ਧਰਮ ਆਧਾਰਿਤ ਸਿਆਸਤ  - ਸਵਰਾਜਬੀਰ

ਕੁਝ ਦਿਨ ਪਹਿਲਾਂ ਉੱਤਰਾਖੰਡ ਦੀ ਮਹਿਲਾ ਸਸ਼ਕਤੀਕਰਨ ਅਤੇ ਬਾਲ ਵਿਕਾਸ ਮੰਤਰੀ ਨੇ ਆਪਣੇ ਵਿਭਾਗਾਂ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ 26 ਜੁਲਾਈ ਨੂੰ ਆਪਣੇ ਘਰਾਂ ਦੇ ਨਜ਼ਦੀਕ ਸ਼ਿਵਾਲਿਆਂ (ਸ਼ਿਵ ਮੰਦਰਾਂ) ਵਿਚ ਜਲਅਭਿਸ਼ੇਕ ਕਰਨ ਅਤੇ ਉਸ ਦੀਆਂ ਤਸਵੀਰਾਂ ਸਰਕਾਰੀ ਈ-ਮੇਲਾਂ ਅਤੇ ਵੱਟਸਐਪ ਗਰੁੱਪਾਂ ਵਿਚ ਭੇਜਣ। ਮੰਤਰੀ ਨੇ ਪੱਤਰ ਵਿਚ ਕਿਹਾ, ‘‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ, ਜੋ ਕਿ ਭਾਰਤ ਦੀ ਸਮਾਜਿਕ-ਸੱਭਿਆਚਾਰਕ ਪਛਾਣ ਹੈ, ਜਿਸ ਦੀ ਅਧਿਕਾਰਤ ਯਾਤਰਾ ਭਾਰਤ ਦੇ ਯਸ਼ਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ 12 ਮਾਰਚ, 2021 ਨੂੰ ਸ਼ੁਰੂ ਕੀਤੀ ਗਈ ਹੈ। ... ਭਾਰਤ ਸਰਕਾਰ ਦੁਆਰਾ 22 ਜਨਵਰੀ 2015 ਨੂੰ ਸ਼ੁਰੂ ਕੀਤੀ ਗਈ ਮਹੱਤਵਾਕਾਂਕਸ਼ੀ ਯੋਜਨਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੀ ਲੜੀ ਵਿਚ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਮਨਾਏ ਜਾਣ ਹਿੱਤ ਨਿਮਨਹਸਤਾਖ਼ਰੀ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਕਾਂਵੜ ਯਾਤਰਾ, ਜਿਸ ਦਾ ਸੰਕਲਪ ‘ਮੈਨੂੰ ਵੀ ਜਨਮ ਲੈਣ ਦਿਓ, ਸ਼ਿਵ ਦੇ ਮਹੀਨੇ ਵਿਚ ਸ਼ਕਤੀ ਦਾ ਸੰਕਲਪ ਹੈ।’ ਇਸ ਸੰਕਲਪ ਨੂੰ ਸੌ ਫ਼ੀਸਦੀ ਪੂਰਾ ਕਰਨ ਲਈ 26 ਜੁਲਾਈ 2022 ਨੂੰ ਮਹਿਲਾ ਤੇ ਬਾਲ ਵਿਕਾਸ ਦੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀ/ਕਰਮਚਾਰੀ, ਆਂਗਨਵਾੜੀ, ਮਿਨੀ ਆਂਗਨਵਾੜੀ ਕਰਮਚਾਰੀ ਅਤੇ ਆਪਣੇ ਨਜ਼ਦੀਕੀ ਸ਼ਿਵਾਲਿਆਂ ਵਿਚ ਜਲਅਭਿਸ਼ੇਕ ਕਰ ਕੇ ਇਸ ਪੁਨੀਤ (ਪਵਿੱਤਰ) ਸੰਕਲਪ ਸਹਿਤ ਇਸ ਮੁਹਿੰਮ ਨੂੰ ਅੱਗੇ ਵਧਾਉਣਗੇ ਅਤੇ ਉਪਰੋਕਤ ਸਮਾਗਮ ਨਾਲ ਸਬੰਧਿਤ ਫੋਟੋ ਵਿਭਾਗੀ ਈ-ਮੇਲ ਆਈਡੀ ਅਤੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਦੇ ਵੱਟਸਐਪ ’ਤੇ ਭੇਜਦੇ ਹੋਏ ਵਿਭਾਗ ਦਾ ਸੰਕਲਪ ਪੂਰਾ ਕਰਨਗੇ।’’
       ਤਸਵੀਰਾਂ ਸਰਕਾਰੀ ਈ-ਮੇਲ ਅਤੇ ਵੱਟਸਐਪ ’ਤੇ ਭੇਜਣ ਦੇ ਅਰਥ ਇਹੀ ਨਿਕਲਦੇ ਸਨ/ਹਨ ਕਿ ਅਜਿਹੇ ਸਮਾਗਮ ਕਰਨੇ ਜ਼ਰੂਰੀ ਹਨ। ਵਾਦ-ਵਿਵਾਦ ਹੋਣ ’ਤੇ ਮੰਤਰੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੀਡੀਆ ਨੇ ਉਸ ਦੇ ਪੱਤਰ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਮੰਤਰੀ ਅਨੁਸਾਰ ਪੱਤਰ ਵਿਚ ਇਹ ਕਿਤੇ ਨਹੀਂ ਕਿਹਾ ਗਿਆ ਕਿ ਜਲਅਭਿਸ਼ੇਕ ਨਾ ਕਰਨ ਵਾਲੇ ਕਰਮਚਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਇਹ ਲੋਕਾਂ ਦੀ ਆਪਣੀ ਇੱਛਾ ਹੈ ਕਿ ਉਹ ਜਲਅਭਿਸ਼ੇਕ ਕਰਨ ਜਾਂ ਨਾ ਕਰਨ। ਉਸ ਨੇ ਵਿਰੋਧੀ ਪਾਰਟੀਆਂ ’ਤੇ ਇਲਜ਼ਾਮ ਲਗਾਇਆ ਕਿ ਉਹ ਗ਼ਲਤਫ਼ਹਿਮੀਆਂ ਫੈਲਾ ਰਹੀਆਂ ਹਨ ਜਦੋਂਕਿ ਪੱਤਰ ਦਾ ਮੰਤਵ ਇਹ ਹੈ ਕਿ ਉੱਤਰਾਖੰਡ ਵਿਚ ਬੇਟੀਆਂ ਨੂੰ ਬਰਾਬਰ ਦੇ ਅਧਿਕਾਰ ਦਿਵਾਏ ਜਾਣ, ਉਨ੍ਹਾਂ ਨਾਲ ਭੇਦ-ਭਾਵ ਦੀ ਸੋਚ ਨੂੰ ਖ਼ਤਮ ਕੀਤਾ ਜਾਏ ਅਤੇ ਦੇਵ-ਭੂਮੀ ਉੱਤਰਾਖੰਡ ਵਿਚ ਲੜਕੇ ਤੇ ਲੜਕੀਆਂ ਦਾ ਲਿੰਗ-ਅਨੁਪਾਤ ਬਰਾਬਰ ਹੋਵੇ (ਭਾਵ ਜਿੰਨੇ ਪੁੱਤਰ ਜੰਮਦੇ ਨੇ, ਓਨੀਆਂ ਹੀ ਧੀਆਂ ਜੰਮਣ)। ਮੰਤਰੀ ਨੇ ਇਹ ਵੀ ਦੱਸਿਆ ਸੀ ਕਿ 26 ਜੁਲਾਈ ਨੂੰ ਪਵਿੱਤਰ ਸ਼ਿਵਰਾਤਰੀ ਦੇ ਮੌਕੇ ਹਰ ਕੀ ਪੌੜੀ, ਹਰਿਦੁਆਰ ਤੋਂ ਲੈ ਕੇ ਵੀਰਭੱਦਰ ਮੰਦਰ ਰਿਸ਼ੀਕੇਸ਼ ਤਕ ਕਾਂਵੜ ਯਾਤਰਾ ਕੀਤੀ ਜਾਵੇਗੀ।
       ਇਕ ਦ੍ਰਿਸ਼ਟੀਕੋਣ ਅਨੁਸਾਰ ਤਾਂ ਸਭ ਕੁਝ ਸਹੀ ਤਰੀਕੇ ਨਾਲ ਹੋ ਰਿਹਾ ਹੈ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ, ਉਸ ਸਮੇਂ ਉੱਤਰਾਖੰਡ ਸਰਕਾਰ ਦੁਆਰਾ ਕਾਂਵੜ ਯਾਤਰਾ ਕੱਢੀ ਗਈ, ਮੰਤਰੀ ਮਹਾਉਤਸਵ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਨਾਲ ਜੋੜ ਕੇ ਇਸ ਨੂੰ ਨਾਰੀ ਸਸ਼ਕਤੀਕਰਨ (ਔਰਤਾਂ ਨੂੰ ਤਾਕਤਵਰ ਬਣਾਉਣ) ਦੇ ਸੰਕਲਪ ਨਾਲ ਜੋੜਨਾ ਚਾਹੁੰਦੀ ਹੈ, ਇਸ ਲਈ ਸਾਰੇ ਕਰਮਚਾਰੀਆਂ ਨੂੰ ਸ਼ਿਵਾਲਿਆਂ ਵਿਚ ਜਲਅਭਿਸ਼ੇਕ ਕਰਨ ਲਈ ਕਿਹਾ ਗਿਆ।
      ਸਾਵਣ ਦੇ ਮਹੀਨੇ ਨੂੰ ਭਗਵਾਨ ਸ਼ਿਵ ਦਾ ਮਹੀਨਾ ਮੰਨਿਆ ਜਾਂਦਾ ਹੈ, ਸੋਮਵਾਰ ਦਾ ਦਿਨ ਉਨ੍ਹਾਂ ਨੂੰ ਸਮਰਪਿਤ ਹੈ। ਮਿਥਿਹਾਸ ਅਨੁਸਾਰ ਇਸ ਮਹੀਨੇ ਵਿਚ ਦੇਵਤਿਆਂ ਅਤੇ ਦਾਨਵਾਂ ਨੇ ਸਾਗਰ ਮੰਥਨ ਕੀਤਾ ਭਾਵ ਸਮੁੰਦਰ ਰਿੜਕਿਆ ਸੀ। ਇਹ ਕੰਮ ਕਰਨ ਲਈ ਮੰਦਿਰਾਂ/ਮੰਦਾਰ ਪਹਾੜੀ ਦੀ ਮਧਾਣੀ ਨੂੰ ਭਗਵਾਨ ਵਿਸ਼ਨੂੰ ਦੇ ਕੂਰਮ ਰੂਪ (ਕੱਛੂਕੁੰਮਾ) ’ਤੇ ਟਿਕਾ ਕੇ, ਵਾਸੁਕੀ ਨਾਗ ਦੇ ਨੇਤਰੇ ਨਾਲ ਸਮੁੰਦਰ ਰਿੜਕਿਆ ਗਿਆ। ਸਮੁੰਦਰ ਤੋਂ ਕਈ ਤਰ੍ਹਾਂ ਦੇ ਰਤਨ ਤੇ ਅਨਮੋਲ ਚੀਜ਼ਾਂ ਨਿਕਲੀਆਂ ਜਿਨ੍ਹਾਂ ਵਿਚੋਂ ਸਰਬੋਤਮ ਅੰਮ੍ਰਿਤ ਸੀ ਜਿਸ ਕਾਰਨ ਦੇਵਤਿਆਂ ਅਤੇ ਦਾਨਵਾਂ ਵਿਚ ਲੜਾਈ ਹੋਈ। ਦੇਵਤਿਆਂ ਨੇ ਚਤੁਰਾਈ ਦਿਖਾਈ ਅਤੇ ਅੰਮ੍ਰਿਤ ਪੀ ਕੇ ਅਮਰ ਹੋ ਗਏ। ਹੋਰ ਅਨਮੋਲ ਵਸਤਾਂ ਇਸ ਪ੍ਰਕਾਰ ਸਨ : ਕਾਮਧੇਨੂ (ਸਭ ਇੱਛਾਵਾਂ ਪੂਰੀਆਂ ਕਰਨ ਵਾਲੀ ਗਊ), ਧਨ ਦੀ ਦੇਵੀ ਲਕਸ਼ਮੀ, ਐਰਾਵਤ (ਹਾਥੀ), ਚੰਦਰਮਾ, ਵਾਰੁਣੀ (ਮਦਿਰਾ ਦੀ ਦੇਵੀ), ਅਪਸਰਾਵਾਂ, ਕਲਪ-ਬਿਰਖ (ਸਭ ਇੱਛਾਵਾਂ ਪੂਰੀਆਂ ਕਰਨ ਵਾਲਾ ਰੁੱਖ) ਆਦਿ ਪਰ ਇਨ੍ਹਾਂ ਤੋਂ ਪਹਿਲਾਂ ਇਕ ਹੋਰ ਚੀਜ਼ ਨਿਕਲੀ ਜਿਸ ਦਾ ਨਾਂ ਹਲਾਹਲ ਜਾਂ ਕਾਲਕੂਟਮ ਸੀ, ਇਹ ਬਹੁਤ ਤਿੱਖਾ ਜ਼ਹਿਰ ਸੀ। ਇਹ ਏਨਾ ਜ਼ਹਿਰੀਲਾ ਸੀ ਕਿ ਇਸ ਦੀ ਹਵਾੜ ਕਾਰਨ ਦੇਵਤੇ ਤੇ ਦਾਨਵ ਬੇਹੋਸ਼ ਹੋਣ ਲੱਗੇ। ਆਖ਼ਰ ਇਹ ਜ਼ਹਿਰ ਸ਼ਿਵ ਭਗਵਾਨ ਨੇ ਪੀਤਾ ਜਿਸ ਕਾਰਨ ਉਨ੍ਹਾਂ ਦਾ ਗਲਾ ਨੀਲਾ ਹੋ ਗਿਆ, ਇਸੇ ਲਈ ਉਨ੍ਹਾਂ ਨੂੰ ਨੀਲਕੰਠ ਵੀ ਕਿਹਾ ਜਾਂਦਾ ਹੈ ਅਤੇ ਵਿਸ਼ਕੰਠ (ਭਾਵ ਜਿਸ ਨੇ ਵਿਸ਼/ਜ਼ਹਿਰ ਨੂੰ ਆਪਣੇ ਗਲੇ/ਕੰਠ ਤਕ ਹੀ ਸੀਮਤ ਰੱਖਿਆ) ਵੀ। ਇਸ ਜ਼ਹਿਰ ਦੀ ਅੱਗ ਨੂੰ ਸ਼ਾਂਤ ਕਰਨ ਲਈ ਦੇਵਤਿਆਂ ਨੇ ਭਗਵਾਨ ਸ਼ਿਵ ਨੂੰ ਪਾਣੀ ਅਰਪਿਤ ਕੀਤਾ।
       ਇਹ ਮਿੱਥ ਬਹੁਤ ਜਟਿਲ ਹੈ, ਇਸ ਵਿਚ ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਦੇ ਵੱਖ ਵੱਖ ਆਰੀਆ ਅਤੇ ਅਣ-ਆਰੀਆ (ਜਿਨ੍ਹਾਂ ਦੀ ਨੁਮਾਇੰਦਗੀ ਨਾਗਾਂ, ਅਸੁਰਾਂ, ਦਾਨਵਾਂ ਆਦਿ ਰਾਹੀਂ ਹੁੰਦੀ ਹੈ) ਸਮਾਜਾਂ ਦੇ ਯੁੱਧ, ਇਕੱਠੇ ਹੋਣ ਅਤੇ ਅਖ਼ੀਰ ਵਿਚ ਆਰੀਆ ਲੋਕਾਂ ਦੀ ਜਿੱਤ ਦੀ ਕਹਾਣੀ ਪਈ ਹੈ। ਇੱਥੇ ਸਵਾਲ ਮਿੱਥ ਦੇ ਵਿਸ਼ਲੇਸ਼ਣ ਬਾਰੇ ਨਹੀਂ ਸਗੋਂ ਸਵੀਕਾਰ ਕੀਤੇ ਜਾ ਚੁੱਕੇ ਧਾਰਮਿਕ ਰੀਤੀ-ਰਿਵਾਜ (ਜਲਅਭਿਸ਼ੇਕ) ਨੂੰ ਸਰਕਾਰੀ ਆਦੇਸ਼ ਦੁਆਰਾ ਲਾਗੂ ਕਰਨ ਬਾਰੇ ਹੈ।
     ਧਰਮ ਅਤੇ ਰਿਆਸਤ ਦਾ ਰਿਸ਼ਤਾ ਬਹੁਤ ਜਟਿਲ ਹੈ। ਪੁਰਾਤਨ ਸਮਾਜਾਂ ਵਿਚ ਧਰਮ ਅਤੇ ਰਿਆਸਤ/ਸਟੇਟ ਇਕਮਿਕ ਸਨ। ਰੋਮਨ ਸਾਮਰਾਜ ਵਿਚ ਇਸਾਈ ਧਰਮ ਨਾਲ ਸਬੰਧਿਤ ਚਰਚ ਅਤੇ ਉਸ ਦੇ ਅਧਿਕਾਰੀ ਪੋਪ, ਕਾਰਡੀਨਲ, ਆਰਚਬਿਸ਼ਪ ਆਦਿ ਰਾਜ-ਕਾਜ ਦੇ ਕੰਮਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਯੂਰੋਪ ਦੀਆਂ ਹੋਰ ਬਾਦਸ਼ਾਹਤਾਂ ਫਰਾਂਸ, ਜਰਮਨੀ, ਸਪੇਨ, ਇੰਗਲੈਂਡ ਆਦਿ ਵਿਚ ਵੀ ਇਹ ਵਰਤਾਰਾ ਭਾਰੂ ਸੀ। ਮੱਧਕਾਲੀਨ ਸਮਿਆਂ ਵਿਚ ਇਸ ਰੁਝਾਨ ਵਿਰੁੱਧ ਸੰਘਰਸ਼ ਹੋਇਆ ਜਿਸ ਵਿਚ ਰਿਆਸਤ/ਸਟੇਟ ਅਤੇ ਧਰਮ/ਚਰਚ ਦਾ ਨਿਖੇੜਾ ਕਰਦਿਆਂ ਮੂਲ ਧਾਰਨਾ ਇਹ ਬਣੀ ਕਿ ਇਹ ਵੱਖਰੇ ਵੱਖਰੇ ਖੇਤਰ ਹਨ ਅਤੇ ਧਰਮ ਤੇ ਧਰਮ-ਗਰੂਆਂ ਨੂੰ ਰਿਆਸਤ/ਸਟੇਟ ਦੇ ਕੰਮਾਂ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਫਰਾਂਸੀਸੀ ਇਨਕਲਾਬ ਨੇ ਰਾਜਸੀ, ਜਨਤਕ ਤੇ ਵਿੱਦਿਅਕ ਅਦਾਰਿਆਂ ਵਿਚ ਧਰਮ ਦਾ ਦਖ਼ਲ ਬਿਲਕੁਲ ਬੰਦ ਕਰ ਦਿੱਤਾ ਸੀ ਅਤੇ ਮਨੁੱਖੀ ਆਜ਼ਾਦੀ, ਸਮਾਜਿਕ ਬਰਾਬਰੀ ਅਤੇ ਸਾਂਝੀਵਾਲਤਾ ਨੂੰ ਰਿਆਸਤ/ਸਟੇਟ ਦੇ ਪ੍ਰਮੁੱਖ ਆਦਰਸ਼ਾਂ ਵਜੋਂ ਸਥਾਪਿਤ ਕੀਤਾ। ਯੂਰੋਪ ਤੇ ਅਮਰੀਕਾ ਦੀਆਂ ਜਮਹੂਰੀਅਤਾਂ ਦੇ ਸੰਵਿਧਾਨ ਇਸੇ ਆਧਾਰ ’ਤੇ ਬਣੇ। ਭਾਵੇਂ ਧਰਮ ਅਜੇ ਵੀ ਕਈ ਦੇਸ਼ਾਂ ਵਿਚ ਪ੍ਰਤੀਕਮਈ ਰੂਪ ਵਿਚ ਰਿਆਸਤ/ਸਟੇਟ ਦੇ ਸਮਾਗਮਾਂ ਵਿਚ ਹਾਜ਼ਰੀ ਭਰਦਾ ਹੈ ਪਰ ਹਕੀਕੀ ਤੌਰ ’ਤੇ ਧਰਮ ਦਾ ਰਿਆਸਤ/ਸਟੇਟ ਵਿਚ ਦਖ਼ਲ ਖ਼ਤਮ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇਸ਼ਾਂ ਦੇ ਸੰਵਿਧਾਨ ਧਰਮ ਨਿਰਪੱਖਤਾ ਨੂੰ ਰਿਆਸਤ/ਸਟੇਟ ਦੇ ਬੁਨਿਆਦੀ ਅਸੂਲ ਵਜੋਂ ਮਾਨਤਾ ਦਿੰਦੇ ਹਨ ਅਤੇ ਧਰਮ ਨੂੰ ਲੋਕਾਂ ਦਾ ਨਿੱਜੀ ਮਾਮਲਾ ਮੰਨਿਆ ਜਾਂਦਾ ਹੈ।
     ਮੁਸਲਮਾਨ ਬਹੁਗਿਣਤੀ ਵਾਲੇ ਦੇਸ਼ਾਂ ਵਿਚ ਸਥਿਤੀ ਵੱਖਰੀ ਹੈ, ਬਹੁਤ ਸਾਰੇ ਦੇਸ਼ਾਂ ਵਿਚ ਇਸਲਾਮ ਰਿਆਸਤ/ਸਟੇਟ ਦਾ ਸ਼ਾਹੀ/ਰਾਜਸੀ ਧਰਮ ਹੈ, ਇਨ੍ਹਾਂ ਦੇਸ਼ਾਂ ਦੇ ਸੰਵਿਧਾਨ ਅਤੇ ਰਾਜ-ਪ੍ਰਬੰਧ ਧਰਮ ਆਧਾਰਿਤ ਹਨ, ਕਾਨੂੰਨ ਸ਼ਰ੍ਹਾ ਅਨੁਸਾਰ ਬਣਾਏ ਜਾਂਦੇ ਹਨ ਅਤੇ ਮੁੱਲਾਂ, ਮੁਲਾਣੇ ਅਤੇ ਹੋਰ ਧਾਰਮਿਕ ਆਗੂ ਰਾਜ-ਕਾਜ ਦੇ ਕੰਮਾਂ ਵਿਚ ਦਖ਼ਲ ਦਿੰਦੇ ਹਨ।
       ਭਾਰਤ ਦੇ ਪੁਰਾਤਨ ਰਾਜਾਂ ਵਿਚ ਹਿੰਦੂ ਧਰਮ ਦੀਆਂ ਵੱਖ ਵੱਖ ਸ਼ਾਖਾਵਾਂ ਸਨਾਤਨੀ, ਸ਼ੈਵ, ਵੈਸ਼ਨਵ ਆਦਿ ਨਾਲ ਸਬੰਧਿਤ ਧਰਮ-ਗੁਰੂ ਰਾਜ-ਪ੍ਰਬੰਧ ਵਿਚ ਅਹਿਮ ਭੂਮਿਕਾ ਨਿਭਾਉਂਦੇ ਸਨ। ਈਸਾ ਤੋਂ 260 ਸਾਲ ਪਹਿਲਾਂ ਸਮਰਾਟ ਅਸ਼ੋਕ ਨੇ ਬੁੱਧ ਧਰਮ ਨੂੰ ਆਪਣੇ ਸਾਮਰਾਜ ਦਾ ਰਾਜਸੀ ਧਰਮ ਬਣਾਇਆ। ਸ੍ਰੀਲੰਕਾ ਅਤੇ ਕੰਬੋਡੀਆ ਵਿਚ ਬੁੱਧ ਧਰਮ ਅਜੇ ਵੀ ਰਾਜਸੀ ਧਰਮ ਹੈ ਜਦੋਂਕਿ ਮਿਆਂਮਾਰ, ਮੰਗੋਲੀਆ, ਲਾਓਸ, ਥਾਈਲੈਂਡ ਆਦਿ ਬੁੱਧ ਧਰਮ ਦੇ ਸਮਾਜ ਵਿਚ ਵਿਸ਼ੇਸ਼ ਸਥਾਨ ਨੂੰ ਸਵੀਕਾਰ ਕਰਦੇ ਹਨ। ਜਿਨ੍ਹਾਂ ਦੇਸ਼ਾਂ ਵਿਚ ਸੰਵਿਧਾਨ ਧਰਮ ਆਧਾਰਿਤ ਹਨ, ਉਨ੍ਹਾਂ ਵਿਚ ਸ਼ਾਸਕਾਂ ਨੂੰ ਚੇਤਨ ਜਾਂ ਅਵਚੇਤਨ ਰੂਪ ਵਿਚ ਧਰਤੀ ’ਤੇ ਪਰਮਾਤਮਾ ਦੇ ਦੂਤਾਂ ਵਜੋਂ ਮਾਨਤਾ ਦਿੱਤੀ ਜਾਂਦੀ ਹੈ, ਸਿੱਧੇ ਜਾਂ ਅਸਿੱਧੇ ਢੰਗ ਨਾਲ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸ਼ਾਸਕਾਂ ਵਿਚ ਦੈਵੀ ਅੰਸ਼ ਹੁੰਦਾ ਹੈ, ਉਹ ਪਰਮਾਤਮਾ/ਅੱਲ੍ਹਾ/ਭਗਵਾਨ ਦੁਆਰਾ ਵਰੋਸਾਏ ਵਿਸ਼ੇਸ਼ ਵਿਅਕਤੀ ਹਨ ਅਤੇ ਲੋਕਾਂ ’ਤੇ ਰਾਜ ਕਰਨ ਦਾ ਉਨ੍ਹਾਂ ਦਾ ਅਧਿਕਾਰ ਦੈਵੀ ਤੇ ਧਰਮ ਅਨੁਸਾਰ ਹੈ।
       ਰਾਜ ਤੇ ਧਰਮ ਨੂੰ ਵੱਖ ਵੱਖ ਕਰਨ ਦੇ ਸੰਘਰਸ਼ ਸਦੀਆਂ ਪੁਰਾਣੇ ਹਨ ਪਰ ਇਸ ਵੱਖਰਤਾ ਬਾਰੇ ਸਟੀਕ ਸਿਧਾਂਤਕਾਰੀ ਅੰਗਰੇਜ਼ ਚਿੰਤਕ ਜੌਹਨ ਲਾਕ (John Lock) ਨੇ ਕੀਤੀ। ਉਸ ਦੇ ਸਮਾਜਿਕ ਇਕਰਾਰਨਾਮੇ/ਅਹਿਦਨਾਮੇ ਦੇ ਸਿਧਾਂਤ (ਭਾਵ ਸਟੇਟ/ਰਿਆਸਤ ਕੋਈ ਈਸ਼ਵਰ ਦੁਆਰਾ ਬਣਾਈ ਸੰਸਥਾ ਨਹੀਂ ਸਗੋਂ ਸਮਾਜ ਦੇ ਆਪਣੇ ਅਹਿਦ ਅਨੁਸਾਰ ਪੈਦਾ ਕੀਤੀ ਗਈ ਸੰਸਥਾ ਹੈ) ਅਨੁਸਾਰ ਧਾਰਮਿਕ ਅਧਿਕਾਰੀ ਰਾਜਸੀ ਸੱਤਾ ਤੇ ਰਾਜ-ਪ੍ਰਬੰਧ ਦੇ ਮਾਮਲਿਆਂ ਵਿਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਰੱਖਦੇ, ਉਸ ਨੇ ਕਿਹਾ, ‘‘ਇਨ੍ਹਾਂ ਦੇ ਅਧਿਕਾਰ, ਉਹ ਜਿੱਥੋਂ ਵੀ ਪੈਦਾ ਹੋਏ ਹਨ, ਕਿਉਂਕਿ ਉਹ ਧਰਮ ਨਾਲ ਸਬੰਧਿਤ ਹਨ ਅਤੇ ਇਸ ਲਈ ਉਹ (ਅਧਿਕਾਰ) ਗਿਰਜੇ/ਚਰਚ ਦੀ ਵਲਗਣ ਤਕ ਹੀ ਰਹਿਣੇ ਚਾਹੀਦੇ ਹਨ।’’
       ਜਿਨ੍ਹਾਂ ਦੇਸ਼ਾਂ ਵਿਚ ਧਰਮ ਆਧਾਰਿਤ ਰਿਆਸਤਾਂ ਤੇ ਸੰਵਿਧਾਨ ਹਨ, ਉੱਥੇ ਧਾਰਮਿਕ ਕੱਟੜਤਾ ਅਤੇ ਤਾਨਾਸ਼ਾਹੀ ਦਾ ਬੋਲਬਾਲਾ ਹੈ, ਮਨੁੱਖੀ ਅਧਿਕਾਰ ਲਿਤਾੜੇ ਜਾਂਦੇ ਹਨ ਅਤੇ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸਾਡੇ ਗੁਆਂਢ ਵਿਚ ਇਸ ਦੀਆਂ ਪ੍ਰਮੁੱਖ ਉਦਾਹਰਨਾਂ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਮਿਆਂਮਾਰ ਦੇ ਸੰਵਿਧਾਨ ਅਤੇ ਰਾਜ-ਪ੍ਰਬੰਧ ਹਨ।
     ਇਹ ਫ਼ੈਸਲਾ ਭਾਰਤ ਦੇ ਲੋਕਾਂ ਨੇ ਕਰਨਾ ਹੈ ਕਿ ਉਹ ਧਰਮ ਨਿਰਪੱਖਤਾ ਨੂੰ ਅਪਣਾਉਣਾ ਚਾਹੁੰਦੇ ਹਨ ਜਾਂ ਧਰਮ ਆਧਾਰਿਤ ਸਿਆਸਤ ਨੂੰ। ਭਾਰਤ ਦਾ ਸੰਵਿਧਾਨ ਧਰਮ ਨਿਰਪੱਖਤਾ ਨੂੰ ਬੁਨਿਆਦੀ ਮੰਨਦਾ ਹੈ। ਇਨ੍ਹਾਂ ਸਮਿਆਂ ਵਿਚ ਇਸ ਅਸੂਲ ਦੀ ਵੱਡੇ ਪੱਧਰ ’ਤੇ ਉਲੰਘਣਾ ਹੋ ਰਹੀ ਹੈ। ਧਰਮ ਤੇ ਰਿਆਸਤ/ਸਟੇਟ ਵਿਚਲੀ ਵੱਖਰਤਾ ਮਿਟਾਈ ਜਾ ਰਹੀ ਹੈ। ਉਪਰੋਕਤ ਉਦਾਹਰਨਾਂ ਤੋਂ ਸਪੱਸ਼ਟ ਹੈ ਕਿ ਜਿਸ ਦੇਸ਼ ਵਿਚ ਸਿਆਸਤ ਧਰਮ ਆਧਾਰਿਤ ਹੋਵੇਗੀ, ਉੱਥੋਂ ਦਾ ਰਾਜ-ਪ੍ਰਬੰਧ ਅਤੇ ਸਿਆਸੀ ਕਦਰਾਂ-ਕੀਮਤਾਂ ਕਿਹੋ ਜਿਹੀਆਂ ਹੋਣਗੀਆਂ। ਅਜਿਹੇ ਸਮਿਆਂ ਵਿਚ ਧਰਮ ਨਿਰਪੱਖ ਅਤੇ ਜਮਹੂਰੀ ਤਾਕਤਾਂ ਨੂੰ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਲਈ ਇਕਜੁੱਟ ਹੋਣ ਦੀ ਜ਼ਰੂਰਤ ਹੈ।