ਸੋਨੇ ਦੀ ਚਿੜੀ ਤਾਂ ਭਾਰਤ ਸੀ, ਤੇ ਅੱਜ ਵੀ ਹੈ, ਪਰ ਲੋਕਾਂ ਲਈ ਨਹੀਂ, ਲੁਟੇਰਿਆਂ ਦੇ ਪਿੰਜਰੇ ਵਿੱਚ ਹੈ - ਜਤਿੰਦਰ ਪਨੂੰ

ਮੈਂ ਅਤੇ ਮੇਰੇ ਵਰਗੇ ਬਹੁਤ ਸਾਰੇ ਲੋਕਾਂ ਨੇ ਉਹ ਦਿਨ ਬਚਪਨ ਵਿੱਚ ਦੇਖੇ ਹੋਏ ਹਨ, ਜਦੋਂ ਘਰ ਕੱਚੀ ਮਿੱਟੀ ਦੇ ਹੁੰਦੇ ਸਨ ਅਤੇ ਸਾਰੇ ਪਿੰਡ ਵਿੱਚ ਇੱਕ-ਦੋ ਘਰ ਪੱਕੀਆਂ ਇੱਟਾਂ ਵਾਲੇ ਹੋਣ ਕਰ ਕੇ ਉਨ੍ਹਾਂ ਨੂੰ ਲੋਕ 'ਮਹਿਲਾਂ ਵਾਲੇ' ਕਿਹਾ ਕਰਦੇ ਸਨ। ਅੱਜ ਪੰਜਾਬ ਵਿੱਚ ਸ਼ਾਇਦ ਹੀ ਕਿਸੇ ਦਾ ਘਰ ਪੂਰੇ ਦਾ ਪੂਰਾ ਕੱਚਾ ਰਹਿ ਗਿਆ ਹੋਵੇ, ਪਰ ਬਾਕੀ ਦੇਸ਼ ਵਿੱਚ ਅੱਜ ਵੀ ਲਗਭਗ ਹਰ ਰਾਜ ਵਿੱਚ ਕੱਚੀ ਮਿੱਟੀ ਦੇ ਘਰ ਮਿਲ ਜਾਂਦੇ ਹਨ। ਮੈਂ ਤੇ ਮੇਰੇ ਵਰਗੇ ਲੋਕ ਬਚਪਨ ਵਿੱਚ ਸਕੂਲੀ ਪੜ੍ਹਾਈ ਵਿੱਚ ਵੀ ਅਤੇ ਆਏ-ਗਏ ਕਿਸੇ ਕਥਾ-ਵਾਚਕ ਤੋਂ ਵੀ ਇਹ ਜਾਣ ਕੇ ਹੈਰਾਨ ਹੁੰਦੇ ਸਾਂ ਕਿ ਭਾਰਤ ਕਿਸੇ ਵਕਤ ਸੋਨੇ ਦੀ ਚਿੜੀ ਹੁੰਦਾ ਸੀ। ਕੱਚੇ ਘਰ ਜਦੋਂ ਸਾਡੇ ਸਮਿਆਂ ਤੱਕ ਵੀ ਸਨ ਅਤੇ ਉਨ੍ਹਾਂ ਵਿੱਚ ਲੋਕ ਵਸੇਬਾ ਕਰਦੇ ਸਨ ਤਾਂ ਕਈ ਸਦੀਆਂ ਪਹਿਲਾਂ ਇਸ ਦੇਸ਼ ਦੇ ਸੋਨੇ ਦੀ ਚਿੜੀ ਹੋਣ ਦਾ ਯਕੀਨ ਨਹੀਂ ਸੀ ਆਉਂਦਾ। ਦੇਸ਼ ਦੇ ਇਤਹਾਸ ਬਾਰੇ ਬਹੁਤ ਵੱਡਾ ਜਾਣਕਾਰ ਸਮਝੇ ਜਾਂਦੇ ਇੱਕ ਸੱਜਣ ਤੋਂ ਜਦੋਂ ਅਸੀਂ ਇਹੋ ਗੱਲ ਪੁੱਛੀ ਤਾਂ ਉਸ ਨੇ ਆਖਿਆ ਕਿ ਉਹ ਗੱਲ ਵੀ ਠੀਕ ਸੀ ਤੇ ਜਿਹੜੀ ਤੁਸੀਂ ਸੋਚਦੇ ਹੋ, ਉਹ ਵੀ ਠੀਕ ਹੈ। ਉਸ ਨੇ ਕਿਹਾ ਸੀ ਕਿ ਰਾਜਿਆਂ ਦੇ ਸਦੀਆਂ ਪੁਰਾਣੇ ਮਹਿਲ-ਮੁਨਾਰੇ ਅਤੇ ਦੇਸ਼ ਦੇ ਪੁਰਾਤਨ ਸਮੇਂ ਦੇ ਮੰਦਰਾਂ ਵੱਲ ਵੇਖੋ ਤਾਂ ਓਦੋਂ ਭਾਰਤ ਸਚਮੁੱਚ ਸੋਨੇ ਦੀ ਚਿੜੀ ਹੋਵੇਗਾ, ਪਰ ਦੇਸ਼ ਦੇ ਆਮ ਲੋਕ ਉਸ ਵੇਲੇ ਵੀ ਭੁੱਖ-ਦੁੱਖ ਦੀ ਦਲਦਲ ਵਿੱਚ ਫਸੇ ਹੋਏ ਸਨ ਅਤੇ ਅੱਜ ਵੀ ਹਨ। ਇਨ੍ਹਾਂ ਦੀ ਇਸ ਮੰਦੀ ਹਾਲਤ ਦਾ ਕਾਰਨ ਇਹ ਹੈ ਕਿ ਇਨ੍ਹਾਂ ਦੀ ਕਿਰਤ ਦੀ ਕਮਾਈ ਕਦੇ ਇਨ੍ਹਾਂ ਕੋਲ ਨਹੀਂ ਰਹੀ, ਜਿਨ੍ਹਾਂ ਲੋਕਾਂ ਕੋਲ ਚਲੀ ਜਾਂਦੀ ਸੀ, ਉਹ ਓਦੋਂ ਵੀ ਖੁਸ਼ਹਾਲ ਹੋ ਜਾਂਦੇ ਸਨ ਅਤੇ ਉਨ੍ਹਾਂ ਨੂੰ ਭਾਰਤ ਦੇਸ਼ ਸੋਨੇ ਦੀ ਚਿੜੀ ਜਾਪਦਾ ਸੀ ਤੇ ਆਮ ਲੋਕਾਂ ਲਈ ਇਹ ਦੇਸ਼ ਨਾ ਓਦੋਂ ਸੋਨੇ ਦੀ ਚਿੜੀ ਹੁੰਦਾ ਸੀ, ਨਾ ਅੱਜ ਹੀ ਇਸ ਨੂੰ ਲੋਕਾਂ ਲਈ ਸੁਖਾਵਾਂ ਕਿਹਾ ਜਾ ਸਕਦਾ ਹੈ। ਪਿਛਲੇ ਦਿਨਾਂ, ਅਤੇ ਸਿਰਫ ਦਿਨਾਂ ਨਹੀਂ, ਪਿਛਲੇ ਕੁਝ ਮਹੀਨਿਆਂ ਵਿੱਚ ਜੋ ਕੁਝ ਸਾਡੇ ਸਾਹਮਣੇ ਆਇਆ ਹੈ, ਉਹ ਸਾਰਾ ਕੁਝ ਇਹੋ ਦੱਸਦਾ ਹੈ ਕਿ ਭਾਰਤ ਅੱਜ ਵੀ ਸੋਨੇ ਦੀ ਚਿੜੀ ਹੈ, ਪਰ ਸਿਰਫ ਚੋਣਵੇਂ ਲੋਕਾਂ ਲਈ ਹੈ।
ਜਦੋਂ ਪੰਜਾਬ ਤੇ ਇਸ ਦੇ ਨਾਲ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦਾ ਮੈਦਾਨ ਭਖਦਾ ਪਿਆ ਸੀ ਤਾਂ ਇੱਕ ਦਿਨ ਇਹ ਗੱਲ ਸੁਣੀ ਗਈ ਕਿ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਪਿਊਸ਼ ਜੈਨ ਨਾਂਅ ਦੇ ਇੱਕ ਬੰਦੇ ਤੋਂ ਜੀ ਐੱਸ ਟੀ (ਗੁਡਜ਼ ਐਂਡ ਸਰਵਿਸ ਟੈਕਸ) ਵਿਭਾਗ ਨੇ ਦਸ ਕਰੋੜ ਰੁਪਏ ਨਕਦ ਪਕੜੇ ਹਨ। ਅਸੀਂ ਅਜੇ ਏਨੀ ਵੱਡੀ ਬਰਾਮਦਗੀ ਤੋਂ ਹੈਰਾਨ ਹੋ ਰਹੇ ਸਾਂ ਕਿ ਸਿਰਫ ਦੋ ਦਿਨ ਬਾਅਦ ਉਸ ਤੋਂ ਇਕੱਠੇ ਇੱਕ ਸੌ ਸਤਾਸੀ ਕਰੋੜ ਰੁਪਏ ਨਕਦੀ ਮਿਲਣ ਦੀ ਨਵੀਂ ਖਬਰ ਆ ਗਈ। ਫਿਰ ਸੁਣਿਆ ਸੀ ਕਿ ਉਸ ਦੇ ਦੋ ਗੋਦਾਮਾਂ ਤੋਂ ਵੀ ਪੰਜ-ਪੰਜ ਕਰੋੜ ਰੁਪਏ ਨਕਦੀ ਲੁਕਾਈ ਹੋਈ ਮਿਲੀ ਹੈ ਅਤੇ ਅਜੇ ਕੁਝ ਹੋਰ ਮਿਲ ਸਕਦੀ ਹੈ। ਅਸੀਂ ਉਸ ਦੀ ਖਬਰ ਦਾ ਪਿੱਛਾ ਕਰਨਾ ਛੱਡ ਦਿੱਤਾ। ਅਗਲੇ ਕਈ ਦਿਨ ਪਿਊਸ਼ ਜੈਨ ਦੇ ਵੱਖ-ਵੱਖ ਟਿਕਾਣਿਆਂ ਤੋਂ ਸੋਨਾ ਅਤੇ ਨਕਦੀ ਮਿਲਣ ਦੀਆਂ ਖਬਰਾਂ ਪੜ੍ਹਨ ਲਈ ਅਤੇ ਉਨ੍ਹਾਂ ਨੋਟਾਂ ਨੂੰ ਗਿਣਨ ਵਾਲੀਆਂ ਮਸ਼ੀਨਾਂ ਚੱਲਦੇ ਹੋਣ ਦੀਆਂ ਫੋਟੋ ਸਾਨੂੰ ਵੇਖਣੀ ਪਈਆਂ, ਜਿਹੜੀਆਂ ਗਰੀਬਾਂ ਦਾ ਮੂੰਹ ਚਿੜਾ ਰਹੀਆਂ ਸਨ। ਉਸ ਬਾਰੇ ਪਤਾ ਲੱਗਾ ਕਿ ਉਹ ਕਿਸੇ ਇਹੋ ਜਿਹੀ ਸਿਆਸੀ ਪਾਰਟੀ ਨਾਲ ਨੇੜ ਕਰ ਬੈਠਾ ਸੀ, ਜਿਸ ਨਾਲ ਕੇਂਦਰ ਅਤੇ ਉੱਤਰ ਪ੍ਰਦੇਸ਼ ਵਿੱਚ ਰਾਜ ਕਰਨ ਵਾਲਿਆਂ ਦਾ ਸਿਆਸੀ ਆਢਾ ਚੱਲਦਾ ਸੀ। ਮਾਮਲਾ ਸਿਆਸੀ ਹੋ ਗਿਆ।
ਪਿਛਲੇ ਜੂਨ ਵਿੱਚ ਪੰਜਾਬ ਵਿੱਚ ਸੂਬਾਈ ਸੇਵਾ (ਪੀ ਸੀ ਐੱਸ) ਦਾ ਅਫਸਰ ਤਰੱਕੀ ਨਾਲ ਕੇਂਦਰੀ ਸਰਵਿਸ ਦਾ (ਆਈ ਏ ਐੱਸ) ਅਫਸਰ ਬਣਿਆ ਸੰਜੇ ਪੋਪਲੀ ਇੱਕ ਦਿਨ ਵਿਜੀਲੈਂਸ ਨੇ ਫੜ ਲਿਆ। ਬਦਨਾਮੀ ਉਸ ਦੀ ਬਹੁਤ ਸੀ, ਉਸ ਦੇ ਘਰ ਦੀ ਜਾਂਚ ਹੋਈ ਤਾਂ ਉਸ ਦੀ ਬਦਨਾਮੀ ਦਾ ਕਾਰਨ ਪੰਜਾਬ ਦੇ ਲੋਕਾਂ ਅੱਗੇ ਆ ਗਿਆ। ਉਸ ਦੇ ਘਰੋਂ ਬਾਰਾਂ ਕਿੱਲੋਂ ਸੋਨਾ ਮਿਲਿਆ, ਜਿਸ ਵਿੱਚ ਇੱਕ-ਇੱਕ ਕਿੱਲੋ ਸੋਨੇ ਦੀਆਂ ਨੌਂ ਇੱਟਾਂ ਤੇ ਉਨੰਜਾ ਸੋਨੇ ਦੇ ਬਿਸਕੁਟ ਸਨ ਤੇ ਸੋਨੇ ਦੇ ਬਾਰਾਂ ਸਿੱਕੇ ਵੀ ਸਨ। ਇਸ ਤੋਂ ਬਿਨਾ ਚਾਂਦੀ ਦੀਆਂ ਇੱਕ-ਇੱਕ ਕਿੱਲੋ ਦੀਆ ਤਿੰਨ ਇੱਟਾਂ ਵੀ ਪਈਆਂ ਮਿਲ ਗਈਆਂ। ਦੁੱਖ ਦੀ ਗੱਲ ਹੈ ਕਿ ਉਸ ਦਾ ਬਹੁਤ ਹੋਣਹਾਰ ਕਿਹਾ ਜਾਂਦਾ ਪੁੱਤਰ ਆਪਣੇ ਬਾਪ ਵੱਲੋਂ ਕੀਤੀ ਕਾਲੀ ਕਮਾਈ ਦੀ ਕਹਾਣੀ ਸੰਸਾਰ ਸਾਹਮਣੇ ਆਉਣ ਦੇ ਦੁੱਖ ਵਿੱਚ ਸੰਸਾਰ ਤੋਂ ਵਿਦਾ ਹੋ ਗਿਆ, ਪਰ ਜਿਹੜੇ ਸੱਚ ਤੋਂ ਪਰਦਾ ਚੁੱਕਿਆ ਗਿਆ, ਉਹ ਇਕੱਲੇ ਸੰਜੇ ਪੋਪਲੀ ਦਾ ਸੀ, ਉਸ ਵਰਗੇ ਕਈ ਅਜੇ ਬੇਪਰਦ ਹੀ ਨਹੀਂ ਹੋਏ।
ਕਹਾਣੀ ਦਾ ਤੀਸਰਾ ਕਾਂਡ ਅਸੀਂ ਪੱਛਮੀ ਬੰਗਾਲ ਵਿੱਚ ਦੌਲਤ ਦਾ ਢੇਰ ਲਾਉਣ ਵਾਲੇ ਮੰਤਰੀ ਪਾਰਥ ਚੈਟਰਜੀ ਦਾ ਕਹਿ ਸਕਦੇ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਦੌਰਾਨ ਹੋਰ ਕੋਈ ਵੱਡਾ ਕਿੱਸਾ ਨਹੀਂ ਆਇਆ, ਸਗੋਂ ਇਹ ਹੈ ਕਿ ਸਾਰੇ ਕਿੱਸਿਆਂ ਦੀ ਚਰਚਾ ਕਰਨਾ ਸਾਡੇ ਲਈ ਸੰਭਵ ਨਹੀਂ ਰਿਹਾ। ਪਾਰਥ ਚੈਟਰਜੀ ਨੂੰ ਟੀਚਰ ਭਰਤੀ ਦੇ ਓਦਾਂ ਦੇ ਘੋਟਾਲੇ ਵਿੱਚ ਫੜਿਆ ਗਿਆ ਹੈ, ਜਿੱਦਾਂ ਦੇ ਘੋਟਾਲੇ ਕਾਰਨ ਹਰਿਆਣਾ ਦੇ ਚਾਰ ਵਾਰੀਆਂ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਸ ਦਾ ਵੱਡਾ ਪੁੱਤਰ ਅਜੈ ਚੌਟਾਲਾ ਦਸ ਸਾਲ ਜੇਲ੍ਹ ਵਿੱਚ ਰਹੇ ਸਨ। ਸਾਰੇ ਕੇਸ ਦੀ ਸੁਣਵਾਈ ਦੇ ਬਾਅਦ ਚੌਟਾਲਾ ਦੀ ਕੁਝ ਜਾਇਦਾਦ ਵੀ ਜ਼ਬਤ ਹੋਈ ਸੀ, ਪਰ ਨੋਟਾਂ ਦੇ ਢੇਰ ਵੇਖਣ ਤੋਂ ਲੋਕ ਵਾਂਝੇ ਰਹੇ ਸਨ ਤੇ ਪਾਰਥ ਚੈਟਰਜੀ ਦੇ ਮਾਮਲੇ ਵਿੱਚ ਇਹ ਵੀ ਕੰਮ ਹੋ ਗਿਆ ਹੈ। ਪਾਰਥ ਚੈਟਰਜੀ ਦੀ ਇੱਕ ਸਹਿਯੋਗਣ ਫਿਲਮ ਮਾਡਲ ਹੁੰਦੀ ਸੀ, ਫਿਰ ਇਸ ਨਾਲ ਮਿਲ ਕੇ ਕਮਾਈ ਕਰਨ ਲੱਗ ਗਈ। ਜਿਸ ਦਿਨ ਪਾਰਥ ਚੈਟਰਜੀ ਫੜੇ ਜਾਣ ਦੀ ਖਬਰ ਆਈ, ਅਗਲੇ ਦਿਨ ਉਸ ਦੀ ਸਹਿਯੋਗਣ ਅਰਪਿਤਾ ਮੁਖਰਜੀ ਦੇ ਘਰ ਛਾਪਾ ਪੈ ਗਿਆ ਤੇ ਪਹਿਲੀ ਖੇਪ ਹੀ ਦਸ ਕਰੋੜ ਰੁਪਏ ਨਕਦੋ-ਨਕਦ ਫੜੇ ਗਏ। ਫਿਰ ਉਸ ਦੇ ਕਦੀ ਇੱਕ ਘਰ ਅਤੇ ਕਦੀ ਦੂਸਰੇ ਘਰ ਛਾਪੇ ਪੈਂਦੇ ਰਹੇ ਤੇ ਉਸ ਦੇ ਘਰੋਂ ਕਰੰਸੀ ਨੋਟ ਮਿਲਣ ਦਾ ਸਿਲਸਿਲਾ ਚੱਲਦਾ ਰਿਹਾ, ਜਿਸ ਦੌਰਾਨ ਇਹ ਖਬਰ ਵੀ ਆਈ ਕਿ ਨੋਟਾਂ ਦੇ ਬੰਡਲ ਏਨੇ ਸਨ ਕਿ ਰੱਖਣ ਲਈ ਕਮਰੇ ਘੱਟ ਹੋਣ ਕਾਰਨ ਟਾਇਲੇਟ ਵਾਲੇ ਕੈਬਿਨਾਂ ਵਿੱਚ ਵੀ ਇੱਟਾਂ ਵਾਂਗ ਚਿਣਨੇ ਪਏ ਸਨ। ਅਗਲੀ ਗੱਲ ਇਹ ਕਿ ਉਨ੍ਹਾਂ ਨੂੰ ਗਿਣਨ ਦੇ ਲਈ ਸਟੇਟ ਬੈਂਕ ਆਫ ਇੰਡੀਆ ਤੋਂ ਲਿਆਂਦੀਆਂ ਮਸ਼ੀਨਾਂ ਨੇ ਜਦੋਂ ਤੱਕ ਹਿਸਾਬ ਕਰ ਕੇ ਸਾਰਾ ਲੇਖਾ ਦੱਸ ਨਹੀਂ ਸੀ ਦਿੱਤਾ, ਅਰਪਿਤਾ ਮੁਖਰਜੀ ਤੇ ਪਾਰਥ ਚੈਟਰਜੀ ਦੋਵਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਕੋਲ ਕੁੱਲ ਐਨੀ ਦੌਲਤ ਹੈ। ਸਾਰੇ ਲੇਖੇ-ਪੱਤੇ ਪਿੱਛੋਂ ਖਬਰ ਆਈ ਕਿ ਪੰਜਾਹ ਕਰੋੜ ਰੁਪਏ ਨਕਦੀ ਮਿਲਣ ਤੋਂ ਕੁਝ ਕੁ ਹਜ਼ਾਰਾਂ ਦੀ ਕਸਰ ਰਹਿ ਗਈ ਸੀ ਅਤੇ ਸੋਨੇ ਬਾਰੇ ਇੱਕ ਖਬਰ ਸੀ ਕਿ ਅੱਠ ਕਿੱਲੋ ਫੜਿਆ ਹੈ, ਦੂਸਰੀ ਖਬਰ ਸੀ ਕਿ ਗਿਣਤੀ ਪਿੱਛੋਂ ਅਠਾਈ ਕਿੱਲੋ ਤੋਂ ਟੱਪ ਗਿਆ ਹੈ, ਅਸਲ ਵਿੱਚ ਕਿੰਨਾ ਸੀ, ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਕੇਸ ਦੀ ਜਾਂਚ ਸਿਰੇ ਲੱਗਣ ਤੱਕ ਦੇ ਅੰਦਾਜ਼ੇ ਤਾਂ ਪਤਾ ਨਹੀਂ, ਪਰ ਇਹ ਪਤਾ ਲੱਗ ਗਿਆ ਹੈ ਕਿ ਭਾਰਤ ਦੇ ਆਮ ਲੋਕ ਗਰੀਬ ਕਿਉਂ ਹਨ?
ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਦਿਨ ਅੱਠ ਵਜੇ ਰਾਤ ਨੂੰ ਨੋਟਬੰਦੀ ਦਾ ਅਚਾਨਕ ਐਲਾਨ ਕੀਤਾ ਤਾਂ ਕਿਹਾ ਸੀ ਕਿ ਇਸ ਨਾਲ ਕਾਲਾ ਧਨ ਬਾਹਰ ਆ ਜਾਵੇਗਾ ਅਤੇ ਅੱਗੇ ਤੋਂ ਕਾਲਾ ਧਨ ਕਮਾਉਣ ਅਤੇ ਰੱਖਣ ਦਾ ਕੋਈ ਰਾਹ ਨਹੀਂ ਰਹਿ ਸਕੇਗਾ, ਪਰ ਕਾਲਾ ਧਨ ਅੱਜ ਵੀ ਕਮਾਇਆ ਤੇ ਲੁਕਾਇਆ ਜਾ ਰਿਹਾ ਹੈ। ਸੋਨੇ ਦੀ ਚਿੜੀ ਭਾਰਤ ਦੇਸ਼ ਚਾਣਕਿਆ ਵਰਗੇ ਪੁਰਾਣੇ ਨੀਤੀਵਾਨਾਂ ਦੇ ਵੇਲੇ ਵੀ ਸੀ, ਅੱਜ ਦੇ ਆਪਣੇ ਆਪ ਨੂੰ ਚਾਣਕਿਆ ਦੀ ਵੰਸ਼ ਮੰਨਣ ਵਾਲਿਆਂ ਵੇਲੇ ਵੀ ਹੈ, ਪਰ ਇਹ ਸਿਰਫ ਕੁਝ ਲੋਕਾਂ ਲਈ ਸੋਨੇ ਦੀ ਚਿੜੀ ਹੈ, ਜਿਨ੍ਹਾਂ ਨੂੰ ਆਪਣੀ ਦੌਲਤ ਦੇ ਢੇਰਾਂ ਦਾ ਖੁਦ ਨੂੰ ਪਤਾ ਨਹੀਂ, ਆਮ ਲੋਕਾਂ ਲਈ ਓਦੋਂ ਵੀ ਕੱਚੀਆਂ ਕੁੱਲੀਆਂ ਅਤੇ ਖਾਣ ਨੂੰ ਸੁੱਕੀਆਂ ਗੁੱਲੀਆਂ ਸਨ, ਅੱਜ ਵੀ ਉਹੀ ਹਨ। ਭਾਰਤ ਦਾ ਜਿਹੜਾ ਭਾਗ-ਵਿਧਾਤਾ ਅਸੀਂ ਲੋਕ ਰਾਸ਼ਟਰੀ ਗੀਤ ਗਾ ਕੇ ਯਾਦ ਕਰਦੇ ਹਾਂ, ਉਹ ਆਪਣੀ ਮਿਹਰ ਦੇ ਮੀਂਹ ਭਾਰਤ ਵਿੱਚ ਸਿਰਫ ਚੋਰਾਂ ਦੇ ਘਰਾਂ ਉੱਤੇ ਪਾਉਂਦਾ ਹੈ, ਆਮ ਲੋਕਾਂ ਦੇ ਘਰੀਂ ਪੁਰਾਤਨ ਯੁੱਗ ਵਿੱਚ ਵੀ ਸੋਕਾ ਹੀ ਹੋਇਆ ਕਰਦਾ ਸੀ, ਅੱਜ ਵੀ ਸੋਕਾ ਹੈ ਅਤੇ ਅੱਗੋਂ ਵੀ ਉਨ੍ਹਾਂ ਦੇ ਦਿਨ ਫਿਰਨ ਦੀ ਆਸ ਨਹੀਂ ਦਿੱਸਦੀ। ਉਹ ਏਨੀ ਗੱਲ ਨਾਲ ਹੀ ਬਹੁਤ ਖੁਸ਼ ਹੋ ਲੈਂਦੇ ਹਨ ਕਿ ਅੱਜ ਫਿਰ ਇੱਕ ਚੋਰ ਫੜਿਆ ਗਿਆ ਹੈ, ਜਿਸ ਕੋਲੋਂ ਮਿਲੇ ਨੋਟਾਂ ਨੂੰ ਗਿਣਨ ਲਈ ਮਸ਼ੀਨਾਂ ਲਾਉਣੀਆਂ ਪਈਆਂ ਹਨ। ਸਿਆਣੇ ਕਹਿੰਦੇ ਹਨ ਕਿ ਬਰਫ ਦਾ ਤੋਦਾ ਜਦੋਂ ਸਮੁੰਦਰ ਵਿੱਚ ਤਰਦਾ ਦਿੱਸੇ ਤਾਂ ਉਸ ਦਾ ਦਸਵਾਂ ਹਿੱਸਾ ਹੀ ਨਜ਼ਰ ਪੈਂਦਾ ਹੈ, ਬਾਕੀ ਨੱਬੇ ਫੀਸਦੀ ਡੁੱਬਿਆ ਹੁੰਦਾ ਹੈ, ਪਰ ਜਦੋਂ ਕੋਈ ਸੰਜੇ ਪੋਪਲੀ, ਕੋਈ ਪਿਊਸ਼ ਜੈਨ ਜਾਂ ਕੋਈ ਪਾਰਥ ਚੈਟਰਜੀ ਫੜਿਆ ਜਾਂਦਾ ਹੈ, ਉਸ ਨਾਲ ਇਸ ਸੋਨੇ ਦੀ ਚਿੜੀ ਦੇ ਨੋਚ-ਨੋਚ ਲੁਕਾਏ ਖੰਭਾਂ ਦੀ ਇੱਕ ਫੀਸਦੀ ਵੀ ਨਹੀਂ ਲੱਭਦੀ, ਨਿਗੂਣੀ ਜਿਹੀ ਲੱਭਤ ਵੀ ਸਾਨੂੰ ਬਹੁਤ ਵੱਡੀ ਜਾਪਣ ਲੱਗ ਪੈਂਦੀ ਹੈ। ਏਦਾਂ ਦੇ ਚੋਰਾਂ ਦੀ ਧਾੜ ਸਾਡੇ ਪੰਜਾਬ ਵਿੱਚ ਵੀ ਬਹੁਤ ਤਕੜੀ ਹੈ, ਅੱਜਕੱਲ੍ਹ ਉਹ ਲੁਕਦੀ ਤੇ ਮਾਲ ਲੁਕਾਉਂਦੀ ਫਿਰਦੀ ਸੁਣੀਂਦੀ ਹੈ, ਜਿਸ ਬਾਰੇ ਅਗਲੇ ਦਿਨਾਂ ਵਿੱਚ ਵੱਡੀਆਂ ਖਬਰਾਂ ਪੜ੍ਹਨ-ਵੇਖਣ ਨੂੰ ਮਿਲ ਜਾਣ ਤਾਂ ਹੈਰਾਨ ਹੋਣ ਦੀ ਲੋੜ ਨਹੀਂ।