Ravinder-Singh-Sodhi

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਂ ਇਕ ਖੁਲ੍ਹਾ ਪੱਤਰ - ਰਵਿੰਦਰ ਸਿੰਘ ਸੋਢੀ

ਲਿਖਤੁਮ ਰਵਿੰਦਰ ਸਿੰਘ ਸੋਢੀ ਵੱਲ ਭਾਰਤ ਦੇਸ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਦੇ ਨਾਂ। ਆਸ਼ਾ ਹੈ ਕਿ ਜਦ ਤੱਕ ਇਹ ਪੱਤਰ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਵੇ ਗਾ ਉਸ ਸਮੇਂ ਤੱਕ ਤੁਹਾਡੀ ਤਾਜਪੋਸ਼ੀ ਹੋ ਚੁੱਕੀ ਹੋਵੇਗੀ ਜਾਂ ਉਸ ਦੀਆਂ ਤਿਆਰੀਆਂ ਹੋ ਰਹੀਆਂ ਹੋਣ ਗੀਆਂ। 18 ਵੀਂ ਲੋਕ ਸਭਾ ਦੇ ਨਤੀਜਿਆਂ ਨੂੰ ਦੇਖਦੇ ਹੋਏ ਤੁਸੀਂ ਭਾਰਤ ਦੇ ਸੰਵਿਧਾਨ ਅਨੁਸਾਰ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਹੋਣ ਕਰਕੇ ਅਤੇ ਆਪਣੀਆਂ ਸਹਿਯੋਗੀ ਪਾਰਟੀਆਂ ਦੇ ਸਮਰਥਨ ਨਾਲ ਬਹੁਮਤ ਵਿਚ ਹੋਣ ਕਰਕੇ ਇਸ ਦੇ ਕਾਨੂੰਨੀ ਹੱਕਦਾਰ ਹੋ, ਪਰ ਨੈਤਿਕ ਤੌਰ ਤੇ ਤੁਸੀਂ ਇਹ ਹੱਕ ਗਵਾ ਚੁੱਕੇ ਹੋ? ਤੁਹਾਡੀ ਪਾਰਟੀ ਵੱਲੋਂ ਇਹ ਚੋਣਾਂ ਪਾਰਟੀ ਨੀਤੀ ਦੇ ਮੁੱਦਿਆਂ ਨੂੰ ਅਧਾਰ ਬਣਾ ਕੇ ਨਹੀਂ ਸੀ ਲੜੀਆਂ ਗਈਆਂ, ਬਲਕਿ ਨਰੇਂਦਰ ਮੋਦੀ ਨੂੰ ਤੀਜਾ ਮੌਕਾ ਦੇਣ ਦਾ ਨਾਹਰਾ  ਲਾ ਕੇ ਲੜੀਆਂ ਗਈਆਂ ਸੀ।  ਚੋਣ ਪ੍ਚਾਰ ਦੀ ਬਹੁਤੀ ਜਿੰਮੇਵਾਰੀ ਵੀ ਤੁਹਾਡੇ ਹੀ ਮੋਢਿਆਂ 'ਤੇ ਸੀ। ਤੁਹਾਡੀ ਪਾਰਟੀ ਦੇ ਹੋਰ ਵੀ ਕਈ ਕੱਦਵਾਰ ਨੇਤਾ ਹਨ, ਜੋ ਚੰਗੇ ਬੁਲਾਰੇ ਵੀ ਹਨ। ਉਹਨਾਂ ਨੂੰ ਬਹੁਤਾ ਅੱਗੇ ਨਹੀਂ ਕੀਤਾ ਗਿਆ, ਕਿਉਂ ਜੋ ਤੁਹਾਡਾ ਵਿਅਕਤੀਗਤ ਵਿਚਾਰ ਹੈ ਕਿ ਭਾਰਤ ਦੀ ਜਨਤਾ ਲਈ ਮੋਦੀ ਦਾ ਨਾਂ ਹੀ ਦੇਸ਼ ਦੀ ਤਰੱਕੀ ਦੀ ਗਰੰਟੀ ਹੈ। ਸੋ ਜੇ ਤੁਹਾਡੇ ਨਾਂ ਦਾ ਪ੍ਰਚਾਰ ਕਰਕੇ ਲੜੀਆਂ ਚੋਣਾਂ ਵਿਚ ਤੁਹਾਨੂੰ ਵਿਅਕਤੀਗਤ ਤੌਰ ਤੇ ਬਹੁਮਤ ਨਹੀਂ ਮਿਲਿਆ ਤਾਂ ਇਸ ਦਾ ਅਰਥ ਸਾਫ ਹੈ ਕਿ ਦੇਸ ਦੀ ਜਨਤਾ ਨੂੰ ਤੁਹਾਡੇ ਪ੍ਤੀ ਵਿਸਵਾਸ਼ ਨਹੀਂ ਰਿਹਾ। ਜਦੋਂ ਤੁਸੀਂ ਆਮ ਜਨਤਾ ਦਾ ਵਿਸਵਾਸ਼ ਗਵਾ ਚੁੱਕੇ ਹੋ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਵੇਂ ਬਣ ਸਕਦੇ ਹੋ? ਤੁਸੀਂ ਕਦੇ ਵੀ ਐਨ ਡੀ ਏ ਗੱਠਜੋੜ ਨੂੰ ਤੀਜਾ ਮੌਕਾ ਦੇਣ ਦੀ ਗੱਲ ਨਹੀਂ ਕੀਤੀ। ਪਿਛਲੇ ਦਸ ਸਾਲ ਦੇ ਤੁਹਾਡੇ ਕਾਰਜਕਾਲ ਦੌਰਾਨ ਬੀ ਜੇ ਪੀ ਪਾਰਟੀ ਤਾਂ ਆਪਣਾ ਅਸਤਿਤਵ ਗਵਾ ਕੇ ਮੋਦੀ ਪਾਰਟੀ ਬਣ ਕੇ ਰਹਿ ਗਈ ਸੀ। ਜਿਵੇਂ ਸ੍ਰੀਮਤੀ ਇੰਦਰਾ ਗਾਂਧੀ ਦੇ ਸਮੇਂ "ਇੰਦਰਾ ਇਜ਼ ਇੰਡੀਆ ਅਤੇ ਇੰਡੀਆ ਇਜ਼ ਇੰਦਰਾ" ਦਾ ਨਾਹਰਾ ਲੱਗਦਾ ਸੀ, ਤੁਸੀਂ ਉਸ ਤੋਂ ਵੀ ਦੋ ਕਦਮ ਅੱਗੇ ਜਾਂਦੇ ਹੋਏ ਆਪਣੇ ਹਰ ਭਾਸ਼ਣ ਅਤੇ ਚੋਣ ਰੈਲੀਆਂ ਵਿਚ ਇਹ ਕਹਿੰਦੇ ਸੀ 'ਇਹ ਮੋਦੀ ਦਾ ਵਾਅਦਾ ਹੈ, ਮੋਦੀ ਤੁਹਾਨੂੰ ਇਹ ਯਕੀਨ ਦੁਆ ਰਿਹਾ ਹੈ---- ਵਗੈਰਾ, ਵਗੈਰਾ। ਤੁਸੀਂ ਕਦੇ ਬੀ ਜੇ ਪੀ ਪਾਰਟੀ ਦਾ ਤਾਂ ਨਾਂ ਹੀ ਨਹੀਂ ਸੀ ਲਿਆ ਅਤੇ ਨਾ ਇਹ ਕਿਹਾ ਸੀ ਕਿ 'ਮੈਂ ਬੀ ਜੇ ਪੀ ਪਾਰਟੀ ਵੱਲੋਂ ਭਾਰਤ ਦੀ ਜਨਤਾ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਤੁਹਾਡੇ ਲਈ ਇਹ, ਇਹ ਕੰਮ ਕਰੇਗੀ'। ਇਹ ਦੱਸੋ ਇਕੱਲਾ ਮੋਦੀ ਵਿਅਕਤੀਗਤ ਤੌਰ ਤੇ ਭਾਰਤ ਦੀ ਜਨਤਾ ਨੂੰ ਕਿਵੇਂ ਕੋਈ ਵਾਅਦਾ ਕਰ ਸਕਦਾ ਹੈ? ਜੇ ਪਾਰਟੀ ਸਮੁੱਚੇ ਤੌਰ ਤੇ ਕਿਸੇ ਮਾਮਲੇ ਤੇ ਤੁਹਾਡੀ ਸੋਚ ਨਾਲੋਂ ਵੱਖਰੀ ਸੋਚ ਰੱਖਦੀ ਹੋਵੇ, ਫੇਰ ਕੀ ਹੋਵੇਗਾ? ਲੋਕਰਾਜ ਵਿਚ ਵਿਅਕਤੀ ਵਿਸ਼ੇਸ਼ ਨਾਲੋਂ ਪਾਰਟੀ ਜਾਂ ਗੱਠਬੰਧਨ ਦੀ ਜਿਆਦਾ ਅਹਿਮੀਅਤ ਹੁੰਦੀ ਹੈ। ਜਦੋਂ ਪਾਰਟੀ ਦੀ ਥਾਂ ਤੁਸੀਂ ਜਨਤਾ ਨਾਲ ਵਾਅਦੇ ਕਰਦੇ ਸੀ ਤਾਂ ਇਸ ਦਾ ਭਾਵ ਹੈ ਕਿ ਤੁਸੀਂ ਉਸ ਪਾਰਟੀ ਦੇ ਨੇਤਾ ਨਹੀਂ ਸਗੋਂ ਮਾਲਕ ਹੋ ਗਏ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਜਦੋਂ ਤੁਸੀਂ ਆਪਣੇ-ਆਪ ਹੀ ਨੋਟਬੰਦੀ ਦਾ ਫੁਰਮਾਨ ਜਾਰੀ ਦਿੱਤਾ ਸੀ। ਖੈਰ ਨੋਟਬੰਦੀ ਦੇ ਮਾਮਲੇ ਤੇ ਤਾਂ ਬਹੁਤ ਚਰਚਾ ਹੋ ਚੁੱਕੀ ਹੈ। ਹਾਂ, ਤੁਹਾਨੂੰ ਯਾਦ ਹੀ ਹੋਵੇਗਾ ਜਦੋਂ ਤੁਸੀਂ ਇਕ ਵਾਰ ਵਿਦੇਸ਼ੀ ਦੌਰੇ ਤੋਂ ਵਾਪਸ ਆ ਰਹੇ ਸੀ ਤਾਂ ਤੁਹਾਡਾ ਜਹਾਜ ਪਾਕਿਸਤਾਨ ਦੇ ਇਲਾਕੇ ਵਿਚ ਉੱਡ ਰਿਹਾ ਸੀ। ਤੁਸੀਂ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਜਨਾਬ ਨਿਵਾਜ਼ ਸ਼ਰੀਫ ਨਾਲ ਗੁਫਤਗੂ ਕਰਨ ਲਈ ਫੋਨ ਮਿਲਾ ਲਿਆ। ਉਸ ਸਮੇਂ ਉਹਨਾਂ ਦੀ ਦੋਹਤੀ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ। ਉਹ ਨੇ ਤੁਹਾਨੂੰ ਕਹਿ ਦਿੱਤਾ 'ਆ ਜਾਉ'। ਤੁਸੀਂ  ਜਹਾਜ ਦੇ ਪਾਇਲਟ ਨੂੰ ਜਹਾਜ ਰੋਕਣ ਦਾ ਹੁਕਮ ਸੁਣਾ ਦਿੱਤਾ। ਇਹ ਦੱਸੋ ਕੀ ਜਨਾਬ ਨਿਵਾਜ਼ ਸ਼ਰੀਫ ਸਾਹਿਬ ਨੇ ਤੁਹਾਨੂੰ ਪਹਿਲਾਂ ਵਿਆਹ ਦਾ ਨਿਉਤਾ ਭੇਜਿਆ ਸੀ? ਕੀ ਕਿਸੇ ਮੁਲਕ ਦੇ ਵਜ਼ੀਰੇ ਆਜ਼ਮ ਇਸ ਤਰਾਂ ਦੇ ਮੂੰਹ ਜਵਾਨੀ ਕਹਿਣ ਨਾਲ ਚਲੇ ਜਾਂਦੇ ਹਨ? ਦੇਸ਼ ਦੇ ਮੁੱਖੀ ਦੇ ਵਿਦੇਸ਼ੀ ਦੌਰਿਆਂ ਤੋਂ ਪਹਿਲਾਂ ਪਰਦੇ ਦੇ ਪਿੱਛੇ ਸਹਿਯੋਗੀਆਂ ਦੀਆਂ ਮੀਟਿੰਗਾਂ ਦੇ ਕਈ ਦੌਰ ਚਲਦੇ ਹਨ, ਏਜੰਡਾ ਤਿਆਰ ਹੁੰਦਾ ਹੈ। ਹੁਣ ਵੀ ਨਤੀਜੇ ਆਉਣ ਤੋਂ ਬਾਅਦ ਤੁਸੀਂ ਕਿਹਾ ਹੈ ਕਿ ਲੋਕਾਂ ਨੇ ਤੁਹਾਨੂੰ ਤੀਜੀ ਵਾਰ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਹੈ। ਮੌਕਾ ਤਾਂ ਦਿੱਤਾ ਹੁੰਦਾ ਜੇ ਤੁਹਾਡੇ ਕੋਲ ਆਪਣੇ ਤੌਰ ਤੇ  ਬਹੁਮਤ ਹੁੰਦਾ? ਭਾਵੇਂ ਤੁਹਾਡਾ ਨਾਹਰਾ ਸੀ "ਅਬ  ਕੀ ਵਾਰ ਚਾਰ ਸੌ ਪਾਰ"। ਜਨਾਬ ਚਾਰ ਸੌ ਤਾਂ ਦੂਰ ਦੀ ਗੱਲ ਹੈ, ਤੁਸੀਂ 240 ਤੇ ਹੀ ਅਟਕ ਗਏ, ਜੋ ਪਿਛਲੀ ਵਾਰ ਨਾਲੋਂ ਤਕਰੀਬਨ 65 ਸੀਟਾਂ ਘੱਟ ਹਨ। ਇਹ ਲੋਕਾਂ ਨੇ ਤੁਹਾਡੇ ਵਿਚ ਭਰੋਸੇ ਘਟਾਇਆ ਹੈ ਜਾਂ ਵਧਾਇਆ ਹੈ? ਪੰਜਾਬੀ ਦੀ ਇਕ ਕਹਾਵਤ ਹੈ ਕਿ 'ਕਿਸੇ ਦੀ  ਡੁੱਲ੍ਹ ਗਈ ਦਾਲ, ਉਹ ਕਹਿੰਦਾ ਅਸੀਂ ਤਾਂ ਇਸੇ ਤਰਾਂ ਹੀ ਖਾਂਦੇ ਹਾਂ'। ਸੋ ਪਿਛਲੀਆਂ ਚੋਣਾਂ ਦੀਆਂ ਸੀਟਾਂ ਨਾਲੋਂ ਘੱਟ ਮਿਲੀਆਂ ਸੀਟਾਂ ਨੂੰ ਤੁਸੀਂ ਜਨਤਾ ਦਾ ਹਾਂ-ਪੱਖੀ ਹੁੰਗਾਰਾ ਮੰਨਦੇ ਹੋ, ਇਹ ਸੋਚ ਤੁਹਾਨੂੰ ਮੁਬਾਰਕ। ਜੇ ਤੁਹਾਨੂੰ ਸਧਾਰਨ ਬਹੁਮਤ ਵੀ ਮਿਲ ਜਾਂਦਾ ਤਾਂ ਵੀ ਮੰਨਿਆ ਜਾ ਸਕਦਾ ਸੀ।  ਹਾਂ ਸੱਚ ਯਾਦ ਆਇਆ,  ਤੁਸੀਂ ਤਾਂ ਇਕ ਵਾਰ ਕਿਹਾ ਸੀ, 'ਮੇਰਾ ਕਿਆ ਹੈ। ਮੈਂ ਤੋਂ ਫਕੀਰ ਹੂੰ। ਜਬ ਕਹੋ ਗੇ ਝੋਲਾ ਉੱਠਾ ਕੇ ਚਲਾ ਜਾਊਂ ਗਾ।' ਇਸ ਵਾਰ ਤਾਂ  ਜਨਤਾ-ਜਨਾਰਦਨ ਨੇ ਤੁਹਾਨੂੰ ਝੋਲਾ ਚੁੱਕ ਕੇ ਜਾਣ  ਲਈ  ਕਹਿਣ ਤੋਂ ਕਸਰ ਤਾਂ ਕੋਈ  ਨਹੀਂ ਛੱਡੀ। ਕੀ ਗੱਲ, ਦਸ ਸਾਲ ਵਿਚ ਫਕੀਰੀ ਦੇ ਝੋਲੇ ਦਾ ਭਾਰ ਐਨੇ ਵਧ ਗਿਆ ਹੈ ਕਿ ਹੁਣ ਝੋਲਾ ਚੁੱਕਣ ਵਿਚ ਦਿੱਕਤ ਆ ਰਹੀ ਹੈ ਜਾਂ ਝੋਲੇ ਦੇ ਨਸ਼ੇ ਨੇ ਸਰੂਰ ਜਿਆਦਾ ਹੀ ਕਰ ਦਿੱਤਾ ਹੈ?
ਤੁਸੀਂ ਲੋਕ ਰਾਜੀ ਕਦਰਾਂ ਕੀਮਤਾਂ ਦਾ ਵੀ ਨਿਰਾਦਰ ਕਰਨ ਤੋਂ ਪਿੱਛੇ ਨਹੀਂ ਹਟੇ। ਦੇਸ ਦੇ ਸੰਵਿਧਾਨ ਅਨੁਸਾਰ ਕੇਂਦਰੀ ਸਰਕਾਰ ਰਾਸ਼ਟਰਪਤੀ ਦੇ ਨਾਂ ਤੇ ਚੱਲਦੀ ਹੈ। ਜਦੋਂ ਦੇਸ ਦੀ ਨਵੀਂ ਪਾਰਲੀਮੈਂਟ ਦਾ ਉਦਘਾਟਨ ਕਰਨਾ ਸੀ, ਇਸ ਕੰਮ ਲਈ ਰਾਸ਼ਟਰਪਤੀ ਨੂੰ ਅੱਗੇ ਹੋਣਾ ਚਾਹੀਦਾ ਸੀ, ਪਰ ਉਹਨਾਂ ਨੂੰ ਤਾਂ ਉਸ ਸਮਾਗਮ ਲਈ ਰਸਮੀ ਤੌਰ ਤੇ ਸੱਦਾ ਵੀ ਨਹੀਂ ਸੀ ਭੇਜਿਆ ਗਿਆ। ਕਿਉਂ? ਤੁਸੀਂ ਗੱਲ-ਗੱਲ ਤੇ ਹਿੰਦੂ ਧਰਮ ਦੀ ਦੁਹਾਈ ਦਿੰਦੇ ਹੋ। ਜਦੋਂ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਹਿੰਦੂ ਧਰਮ ਦੇ ਮੱਠਾਂ ਦੇ ਸਤਿਕਾਰਤ ਸ਼ੰਕਰਾਚਾਰੀਆ ਵੱਲੋਂ ਅਧੂਰੇ ਰਾਮ ਮੰਦਰ ਦੇ ਉਦਘਾਟਨ ਤੋਂ ਰੋਕਿਆ ਗਿਆ ਸੀ, ਤੁਸੀਂ ਉਹਨਾਂ ਦੀ ਵੀ ਨਹੀਂ ਮੰਨੀ। ਇਹ ਦੱਸੋ ਹਿੰਦੂ ਧਰਮ ਨੂੰ ਖਤਰਾ ਕਿਸ ਤੋਂ ਮੰਨਿਆ ਜਾਵੇ, ਗੈਰ-ਹਿੰਦੂਆਂ ਤੋਂ ਜਾਂ ਉਹਨਾਂ ਤੋਂ ਜੋ ਆਪਣੇ ਹੀ ਧਰਮ ਦੇ ਧਰਮ ਆਗੂਆਂ ਦੀ ਗੱਲ ਨਹੀਂ ਮੰਨਦੇ? ਅਸਲ ਵਿਚ ਤੁਸੀਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦਾ ਉਦਘਾਟਨ ਕਰਕੇ ਰਾਜਸੀ ਫਾਇਦਾ ਲੈਣਾ ਚਾਹੁੰਦੇ ਸੀ।  ਤੁਹਾਡੇ ਵਾਰੇ ਆਮ ਕਿਹਾ ਜਾਂਦਾ ਹੈ ਕਿ ਤੁਸੀਂ ਬਹੁਤੇ ਫੈਸਲੇ ਆਪਣੀ ਮਰਜੀ ਨਾਲ ਹੀ ਕਰਦੇ ਹੋਏ ਕਿਸੇ ਵੱਲੋਂ ਕੀਤੀ ਆਲੋਚਨਾ ਨਹੀਂ ਸਹਾਰਦੇ। 2014 ਵਿਚ ਜਦੋਂ ਤੁਸੀਂ ਪਹਿਲੀ ਵਾਰ ਦੇਸ ਦੀ ਵਾਗਡੋਰ ਸੰਭਾਲੀ ਸੀ ਤਾਂ ਤੁਸੀਂ ਪਹਿਲਾਂ ਹੀ ਆਰ ਐਸ ਐਸ ਤੋਂ ਇਸ ਗੱਲ ਦੀ ਇਜਾਜ਼ਤ ਲੈ ਲਈ ਸੀ ਕਿ ਤੁਸੀਂ ਆਪਣੀ ਪਾਰਟੀ ਦੇ ਉਸ ਸਮੇਂ ਦੇ ਕੁਝ ਕੱਦਵਾਰ ਨੇਤਾਵਾਂ (ਲਾਲ ਕਿਸ਼ਨ ਅਡਵਾਨੀ, ਮੁਰਲੀ  ਮਨੋਹਰ ਜੋਸ਼ੀ, ਯਸਵੰਤ ਸਿਨਹਾ ਨੂੰ ਵਜ਼ਾਰਤ ਵਿਚ ਨਹੀਂ ਲਓ ਗੇ)। ਜਦੋਂ ਕਿ ਗੋਧਰਾ ਕਾਂਡ ਵੇਲੇ ਤਤਕਾਲੀਨ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਤੁਹਾਡੇ ਨਾਲ ਨਾਰਾਜ਼ ਸੀ, ਪਰ ਅਡਵਾਨੀ ਸਾਹਿਬ ਦੀ ਬਦੌਲਤ ਹੀ ਤੁਹਾਡੀ ਕੁਰਸੀ ਬਚੀ ਸੀ। ਪਿਛਲੇ ਪੰਜ ਸਾਲ ਤਾਂ  ਸਰਕਾਰ ਸਿਰਫ ਦੋ ਬੰਦਿਆਂ ਦੀ ਮਰਜੀ ਨਾਲ ਹੀ ਚੱਲਦੀ ਰਹੀ ਹੈ। ਹੁਣ ਬਦਲਦੇ ਹਾਲਾਤ ਵਿਚ ਤੁਹਾਡਾ ਕੰਮ ਕਿਵੇਂ ਚੱਲੇ ਗਾ, ਕਿਉਂ ਜੋ ਹੁਣ ਤੁਹਾਨੂੰ ਸਰਕਾਰ ਚਲਾਉਣ ਲਈ ਚੰਦਰ ਬਾਬੂ ਨਾਇਡੂ ਅਤੇ ਨਿਤਿਸ਼ ਕੁਮਾਰ ਵਰਗੇ ਦੋ ਘਾਗ  ਸਿਆਸਤਦਾਨਾਂ ਦੀਆਂ ਵਿਸਾਖੀਆਂ ਦੀ ਜਰੂਰਤ ਪਵੇ ਗੀ। 'ਮੋਦੀ ਦੇ ਵਾਅਦੇ' ਦੀ ਜਗਾ 'ਐਨ ਡੀ ਏ ਗੱਠਜੋੜ' ਦਾ ਵਾਅਦਾ ਕਹਿਣਾ ਪਵੇ ਗਾ, ਉਹਨਾਂ ਦੀ ਇੱਛਾ ਅਨੁਸਾਰ ਕੁਝ ਖਾਸ ਮਹਿਕਮੇ ਉਹਨਾ ਦੇ ਚਹੇਤਿਆਂ ਨੂੰ ਦੇਣੇ ਪੈਣ ਗੇ। ਉਹ ਦੋਵੇਂ ਇਹ ਚੰਗੀ ਤਰਾਂ ਜਾਣਦੇ ਹਨ ਕਿ ਸਮਾ ਮਿਲਦੇ ਹੀ ਤੁਸੀਂ ਆਪਣੇ ਪੱਕੇ ਆੜੀ ਨਾਲ ਮਿਲ ਕੇ ਜੋੜ-ਤੋੜ ਦੀ ਤਿਕੜਮਬਾਜੀ ਲੜਾ ਕੇ ਆਪਣੇ ਤੌਰ ਤੇ ਬਹੁਮਤ ਬਣਾਉਣ ਦਾ ਜੁਗਾੜ ਕਰ ਹੀ ਲਉ ਗੇ,  ਤਾਂ ਜੋ ਉਹਨ ਦੋਹਾਂ ਦੀ ਈਨ ਮੰਨਣ ਤੋਂ ਛੁਟਕਾਰਾ ਮਿਲ ਜਾਵੇਂ। ਇਸ ਲਈ ਉਹ ਸਪੀਕਰ ਦੇ ਅਹੁਦੇ ਲਈ ਵੀ ਕਹਿਣ ਗੇ। ਹੋ ਸਕਦਾ ਹੈ ਜਿਸ  ਚੰਦਰ ਬਾਬੂ ਨਾਇਡੂ ਦੇ ਘਰ ਤੱਕ ਤੁਸੀਂ ਈ ਡੀ ਵਗੈਰਾ ਭੇਜ ਦਿੱਤੀ ਸੀ, ਉਹ ਵੀ  ਰੰਜਿਸ਼ ਕੱਢ ਲਵੇ। ਬਾਕੀ ਜਨਾਬ ਨਿਤਿਸ਼ ਕੁਮਾਰ ਜੀ ਸੰਬੰਧੀ ਸਾਰੇ ਬਹੁਤ ਚੰਗੀ ਤਰਾਂ ਜਾਣਦੇ ਹੀ ਹਨ। ਇਹ ਉਹੀ ਨਿਤਿਸ਼ ਜੀ ਹਨ, ਜਿੰਨਾ ਨੇ ਤੁਹਾਡੇ ਪਹਿਲੀ  ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਆਪਣੇ ਇਕ  ਖਾਸ ਬੰਦੇ ਮਾਂਝੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਸੋ ਇਸ ਵਾਰ 'ਸੇਰ ਨੂੰ ਸਵਾ ਸੇਰ ਟੱਕਰੇ' ਹਨ ਜਾਂ ਪੰਜਾਬੀ ਦੀ ਕਹਾਵਤ 'ਸੱਪ ਨੂੰ ਸੱਪ ਲੜੇ  ਜ਼ਹਿਰ ਕਿਸ ਨੂੰ ਚੜ੍ਹੇ' ਅਨੁਸਾਰ ਅਗਲੇ ਹਾਲਾਤ ਦੇਖਣ ਵਾਲੇ ਹੋਣ ਗੇ! 
ਸੋ ਮੋਦੀ ਸਾਹਿਬ,  ਇਹ ਤੀਜੀ ਵਾਰ ਤੁਸੀਂ ਜੋ ਮਰਿਆ ਹੋਇਆ ਸੱਪ ਆਪਣੇ ਗਲ ਵਿਚ ਪਾਇਆ ਹੈ, ਉਸ ਨੇ ਤੁਹਾਡਾ ਦਿਨ ਦਾ ਚੈਨ  ਰਾਤਾਂ ਦੀ ਨੀਂਦ ਉਡਾ ਦੇਣੀ ਹੈ, ਤੁਹਾਡੀ ਹਾਲਤ ਉਸ ਕਹਾਵਤ  ਵਰਗੀ ਕਰ ਦੇਣੀ ਹੈ ਕਿ ਮੈਂ ਤਾਂ ਕੰਬਲ ਨੂੰ ਛੱਡ ਰਿਹਾ ਹਾਂ, ਪਰ ਕੰਬਲ ਨਹੀਂ ਛੱਡ ਰਿਹਾ। ਚੰਗਾ ਹੁੰਦਾ ਜੇ 'ਜਿੰਨਾ ਨਾਤੀ ਉਹਨਾ ਹੀ ਪੁੰਨ' ਵਾਂਗ ਆਪਣਾ ਝੋਲਾ ਚੁੱਕ ਕੇ ਚਲੇ ਜਾਂਦੇ, ਪਰ ਹਾਏ ਇਹ ਕੁਰਸੀ ਦਾ ਮੋਹ, ਹਕੂਮਤ ਦਾ ਮੋਹ, ਮੈਂ ਮੈਂ ਦੀ ਰਟ ਲਾਉਣ ਦਾ ਮੋਹ, ਆਪਣੇ ਆਪ ਨੂੰ ਹਰ ਫਨ ਮੌਲਾ ਸਮਝਣ ਦਾ ਮੋਹ, ਦਿਲ ਕੀ ਬਾਤ ਕਰਨ ਦਾ ਮੋਹ, ਦਿਖਾਵੇ ਦਾ ਮੋਹ ਅਤੇ ਹੋਰ ਪਤਾ ਨਹੀਂ ਕਿਹੜਾ-ਕਿਹੜਾ ਮੋਹ ਤੁਹਾਡਾ ਪਿੱਛਾ ਨਹੀਂ ਛੱਡ ਰਿਹਾ। ਤੁਹਾਡੇ ਭਗਤ ਤਾਂ ਤੁਹਾਨੂੰ ਪਤਾ ਨਹੀਂ ਕਿਸ ਕਿਸ ਦਾ ਅਵਤਾਰ ਕਹਿਣ ਤੋਂ ਪਿੱਛੇ ਨਹੀਂ ਹਟ ਰਹੇ, ਜਿਵੇਂ ਇੰਦਰਾ ਗਾਂਧੀ ਦੇ ਖਾਸਮ-ਖਾਸ ਉਸ ਨੂੰ ਚੰਡੀ ਦੇਵੀ ਦਾ ਅਵਤਾਰ ਕਹਿੰਦੇ ਸੀ। ਤੁਸੀਂ ਸੋਚਦੇ ਸੀ ਕਿ ਰਾਮ ਮੰਦਰ ਦਾ ਨਿਰਮਾਣ ਕਰਕੇ ਤੁਸੀਂ  ਬਹੁਤੀਆਂ  ਹਿੰਦੂ ਵੋਟਾਂ ਵਟੋਰ ਲਉ ਗੇ ਪਰ 'ਰਾਮ ਜੀ' ਨੇ ਐਸ ਤੀਰ ਛੱਡਿਆ ਕਿ ਅਯੁਧਆ ਦੀ ਪਵਿੱਤਰ ਧਰਤੀ ਤੇ ਹੀ ਤੁਹਾਡੀ ਪਾਰਟੀ ਦਾ ਉਮੀਦਵਾਰ ਪਾਣੀ ਨਹੀਂ ਮੰਗ ਸਕਿਆ। ਤੁਸੀਂ ਵੀ ਵਾਰਾਨਸੀ ਵਿਚ ਡੇਢ ਕੁ ਲੱਖ ਵੋਟਾਂ ਨਾਲ ਹੀ ਜਿੱਤੇ ਹੋ, ਜਦੋਂ ਕਿ ਤੁਹਾਡੀ ਪਾਰਟੀ ਦੇ ਕਈ ਉਮੀਦਵਾਰ ਤੁਹਾਡੇ ਨਾਲੋਂ ਕਿੰਨੀਆਂ ਜਿਆਦਾ ਵੋਟਾਂ ਨਾਲ ਜਿੱਤੇ ਹਨ, ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ਨਾਲੋਂ ਜਿਆਦਾ ਹਰਮਨ ਪਿਆਰੇ ਹਨ! ਫੇਰ ਉਹਨਾਂ ਨੂੰ ਪ੍ਧਾਨ ਮੰਤਰੀ ਬਣਨਾ ਚਾਹੀਦਾ ਹੈ?
ਖੈਰ ਗੱਲਾਂ ਤਾਂ ਹੋਰ ਵੀ ਹਨ, ਪਰ ਉਹ ਫੇਰ ਕਿਤੇ।
ਥੋੜ੍ਹੇ ਨੂੰ ਹੀ ਬਹੁਤਾ ਕਰ ਕੇ ਜਾਣਨਾ।

ਭਾਰਤ ਦੀ ਰਾਜਨੀਤੀ ਵਿਚ ਵਧ ਰਿਹਾ ਖਲਾਅ - ਰਵਿੰਦਰ ਸਿੰਘ ਸੋਢੀ

ਦੇਸ ਲਈ ਨਵੀਂ ਕੇਂਦਰੀ ਸਰਕਾਰ ਦੀ ਚੋਣ ਲਈ  ਚੋਣਾ ਦੇ ਛੇ ਦੌਰ ਪੂਰੇ ਹੋ ਚੁੱਕੇ ਹਨ, ਇਕ ਅਜੇ ਬਾਕੀ ਹੈ। ਬੀ ਜੇ ਪੀ ਨੇ 400 ਪਾਰ ਦਾ ਨਾਹਰਾ ਦਿੱਤਾ ਹੈ, ਜਦੋਂ ਕਿ ਇੰਡੀਆ ਗਠਜੋੜ ਨੇ ਪੂਰੇ ਜੋਰ-ਸ਼ੋਰ ਨਾਲ ਬੀ ਜੇ ਪੀ ਦੇ ਫਿਰਕੂ ਏਜੰਡੇ , ਤਾਨਾਸ਼ਾਹੀ ਰੁਝਾਣ ਅਤੇ ਗੈਰ ਲੋਕਰਾਜੀ ਵਰਤਾਰਿਆਂ  ਨੂੰ ਹਰਾ ਕੇ ਦੇਸ ਦੇ ਮੌਜੂਦਾ ਸਵਿਧਾਨ ਨੂੰ ਮੂਲ ਰਪੂ ਵਿਚ ਕਾਇਮ ਰੱਖਣ ਦਾ ਹੋਕਾ ਲਾਇਆ ਹੈ। ਇਹ ਤਾਂ ਚਾਰ ਜੂਨ ਨੂੰ ਹੀ  ਪਤਾ ਲੱਗੇ ਗਾ ਕਿ ਕੇਂਦਰੀ ਸਰਕਾਰ ਤੇ ਕਾਬਜ ਪਾਰਟੀ ਦੇ ਨਾਹਰੇ ਦੇ ਹੱਕ ਵਿਚ ਲੋਕਾਂ ਦਾ ਫਤਵਾ ਮਿਲਦਾ ਹੈ ਜਾਂ ਵਿਰੋਧੀ ਪਾਰਟੀਆਂ ਦੇ ਗੱਠਜੋੜ ਦੇ ਹੋਕੇ ਨੂੰ ਦੇਸ ਦੀ ਜਨਤਾ ਹੁੰਗਾਰਾ ਭਰਦੀ ਹੈ।
ਮੁੱਖ ਮੁੱਦੇ ਤੇ ਆਉਣ ਤੋਂ ਪਹਿਲਾਂ 2009 ਤੋਂ ਲੈ ਕੇ ਹੁਣ ਤੱਕ ਦੀਆਂ ਕੇਂਦਰੀ ਸਰਕਾਰਾਂ  ਦੀਆਂ ਕਾਰਗੁਜਾਰੀਆਂ ਤੇ ਇਕ ਝਾਤ ਮਾਰਨ ਦੀ ਲੋੜ ਹੈ। 2009 ਤੋਂ 2914 ਤੱਕ ਡਾ.ਮਨਮੋਹਨ ਸਿੰਘ ਦੀ ਅਗਵਾਈ ਹੇਠ ਦੋ ਵਾਰ ਕਾਂਗਰਸ ਦੀ ਸਰਕਰਾਰ ਬਣੀ। 2014 ਤੋਂ ਹੁਣ ਤੱਕ ਨਰਿੰਦਰ ਮੋਦੀ ਦੀ ਕਮਾਨ ਹੇਠ ਬੀ ਜੇ ਪੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਰਾਰ ਚੱਲ ਰਹੀ ਹੈ। ਵਿਅਕਤਕੀਗਤ ਤੌਰ ਤੇ ਡਾ. ਮਨਮੋਹਨ ਸਿੰਘ ਨਿਹਾਇਤ ਇਮਾਨਦਾਰ ਅਤੇ ਸ਼ਰੀਫ ਇਨਸਾਨ ਸੀ, ਪਰ ਉਹਨਾਂ ਨੂੰ ਕਾਂਗਰਸ ਪਾਰਟੀ ਅਤੇ ਸਰਕਾਰ ਵਿਚ ਸ਼ਾਮਿਲ ਸਹਿਯੋਗੀ ਪਾਰਟੀਆਂ ਦੇ ਕੁਝ ਬੇਈਮਾਨ ਮੰਤਰੀਆਂ ਨੂੰ ਸੰਭਾਲਨਾ ਮੁਸ਼ਕਿਲ ਹੋ ਗਿਆ ਸੀ। ਇਸ ਮਾਮਲੇ ਵਿਚ ਕਾਂਗਰਸ ਪਾਰਟੀ ਦੀ ਪ੍ਧਾਨ ਸ੍ਰੀ ਮਤੀ ਸੋਨੀਆਂ ਗਾਂਧੀ  ਦੀ ਚੁੱਪੀ ਨੇ ਵੀ ਡਾ. ਮਨਮੋਹਨ ਸਿੰਘ ਦਾ ਕੰਮ ਹੋਰ ਮੁਸ਼ਕਿਲ ਕਰ ਦਿੱਤਾ ਸੀ। ਦੂਜੀ ਟਰਮ ਵਿਚ ਤਾਂ ਪਾਣੀ ਸਿਰ ਤੋਂ ਹੀ ਟੱਪ ਗਿਆ। ਉਸ ਸਮੇਂ ਦੀ ਮੁੱਖ ਵਿਰੋਧੀ ਪਾਰਟੀ ਬੀ ਜੇ ਪੀ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਕਾਂਗਰਸ ਸਰਕਾਰ ਵਿਰੁਧ ਸ਼ਬਦੀ ਜੰਗ ਤੇਜ ਕਰ ਦਿੱਤੀ ਤੇ ਇਸ ਦੇ ਨਾਲ ਹੀ  ਹਿੰਦੂਤਵ ਦਾ ਪੱਤਾ ਵੀ ਖੇਡਿਆ। ਜਨਤਾ ਵੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਸੀ। 2014 ਦੀਆਂ ਲੋਕ ਸਭਾ ਚੋਣਾਂ ਸਮੇਂ ਮੋਦੀ ਨੇ ਪਹਿਲਾਂ ਹੀ ਮੌਕੇ ਦਾ ਫਾਇਦਾ ਉਠਾ ਕੇ ਆਰ ਐਸ ਐਸ ਤੋਂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਐਲਾਨ ਕਰਵਾ ਦਿੱਤਾ ਅਤੇ ਕੁਝ ਧਨਾਢ ਵਿਉਪਾਰੀਆਂ ਨੂੰ ਵੀ ਆਪਣੇ ਨਾਲ ਰਲਾ ਲਿਆ। ਰਾਮ ਮੰਦਰ ਦਾ  ਮੁੱਦਾ ਖੜਾ ਕਰਕੇ, ਵਿਦੇਸ਼ੀ ਬੈਂਕਾਂ ਵਿਚ ਪਿਆ ਕਾਲਾ ਧਨ ਵਾਪਿਸ ਲਿਆ ਕੇ ਸਾਰੇ ਦੇਸ ਵਾਸੀਆਂ ਨੂੰ ਪੰਦਰਾਂ- ਪੰਦਰਾਂ ਲੱਖ ਦੇਣ ਦਾ ਨਾਹਰਾ ਲਾ ਕੇ, ਅੱਛੇ ਦਿਨ ਲਿਆਉਣ ਦੇ ਸਬਜ ਬਾਗ ਦਿਖਾ ਕੇ ਉਸ ਨੇ ਵੋਟਾਂ ਵਟੋਰੀਆਂ ਅਤੇ ਪ੍ਧਾਨ ਮੰਤਰੀ ਦੀ ਕੁਰਸੀ ਤੇ ਕਾਬਜ ਹੋ ਗਿਆ। ਪਰ ਜਲਦੀ ਹੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦੇ ਲਾਰਿਆਂ ਵਾਂਗ ਉਸ ਨੇ ਵੀ ਲਾਰੇ ਹੀ ਲਾਏ ਸੀ। ਪਹਿਲੇ ਪੰਜਾ ਸਾਲਾਂ ਵਿਚ ਉਸ ਨੇ ਆਪਣੇ ਪੁਰਾਣੇ ਹਮਰਾਜ ਅਮਿਤ ਸ਼ਾਹ ਦੀ ਸਹਾਇਤਾ ਨਾਲ ਆਪਣੇ ਪ੍ਚਾਰ ਨਾਲ ਅਤੇ ਸ਼ਾਹੂਕਾਰ ਵਿਉਪਾਰੀਆਂ ਨੂੰ ਨਿਜੀ ਫਾਇਦੇ ਦਵਾ ਕੇ ਉਹਨਾਂ ਦੁਆਰਾ ਚਲਾਏ ਜਾ ਰਹੇ ਮੀਡੀਆ ਘਰਾਂ ਰਾਹੀਂ ਵੀ ਆਪਣਾ ਪ੍ਚਾਰ ਸਿਖਰ ਤੇ ਪਹੁੰਚਾ ਦਿੱਤਾ । ਇਹੋ ਨਹੀਂ ਜਿਹੜੇ ਮੁੱਦੇ ਸਮੇਂ ਸਮੇਂ ਉਸ ਵਿਰੁਧ ਜਾਂ ਉਸਦੀ ਸਰਕਰਾਰ ਵਿਰੁਧ ਉੱਠੇ, ਉਹਨਾਂ ਸੰਬੰਧੀ ਕੋਈ ਚਰਚਾ ਨਾ ਹੋਣ ਦਿੱਤੀ। ਪੰਜ ਸਾਲ ਦੇ ਕਾਰਜ ਕਾਲ ਤੋਂ ਬਾਅਦ ਉਸ ਨੇ ਵੰਡੀ ਹੋਈ ਵਿਰੋਧੀ ਧਿਰ ਨੂੰ ਹੋਰ ਖੇਰੂੰ ਖੇਰੂੰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਕਾਫੀ ਹੱਦ ਤੱਕ  ਸਫਲ ਵੀ ਹੋਇਆ, ਜਿਸ ਕਰਕੇ ਦੂਜੀ ਵਾਰ ਵੀ ਉਹ ਜੇਤੂ ਰਿਹਾ। ਪਰ ਇਸ ਸਮੇਂ ਦੌਰਾਨ ਉਹ ਆਪਣੀਆਂ ਕਈ ਅਜੀਬੋ ਗਰੀਬ ਗੱਲਾਂ ਕਰਕੇ ਲੋਕਾਂ ਦੇ ਹਾਸੇ ਦਾ ਪਾਤਰ ਵੀ ਬਣਿਆ।  ਉਸ ਦੀ ਐਮ ਏ ਦੀ ਡਿਗਰੀ ਤੇ  ਕਈ ਕਿੰਤੂ ਪ੍ਤੂੰ ਹੋਏ, ਸਮੁਚੇ ਦੇਸ ਨੂੰ ਉਸਦੀ ਨੋਟਬੰਦੀ ਦੇ ਫੈਸਲੇ ਕਾਰਨ  ਕਈ ਮੁਸੀਬਤਾਂ ਝਲਨੀਆਂ ਪਈਆਂ। ਦੂਜੇ ਕਾਰਜ ਕਾਲ ਵਿਚ ਵੀ ਉਹ ਆਪਣੇ ਜੁਮਲਿਆ ਤੋਂ ਬਾਜ ਨਹੀਂ ਆਇਆ। ਕਰੋਨਾ ਮਹਾਂਮਾਰੀ ਦੌਰਾਨ ਉਸ ਦਾ ਲੋਕਾਂ ਨੂੰ ਤਾਲੀਆ, ਥਾਲੀਆਂ ਵਜਾਉਣ ਨੂੰ  ਕਹਿਣਾ, ਦੀਵੇ ਜਗਾਊਣ ਨੂੰ ਕਹਿਣ ਤੇ ਵੀ ਉਹ ਮਜਾਕ ਦਾ ਪਾਤਰ ਬਣਿਆ। ਕਈ ਰੇਲਾਂ ਦੇ ਰਾਹ ਤੋਂ ਭਟਕ ਜਾਣ ਕਰਕੇ ਸਰਕਾਰ ਦੀ ਨਮੋਸ਼ੀ ਹੋਈ। ਕਿਸਾਨ ਵਿਰੋਧੀ ਬਿਲਾਂ ਕਾਰਨ ਵੀ ਭਾਵੇਂ ਉਹ ਇਕ ਸਾਲ ਅੱੜਿਆ ਰਿਹਾ, ਪਰ ਕਿਸਾਨਾ ਦੇ ਰੋਹ ਅੱਗੇ ਉਸ ਨੂੰ ਝੁਕਣਾ ਹੀ ਪਿਆ।
4 ਜੂਨ 2024 ਦਾ ਦਿਨ ਬੀ ਜੇ ਪੀ ਜਾਂ ਇੰਡੀਆ ਗੱਠਜੋੜ ਲਈ ਹੀ ਫੈਸਲੇ ਦਾ ਦਿਨ ਨਹੀਂ ਸਗੋਂ ਸਮੁੱਚੇ ਦੇਸ਼ ਦੇ ਲੋਕਰਾਜ ਲਈ ਬਹੁਤ ਮਹੱਤਵਪੂਰਨ ਦਿਨ ਹੈ। ਅਸਲ ਵਿਚ ਇਸ ਦਿਨ ਨੂੰ ਜੇ ਭਾਰਤ ਦੇ ਲੋਕਤੰਤਰ ਲਈ ਮੁਸੀਬਤ ਭਰਿਆ ਦਿਨ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇ ਗਾ।
ਜੇ 4 ਜੂਨ ਨੂੰ ਖੁਦਾ ਨਾ ਖਾਸਤਾ ਬੀ ਜੇ ਪੀ ਦੀ ਸਰਕਾਰ ਤੀਜੀ ਵਾਰ ਵੀ ਬਣ ਜਾਂਦੀ ਹੈ ਤਾਂ ਭਾਰਤੀ ਲੋਕ ਰਾਜ ਲਈ ਇਹ ਸਭ ਤੋਂ ਮਨਹੂਸ ਦਿਨ ਹੋਵੇ ਗਾ। ਕੁਝ ਪਰਿਵਾਰਾਂ ਲਈ ਭਾਵੇਂ ਉਹ ਦਿਵਾਲੀ ਦੇ ਦਿਨ ਵਰਗਾ ਦਿਨ ਹੋਵੇ, ਪਰ ਗਰੀਬ ਜਨਤਾ ਲਈ ਰਾਵਣ ਰਾਜ ਦਾ ਯੁੱਗ ਜਾਰੀ ਰਹਿਣ ਦਾ ਸੰਕੇਤ ਹੋਵੇ ਗਾ। ਝੂਠੇ ਵਾਅਦਿਆਂ ਦਾ ਖੇਲ ਜਾਰੀ ਰਹੇ ਗਾ, ਧਾਰਮਿਕ ਕੱਟੜਤਾ ਦਾ ਦੌਰ ਹੋਰ ਜੋਰ ਫੜੇਗਾ, ਦੇਸ਼ ਦੀ ਨਿਆਇਕ ਵਿਵਸਥਾ ਦਾ ਹੋਰ ਘਾਣ ਹੋਵੇ ਗਾ, ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੀ ਅਜ਼ਾਦੀ ਨਾ-ਮਾਤਰ ਰਹਿ ਜਾਵੇ ਗੀ, ਕੇਂਦਰੀ ਮੰਤਰੀਆਂ ਦੇ ਹੱਥਾਂ ਵਿਚ ਕੋਈ ਤਾਕਤ ਨਹੀਂ ਰਹਿਣੀ, ਸਰਕਾਰ ਸਿਰਫ ਦੋ ਬੰਦਿਆਂ ਦੇ ਸਿਰ ਤੇ ਚੱਲੇ ਗੀ ਅਤੇ ਸਭ ਤੋਂ ਵੱਧ ਵਿਰੋਧੀਆਂ ਤੇ ਸਖਤੀ ਹੋਰ ਵਧੇ ਗੀ। ਇਹ ਸਭ ਕੁਝ ਇਸ ਕਰਕੇ ਨਹੀਂ ਲਿਖਿਆ ਜਾ ਰਿਹਾ ਕਿ ਇਹਨਾਂ ਸਤਰਾਂ ਦੇ ਲੇਖਕ ਨੂੰ ਇਸ ਸਰਕਾਰ ਪ੍ਤੀ ਕੋਈ ਜਾਤੀ ਗੁੱਸਾ-ਗਿਲਾ ਹੈ। ਇਹ ਸਭ ਕੁਝ ਮੌਜੂਦਾ ਸਰਕਾਰ ਦੇ ਪਿਛਲੇ ਦਸ ਸਾਲ ਦੀ ਕਾਰਗੁਜਾਰੀ ਦੇ ਅਧਾਰ ਤੇ ਲਿਖਿਆ ਜਾ ਰਿਹਾ ਹੈ। 2014 ਦੀਆਂ ਚੋਣਾ ਸਮੇਂ ਮੈਂ ਵਿਅਕਤੀਗਤ ਤੌਰ ਤੇ ਬੀ ਜੇ ਪੀ ਦੇ ਹੱਕ ਵਿਚ ਸੀ, ਕਿਉਂ ਜੋ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਬਦ ਤੋਂ ਬਦਤਰ ਹੋ ਚੁੱਕੀ ਸੀ ਅਤੇ ਆਮ ਲੋਕਾਂ ਦੀ ਇਹ ਸੋਚ ਸੀ ਕਿ ਕਿਸੇ ਹੋਰ ਪਾਰਟੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ, ਪਰ ਇਥੇ ਇਹ ਲਿਖਣ ਵਿਚ ਕੋਈ ਹਰਜ ਨਹੀਂ ਕਿ ਦੇਸ਼ ਦੀ ਜਨਤਾ ਨੇ ਜੋ ਬਦਲ ਚੁਣਿਆ ਉਹ ਪਹਿਲਾ ਤੋਂ ਵੀ ਨਿਕੰਮਾ ਨਿਕਲਿਆ।
ਹੁਣ ਗੱਲ ਕੀਤੀ ਜਾਵੇ ਇੰਡੀਆ ਗੱਠਜੋੜ ਦੀ। ਜੇ ਇਹ ਗੱਠਜੋੜ ਜਿੱਤ ਗਿਆ ਤਾਂ ਸਾਫਗੋਈ ਇਹ ਹੈ ਕਿ ਇਹਨਾਂ ਤੋਂ ਪਾਏਦਾਰ ਸਰਕਾਰ ਨਹੀਂ ਬਣਾਈ ਜਾਣੀ। ਜਨਤਾ ਸਰਕਾਰ ਦੀਆਂ ਕੌੜੀਆਂ ਯਾਦਾਂ ਅਜੇ ਵੀ ਤਾਜੀਆ ਹਨ। ਉਸ ਸਮੇਂ ਪ੍ਰਧਾਨ ਮੰਤਰੀ ਦੀ ਕੁਰਸੀ ਨੇ ਹੀ ਪੁਆੜੇ ਪਾਈ ਰੱਖੇ ਸੀ। ਹੁਣ ਵੀ 'ਇਕ ਅਨਾਰ ਸੌ ਬਿਮਾਰ' ਵਾਲੀ ਗੱਲ ਹੈ। ਇਸ ਮੁੱਦੇ ਤੇ  ਨਤਿਸ਼ ਕੁਮਾਰ ਤਾਂ ਪਹਿਲਾਂ ਹੀ ਬੀ ਜੇ ਪੀ ਦੀ ਝੋਲੀ ਵਿਚ ਜਾ ਪਿਆ ਹੈ। ਕਾਂਗਰਸ ਪਾਰਟੀ ਨੂੰ ਰਾਹੁਲ ਗਾਂਧੀ ਤੋਂ ਇਲਾਵਾ ਹੋਰ ਕੁਝ ਦਿਖਾਈ ਨਹੀਂ ਦਿੰਦਾ, ਸਮਾਜਵਾਦੀ ਪਾਰਟੀ ਦਾ ਅਖਿਲੇਸ਼ ਯਾਦਵ ਵੀ ਕਿਸੇ ਤੋਂ ਘੱਟ ਨਹੀਂ, ਮਮਤਾ ਬੈਨਰਜੀ ਦੇ ਸੁਭਾਅ ਦਾ ਸਭ ਨੂੰ ਪਤਾ ਹੈ, ਲਾਲੂ ਯਾਦਵ ਨੇ ਆਪਣੇ ਘੱਟ ਪੜੇ ਮੁੰਡੇ ਲਈ ਕਿਸੇ ਅਹਿਮ ਮਹਿਕਮੇ ਦੀ ਮਨਿਸਟਰੀ ਤੋਂ ਬਿਨਾਂ ਗੱਲ ਨਹੀਂ ਕਰਨੀ। ਬਾਕੀ ਪਾਰਟੀਆਂ ਵੀ ਆਪਣੇ ਆਪਣੇ ਫਾਇਦੇ ਭਾਲਣ ਗੀਆਂ। ਇਹਨਾਂ ਦੀ ਆਪਸੀ ਖਾਨਾਜੰਗੀ ਹੀ ਇਹਨਾਂ ਨੂੰ ਬਰਬਾਦ ਕਰੇਗੀ। ਜਨਤਾ ਸਰਕਾਰ ਸਮੇਂ ਜੋ ਬਿੱਲੀ ਮਾਸੀ ਦਾ ਰੋਲ ਕਾਂਗਰਸ ਨੇ ਨਿਭਾਇਆ ਸੀ, ਉਹੀ ਹੁਣ ਬੀ ਜੇ ਪੀ ਕਰੇਗੀ। ਚੁਣੇ ਹੋਏ ਨੁਮਾਇੰਦਿਆਂ ਦੇ ਕਿਰਦਾਰ ਦਾ ਸਾਨੂੰ ਸਭ ਨੂੰ ਹੀ ਪਤਾ ਹੈ, ਕੁਰਸੀ ਦੇ ਲਾਲਚ ਵਿਚ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ। ਵਰਤਮਾਨ ਸਮੇਂ ਵਿਚ ਤਾਂ ਕਰੋੜਾਂ-ਅਰਬਾਂ ਰੁਪਏ ਜੋ ਚੋਣ ਬਾਂਡਾ ਦੇ ਨਾਂ ਤੇ ਇਕੱਠੇ ਕੀਤੇ ਹਨ, ਉਹ ਕਦੋਂ ਕੰਮ ਆਉਣ ਗੇ?
ਸੋ ਜੇ ਸਮੁੱਚੇ ਰੂਪ ਵਿਚ ਦੇਖਿਆ ਜਾਏ ਤਾਂ 4 ਜੂਨ ਨੂੰ ਦੇਸ਼ ਵਿਚ ਨਵੀਂ ਸਰਕਾਰ ਨਹੀਂ ਬਣੇ ਗੀ ਸਗੋਂ ਸਾਡੇ ਦੇਸ਼ ਦੀ ਰਾਜਨੀਤੀ ਦਾ ਘਿਨਾਉਣਾ ਰੂਪ ਹੋਰ ਉਘੜਵੇਂ ਰੂਪ ਵਿਚ ਸਾਹਮਣੇ ਆਵੇ ਗਾ। ਸਰਕਾਰ ਜੁਗਾੜੂ ਨੇਤਾਵਾਂ ਦੀ ਬਣੇਗੀ, ਦੇਸ਼ ਦੀ ਆਮ ਜਨਤਾ ਦੇ ਹਾਲਾਤ ਉਹੀ ਰਹਿਣ ਗੇ,  ਦੇਸ਼ ਦੇ ਰਾਜਨੀਤਕ ਖੇਤਰ ਵਿਚ ਖਲਾਅ ਹੋਰ ਵਧੇ ਗਾ।
ਰਵਿੰਦਰ ਸਿੰਘ ਸੋਢੀ
001-604-369-2361
ਰਿਚਮੰਡ,  ਕੈਨੇਡਾ।

ਇਕ ਗ਼ੈਰ ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ - ਰਵਿੰਦਰ ਸਿੰਘ ਸੋਢੀ

ਉਸ ਦੇ ਸਧਾਰਨ ਪਰਿਵਾਰ ਵਿਚੋਂ ਸ਼ਾਇਦ ਕਿਸੇ ਨੇ ਕਦੇ ਪਿੰਡ ਦੇ ਪੰਚ ਦੀ ਚੋਣ ਲੜਨ ਦਾ ਸੋਚਿਆ ਵੀ ਨਾ ਹੋਵੇ, ਪਰ ਜਦੋਂ ਉਸ ਨੂੰ ਰਾਜ ਦੇ ਮੁੱਖ ਮੰਤਰੀ ਨੇ ਆਪਣੇ ਹਲਕੇ ਤੋਂ ਅਸੈਂਬਲੀ ਦੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਇਨਕਾਰ ਕਰ ਦਿੱਤਾ।

ਉਹ ਆਪਣੇ ਮਿੱਤਰਾਂ ਲਈ ਅਸੈਂਬਲੀ ਸੀਟ ਲਈ ਮੁੱਖ ਮੰਤਰੀ ਕੋਲ ਸਿਫ਼ਾਰਿਸ਼ ਕਰ ਦਿੰਦਾ। ਗੁਆਂਢੀ ਰਾਜ ਵਿਚ ਵੀ ਜੋਰ ਪਾ ਕੇ ਕਿਸੇ ਜਾਣ-ਪਛਾਣ ਵਾਲੇ ਨੂੰ (ਉਸ ਰਾਜ ਦੇ ਮੁੱਖ ਮੰਤਰੀ ਦੇ ਵਿਰੋਧ ਦੇ ਬਾਵਜੂਦ) ਸੀਟ ਦਿਵਾ ਦਿੰਦਾ, ਪਰ ਜਦ ਆਪਣੇ ਰਾਜ ਦੇ ਮੁੱਖ ਮੰਤਰੀ ਨੇ ਉਸ ਨੂੰ ਕੋਈ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਕੋਰੀ ਨਾਂਹ ਕਰ ਦਿੱਤੀ। ਮੁੱਖ ਮੰਤਰੀ ਨੇ ਉਸ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ ਸਰਕਾਰੀ ਫਲੈਟ ਲੈਣ ਲਈ ਕਿਹਾ ਤਾਂ ਵੀ ਉਸ ਨੇ ਇਹ ਕਹਿ ਕੇਇਨਕਾਰਕਰ ਦਿੱਤਾ ਕਿ ਉਸ ਫਲੈਟ ਦੀ ਮਹੀਨੇ ਦੀ ਕਿਸ਼ਤ ਉਸ ਦੀ ਤਨਖਾਹ ਨਾਲੋਂ ਜਿਆਦਾ ਹੈ।

ਉਸ ਨੇ ਜਦੋਂ ਮੁੱਖ ਮੰਤਰੀ ਦੇ ਦਫ਼ਤਰ ਵਿਚ ਵਿਚਰਦੇ ਹੋਏ ਦੇਖਿਆ ਕਿ ਕੁਝ ਚਾਪਲੂਸ ਕਿਸਮ ਦੇ ਅਫਸਰ, ਮੁੱਖ ਮੰਤਰੀ ਨੂੰ ਹਨੇਰੇ ਵਿਚ ਰੱਖ ਕੇ ਨਜਾਇਜ਼ ਫਾਇਦਾ ਲੈ ਰਹੇ ਹਨ, ਤਾਂ ਉਸ ਨੇ ਸਬੂਤਾਂ ਸਮੇਤ ਮੁੱਖ ਮੰਤਰੀ ਨੂੰ ਅਸਲੀਅਤਤੋਂਜਾਣੂਕਰਵਾਕੇਉਸ ਦੀਆਂ ਅੱਖਾਂ ਖੁੱਲ੍ਹਦਿੱਤੀਆਂ।

ਇਕ ਵਾਰ ਮੁੱਖ ਮੰਤਰੀ ਨੇ ਉਸ ਨੂੰ ਆਪਣੀ ਥਾਂ ਪੁਲਸ ਮੁਖੀ ਵੱਲੋਂ ਬੁਲਾਈ ਵੱਡੇ ਪੁਲਸ ਅਫਸਰਾਂ ਦੀ ਮੀਟਿੰਗ ਵਿਚ ਭੇਜ ਦਿੱਤਾ। ਜਦੋਂ ਉਸ ਨੇ ਕਿਸੇ ਮੁੱਦੇ ਤੇ ਪੁਲਸ ਮੁਖੀ(ਜਿਸ ਨੂੰ 'ਸੁਪਰ ਕਾਪ' ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਦੀ ਗੱਲ ਕੱਟ ਕੇ ਮੁੱਖ ਮੰਤਰੀ ਦਾ ਪੱਖ ਪੇਸ਼ ਕੀਤਾ ਤਾਂ ਪੁਲਸ ਮੁੱਖੀ ਨੇ ਉਸ ਤੇ ਨਿਸ਼ਾਨਾ

ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਕੋਈ ਗੁਮਰਾਹ ਕਰ ਰਿਹਾ ਹੈ। ਇਹ ਸੁਣ ਕੇ ਉਹ ਮੀਟਿੰਗ ਵਿਚੋਂ ਵਾਕ ਆਊਟ ਕਰ ਗਿਆ।  ਜਦੋਂ ਇਸ ਮੀਟਿੰਗ ਤੋਂ ਬਾਅਦ ਉਹ ਮੁੱਖ ਮੰਤਰੀ ਨੂੰ ਮਿਲਣ ਗਿਆ ਤਾਂ ਮੁੱਖ ਮੰਤਰੀ ਉਸ ਨੂੰ ਕਹਿੰਦੇ ਕਿ ਉਸ ਨੇ ਪੁਲਸ ਮੁਖੀ ਦੀ ਬੇਇਜ਼ਤੀ ਕਰ ਦਿੱਤੀ। ਇਹ ਸੁਣਦੇ ਹੀ  ਉਹ ਮੁੱਖ ਮੰਤਰੀ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਪਟਿਆਲੇ ਆਪਣੇ ਘਰ ਪਹੁੰਚ ਜਾਂਦਾ ਹੈ। ਤੀਜੇ ਦਿਨ ਮੁੱਖ ਮੰਤਰੀ ਉਸ ਨੂੰ ਆਪ ਫੋਨ ਕਰਕੇ ਚੰਡੀਗੜ੍ਹ ਬੁਲਾਉਂਦਾ ਹੈ ਤਾਂ ਉਸ ਨੂੰ ਅਸਲੀ ਗੱਲ ਦੀ ਸਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ।

ਮੁੱਖ ਮੰਤਰੀ ਹੀ ਉਸ ਨਾਲ ਇਹ ਗੱਲ ਸਾਂਝੀ ਕਰਦਾ ਹੈ ਕਿ ਦੇਸ ਦਾ ਪ੍ਰਧਾਨ ਮੰਤਰੀ ਉਸ ਨੂੰ ਹੋਮ ਮਨਿਸਟਰ ਬਣਾਉਣਾ ਚਾਹੁੰਦਾ ਹੈ ਅਤੇ ਇਕ ਸਟੇਜ ਤੇ ਇਹ ਵੀ ਦੱਸਦਾ ਹੈ ਕਿ ਉਸ ਨੂੰ ਇਹ ਖ਼ਦਸ਼ਾ ਹੈ ਕਿ  ਉਸ ਨੂੰ, ਗੁਆਂਢੀ ਰਾਜ ਦੇ ਮੁੱਖ ਮੰਤਰੀ ਜਾਂ ਆਪਣੇ ਰਾਜ ਦੇ ਪੁਲਸ ਮੁੱਖੀ ਵਿਚੋਂ ਕਿਸੇ ਇਕ ਨੂੰ 'ਮਨੁੱਖੀ ਬੰਬ' ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ

ਜਦੋਂ ਰਾਜ ਦੀ ਮੁੱਖ ਵਿਰੋਧੀ ਪਾਰਟੀ ਦਾ ਪ੍ਰਧਾਨ ਉਸ ਨੂੰ ਖਾਸ ਤੌਰ ਤੇ ਆਪਣੇ ਕੋਲ ਬੁਲਾ ਕੇ ਇਹ ਸ਼ਕ ਜ਼ਾਹਿਰ ਕਰਦਾ ਹੈ ਕਿ ਸ਼ਾਇਦ ਸਮੇਂ ਦੀ ਸਰਕਾਰ ਉਸ ਨੂੰ ਕਿਸੇ ਝੂਠੇ ਕਤਲ ਕੇਸ ਵਿਚ ਨਾਮਜ਼ਦ ਕਰਨ ਦੀ ਗੋਂਦ ਗੁੰਦ ਰਹੀ ਹੈ ਤਾਂ ਉਹ

ਇਹ ਗੱਲ ਮੁੱਖ ਮੰਤਰੀ ਨਾਲ ਕਰਕੇ ਦੂਜੇ ਵੱਡੇ ਨੇਤਾ ਦਾ ਸ਼ਕ ਦੂਰ ਕਰਦਾ ਹੈ ਅਤੇ ਉਸ ਨੇਤਾ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਵੀ ਕਰਵਾ ਦਿੰਦਾ ਹੈ।

ਮੁੱਖ ਮੰਤਰੀ ਨੂੰ ਉਸ ਤੇ ਅਜਿਹਾ ਵਿਸ਼ਵਾਸ ਸੀ ਕਿ ਪਾਰਟੀ ਦੇ ਹੈੱਡਕੁਆਰਟਰ ਦਿੱਲੀ ਤੋਂ ਜੋ ਖਾਸ ਸੁਨੇਹੇ ਪਹੁੰਚਦੇ ਸੀ ਜਾਂ ਭੇਜਣੇ ਹੁੰਦੇ ਸੀ ਤਾਂ ਇਹ ਕੰਮ ਉਹੀ ਕਰਦਾ।

ਕੈਪਟਨ ਅਮਰਿੰਦਰ ਸਿੰਘ ਨਾਲ ਉਸ ਦੀ ਨੇੜਤਾ ਵੀ ਰਹੀ ਅਤੇ ਇਕ ਵਾਰ ਜਦੋਂ ਕੈਪਟਨ ਸਾਹਿਬ ਉਸ ਨਾਲ ਔਖੇ-ਭਾਰੇ ਹੋਏ ਤਾਂ ਉਸ ਨੇ ਬਾਅਦ ਵਿਚ ਉਹਨਾਂ ਵੱਲੋਂ ਬੁਲਾਏ ਜਾਣ ਤੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਦੂਜੀ ਪਾਰਟੀ ਦੀ ਸਰਕਾਰ ਆਉਣ ਤੇ ਉਸਦੀ ਬਦਲੀ ਪਟਿਆਲੇ ਤੋਂ ਫਰੀਦਕੋਟ ਕਰਵਾ ਦਿੱਤੀ ਅਤੇ ਉਹ ਐਤਵਾਰ ਨੂੰ ਵੀ ਘਰ ਨਾ ਆ  ਸਕੇ ਇਸ ਲਈ ਨਾਲ ਲੱਗਦੇ ਜਿਲ੍ਹੇਦਾ ਵਾਧੂ ਚਾਰਜ ਵੀ ਦੇ ਦਿੱਤਾ। ਤਕਰੀਬਨ ਇਕ ਸਾਲ ਬਾਅਦ ਉਹ ਆਪਣੇ ਬਲ-ਬੁੱਤੇ ਬਦਲੀ ਕਰਵਾ ਕੇ ਪਟਿਆਲਾ ਆਇਆ। ਪਰ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਤਾਂ ਪੁਰਾਣੀਆਂ ਗੱਲਾਂ ਭੁਲਾ ਦਿੱਤੀਆਂ ਗਈਆਂ।

ਜਦੋਂ ਦੂਜੀ ਪਾਰਟੀ ਦੀ ਸਰਕਾਰ ਆਈ ਤਾਂ ਇਕ ਵਾਰ ਉਸ ਸਰਕਾਰ ਦੇ ਮੁੱਖ ਮੰਤਰੀ ਨੇ ਉਸ ਨੂੰ ਖਾਸ ਤੌਰ ਤੇ ਆਪਣੇ ਦਫਤਰ ਵਿਚ ਬੁਲਾ ਕੇ ਐਸ ਜੀ ਪੀ ਸੀ

ਦੀਆਂ ਚੋਣਾਂ ਵਿਚ ਉਹਨਾਂ ਦੀ ਸਹਾਇਤਾ ਕਰਨ ਲਈ ਕਿਹਾ। ਮੁਖ ਮੰਤਰੀ ਅਨੁਸਾਰ ਐਸ ਜੀ ਪੀ ਸੀ ਦੇ ਕੁਝ ਮੈਂਬਰ ਉਸ ਦੇ ਨਜ਼ਦੀਕਸਨ।

ਉਸੇ ਸਰਕਾਰ ਦੇ ਖਜ਼ਾਨਾ ਮੰਤਰੀ ਨਾਲ ਉਸ ਦੀ ਗੂੜ੍ਹੀ ਸਾਂਝ ਸੀ। ਇਸ ਲਈ ਉਹ ਜਦੋਂ ਵੀ ਮੰਤਰੀ ਨੂੰ ਮਿਲਣ ਜਾਂਦਾ ਤਾਂ ਇਹ ਕਿਹਾ ਜਾਂਦਾ ਕਿ 'ਛੋਟਾ ਖਜ਼ਾਨਾ ਮੰਤਰੀ' ਆ ਗਿਆ। ਇਕ ਵਾਰ ਜਦੋਂ ਖਜ਼ਾਨਾ ਮੰਤਰੀ ਆਪਣੇ ਦਫਤਰ ਦੇ ਰਿਟਾਇਰਿੰਗ ਰੂਮ ਵਿਚ ਉਸ ਨਾਲ ਕੋਈ ਸਲਾਹ ਮਸ਼ਵਰਾ ਕਰ ਰਹੇ ਸੀ ਤਾਂ ਇਕ ਹੋਰ ਮੰਤਰੀ ਧੱਕੇ ਨਾਲ ਹੀ ਰਿਟਾਇਰਿੰਗ ਰੂਮ ਵਿਚ ਆ ਗਿਆ। ਖਜ਼ਾਨਾ ਮੰਤਰੀ ਨੇ ਉਸ ਮੰਤਰੀ ਨੂੰ ਦਫਤਰ ਵਿਚ ਬੈਠਣ ਲਈ ਕਿਹਾ। ਇਸ ਤੇ ਦੂਜਾ ਮੰਤਰੀ ਕਹਿੰਦਾ ਕਿ ਸਾਡੇ ਨਾਲੋਂ ਤਾਂ ਕਲਰਕ ਹੀ  ਚੰਗਾ ਹੈ।

ਜਦੋਂ ਉਸ ਦੀ ਸੇਵਾ ਮੁਕਤੀ ਦਾ ਸਮਾਂ ਆਇਆ ਤਾਂ ਰਾਜ ਦੇ ਤਤਕਾਲੀਨ ਮੁੱਖ ਸਕੱਤਰ ਵੱਲੋਂ ਇਹ ਸੁਨੇਹਾ ਆਇਆ ਕਿ ਜਿਵੇਂ ਤੁਸੀਂ ਦੂਜੀ ਪਾਰਟੀ ਦੇ ਮੁੱਖ ਮੰਤਰੀ ਨਾਲ ਰਹਿ ਕੇ ਲੋਕ ਸੰਪਰਕ ਦਾ ਕੰਮ ਕਰਦੇ ਸੀ, ਮੌਜੂਦਾ ਮੁੱਖ ਮੰਤਰੀ ਇਹ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਨਾਲ ਵੀ ਕੰਮ ਕਰੋ, ਤੁਹਾਨੂੰ ਹਰ ਤਰਾਂ ਦੀ ਸਹੂਲਤ ਦਿੱਤੀ ਜਾਵੇ ਗੀ, ਪਰ ਉਸ ਨੇ ਕੋਰੀ ਨਾਂਹ ਕਰ ਦਿੱਤੀ। ਬਾਅਦਵਿਚ ਇਕ ਹੋਰ ਆਈ ਏ ਐਸ ਅਫਸਰ ਨੇ ਵੀ ਉਹਨਾਂ ਨੂੰ ਮਨਾਉਣ ਦੇ ਯਤਨ ਕੀਤੇ, ਪਰ ਉਹਨਾਂ ਦੀ ਨਾਂਹ, ਹਾਂ ਵਿਚ ਨਾ ਬਦਲੀ।

ਜਿਸ ਵਿਅਕਤੀ ਵਿਸ਼ੇਸ਼ ਸੰਬੰਧੀ ਉੱਪਰ ਐਨਾ ਕੁਝ ਲਿਖਿਆ ਗਿਆ ਹੈ, ਉਹ ਕੋਈ ਆਈ ਏ ਐਸ ਜਾਂ ਆਈ ਪੀ ਐਸ ਅਫਸਰ ਨਹੀਂ ਅਤੇ ਨਾ ਹੀ ਕਿਸੇ ਵੱਡੇ ਰਾਜਸੀ ਪਰਿਵਾਰ ਵਿਚੋਂ ਹੈ। ਉਹ ਤਾਂ ਅਜਿਹਾ ਮਿੱਠ-ਬੋਲੜਾ, ਇਮਾਨਦਾਰ ਅਤੇ ਨਿਮਰ ਇਨਸਾਨ ਹੈ ਜਿਸ ਨੇ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਵੀ ਹਮੇਸ਼ਾ ਆਦਰ ਸਤਿਕਾਰ ਦਿੱਤਾ, ਆਪਣੀਆਂ ਸਰਕਾਰੀ ਸਹੂਲਤਾਂ ਨੂੰ ਕਦੇ ਵੀ ਪਰਿਵਾਰ ਲਈ ਨਹੀਂ ਵਰਤਿਆ, ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾ ਕੇ ਜ਼ਿੰਦਗੀ ਵਿਚ ਸਫਲਤਾ ਦੇ ਰਾਹ ਤੇ ਤੋਰਿਆ ਅਤੇ ਉਹਨਾਂ ਦੀ ਜੀਵਨ ਸਾਥਣ ਨੇ ਨੌਕਰੀ ਵੀ ਕੀਤੀ ਅਤੇ ਪਰਿਵਾਰ ਨੂੰ ਵੀ ਸਾਂਭਿਆ। ਇਸ ਸੁਹਿਰਦ ਇਨਸਾਨ ਦਾ ਸੁਪਨਾ ਸੀ ਕਿ ਐਮ ਏ ਕਰਕੇ ਕਾਲਜ ਲੈਕਚਰਾਰ ਬਣੇ, ਪਰ ਬਣ ਗਿਆ ਪੰਜਾਬ ਸਰਕਾਰ ਦਾ ਲੋਕ ਸੰਪਰਕ ਅਧਿਕਾਰੀ, ਜਿਹੜਾ ਆਪਣੇ  ਲੰਬੇ ਕਦ ਕਰਕੇ ਜ਼ਮੀਨ ਤੋਂ ਭਾਵੇਂ ਛੇ ਫੁੱਟ ਉੱਚਾ ਅਤੇ ਧੌਣ ਸਿੱਧੀ ਕਰਕੇ ਤੁਰਦਾ ਰਿਹਾ, ਜਿਸ ਦੀ ਪਹੁੰਚ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਦਫਤਰ ਤੱਕ  ਰਹੀ, ਪਰ ਉਸ ਨੇ ਆਪਣੀ ਇਸ ਪਹੁੰਚ ਨੂੰ ਆਪਣੇ ਨਿਜੀ ਫਾਇਦੇ ਲਈ ਕਦੇ ਨਹੀਂ ਵਰਤਿਆ ਅਤੇ ਉਹ ਹਮੇਸ਼ਾਆਪਣੀ ਮਿੱਟੀ ਨਾਲ ਜੁੜਿਆ ਰਿਹਾ।  ਹਾਂ, ਜਦੋਂ ਉਹ ਸਮੇਂ ਦੇ ਮੁਖ ਮੰਤਰੀ ਦੇ ਨਾਲ ਸੀ ਤਾਂ ਉਸ ਨੇ ਕਈ ਬੇਕਸੂਰ ਨੌਜਵਾਨਾਂ ਨੂੰ ਪੁਲਸ ਦੀ ਗੈਰ ਕਾਨੂੰਨੀ ਪਕੜ ਤੋਂ ਬਚਾਇਆ, ਆਪਣੇ ਪਿੰਡ ਲਈ ਹੀ ਨਹੀਂ ਕਈ ਹੋਰ ਇਲਾਕਿਆਂ ਲਈ ਵੀ ਸਰਕਾਰੀ ਇਮਦਾਦ ਦਿਵਾਈ। ਇਹ ਇਨਸਾਨ ਹੈ ਪੰਜਾਬ ਸਰਕਾਰ ਦਾ ਸੇਵਾ ਮੁਕਤ ਲੋਕ ਸੰਪਰਕ ਅਧਿਕਾਰੀ ਸਰਦਾਰ ਉਜਾਗਰ ਸਿੰਘ।

ਉਹਨਾਂ ਦਾ ਰਾਜਸੀ ਖੇਤਰ ਵਿਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦੇ ਸਮੇਂ ਬਹੁਤ ਅਸਰ-ਰਸੂਖ਼ ਸੀ, ਪਰ ਉਹਨਾਂ ਮੁੱਖ ਮੰਤਰੀ ਦੀ ਨੇੜਤਾ ਨੂੰ ਕਦੇ ਆਪਣੀ ਨਿਜੀ ਫਾਇਦੇ ਲਈ ਨਹੀਂ ਵਰਤਿਆ ਅਤੇ ਨਾ ਹੀ ਕਿਸੇ ਵਿਰੋਧੀ ਨਾਲ ਕਿੜ ਕੱਢਣ ਲਈ।  ਰਾਜਸੀ ਗਲਿਆਰਿਆਂ ਵਿਚ ਉਹਨਾਂ ਦੀ ਪਹੁੰਚ ਕਰਕੇ ਕਈ ਉਹਨਾਂ ਤੋਂ ਖਾਰ ਖਾਣ ਲੱਗ ਪਏ। ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਅਣਬਣ ਦਾ ਤਕਰੀਬਨ ਸਾਰੇ ਪੱਤਰਕਾਰਾਂ ਨੂੰ ਪਤਾ ਸੀ। ਇਸ ਲਈ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਤਾਂ ਸਾਰੇ ਉਹਨਾਂ ਨੂੰ ਡਰਾ ਰਹੇ ਸੀ ਕਿ ਜਾਂ ਤਾਂ ਉਹਨਾਂ ਨੂੰ ਕੋਈ ਝੂਠਾ ਕੇਸ ਪਾ ਕੇ ਨੌਕਰੀ ਤੋਂ ਕੱਢਿਆ ਜਾਵੇ ਗਾ ਅਤੇ ਜਾਂ ਕਿਤੇ ਦੂਰ ਦੁਰਾਡੇ ਦੀ ਬਦਲੀ ਕੀਤੀ ਜਾਵੇ ਗੀ। ਪਰ ਕੈਪਟਨ ਅਮਰਿੰਦਰ ਸਿੰਘ ਵਰਗੇ ਸੂਝਵਾਨ ਸਿਆਸਤਦਾਨ ਨੂੰ ਇਹ ਇਲਮ ਸੀ ਕਿ ਉਜਾਗਰ ਸਿੰਘ ਇਮਾਨਦਾਰ ਅਤੇ ਆਪਣੇ ਕੰਮ ਦਾ ਮਾਹਰ ਹੋਣ ਦੇ ਨਾਲ-ਨਾਲ ਅਣਖ ਵਾਲਾ ਅਫਸਰ ਵੀ ਹੈ। ਇਸ ਲਈ ਉਸਦੀ ਬਦਲੀ ਤਾਂ ਕੀ ਹੋਣੀ ਸੀ, ਉਹ ਤਾਂ ਮੁੱਖ ਮੰਤਰੀ ਦਾ ਵਿਸ਼ਵਾਸ ਪਾਤਰ ਬਣ ਗਿਆ।

ਉਪਰੋਕਤ ਸਾਰੀ ਜਾਣਕਾਰੀ ਅਤੇ ਹੋਰ ਬਹੁਤ ਸਾਰੀ ਹੋਰ ਜਾਣਕਾਰੀ ਉਜਾਗਰ ਸਿੰਘ ਦੀ ਨਵ ਪ੍ਰਕਾਸ਼ਿਤ ਸਵੈ ਜੀਵਨੀ 'ਸਬੂਤੇਕਦਮੀਂ' ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

'ਸਬੂਤੇਕਦਮੀਂ' ਸਵੈ ਜੀਵਨੀ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ ਆਪਣੇ ਸਧਾਰਨ ਪਰਿਵਾਰਕ ਪਿਛੋਕੜ, ਸਕੂਲੀ ਜੀਵਨ ਦੀਆਂ ਦੁਸ਼ਵਾਰੀਆਂ, ਨੌਵੀਂ ਵਿਚੋਂ ਫੇਲ੍ਹ ਹੋਣ ਦੀ ਗੱਲ, ਆਪਣੀ ਭੈੜੀ ਲਿਖਾਈ, ਪਹਿਲੀ ਨੌਕਰੀ ਦੀਆਂ ਮੁਸ਼ਕਲਾਂ, ਪ੍ਰਾਈਵੇਟ ਤੌਰ ਤੇ ਗਿਆਨੀ, ਬੀ ਏ ਅਤੇ ਐਮ ਏ ਕਰਨ ਦੇ ਪੜਾਵਾਂ ਦਾ ਜਿਕਰ ਬੜੀ ਇਮਾਨਦਾਰੀ ਨਾਲ ਕੀਤਾ ਹੈ। ਆਪਣੇ ਵੱਡੇ ਭਰਾ ਅਤੇ ਭਰਜਾਈ ਵੱਲੋਂ ਸਮੇਂ-ਸਮੇਂ ਮਿਲੀ ਸਹਾਇਤਾ ਅਤੇ ਅਗਵਾਈ ਸੰਬੰਧੀ ਬੜੇ ਸਤਿਕਾਰਤ ਸ਼ਬਦਾਂ ਵਿਚ ਉਲੇਖ ਕੀਤਾ ਹੈ। ਉਹਨਾਂ ਨੇ ਆਪਣੀ ਪਤਨੀ ਦੀ ਇਸ ਗੱਲੋਂ ਵਿਸ਼ੇਸ਼ ਵਡਿਆਈ ਕੀਤੀ ਹੈ ਜਿਸ ਨੇ ਆਪਣੀ ਨੌਕਰੀ ਦੇ ਨਾਲ-ਨਾਲ ਬੱਚਿਆਂ ਦੀ ਪਰਵਰਿਸ਼ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਜਵਾਨੀ ਵੇਲੇ ਉਹਨਾਂ ਦੇ ਬੱਚੇ ਆਪਣੇ ਪਿਤਾ ਨਾਲ ਕਈ ਵਾਰ ਇਸ ਲਈ ਨਰਾਜ਼ ਹੋ ਜਾਂਦੇ ਕਿ ਸਕੂਲ, ਕਾਲਜ ਜਾਣ ਸਮੇਂ ਬੱਚਿਆਂ ਨੂੰ ਸਰਕਾਰੀ ਵਾਹਨਾਂ ਦੀ ਵਰਤੋਂ ਕਿਉਂ ਨਹੀਂ ਕਰਨ ਦਿੰਦੇ, ਪਰ ਪਿਤਾ ਦੀ ਇਸ ਇਮਾਨਦਾਰੀ ਨੇ ਉਹਨਾਂ ਨੂੰ ਵੀ ਆਪਣੀ ਮਿਹਨਤ ਨਾਲ ਪੈਰਾਂ ਤੇ ਖੜੇ ਹੋਣ ਦੀ ਹਿੰਮਤ ਬਖਸ਼ੀ।

ਸਰਦਾਰ ਉਜਾਗਰ ਸਿੰਘ ਨੂੰ ਇਕ ਵਕਤ ਵਿਜੀਲੈਂਸ ਦੀ ਇਨਕੁਆਰੀ ਦਾ ਸਾਹਮਣਾ ਵੀ ਕਰਨਾ ਪਿਆ, ਪਰ ਇਮਾਨਦਾਰੀ ਦੇ ਮੁਸ਼ਕਲ ਰਸਤੇ ਦੇ ਪਾਂਧੀ ਬਣਨ ਵਾਲੇ ਇਸ ਇਨਸਾਨ ਕੋਲ ਲੁਕਾਉਣ ਲਈ ਕੁਝ ਨਹੀਂ ਸੀ। ਇਸ ਲਈ ਇਹ ਬੇਦਾਗ਼ ਹੀ ਰਹੇ। ਜਦੋਂ ਇਕ ਵਾਰ ਪਟਿਆਲਾ ਦੇ ਤਤਕਾਲੀਨਐਸਐਸ ਪੀ ਨੇ ਉਹਨਾਂ ਨੂੰ ਆਪਣੇ ਦਫਤਰ ਵਿਚ ਬੁਲਾ ਕੇ ਕਿਹਾ ਕਿ ਉਹ ਸਰਦਾਰ ਬੇਅੰਤ ਸਿੰਘ ਦੀ ਬੰਬ ਵਿਸਫੋਟ ਵਾਲੀ ਘਟਨਾ ਦੇ ਪਿੱਛੇ ਕਿਸੇ ਸਾਜ਼ਿਸ਼ ਹੋਣ ਦੀ ਗੱਲ ਦੀ ਚਰਚਾ ਨਾ ਕਰਨ, ਨਹੀਂ ਤਾਂ ਉਹਨਾਂ ਦਾ ਵੀ ਉਹੀ ਹਸ਼ਰ ਹੋ ਸਕਦਾ ਹੈ,  ਪਰ ਉਹ ਤਾਂ ਵੀ ਨਹੀਂ ਸੀ ਡਰੇ। ਇਹ ਵੱਖਰੀ ਗੱਲ ਹੈ ਕਿ ਉਸ ਐਸ ਐਸ ਪੀ ਨੂੰ ਪਟਿਆਲੇ ਲਿਆਉਣ ਵਿਚ ਉਹਨਾਂ ਦਾ ਹੱਥ ਸੀ।

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦੇ ਪਰਿਵਾਰ ਨਾਲ ਐਨੀ ਨੇੜਤਾ ਸੀ ਕਿ ਜਦੋਂ ਮੁੱਖ ਮੰਤਰੀ ਬੰਬ ਹਾਦਸੇ ਵਿਚ ਆਪਣੀ ਜਾਣ ਤੋਂ ਹੱਥ ਧੋ ਬੈਠੇ ਤਾਂ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀ ਨਰਸਿਮਾ ਰਾਓ ਨੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਚੰਡੀਗੜ੍ਹ ਆਉਣਾ ਸੀ। ਪਰਿਵਾਰ ਦੇ ਮੈਂਬਰਾਂ ਨਾਲ ਜਦੋਂ ਉਜਾਗਰ ਸਿੰਘ ਵੀ ਕਮਰੇ ਵਿਚ ਜਾਣ ਲੱਗੇ ਤਾਂ ਇਕ ਐਸ ਪੀ ਨੇ ਉਹਨਾਂ ਨੂੰ ਕਮਰੇ ਦੇ ਅੰਦਰ ਜਾਣ ਤੋਂ ਰੋਕ ਦਿੱਤਾ।  ਇਸ ਤੇ ਸ੍ਰੀਮਤੀ ਬਿਅੰਤ ਸਿੰਘ ਕਮਰੇ ਵਿਚੋਂ ਬਾਹਰ ਆ ਕੇ ਕਹਿਣ ਲੱਗੇ ਕਿ ਜੇ ਉਜਾਗਰ ਸਿੰਘ ਕਮਰੇ ਵਿਚ ਨਹੀਂ ਜਾ ਸਕਦਾ ਤਾਂ ਪਰਿਵਾਰ

ਦਾ ਕੋਈ ਮੈਂਬਰ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਹੀਂ ਕਰੇ ਗਾ। ਸਕਿਓਰਟੀ ਵਾਲਿਆਂ ਨੂੰ ਉਹਨਾਂ ਨੂੰ ਵੀ ਕਮਰੇ ਵਿਚ ਜਾਣ ਦੀ ਆਗਿਆ ਦੇਣੀ ਪਈ। 

ਇਸ ਪੁਸਤਕ ਵਿਚ ਰਾਜਨੀਤੀ ਦੇ ਖੇਤਰ ਦੀਆਂ ਹੋਰ ਕਈ ਗੁੱਝੀਆਂ ਗੱਲਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਮਸਲਨ ਜਦੋਂ ਅਕਾਲੀ ਦਲ ਨੇ ਖਾੜਕੂਆਂ ਦੇ ਡਰ ਕਾਰਨ ਪੰਜਾਬ ਅਸੈਂਬਲੀ ਦੀਆਂ ਚੋਣਾ ਦਾ ਬਾਈਕਾਟ ਕਰ ਦਿੱਤਾ ਤਾਂ ਕੇਂਦਰੀ ਏਜੰਸੀਆਂ ਨੇ ਪਹਿਲਾਂ ਅਕਾਲੀ ਦਲ ਦੇ ਇਕ ਨੇਤਾ ਸੁਖਜਿੰਦਰ ਸਿੰਘ

ਨੂੰ ਅਕਾਲੀ ਦਲ ਦੇ ਤੌਰ ਤੇ ਚੋਣਾ ਲੜਨ ਲਈ ਤਿਆਰ ਕੀਤਾ। ਪਹਿਲਾਂ ਤਾਂ ਉਹ ਮੰਨ ਗਿਆ, ਪਰ ਬਾਅਦ ਵਿਚ ਮੁਕਰ ਗਿਆ। ਫੇਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘਨੂੰ ਇਸ ਕੰਮ ਲਈ ਨੂੰ ਤਿਆਰ ਕਰ ਲਿਆ। ਇਸੇ ਤਰਾਂ ਇਕ ਵਾਰ ਕਾਂਗਰਸ ਨੇ ਅਕਾਲੀ ਦਲ ਦੀ ਸਰਕਾਰ ਤੋੜਨ ਲਈ ਉਹਨਾਂ ਦੇ ਖਜ਼ਾਨਾ ਮੰਤਰੀ ਨਾਲ ਸੰਪਰਕ ਕੀਤਾ, ਪਰ ਸਫਲਤਾ ਨਾ ਮਿਲੀ। ਉਹਨਾਂ ਨੇ ਇਕ ਹੋਰ ਘਟਨਾ ਦਾ ਉਲੇਖ ਵੀ ਕੀਤਾ ਹੈ ਕਿ ਇਕ ਵਾਰ ਇਕ ਆਈ ਏ ਐਸ ਅਫਸਰ ਨੇ ਉਹਨਾਂ ਨੂੰ ਕਿਹਾ ਕਿ ਉਹ ਕੈਪਟਨ ਕੰਵਲਜੀਤ ਸਿੰਘ ਨੂੰ ਪਾਰਟੀ ਫੰਡ ਲਈ ਕੁਝ ਰਕਮ ਦੇਣੀ ਚਾਹੁੰਦਾ ਹੈ। ਉਜਾਗਰ ਸਿੰਘ ਨੇ ਇਸ ਕੰਮ ਵਿਚ ਪੈਣ ਤੋਂ ਨਾਂਹ ਕਰ ਦਿੱਤੀ।  ਉਹਨਾਂ ਨੂੰ ਪਤਾ ਸੀ ਕਿ ਖਜ਼ਾਨਾ ਮੰਤਰੀ ਇਮਾਨਦਾਰ ਰਾਜਸੀ ਨੇਤਾ ਹੈ। ਜਦੋਂ ਉਸ ਅਫਸਰ ਨੇ ਉਹਨਾਂ ਤੇ ਜਿਆਦਾ ਹੀ ਜੋਰ ਪਾਇਆ ਤਾਂ ਉਹਨਾਂ ਨੇ ਮੰਤਰੀ ਨਾਲ ਇਹ ਗੱਲ ਕਰ ਦਿੱਤੀ। ਮੰਤਰੀ ਦਾ ਜੁਆਬ ਸੀ ਕਿ ਉਸ ਅਫਸਰ ਦੀ ਐਨੀ ਹਿੰਮਤ ਕਿਵੇਂ ਪਈ ਅਤੇ ਇਹ  ਵੀ ਕਿਹਾ ਕਿ ਹੁਣ ਆਈ ਏ ਐਸ ਅਫਸਰ ਵੀ ਇਹ ਕੰਮ ਕਰਨ ਲੱਗ ਪਏ ਹਨ। 

ਅੱਜ ਕੱਲ੍ਹ ਉਹ ਪਟਿਆਲੇ ਆਪਣੀ ਜੱਦੀ ਜਾਇਦਾਦ ਦੇ ਕੁਝ ਹਿੱਸੇ ਨੂੰ ਵੇਚਣ ਤੋਂ ਬਾਅਦ ਬਣਾਏ ਰਹਿਣ ਬਸੇਰੇ ਵਿਚ ਆਪਣਾ ਪਰਿਵਾਰਕ ਜੀਵਨ ਖੁਸ਼ੀ-ਖੁਸ਼ੀ ਬਿਤਾ ਰਹੇ ਹਨ। ਜ਼ਿੰਦਗੀ ਦੇ 74 ਵੇਂ ਸਾਲ ਦੇ ਹੁਲਾਰੇ ਲੈ ਰਹੇ ਉਹ ਉਮਰ ਦੇ ਬੀਤਣ ਨਾਲ ਆਈਆਂ ਬਿਮਾਰੀਆਂ ਨੂੰ ਵੀ ਹੱਸ ਕੇ ਸਹਾਰ ਰਹੇ ਹਨ। ਸਾਹਿਤਕ ਸ਼ੋਕ ਨੂੰ ਪੂਰਾ ਕਰਨ ਲਈ ਕਈ ਪੁਸਤਕਾਂ ਲਿਖੀਆਂ ਹਨ। ਚਲੰਤ ਮਾਮਲਿਆਂ ਦੇ ਨਾਲ-ਨਾਲ ਸਾਹਿਤਕ ਵਿਸ਼ਿਆਂ ਤੇ ਕਲਮ ਚਲਾਉਂਦੇ ਰਹਿੰਦੇ ਹਨ ਅਤੇ ਪੁਸਤਕਾਂ ਦੇ ਰੀਵਿਊ ਕਰਨ ਵਿਚ ਉਹਨਾਂ ਦੀ ਖਾਸ ਮੁਹਾਰਤ ਹੈ। ਉਹਨਾਂ ਦੀਆਂ ਰਚਨਾਵਾਂ ਦੇਸ਼-ਵਿਦੇਸ਼ ਦੇ ਅਖ਼ਬਾਰਾਂ, ਮੈਗਜ਼ੀਨ ਅਤੇ ਵੈਬਸਾਈਟਾਂ ਵਾਲੇ ਖੁਸ਼ੀ-ਖੁਸ਼ੀ ਛਾਪਦੇ ਹਨ। ਕੁਝ ਵਿਸ਼ੇਸ਼ ਮੁੱਦਿਆਂ ਤੇ ਉਹ ਵੱਖ-ਵੱਖ ਟੀ ਵੀ ਚੈਨਲਾਂ ਤੇ ਆਪਣੇ ਵਿਚਾਰ ਵੀ ਪ੍ਰਗਟਾਉਂਦੇ ਰਹਿੰਦੇ ਹਨ।

ਉਹਨਾਂ ਦੀ 96 ਪੰਨਿਆਂ ਦੀ ਸਵੈ ਜੀਵਨੀ 'ਸਬੂਤੇਕਦਮੀਂ' ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਨਾਵਲ ਪੜ੍ਹ ਰਹੇ ਹੋਈਏ। ਕਿਸੇ ਵੀ ਗੱਲ ਨੂੰ ਸਪੱਸ਼ਟ ਸ਼ਬਦਾਂ ਵਿਚ ਲਿਖਣ ਵਾਲੀ  ਉਹਨਾਂ ਦੀ ਵਾਰਤਕ ਸ਼ੈਲੀ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਹੈ। ਪਾਠਕਾਂ ਦੀ ਰੁਚੀ ਆਦਿ ਤੋਂ ਅੰਤ ਤੱਕ ਬਣੀ ਰਹਿੰਦੀ ਹੈ। 

ਸਵੈ ਜੀਵਨੀ ਲਿਖਣਾ ਇਕ ਔਖਾ ਕਾਰਜ ਹੈ। ਜੇ ਲੇਖਕ ਆਪਣੀ ਵਡਿਆਈ ਆਪ ਕਰੇ ਤਾਂ ਆਪਣੇ ਮੂੰਹ ਮੀਆਂਮਿੱਠੂ ਬਣਨ ਵਾਲੀ ਗੱਲ ਹੁੰਦੀ ਹੈ ਅਤੇ ਆਪਣੀ ਬੁਰਾਈ ਕਰਨਾ ਕੋਈ ਚਾਹੁੰਦਾ ਨਹੀਂ, ਇਸ ਲਈ ਇਹ ਦੋ ਧਾਰੀ ਤਲਵਾਰ ਤੇ ਚਲਣ ਵਾਲਾ ਕੰਮ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਸਰਦਾਰ ਉਜਾਗਰ ਸਿੰਘ ਜੀ ਨੇ ਇਸ ਮੁਸ਼ਕਲ ਕਾਰਜ ਨੂੰ ਬੜੇ ਕਲਾਮਈ ਢੰਗ ਨਾਲ ਨੇਪਰੇ ਚੜ੍ਹਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। 

ਕੈਲੀਬਰ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦਾ ਸਵਰਕ ਅਤੇ ਦਿੱਖ ਵੀ ਪ੍ਰਭਾਵਿਤ ਕਰਦੀ ਹੈ। 

(ਉਜਾਗਰ ਸਿੰਘ ਦੀ ਸਵੈ ਜੀਵਨੀ 'ਸਬੂਤੇਕਦਮੀਂ' ਤੇ ਅਧਾਰਿਤ)

 

 ਰਵਿੰਦਰ ਸਿੰਘ ਸੋਢੀ

001-604-369-2371

ਰਿਚਮੰਡ,  ਕੈਨੇਡਾ।  

ਲਮਕਦੀਆਂ ਲੀਰਾਂ ਵਾਲੀ 'ਖਿੱਦੋ' - ਰਵਿੰਦਰ ਸਿੰਘ ਸੋਢੀ

ਮੈਂ ਜਸਬੀਰ ਭੁੱਲਰ ਦਾ ਪੁਰਾਣਾ ਪਾਠਕ ਹਾਂ। ਇਹ ਤਾਂ ਝੂਠ ਨਹੀਂ ਬੋਲਾਂ ਗਾ ਕਿ ਉਹਨਾਂ ਦੀਆਂ ਸਾਰੀਆਂ ਪੁਸਤਕਾਂ ਜਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਸਾਰੇ ਆਰਟੀਕਲ ਪੜ੍ਹੇ ਹੋਏ ਹਨ। ਪਰ ਜਿੰਨੇ ਵੀ ਪੜ੍ਹੇ ਹਨ, ਉਹ ਵਧੀਆ ਸਾਹਿਤ ਦੀ ਵੰਨਗੀ ਵਿੱਚ ਸ਼ੁਮਾਰ ਹੁੰਦੇ ਹਨ। ਨਾਵਲ ‘ਪਤਾਲ ਦੇ ਗਿੱਠਮੁਠੀਏ’ ਸੋਹਜਮਈ ਕਲਪਨਾ ਸ਼ਕਤੀ ਦੀ ਉੱਤਮ ਮਿਸਾਲ ਹੈ। ਉਸ ਵਿੱਚ ਵੀ ਇਕ ‘ਰਾਜਕੁਮਾਰੀ’ ਦੇ ਕਿਸੇ ਡੂੰਘੀ ਖਾਈ ਵਿੱਚ ਡਿੱਗ ਕੇ ਮਰ ਜਾਣ ਦੀ ਘਟਨਾ ਤੋਂ ਬਾਅਦ ਲੱਖਾਂ ਨੂੰ ਉਸੇ ਖਾਈ ਵਿੱਚ ਜ਼ਬਰਦਸਤੀ ਸੁੱਟ ਦੇਣ ਦੀ ਘਟਨਾ ਅਤੇ ‘ਰਾਜਕੁਮਾਰੀ’ ਦੇ ਪਿਉ ਵੱਲੋਂ ਆਪਣੇ ਅਹਿਲਕਾਰਾਂ ਤੋਂ ਇਹ ਪੁੱਛਣਾ ਕਿ ‘ਰਾਜਕੁਮਾਰੀ’ ਦੇ ਨਾਲ ਹੋਰ ਕਿੰਨੇ ਉਸ ਦੇ ਨਾਲ ਖਾਈ ਵਿੱਚ ਡਿੱਗੇ ਜਾਂ ਸੁੱਟੇ ਗਏ, ਤੋਂ ਸਾਡੇ ਸਮੇਂ ਦੇ ਇਤਿਹਾਸ ਦੇ ਇਕ ਪੰਨੇ ਨੂੰ ਕਲਾਮਈ ਢੰਗ ਨਾਲ ਪੇਸ਼ ਕੀਤਾ। ਅਜਿਹੇ ਨਾਵਲ ਪੰਜਾਬੀ ਸਾਹਿਤ ਵਿਚ ਘੱਟ ਹੀ ਮਿਲਦੇ ਹਨ। ਆਪਣੇ ਇਕ ਆਰਟੀਕਲ ਵਿਚ ਭੁੱਲਰ ਸਾਹਿਬ ਨੇ ਗਾਂਧੀ ਆਸ਼ਰਮ ਦੇ ਕਰਤਾ-ਧਰਤਾ ਵੱਲੋਂ ਪਹੁੰਚੀਆਂ ਹੋਈਆਂ ਹਸਤੀਆਂ ਤੋਂ ਆਸ਼ਰਮ ਲਈ ਮਾਇਆ ਇਕੱਠੀ ਕਰਨ ਲਈ ਇਕ ਹੀ ਕਮਰੇ ਦਾ ਵਾਰ-ਵਾਰ ਉਦਘਾਟਨ ਕਰਵਾਉਣ ਅਤੇ ਇਕ ਵਾਰ ਆਸ਼ਰਮ ਵਿੱਚ ਰਹਿਣ ਵਾਲ਼ਿਆਂ ਵੱਲੋਂ ਬਣਾਏ ਕੰਬਲ਼ਾਂ ਤੋਂ ਘੱਟ ਕੀਮਤ ਵਾਲ਼ੀਆਂ ਪਰਚੀਆਂ ਇਹ ਕਹਿ ਕੇ ਉਤਰਵਾਈਆਂ ਕਿ ਫੌਜ ਨੂੰ ਇਹ ਮੁਫ਼ਤ ਦੇਣੇ ਹਨ, ਪਰ ਬਾਅਦ ਵਿੱਚ ਉਹਨਾਂ ਤੇ ਵੱਧ ਕੀਮਤ ਦੀਆਂ ਪਰਚੀਆਂ ਲਾ ਕੇ ਫੌਜ ਨੂੰ ਵੇਚਣ ਤੇ ਤਕੜਾ ਵਿਅੰਗ ਕੀਤਾ ਸੀ। ਇਕ ਲੇਖ ਵਿੱਚ ਫੌਜ ਦੇ ਉੱਚ ਅਫਸਰ ਵੱਲੋਂ ਕਿਸੇ ਖ਼ਤਰਨਾਕ ਇਲਾਕੇ ਵਿੱਚ ਝੀਲ ਦੇ ਪੰਛੀਆਂ ਦੇ ਸ਼ਿਕਾਰ ਦਾ ਪ੍ਰੋਗਰਾਮ ਬਣਾਉਣ ਲਈ  ਕਿਵੇਂ ਪਹਿਲਾਂ ਹੀ ਪਾਣੀ ਵਾਲੇ ਪੰਛੀਆਂ ਦਾ ਇੰਤਜ਼ਾਮ ਕੀਤਾ ਅਤੇ ਉਹਨਾਂ ਨੂੰ ਪਾਣੀ ਦੇ ਵੱਡੇ ਢੋਲਾਂ ਵਿੱਚ ਪਾ ਕੇ ਰੱਖਿਆ ਤਾਂ ਜੋ ਅਫਸਰ ਦੇ ਆਉਣ ਤੋਂ ਪਹਿਲਾਂ ਉਹਨਾਂ  ਨੂੰ ਝੀਲ ਵਿੱਚ ਛੱਡਿਆ ਜਾਵੇ ਅਤੇ ਅਫਸਰ ਆਪਣੇ ਸ਼ਿਕਾਰ ਦਾ ਸ਼ੌਕ ਪੂਰਾ ਕਰ ਲਵੇ। ਪਰ ਮੌਸਮ ਦੀ ਖ਼ਰਾਬੀ ਕਰ ਕੇ ਵੱਡੇ ਫ਼ੌਜੀ ਅਫਸਰ ਦਾ ਪ੍ਰੋਗਰਾਮ ਰੱਦ ਹੋਣ ਤੇ ਸਾਰਿਆਂ ਨੂੰ ਸੁੱਖ ਦਾ ਸਾਹ ਆਇਆ ਸੀ। ਇਕ ਆਰਟੀਕਲ ਵਿਚ ਫ਼ੌਜੀ ਯੂਨਿਟ ਦੇ ਕਮਰੇ ਵਿੱਚ ਆ ਗਏ ਖ਼ਤਰਨਾਕ ਜੰਗਲੀ ਜਾਨਵਰ ਨੂੰ ਛੱਤ ਦੇ ਮਘੋਰੇ ਵਿੱਚੋਂ ਗੋਲੀ ਚਲਾ ਕੇ ਮਾਰਨ ਦੀ ਘਟਨਾ ਬਿਆਨ ਕੀਤੀ ਸੀ। ਇਹ ਲਿਖਤਾਂ ਕਾਫ਼ੀ ਪੁਰਾਣੀਆਂ ਹਨ, ਹੋ ਸਕਦਾ ਹੈ ਮੇਰੇ ਕੋਲੋਂ ਇਹਨਾਂ ਸੰਬੰਧੀ ਲਿਖਣ ਵਿੱਚ ਕੋਈ ਗਲਤੀ ਹੋ ਗਈ ਹੋਵੇ। ਪਰ ਇਹ ਸਭ ਕੁਝ ਲਿਖਣ ਦਾ ਭਾਵ ਹੈ ਕਿ ਮੈਨੂੰ ਉਹਨਾਂ ਦੀਆਂ ਲਿਖਤਾਂ ਦੇ ਵਿਸ਼ੇ, ਲਿਖਣ ਦਾ ਵਿਲੱਖਣ ਢੰਗ ਵਧੀਆ ਲੱਗਦਾ ਹੈ ਅਤੇ ਮੇਰੇ ਲਈ ਉਹ ਪੰਜਾਬੀ ਦੇ ਸੁੱਚਜੇ ਲੇਖਕ ਹਨ।
ਹੁਣ ਰਹੀ ਗੱਲ ‘ਖਿੱਦੋ’ ਦੀ। ਇਸ ਰਚਨਾ ਜਿਸ ਨੂੰ ਨਾਵਲ ਦਾ ਨਾਂ ਦਿੱਤਾ ਗਿਆ ਹੈ, ਮੇਰੇ ਮੁਤਾਬਿਕ ਨਾਵਲ ਦੀ ਸ਼੍ਰੇਣੀ ਵਿੱਚ ਸ਼ੁਮਾਰ ਨਹੀਂ ਕੀਤੀ ਜਾ ਸਕਦੀ। ਸਭ ਤੋਂ ਪਹਿਲਾਂ ਇਸਦੇ ਸਿਰਲੇਖ ਸੰਬੰਧੀ ਗੱਲ ਕਰਨੀ ਚਾਹਵਾਂ ਗਾ।
‘ਖਿੱਦੋ’ ਪੰਜਾਬ ਦੇ ਪੁਰਾਣੇ ਪਿੰਡਾਂ ਦੇ ਚੋਬਰਾਂ ਅਤੇ ਬੱਚਿਆਂ ਦੀਆ ਖੇਡਾਂ ਵਿੱਚੋਂ ਇਕ ਸੀ। ਅੱਜ ਦੀ ਹਾਕੀ, ਪੁਰਾਣੇ ਸਮੇਂ ਦੀ ਖਿੱਦੋ-ਖੁੰਡੀ ਸੀ। ਉਦੋਂ ਨਾ ਤਾਂ ਬੱਚਿਆਂ ਕੋਲ ਹਾਕੀਆਂ ਹੁੰਦੀਆਂ ਸੀ ਅਤੇ ਨਾ ਹੀ ਵਧੀਆ ਬਾਲਾਂ। ਸੁਚੱਜੀਆਂ ਪੇਂਡੂ ਸਵਾਣੀਆਂ ਕੱਪੜਿਆਂ ਦੀ ਕੱਟ-ਵੱਡ ਸਮੇਂ ਬਚੀਆਂ ਛੋਟੀਆਂ-ਛੋਟੀਆਂ ਲੀਰਾਂ ਨਾਲ ਬੱਚਿਆਂ ਨੂੰ ਖਿੱਦੋ ਬਣਾ ਦਿੰਦੀਆਂ। ਇਸ ਨਾਲ ਲੀਰਾਂ ਵੀ ਸਿਮਟ ਜਾਂਦੀਆਂ ਅਤੇ ਬੱਚੇ ਵੀ ਪਰਚ ਜਾਂਦੇ। ਪਰ ਇਹਨਾਂ ਖਿੱਦੋਆਂ ਨੂੰ ਬਣਾਉਣ ਲਈ ਕਦੇ ਵੀ ਗੰਦੀਆਂ ਲੀਰਾਂ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਆਖਰ ਖੇਡਣ ਤੋਂ ਬਾਅਦ ਖਿੱਦੋ, ਘਰ ਵਿੱਚ ਹੀ ਰੱਖਣੀ ਹੁੰਦੀ ਸੀ। ਗੰਦੀਆਂ ਲੀਰਾਂ ਦੀ ਖਿੱਦੋ ਨਾਲ ਬੱਚਿਆਂ ਦੇ ਬਿਮਾਰ ਹੋਣ ਦਾ ਵੀ ਖਤਰਾ ਅਤੇ ਘਰ ਵਿੱਚ ਬਦਬੂ ਫ਼ੈਲਣ ਦਾ ਵੀ। ਜੇ ਲੇਖਕ ਨੇ ਖਿੱਦੋ ਦੀ ਇਸ ਭਾਵਨਾ ਦਾ ਧਿਆਨ ਰੱਖਿਆ ਹੁੰਦਾ ਤਾਂ ਸ਼ਾਇਦ ਉਹ ਆਪਣੀ ਲਿਖਣ ਕਲਾ ਨਾਲ (ਜੋ ਉਹਨਾਂ ਵਿੱਚ ਹੈ) ਆਪਣੀ ‘ਖਿੱਦੋ’ ਵੀ ਸਾਫ਼ ਲੀਰਾਂ ਦੀ ਬਣਾ ਸਕਦੇ ਸੀ। ਹਾਂ, ਇਹ ਹੋ ਸਕਦਾ ਹੈ ਉਸ ਨਾਲ ਸਾਹਿਤਕ ਕਿੜਾਂ ਨਹੀਂ ਸੀ ਕੱਢੀਆਂ ਦਾ ਸਕਦੀਆਂ। ਖਿੱਦੋਂ ਵਿਚ ਸਾਰੀਆਂ ਲੀਰਾਂ ਨੂੰ ਵਧੀਆ ਢੰਗ ਨਾਲ ਸਮੇਟਿਆ ਹੁੰਦਾ ਸੀ ਨਾ ਕਿ ਲੀਰਾਂ ਲਮਕਦੀਆਂ ਨਜ਼ਰ ਆਉਂਦੀਆਂ ਸੀ, ਜਿਵੇਂ ਇਸ ਨਾਵਲ ਵਿਚ ਹੈ।
ਇਹ ਆਮ ਹੀ ਕਿਹਾ ਜਾਂਦਾ ਹੈ ਕਿ ਜਿਹੜਾ ਇਸ ਸੰਸਾਰ ਤੋਂ ਚਲਾ ਹੀ ਗਿਆ ਉਸ ਸੰਬੰਧੀ ਕੁਝ ਗਲਤ ਬੋਲ ਜਾਂ ਲਿਖ ਕੇ ਅਸੀਂ ਕੁਝ ਹਾਸਲ ਨਹੀਂ ਕਰ ਸਕਦੇ ਅਤੇ ਨਾ ਹੀ ਉਸਦਾ ਕੁਝ ਵਿਗਾੜ ਸਕਦੇ ਹਾਂ। ਬੱਸ, ਆਪਣੇ ਮਨ ਦਾ ਭਾਰ ਹੀ ਹੌਲਾ ਕਰ ਸਕਦੇ ਹਾਂ। ਪਰ ਇਹ ਭਾਰ ਹੌਲਾ ਕਰਦੇ-ਕਰਦੇ ਅਸੀਂ ਦੂਜਿਆਂ ਦੀਆਂ ਨਜ਼ਰਾਂ ਵਿੱਚ ਆਪ ਵੀ ਹੌਲੇ ਹੋ ਜਾਂਦੇ ਹਾਂ। ਜੇ ਇਹੋ ‘ਖਿੱਦੋ’ ਲੇਖਕ ਨੇ ਕੁਝ ਸਾਲ ਪਹਿਲਾਂ ਮੈਦਾਨ ਵਿੱਚ ਸੁੱਟੀ ਹੁੰਦੀ ਫੇਰ ਨਜ਼ਾਰਾ ਆਉਣਾ ਸੀ। ਇਹ ਦੇਖਦੇ ਕਿ ਇਸ ‘ਖਿੱਦੋ’ ਨੂੰ ਦੂਜਾ ਆਪਣੀ ਖੁੰਡੀ ਨਾਲ ਕਿਵੇਂ ਉਛਾਲਦਾ?
ਇਸ ਨਾਵਲ ਦਾ ਕੇਂਦਰੀ ਧੁਰਾ ਇੱਕੋ ਵਿਅਕਤੀ ਵਿਸ਼ੇਸ਼ ਅਤੇ ਉਸ ਦੀ ਜੁੰਡਲੀ ਹੈ ਜਿੰਨਾ ਦਾ ਸਾਰਾ ਜ਼ੋਰ ਪੰਜਾਬੀ ਸਾਹਿਤ ਨਾਲ ਸੰਬੰਧਤ ਕੇਂਦਰੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਂਦੇ ਸਨਮਾਨਾਂ ਦੇ ਇਰਦ-ਗਿਰਦ ਹੀ ਘੁੰਮਦਾ ਹੈ। ਇਸ ਲਈ ਲੜਾਈਆਂ ਜਾਂਦੀਆਂ ਤਿਕੜਮ ਬਾਜ਼ੀਆਂ, ਪੈਸੇ ਦੀ ਤਾਕਤ, ‘ਗੋਸ਼ਤ’ ਦੀ ਲਾਲਸਾ ਪੂਰੀ ਕਰਨ ਦੀ ਹੋੜ, ਆਪਣੀ ਚੌਧਰ ਦਿਖਾਉਣ ਦੀ ਲਾਲਸਾ ਨੂੰ ਨੰਗਾ ਕੀਤਾ ਹੈ। ਇਹ ਗਲਤ ਬਿਆਨੀ ਨਹੀ। ਪਰਦੇ ਪਿੱਛੇ ਪਤਾ ਨਹੀਂ ਕਈ ਕੁਝ ਵਾਪਰਦਾ ਹੈ? ਪਰ ਮੁਆਫ ਕਰਨਾ, ਜਿਵੇਂ ਉਹਨਾਂ ਨੇ ਨੀਵੇਂ ਦਰਜੇ ਦੀ ਚੌਧਰ ਦਿਖਾਈ, ਉਸੇ ਢੰਗ ਦੀ ਵਰਤੋਂ ਭੁੱਲਰ ਸਾਹਿਬ ਨੇ ਕਰਕੇ ਉਸ ਨੂੰ ਬਿਆਨ ਕਰ ਦਿੱਤਾ। ਘੱਟ ਕਿਸੇ ਨੇ ਨਹੀਂ ਕੀਤੀ। ਚਿਕੜ ਵਿਚ ਇੱਟਾਂ-ਰੋੜੇ ਮਾਰਕੇ ਆਪਣੇ ਤੇ ਵੀ ਚਿਕੜ ਦੇ ਕੁਝ ਛਿੱਟੇ ਪੈਂਦੇ ਹੀ ਹਨ।
ਇਨਾਮਾਂ/ਸਨਮਾਨਾਂ ਦੀ ਖਰੀਦੋ-ਫ਼ਰੋਖ਼ਤ ਨਾਂ ਤਾਂ ਪ੍ਰਸਤੁਤ ਰਚਨਾ ਦੇ ਨਾਇਕ ਨਾਲ ਸ਼ੁਰੂ ਹੋਈ ਸੀ, ਨਾ ਹੀ ਉਹਨਾਂ ਨਾਲ ਖਤਮ ਹੋ ਗਈ ਹੈ। ਸ਼ਿਵ ਬਟਾਲਵੀ ਦੀ ‘ਲੂਣਾ’ ਨੂੰ ਪੁਰਸਕਾਰ ਦੇਣਾ ਗਲਤ ਨਹੀਂ ਸੀ, ਪਰ ਉਸ ਸਮੇਂ ਕੁਝ ਬਹੁਤ ਹੀ ਪੁਰਾਣੇ ਸਾਹਿਤਕਾਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸੀ। ਪਰ ‘ਲੂਣਾ’ ਦੇ ਸਾਹਿਤਕ ਕੱਦ ਕਰਕੇ ਅਜਿਹੀ ਅਣ-ਦੇਖੀ ਨੂੰ ਸਵੀਕਾਰ ਕੀਤਾ ਦਾ ਸਕਦਾ ਹੈ। ਪਰ ਯਾਦ ਹੈ ਸ਼ਿਵ ਨੇ ਬੜੇ ਸੰਖੇਪ ਵਿੱਚ ਹੀ ਇਹ ਕਹਿਕੇ ਕਿ ‘ ਪੰਜ ਹਜ਼ਾਰ ਦੇ ਇਨਾਮ ਲਈ ਤਿੰਨ ਹਜ਼ਾਰ ਦੀ ਦਾਰੂ ਪਿਆ ਦਿਉ, ਇਨਾਮ ਮਿਲ ਜਾਵੇ ਗਾ’ ਸਾਰੀ ਗੱਲ ਸਿਰੇ ਲਾ ਦਿੱਤੀ ਸੀ। ਕਿਸੇ ਦਾ ਨਾਂ ਨਹੀਂ ਸੀ ਲਿਆ ਪਰ ਇਨਾਮਾਂ ਪਿੱਛੇ ਹੁੰਦੀ ਧਾਂਦਲੀ ਜੱਗ ਜ਼ਾਹਰ ਕਰ ਦਿੱਤੀ ਸੀ, ਜਿਸ ਲਈ 'ਖਿੱਦੋ ਦੇ ਲੇਖਕ ਨੇ ਤਕਰੀਬਨ ਇਕ ਸੋ ਪੰਜਾਹ ਪੰਨੇ ਕਾਲੇ ਕਰ ਦਿੱਤੇ। ਸਿਸਟਮ ਦੇ ਨਾਲ-ਨਾਲ ਵਿਅਕਤੀ ਵਿਸ਼ੇਸ਼ਾਂ ਨੂੰ ਵੀ ਭੰਡ ਦਿੱਤਾ। ਭਾਵੇਂ ਗਲਤ ਨਹੀਂ ਭੰਡਿਆ, ਪਰ ਭੰਡਿਆ ਗਲਤ ਢੰਗ ਨਾਲ।
ਇਸ ਤੋਂ ਵੀ ਪਹਿਲਾ ਕੇਂਦਰੀ ਇਨਾਮ ਸੰਬੰਧੀ ਚਰਚਾ ਛਿੜੀ ਹੀ ਰਹਿੰਦੀ ਸੀ- ਕਿਸੇ ਮੋਹਤਰਬ ਨੇ ਆਪਣੀ ਵੋਟ ਆਪ ਨੂੰ ਹੀ ਪਾਈ ਸੀ। ਮੈਨੂੰ ਯਾਦ ਹੈ ਇਕ ਸਾਲ ਇਸ ਇਨਾਮ ਤੋਂ ਬਾਅਦ ਇਕ ਪੰਜਾਬੀ ਅਖਬਾਰ ਵਿੱਚ ਸੰਪਾਦਕੀ ਛਪਿਆ ਸੀ ਕਿ ਇਸ ਸਾਲ ਇਨਾਮ ਕਿਸੇ ਪ੍ਰਸਿੱਧ ਨਾਵਲਕਾਰ ਨੂੰ ਦੇਣਾ ਸੀ, ਪਰ ਤਕਨੀਕੀ ਕਾਰਨਾਂ ਕਰਕੇ ਉਸਦੀ ਚੋਣ ਨਹੀਂ ਹੋ ਸਕੀ। ਇਹ ਫੈਸਲਾ ਜ਼ਰੂਰ ਹੋ ਗਿਆ ਕਿ ਅਗਲੇ ਸਾਲ ਇਹ ਇਨਾਮ ਉਸੇ ਨਾਵਲਕਾਰ ਨੂੰ ਦਿੱਤਾ ਜਾਵੇਗਾ ਅਤੇ ਹੋਇਆ ਵੀ ਇਸੇ ਤਰਾਂ। ਇਕ ਵਾਰ ਪੰਜਾਬੀ ਸਾਹਿਤ ਦੀ ਬਹੁਤ ਵੱਡੀ ਸ਼ਖਸੀਅਤ ਨੂੰ ਸਾਹਿਤ ਅਕੈਡਮੀ ਦੀ ਕਨਵੀਨਰਸ਼ਿਪ ਇਸ ਲਈ ਛੱਡਣੀ ਪਈ ਸੀ ਕਿਉਂ ਕਿ ਜਿਸ ਕਿਤਾਬ ਨੂੰ ਪੜ੍ਹੇ ਬਿਨਾ ਹੀ ਇਨਾਮ ਲਈ ਚੁਣਿਆ ਗਿਆ ਸੀ, ਉਸ ਵਿਚ ਸਮੇਂ ਦੀ ਹਕੂਮਤ ਦੇ ਕਿਸੇ ਪੁਰਾਣੇ ਨੇਤਾ ਸੰਬੰਧੀ ਨਕਾਰਾਤਮਕ ਸ਼ਬਦ  ਵਰਤੇ ਗਏ ਸਨ। ਇਹ ਵਰਤਾਰਾ ਤਾਂ ਸ਼ੁਰੂ ਤੋਂ ਹੀ ਚੱਲ ਰਿਹਾ ਹੈ ਅਤੇ ਜਿਹੜੇ ਇਨਸਾਨ ਨੂੰ ਇਸ ਰਚਨਾ ਵਿਚ ਭੰਡਿਆ ਹੈ, ਉਸ ਤੋਂ ਬਾਅਦ ਵੀ ਇਹ ਵਰਤਾਰਾ ਜਾਰੀ ਹੈ। ਕਈਆਂ ਨੇ ਇਨਾਮ ਲੈਣ ਉਪਰੰਤ ਲਿਖਣਾ ਹੀ ਛੱਡ ਦਿੱਤਾ। ਪੰਜਾਬ ਸਰਕਾਰ ਵੱਲੋਂ ਮਿਲਦੇ ਸ਼ਰੋਮਣੀ ਇਨਾਮ ਜੇ ਦੋ-ਚਾਰ ਕਿਤਾਬਾਂ ਦੇ ਲੇਖਕ ਨੂੰ ਮਿਲ ਸਕਦੇ ਹਨ ਤਾਂ ਰੱਬ ਹੀ ਰਾਖਾ ਹੈ। ਇਹਨਾਂ ਸਨਮਾਨਾਂ ਦੀ ਕਦਰ ਉਦੋਂ ਹੁੰਦੀ ਸੀ ਜਦੋਂ ਅਕਾਦਮੀ ਵੱਲੋਂ ਇਨਾਮਾਂ ਦਾ ਫੈਸਲਾ ਕਰ ਲਿਆ ਜਾਂਦਾ ਸੀ, ਪਰ ਪ੍ਰਧਾਨ ਮੰਤਰੀ ਪੰਡਤ ਨਹਿਰੂ ਦੀ ਸਹਿਮਤੀ ਤੋਂ ਬਾਅਦ ਐਲਾਨ ਹੁੰਦਾ ਸੀ। ਸੁਣਿਆ ਹੈ ਕਿ ਇਕ ਵਾਰ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਵਾਰਤਕਕਾਰ ਦੀ ਪੁਸਤਕ ਦੀ ਚੋਣ ਕੀਤੀ ਗਈ। ਪੰਡਤ ਨਹਿਰੂ ਦੇ ਪੁੱਛਣ ਤੇ ਦੱਸਿਆ ਗਿਆ ਕਿ ਇਸ ਪੁਸਤਕ ਵਿੱਚ ਕੁਝ ਪੁਰਾਣੀਆਂ ਪਿਆਰ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ। ਜਦੋਂ ਉਹਨਾਂ ਪੁੱਛਿਆ ਕਿ ਇਸ ਵਿੱਚ ਉੱਤਮ ਸਾਹਿਤ ਵਾਲੀ ਕਿਹੜੀ ਗੱਲ ਹੋਈ ਤਾਂ ਸੰਬੰਧਤ ਅਫਸਰ ਕੋਈ ਜੁਆਬ ਨਾ ਦੇ ਸਕੇ। ਇਸ ਲਈ ਉਸ ਪੁਸਤਕ ਨੂੰ ਇਨਾਮ ਨਹੀਂ ਦਿੱਤਾ ਗਿਆ। ਜੇ ਸਾਰੀ ਉਮਰ ਦਵਿੰਦਰ ਸਤਿਆਰਥੀ ਜਾਂ ਕੁਝ ਹੋਰ ਵਧੀਆ ਸਾਹਿਤਕਾਰਾਂ ਨੂੰ ਇਹ ਇਨਾਮ ਨਹੀਂ ਮਿਲਿਆ ਤਾਂ ਇਸ ਨਾਲ ਉਹਨਾਂ ਦਾ ਸਾਹਿਤਕ ਕੱਦ ਘਟਿਆ ਨਹੀਂ ਅਤੇ ਇਸਦੇ ਉਲਟ ਕਈ ਇਨਾਮ ਪ੍ਰਾਪਤੀ ਤੋਂ ਬਾਅਦ ਵੀ ਬੌਣੇ ਦੇ ਬੌਣੇ ਹੀ ਰਹੇ। ਜਦੋਂ ਤੱਕ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਨੂੰ ਸਾਹਿਤ ਅਕੈਡਮੀ ਦਾ ਪੁਰਸਕਾਰ ਨਹੀਂ ਸੀ ਮਿਲਿਆ,  ਉਹ ਧੌਣ ਉੱਚੀ ਕਰਕੇ ਰਹਿੰਦਾ ਸੀ, ਪਰ ਜਦੋਂ ਆਮ ਜਿਹੇ ਨਾਟਕ ਤੇ ਮਿਲਿਆ ਪੁਰਸਕਾਰ ਸਵਿਕਾਰ ਕਰ ਲਿਆ ਤਾਂ ਕਿਸੇ ਮਾਮੂਲੀ ਜਿਹੇ ਸੰਪਾਦਕ ਨੇ ਤਾਹਨਾ ਮਾਰ ਦਿੱਤਾ ਸੀ," ਵੇ ਤੂੰ ਚੰਦਰਿਆ ਇਹ ਕੀ ਕੀਤਾ, ਬੁੁੱਢ ਵਾਰੇ ਖੇਹ ਖਾ ਲਈ।" ਗਾਂਧੀ ਨੂੰ ਸ਼ਾਂਤੀ ਨੋਬਲ ਇਨਾਮ ਨਹੀਂ ਮਿਲਿਆ, ਪਰ ਬਾਅਦ ਵਿਚ ਨੋਬਲ ਪੁਰਸਕਾਰ ਕਮੇਟੀ ਵਾਲਿਆਂ ਨੇ ਇਸ ਦੀ ਮੁਆਫੀ ਮੰਗੀ। ਗਾਂਧੀ ਦਾ ਕੱਦ ਨੋਬਲ ਪੁਰਸਕਾਰ ਤੋਂ ਬਿਨਾਂ ਹੀ ਹੋਰ ਉੱਚਾ ਹੋ ਗਿਆ। ਜਿਹੜੀਆਂ ਸੇਵਾਵਾਂ ਲਈ ਮਦਰ ਟੈਰੇਸਾ ਨੂੰ ਪੁਰਸਕਾਰ ਪ੍ਰਦਾਨ ਕੀਤਾ ਗਿਆ ਉਸੇ ਖੇਤਰ ਵਿਚ ਭਗਤ ਪੂਰਨ ਸਿੰਘ ਜੀ ਨੂੰ ਨਜ਼ਰਅੰਦਾਜ ਕੀਤਾ ਗਿਆ। ਭਗਤ ਜੀ ਨੂੰ ਕੋਈ ਫਰਕ ਨਹੀਂ ਪਿਆ, ਕਿਉਂ ਕਿ ਉਹਨਾ ਦਾ ਮਕਸਦ ਨੋਬਲ ਪੁਰਸਕਾਰ ਪ੍ਰਾਪਤ ਕਰਨਾ ਨਹੀਂ ਸੀ। ਪੰਜਾਬੀ ਲੇਖਕਾਂ ਨੂੰ ਫਰਕ ਪੈਂਦਾ ਹੈ ਕਿਉਂ ਕਿ ਉਹਨਾਂ ਲਈ ਸਾਹਿਤ ਅਕਾਡਮੀ ਜਾਂ ਭਾਸ਼ਾ ਵਿਭਾਗ ਦਾ ਇਨਾਮ, ਜੀਵਨ-ਮਰਨ ਦਾ ਸਵਾਲ ਹੁੰਦਾ ਹੈ। ਪਰ ਸੁਆਲ ਹੈ ਕਿ ਅਜਿਹੇ ਇਨਾਮਾ ਨਾਲ ਦੋ-ਚਾਰ ਦਿਨ ਅਖਬਾਰਾਂ ਵਿਚ ਚਰਚਾ ਹੋ ਜਾਂਦੀ ਹੈਂ, ਲੇਖਕ ਦੀ ਹਉਮੈ ਨੂੰ ਪੱਠੇ ਪੈ ਜਾਂਦੇ ਹਨ, ਪਰ ਸਾਹਿਤ ਤਾਂ ਗਰੀਬ ਦਾ ਗਰੀਬ ਹੀ ਰਹਿੰਦਾ ਹੈ। ਪੰਜਾਬੀ ਦਾ ਕੋਈ ਲੇਖਕ ਅਜੇ ਤੱਕ ਨੋਬਲ ਪੁਰਸਕਾਰ ਲਈ ਕਿਉਂ ਨਹੀਂ ਵਿਚਾਰਿਆ ਗਿਆ? ਕਿਉਂ ਕਿ ਉਹਨਾਂ ਦੀ ਸੋਚ ਅਜੇ ਤੱਕ ਸਾਹਿਤ ਅਕੈਡਮੀ ਦੇ ਇਨਾਮ ਤੋਂ ਉੱਚੀ ਨਹੀਂ ਉੱਠੀ। ਬਾਕੀ ਪੁਰਸਕਾਰ ਬਦਲੇ ਸ਼ਰੀਰਕ ਸੰਬੰਧਾਂ ਦੀ ਗੱਲ ਤੋਂ ਤਾਂ ਨੋਬਲ ਪੁਰਸਕਾਰ ਵੀ ਨਿਰਲੇਪ ਨਹੀਂ। ਸੋ ਜਸਬੀਰ ਭੁੱਲਰ ਜੀ ਨੂੰ ਅਸਲੀਅਤ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਨਾਂ ਸੰਬੰਧੀ ਅਵਾਜ ਉਠਾਈ ਜਾਣੀ ਚਾਹੀਦੀ ਹੈ, ਪਰ ਇਕੱਠੇ ਹੋ ਕੇ। ਭੁੱਲਰ ਸਾਹਿਬ ਦੀਆਂ ਰਚਨਾਵਾਂ ਵਿਚੋਂ ਇਕ ਨਹੀਂ, ਕਈਆਂ ਨੂੰ ਸਾਹਿਤ ਅਕੈਡਮੀ ਦੇ ਇਨਾਮ ਲਈ ਚੁਣਿਆ ਜਾ ਸਕਦਾ ਸੀ ਜਾਂ ਹੈ? ਪਰ ਸਚਾਈ ਹੈ ਕਿ ਇਹ ਇਨਾਮਾ ਦੀ ਵਾਗਡੋਰ ਬਹੁਤਾ ਸਮਾਂ ਜੋੜ-ਤੋੜ ਕਰਨ ਦੇ ਮਾਹਿਰਾਂ ਦੇ ਹੱਥ ਰਹੀ ਅਤੇ ਹੁਣ ਵੀ ਹੈ। ਸੱਪ ਲੰਘ ਚੁੱਕਿਆ ਹੈ ਅਤੇ ਹੁਣ ਵੀ ਲੰਘੀ ਜਾ ਰਿਹਾ ਹੈ, ਪਰ ਅਜੇ ਤੱਕ ਸੱਪ ਨੂੰ ਮਾਰਨ ਦੀ ਥਾਂ ਵਿਦਵਾਨ ਲਕੀਰ ਨੂੰ ਕੁਟੀ ਜਾ ਰਹੇ ਹਨ। ਗੱਲ ਹੋਣੀ ਚਾਹੀਦੀ ਹੈ ਸੱਪ ਮਾਰਨ ਦੀ, ਭਾਵ ਅਜਿਹਾ ਕੁਝ ਕਰਨ ਦੀ ਕਿ ਭਵਿਖ ਵਿਚ ਹੋਣ ਵਾਲੇ ਘਾਲੇ-ਮਾਲਿਆਂ ਤੇ ਰੋਕ ਲੱਗ ਸਕੇ। ਭੁਲੱਰ ਸਾਹਿਬ ਅਤੇ ਉਹਨਾਂ ਵਰਗੇ ਸੁਹਿਰਦ ਸਾਹਿਤਕਾਰਾਂ ਨੂੰ ਆਪਣੀਆਂ-ਆਪਣੀਆਂ ਖਿੱਦੋਆਂ ਉਛਾਲਣ ਦੀ ਥਾਂ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਕਿ ਨਾਵਲ 'ਖਿੱਦੋ' ਦੇ ਹੀਰੋ, 'ਹੀਰੇ' ਵਰਗਿਆਂ ਦੇ ਆਪ-ਹੁਦਰੇ ਵਰਤਾਰਇਆਂ ਨੂੰ ਠੱਲ੍ਹ ਕਿਵੇਂ ਪਵੇ? ਪਰ ਇਕ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਦੁਨੀਆਂ ਦਾ ਕੋਈ ਵੀ ਕੰਮ ਪੂਰੀ ਮੁਸਤੈਦੀ ਨਾਲ ਨਹੀਂ ਹੋ ਸਕਦਾ। ਚੋਰ-ਮੋਰੀਆਂ ਲੱਭਣ ਵਾਲੇ ਲੱਭ ਹੀ ਲੈਂਦੇ ਹਨ।
ਭੁਲੱਰ ਸਾਹਿਬ ਨੇ ਅਕਾਦਮਿਕ ਖੇਤਰ ਦੇ ਇਕ ਹੋਰ ਗਲਤ ਵਰਤਾਰੇ ਸੰਬੰਧੀ ਵੀ ਇਸ਼ਾਰਾ ਕੀਤਾ ਹੈ- ਪੀ ਐਚ ਡੀ ਕਰ ਰਹੀਆਂ ਲੜਕੀਆਂ ਦੇ ਸ਼ੋਸ਼ਣ ਬਾਰੇ ਅਤੇ ਨਕਲਾਂ ਮਾਰ ਕੇ ਡਿਗਰੀਆਂ ਲੈਣ ਦੀ ਕੋਝੀ ਰੀਤ ਬਾਰੇ। ਇਹ ਭੈੜੀਆਂ ਰੀਤਾਂ ਵੀ ਅੱਜ ਦੀਆਂ ਨਹੀਂ, ਪੁਰਾਣੀਆਂ ਹਨ। ਇਹ ਕਿਤੇ ਪੜ੍ਹਿਆ ਸੀ ਕਿ ਭਾਰਤ ਦੇ ਇਕ ਕਹਿੰਦੇ-ਕੁਹਾਉਂਦੇ ਵਿਦਿਆ ਸ਼ਾਸ਼ਤਰੀ ਨੇ(ਜਿਸ ਨੇ ਬਾਅਦ ਵਿਚ ਟੀਸੀ ਦੇ ਬੇਰ ਦਾ ਸਵਾਦ ਵੀ ਚੱਖਿਆ ਸੀ) ਉਸ ਕੋਲ ਮੁਲਾਂਕਣ ਲਈ ਆਏ ਪੀ ਐਚ ਡੀ ਦੇ ਖੋਜ-ਪ੍ਬੰਧ ਦੀ ਦੋ ਸਾਲ ਤੱਕ ਯੂਨੀਵਰਸਿਟੀ ਨੂੰ ਰਿਪੋਰਟ ਨਹੀਂ ਸੀ ਭੇਜੀ ਅਤੇ ਇਸ ਸਮੇਂ ਦੌਰਾਨ ਆਪਣੇ ਨਾਂ ਹੇਠ ਕਿਤਾਬ ਛਪਵਾ ਲਈ। ਬਾਅਦ ਵਿਚ ਕੁਝ ਲੈ-ਦੇ ਕੇ ਮੁਆਮਲਾ ਰਫਾ-ਦਫਾ ਕਰ ਦਿੱਤਾ। ਇਥੇ ਤੰਦ ਨਹੀਂ ਤਾਣੀ ਹੀ ਉਲਝੀ ਹੋਈ ਹੈ।
ਗੱਲ ਫੇਰ 'ਖਿੱਦੋ' ਦੀ ਕਰੀਏ। ਭੁਲੱਰ ਸਾਹਿਬ ਨੂੰ ਬਾਲ ਸਾਹਿਤ ਲਈ ਸਾਹਿਤ ਅਕੈਡਮੀ ਦਾ ਇਨਾਮ ਮਿਲ ਚੁੱਕਿਆ ਹੈ, ਭਾਵੇਂ ਉਹ ਨਿਰੋਲ ਸਾਹਿਤ ਦੇ ਇਨਾਮ ਦੇ ਯੋਗ ਹੋ। ਪਰ ਪ੍ਰਸ਼ਨ ਇਹ ਹੈ ਕਿ ਉਹਨਾਂ ਦੀ ਇਹ ਚੋਣ ਵੀ ਤਾਂ 'ਹੀਰਾ' ਮਾਰਕਾ ਸਿਸਟਮ ਅਧੀਨ ਹੋਈ, ਜਿਹੜੇ ਸਿਸਟਮ ਦੀਆਂ ਇਸ ਰਚਨਾ ਵਿਚ ਧੱਜੀਆਂ ਉਡਾਈਆਂ ਹਨ। ਇਥੇ ਦੋ ਸਵਾਲ ਪੈਦਾ ਹੁੰਦੇ ਹਨ- ਜੇ ਉਹ ਸਮਝਦੇ ਸੀ ਕਿ ਉਹ ਵੱਡੇ ਇਨਾਮ ਦੇ ਹੱਕਦਾਰ ਸੀ, ਪਰ ਉਹਨਾਂ ਦੇ ਸਾਹਿਤਕ ਕੱਦ ਤੋਂ ਹੇਠਲੇ ਪੱਧਰ ਦਾ ਇਨਾਮ ਦੇ ਕੇ ਵਰਚਾਇਆ ਗਿਆ ਹੈ ਤਾਂ ਉਹਨਾਂ ਇਹ ਛੋਟਾ ਇਨਾਮ ਸਵਿਕਾਰ ਕਿਉਂ ਕੀਤਾ? ਦੂਜੀ ਗੱਲ, ਜੇ ਉਸ ਸਮੇਂ ਦੇ ਚਲਣ ਮੁਤਾਬਕ ਕੋਈ ਵੀ ਇਨਾਮ ਜੋੜ-ਤੋੜ ਤੋਂ ਬਿਨਾਂ ਨਹੀਂ ਸੀ ਮਿਲਦਾ, ਤਾਂ ਉਹਨਾਂ ਨੂੰ ਕਿਵੇਂ ਮਿਲਿਆ?
ਗੱਲ ਹੋਰ ਨਹੀਂ ਵਧਾਉਂਦਾ। ਇਹ ਸਪਸ਼ਟ ਹੈ ਕਿ ਉਹਨਾਂ ਦਾ ਹੱਕ ਮਾਰਿਆ ਗਿਆ, ਉਹ ਸਾਹਿਤ ਅਕੈਡਮੀ ਦੇ ਨਾਲ-ਨਾਲ ਭਾਸ਼ਾ ਵਿਭਾਗ ਦੇ ਸ਼੍ਰੋਮਣੀ ਪੁਰਸਕਾਰ ਦੇ ਹੱਕਦਾਰ ਵੀ ਹਨ, ਪਰ ਇਸ ਦਾ ਬਦਲਾ ਲੈਣ ਲਈ ਜਾਂ ਕਿੜ ਕੱਢਣ ਲਈ 'ਖਿੱਦੋ' ਜਿਸ ਢੰਗ ਨਾਲ ਬੜ੍ਹਕਾ ਕੇ ਮਾਰੀ ਹੈ, ਉਹ ਵੀ ਯੋਗ ਨਹੀਂ। ਜਿਵੇਂ ਪੁਸਤਕ ਦੇ ਅੰਤ ਵਿਚ 'ਹੀਰੇ' ਰਾਹੀਂ ਕਾਮ ਉਤੇਜਕ ਗੋਲੀ ਖਾ ਕੇ ਆਪਣੀ 'ਚਹੇਤੀ' ਕੋਲ ਜਾਣਾ ਅਤੇ ਇਸ ਦਵਾਈ ਕਰਕੇ ਉਸ ਨੂੰ ਰਿਐਕਸ਼ਨ ਹੋ ਜਾਣਾ ਅਤੇ ਮੌਤ ਦੇ ਮੂੰਹ ਵਿਚ ਜਾ ਪੈਣਾ ਅਤਿ ਦਰਜੇ ਦਾ ਭੈੜਾ ਚਿਤਰਣ ਹੈ। ਜਦੋਂ ਲੇਖਕ ਨੂੰ ਇਹ ਪਤਾ ਨਾ ਲੱਗਿਆ ਕਿ ਕਹਾਣੀ ਦਾ ਅੰਤ ਕਿਵੇਂ ਕੀਤਾ ਜਾਵੇ ਤਾਂ ਇਕ ਫਿਲਮੀ ਜਿਹੀ ਕਹਾਣੀ ਜੋੜ, 'ਚਹੇਤੀ' ਦੀ ਖੁਦਕੁਸ਼ੀ ਦਿਖਾ ਦਿੱਤੀ। ਇਹ ਕਿਰਦਾਰ-ਕੁਸ਼ੀ ਤੋਂ ਵੱਧ ਕੁਝ ਨਹੀਂ। 'ਖਿੱਦੋ' ਨਾਲ ਇਕ ਚੰਗੇ ਲੇਖਕ ਦੇ ਅਕਸ ਨੂੰ ਢਾਹ ਲੱਗੀ ਹੈ। 'ਹੀਰਾ ਪਾਰਟੀ ਦਾ ਦਾਬਾ ਜਰੂਰ ਸੀ, ਪਰ ਇਹ ਵੀ ਦੂਜੇ ਸੁਹਿਰਦ ਲੇਖਕਾਂ ਦੀ ਕਮੋਜ਼ਰੀ ਕਰਕੇ ਹੀ ਪਿਆ। ਇਕਲੇ ਉਹ ਹੀ ਨਹੀਂ, ਪੰਜਾਬ ਸਰਕਾਰ ਦੇ ਪੁਰਸਕਾਰਾਂ ਲਈ ਅਸੂਲਾਂ ਦੇ ਪੱਕਿਆਂ ਨੇ ਅਸੂਲਾਂ ਨੂੰ ਤਿਲਾਂਜਲੀ ਦਿੱਤੀ। ਐਨ ਮੌਕੇ ਤੇ ਸਲਾਹਕਾਰ ਕਮੇਟੀ ਦੀ ਮੈਂਬਰੀ ਛੱਡ ਦਿੱਤੀ, ਜਦੋਂ ਪਤਾ ਲੱਗਿਆ ਕਿ ਉਹਨਾਂ ਦਾ ਨਾਂ ਵੀ ਸ਼੍ਰੋਮਣੀ ਪੁਰਸਕਾਰ ਵਾਲਿਆਂ ਦੀ ਫਹਿਰਿਸਤ ਵਿਚ ਸ਼ਾਮਲ ਹੈ। ਕਿਸੇ ਨੇ ਨਾ ਕਿਹਾ ਕਿ ਉਸ ਦਾ ਨਾਂ ਨਾ ਵਿਚਾਰਿਆ ਜਾਵੇ। ਉਸ ਮੰਡਲੀ ਦਾ ਕੁਝ ਨਹੀਂ ਵਿਗੜਿਆ, ਸਿਸਟਮ ਵੀ ਉਸੇ ਤਰਾਂ ਜਾਰੀ ਹੈ, ਬਦਲਾਵ ਦੀ ਕੋਈ ਆਸ ਨਹੀਂ, ਇਨਾਮ ਹੁਣ ਵੀ "ਮੁੰਹ ਦੇਖ ਕੇ ਚਪੇੜ ਮਾਰਨ" ਵਾਂਗ ਵੰਡੇ ਜਾਣ ਗੇ, ਖਰੀਦੇ ਜਾਣ ਗੇ, ਵੇਚੇ ਜਾਣ ਗੇ, ਪਰ 'ਖਿੱਦੋ' ਦਾ ਲੇਖਕ ਉਪਰਲੇ ਇਨਾਮ ਲਈ ਉਦੋਂ ਵੀ ਮਾਰ ਖਾ ਗਿਆ ਅਤੇ ਹੁਣ ਨਕਾਰਾਤਮਕ  ਢੰਗ ਦਾ ਲੰਬਾ ਲੇਖ ਲਿਖ ਕੇ ਉਹ ਲੇਖਕ ਹੋਣ ਪੱਖੋਂ ਵੀ ਮਾਰ ਖਾ ਗਿਆ। ਕਦੇ ਸਮਾਂ ਮਿਲੇ ਤਾਂ ਉਹਨਾਂ ਨੂੰ ਇਹ ਆਤਮ ਚਿੰਤਨ ਜਰੂਰ ਕਰਨ ਕਿ 'ਖਿੱਦੋ' ਨਾਲ ਉਹਨਾਂ ਨੇ ਕੀ ਖੱਟਿਆ ਅਤੇ ਕਈ ਗੁਆਇਆ?
ਇਕ ਗੱਲ ਹੋਰ, ਪੰਜਾਬੀ ਸਾਹਿਤ ਦੀ ਇਕ ਹੋਰ ਨਾਮਵਰ ਸਖਸ਼ੀਅਤ ਨੇ ਪ੍ਰਸਤੁਤ ਨਾਵਲ ਦੇ ਮੁੱਢ ਵਿਚ ਨਾਵਲ ਦੇ ਨਾਇਕ ਨੂੰ ਉਸ ਦੇ ਅਸਲੀ ਨਾਂ ਨਾਲ ਹੀ ਨਸ਼ਰ ਨਹੀਂ ਕੀਤਾ, ਉਸ ਦੇ ਕੰਮਾਂ ਦਾ ਪਾਜ ਵੀ ਉਧੇੜ ਦਿਤਾ। ਪਰ ਲੇਖਕ ਨੇ ਫਰਜੀ ਨਾਵਾਂ ਦਾ ਸਹਾਰਾ ਕਿਉਂ ਲਿਆ?
 
ਰਵਿੰਦਰ ਸਿੰਘ ਸੋਢੀ
011-604-369-2371
ਰਿਚਮੰਡ,  ਕੈਨੇਡਾ