ਸਾਡੇ ਨੌਜਵਾਨ ਜ਼ਿੰਮੇਵਾਰੀ ਲੈਣ ਤੇ ਨਿਭਾਉਣ ਦੇ ਯੋਗ - ਡਾ. ਸ਼ਿਆਮ ਸੁੰਦਰ ਦੀਪਤੀ

ਸਾਡੀ ਨੌਜਵਾਨਾਂ ਸਬੰਧੀ ਚਿੰਤਾ ਲਗਾਤਾਰ ਵਧ ਰਹੀ ਹੈ। ਜੇ ਇਸ ਹਾਲਤ ਦੀ ਨਿਸ਼ਾਨਦੇਹੀ ਹੀ ਕਰਨੀ ਹੋਵੇ ਤਾਂ ਸਪਸ਼ਟ ਤੌਰ ’ਤੇ ਜਾਪੇਗਾ ਕਿ ਇਹ ਵਰਤਾਰਾ ਕੋਈ ਬਹੁਤ ਪੁਰਾਣਾ ਨਹੀਂ, ਇਹ ਸਾਡੇ ਇਸ ਨਵੇਂ ਯੁਗ ਦਾ ਹੈ, ਸੌ ਸਾਲ ਤੋਂ ਵੱਧ ਪਿੱਛੇ ਜਾਣ ਦੀ ਲੋੜ ਨਹੀਂ। ਇਹ ਆਪ ਵਿਰੋਧੀ ਨਹੀਂ ਜਾਪਦਾ ਕਿ ਇਨ੍ਹਾਂ ਸਮਿਆਂ ਵਿਚ ਹੀ ਵਿਗਿਆਨ ਨੇ ਜਿਸ ਰਫਤਾਰ ਨਾਲ ਤਰੱਕੀ ਕੀਤੀ ਹੈ, ਮਨੁੱਖੀ ਸੁਭਾਅ ਨੂੰ ਲੈ ਕੇ ਅਨੇਕਾਂ ਅਧਿਐਨ ਹੋਏ ਹਨ ਤੇ ਨਾਲ ਹੀ ਇਸ ਤਰੱਕੀ ਦੇ ਮੱਦੇਨਜ਼ਰ ਅਸੀਂ ਨੌਜਵਾਨਾਂ ਦੇ ਵਿਵਹਾਰ-ਕਿਰਦਾਰ ਨੂੰ ਲੈ ਕੇ ਚਿੰਤਤ ਹਾਂ। ਕੀ ਇਸ ਦਿਸ਼ਾ ਵਿਚ ਅਧਿਐਨ ਨਹੀਂ ਹੋਏ ਜਾਂ ਅਸੀਂ ਅਵੇਸਲੇ ਹੀ ਹਾਂ।
       ਇਸ ਦਾ ਇਕ ਹੋਰ ਪੱਖ ਹੈ ਕਿ ਨੌਜਵਾਨਾਂ ਨੂੰ ਲੰਮੇ ਸਮੇਂ ਤਕ ਮਾਪੇ ਕੋਈ ਜ਼ਿੰਮੇਵਾਰੀ ਦੇਣ ਤੋਂ ਕਤਰਾਉਂਦੇ ਹਨ। ਉਨ੍ਹਾਂ ਨੂੰ ਆਪਣੇ ਨੌਜਵਾਨ ਹੋਏ, ਬੱਚੇ, ਬੱਚੇ ਹੀ ਦਿਸਦੇ ਹਨ। ਇਹ ਠੀਕ ਹੈ ਕਿ ਇਹ ਉਨ੍ਹਾਂ ਦੀ ਸੰਤਾਨ ਹਨ। ਉਹ ਭਾਵੇਂ ਪੰਜਾਹ ਸਾਲ ਦੇ ਵੀ ਹੋ ਜਾਣ ਤਾਂ ਵੀ ਆਪਣੇ ਬਜ਼ੁਰਗਾਂ ਲਈ ਬੱਚੇ ਹੀ ਹਨ। ਪਰ ਹਰ ਉਮਰ ਦਾ ਇਕ ਸਲੀਕਾ ਹੈ। ਇਕ ਅਹਿਸਾਸ ਹੈ। ਜਦੋਂ ਮਾਪੇ ਵੀਹ ਸਾਲ ਦੇ ਭਰ ਜਵਾਨ ਨੂੰ ਬੱਚਾ ਹੋਣ ਦਾ ਅਹਿਸਾਸ ਕਰਵਾਉਣ, ਆਪਣੀਆਂ ਗੱਲਾਂ ਬਾਤਾਂ ਰਾਹੀਂ ਗੈਰ-ਜ਼ਿੰਮੇਵਾਰ ਹੋਣ ਦਾ ਪ੍ਰਗਟਾਵਾ ਕਰਨ ਤਾਂ ਇਸ ਨਾਲ ਉਸ ਨੌਜਵਾਨ ਨੂੰ ਚੁਣੌਤੀ ਘੱਟ ਅਤੇ ਖਿੱਝ ਵਧ ਮਹਿਸੂਸ ਹੁੰਦੀ ਹੈ ਤੇ ਅਨੇਕਾਂ ਵਾਰ ਤਕਰਾਰ ਦਾ ਇਹੀ ਕਾਰਨ ਹੁੰਦਾ ਹੈ।
ਇਥੇ ਸਵਾਲ ਇਹ ਹੈ ਕਿ ਅਸੀਂ ਬੱਚਿਆਂ ਨੂੰ, ਨੌਜਵਾਨਾਂ ਨੂੰ ਜ਼ਿੰਮੇਵਾਰੀ ਕਿਉਂ ਨਹੀਂ ਦਿੰਦੇ? ਇਕ ਵਰਤਾਰਾ ਅਸੀਂ ਚਾਰੇ ਪਾਸੇ ਦੇਖ ਰਹੇ ਹਾਂ ਕਿ ਪੜ੍ਹਾਈ, ਖਾਸਕਰ ਉੱਚ ਸਿਖਿਆ ਲਈ ਬੱਚੇ ਘਰ ਤੋਂ ਬਾਹਰ ਜਾ ਰਹੇ ਹਨ ਜਾਂ ਜਾਣਾ ਪੈਂਦਾ ਹੈ। ਉਹ ਉਮਰ ਸਤਾਰਾਂ ਤੋਂ ਉੱਨੀਂ ਸਾਲ ਦੀ ਹੁੰਦੀ ਹੈ, ਜਦੋਂ ਉਹ ਘਰ ਛੱਡ ਕੇ ਕਿਸੇ ਹੋਰ ਵੱਡੇ ਸ਼ਹਿਰ ਜਾਂ ਵਿਦੇਸ਼ਾਂ ਨੂੰ ਵੀ ਭੇਜੇ ਜਾਣ ਲੱਗੇ ਹਨ। ਪਰ ਉਸ ਦੇ ਘਰੋਂ ਬਾਹਰ ਜਾਣ ਦੀ ਤਿਆਰੀ ਦਾ ਪੱਖ ਦੇਖੀਏ ਤਾਂ ਉਸ ਦਿਨ ਤੋਂ ਪਹਿਲਾਂ, ਉਹ ਕਦੇ ਵੀ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਦੇ ਪੜਾਅ ਵਿਚੋਂ ਨਹੀਂ ਲੰਘੇ ਹੁੰਦੇ ਜਾਂ ਉਨ੍ਹਾਂ ਨੂੰ ਕਦੇ ਕੋਈ ਜ਼ਿੰਮੇਵਾਰੀ ਦਿੱਤੀ ਹੀ ਨਹੀਂ ਹੁੰਦੀ। ਬੱਚਿਆਂ ਦੇ ਦਾਖਲਾ ਫਾਰਮ ਤੋਂ ਲੈ ਕੇ, ਹੋਰ ਨਿੱਕੇ ਮੋਟੇ ਕੰਮ ਮਾਪੇ ਖੁਦ ਕਰਦੇ ਹਨ। ਉਨ੍ਹਾਂ ਦੇ ਮਨ ਵਿਚ ਹੁੰਦਾ ਹੈ, ‘ਹਾਲੇ ਬੱਚਾ ਹੈ, ਗਲਤੀ ਕਰ ਬੈਠੇਗਾ। ਕੁਝ ਖਰਾਬ ਨਾ ਹੋ ਜਾਵੇ’। ਇਹ ਭਾਵਨਾ ਠੀਕ ਹੋ ਸਕਦੀ ਹੈ, ਪਰ ਕਿਸੇ ਵੀ ਗੱਲ ਦਾ ਤਜਰਬਾ ਇਕੋ ਵਾਰੀ ਨਹੀਂ ਹੋ ਜਾਂਦਾ। ਉਹ ਵਾਰ-ਵਾਰ ਦੁਹਰਾਉਣਾ ਪੈਂਦਾ ਹੈ। ਪਰ ਉਸ ਦੀ ਸ਼ੁਰੂਆਤ ਕਦੇ ਤਾਂ ਕਰਨੀ ਪਵੇਗੀ ਜਾਂ ਉਚੇਚੇ ਤੌਰ ’ਤੇ ਕੁਝ ਸਿਖਾਉਣ ਲਈ ਪਹਿਲ ਵੀ ਕਰਨੀ ਪੈਂਦੀ ਹੈ। ਘਰ ਦਾ ਰਾਸ਼ਨ ਜਾਂ ਸਬਜ਼ੀ ਖਰੀਦਣ ਲਈ ਬੱਚੇ ਨੂੰ ਭੇਜਿਆ ਜਾ ਸਕਦਾ ਹੈ ਤੇ ਬੱਚੇ ਹੌਲੀ-ਹੌਲੀ ਸਿੱਖ ਸਕਦੇ ਹਨ। ਇਸੇ ਤਰ੍ਹਾਂ ਘਰ ਦੇ ਅੰਦਰ ਵੀ ਛੋਟੇ ਮੋਟੇ ਕੰਮ ਹੁੰਦੇ ਹਨ, ਪਰ ਅਸੀਂ ਇਕਦਮ ਕੋਰੇ-ਨਰੋਏ ਨੌਜਵਾਨ ਨੂੰ ਪਲਸ ਟੂ ਤੋਂ ਬਾਅਦ, ਮਤਲਬ ਸਤਾਰਾਂ-ਅਠਾਰਾਂ ਸਾਲਾਂ ਦੀ ਉਮਰ ’ਚ ਕਿਸੇ ਵੱਡੇ ਸ਼ਹਿਰ ਵਿਚ ਬਿਨਾਂ ਸੋਚੇ ਵਿਚਾਰੇ ਭੇਜ ਦਿੰਦੇ ਹਾਂ। ‘ਸਿੱਖ ਜਾਵੇਗਾ, ਹੁਣ ਵੱਡਾ ਹੋ ਗਿਆ ਹੈ।’ ਵੱਡਾ ਹੋਣਾ ਸਿਆਣੇ ਹੋਣ ਦੇ ਤੁੱਲ ਨਹੀਂ ਹੈ। ਠੀਕ ਹੈ ਕਿ ਬੱਚਾ ਵੱਡਾ ਹੋ ਗਿਆ ਹੈ, ਆਪੇ ਸਿੱਖ ਜਾਵੇਗਾ, ਜ਼ਿੰਦਗੀ ਸਿਖਾ ਦਿੰਦੀ ਹੈ। ਪਰ ਸਮੇਂ ਦੇ ਬਦਲਦੇ ਹਾਲਾਤ ਦੌਰਾਨ ਸਮਾਜ ਵਿਚ, ਕਈ ਕੁਝ ਨਵਾਂ ਜੁੜਿਆ ਹੈ। ਮਾਪੇ ਆਪਣੇ ਸਮੇਂ ਨੂੰ ਯਾਦ ਕਰਦੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਪੜ੍ਹਾਈ ਅਤੇ ਸਿਖਲਾਈ ਦਾ ਦੌਰ ਉਸ ਤਰ੍ਹਾਂ ਦਾ ਨਹੀਂ ਸੀ, ਜਦੋਂ ਬੱਚੇ ਘਰ ਦੇ ਕੰਮ ਕਰਦਿਆਂ, ਵੱਡਿਆਂ ਦੀ ਨਿਗਰਾਨੀ ਵਿਚ ਸਿੱਖ ਲੈਂਦੇ ਸੀ। ਕੱਦ ਵੀ ਵਧਦਾ ਸੀ ਨਾਲੇ ਹੀ ਸਿਆਣਪ ਵੀ।
       ‘ਜ਼ਿੰਮੇਵਾਰ’ ਨਾ ਹੋਣ ਦਾ ਅਹਿਸਾਸ ਕਿਵੇਂ ਬਣਿਆ? ਦਰਅਸਲ ਛੋਟੇ ਪਰਿਵਾਰਾਂ ਦੇ ਤਹਿਤ ਅਸੀਂ ਬੱਚੇ ਨੂੰ ਪਹਿਲੇ ਦਿਨ ਤੋਂ ਹੀ ਵੱਡਾ ਹੁੰਦੇ ਦੇਖਦੇ ਹਾਂ। ਸਾਨੂੰ ਉਸ ਦੇ ਇਕ-ਇਕ ਇੰਚ ਦੇ ਵਾਧੇ ਦਾ ਅਹਿਸਾਸ ਹੈ, ਉਸ ਦੇ ਪਹਿਲੇ ਦਿਨ ਪੈਰ ਪੁੱਟਣ ਦੀ ਵੀ ਤਾਰੀਖ ਪਤਾ ਹੈ। ਸਕੂਲ ਜਾ ਕੇ ਊੜਾ-ਐੜਾ ਸਿਖ ਰਿਹਾ ਹੈ, ਪਰ ਉਹ ਰਹਿੰਦਾ ਬੱਚਾ ਹੈ। ਸਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕਈ ਪੱਖਾਂ ਤੋਂ ਸਿਆਣਾ ਹੋ ਰਿਹਾ ਹੈ, ਉਸ ਦੀ ਸੂਝ ਵਿਕਸਿਤ ਹੋ ਰਹੀ ਹੈ। ਨਾਲ ਹੀ ਸਾਡੀ ਪਰੰਪਰਿਕ ਸਿਖਲਾਈ ਵਿਚ ਪਿਉ ਦਾ ਦਬਦਬਾ ਬਣਿਆ ਰਹੇ, ਉਸ ਦੀ ਗੱਲ ਮੰਨੀ ਜਾਵੇ, ਵਾਲਾ ਪਹਿਲੂ ਵੀ ਹੈ। ਨਵੇਂ ਪਹਿਲੂਆਂ ਦੇ ਤਹਿਤ ਇਕ ਪਾਸਾ ਦਬਦਬੇ ਦਾ ਹੈ ਤੇ ਦੂਸਰੇ ਪਾਸੇ ਪੂਰੀ ਖੁਲ੍ਹ ਦਾ ਹੈ। ਬੱਚੇ ਦੇ ਹਰ ਚਾਅ ਪੂਰੇ ਕਰਨੇ ਹਨ, ਹੋਰ ਕੌਣ ਹੈ ਸਾਡਾ। ਸਹੀ ਅਰਥਾਂ ਵਿਚ ਸਾਡੀ ਪਰਵਰਿਸ਼ ਵਿਚ ਬਦਲਾਅ ਆਇਆ ਹੈ ਪਰ ਸਹੀ ਮਾਇਨੇ ਵਿਚ ਉਹ ਸਹੀ ਦਿਸ਼ਾ ਵਿਚ ਲੋੜੀਂਦੇ ਕਦਮ ਨਹੀਂ ਪੁੱਟ ਸਕੀ। ਜੋ ਲੋੜੀਂਦਾ ਹੈ, ਉਹ ਹੈ ਆਪਸੀ ਗੱਲਬਾਤ, ਸੰਵਾਦ। ਆਹਮਣੇ-ਸਾਹਮਣੇ ਬੈਠ ਕੇ, ਬੱਚਿਆਂ ਦੇ ਮਨ ਦੀ ਗੱਲ ਸੁਣਨੀ ਅਤੇ ਆਪਣੀ ਕਹਿਣ ਦੀ ਅਹਿਮੀਅਤ, ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।
        ਇਸ ਪਰਿਵੇਸ਼ ਦੇ ਮੱਦੇਨਜ਼ਰ, ਇਹ ਪਹਿਲੂ ਵਿਚਾਰਨ ਵਾਲਾ ਹੈ ਕਿ ਸਾਡੇ ਸਮਾਜ ਵਿਚ, ਲੋਕਤੰਤਰ ਅਤੇ ਨੇਮਾਂ ਹੇਠ, ਕੁਝ ਕੁ ਕਾਨੂੰਨ ਬਣੇ ਤੇ ਲਾਗੂ ਹੋਏ। ਇਸ ਵਿਚ ਇਕ ਅਹਿਮ ਹੈ, ਅਠਾਰਾਂ ਸਾਲ ਦੀ ਉਮਰ ਤੇ ਵੋਟ ਦੇਣ ਦਾ ਅਧਿਕਾਰ, ਦੂਸਰਾ ਹੈ ਇਸੇ ਉਮਰ ’ਤੇ ਹੀ ਡਰਾਈਵਿੰਗ ਲਾਈਸੈਂਸ ਦਾ ਮਿਲਣਾ। ਭਾਵੇਂ ਕਿ ਇਕ ਹੋਰ ਕਾਨੂੰਨ ਹੈ ਵਿਆਹ ਦੀ ਉਮਰ ਨੂੰ ਲੈ ਕੇ। ਇਹ ਅਠਾਰਾਂ ਸਾਲ ਦੀ ਉਮਰ ਕੀ ਸੋਚ ਕੇ ਤੈਅ ਕੀਤੀ ਗਈ ਹੈ? ਇਹ ਨਾਲੇ ਇਕੱਲਾ ਸਾਡੇ ਦੇਸ਼ ਦੀ ਹੀ ਸਥਿਤੀ ਨਹੀਂ ਹੈ, ਤਕਰੀਬਨ ਪੂਰੇ ਵਿਸ਼ਵ ਹੀ ਹੈ। ਵੋਟ ਦੇਣ ਦੇ ਅਧਿਕਾਰ ਪਿੱਛੇ ਮਨਸ਼ਾ ਕੀ ਹੈ, ਇਕ ਲੋਕ ਤਾਂਤਰਿਕ ਪ੍ਰਕਿਰਿਆ ਰਾਹੀਂ ਕਿਸੇ ਪਾਰਟੀ/ਵਿਅਕਤੀ ਦੇ ਹੱਥ ਸੱਤਾ ਸੌਂਪਣੀ ਹੈ। ਇਕ ਜ਼ਿੰਮੇਵਾਰ ਵਿਅਕਤੀ ਚੁਨਣਾ ਹੈ। ਕੀ ਸੋਚ ਕੇ ਚੁਣੋਗੇ? ਇਹ ਵੀ ਇਕ ਜ਼ਿੰਮੇਵਾਰੀ ਵਾਲਾ ਕੰਮ ਹੈ। ਵੋਟ ਪਾਉਣ ਵਾਲਾ ਸਾਰੇ ਉਮੀਦਵਾਰਾਂ ਦੇ ਕੰਮਕਾਜ, ਉਨ੍ਹਾਂ ਦੇ ਕਿਰਦਾਰ ’ਤੇ ਝਾਤੀ ਮਾਰਦਾ ਹੈ ਤੇ ਫਿਰ ਠੀਕ-ਗਲਤ ਦਾ ਫੈਸਲਾ ਕਰਦਾ ਹੈ। ਅਠਾਰਾਂ ਸਾਲ ਦੀ ਉਮਰ ਤੈਅ ਕਰਨ ਪਿੱਛੇ ਕਾਰਨ ਹੈ ਕਿ ਇਸ ਉਮਰ ਤਕ ਇਹ ਕਾਬਲੀਅਤ ਵਿਕਸਿਤ ਹੋ ਜਾਂਦੀ ਹੈ। ਇਹ ਕੋਈ ਜਜ਼ਬਾਤੀ ਫੈਸਲਾ ਨਹੀਂ ਹੈ, ਜੋ ਕਿਸੇ ਰਾਜਨੀਤਕ ਪਾਰਟੀ ਨੇ ਆਪਣੇ ਹੱਕ ਵਿਚ ਲਿਆ ਹੋਵੇ। ਇਹ ਸਰੀਰ-ਮਨੋਵਿਗਿਆਨ ਦੀਆਂ ਖੋਜਾਂ ਅਤੇ ਅਧਿਐਨ ਦਾ ਨਤੀਜਾ ਹੈ।
       ਇਸੇ ਤਰ੍ਹਾਂ ਡਰਾਈਵਿੰਗ ਲਾਈਸੈਂਸ ਦੀ ਗੱਲ ਹੈ। ਬੱਚੇ ਨੇ ਇਕ ਵਾਹਨ ਚਲਾਉਣਾ ਹੈ। ਵਾਹਨ ਨੂੰ ਬੰਦੂਕ ਦੀ ਗੋਲੀ ਨਾਲ ਤੁਲਨਾਇਆ ਜਾਂਦਾ ਹੈ ਕਿਉਂਕਿ ਗਲਤ ਹੱਥਾਂ ਵਿਚ ਉਸ ਦਾ ਨਤੀਜਾ ਵੀ ਪਿਸਤੌਲ ਦੀ ਗੋਲੀ ਵਾਂਗ ਹੁੰਦਾ ਹੈ। ਹਾਦਸਾ ਕਦੋਂ ਵਾਪਰਦਾ ਹੈ? ਜਦੋਂ ਇਹ ਫੈਸਲਾ ਨਹੀਂ ਹੋ ਪਾਉਂਦਾ ਕਿ ਦੋ ਵਾਹਨਾਂ ਦੀ ਸਥਿਤੀ ਵੇਲੇ, ਕਿਵੇਂ ਸੁਰਖਿਅਤ ਲੰਘਿਆ ਜਾ ਸਕਦਾ ਹੈ? ਇਸ ਹਾਲਤ ਦੇ ਮੱਦੇਨਜ਼ਰ, ਅਠਾਰਾਂ ਸਾਲ ਦੀ ਉਮਰ ’ਤੇ ਇਹ ਸੋਝੀ ਆ ਜਾਂਦੀ ਹੈ ਤੇ ਵਿਅਕਤੀ ਠੀਕ ਫੈਸਲਾ ਲੈਣ ਦੇ ਯੋਗ ਹੋ ਜਾਂਦਾ ਹੈ। ਵਾਹਨ ਚਲਾਉਣਾ, ਦੋ ਧਿਰਾਂ ਨਾਲ ਜੁੜਿਆ ਹੈ। ਇਕ ਧਿਰ ਠੀਕ-ਠਾਕ ਹਾਲ ਹੋਣ ਦੇ ਬਾਵਜੂਦ ਹਾਦਸਾ ਹੋ ਸਕਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਅਠਾਰਾਂ ਸਾਲ ਤਕ ਬੱਚੇ ਵਿਚ ਜ਼ਿੰਮੇਵਾਰੀ ਲੈਣ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ ਤੇ ਠੀਕ-ਗਲਤ ਦੀ ਪਛਾਣ ਕਰਨ ਦੀ ਕਾਬਲੀਅਤ ਵੀ ਵਿਕਸਿਤ ਹੋ ਜਾਂਦੀ ਹੈ।
        ਪਰ ਉਸ ਕਾਬਲੀਅਤ ਨੂੰ ਜ਼ਮਾਨੇ ਦੇ ਸਾਹਮਣੇ ਲਿਆਉਣ ਲਈ ਮੁਹਾਰਤ ਦੀ ਲੋੜ ਹੁੰਦੀ ਹੈ। ਡਰਾਇੰਵਿੰਗ ਲਾਈਸੈਂਸ ਲਈ ਟੈਸਟ ਹੈ, ਇਹ ਟੈਸਟ ਵਾਹਨ ਚਲਾਉਣ ਦੀ ਮੁਹਾਰਤ ਦਾ ਹੈ। ਇਸ ਤੋਂ ਸਮਝਣਾ ਚਾਹੀਦਾ ਹੈ ਕਿ ਅਸੀਂ ਬੱਚੇ ਨੂੰ ਘਰੋਂ ਬਾਹਰ ਭੇਜ ਰਹੇ ਹਾਂ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਸਮਾਜ ਵਿਚ ਵਿਚਰਨ ਦੀ ਮੁਹਾਰਤ ਹੈ? ਸਭ ਤੋਂ ਅਹਿਮ ਤੇ ਪਹਿਲੀ ਜ਼ਰੂਰਤ ਹੈ, ਆਪਸ ਵਿਚ ਗੱਲ ਕਰਨ ਦੀ, ਆਪਣੀ ਗੱਲ ਕਹਿਣ ਦੀ, ਦੂਸਰਿਆਂ ਦੀ ਸੁਨਣ ਦੀ। ਆਪਸ ਵਿਚ ਸਹਿਯੋਗ ਕਰਨ ਅਤੇ ਇਕ ਦੂਸਰੇ ਦੀ ਮਦਦ ਕਰਨ ਦੀ ਮੁਹਾਰਤ ਦੀ?
       ਵੋਟ ਪਾਉਣ ਦੀ ਉਮਰ ਅਸੀਂ ਤੈਅ ਕਰ ਦਿੱਤੀ ਹੈ, ਪਰ ਕੀ ਇਹ ਮੁਹਾਰਤ ਹੈ ਕਿ ਵਿਅਕਤੀ ਦੀ ਚੋਣ ਕਰਨ ਵੇਲੇ ਕੀ ਕੀ ਵਿਚਾਰਨਾ ਹੈ? ਇਸ ਦੀ ਸਿਖਲਾਈ ਦਿੱਤੀ ਹੈ? ਵਿਆਹ ਵਾਲਾ ਪੱਖ ਤਾਂ ਇਕ ਅਜਿਹਾ ਅਹਿਮ ਪਹਿਲੂ ਹੈ, ਜਿਸ ਦੇ ਪਰਿਵਾਰਕ ਰਿਸ਼ਤਿਆਂ ਨੂੰ ਬਣਾਉਣ, ਬਣਾ ਕੇ ਰੱਖਣ ਲਈ ਜੋ ਮੁਹਾਰਤ, ਸਿਖਲਾਈ ਚਾਹੀਦੀ ਹੈ, ਕੀ ਉਹ ਹੈ ਜਾਂ ਉਸ ਦਾ ਕੋਈ ਟੈਸਟ ਹੈ? ਪਿਆਰ ਵਿਆਹ ਸਾਨੂੰ ਪ੍ਰਵਾਨ ਨਹੀਂ ਅਤੇ ਦੂਸਰੇ ਢੰਗ ਨਾਲ ਤੈਅ ਹੁੰਦੇ ਰਿਸ਼ਤਿਆਂ ਵਿਚ ਅਸੀਂ ਕੀ-ਕੀ ਹੁੰਦਾ ਦੇਖਦੇ ਹਾਂ, ਉਹ ਸਭ ਨੂੰ ਪਤਾ ਹੈ, ਉਥੇ ਨੌਜਵਾਨਾਂ ਨਾਲੋਂ ਪਰਿਵਾਰਾਂ ਦੇ ਰੁਤਬਿਆਂ ਦਾ ਮੇਲ ਵੱਧ ਮਹੱਤਵਪੂਰਨ ਹੋ ਜਾਂਦਾ ਹੁੰਦਾ ਹੈ। ਜਾਤ, ਧਰਮ, ਜਾਇਦਾਦ ਪ੍ਰਮੁੱਖ ਹੁੰਦੇ ਹਨ।
        ਗੱਲ ਸੀ ਨੌਜਵਾਨਾਂ ਦੇ ਕੁਝ ਕੁ ਖਾਸ ਗੁਣਾਂ ਅਤੇ ਕਾਬਲੀਅਤ ਦੀ, ਜਿਸ ਬਾਰੇ ਸਾਨੂੰ ਪਤਾ ਨਹੀਂ ਹੈ ਜਾਂ ਕਿਸੇ ਮਾਨਸਿਕਤਾ ਤਹਿਤ ਅਸੀਂ ਉਨ੍ਹਾਂ ਗੁਣਾਂ ਨੂੰ ਅਣਗੋਲਿਆਂ ਕਰਦੇ ਹਾਂ। ਸਭ ਤੋਂ ਅਹਿਮ ਹੈ ਜ਼ਿੰਮੇਵਾਰੀ ਦਾ ਅਹਿਸਾਸ।
ਅਧਿਐਨ ਅਤੇ ਖੋਜਾਂ ਨੇ ਦਰਸਾਇਆ ਹੈ ਕਿ ਉਹ ਜ਼ਿੰਮੇਵਾਰੀ ਲੈਣ ਦੇ ਯੋਗ ਹਨ। ਅਸੀਂ ਬੱਚਿਆਂ ਨੂੰ ਮੈਡੀਕਲ, ਇੰਜਨੀਅਰਿੰਗ, ਆਈਆਈਟੀ, ਆਈਆਈਐਮ, ਵਿਗਿਆਨ ਅਤੇ ਹੋਰ ਖੇਤਰਾਂ ਵਿਚ ਮੱਲਾਂ ਮਾਰਦੇ ਦੇਖਦੇ ਹਾਂ। ਪਰ ਸਾਨੂੰ ਭੈੜਾ ਪੱਖ ਵੱਧ ਨਜ਼ਰ ਆਉਂਦਾ ਹੈ। ਉਹ ਵੀ ਅਹਿਮ ਹੈ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਹਰ ਉਮਰ ਦਾ ਆਪਣਾ ਇਕ ਸੁਭਾਅ, ਖਾਸੀਅਤ ਹੁੰਦੀ ਹੈ ਤੇ ਉਹ ਸਭ ਵਿਚ ਬਰਾਬਰ ਹੁੰਦੀ ਹੈ। ਕੁਦਰਤ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਇਹ ਤਾਂ ਸਮਾਜਿਕ ਵਿਵਸਥਾ ਹੈ, ਖ਼ਾਸਕਰ ਅਮੀਰੀ-ਗਰੀਬੀ ਅਤੇ ਜਾਤ ਵਿਵਸਥਾ ਜੋ ਫ਼ਰਕ ਪਾ ਦਿੰਦੀ ਹੈ।
      ਦੇਸ਼ ਕੋਲ ਕੋਈ ਠੋਸ ਯੁਵਾ ਨੀਤੀ ਨਹੀਂ ਹੈ। ਉਂਜ ਕਈ ਸਵੈ ਸੇਵੀ ਸੰਸਥਾਵਾਂ ਨੌਜਵਾਨਾਂ ਨੂੰ ਲੈ ਕੇ ਕਾਰਜ ਉਲੀਕਦੀਆਂ ਹਨ। ਪਰ ਉਹ ਵੀ ਟੁਕੜਿਆਂ ਵਿਚ ਵੱਧ ਹੈ। ਕੋਈ ਨਸ਼ਿਆਂ ’ਤੇ ਕੰਮ ਕਰਦਾ ਹੈ, ਕੋਈ ਫਾਸਟ ਫੂਡ ਜਾਂ ਖੂਨ ਦੀ ਘਾਟ (ਅਨੀਮੀਆ) ਨੂੰ ਲੈ ਕੇ ਤੇ ਕੋਈ ਸ਼ਖ਼ਸੀਅਤ ਉਸਾਰੀ ਪ੍ਰਤੀ ਫਿਕਰਮੰਦ ਹੈ। ਇਨ੍ਹਾਂ ਸਭਨਾਂ ਦੇ ਕਾਰਜ ਵਿਚ ਇਕ ਬੁਨਿਆਦੀ ਨੁਕਸ ਹੈ ਕਿ ਸਾਰੇ ਕਹਿੰਦੇ ਹਨ ਅਸੀਂ ਨੌਜਵਾਨਾਂ ਲਈ ਕਾਰਜ ਕਰਦੇ ਹਾਂ। ਜਦੋਂ ਕਿ ਸਹੀ ਪਹੁੰਚ ਇਹ ਹੈ ਕਿ ਕਿਹਾ ਜਾਵੇ ਅਸੀਂ ਨੌਜਵਾਨਾਂ ਨਾਲ ਮਿਲ ਕੇ ਕੰਮ ਕਰਦੇ ਹਾਂ। ਇਸ ਤਰ੍ਹਾਂ ਦੀ ਸੋਚ ਨਾਲ ਨੌਜਵਾਨਾਂ ਦੀ ਜ਼ਿੰਮੇਵਾਰੀ ਵਾਲੀ ਕਾਬਲੀਅਤ ਸਾਡੇ ਸਾਹਮਣੇ ਆਉਂਦੀ ਹੈ। ਕੋਈ ਵੀ ਪ੍ਰੋਗਰਾਮ ਉਲੀਕਣ ਤੋਂ ਲੈ ਕੇ, ਸਿਰੇ ਚੜ੍ਹਾਉਣ ਤਕ, ਹਰ ਪੜਾਅ ’ਤੇ ਨੌਜਵਾਨ ਨਾਲ ਹੋਣੇ ਚਾਹੀਦੇ ਹਨ। ਉਨ੍ਹਾਂ ਤੋਂ ਪੁੱਛ ਕੇ ਕਾਰਜ ਉਲੀਕੇ ਜਾਣ ਕਿ ਉਨ੍ਹਾਂ ਦੇ ਮਨ ਵਿਚ ਕੀ ਹੈ? ਉਨ੍ਹਾਂ ਦੀਆਂ ਕਿਹੜੀਆਂ ਦਿੱਕਤਾਂ ਹਨ ਜਿਨ੍ਹਾਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਜਾਣ। ਉਹ ਕਹਿੜੇ ਕੰਮ ਹਨ ਜੋ ਉਹ ਕਰਨ ਦੇ ਚਾਹਵਾਨ ਹਨ ਤੇ ਕਿਵੇਂ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ। ਉਨ੍ਹਾਂ ਨੂੰ ਆਗੂ ਦੀ ਭੂਮਿਕਾ ਵਿਚ ਲਿਆਉਣਾ ਹੀ ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ ਦਾ ਅਹਿਮ ਪੱਖ ਹੈ। ਪਹਿਲਾਂ ਮੰਨੀਏ ਕਿ ਉਹ ਜ਼ਿੰਮੇਵਾਰੀ ਲੈਣ ਦੇ ਕਾਬਲ ਹਨ ਤੇ ਨਿਭਾ ਵੀ ਸਕਦੇ ਹਨ। ਉਨ੍ਹਾਂ ਕੋਲ ਨਵੀਂ ਸੋਚ ਹੈ, ਠੀਕ-ਗਲਤ ਪਛਾਨਣ ਦੀ ਕਾਬਲੀਅਤ ਵੀ। ਪਰ ਨਵੇਂ ਕਾਰਜਾਂ ਲਈ ਇਕ ਮਾਹੌਲ ਦੀ ਲੋੜ ਹੁੰਦੀ ਹੈ, ਜਿਸ ਦੀ ਉਹ ਸਾਡੇ ਤੋਂ ਆਸ ਕਰਦੇ ਹਨ।
ਸੰਪਰਕ : 98158-08506