Surjit-Saajan

ਬਲਦੇਵ ਸਿੰਘ ਬਾਜਵਾ ਵਾਂਗ ਇਕ ਹੋਰ ਉਭਰਵਾਂ ਨਾਮ ਇਸ ਪਿੰਡ ਨਾਲ ਜੁੜਦਾ ਹੈ,ਸੁੱਚਾ ਸਿੰਘ  ਦਾ - ਸੁਰਜੀਤ ਸਾਜਨ

ਬਲਦੇਵ ਸਿੰਘ ਬਾਜਵਾ ਵਾਂਗ ਇਕ ਹੋਰ ਉਭਰਵਾਂ ਨਾਮ ਇਸ ਪਿੰਡ ਨਾਲ ਜੁੜਦਾ ਹੈ,ਸੁੱਚਾ ਸਿੰਘ  ਦਾ । ਉਹਨਾਂ ਨੇ ਵੀ ਸਪੋਰਟਸ ਪੱਖੋਂ ਇਸ ਪਿੰਡ ਨੂੰ ਜਨਤਕ ਤੌਰ ਤੇ ਦ੍ਰਿਸ਼ਟੀਗੋਚਰ ਕਰਨ ਦਾ ਹੰਭਲਾ ਮਾਰਿਆ ਸੀ ।ਪਿੰਡ ਨੂੰ ਗੁੰਮਨਾਮੀ ਤੋ ਨਾਮਵਰ ਬਣਾਉਣ ਲਈ ਇਕੱਲਾ ਸਪੋਰਟਸ ਹੀ ਨਹੀਂ ਜਿੰਨੇ ਵੀ ਖੇਤਰਾਂ ਵਿੱਚ ਮੱਲਾਂ ਮਾਰੀਆਂ ਜਾ ਸਕਣ ਲਾਹੇਵੰਦ ਹੁੰਦੀਆਂ ਹਨ ।ਵੱਖ -2 ਖੇਤਰਾਂ ਦੀ ਗੱਲ ਕਰੀਏ ਤਾਂ ਇਸ ਪਿੰਡ ਦਾ ਹੀ ਇਕ ਨੌਜਵਾਨ ਸ਼ੌਂਕੀ ਫੂਲੇਵਾਲੀਆ,ਜੋ ਐਂਕਰਿੰਗ ਅਤੇ ਗੀਤਕਾਰੀ ਕਰਕੇ ਆਪਣੀ ਪਛਾਣ ਬਣਾਉਣ ਲਈ ਸਥਾਪਤੀ ਵਲ ਕਦਮ ਪੁੱਟ ਰਿਹਾ ਹੈ ।ਏਸੇ ਤਰ੍ਹਾਂ ਯਾਕੂਬ ਅਲੀ ਕਬੱਡੀ  ਵਿਚ ਕੁਮੈਂਟੇਟਰ ਦੇ ਤੌਰ ਤੇ ਮਸ਼ਹੂਰ ਹੈ ।ਸਾਲ 1990 ਤੋਂ 92 ਤੱਕ ਦਲਬੀਰ ਸਿੰਘ ਫੂਲੇਵਾਲ ਨੇ ਵੀ ਯੂਨੀਵਰਸਿਟੀ ਪੱਧਰ ਤੇ ਆਪਣੀ ਗਾਇਕੀ ਦੇ ਜੌਹਰ ਦਿਖਾ ਕੇ ਪਿੰਡ ਦਾ ਨਾਂ ਚਮਕਾਉਣ ਵਿੱਚ ਯੋਗਦਾਨ ਪਾਇਆ ਪਰ ਉਸਨੂੰ ਵੀ ਵਿਦੇਸ਼ ਨੇ ਆਪਣੀ ਬੁੱਕਲ ਵਲ ਖਿਸਕਾ ਲਿਆ ਸੀ।ਉਹ ਦਿਨ ਜਦੋਂ ਪਿੰਡ ਵਿੱਚ ਸਕੂਲ ਵੀ ਨਹੀਂ ਹੁੰਦਾ ਸੀ,ਬਲਦੇਵ ਸਿੰਘ ਬਾਜਵਾ ਨੇ ਸਪੋਰਟਸ ਦੇ ਨਾਲ ਨਾਲ ਉੱਚੀ ਵਿਦਿਆ ਪ੍ਰਾਪਤ ਕਰਨ ਵਿਚ ਵੀ ਹੰਭਲਾ ਮਾਰਿਆ ।ਉਹਨਾਂ ਵਾਂਗ ਹੀ ਉਚ ਸਿੱਖਿਆ ਪ੍ਰਾਪਤੀ ਵਿਚ ਇਕ ਹੋਰ ਨਾਮ ਉਭਰਦਾ ਹੈ,ਜਸਬੀਰ ਸਿੰਘ ਜਿਹੜਾ ਅੱਜਕਲ ਅਮਰੀਕਾ ਵਿਚ ਸੈਟਲ ਹੋ ਚੁੱਕਾ ਹੈ ।ਕਬੱਡੀ ਵਿਚ ਵੀ ਏਸੇ ਪਿੰਡ ਨਾਲ ਸਬੰਧਤ ਗੁੱਜਰ ਬਰਾਦਰੀ ਵਿਚੋਂ ਇਕ ਨੌਜਵਾਨ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਰਿਹਾ ਹੈ,ਜਿਸਨੂੰ ਖੇਡ ਖੇਤਰ ਵਿੱਚ ਬੱਚੀ ਫੂਲੇਵਾਲ ਕਰਕੇ ਲੋਕ ਪਛਾਣਦੇ ਹਨ ।ਇਹ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਫੂਲੇਵਾਲ ਦਾ ਹੀ ਇਕ ਨੌਜਵਾਨ ਗੁਰਜੀਤ ਸਿੰਘ ਬੀਰ ਖਾਲਸਾ ਅਕੈਡਮੀ ਦੀ ਤਰਫੋਂ ਵਿਸ਼ਵ ਦੇ ਵੱਖ ਵੱਖ ਦੇਸ਼ਾ ਵਿਚ ਅੱਖਾਂ ਤੇ ਪੱਟੀ ਬੰਨ੍ਹ ਕੇ ਗੱਤਕੇ ਦੇ ਜੌਹਰ ਦਿਖਾ ਚੁੱਕਾ ਹੈ ।

           ਗੁੰਮਨਾਮੀ ਵਿੱਚੋਂ ਨਿਕਲਣ ਲਈ ਪਿੰਡ ਦਾ ਇਸ ਹੱਦ ਤੱਕ ਪਹੁੰਚ ਬਣਾਉਣਾ ਕਾਫੀ ਨਹੀਂ  ਹੋਰ ਵੀ ਬਹੁਤ ਸਾਰੀਆਂ ਉਪਲਬਧੀਆਂ ਦੀ ਜ਼ਰੂਰਤ ਹੈ ।ਉਂਝ ਸਾਊ,ਸੁਹਿਰਦ ਅਤੇ ਦਾਨਿਸ਼ਵਰ ਲੋਕਾਂ ਦਾ ਪਿੰਡ ਵਿੱਚ ਵਾਸਾ ਵੀ ਪਲੱਸ ਪੁਆਇੰਟ ਬਣਦਾ ਹੈ।ਇਸਤੋਂ ਇਲਾਵਾ ਸਰਕਾਰੇ ਦਰਬਾਰੇ,ਸਰਕਾਰੀ ਸਰਵਿਸ ਵਿਚ ਏ ਐਸ ਆਈ ਪੁਲਿਸ, ਬੱਗਾ ਸਿੰਘ (ਸਪੋਰਟਸ ਕੋਟੇ ਵਿਚੋਂ )ਅਤੇ ਦਲਵੀਰ ਸਿੰਘ ਅਤੇ ਦਸ ਕੁ ਨੌਜਵਾਨ ਭਾਰਤੀ ਸੈਨਾ ਵਿਚ ਜਾਣ ਕਰਕੇ ਪ੍ਰਸਿਧੀ ਦਾ ਕਾਰਣ ਹਨ ।ਭਾਰਤੀ ਸੈਨਾ ਵਿਚੋਂ ਸੇਵਾ ਮੁਕਤ ਹੋ ਕੇ ਬਲਦੇਵ ਸਿੰਘ ਬਾਜਵਾ ਦਾ ਭਤੀਜਾ ਅੰਗਰੇਜ਼ ਸਿੰਘ ਮੁੱਖ ਪਦਵੀ ਦੇ ਰਾਜਨੀਤਕ ਨੇਤਾ ਦਾ ਅੰਗ ਰੱਖਿਅਕ ਹੋ ਕੇ ਇਸ ਪਿੰਡ ਦੀ ਸ਼ੋਭਾ ਕਿਹਾ ਜਾ ਸਕਦਾ ਹੈ ।ਪਿਛਲੇ ਦਿਨੀਂ ਜਦੋਂ ਬਲਦੇਵ ਸਿੰਘ ਬਾਜਵਾ ਨੂੰ ਪਤਾ ਲੱਗਾ ਕਿ ਪਿੰਡ ਫੂਲੇਵਾਲ ਦਾ ਜੰਮਪਲ ਲਵਪ੍ਰੀਤ ਸਿੰਘ ਬਲਾਕ ਤੋਂ ਜਿਲ੍ਹਾ, ਜਿਲੇ ਤੋਂ ਸਟੇਟ ,ਸਟੇਟ ਤੋ ਕੌਮੀ ਪੱਧਰ ਅਤੇ ਕੌਮੀ ਪੱਧਰ ਤੋਂ ਵਿਸ਼ਵ ਪੱਧਰ ਤੇ ਬਾਡੀ ਬਿਲਡਿੰਗ ਵਿਚ ਸੋਨ ਮੈਡਲ ਹਾਸਿਲ ਕਰ ਚੁੱਕਾ ਹੈ ਤਾਂ  ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਤੇ ਉਸਨੇ ਆਪਣੇ ਲਾਅ ਕਰ ਰਹੇ ਬੇਟੇ ਨੂੰ ਬੜੇ ਮਾਣ ਨਾਲ ਲਵਪ੍ਰੀਤ ਸਿੰਘ ਦੀਆਂ ਵਰਲਡ ਚੈਂਪੀਅਨ ਬਣਨ ਦੀਆਂ ਤਸਵੀਰਾਂ  ਦਿਖਾਉਂਦੇ ਕਿਹਾ ਦੇਖ ਇਹ ਮੁੰਡਾ ਆਪਣੇ ਪਿੰਡ ਦਾ ਨਾਂ ਕਿਥੋਂ ਤੱਕ ਲੈ ਕੇ ਗਿਆ ।ਬਾਜਵਾ ਦਾ ਜਨਮ ਭੂਮੀ ਨਾਲ ਸਬੰਧਤ ਮਿੱਟੀ ਦਾ ਮੋਹ ਇਸ ਤਰਾਂ ਜਾਗਿਆ ਕਿ ਉਸਨੇ ਮਨ ਬਣਾਇਆ ਕਿ ਜਿਵੇਂ ਹੀ ਕੋਵਿਡ-19 ਦਾ ਰੌਲਾ ਘਟਦਾ ਹੈ ਤਾਂ ਉਹ ਪਿੰਡ ਆ ਕੇ ਇਕ ਸਮਾਗਮ ਰਚਾਉਣਗੇ । ਪਿੰਡ ਦਾ ਨਾਂ ਰੌਸ਼ਨ ਕਰਨ ਵਾਲਿਆਂ ਦੀ ਹੌਸਲਾ ਅਫਜ਼ਾਈ ਵਰਗਾ ਕੁਝ ਨਾ ਕੁਝ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਗੇ।ਬਲਦੇਵ ਸਿੰਘ ਬਾਜਵਾ ਤੇ ਲੇਖਕ ਸਾਥਣ ਗੁਰਦੀਸ਼ ਕੌਰ ਬਾਜਵਾ ਦੇ ਉਪਰਾਲਿਆਂ ਸਦਕਾ ਪਰਮਾਤਮਾ ਨੇ ਚਾਹਿਆ ਤਾਂ ਪਿੰਡ ਫੂਲੇਵਾਲ ਗੁੰਮਨਾਮੀ ਵਿੱਚੋਂ ਇਕ ਨਾਮਵਰ ਪਿੰਡ ਗਰਦਾਨਿਆ ਜਾਵੇਗਾ ।

ਸੁਰਜੀਤ ਸਾਜਨ