Rajbir Kaur

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ - ਰਾਜਬੀਰ ਕੌਰ

ਮਨੁੱਖ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ ਅਤੇ ਭਗਤਾਂ ਦੀ ਧਰਤੀ ਦਾ ਵਸਨੀਕ ਹੈ। ਇਹਨਾਂ ਮਹਾਂਪੁਰਸ਼ਾਂ ਦਾ ਜੀਵਨ ਅਤੇ ਸਿੱਖਿਆਵਾਂ ਮਨੁੱਖ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ। ਅਜਿਹੇ ਮਹਾਂਪੁਰਸ਼ਾਂ ਵਿੱਚੋਂ ਸਿੱਖ ਧਰਮ ਦੇ ਬਾਨੀ, ਸਾਂਝੀਵਾਲਤਾ ਦੇ ਪ੍ਤੀਕ ਅਤੇ ਭਾਈਚਾਰਕ ਏਕਤਾ ਦੇ ਪ੍ਚਾਰਕ ਗੁਰੂ ਨਾਨਕ ਦੇਵ ਜੀ ਇੱਕ ਹਨ। ਗੁਰੂ ਨਾਨਕ ਦੇਵ ਜੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ - "ਸਤਿਗੁਰ ਨਾਨਕ ਪ੍ਗਟਿਆ ਮਿਟੀ ਧੁੰਦ ਜਗਿ ਚਾਨਣ ਹੋਆ।।  ਜਿਉ ਕਰਿ ਸੂਰਜ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ।। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।। ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ।। "
ਅੱਜ ਹਰੇਕ ਸੰਸਥਾ ਵੱਲੋਂ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਸਮਾਗਮ ਅਤੇ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਅਜੌਕੇ ਦੌਰ ਵਿੱਚ ਜਿੱਥੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ, ਅਜੌਕੀ ਪੀੜ੍ਹੀ ਆਪਣੇ ਸੱਭਿਆਚਾਰ, ਪਿਛੋਕੜ ਅਤੇ ਵਿਰਸੇ ਨੂੰ ਵਿਸਾਰਦੀ ਜਾ ਰਹੀ ਹੈ, ਉਥੇ ਇਹ ਸਿੱਖਿਆ ਵਿਭਾਗ ਦਾ ਇੱਕ ਮਹਾਨ ਉਪਰਾਲਾ ਹੈ ਕਿ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲ ਰਿਹਾ ਹੈ।
ਅੱਜ ਲੋੜ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲੀਏ। ਗੁਰੂ ਜੀ ਨੇ ਸਾਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦਾ ਸੁਨੇਹਾ ਦਿੱਤਾ ਸੀ। ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ, ਨਾਮ ਜਪਣਾ ਅਤੇ ਵੰਡ ਕੇ ਛਕਣਾ ਚਾਹੀਦਾ ਹੈ। ਗੁਰੂ ਜੀ ਨੇ ਅੌਰਤ ਜਾਤ ਦੇ ਵਡੱਪਣ ਨੂੰ ਬਿਆਨ ਕਰਦਿਆਂ ਕਿਹਾ ਸੀ ਕਿ " ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।। ਭੰਡਹੁ ਹੋਵੈ ਦੋਸਤੀ  ਭੰਡਹੁ ਚਲੈ ਰਾਹੁ।। ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ  ਰਾਜਾਨੁ।। " ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਅੌਰਤ ਦੀ ਹੋਂਦ ਨਾਲ ਹੀ ਸਮਾਜ ਅਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ। ਸਾਨੂੰ ਜਾਤ ਪਾਤ ਦੇ ਬੰਧਨ ਤੋਂ ਉੱਪਰ ਉੱਠ ਕੇ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ। ਅੱਜ ਦੇ ਮਨੁੱਖ ਨੂੰ ਪੰਛੀਆਂ ਦੀ ਤਰ੍ਹਾਂ ਅਸਮਾਨ  ਵਿੱਚ ਉੱਡਣ ਦੀ ਜਾਂਚ  ਹੈ, ਮੱਛੀਆਂ ਦੀ ਤਰ੍ਹਾਂ ਸਮੁੰਦਰ ਵਿੱਚ ਤੈਰਨ ਦੀ ਜਾਂਚ ਹੈ ਪਰ ਹੁਣ ਲੋੜ ਹੈ ਕਿ ਇਨਸਾਨ ਬਣ ਕੇ ਧਰਤੀ ਤੇ ਚੱਲਣ ਦੀ ਜਾਂਚ ਸਿੱਖੀਏ। ਨਿਮਰਤਾ, ਨਿਰਮਾਣਤਾ ਅਤੇ ਗਰੀਬੀ ਵਿੱਚ ਰਹਿਣ ਵਾਲੇ ਗੁਣਾਂ ਦੇ ਧਾਰਨੀ ਬਣੀਏ। ਆਪਣੇ ਆਚਰਣ ਨੂੰ ਉੱਚਾ ਰੱਖੀਏ। ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਉਠਾਈਏ ਕਿਉਂਕਿ " ਨਾਲ ਦੇ ਘਰ ਵਿੱਚ ਜਦ ਤੱਕ  ਪੱਥਰ ਡਿੱਗਦੇ ਰਹਿਣਗੇ, ਉਸਦੇ ਕੁਝ ਕੰਕਰ ਤਾਂ ਸਾਡੇ ਘਰ ਵੀ ਪੈਣਗੇ। " ਵੱਧ ਤੋਂ ਵੱਧ  ਰੁੱਖ ਲਗਾ ਕੇ  ਵਾਤਾਵਰਣ ਨੂੰ ਹਰਾ ਭਰਾ ਬਣਾਈਏ। ਵਾਤਾਵਰਣ ਦੀ ਸ਼ੁੱਧਤਾ ਦੇ ਨਾਲ ਨਾਲ ਆਪਣੇ ਹਿਰਦਿਆਂ ਨੂੰ ਵੀ ਸ਼ੁੱਧ ਬਣਾਈਏ। ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ  ਲੋਕਾਂ ਦੇ ਹਿਰਦਿਆਂ ਤੱਕ ਪਹੁੰਚਾਉਣ ਦਾ ਯਤਨ ਕਰੀਏ। ਸੋ ਆਓ ਰਲ ਮਿਲ ਕੇ
ਔੜਾਂ ਮਾਰੀ ਧਰਤੀ ਤੇ ਨਾ ਹੳਕੇ ਬੀਜੀਏ, ਤੱਕਣੀ ਜੇ ਹਰਿਆਵਲ ਤਾਂ ਫਿਰ ਸੁਪਨੇ ਬੀਜੀਏ।

ਰਾਜਬੀਰ ਕੌਰ
ਪੰਜਾਬੀ ਮਿਸਟਰੈੱਸ
ਬ. ਨ. ਸ. ਸ. ਸ. ਸ. ਘੁਮਾਣ (ਲੜਕੇ)
ਗੁਰਦਾਸਪੁਰ।