ਨੇ ਸਿਰ ਵਾਹਿਆ ਤੇ ਸਿਰ ‘ਤੇ ਰੁਮਾਲ ਬੰਨ੍ਹ ਦਿੱਤਾ। ਚਾਈਂ ਚਾਈਂ ਝੋਲਾ ਚੁੱਕਿਆ ਤੇ ਆਪਣੇ ਵੱਡੇ ਭਾਈਆਂ ਤੋਂ ਵੀ ਪਹਿਲਾਂ ਸਕੂਲ ਚਲਿਆ ਗਿਆ।

ਉਦੋਂ  ਕਲਾਸ ਨੂੰ ਜਮਾਤ ਕਹਿੰਦੇ ਸਨ ਤੇ ਮੈਂ ਆਪਣੀ ਜਮਾਤ ਵਿੱਚ ਬਹਿ ਗਿਆ। ਭੈਣਜੀ ਆਏ, ਹਾਜ਼ਰੀ ਲੱਗੀ ਤੇ ਮੇਰਾ ਨਾਂ ਬੋਲਿਆ।  ਉਸਨੇ ਕੈਦਾ ਕੱਢਣ ਨੂੰ ਕਿਹਾ ਤੇ ਸਾਨੂੰ ਊੜਾ ਐੜਾ ਪੜ੍ਹਾਇਆ। ਮੈਂ ਤਵੱਜੋ ਨਾ ਦਿੱਤੀ ਤਾਂ ਉਸਨੇ ਮੈਨੂੰ ਖੜ੍ਹਾ ਕਰ ਲਿਆ ਤੇ ਕਿਹਾ ‘ਬੋਲ ਮੈਂ ਕੀ ਪੜ੍ਹਾਇਆ’। ਮੈਂ ਸਾਰਾ  ਕੈਦਾ ਪੜ੍ਹ ਦਿੱਤਾ ਤਾਂ ਉਸਨੇ ਮੈਨੂੰ ਕੋਲ ਬੁਲਾਇਆ ਤੇ ਘਰ ਦੇ ਕੱਲੇ ਕੱਲੇ ਜੀ ਬਾਬਤ ਪੁੱਛਿਆ। ਕਹਿਣ ਲੱਗੀ ‘ਤੂੰ ਹੁਣ ਰੋਜ ਆਇਆ ਕਰਨਾ, ਛੁੱਟੀ ਨਹੀਂ ਕਰਨੀ ਤੇ ਸਭ ਤੋਂ ਮੋਹਰੇ ਬਹਿਣਾ।

ਉਹ ਭੈਣਜੀ ਪਕੜੁੱਧੀ ਪਿੰਡ ਤੋਂ ਰੋਜ ਸਾਈਕਲ ‘ਤੇ ਆਉਂਦੀ। ਉਸਦੇ ਸੈਂਡਲ, ਪਜਾਮੀ, ਜੈਂਪਰ ਤੇ ਦੁਪੱਟਾ ਮੈਨੂੰ ਅੱਜ ਤੱਕ ਯਾਦ ਹੈ; ਉਸਦਾ ਚਿਹਰਾ ਜਿਵੇਂ ਕੰਵਲ ਦੀ ਪੱਤੀ। ਉਹ ਗੁੱਤ ਕਰਦੀ ਤੇ ਕਦੇ ਕਦੇ ਵਾਲ਼ਾਂ ‘ਚ ਰਬੜ ਪਾ ਕੇ ਰੱਖਦੀ। ਉਹ ਹੁੰਦੀ ਤਾਂ ਮੈਨੂੰ ਸਕੂਲ ਸਕੂਲ ਲੱਗਦਾ। ਮੈਂ ਐਤਵਾਰ ਮਸਾਂ ਕੱਟਣਾ ਤੇ ਵਿੱਚ ਆਈ ਕੋਈ ਛੁੱਟੀ ਕਲਜੋਗਣ ਜਹੀ ਲੱਗਣੀ। ਛੱਬੀ ਜਨਵਰੀ, ਪੰਦਰਾਂ ਅਗਸਤ ਤੇ ਦੋ ਅਕਤੂਬਰ ਮੈਨੂੰ ਰਤਾ ਨਾ ਭਾਉਂਦੇ। ਬਸ ਭੈਣਜੀ ਭੈਣਜੀ। ਸਕੂਲ ਜਾਂਦੇ ਨੂੰ ਬੀਬੀ ਨੇ ਕਹਿਣਾ: ਜਾਹ, ਤੇਰੀ ਭੈਣਜੀ ਉਡੀਕਦੀ ਹੋਈ ਆਂ।

ਇਕ ਦਿਨ ਘਰੇ ਮੇਰੇ ਪੈਰ ‘ਤੇ ਸਾਗ ਚੀਰਨੇ ਵਾਲ਼ੀ ਦਾਤੀ ਵੱਜੀ। ਪਿਤਾ ਜੀ ਸ਼ਾਮ ਨੂੰ ਸਾਈਕਲ ‘ਤੇ ਬਹਾਲ਼ਦੇ ਤੇ ਜਾਡਲੇ, ਮੇਰੇ ਚਾਚਾ ਜੀ ਲੱਗਦੇ, ਡਾ ਮਲਕੀਤ ਸਿੰਘ ਕੋਲ ਮੱਲ੍ਹਮਅ-ਪੱਟੀ ਕਰਾਉਣ ਲੈ ਜਾਂਦੇ। ਪੂਰੇ ਸੱਤ ਦਿਨ ਪੱਟੀਆਂ ਹੋਈਆਂ ਮੈਂ ਇੱਕ ਵੀ ਛੁੱਟੀ ਨਾ ਕੀਤੀ। ਲੰਗੜਾਅ ਲੰਗੜਾਅ ਕੇ ਸਕੂਲ ਚਲਿਆ ਜਾਂਦਾ। ਊੜਾ ਐੜਾ ਤਾਂ ਮੈਨੂੰ ਆਉਂਦਾਂ ਹੀ ਸੀ, ਉਸ ਭੈਣਜੀ ਨੇ ਮੈਨੂੰ ਗਿਣਤੀ ਸਿਖਾ ਦਿੱਤੀ ਤੇ ਦੂਣੀ ਦਾ ਪਹਾੜਾ ਰਟਾ ਦਿੱਤਾ। ਮੈਂ ਉਸਦੇ ਕੋਲ਼ ਜਾਂਦਾ ਤਾਂ ਉਹ ਕਈ ਬਾਰ ਮੈਨੂੰ ਘੁੱਟ ਕੇ ਨਾਲ਼ ਲਾ ਲੈਂਦੀ। ਕੋਈ ਐਨਾ ਵੀ ਪਿਆਰ ਕਰ ਸਕਦਾ ਹੈ! ਮੈਨੂੰ ਹੈਰਾਨੀ ਹੁੰਦੀ ਤੇ ਖ਼ੁਸ਼ੀ ਵੀ।

ਦੂਜੀ, ਤੀਜੀ, ਚੌਥੀ ਤੇ ਫਿਰ ਪੰਜਵੀਂ। ਭੈਣਜੀਆਂ ਮਾਸਟਰ ਬਦਲਦੇ ਗਏ ਤੇ ਮੈਂ ਅਗਲੀ ਕਲਾਸ ਵਿੱਚ ਪੜ੍ਹਦਾ ਅਤੇ ਚੜ੍ਹਦਾ ਗਿਆ। ਘਰ ਤੋਂ ਸਕੂਲ ਤੇ ਸਕੂਲ ਤੋਂ ਘਰ। ਸਿਖਰ ਦੁਪਹਿਰੇ ਨਿੰਮ ਹੇਠ ਬੋਰੀਆਂ ਵਿਛਾਉਣੀਆਂ ਤੇ ਸਕੂਲ ਦਾ ਕੰਮ ਨਿਬੇੜਨਾ ਤੇ ਮਨਪਸੰਦ ਚੀਜ਼ਾਂ ਪੜ੍ਹਨੀਆਂ। ਕੋਲ ਅਰਾਮ ਕਰਦੇ ਪਿਤਾ ਜੀ ਨੇ ਕਹਿਣਾ ਕਿ ਮੈ ਕੁਝ ਪੜ੍ਹ ਕੇ ਸੁਣਾਵਾਂ। ਮੈਂ ਪਹਿਲਾਂ ਹੀ ਉਡੀਕਦਾ ਹੁੰਦਾ ਸੀ ਕਿ ਉਹ ਕਹਿਣ ਤੇ ਮੈਂ ਪੜ੍ਹਾਂ। ਉਹ ਸਿੱਖ ਧਰਮ ਨਾਲ ਸਬੰਧਤ ਇਤਿਹਾਸਿਕ ਚੀਜ਼ਾਂ ਜ਼ਿਆਦਾ ਪਸੰਦ ਕਰਦੇ।

ਸ਼ਾਮ ਨੂੰ ਰੋਟੀ ਖਾਣ ਬਾਦ ਕਦੀ ਕਦੀ ਵਿਹੜੇ ਵਿੱਚ ਦੇਰ ਰਾਤ ਤੱਕ ਦੋਸਤਾਂ ਨਾਲ਼ ਖੇਡਦੇ ਰਹਿਣਾ। ਰਾਤ ਸੌਣ ਵੇਲੇ ਦੇਖਣਾ ਕਿ ਪਿਤਾ ਜੀ ਦੀਵੇ ਦੀ ਲੋਏ ਵੱਡੇ ਭਾਈ ਤੋਂ ਸੋਹਣ ਸਿੰਘ ਸੀਤਲ ਦੀ ਕਿਤਾਬ ‘ਸਿੱਖ ਰਾਜ ਕਿਵੇਂ ਗਿਆ’ ਸੁਣ ਰਹੇ ਹਨ। ਕੰਵਰ ਨੌਨਿਹਾਲ ਸਿੰਘ ਤੇ ਉਸਦੀ ਮਾਂ ਰਾਣੀ ਚੰਦ ਕੌਰ ਦਾ ਪਰਸੰਗ ਆਇਆ ਤਾਂ ਮੈਂ ਦੇਖਿਆ ਕਿ ਪਿਤਾ ਜੀ ਬੇਹੱਦ ਗੰਭੀਰ ਹੋਏ ਹੋਏ ਸੁਣ ਰਹੇ ਹਨ; ਬੀਬੀ ਰੋ ਰਹੀ ਸੀ ਤੇ ਮੇਰਾ ਭਾਈ ਹਟਕੋਰੇ ਲੈ ਲੈ ਪੜ੍ਹ ਰਿਹਾ ਸੀ। ਰਾਣੀ ਚੰਦ ਕੌਰ ਦੇ ਵੱਜਦੇ ਵੱਟਿਆਂ ਦਾ ਖੜਾਕ ਮੈਨੂੰ ਵੀ ਸੁਣਦਾ ਤੇ ਮੇਰੀਆਂ ਅੱਖਾਂ ਵਿੱਚ ਪਾਣੀ ਸਿੰਮ ਆਉਂਦਾ। ਮੈਂ ਪਿਤਾ ਜੀ ਦੀਆ ਨਿਰਅੱਥਰੂ ਅੱਖਾਂ ‘ਚ ਦੇਖਦਾ ਤਾਂ ਉਨ੍ਹਾਂ ਦੇ ਚਿਹਰੇ ‘ਤੇ ਛਾਈ ਚੁੱਪ ਦੱਸਦੀ ਕਿ ਉਹ ਅੰਦਰੋਂ ਰੋ ਰਹੇ ਹਨ।

ਕਦੀ ਕਦੀ ਮੇਰੀ ਬੀਬੀ ਮੇਰੇ ਹੱਥ ਵਿੱਚ ਸੁੰਦਰ ਗੁਟਕਾ ਫੜਾ ਕੇ ਪੀੜ੍ਹੀ ‘ਤੇ ਬਹਾ ਦਿੰਦੀ ਤੇ ਰਹਿਰਾਸ ਦਾ ਪਾਠ ਕਰਨ ਲਈ ਕਹਿੰਦੀ। ਬੜੇ ਹੀ ਸਹਿਜ ਅਤੇ ਸਰਲ ਭਾਅ ਵਿੱਚ ਪਾਠ ਚੱਲਦਾ, ਪਰ ਅੜਿੱਲ ’ਤੇ ਆਕੇ ਅੜ ਜਾਂਦਾ। ਮੇਰੀ ਬੀਬੀ ਬਾਰ ਬਾਰ ਮੈਨੂੰ ਠੀਕ ਉਚਾਰਣ ਦੱਸਦੀ।  ਛੁੱਟੀ ਹੋਣੀ ਤਾਂ ਉਸਨੇ ਸਵੇਰੇ ਸਵੇਰੇ ਜਪੁਜੀ ਸਾਹਿਬ ਦਾ ਪਾਠ ਕਰਨ ਲਾ ਦੇਣਾ ਤੇ ਚਾ ਚਾ ਵਿੱਚ ਮੈਂ ਸਵੱਈਏ, ਸ਼ਬਦ ਹਜ਼ਾਰੇ ਤੇ ਬਾਰਾਂ ਮਾਹਾਂ ਤੱਕ ਪੜ੍ਹ ਦੇਣਾ। ਬੀਬੀ ਨੇ ਕਹਿਣਾ ‘ਬਸ ਕਰ ਹੁਣ, ਕੋਈ ਕੰਮ ਕਰਲੈ’।

ਮੇਰੀ ਬੀਬੀ ਦਿਨੇ ਪੰਜ ਗ੍ਰੰਥੀ ਦਾ ਪਾਠ ਕਰਦੀ ਰਹਿੰਦੀ। ਪਿੰਡ ਦੀਆਂ ਕਈ ਕੁੜੀਆਂ ਉਸ ਕੋਲ ਪਾਠ ਸਿੱਖਣ ਆਉਂਦੀਆਂ। ਕਦੇ ਕਦੇ ਉਹ ਭਗਤ ਬਾਣੀ ਪੜ੍ਹਦੀ। ਸੌਣ ਸਮੇਂ ਉਹ ਸੋਹਿਲੇ ਦੇ ਪਾਠ ਤੋਂ ਕਦੇ ਨਾ ਉੱਕਦੀ। ਸੁਣਦਿਆਂ ਸੁਣਦਿਆਂ, ਉਸੇ ਰਹਾ ਵਿੱਚ, ਉਹੀ ਆਦਤ ਮੇਰੀ ਵੀ ਪੱਕੀ ਹੋ ਗਈ।

ਪਿਤਾ ਜੀ ਸਵੇਰ ਸਮੇਂ ਇਸ਼ਨਾਨ ਉਪਰੰਤ ਜਪੁਜੀ ਸਾਹਿਬ, ਸੰਖੇਪ ਅਨੰਦ ਸਾਹਿਬ ਤੇ ਕੁਝ ਸ਼ਬਦ ਪੜ੍ਹਕੇ ਆਪਣੀ ਬਣਾਈ ਹੋਈ ਅਰਦਾਸ ਕਰਦੇ, ਜੋ ਮੈਂ ਅੱਜ ਤੱਕ ਕਿਤੇ ਨਹੀਂ ਪੜ੍ਹੀ; ਪਰ ਮੈਨੂੰ ਉਹੀ ਯਾਦ ਹੋਈ ਤੇ ਮੈਂ ਉਹੀ ਕਰਦਾ ਹਾਂ। ਪਿਤਾ ਜੀ ਦਾ ਬਾਣੀ ਪਾਠ ਬਸ ਏਨਾ ਹੀ ਹੁੰਦਾ। ਦਿਨ ਵਿੱਚ ਉਹ ਇਤਿਹਾਸ ਦੇ ਗ੍ਰੰਥ ਪੜ੍ਹਦੇ ਤੇ ਉਨ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ। ਬੀਬੀ ਬਾਣੀ ਦੀ ਉਪਾਸ਼ਕ ਤੇ ਪਿਤਾ ਜੀ ਇਤਿਹਾਸ ਦੇ; ਜਿਵੇਂ ਦਰਬਾਰ ਸਾਹਿਬ ਤੇ ਅਕਾਲ ਤਖਤ — ਰੂਬਰੂ।

ਇਸ ਮਹੌਲ ਵਿੱਚ ਬਾਣੀ ਪੜ੍ਹਨ ਲਈ ਮੇਰਾ ਚਾ ਵੱਧਦਾ ਗਿਆ ਤੇ ਮੈਂ ਆਪਣੇ ਵੱਡੇ ਭਾਈ ਨੂੰ ਕਹਿਣਾ ਕਿ ਮੈਂ ਤਾਬੇ ਬਹਿਣਾ। ਫਿਰ ਇਕ ਦਿਨ ਉਹ ਮੈਨੂੰ ਗੁਰਦੁਆਰੇ ਲੈ ਗਿਆ, ਪਤਾਸਿਆਂ ਦਾ ਪ੍ਰਸ਼ਾਦ ਚੜ੍ਹਾਇਆ ਤੇ ਮੈਨੂੰ ਮਾਹਰਾਜ ਦੇ ਤਾਬੇ ਕਰ ਆਇਆ। ਮੈਨੂੰ ਯਾਦ ਹੈ ਕਿ ਮੈਂ ਦਿਨ ਭਰ ਪਾਠ ਕਰੀ ਗਿਆ; ਜਿਵੇਂ ਮੈਂ ਗੁਰੂ ਸਾਹਿਬ ਨਾਲ਼ ਗੱਲਾਂ ਕਰਨ ਲੱਗ ਪਿਆਂ ਹੋਵਾਂ। ਮੈਂ ਧੰਨ ਹੋ ਗਿਆ।

ਦਿਨਾਂ ਵਿਚ ਹੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ। ਕਈ ਥਾਈਂ ਰੁਕਾਵਟਾਂ ਆਈਆਂ ਪਰ ਮੈਂ ਹੌਸਲਾ ਨਾ ਹਾਰਿਆ। ਸਲੋਕ ਸਹਿਸਕਿਰਤੀ ਪੜ੍ਹਦਿਆਂ ਬੜੀ ਦਿੱਕਤ ਆਈ ਤੇ ਬਹੁਤ ਜ਼ਿਆਦਾ ਸਮਾਂ ਲੱਗਿਆ। ਮੈਨੂੰ ਯਾਦ ਹੈ ਕਿ ਦਿਨੇ ਮੇਰਾ ਸਹਿਜ ਪਾਠ ਚੱਲਦਾ ਤੇ ਰਾਤ ਨੂੰ ਦੀਵੇ ਦੀ ਲੋਇ ਜਨਮ ਸਾਖੀ, ਦਸਮੇਸ਼ ਪ੍ਰਕਾਸ਼ ਤੇ ਬੰਦਾ ਬਹਾਦਰ ਚੱਲਦਾ। ਦਿਨੇ ਪਾਠ ਤੇ ਰਾਤੀਂ ਇਤਿਹਾਸ; ਜਿਵੇਂ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਮੇਰੀ ਸੋਚ ਵਿੱਚ ਰੂਬਰੂ ਹੋ ਗਏ ਹੋਣ।

ਐਤਵਾਰ ਨੂੰ ਵੱਡੇ ਭਾਈ ਨੇ ਜਾਡਲੇ ਤੋ ਅਕਾਲੀ ਪੱਤ੍ਰਕਾ ਲਿਆਉਣੀ ਤੇ ਸਾਰਾ ਦਿਨ ਗਿਆਨੀ ਸ਼ਾਦੀ ਸਿੰਘ ਤੇ ਅਮਰ ਸਿੰਘ ਦੁਸਾਂਝ ਦੀ ਸੰਪਾਦਕੀ ਦਾ ਪਾਠ ਹੋਣਾ ਤੇ ਫਿਰ ਚਰਚਾ ਹੋਣੀਂ। ਹਰ ਮਹੀਨੇ ‘ਸਚਿੱਤਰ ਕੌਮੀ ਏਕਤਾ’ ਰਸਾਲਾ ਲਿਆਉਣਾ ਤੇ ਵੀਹ ਦਿਨ੍ਹਾਂ ਦੇ ਦੁਪਹਿਰੇ ਪਾਰ। ਕਦੀ ਕਦੀ ਦਿੱਲੀਓਂ, ਚੰਡੀਗੜ੍ਹੋਂ ਆਈਆਂ ਵੱਡੀਆਂ ਭੈਣਾਂ ਦੀਆਂ ਚਿੱਠੀਆਂ ਦੇ ਕੇ ਡਾਕੀਏ ਨੇ ਵੀ ਸੁਣਨ ਬੈਠ ਜਾਣਾ — ਸਿਰਦਾਰ ਕਪੂਰ ਸਿੰਘ, ਡਾ ਅਤਰ ਸਿੰਘ ਤੇ ਪ੍ਰੋ ਨੂਰ ਦੇ ਲੇਖ ਪੜ੍ਹ ਪੜ੍ਹ ਵਿਸਮਾਦ ਜਿਹਾ ਛਾ ਜਾਣਾ ਤੇ ‘ਕੁੰਡਾ ਖੋਲ੍ਹ ਵਸੰਤਰੀਏ’ ਨੇ ਤਾਂ ਰੰਗ ਬੰਨ੍ਹ ਦੇਣਾ। ਡਾਕੀਏ ਨੇ ਵੀ ਦੋ ਦੋ ਘੰਟੇ ਨਾ ਹਿੱਲਣਾ। ਲੌਢੇ ਵੇਲੇ ਦੀ ਚਾਹ ਪੀ ਕੇ ਸਭਾ ਸਮਾਪਤ ਹੋਣੀ — ਕਿਆ ਦਿਨ ਸਨ, ਕਿਆ ਸਮਾਂ!

ਸਕੂਲ ਵਿੱਚ ਕਈ ਭੈਣਜੀਆਂ ਆਈਆਂ ਕਈ ਗਈਆਂ ਤੇ ਇਸੇ ਤਰਾਂ ਕਈ ਮਾਸਟਰ ਆਏ ਤੇ ਚਲੇ ਗਏ। ਆਦਮ ਪੁਰ ਦੀ ਜੁਗਿੰਦਰ ਕੌਰ ਤੇ ਮਹਿਤ ਪੁਰ ਦੀ ਬਲਵੀਰ ਕੌਰ ਨੇ ਮੇਰੀ ਡਰਾਇੰਗ ‘ਤੇ ਬਹੁਤ ਧਿਆਨ ਦਿੱਤਾ। ਇਹ ਦੋਹਵੇਂ ਕਦੇ ਕਦੇ ਘਰ ਆਉਂਦੀਆਂ ਤੇ ਪਿਤਾ ਜੀ ਨੂੰ ਕਹਿੰਦੀਆਂ ਕਿ ‘ਇਸਨੂੰ ਡ੍ਰਾਇੰਗ ਤੋਂ ਨਾ ਰੋਕਿਆ ਕਰੋ, ਇਸਦੇ ਹੱਥ ‘ਚ ਸਫਾਈ ਹੈ’।

ਨਵੇਸ਼ਹਿਰ ਦੀ ਭੈਣਜੀ ਕਮਲੇਸ਼ ਥਾਪਰ ਦੀ ਪੜ੍ਹਾਈ ਅੰਗਰੇਜ਼ੀ ਤਾਂ ਨਾ ਆਈ ਪਰ ਉਸਨੇ ਅੰਗਰੇਜ਼ੀ ਸਿੱਖਣ ਦਾ ਸ਼ੌਂਕ ਮੇਰੀ ਜਿੰਦਗੀ ਦਾ ਹਿੱਸਾ ਬਣਾ ਦਿੱਤਾ। ‘ਸੋਲਜਰ ਸੋਲਜਰ ਵੁੱਡ ਯੂ ਮੈਰੀ ਮੀ’ ਕਵਿਤਾ ਉਹ ਇਵੇਂ ਪੜ੍ਹਾਉਂਦੀ, ਜਿਵੇਂ ਸੱਚਮੁਚ ਉਹੀ ਪਰੋਪੋਜ਼ ਕਰ ਰਹੀ ਹੋਵੇ। ਸ਼ਹਿਰੀ ਅੰਦਾਜ ਉਸਦੇ ਰੋਮ ਰੋਮ ਵਿੱਚ ਬੋਲਦਾ। ਉਹ ਬੋਲਦੀ, ਜਿਵੇਂ ਰੇਡੀਓ ਲੱਗਾ ਹੋਵੇ।

ਮਾਸਟਰ ਹਰੀਦੇਵ ਕੁਪੱਤੇ ਸਨ, ਪਰ ਮਹਿੰਦਵਾਣੀ ਦੇ ਮਾਸਟਰ ਰਾਮਪ੍ਰਕਾਸ਼, ਬੰਗਿਆਂ ਦੇ ਨਿਰਮਲ ਸਿੰਘ, ਉਸਮਾਨ ਪੁਰ ਦੇ ਮੁਖ਼ਤਿਆਰ ਸਿੰਘ ਦਾ ਪੜ੍ਹਾਉਣ ਲਈ ਡੁੱਲ੍ਹ ਡੁੱਲ੍ਹ ਪੈਂਦਾ ਉਤਸ਼ਾਹ ਕਦੀ ਨਹੀਂ ਭੁੱਲਣਾ। ਗਿਆਨੀ ਮਾਸਟਰ ਭੱਟੀ ਦੇ ਪੜ੍ਹਾਏ ਸੋਹਣ ਸਿੰਘ ਸੀਤਲ ਦੇ ਨਾਵਲ ‘ਜੰਗ ਜਾਂ ਅਮਨ’ ਦਾ ਵਾਕ ਵਾਕ ਅੱਜ ਤੱਕ ਯਾਦ ਹੈ ਤੇ ਵਿੱਚ ਵਿੱਚ ਮਾਸਟਰ ਜੀ ਦੀਆਂ ਦੱਸੀਆਂ ਮਾਰਮਕ ਗੱਲਾਂ ਕਿਸੇ ਅਹਿਮਕ ਨੂੰ ਹੀ ਭੁੱਲ ਸਕਦੀਆਂ ਹਨ।

ਦਸਵੀਂ ਉਪਰੰਤ ਨਵੇਂਸ਼ਹਿਰ ਆਰ ਕੇ ਆਰੀਆ ਕਾਲਜ ਚਲੇ ਗਿਆ ਤੇ ਮਾਸਟਰਾਂ ਦੇ ਕਹਿਣ ‘ਤੇ ਸਾਇੰਸ ਰੱਖ ਲਈ। ਪਰ, ਬਚਪਨ ਦੇ ਦੋਸਤ ਸੋਢੀ ਦੇ ਜ਼ੋਰ ਪਾਉਣ ‘ਤੇ ਸਾਇੰਸ ਛੱਡ ਕੇ ਆਰਟਸ ਰੱਖ ਲਈ। ਪ੍ਰੋ ਬਣਵੈਤ, ਸੋਹੀ, ਭਾਰਦਵਾਜ ਤੇ ਪ੍ਰੋ ਸਿੱਕੇ ਦਾ ਸਿੱਕਾ ਅੱਜ ਤੱਕ ਯਾਦ ਹੈ। ਸਮਾਂ ਸੰਨ ਉਣਾਸੀ ਅੱਸੀ ਦਾ। ਅਕਾਲੀ ਸਿਆਸਤ ਭਖਦੀ ਜਾ ਰਹੀ ਸੀ। ਦੂਜੇ ਸਾਲ ਵਿੱਚ ਮੇਰਾ ਦੋਸਤ ਸੋਢੀ ਕਨੇਡਾ ਚਲਿਆ ਗਿਆ, ਮੈਂ ਬੰਗਿਆਂ ਦੇ ਸਿੱਖ ਨੈਸ਼ਨਲ ਕਾਲਜ ਦਾਖਲ ਹੋ ਗਿਆ ਤੇ ਨਾਲ ਹੀ ਅਕਾਲੀਦਲ ਨੇ ਧਰਮ-ਯੁੱਧ ਛੇੜ ਦਿੱਤਾ।

ਪ੍ਰੋ ਰੌਸ਼ਨ ਲਾਲ ਅੰਗਰੇਜ਼ੀ ਪੜ੍ਹਾਉਂਦੇ ਤਾਂ ਨਿਰੇ ਕੈਂਟਟਬਰੀ ਟੇਲਜ਼’ ਵਾਲ਼ੇ  ‘ਕਲਾਰਕ ਅਵ ਔਕਸਫੋਰਡ’ ਲੱਗਦੇ। ਮੈਡਮ ਜਗਵੰਤ ਕੌਰ ਪੰਜਾਬੀ ਪੜ੍ਹਾਉਂਦੇ ਤੇ ਪ੍ਰੋ ਟਿਵਾਣਾ ਪੋਲੀਟੀਕਲ ਸਾਇੰਸ; ਉਹ ਆਪਣੀ ਹਰ ਗੱਲ “ਪਰੰਤੂ ਕਾਕਾ” ਕਹਿ ਕੇ ਸ਼ੁਰੂ ਕਰਦੇ।

ਪ੍ਰੋ ਹਰਪਾਲ ਸਿੰਘ ਦੀ ਮਿਕਨਾਤੀਸੀ ਅਤੇ ਗਿਆਨਮਈ ਹਸਤੀ, ਮੈਨੂੰ ਉਨ੍ਹਾਂ ਦੇ ਨੇੜੇ ਲੈ ਗਈ; ਕੀ ਪਤਾ ਸੀ ਕਿ ਉਨ੍ਹਾਂ ਦੀ ਰਹਿਨੁਮਾਈ ਮੇਰੇ ਬੱਚਿਆ ਤੱਕ ਵੀ ਅਸਰ ਕਰੇਗੀ! ਕੀ ਪਤਾ ਸੀ ਕਿ ਉਹ ਅਧਿਆਪਕ, ਦੋਸਤ ਅਤੇ ਵੱਡੇ ਭਾਈ ਵਿਚਲਾ ਫਰਕ ਏਸ ਕਦਰ ਮੇਟ ਦੇਣਗੇ ਕਿ ਉਨ੍ਹਾਂ ਸਾਹਮਣੇ ਸਾਰੇ ਰਿਸ਼ਤੇ ਫਿੱਕੇ ਪੈ ਜਾਣਗੇ!

ਇਕ ਬਾਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ ਔਰਗੇਨਾਈਜ਼ਰ ਪ੍ਰਤਾਪ ਸਿੰਘ ਬਾਜਵਾ ਆਏ ਤੇ ਮੈਨੂੰ ਕਾਲਜ ਦੇ ਵਿਦਿਆਰਥੀ ਵਿੰਗ ਦਾ ਸਕੱਤਰ ਬਣਾ ਗਏ। ਫਿਰ ਅਸੀਂ ਰਲ਼ ਕੇ ਕੈਂਪ ਲਾਇਆ, ਪਿਆਰਾ ਸਿੰਘ ਪਦਮ ਅਤੇ ਹੋਰ ਬੜੇ ਬੜੇ ਵਿਦਵਾਨ ਆਏ ਤੇ ਵਿਚਾਰਾਂ ਹੋਈਆਂ। ਨਘੋਚੀ ਦੋਸਤਾਂ ਨੇ ਨਘੋਚਾਂ ਕੱਢਣੀਆਂ ਤੇ ਸਾਰਾ ਸਾਰਾ ਦਿਨ ਬਹਿਸ ਛਿੜੀ ਰਹਿਣੀ — ਚੱਲ ਸੁ ਚੱਲ।

ਇਕ ਦਿਨ ਜਥੇਦਾਰ ਟੌਹੜਾ ਕਾਲਜ ਆਏ ਤੇ ਉਨ੍ਹਾਂ ਆਖਿਆ ਕਿ ਧਰਮ-ਯੁੱਧ ਮੋਰਚੇ ਲਈ “ਪਨੀਰੀ” ਤਿਆਰ ਕਰੋ। ਯੂਥਵਿੰਗ ਦੇ ਜ਼ਿਲ੍ਹਾ ਇੰਚਾਰਜ ਪ੍ਰੋ ਗਿੱਲ ਨੇ ਮੇਰਾ ਜਿੰਮਾਂ ਲਗਾਇਆ ਤੇ ਮੈਂ ਕਿਸੇ ਨੂੰ ਕਹਿਣ ਦੀ ਥਾਂ, ਪੜ੍ਹਾਈ ਵਿੱਚੇ ਛੱਡ ਕੇ, ਆਪ ਤਿਆਰ ਹੋ ਗਿਆ। ਪਿੰਡ ਦੇ ਮਿੱਤਰ ਪਾਲੇ ਅਤੇ ਸ਼ੇਖੂਪੁਰੀਏ ਤਾਰੀ ਨੂੰ ਨਾਲ਼ ਲੈ ਕੇ ਟੌਹੜੇ ਦੇ ਜਥੇ ਨਾਲ਼ ਗ੍ਰਿਫ਼ਤਾਰ ਹੋ ਗਿਆ। ਸਾਹਮਣੇ ਸਿੱਖ ਇਤਿਹਾਸ ਦੀ ਸਿਰਜਣਾ ਹੋ ਰਹੀ ਸੀ; ਮਨ ਵਿੱਚ ਉਤਸ਼ਾਹ ਸੀ ਕਿ ਅੱਜ ਤੱਕ ਇਤਿਹਾਸ ਸੁਣਿਆਂ ਹੈ, ਹੁਣ ਅੰਦਰ ਵੜ ਕੇ ਦੇਖਿਆ ਜਾਵੇ।

ਧਰਮ-ਯੁੱਧ ਮੋਰਚੇ ਦੇ ਹੱਡੀਂ ਹੰਢਾਏ ਅਨੁਭਵ ਤੇ ਬਲੂਸਟਾਰ ਅਪ੍ਰੇਸ਼ਨ ਦੇ ਮੌਰੀਂ ਸਹੇ ਅਹਿਸਾਸ ਦਾ ਦੁਖਾਂਤ ਦਿਲ ਦੀ ਕਿਤਾਬ ‘ਤੇ ਹਰਫ਼ ਹਰਫ਼ ਉੱਕਰਿਆ ਗਿਆ। ਅਖਬਾਰਾਂ ਵਿੱਚ ਕੁਝ ਹੋਰ ਛਪਦਾ ਸੀ, ਵਾਪਰਦਾ ਕੁਝ ਹੋਰ। ਸਾਡੇ ਮਹਿਬੂਬ ਨੇਤਾ ਪੱਗਾਂ ਦਾਹੜੀਆਂ ਤੋਂ ਨਿਰੇ ਫ਼ਰਿਸ਼ਤੇ ਲੱਗਦੇ, ਪਰ ਅੰਦਰੋਂ ਚੰਬਲ਼ ਦੇ ਚੋਰ। ਪੜ੍ਹੇ ਲਿਖੇ ਨੇਤਾ ਸ਼ਰਾਰਤ ਦੇ ਮੁਜੱਸਮੇਂ ਤੇ ਅਣਪੜ੍ਹ ਲੀਡਰ ਜਹਾਲਤ ਦੀਆਂ ਪੰਡਾਂ। ਨਾ ਉਹ ਚੰਗੇ ਨਾ ਉਹ। ਜਾਤ ਪਾਤ ਵਿੱਚ ਗਲ਼ ਗਲ਼ ਤੱਕ ਗਰਕੇ ਹੋਏ ਲੀਡਰਾਂ ਨੂੰ ਦੇਖ ਕੇ ਸ਼ਰਮ ਨਾਲ਼ ਸਿਰ ਝੁਕ ਜਾਂਦਾ ਤੇ ਆਪਣੇ ਆਪ ਤੇ ਇਸ ਗੱਲ ਦੀ ਗਿਲਾਨੀ ਹੁੰਦੀ ਕਿ ਅਸੀਂ ਕਿਹੋ ਜਹੇ ਲੋਕਾਂ ਬਦਲੇ ਬਲ਼ਦੀ ਦੇ ਬੂਥੇ ਵਿੱਚ ਸਿਰ ਘਸੋੜ ਦਿੱਤਾ ਸੀ।

ਪ੍ਰੋ ਹਰਪਾਲ ਸਿੰਘ ਦੀ ਬਦੌਲਤ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਮੂੰਹ ਦੇਖਿਆ। ਪਿਆਰ ਮੁਹੱਬਤਾਂ ਦੇ ਵਹਿਣ ਵਿੱਚ ਵਹਿੰਦਾ ਗਿਆਨ ਦੇ ਦਰਿਆਵਾਂ ਸੰਗ ਯਾਰੀਆਂ ਲਾਉਂਦਾ ਰਿੜ੍ਹਦਾ ਖਿੜ੍ਹਦਾ ਤੇ ਡਿਗਦਾ ਢਹਿੰਦਾ ਐਮ ਏ, ਐੱਮ ਫਿਲ ਕਰਕੇ ਫਗਵਾੜੇ ਕਾਲਜ ਵਿੱਚ ਆਣ ਲੱਗਾ। ਕਾਲਜਾਂ ਵਿਚ ਪੜ੍ਹਾਈ ਲਿਖਾਈ ਦਾ ਬਹੁਤਾ ਉਸਾਰੂ ਮਹੌਲ ਨਾ ਹੋਣ ਕਰਕੇ ਅਖਬਾਰਾਂ ਰਸਾਲਿਆਂ ‘ਚ ਲਿਖਣਾ ਸ਼ੁਰੂ ਕੀਤਾ। ਰੇਡੀਓ ਤੇ ਦੂਰਦਰਸ਼ਨ ਵਾਲ਼ਿਆਂ ਨੇ ਖ਼ਾਸ ਖ਼ਾਸ ਦਿਨ ਸੁਦ ‘ਤੇ ਬੁਲਾਉਣਾ ਸ਼ੁਰੂ ਕਰ ਦਿੱਤਾ। ਸੈਮੀਨਾਰਾਂ ਵਿਚ ਆਪਣੇ ਵਿਚਾਰ ਪ੍ਰਸਤੁਤ ਕਰਨ ਦਾ ਉਤਸ਼ਾਹ ਪੁਰਾਣਾ ਹੀ ਸੀ। ਪਾਤਰ ਦੇ ਸ਼ਬਦਾਂ ਵਿੱਚ: ਸਾਨੂੰ ਤਾਂ ਰੂਹਾਂ ਨੂੰ ਆਰਾਮ ਨਹੀਂ ਹੈ।

ਬੇਸ਼ੱਕ ਮੈਂ ਖ਼ੁਦ ਨੂੰ ਹੁਣ ਤੱਕ ਡਰ ਤੋਂ ਮੁਕਤ ਨਹੀਂ ਕਰ ਸਕਿਆ, ਪਰ ਬੜੀਆਂ ਛੋਟੀਆਂ ਲਾਲਸਾਵਾਂ ਤੋਂ ਮੁਕਤ ਹੋਣ ਅਤੇ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੀ ਨੌਕਰੀ ਕਰਦਾ ਹਾਂ ਤੇ ਬੱਚੇ ਪਾਲ਼ਦਾ ਹਾਂ। ਲਿਖਣ ਦੇ ਸ਼ੌਂਕ ਵਜੋਂ, ਜੋ ਦਿਲ ਵਿੱਚ ਆਉਂਦਾਂ ਹੈ ਉਹੀ ਲਿਖਦਾ ਹਾਂ ਤੇ ਇਮਾਨਦਾਰੀ ਮੇਰੀ ਨੀਤੀ ਹੈ।

ਤਾਜ਼ੇ ਤਾਜ਼ੇ ਹੋਏ ‘ਸਿੱਖ’ ਜਦ ਮੇਰੀ ਲਿਖਤ ਪੜ੍ਹਦੇ ਹਨ, ਉਹ ਸਮਝਦੇ ਹਨ ਕਿ ਇਸਨੂੰ ਸਿੱਖੀ ਦੀ ਸਮਝ ਨਹੀਂ ਹੈ। ਆਪਣੀ ਸਮਝ ਬਾਬਤ ਮੇਰਾ ਕੋਈ ਦਾਅਵਾ ਨਹੀਂ ਹੈ; ਹੋ ਵੀ ਨਹੀਂ ਸਕਦਾ; ਹੋਣਾ ਵੀ ਨਹੀਂ ਚਾਹੀਦਾ; ਉਹ ਠੀਕ ਹੋ ਸਕਦੇ ਹਨ। ਪਰ ਮੈਂ ਸੋਚਦਾ ਹਾਂ ਕਿ ਮੇਰੇ ਤੋਂ ਵੱਧ ਵੀ ਕਿਸੇ ਨੂੰ ਸਿੱਖੀ ਦਾ ਦਰਦ ਹੋ ਸਕਦਾ ਹੈ! ਸ਼ਾਇਦ ਇਹ ਵੀ ਹੋਵੇ। ਦਾਅਵਾ ਕਾਹਦਾ!

ਅਖੀਰ ਅੰਮ੍ਰਿਤਾ ਦਾ ਸਹਾਰਾ ਲੈਣਾ ਵਾਜਬ ਹੈ। ਉਸਨੂੰ ‘ਸੁਨੇਹੁੜੇ’ ’ਤੇ ਭਾਰਤੀ ਸਾਹਿਤ ਅਕਾਦਮੀ ਦਾ ਐਵਾਰਡ ਮਿਲਿਆ। ਉਸਦੇ ਕਾਵਿ ਹੁਨਰ ਦੀ ਤਾਰੀਫ ਹੋਈ ਤਾਂ ਉਹ ਕਹਿਣ ਲੱਗੀ, “ਜਿਸ ਲਈ ਸੁਨੇਹੁੜੇ ਲਿਖੇ, ਉਹ ਖ਼ਾਬ ਬੁਣਦਾ ਰਿਹਾ, ਬਣਿਆਂ ਕਿਸੇ ਦਾ ਨਾ: ਮਾਣ ਸੁੱਚੇ ਇਸ਼ਕ ਦਾ, ਹੁਨਰ ਦਾ ਦਾਵਾ ਨਹੀਂ”।


ਅਵਤਾਰ ਸਿੰਘ (ਪ੍ਰੋ)
ਫ਼ੋਨ: 9417518384
ਈਮੇਲ: avtar61@gmail.com
ਪਤਾ: # 64, New Adarsh Nagar, Kotrani Road, Phagwara, Pb — 144402