ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ - 2 ਜੇਠ ਬਨਾਮ ਜੇਠ ਸੁਦੀ 4 - ਸਰਵਜੀਤ ਸਿੰਘ ਸੈਕਰਾਮੈਂਟੋ
ਅੱਜ ਤੋਂ 416 ਸਾਲ ਪਹਿਲਾ, ਭਾਵੇਂ ਇਹ ਦੋਵੇਂ ਤਾਰੀਖਾਂ ਇਕੋ ਦਿਨ ਭਾਵ ਸ਼ੁਕਰਵਾਰ ਨੂੰ ਹੀ ਆਈਆਂ ਸਨ, ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 2 ਜੇਠ, ਸੂਰਜੀ ਬ੍ਰਿਕਮੀ (ਸੂਰਜੀ ਸਿਧਾਂਤ) ਕੈਲੰਡਰ ਦੀ ਹੈ ਅਤੇ ਦੂਜੀ ਤਾਰੀਖ, ਜੇਠ ਸੁਦੀ 4, ਚੰਦ ਦੇ ਕੈਲੰਡਰ ਮੁਤਾਬਕ ਹੈ। ਉਸ ਵੇਲੇ ਦੇ ਸਰਕਾਰੀ ਰਿਕਾਰਡ ਵਿੱਚ ਇਹ ਤਾਰੀਖ, 2 ਸ਼ਫਰ 1015 ਹਿਜਰੀ ਦਰਜ ਹੋਵੇਗੀ। ਅੰਗਰੇਜ ਭਗਤ ਲਿਖਾਰੀਆਂ ਵੱਲੋਂ ਇਸੇ ਤਾਰੀਖ ਨੂੰ 30 ਮਈ 1606 ਈ: (ਜੂਲੀਅਨ) ਵੀ ਲਿਖਿਆ ਗਿਆ ਹੈ। ਜੂਲੀਅਨ ਕੈਲੰਡਰ ਕਦੇ ਆਪਣੇ ਖ਼ਿੱਤੇ ਵਿੱਚ ਲਾਗੂ ਹੀ ਨਹੀਂ ਹੋਇਆ ਅਤੇ ਹਿਜਰੀ ਕੈਲੰਡਰ ਮੌਕੇ ਦੀ ਸਰਕਾਰ ਦਾ ਕੈਲੰਡਰ ਸੀ, ਇਸ ਲਈ ਆਪਾਂ ਇਨ੍ਹਾਂ ਦੋਵਾਂ ਕੈਲੰਡਰਾਂ ਨੂੰ ਇਥੇ ਹੀ ਛੱਡਦੇ ਹੋਏ ਬਿਕ੍ਰਮੀ ਕੈਲੰਡਰ ਦੀਆਂ ਦੋਵੇਂ ਤਾਰੀਖਾਂ ਨੂੰ ਹੀ ਆਪਣੀ ਵਿਚਾਰ ਚਰਚਾ ਦਾ ਕੇਂਦਰ ਬਿੰਦੂ ਬਣਾਵਾਂਗੇ। ਇਨ੍ਹਾਂ ਦੋਵਾਂ ਤਾਰੀਖਾਂ `ਚ ਇਕ ਤਾਰੀਖ ਦੀ ਚੋਣ ਕਰਨੀ, ਅੱਜ ਸਾਡੇ ਲਈ ਚੁਣੌਤੀ ਬਣਦੀ ਜਾ ਰਹੀ ਹੈ। ਇਹ ਚੁਣੌਤੀ ਕਿਸੇ ਹੋਰ ਨੇ ਨਹੀ ਦਿੱਤੀ ਸਗੋਂ ਸਾਡੇ ਧਾਰਮਿਕ ਮੁਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ ਇਸ ਸਾਲ (2079 ਬਿ:) ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 21 ਜੇਠ (3 ਜੂਨ) ਦਿਨ ਸ਼ੁਕਰਵਾਰ ਦਾ ਦਰਜ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਤਾਰੀਖ ਤਾਂ ਉੱਪਰ ਦੱਸੀਆਂ ਤਾਰੀਖਾਂ ਵਿਚੋਂ ਕਿਸੇ ਨਾਲ ਵੀ ਮੇਲ ਨਹੀਂ ਖਾਂਦੀ, ਫੇਰ ਇਹ ਤਾਰੀਖ ਕਿਥੋ ਆਈ? ਪਿਛਲੇ ਸਾਲ (2078 ਬਿ:) ਦੇ ਕੈਲੰਡਰ ਵਿਚ ਇਹ ਦਿਹਾੜਾ 32 ਜੇਠ ਦਾ ਦਰਜ ਸੀ। ਪਰ ਕੈਲੰਡਰ ਦਾ ਆਰੰਭ ਹਰ ਸਾਲ 1 ਚੇਤ ਤੋਂ ਹੀ ਹੁੰਦਾ ਹੈ ਅਤੇ ਹਰ ਸਾਲ ਵੈਸਾਖੀ ਵੀ ਇੱਕ ਵੈਸਾਖ ਦੀ ਦਰਜ ਹੈ। ਅਸਲ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ, 365.2563 ਦਿਨ) ਛਾਪਦੀ ਹੈ। ਕੁਝ ਦਿਹਾੜੇ ਤਾਂ ਪ੍ਰਵਿਸ਼ਟਿਆਂ ਮੁਤਾਬਕ ਹੀ ਨਿਰਧਾਰਤ ਕਰਦੀ ਹੈ ਜੋ ਹਰ ਸਾਲ ਮੁੜ ਉਸੇ ਪ੍ਰਵਿਸ਼ਟੇ ਨੂੰ ਆਉਂਦੇ ਹਨ, ਜਿਵੇ ਵੈਸਾਖੀ ਹਰ ਸਾਲ ਇਕ ਵੈਸਾਖ ਨੂੰ ਹੀ ਆਉਂਦੀ ਹੈ। ਪਰ ਕੁਝ ਤਾਰੀਖਾਂ ਨੂੰ ਨਿਰਧਾਰਤ ਚੰਦ ਦੇ ਕੈਲੰਡਰ ਮੁਤਾਬਕ ਕੀਤਾ ਜਾਂਦਾ ਹੈ ਅਤੇ ਦਰਜ ਪ੍ਰਵਿਸ਼ਿਟਆ ਵਿਚ ਕੀਤਾ ਜਾਂਦਾ ਹੈ। ਇਸ ਕਾਰਨ ਹਰ ਸਾਲ ਪ੍ਰਵਿਸ਼ਟਾ ਬਦਲ ਜਾਂਦਾ ਹੈ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ (ਦਿਨ ਅਤੇ ਰਾਤ) 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨ ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਸਾਲ ਦੀ ਇਸੇ ਲੰਬਾਈ ਮੁਤਾਬਕ ਹੀ ਰੁੱਤਾਂ ਬਦਲਦੀਆਂ ਹਨ। ਚੰਦ ਧਰਤੀ ਦੇ ਦਵਾਲੇ ਘੁੰਮਦਾ ਹੈ। ਚੰਦ ਦਾ ਇਕ ਚੱਕਰ 29.53 ਦਿਨਾਂ ਵਿਚ ਪੂਰਾ ਹੁੰਦਾ ਹੈ। ਜਿਸ ਨੂੰ ਇਕ ਮਹੀਨਾ ਕਹਿੰਦੇ ਹਨ। ਚੰਦ ਦੇ ਸਾਲ ਵਿੱਚ ਵੀ ਉਹੀ 12 ਮਹੀਨੇ (ਚੇਤ ਤੋਂ ਫੱਗਣ) ਹੁੰਦੇ ਹਨ। ਚੰਦ ਦੇ ਸਾਲ ਵਿੱਚ 354.37 ਦਿਨ ਹੁੰਦੇ ਹਨ। ਭਾਵ ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ ਇਕ ਸਾਲ ਵਿੱਚ 11 ਦਿਨ, ਦੋ ਸਾਲ ਵਿੱਚ 22 ਦਿਨ ਪਿਛੇ ਰਹਿ ਜਾਂਦਾ ਹੈ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। 2081 ਬਿ: ਵਿੱਚ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। (19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ) ਇਸ ਸਾਲ ਵਿਚ ਸਾਵਣ ਦੇ ਦੋ ਮਹੀਨੇ ਹੋਣਗੇ ਅਤੇ ਸਾਲ ਦੇ ਦਿਨ 384-85 ਹੋਣਗੇ। ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ, ਹਿੰਦੂ ਮੱਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਜਿਹੜਾ ਦਿਹਾੜਾ ਪਿਛਲੇ ਸਾਲ ਤੋਂ 11 ਦਿਨ ਪਹਿਲਾਂ ਆਉਣਾ ਚਾਹੀਂਦਾ ਸੀ, 13ਵੇਂ ਮਹੀਨੇ ਤੋਂ ਪਿਛੋਂ ਆਉਣ ਵਾਲੇ ਦਿਹਾੜੇ, ਪਿਛਲੇ ਸਾਲ ਤੋਂ 18-19 ਦਿਨ ਪੱਛੜ ਕੇ ਆਵੇਗਾ। ਇਹ ਹੈ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ-ਤੇੜੇ ਹੀ ਕਰਨਾ ਪੈਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਅਪਣਾ ਲਿਆ ਜਾਵੇ? ਜੇ ਅਸੀਂ ਇਹ ਦਿਹਾੜਾ ਜੇਠ ਸੁਦੀ 4 ਦੀ ਬਿਜਾਏ ਹਰ ਸਾਲ 2 ਹਾੜ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀ ਵਦੀ-ਸੁਦੀ ਦੇ ਮੱਕੜਜਾਲ ਵਿੱਚੋਂ ਨਿਕਲ ਸਕਦੇ ਹਾਂ। ਸਾਰੀ ਦੁਨੀਆਂ ਵਿਚ ਇਹ ਦਿਹਾੜਾ 2 ਹਾੜ (16 ਜੂਨ) ਨੂੰ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਨੂੰ ਕਦੇ ਵੀ ਪਾਕਿਸਤਾਨ ਵਿਖੇ ਜਥਾ ਭੇਜਣ ਵਿੱਚ ਸਮੱਸਿਆ ਨਹੀਂ ਆਵੇਗੀ। ਪਿਛਲੇ 12 ਸਾਲਾਂ ਵਿੱਚ ਸ਼੍ਰੋਮਣੀ ਕਮੇਟੀ ਸਿਰਫ ਦੋ ਸਾਲ ਹੀ ਜਥਾ ਭੇਜ ਸਕੀ ਹੈ। 2010 ਈ: ਵਿੱਚ, ਜਦੋ ਦੋਵੇ ਤਾਰੀਖਾਂ ਇਕੋ ਹੀ ਦਿਨ ਆਈਆਂ ਸਨ ਅਤੇ 2018 ਈ: ਵਿੱਚ ਜਦੋ ਜੇਠ ਸੁਦੀ 4, 17 ਜੂਨ ਨੂੰ ਆਈ ਸੀ ਪਰ ਨਾਨਕਸ਼ਾਹੀ ਕੈਲੰਡਰ ਮੁਤਾਬਕ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ 2 ਜੇਠ (16 ਜੂਨ) ਨੂੰ ਹੀ ਮਨਾਇਆ ਗਿਆ ਸੀ। ਜੇ 2018 ਈ: ਵਿੱਚ ਸ਼ਹੀਦੀ ਦਿਹਾੜਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ ਨੂੰ ਮਨਾਇਆ ਜਾ ਸਕਦਾ ਹੈ ਤਾਂ ਹਰ ਸਾਲ ਕਿੳ ਨਹੀਂ? ਜੇ ਸ਼੍ਰੋਮਣੀ ਕਮੇਟੀ ਨੇ ਇਸ ਪਾਸੇ ਅਜੇ ਵੀ ਧਿਆਨ ਨਾ ਦਿੱਤਾ ਤਾਂ ਹੁਣ ਇਹ 2086 ਬਿ: (16 ਜੂਨ 2029 ਈ:) ਵਿੱਚ ਹੀ ਜਥਾ ਭੇਜ ਸਕੇਗੀ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਜੁਲਾਈ 2019 ਈ: ਵਿੱਚ ਅੰਤਰ ਰਾਸ਼ਟਰੀ ਨਗਰ ਕੀਰਤਨ ਦੇ ਸਬੰਧ ਵਿੱਚ, ਗਿਆਨੀ ਹਰਪ੍ਰੀਤ ਸਿੰਘ ਜੀ ਇਕ ਜਥਾ ਲੈ ਕੇ ਪਾਕਿਸਤਾਨ ਗਏ ਸਨ। ਉਥੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀਂ ਦੇ ਨੁਮਾਇਦਿਆਂ ਨਾਲ ਵਿਚਾਰ-ਵਿਟਾਂਦਰੇ ਦੌਰਾਨ, ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਅਗਲੇ ਸਾਲ ਤੋਂ ਆਪਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇਕੱਠੇ ਮਨਾਵਾਂਗੇ। ਪਰ ਤਿੰਨ ਸਾਲ ਬੀਤ ਜਾਣ ਤੇ ਵੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਇਸ ਸਮੱਸਿਆ ਦੇ ਹਲ ਲਈ ਕੋਈ ਯਤਨ ਨਹੀਂ ਕੀਤਾ ਗਿਆ। ਕੀ ਗਿਆਨੀ ਹਰਪ੍ਰੀਤ ਸਿੰਘ ਨੇ ਉਥੇ ਪੈਦਾ ਹੋਏ ਅਣਸੁਖਾਵੇ ਹਾਲਤਾਂ ਨੂੰ ਟਾਲਣ ਲਈ ਹੀ, ਸਿਆਸਤਦਾਨਾਂ ਵਾਂਗੂੰ ਝੂਠਾਂ ਵਾਆਦਾ ਕੀਤਾ ਸੀ? ਜੇ ਅਜੇਹਾ ਹੀ ਸੀ ਤਾਂ ਅੱਗੇ ਤੋਂ ਇਨ੍ਹਾਂ ਵੱਲੋਂ ਕੀਤੇ ਗਏ ਵਾਅਦਿਆਂ, ਯਕੀਨਦਹਾਨੀ ਜਾਂ ਲਈ ਗਈ ਸਾਲਸੀ ਜਿੰਮੇਵਾਰੀ ਤੇ ਕੋਈ ਕਿਵੇਂ ਯਕੀਨ ਕਰੇਗਾ?
ਇਥੇ ਇਕ ਨੁਕਤਾ ਹੋਰ ਵੀ ਸਾਝਾਂ ਕਰਨਾ ਜਰੂਰੀ ਹੈ। ਜਿਹੜੇ ਕਹਿੰਦੇ ਹਨ ਕਿ ਜੇਹੜਾ ਕੈਲੰਡਰ ਗੁਰੂ ਸਾਹਿਬ ਨੇ ਬਣਾਇਆ ਅਤੇ ਪ੍ਰਚੱਲਤ ਕੀਤਾ ਸੀ, ਉਹ ਕਿਓ ਛੱਡੀਏ। ਪਹਿਲੀ ਗੱਲ ਤਾਂ ਇਹ ਕਿ ਗੁਰੂ ਜੀ ਨੇ ਕੋਈ ਕੈਲੰਡਰ ਨਹੀ ਬਣਾਇਆ। ਗੁਰੂ ਸਾਹਿਬ ਜੀ ਦੇ ਸਮੇਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ, ਸਾਲ ਦੀ ਲੰਬਾਈ 365.2587 ਦਿਨ) ਹੀ ਪ੍ਰਚੱਲਤ ਸੀ। ਉਸ ਕੈਲੰਡਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ, 1964 ਈ: ਵਾਲੀ ਸੋਧ ਨੂੰ ਪ੍ਰਵਾਨ ਕਰਕੇ ਛੱਡਿਆ ਜਾ ਚੁੱਕਾ ਹੈ। ਗੁਰੂ ਕਾਲ ਵਾਲੇ ਕੈਲੰਡਰ (ਸੂਰਜੀ ਸਿਧਾਂਤ) ਮੁਤਾਬਕ ਇਸ ਸਾਲ ਜੇਠ ਦੀ ਸੰਗਰਾਂਦ ਐਤਵਾਰ (15 ਮਈ) ਨੂੰ ਸੀ ਜਦੋ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਮੁਤਾਬਕ ਜੇਠ ਦੀ ਸੰਗਰਾਂਦ 14 ਮਈ ਨੂੰ ਸੀ। ਇਸ ਸਾਲ ਸਾਵਣ ਅਤੇ ਕੱਤਕ ਦੀ ਸੰਗਰਾਂਦ ਵੀ ਦੋਵਾਂ ਕੈਲੰਡਰਾਂ ਵਿਚ ਇਕ ਦਿਨ ਦੇ ਫ਼ਰਕ ਨਾਲ ਆਉਣਗੀਆਂ। ਹੁਣ ਦੱਸੋ ਦੋ-ਦੋ ਸੰਗਰਾਂਦਾਂ ਲਈ ਜਿੰਮੇਵਾਰ ਕੌਣ ਹੈ?
ਹੁਣ ਜਦੋਂ ਅਸੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾਂ ਹਰ ਸਾਲ ਜੇਠ ਸੁਦੀ 4 ਦੀ ਬਿਜਾਏ 2 ਹਾੜ ਨੂੰ ਮਨਾਉਦੇ ਹਾਂ ਤਾਂ ਹਰ ਸਾਲ ਇਹ ਦਿਹਾੜਾਂ 2 ਹਾੜ ਨੂੰ ਹੀ ਆਵੇਗਾ ਅਤੇ ਉਸ ਦਿਨ ਜੂਨ ਮਹੀਨੇ ਦੀ 16 ਤਾਰੀਖ ਹੀ ਹੋਵੇਗੀ। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਜੇ ਵੈਸਾਖੀ ਹਰ ਸਾਲ ਇੱਕ ਵੈਸਾਖ ਨੂੰ ਮਨਾਈ ਜਾ ਸਕਦੀ ਹੈ, ਵੱਡੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਅਤੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾਂ ਹਰ ਸਾਲ 13 ਪੋਹ ਨੂੰ ਮਨਾਇਆ ਜਾ ਸਕਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾਂ ਹਰ ਸਾਲ 2 ਹਾੜ ਨੂੰ ਕਿਓ ਨਹੀਂ ਮਨਾਇਆ ਜਾ ਸਕਦਾ? ਹੁਣ ਇਹ ਫੈਸਲਾ ਪੂਰੇ ਵਿਸ਼ਵ `ਚ ਫੈਲ ਚੁੱਕੀ ਸਿੱਖ ਕੌਮ ਨੇ ਕਰਨਾ ਹੈ ਕਿ, ਕੀ ਸਾਨੂੰ ਮੌਸਮੀ ਕੈਲੰਡਰ ਤੇ ਅਧਾਰਤ ਨਾਨਕਸ਼ਾਹੀ ਕੈਲੰਡਰ, ਜਿਸ ਦੇ ਪ੍ਰਵਿਸ਼ਟੇ ਅਤੇ ਤਾਰੀਖਾਂ ਸਦਾ ਵਾਸਤੇ ਇਕੋ ਹੀ ਰਹਿਣਗੀਆਂ, ਦੀ ਲੋੜ ਹੈ ਜਾਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ, ਜਿਸ ਦੀਆਂ ਤਾਰੀਖਾਂ ਹਰ ਸਾਲ ਬਦਲ ਜਾਂਦੀਆਂ ਹਨ?
ਬਸੰਤ ਪੰਚਮੀ ਬਨਾਮ ਬਸੰਤ ਰੁੱਤ - ਸਰਵਜੀਤ ਸਿੰਘ ਸੈਕਰਾਮੈਂਟੋ
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਚੰਦ ਦੇ ਮਾਘ ਮਹੀਨੇ ਦੀ ਸੁਦੀ ਪੰਚਮੀ ਨੂੰ ਮਨਾਏ ਜਾਣ ਵਾਲੇ ਤਿਉਹਾਰ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ। ਭਾਵੇ ਇਸ ਨੂੰ ਬਸੰਤ ਰੁੱਤ ਦੀ ਆਰੰਭ ਮੰਨਿਆ ਜਾਂਦਾ ਹੈ ਪਰ ਇਸ ਦਾ ਬਸੰਤ ਰੁੱਤ ਨਾਲ ਕੋਈ ਸਬੰਧ ਨਹੀਂ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਦ ਨਾਲ। ਰੁੱਤ ਸਦਾ ਹੀ ਇਕ ਖਾਸ ਸਮੇਂ ਤੇ ਆਰੰਭ ਹੁੰਦੀ ਹੈ, ਪਰ ਬਸੰਤ ਪੰਚਮੀ ਹਰ ਸਾਲ ਵੱਖ-ਵੱਖ ਸਮੇਂ ਤੇ ਆਉਂਦੀ ਹੈ। ਜਿਵੇ 2020 ਈ: ਵਿੱਚ ਬਸੰਤ ਪੰਚਮੀ 30 ਜਨਵਰੀ ਨੂੰ ਆਈ ਸੀ, 2021 ਈ: ਵਿੱਚ 16 ਫਰਵਰੀ, ਇਸ ਸਾਲ (2022 ਈ:) 5 ਫਰਵਰੀ ਅਤੇ 2023 ਈ: ਵਿਚ 26 ਜਨਵਰੀ ਨੂੰ ਆਵੇਗੀ। ਬਸੰਤ ਪੰਚਮੀ ਆਮ ਤੌਰ ਤੇ 20 ਜਨਵਰੀ ਤੋਂ 17 ਫਰਵਰੀ ਦੇ ਦਰਮਿਆਨ ਆਉਂਦੀ ਹੈ।
ਬਸੰਤ ਪੰਚਮੀ, ਜਿਸ ਨੂੰ ‘ਸ੍ਰੀ ਪੰਚਮੀ’ ਜਾਂ ‘ਸਰਸਵਤੀ ਪੂਜਾ’ ਵੀ ਕਿਹਾ ਜਾਂਦਾ ਹੈ, ਦਾ ਸਬੰਧ ਦੇਵੀ ਸਰਸਵਤੀ ਨਾਲ ਮੰਨਿਆ ਜਾਂਦਾ ਹੈ। ਸਰਸਵਤੀ ਹਿੰਦੂ ਮੱਤ ਵਿੱਚ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਸੰਤ ਪੰਚਮੀ ਨੂੰ ਦੇਵੀ ਸਰਸਵਤੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ‘ਹਿੰਦੂ ਮਿਥਿਹਾਸ ਕੋਸ਼’ ਵਿੱਚ ਦਰਜ ਕਹਾਣੀ ਮੁਤਾਬਕ ਸਰਸਵਤੀ ਨੂੰ ਬ੍ਰਹਮਾ ਦੀ ਪਤਨੀ ਮੰਨਿਆ ਗਿਆ ਹੈ। ਭਾਰਤ ਦੇ ਕਈ ਹਿੱਸਿਆਂ ਵਿੱਚ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਬਸੰਤ ਪੰਚਮੀ ਦੇ ਦਿਨ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਦੇ ਇਸ਼ਨਾਨ ਅਤੇ ਦਾਨ ਦਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਵਾਲੇ ਦਿਨ ਕਈ ਥਾਂਵਾਂ ਉੱਤੇ ਸੰਗੀਤ ਸੰਮੇਲਨ ਅਤੇ ਕਵੀ-ਦਰਬਾਰ ਵੀ ਕਰਵਾਏ ਜਾਂਦੇ ਹਨ। ਜਿਥੇ ਇਸ ਦਿਨ ਪਤੰਗ ਬਾਜ਼ੀ ਦੇ ਮੁਕਾਬਲੇ ਹੁੰਦੇ ਹਨ, ਉਥੇ ਹੀ ਅੱਜ-ਕੱਲ ਚੀਨੀ ਡੋਰ ਕਾਰਨ ਦਰਦਨਾਕ ਹਾਦਸੇ ਵੀ ਵਾਪਰਦੇ ਹਨ।
ਬਸੰਤ, ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ, ਜਿਸ ਨੂੰ ਸਾਲ ਕਹਿੰਦੇ ਹਨ, ਵਿੱਚ ਚਾਰ ਰੁੱਤਾਂ ਵਿੱਚੋਂ ਸਭ ਤੋਂ ਸੁਹਾਵਣੀ ਰੁੱਤ। ਆਪਣੇ ਦੇਸ਼ ਵਿਚ ਮੰਨੀਆਂ ਜਾਂਦੀਆਂ 6 ਰੁੱਤਾਂ ਵਿੱਚੋਂ ਇਕ ਰੁੱਤ, ਜੋ ਨਵੇ ਸਾਲ ਦੇ ਆਰੰਭ ਵਿਚ ਆਉਂਦੀ ਹੈ। ਬਸੰਤ ਰੁੱਤ ਨੂੰ ਪ੍ਰਕਿਰਤੀ ਵਿੱਚ ਇੱਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਰੁੱਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਪ੍ਰਭਾਵ ਘਟ ਜਾਂਦਾ ਹੈ, ਦਰਖ਼ਤਾਂ ਦੀਆਂ ਨਵੀਆਂ ਕਰੂੰਬਲਾਂ ਫੁਟ ਪੈਂਦੀਆਂ ਹਨ। ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖਤਮ ਹੋਣ ਦੀ ਸੂਚਕ ਵੀ ਮੰਨੀ ਜਾਂਦੀ ਹੈ। ਪੰਜਾਬੀ ਅਖਾਣ ਵੀ ਇਸ ਦੀ ਤਸਦੀਕ ਕਰਦਾ ਹੈ। “ਆਈ ਬਸੰਤ-ਪਾਲਾ ਉਡੰਤ”।
ਉੱਤਰੀ ਅਰਧ ਗੋਲੇ ਵਿੱਚ, ਜਦੋਂ ਦਿਨ ਅਤੇ ਰਾਤ ਬਰਾਬਰ (March Equinox) ਹੁੰਦੇ ਹਨ, ਉਸ ਦਿਨ ਤੋਂ ਬਸੰਤ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। ਜੇ ਸਾਲ ਦੀ ਵੰਡ ਚਾਰ ਰੁੱਤਾਂ ਵਿੱਚ ਕੀਤੀ ਜਾਵੇ ਤਾਂ ਇਸ ਤਰ੍ਹਾਂ ਹੁੰਦੀ ਹੈ। ਬਸੰਤ 20 ਮਾਰਚ ਤੋਂ 20 ਜੂਨ, ਗਰਮੀ 21 ਜੂਨ ਤੋਂ 21 ਸਤੰਬਰ, ਪਤਝੜ 22 ਸਤੰਬਰ ਤੋਂ 20 ਦਸੰਬਰ ਅਤੇ ਸਿਆਲ 21 ਦਸੰਬਰ ਤੋਂ 19 ਮਾਰਚ। ਆਪਣੇ ਦੇਸ਼ ਵਿੱਚ ਸਾਲ ਵੀ ਵੰਡ 6 ਰੁੱਤਾਂ ਵਿੱਚ ਕੀਤੀ ਗਈ ਹੈ। ਗੁਰਬਾਣੀ ਵਿੱਚ ਵੀ 6 ਰੁੱਤਾਂ ਦਾ ਹੀ ਜਿਕਰ ਹੈ। ਉਸ ਮੁਤਾਬਕ ਚੇਤ-ਵੈਸਾਖ ਬਸੰਤ ਰੁੱਤ, ਜੇਠ- ਹਾੜ ਗ੍ਰੀਖਮ ਰੁੱਤ, ਸਾਵਣ-ਭਾਦੋਂ ਬਰਸੁ ਰੁੱਤ, ਅੱਸੂ-ਕੱਤਕ ਸਰਦ ਰੁੱਤ, ਮੱਘਰ-ਪੋਹ ਸਿਸੀਅਰ ਰੁੱਤ ਅਤੇ ਮਾਘ-ਫੱਗਣ ਹਿਮਕਰ ਰੁੱਤ।
ਇਕ ਹੋਰ ਵਸੀਲੇ ਮੁਤਾਬਕ 6 ਰੁੱਤਾਂ ਦੀ ਵੰਡ ਇਉਂ ਕੀਤੀ ਗਈ ਹੈ, ਬਸੰਤ ਰੁੱਤ (Spring) 18 ਫਰਵਰੀ ਤੋਂ 20 ਅਪ੍ਰੈਲ, ਗਰਮੀ (Summer) 21 ਅਪ੍ਰੈਲ ਤੋਂ 20 ਜੂਨ, ਬਰਸਾਤ (Monsoon) 21 ਜੂਨ ਤੋਂ 22 ਅਗਸਤ, ਪੱਤਝੜ (Autumn) 23 ਅਗਸਤ ਤੋਂ 22 ਅਕਤੂਬਰ, ਸਰਦ ਰੁੱਤ (Prewinter) 23 ਅਕਤੂਬਰ ਤੋਂ 20 ਦਸੰਬਰ ਅਤੇ ਹਿਮਕਰ ਭਾਵ ਅੱਤ ਦੀ ਸਰਦੀ (Winter) 21 ਦਸੰਬਰ ਤੋਂ 17 ਫਰਵਰੀ।
ਗਰੈਗੋਰੀਅਨ ਕੈਲੰਡਰ (Tropical year) ਜਿਸ ਦੇ ਸਾਲ ਦੀ ਲੰਬਾਈ ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਦੇ ਸਮੇਂ ਬਰਾਬਰ ਹੈ, ਮੁਤਾਬਕ ਕੀਤੀ ਗਈ ਉਪ੍ਰੋਕਤ ਵੰਡ ਜਿਆਦਾ ਢੁੱਕਵੀਂ ਹੈ। ਬਾਣੀ ਦੀ ਪਾਵਨ ਪੰਗਤੀ “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ 1108) ਵਿੱਚ “ਰਥੁ ਫਿਰੇ” ਦਾ ਭਾਵ ਸੂਰਜ ਦੇ ਰੱਥ ਤੋਂ ਹੈ। ਜਦੋਂ ਸੂਰਜ ਉਤਰਾਇਣ ਨੂੰ ਜਾ ਰਿਹਾ ਹੁੰਦਾ ਹੈ ਉੱਤਰੀ ਅਰਧ ਗੋਲੇ ਵਿੱਚ ਦਿਨ ਵੱਡਾ ਹੋ ਰਿਹਾ ਹੁੰਦਾ ਹੈ, ਤਾਂ 21 ਜੂਨ ਨੂੰ ਦਿਨ ਵੱਧਣੋ ਰੁਕ ਜਾਂਦਾ ਹੈ ਅਤੇ ਸੂਰਜ ਦਖਰਾਇਣ ਨੂੰ ਮੁੜ ਪੈਂਦਾ ਹੈ। ਉਸ ਦਿਨ ਤੋਂ ਉੱਤਰੀ ਭਾਰਤ ਵਿਚ ਵਰਖਾ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇਹ ਘਟਨਾ 16 ਹਾੜ ਨੂੰ ਵਾਪਰਦੀ ਸੀ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ, ਅਸਲ ਸਾਲ ਦੀ ਲੰਬਾਈ ਵਿੱਚ ਅੰਤਰ ਹੋਣ ਕਾਰਨ ਹੁਣ ਇਹ ਘਟਨਾ 7 ਹਾੜ ਨੂੰ ਵਾਪਰਦੀ ਹੈ। ਜੇ ਅਜੇ ਵੀ ਸਾਲ ਦੀ ਲੰਬਾਈ ਨੂੰ ਨਾ ਸੋਧਿਆ ਗਿਆ ਤਾਂ ਇਹ ਫਰਕ ਵੱਧਦਾ ਹੀ ਜਾਵੇਗਾ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਤਾਂ ਆਲਮ ਹੀ ਨਿਰਾਲਾ ਹੈ। ਬਾਣੀ ਵਿੱਚ ਦਰਜ ਬਸੰਤ ਰਾਗ ਤੇ ਅਧਾਰਿਤ ‘ਬਸੰਤ ਦੀ ਚੌਕੀ’ ਦਾ ਆਰੰਭ ਸ਼੍ਰੀ ਦਰਬਾਰ ਸਾਹਿਬ ਵਿਖੇ ਲੋਹੜੀ ਵਾਲੀ ਰਾਤ ਅਤੇ ਬਾਕੀ ਗੁਰੂ ਅਸਥਾਨਾਂ `ਤੇ ਮਾਘ ਦੀ ਸੰਗਰਾਂਦ ਤੋਂ ਕੀਤਾ ਜਾਂਦਾ ਹੈ, ਅਤੇ ਸਮਾਪਤੀ ਹੌਲੇ ਮਹੱਲੇ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਜਾਂਦੀ ਹੈ। ਇਸ ਮੁਤਾਬਕ ਤਾਂ ਬਸੰਤ ਰੁੱਤ ਦਾ ਆਰੰਭ ਸੂਰਜੀ ਪੋਹ ਦੇ ਆਖਰੀ ਦਿਨ ਜਾਂ ਮਾਘ ਦੀ ਸੰਗਰਾਂਦ ਵਾਲੇ ਦਿਨ ਤੋਂ ਅਤੇ ਸਮਾਪਤੀ ਚੇਤ ਵਦੀ ਏਕਮ, ਭਾਵ ਹੋਲੇ ਮਹੱਲੇ ਵਾਲੇ ਦਿਨ ਹੁੰਦੀ ਹੈ। ਚੰਦ ਦੀ ਤਾਰੀਖ ਹੋਣ ਕਾਰਨ ਹੋਲੇ ਦੀ ਤਾਰੀਖ ਵੀ ਹਰ ਸਾਲ ਬਦਲ ਜਾਂਦੀ ਹੈ। ਜੋ ਹਰ ਸਾਲ ਤਕਰੀਬਨ 1 ਮਾਰਚ ਤੋਂ 28 ਮਾਰਚ ਦੇ ਦਰਮਿਆਨ ਆਉਂਦੀ ਹੈ। ਜੇ ਇਸ ਨੂੰ ਮੰਨ ਲਿਆ ਜਾਵੇ ਤਾਂ ਗ੍ਰੀਖਮ ਰੁੱਤ ਦਾ ਆਰੰਭ ਵੀ 1 ਮਾਰਚ ਤੋਂ 28 ਮਾਰਚ ਦੇ ਦਰਮਿਆਨ ਹੀ ਹੋਵੇਗਾ। ਜਿਵੇ ਕਿ ਉੱਪਰ ਵੇਖ ਆਏ ਹਾਂ, ਇਹ ਮੰਨਣ ਯੋਗ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ, ਰਾਮਕਲੀ ਰਾਗ ਵਿਚ ਪੰਚਮ ਪਾਤਸ਼ਾਹ ਜੀ ਵੱਲੋਂ ਉਚਾਰੀ ਗਈ ਪਾਵਨ ਪੰਗਤੀ, “ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ” (ਪੰਨਾ 927) ਵਿੱਚ ਸਪੱਸ਼ਟ ਤੌਰ ਤੇ ਦਰਜ ਹੈ ਕਿ ਬਸੰਤ ਦੀ ਰੁਤ ਚੇਤ-ਵੈਸਾਖ ਦੇ ਮਹੀਨਿਆਂ ਵਿੱਚ ਹੁੰਦੀ ਹੈ। ਫੇਰ ਪਤਾ ਨਹੀਂ ਕਿਉ ਸ਼੍ਰੋਮਣੀ ਕਮੇਟੀ ਬਸੰਤ ਰਾਗ ਦਾ ਗਾਇਨ 30 ਪੋਹ ਜਾਂ ਇਕ ਮਾਘ ਤੋਂ ਆਰੰਭ ਕਰਦੀ ਹੈ ਅਤੇ ਸਮਾਪਤੀ 18 ਫੱਗਣ ਤੋਂ 15 ਚੇਤ ਦਰਮਿਆਨ ਕਰਦੀ ਹੈ। ਪਰ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਮਾਘ ਅਤੇ ਫੱਗਣ ਦੇ ਮਹੀਨੇ ਵਿੱਚ ਹਿਮਕਰ ਰੁੱਤ ਭਾਵ ਬਰਫ਼ਾਨੀ ਰੁੱਤ ਹੁੰਦੀ ਹੈ। “ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ” (ਪੰਨਾ 929)
“ਬਸੰਤ ਦੀ ਚੌਕੀ” ਮਾਘ-ਫੱਗਣ ਦੇ ਮਹੀਨੇ ਲਾਉਣ ਦੀ ਮਰਯਾਦਾ ਕਦੋਂ ਅਤੇ ਕਿਸ ਨੇ ਬਣਾਈ ਹੈ? ਇਹ ਸਵਾਲ, ਸਕੱਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਕੱਤਰ ਧਰਮ ਪ੍ਰਚਾਰ ਕਮੇਟੀ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬਾਨ, ਕਈ ਹਜ਼ੂਰੀ ਰਾਗੀ ਜਥਿਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨਾਂ ਨੂੰ ਪੁੱਛ ਚੁੱਕੇ ਹਾਂ। ਕਿਸੇ ਨੇ ਵੀ ਤਸੱਲੀ ਬਖ਼ਸ਼ ਜਵਾਬ ਨਹੀ ਦਿੱਤਾ। ਖੈਰ...। ਉਪ੍ਰੋਕਤ ਚਰਚਾ ਤੋਂ ਸਹਿਜੇ ਹੀ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਰੁੱਤਾਂ ਦਾ ਸਬੰਧ ਸੂਰਜ ਦੁਵਾਲੇ ਧਰਤੀ ਦੀ ਚਾਲ ਨਾਲ ਹੈ ਨਾ ਕਿ ਧਰਤੀ ਦੁਵਾਲੇ ਚੰਦ ਦੀ ਚਾਲ ਨਾਲ। ਧਰਤੀ ਤੇ ਰੁੱਤਾਂ ਦੀ ਅਦਲਾ ਬਦਲੀ ਰੁੱਤੀ ਸਾਲ (Tropical Year) ਦੀ ਲੰਬਾਈ ਮੁਤਾਬਕ ਹੁੰਦੀ ਹੈ, ਨਾ ਕਿ ਬਿਕ੍ਰਮੀ ਸਾਲ (Sidereal Year) ਮੁਤਾਬਕ। ਬਸੰਤ ਪੰਚਮੀ, ਸਰਸਵਤੀ ਦੀ ਪੂਜਾ ਦਾ ਤਿਉਹਾਰ ਹੈ ਨਾ ਕਿ ਬਸੰਤ ਰੁੱਤ ਦਾ ਆਰੰਭ। ਗੁਰਬਾਣੀ ਮੁਤਾਬਕ ਬਸੰਤ ਰੁੱਤ ਚੇਤ ਅਤੇ ਵੈਸਾਖ ਦੇ ਮਹੀਨੇ ਵਿੱਚ ਹੁੰਦੀ ਹੈ ਨਾ ਕਿ ਮਾਘ-ਫੱਗਣ ਵਿੱਚ, ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ “ਬਸੰਤ ਦੀ ਚੌਕੀ” ਭਾਵ ਬਸੰਤ ਰਾਗ ਦਾ ਕੀਰਤਨ ਕੀਤਾ ਜਾਂਦਾ ਹੈ।
ਸੰਗਰਾਂਦ, ਕੁਦਰਤੀ ਵਿਧਾਨ ਨਹੀਂ ਹੈ! - ਸਰਵਜੀਤ ਸਿੰਘ ਸੈਕਰਾਮੈਂਟੋ
“ਲਫ਼ਜ਼ ‘ਸੰਗ੍ਰਾਂਦ’ ਸੰਸਕ੍ਰਿਤ ਦੇ ‘ਸਾਂਕ੍ਰਾਂਤ’ [ਸੰਕ੍ਰਾਂਤਿ] ਦਾ ਵਿਗਾੜ ਹੈ, ਇਸ ਦਾ ਅਰਥ ਹੈ, ਇਸ ਦਾ ਅਰਥ ਹੈ ‘ਸੂਰਜ ਦਾ ਇਕ ਰਾਸ ਤੋਂ ਦੂਜੀ ਵਿਚ ਲੰਘਣਾ। ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਚਾਲ ਦੇ ਨਾਲ ਹੈ । ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਇਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿਚ ਪੈਰ ਧਰਦਾ ਹੈ। ਬਾਰਾਂ ਮਹੀਨੇ ਹਨ ਤੇ ਬਾਰਾਂ ਹੀ ਰਾਸਾਂ ਹਨ । ਜੋ ਲੋਕ ਸੂਰਜ ਦੇਵਤੇ ਦੇ ਉਪਾਸ਼ਕ ਹਨ, ਉਹਨਾਂ ਲਈ ਹਰੇਕ ‘ਸੰਗ੍ਰਾਂਦ’ ਦਾ ਦਿਨ ਪਵਿੱਤ੍ਰ ਹੈ ਕਿਉਂਕਿ ਉਸ ਦਿਨ ਸੂਰਜ-ਦੇਵਤਾ ਇਕ ‘ਰਾਸ’ ਨੂੰ ਛੱਡ ਕੇ ਦੂਜੀ ਵਿਚ ਆਉਂਦਾ ਹੈ। ਇਸ ਦਿਨ ਖ਼ਾਸ ਉਚੇਚਾ ਪੂਜਾ-ਪਾਠ ਕੀਤਾ ਜਾਂਦਾ ਹੈ, ਤਾਂ ਜੋ ਸੂਰਜ-ਦੇਵਤਾ ਉਸ ਨਵੀਂ ‘ਰਾਸ’ ਵਿਚ ਰਹਿ ਕੇ ਉਪਾਸ਼ਕ ਲਈ ਸਾਰਾ ਮਹੀਨਾ ਚੰਗਾ ਲੰਘਾਏ” । (ਬੁਰਾਈ ਦਾ ਟਾਕਰਾ, ਪੰਨਾ 125)
ਸੂਰਜੀ ਬਿਕ੍ਰਮੀ ਸਾਲ ਵਿਚ 12 ਮਹੀਨੇ ਹਨ (ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ ਪੋਹ, ਮਾਘ, ਫੱਗਣ) ਅਤੇ 12 ਹੀ ਰਾਸ਼ਿਆਂ ਹਨ। (ਮੇਖ, ਬ੍ਰਿਖ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾਂ, ਬ੍ਰਿਸ਼ਚਕ, ਧਨ, ਮਕਰ, ਕੁੰਭ, ਮੀਨ) ਸੂਰਜ ਇਕ ਰਾਸ਼ੀ ਵਿਚ ਇਕ ਮਹੀਨਾ ਰਹਿੰਦਾ ਹੈ। ਜਿਸ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ‘ਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗਰਾਂਦ ਹੁੰਦੀ ਹੈ। ਯਾਦ ਰਹੇ, ਇਹ ਨਿਯਮ ਉਨ੍ਹਾਂ ਦਿਨਾਂ ਦੇ ਬਣੇ ਹੋਏ ਹਨ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਖੜੀ ਹੈ ਅਤੇ ਸੂਰਜ ਧਰਤੀ ਦੇ ਦੁਵਾਲੇ ਘੁੰਮਦਾ ਹੈ ਪਰ ਅੱਜ ਅਜੇਹਾ ਨਹੀਂ ਹੈ। ਗੈਲੀਲੀਓ (1564-1642) ਨੇ ਅੱਜ ਤੋਂ ਕਈ ਸਦੀਆਂ ਪਹਿਲਾ ਇਹ ਸਾਬਤ ਕਰ ਦਿੱਤਾ ਸੀ ਕਿ ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ।
ਗੁਰੂ ਕਾਲ ਵੇਲੇ ਹਿੰਦੋਸਤਾਨ ਵਿਚ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਪ੍ਰਚੱਲਤ ਸੀ। ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (365 ਦਿਨ 6 ਘੰਟੇ 12 ਮਿੰਟ 31 ਸੈਕਿੰਡ) ਮੰਨੀ ਗਈ ਸੀ। 18-19 ਨਵੰਬਰ 1964 ਈ: ਵਿਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕ ਇਕੱਤਰਤਾ ਹੋਈ ਜਿਸ ਵਿਚ ਸਾਲ ਦੀ ਲੰਬਾਈ ‘ਚ ਸੋਧ ਕਰਨ ਬਾਰੇ ਚਰਚਾ ਹੋਈ ਕੀਤੀ ਗਈ।
“ਅੰਮ੍ਰਿਤਸਰ-19 ਨਵੰਬਰ- ਅਖਿਲ ਭਾਰਤੀਯ ਵੈਦ ਸਰਵਸ਼ਾਖਾ ਸਮੇਲਨ (ਸਾਤਵਾਂ) ਕੇ ਜ਼ੇਰ ਏ ਇਹਤਮਾਮ ਜੋਤਿਸ਼ ਕੇ ਇਸ ਮੌਜ਼ੂ ਪਰ ਯੇਹ ਫੈਸਲਾ ਕਰਨੇ ਕੇ ਲੀਏ ਦਿਲਚਸਪ ਸ਼ਾਸਤਰਾਰਥ ਹੂਆ ਕਿ ਦਰਿਕ ਪਕਸ਼ ਕੋ ਦਰੁਸਤ ਮਾਨਨਾ ਚਾਹੀਏ ਯਾ ਸਵਰ ਪਕਸ਼ ਕੋ ਦਰੁਸਤ ਮਾਨਨਾ ਚਾਹੀਏ। ਦਰਿਕ ਪਕਸ਼ ਕਾ ਸਮਰਥਨ ਮੌਜ਼ਾ ਕੁਰਾਲੀ ਜ਼ਿਲਾ ਅੰਬਾਲਾ ਕੇ ਦੋ ਨੌਜਵਾਨ ਵਿਦਵਾਨ ਸ਼੍ਰੀ ਪਿਰਯਾਵਰਤ, ਐੈਮ ਏ, ਪਰੋਫੈਸਰ ਸੰਸਕ੍ਰਿਤ ਕਾਲਜ, ਸੋਲਨ ਔਰ ਸ਼੍ਰੀ ਸ਼ਕਤੀ ਧਰ, ਐਮ ਐਸ ਸੀ ਕਰ ਰਹੇ ਥੇ। ਔਰ ਸਵਰ ਪਕਸ਼ ਕਾ ਸਮਰਥਨ ਜਗਤ ਗੁਰੂ ਸ਼ੰਕਰਾਚਾਰੀਯ ਗੋਵਰਧਨ ਮੱਠ ਪੂਰੀ ਵਾ ਸ਼੍ਰੀ ਰਾਮ ਵਿਆਸ ਪਾਂਡੇ ਕਰ ਰਹੇ ਥੇ। ਸ਼ਾਸਤਰਾਰਥ ਕੇ ਦੌਰਾਨ ਏਕ ਸਮਯ ਪਰ ਦਰਿਕ ਪਕਸ਼ ਕੇ ਹਕ ਮੇਂ ਦਲਾਯਲ ਸੁਨ ਕਰ ਜਗਤ ਗੁਰੂ ਭੀ ਚਕਤ ਰਹਿ ਗਏ। ਚੁਨਾਂਚੇ ਦਰਿਕ ਪਕਸ਼ ਵਾਲੋਂ ਕਾ ਪਲੜਾ ਭਾਰੀ ਰਹਾ”।
ਇਸ ਸੰਮੇਲਨ ‘ਚ ਸਾਲ ਦੀ ਲੰਬਾਈ 365.2563 ਦਿਨ (365 ਦਿਨ 6 ਘੰਟੇ 9 ਮਿੰਟ 4 ਸੈਕਿੰਡ) ਮੰਨ ਲਈ ਗਈ ਅਤੇ ਇਸ ਨੂੰ ‘ਦ੍ਰਿਕਗਿਣਤ’ ਦਾ ਸਿਧਾਂਤ ਕਿਹਾ ਜਾਂਦਾ ਹੈ। ਅੱਜ ਵੀ ਹਿੰਦੋਸਤਾਨ ਵਿਚ ਇਹ ਦੋਵੇਂ ਸਿਧਾਂਤ ਪ੍ਰਚੱਲਤ ਹਨ। ਸੂਰਜੀ ਸਿਧਾਂਤ (365.2587 ਦਿਨ) ਅਤੇ ਦ੍ਰਿਕਗਿਣਤ ਸਿਧਾਂਤ (365.2563 ਦਿਨ) ਦੇ ਸਾਲ ਦੀ ਲੰਬਾਈ ‘ਚ ਅੰਤਰ ਹੋਣ ਕਾਰਨ ਦੋਵਾਂ ਕੈਲੰਡਰਾਂ ਦੀਆਂ 3-4 ਸੰਗ੍ਰਾਂਦਾਂ ਹਰ ਸਾਲ ਵੱਖ-ਵੱਖ ਹੁੰਦੀਆਂ ਹਨ। ਇਕ ਸਮਾਂ ਅਜੇਹਾ ਵੀ ਆਵੇਗਾ ਕਿ ਬਾਰਾਂ ਦੀਆਂ ਬਾਰਾਂ ਸੰਗਰਾਂਦਾਂ ਵੱਖ ਹੋ ਜਾਣਗੀਆਂ।
ਬਿਕ੍ਰਮੀ 2079 ਸੰਮਤ (2022-23 ਈ:) ਦੇ ਚਾਰਟ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਜੀ ਵੱਲੋਂ ਵਰਤੋਂ ਵਿੱਚ ਲਿਆਂਦੇ ਗਏ ਕੈਲੰਡਰ (ਸੂਰਜੀ ਸਿਧਾਂਤ) ਅਤੇ 1964 ਈ: ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਮੁਤਾਬਕ ਬਣੇ ਕੈਲੰਡਰ (ਦ੍ਰਿਕ ਗਿਣਤ ਸਿਧਾਂਤ) ਵਿਚ ਸੰਮਤ 2079 ਬਿਕ੍ਰਮੀ ਵਿਚ 3 ਸੰਗਰਾਂਦਾਂ ਅਤੇ 7 ਮਹੀਨਿਆਂ ਦੇ ਦਿਨ ਵੱਖ-ਵੱਖ ਹਨ। ਸੂਰਜੀ ਸਿਧਾਂਤ ਮੁਤਾਬਕ ਸਾਲ ਵਿੱਚ 366 ਦਿਨ ਬਣਦੇ ਹਨ ਅਤੇ ਦ੍ਰਿਕ ਗਿਣਤ ਸਿਧਾਂਤ ਮੁਤਾਬਕ 365 ਦਿਨ। ਸੂਰਜੀ ਸਿਧਾਂਤ ਮੁਤਾਬਕ ਤਾਂ 17 ਜੁਲਾਈ ਨੂੰ ਸੂਰਜ 10:58 Am (IST) ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਦ੍ਰਿਕ ਗਿਣਤ ਸਿਧਾਂਤ ਮੁਤਾਬਕ 16 ਜੁਲਾਈ ਨੂੰ ਸੂਰਜ 10:56 Pm (IST) ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਪੂਰੇ 12 ਘੰਟੇ ਦਾ ਅੰਤਰ। ਸੂਰਜ ਇਕ ਹੈ, ਰਾਸ਼ੀ ਇਕ ਹੈ, ਪਰ ਉਸ ਰਾਸ਼ੀ ‘ਚ ਸੂਰਜ ਪ੍ਰਵੇਸ਼ ਦੀ ਤਾਰੀਖ ਅਤੇ ਸਮਾਂ, ਦੋ ਕੈਲੰਡਰਾਂ ਮੁਤਾਬਕ ਵੱਖ-ਵੱਖ। ਇਹ ਦੋਵੇਂ ਕੈਲੰਡਰ ਠੀਕ ਨਹੀਂ ਹੋ ਸਕਦੇ ਅਤੇ ਸੂਰਜ ਦੋਵਾਂ ਕੈਲੰਡਰਾਂ ਮੁਤਾਬਕ ਨਹੀ ਚਲ ਸਕਦਾ। ਇਨ੍ਹਾਂ ਕੈਲੰਡਰਾਂ ਨੂੰ ਬਣਾਉਣ ਵਾਲੀਆਂ ਦੋਵੇਂ ਧਿਰਾਂ ਹੀ ਇਹ ਦਾਵਾ ਕਰਦੀਆਂ ਹਨ ਕਿ ਸੰਗਰਾਂਦ ਉਸ ਦਿਨ ਹੁੰਦੀ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕੇ ਕੀ ਸੰਗਰਾਂਦ ਦੀ ਇਹ ਪ੍ਰੀਭਾਸ਼ਾ ਮੰਨਣ ਯੋਗ ਹੈ? ਯਾਦ ਰਹੇ ਹੁਣ ਤਾਂ ਤੇਰਵੀਂ ਰਾਸ਼ੀ ‘ਆਫਿਓਕਸ’ (Ophiuchus) ਦੀ ਚਰਚਾ ਚਲ ਪਈ ਹੈ। ਸੋ ਸਪੱਸ਼ਟ ਹੈ ਕਿ ਰਾਸ਼ੀਆਂ ਵਾਲਾ ‘ਮੱਕੜ ਜਾਲ’ ਅਤੇ ਸੰਗਰਾਂਦ ਨਿਸ਼ਚਿਤ ਕਰਨ ਦਾ ਤਰੀਕਾਂ ਕੁਦਰਤੀ ਸਿਧਾਂਤ ਨਹੀਂ ਹੈ, ਸਗੋਂ ਇਹ ਵੀ ਲੁੱਟ ਦਾ ਹੀ ਸਿਧਾਂਤ ਹੈ। ਅਗਲੇ ਸਾਲ ਦੋਵਾਂ ਕੈਲੰਡਰਾਂ ਵਿਚ 4-5 ਸੰਗਰਾਂਦਾਂ ਦੀ ਤਾਰੀਖ ਵੀ ਬਦਲ ਜਾਵੇਗੀ ਅਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਵੀ। ਨਾਨਕਸ਼ਾਹੀ ਕੈਲੰਡਰ ਵਿਚ ਮਹੀਨੇ ਦਾ ਆਰੰਭ ਹਰ ਸਾਲ ਇਕੋ ਸਮੇਂ ਹੋਵੇਗਾ ਅਤੇ ਹਰ ਸਾਲ ਹਰ ਮਹੀਨੇ ਦਿਨਾਂ ਦੀ ਗਿਣਤੀ ਵੀ ਇਕੋ ਹੀ ਰਹੇਗੀ। ਖਾਲਸਾ ਜੀ ਜਾਗੋ! ਉਨ੍ਹਾਂ ਨੂੰ ਪਛਾਣੋ, ਜਿਹੜੇ ਇਕਵੀਂ ਸਦੀ ਵਿੱਚ ਵੀ ਸਾਨੂੰ ਰਾਸ਼ੀਆਂ ਦੇ ਮੱਕੜ ਜਾਲ ‘ਚ ਉਲਝਾਈ ਰੱਖਣਾ ਚਾਹੁੰਦੇ ਹਨ।
ਆਓ ਹੁਣ ਸਾਲ ਦੀ ਲੰਬਾਈ ਬਾਰੇ ਜਾਣਕਾਰੀ ਸਾਂਝੀ ਕਰੀਏ;
ਗੁਰਬਾਣੀ ਵਿੱਚ ਦਰਜ ਰੁੱਤੀ ਸਲੋਕ (ਪੰਨਾ 927) ਵਿੱਚ 6 ਰੁੱਤਾਂ ਦਾ ਜਿਕਰ ਹੈ। ਇਸ ਧਰਤੀ ਉੱਪਰ ਰੁੱਤਾਂ ਦੀ ਅਦਲਾ-ਬਦਲੀ ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਅਤੇ ਧਰਤੀ ਦਾ ਆਪਣੇ ਧੁਰੇ ਉੱਪਰ ਇਕ ਪਾਸੇ ਨੂੰ ਝੁਕੀ (23.5°) ਹੋਣ ਕਾਰਨ ਹੁੰਦੀ ਹੈ। ਇਸ ਲਈ ਜੇ ਕੈਲੰਡਰੀ ਸਾਲ ਦੀ ਲੰਬਾਈ ਅਤੇ ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਦੇ ਸਮੇਂ ਵਿੱਚ ਅੰਤਰ ਹੋਵੇਗਾ ਤਾਂ ਮਹੀਨਿਆਂ ਦਾ ਰੁੱਤਾਂ ਨਾਲੋਂ ਸਬੰਧ ਟੁੱਟ ਜਾਵੇਗਾ। ਯਾਦ ਰਹੇ ਧਰਤੀ ਸੂਰਜ ਦੁਵਾਲੇ ਆਪਣਾ ਇਕ ਚੱਕਰ 365.2422 ਦਿਨਾਂ ਵਿੱਚ ਪੂਰਾ ਕਰਦੀ ਹੈ। ਜਿਵੇ ਕਿ ਪੜ੍ਹ ਚੁਕੇ ਹੋ ਕਿ ਗੁਰੂ ਕਾਲ ਵਾਲੇ ਕੈਲੰਡਰ (ਸੂਰਜੀ ਸਿਧਾਂਤ) ਦੀ ਲੰਬਾਈ ਲੱਗ-ਭੱਗ 24 ਮਿੰਟ ਵੱਧ ਹੈ। ਜਿਸ ਕਾਰਨ ਹਰ 60 ਸਾਲ (1440/24=60) ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ। 1964 ਈ: ਦੀ ਸੋਧ ਤੋਂ ਪਿਛੋਂ (ਦ੍ਰਿਕ ਗਿਣਤ ਸਿਧਾਂਤ) ਦੇ ਸਾਲ ਦੀ ਲੰਬਾਈ ਲੱਗ-ਭੱਗ 20 ਮਿੰਟ ਵੱਧ ਹੋਣ ਕਾਰਨ 72 ਸਾਲ ਪਿਛੋਂ ਇਕ ਦਿਨ ਦਾ ਫ਼ਰਕ ਪੈ ਜਾਵੇ ਗਾ । ਗੁਰੂ ਨਾਨਕ ਸਾਹਿਬ ਜੀ ਦੇ ਸਮੇਂ (ਸੰਮਤ 1526 ਬਿਕ੍ਰਮੀ) ਤੋਂ ਹੁਣ ਤਾਈ 9 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ। ਜੇ ਅਜੇ ਵੀ ਨਾ ਸੰਭਲੇ ਤਾਂ ਇਹ ਫ਼ਰਕ ਵੱਧਦਾ ਹੀ ਜਾਵੇਗਾ। ਅੱਗੋਂ ਇਹ ਫ਼ਰਕ ਹੋਰ ਨਾ ਵੱਧੇ, ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਦੇ ਸਮੇਂ ਦੇ ਮੁਤਾਬਕ ਹੀ (365.2425 ਦਿਨ) ਰੱਖੀ ਗਈ ਹੈ। ਨਾਨਕ ਸ਼ਾਹੀ ਕੈਲੰਡਰ ਦੇ ਸਾਲ ਦੀ ਇਹ ਲੰਬਾਈ, ਰੁੱਤੀ ਸਾਲ ਨਾਲੋਂ, ਜਿਸ ਦੀ ਲੰਬਾਈ 365.2422 ਦਿਨ ਹੈ, ਲੱਗ ਭੱਗ 27 ਸੈਕਿੰਡ ਦਾ ਫ਼ਰਕ ਹੋਣ ਕਾਰਨ, ਹੁਣ 3200 ਸਾਲ ਪਿਛੋਂ ਇਕ ਦਿਨ ਦਾ ਫ਼ਰਕ ਪਵੇਗਾ। ਨਾਨਕਸ਼ਾਹੀ ਕੈਲੰਡਰ ਵਿੱਚ ਸੰਗਰਾਂਦ ਦਾ ਭਾਵ ਹੈ ਮਹੀਨੇ ਦਾ ਆਰੰਭ ਹੈ। ਇਸ ਦਾ ਰਾਸ਼ੀ ਨਾਲ ਕੋਈ ਸਬੰਧ ਨਹੀਂ ਹੈ। ਮਹੀਨੇ ਦੇ ਆਰੰਭ ਦੀ ਤਾਰੀਖ ਵੀ ਪੱਕੀ ਕਰ ਦਿੱਤੀ ਗਈ ਹੈ ਅਤੇ ਮਹੀਨੇ ਦੇ ਦਿਨ ਵੀ ਸਦਾ ਵਾਸਤੇ ਇਕੋ ਹੀ ਰਹਿਣਗੇ।
ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਨਾਲ ਛਾਪਿਆ ਜਾਂਦਾ ਕੈਲੰਡਰ ਅਸਲ ਵਿੱਚ ਬਿਕ੍ਰਮੀ ਕੈਲੰਡਰ (ਦ੍ਰਿਕ ਗਿਣਤ ਸਿਧਾਂਤ) ਹੈ। ਇਹ ਸਿਧਾਂਤ 1964 ਵਿਚ ਹੋਂਦ ਵਿਚ ਆਇਆ ਸੀ। 1965-66 ਈ: ਤੋਂ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਕੈਲੰਡਰ ਦ੍ਰਿਕਗਿਣਤ ਸਿਧਾਂਤ ਮੁਤਾਬਕ ਛਾਪਿਆ ਜਾਂਦਾ ਹੈ, ਸੰਮਤ 2023 ਬਿਕ੍ਰਮੀ (1966 ਈ:) ਵਿੱਚ ਸੂਰਜੀ ਸਿਧਾਂਤ ਮੁਤਾਬਕ ਭਾਦੋਂ ਦੀ ਸੰਗਰਾਂਦ 17 ਅਗਸਤ ਨੂੰ ਸੀ ਅਤੇ ਦ੍ਰਿਕ ਗਿਣਤ ਸਿਧਾਂਤ ਮੁਤਾਬਕ 16 ਅਗਸਤ ਨੂੰ। ਕੀ ਉਦੋਂ ਕਿਸੇ ਨੇ ਦੋ ਸੰਗਰਾਂਦਾਂ ਕਾਰਨ ਪੈਦਾ ਹੋਈ ਦੁਬਿਧਾ ਦਾ ਫਿਕਰ ਕੀਤਾ ਸੀ? ਅੱਜ, ਜਿਹੜੇ ਇਹ ਕਹਿੰਦੇ ਹਨ ਕਿ ਪਾਲ ਸਿੰਘ ਪੁਰੇਵਾਲ ਨੇ ਸੰਗਰਾਂਦਾਂ ਬਦਲ ਦਿੱਤੀਆਂ ਹਨ, ਕੀ ਉਹ ਇਸ ਸਵਾਲ ਦਾ ਜਵਾਬ ਦੇਣਗੇ ਕੇ ਸ਼੍ਰੋਮਣੀ ਕਮੇਟੀ ਨੇ ਗੁਰੂ ਕਾਲ ਵੇਲੇ ਪ੍ਰਚੱਲਤ ਕੈਲੰਡਰ (ਸੂਰਜੀ ਸਿਧਾਂਤ) ਕਿਉ ਛੱਡਿਆ ਸੀ? ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸੰਗਤਾਂ ਨੂੰ ਭਾਵਨਾਤਮਿਕ ਅਪੀਲਾਂ ਕਰਕੇ ਗੁਮਰਾਹ ਕਰਨਾ ਛੱਡੋ, ਅਤੇ ਗੁਰੂ ਕਾਲ ਵਾਲੇ ਕੈਲੰਡਰ (ਸੂਰਜੀ ਸਿਧਾਂਤ) ਨੂੰ ਮੁੜ ਲਾਗੂ ਕਰਵਾਉਣ ਲਈ ਯਤਨ ਆਰੰਭੋ।
8 ਅੱਸੂ ਬਨਾਮ ਅੱਸੂ ਵਦੀ 10 - ਸਰਵਜੀਤ ਸਿੰਘ ਸੈਕਰਾਮੈਂਟੋ
ਸਿੱਖ ਇਤਿਹਾਸ ਨਾਲ ਸਬੰਧਿਤ ਕਈ ਤਾਰੀਖਾਂ ਬਾਰੇ ਮੱਤ-ਭੇਦ ਹਨ ਪਰ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜਿਆਂ ਅਤੇ ਜੋਤੀ ਜੋਤ ਸਮਾਉਣ ਦੇ ਦਿਹਾੜਿਆਂ ਦੀਆਂ ਤਾਰੀਖਾਂ ਬਾਰੇ ਕੋਈ ਮੱਤ ਭੇਦ ਨਹੀਂ ਹੈ। ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ, 8 ਅੱਸੂ, ਅੱਸੂ ਵਦੀ 10 ਸੰਮਤ 1596 ਬਿਕ੍ਰਮੀ ਪ੍ਰਵਾਣਿਤ ਤਾਰੀਖ ਹੈ। ਜਦੋਂ ਕਿਸੇ ਅੰਗਰੇਜ ਲਿਖਾਰੀ ਨੇ ਜਾਂ ਅੰਗਰੇਜ ਭਗਤ ਲਿਖਾਰੀ ਨੇ ਇਸ ਤਾਰੀਖ ਨੂੰ ਅੰਗਰੇਜੀ ਕੈਲੰਡਰ ਵਿੱਚ ਲਿਖਿਆ ਤਾਂ ਇਹ 7 ਸਤੰਬਰ 1539 ਈ: (ਜੂਲੀਅਨ) ਲਿਖੀ ਗਈ। ਇਸਲਾਮ ਧਰਮ ਨਾਲ ਸਬੰਧਿਤ ਕਿਸੇ ਲਿਖਾਰੀ ਨੇ ਇਸੇ ਤਾਰੀਖ ਨੂੰ 23 ਰਬੀ ਉਲ ਸਾਨੀ 946 ਹਿਜਰੀ ਲਿਖਿਆ ਹੋਵੇਗਾ। ਵਦੀ-ਸੁਦੀ ਦਾ ਭੁਲੇਖਾ ਲੱਗਣ ਕਾਰਨ, ਕਈ ਲਿਖਾਰੀਆਂ ਨੇ ਅੱਸੂ ਸੁਦੀ 10 (22 ਸਤੰਬਰ) ਵੀ ਲਿਖਿਆ ਹੈ। ਕਈ ਲਿਖਤਾਂ ਵਿੱਚ ਅੱਸੂ ਵਦੀ 10 ਤਾਂ ਸਹੀ ਹੈ ਪਰ ਅੰਗਰੇਜੀ ਤਾਰੀਖ `ਚ ਬਦਲੀ ਕਰਨ ਵੇਲੇ ਗਲਤੀ ਹੋਈ ਹੈ। ਜਿਵੇ ਗੁਰਬਾਣੀ ਪਾਠ ਦਰਪਣ ਵਿੱਚ 10 ਅਕਤੂਬਰ ਦਰਜ ਹੈ। ਜਦੋਂ ਕਿ ਇਹ 7 ਸਤੰਬਰ ਬਣਦੀ ਹੈ।
ਅੱਜ ਤੋਂ 482 ਸਾਲ ਪਹਿਲਾ ਇਹ ਦੋਵੇਂ ਤਾਰੀਖਾਂ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਸੰਮਤ 1596 ਬਿਕ੍ਰਮੀ ਤੋਂ ਪਿਛੋਂ ਇਹ ਦੋਵੇਂ ਤਾਰੀਖਾਂ ਸੰਮਤ 1615 ਬਿਕ੍ਰਮੀ (7 ਸਤੰਬਰ 1558 ਈ: ਜੂਲੀਅਨ) ਵਿੱਚ ਇਕੱਠੀਆਂ ਆਈਆਂ ਸਨ। ਇਸ ਦਾ ਕਾਰਨ ਇਹ ਹੈ ਕਿ, ਇਨ੍ਹਾਂ ਵਿਚੋਂ ਇਕ ਤਾਰੀਖ (8 ਅੱਸੂ) ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਜਿਸ ਦੇ ਸਾਲ ਦੇ 365 ਦਿਨ ਹੁੰਦੇ ਹਨ। ਦੂਜੀ ਤਾਰੀਖ (ਅੱਸੂ ਵਦੀ 10) ਚੰਦਰ-ਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਜਿਸ ਦੇ ਸਾਲ ਦੇ 354 ਦਿਨ ਹੁੰਦੇ ਹਨ। ਚੰਦ ਦਾ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ। ਇਸ ਕਾਰਨ ਅੱਸੂ ਵਦੀ 10, ਅਗਲੇ ਸਾਲ 11 ਦਿਨ ਪਹਿਲਾ ਆ ਜਾਂਦੀ ਹੈ। ਇਕ ਸਾਲ ਵਿੱਚ 11 ਦਿਨ, ਦੋ ਸਾਲ ਵਿੱਚ 22 ਦਿਨ ਅਤੇ ਤਿੰਨ ਸਾਲ ਪਿਛੋਂ 33 ਦਿਨ, ਇਹ ਫਰਕ ਵੱਧਦਾ ਹੀ ਜਾਵੇਗਾ। ਹਿਜਰੀ ਕੈਲੰਡਰ ਇਸੇ ਤਰ੍ਹਾਂ ਹੀ ਚਲਦਾ ਹੈ। ਪਰ ਬਿਕ੍ਰਮੀ ਕੈਲੰਡਰ ਵਿੱਚ ਅਜੇਹਾ ਨਹੀਂ ਹੁੰਦਾ। ਚੰਦ ਦਾ ਸਾਲ ਜਦੋਂ ਸੂਰਜੀ ਸਾਲ ਤੋਂ ਪਿੱਛੇ ਰਹਿ ਜਾਂਦਾ ਹੈ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। ਉਸ ਨੂੰ ਮਲ ਮਾਸ ਕਹਿੰਦੇ ਹਨ। ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 384-85 ਦਿਨ ਹੋ ਜਾਂਦੇ ਹਨ। 19 ਸਾਲਾਂ ਵਿੱਚ ਅਜੇਹਾ 7 ਵਾਰ ਕੀਤਾ ਜਾਂਦਾ ਹੈ। ਜਿਹੜਾ ਦਿਹਾੜਾ 11 ਦਿਨ ਪਹਿਲਾ ਆਉਣਾ ਚਾਹੀਦਾ ਸੀ, ਉਸ ਸਾਲ ਉਹ ਦਿਹਾੜਾ 18-19 ਦਿਨ ਪੱਛੜ ਜਾਂਦਾ ਹੈ। ਇਸ ਲਈ ਦੋਵੇਂ ਤਾਰੀਖਾਂ ਹਰ ਸਾਲ ਇਕੱਠਿਆਂ ਨਹੀਂ ਆਉਂਦੀਆਂ। ਪਿਛਲੇ ਸਾਲ (ਸੰਮਤ 2077 ਬਿਕ੍ਰਮੀ) ਚੰਦ ਦੇ ਸਾਲ ਵਿੱਚ 13 ਮਹੀਨੇ ਸਨ। ਅੱਸੂ ਦਾ ਮਹੀਨਾ ਦੋ ਵਾਰ (ਇਕ ਸ਼ੁੱਧ ਅਤੇ ਦੂਜਾ ਅਸ਼ੁੱਧ) ਆਇਆ ਸੀ। ਹੁਣ ਸੰਮਤ 2080 ਬਿਕ੍ਰਮੀ ਵਿੱਚ ਸਾਵਣ ਦਾ ਮਹੀਨਾ ਅਤੇ ਸੰਮਤ 2083 ਬਿਕ੍ਰਮੀ ਵਿੱਚ ਜੇਠ ਦਾ ਮਹੀਨਾ ਦੋ ਵਾਰੀ ਆਵੇਗਾ। ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ।
ਨਾਨਕਸ਼ਾਹੀ ਕੈਲੰਡਰ ਕਮੇਟੀ ਵੱਲੋਂ ਨਿਰਧਾਰਤ ਕੀਤੇ ਗਏ ਪੈਮਾਨੇ ਵਿੱਚ ਇਹ ਵੀ ਸ਼ਾਮਿਲ ਹੈ ਕਿ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲੀ ਕਰਨ ਲਈ ਅੰਗਰੇਜੀ ਤਾਰੀਖਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ”। ਕੈਲੰਡਰ ਕਮੇਟੀ ਵੱਲੋਂ ਕੀਤੇ ਗਏ ਇਸ ਫੈਸਲੇ ਅਨੁਸਾਰ, ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੇ ਪ੍ਰਵਿਸ਼ਟੇ ਭਾਵ 8 ਅੱਸੂ ਨੂੰ ਮੁੱਖ ਰੱਖਿਆ ਗਿਆ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਸੂ ਮਹੀਨੇ ਦਾ ਆਰੰਭ ਹਰ ਸਾਲ 15 ਸਤੰਬਰ ਨੂੰ ਹੁੰਦਾ ਹੈ ਇਸ ਲਈ 8 ਅੱਸੂ ਨੂੰ ਹਰ ਸਾਲ 22 ਸਤੰਬਰ ਹੀ ਆਵੇਗੀ। ਜਦੋਂ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਅੱਸੂ ਵਦੀ 10 ਮੁਤਾਬਕ ਪਿਛਲੇ ਸਾਲ (2020 ਈ:) 12 ਸਤੰਬਰ, ਇਸ ਸਾਲ (2021 ਈ:) 1 ਅਕਤੂਬਰ, 2022 ਈ: ਵਿੱਚ 20 ਸਤੰਬਰ ਅਤੇ 2023 ਈ: ਵਿੱਚ 9 ਅਕਤੂਬਰ ਨੂੰ ਆਵੇਗੀ।
ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਮਤ 535 ਨਾਨਕਸ਼ਾਹੀ (2003 ਈ:) ਵਿੱਚ ਲਾਗੂ ਕੀਤਾ ਗਿਆ ਸੀ। ਪਰ ਬਿਨਾ ਕੋਈ ਕਾਰਨ ਦੱਸੇ 2010 ਈ: ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਗਿਆ। ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪਿਛਲੇ ਇਕ ਦਹਾਕੇ ਵਿੱਚ, ਧਰਮ ਪ੍ਰਚਾਰ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਦਫਤਰ ਵੱਲੋਂ, ਕੈਲੰਡਰ ਸਬੰਧੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ। ਪਰ, ਪਿਛਲੇ ਦਿਨੀਂ ਅਚਾਨਕ ਹੀ ਇਹ ਖ਼ਬਰ ਆਈ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, 9 ਮੈਂਬਰਾਂ ਦੇ ਵਫ਼ਦ ਸਮੇਤ 20 ਸਤੰਬਰ ਨੂੰ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ, ਗੁਰੂ ਨਾਨਕ ਜੀ ਦੇ ਜੋਤੀ ਜੋਤ ਦਿਹਾੜੇ ਦੇ ਸਮਾਗਮਾਂ ਵਿਚ ਭਾਗ ਲੈਣ ਲਈ ਪਾਕਿਸਤਾਨ ਪੁੱਜ ਗਏ ਹਨ। ਉਨ੍ਹਾਂ 21 ਸਤੰਬਰ ਨੂੰ ਕਰਤਾਰ ਪੁਰ ਸਾਹਿਬ ਵਿਖੇ ਸਜਾਏ ਗਏ ਨਗਰ ਕੀਰਤਨ ਵਿਚ ਭਾਗ ਲਿਆ ਅਤੇ 22 ਸਤੰਬਰ ਨੂੰ ਮੁੱਖ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਯਾਦ ਰਹੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ, ਹਰ ਸਾਲ 8 ਅੱਸੂ (22 ਸਤੰਬਰ) ਨੂੰ ਮਨਾਇਆ ਜਾਂਦਾ ਹੈ। ਜਦੋਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਗਏ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ 13 ਮਾਰਚ 2021 ਈ: ਨੂੰ ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ ਵਿੱਚ ਇਹ ਦਿਹਾੜਾ 1 ਅਕਤੂਬਰ ਦਾ ਦਰਜ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ 1 ਅਕਤੂਬਰ ਨੂੰ ਮਨਾਇਆ ਜਾਣਾ ਹੈ।
ਹੈਰਾਨੀ ਦੀ ਗੱਲ ਹੈ ਕਿ 13 ਮਾਰਚ 2021 ਈ: ਦਿਨ ਸ਼ਨਿਚਰਵਾਰ ਨੂੰ, ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ, ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਕੈਲੰਡਰ ਜਾਰੀ ਕਰਨ ਵੇਲੇ ਸੰਗਤਾਂ ਨੂੰ ਬਿਕ੍ਰਮੀ ਕੈਲੰਡਰ ਤੇ ਪਹਿਰਾ ਦੇਣ ਦਾ ਉਪਦੇਸ਼ ਦਿੱਤਾ ਸੀ, ਜਿਸ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਹਾੜਾ ਅੱਸੂ ਵਦੀ 10 (1 ਅਕਤੂਬਰ) ਨੂੰ ਹੈ। ਪਰ ਹੁਣ ਅਚਾਨਕ ਹੀ ਪਾਕਿਸਤਾਨ ਵਿਖੇ ਪੁੱਜ ਕੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਦਿੱਤੀ ਹੈ। ਜਿਸ ਮੁਤਾਬਕ ਇਹ ਦਿਹਾੜਾ 8 ਅੱਸੂ (22 ਸਤੰਬਰ) ਨੂੰ ਮਨਾਇਆ ਗਿਆ ਹੈ। ਯਾਦ ਰਹੇ ,ਅਗਸਤ 2019 ਵਿੱਚ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾਂ ਵੇਲੇ, ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਾਕਿਸਤਾਨ ਗਏ ਸਨ ਤਾਂ ਉਥੇ ਦੀ ਕਮੇਟੀ ਨਾਲ ਵਾਇਦਾ ਕਰਕੇ ਆਏ ਸਨ ਕਿ ਅਗਲੇ ਸਾਲ ਕੈਲੰਡਰ ਦਾ ਮਸਲਾ ਹਲ ਕਰਕੇ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਾਂਝੇ ਤੌਰ ਨੇ ਮਨਾਇਆ ਜਾਵੇਗਾ। ਪਰ ਪਿਛਲੇ ਦੋ ਸਾਲਾਂ ਵਿਚ ਇਸ ਵਿਸ਼ੇ ਤੇ ਕੋਈ ਵੀ ਵਿਚਾਰ ਚਰਚਾ ਨਹੀਂ ਹੋਈ। ਪਿਛਲੇ ਸਾਲ ਅਤੇ ਇਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਹੀ ਛਾਪਿਆ ਗਿਆ ਸੀ। ਪਰ ਹੁਣ ਜਥੇਦਾਰ ਜੀ ਦੀ ਅਚਾਨਕ ਪਾਕਿ ਫੇਰੀ ਨੇ ਪੰਥਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਕੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਇਹ ਫੇਰੀ ਕੈਲੰਡਰ ਦਾ ਮਸਲਾ ਹਲ ਕਰਨ ਲਈ ਪਹਿਲ ਕਦਮੀ ਹੈ ਜਾਂ ਇਹ ਫੇਰੀ ਕਿਸੇ ਸਿਆਸੀ ਸ਼ਾਜਿਸ ਦਾ ਹਿੱਸਾ ਹੈ? ਜਦੋਂ ਇਤਿਹਾਸ ਤੇ ਨਿਗਾਹ ਮਾਰਦੇ ਹਾਂ ਤਾਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਚਿਹਰਾ ਸਾਹਮਣੇ ਆਉਂਦਾ ਹੈ, ਜਿਨ੍ਹਾਂ ਨੂੰ ਜਨਵਰੀ 2015 ਈ: ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਮਨਾਉਣ ਕਾਰਨ, ਸ਼੍ਰੋਮਣੀ ਕਮੇਟੀ ਵੱਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, ਨਾਨਕਸ਼ਾਹੀ ਕੈਲੰਡਰ ਮੁਤਾਬਕ 8 ਅੱਸੂ ਨੂੰ ਮਨਾਏ ਗਏ ਗੁਰੂ ਨਾਨਕ ਜੀ ਦੇ ਜੋਤੀ ਜੋਤ ਦਿਹਾੜੇ ਦੇ ਸਮਾਗਮਾਂ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਣਾ, ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ। ਵੇਖਦੇ ਹਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੁਣ ਕੀ ਰੁਖ ਅਖਤਿਆਰ ਕਰਦੀ ਹੈ?
5 ਵੈਸਾਖ ਬਨਾਮ ਵੈਸਾਖ ਵਦੀ 5 - ਸਰਵਜੀਤ ਸਿੰਘ ਸੈਕਰਾਮੈਂਟੋ
ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਇਹ ਦੋਵੇਂ ਤਾਰੀਖ਼ਾਂ, ਭਾਵੇਂ ਅੱਜ ਤੋਂ 400 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 5 ਵੈਸਾਖ, ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਅਤੇ ਦੂਜੀ ਵੈਸਾਖ ਵਦੀ 5, ਚੰਦਰ ਸੂਰਜੀ ਬ੍ਰਿਕਮੀ (Lunisolar) ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋਵਾਂ ਤਾਰੀਖ਼ਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਇਹ ਚੁਣੌਤੀ, ਕਿਸੇ ਹੋਰ ਨੇ ਨਹੀਂ, ਸਗੋਂ ਸਾਡੇ ਧਾਰਮਿਕ ਮੁੱਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।
ਕੈਲੰਡਰ ਵਿਗਿਆਨ ਦਾ ਆਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਪਹਿਲਾਂ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ ਅਤੇ ਸਿੱਖ ਧਰਮ ਵਿੱਚ ਚੰਦਰ ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਸੀ: ਈ: ਕੈਲੰਡਰ ਪ੍ਰਚੱਲਤ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀਂ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾ ਜਾਂਦਾ ਹੈ। ਚੰਦ ਧਰਤੀ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿੱਚ ਪੂਰਾ ਹੁੰਦਾ ਹੈ। ਚੰਦ ਦਾ ਮਹੀਨਾ ਮੱਸਿਆ ਤੋਂ ਮੱਸਿਆ ਜਾਂ ਪੁੰਨਿਆ ਤੋਂ ਪੁੰਨਿਆ, ਦੋਵੇਂ ਤਰ੍ਹਾਂ ਹੀ ਗਿਣਿਆ ਜਾਂਦਾ ਹੈ। ਚੰਦ ਦੇ ਸਾਲ ਵਿੱਚ ਵੀ 12 ਮਹੀਨੇ (ਚੇਤ ਤੋਂ ਫੱਗਣ) ਹੀ ਹੁੰਦੇ ਹਨ। ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ। ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ ਹੀ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾਂ ਆ ਜਾਵੇਗਾ। ਜਿਵੇਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਵੈਸਾਖ ਵਦੀ 5 ਮੁਤਾਬਕ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਵਿੱਚ ਸੰਮਤ 551 ਵਿੱਚ 11 ਵੈਸਾਖ (24 ਅਪ੍ਰੈਲ 2019 ਸੀ: ਈ:) ਨੂੰ ਆਇਆ ਸੀ। ਕਿਉਂਕਿ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੁੰਦਾ ਹੈ, ਇਸ ਲਈ ਸੰਮਤ 552 ਵਿੱਚ ਇਹ ਦਿਹਾੜਾ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾ, 30 ਚੇਤ (12 ਅਪ੍ਰੈਲ 2020 ਸੀ: ਈ) ਆਇਆ ਸੀ। ਇਸ ਹਿਸਾਬ ਮੁਤਾਬਕ ਤਾਂ ਇਸ ਸਾਲ (ਸੰਮਤ 553) ਇਹ ਦਿਹਾੜਾ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਭਾਵ 19 ਚੇਤ ਨੂੰ ਆਉਣਾ ਚਾਹੀਦਾ ਸੀ। ਪਰ ਨਹੀ! ਇਸ ਸਾਲ ਤਾਂ ਇਹ ਦਿਹਾੜਾ 19 ਵੈਸਾਖ (1 ਮਈ 2021 ਸੀ: ਈ:) ਦਾ ਦਰਜ ਹੈ।
ਇਸ ਦਾ ਕਾਰਨ ਇਹ ਹੈ ਕਿ ਜਦੋਂ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ ਇਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਪਿੱਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿੱਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। ਪਿਛਲੇ ਸਾਲ (ਸੰਮਤ 2077 ਬਿਕ੍ਰਮੀ) ਚੰਦ ਦੇ ਸਾਲ ਦੇ 13 ਮਹੀਨੇ ਸਨ। ਅੱਸੂ ਦਾ ਮਹੀਨਾ ਦੋ ਵਾਰੀ ਆਇਆ ਸੀ। 19 ਸਾਲਾਂ ਵਿੱਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ। ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਜਾਂ ਮਲ ਮਾਸ ਕਿਹਾ ਜਾਂਦਾ ਹੈ। ਪਹਿਲੇ ਮਹੀਨੇ ਦਾ ਵਦੀ ਪੱਖ ਚੰਗਾ, ਪਹਿਲੇ ਮਹੀਨੇ ਦਾ ਸੁਦੀ ਪੱਖ ਮਾੜਾ, ਦੂਜੇ ਮਹੀਨੇ ਦਾ ਵਦੀ ਪੱਖ ਮਾੜਾ ਅਤੇ ਦੂਜੇ ਮਹੀਨੇ ਦਾ ਸੁਦੀ ਪੱਖ ਚੰਗਾ ਹੁੰਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਮਲ ਮਾਸ ਦੇ ਪਿੱਛੋਂ ਆਉਣ ਵਾਲੇ ਦਿਨ ਤਿਉਹਾਰ, ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆਉਣ ਦੀ ਬਿਜਾਏ 18/19 ਦਿਨ ਪੱਛੜ ਕੇ ਆਉਂਦੇ ਹਨ। ਇਸ ਸਾਲ ਜਿਹੜਾ ਦਿਹਾੜਾ 19 ਚੇਤ ਨੂੰ ਆਉਣਾ ਚਾਹੀਦਾ ਸੀ ਹੁਣ ਉਹ 19 ਵੈਸਾਖ ਨੂੰ ਆਵੇਗਾ। ਸੰਮਤ 554 ਵਿੱਚ 8 ਵੈਸਾਖ ਅਤੇ ਸੰਮਤ 555 ਵਿੱਚ 29 ਚੇਤ ਨੂੰ ਆਵੇਗਾ। ਸੰਮਤ 2080 ਬਿਕ੍ਰਮੀ ਵਿੱਚ ਹੁਣ ਫੇਰ ਚੰਦ ਦੇ ਸਾਲ ਵਿਚ ਇਕ ਮਲ ਮਾਸ ਆ ਜਾਵੇਗਾ (ਸਾਵਣ ਦੇ ਦੋ ਮਹੀਨੇ ਹੋਣਗੇ) ਅਤੇ ਸੰਮਤ 556 ਨਾਨਕਸ਼ਾਹੀ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ 17 ਵੈਸਾਖ ਨੂੰ ਆਵੇਗਾ। ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਚੰਦ ਦੇ ਕੈਲੰਡਰ ਨੂੰ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ-ਤੇੜੇ ਹੀ ਰੱਖਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਵਰਤਿਆ ਜਾਵੇ?
ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦਰ ਦੀ ਵੈਸਾਖ ਵਦੀ 5 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 5 ਵੈਸਾਖ ਵੀ ਸੀ। ਜਦੋਂ ਇਸ ਤਾਰੀਖ ਨੂੰ ਜੂਲੀਅਨ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 1 ਅਪ੍ਰੈਲ 1621 ਈ: ਲਿਖੀ ਗਈ ਸੀ। ਜੇ ਕਿਸੇ ਇਤਿਹਾਸਕਾਰ ਨੇ ਇਸੇ ਤਾਰੀਖ ਨੂੰ ਹਿਜਰੀ ਕੈਲੰਡਰ ਵਿੱਚ ਲਿਖਿਆ ਹੋਵੇ ਤਾਂ 18 ਜਮਾਦੀ ਉਲ ਅੱਵਲ 1030 ਹਿਜਰੀ ਲਿਖੀ ਹੋਏਗੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇਹ ਦਿਹਾੜਾ ਵੈਸਾਖ ਵਦੀ 5 ਦੀ ਬਿਜਾਏ 5 ਵੈਸਾਖ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਸਾਨੂੰ ਇਹ ਤਾਰੀਖ ਵੀ ਯਾਦ ਹੋ ਜਾਵੇਗੀ। ਅਸੀਂ ਵਦੀ-ਸੁਦੀ ਦੇ ਮੱਕੜ ਜਾਲ `ਚ ਨਿਕਲ ਜਾਵਾਂਗੇ।
ਹੁਣ ਜਦੋਂ ਅਸੀਂ ਇਹ ਦਿਹਾੜਾ ਵੈਸਾਖ ਵਦੀ 5 ਦੀ ਬਿਜਾਏ, ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਵੈਸਾਖ ਨੂੰ ਮਨਾਉਂਦੇ ਹਾਂ ਤਾਂ ਇਹ ਦਿਹਾੜਾ ਹਰ ਸਾਲ 18 ਅਪ੍ਰੈਲ ਨੂੰ ਹੀ ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ ਛਾਪਿਆ ਜਾਂਦਾ ਹੈ। ਉਹ ਸੂਰਜੀ ਬਿਕ੍ਰਮੀ ਕੈਲੰਡਰ ਹੈ। ਜਿਸ ਦਾ ਆਰੰਭ 1 ਚੇਤ ਤੋਂ ਹੁੰਦਾ ਹੈ। ਇਸ ਕੈਲੰਡਰ ਮੁਤਾਬਕ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਆਉਂਦੀ ਹੈ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਹੀ ਆਉਂਦਾ ਹੈ। ਪਰ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਵਿਸ਼ਟਾ (ਤਾਰੀਖ) ਹਰ ਸਾਲ ਬਦਲ ਜਾਂਦਾ ਹੈ। ਜਿਵੇ ਸੰਮਤ 551 ਨਾਨਕਸ਼ਾਹੀ ਵਿੱਚ 11 ਵੈਸਾਖ, ਸੰਮਤ 552 ਵਿੱਚ 30 ਚੇਤ, ਸੰਮਤ 553 ਵਿੱਚ 19 ਵੈਸਾਖ ਨੂੰ ਹੈ, ਸੰਮਤ 554 ਵਿੱਚ 8 ਵੈਸਾਖ, ਸੰਮਤ 555 ਵਿੱਚ 29 ਚੇਤ, ਅਤੇ ਸੰਮਤ 556 ਵਿੱਚ 17 ਵੈਸਾਖ ਨੂੰ ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ 12 ਸਾਲਾਂ ਤੋਂ ਛਾਪੇ ਜਾਂਦੇ ਕੈਲੰਡਰ ਵਿੱਚ, ਗੁਰਪੁਰਬ ਦੀਆਂ ਤਾਰੀਖਾਂ ਨਿਰਧਾਰਿਤ ਤਾਂ ਚੰਦ ਦੇ ਕੈਲੰਡਰ ਮੁਤਾਬਕ ਕੀਤੀਆਂ ਜਾਂਦੀਆਂ ਹਨ ਪਰ ਸੰਗਤਾਂ ਨੂੰ ਭੁਲੇਖਾ ਪਾਉਣ ਲਈ, ਦਰਜ ਪ੍ਰਵਿਸ਼ਟਿਆਂ ਵਿੱਚ ਕੀਤੀਆਂ ਜਾਂਦੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿਚ ਕੁਝ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 354.27 ਦਿਨ, ਕਦੇ- ਕਦੇ 384-85 ਦਿਨ), ਕੁਝ ਦਿਹਾੜੇ ਸੂਰਜੀ ਬਿਕ੍ਰਮੀ ਮੁਤਾਬਕ (ਸਾਲ ਦੀ ਲੰਬਾਈ 365.2563 ਦਿਨ ਅਤੇ ਕੁਝ ਦਿਹਾੜੇ ਸੀ: ਈ: ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 365.2425 ਦਿਨ) ਮੁਤਾਬਕ ਦਰਜ ਕੀਤੇ ਜਾਂਦੇ ਹਨ। ਪਰ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਕੈਲੰਡਰ ਦਾ ਨਾਮ ਨਾਨਕਸ਼ਾਹੀ ਕੈਲੰਡਰ (ਸਾਲ ਦੀ ਲੰਬਾਈ 365.2425 ਦਿਨ) ਲਿਖਿਆ ਜਾਂਦਾ ਹੈ।
ਨਾਨਕਸ਼ਾਹੀ ਕੈਲੰਡਰ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਸੰਮਤ 535 ਨਾਨਕਸ਼ਾਹੀ (2003-2004 ਈ:) ਵਿਚ ਲਾਗੂ ਕੀਤਾ ਸੀ। ਪਰ ਅਚਾਨਕ ਹੀ ਇਸ ਨੂੰ ਰੱਦ ਕਰਕੇ, ਮਾਰਚ 2010 ਈ: ਵਿਚ ਦੋ ਮੈਂਬਰੀ ਕਮੇਟੀ, ਜਿਸ ਵਿਚ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਸ਼ਾਮਿਲ ਸਨ, ਦੀ ਸਿਫ਼ਾਰਿਸ਼ ਤੇ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਮਿਲਗੋਭਾ ਕੈਲੰਡਰ ਲਾਗੂ ਕਰ ਦਿੱਤਾ ਗਿਆ। ਨਾਨਕਸ਼ਾਹੀ ਕੈਲੰਡਰ ਜਿਸ ਦੇ ਸਾਲ ਦੀ ਲੰਬਾਈ, ਬਾਣੀ ਦੀ ਪਾਵਨ ਪੰਗਤੀ “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” ਤੇ ਅਧਾਰਿਤ ਹੈ। ਇਸ ਦੇ ਹਰ ਮਹੀਨੇ ਦਾ ਆਰੰਭ, ਹਰ ਸਾਲ ਇਕੋ ਸਮੇਂ ਹੀ ਹੁੰਦਾ ਹੈ, ਅਤੇ ਮਹੀਨੇ ਦੇ ਦਿਨ ਵੀ ਬਿਕ੍ਰਮੀ ਕੈਲੰਡਰ ਵਾਂਗੂ, ਹਰ ਸਾਲ ਨਹੀਂ ਬਦਲਦੇ। ਇਸ ਮੁਤਾਬਕ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 5 ਵੈਸਾਖ (18 ਅਪ੍ਰੈਲ) ਨੂੰ ਹੀ ਆਉਂਦਾ ਹੈ।
ਇਸ ਸਾਲ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਦੇ, ਸਾਰਾ ਸਾਲ ਚਲਣ ਵਾਲੇ ਸਮਾਗਮ ਆਰੰਭ ਹੋ ਚੁੱਕੇ ਹਨ। ਵੱਖ-ਵੱਖ ਵਿਦਵਾਨਾਂ ਵੱਲੋਂ ਗੁਰੂ ਜੀ ਦੇ ਜੀਵਨ, ਅਤੇ ਉਨ੍ਹਾਂ ਵੱਲੋਂ ਗੁਰਬਾਣੀ ਰਾਹੀ ਬਖ਼ਸ਼ਿਸ਼ ਕੀਤੇ ਗਏ ਸਿਧਾਂਤਾਂ ਉਪਰ ਆਪਣੀਆਂ ਖੋਜਾਂ ਸਾਂਝੀਆਂ ਕੀਤੀਆਂ ਜਾਣੀਆਂ ਹਨ। ਕੀ ਇਹ ਸੱਜਣ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਵੱਲ ਵੀ ਧਿਆਨ ਦੇਣਗੇ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤਾਂ ਵਾਰ-ਵਾਰ ਲਿਖਤੀ ਬੇਨਤੀਆਂ ਕਰਨ ਪਿਛੋਂ ਨਿਰਾਸ਼ਾ ਹੀ ਪੱਲੇ ਪਈ ਹੈ। ਸ਼੍ਰੋਮਣੀ ਕਮੇਟੀ ਦੇ ਉੱਚ ਸਿੱਖਿਆ ਪ੍ਰਾਪਤ ਅਧਿਕਾਰੀ, ਸਿੰਘ ਸਾਹਿਬ ਅਤੇ ਅਹੁਦੇਦਾਰ ਤਾਂ “ਉਪਰੋਂ ਆਏ ਹੁਕਮਾਂ” ਦੇ ਗੁਲਾਮ ਹਨ। (“ਅਸੀਂ ਤਾਂ ਉੱਪਰੋਂ ਆਇਆ ਹੁਕਮ ਵਜਾਉਣਾ ਹੈ”-ਮੱਕੜ) ਹੁਣ ਇਹ ਫੈਸਲਾ ਪੂਰੇ ਵਿਸ਼ਵ `ਚ ਫੈਲ ਚੁੱਕੀ ਸਿੱਖ ਕੌਮ ਨੇ ਕਰਨਾ ਹੈ, ਕੀ ਸਾਨੂੰ ਰੁੱਤੀ ਸਾਲ (Tropical year) ਤੇ ਅਧਾਰਿਤ ਕੈਲੰਡਰ, ਭਾਵ ਨਾਨਕਸ਼ਾਹੀ ਕੈਲੰਡਰ, ਜਿਸ ਦੇ ਪ੍ਰਵਿਸ਼ਟੇ ਸਦਾ ਵਾਸਤੇ ਇਕੋ ਹੀ ਰਹਿਣਗੇ, ਦੀ ਲੋੜ ਹੈ ਜਾਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ? ਜਿਸ ਦੇ ਪ੍ਰਵਿਸ਼ਟੇ ਹਰ ਸਾਲ ਬਦਲ ਜਾਂਦੇ ਹਨ?
ਦਿਹਾੜਾ ਸੰਮਤ 551 ਸੰਮਤ 552 ਸੰਮਤ 553 ਸੰਮਤ 554 ਸੰਮਤ 555 ਸੰਮਤ 556 ਨਾਨਕਸ਼ਾਹੀ ਕੈਲੰਡਰ
ਵੈਸਾਖੀ 1 ਵੈਸਾਖ 1 ਵੈਸਾਖ 1 ਵੈਸਾਖ 1 ਵੈਸਾਖ 1 ਵੈਸਾਖ 1 ਵੈਸਾਖ 1 ਵੈਸਾਖ
ਸ਼ਹੀਦੀ ਵੱਡੇ ਸਾਹਿਬਜ਼ਾਦੇ 8 ਪੋਹ 8 ਪੋਹ 8 ਪੋਹ 8 ਪੋਹ 8 ਪੋਹ 8 ਪੋਹ 8 ਪੋਹ
ਸ਼ਹੀਦੀ ਛੋਟੇ ਸਾਹਿਬਜ਼ਾਦੇ 13 ਪੋਹ 13 ਪੋਹ 13 ਪੋਹ 13 ਪੋਹ 13 ਪੋਹ 13 ਪੋਹ 13 ਪੋਹ
ਪ੍ਰਕਾਸ਼ ਦਿਹਾੜਾ ਪਾਤਸ਼ਾਹੀ 9 11 ਵੈਸਾਖ 30 ਚੇਤ 19 ਵੈਸਾਖ 8 ਵੈਸਾਖ 29 ਚੇਤ 17 ਵੈਸਾਖ 5 ਵੈਸਾਖ
ਕੱਤਕ ਕਿ ਮੱਘਰ - ਸਰਵਜੀਤ ਸਿੰਘ ਸੈਕਰਾਮੈਂਟੋ
ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਤਾਈਂ ਤਾਂ ਇਹ ਚਰਚਾ ਹੀ ਚਲਦੀ ਰਹੀ ਹੈ ਕਿ ਉਨ੍ਹਾਂ ਦਾ ਪ੍ਰਕਾਸ਼ ਕੱਤਕ ਦਾ ਹੈ ਜਾਂ ਵੈਸਾਖ ਦਾ? ਪਰ ਇਸ ਸਾਲ ਨਵੀਂ ਚਰਚਾ ਚੱਲ ਪਈ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦਾ ਹੈ ਜਾਂ ਮੱਘਰ ਦਾ? ਪਿਛਲੇ ਕਈ ਦਿਨਾਂ ਤੋਂ ਇਸ ਸਬੰਧੀ ਸਵਾਲ ਪੁੱਛੇ ਜਾ ਰਹੇ ਹਨ। ਇਸ ਦਾ ਕਾਰਨ, ਬਿਕ੍ਰਮੀ ਕੈਲੰਡਰ ਦੀ ਗੁੰਝਲਦਾਰ ਬਣਤਰ ਬਾਰੇ ਆਮ ਸੰਗਤਾਂ ਨੂੰ ਜਾਣਕਾਰੀ ਦੀ ਘਾਟ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਬੇਈਮਾਨੀ। ਆਓ ਇਸ ਨੂੰ ਸਮਝਣ ਦਾ ਯਤਨ ਕਰੀਏ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ ਵਿੱਚ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ 16 ਮੱਘਰ (30 ਨਵੰਬਰ) ਦਾ ਦਰਜ ਹੈ। ਇਥੋਂ ਕਈ ਸੱਜਣਾਂ ਨੂੰ ਇਹ ਭੁਲੇਖਾ ਲੱਗ ਗਿਆ ਕਿ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮੱਘਰ ਵਿੱਚ ਆ ਰਿਹਾ ਹੈ। ਜੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨੂੰ ਸਹੀ ਮੰਨ ਲਿਆ ਜਾਵੇ ਤਾਂ ਇਸ ਤਰ੍ਹਾਂ ਸੋਚਣ ਵਾਲੇ ਸੱਜਣ ਸਹੀ ਹਨ। ਕਿਉਂਕਿ ਸ਼੍ਰੋਮਣੀ ਕਮੇਟੀ ਆਪਣਾ ਕੈਲੰਡਰ ਸੂਰਜੀ ਬਿਕ੍ਰਮੀ (ਦ੍ਰਿਗ ਗਿਣਤ ਸਿਧਾਂਤ) ਮੁਤਾਬਕ ਛਾਪਦੀ ਹੈ। ਇਸ ਦਾ ਆਰੰਭ 1 ਚੇਤ (14 ਮਾਰਚ) ਤੋਂ ਹੁੰਦਾ ਹੈ ਅਤੇ ਆਖਰੀ ਮਹੀਨਾ ਫੱਗਣ ਹੈ। ਇਸ ਦੇ ਸਾਲ ਦੇ ਦਿਨ 365 ਬਣਦੇ ਹਨ। ਹੁਣ ਜਦੋਂ ਸਾਲ ਦੇ ਦਿਨ 365 ਹੁੰਦੇ ਹਨ ਤਾ ਹਰ ਸਾਲ, ਹਰ ਦਿਹਾੜਾ ਉਸੇ ਪ੍ਰਵਿਸ਼ਟੇ (ਤਾਰੀਖ) ਨੂੰ ਹੀ ਆਉਣਾ ਚਾਹੀਦਾ ਹੈ। ਜਿਵੇ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਹੁੰਦੀ ਹੈ। ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਰ ਸਾਲ 8 ਪੋਹ ਅਤੇ 13 ਪੋਹ ਨੂੰ ਹੀ ਆਉਂਦੇ ਹਨ। ਇਸ ਮੁਤਾਬਕ ਤਾਂ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਜੋ ਪਿਛਲੇ ਸਾਲ 27 ਕੱਤਕ (12 ਨਵੰਬਰ) ਨੂੰ ਸੀ, ਇਸ ਸਾਲ ਵੀ 27 ਕੱਤਕ ਨੂੰ ਹੀ ਆਉਣਾ ਚਾਹੀਦਾ ਸੀ। ਪਰ ਅਜੇਹਾ ਨਹੀਂ ਹੈ। ਇਸ ਸਾਲ ਗੁਰੂ ਨਾਨਕ ਦੀ ਦਾ ਪ੍ਰਕਾਸ਼ ਗੁਰਪੁਰਬ 16 ਮੱਘਰ (30 ਨਵੰਬਰ) ਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਜੀ ਦੇ ਦਿਹਾੜੇ ਮਨਾਉਂਦੀ ਤਾਂ ਵਦੀ-ਸੁਦੀ ਮੁਤਾਬਕ ਭਾਵ ਚੰਦ ਦੇ ਕੈਲੰਡਰ ਮੁਤਾਬਕ ਹੈ ਪਰ ਦਰਜ ਪ੍ਰਵਿਸ਼ਟਿਆਂ `ਚ ਭਾਵ ਸੂਰਜੀ ਕੈਲੰਡਰ ਮੁਤਾਬਕ ਕਰਦੀ ਹੈ ਤਾਂ ਜੋ ਸੰਗਤਾਂ ਵਿੱਚ ਭੁਲੇਖਾ ਬਣਿਆ ਰਹੇ ਕਿ ਇਹ ਨਾਨਕਸ਼ਾਹੀ ਕੈਲੰਡਰ ਹੀ ਹੈ। ਜਦੋਂ ਕਿ ਅਸਲ ਵਿੱਚ ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਹੈ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੇ ਵਿਧੀ-ਵਿਧਾਨ ਨਾਲ ਤਾਰੀਖਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ, ਕੈਲੰਡਰ ਵਿਚ ਛਾਪੀਆਂ ਵੀ ਉਸੇ ਅਨੁਸਾਰ ਹੀ ਜਾਣੀਆਂ ਚਾਹੀਦੀਆਂ ਤਾਂ ਜੋ ਸੰਗਤਾਂ ਨੂੰ ਕੋਈ ਭਰਮ-ਭੁਲੇਖਾ ਨਾ ਰਹੇ।
ਚੰਦ ਦੇ ਕੈਲੰਡਰ ਮੁਤਾਬਕ ਸਾਲ ਦੇ 12 ਮਹੀਨੇ (ਚੇਤ ਤੋਂ ਫੱਗਣ) ਅਤੇ ਸਾਲ ਦੇ 354 ਦਿਨ ਹੁੰਦੇ ਹਨ। ਪਰ ਚੰਦ ਦੇ ਸਾਲ ਦੇ ਦਿਨ, ਸੂਰਜੀ ਸਾਲ ਦੇ ਦਿਨਾਂ ਤੋਂ 11 ਦਿਨ ਘੱਟ ਹੁੰਦੇ ਹਨ। ਇਸ ਕਾਰਨ ਹਰ ਸਾਲ, ਹਰ ਦਿਹਾੜਾ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾ ਆਉਂਦਾ ਹੈ। ਹਿਜਰੀ ਕੈਲੰਡਰ ਚੰਦ ਦਾ ਕੈਲੰਡਰ ਹੈ। ਇਸਲਾਮ ਧਰਮ ਦਾ ਹਰ ਦਿਹਾੜਾ, ਹਰ ਸਾਲ ਪਿਛਲੇ ਸਾਲ ਤੋਂ 11 ਦਿਨ ਪਹਿਲਾ ਆਉਂਦਾ ਹੈ। ਪਰ ਬਿਕ੍ਰਮੀ ਕੈਲੰਡਰ ਵਿੱਚ ਅਜੇਹਾ ਨਹੀਂ ਹੁੰਦਾ। ਬਿਕ੍ਰਮੀ ਸੂਰਜੀ ਕੈਲੰਡਰ ਮੁਤਾਬਕ ਜਦੋਂ ਚੰਦ ਦਾ ਸਾਲ, ਇਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਅਤੇ ਤਿੰਨ ਸਾਲਾਂ ਵਿੱਚ 33 ਦਿਨ ਪਿਛੇ ਰਹਿ ਜਾਂਦਾ ਹੈ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਵਿਦਵਾਨਾਂ ਵੱਲੋਂ ਬਣਾਏ ਵਿਧੀ-ਵਿਧਾਨ ਅਨੁਸਾਰ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ। ਭਾਵ ਇਕ ਨਾਮ ਦੇ ਦੋ ਮਹੀਨੇ ਹੁੰਦੇ ਹਨ। ਜਿਸ ਨੂੰ ਮਲ ਮਾਸ (ਮਾੜਾ ਮਹੀਨਾ) ਕਹਿੰਦੇ ਹਨ। ਇਸ ਮਹੀਨੇ ਵਿੱਚ ਕੋਈ ਵੀ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ। ਅਜੇਹਾ 19 ਸਾਲਾਂ ਵਿੱਚ 7 ਵਾਰ ਹੁੰਦਾ ਹੈ। ਮਲ ਮਾਸ ਕਦੋਂ ਅਤੇ ਕਿਹੜਾ ਹੋਵੇਗਾ, ਇਸ ਦੀ ਚੋਣ ਦਾ ਤਰੀਕਾਂ ਇਹ ਹੈ ਕਿ ਜਦੋਂ ਮੱਸਿਆ ਤੋਂ ਮੱਸਿਆ ਦੇ ਦਰਮਿਆਨ ਸੂਰਜ ਰਾਸ਼ੀ ਨਾ ਬਦਲੇ ਭਾਵ ਸੰਗਰਾਂਦ ਨਾ ਆਵੇ ਤਾਂ ਉਹ ਮਹੀਨਾ ਮਲ ਮਾਸ ਹੋਵੇਗਾ। ਇਸ ਸਾਲ ਅੱਸੂ ਮਹੀਨੇ ਦੀ ਸੰਗਰਾਂਦ 16 ਸਤੰਬਰ ਨੂੰ ਅਤੇ ਮੱਸਿਆ 17 ਸਤੰਬਰ ਨੂੰ ਸੀ। ਫੇਰ ਮੱਸਿਆ 16 ਅਕਤੂਬਰ ਨੂੰ ਸੀ ਅਤੇ ਕੱਤਕ ਦੀ ਸੰਗਰਾਂਦ 17 ਅਕਤੂਬਰ ਨੂੰ। ਇਸ ਕਾਰਨ ਅੱਸੂ ਦਾ ਮਹੀਨਾ ਦੋ ਵਾਰੀ ਆ ਗਿਆ ਇਕ ਸ਼ੁਭ ਅਤੇ ਦੂਜਾ ਅਸ਼ੁਭ। ਇਕ ਵਾਧੂ ਮਹੀਨਾ ਹੋਣ ਕਾਰਨ ਸਾਲ ਦੇ 13 ਮਹੀਨੇ ਅਤੇ 384 ਦਿਨ ਬਣਦੇ ਹਨ।
ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਿਚਲ ਨਗਰ, ਨਾੰਦੇੜ ਦੀ ਪ੍ਰਬੰਧਕੀ ਕਮੇਟੀ ਵੱਲੋਂ ਛਾਪੀ ਗਈ ਇਸ ਸਾਲ ਦੀ “ਦੁਸ਼ਟ ਦਮਨ ਜੰਤਰੀ” ਦੇ ਸਤੰਬਰ ਮਹੀਨੇ ਨੂੰ ਧਿਆਨ ਨਾਲ ਵੇਖੋ।
2 ਸਤੰਬਰ (18 ਭਾਦੋਂ) ਦਿਨ ਬੁਧਵਾਰ ਨੂੰ ਭਾਦੋਂ ਦੀ ਪੁੰਨਿਆ ਹੈ। ਭਾਵ ਇਸ ਦਿਨ ਚੰਦਾ ਦੇ ਸਾਲ ਦਾ ਭਾਦੋਂ ਦਾ ਮਹੀਨਾ ਖਤਮ ਹੋ ਗਿਆ ਹੈ। 3 ਤਾਰੀਖ ਨੂੰ ਪਹਿਲਾ ਅੱਸੂ (ਸ਼ੁਭ) ਵਦੀ 1 ਹੈ। 17 ਸਤੰਬਰ ਦੀ ਮੱਸਿਆ ਹੈ। ਇਥੇ ਵਦੀ ਪੱਖ ਖਤਮ ਹੋ ਗਿਆ ਹੈ। 18 ਤਾਰੀਖ ਨੂੰ ਪਹਿਲਾ ਅੱਸੂ (ਅਸ਼ੁਭ) ਸੁਦੀ 1, ਭਾਵ ਸੁਦੀ ਪੱਖ ਆਰੰਭ ਹੋ ਗਿਆ ਹੈ। ਹੁਣ 1 ਅਕਤੂਬਰ ਨੂੰ ਪੁੰਨਿਆ ਆਵੇਗੀ। ਉਸ ਤੋਂ ਅਗਲੇ ਦਿਨ ਭਾਵ 2 ਅਕਤੂਬਰ ਨੂੰ ਦੂਜਾ ਅੱਸੂ (ਅਸ਼ੁਭ) ਵਦੀ 1 ਹੋਵੇਗੀ। ਇਹ ਅਸ਼ੁਭ ਵਦੀ ਪੱਖ 16 ਅਕਤੂਬਰ ਨੂੰ ਮੱਸਿਆ ਵਾਲੇ ਦਿਨ ਖਤਮ ਹੋਵੇਗਾ ਅਤੇ 17 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਦੂਜਾ ਅੱਸੂ (ਸ਼ੁਭ) ਸੁਦੀ 1 ਦਾ ਆਰੰਭ ਹੋਵੇਗਾ ਅਤੇ 31 ਅਕਤੂਬਰ ਨੂੰ ਦੂਜਾ ਅੱਸੂ (ਸ਼ੁਭ) ਪੁੰਨਿਆ ਨੂੰ ਅੱਸੂ ਦਾ ਮਹੀਨਾ ਖਤਮ ਹੋਇਆ ਹੈ। ਧਿਆਨ ਰਹੇ ਪਹਿਲੇ ਅੱਸੂ ਦਾ ਵਦੀ ਪੱਖ ਸ਼ੁਭ, ਪਹਿਲੇ ਅੱਸੂ ਦਾ ਸੁਦੀ ਪੱਖ ਅਸ਼ੁਭ, ਦੂਜੇ ਅੱਸੂ ਦਾ ਵਦੀ ਪੱਖ ਅਸ਼ੁਭ ਅਤੇ ਦੂਜੇ ਅੱਸੂ ਦਾ ਸੁਦੀ ਪੱਖ ਸ਼ੁਭ ਮੰਨਿਆ ਜਾਂਦਾ ਹੈ। ਨਵੰਬਰ 1 ਨੂੰ ਚੰਦ ਦੇ ਕੱਤਕ ਮਹੀਨੇ ਦਾ ਆਰੰਭ ਹੁੰਦਾ ਹੈ ਭਾਵ ਕੱਤਕ ਵਦੀ 1 ਹੁੰਦਾ ਹੈ। ਇਸ ਲਈ ਹੁਣ ਕੱਤਕ ਦੀ ਪੁੰਨਿਆ 30 ਨਵੰਬਰ ਨੂੰ ਆਵੇਗੀ। ਦੂਜੇ ਪਾਸੇ ਸੂਰਜੀ ਬਿਕ੍ਰਮੀ ਸਾਲ ਦਾ ਕੱਤਕ ਮਹੀਨਾ ਜੋ ਇਸ ਸਾਲ 29 ਦਿਨਾਂ ਦਾ ਸੀ, 14 ਨਵੰਬਰ ਨੂੰ ਖਤਮ ਹੋ ਗਿਆ ਸੀ। 15 ਨਵੰਬਰ ਨੂੰ ਸੰਗਰਾਂਦ ਵਾਲੇ ਦਿਨ ਤੋਂ ਸੂਰਜੀ ਮੱਘਰ ਦਾ ਆਰੰਭ ਹੋ ਗਿਆ ਹੈ। ਉਪ੍ਰੋਕਤ ਫ਼ੋਟੋ ਵਿੱਚ 19 ਸਤੰਬਰ (4 ਅੱਸੂ) ਵਾਲੇ ਦਿਨ ਪਹਿਲੇ ਅੱਸੂ (ਅਸ਼ੁਭ) ਦੀ ਸੁਦੀ 2 ਅਤੇ ਸੁਦੀ 3, ਇਕੋ ਦਿਨ ਹੀ ਹਨ। ਇਸ ਤੋਂ ਉਲਟ ਕਈ ਵਾਰ ਸੂਰਜੀ ਦੋ ਦਿਨਾਂ ਵਿੱਚ ਚੰਦ ਦੀ ਇਕ ਵਦੀ ਜਾਂ ਸੁਦੀ ਹੀ ਆਉਂਦੀ ਹੈ। ਜਿਵੇ 6-7 ਨਵੰਬਰ ਨੂੰ ਕੱਤਕ ਵਦੀ 6 ਅਤੇ 26-27 ਨਵੰਬਰ ਨੂੰ ਕੱਤਕ ਸੁਦੀ 12, ਭਾਵ ਦੋ ਤਿੱਥੀਆਂ ਇਕੋ ਦਿਨ।
ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਜੋ ਕਿ ਅਸਲ ਵਿੱਚ ਵੈਸਾਖ ਦਾ ਹੈ, ਪਰ ਪ੍ਰਚੱਲਤ ਰਵਾਇਤ ਮੁਤਾਬਕ ਸ਼੍ਰੋਮਣੀ ਕਮੇਟੀ ਕੱਤਕ ਦੀ ਪੁੰਨਿਆ ਨੂੰ ਮਨਾਉਂਦੀ ਹੈ, ਇਸ ਸਾਲ ਇਹ ਦਿਹਾੜਾ 16 ਮੱਘਰ (30 ਨਵੰਬਰ) ਨੂੰ ਹੈ ਇਸ ਦਿਨ ਕੱਤਕ ਦੀ ਪੁੰਨਿਆ ਹੈ। ਇਸ ਲਈ ਇਹ ਕਹਿਣਾ ਕਿ ਇਸ ਸਾਲ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮੱਘਰ ਮਹੀਨੇ ਦਾ ਹੈ ਸਹੀ ਨਹੀਂ ਹੈ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਅਸ਼ੁੱਧ ਬਿਕ੍ਰਮੀ ਕੈਲੰਡਰ ਮੁਤਾਬਕ 2018 ਈ: ਵਿੱਚ ਵੀ ਇਹ ਦਿਹਾੜਾ 8 ਮੱਘਰ (23 ਨਵੰਬਰ) ਨੂੰ ਆਇਆ ਸੀ। 2019 ਵਿੱਚ ਇਹ ਦਿਹਾੜਾ 27 ਕੱਤਕ ਨੂੰ ਸੀ ਇਸ ਸਾਲ ਇਹ ਦਿਹਾੜਾ 16 ਮੱਘਰ ਨੂੰ, ਅਗਲੇ ਸਾਲ 4 ਮੱਘਰ ਨੂੰ ਆਵੇਗਾ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ ਹਰ ਸਾਲ 1 ਵੈਸਾਖ ਨੂੰ ਆਉਂਦਾ ਹੈ।
ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਕਿਸੇ ਦਿਨ ਨੂੰ ਅਸ਼ੁਭ ਮੰਨਿਆ ਜਾਂ ਸਕਦਾ ਹੈ? ਇਥੇ ਤਾਂ ਪੂਰੇ ਦਾ ਪੂਰਾ ਮਹੀਨਾ ਹੀ ਅਸ਼ੁਭ ਹੈ। ਕੀ ਅਸੀਂ ਗੁਰੂ ਨਾਨਕ ਜੀ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਖਾਲਸਾ ਜੀ ਸੋਚੋ! ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਅਸ਼ੁੱਧ ਬਿਕ੍ਮੀ ਕੈਲੰਡਰ ਛਾਪ ਕੇ ਸੰਗਤਾਂ ਨੂੰ ਗੁੰਮਰਾਹ ਨਾ ਕਰੇ। ਜੇ ਬਿਕ੍ਰਮੀ ਕੈਲੰਡਰ ਮੁਤਾਬਕ ਚਲਣਾ ਹੈ ਤਾਂ ਤਖਤ ਸ਼੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਾਂਗੂ ਸ਼ੁਧ ਬਿਕ੍ਮੀ ਕੈਲੰਡਰ ਛਾਪਣ ਦਾ ਹੌਸਲਾ ਵੀ ਰੱਖੇ ਜਿਵੇ 1999 ਈ: ਤੋਂ ਪਹਿਲਾਂ ਛਾਪਿਆ ਜਾਂਦਾ ਸੀ। ਤਾਂ ਜੋ ਸੰਗਤਾਂ ਇਹ ਵੇਖ ਸਕਣ ਕਿ ਕੱਤਕ ਦੀ ਪੁੰਨਿਆ, ਕੱਤਕ ਵਿੱਚ ਆਵੇਗੀ ਜਾਂ ਮੱਘਰ ਵਿੱਚ।
ਸੂਰਜ ਦਾ ਰੱਥ - ਸਰਵਜੀਤ ਸਿੰਘ ਸੈਕਰਾਮੈਂਟੋ
ਧਰਤੀ ਦੇ ਸੂਰਜ ਦੁਆਲੇ ਇਕ ਚੱਕਰ, ਜਿਸ ਨੂੰ ਸਾਲ ਕਹਿੰਦੇ ਹਨ ਵਿੱਚ ਦੋ ਦਿਨ ਅਜੇਹੇ ਆਉਂਦੇ ਹਨ ਜਦੋਂ ਧਰਤੀ ਤੇ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਸਾਲ ਵਿਚ ਦੋ ਦਿਨ ਅਜੇਹੇ ਵੀ ਆਉਂਦੇ ਹਨ ਉੱਤਰੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ ਉਸੇ ਵੇਲੇ ਦੱਖਣੀ ਅਰਧ ਗੋਲੇ ਵਿਚ ਰਾਤ ਵੱਡੀ ਤੋਂ ਵੱਡੀ ਅਤੇ ਦਿਨ ਛੋਟੇ ਤੋਂ ਛੋਟਾ ਹੁੰਦਾ ਹੈ। ਇਸ ਤੋਂ ਉਲਟ ਜਦੋਂ ਉਤਰੀ ਅਰਧ ਗੋਲੇ ਵਿੱਚ ਦਿਨ ਛੋਟੇ ਤੋਂ ਛੋਟਾ ਅਤੇ ਰਾਤ ਵੱਡੀ ਤੋਂ ਵੱਡੀ ਹੁੰਦੀ ਹੈ ਉਸ ਵੇਲੇ ਦੱਖਣੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ। ਭਾਵੇਂ ਸਾਨੂੰ ਇਹ ਪੜਾਇਆ ਗਿਆ ਹੈ ਕਿ ਸੂਰਜ ਪੂਰਬ ਤੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛਿਪ ਜਾਂਦਾ ਹੈ। ਪਰ ਅਜੇਹਾ ਸਾਲ ਵਿੱਚ ਦੋ ਕੁ ਦਿਨ ਹੀ ਹੁੰਦਾ ਹੈ ਜਦੋਂ ਸੂਰਜ ਪੂਰਬ ਭਾਵ 90° ਤੋਂ ਨਿਕਲਦਾ ਹੈ। ਉਸ ਤੋਂ ਅਗਲੇ ਦਿਨ ਇਹ 89° ਜਾਂ 91° ਤੋਂ ਉਦੇ ਹੁੰਦਾ ਹੈ। ਸੂਰਜ ਦੇ ਉਦੇ ਹੋਣ ਦੀ ਦਿਸ਼ਾ ਪੂਰਬ ਤੋਂ (90°) ਉੱਤਰ ਵੱਲ ਨੂੰ ਲੱਗਭੱਗ 28° ਅਤੇ ਦੱਖਣ ਵੱਲ ਨੂੰ 28° ਤੱਕ ਹੁੰਦੀ ਹੈ। ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਅੰਮ੍ਰਿਤਸਰ ਵਿਖੇ ਸੂਰਜ ਲੱਗਭੱਗ 62.15° ਤੋਂ 117.32° ਦੇ ਦਰਮਿਆਨ ਚੜਦਾ ਹੈ। ਇਸ ਨੂੰ ਸੂਰਜ ਦਾ ਰੱਥ ਫਿਰਨਾ ਕਿਹਾ ਜਾਂਦਾ ਹੈ।
“ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ 1108)
ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਕੋਪਰਨੀਕਸ (1473-1534) ਅਤੇ ਕੈਪਲਰ (1571-1630) ਨੇ ਗਣਿਤ ਰਾਹੀ ਇਹ ਸਾਬਿਤ ਕੀਤਾ ਕਿ ਧਰਤੀ ਘੁੰਮ ਰਹੀ ਹੈ। ਗੈਲੀਲੀਓ (1564-1642) ਨੇ ਪ੍ਰਯੋਗ ਰਾਹੀ ਸਾਬਿਤ ਕੀਤਾ ਸੀ ਕਿ ਗ੍ਰਹਿ ਚਾਲ ਦਾ ਕੇਂਦਰ ਧਰਤੀ ਨਹੀਂ ਸਗੋਂ ਸੂਰਜ ਹੈ। ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦੁਆਲੇ, ਇਕ ਖਾਸ ਰਫਤਾਰ ਅਤੇ ਇਕ ਖਾਸ ਦੂਰੀ ਤੇ ਰਹਿ ਕੇ ਚੱਕਰ ਲਾਉਂਦੇ ਹਨ। ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਗੈਲੀਲੀਓ ਨਾਲ ਕਿਵੇਂ ਸਿੱਝਿਆ, ਉਹ ਇਤਿਹਾਸ ਦਾ ਅੰਗ ਬਣ ਚੁੱਕਾ ਹੈ। ਅਖੀਰ ਜਦੋਂ ਉਨ੍ਹਾਂ ਦੇ ਧਾਰਮਿਕ ਆਗੂਆਂ ਨੂੰ, ਕਰਤੇ ਦੇ ਨਿਯਮ ਦੀ ਸਮਝ ਆਈ ਤਾਂ ਉਨ੍ਹਾਂ ਨੂੰ ਆਪਣੇ ਪੂਰਵਜਾਂ ਵੱਲੋਂ ਕੀਤੀ ਗਈ ਗਲਤੀ ਦਾ ਅਹਿਸਾਸ ਹੋਇਆ ਕਿ ਗੈਲੀਲੀਓ ਨਾਲ ਜ਼ਿਆਦਤੀ ਹੋਈ ਸੀ। ਉਨ੍ਹਾਂ ਨੇ ਸਾਢੇ ਤਿੰਨ ਸਦੀਆਂ ਪਿਛੋਂ, 1992 ਈ: ਵਿੱਚ ਪਿਛਲਾ ਫੈਸਲਾ ਖ਼ਾਰਜ ਕਰ ਦਿੱਤਾ। ਪੋਪ ਜੌਹਨਪਾਲ (ਦੂਜਾ) ਨੇ ਗੈਲੀਲੀਓ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ “ਤੂਸੀ ਸਹੀ ਸੀ, ਅਸੀਂ ਸਾਰੇ ਹੀ ਗਲਤ ਸੀ”। ਅੱਜ ਇਹ ਘੋੜੇ ਚੜ੍ਹੀ ਸਚਾਈ ਹੈ ਕਿ ਧਰਤੀ ਗੋਲ ਹੈ। ਧਰਤੀ ਆਪਣੇ ਧੁਰੇ ਦੁਆਲੇ ਲੱਗ ਭੱਗ 1037 ਮੀਲ ਪ੍ਰਤੀ ਘੰਟਾ (ਭੂ ਮੱਧ ਰੇਖਾਂ ਉੱਪਰ) ਦੀ ਰਫਤਾਰ ਨਾਲ ਘੁੰਮਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਅਤੇ ਰਾਤ ਬਣਦੇ ਹਨ। ਧਰਤੀ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉਥੇ ਸੂਰਜ ਦੀ ਰੋਸ਼ਨੀ ਪੈਣ ਕਾਰਨ ਦਿਨ ਹੁੰਦਾ ਅਤੇ ਦੂਜੇ ਪਾਸੇ ਹਨੇਰਾ ਹੋਣ ਕਾਰਨ ਰਾਤ ਪੈ ਜਾਂਦੀ ਹੈ। ਧਰਤੀ ਸੂਰਜ ਤੋਂ ਲੱਗਭੱਗ 92962000 ਮੀਲ ਦੂਰ ਰਹਿ ਕੇ ਸੂਰਜ ਦੀ ਪ੍ਰਕਰਮਾ ਕਰਦੀ ਹੈ। ਧਰਤੀ ਦਾ ਇਹ ਚੱਕਰ, ਜਿਸ ਨੂੰ ਸਾਲ ਕਿਹਾ ਜਾਂਦਾ ਹੈ, 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾ ਜਾਂਦਾ ਹੈ। ਧਰਤੀ ਤੇ ਰੁੱਤਾਂ, ਸਾਲ ਦੀ ਇਸੇ ਲੰਬਾਈ ਮੁਤਾਬਕ ਬਦਲਦੀਆਂ ਹਨ।
ਧਰਤੀ ਦੇ ਧੁਰੇ ਦਾ ਲੱਗਭੱਗ 23.5° ਝੁਕਿਆ ਹੋਣ ਕਾਰਨ, ਜਦੋਂ ਧਰਤੀ ਸੂਰਜ ਦਾ ਚੱਕਰ ਕੱਟਦੀ ਹੈ ਤਾਂ ਧਰਤੀ ਦੇ ਵੱਖ-ਵੱਖ ਹਿੱਸਿਆਂ ਤੇ ਸੂਰਜ ਦੀ ਰੋਸ਼ਨੀ ਅਤੇ ਗਰਮੀ ਵੱਧਦੀ-ਘੱਟਦੀ ਰਹਿੰਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਵੱਡੇ-ਛੋਟੇ ਹੁੰਦੇ ਹਨ ਅਤੇ ਵੱਖ-ਵੱਖ ਰੁੱਤਾਂ ਬਦਲਦੀਆਂ ਹਨ।
ਚੰਦ, ਧਰਤੀ ਦੇ ਦੁਆਲੇ ਘੁੰਮਦਾ ਹੈ। ਇਸ ਦੇ ਪੰਧ ਵਿੱਚ ਤਾਰਿਆਂ ਦੇ 27 ਸਮੂਹ ਮੰਨੇ ਗਏ ਹਨ। ਜਿਨ੍ਹਾਂ ਨੂੰ ਨਛੱਤਰ ਕਿਹਾ ਜਾਂਦਾ ਹੈ। ਇਕ ਦਿਨ ਦਾ ਇਕ ਨਛੱਤਰ ਮੰਨਿਆ ਗਿਆ ਹੈ। ਇਸ ਹਿਸਾਬ ਨਾਲ ਚੰਦ ਦਾ ਧਰਤੀ ਦੁਆਲੇ ਇਕ ਚੱਕਰ ਦਾ 27.32 ਦਿਨ (27 ਦਿਨ 7 ਘੰਟੇ 43 ਮਿੰਟ) ਸਮਾਂ ਬਣਦਾ ਹੈ। ਪਰ ਇਸੇ ਸਮੇਂ ਦੌਰਾਨ ਧਰਤੀ ਜੋ ਸੂਰਜ ਦੁਆਲੇ ਘੁੰਮਦੀ ਹੈ, ਲੱਗਭੱਗ 27° ਅੱਗੇ ਵੱਧ ਜਾਂਦੀ ਹੈ ਤਾਂ ਇਹ ਵੱਧੇ ਹੋਏ ਫਾਸਲੇ ਸਮੇਤ ਇਕ ਚੱਕਰ ਪੂਰਾ ਕਰਨ ਲਈ ਚੰਦ ਨੂੰ 29.53 ਦਿਨ (29 ਦਿਨ 12 ਘੰਟੇ 44 ਮਿੰਟ) ਲੱਗਦੇ ਹਨ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਇਹ ਮੱਸਿਆ ਤੋਂ ਮੱਸਿਆ ( ਅਮਾਂਤਾ) ਜਾਂ ਪੁੰਨਿਆ ਤੋਂ ਪੁੰਨਿਆ (ਪੂਰਨਮੰਤਾ) ਤਾਈਂ ਗਿਣਿਆ ਜਾਂਦਾ ਹੈ। ਚੰਦ ਦੇ ਸਾਲ ਵਿੱਚ 12 ਮਹੀਨੇ ਹੁੰਦੇ ਹਨ, ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਮੰਨੀ ਗਈ ਹੈ। ਚੰਦ ਦਾ ਇਕ ਸਾਲ ਸੂਰਜ ਦੇ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ ਹੁੰਦਾ ਹੈ। ਇਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਜਦੋਂ ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿੱਚ ਤੀਜੇ ਸਾਲ (19 ਸਾਲ ਵਿੱਚ 7 ਸਾਲ) ਇਕ ਮਹੀਨਾ ਜੋੜ ਦਿੱਤਾ ਜਾਂਦਾ ਹੈ। ਇਸ ਸਾਲ ਚੰਦ ਦੇ ਸਾਲ ਵਿੱਚ 384/85 ਦਿਨ ਹੋ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਚੰਦ ਦੇ ਸਾਲ ਜਾਂ ਕੈਲੰਡਰ ਦਾ ਰੁੱਤਾਂ ਨਾਲ ਸਬੰਧ ਨਹੀਂ ਰਹਿੰਦਾ। ਸੱਚ ਤਾ ਇਹ ਹੈ ਕਿ ਚੰਦ ਦੇ ਸਾਲ ਨੂੰ ਜਿਸ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ ਤੇੜੇ ਰੱਖਿਆ ਜਾਂਦਾ ਹੈ, ਉਸ ਸਾਲ ਦਾ ਵੀ ਰੁੱਤਾਂ ਨਾਲ ਸਬੰਧ ਨਹੀਂ ਹੈ।
ਜੂਨ ਦੇ ਮਹੀਨੇ ਉਤਰੀ ਅਰਧ ਗੋਲੇ ਵਿਚ ਗਰਮੀ ਪੂਰੇ ਜੋਬਨ ਤੇ ਹੁੰਦੀ ਹੈ ਅਤੇ ਦਿਨ ਵੱਡੇ ਹੋ ਰਹੇ ਹੁੰਦੇ ਹਨ। ਸਵੇਰ ਵੇਲੇ ਸੂਰਜ, ਪਹਿਲੇ ਦਿਨ ਨਾਲੋਂ ਕੁਝ ਸਮਾਂ ਪਹਿਲਾ ਚੜਦਾ ਹੈ ਅਤੇ ਕੁਝ ਸਮਾਂ ਪਿਛੋਂ ਛਿਪਦਾ ਹੈ। ਜੇ ਆਪਾਂ ਸੂਰਜ ਨੂੰ ਚੜਨ ਵੇਲੇ ਵੇਖੀਏ ਤਾਂ, ਹਰ ਰੋਜ ਸੂਰਜ ਥੋੜਾ-ਥੋੜਾ ਉੱਤਰ ਵੱਲ ਨੂੰ ਜਾ ਰਿਹਾ ਹੁੰਦਾ ਹੈ। 21-22 ਜੂਨ ਨੂੰ ਸੂਰਜ ਵੱਧ ਤੋਂ ਵੱਧ ਉੱਤਰ ਵੱਲ ਹੁੰਦਾ ਹੈ ਅਤੇ ਉਤਰੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ। ਜੰਤਰੀਆਂ ਦੀ ਭਾਸ਼ਾ ਵਿੱਚ ਇਸ ਨੂੰ ਉਤਰਾਇਣ ਕਹਿੰਦੇ ਹਨ। ਇਕ ਸਮਾਂ ਅਜੇਹਾ ਆਉਂਦਾ ਹੈ ਜਦੋਂ ਸੂਰਜ ਦਾ ਉੱਤਰ ਵੱਲ ਨੂੰ ਜਾਂਦਾ-ਜਾਂਦਾ ਰੁਕ ਜਾਂਦਾ ਹੈ ਅਤੇ ਪਿਛੇ ਮੁੜ ਪੈਦਾ ਹੈ ਭਾਵ ਦੱਖਣ ਵੱਲ ਨੂੰ ਮੁੜ ਪੈਦਾ ਹੈ, ਦਿਨ ਦੀ ਲੰਬਾਈ ਹੋਲੀ-ਹੋਲੀ ਘਟਣੀ ਆਰੰਭ ਹੋ ਜਾਂਦੀ ਹੈ। ਜਿਸ ਨੂੰ ਦਖਰਾਇਣ ਕਿਹਾ ਜਾਂਦਾ ਹੈ। ਇਸ ਸਾਲ ਇਹ ਘਟਨਾ 21 ਜੂਨ, ਦਿਨ ਐਤਵਾਰ ਨੂੰ ਲੱਗਭੱਗ 21:45 (U T) ਮੁਤਾਬਕ ਇੰਡੀਆ ਵਿੱਚ 22 ਜੂਨ ਸੋਮਵਾਰ ਸਵੇਰੇ 04:15 (IST) ਤੇ ਵਾਪਰੇਗੀ। ਇਸ ਸਮੇਂ ਸੂਰਜ ਅੱਗੇ ਜਾਣ ਦੀ ਬਿਜਾਏ ਪਿਛੇ ਮੁੜ ਪਏਗਾ। ਦਿਨ ਛੋਟਾ ਹੋਣਾ ਆਰੰਭ ਹੋ ਜਾਵੇਗਾ ਅਤੇ 22 ਸਤੰਬਰ ਨੂੰ ਦਿਨ ਅਤੇ ਰਾਤ ਫਿਰ ਬਰਾਬਰ ਹੋ ਜਾਣਗੇ। ਸੂਰਜ ਦੇ ਦਖਨਾਇਣ ਤੋਂ ਉਤਰਾਇਣ ਅਤੇ ਉਤਰਾਇਣ ਤੋਂ ਦਖਨਾਇਣ ਵੱਲ ਜਾਣ ਨੂੰ ਸੂਰਜ ਦਾ ਰੱਥ ਫਿਰਨਾ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਸਾਲ ਦੀ ਲੰਬਾਈ ਹੈ। ਜਿਸ ਮੁਤਾਬਕ ਇਸ ਧਰਤੀ ਤੇ ਰੁੱਤਾਂ ਬਣਦੀਆਂ ਅਤੇ ਬਦਲਦੀਆਂ ਹਨ। ਇਸ ਨੂੰ ਰੁੱਤੀ ਸਾਲ (Tropical year) ਕਹਿੰਦੇ ਹਨ। ਇਸ ਸਾਲ ਦੀ ਲੰਬਾਈ 365.2422 ਦਿਨ ਮੰਨੀ ਗਈ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਪੰਗਤੀ, “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ 1108) ਇਸ ਪੰਗਤੀ ਵਿੱਚ ਸੂਰਜ ਦੇ ਰੱਥ ਫਿਰਨ ਦਾ ਸੰਕੇਤ ਹੈ। ਇਸ ਪਾਵਨ ਪੰਗਤੀ (ਬਾਰਹਮਾਹ, ਤੁਖਾਰੀ) ਦੇ ਅਰਥ ਫਰੀਦਕੋਟੀ ਟੀਕੇ ਮੁਤਾਬਕ, “ਬਹੁੜੋ ਜਬ ਅਸਾੜ ਮਹੀਨੇ ਮੈਂ ਸੂਰਜ ਕਾ ਰੱਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਣਾਇਣ ਕੋ ਹੋਤਾਂ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੌ ਤਕਤੀ ਹੈ ਔਰ ਉਜਾੜੋਂ ਕੇ ਬੀਚ ਬਿੰਡੇ ਬੋਲਤੇ ਹੈ”।
“ਜਿਸ ਵੇਲੇ ਸੂਰਜ ਦਾ ਰਥ ਹਾੜ ੧੩ ਨੂੰ ਦਖਨੇਣ ਦੀ ਤਰਫ਼ ਫਿਰ ਜਾਂਦਾ ਹੈ ਤਾਂ ਧਨ=ਇਸਤਰੀ ਤੇ ਮੁਸਾਫਰ ਬ੍ਰਿਛਾ ਦੀ ਛਾਇਆ ਤਾਕੇ-ਤੱਕਦੇ ਹਨ ਅਤੇ ਟਿਡੁ- ਬਿੰਡੇ, ਬਾਹੇ =ਉਜਾੜ ਮੰਝਿ ਲਵੇ=ਖੋਲਦੇ ਹਨ। (ਸੰਪਰਦਾਈ ਟੀਕਾ) ਇਸੇ ਪੰਨੇ ਦੇ ਅਖੀਰ ਤੇ ਇਕ ਨੋਟ ਹੈ:– “ਜਿਸ ਵੇਲੇ ਹਾੜ 13 ਨੂੰ ਸੂਰਜ ਦਾ ਰਥ ਦਖਨੇਣ ਹੁੰਦਾ ਹੈ ਤਾਂ ਸ੍ਵਰਗ ਦੇ ਬੂਹੇ ਬੰਦ ਹੁੰਦੇ ਹਨ, ਜਿਸ ਵੇਲੇ ੯ ਪੋਹ ਨੂੰ ਸੂਰਜ ਦਾ ਰਥ ਉਤਰੇਣ ਹੁੰਦਾ ਹੈ ਤਾਂ ਸ੍ਵਰਗ ਦੇ ਬੂਹੇ ਖੁਲ੍ਹ ਜਾਂਦੇ ਹੈ। ਇਸੇ ਕਾਰਨ ਕਰਕੇ ਜੋਗੀ ਸਮੇਂ ਦਾ ਵਿਚਾਰ ਕਰ ਕੇ ਪ੍ਰਾਣ ਤਿਆਗਦੇ ਹਨ ਇਹ ਪੁਰਾਣਕ ਅਨੁਸਾਰ ਹੈ”। ਇਸ ਟਿੱਪਣੀ ਵਿਚ ਰਥ ਫਿਰਨ ਦੀਆਂ ਦੋ ਤਾਰੀਖਾਂ (13 ਹਾੜ ਅਤੇ 9 ਪੋਹ) ਦਿੱਤੀਆਂ ਹੋਈਆਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਤਾਰੀਖਾਂ ਅਨੁਸਾਰ ਰੱਥ ਕਦੋਂ ਫਿਰਿਆ ਸੀ? ਕਿਹਾ ਜਾਂਦਾ ਹੈ ਸੰਪਰਦਾਈ ਟੀਕੇ ਵਿਚ ਉਹ ਦਰਜ ਅਰਥ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਪੜਾਏ ਸਨ। ਇਸ ਲਈ ਇਹ ਤਾਰੀਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆ ਹਨ।
ਉਪ੍ਰੋਕਤ ਪਾਵਨ ਪੰਗਤੀ ਦਾ ਭਾਵ ਹੈ ਕਿ ਜਦੋਂ ਸੂਰਜ ਵੱਧ ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ ਅਤੇ ਇਕ ਖਾਸ ਸਮੇਂ ਤੇ ਸੂਰਜ ਵਾਪਸ ਦੱਖਣ ਨੂੰ ਮੁੜਦਾ ਹੈ ਅਤੇ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ ਇਸ ਨੂੰ ਸੂਰਜ ਦਾ ਰੱਥ ਫਿਰਨਾ ਕਹਿੰਦੇ ਹਨ। ਪੰਜਾਬ ਵਿਚ ਇਸ ਦਿਨ ਵਰਖਾ ਰੁਤ ਦਾ ਅਰੰਭ ਮੰਨਿਆ ਜਾਂਦਾ ਹੈ। ਅੱਜ ਇਹ ਮੰਨਿਆ ਜਾਂਦਾ ਹੈ ਕਿ ਇਹ ਘਟਨਾ 21-22 ਜੂਨ ਨੂੰ ਕਿਸੇ ਵੇਲੇ ਵਾਪਰਦੀ ਹੈ। ਸੰਪਰਦਾਈ ਟੀਕੇ ਵਿਚ ਦਰਜ ਤਾਰੀਖਾਂ ਦੀ ਜਦੋਂ ਪੜਤਾਲ ਕੀਤੀ ਤਾਂ 13 ਹਾੜ 1756 ਬਿਕ੍ਰਮੀ ਦੀ ਤਾਰੀਖ, 11 ਜੂਨ ਜੂਲੀਅਨ ਮੁਤਾਬਕ 21 ਜੂਨ ਗਰੈਗੋਰੀਅਨ (1699 ਈ:) ਨੂੰ ਵੱਡੇ ਤੋਂ ਵੱਡਾ ਦਿਨ ਸੀ। ਭਾਵ ਸੂਰਜ ਦਾ ਰਥ ਫਿਰਿਆ ਸੀ। ਪਰ 9 ਪੋਹ ਦੀ ਤਾਰੀਖ ਠੀਕ ਨਹੀ ਹੈ ਉਸ ਸਾਲ 12 ਪੋਹ, 11 ਦਸੰਬਰ ਜੂਲੀਅਨ ਮੁਤਾਬਕ 21 ਦਸੰਬਰ ਗਰੈਗੋਰੀਅਨ ਨੂੰ ਛੋਟੇ ਤੋਂ ਛੋਟਾ ਦਿਨ ਸੀ। ਖੈਰ, ਆਪਾ ਹਾੜ ਦੀ ਤਾਰੀਖ ਦੀ ਪੜਤਾਲ ਕਰਨੀ ਹੈ। ਅੱਜ ਵੀ ਇਹ ਸਚਾਈ ਹੈ ਕਿ ਉਤਰੀ ਅਰਧ ਗੋਲੇ ਵਿਚ 21-22 ਜੂਨ ਨੂੰ ਜਦ ਸੂਰਜ ਵੱਧ ਤੋਂ ਵੱਧ ਉਤਰ ਵੱਲ ਹੁੰਦਾ ਹੈ ਤਾਂ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ। ਇਸ ਦਿਨ ਸੂਰਜ ਕਿਸੇ ਵੇਲੇ ਵਾਪਸ ਦੱਖਣ ਨੂੰ ਮੁੜ ਪੈਦਾ ਹੈ ਅਤੇ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ।
ਹੁਣ ਜਦੋਂ ਇਹ ਸਪੱਸ਼ਟ ਹੈ ਕਿ ਸੂਰਜ ਦਾ ਰੱਥ 21-22 ਜੂਨ (ਗਰੈਗੋਰੀਅਨ) ਨੂੰ ਕਿਸੇ ਵੇਲੇ ਫਿਰਦਾ ਹੈ। ਤਾਂ ਆਓ ਵੇਖੀਏ ਕਿ ਗੁਰੂ ਨਾਨਕ ਜੀ ਦੇ ਸਮੇਂ ਸੂਰਜ ਦਾ ਰੱਥ ਕਦੋਂ ਫਿਰਿਆ ਸੀ। ਸੰਮਤ 1526 ਬਿਕ੍ਰਮੀ ਵਿਚ ਰੱਥ ਸੂਰਜ ਦਾ ਰੱਥ 12 ਜੂਨ 1469 ਈ: (ਜੂਲੀਅਨ) ਮੁਤਾਬਕ 16 ਹਾੜ ਦਿਨ ਸੋਮਵਾਰ ਨੂੰ ਫਿਰਿਆ ਸੀ। ਯਾਦ ਰਹੇ ਜੇ 12 ਜੂਨ ਜੂਲੀਅਨ ਨੂੰ ਗਰੈਗੋਰੀਅਨ ਵਿੱਚ ਬਦਲੀ ਕਰੀਏ ਤਾਂ ਇਹ 21 ਜੂਨ ਹੀ ਬਣਦੀ ਹੈ। ਉਪਰ ਆਪਾਂ ਵੇਖ ਆਏ ਹਾਂ ਕਿ 1756 ਬਿਕ੍ਰਮੀ (1699 ਈ:) ਵਿਚ ਰੱਥ 13 ਹਾੜ (11 ਜੂਨ ਜੂਲੀਅਨ/21 ਜੂਨ ਗਰੈਗੋਰੀਅਨ) ਦਿਨ ਐਤਵਾਰ ਨੂੰ ਫਿਰਿਆ ਸੀ। ਇਸ ਸਾਲ (2020 ਈ:) 22 ਜੂਨ ਮੁਤਾਬਕ 7 ਹਾੜ ਨੂੰ ਫਿਰੇਗਾ। ਅੱਜ ਤੋਂ 500 ਸਾਲ ਭਾਵ ਸੰਮਤ 2520 ਈ: ਨੂੰ ਸੂਰਜ ਦਾ ਰੱਥ 20 ਜੂਨ 22:44 (IST) ਵਜੇ ਮੁਤਾਬਕ 29 ਜੇਠ ( ਸੂਰਜੀ ਸਿਧਾਂਤ) ਦਿਨ ਵੀਰਵਾਰ ਨੂੰ ਫਿਰੇਗਾ ਅਤੇ 3000 ਈ: 20 ਜੂਨ ਮੁਤਾਬਕ 21 ਜੇਠ ਦਿਨ ਸ਼ੁਕਰਵਾਰ ਨੂੰ ਫਿਰੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਮਤ 2075 ਬਿਕ੍ਰਮੀ ਤੋਂ ਪਿਛੋਂ ਇਹ ਪੰਗਤੀ ‘ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ’ ਤਾਂ ਹਾੜ ਦੇ ਮਹੀਨੇ `ਚ ਪੜੀ ਜਾਵੇਗੀ ਪਰ ਸੂਰਜ ਦਾ ਰੱਥ ਤਾਂ ਜੇਠ ਦੇ ਮਹੀਨੇ (ਸੂਰਜੀ ਸਿਧਾਂਤ ਮੁਤਾਬਕ) ਫਿਰ ਚੁੱਕਾ ਹੋਵੇਗਾ। ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਾਨਕਸ਼ਾਹੀ ਸੰਮਤ 530 (1999 ਈ:) ਵਿਚ ਵੀ ਰੱਥ 7 ਹਾੜ (21 ਜੂਨ ਗਰੈਗੋਰੀਅਨ) ਨੂੰ ਫਿਰਿਆ ਸੀ। ਨਾਨਕਸ਼ਾਹੀ ਸੰਮਤ 1030 (2499-2500 ਈ:) ਵਿਚ ਵੀ ਰੱਥ 7 ਹਾੜ ਨੂੰ ਫਿਰੇਗਾ ਅਤੇ ਨਾਨਕਸ਼ਾਹੀ ਸੰਮਤ 1530 (2999-3000 ਈ:) ਵਿਚ ਵੀ ਰੱਥ 7 ਹਾੜ (21 ਜੂਨ ਗਰੈਗੋਰੀਅਨ) ਨੂੰ ਫਿਰੇਗਾ।
ਇਸ ਦਾ ਕਾਰਨ ਇਹ ਹੈ ਕਿ ਬਿਕ੍ਰਮੀ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਹੈ ਜੋ ਅਸਲ ਸਾਲ ਦੀ ਲੰਬਾਈ ਤੋਂ ਲੱਗਭੱਗ 24 ਮਿੰਟ ਵੱਧ ਹੈ। ਸਾਲ ਦੀ ਲੰਬਾਈ ਵੱਧ ਹੋਣ ਕਾਰਨ ਹਰ 60 ਸਾਲ ਪਿਛੋਂ (1440/24=60) ਬਿਕ੍ਰਮੀ ਸਾਲ ਦਾ ਇਕ ਦਿਨ ਦਾ ਫਰਕ ਪੈ ਜਾਂਦਾ ਹੈ। 1964 ਈ: ਵਿੱਚ ਹਿੰਦੂ ਵਿਦਵਾਨਾਂ ਨੇ ਬਿਕ੍ਰਮੀ ਸਾਲ ਦੀ ਲੰਬਾਈ ਵਿੱਚ ਸੋਧ ਕਰਕੇ, ਇਸ ਨੂੰ 365.2563 ਦਿਨ ਕਰ ਦਿੱਤਾ ਸੀ। ਹੁਣ ਇਸ ਨੂੰ ਦ੍ਰਿਕਗਿਣਤ ਸਿਧਾਂਤ ਕਹਿੰਦੇ ਹਨ। ਹੁਣ ਵੀ ਇਹ ਲੰਬਾਈ ਲੱਗਭੱਗ 20 ਮਿੰਟ ਵੱਧ ਹੈ। ਇਸ ਕਾਰਨ ਹੁਣ (1440/20=72) ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਵੇਗਾ। ਜਿਸ ਕਾਰਨ ਬਿਕ੍ਰਮੀ ਕੈਲੰਡਰ ਵਿਚ ਰੁੱਤਾਂ ਸਥਿਰ ਨਹੀਂ ਰਹਿੰਦੀਆਂ। 1999 ਈ: ਵਿੱਚ ਸਿੱਖ ਵਿਦਵਾਨਾਂ ਨੇ ਸਾਲ ਦੀ ਲੰਬਾਈ ਵਿੱਚ ਸੋਧ ਕਰਕੇ 365.2425 ਦਿਨ ਕਰਕੇ ਨਾਨਕਸ਼ਾਹੀ ਕੈਲੰਡਰ ਬਣਾਇਆ ਸੀ। ਸਾਲ ਦੀ ਇਹ ਲੰਬਾਈ ਸੂਰਜ ਦੇ ਰੱਥ ਫਿਰਨ ਦੀ ਲੰਬਾਈ 365.2422 ਦਿਨ ਦੇ ਬਹੁਤ ਨੇੜੇ ਹੈ। ਇਸ ਮੁਤਾਬਕ ਹੁਣ ਲੱਗਭੱਗ 3200 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। ਯਾਦ ਰਹੇ ਦੁਨੀਆਂ ਦੇ ਸਾਂਝੇ ਸਾਲ ਦੀ ਲੰਬਾਈ ਵੀ ਸੂਰਜ ਦੇ ਰੱਥ ਫਿਰਨ ਦੇ ਮੁਤਾਬਕ ਹੀ ਹੈ। ਰੋਮ ਵਾਸੀਆਂ ਨੇ ਆਪਣੇ ਕੈਲੰਡਰ (ਜੂਲੀਅਨ) ਵਿੱਚ ਇਹ ਸੋਧ 1582 ਈ: ਕਰ ਲਈ ਸੀ, ਇਸ ਸੋਧ ਨੂੰ ਇੰਗਲੈਂਡ ਨੇ 1752 ਈ: ਪ੍ਰਵਾਨ ਕੀਤਾ ਸੀ। ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਨੂੰ ਇਹ ਨੁਕਤਾ ਅੱਜ ਵੀ ਸਮਝ ਨਹੀਂ ਆ ਰਿਹਾ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹਿੰਦੂ ਵਿਦਵਾਨਾਂ ਵੱਲੋਂ 1964 ਈ: ਵਿੱਚ, ਗੁਰੂ ਕਾਲ ਵਾਲੇ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਵਿੱਚ ਕੀਤੀ ਗਈ ਸੋਧ ਤਾਂ ਪ੍ਰਵਾਨ ਹੈ, ਪਰ 1999 ਈ: ਵਿੱਚ ਸਿੱਖ ਵਿਦਵਾਨਾਂ ਵੱਲੋਂ ਵਿਗਿਆਨਕ ਨਜ਼ਰੀਏ ਅਨੁਸਾਰ ਕੀਤੀ ਗਈ ਅਤੀ ਜਰੂਰੀ ਸੋਧ ਨੂੰ ਮੰਨਣ ਲਈ ਤਿਆਰ ਨਹੀਂ ਹੈ। ਅਜੇਹਾ ਕਿਉ?
ਸਰਵਜੀਤ ਸਿੰਘ ਸੈਕਰਾਮੈਂਟੋ
sarbjits@gmail.com
ਅਨੁਰਾਗ ਸਿੰਘ ਦੀ ਚੁਣੌਤੀ ਪ੍ਰਵਾਨ
ਪਿਛਲੇ ਮਹੀਨੇ ਮੇਰੇ ਵੱਲੋਂ ਲਿਖੇ ਗਏ ਲੇਖ, “ਅਨੁਰਾਗ ਸਿੰਘ ਦੇ ਕੌਤਕ” ਵਿੱਚ ਉਠਾਏ ਗਏ ਮੁੱਖ ਸਵਾਲ ਕਿ, “ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਡਿਜੀਟਾਈਜ਼ ਕਾਪੀ ਪਿਛਲੇ 18 ਮਹੀਨਿਆਂ ਵਿਚ ਹੱਥ ਲਿਖਤ ਬੀੜ (Hard copy) ਕਿਵੇਂ ਬਣ ਗਈ?” ਦੇ ਜਵਾਬ ਵਿਚ 1 ਮਈ ਨੂੰ ਅਨੁਰਾਗ ਸਿੰਘ ਲਿਖਦਾ ਹੈ, “ਪਹਿਚਾਨੋ ਤੋ ਜਾਣੇ। ਕੀ ਤੁਸੀਂ ਵੀ ਉਹੀ ਸੋਚਦੇ ਹੋ ਜੋ ਮੈਂ ਸੋਚ ਰਿਹਾ ਹਾਂ। ਇਤਨੀ ਹਉਮੇ ਵਾਲਾ ਲੇਖਕ ਨਾ ਕੋਈ ਹੋਇਆ ਅਤੇ ਨਾ ਹੀ ਹੋਵੇਗਾ। ਟੋਬੇ ਦਾ ਗਵਾਹ ਡੱਡੂ। ਜਨਾਬ ਸਰਬਜੀਤ ਸਿੰਘ ਸੈਕਰੋਮੈਂਟੋ ਆਪਣਾ ਨਾਮ ਅੰਗਰੇਜ਼ੀ ਵਿੱਚ ਸਰਬਜੀਤ ਪਰ ਗੁਰਮੁਖੀ ਵਿੱਚ ਸਰਵਜੀਤ ਲਿੱਖ ਕੇ ਵਕਾਲਤ ਪ੍ਰੋਫੈਸਰ ਹਰਭਜਨ ਸਿੰਘ ਦੀ ਕਰ ਰਿਹਾ ਹੈ। ਕਾਮਰੇਡ ਪੂਰੇਵਾਲ ਦਾ ਸਾਥੀ ਉਸ ਦੀ ਤੱਕਲੀਫ ਬਾਰੇ ਗੱਲ ਕਰ ਰਿਹਾ ਹੈ, ਜਿਸ ਕੌਲ ਆਪਣੀ ਰੁਸਵਾਈ ਲਈ ਕੋਈ ਉਤਰ ਨਹੀਂ। ਭੈੜੇ ਭੈੜੇ ਯਾਰ ਬੀਬੀ ਫੱਤੋ ਦੇ।...ਪੁੱਠੀ ਮੱਤ, ਪੇਟੀ ਬੰਦ ਦਿਮਾਗ, ਉਧਾਰੀ ਕਲਮ, ਕਾਮਰੇਡੀ ਸੋਚ, ਸੱਚ ਦੇਖਣ ਨਹੀਂ ਦੇਂਦੀ। ਕਾਮਰੇਡ ਪੂਰੇਵਾਲ ਦੀ ਅਖੌਤੀ ਨਾਨਕਸ਼ਾਹੀ ਜੰਤਰੀ ਨੂੰ ਤੁਰੰਤ ਲਾਗੂ ਕਰਵਾਉਣ ਵਾਲੇ ਕਿਵੇਂ ਉਹ ਤੱਥ ਪੇਸ਼ ਕਰ ਰਹੇ ਹਨ ਜਿਨ੍ਹਾਂ ਦਾ ਜ਼ਿਕਰ ਅਖ਼ਬਾਰਾਂ ਵਿੱਚ ਹੋ ਰਿਹਾ ਹੈ। ਪੁਰਾਣੇ ਰਿਸ਼ਤੇ ਅਤੇ ਲੈਣ-ਦੇਣ ਇਸ ਤਰ੍ਹਾਂ ਸਾਬਤ ਹੁੰਦੇ ਹਨ ਅਤੇ ਕਾਨੂੰਨੀ ਭਾਸ਼ਾ ਵਿੱਚ ਇਸ ਨੂੰ quid-pro-quo ਕਹਿੰਦੇ ਹਨ। ਇਸ ਲਈ ਹੋਰ ਲਿੱਖਤੀ ਸਬੂਤ ਅਦਾਲਤ ਵਿੱਚ ਪੇਸ਼ ਕਰਨ ਦੀ ਲੋੜ ਨਹੀਂ ਹੁੰਦੀ”।
ਇਹ ਹੈ ਮੇਰੇ ਸਵਾਲ ਦਾ ਲਿਖਤੀ ਜਵਾਬ, ਡਾ, ਪ੍ਰੋ: ਇਤਿਹਾਸਕਾਰ (?) ਅਸਲ ਵਿੱਚ ਬੈਂਕ ਦੇ ਸਾਬਕਾ ਕਰਮਚਾਰੀ, ਅਨੁਰਾਗ ਸਿੰਘ ਦਾ, ਜੋ ਹਰ ਕਿਸੇ ਦੀ ਸ਼ਾਨ ਦੇ ਖਿਲਾਫ਼ ਲਿਖਣਾ ਆਪਣਾ ਬੁਨਿਆਦੀ ਹੱਕ ਸਮਝਦਾ ਹੈ।
ਨਵੰਬਰ 2006 ਈ: ਦੀ ਗੱਲ ਹੈ, ਅਖੌਤੀ ਦਸਮ ਗ੍ਰੰਥ ਬਾਰੇ ਜਵੱਦੀ ਟਕਸਾਲ ਵਿਖੇ (10 ਨਵੰਬਰ) ਨੂੰ ਸੈਮੀਨਾਰ ਹੋਇਆ ਸੀ। ਜਿਸ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਸਮੇਤ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਆਪਣੇ ਪੇਪਰ ਪੜ੍ਹੇ ਸਨ। ਇਸੇ ਸੈਮੀਨਾਰ ਵਿੱਚ ਅਨੁਰਾਗ ਸਿੰਘ ਨੇ ਅਖੌਤੀ ਗ੍ਰੰਥ ਦੀ ਅਸਲੀਅਤ ਸੰਗਤਾਂ ਸਾਹਮਣੇ ਲਿਆਉਣ ਵਾਲਿਆਂ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਸੀ, ਨਾਲ ਹੀ ਇਸ ਨੇ ਅਖੌਤੀ ਗ੍ਰੰਥ ਨੂੰ ਅਧੂਰਾ ਵੀ ਸਾਬਿਤ ਕੀਤਾ ਸੀ। ਅਨੁਰਾਗ ਸਿੰਘ ਸਮੇਤ ਹੋਰ ਵੀ ਕਈ ਬੁਲਾਰਿਆਂ ਦੇ ਵਿਚਾਰ ਸੁਣ ਕੇ ਅਸੀਂ ਕੱਲੇ-ਕੱਲੇ ਨੂੰ ਸਵਾਲ ਕੀਤੇ ਸਨ। ਕਿਸੇ ਨੇ ਵੀ ਸਾਡੇ ਪੱਤਰ ਦਾ ਜਵਾਬ ਦੇਣ ਦੀ ਲੋੜ ਨਹੀਂ ਸਮਝੀ। ਸਿਰਫ ਡਾ ਹਰਭਜਨ ਸਿੰਘ (ਦੇਹਰਾਦੂਨ) ਨੇ ਜਵਾਬ ਦਿੱਤਾ ਸੀ। ਪਰ ਉਹ ਵੀ ਸਾਡੇ ਵੱਲੋਂ, ਉਸ ਵੱਲੋਂ ਪੜ੍ਹੇ ਗਏ ਪੇਪਰ ਸਬੰਧੀ ਉਠਾਏ ਗਏ ਸਵਾਲਾਂ ਦਾ ਜਵਾਬ ਨਹੀਂ ਸੀ ਦੇ ਸਕਿਆ, ਸਾਡੀ ਲਿਖਤ ਵਿਚ ਵਿਆਕਰਣ ਦੀਆਂ ਗਲਤੀਆਂ ਕੱਢਣ ਅਤੇ ਆਪਣੀ ਵਿਦਿਅਕ ਯੋਗਤਾ ਦਾ ਰੋਹਬ ਪਾਉਣ ਦਾ ਅਸਫਲ ਯਤਨ ਕੀਤਾ ਸੀ। ( ਦੋ ਪੱਤਰ ਉਸ ਨੇ ਆਪਣੀ ਕਿਤਾਬ ਵੀ ਸ਼ਾਮਿਲ ਕੀਤੇ ਹਨ) ਪਰ ਜਦੋਂ ਅਸੀਂ ਤੀਜਾ ਪੱਤਰ, ਉਸੇ ਭਾਸ਼ਾ ਵਿੱਚ ਲਿਖਿਆ, ਜਿਹੜੀ ਭਾਸ਼ਾ ਡਾ ਹਰਭਜਨ ਸਿੰਘ ਨੇ ਸਾਡੇ ਲਈ ਵਰਤੀ ਸੀ ਤਾਂ ਉਹ ਵੀ ਦੜ ਵੱਟ ਗਿਆ। ਉਸ ਤੋਂ ਪਿਛੋਂ ਵੀ ਅਖੌਤੀ ਦਸਮ ਗ੍ਰੰਥ ਬਾਰੇ ਸੈਮੀਨਾਰ ਨੂੰ ਸੁਣ ਜਾਂ ਲਿਖਤ ਨੂੰ ਪੜ੍ਹ ਕੇ ਪੱਤਰ ਲਿਖਦੇ ਰਹੇ ਹਾਂ, ਪਰ ਕਿਸੇ ਨੇ ਵੀ ਸਵਾਲ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਕੀਤੀ। ਹਾਂ, ਕਦੇ-ਕਦੇ ਕਾਗਜ ਜਰੂਰ ਕਾਲੇ ਕਰਦੇ ਰਹਿੰਦੇ ਹਨ।
15 ਜੁਲਾਈ 2017 ਈ: ਨੂੰ ਸਿਆਟਲ ਦੀਆ ਸੰਗਤਾਂ ਨੇ ਇਕ ਸੈਮੀਨਾਰ ਆਯੋਜਿਤ ਕੀਤਾ ਸੀ, ਜਿਸ ਦਾ ਮੁੱਖ ਵਿਸ਼ਾ ਨਾਨਕਸ਼ਾਹੀ ਕੈਲੰਡਰ ਸੀ। ਇਸ ਸੈਮੀਨਾਰ ਵਿੱਚ, ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਰੱਖੇ ਗਏ ਇਕ ਲੱਖ ਰੁਪਏ ਦੇ ਇਨਾਮ ਮੁਕਾਬਲੇ, ਸ. ਪਾਲ ਸਿੰਘ ਪੁਰੇਵਾਲ ਨੇ 5 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ। ਪਰ ਅਚਾਨਕ ਹੀ ਸਮਾਗਮ ਦੇ ਪ੍ਰਬੰਧਕਾਂ ਨੇ, 5 ਲੱਖ ਡਾਲਰ ਦੇ ਇਨਾਮ ਦਾ ਐਲਾਨ ਕਰ ਦਿੱਤਾ। ਜਿਉਂ ਹੀ ਇਸ ਦੀ ਖ਼ਬਰ ਫੈਲੀ, ਅਨੁਰਾਗ ਸਿੰਘ ਨੇ ਧੜਾ-ਧੜ ਪੋਸਟਾਂ ਪਾਉਣੀਆਂ ਆਰੰਭ ਕਰ ਦਿੱਤੀਆਂ। ਇਸ ਵੱਲੋਂ ਉਠਾਏ ਗਏ ਸਾਰੇ ਸਵਾਲਾਂ ਦਾ ਜਵਾਬ ਮੈਂ ਨਾਲ ਦੀ ਦਿੰਦਾ ਰਿਹਾ। ਇਹ 5 ਲੱਖ ਡਾਲਰ ਨੂੰ ਭਾਰਤੀ ਕਰੰਸੀ ਵਿੱਚ ਬਦਲੀ ਕਰਨ ਲਈ ਗੁਣਾ-ਘਟਾਓ ਤਾਂ ਕਰਦੇ ਰਹੇ, ਪਰ ਪ੍ਰਬੰਧਕਾਂ ਦੀ ਸ਼ਰਤ ਪ੍ਰਵਾਨ ਕਰਨ ਦਾ ਹੌਸਲਾ ਨਹੀਂ ਕਰ ਸਕੇ। (ਸਿਆਟਲ ਨਿਵਾਸੀ ਸਤਪਾਲ ਸਿੰਘ ਪੁਰੇਵਾਲ ਦੀ, ਅਨੁਰਾਗ ਸਿੰਘ ਨਾਲ ਫੂਨ ਤੇ ਵੀ ਗੱਲਬਾਤ ਹੋਈ ਸੀ) ਪ੍ਰਬੰਧਕਾਂ ਵੱਲੋਂ 5 ਲੱਖ ਡਾਲਰ ਦਾ ਇਨਾਮ ਤਿੰਨ ਮਹੀਨਿਆਂ ਵਾਸਤੇ ਰੱਖਿਆ ਗਿਆ ਸੀ। ਇਹ ਸਮਾਂ ਪੂਰਾ ਹੋਣ ਤੋਂ ਕਈ ਦਿਨ ਪਹਿਲਾ, ਮੈਂ ਇਕ ਪੱਤਰ ਲਿਖ ਕੇ ਇਨ੍ਹਾਂ ਨੂੰ ਯਾਦ ਵੀ ਕਰਵਾ ਦਿੱਤਾ ਸੀ ਕਿ ਇਹ 5 ਲੱਖ ਡਾਲਰ ਨੂੰ ਪ੍ਰਵਾਨ ਕਰਨ ਦੀ ਸਮਾਂ ਸੀਮਾ 15 ਅਕਤੂਬਰ ਨੂੰ ਖਤਮ ਹੋ ਰਹੀ ਹੈ। ਪਰ ਇਨ੍ਹਾਂ ਨੇ ਚੁੱਪ ਰਹਿਣ ਵਿਚ ਹੀ ਭਲਾਈ ਸਮਝੀ।
ਜੁਲਾਈ 2017 ਤੋਂ ਆਰੰਭ ਹੋ ਕੇ ਅਨੁਰਾਗ ਸਿੰਘ ਦੀਆਂ ਲੱਗ ਭੱਗ 50 ਪੋਸਟਾਂ ਦਾ ਜਵਾਬ ਮੈਂ 15 ਪੋਸਟਾਂ ਵਿੱਚ ਦਿੱਤਾ। ਇਸ ਦੇ ਹਰ ਸਵਾਲ ਦਾ ਜਵਾਬ ਤੱਥਾਂ ਅਧਾਰਿਤ ਦੇ ਕੇ ਇਸ ਨੂੰ ਮੋੜਵੇ ਸਵਾਲ ਵੀ ਕੀਤੇ ਪਰ ਇਸ ਨੇ ਮੇਰੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਸਗੋਂ ਮੇਰੇ ਤੇ ਪਾਬੰਦੀ ਲਾ ਦਿੱਤੀ ਕਿ ਮੈਂ ਇਸ ਦੀਆਂ ਪੋਸਟਾਂ ਵੇਖ/ਪੜ੍ਹ ਹੀ ਨਾ ਸਕਾ। ਪਰ ਸਾਂਝੇ ਸੱਜਣਾਂ ਰਾਹੀ ਇਸ ਦੀਆਂ ਕੈਲੰਡਰ ਸਬੰਧੀ ਪੋਸਟਾਂ ਮੇਰੇ ਤਾਈ ਪੁੱਜਦੀਆਂ ਰਹੀਆਂ, ਮੈਂ ਇਸ ਦੇ ਸਵਾਲਾਂ ਦਾ ਜਵਾਬ ਦਿੰਦਾ ਰਿਹਾ। ਕਦੇ ਕਦਾਈਂ ਅਖੌਤੀ ਦਸਮ ਗ੍ਰੰਥ ਬਾਰੇ ਵੀ ਇਸ ਦੀਆਂ ਪੋਸਟਾਂ ਮੇਰੇ ਤਾਈ ਪੁਜ ਜਾਂਦੀਆਂ, ਮੈਂ ਉਨ੍ਹਾਂ ਤੇ ਵੀ ਟਿੱਪਣੀਆਂ ਕਰਦਾ ਰਿਹਾ। ਜਵਾਬ ਇਸ ਨੇ ਉਨ੍ਹਾਂ ਦਾ ਵੀ ਨਹੀਂ ਦਿੱਤਾ। ਇਸ ਦੀ ਨੀਤੀ ਹੈ ਕਿ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣਾ, ਸਗੋਂ ਹਰ ਵਾਰ 5-7 ਨਵੇਂ ਸਵਾਲ ਕਰ ਦੇਣੇ। ਮੇਰੇ ਪਿਛਲੇ ਸਵਾਲ, “ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਡਿਜੀਟਾਈਜ਼ ਕਾਪੀ ਪਿਛਲੇ 18 ਮਹੀਨਿਆਂ ਵਿਚ ਹੱਥ ਲਿਖਤ ਬੀੜ (Hard copy) ਕਿਵੇਂ ਬਣ ਗਈ?” ਦੇ ਜਵਾਬ ਵਿੱਚ ਵੀ ਇਸ ਨੇ 5 ਸਵਾਲ ਕੀਤੇ ਹਨ। ਅਤੇ ਨਾਲ ਹੀ ਇਹ ਵੀ ਲਿਖਿਆ ਹੈ, “ਅਟੱਕਲਬਾਜੀਆਂ ਅਤੇ ਯੱਕੜਬਾਜੀਆਂ ਕਰਕੇ ਹੀ ਇਸ ਨੂੰ ਬਲੈਕ ਕੀਤਾ ਸੀ। ਜੇ ਹਿੰਮਤ ਹੈ ਤਾਂ ਹਿਦੋਸਤਾਨ ਦੀ ਕਿਸੇ ਵੀ ਵਿੱਦਿਅਕ ਸੰਸਥਾ ਵਿੱਚ ਸਮਾਂ,ਤਾਰੀਖ਼ ਅਤੇ ਸਥਾਨ ਨਿਸ਼ਚਿਤ ਕਰ ਲਵੇ ਅਤੇ ਆਪਣੇ ਗੁਰੂ ਕਾਮਰੇਡ ਪੂਰੇਵਾਲ ਅਤੇ ਡਾਕਟਰ ਹਰਭਜਨ ਸਿੰਘ ਨੂੰ ਨਾਲ ਲਿਆਉਣ ਦੀ ਖੇਚਲ ਵੀ ਕਰ ਲਵੇ। ਬਾਕੀ ਸੱਭ ਲੋਕ ਦੇਖਣਗੇ ਅਕਾਲ ਪੁਰਖ ਦਾ ਕੌਤਕ”।
ਮੈਂ, ਸਰਵਜੀਤ ਸਿੰਘ ਸੈਕਰਾਮੈਂਟੋ, ਅਨੁਰਾਗ ਸਿੰਘ ਦੀ ਇਸ ਦੀ ਚੁਣੌਤੀ ਨੂੰ ਪ੍ਰਵਾਨ ਕਰਦਾ ਹਾਂ।
ਇਸ ਨੂੰ ਮੇਰਾ ਸਵਾਲ ਹੈ ਕਿ ਕੁਕੜੀ ਦੇ ਆਡਾ ਦੇਣ ਵਾਂਗੂ ਰੋਜ਼ਾਨਾ ਨਵੀਂ ਪੋਸਟ, ਆਪਣੇ ਘਰੋਂ ਪਾਉਂਦਾ ਹੈ ਤਾਂ ਮੇਰੇ ਸਵਾਲਾਂ ਦੇ ਜਵਾਬ ਘਰ ਬੈਠਾ ਕਿਉਂ ਨਹੀਂ ਦੇ ਸਕਦਾ? ਕੀ ਅਕਾਲ ਪੁਰਖ ਸਿਰਫ “ਹਿਦੋਸਤਾਨ ਦੀ ਕਿਸੇ ਵੀ ਵਿੱਦਿਅਕ ਸੰਸਥਾ” ਵਿਚ ਹੀ ਕੌਤਕ ਵਿਖਾਲ ਸਕਦਾ ਹੈ? ਕੀ ਤੁਹਾਡਾ ਘਰ ਅਕਾਲ ਪੁਰਖ ਦੇ ਅਧਿਕਾਰ ਖੇਤਰ (Jurisdiction) ਤੋਂ ਬਾਹਰ ਹੈ? ਅਨੁਰਾਗ ਸਿੰਘ, ਇਹ ਅਠਾਰਵੀਂ ਸਦੀ ਨਹੀਂ ਹੈ। ਕਿ ਵਿਸਾਖੀ-ਦਿਵਾਲੀ ਨੂੰ ਹੀ ਇਕੱਠ ਹੋਣਾ ਹੈ। ਇੱਕੀਵੀਂ ਸਦੀ ਹੈ ਸਮੇਂ ਦੇ ਹਾਣੀ ਬਣੋ। ਆਪਾਂ, ਆਪੋ ਆਪਣੇ ਘਰ ਬੈਠੇ ਹੀ ਵਿਚਾਰ ਕਰ ਸਕਦੇ ਹਾਂ ਅਤੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠ ਸਿੱਖ, ਘਰ ਬੈਠੇ ਹੀ ਨਾਲ ਦੀ ਨਾਲ ਹੀ ਪੜ੍ਹ ਸਕਦੇ ਹਨ। ਮੇਰਾ ਸੁਝਾਉ ਹੈ ਕਿ ਪਹਿਲਾ ਕੈਲੰਡਰ ਤੇ ਵਿਚਾਰ ਕਰਦੇ ਹਾਂ ਫੇਰ ਤੁਹਾਡੇ ਬਾਲੇ ਦੀ ਜਨਮ ਪੱਤਰੀ ਵੀ ਬਣਾਵਾਂਗੇ। ਆਓ, ਮੇਰੀ ਵਾਲ ਤੇ ਲਿਖਣ ਦਾ ਸੱਦਾ ਪ੍ਰਵਾਨ ਕਰੋ।
ਅਨੁਰਾਗ ਸਿੰਘ ਜੀ, ਤੁਹਾਡੀ ਨਵੀਂ ਪੋਸਟ, ਜੋ ਅੱਜ ਹੀ ਪ੍ਰਾਪਤ ਹੋਈ ਹੈ, “ਪੁਰਾਤਨ ਹੱਥ ਲਿੱਖਤ ਗੁਰੂ ਗਰੰਥ ਸਾਹਿਬ ਦੀਆਂ ਪੋਥੀਆਂ ਵਿੱਚ ਬਹੁਤ ਸਾਰੇ ਇਤਿਹਾਸਕ ਤੱਥ ਵੀ ਮਿੱਲਦੇ ਹਨ, ਜੋ ਖੋਜ ਕਾਰਜਾਂ ਵਿੱਚ ਸਹਾਈ ਹੁੰਦੇ ਹਨ। ਇਹ ਬੀੜ ਗੁਰੂ ਗੋਬਿੰਦ ਸਿੰਘ ਜੀ ਦੇ ਵੱਕਤ ਦੀ ਤਿਆਰ ਹੋਈ ਹੈ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਸਾਹਿਬ ਦੇ ਜੋਤੀ ਜੋਤਿ ਸਾਮਾਵਣ ਦੀਆਂ ਤਿਥਾਂ ਅਤੇ ਅਸਥਾਨ ਦਿੱਤੇ ਗਏ ਹਨ। ਇਸ ਦੇ ਬਾਵਜੂਦ ਸਾਡੇ ਵਿਦਵਾਨ ਜਿਨ੍ਹਾਂ ਨੇ ਅਖੌਤੀ ਨਾਨਕਸ਼ਾਹੀ ਜੰਤਰੀ ਬਣਾਈ ਉਨ੍ਹਾਂ ਨੇ ਇਹ ਤਾਰੀਖ਼ਾਂ ਨੱਜਰ ਅੰਦਾਜ਼ ਕੀਤੀਆਂ”, ਤੋਂ ਹੀ ਵਿਚਾਰ ਆਰੰਭ ਕਰਦੇ ਹਾਂ।
ਇਸ ਦੇ ਨਾਲ ਤੁਸੀਂ ਇਕ ਹੱਥ ਲਿਖਤ ਦੀ ਫ਼ੋਟੋ ਵੀ ਭੇਜੀ ਹੈ। ਜਿਸ ਵਿੱਚ “ਚਲਿਤ੍ਰ ਜੋਤੀ ਜੋਤਿ ਸਮਾਵਣ ਕਾਂ” ਦਰਜ ਹੈ। ਜਿਸ ਬਾਰੇ ਤੁਹਾਡਾ ਇਤਰਾਜ਼ ਹੈ ਕਿ ਵਿਦਵਾਨ ਨੇ ਨਾਨਕਸ਼ਾਹੀ ਕੈਲੰਡਰ ਬਣਾਉਣ ਵੇਲੇ ਇਨ੍ਹਾਂ ਤਾਰੀਖ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ।
ਅਨੁਰਾਗ ਸਿੰਘ ਜੀ, ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਪੜ੍ਹੀ ਹੋਵੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਵਿਚ ਬੜੇ ਹੀ ਸਪੱਸ਼ਟ ਸ਼ਬਦਾਂ ਵਿਚ ਇਹ ਲਿਖਿਆ ਹੋਇਆ ਹੈ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਜਾਵੇਗਾ”। ਹੱਥ ਲਿਖਤ ਵਿਚ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ, “ਸੰਬਤੁ ੧੫੯੬ ਅਸੂ ਵਦੀ ੧੦ ਸ੍ਰੀ ਬਾਬਾ ਨਾਨਕ ਦੇਵ ਜੀ ਸਮਾਏ”, ਦਰਜ ਹੈ। ਕੈਲੰਡਰ ਕਮੇਟੀ ਵੱਲੋਂ ਬਣਾਏ ਗਏ ਨਿਯਮ ਮੁਤਾਬਕ, ਅੱਸੂ ਵਦੀ ੧੦ ਨੂੰ, 8 ਅੱਸੂ (ਪ੍ਰਵਿਸ਼ਟਾ) ਸੀ, 8 ਅੱਸੂ ਹੀ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਹੈ। ਸਿੱਖ ਇਤਿਹਾਸ ਨਾਲ ਸਬੰਧਿਤ ਸਾਰੀਆਂ ਤਾਰੀਖ਼ਾਂ, ਇਸੇ ਨਿਯਮ ਮੁਤਾਬਕ ਹੀ ਨਾਨਕਸ਼ਾਹੀ ਕੈਲੰਡਰ ਵਿੱਚ ਬਦਲੀਆਂ ਗਈਆਂ ਹਨ। ਅਜੇ ਵੀ ਜੇ ਤੁਹਾਡਾ ਕੋਈ ਸ਼ੰਕਾ ਹੈ ਤਾਂ ਆਪਣਾ ਪੱਖ ਸੰਖੇਪ ਅਤੇ ਸਪੱਸ਼ਟ ਸ਼ਬਦਾਂ ਵਿੱਚ ਲਿਖ ਭੇਜਣਾ ਤਾ ਜੋ ਉਸ ਤੇ ਵਿਚਾਰ ਕੀਤੀ ਜਾ ਸਕੇ।
ਇਕ ਹੋਰ ਬੇਨਤੀ, ਜੋ ਪਹਿਲਾ ਵੀ ਇਕ ਤੋਂ ਵੱਧ ਵਾਰ ਕਰ ਚੁੱਕਿਆ ਹਾਂ ਪਰ ਤੁਸੀਂ ਪ੍ਰਵਾਨ ਨਹੀ ਕੀਤੀ। ਉਹ ਇਹ ਕਿ ਤੁਹਾਡੇ ਲਿਖਣ ਮੁਤਾਬਕ, ਨਾਨਕਸ਼ਾਹੀ ਕੈਲੰਡਰ ਦੀਆਂ ਜਿਹੜੀਆਂ ਤਾਰੀਖ਼ਾਂ, 23 ਮਾਰਚ 2003 ਈ: ਨੂੰ ਤੁਹਾਡੇ ਘਰ ਬੈਠ ਕੇ ਨਿਰਧਾਰਤ ਕੀਤੀਆਂ ਗਈਆਂ ਸਨ ਅਤੇ “ਸ਼ੁਧ ਅਤੇ ਅਸ਼ੁੱਧ” ਤਾਰੀਖ਼ਾਂ ਦੀ ਜਿਹੜੀ ਸੂਚੀ ਤੁਸੀਂ 12 ਅਗਸਤ 2009 ਈ: ਨੂੰ ਅਕਾਲ ਤਖਤ ਨੂੰ ਭੇਜੀ ਸੀ, 7 ਪੰਨਿਆਂ ਉਹ ਸੂਚੀ ਜੰਤਕ ਕਰੋ ਤਾਂ ਜੋ ਇਕੱਲੀ-ਇਕੱਲੀ ਤਾਰੀਖ਼ ਤੇ ਵਿਚਾਰ ਕਰਨ ਦੀ ਬਿਜਾਏ, ਸਾਰੀਆਂ ਤਾਰੀਖ਼ਾਂ ਉਪਰ ਤਰਤੀਬ ਵਾਰ ਵਿਚਾਰ ਕਰਕੇ ਕਿਸੇ ਨਤੀਜੇ ਤੇ ਪੁੱਜਿਆ ਜਾ ਸਕੇ। ਤੁਹਾਡੇ ਘਰ ਹੋਈ ਮੀਟਿੰਗ ਵਿੱਚ ਹਾਜ਼ਰ ਸਾਰੇ ਸੱਜਣਾ ਦੇ ਨਾਮ ਵੀ ਭੇਜੇ ਜਾਣ ਤਾਂ ਜੋ ਲੋੜ ਪੈਣ ਤੇ ਉਨ੍ਹਾਂ ਨਾਲ ਵੀ ਸੰਪਰਕ ਕੀਤਾ ਜਾ ਸਕੇ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
7/7/2019
ਅਨੁਰਾਗ ਸਿੰਘ ਦੇ ਕੌਤਕ - ਸਰਵਜੀਤ ਸਿੰਘ ਸੈਕਰਾਮੈਂਟੋ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੂਨ ਦਾ ਮਹੀਨਾ ਆਇਆ, 1984 ਈ: ਵਿਚ ਵਾਪਰੇ ਦੁਖਾਂਤ ਨੂੰ ਸਿੱਖ ਜਥੇਬੰਦੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਯਾਦ ਕੀਤਾ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਹਰ ਸਾਲ ਦੀ ਤਰ੍ਹਾਂ ਰਵਾਇਤੀ ਸਮਾਗਮ ਕੀਤਾ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਆਪਣੇ ਮਾਲਕਾਂ ਦੇ ਆਦੇਸ਼ਾਂ ਤੇ ਸਖ਼ਤੀ ਨਾਲ ਪਹਿਰਾ ਦਿੱਤਾ। ਬਾਦਲ ਦਲ ਦੇ ਪ੍ਰਧਾਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਸਿੱਖ ਰੈਫ਼ਰੈਂਸ ਲਾਇਬਰੇਰੀ ਦੀ ਮੰਗ ਕਰਕ ਕੇ ਆਪਣੇ ਆਪ ਨੂੰ ਪੰਥ ਹਿਤੈਸ਼ੀ ਸਾਬਿਤ ਕਰਨ ਦਾ ਯਤਨ ਕੀਤਾ। ਸਭ ਕੁਝ ਸੁੱਖ ਸ਼ਾਂਤੀ ਨਾਲ ਬੀਤ ਗਿਆ। ਪਰ, ਕੇਂਦਰੀ ਗ੍ਰਹਿ ਮੰਤਰੀ ਨੇ ਫੌਜ ਵੱਲੋਂ ਚੁੱਕੇ ਗਏ ਇਤਿਹਾਸਿਕ ਦਸਤਾਵੇਜ਼, ਵਾਪਸ ਕੀਤੇ ਗਏ ਅਤੇ ਬਕਾਇਆ ਸਮਾਨ ਦੀਆਂ ਸੂਚੀਆਂ ਮੰਗ ਕੇ ਸ਼੍ਰੋਮਣੀ ਕਮੇਟੀ ਲਈ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ। ਕੇਂਦਰ ਵੱਲੋਂ ਮੰਗੀਆਂ ਗਈਆਂ ਸੂਚੀਆਂ ਦੀ ਗੱਲ ਵੀ ਆਈ-ਗਈ ਹੋ ਜਾਣੀ ਸੀ, ਜੇ ਚੰਡੀਗੜ੍ਹ ਤੋਂ ਛਪਦਾ ਪੰਜਾਬੀ ਦਾ ਅਖ਼ਬਾਰ ਸਪੋਕਸਮੈਨ 8 ਜੂਨ ਨੂੰ ਤੱਥਾਂ ਅਧਾਰਿਤ ਖ਼ਬਰ, “ਸਿੱਖ ਰੈਫ਼ਰੈਂਸ ਲਾਇਬਰੇਰੀ ਦੇ ਕੀਮਤੀ ਖਜਾਨੇ ਨੂੰ ਆਪਣਿਆਂ ਵੱਲੋਂ ਵੇਚਣ ਦੀ ਵਿਥਿਆ” ਛਾਪ ਕੇ ਸ਼੍ਰੋਮਣੀ ਕਮੇਟੀ ਦੀ ਪਿਛਲੇ ਤਿੰਨ ਦਹਾਕਿਆਂ ਦੀ ਕਾਰਗੁਜ਼ਾਰੀ ਸੰਗਤਾਂ ਸਾਹਮਣੇ ਪੇਸ਼ ਨਾ ਕਰਦਾ। ਸੰਗਤਾਂ ਦੇ ਰੋਹ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਨੇ 13 ਜੂਨ ਨੂੰ ਹੰਗਾਮੀ ਮੀਟਿੰਗ ਸੱਦੀ ਅਤੇ ਫੇਰ ਘੜਿਆਂ-ਘੜਾਇਆਂ ਮਤਾ ਪਾਸ ਕਰ ਦਿੱਤਾ ਕਿ ਪ੍ਰਧਾਨ ਜੀ ਦੇ ਆਦੇਸ਼ਾਂ ਮੁਤਾਬਕ ਇਕ ਹਾਈ ਪਾਵਰ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਵੇਗੀ।
ਇਸ ਸਾਲ ਜੋ ਨਵੀਂ ਜਾਣਕਾਰੀ ਅਖ਼ਬਾਰ ਨੇ ਸਾਹਮਣੇ ਲਿਆਂਦੀ ਹੈ ਉਹ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤਾਂ ਵਾਲੇ ਇਕ ਸਰੂਪ ਨੂੰ 4000 ਪੌਂਡ 'ਚ ਇੰਗਲੈਂਡ ਵਿੱਚ ਵੇਚਿਆ ਜਾਣਾ ਅਤੇ ਦੂਜੇ ਸਰੂਪ ਨੂੰ 12 ਕਰੋੜ ਰੁਪਏ ਵਿੱਚ ਅਮਰੀਕਾ ਵਿੱਚ ਵੇਚਿਆ ਜਾਣਾ। ਇਸੇ ਸਬੰਧ ਵਿਚ ਹੀ ਮੇਰੇ ਇਕ ਸੱਜਣ ਵੱਲੋਂ, ਅਨੁਰਾਗ ਸਿੰਘ ਵੱਲੋਂ ਪੋਸਟ ਕੀਤੀਆਂ ਖ਼ਬਰਾਂ/ਟਿੱਪਣੀਆਂ, ਮੈਨੂੰ ਭੇਜ ਕੇ ਸਵਾਲ ਕੀਤਾ ਗਿਆ, ਕੀ ਇਹ ਸੱਚ ਹੈ? ਮੈਂ ਅਨੁਰਾਗ ਸਿੰਘ ਦੀਆਂ ਪੋਸਟਾਂ ਨਹੀਂ ਵੇਖ ਸਕਦਾ ਕਿਉਂਕਿ ਹੁਣ ਇਸ ਨੇ ਮੈਨੂੰ ਬਲੌਕ ਕੀਤਾ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਮੀਡੀਏ ਵਿੱਚ ਚਲ ਰਹੀ ਚਰਚਾ ਅਤੇ ਅਨੁਰਾਗ ਸਿੰਘ ਦੀ ਉਪ੍ਰੋਕਤ ਟਿੱਪਣੀ ਪੜ੍ਹ ਕੇ ਮੇਰੇ ਇਸ ਸੱਜਣ ਦੀ ਤਰ੍ਹਾਂ, ਹੋਰ ਪਾਠਕਾਂ ਦਾ ਵੀ ਧਿਆਨ ਇਕ ਦਮ ਇਸ ਪਾਸੇ ਗਿਆ ਹੋਵੇਗਾ ਕਿ ਅਨੁਰਾਗ ਸਿੰਘ ਸੱਚ ਹੀ ਲਿਖ ਰਿਹਾ ਹੋਵੇਗਾ ਅਤੇ 12 ਕਰੋੜ ਨੂੰ ਵੇਚੀ ਗਈ ਉਹ ਬੀੜ, ਸ. ਜੋਗਿੰਦਰ ਸਿੰਘ ਪਾਸ ਹੀ ਹੋਵੇਗੀ।
ਆਓ ਅਨੁਰਾਗ ਸਿੰਘ ਦੇ ਇਸ ਦਾਅਵੇ ਦੀ ਪੜਤਾਲ ਕਰੀਏ।
1 ਨਵੰਬਰ 2017 ਨੂੰ ਅਨੁਰਾਗ ਸਿੰਘ ਨੇ , ਡਾ ਹਰਭਜਨ ਸਿੰਘ ਦੇ ਨਾਮ ਇਕ ਪੋਸਟ ਪ