Ragini Joshi

ਫੈਡਰਲ ਚੋਣਾਂ ਦੇ ਨੇੜੇ ਕੈਨੇਡਾ ਦੀਆਂ ਫਿਜ਼ਾਵਾਂ 'ਚੋਂ 'ਰਾਜਨੀਤੀ' ਦੀ 'ਮਹਿਕ' ਆਉਣੀ ਸ਼ੁਰੂ, ਸੱਤਾਧਿਰ 'ਤੇ ਮੁੜ ਕਾਬਜ਼ ਹੋ ਸਕਦੀ ਐ ਟਰੂਡੋ ਸਰਕਾਰ - ਰਾਗਿਨੀ ਜੋਸ਼ੀ 

ਕੈਨੇਡਾ ਇੱਕ ਅਜਿਹਾ ਦੇਸ਼ ਹੈ, ਜੋ ਹਰ ਪ੍ਰਵਾਸੀ ਨੂੰ ਖੁੱਲ੍ਹੀਆਂ ਬਾਹਾਂ ਨਾਲ ਸਵੀਕਾਰ ਕਰਨ ਲਈ ਜਾਣਿਆ ਜਾਂਦਾ ਹੈ। ਕਈ ਸੱਭਿਆਚਾਰਾਂ ਨੂੰ ਸਮੋਈ ਬੈਠਾ ਇਹ ਮੁਲਕ ਬਿਨ੍ਹਾਂ ਕਿਸੇ ਭੇਦ-ਭਾਵ ਦੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਪ੍ਰਸਿੱਧ ਹੈ। ਸਿਰਫ ਕੁਦਰਤੀ ਸੁੰਦਰਤਾ ਹੀ ਨਹੀਂ ਬਲਕਿ ਇੱਥੋਂ ਦੇ ਸਾਫ ਤੇ ਭ੍ਰਿਸ਼ਟਾਚਾਰ ਮੁਕਤ ਸਿਸਟਮ ਨੇ ਕਈਆਂ ਦੇ ਦਿਲਾਂ 'ਚ ਇੱਥੇ ਆ ਕੇ ਵੱਸਣ ਦੀ ਤਾਂਘ ਪੈਦਾ ਕੀਤੀ ਹੈ।

ਫਿਲਹਾਲ ਕੈਨੇਡਾ 'ਚ ਮਾਹੌਲ ਥੋੜਾ 'ਰਾਜਨੀਤਕ' ਹੋਇਆ ਹੈ ਅਤੇ ਫੈਡਰਲ ਚੋਣਾਂ ਦੇ ਦਿਨ ਜਿਵੇਂ ਜਿਵੇਂ ਨਜ਼ਦੀਕ ਆਉਂਦੇ ਜਾ ਰਹੇ ਨੇ, ਕੈਨੇਡਾ ਦੀਆਂ ਫਿਜ਼ਾਵਾਂ 'ਚੋਂ 'ਰਾਜਨੀਤੀ' ਦੀ 'ਮਹਿਕ' ਆਉਣੀ ਸ਼ੁਰੂ ਹੋ ਗਈ ਐ। ਹਾਂਲਾਕਿ, ਇਸ ਮੁਲਕ ਦੀ ਖਾਸੀਅਤ ਐ ਕਿ ਇੱਥੇ ਮੁੱਦਿਆਂ ਦੀ ਰਾਜਨੀਤੀ ਹੁੰਦੀ ਐ ਤੇ 'ਵਾਅਦਿਆਂ ਦੀ ਝੜੀ' ਨੂੰ 'ਹਕੀਕਤ ਦੀ ਤੱਕੜੀ' 'ਚ ਵੀ ਤੋਲਿਆ ਜਾਂਦੈ ਤਾਂ ਕਿ ਕੋਈ ਇੱਕ 'ਪੱਲੜਾ' ਭਾਰੀ ਨਾ ਪੈ ਜਾਵੇ। ਇਸ ਮੁਲਕ 'ਚ "ਵੱਡੀਆਂ-ਵੱਡੀਆਂ" ਗੱਲਾਂ ਕਰਨ ਤੋਂ ਪਹਿਲਾਂ "ਛੋਟੀਆਂ-ਛੋਟੀਆਂ ਹਕੀਕੀ ਤਸਵੀਰਾਂ" ਨੂੰ ਧਿਆਨ 'ਚ ਰੱਖਣਾ ਲੋੜੀਂਦਾ ਹੁੰਦਾ ਹੈ। ਚਾਹੇ ਗੱਲ ਖਰਚੇ ਦੀ ਹੋਵੇ ਜਾਂ ਕੈਂਪੇਨ ਦੀ, ਹਰ ਇੱਕ ਚੀਜ਼ ਲਈ "ਸੀਮਾਵਾਂ" ਤੈਅ ਹੁੰਦੀਆਂ ਹਨ।

ਕੈਨੇਡਾ 'ਚ ਇਸ ਸਮੇਂ ਕੰਸਰਵੇਟਿਵ, ਲਿਬਰਲ (ਸੱਤਾਧਿਰ), ਗ੍ਰੀਨ ਪਾਰਟੀ ਤੇ ਐੱਨ.ਡੀ.ਪੀ ਤੋਂ ਇਲਾਵਾ ਹੋਰ ਪਾਰਟੀਆਂ ਨੇ ਇਸ ਚੁਣਾਵੀ ਦੌੜ 'ਚ ਆਪਣੀ ਕਮਰ ਕੱਸ ਲਈ ਹੈ। ਕੈਨੇਡਾ ਫੈਡਰਲ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਰਾਜਨੀਤਕ ਨਬਜ਼ ਨੂੰ ਟੋਂਹਦੇ ਚੋਣ ਸਰਵੇਖਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਵੱਖੋ-ਵੱਖ ਏਜੰਸੀਆਂ ਵੱਲੋਂ ਸਰਵੇ ਕਰ ਕੇ ਜਨਤਾ ਦਾ ਮੂਡ ਭਾਂਪਣ ਦੀ ਕੋਸ਼ਿਸ਼ ਜਾਰੀ ਹੈ।

ਸ਼ੁਰੂਆਤੀ ਦੌਰ 'ਚ ਹੋਏ ਸਰਵੇਖਣਾਂ ਮੁਤਾਬਕ, ਕੰਸਰਵੇਟਿਵ ਪਾਰਟੀ ਵੱਲੋਂ ਲਿਬਰਲ ਪਾਰਟੀ ਨੂੰ ਤਿੱਖੀ ਟੱਕਰ ਦਿੱਤੇ ਜਾਣ ਦੇ ਦਾਅਵੇ ਕੀਤੇ ਗਏ ਸਨ, ਪਰ ਚੋਣਾਂ ਦੇ ਨੇੜੇ ਪਹੁੰਚਦੇ ਪਹੁੰਚਦੇ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਪ੍ਰਤੀ ਕੈਨੇਡਾ ਦੇ ਲੋਕਾਂ ਦਾ ਝੁਕਾਅ ਵਧਣਾ ਸ਼ੁਰੂ ਹੋ ਗਿਆ ਹੈ। ਇੱਕ ਤਾਜ਼ਾ ਸਰਵੇਖਣ ਮੁਤਾਬਕ, ਫਰਵਰੀ ਤੋਂ ਲੋਕਾਂ ਦੀ ਬਹੁਤੀ ਹਮਾਇਤ ਕੰਸਰਵੇਟਿਵ ਪਾਰਟੀ ਨਾਲ ਸੀ, ਪਰ ਜੁਲਾਈ ਦੇ ਅੰਤ ਵੱਲ ਨੂੰ ਪਹੁੰਚਦੇ ਪਹੁੰਚਦੇ ਲਿਬਰਲ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੱਧਦੀ ਦਿਖਾਈ ਦੇ ਰਹੀ ਹੈ। ਇੱਕ ਹੋਰ ਸਰਵੇਖਣ ਏਜੰਸੀ ਨੈਨੋ ਮੁਤਾਬਕ, 35 ਫੀਸਦੀ ਲੋਕ ਲਿਬਰਲ ਪਾਰਟੀ ਦੇ ਹੱਕ ਵਿਚ ਆ ਰਹੇ ਹਨ, ਜਦਕਿ ਤਕਰੀਬਨ 30% ਫੀਸਦੀ ਲੋਕਾਂ ਨੇ ਕੰਸਰਵੇਟਿਵ ਪਾਰਟੀ ਦੀ ਹਮਾਇਤ ਕੀਤੀ। ਸਰਵੇਖਣ ਮੁਤਾਬਕ ਐਂਡਰਿਊ ਸ਼ੀਅਰ ਦੀ ਅਗਵਾਈ ਵਾਲੀ ਕੰਸਰਵੇਟਿਵ ਪਾਰਟੀ ਵੱਲੋਂ ਲੋਕਾਂ ਦਾ ਝੁਕਾਅ ਘੱਟ ਰਿਹਾ ਹੈ।  ਜਗਮੀਤ ਸਿੰਘ ਦੀ ਅਗਵਾeਡੀ ਵਾਲੀ ਐਨ.ਡੀ.ਪੀ. ਇਨ੍ਹਾਂ ਸਰਵੇਖਣਾਂ 'ਚ ਤੀਜੇ ਸਥਾਨ 'ਤੇ ਹੈ।

ਜੇਕਰ ਗੱਲ ਓਂਟਾਰੀਓ ਦੀ ਕੀਤੀ ਜਾਵੇ, ਤਾਂ ਇੱਥੇ ਵੀ ਲਿਬਰਲ ਪਾਰਟੀ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ। ਕੰਸਰਵੇਟਿਵ ਪੱਛਮੀ ਕੈਨੇਡਾ ਵਿੱਚ ਅੱਗੇ ਹਨ ਜਦੋਂ ਕਿ ਲਿਬਰਲਓਨਟਾਰੀਓ, ਕਿਊਬੈਕ ਅਤੇ ਐਟਲਾਂਟਿਕ ਕੈਨੇਡਾ ਵਿੱਚ ਅੱਗੇ ਮੰਨੇ ਜਾ ਰਹੇ ਹਨ। ਤਾਜ਼ਾ ਅੰਕੜਿਆਂ ਮੁਤਬਕ, ਓਂਟਾਰੀਓ 'ਚ ਲਿਬਰਲ ਨੂੰ 36.4%, ਕੰਸਰਵੇਟਿਵ ਨੂੰ 33.2 ਫੀਸਦੀ ਬਹੁਮਤ ਹਾਸਲ ਹੋ ਸਕਦੀ ਹੈ। ਬ੍ਰੈਂਪਟਨ, ਜਿਸਨੂੰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿੱਚ ਵੀ ਸਰਵੇਖਣਾਂ ਮੁਤਾਬਕ ਇੱਥੇ ਸੱਤਾਧਿਰ ਦੇ ਸਿਪਾਹੀ ਮੁੜ ਤੋਂ ਆਪਣੀਆਂ ਕੁਰਸੀਆਂ 'ਤੇ ਕਾਬਜ ਹੋ ਸਕਣਗੇ। ਦੱਸ ਦੇਈਏ ਕਿ ਬ੍ਰੈਂਪਟਨ ਦੇ ਸਾਰੇ ਐੱਮ.ਪੀ ਭਾਰਤੀ ਮੂਲ ਦੇ ਹਨ।

ਕਿਊਬੈੱਕ ਸੂਬੇ ਦੇ ਵਿੱਚ ਟਰੂਡੋ ਸਰਕਾਰ ਦੀ ਝੋਲੀ 'ਚ 115-198  ਸੀਟਾਂ  ਪੈਣ ਦੀ ਉਮੀਦ ਹੈ ਜਦਕਿ ਕੰਸਰਵੇਟਿਵ ਪਾਰਟੀ ਵੱਲੋਂ 86-196  ਸੀਟਾਂ 'ਤੇ ਕਾਬਜ ਹੋਣ ਦੀ ਉਮੀਦ ਹੈ। ਜੇਕਰ ਬੀ.ਸੀ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਕੰਸਰਵੇਟਿਵ ਦੀ ਜਿੱਤ ਪ੍ਰਤੀਸ਼ਤ 59 ਫੀਸਦੀ ਜਦਕਿ 41 ਫੀਸਦੀ ਜਿੱਤ ਲਿਬਰਲ ਦੇ ਹੱਕ ਵਿੱਚ ਜਾ ਸਕਦੀ ਹੈ।

ਦਰਅਸਲ, ਡੱਗ ਫੋਰਡ ਦੀਆਂ ਨੀਤੀਆਂ ਕਿਤੇ ਨਾ ਕਿਤੇ ਕੈਨੇਡਾ ਵਾਸੀਆਂ ਲਈ ਤਾਨਸ਼ਾਹੀ ਸਾਬਿਤ ਹੋ ਰਹੀਆਂ ਹਨ। ਉਸ ਵੱਲੋਂ ਕਈ ਵਿੱਤੀ ਸਹਾਇਤਾ ਸਕੀਮਾਂ ਅਤੇ ਲਾਭ ਸਕੀਮਾਂ 'ਚ ਕੀਤੇ ਜਾ ਰਹੇ ਕੱਟਾਂ ਦੇ ਚੱਲਦਿਆਂ ਲੋਕਾਂ ਵੱਲੋਂ ਉਸਦਾ ਮੋਹ ਭੰਗ ਹੋਣਾ ਸ਼ੁਰੂ ਵਾਜਬ ਵੀ ਹੈ। ਡੱਗ ਫੋਰਡ ਦੀਆਂ ਨੀਤੀਆਂ ਕਰਕੇ ਹੋਈ ਇਸ "ਸਿਆਸੀ ਹਾਨੀ" ਦਾ ਫਾਇਦਾ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਮਿਲਣ ਦੀ ਪੂਰੀ ਉਮੀਦ ਹੈ। ਆਲਮ ਇਹ ਹੈ ਕਿ ਹੁਣ, ਆਉਣ ਵਾਲੀਆਂ ਚੋਣਾਂ 'ਚ ਲੋਕ ਲਿਬਰਲ ਨੂੰ ਮੁੜ ਤੋਂ ਸੱਤਾਧਿਰ 'ਤੇ ਕਾਬਜ ਦੇਖਣਾ ਚਾਹੁੰਦੇ ਹਨ ਤਾਂ ਜੋ ਅਮਰੀਕਾ ਵਰਗੀ ਸਥਿਤੀ ਕੈਨੇਡਾ 'ਚ ਨਾ ਬਣੇ।

ਜ਼ਿਕਰ-ਏ-ਖਾਸ ਹੈ ਕਿ ਟਰੈਡੋ ਭਾਰਤੀਆਂ ਖਾਸਕਰ ਪੰਜਾਬੀਆਂ ਦਾ ਪਸੰਦੀਦਾ ਨੇਤਾ ਰਿਹਾ ਹੈ ਅਤੇ ਉਸ ਵੱਲੋਂ ਬਣਾਈਆਂ ਗਈਆਂ ਨੀਤੀਆਂ ਵੀ ਲੋਕਾਂ ਲਈ ਕਾਫੀ ਫਾਇਦੇਮੰਦ ਰਹੀਆਂ ਹਨ। ਕੈਨੇਡਾ ਚਾਈਲਡ ਕੇਅਰ ਬੈਨਿਫਟ, ਟ੍ਰਾਂਸਿਟ ਸਬੰਧੀ ਸੁਵਿਧਾਵਾਂ, ਮੈਡੀਕਲ ਸੁਵਿਧਾਵਾਂ, ਘਟ ਰਹੀ ਬੇਰੁਜ਼ਗਾਰੀ ਦਰ ਅਤੇ ਹੋਰ ਸੁਚਾਰੂ ਨੀਤੀਆਂ ਕਰਕੇ ਲੋਕਾਂ ਦਾ ਝੁਕਾਅ ਮੁੜ ਤੋਂ ਜਸਟਿਨ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਵੱਲ ਵਧਣ ਲੱਗਿਆ ਹੈ। ਇੱਥੇ ਇਹ ਵੀ ਗੌਰ ਕਰਨਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਲਿਬਰਲ ਪਾਰਟੀ ਨੂੰ ਕਈ ਕਾਰਨਾਂ ਕਰਕੇ ਕੈਨੇਡੀਅਨਾਂ ਦਾ ਵਿਰੋਧ ਵੀ ਸਹਿਣਾ ਪਿਆ ਸੀ।

ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਪਾਰਟੀ ਨੂੰ ਚਾਹੇ ਬਹੁਮਤ ਮਿਲਣਾ ਅਜੇ ਤੈਅ ਨਹੀਂ ਹੈ ਪਰ ਸਰਵੇਖਣਾਂ ਦੀ ਭਵਿੱਖਬਾਣੀ ਰਾਜਨੀਤੀ ਦੇ ਭੱਜ ਦੌੜ ਭਰੇ ਮਾਹੌਲ 'ਚ ਸੱਤਾਧਿਰ ਲਈ ਰਾਹਤ ਭਰੀ ਖਬਰ ਹੋ ਸਕਦੀ ਹੈ।


ਹਾਂਲਾਕਿ, ਇਹ ਸਰਵੇਖਣ ਭਵਿੱਖ 'ਚ ਕਿੰਨ੍ਹੇ ਕੁ ਹਕੀਕਤ 'ਚ ਤਬਦੀਲ ਹੁੰਦੇ ਹਨ ਅਤੇ ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰਾਂ ਦੀਆਂ ਮਿਹਨਤਾਂ ਨੂੰ ਕਿੰਨ੍ਹਾ ਕੁ ਬੂਰ ਪਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


ਰਾਗਿਨੀ ਜੋਸ਼ੀ 
7814668387
6466590859