S P Singh

ਬੁਰਾ ਹਾਲ ਹੋਇਆ ਪੰਜਾਬ ਦਾ... - ਸ. ਪ. ਸਿੰਘ

ਪੰਜਾਬੀ ਸੂਫ਼ੀ ਕਵੀ ਬੁੱਲ੍ਹੇ ਸ਼ਾਹ ਸਾਫ਼ਗੋਈ ਤੇ ਬੇਬਾਕੀ ਲਈ ਮਸ਼ਹੂਰ ਤੇ ਹਰਮਨ ਪਿਆਰਾ ਕਵੀ ਹੈ, ਜਿਸਨੇ ਨਿਸੰਗ ਹੋ ਕੇ ਸਮਕਾਲੀ ਧਰਮਾਂ, ਸਮਾਜਿਕ ਪ੍ਰਸਥਿਤੀਆਂ ਤੇ ਰਾਜਨੀਤਕ ਫੇਰ ਬਦਲ ਨੂੰ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤਾ ਹੈ ਜਿਸ ਵਿੱਚ ਵਰਤਮਾਨ ਹੀ ਨਹੀਂ ਸਗੋਂ ਭਵਿੱਖ ਲਈ ਅਟੱਲ ਸਚਾਈਆਂ ਵਾਲੇ ਬੋਲ ਵੀ ਬਖ਼ਸ਼ੇ ਹਨ। ਬੁੱਲ੍ਹੇ ਸ਼ਾਹ ਦੀਆਂ ਰਚਨਾਵਾਂ ਵਿੱਚ ਇਕ ਟੁਕੜੀ ਪੰਜਾਬ ਦੀ ਮੌਜੂਦਾ ਸਥਿਤੀ ਦਾ ਸਹੀ ਵਿਸ਼ਲੇਸ਼ਣ ਕਰਦੀ ਪ੍ਰਤੀਤ ਹੁੰਦੀ ਹੈ :

ਦਰ ਖੁੱਲਾ  ਹਸ਼ਰ  ਅਜਾਬ ਦਾ
ਬੁਰਾ ਹਾਲ ਹੋਇਆ ਪੰਜਾਬ ਦਾ
ਭੁਰਿਆਂ  ਵਾਲੇ   ਰਾਜੇ   ਕੀਤੇ
ਮੁਗਲਾਂ ਜ਼ਹਿਰ  ਪਿਆਲੇ ਪੀਤੇ

ਮੌਜੂਦਾ ਪੰਜਾਬ ਦੀ ਰਾਜਨੀਤਕ ਸਥਿਤੀ ਵੀ ਅਜਿਹੀ ਹੈ, ਜਦੋਂ ਰਾਜਸੀ ਸ਼ਕਤੀ ਵੱਖ-ਵੱਖ ਰਾਜਨੀਤਕ ਪਾਰਟੀਆਂ ਦੀ ਹਕੂਮਤੀ ਤੋਰ ਇਕੋ ਜਿਹੀ ਹੀ ਪ੍ਰਗਟਾਉਂਦੀ ਹੈ। ਇਸ ਇਕੋ ਜਿਹੇ ਰਾਜਸੀ ਦਾਅ ਪੇਚ ਕਾਰਨ ਜਿੱਥੇ ਆਮ ਲੋਕਾਂ ਦੇ ਜੀਵਨ ਨੂੰ ਵੱਡੀ ਢਾਅ ਲੱਗ ਰਹੀ ਹੈ, ਉੱਥੇ ਸਮੁੱਚੇ ਪੰਜਾਬ ਦਾ ਹੀ ਬੁਰਾ ਹਾਲ ਹੈ। ਸਥਿਤੀ ਇਹ ਬਣੀ ਹੋਈ ਹੈ ਕਿ ਛੁਰੀ ਖਰਬੂਜ਼ੇ 'ਤੇ ਡਿੱਗੇ ਜਾਂ ਖਰਬੂਜਾ ਛੁਰੀ 'ਤੇ ਡਿੱਗੇ ਨਤੀਜਾ ਇਕ ਹੀ ਨਿਸ਼ਚਿਤ ਹੈ। ਇਸੇ ਪ੍ਰਕਾਰ ਹੀ ਰਾਜ ਕਾਲਿਆਂ, ਚਿੱਟਿਆਂ, ਪੀਲਿਆਂ ਦਾ ਹੋਵੇ, ਆਮ ਜਨਤਾ ਹੀ ਨਪੀੜੀ ਜਾਣੀ ਹੈ ਤੇ ਭੂਰਿਆਂ ਵਾਲਿਆਂ ਨੇ ਹੀ ਰਾਜਾ ਹੋਣਾ ਹੈ, ਭਾਵੇਂ ਉਹ ਕਿਸੇ ਵੀ ਰੰਗ ਦਾ ਹੋਵੇ ਤੇ ਨਤੀਜੇ ਵਜੋਂ ਆਮ ਲੋਕਾਂ ਦੇ ਸਮਾਜਿਕ, ਧਾਰਮਿਕ, ਸੱਭਿਆਚਾਰਕ ਜੀਵਨ 'ਤੇ ਹੀ ਗਾਜ਼ ਡਿੱਗਣੀ ਹੈ। ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਹੀ ਇਹ ਸੰਤਾਪ ਭੋਗ ਰਿਹਾ ਹੈ ਜਿਸ ਕਾਰਨ ਹੁਣ ਪੰਜਾਬ ਸਾਹ ਸਤਹੀਣ ਹੋ ਚੁੱਕਿਆ ਹੈ।
ਪੰਜਾਬ ਜਿਹੜਾ ਹਰ ਖੇਤਰ ਵਿੱਚ ਹੀ ਭਾਰਤ ਦਾ ਨੰਬਰ ਇਕ ਸੂਬਾ ਬਣਿਆ ਰਿਹਾ ਹੈ, ਹੁਣ ਰਾਜਨੀਤਕ ਚਾਲਾਂ ਤੇ ਬਦਨੀਤੀਆਂ ਕਾਰਨ ਕਾਫ਼ੀ ਪੱਛੜ ਗਿਆ ਹੈ। ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿਸ ਵਿਚ ਪੰਜਾਬ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚ ਹੋਵੇ। ਹਾਂ, ਪੰਜਾਬ, ਭਾਰਤ ਵਿੱਚ ਸਭ ਤੋਂ ਵੱਧ ਪੱਛੜੇ ਹੋਏ ਸੂਬੇ ਦੇ ਰੂਪ ਵੱਲ ਧਕੇਲਿਆ ਜ਼ਰੂਰ ਜਾ ਰਿਹਾ ਹੈ। ਪੰਜਾਬ ਦੀ ਆਰਥਿਕ ਸਥਿਤੀ ਡਾਵਾਂਡੋਲ ਹੈ, ਮੁਸ਼ਕਲਾਂ ਨਾਲ ਤਨਖ਼ਾਹਾਂ ਮਿਲਦੀਆਂ ਹਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਲਟਕ ਰਹੀਆਂ ਹਨ, ਸੱਤਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੋ ਰਹੀ, ਮੁਲਾਜ਼ਮਾਂ ਦੇ ਬਕਾਏ ਨਹੀਂ ਮਿਲ ਰਹੇ, ਨੌਕਰੀਆਂ ਵਿੱਚ ਪੱਕੇ ਕਰਨ ਦੀ ਵਿਵਸਥਾ ਸਥਾਪਤ ਨਹੀਂ ਹੋ ਰਹੀ। ਇਕ ਸਮਾਂ ਸੀ ਜਦੋਂ ਉੱਤਰੀ ਭਾਰਤ ਦੇ ਸਾਰੇ ਰਾਜਾਂ ਦੇ ਮੁਲਾਜ਼ਮ ਪੰਜਾਬ ਪੱਧਰ ਦੀਆਂ ਨੀਤੀਆਂ ਦੀ ਮੰਗ ਕਰਦੇ ਸਨ, ਪਰ ਅੱਜ ਮੁਲਾਜ਼ਮ ਹਰਿਆਣਾ, ਹਿਮਾਚਲ ਤੇ ਦਿੱਲੀ ਦੇ ਬਰਾਬਰ ਗਰੇਡ, ਸੇਵਾਵਾਂ, ਭੱਤਿਆਂ ਦੀ ਮੰਗ ਕਰ ਰਹੇ ਹਨ। ਇਹ ਬੇਹੱਦ ਸ਼ਰਮਨਾਕ ਸਥਿਤੀ ਹੈ। ਨਿਰਸੰਦੇਹ, ਇਸ ਸਭ ਲਈ ਮੌਜੂਦਾ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀਂ, ਪਰ ਸਥਿਤੀ ਨੂੰ ਸੁਧਾਰਨ ਲਈ ਸਾਰਥਕ ਕਦਮ ਚੁੱਕਣ ਦੀ ਲੋੜ ਸੀ, ਜੋ ਅਜੇ ਤਕ ਕਿਸੇ ਵੀ ਦਿਸ਼ਾ ਵੱਲ ਨਹੀਂ ਜਾ ਰਹੀ। ਰੇਤਾ, ਬਜ਼ਰੀ ਦਾ ਵਪਾਰ, ਕਾਲੋਨੀਆਂ ਨੂੰ ਰੈਗੂਲਰ ਕਰਨ ਵਿੱਚ ਬੇਨਿਯਮੀਆਂ, ਸਿੱਖਿਆ ਲਈ ਨੀਤੀਆਂ ਨੂੰ ਲਾਗੂ ਕਰਨ ਪਿੱਛੇ ਨੀਅਤ, ਮਾੜੀਆਂ ਸਿਹਤ ਸੇਵਾਵਾਂ, ਭ੍ਰਿਸ਼ਟਾਚਾਰ, ਪੁਲੀਸ ਦੀਆਂ ਜ਼ਿਆਦਤੀਆਂ 'ਤੇ ਠੱਲ੍ਹ ਪਾਉਣ ਦੀ ਘਾਟ ਸਪੱਸ਼ਟ ਤੌਰ 'ਤੇ ਨਜ਼ਰ ਆਉਂਦੀ ਹੈ।
ਇਹ ਸਥਿਤੀ ਬੁੱਲ੍ਹੇ ਸ਼ਾਹ ਦੇ ਕਹਿਣ ਅਨੁਸਾਰ 'ਬੁਰਾ ਹਾਲ ਹੋਇਆ ਪੰਜਾਬ ਦਾ' ਠੀਕ ਹੀ ਪ੍ਰਤੀਤ ਹੁੰਦਾ ਹੈ। ਪਿਛਲੇ ਦਸ ਸਾਲਾਂ ਤੋਂ ਹੀ ਨਹੀਂ ਸਗੋਂ ਪੰਜਾਹ ਸਾਲਾਂ ਤੋਂ ਹੀ ਹੌਲੀ-ਹੌਲੀ 'ਪੰਜਾਬ ਦੀ ਤੰਦਰੁਸਤੀ' ਨੂੰ ਖੋਰਾ ਲੱਗਦਾ ਰਿਹਾ ਹੈ, ਪਰ ਪੰਜਾਬ ਦੇ ਰਾਜਨੀਤਕ ਲੋਕ ਧਰਮ ਜਾਤ ਤੇ ਤੰਗ ਨਜ਼ਰੀਏ ਤੋਂ ਚਾਲਾਂ ਚੱਲਦੇ ਹੋਏ, ਪੰਜਾਬ ਨੂੰ ਤਬਾਹ ਕਰਦੇ ਆ ਰਹੇ ਹਨ। ਇਸ ਵਿਚ ਵਧੇਰੇ ਤੀਖਣਤਾ ਪਿਛਲੇ ਦਸ ਸਾਲਾਂ ਵਿਚ ਬਾਦਲ ਪਿਉ-ਪੁੱਤਰ ਦੀ ਜੋੜੀ ਨੇ ਲਿਆਂਦੀ, ਜਦੋਂ ਲੋਕਤੰਤਰ ਦੀਆਂ ਜੜਾਂ ਨੂੰ ਖੋਖਲਾ ਕਰਕੇ ਇਨ੍ਹਾਂ ਨੀਹਾਂ 'ਤੇ ਆਪਣਾ ਸਾਮਰਾਜ ਖੜ੍ਹਾ ਕਰਨ ਦਾ ਯਤਨ ਕੀਤਾ ਜੋ ਕਮਜ਼ੋਰ ਨੀਹਾਂ ਕਾਰਨ ਪੰਝੀ ਸਾਲਾਂ ਤੋਂ ਦਸ ਸਾਲ ਤਕ ਹੀ ਸਿਮਟ ਗਿਆ। ਇਸ ਦੇ ਨਾਲ-ਨਾਲ ਪੰਜਾਬ ਨੂੰ ਆਰਥਿਕ ਤੇ ਰਾਜਨੀਤਕ ਤੌਰ 'ਤੇ ਹੀ ਨਹੀਂ ਸਗੋਂ ਧਾਰਮਿਕ, ਸਮਾਜਿਕ ਤੇ ਪ੍ਰਬੰਧ ਪ੍ਰਣਾਲੀ ਨੂੰ ਤਹਿਸ-ਨਹਿਸ ਕਰ ਦਿੱਤਾ। ਇਸ ਸਥਿਤੀ ਵਿਚ ਜਿਸ ਸਾਬਤ ਕਦਮੀ, ਸਪੱਸ਼ਟਤਾ, ਸੱਚੀ ਨੀਅਤ ਤੇ ਪੰਜਾਬ ਪ੍ਰਤੀ ਪ੍ਰਤੀਬੱਧਤਾ ਦਾ ਦਿਖਾਵਾ ਹੀ ਨਹੀਂ ਸਗੋਂ ਉਸ ਨੂੰ ਸਥੂਲ ਰੂਪ ਪ੍ਰਦਾਨ ਕਰਨਾ ਲੋੜੀਂਦਾ ਸੀ, ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ।
ਮੌਜੂਦਾ ਪੰਜਾਬ ਸਰਕਾਰ ਰੁਜ਼ਗਾਰ ਦੇ ਵਸੀਲਿਆਂ ਦੀ ਤਲਾਸ਼ ਵਿੱਚ ਨੀਤੀਗਤ ਢਾਂਚਾ ਤਿਆਰ ਕਰਨ ਵੱਲ ਰੁਚਿਤ ਹੈ, ਪਰ ਨਤੀਜੇ ਡੇਢ ਸਾਲ ਤਕ ਵੀ ਨਜ਼ਰ ਨਹੀਂ ਆ ਰਹੇ। ਸਮਾਜਿਕ, ਧਾਰਮਿਕ, ਸੱਭਿਆਚਾਰਕ, ਪ੍ਰਸੰਗ ਵਿੱਚ ਨੀਤੀਗਤ ਯੋਜਨਾਵਾਂ ਕਾਗਜ਼ੀ ਪੱਧਰ 'ਤੇ ਵੀ ਨਹੀਂ ਉਲੀਕੀਆਂ ਗਈਆਂ। ਆਰਥਿਕ ਨੀਤੀਆਂ ਵਿੱਚ ਸਪੱਸ਼ਟਤਾ ਦੀ ਘਾਟ ਹੈ ਤੇ ਆਰੰਭਲੇ ਪੜਾਅ ਵਿੱਚ ਖ਼ਰਚ ਨੂੰ ਨਿਯਮਤ ਕਰਨ ਦੀ ਨੀਤੀ ਵੀ ਗ਼ੈਰ-ਪ੍ਰਸੰਗਕ ਹੋ ਰਹੀ ਹੈ।
ਇਹ ਉਹ ਸਥਿਤੀ ਹੈ ਜਿਸ ਵਿੱਚ ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਪਹਿਲਾਂ ਲਿਖੀਆਂ ਸਤਰਾਂ ਪ੍ਰਸੰਗਕ ਪ੍ਰਤੀਤ ਹੋ ਰਹੀਆਂ ਹਨ:

ਹਨੂੰਮਾਨ  ਲਲਕਾਰੇ  ਕਿਹੜੇ ਰਾਵਣ  ਨੂੰ
ਰਾਵਣ ਦੇ ਤਾਂ ਸਾਹਵੇਂ ਰਾਮ ਖਲੋਇਆ ਹੈ।

      ਵਾਸਤਵ ਵਿੱਚ ਸਥਿਤੀ ਇਹ ਹੈ ਕਿ ਰਾਵਣ ਤੇ ਰਾਮ ਇਕੱਠੇ ਹੋ ਚੁੱਕੇ ਹਨ, ਪਰ ਹਨੂੰਮਾਨ ਵਿਚਾਰਾ ਲਲਕਾਰੇ ਮਾਰਨ ਵਾਲਾ ਅਲੱਗ-ਥਲੱਗ ਹੋ ਕੇ ਰਹਿ ਗਿਆ ਹੈ। ਇਹ ਸਥਿਤੀ ਪੰਜਾਬ ਦੇ ਬੁੱਧੀਜੀਵੀਆਂ, ਚਿੰਤਕਾਂ, ਸਹੀ ਸੋਚ ਰੱਖਣ ਵਾਲੇ ਲੋਕਾਂ ਦੀ ਹੋ ਗਈ ਹੈ ਜਦੋਂ ਉਨ੍ਹਾਂ ਦੇ ਹਰ ਯਤਨ ਨੂੰ ਬੂਰ ਨਹੀਂ ਪੈਂਦਾ ਕਿਉਂਕਿ ਰਾਮ ਤੇ ਰਾਵਣ ਪ੍ਰਤੱਖ ਜਾਂ ਅਪ੍ਰੱਤਖ ਰੂਪ ਵਿੱਚ ਇਕੱਠੇ ਹੋ ਗਏ ਪ੍ਰਤੀਤ ਹੁੰਦੇ ਹਨ।
ਬਦਕਿਸਮਤੀ ਨਾਲ ਇਸ ਸਥਿਤੀ ਨੂੰ ਅਮਲੀ ਰੂਪ ਦੇਣ ਵਾਲੀ ਅਫ਼ਸਰਸ਼ਾਹੀ ਹੈ ਜੋ ਨਿਰੰਤਰ ਪੰਜਾਬ ਨੂੰ ਤਬਾਹੀ ਵੱਲ ਲੈ ਕੇ ਜਾਣ ਲਈ ਰਸਤਾ ਤਿਆਰ ਕਰਦੀ ਰਹੀ ਹੈ। ਹਰ ਸਰਕਾਰ ਵਿੱਚ ਹਰ ਰਾਜਨੀਤਕ ਢਾਂਚੇ ਨੂੰ ਗੁੰਮਰਾਹ ਕਰਕੇ ਇਕ ਵਿਸ਼ੇਸ਼ ਜਮਾਤ ਦੇ ਹਿੱਤਾਂ ਦੀ ਰਾਖੀ ਕਰਦੀ ਹੋਈ ਆਪਣੇ ਹਿੱਤਾਂ ਦੀ ਰਾਖੀ ਕਰਦੀ ਹੈ। ਇਸ ਅਫ਼ਸਰਸ਼ਾਹੀ ਕਾਰਨ ਹੀ ਮੌਜੂਦਾ ਸਰਕਾਰ ਨੂੰ ਹੀ ਮੁੱਢਲੇ ਪੜਾਅ 'ਤੇ ਅਸਫਲਤਾਵਾਂ ਦਾ ਮੂੰਹ ਦੇਖਣਾ ਪੈ ਰਿਹਾ ਹੈ। ਇਹ ਅਫ਼ਸਰਸ਼ਾਹੀ ਉਹ ਹੀ ਹੈ ਜਿਸਨੇ ਪਿਛਲੀ ਸਰਕਾਰ ਵਿੱਚ ਪੰਜਾਬ ਨੂੰ ਖੋਖਲਾ ਕਰਨ ਵਾਲੀਆਂ ਨੀਤੀਆਂ ਦਾ ਭਾਈਵਾਲ ਬਣਕੇ ਮੌਜੂਦਾ ਸਰਕਾਰ ਨੂੰ ਰਾਮ ਦੇ ਰੂਪ ਵਿੱਚ ਪੇਸ਼ ਕਰਕੇ ਰਾਵਣ ਦੇ ਰੂਪ ਵਿੱਚ ਪਿਛਲੀ ਸਰਕਾਰ ਨੂੰ ਪੇਸ਼ ਕਰਦੇ ਹੋਏ ਮੂਕ ਤੌਰ 'ਤੇ ਦੋਹਾਂ ਵਿੱਚ ਸੁਲ੍ਹਾਕੁਨ ਨੀਤੀਆਂ ਲਈ ਧਰਾਤਲ ਤਿਆਰ ਕੀਤੀ, ਜਿਸ ਕਾਰਨ ਹਨੂੰਮਾਨ ਦੀ ਸਥਿਤੀ ਵਿੱਚ ਖੜ੍ਹੀ ਆਮ ਜਨਤਾ, ਸੱਚੇ ਸੁੱਚੇ ਕਿਰਦਾਰ ਵਾਲੇ ਲੋਕ ਅਪ੍ਰਸੰਗਕ ਮਹਿਸੂਸ ਕਰ ਰਹੇ ਹਨ।
ਪੰਜਾਬ ਨੂੰ ਇਸ ਬਦਹਾਲ ਸਥਿਤੀ ਵਿਚੋਂ ਕੱਢਣ ਲਈ ਲੋਕਾਂ ਦੀ ਆਵਾਜ਼ ਦੀ ਸ਼ਕਤੀ, ਸਮਰੱਥਾ ਤੇ ਸੁਹਿਰਦਤਾ ਹੋਣੀ ਚਾਹੀਦੀ ਹੈ ਅਤੇ ਇਹ ਸਥਿਤੀ ਹੀ ਪੰਜਾਬ ਨੂੰ ਸਦਭਾਵਨਾ ਵਾਲਾ ਸੁਹਿਰਦ ਤੇ ਖੁਸ਼ਹਾਲ ਸੂਬਾ ਬਣਾ ਸਕਦੀ ਹੈ, ਜਿਸ ਦੀ ਆਰਥਿਕ ਸਮਰੱਥਾ ਨੂੰ ਵਧਾਉਣਾ, ਸਮਾਜਿਕ ਕਸ਼ੀਦਗੀ ਨੂੰ ਦੂਰ ਕਰਨਾ, ਧਾਰਮਿਕ ਸੰਕੀਰਣਤਾ ਨੂੰ ਲਾਂਭੇ ਕਰਨਾ ਤੇ ਪੰਜਾਬ ਵਿੱਚ ਖੁਸ਼ਗਵਾਰ ਮਾਹੌਲ ਪੈਦਾ ਕਰਨਾ ਸਮੇਂ ਦੀ ਜ਼ਰੂਰਤ ਹੈ। ਇਸ ਵਿੱਚ ਦੇਰੀ ਸ਼ਾਇਦ ਪੰਜਾਬ ਨੂੰ ਸਹੀ ਲੀਹਾਂ 'ਤੇ ਚੱਲਣ ਵਿੱਚ ਅਸਮਰੱਥਾ ਪੈਦਾ ਕਰ ਸਕਦੀ ਹੈ, ਜਿਸ ਤੋਂ ਪੰਜਾਬ ਨੂੰ ਬਚਾਉਣਾ ਜ਼ਰੂਰੀ ਹੈ। ਇਹ ਹੀ ਹਰ ਪੰਜਾਬੀ ਦੇ ਦਿਲ ਦੀ ਆਵਾਜ਼ ਹੈ। ਬਸ ਇਸ ਨੂੰ ਇਕਮੁੱਠਤਾ ਦਾ ਇਜ਼ਹਾਰ ਕਰਨਾ ਹੋਵੇਗਾ।

*ਸਾਬਕਾ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

13 Oct. 2018