Sushil Dosanjh

ਹਾਂ! ਅਸੀਂ 'ਦੇਸ਼ ਧਰੋਹੀ' ਹੀ ਹਾਂ...... - ਸੁਸ਼ੀਲ ਦੁਸਾਂਝ

ਦੁਨੀਆ ਭਰ ਵਿਚ ਅੱਜ ਕੱਲ੍ਹ 'ਮਹਾਨ ਵਿਅਕਤੀ' ਅਤੇ 'ਮਹਾਨ ਸਭਿਆਚਾਰ' ਦਾ ਭਰਮ ਰਚਿਆ ਜਾ ਰਿਹਾ ਹੈ। ਇਹ ਕਾਰਪੋਰੇਟ ਜਗਤ ਅਤੇ ਸੱਜੇਪੱਖੀ ਪਿਛਾਖੜੀ ਸਿਆਸਤ ਦੇ ਗਠਜੋੜ ਵਿਚੋਂ ਜਨਮੇ ਅੰਧ ਰਾਸ਼ਟਰਵਾਦ ਦੇ ਤਾਜ਼ਾ ਦੌਰ ਦਾ ਨਤੀਜਾ ਹੈ। ਇਸ ਅੰਧ ਰਾਸ਼ਟਰਵਾਦ ਦੇ 'ਪ੍ਰਤੀਕ ਪੁਰਖ' ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਵਰਗੇ ਹੁਕਮਰਾਨ ਹਨ।
ਹਰ ਹੁਕਮਰਾਨ ਆਪਣੀ ਸਹੂਲਤ ਮੁਤਾਬਕ ਰਾਸ਼ਟਰਵਾਦ ਦੀ ਪਰਿਭਾਸ਼ਾ ਘੜ ਰਿਹਾ ਹੈ। ਭਾਰਤ ਦੀ ਕੌਮੀਅਤ ਸਾਡੀ ਵੰਨ-ਸੁਵੰਨਤਾ, ਸਾਡੀ ਸਾਂਝੀ ਤਹਿਜ਼ੀਬ ਵਿਚ ਪਈ ਹੈ। ਇਹੀ ਸਾਡਾ ਰਾਸ਼ਟਰਵਾਦ ਹੈ ਜਦਕਿ ਆਰ. ਐਸ. ਐਸ. ਅਤੇ ਇਹਦੇ ਸਿਆਸੀ ਹਮਜੋਲੀਆਂ ਦਾ ਰਾਸ਼ਟਰਵਾਦ 'ਇਕ ਮੁਲਕ, ਇਕ ਭਾਸ਼ਾ ਅਤੇ ਇਕ ਸਭਿਆਚਾਰ' ਹੈ, ਜਿਹਦੀ ਪੂਰਤੀ ਨਾਲ ਭਾਰਤ, ਭਾਰਤ ਹੀ ਨਹੀਂ ਰਹਿਣਾ।
        ਭਾਰਤ ਦੇ ਕੌਮੀ ਮੁਕਤੀ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਵੀ ਸਾਡੀ ਵੰਨ-ਸੁਵੰਨਤਾ ਅਤੇ ਸਾਂਝੀ ਤਹਿਜ਼ੀਬ ਹੀ ਰਹੀ ਹੈ। ਕੌਮੀ ਮੁਕਤੀ ਦੇ ਸਰਬ ਸਾਂਝੇ ਅੰਦੋਲਨ ਦੇ ਗਰਭ ਵਿਚੋਂ ਹੀ ਭਾਰਤੀ ਸੰਵਿਧਾਨ ਦੀ ਉਹ ਮੂਲ ਭਾਵਨਾ ਨਿਕਲਦੀ ਹੈ ਜੋ ਹਰ ਭਾਰਤੀ ਨੂੰ ਬਿਨਾਂ ਕਿਸੇ ਧਰਮ, ਭਾਸ਼ਾ, ਸਭਿਆਚਾਰ, ਲਿੰਗ ਅਤੇ ਇਲਾਕੇ ਦੇ, ਬਰਾਬਰ ਦਾ ਅਧਿਕਾਰ ਸੰਪੰਨ ਬਣਾਉਂਦੀ ਹੈ। ਪਰ 'ਮਹਾਨ ਧਰਮ', 'ਮਹਾਨ ਸਭਿਆਚਾਰ' ਅਤੇ 'ਮਹਾਨ ਵਿਅਕਤੀ' ਦਾ ਮਹਿਮਾਗਾਨ ਕਰਨ ਦਾ ਭਰਮ ਜਾਲ ਸਿਰਜਣ ਵਿਚ ਜੁਟੀਆਂ ਤਾਕਤਾਂ ਨੂੰ ਇਹ ਕਤੱਈ ਮਨਜ਼ੂਰ ਨਹੀਂ ਹੈ, ਇਸੇ ਲਈ ਉਹ ਭਾਰਤ ਦਾ ਸੰਵਿਧਾਨ ਤੱਕ ਬਦਲ ਦੇਣ ਦੀ ਮੁਹਾਰਨੀ ਰਟਣ ਤੱਕ ਚਲੇ ਗਏ ਹਨ।
       ਅਸਲ ਸੰਕਟ ਦੀ ਜੜ੍ਹ ਕਿੱਥੇ ਹੈ? 'ਮਹਾਨ' ਜਾਂ 'ਅਸੀਂ ਹੀ ਸਭ ਤੋਂ ਉੱਤਮ' ਦਾ ਸੱਚ ਕੀ ਹੈ? ਇਨ੍ਹਾਂ ਸਵਾਲਾਂ ਦੇ ਰੂਬਰੂ ਹੋਣ ਦੀ ਅੱਜ ਬੇਹੱਦ ਜ਼ਰੂਰਤ ਹੈ।
       ਸੌ ਸੱਚਾਂ ਦਾ ਸੱਚ ਇਹ ਹੈ ਕਿ ਅੱਜ ਸੰਸਾਰ ਪੂੰਜੀਵਾਦ ਆਪਣੇ ਘੋਰ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪੂੰਜੀਵਾਦ ਦੇ ਸੰਕਟ ਦੇ ਗਰਭ ਵਿਚੋਂ ਹੀ ਅੰਧ ਰਾਸ਼ਟਰਵਾਦ ਪੈਦਾ ਹੁੰਦਾ ਹੈ। ਪੂੰਜੀ ਦੇ ਕਿਰਦਾਰ ਦਾ ਮੁੱਖ ਲੱਛਣ ਹੀ ਕਿਰਤ ਦੀ ਲੁੱਟ ਹੈ। ਇਹ ਪੂੰਜੀ ਹੀ ਹੈ ਜੋ ਮਨੁੱਖੀ ਕਿਰਤ ਦੀ ਬੇਦਖ਼ਲੀ ਦੇ ਰਸਤੇ ਮੋਕਲੇ ਕਰਦੀ ਚਲੀ ਜਾਂਦੀ ਹੈ। ਤੇ ਜਦੋਂ ਪੂੰਜੀ ਨੂੰ ਚੌਤਰਫ਼ਾ ਸੰਕਟ ਆ ਪੈਂਦੇ ਹਨ ਤਾਂ ਉਹ ਆਪਣੇ ਬਚਾਅ ਲਈ 'ਮਹਾਨ ਵਿਅਕਤੀ' ਤੇ 'ਮਹਾਨ ਸਭਿਆਚਾਰ' ਦੇ 'ਗੁੱਡੀਆਂ-ਪਟੋਲਿਆਂ' ਦੀ ਰਚਨਾ ਕਰਨ ਦੇ ਆਹਰ ਵਿਚ ਜੁੱਟ ਜਾਂਦੀ ਹੈ। ਰਾਸ਼ਟਰਵਾਦ ਤੋਂ ਅੰਧ ਰਾਸ਼ਟਰਵਾਦ ਤੇ ਫਿਰ ਇਸ ਤੋਂ ਵੀ ਅੱਗੇ ਕਿਸੇ ਖਾਸ ਧਰਮ ਆਧਾਰਤ ਅੰਧ ਰਾਸ਼ਟਰਵਾਦ ਦੇ ਮਹਿਲ ਉਸਾਰੇ ਜਾਣ ਦਾ ਕੁਚੱਕਰ ਚੱਲਦਾ ਹੈ। ਭਾਰਤ ਦੇ ਹਵਾਲੇ ਨਾਲ ਇਸ ਨੂੰ ਹਿੰਦੂ ਰਾਸ਼ਟਰਵਾਦ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਇਹ ਖ਼ਤਰਨਾਕ ਵਰਤਾਰਾ ਕਿਸੇ ਇਕ ਖੇਤਰ ਤੱਕ ਸੀਮਤ ਨਹੀਂ ਹੁੰਦਾ, ਸਗੋਂ ਸਮਾਜਕ, ਆਰਥਕ, ਰਾਜਨੀਤਕ, ਸਭਿਆਚਾਰਕ, ਧਾਰਮਕ, ਸਾਹਿਤ, ਸਿਨੇਮਾ ਗੱਲ ਕਿ ਹਰ ਖੇਤਰ ਵਿਚ ਘੁਸਪੈਠ ਕਰਦਾ ਚਲਿਆ ਜਾਂਦਾ ਹੈ।
       ਹੁਣ ਇਹ ਕੋਈ ਲੁਕਵੀਂ ਗੱਲ ਨਹੀਂ ਹੈ ਕਿ ਆਰ. ਐਸ. ਐਸ. ਅਤੇ ਇਸ ਦਾ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਭਾਰਤ ਨੂੰ ਮੁਕੰਮਲ ਰੂਪ ਵਿਚ 'ਹਿੰਦੂ ਰਾਸ਼ਟਰ' ਵਿਚ ਤਬਦੀਲ ਕਰਨ ਦੇ ਯਤਨਾਂ ਵਿਚ ਹੈ। ਇਹਦੇ ਲਈ ਸਭ ਤੋਂ ਪਹਿਲਾ ਹਮਲਾ ਉਨ੍ਹਾਂ ਦੇ ਅਸਲ ਮਨੋਰਥਾਂ ਦਾ ਪਰਦੇ ਚਾਕ ਕਰਨ ਵਾਲੇ ਲੇਖਕਾਂ, ਵਿਦਵਾਨਾਂ ਅਤੇ ਚਿੰਤਕਾਂ ਉੱਪਰ ਹੀ ਹੋਇਆ ਹੈ। ਉਨ੍ਹਾਂ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੂੰ ਵੀ ਨਿਸ਼ਾਨੇ 'ਤੇ ਲਿਆ ਗਿਆ, ਜਿਨ੍ਹਾਂ ਵਿਚੋਂ ਅਕਸਰ ਹੀ ਭਾਰਤ ਦੀ ਸਾਂਝੀ ਤਹਿਜ਼ੀਬ ਦੇ ਬੋਲ ਗੂੰਜਦੇ ਆਏ ਹਨ।
        'ਰਾਸ਼ਟਰੀ ਸਵਯਮ ਸੇਵਕ ਸੰਘ' ਦੇ ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲ ਦੇਣ ਦੇ ਇਨ੍ਹਾਂ ਹਾਲੀਆ ਯਤਨਾਂ ਨੂੰ ਉਸ ਦੇ ਰਾਜਸੀ ਵਿੰਗ ਭਾਰਤੀ ਜਨਤਾ ਪਾਰਟੀ ਨੇ ਸੱਤਾ ਵਿਚ ਹੁੰਦਿਆਂ ਸਿਰੇ ਲਾਉਣ ਲਈ ਪੂਰੀ ਵਾਹ ਲਾਈ ਹੈ। ਨਰਿੰਦਰ ਮੋਦੀ ਨੂੰ 'ਚਮਤਕਾਰੀ ਪੁਰਸ਼' ਵਜੋਂ ਸਥਾਪਤ ਕਰਨ ਪਿੱਛੇ ਇਹੀ ਯੋਜਨਾ ਕੰਮ ਕਰ ਰਹੀ ਹੈ। ਮੋਦੀ-ਮੋਦੀ-ਮੋਦੀ ਦੇ ਜੈਕਾਰਿਆਂ ਅਤੇ 'ਮੋਦੀ ਹੈ ਤਾਂ ਮੁਮਕਿਨ ਹੈ' ਵਰਗੇ ਨਾਅਰੇ 'ਮਹਾਨਤਾ' ਦਾ ਭਰਮ ਜਾਲ ਬੁਣਦੇ ਹਨ। ਇਸ ਮੂੰਹ-ਜ਼ੋਰ ਵਰਤਾਰੇ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਭਾਰਤ ਵਿਚ 'ਹੰਕਾਰ ਦੀ ਸਿਆਸਤ' ਦੇ ਨਾਇਕ ਬਣਾ ਦਿੱਤਾ ਹੈ। ਇਨ੍ਹਾਂ ਦੀ 'ਹੰਕਾਰ ਦੀ ਸਿਆਸਤ' ਦਾ ਅਗਲਾ ਸਿਰਾ ਇਹ ਹੈ ਕਿ ਹੁਣ ਇਹ ਭਾਰਤੀ ਸੰਵਿਧਾਨ ਨੂੰ ਹੀ ਬਦਲ ਦੇਣ ਦਾ ਐਲਾਨ ਕਰਨ ਤੱਕ ਚਲੇ ਗਏ ਹਨ।
         ਸਵਾਲ ਇਹ ਹੈ ਕਿ ਇਹ ਲੋਕ ਭਾਰਤੀ ਸੰਵਿਧਾਨ ਨੂੰ ਬਦਲਣਾ ਕਿਉਂ ਚਾਹੁੰਦੇ ਹਨ? ਜਵਾਬ ਬਿਲਕੁਲ ਸਾਫ਼ ਹੈ ਕਿ ਭਾਰਤੀ ਸੰਵਿਧਾਨ ਦਾ ਮੂਲ ਚਰਿੱਤਰ ਹੀ ਇਨ੍ਹਾਂ ਦੇ 'ਹਿੰਦੂ ਰਾਸ਼ਟਰ' ਦੀ ਧਾਰਨਾ ਨੂੰ ਲੀਰੋ-ਲੀਰ ਕਰਦਾ ਹੈ। ਆਰ. ਐਸ. ਐਸ., ਭਾਰਤੀ ਜਨਤਾ ਪਾਰਟੀ ਅਤੇ ਇਨ੍ਹਾਂ ਦੇ ਹੋਰ ਸਹਿਯੋਗੀਆਂ ਦਾ ਹਿੰਦੂ ਰਾਸ਼ਟਰ 'ਹਿੰਦੀ', 'ਹਿੰਦੂ', 'ਹਿੰਦੁਸਤਾਨ' ਜਾਂ 'ਇਕ ਮੁਲਕ, ਇਕ ਭਾਸ਼ਾ, ਇਕ ਸਭਿਆਚਾਰ' ਹੈ। ਜਦਕਿ ਭਾਰਤੀ ਸੰਵਿਧਾਨ ਭਾਰਤ ਦੀ ਸਾਂਝੀ ਤਹਿਜ਼ੀਬ ਅਤੇ ਵੰਨ-ਸੁਵੰਨਤਾ ਦਾ ਲਖਾਇਕ ਹੈ।
        ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਦੇ ਮੁਖੀ ਡਾ. ਬੀ.ਆਰ. ਅੰਬੇਦਕਰ ਦਾ ਨਾਂ 'ਇਹ ਲੋਕ' ਆਪਣੀਆਂ ਚੁਣਾਵੀ ਮਜਬੂਰੀਆਂ ਕਾਰਨ ਅਕਸਰ ਹੀ ਲੈਂਦੇ ਹਨ। ਪਰ ਡਾ. ਅੰਬੇਦਕਰ ਦੀ ਵਿਚਾਰਧਾਰਾ ਇਨ੍ਹਾਂ ਨੂੰ ਖਾਸੀ ਪ੍ਰੇਸ਼ਾਨ ਕਰਦੀ ਹੈ। ਕਿਉਂਕਿ ਉਹ ਇਨ੍ਹਾਂ ਦੇ ਹਿੰਦੂ ਰਾਸ਼ਟਰਵਾਦ ਦੇ ਪਰਖ਼ਚੇ ਉਡਾਉਂਦੀ ਹੈ। ਪਹਿਲੀ ਅਪ੍ਰੈਲ 1938 ਨੂੰ ਬੰਬੇ ਵਿਧਾਨ ਸਭਾ ਵਿਚ ਬਹਿਸ ਦੌਰਾਨ ਡਾ. ਬੀ.ਆਰ.ਅੰਬੇਦਕਰ ਨੇ ਬੇਹੱਦ ਸਾਫ਼ਗੋਈ ਨਾਲ ਆਖਿਆ ਸੀ, ''ਸਾਡਾ ਸਾਂਝਾ ਟੀਚਾ ਹੈ ਕਿ ਅਸੀਂ ਸਭ ਭਾਰਤੀ ਹਾਂ ਤੇ ਭਾਰਤੀਅਤਾ ਦੀ ਭਾਵਨਾ ਹੀ ਉਸਾਰੀ ਜਾਵੇ। ਮੈਂ ਪਸੰਦ ਨਹੀਂ ਕਰਦਾ ਜਿਵੇਂ ਕਿ ਲੋਕ ਕਹਿੰਦੇ ਹਨ ਕਿ ਅਸੀਂ ਪਹਿਲਾਂ ਭਾਰਤੀ ਹਾਂ, ਉਸ ਤੋਂ ਬਾਅਦ ਹਿੰਦੂ ਜਾਂ ਮੁਸਲਮਾਨ ਹਾਂ। ਮੈਂ ਇਨ੍ਹਾਂ ਗੱਲਾਂ ਨਾਲ ਸੰਤੁਸ਼ਟ ਨਹੀਂ ਹਾਂ....। ਮੈਂ ਨਹੀਂ ਚਾਹੁੰਦਾ ਕਿ ਸਾਡੀ ਭਾਰਤੀਅਤਾ ਦੀ ਨਿਸ਼ਠਾ ਕਣ ਮਾਤਰ ਵੀ ਕਿਸੇ ਹੋਰ ਤੁਲਨਾਤਮਕ ਨਿਸ਼ਠਾ ਤੋਂ ਪ੍ਰਭਾਵਤ ਹੋਵੇ। ਭਾਵੇਂ ਉਸ ਨਿਸ਼ਠਾ ਦਾ ਉਦੈ ਸਾਡੇ ਧਰਮ ਜਾਂ ਸਾਡੇ ਸਭਿਆਚਾਰ ਜਾਂ ਸਾਡੀ ਭਾਸ਼ਾ ਵਿਚੋਂ ਹੀ ਹੋਇਆ ਹੋਵੇ। ਮੈਂ ਚਾਹੁੰਦਾ ਹਾਂ ਕਿ ਸਾਰੇ ਭਾਰਤੀ ਪਹਿਲਾਂ ਭਾਰਤੀ ਬਣਨ, ਬਾਅਦ ਵਿਚ ਵੀ ਭਾਰਤੀ ਹੀ ਰਹਿਣ ਅਤੇ ਹੋਰ ਕੁਝ ਵੀ ਨਹੀਂ, ਸਿਵਾਏ ਭਾਰਤੀ...।''
          ਡਾ. ਅੰਬੇਦਕਰ ਵਾਂਗ ਹੀ ਹਰ ਉਸ ਵਿਦਵਾਨ, ਚਿੰਤਕ ਅਤੇ ਲੇਖਕ ਦੇ, ਜਿਹੜਾ ਆਪਣੇ ਮੁਲਕ ਨੂੰ ਧਰਮ, ਮਜ਼੍ਹਬ, ਜਾਤ ਜਾਂ ਇਲਾਕੇ ਤੋਂ ਪਾਰ ਜਾ ਕੇ 'ਗੰਗਾ ਯਮੁਨੀ ਤਹਿਜ਼ੀਬ' ਦੇ ਨਜ਼ਰੀਏ ਨਾਲ ਦੇਖਦਾ ਹੈ, ਉਹ ਆਰ. ਐਸ. ਐਸ. ਅਤੇ ਉਹਦੇ ਪੈਰੋਕਾਰਾਂ ਦੇ ਨਿਸ਼ਾਨੇ 'ਤੇ ਹੈ। ਇਨ੍ਹਾਂ ਦੇ 'ਹਿੰਦੂ ਰਾਸ਼ਟਰਵਾਦ' ਵਿਚ ਮਨੁੱਖ ਨਹੀਂ, ਗਾਂ ਮਹੱਤਵਪੂਰਨ ਹੈ, ਇਸੇ ਲਈ ਗਊ ਮਾਤਾ, ਭਾਰਤ ਮਾਤਾ ਅਤੇ ਵੰਦੇਮਾਤਰਮ ਦੇ ਨਾਂ 'ਤੇ ਨਫ਼ਰਤ ਦਾ ਮਾਹੌਲ ਸਿਰਜ ਦਿੱਤਾ ਗਿਆ ਹੈ। ਜਿਹੜਾ ਵੀ ਵਿਅਕਤੀ ਇਸ ਮਾਮਲੇ 'ਤੇ ਇਨ੍ਹਾਂ ਨੂੰ ਸਵਾਲ ਕਰਨ ਦੀ 'ਹਿਮਾਕਤ' ਕਰਦਾ ਹੈ, ਉਹ ਦੇਸ਼ ਧਰੋਹੀ ਗਰਦਾਨ ਦਿੱਤਾ ਜਾਂਦਾ ਹੈ। ਦੇਸ਼-ਦੇਸ਼ ਅਤੇ ਰਾਸ਼ਟਰਵਾਦ-ਰਾਸ਼ਟਰਵਾਦ ਦੀ ਖੇਡ ਵਿਚ ਰੁੱਝੇ 'ਇਨ੍ਹਾਂ ਲੋਕਾਂ' ਲਈ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਆਮ ਬੰਦੇ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕੋਈ ਮੁੱਦਾ ਹੀ ਨਹੀਂ ਹੈ। 'ਇਹ ਲੋਕ' ਹਿੰਦੂ ਅੰਧ ਰਾਸ਼ਟਰਵਾਦ ਦੇ ਰੱਥ 'ਤੇ ਸਵਾਰ ਹੋ ਕੇ ਹਿੰਦੂ ਹਿੰਦੂ, ਮੁਸਲਮਾਨ-ਮੁਸਲਮਾਨ ਦੀ ਆਪਣੀ ਮਨ ਭਾਉਂਦੀ ਖੇਡ, ਖੇਡ ਰਹੇ ਹਨ। ਇਹ ਆਮ ਬੰਦੇ ਦਾ ਰਾਸ਼ਟਰਵਾਦ ਹੋ ਹੀ ਨਹੀਂ ਸਕਦਾ। ਆਮ ਬੰਦੇ ਦਾ ਰਾਸ਼ਟਰਵਾਦ ਤਾਂ ਉਹਦੀ ਰੋਜ਼ੀ ਰੋਟੀ ਹੀ ਹੈ ਤੇ ਜੇਕਰ ਰੋਜ਼ੀ ਰੋਟੀ ਅਤੇ ਆਪਣੇ ਮੌਲਿਕ ਅਧਿਕਾਰਾਂ ਦੀ ਮੰਗ ਕਰਨਾ ਵੀ ਦੇਸ਼ ਧਰੋਹ ਹੈ, ਫਿਰ ਤਾਂ ਮੁਲਕ ਦਾ ਹਰ ਆਮ ਬਾਸ਼ਿੰਦਾ ਹੀ ਦੇਸ਼ ਧਰੋਹੀ ਹੈ।
        'ਹਿੰਦੂ ਰਾਸ਼ਟਰਵਾਦ' ਦੀ ਮੂਲ ਧਾਰਨਾ ਹੀ ਮੁਲਕ ਨੂੰ ਪੂਰੀ ਤਰ੍ਹਾਂ 'ਹਿੰਦੂ ਰਾਸ਼ਟਰ' ਬਣਾ ਦੇਣ ਦੀ ਹੈ, ਅਜਿਹਾ ਮੁਲਕ ਜਿੱਥੇ ਵੱਖ ਵੱਖ ਭਾਸ਼ਾਵਾਂ, ਸਭਿਆਚਾਰਾਂ ਅਤੇ ਧਰਮਾਂ ਦੇ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ, ਜੇਕਰ ਇਨ੍ਹਾਂ ਲੋਕਾਂ ਨੇ ਇਸ ਤਥਾ ਕਥਿਤ 'ਹਿੰਦੂ ਰਾਸ਼ਟਰ' ਵਿਚ ਰਹਿਣਾ ਹੈ ਤਾਂ ਦੋਇਮ ਦਰਜੇ ਦੇ ਨਾਗਰਿਕ ਬਣ ਕੇ ਹੀ ਰਹਿਣਾ ਪਵੇਗਾ। ਅਜਿਹੇ ਰਾਸ਼ਟਰ ਦੀ ਉਸਾਰੀ ਵਿਚ ਲੱਗੀਆਂ ਤਾਕਤਾਂ ਕਿਉਂ ਸਾਡੀ-ਤੁਹਾਡੀ ਰੋਜ਼ੀ ਰੋਟੀ ਦਾ ਫ਼ਿਕਰ ਕਰਨਗੀਆਂ? ਉਹ ਤਾਂ 'ਅਸੀਂ ਮਹਾਨ', 'ਸਾਡਾ ਧਰਮ ਮਹਾਨ' ਦਾ ਮਾਹੌਲ ਹੀ ਸਿਰਜਣਗੀਆਂ। 'ਮਹਾਨ' ਅਤੇ 'ਸਭ ਤੋਂ ਸ਼ਕਤੀਸ਼ਾਲੀ' ਹੋਣ ਦੇ ਭਰਮ ਅਤੇ ਹੰਕਾਰ ਵਿਚ ਹੀ ਇਹ ਲੋਕ ਸੱਚ ਤੇ ਤਰਕ ਨੂੰ ਡਰਾਉਣ ਦੀ ਸਿਆਸਤ ਕਰਦੇ ਹਨ। ਇਹੀ ਇਨ੍ਹਾਂ ਦਾ ਰਾਸ਼ਟਰਵਾਦ ਹੈ। ਪਰ ਸਾਡਾ ਰਾਸ਼ਟਰਵਾਦ ਇਹ ਨਹੀਂ ਹੈ।
      'ਤੁਸੀਂ ਸਾਨੂੰ ਦੇਸ਼ ਧਰੋਹੀ ਕਹਿੰਦੇ ਹੋ, ਤਾਂ ਠੀਕ ਹੈ, ਅਸੀਂ! 'ਦੇਸ਼ ਧਰੋਹੀ' ਹੀ ਹਾਂ।'
'ਹੁਣ' ਦੀ ਸੰਪਾਦਕੀ, ਧੰਨਵਾਦ ਸਹਿਤ।

22 ਅਪ੍ਰੈਲ, 2019