Sunita Madaani

ਸੁਪਨਾ ਸਿਹਰੇ ਦਾ - ਸੁਨੀਤਾ ਮਦਾਨ

ਦਸਤਕ ਖੁਸ਼ੀਆਂ ਦੀ ਕਦੀ ਮੇਰੇ ਬੂਹੇ ਵੀ ਹੋਵੇਗੀ,
ਇਹੀ ਸੁਪਨਾ ਲੋਚ-2 ਅੱਖੀਆਂ ਨੂੰ ਨੀਂਦਰ ਆਉਂਦੀ ਏ।
ਖੁਸ਼ੀਆਂ ਵਿਹੜੇ ਆਣਗੀਆਂ ਤੇ ਢੋਲ ਨਗਾੜੇ ਵੱਜਣਗੇ,
ਵੀਰ ਮੇਰੇ ਦਾ ਸਿਹਰਾ ਸੱਜੇ, ਕਲਗੀ ਮਨ੍ਹ ਨੂੰ ਭਾਉਂਦੀ ਏ॥
1 ਚੰਨ ਵਰਗਾ ਮੇਰਾ ਸੋਹਣਾ ਵੀਰਾ,
ਘੋੜੀ ਉੱਤੇ ਲੱਗਦਾ ਹੀਰਾ।
ਨਾਲ ਖੁਸ਼ੀ ਦੇ ਘੋੜੀ ਵੀ ਨੱਚਣ ਲਈ ਪੱਬ ਉਠਾਉਂਦੀ ਏ॥
ਇਹੀ ਸੁਪਨਾ........................
2 ਸੋਹਣੀ ਭਾਬੀ ਸੁਰਮਾ ਪਾਉਂਦੀ,
ਭੈਣ ਵੀ ਸੋ-ਸੋ ਲਾਡ ਲਡਾਉਂਦੀ।
ਮਾਸੀ ਵੀ ਅੱਜ ਮਸਤੀ ਵਿੱਚ ਸ਼ਗਨਾਂ ਦੇ ਗੀਤ ਸੁਣਾਉਂਦੀ ਏ॥
ਇਹੀ ਸੁਪਨਾ........................
3 ਸਾਰੇ ਬਰਾਤੀ ਨੱਚਦੇ ਜਾਵਣ,
ਇੱਧਰ-ਉੱਧਰ ਵਿਂਗ ਵਲ੍ਹ ਖਾਵਣ।   
ਮੂਹਰੇ ਹੋ ਕੇ ਨੱਚਣ ਲਈ ਚਾਚੀ ਚਾਚੇ ਨੂੰ ਮਾਉਂਦੀ ਏ॥
ਇਹੀ ਸੁਪਨਾ........................
4 ਘਛੀ ਜਦੋਂ ਮਿਲਣੀ ਦੀ ਆਈ,
ਕੰਬਲ ਦੀ ਮਿਲੀ ਤਾਂ ਮਿਲੀ ਰਜਾਈ।
ਤਾਈ ਮੇਰੀ ਦੇਖ-ਦੇਖ ਅੱਜ ਫੁੱਲੀ ਨਹੀਂ ਸਮਾਉਂਦੀ ਏ'
ਇਹੀ ਸੁਪਨਾ......................
5 ਡੀ.ਜੇ ਫਲੋਰ 'ਤੇ ਸਾਰੇ ਨੱਚਦੇ,
ਇੱਕ ਤੋਂ ਇੱਕ ਵਧ ਕੇ ਨੇ ਜੱਚਦੇ।
ਕੁੜੀਆਂ ਦੀ ਟੋਲੀ ਰਲ੍ਹ ਸਾਰੇ ਹਾਲ 'ਚ ਭੜਥੂ ਪਾਉਂਦੀ ਏ॥
6 ਜੀਜਾ ਪੀ ਕੇ ਹੋਇਆ ਸ਼ਰਾਬੀ,
ਭੈਣ ਨੂੰ ਡਰ ਸੀ ਕਰੂ ਖਰਾਬੀ।
ਫੜ ਕੇ ਉਹ ਨੂੰ ਪਿਆਰ ਨਾਲ, ਕਮਰੇ ਵਿੱਚ ਜਾ ਸੁਆਉਂਦੀ ਏ॥
7 ਸਾਰੇ ਕਾਰਜ਼ ਹੋ ਗਏ ਪੂਰੇ,
ਚਾਅ ਵੀ ਹੁਣ ਨਾ ਰਹੇ ਅਧੂਰੇ।
ਫੁੱਲਾਂ ਵਾਲੀ ਕਾਰ 'ਚ ਬਹਿ ਕੇ ਭਾਬੀ ਘਰ ਨੂੰ ਆਉਂਦੀ ਏ॥
ਇਹੀ ਸੁਪਨਾ........................
8 ਬੂਹੇ ਉੱਤੇ ਡੋਲੀ ਆਈ, ਖੁਸ਼ੀਆਂ ਖੇੜੇ ਭਰ ਕੇ ਲਿਆਈ।
ਪਾਣੀ ਵਾਰਨ ਲਈ ਮੈਨੂੰ ਅੱਜ ਮਾਂ ਦੀ ਯਾਦ ਸਤਾਉਂਦੀ ਹੈ॥
ਇਹੀ ਸੁਪਨਾ................
9 ਰੱਬਾ ਸੁਪਨਾ ਸੱਚ ਬਣਾ ਦੇ,
ਵੀਰ ਮੇਰੇ ਘਰ ਖੁਸ਼ੀਆਂ ਲਿਆ ਦੇ।
'ਸੁਨੀਤਾ' ਤਾਂ ਇਹੀ ਜ਼ਿੰਦਗੀ ਅੱਜਕਲ੍ਹ ਦੁੱਖਾਂ ਵਿੱਚ ਹਢਾਉਂਦੀ ਏ।
ਇਹੀ ਸੁਪਨਾ ਲੋਚ-ਲੋਚ ਕੇ, ਨੈਣਾਂ ਨੂੰ ਨੀਦਰ ਆਉਂਦੀ ਏ॥

ਸੁਨੀਤਾ ਮਦਾਨ
 ਫਗਵਾੜਾ  (ਪੰਜਾਬ)

22 March 2019