ਚਰਚਾ ਵਿੱਚ ਹਨ ਸਿਆਸਤਦਾਨ ਪੰਜਾਬ ਦੇ - ਗੁਰਮੀਤ ਸਿੰਘ ਪਲਾਹੀ

ਇਹਨਾ ਦਿਨਾਂ 'ਚ ਪੰਜਾਬ ਦੇ ਸਿਆਸਤਦਾਨ ਚਰਚਾ ਵਿੱਚ ਹਨ। ਇਸ ਕਰਕੇ ਨਹੀਂ ਕਿ ਉਹਨਾ ਨੇ ਪੰਜਾਬ ਲਈ ਕੋਈ ਵੱਡੀ ਪ੍ਰਾਪਤੀ ਕੀਤੀ ਹੈ ਜਾਂ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਕੋਈ ਵੱਡੀ ਮੱਲ ਮਾਰੀ ਹੈ ਜਾਂ ਪੰਜਾਬ ਸੂਬੇ ਨੂੰ ਖੁਦਮੁਖਤਿਆਰ ਸੂਬਾ ਬਨਾਉਣ ਲਈ ਅਵਾਜ਼ ਚੁੱਕੀ ਹੈ। ਸਗੋਂ ਚਰਚਾ ਇਸ ਗੱਲ ਦੀ ਹੈ ਕਿ ਪੰਜਾਬ ਦੀ ਕਿਸੇ ਵੀ ਸਿਆਸੀ ਪਾਰਟੀ ਦੇ ਵੱਡੀ ਗਿਣਤੀ ਨੇਤਾ ਵੱਡੀ ਖੋਰੀ, ਭਾਰੀ-ਭਰਕਮ ਜਾਇਦਾਦਾਂ ਬਨਾਉਣ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਵੱਡੀ ਲੁੱਟ ਮਚਾਉਣ ਲਈ ਜਾਣੇ ਜਾਣ ਲੱਗ ਪਏ ਹਨ ।

          ਸਿਆਸੀ ਪਾਰਟੀਆਂ ਇੱਕ ਦੂਜੇ 'ਤੇ ਇਲਜ਼ਾਮ ਲਾ ਰਹੀਆਂ ਹਨ ਕਿ ਫਲਾਨੀ ਪਾਰਟੀ ਦਾ ਫਲਾਨਾ  ਨੇਤਾ ਚੋਰ ਹੈ, ਡਾਕੂ ਹੈ, ਫਰੇਬੀ ਹੈ, ਧੋਖੇਬਾਜ ਹੈ, ਮਕਾਰ ਹੈ, ਲੋਕਾਂ ਨੂੰ ਲੁੱਟਦਾ ਹੈ। ਪਰ ਆਪਣੀ ਪੀੜ੍ਹੀ  ਹੇਠ ਸੋਟਾ ਨਹੀਂ ਫੇਰਦਾ। ਹਮਾਮ ਵਿੱਚ ਤਾਂ ਸਾਰੇ ਨੰਗੇ ਹਨ।

          ਸ਼੍ਰੋਮਣੀ ਅਕਾਲੀ ਦਲ (ਬ) ਨੇ ਪੰਜਾਬ 'ਚ ਲੰਮਾ ਸਮਾਂ ਹਕੂਮਤ ਕੀਤੀ। ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਵਿਕਾਸ ਦੇ ਕੰਮ ਕੀਤੇ। ਆਪਣੀ ਪਾਰਟੀ ਵਲੋਂ ਕੀਤੇ ਚੋਣ ਵਾਇਦੇ ਪੂਰੇ ਕਰਨ ਦੀ ਗੱਲ ਕੀਤੀ। ਪਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਬਹੁਤੀ ਭੱਲ ਨਾ ਖੱਟ ਸਕੀ, ਸਗੋਂ ਲੋਕਾਂ ਦੇ ਮਨਾਂ ਵਿਚੋਂ ਲੱਥ ਗਈ। ਕਾਰਨ ਬਹੁਤਾ ਕਰਕੇ ਇਹ ਸੀ ਕਿ ਬਾਵਜੂਦ ਕੇਂਦਰ ਵਿੱਚ ਆਪਣੇ ਭਾਈਵਾਲਾਂ ਦੀ ਸਰਕਾਰ ਹੋਣ ਦੇ, ਨਾ ਕੋਈ ਵੱਡਾ ਪ੍ਰਾਜੈਕਟ ਪੰਜਾਬ ਲਿਆਂਦਾ, ਨਾ ਪੰਜਾਬ ਲਈ ਕੋਈ ਪੈਕੇਜ ਲੈ ਸਕੇ, ਜੇ ਕੁਝ ਉਹਨਾ ਤੋਂ ਪ੍ਰਾਪਤ ਕੀਤਾ ਤਾਂ ਉਹ ਸੀ ਬਾਦਲ ਪਰਿਵਾਰ ਵਿਚੋਂ ਹਰਸਿਮਰਤ ਕੌਰ ਬਾਦਲ ਲਈ ਕੈਬਨਿਟ ਵਜ਼ੀਰੀ, ਜਿਸਨੇ ਦੇਸ਼ ਦਾ ਤਾਂ ਕੀ ਕੁਝ ਸੁਆਰਨਾ ਸੀ, ਪੰਜਾਬ ਦੇ ਪੱਲੇ ਵੀ ਕੁਝ ਨਾ ਪਿਆ। ਪੰਜਾਬ 'ਚ ਫੈਲੇ ਮਾਫੀਆ ਰਾਜ ਨੇ ਇਸ ਸਰਕਾਰ ਦੀ ਬਦਨਾਮੀ  ਕਰਵਾਈ, ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਜਿਸਨੂੰ ਸਰਕਾਰ ਹੱਲ ਨਾ ਕਰ ਸਕੀ। ਇਸ ਗੱਠ ਜੋੜ ਦੇ ਮੰਤਰੀਆਂ ਉਤੇ ਆਪਣੀ ਜਾਇਦਾਦ ਆਮਦਨ ਤੋਂ ਵੱਧ ਬਨਾਉਣ ਦੇ ਇਲਜ਼ਾਮ ਲੱਗੇ।  ਪਰਿਵਾਰਵਾਦ ਦੀ ਸਿਆਸਤ ਅਕਾਲੀ ਦਲ 'ਚ ਭਾਰੂ ਹੋਈ। ਕਈ ਟਕਸਲੀ ਅਕਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਛੱਡ ਗਏ।ਸਿੱਟਾ ਇਸ ਸਰਕਾਰ ਨੂੰ ਲੋਕਾਂ ਨੇ ਪਹਿਲਾਂ ਕਾਂਗਰਸ ਨੂੰ ਰਾਜ ਭਾਗ ਦੇਕੇ ਸਬਕ ਸਿਖਾਇਆ, ਪਰ ਪਾਰਲੀਮੈਂਟ ਦੀਆਂ ਚੋਣਾਂ 'ਚ ਇਸ ਤੋਂ ਵੀ ਵੱਡੀ ਹਾਰ ਦਿੱਤੀ ਅਤੇ ਅੰਤ ਪੰਜਾਬ ਵਿਧਾਨ ਸਭਾ 'ਚ, ਉਸੇ ਅਕਾਲੀ ਦਲ ਨੂੰ ਗਿਣਤੀ ਦੇ ਵਿਧਾਇਕਾਂ 'ਤੇ ਸਬਰ ਕਰਨਾ ਪਿਆ ਜਿਹੜੀ ਪੰਜਾਬ 'ਚ ਖੇਤਰੀ ਪਾਰਟੀ ਵਜੋਂ ਮਸ਼ਹੂਰ ਹੋਈ ਅਤੇ ਜਿਸ ਨੇ ਦੇਸ਼ ਅੰਦਰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਲਗਾਈ ਐਮਰਜੈਂਸੀ ਦਾ ਡਟਵਾਂ ਵਿਰੋਧ ਕੀਤਾ ਸੀ।  ਉਹ ਵਿਧਾਇਕ, ਉਹ ਨੇਤਾ, ਜਿਹੜੇ ਲੋਕਾਂ ਦੇ ਕੰਮ ਨਾ ਆਏ, ਕੁਰਬਾਨੀਆਂ ਵਾਲੀ ਪਾਰਟੀ ਜਿਹੜੀ ਵੱਡੇ ਸਰਮਾਏਦਾਰਾਂ, ਜਾਇਦਾਦਾਂ ਵੇਚਣ ਵੱਟਣ ਵਾਲਿਆਂ ਦੀ ਪਾਰਟੀ ਬਣ ਗਈ, ਉਸ ਪਾਰਟੀ ਨੂੰ ਲੋਕਾਂ ਨੇ ਸਬਕ ਸਿਖਾ ਦਿੱਤਾ। ਸਬਕ ਇਸ ਕਰਕੇ ਵੀ ਸਿਖਾਇਆ ਕਿ ਨੇਤਾ, ਲੋਕ ਸੇਵਕ ਨਾ ਰਹੇ, ਹਾਕਮ ਬਣ ਗਏ, ਮਨ ਆਈਆਂ ਕਰਨ 'ਤੇ ਤੁਲ ਪਏ। ਅਕਾਲੀ-ਭਾਜਪਾ ਗੱਠਜੋੜ ਵਾਲੇ ਪੰਜਾਬ ਸਿਰ ਕਰਜ਼ੇ ਦੀ ਪੰਡ ਭਾਰੀ ਕਰ ਗਏ ਅਤੇ ਪੰਜਾਬ ਨੂੰ ਅਫ਼ਸਰਸ਼ਾਹੀ ਦੇ ਹੱਥ ਫੜਾ ਗਏ ਜਿਹਨਾ ਵਿੱਚ ਕੁਝ ਨੇ ਪੰਜਾਬ ਨੂੰ ਚੰਗਾ ਲੁੱਟਿਆ, ਕੁੱਟਿਆ, ਵੱਡੀ ਜਾਇਦਾਦਾਂ 'ਤੇ ਗੈਰਕਾਨੂੰਨੀ, ਕਾਨੂੰਨੀ ਕਬਜ਼ੇ ਕੀਤੇ। ਲੁੱਟ ਦੇ ਇਸ ਦੌਰ 'ਚ ਕਈ ਅਫ਼ਸਰਾਂ, ਕਈ ਕਾਂਗਰਸੀਆਂ ਚੰਗੇ ਹੱਥ ਰੰਗੇ ਅਤੇ ਭ੍ਰਿਸ਼ਟਾਚਾਰ ਦਾ ਇੰਨਾ ਬੋਲਬਾਲਾ ਹੋ ਗਿਆ ਕਿ ਪੈਸੇ ਬਿਨ੍ਹਾਂ ਕੰਮ ਹੀ ਕੋਈ ਨਹੀਂ ਸੀ ਹੁੰਦਾ ਤੇ ਇਨਸਾਫ਼ ਮਿਲਣ ਦੀ ਗੱਲ ਤਾਂ ਦੂਰ ਸੀ। ਨੇਤਾਵਾਂ, ਆਪਣੇ ਵਿਰੋਧੀ ਉਤੇ ਨਜਾਇਜ਼ ਕੇਸ ਕਰਵਾਏ ਅਤੇ ਹੈਂਕੜ ਨਾਲ ਪੰਜਾਬ 'ਤੇ ਰਾਜ ਕਰਕੇ ਚਲਦੇ ਬਣੇ।

          ਪਿਛਲੀ ਚੋਣ 'ਚ ਕਾਂਗਰਸ ਸੀਟਾਂ ਜਿੱਤਕੇ ਅਮਰਿੰਦਰ ਸਿੰਘ ਦੀ ਅਗਵਾਈ  'ਚ ਹਾਕਮ ਧਿਰ ਬਣ ਬੈਠੀ। ਸਰਕਾਰ ਨੇ ਪਾਣੀਆਂ ਦੇ ਮਸਲੇ 'ਤੇ ਸਟੈਂਡ ਲਿਆ, ਅਕਾਲੀ ਨੇਤਾਵਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਪਰ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਜਾਂ ਪੰਜਾਬੀਆਂ ਦੇ ਹਿੱਤਾਂ ਦੀ ਕੋਈ ਗੱਲ ਨਾ ਕੀਤੀ।

          ਇੱਕ ਪੁਰਖਾ ਰਾਜ ਕਾਇਮ ਕਰਨ ਦਾ ਯਤਨ ਕੀਤਾ, ਆਪਣੇ ਸਿਆਸੀ ਵਿਰੋਧੀਆਂ ਭਾਵੇਂ ਉਹ ਉਸ ਦੀ  ਆਪਣੀ ਪਾਰਟੀ ਦੇ ਸਨ ਜਾਂ ਵਿਰੋਧੀ ਪਾਰਟੀ ਦੇ ਨੂੰ ਨੁਕਰੇ ਲਾਈ ਰੱਖਿਆ। ਰਾਜ ਪ੍ਰਬੰਧ ਦੀ ਜੁੰਮੇਵਾਰੀ ਅਫ਼ਸਰਸ਼ਾਹੀ ਬਾਬੂਸ਼ਾਹੀ ਨੂੰ ਸੌਂਪਕੇ ਆਪ ਸੁੱਖ ਦੀ ਨੀਂਦ ਸੌਂਦਾ ਰਿਹਾ।  ਉਪਰਲੇ ਹਾਕਮਾਂ ਨਾਲ  ਜੋੜ-ਤੋੜ ਕਰਕੇ ਪੰਜਾਬ ਦੇ ਲੋਕਾਂ ਉਤੇ ਸਥਿਰਤਾ ਨਾਲ ਰਾਜ ਕਰਨ ਦਾ ਵਿਖਾਵਾ ਤਾਂ ਉਸ ਵਲੋਂ ਕੀਤਾ ਗਿਆ, ਪਰ ਉਸਦੇ ਮੰਤਰੀਆਂ, ਸੰਤਰੀਆਂ ਨੇ ਲੋਕਾਂ ਦੇ ਚੰਗੇ ਆਹੂ ਲਾਹੇ। ਜਿਸ ਅਕਾਲੀ-ਭਾਜਪਾ ਸਰਕਾਰ ਨੂੰ ਜਿਹਨਾਂ ਮਾਮਲਿਆਂ 'ਤੇ ਗੱਦੀਓ ਲੋਕਾਂ ਨੇ ਲਾਹਿਆ, ਕੁਰੱਪਸ਼ਨ ਕਰਨ, ਨਸ਼ਾ ਤਸਕਰਾਂ ਨੂੰ ਹੱਥ ਪਾਉਣ , ਗੁਰੂ ਦੀ ਬੇਅਦਬੀ ਲਈ ਇਨਸਾਫ਼ ਨਾ ਕਰਨ, ਉਹਨਾ ਲੀਹਾਂ ਉਤੇ ਕਾਂਗਰਸ ਦੀ ਇਹ ਸਰਕਾਰ ਚੱਲੀ। ਅੰਨ੍ਹੇ ਵਾਹ ਖਜ਼ਾਨੇ ਦੀ ਲੁੱਟ ਹੋਈ। ਚਿੱਟੇ ਤੋਲੀਏ, ਚਿੱਟੀ ਕਾਰ, ਚਿੱਟੀ ਕੋਠੀ, ਚਿੱਟਾ ਸਾਬਣ ਅਤੇ ਚਿੱਟੇ ਕੁੜਤੇ 'ਚ ਇਸ ਸਰਕਾਰ ਨੇ ਚੰਗੀ ਕਾਲਖ ਖੱਟੀ, ਕਈ ਨੇਤਾਵਾਂ ਉਤੇ ਵੱਡੇ ਇਲਜ਼ਾਮ ਲੱਗੇ, ਜਿਸਦੀ ਜਾਣਕਾਰੀ ਅਮਰਿੰਦਰ ਸਿੰਘ ਨੂੰ ਸੀ, ਜਿਸ ਕੋਲ ਮੰਤਰੀਆਂ ਦੇ ਕੱਚੇ ਚਿੱਠੇ ਸਨ,ਜਿਹੜੇ ਗੱਦੀਓਂ ਲਾਹੇ ਜਾਣ ਮਗਰੋਂ ਭਾਜਪਾ ਉੱਚ ਨੇਤਾਵਾਂ ਤੇ ਕੇਂਦਰੀ ਹਾਕਮਾਂ ਦੇ ਸਪੁਰਦ ਕੀਤੇ, ਜਿਹਨਾ ਇਨ੍ਹਾ ਦੀ ਵਰਤੋਂ ਕਰਕੇ, ਉਹ ਦਾਗੀ ਮੰਤਰੀਆਂ, ਨੇਤਾਵਾਂ ਨੂੰ ਆਪਣੇ ਪਾਲੇ ਵਿੱਚ ਕਰ ਲਿਆ ਜਾਂ ਕਰਨ ਦੀ ਕੋਸ਼ਿਸ਼ ਕੀਤੀ।

          ਕਾਂਗਰਸ ਹਾਈ ਕਮਾਂਡ ਵਲੋਂ ਅਮਰਿੰਦਰ ਸਿੰਘ ਨੂੰ ਸਰਕਾਰੋਂ ਅੱਡ ਕੀਤੇ ਜਾਣ ਬਾਅਦ ਪੰਜਾਬ ਦੀ ਹਕੂਮਤ ਦੀ ਵਾਂਗਡੋਰ ਚਰਨਜੀਤ ਚੰਨੀ ਹੱਥ ਆਈ, ਜਿਸਨੇ ਅੰਨ੍ਹੇਵਾਹ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਮ ਉਤੇ ਪੰਜਾਬ ਸਿਰ ਹੋਰ ਕਰਜ਼ਾ ਚੜ੍ਹਾਇਆ ਤੇ ਪੰਜਾਬ ਦੇ ਲੋਕਾਂ ਨੂੰ ਕੰਗਾਲ ਕਰਨ 'ਚ ਕੋਈ ਕਸਰ ਨਾ ਛੱਡੀ। ਇੰਜ ਕਾਂਗਰਸ ਸਰਕਾਰ ਆਪਣੀ ਇਸ ਪਾਰੀ 'ਚ ਜਿਹੜੇ ਦੋ ਮੁੱਖ ਮੰਤਰੀ ਦਿੱਤੇ, ਕੋਈ ਚੰਗੀ ਕਾਰਗੁਜ਼ਾਰੀ ਨਾ ਕੀਤੀ। ਖਜ਼ਾਨੇ ਦੀ ਲੁੱਟ ਨੇ, ਲੋਕਾਂ ਵਿੱਚ ਕਾਂਗਰਸੀ ਨੇਤਾਵਾਂ ਦੀ ਦਿੱਖ ਇੱਕ ਸਵਾਰਥੀ, ਭ੍ਰਿਸ਼ਟ, ਆਪਹੁਦਰੇ ਨੇਤਾਵਾਂ ਦੀ ਕਰ ਦਿੱਤੀ। ਪੰਜਾਬ ਇਸ ਸਮੇਂ ਦੌਰਾਨ ਬੁਰੀ ਤਰ੍ਹਾਂ ਕਰਾਹਿਆ। ਬੇਰੁਜ਼ਗਾਰੀ ਦੀ ਮਾਰ ਹੇਠ ਆਇਆ, ਭਾਵੇਂ ਕਿ ਕੈਪਟਨ ਦੀ ਸਰਕਾਰ ਨੇ ਆਪਣੇ ਵਲੋਂ ਕੀਤੇ ਚੋਣ ਵਾਇਦੇ 90 ਫ਼ੀਸਦੀ ਪੂਰੇ ਕਰਨ ਲਈ ਅੰਕੜੇ ਪੇਸ਼ ਕੀਤੇ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਕੀਤੀ, ਪਰ ਇਹ ਅੰਕੜੇ, ਅੰਕੜੇ ਹੀ ਰਹੇ ਤੇ ਲੋਕਾਂ ਨੂੰ ਕੁਝ ਸੁੱਖ ਨਾ ਦੇ ਸਕੇ। ਨਾ ਬੇਰੁਜ਼ਗਾਰੀ ਤੋਂ ਰਾਹਤ ਦੇ ਸਕੇ,  ਨਾ ਪੰਜਾਬ 'ਚ ਕੋਈ ਵੱਡੀ ਇੰਡਸਟਰੀ  ਲਾ ਸਕੇ।

          ਰਵਾਇਤੀ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਲੋਕਾਂ ਨੇ ਵੱਡੇ ਪੱਧਰ 'ਤੇ ਆਮ ਆਦਮੀ ਪਾਰਟੀ ਨੂੰ ਆਪਣੀ ਹਾਕਮ ਧਿਰ ਬਣਾ ਲਿਆ। ਹਾਲੇ ਗੋਹੜੇ ਵਿਚੋਂ ਪੂਣੀ ਵੀ ਨਹੀਂ ਸੀ ਕੱਤੀ ਗਈ। ਇਸ ਪਾਰਟੀ ਦੇ ਨੇਤਾਵਾਂ ਵਲੋਂ ਕਿ ਮੁੱਢ 'ਚ ਹੀ ਇਸਦੇ ਕਈ ਮੰਤਰੀਆਂ ਉਤੇ ਕਮਿਸ਼ਨ ਅਤੇ ਆਪਣਾ ਹਿੱਸਾ ਮੰਗਣ, ਸਰਕਾਰੀ ਦਫ਼ਤਰਾਂ 'ਚ ਮੁਲਾਜ਼ਮਾਂ ਨੂੰ ਡਰਾਉਣ ਤੇ ਉਹਨਾ ਨਾਲ ਗਲਤ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮ ਲੱਗੇ। ਇਥੋਂ ਤੱਕ ਕਿ ਮੁੱਖ ਮੰਤਰੀ ਨੂੰ ਆਪਣੇ ਇੱਕ ਮੰਤਰੀ ਨੂੰ ਬਰਖ਼ਾਸਤ ਤੱਕ ਕਰਨਾ ਪਿਆ। ਮੌਕੇ ਦੀ ਇਸ ਸਰਕਾਰ ਨੇ ਕਾਂਗਰਸ ਮੰਤਰੀਆਂ ਉਤੇ ਕੁਰਪਸ਼ਨ ਦੇ ਮੁਕੱਦਮੇ ਵਿਜੀਲੈਂਸ ਜਾਂਚ ਕਰਨ ਉਪਰੰਤ ਦਰਜ਼ ਕੀਤੇ, ਪੰਚਾਇਤਾਂ ਦੀਆਂ ਜ਼ਮੀਨਾਂ ਛੁਡਾਉਣ ਲਈ ਵੱਡੀ ਚਰਚਾ 'ਚ ਆਏ। ਗਰੀਬਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਦੀ ਗੱਲ ਕੀਤੀ ਪਰ ਇਸ ਗੱਲ ਤੋਂ ਉੱਕ ਗਏ ਕਿ ਸ਼ਰਾਬ ਨੀਤੀ ਨਾਲ ਖਜ਼ਾਨੇ ਕਿਵੇਂ ਭਰੇ ਜਾਣਗੇ, ਰੇਤ ਮਾਫੀਏ ਨੂੰ ਨੱਥ ਕਿਵੇਂ ਪਾਈ ਜਾਏਗੀ। ਇਸ ਪਾਰਟੀ ਦੇ  ਦਮਗਜਿਆਂ ਦੇ ਬਾਵਜੂਦ ਖਜ਼ਾਨੇ ਉਤੇ ਕਰਜ਼ੇ ਦਾ ਭਾਰ ਵਧ ਰਿਹਾ ਹੈ ਤੇ ਲੋਕਾਂ ਨੂੰ ਮਹਿੰਗਾਈ  ਨਾਲ ਜੂਝਣ ਲਈ  ਵੱਧ ਹੱਥ ਪੈਰ ਮਾਰਨੇ ਪੈ ਰਹੇ ਹਨ।ਅਸਲ ਵਿੱਚ ਲੋਕਾਂ ਨੇ ਜਿਸ ਢੰਗ ਨਾਲ ਇਸ ਪਾਰਟੀ ਤੋਂ ਤਬੱਕੋ ਕੀਤੀ ਸੀ, ਉਸਤੋਂ ਲੋਕ ਕੁਝ ਮਹੀਨਿਆਂ 'ਚ ਹੀ ਨਿਰਾਸ਼ ਹੋ ਗਏ। ਸਿੱਟਾ ਲੋਕ ਸਭਾ ਦੀ ਜ਼ਿਮਣੀ ਚੋਣ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ, ਉਹ ਆਮ ਆਦਮੀ ਪਾਰਟੀ  ਹਾਰ ਗਈ ਅਤੇ ਹਾਰੀ ਵੀ ਉਸ ਨੇਤਾ ਤੋਂ ਜਿਹੜਾ ਤਿੰਨ ਮਹੀਨੇ ਪਹਿਲਾਂ ਵਿਧਾਨ ਸਭਾ ਦੀ ਸੀਟ ਹਾਰ ਗਿਆ ਸੀ, ਸਿਮਰਨਜੀਤ ਸਿੰਘ ਮਾਨ ਅਕਾਲੀ ਨੇਤਾ, ਸ਼੍ਰੋਮਣੀ ਅਕਲੀ ਦਲ (ਮਾਨ) ਦੇ ਪ੍ਰਧਾਨ ਤੋਂ। ਇਹ ਕੇਹੀ ਵਿਡੰਬਨਾ ਹੈ ਪੰਜਾਬ ਦੀ ਕਿ ਲੋਕਾਂ ਨੂੰ ਪੰਜਾਬ ਦਾ ਕੋਈ ਨੇਤਾ ਹੀ ਨਹੀਂ ਮਿਲ ਰਿਹਾ, ਜੋ ਉਹਨਾ ਦੇ ਮਸਲਿਆਂ ਦਾ ਹੱਲ ਕਰ ਸਕੇ, ਕਿਉਂਕਿ ਕੋਈ ਵੀ ਨੇਤਾ ਹਾਲੀ ਤੱਕ ਪੰਜਾਬੀਆਂ ਦੇ ਮਨਾਂ ਦੀ ਥਾਹ ਪਾਉਣ ਲਈ ਤਤਪਰ ਨਹੀਂ ਦਿਸਦਾ, ਸਗੋਂ ੳਹਨਾ ਦੇ ਜਜ਼ਬਿਆਂ ਨਾਲ ਖੇਡਕੇ ਆਪਣੀ ਕੁਰਸੀ ਪੱਕੀ ਕਰਨ ਦੀ ਰਾਹ 'ਤੇ ਚਲਦਾ ਦਿਸਦਾ ਹੈ।

          ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲੀ ਪਾਰਟੀ, ਪੰਜਾਬ ਲਈ ਖੁਦ ਮੁਖਤਾਰੀ ਦੇ ਹੱਕ 'ਚ ਖੜਨ ਵਾਲੀ ਪਾਰਟੀ, ਹਾਕਮ ਧਿਰ ਬਣਕੇ ਕੇਂਦਰ ਸਰਕਾਰ ਨਾਲ ਜਾ ਖੜੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲ ਦੇ ਇਲਾਕਿਆਂ, ਰਿਪੇਰੀਅਨ ਕਾਨੂੰਨ ਲਾਗੂ ਕਰਕੇ ਦਰਿਆਵਾਂ ਦੇ ਪਾਣੀ ਉਤੇ ਪੰਜਾਬ ਦੇ ਹੱਕ ਨੂੰ ਭੁਲਾ ਬੈਠੀ। ਕੇਂਦਰ ਦੀਆਂ ਚਾਲਾਂ ਦੀ ਸ਼ਿਕਾਰ ਹੋਕੇ, ਪੰਜਾਬ ਦੇ ਇਹ ਨੇਤਾ ਪੰਜਾਬੀਆਂ ਨੂੰ  ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਤੇ ਸੁਚੇਤ ਕਰਨ ਦੀ ਥਾਂ ਆਪਣੇ ਸਵਾਰਥੀ ਹਿੱਤਾਂ, ਆਪਣੇ ਪਰਿਵਾਰਾਂ ਦੇ ਸੁੱਖਾਂ ਨੂੰ ਤਰਜੀਹ ਦੇਣ ਦੇ ਰਾਹੇ ਪੈ ਗਏ। ਪੰਜਾਬ ਗੁਆਚ ਗਿਆ, ਪੰਜਾਬੀ ਪ੍ਰਵਾਸ ਦੇ ਰਾਹ ਪੈ ਗਏ, ਭ੍ਰਿਸ਼ਟਾਚਾਰ ਨੇ  ਪੰਜਾਬ ਖਾ ਲਿਆ, ਕੁਨਬਾਪਰਵਰੀ ਨੇਤਾਵਾਂ ਦੇ ਕਣ-ਕਣ ਪਸਰ ਗਈ।

ਇੰਤਹਾ ਉਦੋਂ ਹੋਈ ਇਹ ਲੋਕ ਵਿਰੋਧੀ ਨੇਤਾ ਜਿਹਨਾ ਉਤੇ ਅਪਰਾਧਿਕ ਮਾਮਲੇ ਦਰਜ਼ ਹਨ, ਉਹ ਵਿਧਾਨ ਸਭਾ ਦੀਆਂ ਮੈਂਬਰੀਆਂ ਲਈ ਅੱਗੇ ਕਰ ਦਿੱਤੇ ਗਏ। ਬਾਹੂਬਲੀ ਨੇਤਾ ਬਣ ਗਏ। ਗੈਂਗਾਂ ਦੀ ਮਦਦ ਕੁਰਸੀ ਪ੍ਰਾਪਤੀ ਲਈ ਹੋਣ ਲੱਗੀ, ਜਿਵੇਂ ਬਿਹਾਰ ਵਿੱਚ ਲੁੱਟ-ਖਸੁੱਟ ਗੁੰਡਾ ਗਰਦੀ ਵੇਖਣ ਨੂੰ ਮਿਲਦੀ ਰਹੀ, ਪੰਜਾਬ  ਇਹਨਾ ਨੇਤਾਵਾਂ ਦੀ ਬਦੌਲਤ ਉਸੇ ਰਾਹ ਤੁਰ ਪਿਆ।

          ਪੰਜਾਬ ਦੇ ਲੋਕ ਨੇਤਾਵਾਂ ਦੀ ਕਾਰਗੁਜ਼ਾਰੀ ਤੋਂ ਅਸਤੁੰਸ਼ਟ ਦਿਸਦੇ ਹਨ। ਸਮੇਂ ਸਮੇਂ 'ਤੇ ਕਦੇ ਬਲਵੰਤ ਸਿੰਘ ਰਾਮੂੰਵਾਲੀਆਂ ਨੇ ਪੰਜਾਬੀਆਂ ਦੇ ਜਜ਼ਬਾਤ ਨਾਲ ਖੇਡਿਆ, ਲੋਕਾਂ ਖ਼ਾਸ ਕਰਕੇ ਪ੍ਰਵਾਸੀ ਪੰਜਾਬੀਆਂ ਉਸ ਨੂੰ ਵੱਡਾ ਸਾਥ ਦਿੱਤਾ। ਫਿਰ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਬਣਾਈ, ਪੰਜਾਬੀ ਵੱਡਾ ਹੁੰਗਾਰਾ ਉਹਨਾ ਲਈ ਭਰਿਆ, ਪਰ ਇਹ ਪਾਰਟੀ ਵੀ ਨਿੱਜੀ ਸਵਾਰਥੀ ਕਾਰਨਾਂ ਕਰਕੇ ਠੁੱਸ ਹੋ ਕੇ ਰਹਿ ਗਈ।

          ਅੱਜ ਜਦੋਂ ਪੰਜਾਬ ਨੇਤਾਵਾਂ ਦੀ ਵਿਕਾਊ ਮੰਡੀ ਬਣ ਚੁੱਕਾ ਹੈ, "ਆਇਆ ਰਾਮ, ਗਿਆ ਰਾਮ" ਦਾ ਵਰਤਾਰਾ  ਨੇਤਾਵਾਂ ਉਤੇ ਭਾਰੂ ਹੋ ਚੁੱਕਾ ਹੈ, ਸਿਆਸੀ ਪਾਰਟੀਆਂ ਦੇ ਨੇਤਾ ਜਿਵੇਂ ਪਾਲਾ ਬਦਲ ਰਹੇ ਹਨ, ਉਸ ਹਾਲਤ ਵਿੱਚ ਉਹਨਾ ਦੇ ਸਿਆਸੀ ਅਸੂਲ ਕਿਥੇ ਹਨ? ਪਾਰਟੀਆਂ 'ਚ ਨੇਤਾਵਾਂ ਦਾ ਧੜੇਬੰਦੀ ਤੇ ਅਧਾਰਤ ਕਾਟੋ ਕਲੇਸ਼ ਕਿਹੜੇ ਲੋਕ  ਹਿੱਤਾਂ ਦੀ ਬਾਤ ਪਾਉਂਦਾ ਹੈ। ਨੇਤਾਵਾਂ ਵਲੋਂ ਸਿਰਫ਼ ਤੇ ਸਿਰਫ਼ ਆਪਣੇ ਪਰਿਵਾਰਾਂ ਪੁੱਤ, ਪੋਤਿਆਂ ਲਈ ਸਿਆਸੀ ਵਿਰਾਸਤ ਸਪੁਰਦ ਕਰਨਾ ਕੀ ਦਰਸਾ ਰਿਹਾ ਹੈ? ਇਹ ਕਿਸ ਕਿਸਮ ਦੀ ਲੋਕ ਸੇਵਾ ਹੈ?

          "ਕੋਈ ਹਰਿਆ ਬੂਟ ਰਹਿਓ ਰੀ" ਵਾਂਗਰ ਵਿਰਲੇ ਟਾਂਵੇ ਨੇਤਾ ਹੀ ਪੰਜਾਬ ਹਿਤੈਸ਼ੀ ਬਣ ਪੰਜਾਬ ਦੇ ਹੱਕਾਂ ਅਤੇ ਪੰਜਾਬ ਦੇ ਲੋਕਾਂ ਲਈ ਸੰਘਰਸ਼ਸ਼ੀਲ ਹਨ। ਪਰ ਬਹੁਤੇ ਨੇਤਾ ਪੰਜਾਬ ਦਾ ਲਹੂ ਜੋਕਾਂ ਬਣ ਚੂਸ ਰਹੇ ਹਨ। ਕਾਰਨ ਹੀ ਇਹੋ ਹੈ  ਪੰਜਾਬ  ਦੀ ਵੈਰਾਨੀ , ਬਰਬਾਦੀ ਉਤੇ ਇਹ ਨੇਤਾ "ਰੋਮ ਜਲ ਰਹਾ ਹੈ ਨੀਰੂ ਬੰਸਰੀ ਵਜਾ ਰਹਾ ਹੈ" ਦਾ ਵਰਤਾਰਾ ਅਪਨਾ ਰਹੇ ਹਨ। ਪੰਜਾਬ ਇਹਨਾ  ਭ੍ਰਿਸ਼ਟ, ਸਵਾਰਥੀ ਧੋਖੇਬਾਜ਼ ਨੇਤਾਵਾਂ ਦੇ ਪੰਜੇ ਤੋਂ ਕਦੋਂ ਛੁਟਕਾਰਾ ਪਾ ਸਕੇਗਾ, ਇਹ  ਸਵਾਲ ਪੰਜਾਬ ਦੇ ਘਰ-ਘਰ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਆਮ ਲੋਕਾਂ ਦੀ ਜ਼ੁਬਾਨ 'ਤੇ ਹੈ।

-ਗੁਰਮੀਤ ਸਿੰਘ ਪਲਾਹੀ

-9815802070