Sarla Maheshvari

ਬਦਕਿਸਮਤਾ !  ਪਿਆਰ ਕਰਕੇ ਤਾਂ ਵੇਖ ! - ਸਰਲਾ ਮਹੇਸ਼ਵਰੀ 

ਹਿਜਾਬ ਪਹਿਨਿਆਂ ਤਾਂ ਮਾਰਾਂਗੇ
ਜੀਨਸ ਪਹਿਨੀ ਤਾਂ ਮਾਰਾਂਗੇ
ਬੁਰਕਾ ਪਹਿਨਿਆਂ ਤਾਂ ਮਾਰਾਂਗੇ
ਲੱਤਾਂ ਵਿਖਾਈਆਂ ਤਾਂ ਮਾਂਰਾਂਗੇ
ਘੁੰਢ ਹਟਾਇਆ ਤਾਂ ਮਾਰਾਂਗੇ
ਬੋਲੇਂਗੀ ਤਾਂ ਮਾਰਾਂਗੇ
ਨਾ ਬੋਲੀ ਤਾਂ ਮਾਂਰਾਂਗੇ
ਹੱਸੇਂਗੀ ਤਾਂ ਮਾਰਾਂਗੇ
ਮੋਬਾਈਲ ਰੱਖਿਆ ਤਾਂ ਮਾਰਾਂਗੇ
ਪਿਆਰ ਕੀਤਾ ਤਾਂ ਮਾਰਾਂਗੇ
ਨੌਕਰੀ ਕੀਤੀ ਤਾਂ ਮਾਰਾਂਗੇ
ਘਰੇ ਹੀ ਰਹੀ ਤਾਂ ਮਾਰਾਂਗੇ!
ਇਸ ਬਹਾਨੇ ! ਓਸ ਬਹਾਨੇ , ਮਾਰਾਂਗੇ!
ਧਰਮ ਦੇ ਨਾਂ 'ਤੇ ਮਾਰਾਂਗੇ !
ਅਧਰਮ ਦੇ ਨਾਂ 'ਤੇ ਮਾਰਾਂਗੇ !
ਤੁਸੀਂ  ਮਾਰੋਗੇ ਜ਼ਰੂਰ
ਪਰਦਾ ਕਰਾਂ ਜਾਂ ਪਰਦਾ ਲਾਹਾਂ ਕੁੱਝ ਵੀ
ਮੇਰੀ ਹੋਂਦ ਲਈ ਹੀ ਮਾਰੋਗੇ !
ਸੱਚ ਇਹ ਹੈ ਕਿ ਤੁਹਾਨੂੰ
ਸਾਡਾ ਹਿਜਾਬ ਵੀ ਡਰਾਉਂਦਾ ਹੈ !
ਸਾਡੀ ਜੀਂਨਸ ਵੀ ਡਰਾਉਂਦੀ ਹੈ !
ਘੁੰਢ ਚੁੱਕਣਾ ਵੀ ਡਰਾਉਂਦਾ ਹੈ !
ਸਾਡਾ ਬੁਰਕਾ ਵੀ ਡਰਦਾਉਂਦਾ ਹੈ !
ਸਾਡਾ ਚੁੱਪ ਰਹਿਣਾ ਵੀ ਡਰਾਉਂਦਾ ਹੈ !
ਸਾਡਾ ਬੋਲਣਾ ਵੀ ਡਰਾਉਂਦਾ ਹੈ !
ਸਾਡਾ ਪੜ੍ਹਨਾ ਵੀ ਡਰਾਉਂਦਾ ਹੈ !
ਨਾ-ਪੜ੍ਹਨਾ ਵੀ ਡਰਾਉਂਦਾ ਹੈ!
ਨੌਕਰੀ ਕਰਨਾ ਵੀ ਡਰਾਉਂਦਾ ਹੈ !
ਘਰ 'ਚ ਰਹਿਣਾ ਵੀ ਡਰਾਉਂਦਾ ਹੈ!
ਸਾਡਾ ਖਿੜਖਿੜਾਉਣਾ ਵੀ ਡਰਾਉਂਦਾ ਹੈ !
ਰੋਣਾ ਵੀ ਡਰਾਉਂਦਾ ਹੈ !
ਜਾਣੀ ਕਿ ਅਸੀਂ ਇਨਸਾਨ ਨਹੀਂ ਹਾਂ
ਆਪਣੇ ਕਬਜ਼ੇ 'ਚ ਕਰਨਾ ਤੁਹਾਡੇ ਡਰ ਦਾ ਦੂਜਾ ਨਾਮ ਹੈ !
ਪਰ ਉਹ ਦਿਨ ਦੂਰ ਨਹੀਂ ਜਦੋਂ
ਮਾਰੋ ! ਮਾਰੋ ! ਮਾਰੋ !
'ਤੇ ਜਵਾਬੀ ਹਮਲਾ ਹੋਵੇਗਾ !
ਜਵਾਬੀ ਹਮਲਾ !
ਤਾੜ ! ਤਾੜ ! ਤਾੜ !
ਇਹ ਮਾਰ ! ਉਹ ਮਾਰ !
ਫਿਰ ਲੜਾਈ ਬਰਾਬਰੀ ਦੀ ਹੋਵੇਗੀ।
ਫਿਰ ਆਵੇਗਾ ਲੜਾਈ ਦਾ ਮਜ਼ਾ  !!
ਸੁਣ ਡਰਪੋਕ ਬੰਦਿਆਂ,  ਡਰ ਨਾ !
ਨਾ ਡਰ  !
ਅਸੀਂ ਇਨਸਾਨ ਹਾਂ !
ਮੁੱਠੀ ਖੋਲ੍ਹ ਤੇ  ਹੱਥ ਮਿਲਾ !
ਨਾਲ ਚੱਲ ਕੇ ਤਾਂ ਵੇਖ !
ਆਪੇ ਤੋਂ ਬਾਹਰ ਨਿਕਲ ਕੇ ਤਾਂ ਵੇਖ !
ਸਾਡੀਆਂ ਅੱਖਾਂ ਨਾਲ ਵੀ ਵੇਖ !
ਜ਼ਿੰਦਗੀ ਨੂੰ ਫੁੱਲਾਂ ਵਾਂਗੂੰ ਮਹਿਕਦਾ ਤਾਂ ਵੇਖ !
ਪਾਗਲਾ ! ਨਜ਼ਰਾਂ ਨੂੰ ਦੋ-ਚਾਰ ਕਰਕੇ ਤਾਂ ਵੇਖ !
ਬਦਕਿਸਮਤਾ ! ਪਿਆਰ ਕਰਕੇ ਤਾਂ ਵੇਖ !!
ਅਨੁਵਾਦ - ਕੇਹਰ ਸ਼ਰੀਫ਼