Sahib Singh

ਅਸੀਂ ਹਿੱਲ ਗਏ ਹਾਂ !  
                  ਸਾਨੂੰ ਹਿਲਾਇਆ ਜਾ ਰਿਹੈ!!  
                              ਪੁੱਠੇ ਕੌਮਿਆਂ ਤੋਂ ਬਾਹਰ ਨਿਕਲੋ !!! - ਸਾਹਿਬ ਸਿੰਘ

ਖਬਰ ਪੁਰਾਣੀ ਨਹੀਂ ਹੋਈ..ਤੇ ਨ‍ਾ ਹੀ ਫਤਵਿਆਂ, ਮਿਹਣਿਆਂ ਤੇ ਨਿੰਦਾ ਦਾ ਦੌਰ ਬੇਹਾ ਹੋਇਆ ..ਖਬਰ ਸਿਰਫ ਏਨੀ ਏ ਕਿ ਫਿਲਮ ਅਦਾਕਾਰ ਤੇ ਪੰਜਾਬੀ ਗ‍ਾਇਕ ਦਿਲਜੀਤ ਦੁਸਾਂਝ ਪ੍ਰਸਿੱਧ ਫਿਲਮਕਾਰ ਇਮਤਿਆਜ਼ ਅਲੀ ਵਲੋਂ ਬਣਾਈ ਜਾ ਰਹੀ ਫਿਲਮ 'ਚਮਕੀਲਾ' ਵਿਚ ਗਾਇਕ ਅਮਰ ਸਿੰਘ ਚਮਕੀਲੇ ਦਾ ਕਿਰਦਾਰ ਨਿਭਾ ਰਿਹਾ ਹੈ .. ਤੇ ਇਸ ਲਈ ਉਹਨੇ ਵਾਲ ਕਟਵਾ ਦਿਤੇ ਹਨ .. ਕਿਹਾ ਜਾ ਰਿਹੈ ਕਿ ਵਾਲ ਤਾਂ ਪਹਿਲਾਂ ਹੀ ਸਿਰ 'ਤੇ ਲੋੜ ਜੋਗੇ ਹੀ ਸਨ .. ਉਸਨੇ ਪੱਗ ਉਤਾਰ ਕੇ ਸਿਰ ਨੰਗਾ ਕਰਤਾ ਹੈ.. "ਸਿੱਖਾਂ" ਦੀਆਂ ਨਜ਼ਰਾਂ 'ਚ ਹੇਠਾਂ ਡਿਗ ਪਿਆ ਹੈ ਤੇ ਹੁਣ ਉਹ ਸਿੱਖ ਨਾਇਕ ਅਖਵਾਉਣ ਦੇ ਕਾਬਲ ਨਹੀਂ ਰਿਹਾ..ਪੰਥਕ ਹਲਕਿਆਂ 'ਚ ਰੋਸ ਹੈ ਤੇ ਉਹ ਪੰਥ ਦਾ ਗੱਦਾਰ ਹੈ .. ਵਗੈਰਾ ਵਗੈਰਾ.....!! ?
ਸਵਾਲ ਇਹ ਨਹੀਂ ਕਿ ਅਦਾਕਾਰ ਦਿਲਜੀਤ ਕੀ ਕਰ ਰਿਹੈ..ਸਵਾਲ ਤਾਂ ਇਹ ਹੈ ਕਿ "ਪੰਥ" ਨੇ ਦਿਲਜੀਤ ਦੀ ਕਿਸ ਪ੍ਰਾਪਤੀ ਲਈ ਉਹਨੂੰ ਪੰਥ ਦਾ ਨਾਇਕ ਐਲਾਨਿਆ ਸੀ..ਕਦੋਂ ਐਲਾਨਿਆ ਸੀ..ਕੀ ਦਿਲਜੀਤ ਨੇ ਕੋਈ ਅਰਜ਼ੀ ਪਾਈ ਸੀ "ਪੰਥ" ਅੱਗੇ ਕਿ ਮੈਨੂੰ "ਸਿੱਖ ਨਾਇਕ" ਐਲਾਨਿਆ ਜਾਵੇ..ਦਿਲਜੀਤ ਇਕ ਅਦਾਕਾਰ ਹੈ..ਉਵੇਂ ਹੀ ਜਿਵੇਂ ਦੀਪ ਸਿੱਧੂ ਅਦਾਕਾਰ ਸੀ..ਉਹ ਵੀ ਖਤ ਕੱਢਕੇ ਰੱਖਦਾ ਸੀ, ਆਖਰੀ ਸਾਹ ਲੈਣ ਤੱਕ..ਉਹ ਵੀ ਆਖਰੀ ਸਾਹ ਲੈਣ ਵੇਲੇ ਸਿਰੋਂ ਨੰਗਾ ਸੀ..ਫਿਰ "ਪੰਥ" ਦਾ ਪੈਮਾਨਾ ਕੀ ਹੈ..ਜੇ ਦੀਪ ਸਿੱਧੂ ਦੇ ਵਿਚਾਰਾਂ ਕਰਕੇ "ਪੰਥ" ਉਸਨੂੰ ਆਪਣਾ ਨਾਇਕ ਮੰਨਦਾ ਹੈ ਤਾਂ ਦਿਲਜੀਤ ਤਾਂ ਉਸਤੋਂ ਕਿਤੇ ਵੱਡੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੇ ਸਿਰਾਂ 'ਚ ਬੈਠਾ ਰੋਸ ਦਰਜ ਕਰ ਦਿੰਦਾ ਹੈ, ਜਦੋਂ ਉਹ 'ਦਿੱਲੀ ਦੰਗੇ' ਸ਼ਬਦ ਵਰਤਦੇ ਹਨ..ਦਿਲਜੀਤ ਬੇਖੌਫ਼ ਆਵਾਜ਼ ਬੁਲੰਦ ਕਰਦ‍ ਹੈ ਕਿ ਦੰਗੇ ਨਹੀਂ, ਇਹ ਕਤਲੇਆਮ ਸੀ!..ਫਿਰ ਪੈਮਾਨਾ ਕੀ ਹੈ ..!
ਜੇ ਗੱਲ ਸਿਰਫ ਕੇਸਾਂ ਦੀ ਹੀ ਹੈ ਤਾਂ ਇਕ ਵਾਰ ਫਿਰ ਦੋਵੇਂ ਅਦਾਕਾਰਾਂ 'ਤੇ ਆਉਂਦਾ ਹਾਂ..ਦੀਪ ਸਿੱਧੂ ਦੇ ਬਹੁਤ ਨਜ਼ਦੀਕੀ ਤਾਂ ਜਾਣਦੇ ਹੀ ਹਨ, ਦੂਰ ਵਾਲੇ ਵੀ ਜਾਣਦੇ ਹੀ ਸਨ ਕਿ ਜੇ ਉਹ ਹਾਦਸੇ ਦਾ ਸ਼ਿਕਾਰ ਹੋ ਦੁਖਾਂਤਕ ਅੰਤ ਨੂੰ ਨਾ ਪਹੁੰਚਦਾ ਤਾਂ ਲਗਭਗ 2 ਸਾਲ ਤੱਕ ਵੀ ਉਹਦਾ ਹੁਲੀਆ ਏਹੀ ਰਹਿਣਾ ਸੀ..ਕਿਉਂਕਿ ਉਸਦੀ ਫਿਲਮ ਜੋਰਾ ਦਸ ਨੰਬਰੀਆ ਦਾ ਤੀਜਾ ਭਾਗ ਨਿਰਮਾਤਾ ਐਲਾਨ ਕਰ ਚੁਕੇ ਸਨ..ਤੇ ਹੋਰ ਫਿਲਮਾਂ 'ਚ ਵੀ ਉਹ ਸਿੱਖ ਕਿਰਦਾਰ ਨਹੀਂ ਸੀ ਨਿਭਾ ਰਿਹਾ..ਏਥੇ ਗਲਤ ਅਦਾਕਾਰ ਦੀਪ ਸਿੱਧੂ ਨਹੀਂ ਕਿ ਉਹ ਕਿਸ ਰੂਪ 'ਚ ਰਹਿਣਾ ਚਾਹੁੰਦਾ ਹੈ, ਗਲਤ ਹੈ ਸੌੜੀ ਸੋਚ..ਤੇ ਹੁਣ ਵੀ ਗਲਤ ਦਿਲਜੀਤ ਨਹੀਂ..ਗਲਤ ਹੈ ਸੌੜੀ ਸੋਚ..ਜਿਹੜੀ ਹਰ ਘਟਨਾ..ਹਰ ਵਰਤਾਰੇ.. ਹਰ ਵਿਚਾਰ..ਹਰ ਕਾਰਵਾਈ..ਹਰ ਵਿਅਕਤੀ ਨੂੰ ਵਲਗਣ 'ਚ ਕੈਦ ਕਰ ਦੇਣਾ ਚਾਹੁੰਦੀ ਹੈ..
"ਸਾਨੂੰ" ਏਨੀ ਕਾਹਲ਼ ਕਿਉਂ ਪੈ ਗਈ ਹੈ ਆਪਣੇ ਨਾਇਕ ਚੁਣਨ ਦੀ..ਕੀ ਅਸੀਂ ਕਿਸੇ ਭਿਆਨਕ ਸੰਕਟ ' ਚ ਹਾਂ , ਜਿਥੇ ਜਿੱਦਾਂ ਦਾ ਮਰਜ਼ੀ ..ਜਿਵੇਂ ਵੀ ਡਾਹ ਭੰਨ ਕੇ.. ਏਧਰੋਂ ਉਧਰੋਂ ਬਿਰਤਾਂਤ ਸਿਰਜ ਕੇ ਕੋਈ ਨਾਇਕ ਚਾਹੁੰਦੇ ਹਾਂ ਜੋ "ਸਾਡੇ" ਲਈ ਸਭ ਕੁੱਝ ਕਰੇ.. ਤੇ "ਅਸੀਂ" ਖੁਦ ਕੁੱਝ ਨਾ ਕਰੀਏ.. ਕੀ ਇਤਿਹਾਸ ਪੜ੍ਹਨਾ ਬੰਦ ਕਰਤਾ ਜਾਂ ਸਮਝ ਤੋਂ ਬਾਹਰ ਹੋ ਗਿਆ.. ਮੇਰਾ ਮਨਭਾਉਂਦਾ ਵਿਸ਼ਾ ਹੈ, ਇਤਿਹਾਸ ਪੜ੍ਹਨਾ ਤੇ ਜਾਨਣਾ.. ਪਿਛਲੇ ਇਕ ਮਹੀਨੇ ਤੋਂ ਮੈਂ ਆਪਣਾ ਬਾਕੀ ਸਾਰਾ ਲਿਖਣ ਪੜ੍ਹਨ ਦਾ ਕੰਮ ਮੁਲਤਵੀ ਕਰਕੇ ਨਿੱਠ ਕੇ ਸਿੱਖ ਇਤਿਹਾਸ ਦੁਬਾਰਾ ਪੜ੍ਹ ਰਿਹਾ ਹਾਂ .. ਗੌਰਵਮਈ ਮਹਿਸੂਸ ਕਰ ਰਿਹਾ ਹਾਂ..ਪਰ ਜਦ ਹੁਣ ਦੇ "ਸਿੱਖ" ਨਾਲ ਤੁਲਨਾਅ ਕੇ ਦੇਖਦਾ ਹਾਂ ਤਾਂ ਹੈਰਾਨ ਹੁੰਦਾ ਹਾਂ ਕਿ ਅਸੀਂ ਕਿਥੇ ਪਹੁੰਚ ਗਏ ਹਾਂ..ਸਾਨੂੰ ਕਿਥੇ ਪਹੁੰਚਾ ਦਿਤਾ ਗਿਆ ਹੈ..ਅਸੀਂ ਹਿੱਲ ਗਏ ਹਾਂ..ਸਾਨੂੰ ਲਗਾਤਾਰ ਹਿਲਾਇਆ ਜਾ ਰਿਹਾ ਹੈ.. ਰੋਲ ਦੀ ਵੰਡ, ਜੋ ਗੁਰੂ ਸਾਹਿਬਾਨ ਨੇ ਕੀਤੀ ਸੀ.. ਅਸੀਂ ਭੁੱਲ ਚੁਕੇ ਹਾਂ.. ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ 'ਚ ਮੌਜੂਦ 52 ਕਵੀ (ਕਲਾਕਾਰ) ਕੌਣ ਸਨ?..ਕੀ ਇਤਿਹਾਸ 'ਚ ਕਿਤੇ ਵੀ ਇਹ ਦਰਜ ਹੈ ਕਿ ਗੁਰੂ ਸਾਹਿਬ ਨੇ ਇਹ ਸ਼ਰਤ ਰੱਖੀ ਹੋਵੇ ਕਿ ਪਹਿਲਾਂ ਸਿੰਘ ਸਜੋ, ਫਿਰ ਏਸ ਦਰਬਾਰ 'ਚ ਹਾਜ਼ਰੀ ਭਰੋ!.ਕਦੇ ਵੀ ਨਹੀਂ…ਪਰ ਉਹ ਫੇਰ ਵੀ ਗੁਰੂ ਦੇ ਲਾਡਲੇ ਸਨ.. ਕਲਾਤਮਕ ਸਾਹਿਤਕ ਹੁਲਾਰੇ ਲਈ ਉਹਨਾਂ ਦੀ ਦੇਣ ਦਾ ਸਤਿਕਾਰ ਸੀ..
ਅਸੀਂ ਜਾਣਾ ਕਿਥੇ ਨੂੰ ਹੈ..ਹਾਸਿਲ ਕੀ ਕਰਨੈਂ.. ਕਿਨੇ ਕੁ ਤੋੜ ਕੇ ਵਗਾਹ ਮਾਰਨੇ.. ਕਲਾ ਦੋ ਜਮਾ ਦੋ ਚਾਰ ਕਰਨ ਵਾਲੀ ਨਹੀਂ ਹੁੰਦੀ, ਜੋ "ਰਾਗੀਆਂ ਢਾਡੀਆਂ" ਨੇ ਬਣਾ ਧਰੀ ਹੈ ਤੇ ਸੁਹਿਰਦ ਰਾਗੀ ਢਾਡੀ ਪ੍ਰੇਸ਼ਾਨ ਹਨ.. ਇਮਤਿਆਜ਼ ਅਲੀ ਇਕ ਵੱਖਰੀ ਕਿਸਮ ਦਾ ਫਿਲਮਸਾਜ਼ ਹੈ..ਉਹ ਆਪਣੀਆਂ ਫਿਲਮਾਂ 'ਚ ਨਾਇਕ ਨਹੀਂ ਸਿਰਜਦਾ..ਕਿਰਦਾਰ ਸਿਰਜਦਾ ਹੈ..ਆਪਣੇ ਸਮੁੱਚ ਸਮੇਤ..ਚੰਗਿਆਈਆਂ ਬੁਰਿਆਈਆਂ ਸਮੇਤ..ਜੇ ਉਹ ਚਮਕੀਲੇ 'ਤੇ ਫਿਲਮ ਕਰ ਰਿਹੈ ਤਾਂ ਉਮੀਦ ਕਰਦੇ ਹਾਂ ਕਿ ਉਹ ਉਸ ਵਰਤਾਰੇ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹ‍ਾ ਹੋਵੇਗਾ..ਮੈਂ ਫਿਲਮ ਦੇਖੇ ਬਿਨ‍ ਕੋਈ ਦਾਅਵਾ ਨਹੀਂ ਕਰ ਸਕਦਾ ਪਰ ਲਗਭਗ ਭਰੋਸਾ ਹੈ ਕਿ ਸਾਡਾ ਦਿਲਜੀਤ ਚਮਕੀਲੇ ਦਾ ਕਿਰਦਾਰ ਨਿਭਾ ਰਿਹਾ ਹੋਏਗਾ, ਨਾਇਕ ਨਹੀਂ !
ਗੱਲ ਚਮਕੀਲੇ ਦੀ ਵੀ ਕਰ ਲਈਏ..ਚਮਕੀਲਾ ਜਗੀਰੂ ਮਰਦਾਵੀਂ ਧੌੰਸ ਨੂੰ ਮਹਿਕਦੀ ਦਹਿਕਦੀ ਮੱਚਦੀ ਪੇਸ਼ ਕਰਨ ਵਾਲਾ ਵਿਲੱਖਣ ਗਾਇਕ ਸੀ..ਉਹ ਜਨਮਾਨਸ ਦੇ ਕੱਚੇ ਜਜ਼ਬਾਤ ਨੂੰ ਆਪਣੀ ਕਲਾਕਾਰੀ ਨਾਲ ਐਸੀ ਮੌਲਿਕ ਰੰਗਤ ਦਿੰਦਾ ਸੀ ਕਿ ਪੰਜਾਬੀ ਬੰਦਾ ਮਨ 'ਚ ਤੀਵੀਂ ਨੂੰ "ਆਟੇ ਵਾਂਗ ਗੁੰਨ ਦੇਣ" ਦਾ ਦ੍ਰਿਸ਼ ਚਿਤਵਦਾ.. ਤੇ ਮਨੋ ਮਨੀ ਜਿੱਤ ਪ੍ਰਾਪਤ ਕਰਦਾ.."ਪੰਥ" ਦਾਅਵਾ ਕਰਦਾ ਹੈ ਕਿ ਏਸ ਲਈ ਉਹਨੂੰ ਸੋਧ ਦਿਤਾ…ਵਕਤ ਕਰਵਟ ਲੈਂਦਾ ਹੈ..ਸਿੱਧੂ ਮੂਸੇਵਾਲਾ ਵੀ ਹੁੱਬ ਕੇ ਚਮਕੀਲੇ ਦੇ ਗਾਣੇ ਸਟੇਜ ਤੋਂ ਗਾਉਂਦਾ ਹੈ…ਉਹ ਹੁਣ "ਪੰਥ ਦਾ ਨਾਇਕ" ਹੈ!..ਮੇਰਾ ਇਤਰਾਜ਼ ਚਮਕੀਲੇ ਤੇ ਮੂਸੇਵਾਲਾ ਦੋਵਾਂ ਨਾਲ ਹੈ..ਸਿਰਫ ਇਸ ਇਕ ਗੀਤ ਕਰਕੇ ਨਹੀਂ, ਅਨੇਕਾਂ ਗੀਤ ਹਨ ਜੋ ਔਰਤ ਨੂੰ ਦਾਇਰਾ ਬੰਦ ਕਰਦੇ ਹਨ..ਪਰ ਜੇ "ਪੰਥ" ਇਕ ਦੋ ਗੀਤਾਂ ਨਾਲ ਪਿਘਲ ਜਾਂਦਾ ਹੈ ਤਾਂ ਫੇਰ ਚਮਕੀਲੇ ਦੁਆਰਾ ਗਾਇਆ 'ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ' ਤੇ 'ਮੈਂ ਤੀਰ ਸੱਚੀ ਸਰਕਾਰ ਦਾ ਹਾਂ ' ਨੂੰ ਵੀ "ਪੰਥ" ਦੀ ਵਹੀ 'ਤੇ ਚੜ੍ਹਾ ਲਓ..
ਮਸਲਾ ਕਿਸੇ ਵਿਅਕਤੀ ਦਾ ਨਹੀਂ..ਸੋਚ ਦਾ ਹੈ..ਕਿਤੇ ਨਹੀਂ ਪਹੁੰਚਾਂਗੇ ਏਦਾਂ..ਕਿਤੇ ਵੀ ਨਹੀਂ..ਅੱਡ ਹੋ ਕੇ ਬਹਿ ਜਾਵਾਂਗੇ…ਲੋਕ "ਸਾਡੇ" ਤੋਂ ਭੈਅ ਖਾਣ ਲੱਗ ਜਾਣਗੇ.. ਹੁਣੇ ਹਾਲਾਤ ਇਹ ਬਣੇ ਹੋਏ ਨੇ ਕਿ ਸ਼ਰੀਫ ਸਿਆਣੇ ਬੰਦੇ ਚੁੱਪ ਹੋ ਗਏ ਨੇ..ਕੌਣ ਧੀ ਭੈਣ ਦੀਆਂ ਗੰਦੀਆਂ ਗਾਲ਼ਾਂ ਖਾਵੇ.. ਸਿਆਣਿਆਂ ਆਪਣੀ ਪੱਗ ਨੂੰ ਘੁੱਟ ਕੇ ਹੱਥ ਪਾ ਲਿਆ ਲਗਦਾ.. ਗਲਤ ਉਦਾਹਰਣਾਂ ਦਰਜ ਹੋ ਰਹੀਆਂ..ਕਦੇ ਏਦਾਂ ਨਹੀਂ ਸੀ.. ਸਰਦਾਰ ਸੁਖਵਿੰਦਰ ਸਿੰਘ, ਭਾਈ ਤਾਰੂ ਸਿੰਘ 'ਤੇ ਫਿਲਮ ਬਣਾਉੰਦੇ ਨੇ..ਉਹਨਾਂ ਨੂੰ ਲਗ‍ਦਾ ਕਿ ਮੇਰੀ ਆਵਾਜ਼ ਭਾਈ ਤਾਰੂ ਸਿੰਘ ਦੇ ਕਿਰਦਾਰ 'ਚ ਜਾਨ ਪਾ ਸਕਦੀ ਹੈ.. ਮੈਂ ਸਟੂਡੀਓ ਜਾਂਦਾ ਹਾਂ..ਆਵਾਜ਼ ਦਿੰਦਾ ਹਾਂ..ਜਿਵੇਂ ਦਾ ਹਾਂ, ਉਵੇਂ ਹੀ ਜਾਂਦਾ ਹੈ..ਬੋਲਣ ਵੇਲੇ ਸਟੂਡੀਓ 'ਚ ਸਿਰ ਢਕਣ ਦਾ ਪਖੰਡ ਨਾ ਕਰਦਾ ਹਾਂ.. ਨਾ ਨਿਰਮਾਤਾ ਮੈਨੂੰ ਕਹਿੰਦਾ ਹੈ.. ਉਹ ਫਿਲਮ ਲੱਖਾਂ ਲੋਕ ਦੇਖ ਚੁਕੇ ਨੇ.. ਲੋਕ ਕਹਿੰਦੇ ਨੇ..ਭਾਈ ਤਾਰੂ ਸਿੰਘ ਦੀ ਅਵਾਜ਼ ਜਮਾ ਉਹਨਾਂ ਦੀ ਆਪਣੀ ਲਗਦੀ ਹੈ..ਤੇ ਹੁਣ..ਜੋ "ਅਸੀਂ" ਕਰ ਰਹੇ ਹਾਂ..ਵੰਡੀ ਪੈਜੂ..ਟੁੱਟ ਜਾਵਾਂਗੇ..ਤੋੜ ਬਹਾਂਗੇ..
ਪੰਦਰਾਂ ਕੁ ਸਾਲ ਪਹਿਲਾਂ ਦੀ ਗੱਲ ਐ.. ਮੇਰੇ ਪਿੰਡ ਦੇ ਗੁਰਦੁਆਰੇ 'ਚ ਸਾਹਿਬਜ਼ਾਦਿਆਂ ਦਾ ਪੁਰਬ ਮਨਾਇਆ ਜਾ ਰਿਹਾ ਸੀ.. ਉਪਰੰਤ ਅੰਦਰ ਅਮ੍ਰਿਤ ਸੰਚਾਰ ਹੋਣਾ ਸੀ.. ਮੈਂ ਬੜੀ ਦੇਰ ਤੋਂ ਇਸ ਅਦੁੱਤੀ ਪ੍ਰਕਿਰਿਆ ਬਾਰੇ ਆਪਣੇ ਸਿੰਘ ਮਿਤਰਾਂ ਤੋਂ ਜਾਣਕਾਰੀ ਕੱਠੀ ਕਰ ਰਿਹਾ ਸੀ. ਸੋਚਿਆ ਕਿ ਅੱਜ ਮੌਕਾ ਹੈ..ਮੈਂ ਉਸ ਜਲੌਅ ਨੂੰ ਸਾਖਿਆਤ ਦੇਖ ਮਾਣ ਤੇ ਮਹਿਸੂਸ ਕਰ ਸਕਦਾਂ..ਮੈਂ ਪੰਡਾਲ 'ਚੋਂ ਖਿਸਕ ਕੇ ਗੁਰੂ ਘਰ ਦੀ ਸਰਦਲ 'ਤੇ ਜਾ ਖਲੋਤਾ.. ਇਕ ਨਿਹੰਗ ਸਿੰਘ ਨੇ ਕੌੜ ਨਾਲ ਝਾਕਿਆ ਤੇ ਅੰਦਰ ਚਲਾ ਗਿਆ..ਮੈਂ ਬਹੁਤਾ ਗ਼ੌਲ਼ਿਆ ਨਾ..ਅੰਦਰ ਪੈਰ ਪਾਇਆ ਹੀ ਸੀ ਕਿ ਇਕ ਨਿਹੰਗ ਮੈਨੂੰ ਟੁੱਟ ਕੇ ਪੈ ਨਿਕਲਿਆ, "ਉਏ ਸਿਰ ਘਸਿਆ, ਕਿਧਰ ਮੂੰਹ ਚੁਕਿਆ!".. ਹਾਲਾਂਕਿ ਮੇਰੇ ਸਿਰ 'ਤੇ ਰੁਮਾਲ ਸੀ.. ਪਰ ਉਸਨੇ...!..ਮੇਰੀਆਂ ਅੱਖਾਂ ਭਰ ਆਈਆਂ..ਕਿਧਰ ਮੂੰਹ ਚੁਕਿਆ?..ਮੈਂ ਤਾਂ ਨਿਕਾ ਜਿਹਾ ਸੀ ਜਦੋਂ ਦਾ ਮੂੰਹ ਏਧਰ ਹੀ ਚੁਕਿਆ ਹੋਇਆ.. ਏਧਰ ਹੀ ਮੂੰਹ ਚੁਕਦੇ ਚੁਕਦੇ ਨੂੰ ਇਕ ਦਿਨ ਬਾਬਾ ਪ੍ਰਮਾਣ ਸਿੰਘ ਦੇ ਛੋਟੇ ਮੁੰਡੇ ਨੇ ਚੋਰੀ ਮੈਨੂੰ ਅੰਦਰੋਂ ਚੁਕ ਗੁਟਕਾ ਸਾਹਿਬ ਦੇ ਦਿਤਾ ਸੀ…ਤੇ ਮੈਂ ਕਈ ਸਾਲ ਚੌੰਕੇ 'ਚ ਰੋਟੀ ਪਕਾਉੰਦੀ ਬੀਬੀ ਕੋਲ ਬਹਿ ਕੇ ਉਸ ਅਨਪੜ੍ਹ ਮਾਂ ਨੂੰ ਜਪੁਜੀ ਸਾਹਿਬ..ਰਹਿਰਾਸ ਸਾਹਿਬ..ਚੌਪਈ..ਜਾਪ ਸਾਹਿਬ ਦੇ ਪਾਠ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ..ਪਰ ਉਸ ਦਿਨ ਮੈਂ "ਨਿਆਰੇ ਪੰਥ" ਦੇ ਦਰਸ਼ਨ ਕਰ ਬਾਹਰ ਆ ਕੇ ਨਿਹੰਗਾਂ ਵਲੋਂ ਤਿਆਰ ਕੀਤਾ ਭੰਗ ਦਾ ਪਰਸ਼ਾਦ ਛਕ ਆਪਣੇ ਖੇਤਾਂ 'ਚ ਬਹਿ ਨਾ ਰੋਇਆ ਨਾ ਹੱਸਿਆ..ਪਰ ਸੋਚਦਾ ਜ਼ਰੂਰ ਰਿਹਾ ਕਿ ਉਸ ਜਲੌਅ ਦਾ ਸੱਚ ਸਾਖਿਆਤ ਦੇਖਣ ਤੋਂ ਉਕ ਗਿਆ !
ਪੰਜਾਬ 'ਚ ਕਿਸੇ ਵੇਲ਼ੇ ਕਾਮਰੇਡ ਵੋਟ ਸਿਆਸਤ 'ਚ ਖਾਸ ਥਾਂ ਰੱਖਦੇ ਸੀ..ਪਰ ਫਿਰ "ਕਾਮਰੇਡਾਂ" ਨੇ ਐਸੀ ਖੁਸ਼ਕ ਮਿਜਾਜ਼ੀ ਪੇਸ਼ ਕੀਤੀ ਕਿ ਲੋਕ ਅੱਕ ਗਏ..ਦਾਇਰੇ 'ਚ ਸਿਮਟ ਕੇ ਰਹਿ ਗਏ. ਕਿਸੇ ਇਸ਼ਕ ਕਰ ਲਿਆ ਤਾਂ ਗੱਦਾਰ.. ਕਿਸੇ ਮੁਹੱਬਤ ਦਾ ਗੀਤ ਗਾ ਦਿਤਾ ਤਾਂ ਗੱਦਾਰ..ਕੋਈ ਨਸ਼ਾ ਕਰਦਾ ਤਾਂ ਗੱਦਾਰ..ਮੈਂ ਇਕ ਨਾਟਕ ਵਿਚ ਕੁੜੀ ਤੋਂ ਸੰਵਾਦ ਬੁਲਾਇਆ ਸੀ, " ਤੁਹਾਡਾ ਵੱਸ ਚੱਲੇ ਤਾਂ ਮਹਿਬੂਬ ਦੇ ਵਾਲ਼ਾਂ 'ਚ ਵੀ ਫੁੱਲਾਂ ਦੀ ਥਾਂ ਰੋਟੀ ਟੰਗ ਦੇਵੋਂ! ".. ਹੁਣ ਉਹ ਕੰਮ "ਪੰਥ" ਕਰ ਰਿਹੈ…ਆਹ ਨਾ ਕਰੋ..ਉਹ ਨਾ ਕਰੋ..ਏਨੀਆਂ ਸ਼ਰਤਾਂ..ਜ਼ਿੰਦਗੀ ਦਾ ਸਾਹ ਘੁੱਟਣ 'ਤੇ ਆ ਗਿਆ "ਪੰਥ"! ..ਤੇ ਜੋ ਵਿਚਾਰੇ ਸੱਚੀਂ ਪੰਥਕ ਨੇ..ਉਹ ਖਾਮੋਸ਼ ਹੋ ਗਏ ਨੇ..ਕੀ ਕਰਨ..ਗਾਲ਼ਾਂ ਕੌਣ ਖਾਵੇ!
ਕਾਮਰੇਡ ਜਾਣਦੇ ਹਨ ਕਿ ਜੋ ਗਲਤੀਆਂ "ਕਾਮਰੇਡਾਂ" ਨੇ ਕੀਤੀਆਂ, ਉਹ ਭੁਗਤਣੀਆਂ ਅਸਲ ਕਾਮਰੇਡਾਂ ਨੂੰ ਵੀ ਪੈਣੀਆਂ ਨੇ.. ਭਾਵੇਂ ਗੁਨਾਹ ਸਿਰਫ "ਕਾਮਰੇਡ" ਕਰ ਰਹੇ ਸਨ.. ਇਵੇਂ ਹੀ ਅਸਲ ਸਿੱਖ ਨੂੰ ਇਹ ਸਮਝਣਾ ਪਏਗਾ ਕਿ ਜੋ ਗਲਤੀਆਂ "ਸਿੱਖ" ਕਰ ਰਹੇ ਨੇ, ਭੁਗਤਣੀਆਂ ਸਿੱਖਾਂ ਨੂੰ ਵੀ ਪੈਣੀਆਂ...ਭਾਵੇਂ ਗੁਨਾਹ ਸਿਰਫ "ਸਿੱਖ " ਕਰ ਰਹੇ ਨੇ..!
ਪੁੱਠੇ ਕੌਮੇ ਅਰਥ ਬਦਲ ਦਿੰਦੇ ਨੇ..ਤੇ ਕਿਸੇ ਚੰਗੀ ਇਬਾਰਤ 'ਚ ਪੁੱਠੇ ਕੌਮੇ ਕਿਤੇ ਕਿਤੇ ਵਿਰਲੇ ਹੀ ਦਿਸਦੇ ਹੁੰਦੇ ਨੇ..ਖਿਆਲ ਰਹੇ..ਕਿਤੇ ਅਸੀਂ ਪੁੱਠੇ ਕੌਮੇ ਨਾ ਬਣ ਜਾਈਏ..ਕਿਤੇ ਕਿਤੇ ਦਿਸਣ ਵਾਲ਼ੇ...ਖਿਆਲ ਰਹੇ !!!!!
ਪੰਜਾਬ ਲਈ ਫਿਕਰਮੰਦ
ਸਾਹਿਬ ਸਿੰਘ
(ਫੇਸਬੁੱਕ ਤੋਂ ਧੰਨਵਾਦ ਸਹਿਤ)