Sumit Singh

ਗੁਰਸ਼ਰਨ ਭਾ ਜੀ ਦਾ ਜੱਦੀ ਘਰ ਸੱਭਿਆਚਾਰਕ ਵਿਰਾਸਤ - ਸੁਮੀਤ ਸਿੰਘ

ਇਨਕਲਾਬੀ ਵਿਚਾਰਧਾਰਾ ਅਤੇ ਲੋਕਪੱਖੀ ਸਭਿਆਚਾਰ ਦੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪ੍ਰਚਾਰ ਪਸਾਰ ਦਾ ਕਾਰਜ ਲੋਕਪੱਖੀ ਨਾਟਕਕਾਰ ਅਤੇ ਚਿੰਤਕ ਭਾ ਜੀ ਗੁਰਸ਼ਰਨ ਸਿੰਘ ਦੇ ਹਿੱਸੇ ਆਇਆ। ਰੰਗਮੰਚ ਦੇ ਇਸ ਮਹਾਂਨਾਇਕ ਨੇ ਲੋਕਪੱਖੀ ਰੰਗਮੰਚ ਅਤੇ ਇਨਕਲਾਬੀ ਸਾਹਿਤ ਰਾਹੀਂ ਸਿਹਤਮੰਦ ਸੱਭਿਆਚਾਰ ਅਤੇ ਲੁੱਟ ਰਹਿਤ ਤੇ ਬਰਾਬਰੀ ਵਾਲਾ ਇਨਸਾਫ਼ਪਸੰਦ ਸਮਾਜ ਸਿਰਜਣ ਲਈ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ।
ਗੁਰਸ਼ਰਨ ਸਿੰਘ ਆਪਣੇ ਆਪ ਵਿਚ ਪ੍ਰਗਤੀਸ਼ੀਲ ਰੰਗਮੰਚ ਸੰਸਥਾ ਵਾਂਗ ਸਨ। ਉਨ੍ਹਾਂ ਨੇ ਇਨਕਲਾਬੀ ਸਿਧਾਂਤਾਂ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਉੱਚ ਦਰਜੇ ਦੀ ਸਰਕਾਰੀ ਨੌਕਰੀ ਛੱਡ ਕੇ ਆਪਣਾ ਸਮੁੱਚਾ ਜੀਵਨ ਦੱਬੇ ਕੁਚਲੇ ਮਿਹਨਤਕਸ਼ ਲੋਕਾਂ, ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਪਿਛੜੇ ਵਰਗਾਂ ਨੂੰ ਜਮਹੂਰੀ ਹੱਕਾਂ ਲਈ ਚੇਤੰਨ ਕਰਨ ਲਈ ਸਮਰਪਿਤ ਕੀਤਾ। ਉਨ੍ਹਾਂ ਨੇ ਆਪਣੇ ਨਾਟਕਾਂ ਵਿਚ ਲੋਕਾਂ ਨੂੰ ਵਿਗਿਆਨਕ ਸੋਚ ਅਪਨਾਉਣ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ, ਜ਼ਿਆਦਤੀਆਂ, ਅਨਿਆਂ, ਨਾਬਰਾਬਰੀ, ਭ੍ਰਿਸ਼ਟਾਚਾਰ, ਲੁੱਟ-ਖਸੁੱਟ ਤੋਂ ਇਲਾਵਾ ਫ਼ਿਰਕਾਪ੍ਰਸਤੀ, ਅੰਧ-ਵਿਸ਼ਵਾਸਾਂ, ਨਸ਼ਿਆਂ, ਦਾਜ, ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਜਥੇਬੰਦਕ ਸੰਘਰਸ਼ ਕਰਨ ਦਾ ਸਪਸ਼ਟ ਸੁਨੇਹਾ ਦਿੱਤਾ। ਸਮਾਜਿਕ ਬਰਾਬਰੀ ਅਤੇ ਨਿਆਂ ਦੇ ਸੰਕਲਪ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਹਮੇਸ਼ਾਂ ਆਮ ਮਿਹਨਤਕਸ਼ ਵਰਗ ਦੇ ਲੋਕਾਂ ਦੇ ਸਰੋਕਾਰਾਂ ਅਤੇ ਜਮਹੂਰੀ ਹੱਕਾਂ ਲਈ ਲੜਨ ਨੂੰ ਵੱਧ ਤਰਜੀਹ ਦਿੱਤੀ। ਇਸੇ ਕਰਕੇ ਸਮੂਹ ਵਰਗਾਂ ਦੇ ਲੋਕ ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਨਾਲ ‘ਭਾਅਜੀ’ ਕਿਹਾ ਕਰਦੇ ਸਨ ਜੋ ਕਿ ਲੋਕ ਮਨਾਂ ਵਿਚ ਅੱਜ ਵੀ ਪ੍ਰਚਲਿਤ ਹੈ।
ਗੁਰਸ਼ਰਨ ਭਾਅਜੀ ਨੇ ਆਪਣੇ ਪੰਜਾਹ ਸਾਲ ਦੇ ਰੰਗਮੰਚ ਜੀਵਨ ਵਿਚ ਲਗਭਗ 185 ਨਾਟਕ ਲਿਖੇ ਅਤੇ ਕੋਈ 12000 ਤੋਂ ਵੱਧ ਪੇਸ਼ਕਾਰੀਆਂ ਕੀਤੀਆਂ। ਉਨ੍ਹਾਂ ਨੇ ਆਪਣੀ ਉਮਰ ਅਤੇ ਸਿਹਤ ਦੀ ਪਰਵਾਹ ਕੀਤੇ ਬਿਨਾਂ ਇਕ ਸਾਲ ਵਿਚ ਰੰਗਮੰਚ ਦੀਆਂ 250 ਤੋਂ ਵੱਧ ਪੇਸ਼ਕਾਰੀਆਂ ਕਰ ਕੇ ਇਕ ਰਿਕਾਰਡ ਸਥਾਪਿਤ ਕੀਤਾ। ਪੰਜਾਬ ਦਾ ਕੋਈ ਵੀ ਅਜਿਹਾ ਪਿੰਡ, ਸ਼ਹਿਰ ਅਤੇ ਕਸਬਾ ਨਹੀਂ ਜਿੱਥੇ ਉਨ੍ਹਾਂ ਨੇ ਇਨਕਲਾਬੀ ਰੰਗਮੰਚ ਦੀ ਮਸ਼ਾਲ ਸਦਕਾ ਚੇਤੰਨਤਾ ਦੀ ਜਾਗ ਨਾ ਲਗਾਈ ਹੋਵੇ। ਉਨ੍ਹਾਂ ਨੇ ਪੰਜਾਬ ਵਿਚ ਖਾੜਕੂਵਾਦ ਵੇਲੇ ਧਾਰਮਿਕ ਕੱਟੜਤਾ ਖਿਲਾਫ਼ ਸਮੁੱਚੇ ਪੰਜਾਬ ਵਿਚ ਪੂਰੀ ਨਿਡਰਤਾ ਅਤੇ ਨਿਰਪੱਖਤਾ ਨਾਲ ਨਾਟਕ ਖੇਡ ਕੇ ਧਰਮ ਦੇ ਨਾਮ ਹੇਠ ਹੁੰਦੀ ਕਤਲੋਗਾਰਤ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਉਸ ਦੌਰ ਵਿਚ ਸਰਕਾਰੀ ਧਿਰਾਂ ਵੱਲੋਂ ਝੂਠੇ ਪੁਲੀਸ ਮੁਕਾਬਲਿਆਂ ਅਤੇ ਝੂਠੇ ਕੇਸਾਂ ਖਿਲਾਫ਼ ਵੀ ਲਗਾਤਾਰ ਆਵਾਜ਼ ਬੁਲੰਦ ਕੀਤੀ।
      ਉਨ੍ਹਾਂ ਨੇ ਲੱਚਰ ਤੇ ਭੜਕਾਊ ਗਾਇਕੀ ਦੇ ਵਿਰੋਧ ਅਤੇ ਇਸ ਦੇ ਬਦਲ ਵਜੋਂ ਆਪਣੇ ਸਾਥੀ ਕਲਾਕਾਰਾਂ ਅਤੇ ਸਮਾਜਿਕ ਕਾਰਕੁਨਾਂ ਨਾਲ ਮਿਲ ਕੇ ਲੋਕਪੱਖੀ, ਸੱਭਿਅਕ ਤੇ ਸਿਹਤਮੰਦ ਸੱਭਿਆਚਾਰ ਵਾਲਾ ਸਮਾਜ ਉਸਾਰਨ ਲਈ 1982 ਵਿਚ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਸਥਾਪਨਾ ਕੀਤੀ ਅਤੇ ਲੰਬਾ ਸਮਾਂ ਇਸ ਦੀ ਅਗਵਾਈ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਪੱਖੀ ਜਮਹੂਰੀ ਅਧਿਕਾਰਾਂ ਨਾਲ ਸਬੰਧਿਤ ਹੋਰ ਕਈ ਸੱਭਿਆਚਾਰਕ, ਸਾਹਿਤਕ, ਸਮਾਜਿਕ, ਤਰਕਸ਼ੀਲ ਅਤੇ ਜਨਤਕ ਜਥੇਬੰਦੀਆਂ ਵਿਚ ਸਰਗਰਮ ਸ਼ਮੂਲੀਅਤ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਅਗਵਾਈ ਵੀ ਕੀਤੀ। ਇਹੀ ਵਜ੍ਹਾ ਸੀ ਕਿ ਭਾਅਜੀ ਨੇ ਆਪਣੇ ਨਾਟਕਾਂ ਵਿਚ ਮਨੋਰੰਜਕ ਪੱਖ ਦੀ ਬਜਾਇ ਲੋਕਪੱਖੀ ਸਮਾਜਿਕ, ਸਭਿਆਚਾਰਕ ਅਤੇ ਰਾਜਸੀ ਤਬਦੀਲੀ ਦਾ ਸੰਜੀਦਾ ਪੱਖ ਉਭਾਰਨ ਨੂੰ ਤਰਜੀਹ ਦਿੱਤੀ ਅਤੇ ਇਸ ਵਿਚ ਉਹ ਪੂਰੀ ਤਰ੍ਹਾਂ ਸਫ਼ਲ ਵੀ ਰਹੇ।
     ਲੋਕਪੱਖੀ ਸਰਕਾਰਾਂ, ਸਮਾਜਿਕ ਸੰਸਥਾਵਾਂ ਅਤੇ ਸਮਾਜ ਦੇ ਚੇਤੰਨ ਲੋਕਾਂ ਦਾ ਇਹ ਨੈਤਿਕ ਫਰਜ਼ ਹੁੰਦਾ ਹੈ ਕਿ ਉਹ ਸਿੱਖਿਆ, ਸਾਹਿਤ, ਸਭਿਆਚਾਰ, ਸਮਾਜ, ਭਾਸ਼ਾ, ਕਲਾ ਅਤੇ ਆਜ਼ਾਦੀ ਦੇ ਇਤਿਹਾਸ ਦੇ ਖੇਤਰ ਵਿਚ ਸਿਹਤਮੰਦ ਪੈੜਾਂ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੀ ਜਨਮ ਭੂਮੀ ਅਤੇ ਕਰਮ ਭੂਮੀ ਨਾਲ ਜੁੜੀਆਂ ਯਾਦਾਂ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭਣ ਦੀ ਜ਼ਿੰਮੇਵਾਰੀ ਨਿਭਾਉਣ। ਬੇਹੱਦ ਅਫ਼ਸੋਸ ਹੈ ਕਿ ਇਸ ਪੱਖ ਤੋਂ ਸਾਡੀਆਂ ਸਿਆਸੀ ਪਾਰਟੀਆਂ ਬਿਲਕੁਲ ਅਸੰਵੇਦਨਸ਼ੀਲ ਅਤੇ ਅਵੇਸਲੀਆਂ ਹਨ। ਉਹ ਅਜਿਹੇ ਸਮਾਜਿਕ ਮੁੱਦਿਆਂ ਦੇ ਵਿਕਾਸ ਨਾਲ ਜੁੜੇ ਵਿਅਕਤੀਆਂ ਨਾਲ ਸਬੰਧਿਤ ਵਿਰਾਸਤਾਂ ਦੀ ਸਾਂਭ ਸੰਭਾਲ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੀਆਂ।
       ਅੰਮ੍ਰਿਤਸਰ ਵਿਖੇ ਖਾਲਸਾ ਕਾਲਜ ਦੇ ਨਜ਼ਦੀਕ ਰਣਜੀਤਪੁਰਾ ਆਬਾਦੀ ’ਚ ਸਥਿਤ ਗੁਰਸ਼ਰਨ ਭਾਅਜੀ ਦਾ ਜੱਦੀ ਘਰ ਗੁਰੂ ਖਾਲਸਾ ਨਿਵਾਸ ਅਜਿਹਾ ਹੀ ਯਾਦਗਾਰੀ ਸਥਾਨ ਹੈ ਜਿਸ ਵਿਚ ਉਨ੍ਹਾਂ ਦੇ ਕਈ ਅਹਿਮ ਕਾਰਜਾਂ ਦੀਆਂ ਇਤਿਹਾਸਕ ਯਾਦਾਂ ਸਮੋਈਆਂ ਹਨ। ਉਨ੍ਹਾਂ ਨੇ ਇਸ ਘਰ ਵਿਚ ਰਹਿੰਦਿਆਂ ਚਾਰ ਦਹਾਕੇ ਵੱਖ ਵੱਖ ਆਰਥਿਕ, ਸਮਾਜਿਕ, ਸਭਿਆਚਾਰਕ, ਰਾਜਸੀ ਤੇ ਧਾਰਮਿਕ ਮੁੱਦਿਆਂ ’ਤੇ ਸੈਂਕੜੇ ਲੋਕਪੱਖੀ ਨਾਟਕ ਲਿਖੇ ਅਤੇ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਇਨ੍ਹਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਕਰ ਕੇ ਲੋਕਾਂ ਨੂੰ ਜਮਹੂਰੀ ਹੱਕਾਂ ਖ਼ਾਤਰ ਲੜਨ ਲਈ ਜਾਗਰੂਕ ਕੀਤਾ। ਉਨ੍ਹਾਂ ਨੇ 1964 ਵਿਚ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਸਥਾਪਨਾ ਕੀਤੀ ਅਤੇ ਨਾਟਕ ‘ਧਮਕ ਨਗਾਰੇ ਦੀ’ ਸਮੇਤ ਆਪਣੇ ਕਈ ਹੋਰ ਅਹਿਮ ਨਾਟਕਾਂ ਦੀਆਂ ਰਿਹਰਸਲਾਂ ਇਸੇ ਘਰ ਵਿਚ ਕੀਤੀਆਂ।
ਸਤਾਈ ਸਤੰਬਰ 2011 ਨੂੰ ਗੁਰਸ਼ਰਨ ਭਾਅਜੀ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਨ੍ਹਾਂ ਦੇ ਸਾਂਝੇ ਪਰਿਵਾਰ ਨੇ ਉਨ੍ਹਾਂ ਦੇ ਇਸ ਘਰ ਨੂੰ ‘ਗੁਰੂ ਖਾਲਸਾ ਪਬਲਿਕ ਲਾਇਬਰੇਰੀ’ ਵਿਚ ਤਬਦੀਲ ਕਰ ਦਿੱਤਾ ਜਿਸ ਨਾਲ ਲਗਾਤਾਰ ਵੱਡੀ ਗਿਣਤੀ ਵਿਚ ਨਿਯਮਿਤ ਪਾਠਕ ਜੁੜਦੇ ਗਏ। ਕੁਝ ਮਹੀਨੇ ਪਹਿਲਾਂ ਗੁਰਸ਼ਰਨ ਭਾਅਜੀ ਦਾ ਸਤਿਕਾਰ ਕਰਨ ਵਾਲੇ ਪੰਜਾਬ ਦੇ ਸਮੂਹ ਰੰਗਮੰਚ ਕਲਾਕਾਰਾਂ, ਜਮਹੂਰੀ ਅਧਿਕਾਰਾਂ, ਤਰਕਸ਼ੀਲਾਂ, ਸਭਿਆਚਾਰਕ ਕਾਰਕੁਨਾਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਔਰਤਾਂ, ਲੇਖਕਾਂ, ਨੌਜਵਾਨਾਂ, ਬੁੱਧੀਜੀਵੀਆਂ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਭਾਅਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਦੀ ਸਥਾਪਨਾ ਕੀਤੀ ਗਈ ਹੈ।
ਇਸ ਕਮੇਟੀ ਨੇ ਇਕ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਹਾਨ ਲੋਕਪੱਖੀ ਨਾਟਕਕਾਰ ਦੇ ਜੱਦੀ ਘਰ ਨੂੰ ਆਪਣੇ ਅਧਿਕਾਰ ਹੇਠ ਲੈ ਕੇ ਇਸ ਨੂੰ ਕੌਮੀ ਸਭਿਆਚਾਰਕ ਵਿਰਾਸਤ ਦਾ ਦਰਜਾ ਦਿੱਤਾ ਜਾਵੇ ਅਤੇ ਭਾਅਜੀ ਦੀਆਂ ਯਾਦਾਂ ਸਬੰਧੀ ਇੱਥੇ ਯਾਦਗਾਰੀ ਅਜਾਇਬਘਰ ਸਥਾਪਿਤ ਕੀਤਾ ਜਾਵੇ। ਇਸ ਦੀ ਸਾਂਭ ਸੰਭਾਲ ਤੋਂ ਇਲਾਵਾ ਲੋਕਪੱਖੀ ਰੰਗਮੰਚ ਅਤੇ ਸੱਭਿਆਚਾਰ ਦੇ ਵਿਕਾਸ ਲਈ ਸਾਂਝੇ ਤੌਰ ’ਤੇ ਕਿਸੇ ਟਰੱਸਟ/ਕਮੇਟੀ ਦਾ ਗਠਨ ਕੀਤਾ ਜਾਵੇ। ਗੁਰਸ਼ਰਨ ਭਾਅਜੀ ਦੇ ਪਰਿਵਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਸ਼ਿਕਾਇਤ ਮਗਰੋਂ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕਰਨ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਘਰ ਨੂੰ ਢਾਹੁਣ ਅਤੇ ਇਸ ਦੀ ਥਾਂ ਹੋਰ ਉਸਾਰੀ ਕਰਨ ਉੱਤੇ ਅਗਲੇ ਹੁਕਮਾਂ ਤਕ ਰੋਕ ਲਾ ਦਿੱਤੀ ਹੈ। ਬੇਸ਼ੱਕ, ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਇਕ ਸ਼ਲਾਘਾਯੋਗ ਕਦਮ ਹੈ ਪਰ ਸਰਕਾਰ ਨੂੰ ਇਸ ਸਬੰਧੀ ਠੋਸ ਪਹਿਲਕਦਮੀ ਕਰ ਕੇ ਇਸ ਨੂੰ ਆਪਣੇ ਅਧਿਕਾਰ ਹੇਠ ਲੈਣ ਅਤੇ ਵਿਰਾਸਤੀ ਦਰਜਾ ਦੇਣ ਦੀ ਕਾਰਵਾਈ ਕਰਨੀ ਚਾਹੀਦੀ ਹੈ।
ਗੁਰਸ਼ਰਨ ਭਾਅਜੀ ਦਾ ਇਹ ਜੱਦੀ ਘਰ ਸਿਰਫ਼ ਇਕ ਮਕਾਨ ਨਹੀਂ ਸਗੋਂ ਦੇਸ਼ ਅਤੇ ਪੰਜਾਬ ਦੀ ਮਹਾਨ ਸਭਿਆਚਾਰਕ ਵਿਰਾਸਤ ਅਤੇ ਇਨਕਲਾਬੀ ਰੰਗਮੰਚ ਦੀ ਇਤਿਹਾਸਕ ਕੌਮੀ ਯਾਦਗਾਰ ਹੈ। ਇਸ ਦੀ ਸਾਂਭ ਸੰਭਾਲ ਕਰਨਾ ਪੰਜਾਬ ਸਰਕਾਰ ਅਤੇ ਸੂਬੇ ਦੇ ਲੋਕਾਂ ਦਾ ਨੈਤਿਕ ਫ਼ਰਜ਼ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਇਨਕਲਾਬੀ ਪ੍ਰੇਰਨਾ ਲੈ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾ ਸਕਣ। ਗੁਰਸ਼ਰਨ ਭਾਅਜੀ ਅਤੇ ਉਨ੍ਹਾਂ ਦੇ ਜੱਦੀ ਘਰ ਨਾਲ ਹਜ਼ਾਰਾਂ ਕਲਾਕਾਰਾਂ, ਲੇਖਕਾਂ ਅਤੇ ਪ੍ਰਸ਼ੰਸਕਾਂ ਦੇ ਜਜ਼ਬਾਤ ਜੁੜੇ ਹੋਏ ਹਨ ਜਿਸ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਇਸ ਸਬੰਧੀ ਅਪੀਲ ਹੈ ਕਿ ਇਸ ਮਾਮਲੇ ਵਿਚ ਬਿਨਾਂ ਹੋਰ ਦੇਰੀ ਕੀਤਿਆਂ ਠੋਸ ਕਾਰਵਾਈ ਕੀਤੀ ਜਾਵੇ। ਪੰਜਾਬ ਦੀਆਂ ਸਮੂਹ ਲੋਕਪੱਖੀ ਜਮਹੂਰੀ ਜਨਤਕ ਜਥੇਬੰਦੀਆਂ ਅਤੇ ਭਾਅਜੀ ਨੂੰ ਪਿਆਰ ਕਰਨ ਵਾਲੇ ਹਰ ਵਰਗ ਦੇ ਲੋਕਾਂ ਨੂੰ ਇਸ ਖ਼ਾਤਰ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।
ਸੰਪਰਕ : 76960-30173