Ravinder Kaur

ਕੈਂਸਰ ਬਾਰੇ ਚੇਤਨਾ ਲਈ ਹੰਭਲੇ - ਰਵਿੰਦਰ ਕੌਰ

ਕੈਂਸਰ ਦੀ ਬਿਮਾਰੀ ਬਾਰੇ ਅਕਸਰ ਹੀ ਪਿੰਡਾਂ ਦੇ ਲੋਕ ਜਦੋਂ ਗੱਲ ਕਰਦੇ ਹਨ ਤਾਂ ਬਹੁਤੀ ਵਾਰ ਇਸ ਦਾ ਸਿੱਧਾ ਨਾਂ ਲੈਣ ਦੀ ਥਾਂ ਇਸ ਨੂੰ ‘ਦੂਜੀ ਬਿਮਾਰੀ’, ‘ਕਰੋਪੀ’, ‘ਓਪਰਾ ਰੋਗ’ ਆਦਿ ਨਾਵਾਂ ਨਾਲ ਪੁਕਾਰਦੇ ਹਨ। ਕੈਂਸਰ ਭਾਵੇਂ ਲਾਗ ਦੀ ਕੋਈ ਬਿਮਾਰੀ ਨਹੀਂ, ਫਿਰ ਵੀ ਇਸ ਰੋਗ ਲਈ ਵਰਤੇ ਜਾਂਦੇ ਅਜਿਹੇ ਬਦਲਵੇਂ ਨਾਵਾਂ ਤੋਂ ਸਹਿਜੇ ਹੀ ਕਿਆਸ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਲੋਕ-ਮਾਨਸਿਕਤਾ ਵਿਚ ਸ਼ਾਇਦ ਇਹ ਡਰ ਘਰ ਕਰ ਚੁੱਕਾ ਹੈ ਕਿ ਕੈਂਸਰ ਦਾ ਨਾਂ ਲੈਣਾ ਵੀ ਇਸ ਬਿਮਾਰੀ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਹ ਸਹਿਜ ਸੁਭਾਵਿਕ ਸਮੂਹਿਕ ਸਭਿਆਚਾਰਕ ਪ੍ਰਕਿਰਿਆ ਵਿਚੋਂ ਉਪਜੀ ਉਹ ਪ੍ਰਤੀਕਿਰਿਆ ਜਾਪਦੀ ਹੈ ਜਿਸ ਪਿੱਛੇ ਕਿਤੇ ਨਾ ਕਿਤੇ ਇਹ ਧਾਰਨਾ ਕੰਮ ਕਰਦੀ ਹੈ ਕਿ ਜਿਸ ਬਿਮਾਰੀ ਦਾ ਇਲਾਜ ਸੌਖਾ ਨਾ ਹੋਵੇ, ਘੱਟ ਹੋਵੇ, ਮਹਿੰਗਾ ਹੋਵੇ ਜਾਂ ਅਸਥਾਈ ਪੱਧਰ ਦਾ ਹੋਵੇ, ਉਹ ਕਿਸੇ ਵੀ ਸਮਾਜ-ਸਭਿਆਚਾਰਕ ਮਾਨਸਿਕਤਾ ਲਈ ਕਿਸੇ ਕੁਦਰਤੀ ਮਾਰ ਤੋਂ ਘੱਟ ਨਹੀਂ ਹੁੰਦੀ। ਕੈਂਸਰ ਦੀ ਬਿਮਾਰੀ ਬਾਰੇ ਵੀ ਇਸ ਨੂੰ ਜੜ੍ਹੋਂ ਖ਼ਤਮ ਕਰਨ ਵਾਲਾ ਕੋਈ ਪੁਖ਼ਤਾ ਇਲਾਜ ਅਜੇ ਤਕ ਹੋਂਦ ਵਿਚ ਨਹੀਂ ਆਇਆ, ਖ਼ਾਸਕਰ ਉਦੋਂ ਜਦੋਂ ਕੈਂਸਰ ਆਪਣੀ ਅੰਤਿਮ ਸਟੇਜ ’ਤੇ ਪੁੱਜ ਚੁੱਕਾ ਹੋਵੇ। ਹਾਂ, ਇਸ ਨੂੰ ਅਸਥਾਈ ਤੌਰ ’ਤੇ ਰੋਕਣ ਲਈ ਕਈ ਇਲਾਜ ਇਜ਼ਾਦ ਕਰ ਲਏ ਗਏ ਹਨ।
ਕੈਂਸਰ (ਚੇਤਨਾ) ਦਿਵਸ ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਭ ਤੋਂ ਪਹਿਲਾਂ ਜਨੇਵਾ (ਸਵਿਟਜ਼ਰਲੈਂਡ) ਵਿਚ 1993 ਵਿਚ ‘ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ’ ਨੇ ਮਨਾਇਆ ਸੀ। ਇਹ ਦਿਨ ਮਨਾਉਣ ਦੇ ਦੋ ਮੁੱਖ ਉਦੇਸ਼ ਹਨ : ਪਹਿਲਾ, ਕੈਂਸਰ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ, ਦੂਜਾ, ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਕਰਨਾ। 1993 ਵਿਚ ਸੰਸਾਰ ਪੱਧਰ ’ਤੇ ਇਸ ਬਿਮਾਰੀ ਨਾਲ 12.7 ਮਿਲੀਅਨ ਲੋਕ ਪੀੜਤ ਸਨ ਅਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 7 ਮਿਲੀਅਨ (ਸਾਲਾਨਾ) ਸੀ। ਸੰਸਾਰ ਸਿਹਤ ਸੰਸਥਾ ਅਨੁਸਾਰ 2020 ਵਿਚ ਕੈਂਸਰ ਪੀੜਤਾਂ ਦੀ ਸੰਖਿਆ ਵਧ ਕੇ 18.1 ਮਿਲੀਅਨ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਸੰਖਿਆ 10 ਮਿਲੀਅਨ ਪ੍ਰਤੀ ਸਾਲ ਦੀ ਦਰ ਪਾਰ ਚੁੱਕੀ ਹੈ।
        ਕੈਂਸਰ ਦਾ ਨਾਮਕਰਨ ਸਭ ਤੋਂ ਪਹਿਲਾਂ ਹਿਪੋਕਰੇਟਸ ਨੇ ਕੀਤਾ। ਯੂਨਾਨੀ ਭਾਸ਼ਾ ਵਿਚ ਕੈਂਸਰ ਸ਼ਬਦ ‘ਕੇਕੜੇ’ ਨੂੰ ਚਿੰਨ੍ਹਤ ਕਰਦਾ ਹੈ। ਇਸ ਬਿਮਾਰੀ ਵਿਚ ਕਿਉਂਕਿ ਕੈਂਸਰ ਨਾਲ ਸੰਬੰਧਿਤ ਸੈੱਲ ਜਾਂ ਟਿਸ਼ੂ ਉਂਗਲੀ ਵਰਗੀ ਬਣਤਰ ਦੇ ਹੁੰਦੇ ਹਨ ਅਤੇ ਇਸ ਖ਼ਾਸ ਬਣਤਰ ਦੀ ਵਰਤੋਂ ਉਹ ਬਾਕੀ ਸੈੱਲਾਂ ਨੂੰ ਆਪਣੇ ਅਧੀਨ ਕਰਨ ਲਈ ਕਰਦੇ ਹਨ। ਬਿਲਕੁਲ ਇਸੇ ਤਰ੍ਹਾਂ ‘ਕੇਕੜੇ’ ਦੀ ਸਰੀਰਕ ਬਣਤਰ ਵੀ ਕਿਉਂਕਿ ਉਂਗਲੀ ਵਰਗੀ ਹੁੰਦੀ ਹੈ, ਇਸ ਕਾਰਨ ਇਸ ਬਿਮਾਰੀ ਦਾ ਨਾਮ ਕੈਂਸਰ ਪੈ ਗਿਆ।
      ਕੈਂਸਰ ਦੀ ਬਿਮਾਰੀ ਬਾਰੇ ਧਿਆਨ ਦੇਣ ਵਾਲਾ ਨੁਕਤਾ ਇਹ ਹੈ ਕਿ ਇਹ ਬਿਮਾਰੀ ਕਿਉਂਕਿ ਮਨੁੱਖੀ ਸਰੀਰ ਦੇ ਵੱਖ ਵੱਖ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਇਸ ਦੇ ਵੱਖ ਵੱਖ ਨਾਮ ਪ੍ਰਚੱਲਿਤ ਹਨ ਜੋ ਬਹੁਤੀ ਵਾਰ ਪ੍ਰਭਾਵਿਤ ਅੰਗ ਜਾਂ ਸਰੀਰਕ ਹਿੱਸੇ ਅਨੁਸਾਰ ਹੀ ਲਏ ਜਾਂਦੇ ਹਨ। ਜਿਵੇਂ ਗਲੇ ਦਾ ਕੈਂਸਰ, ਛਾਤੀ ਦਾ ਕੈਂਸਰ, ਪੇਟ ਦਾ ਕੈਂਸਰ, ਖ਼ੂਨ ਦਾ ਕੈਂਸਰ ਆਦਿ। ਸੰਸਾਰ ਸਿਹਤ ਸੰਸਥਾ ਦੀ ਰਿਪੋਰਟ ਅਨੁਸਾਰ ਇਸ ਸਮੇਂ 2.26 ਮਿਲੀਅਨ ਲੋਕ ਛਾਤੀ ਦੇ, 2.21 ਮਿਲੀਅਨ ਫੇਫੜਿਆਂ, 1.2 ਮਿਲੀਅਨ ਚਮੜੀ ਅਤੇ 1.09 ਮਿਲੀਅਨ ਪੇਟ ਦੇ ਕੈਂਸਰ ਨਾਲ ਪ੍ਰਭਾਵਿਤ ਹਨ।
      ਕੈਂਸਰ ਦੀ ਬਿਮਾਰੀ ਕਈ ਕਾਰਨਾਂ ਕਰ ਕੇ ਹੁੰਦੀ ਹੈ। ਇਸ ਬਾਰੇ ਡਾ. ਸੁਰਿੰਦਰ ਕੇ ਡਬਾਸ (ਬੀਐੱਲਕੇ ਮੈਕਸ ਹਸਪਤਾਲ, ਦਿੱਲੀ) ਦਾ ਕਹਿਣਾ ਹੈ ਕਿ ਜੇ ਵਿਗਿਆਨਕ ਤੌਰ ’ਤੇ ਸਮਝਿਆ ਜਾਵੇ ਤਾਂ ਸਾਡੇ ਸਰੀਰ ਵਿਚ ਦੋ ਤਰ੍ਹਾਂ ਦੇ ਜੀਨ ਹੁੰਦੇ ਹਨ, ਇਕ ਉਹ ਜੋ ਸੈੱਲਾਂ ਦਾ ਨਿਰਮਾਣ ਕਰਦੇ ਹਨ, ਦੂਜੇ ਉਹ ਜੋ ਵਾਧੂ ਸੈੱਲਾਂ ਨੂੰ ਸਰੀਰ ਵਿਚੋਂ ਨਸ਼ਟ ਕਰਨ ਦਾ ਕਾਰਜ ਕਰਦੇ ਹਨ ਪਰ ਕਈ ਕਾਰਨਾਂ ਜਿਵੇਂ ਤੰਬਾਕੂ, ਸ਼ਰਾਬ, ਕੀਟ ਨਾਸ਼ਕ ਦਵਾਈਆਂ, ਰੇਡੀਏਸ਼ਨ ਆਦਿ ਕਰ ਕੇ ਸਾਡੇ ਸਰੀਰ ਵਿਚ ਅਜਿਹੇ ਜੀਨਾਂ ਵਿਚ ਖਰਾਬੀ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਸੈੱਲਾਂ ਨੂੰ ਬਣਾਉਣ ਅਤੇ ਨਸ਼ਟ ਕਰਨ ਦੀ ਪ੍ਰਕਿਰਿਆ ਵਿਚ ਸੰਤੁਲਨ ਵਿਗੜ ਜਾਂਦਾ ਹੈ ਅਤੇ ਮਨੁੱਖੀ ਸਰੀਰ ਵਿਚ ਬੇਲੋੜੇ ਸੈੱਲਾਂ ਦੀ ਮਾਤਰਾ ਵਧ ਜਾਂਦੀ ਹੈ। ਇਹ ਬੋਲੋੜੇ ਸੈੱਲ ਗੰਢ ਜਾਂ ਝੁੰਡ ਬਣਾ ਲੈਂਦੇ ਹਨ ਤੇ ਜੇ ਇਹਨਾਂ ਨੂੰ ਸਮੇਂ ਸਿਰ ਰੋਕਿਆ ਨਾ ਜਾਵੇ ਤਾਂ ਅਜਿਹੇ ਸੈੱਲ ਅੱਗੇ ਹੋਰ ਤੰਦਰੁਸਤ ਸੈੱਲਾਂ ਨੂੰ ਆਪਣੀ ਗ੍ਰਿਫਤ ਵਿਚ ਲਈ ਜਾਂਦੇ ਹਨ ਜਿਸ ਕਾਰਨ ਕੈਂਸਰ ਦੀ ਬਿਮਾਰੀ ਪੈਦਾ ਹੁੰਦੀ ਹੈ।
      ਕੈਂਸਰ ਬਾਰੇ ਅਗਲਾ ਮੁੱਖ ਤੱਥ ਹੈ, ਕੈਂਸਰ ਦੀਆਂ ਸਟੇਜਾਂ। ਅਸੀਂ ਅਕਸਰ ਸੁਣਦੇ ਹਾਂ ਕਿ ਕੈਂਸਰ ਦਾ ਪਤਾ ਆਖ਼ਰੀ ਸਟੇਜ ’ਤੇ ਲੱਗਦਾ ਹੈ ਪਰ ਅਜਿਹਾ ਨਹੀਂ ਹੈ ਕਿ ਕੈਂਸਰ ਬਿਨਾ ਕਿਸੇ ਆਗਾਮੀ ਚਿਤਾਵਨੀ ਤੋਂ ਮਨੁੱਖੀ ਸਰੀਰ ਵਿਚ ਘਰ ਕਰ ਲੈਂਦਾ ਹੈ ਬਲਕਿ ਕੈਂਸਰ ਦੇ ਕਈ ਮੁੱਖ ਲੱਛਣ ਹੁੰਦੇ ਹਨ ਜਿਹਨਾਂ ਨੂੰ ਆਰੰਭਿਕ ਸਟੇਜ ’ਤੇ ਪਛਾਣਿਆ ਜਾ ਸਕਦਾ ਹੈ ਪਰ ਇਹ ਲੱਛਣ ਕਿਉਂਕਿ ਆਰੰਭਿਕ ਸਟੇਜ ’ਤੇ ਅਸਾਧਾਰਨ ਨਹੀਂ ਜਾਪਦੇ, ਇਸ ਕਰ ਕੇ ਬਹੁਤੀ ਵਾਰ ਇਹਨਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਡਾ. ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਕੈਂਸਰ ਦੇ ਲੱਛਣ ਪ੍ਰਭਾਵੀ ਤੌਰ ’ਤੇ ਇਸ ਗੱਲ ’ਤੇ ਨਿਰਭਰ ਕਰਦੇ ਹਨ ਕਿ ਸਰੀਰ ਦੇ ਕਿਸ ਹਿੱਸੇ ਵਿਚ ਕੈਂਸਰ ਹੈ, ਜਿਵੇਂ ਗਲੇ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਵਿਚ ਆਵਾਜ਼ ਬਦਲਣਾ, ਕੰਨ ਵਿਚ ਲਗਾਤਾਰ ਦਰਦ ਹੋਣਾ ਆਦਿ ਸ਼ਾਮਿਲ ਹੁੰਦੇ ਹਨ ਪਰ ਮਰੀਜ਼ ਅਕਸਰ ਕੈਂਸਰ ਮਾਹਿਰ ਕੋਲ ਉਦੋਂ ਆਉਂਦੇ ਹਨ ਜਦੋਂ ਗਲੇ ਵਿਚ ਕੋਈ ਗੰਢ ਜਾਂ ਭਿਆਨਕ ਦਰਦ ਉਹਨਾਂ ਨੂੰ ਮਹਿਸੂਸ ਹੁੰਦਾ ਹੈ। ਉਦੋਂ ਤਕ ਕੈਂਸਰ ਉਪਰਲੀ ਸਟੇਜ ’ਤੇ ਪਹੁੰਚ ਜਾਂਦਾ ਹੈ।
        ਕੈਂਸਰ ਦੀਆਂ ਸਟੇਜਾਂ ਬਾਰੇ ਅਗਲਾ ਖ਼ਾਸ ਨੁਕਤਾ ਇਹ ਹੈ ਕਿ ਕੈਂਸਰ ਦੀਆਂ ਸਟੇਜਾਂ ਦਾ ਨਿਰਧਾਰਨ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੈਂਸਰ ਕਿੰਨਾ ਫੈਲਿਆ ਹੋਇਆ ਹੈ। ਡਾ. ਵਨੀਤ ਗੁਪਤਾ (ਏਮਸ ਦਿੱਲੀ) ਦੱਸਦੇ ਹਨ ਕਿ ਕੈਂਸਰ ਦੀਆਂ ਸਟੇਜਾਂ ਆਮ ਕਰ ਕੇ ‘ਅਮਰੀਕਨ ਜੁਆਇੰਟ ਕਮੇਟੀ ਫਾਰ ਕੈਂਸਰ’, ‘ਦਿ ਇੰਟਰਨੈਸ਼ਨਲ ਫੈਡਰੇਸ਼ਨ ਆਫ ਗਾਇਨਾਕੋਲੋਜੀ ਐਂਡ ਓਬਸਟੈਟਰਿਕਸ’ ਆਦਿ ਦੁਆਰਾ (ਖ਼ਾਸ ਤੌਰ ’ਤੇ ਮਹਿਲਾਵਾਂ ਵਿਚ ਹੋਣ ਵਾਲੇ ਕੈਂਸਰ ਬਾਰੇ) ਬਣਾਈਆਂ ਜਾਂਦੀਆਂ ਹਨ। ਕੈਂਸਰ ਦੀਆਂ ਸਟੇਜਾਂ ਦੀ ਗਿਣਤੀ ਆਮ ਤੌਰ ’ਤੇ ਕੈਂਸਰ ਦੁਆਰਾ ਪ੍ਰਭਾਵਿਤ ਅੰਗ/ਹਿੱਸੇ ’ਤੇ ਨਿਰਭਰ ਕਰਦੀ ਹੈ, ਜਿਵੇਂ ਫੇਫੜਿਆਂ ਦੇ ਕੁਝ ਖ਼ਾਸ ਤਰ੍ਹਾਂ ਦੇ ਕੈਂਸਰ ਵਿਚ ਕੇਵਲ ਦੋ ਅਤੇ ਨਰ-ਅੰਡਕੋਸ਼ ਸੰਬੰਧੀ ਕੈਂਸਰ ਦੀਆਂ ਤਿੰਨ ਹੀ ਸਟੇਜਾਂ ਹੁੰਦੀਆਂ ਹਨ ਪਰ ਜ਼ਿਆਦਾਤਰ ਕੇਸਾਂ ਵਿਚ ਕੈਂਸਰ ਦੀਆਂ ਚਾਰ ਸਟੇਜਾਂ ਹੁੰਦੀਆਂ ਹਨ। ਇਹਨਾਂ ਵਿਚੋਂ ਪਹਿਲੀ ਸਟੇਜ ’ਤੇ ਵਿਚਰਦੇ ਕੈਂਸਰ ਵਿਚ ਸੈੱਲਾਂ ਦੀਆਂ ਬਹੁਤ ਛੋਟੀਆਂ ਗੰਢਾਂ ਹੁੰਦੀਆਂ ਹਨ ਜੋ ਸਰੀਰ ਦੇ ਕਿਸੇ ਖ਼ਾਸ ਹਿੱਸੇ ਤਕ ਹੀ ਸੀਮਿਤ ਹੁੰਦੀਆਂ ਹਨ। ਦੂਜੀ ਸਟੇਜ ’ਤੇ ਕੈਂਸਰ ਟਿਸ਼ੂਆਂ ਦੀ ਗੰਢ ਜਾਂ ਤਾਂ ਬਹੁਤ ਵੱਡੀ ਹੋ ਜਾਂਦੀ ਹੈ ਜਾਂ ਕਈ ਹੋਰ ਗੰਢਾਂ ਬਣਾ ਲੈਂਦੀ ਹੈ ਜੋ ਪ੍ਰਭਾਵਿਤ ਅੰਗ ਵਿਚੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰਨ ਲੱਗ ਜਾਂਦੀਆਂ ਹਨ। ਤੀਜੀ ਸਟੇਜ ’ਤੇ ਕੈਂਸਰ ਦੀਆਂ ਗੰਢਾਂ ਆਪਣੇ ਨਿਰਧਾਰਿਤ ਹਿੱਸੇ ਵਿਚੋਂ ਬਾਹਰ ਨਿੱਕਲ ਕੇ ਹੋਰ ਨੇੜੇ ਲੱਗਦੇ ਹਿੱਸਿਆਂ ਵਿਚ ਫੈਲ ਜਾਂਦੀਆਂ ਹਨ। ਚੌਥੀ ਸਟੇਜ ’ਤੇ ਆ ਕੇ ਕੈਂਸਰ ਸਰੀਰ ਦੇ ਹੋਰਨਾਂ ਦੂਰਲੇ ਹਿੱਸਿਆਂ ਜਾਂ ਹੱਡੀਆਂ ਵਿਚ ਫੈਲ ਜਾਂਦਾ ਹੈ ਤੇ ਇਸ ਨੂੰ ਵਧਣ ਤੋਂ ਰੋਕਣਾ ਅਸੰਭਵ ਹੋ ਜਾਂਦਾ ਹੈ।
        ਕੈਂਸਰ ਦਾ ਇਲਾਜ ਮੁੱਖ ਤੌਰ ’ਤੇ ਚਾਰ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਪਹਿਲਾ ਸਰਜਰੀ ਜਿਸ ਵਿਚ ਕੈਂਸਰ ਮਾਹਿਰ ਅਪ੍ਰੇਸ਼ਨ ਰਾਹੀਂ ਕੈਂਸਰ ਦੀ ਬਣੀ ਗੰਢ ਨੂੰ ਬਾਹਰ ਕੱਢ ਦਿੰਦੇ ਹਨ। ਇਸ ਦੇ ਜ਼ਿਆਦਾ ਨੁਕਸਾਨ ਮਨੁੱਖੀ ਸਰੀਰ ਨੂੰ ਨਹੀਂ ਹੁੰਦੇ। ਦੂਜਾ, ਕੀਮੋਥੈਰੇਪੀ, ਭਾਵ ਦਵਾਈਆਂ ਦੁਆਰਾ ਇਲਾਜ। ਕੀਮੋਥੈਰੇਪੀ ਦੌਰਾਨ ਮਰੀਜ਼ ਨੂੰ ਬਹੁਤ ਤੇਜ਼ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਕੈਂਸਰ ਸੈੱਲਾਂ ਨੂੰ ਨਸ਼ਟ ਕਰਨ ਅਤੇ ਇਹਨਾਂ ਦੀ ਗਿਣਤੀ ਵਧਣ ਤੋਂ ਰੋਕਦੀਆਂ ਹਨ। ਕੀਮੋਥੈਰੇਪੀ ਦੁਆਰਾ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦਾ ਪ੍ਰਭਾਵ ਸਰੀਰ ਦੇ ਬਾਕੀ ਹਿੱਸਿਆਂ ’ਤੇ ਵੀ ਪੈਂਦਾ ਹੈ ਜਿਸ ਦਾ ਇਕ ਪ੍ਰਭਾਵ ਸਰੀਰ ਦੇ ਵਾਲ ਝੜਨ ਦੇ ਰੂਪ ਵਿਚ ਹੁੰਦਾ ਹੈ। ਤੀਜਾ ਰੇਡੀਏਸ਼ਨ ਜਾਂ ਕਿਰਨਾਂ ਰਾਹੀਂ ਇਲਾਜ। ਇਸ ਇਲਾਜ ਦੌਰਾਨ ਪ੍ਰਭਾਵਿਤ ਅੰਗ ਵਿਚ ਫੈਲੀ ਕੈਂਸਰ ਗੰਢ ਨੂੰ ਕੇਂਦਰਿਤ ਕਰ ਕੇ ਉਸ ’ਤੇ ਕਿਰਨਾਂ ਦਾ ਉੁਪਯੋਗ ਕੀਤਾ ਜਾਂਦਾ ਹੈ। ਇਸ ਇਲਾਜ ਵਿਚ ਜ਼ਿਆਦਾਤਰ ਐਕਸ-ਕਿਰਨਾਂ ਅਤੇ ਕਈ ਵਾਰ ਗਾਮਾ-ਕਿਰਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹਨਾਂ ਕਿਰਨਾਂ ਵਿਚਲੀ ਅਸੀਮ ਊਰਜਾ ਅਤੇ ਗਰਮੀ ਨਾਲ ਕੈਂਸਰ ਗੰਢ ਖ਼ਤਮ ਕਰ ਦਿੱਤੀ ਜਾਂਦੀ ਹੈ ਪਰ ਇਸ ਇਲਾਜ ਸਦਕਾ ਕਈ ਵਾਰ ਸਰੀਰ ਦੇ ਤੰਦਰੁਸਤ ਸੈੱਲ ਵੀ ਪ੍ਰਭਾਵਿਤ ਹੋ ਜਾਂਦੇ ਹਨ। ਚੌਥਾ ਇਲਾਜ ਹੈ ਇਮੂਨੋਥੈਰੇਪੀ। ਇਸ ਇਲਾਜ ਦੌਰਾਨ ਮਰੀਜ਼ ਨੂੰ ਇਸ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਸਰੀਰ ਦੀ ਰੋਗ ਨਾਲ ਲੜਨ ਦੀ ਸ਼ਕਤੀ ਵਧਾਉਣ ਵਿਚ ਮਦਦ ਕਰਦੀਆਂ ਹਨ । ਇਸ ਇਲਾਜ ਦੌਰਾਨ ਕੈਂਸਰ ਦੇ ਸੈੱਲਾਂ ’ਤੇ ਸਿੱਧਾ ਹਮਲਾ ਨਹੀਂ ਕੀਤਾ ਜਾਂਦਾ ਸਗੋਂ ਪਲਾਜ਼ਮਾ ਸੈੱਲਾਂ (ਐਂਟੀਬਾਡੀਜ਼) ਨੂੰ ਕੈਂਸਰ ਸੈੱਲਾਂ ਨਾਲ ਲੜਨ ਲਈ ਤਿਆਰ ਕੀਤਾ ਜਾਂਦਾ ਹੈ।
      ਕੁੱਲ ਮਿਲਾ ਕੇ ਸੰਸਾਰ ਪੱਧਰ ’ਤੇ ਕੈਂਸਰ (ਚੇਤਨਾ) ਦਿਵਸ ਮਨਾਉਣ ਦਾ ਇਹੋ ਉਦੇਸ਼ ਹੈ ਕਿ ਕੈਂਸਰ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਮੁਹੱਈਆ ਕੀਤੀ ਜਾਵੇ। ਇਸ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਜਾਣਕਾਰੀ ਲੋਕਾਂ ਤੱਕ ਪੁੱਜਦੀ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਾਲਾਂ ਦੌਰਾਨ ਕੈਂਸਰ ਦੇ ਮਰੀਜ਼ਾਂ ਅਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟ ਸਕੇ।
* ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ,
   ਪੰਜਾਬੀ ਯੂਨੀਵਰਸਿਟੀ, ਪਟਿਆਲਾ।