Shameel

ਸੋਚ-ਸਮਝ ਤੋਂ ਕੰਮ ਲੈਣ ਦੀ ਲੋੜ - ਸ਼ਮੀਲ

ਕਿਸਾਨ ਗਰੁੱਪਾਂ ਦਾ ਚੋਣਾਂ ਲੜਨ ਦਾ ਪਲੈਨ ਬਹੁਤ ਖਤਰੇ ਅਤੇ ਲਾਲਸਾ ਵਾਲਾ ਹੈ। ਇਸ ਵਿਚ ਮੂਰਖਾਨਾ ਹੱਦ ਤੱਕ ਲਾਲਸਾ ਝਲਕ ਰਹੀ ਹੈ। ਕਿਸਾਨ ਲੀਡਰਾਂ ਦੀ ਜੋ ਇਜ਼ਤ ਪਿਛਲੇ ਸਮੇਂ ਵਿਚ ਬਣੀ ਹੈ, ਉਹ ਉਨ੍ਹਾਂ ਚੰਦ ਦਿਨਾਂ ਵਿਚ ਮਿੱਟੀ ਵਿਚ ਮਿਲਾ ਲੈਣੀ ਹੈ। ਲੱਗਦਾ ਹੈ ਕਿ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਜਾਂਦੀ ਵਾਰ ਸਿਰ ਵਿਚ ਸੁਆਹ ਪੁਆਉਣ ਦੀ ਪੱਕੀ ਠਾਣੀ ਹੈ। ਜਿੰਨਾ ਇਜ਼ਤ-ਮਾਣ ਕਿਸਾਨ ਅੰਦੋਲਨ ਦੌਰਾਨ ਕਿਸਾਨ ਲੀਡਰਾਂ ਨੂੰ ਮਿਲਿਆ, ਉਸ ਤਰਾਂ ਦਾ ਸਨਮਾਨ ਹਿਸਟਰੀ ਵਿਚ ਕਦੇ-ਕਦੇ ਕਿਸੇ ਦੇ ਹਿੱਸੇ ਆਉਂਦਾ ਹੈ। ਉਸ ਨੂੰ ਸੰਭਾਲਣ ਦੀ ਬਜਾਏ, ਉਸ ਸਨਮਾਨ ਨੂੰ ਕਾਇਮ ਰੱਖਣ ਦੀ ਬਜਾਏ ਉਹ ਖੁਦਕੁਸ਼ੀ ਦੇ ਰਾਹ ਤੁਰ ਪਏ ਹਨ। ਕੁੱਝ ਨੁਕਤੇ ਵਿਚਾਰ ਲਈ ਸ਼ੇਅਰ ਕਰਨਾ ਚਾਹ ਰਿਹਾ ਹਾਂ :
1. ਤੁਹਾਡਾ ਅੰਦੋਲਨ ਅਜੇ ਖਤਮ ਨਹੀਂ ਹੋਇਆ। ਅਜੇ ਐਮਐਸਪੀ ਅਤੇ ਹੋਰ ਮੰਗਾਂ ਤੇ ਗੱਲ ਚੱਲ ਰਹੀ ਹੈ। ਇਸ਼ਾਰੇ ਪਹਿਲਾਂ ਹੀ ਇਹ ਮਿਲਣੇ ਸ਼ੁਰੂ ਹੋ ਗਏ ਹਨ ਕਿ ਸਰਕਾਰ ਖੇਤੀ ਕਨੂੰਨ ਵਾਪਿਸ ਲਿਆ ਸਕਦੀ ਹੈ। ਸਿਆਸੀ ਪਾਰਟੀ ਬਣਾਉਣ ਤੋਂ ਬਾਦ ਹੁਣ ਕਿਹੜੇ ਮੂੰਹ ਨਾਲ ਕਿਸਾਨਾਂ ਦੇ ਨੁਮਾਇੰਦੇ ਬਣਕੇ ਇਹ ਸਰਕਾਰ ਨਾਲ ਗੱਲ ਕਰਨਗੇ?
2. ਹਰ ਅੰਦੋਲਨ ਵਿਚੋਂ ਸਿਆਸੀ ਲੋਕ ਵੀ ਨਿਕਲਦੇ ਹਨ ਅਤੇ ਜੇ ਕੁੱਝ ਲੋਕ ਕਿਸਾਨ ਸੰਗਠਨਾਂ ਨੂੰ ਛੱਡਕੇ ਸਿਆਸਤ ਵਿਚ ਚਲੇ ਜਾਂਦੇ ਤਾਂ ਇਸ ਨਾਲ ਕਿਸੇ ਨੂੰ ਕੋਈ ਸਮੱਸਿਆ ਨਹੀਂ ਸੀ ਹੋਣੀ। ਪਰ ਅਜੇ ਕੱਲ੍ਹ ਤੁਹਾਡਾ ਅੰਦੋਲਨ ਖਤਮ ਹੋਇਆ ਹੈ ਅਤੇ ਹੁਣੇ ਤੁਸੀਂ ਪਾਰਟੀ ਬਣਾਉਣ ਦੇ ਰਾਹ ਤੁਰ ਪਏ ਹੋ। ਕੁੱਝ ਤਾਂ ਸ਼ਰਮ ਤੁਹਾਨੂੰ ਕਰਨੀ ਚਾਹੀਦੀ ਹੈ।
3. ਕਿਸਾਨ ਲੀਡਰਾਂ ਨੂੰ ਪੰਜਾਬ ਦੇ ਅਤੇ ਮੁਲਕ ਦੇ ਲੋਕਾਂ ਨੇ ਸਨਮਾਨ ਦਿਤਾ ਪਰ ਇਹ ਗੱਲ ਉਨ੍ਹਾਂ ਨੂੰ ਸਮਝਣੀ ਚਾਹੀਦੀ ਹੈ ਕਿ ਜਦੋਂ ਵੋਟ ਪਾਉਣ ਦੀ ਗੱਲ ਆਉਣੀ ਹੈ ਤਾਂ ਗੱਲ ਹੋਰ ਹੋ ਜਾਣੀ ਹੈ। ਗੈਰ-ਜੱਟ ਵੋਟ ਕਿਸਾਨ ਲੀਡਰਾਂ ਨੂੰ ਐਨੀ ਅਸਾਨੀ ਨਾਲ ਨਹੀਂ ਪੈਣੀ, ਜਿੰਨੀ ਇਸ ਵੇਲੇ ਉਨ੍ਹਾਂ ਨੂੰ ਲੱਗਦੀ ਹੈ। ਇਹ ਸੀਰੀਅਸ ਨੁਕਤਾ ਹੈ। ਇਸ ਬਾਰੇ ਉਨ੍ਹਾਂ ਨੂੰ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ।
4. ਮੋਦੀ-ਅਮਿਤ ਸ਼ਾਹ ਦੀ ਵੰਡੋ ਅਤੇ ਰਾਜ ਕਰੋ ਦੀ ਨੀਤੀ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਇਕ ਪਾਸੇ ਪੰਜਾਬ ਵਿਚ ਗਰਮ-ਖਿਆਲੀ ਸਿੱਖ ਸਿਆਸਤ ਨੂੰ ਸ਼ਹਿ ਦੇਕੇ ਅਤੇ ਡਰ ਦਾ ਮਹੌਲ ਪੈਦਾ ਕਰਕੇ ਪੰਜਾਬ ਦੇ ਹਿੰਦੂ ਵੋਟਰ ਨੂੰ ਇਕ ਪਾਸੇ ਇਕੱਠਾ ਕਰਨਾ ਹੈ ਅਤੇ ਦੂਜੇ ਪਾਸੇ ਬਾਕੀ ਵੋਟਾਂ ਨੂੰ ਕਈ ਹਿੱਸਿਆਂ ਵਿਚ ਵੰਡਣਾ ਹੈ। ਅਜਿਹੇ ਮਹੌਲ ਵਿਚ ਕਿਸਾਨ ਲੀਡਰਾਂ ਦਾ ਆਪਣੀ ਪਾਰਟੀ ਬਣਾਉਣਾ ਸਿੱਧੇ ਤੌਰ ਤੇ ਮੋਦੀ-ਅਮਿਤ ਸ਼ਾਹ ਦੀ ਚਾਲ ਵਿਚ ਫਸਣਾ ਹੋਵੇਗਾ ਅਤੇ ਜਿਸ ਮੋਦੀ ਨੂੰ ਉਹ ਦਿੱਲੀ ਵਿਚ ਬੜੀ ਸ਼ਾਨ ਨਾਲ ਹਰਾਕੇ ਆਏ ਨੇ, ਉਸੇ ਮੋਦੀ ਨੂੰ ਪੰਜਾਬ ਵਿਚ ਜਿਤਾਉਣ ਦਾ ਕਾਰਨ ਬਣਨਗੇ।
5. ਕਿਸਾਨ ਅੰਦੋਲਨ ਦੀ ਕਾਮਯਾਬੀ ਇਕ ਵੱਡੀ ਇਤਿਹਾਸਕ ਕਾਮਯਾਬੀ ਹੈ। ਅਜੇ ਸਟੱਡੀ ਕਰਨ ਵਾਲੇ ਲੋਕਾਂ ਨੇ ਪੂਰੇ ਮੁਲਕ ਵਿਚ ਇਸ ਤੇ ਕੰਮ ਸ਼ੁਰੂ ਕਰਨਾ ਹੈ। ਲੋਕ ਕਿਸਾਨ ਲੀਡਰਸ਼ਿਪ ਨੂੰ ਵੱਡੇ ਵੱਡੇ ਸਨਮਾਨ ਦਿਵਾਉਣ ਦੀਆਂ ਗੱਲਾਂ ਕਰ ਰਹੇ ਨੇ। ਕੁੱਝ ਲੋਕਾਂ ਨੇ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਨੋਬਲ ਪੀਸ ਪ੍ਰਾਈਜ਼ ਦੀ ਵੀ ਗੱਲ ਕੀਤੀ। ਇਸ ਤਰਾਂ ਦੀ ਗੱਲ ਤੁਰਨਾ ਵੀ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਪਰ ਜਿਸ ਪਾਸੇ ਕਿਸਾਨ ਲੀਡਰ ਤੁਰ ਪਏ ਹਨ, ਉਨ੍ਹਾਂ ਦੀ ਹਾਲਤ ਪੁਰਾਣੇ ਮੁਹਾਵਰੇ ਉਹ ਫਿਰ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ’ ਵਾਲੀ ਹੋ ਗਈ ਹੈ।
6. ਇਹ ਤਸੱਲੀ ਵਾਲੀ ਗੱਲ ਹੈ ਕਿ ਜੋਗਿੰਦਰ ਸਿੰਘ ਉਗਰਾਹਾਂ ਅਤੇ ਕੁੱਝ ਹੋਰ ਕਿਸਾਨ ਲੀਡਰ ਆਪਣੇ ਆਪ ਨੂੰ ਇਸ ਲਾਲਸਾ ਤੋਂ ਪਾਸੇ ਰੱਖ ਰਹੇ ਨੇ। ਇਸ ਨਾਲ ਉਨ੍ਹਾਂ ਦਾ ਸਨਮਾਨ ਹੋਰ ਉੱਚਾ ਹੋਵੇਗਾ। ਇਕ ਕਿਸਾਨ ਜਥੇਬੰਦੀ ਦੇ ਰੂਪ ਵਿਚ ਸੰਯੁਕਤ ਕਿਸਾਨ ਮੋਰਚੇ ਨੂੰ ਬਚਾਕੇ ਰੱਖਣ ਲਈ ਅਜਿਹੇ ਲੀਡਰਾਂ ਨੂੰ ਖੁਲ੍ਹਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਲਾਲਸਾ ਵਸ ਡੋਲੇ ਕੁੱਝ ਕਿਸਾਨ ਲੀਡਰਾਂ ਤੋਂ ਆਪਣੇ ਆਪ ਨੂੰ ਵੱਖ ਕਰਨਾ ਚਾਹੀਦਾ ਹੈ
7. ਬਲਬੀਰ ਸਿੰਘ ਰਾਜੇਵਾਲ ਹੋਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਚੋਣਾਂ ਵਿਚ ਜਿੱਤਣ ਦੀ ਜਾਂ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀ ਕੋਈ ਗਾਰੰਟੀ ਉਨ੍ਹਾਂ ਨੂੰ ਨਹੀਂ ਦੇ ਸਕਦਾ। ਆਪਣੀ ਜ਼ਿੰਦਗੀ ਦੇ ਇਸ ਪੜਾਅ ਤੇ ਉਹ ਕਿਉਂ ਐਨਾ ਵੱਡਾ ਰਿਸਕ ਲੈ ਰਹੇ ਨੇ ਕਿ ਜੋ ਕੁੱਝ ਪਿਛਲੇ ਸਾਲ ਵਿਚ ਬਣਿਆ ਹੈ, ਉਸ ਨੂੰ ਮਿੱਟੀ ਵਿਚ ਮਿਲਾਉਣ ਦੇ ਰਾਹ ਤੇ ਤੁਰ ਪਏ ਨੇ?
8. ਅਜੇ ਵੀ ਕੁੱਝ ਨਹੀਂ ਵਿਗੜਿਆ। ਇਕ ਪ੍ਰੈਸ਼ਰ-ਗਰੁੱਪ ਦੇ ਤੌਰ ਤੇ ਕਿਸਾਨ ਮੋਰਚਾ ਚੋਣਾਂ ਦੌਰਾਨ ਸਰਗਰਮ ਰਹਿ ਸਕਦਾ ਹੈ, ਪਰ ਉਨ੍ਹਾਂ ਨੂੰ ਆਪਣੀ ਵੱਖਰੀ ਅਤੇ ਅਜ਼ਾਦ ਪਛਾਣ ਕਾਇਮ ਰੱਖਣੀ ਚਾਹੀਦੀ ਹੈ। ਚੋਣਾਂ ਵਿਚ ਸ਼ਾਮਲ ਹੋਕੇ ਅਤੇ ਕਿਸੇ ਪਾਰਟੀ ਨਾਲ ਜੁੜਕੇ ਉਹ ਆਪਣੀ ਇਜ਼ਤ ਅਤੇ ਅਸਰ ਗਵਾ ਲੈਣਗੇ। ਮੋਦੀ-ਅਮਿਤ ਸ਼ਾਹ ਤੰਤਰ ਨੂੰ ਚੈਲੰਜ ਕਰਨ ਵਾਲੇ ਇਕ ਗਰੁੱਪ ਦੇ ਤੌਰ ਤੇ ਮੁਲਕ ਵਿਚ ਸੰਯੁਕਤ ਕਿਸਾਨ ਮੋਰਚੇ ਦਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ।
9. ਅਰਵਿੰਦ ਕੇਜਰੀਵਾਲ ਇਹ ਕਾਮਯਾਬ ਪਾਲਿਟੀਸ਼ਨ ਹੈ, ਪਰ ਇਹ ਹਕੀਕਤ ਹੈ ਕਿ ਉਹ ਤਾਂ ਉਨ੍ਹਾਂ ਲੋਕਾਂ ਤੇ ਵੀ ਭਰੋਸਾ ਨਹੀਂ ਕਰਦਾ, ਜਿਹੜੇ ਪਹਿਲੇ ਦਿਨ ਤੋਂ ਉਸ ਨਾਲ ਤੁਰੇ ਹੋਏ ਨੇ। ਕਈ ਕਹਿੰਦੇ ਕਹਾਉਂਦਿਆਂ ਨੂੰ ਪਾਰਟੀ ਵਿਚੋਂ ਕੱਢ ਚੁੱਕਾ ਹੈ। ਉਸਦੀ ਮਾਨਸਿਕਤਾ ਵੱਡੇ ਬਾਦਲ ਵਾਲੀ ਹੈ। ਕੇਜਰੀਵਾਲ ਆਪਣੇ ਤੋਂ ਸਿਵਾ ਹੋਰ ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦਾ। ਉਹ ਕਿਸਾਨ ਲੀਡਰਾਂ ਦਾ ਕੀ ਹਾਲ ਕਰੇਗਾ, ਅੰਦਾਜ਼ਾ ਹੁਣ ਤੋਂ ਹੀ ਲਾ ਲੈਣਾ ਚਾਹੀਦਾ ਹੈ।
10. ਜੇ ਕੁੱਝ ਸਮਾਂ ਲੰਘ ਜਾਂਦਾ ਤਾਂ ਗੱਲ ਹੋਰ ਹੁੰਦੀ, ਪਰ ਇਸ ਵਕਤ ਚੋਣਾਂ ਵਿਚ ਸ਼ਾਮਲ ਹੋਣ ਦਾ ਕਿਸਾਨ ਲੀਡਰਾਂ ਦਾ ਫੈਸਲਾ ਬਹੁਤ ਹੀ ਵੱਡਾ ਰਿਸਕ ਹੈ। ਹੈਰਾਨੀ ਹੁੰਦੀ ਹੈ ਕਿ ਕੁਰਸੀ ਦੀ ਲਾਲਸਾ ਨੇ ਉਨ੍ਹਾਂ ਦੀਆਂ ਅੱਖਾਂ ਤੇ ਐਨਾ ਵੱਡਾ ਪਰਦਾ ਪਾ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸਾਨ ਮੋਰਚੇ ਅਤੇ ਆਪਣੇ ਨਿੱਜੀ ਮਾਣ-ਸਨਮਾਨ ਲਈ ਐਨਾ ਵੱਡਾ ਰਿਸਕ ਨਜ਼ਰ ਨਹੀਂ ਆ ਰਿਹਾ। ਆਖਰ ਅਜਿਹਾ ਕੀ ਹੈ, ਜਿਸ ਵਾਸਤੇ ਉਹ ਐਨਾ ਵੱਡਾ ਰਿਸਕ ਲੈ ਰਹੇ ਨੇ?