ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
29.03.2026
ਸਾਡੇ ਬਦਲੇ ਤੋਂ ਡਰ ਕੇ ਟਰੰਪ ਨੂੰ ਪਿੱਛੇ ਹਟਣਾ ਪਿਆ- ਇਰਾਨ
ਪੀਲਾ ਰੰਗ ਕਿਉਂ ਪੈ ਗਿਆ ਤੇਰਾ, ਭਾਬੋ ਮੈਨੂੰ ਰੋਜ਼ ਪੁੱਛਦੀ।
ਕੇਰਲ ‘ਚ ਚੋਣ ਕਮਿਸ਼ਨ ਦੀ ਚਿੱਠੀ ‘ਤੇ ਭਾਜਪਾ ਦੀ ਮੋਹਰ- ਇਕ ਖ਼ਬਰ
ਨੱਥਾ ਸਿੰਘ ਖੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।
ਜਾਇਦਾਦ ਲਈ ਪਤਨੀ ਨੇ ਆਪਣੇ ਪੁੱਤਰ ਹੱਥੋਂ ਹੀ ਕਰਵਾਇਆ ਪਤੀ ਦਾ ਕਤਲ- ਇਕ ਖ਼ਬਰ
ਚਿੱਟਾ ਹੋ ਗਿਆ ਲਹੂ ਭਰਾਵੋ, ਚਿੱਟਾ ਹੋ ਗਿਆ ਲਹੂ।
20 ਮਿੰਟ ਦੇ ਭਾਸ਼ਨ ‘ਚ ਮੋਦੀ ਜੀ ਆਪਣੀਆਂ ਸਿਫ਼ਤਾਂ ਹੀ ਕਰਦੇ ਰਹੇ- ਜੈ ਰਾਮ ਰਮੇਸ਼
ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਿਉਣ।
ਸੁਤੰਤਰਤਾ ਸੰਗਰਾਮੀਆਂ ਦੇ ਨਾਮ ‘ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਕੀਤੀ ਸਿਆਸਤ- ਫਰੀਡਮ ਫ਼ਾਈਟਰ ਸੰਸਥਾ
ਸ਼ੇਰਾਂ ਦੀਆਂ ਮਾਰਾਂ ‘ਤੇ, ਗਿੱਦੜ ਕਰਨ ਕਲੋਲਾਂ।
ਕਿਸਾਨਾਂ ਲਈ ਪੂਰੀ ਕਰਜ਼ਾ ਮੁਆਫ਼ੀ ਦਾ ਕੋਈ ਪ੍ਰਸਤਾਵ ਨਹੀਂ- ਨਿਰਮਲਾ ਸੀਥਾਰਮਨ
ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।
ਜੁਡੀਸ਼ੀਅਲ ਕਮਿਸ਼ਨ ਨੇ ਹਰਿਆਣਾ ਗੁਰਦੁਆਰਾ ਕਮੇਟੀ ਦਾ ਪਾਸ ਕੀਤਾ ਬਜਟ ਰੱਦ ਕਰ ਦਿਤਾ- ਇਕ ਖ਼ਬਰ
ਛੜਿਆਂ ਦੇ ਗਈ ਅੱਗ ਨੂੰ, ਉਹਨੀਂ ਚੱਪਣੀ ਵਗਾਹ ਕੇ ਮਾਰੀ।
ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਧਰਮ ਪ੍ਰਚਾਰ ਲਈ ਬਜਟ ਵਧਾਇਆ ਜਾਵੇ- ਗੁਰਪ੍ਰਤਾਪ ਸਿੰਘ ਵਡਾਲਾ
ਵਡਾਲਾ ਜੀ ਇੰਜ ਕਹੋ ਕਿ ਧਰਮ ਪ੍ਰਚਾਰ ਦਾ ਬਜਟ ਧਰਮ ਪ੍ਰਚਾਰ ‘ਤੇ ਹੀ ਖ਼ਰਚ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਉ’ ਰੈਲੀ- ਇਕ ਖ਼ਬਰ
ਸੁਖਬੀਰ ਬਾਦਲ ਵਲੋਂ ਪੰਜਾਬ ਨੂੰ ਅਕਾਲੀ ਦਲ ਤੋਂ ਬਚਾਉਣ ਦੀ ਅਪੀਲ।
ਯਮਨ ਦੇ ਹੂਤੀ ਬਾਗ਼ੀ ਵੀ ਇਰਾਨ ਦੇ ਸਮਰਥਨ ‘ਚ ਉਤਰੇ- ਇਕ ਖ਼ਬਰ
ਅਣਦਾੜ੍ਹੀਆ ਸੁੱਕਾ ਨਾ ਲੰਘ ਜਾਵੇ, ਲੜ ਜਾਂ ਭ੍ਰਿੰਡ ਬਣ ਕੇ।
ਯੁੱਧ ਦੇ ਅੰਤ ਦਾ ਫ਼ੈਸਲਾ ਟਰੰਪ ਨਹੀਂ, ਅਸੀਂ ਕਰਾਂਗੇ- ਇਰਾਨ
ਜਿਊਣਾ ਮੌੜ ਵੱਢਿਆ ਨਾ ਜਾਵੇ, ਛਵ੍ਹੀਆਂ ਦੇ ਘੁੰਡ ਮੁੜ ਗਏ।
ਟੀ.ਐਮ.ਸੀ. ਅਤੇ ਭਾਜਪਾ ਦਾ ਮੁਕਾਬਲਾ ਮਹਾਂਭਾਰਤ ਵਰਗਾ ਯੁੱਧ ਹੋਵੇਗਾ- ਮਮਤਾ ਬੈਨਰਜੀ
ਕੁੰਢੀਆਂ ਦੇ ਸਿੰਙ ਫ਼ਸਣੇ, ਕੋਈ ਨਿੱਤਰੂ ਵੜੇਂਵੇਂ ਖਾਣੀ।
ਕੌਮੀ ਪਾਰਟੀਆਂ ਨੂੰ ਮਿਲੇ ਕੁੱਲ ਚੰਦੇ ਨਾਲੋਂ ਭਾਜਪਾ ਨੂੰ ਦਸ ਗੁਣਾ ਵੱਧ ਮਿਲਿਆ- ਇਕ ਖ਼ਬਰ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦੇ ਹੱਕ ਮਾਰ ਕੇ।
ਚੰਨ ਉੱਤੇ ‘ਸਰਦਾਰੀ’ ਲਈ ਚੀਨ ਅਤੇ ਅਮਰੀਕਾ ਵਿਚਾਲੇ ਦੌੜ- ਇਕ ਖ਼ਬਰ
ਬਿੱਲੋ ਦੀਆਂ ਝਾਂਜਰਾਂ ‘ਚ, ਮਿੱਤਰਾਂ ਦੀ ਜਾਨ ਏ।
ਮੁੱਖ ਮੰਤਰੀ ਨੇ ਸਰਕਾਰ ਦੇ ਚਾਰ ਸਾਲ ਦੇ ਦਾਅਵੇ ਵਧਾ ਚੜ੍ਹਾ ਕੇ ਪੇਸ਼ ਕੀਤੇ-ਪਰਤਾਪ ਸਿੰਘ ਬਾਜਵਾ
ਰੱਬ ਤੈਨੂੰ ਰੱਖੇ ਬੱਚਿਆ, ਨਿੱਤ ਝੂਠੀਆਂ ਗਵਾਹੀਆਂ ਦੇਵੇਂ।
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
24.03.2026
ਇਰਾਨ ਵਿਰੁੱਧ ਨਾਟੋ ਦੀ ਮਦਦ ਦੀ ਜ਼ਰੂਰਤ ਨਹੀਂ, ਅਮਰੀਕਾ ਇਕੱਲਾ ਹੀ ਕਾਫ਼ੀ ਹੈ- ਟਰੰਪ
ਦਾਖੇ ਹੱਥ ਨਾ ਅੱਪੜੇ, ਆਖੇ ਥੂਹ ਕੌੜੀ।
ਦਹਾਕਿਆਂ ਤੋਂ ਸਾਡਾ ਪਾਣੀ ਵਰਤ ਰਹੇ ਰਾਜਸਥਾਨ ਤੋਂ 1.44 ਲੱਖ ਕਰੋੜ ਰੁਪਏ ਵਸੂਲਾਂਗੇ- ਭਗਵੰਤ ਮਾਨ
ਵਿਹੜੇ ਆਈ ਜੰਞ, ਵਿੰਨ੍ਹੋਂ ਕੁੜੀ ਦੇ ਕੰਨ।
ਜਗਦੀਸ਼ ਸਿੰਘ ਝੀਂਡਾ ਅਤੇ ਦਾਦੂਵਾਲ ਦੇ ਹਮਾਇਤੀਆਂ ਵਿਚਕਾਰ ਝੜਪ- ਇਕ ਖ਼ਬਰ
ਅੰਨ੍ਹੇ ਝੋਟੇ, ਅਕਲੋਂ ਖੋਟੇ।
ਨਾਟੋ ਦੇਸ਼ਾਂ ਨੇ ਟਰੰਪ ਦੀ ਜੰਗ ਵਿਚ ਸ਼ਾਮਲ ਹੋਣ ਤੋਂ ਕੀਤੀ ਨਾਂਹ- ਖ਼ਬਰ
ਤੇਰੇ ਨਾਲ਼ ਨਾ ਤਿਲੰਗਿਆ ਜਾਣਾ, ਛੱਡ ਜਾਏਂ ਟੇਸ਼ਣ ‘ਤੇ।
ਦਿੱਲੀ ਵਲੋਂ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਨੂੰ ਦਰੁਸਤ ਕਰਨ ਲਈ ਅਕਾਲੀ ਦਲ ਵਚਨਬੱਧ- ਸੁਖਬੀਰ ਬਾਦਲ
ਐਨੇ ਸਾਲ ਕੁਰਸੀ ‘ਤੇ ਬੈਠ ਕੇ ਤੁਸੀਂ ਪਿਉ ਪੁੱਤ ਕੀ ਝੱਖ ਮਾਰਦੇ ਰਹੇ?
ਇਰਾਨੀ ਜ਼ਮੀਨ ‘ਤੇ ਕਬਜ਼ਾ ਕਰਨ ਦਾ ਇਰਾਦਾ ਨਹੀਂ- ਇਜ਼ਰਾਈਲੀ ਰਾਜਦੂਤ
ਇਰਾਨ ਕੋਈ ਚਾਕਲੇਟ ਐ ਜੋ ਮੂੰਹ ‘ਚ ਪਾ ਲਉਗੇ।
ਆਲੂਆਂ ਦੀ ਖੇਤੀ ਦਾ ਵਾਜਬ ਭਾਅ ਨਾ ਮਿਲਣ ‘ਤੇ ਕਿਸਾਨ ਪ੍ਰੇਸ਼ਾਨ- ਇਕ ਖ਼ਬਰ
ਕਿਸਾਨ ਨੂੰ ਪ੍ਰੇਸ਼ਾਨ ਰੱਖਣਾ ਖੇਤੀ ਨੀਤੀ ਦਾ ਹੀ ਹਿੱਸਾ ਹੈ।
ਰਾਜਸਥਾਨ ਵਲੋਂ ਪਾਣੀਆਂ ਦੀ ਰਾਇਲਟੀ ਦੇਣ ਤੋਂ ਨਾਂਹ, ਪੰਜਾਬ ਜਾਵੇਗਾ ਅਦਾਲਤ- ਭਗਵੰਤ ਮਾਨ
ਪਹਿਲਾਂ ਤੁਹਾਨੂੰ ਅਦਾਲਤਾਂ ‘ਚੋਂ ਕੀ ਮਿਲਿਆ? ਛਿੱਕੂ!
ਅਕਾਲੀ ਦਲ ਪੁਨਰ ਸੁਰਜੀਤ ਨੇ ਚੋਣ ਨਿਸ਼ਾਨ ‘ਤੱਕੜੀ’ ਉੱਤੇ ਦਾਅਵਾ ਠੋਕਿਆ- ਇਕ ਖ਼ਬਰ
ਮੈਨੂੰ ‘ਕੱਲੀ ਨੂੰ ਚੁਬਾਰਾ ਪਾ ਦੇ, ਰੋਹੀ ਵਾਲ਼ੀ ਜੰਡ ਵੱਢ ਕੇ।
ਸੁਖਬੀਰ ਬਾਦਲ ਦੇ ਸੱਤਾ ‘ਚ ਆਉਣ ਦੇ ਸੁਪਨੇ ਹੁਣ ਕਦੀ ਪੂਰੇ ਨਹੀਂ ਹੋਣਗੇ- ਕੁਲਦੀਪ ਸਿੰਘ ਧਾਲੀਵਾਲ
ਓਏ ਸਹੁਰੀ ਦਿਓ, ਮੈਨੂੰ ਸੁਪਨੇ ‘ਚ ਤਾਂ ਕੁਰਸੀ ‘ਤੇ ਬੈਠ ਲੈਣ ਦਿਉ।
ਟਰੰਪ ਦੀਆਂ ਅੱਖਾਂ ਦੀ ਰੜਕ ਬਣਿਆ ਕਿਊਬਾ- ਇਕ ਖ਼ਬਰ
ਮੇਰਾ ਜੇਠ ਬੜਾ ਟੁੱਟ ਪੈਣਾ, ਕੰਧ ਉੱਤੋਂ ਰਹੇ ਝਾਕਦਾ।
ਨਾਇਬ ਸਿੰਘ ਸੈਣੀ ਨੂੰ ਪਟਿਆਲੇ ‘ਚ ‘ਆਪ’ ਪਾਰਟੀ ਨੇ ਕਾਲ਼ੀਆਂ ਝੰਡੀਆਂ ਵਿਖਾਈਆਂ- ਇਕ ਖ਼ਬਰ
ਐਵੇਂ ਨਾ ਗੇੜੇ ਲਾਈਂ ਵੇ, ਪਿੰਡ ਪਹਿਰਾ ਲਗਦੈ।
ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਨੂੰ ਕੀਤਾ ਫ਼ੋਨ- ਇਕ ਖ਼ਬਰ
ਬੜੀ ਦੇਰ ਕਰ ਦੀ, ਮਿਹਰਬਾਂ ਆਤੇ ਆਤੇ।
ਵਾਰੀ ਵਾਰੀ ਰਾਜ ਕਰਨ ਦੇ ਦਿਨ ਗਏ, ਹੁਣ ਲੋਕਾਂ ਦੀ ਵਾਰੀ- ਭਗਵੰਤ ਮਾਨ
ਪੱਤ ਝੜੇ ਪੁਰਾਣੇ ਮਾਹੀ ਵੇ, ਰੁੱਤ ਨਵਿਆਂ ਦੀ ਆਈ ਆ ਢੋਲਾ।
ਭਾਰਤ ਨੇ ਅਮਰੀਕੀ ਪੈਨਲ ਦੀ ‘ਪੱਖਪਾਤੀ’ ਧਾਰਮਕ ਆਜ਼ਾਦੀ ਰਿਪੋਰਟ ਰੱਦ ਕੀਤੀ- ਇਕ ਖ਼ਬਰ
ਪਰੇ ਹਟ ਜਾਹ ਬਲਦ ਸਿੰਙ ਮਾਰੂ, ਨੀ ਸੋਨੇ ਦੇ ਤਵੀਤ ਵਾਲ਼ੀਏ।
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
17.03.2026
ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਨਗਰ ਨਿਗਮ ਵਲੋਂ ਸੜਕ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ- ਇਕ ਖ਼ਬਰ
ਫ਼ਾਈਲ ਨੂੰ ਪਹੀਏ ਲੱਗਣਗੇ ਫਿਰ ਹੀ ਅਗਾਂਹ ਨੂੰ ਤੁਰੂ।
ਚੋਣਾਂ ਦੇ ਮੌਸਮ ਵਿਚ ਹੀ ਸਾਧ ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਕਲੀਨ ਚਿਟ ਕਿਉਂ?-ਇਕ ਸਵਾਲ
ਅੱਗੋਂ ਪਿੱਛੋਂ ਰਗੜ ਕੇ ਗੋਡੇ ’ਤੇ ਲਾਉਣਾ ਸਾਧ ਨੂੰ ਅਗਲਿਆਂ ਨੇ।
ਭਾਰਤ ‘ਚ ਸਾਡੇ ਭਾਈਵਾਲ ‘ਕਹਿਣਾ ਮੰਨਣ ਵਾਲੇ ਹਨ’- ਅਮਰੀਕਾ
ਘੜੇ ਦੀਆਂ ਮੱਛੀਆਂ।
ਘਬਰਾਉਣ ਦੀ ਜ਼ਰੂਰਤ ਨਹੀਂ, ਇਸ ਸੰਕਟ ਵਿਚੋਂ ਵੀ ਨਿਕਲਾਂਗੇ- ਮੋਦੀ
ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੇਗਾ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪੰਜਾਬ ਦੇ ਰੁਕੇ ਹੋਏ ਵਿਕਾਸ ਫੰਡ ਜਾਰੀ ਕਰਨ ਦੀ ਕੀਤੀ ਮੰਗ- ਇਕ ਖ਼ਬਰ
ਮੇਰੀ ਰੱਖ ਲਈ ਸੁੱਥਣ ‘ਚੋਂ ਟਾਕੀ, ਟੁੱਟ ਪੈਣੇ ਦਰਜੀ ਨੇ।
ਪੰਜਾਬ ‘ਚ ਅਸੀਂ ਆਪਣੇ ਬਲਬੂਤੇ ‘ਤੇ ਹੀ ਸਤਾਈ ਦੀ ਚੋਣ ਲੜਾਂਗੇ- ਅਮਿਤ ਸ਼ਾਹ
ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।
ਅਮਿਤ ਸ਼ਾਹ ਦਾ ਭਾਸ਼ਨ ਸਿਵਾਇ ਖਾਲੀ ਸਿਆਸੀ ਨਾਹਰਿਆਂ ਦੇ ਕੁਝ ਨਹੀਂ- ਬਾਜਵਾ
ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।
ਸਰਕਾਰ ਦੀਆਂ ਨੀਤੀਆਂ ਕਾਰਨ ਲੋਕ ਕਿੰਨਾ ਕੁ ਬਰਦਾਸ਼ਤ ਕਰਨਗੇ- ਪ੍ਰਿਅੰਕਾ ਗਾਂਧੀ
ਬੀਬੀ, ਸਰਕਾਰ ਜਿੰਨਾ ਚਿਰ ਦਾਲ ਚੌਲ਼ ਦਿੰਦੀ ਰਹੂ।
ਟਰੰਪ ਨੇ 13 ਦਿਨਾਂ ਦੇ ਯੁੱਧ ’ਚ ਫੂਕ ਦਿਤੇ 26 ਅਰਬ ਡਾਲਰ- ਇਕ ਖ਼ਬਰ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲੀ ਕੰਧ ਟੱਪ ਕੇ।
ਸਾਨੂੰ ਡਬਲ ਇੰਜਨ ਦੀ ਲੋੜ ਨਹੀਂ, ਪੰਜਾਬ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਜਾਣਦੈ- ਭਗਵੰਤ ਮਾਨ
ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।
ਅਮਿਤ ਸ਼ਾਹ ‘ਜੁਮਲਿਆਂ’ ਦੀ ਬਜਾਇ ਪੰਜਾਬ ਦੇ ਹਿਤਾਂ ਲਈ ਕੁਝ ਕਰ ਕੇ ਜਾਣ-ਅਮਨ ਅਰੋੜਾ
ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ।
ਸੁਖਪਾਲ ਖਹਿਰਾ ਨੂੰ ਕਾਂਗਰਸ ਹਾਈ ਕਮਾਂਡ ਪਾਰਟੀ ‘ਚੋਂ ਬਰਖ਼ਾਸਤ ਕਰੇ- ਹਰਪਾਲ ਚੀਮਾ
ਲੂਣਾ ਆਖਦੀ ਰਾਜੇ ਸਲਵਾਨ ਤਾਈਂ, ਛੇਤੀ ਪੂਰਨ ਨੂੰ ਕਰੋ ਹਲਾਲ ਮੀਆਂ।
2027 ‘ਚ ਦੁਬਾਰਾ ਬਣੇਗੀ ‘ਆਪ’ ਦੀ ਸਰਕਾਰ- ਭਗਵੰਤ ਮਾਨ
ਪਾਪ ਪੁੰਨ ਨੀਂ ਜਿੰਦੜੀਏ ਤੇਰੇ, ਤੱਕੜੀ ‘ਤੇ ਤੋਲੇ ਜਾਣਗੇ।
ਭਾਰਤ ਦੁਨੀਆਂ ‘ਚ ਹਥਿਆਰਾਂ ਦਾ ਦੂਜਾ ਵੱਡਾ ਖ਼ਰੀਦਾਰ- ਇਕ ਖ਼ਬਰ
ਢਿੱਡੋਂ ਭੁੱਖੀ ਤੇ ਘੀਸੀ ‘ਤੇ ਜ਼ੋਰ।
ਇਰਾਨ ਦਾ ਨਵਾਂ ਸੁਪਰੀਮ ਲੀਡਰ ਵੀ ਛੇਤੀ ਹੀ ਮਾਰਿਆ ਜਾਵੇਗਾ- ਟਰੰਪ
ਜੀਹਨੇ ਕਾਲ਼ ਪਾਵੇ ਨਾਲ਼ ਬੰਨ੍ਹਿਆ, ਇਕ ਦਿਨ ਹੋਇਆ ਚਲਦਾ।
........................................................................................................................
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
ਰਾਜਨੀਤੀ ਹੁਣ ਪਹਿਲਾਂ ਵਰਗੀ ਨਹੀਂ ਰਹੀ, ਸੰਤਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ- ਨਵਜੋਤ ਕੌਰ ਸਿੱਧੂ
ਜ਼ਰੂਰ ਕਰੋ ਜੀ, ਸੰਤ ਵੀ ਸੋਹਣੀ ਸੇਵਾ ਕਰਦੇ ਐ।
ਪੰਜਾਬ ਕੇਸਰੀ ਗਰੁੱਪ ਨੇ ਤਿੰਨ ਸਾਲਾਂ ‘ਚ 65 ਕਰੋੜ ਤੋਂ ਵੱਧ ਦਾ ਘਪਲਾ ਕੀਤਾ- ਟੈਕਸ ਵਿਭਾਗ
ਬਗ਼ਲ ਮੇਂ ਛੁਰੀ, ਮੂੰਹ ਮੇਂ ਰਾਮ ਰਾਮ।
ਮੋਦੀ ਨੇ ਕੀਤੀ ਸਪੀਕਰ ਓਮ ਬਿਰਲਾ ਦੀ ਤਾਰੀਫ਼- ਇਕ ਖ਼ਬਰ
ਮੇਰੇ ਭੁੱਖ ਨਾ ਕਲੇਜਿਉਂ ਜਾਵੇ, ਮਿੱਤਰਾਂ ਦੇ ਮਿਲਣੇ ਦੀ।
ਇਰਾਨ ਦੇ ਰਾਸ਼ਟਰਪਤੀ ਨੇ ਗੁਆਂਢੀ ਦੇਸ਼ਾਂ ‘ਤੇ ਹਮਲਿਆਂ ਲਈ ਮੰਗੀ ਮੁਆਫ਼ੀ- ਇਕ ਖ਼ਬਰ
ਜੇਠਾ ਮੈਨੂੰ ਮਾਫ਼ ਕਰੀਂ, ਭੁੱਲ ਗਈ ਮੈਂ ਘੁੰਡ ਕੱਢਣਾ।
ਪੰਜਾਬ ਨੇ ਮਾਲੀਆ ਵਿਕਾਸ ਵਿਚ ਦੇਸ਼ ਦੇ ਪਹਿਲੇ ਤਿੰਨ ਸੂਬਿਆਂ ‘ਚ ਨਾਮ ਦਰਜ ਕਰਵਾਇਆ- ਵਿਤ ਮੰਤਰੀ ਚੀਮਾ
ਤੁਹਾਨੂੰ ਕੀ ਮਿਲਦਾ ਵਿਚੋਂ? ਬਾਬਾ ਜੀ ਦਾ ਠੁੱਲੂ।
ਅਮਰੀਕਾ ਨੂੰ ਆਪਣੇ ਫੌਜੀ ਅੱਡੇ ਦੇਣ ਤੋਂ ਸਪੇਨ ਨੇ ਕੀਤੀ ਨਾਂਹ- ਇਕ ਖ਼ਬਰ
ਤੇਰੇ ਲੱਡੂਆਂ ਤੋਂ ਨੀਂਦ ਪਿਆਰੀ, ਸੁੱਤੀ ਨਾ ਜਗਾਈਂ ਮਿੱਤਰਾ।
ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਮੇਰਾ ਕਾਰਜਕਾਲ ਖ਼ਤਮ ਹੋਇਆ- ਨਿਤੀਸ਼ ਕੁਮਾਰ
ਚਾਰੇ ਕੰਨੀਆਂ ਮੇਰੀਆਂ ਵੇਖ ਖਾਲੀ, ਅਸੀਂ ਨਾਲ਼ ਨਹੀਂ ਕੁਝ ਲੈ ਚੱਲੇ।
ਅਮਰੀਕਾ-ਭਾਰਤ ਵਪਾਰ ਸਮਝੌਤੇ ਨੂੰ ਲੈ ਕੇ ਕਰਨਾਲ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਗਰਜ- ਇਕ ਖ਼ਬਰ
ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਦਾਰੂ ਪੀ ਕੇ ਮਿੱਤਰਾਂ ਨੇ।
ਇਰਾਨ ਦੇ ਉੱਚ ਸੁਰੱਖਿਆ ਅਧਿਕਾਰੀ ਨੇ ਅਮਰੀਕਾ ਨਾਲ਼ ਗੱਲਬਾਤ ਤੋਂ ਕੀਤਾ ਇਨਕਾਰ- ਇਕ ਖ਼ਬਰ
ਲੱਤ ਮਾਰੂੰਗੀ ਪੰਜੇਬਾਂ ਵਾਲ਼ੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।
ਅਕਾਲੀ ਸਰਕਾਰ ਬਣਨ ‘ਤੇ ਪਿੰਡਾਂ ਨੂੰ ਦਿਤੀਆਂ ਜਾਣਗੀਆਂ ਸ਼ਹਿਰਾਂ ਵਰਗੀਆਂ ਸਹੂਲਤਾਂ- ਸੁਖਬੀਰ ਬਾਦਲ
ਜਿਹੜੇ ਮਿੱਠੀਆਂ ਜ਼ੁਬਾਨਾਂ ਵਾਲ਼ੇ, ਮਤਲਬ ਕੱਢ ਲੈਣਗੇ।
ਸੌਦਾ ਸਾਧ ਨੂੰ ਬਰੀ ਕਰਨ ਦਾ ਫ਼ੈਸਲਾ ਹੈਰਾਨੀਜਨਕ- ਗਿਆਨੀ ਰਘਬੀਰ ਸਿੰਘ
ਗਿਆਨੀ ਜੀ, ਇਹਦੇ ‘ਚ ਹੈਰਾਨੀ ਵਾਲ਼ੀ ਕਿਹੜੀ ਗੱਲ ਐ?
ਜੰਗ ਦਾ ਸੇਕ ਪਹੁੰਚਿਆ ਭਾਰਤੀ ਰਸੋਈ ਤੱਕ, ਗੈਸ ਸਿਲੰਡਰ ਹੋਇਆ ਮਹਿੰਗਾ- ਇਕ ਖ਼ਬਰ
ਉੱਚਾ ਹੋ ਗਿਆ ਅੰਬਰ ਦਾ ਤਾਰਾ, ਜਲ ਵਿਚ ਰੋਈਆਂ ਮੱਛੀਆਂ।
ਜ਼ਮੀਨੀ ਹਕੀਕਤ ਤੋਂ ਕੋਰਾ ਸੁਖਬੀਰ ਬਾਦਲ ਹਵਾਈ ਕਿਲ੍ਹੇ ਬਣਾ ਰਿਹਾ ਹੈ- ਭਗਵੰਤ ਮਾਨ
ਤੇਰੇ ਨਾਲ ਨਾ ਤਲੰਗਿਆ ਜਾਣਾ, ਛੱਡ ਜਾਏਂ ਟੇਸ਼ਣ ‘ਤੇ।
ਗੁਰਦੁਆਰਾ ਅੰਬ ਸਾਹਿਬ ਜ਼ਮੀਨ ਘਪਲੇ ਬਾਰੇ ਪੜਤਾਲੀਆ ਕਮੇਟੀ ਦੀ ਮੀਟਿੰਗ ਹੋਈ- ਇਕ ਖ਼ਬਰ
ਇਸ ਮੀਟਿੰਗ ਵਿਚ ਕੰਮ ‘ਤੇ ਮਿੱਟੀ ਪਾਉਣ ਸਬੰਧੀ ਵਿਚਾਰਾਂ ਹੋਈਆਂ।
ਪੰਜਾਬ ਦੀ ਵਿਤੀ ਸਥਿਤੀ ‘ਤੇ ਵ੍ਹਾਈਟ ਪੇਪਰ ਜਾਰੀ ਕਰੇ ਪੰਜਾਬ ਸਰਕਾਰ- ਰਾਜਾ ਵੜਿੰਗ
ਪਤਲੋ ਦੀ ਗਰਦਨ ‘ਤੇ, ਸੱਪ ਫੂਕਰਾਂ ਮਾਰੇ।
ਚੁੰਝਾਂ-ਪ੍ਹੌਂਚੇ - Nirmal Singh Kandhalvi
02.03.2026
ਐਪਸਟੀਨ ਨਾਲ਼ ਸਬੰਧਾਂ ਬਾਰੇ ਟਰੰਪ ਤੋਂ ਪੁੱਛੇ ਜਾਣ ਸਵਾਲ- ਹਿਲੇਰੀ ਕਲਿੰਟਨ
ਵੇ ਕੌਣ ਸੀ ਤੇਰੇ ਨਾਲ, ਦੱਸ ਕਿੱਥੇ ਗਿਆ ਸੈਂ।
ਸ਼ੇਖ਼ ਹਸੀਨਾ ਨੇ ਕੀਤੀ ਵਤਨ ਵਾਪਸੀ ਦੀ ਤਿਆਰੀ- ਇਕ ਖ਼ਬਰ
ਲਗਦੈ ਕੋਈ ਖਿਚੜੀ ਪੱਕ ਗਈ ਐ ਅੰਦਰੋ-ਅੰਦਰੀ।
ਆਬਕਾਰੀ ਮਾਮਲੇ ‘ਚ ਕੇਜਰੀਵਾਲ, ਸਿਸੋਦੀਆ ਤੇ 21 ਹੋਰ ਵਿਅਕਤੀ ਬਰੀ- ਇਕ ਖ਼ਬਰ
ਚਲੋ 27 ਦੀਆਂ ਚੋਣਾਂ ਲਈ ਕੁਝ ਮਸਾਲਾ ਤਾਂ ਮਿਲਿਆ ਬਈ।
ਸ਼੍ਰੋਮਣੀ ਕਮੇਟੀ ਮੁਕਤ ਕਰਵਾਉਣ ਲਈ ਪੰਥ ਪ੍ਰਸਤ ਧਿਰਾਂ ਇਕ ਮੰਚ ‘ਤੇ ਇਕੱਠੀਆਂ ਹੋਣ- ਗੁਰਵਤਨ ਸਿੰਘ ਮੁਲਤਾਨੀ
ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ।
ਕਰਜ਼ੇ ਦਾ ਵਿਆਜ਼ ਦੇਣ ਲਈ ਕੋਲ ਪੈਸੇ ਨਹੀਂ ਤੇ ਨਵੇਂ ਐਲਾਨਾਂ ਲਈ ਪੈਸਾ ਕਿੱਥੋਂ ਆਵੇਗਾ?- ਰਾਜਾ ਵੜਿੰਗ
ਪੱਲੇ ਨਹੀਂ ਧੇਲਾ, ਤੇ ਕਰਦੀ ਮੇਲਾ ਮੇਲਾ।
‘ਮੇਰੀ ਰਸੋਈ’ ਯੋਜਨਾ ਸਿਰਫ਼ ਇਕ ਚੋਣ ਜੁਮਲਾ- ਮਨੋਰੰਜਨ ਕਾਲੀਆ
ਕਾਲੀਆ ਸਾਹਿਬ ਜ਼ਰਾ ਧਿਆਨ ਕਰੋ ਇਹ ਜੁਮਲਿਆਂ ਦੀ ਪਿਰਤ ਕੀਹਨੇ ਸ਼ੁਰੂ ਕੀਤੀ ਸੀ।
ਹਰਿਆਣਾ ਸਰਕਾਰ ਇਕ ਇਕ ਪੈਸੇ ਦਾ ਹਿਸਾਬ ਰੱਖਦੀ ਹੈ- ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਸੈਣੀ ਸਾਹਿਬ ਜੇ ਤੁਸੀਂ ਹਿਸਾਬ ਨਾ ਵੀ ਰੱਖੋਂ ਤਾਂ ਤੁਹਾਨੂੰ ਪੁੱਛਣਾ ਕੀਹਨੇ ਐਂ!
ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਝਟਕਾ, ਗਰੀਨ ਪਾਰਟੀ ਨੇ ਜਿੱਤੀ ਸੰਸਦੀ ਸੀਟ- ਇਕ ਖ਼ਬਰ
ਕੀਹਨੇ ਖਿੱਚ ਲਈ ਮੇਰੀ ਪਤੰਗ ਵਾਲੀ ਡੋਰ।
ਪਾਸਟਰ ਨਰੂਲਾ ਦਾ ਚਮਤਕਾਰੀ ਇਲਾਜ ਦਾ ਦਾਅਵਾ ਹਾਈ ਕੋਰਟ ‘ਚ ਫ਼ਸਿਆ, ਨੋਟਿਸ ਜਾਰੀ- ਇਕ ਖ਼ਬਰ
ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।
ਪਾਕਿ- ਅਫ਼ਗਾਨਿਸਤਾਨ ਵਿਚਕਾਰ ਖੁੱਲ੍ਹੀ ਜੰਗ ਸ਼ੁਰੂ- ਇਕ ਖ਼ਬਰ
ਸਾਡੀ ਸਰਕਾਰ ਆਉਣ ‘ਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਅੱਤਿਵਾਦੀ ਐਲਾਨਿਆ ਜਾਵੇਗਾ- ਸੁਖਬੀਰ ਬਾਦਲ
ਅੱਜ ਮੇਰੇ ਅਮਲੀ ਦੇ, ਫੀਮ ਰਗ਼ਾਂ ਵਿਚ ਬੋਲੇ।
ਅਮਰੀਕੀ ਦਬਾਅ ਹੇਠ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਵਪਾਰ ਸਮਝੌਤਾ- ਰਾਹੁਲ ਗਾਂਧੀ
ਗੱਭਰੂ ਨੇ ਬਾਂਹ ਫੜ ਲਈ, ਮੈਨੂੰ ਕੱਚੀਆਂ ਤ੍ਰੇਲੀਆਂ ਆਈਆਂ।
ਪੰਜਾਬ ‘ਚ ਧਰਮ ਪ੍ਰੀਵਰਤਨ ਹੋ ਰਿਹੈ- ਅਮਿਤ ਸ਼ਾਹ
ਸਿੱਖ ਤਾਂ ਆਟੇ ਦੀ ਤੌਣ ਵਾਂਗ ਨੇ, ਬਾਹਰ ਕਾਂ ਪੈਂਦੇ ਹਨ ਤੇ ਅੰਦਰ ਚੂਹੇ ਟੁੱਕਦੇ ਨੇ।
ਭਾਰਤ ਵਿਚ ਹੁਣ ਸਿਮ ਕਾਰਡ ਬਿਨਾਂ ਵਟਸਐਪ ਨਹੀਂ ਚੱਲੇਗਾ- ਇਕ ਖ਼ਬਰ
ਲਉ ਜੀ ਅਗਲਿਆਂ ਨੇ ਬੰਨ੍ਹ ਦਿਤਾ ਗੱਡੇ ਨਾਲ ਕੱਟਾ!
ਖਰੜ ਵਿਚ ਪਹਾੜ ਅਤੇ ਜੰਗਲ ਕੱਟ ਕੇ ਗ਼ੈਰ-ਕਾਨੂੰਨੀ ਪਲਾਟ ਅਤੇ ਫ਼ਾਰਮ ਹਾਊਸ ਵੇਚ ਰਿਹੈ ਭੂ-ਮਾਫ਼ੀਆ- ਇਕ ਖ਼ਬਰ
ਚੋਰਾਂ ਦੇ ਕੱਪੜੇ ਤੇ ਲਾਠੀਆਂ ਦੇ ਗਜ਼।
===========================================================================
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
24.02.2026
‘ਆਪ’ ਸਰਕਾਰ ਅਫ਼ਸਰਸ਼ਾਹੀ ਦਾ ਕਰ ਰਹੀ ਹੈ ਸਿਆਸੀਕਰਣ- ਸੁਨੀਲ ਜਾਖੜ
ਜਾਖੜ ਸਾਹਿਬ ਜ਼ਰਾ ਉੱਪਰ ਵਲ ਵੀ ਨਜ਼ਰ ਮਾਰ ਲੈਣੀ ਸੀ।
ਏ.ਆਈ. ਦਾ ਪ੍ਰਯੋਗ ਵਧਣ ਕਾਰਨ ਘਟ ਰਹੀਆਂ ਨੇ ਦਾਖ਼ਲਾ ਪੱਧਰ ਦੀਆਂ ਨੌਕਰੀਆਂ- ਇਕ ਰਿਪੋਰਟ
ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।
ਗਿਆਨੀ ਰਘਬੀਰ ਸਿੰਘ ਨੇ ਬਾਦਲਾਂ ਦੇ ਪਰਖਚੇ ਉਡਾਏ ਤੇ ਸਰਬੱਤ ਖ਼ਾਲਸਾ ਬੁਲਾਉਣ ਦੀ ਗੱਲ ਕੀਤੀ- ਇਕ ਖ਼ਬਰ
ਤਾਲੋਂ ਘੁੱਥੀ ਡੂੰਮਣੀ ਬੋਲੇ ਆਲ ਪਤਾਲ।
ਰੈਲੀਆਂ ਤੇ ਯਾਤਰਾਵਾਂ ਨਾਲ ਨਸ਼ਾ ਖ਼ਤਮ ਨਹੀਂ ਹੋ ਸਕਦਾ- ਰਾਜਾ ਵੜਿੰਗ
ਤੱਤੇ ਪਾਣੀਆਂ ਨਾਲ ਅੱਗਾਂ ਨਹੀਂ ਬੁਝਦੀਆਂ।
27 ਦੀਆਂ ਚੋਣਾਂ ਲਈ ਸਿਆਸੀ ਧਿਰਾਂ ਦੀਆਂ ਲੱਖਾਂ ਪਰਵਾਸੀ ਮਜ਼ਦੂਰਾਂ ਉਤੇ ਨਜ਼ਰਾਂ ਸਵੱਲੀਆਂ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।
ਸੱਤਾ ‘ਚ ਆਉਂਦਿਆਂ ਹੀ ਪੰਜਾਬ ਵਿਚ ਗੈਂਗਸਟਰ ਖ਼ਤਮ ਕਰਾਂਗੇ- ਨਾਇਬ ਸੈਣੀ
ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ।
ਡਾ. ਨਵਜੋਤ ਕੌਰ ਸਿੱਧੂ ਸੰਭਾਲਣਗੇ ਨਵੀਂ ਪਾਰਟੀ ਦੀ ਕਮਾਂਡ- ਇਕ ਖ਼ਬਰ
ਨਾਂ ਦੱਸ ਜਾ ਮੁਟਿਆਰੇ, ਘਰ ਤੇਰਾ ਲੱਭ ਲਾਂਗੇ।
1947 ਦੀ ਵੰਡ ਪਿੱਛੋਂ ਅੱਜ ਵੀ ਦਿੱਲੀ ਵਿਚ ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲਿਆ- ਇਕ ਖ਼ਬਰ
ਓ ਭਾਈ, ਜਿੱਥੇ ਰਾਜ- ਭਾਸ਼ਾ ਦਾ ਦਰਜਾ ਮਿਲਿਆ ਹੋਇਐ, ਉੱਥੇ ਆ ਕੇ ਹਾਲ ਦੇਖ ਲੈ।
ਸ਼੍ਰੋਮਣੀ ਕਮੇਟੀ ‘ਚ ਫ਼ੈਲੇ ਭ੍ਰਿਸ਼ਟਾਚਾਰ ਲਈ ਬਾਦਲ ਪਰਵਾਰ ਜ਼ਿੰਮੇਵਾਰ- ਗਿਆਨੀ ਰਘਬੀਰ ਸਿੰਘ
ਬੋਤਲ ਦਾਰੂ ਦੀ, ਜੱਟ ਚਾੜ੍ਹ ਗਿਆ ਖੁੰਢਾਂ ‘ਤੇ ਬਹਿ ਕੇ।
ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਨੂੰ ਟੈਰਿਫ਼ ਦਾ ਲਗਾਇਆ ‘ਕਰੰਟ’- ਇਕ ਖ਼ਬਰ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲਾ ਤਿਲਕ ਗਿਆ।
ਸੁਖਬੀਰ ਦੇ ਕਹਿਣ ‘ਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ- ਗਿਆਨੀ ਹਰਪ੍ਰੀਤ ਸਿੰਘ
ਦੇਖੋ ਨੀ ਅਮਲੀ ਵੇਚ ਰਿਹਾ, ਘਰ ਦੇ ਤਵੇ ਪਰਾਤਾਂ।
ਅਕਾਲੀ ਦਲ ਅਤੇ ਭਾਜਪਾ ਵਿਚਕਾਰ ਅਜੇ ਕੋਈ ਚੋਣ ਸਮਝੌਤਾ ਨਹੀਂ- ਇਕ ਖ਼ਬਰ
ਤੇਰੀ ਮੇਰੀ ਇਉਂ ਲੱਗ ਜਾਏ, ਜਿਵੇਂ ਗੁੱਤ ਦੀ ਪਰਾਂਦੇ ਨਾਲ ਯਾਰੀ।
ਸਾਡੀ ਸਰਕਾਰ ਆਉਣ ਤੇ ਅਸੀਂ ਬੁਢਾਪਾ ਪੈਂਨਸ਼ਨ 3100 ਕਰ ਦਿਆਂਗੇ- ਸੁਖਬੀਰ ਬਾਦਲ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।
ਯੂਰਪੀ ਦੇਸ਼ ਆਪਣੀ ਰੱਖਿਆ ਲਈ ਖ਼ੁਦਮੁਖਤਿਆਰੀ ਦਾ ਰਾਹ ਚੁਣਨ- ਬਰਤਾਨਵੀ ਪ੍ਰਧਾਨ ਮੰਤਰੀ
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ। (ਗੁਰੂ ਗ੍ਰੰਥ ਸਾਹਿਬ- 474)
ਬੰਗਲਾ ਦੇਸ਼ ਗੁਆਂਢੀ ਦੇਸ਼ਾਂ ਨਾਲ ਸਨਮਾਨਜਨਕ ਰਿਸ਼ਤੇ ਚਾਹੁੰਦਾ ਹੈ- ਪ੍ਰਧਾਨ ਮੰਤਰੀ ਰਹਿਮਾਨ
ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ਼।
===========================================================================
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
16.02.2026
ਰਾਹੁਲ ਗਾਂਧੀ ‘ਤੇ ਭੜਕੀ ਨਵਜੋਤ ਕੌਰ ਸਿੱਧੂ, ਉਸ ਨੂੰ ਪੱਪੂ ਕਿਹਾ- ਇਕ ਖ਼ਬਰ
ਚੁੱਕੀ ਹੋਈ ਲੰਬੜਾਂ ਦੀ, ਗਾਲ਼ ਬਿਨਾਂ ਨਾ ਬੋਲੇ।
ਅਮਰੀਕਾ ਨੇ ਐਚ 1 ਬੀ ਵੀਜ਼ਿਆਂ ਉੱਪਰ ਲਾਈਆਂ ਸਖ਼ਤ ਪਾਬੰਦੀਆਂ- ਇਕ ਖ਼ਬਰ
ਐਵੇਂ ਨਾ ਵੱਢਿਆ ਜਾਈਂ ਵੇ, ਪਿੰਡ ਪਹਿਰਾ ਲਗਦੈ।
ਦਸ ਸਾਲਾਂ ਵਿਚ ਦੇਸ਼ ਭਰ ਦੇ 93000 ਤੋਂ ਵੱਧ ਸਕੂਲਾਂ ਨੂੰ ਲੱਗੇ ਤਾਲੇ- ਇਕ ਸਰਕਾਰੀ ਰਿਪੋਰਟ
ਨਾ ਰਹੇ ਬਾਂਸ, ਨਾ ਵੱਜੇ ਬੰਸਰੀ।
ਨਵੀਂ ਸਿਆਸੀ ਸਟੇਜ ਦੀ ਭਾਲ ਵਿਚ ਨਵਜੋਤ ਸਿੰਘ ਸਿੱਧੂ- ਇਕ ਖ਼ਬਰ
ਚਲ ਉੜ ਜਾ ਰੇ ਪੰਛੀ ਕਿ ਅਬ ਯੇਹ ਦੇਸ਼ ਹੂਆ ਬੇਗਾਨਾ।
ਮੇਰੀ ਟਿੱਪਣੀ ਕਿਸੇ ਜਾਤੀ ਵਿਸ਼ੇਸ਼ ਜਾਂ ਕਿਸੇ ਭਾਈਚਾਰੇ ਵਿਰੁੱਧ ਨਹੀਂ ਸੀ- ਬਾਜਵਾ
ਆਕੜਦੈਂ! ਅਸੀਂ ਸਾਨ੍ਹ ਹੁੰਨੇ ਆਂ! ਹੁਣ ਮੋਕ ਕਿਉਂ ਮਾਰਦੈਂ! ਗਊ ਦਾ ਜਾਇਆ ਜੁ ਹੋਇਆ!
ਰਾਹੁਲ ਤੇ ਕਾਂਗਰਸ ਨੂੰ ਸਿਆਸਤ ਤੋਂ ਹਟਾਉਣ ਦਾ ਸਮਾਂ ਆ ਗਿਆ ਹੈ- ਭਾਜਪਾ
ਗ਼ਲੀਆਂ ਹੋ ਜਾਣ ਸੁੰਞੀਆਂ ਤੇ ਵਿਚ ਮਿਰਜ਼ਾ ਯਾਰ ਫਿਰੇ।
ਐਲ.ਜੀ. ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦਾ ਕਾਰਜਕਾਲ 250 ਦਿਨਾਂ ਲਈ ਵਧਾਉਣਾ ਗੁਰਦੁਆਰਾ ਐਕਟ ਦੀ ਉਲੰਘਣਾ- ਇਕ ਖ਼ਬਰ
ਮਿੱਠੇ ਯਾਰ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।
ਹਰਨਾਮ ਸਿੰਘ ਧੁੰਮਾ ਵਲੋਂ ਭੂਮੀ ਪੂਜਨ ਦੀ ਸਿੱਖ ਯੂਥ ਫੈਡਰੇਸ਼ਨ ਨੇ ਕੀਤੀ ਨਿਖੇਧੀ- ਇਕ ਖ਼ਬਰ
ਕਰੀ ਜਾਉ ਨਿਖੇਧੀ ਜਿੰਨੀ ਮਰਜ਼ੀ, ਅਗਲਾ ਟਿੱਚ ਕਰ ਕੇ ਨਹੀਂ ਜਾਣਦਾ।
ਅਮਰੀਕਾ ਨੇ ਹਮੇਸ਼ਾ ਸਾਨੂੰ ਇਸਤੇਮਾਲ ਕੀਤਾ- ਪਾਕਿਸਤਾਨ ਰੱਖਿਆ ਮੰਤਰੀ ਖਵਾਜਾ ਆਸਿਫ਼
ਪਾਟੀ ਲੀਰ ਪੁਰਾਣੀ ਵਾਙੂੰ, ਟੰਗ ਗਿਆ ਵਿਚ ਕਿੱਕਰਾਂ।
ਕੈਨੇਡਾ ‘ਚ 250 ਕਿਲੋਗ੍ਰਾਮ ਡਰੱਗਜ਼ ਨਾਲ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ- ਇਕ ਖ਼ਬਰ
ਸ਼ਾਬਾਸ਼ ਪੁੱਤਰੋ ਕਰ ਦਿਉ ਪੰਜਾਬ ਦਾ ਨਾਮ ਰੌਸ਼ਨ ਸਾਰੇ ਕੈਨੇਡਾ ‘ਚ।
19 ਫ਼ਰਵਰੀ ਦੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਪੰਥਕ ਮਸਲੇ ਵਿਚਾਰੇ ਜਾਣਗੇ- ਇਕ ਖ਼ਬਰ
ਕਿ ਸ਼੍ਰੋਮਣੀ ਕਮੇਟੀ ਦੀ ਹੋਰ ਕਿਹੜੀ ਕਿਹੜੀ ਜ਼ਮੀਨ ਕੌਡੀਆਂ ਦੇ ਭਾਅ ਵੇਚੀ ਜਾ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਲਈ ਕਾਂਗਰਸ ਦੇ ਦਰਵਾਜ਼ੇ ਖੁੱਲ੍ਹੇ- ਭੂਪੇਸ਼ ਪਟੇਲ
ਤੈਨੂੰ ਚੰਦ ਦੇ ਬਹਾਨੇ ਦੇਖਾਂ, ਕੋਠੇ ਉੱਤੇ ਆ ਜਾ ਮਿੱਤਰਾ।
ਸਿੱਖ ਜਥੇ ਦੇ ਬਹਾਨੇ ਪਾਕਿਸਤਾਨ ਗਈ ਹੋਈ ਸਰਬਜੀਤ ਕੌਰ ਹੁਣ ਪੱਕੇ ਤੌਰ ‘ਤੇ ਪਾਕਿਸਤਾਨ ਹੀ ਰਹੇਗੀ- ਇਕ ਖ਼ਬਰ
ਚੁੰਨੀ ਰੰਗ ਦੇ ਲਲਾਰੀਆ ਮੇਰੀ, ਮਿੱਤਰਾਂ ਦੇ ਰੰਗ ਵਰਗੀ।
ਕੇਰਲ ਵਿਧਾਨ ਸਭਾ ਵਿਚ ‘ਵੀ ਬੀ-ਜੀ ਰਾਮ ਜੀ’ ਸਕੀਮ ਵਾਪਸ ਲੈਣ ਦੀ ਮੰਗ ਵਾਲਾ ਮਤਾ ਪੇਸ਼- ਇਕ ਖ਼ਬਰ
ਤੇਰੇ ਖੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਉਂ ਚੱਬਣੇ।
ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਭਗਵੰਤ ਮਾਨ ਦੀ ਚੁੱਪੀ ‘ਤੇ ਪਰਗਟ ਸਿੰਘ ਨੇ ਚੁੱਕੇ ਸਵਾਲ- ਇਕ ਖ਼ਬਰ
ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ ਕਿ ਅੱਧੀ ਰਾਤੋਂ ਰਾਤ ਟੱਪ ਗਈ।
==============================================================================
ਚੁੰਝਾਂ-ਪ੍ਹੌਂਚੇ
ਸਰਕਾਰੀ ਸਕੂਲਾਂ ‘ਚ ਭਰੋਸਾ ਕਾਇਮ ਕਰਨਾ ਸਮੇਂ ਦੀ ਮੁੱਖ ਲੋੜ- ਰਾਜਿੰਦਰ ਗੁਪਤਾ
ਅਧਿਆਪਕ, ਸਿਆਸਤਦਾਨ ਅਤੇ ਵੱਡੇ ਅਫ਼ਸਰ ਆਪਣੇ ਬੱਚੇ ਉੱਥੇ ਦਾਖ਼ਲ ਕਰਵਾਉਣ, ਭਰੋਸਾ ਤਾਂ ਸਕੂਲਾਂ ਵਲ ਭੱਜਿਆ ਆਏਗਾ।
ਜਿਨ੍ਹਾਂ ਨੂੰ ਬੱਲਾ ਫੜਨਾ ਨਹੀਂ ਆਉਂਦਾ, ਉਹ ਕ੍ਰਿਕਟ ਐਸੋਸੀਏਸ਼ਨਾਂ ਵਿਚ- ਸੁਪਰੀਮ ਕੋਰਟ
ਸੁਪਰੀਮ ਕੋਰਟ ਜੀ ਕਿੱਥੇ ਛਿੱਕਾ ਮਾਰ ਦਿਤਾ, ਹੁਣ ਬਚ ਕੇ ਰਹਿਓ।
ਕੁਰਬਾਨੀਆਂ ਦੇਣ ‘ਚ ਪੰਜਾਬ ਹਮੇਸ਼ਾ ਮੋਹਰੀ ਰਿਹਾ- ਭਗਵੰਤ ਮਾਨ
ਖਾਣ ਪੀਣ ਨੂੰ ਬਾਂਦਰੀ ਤੇ ਧੌਣ ਭੰਨਾਉਣ ਨੂੰ ਜੁੰਮਾ।
‘ਆਪ’ ਅਤੇ ਕਾਂਗਰਸ ਦੋਵੇਂ ਕੇਂਦਰ ਦੇ ਬਜਟ ਦੀ ਮੂਲ ਭਾਵਨਾ ਨੂੰ ਸਮਝਣ ਦੇ ਅਸਮਰੱਥ- ਜਾਖੜ
ਇਸ ਬਜਟ ਦੀ ਮੂਲ ਭਾਵਨਾ ਦੀ ਸਮਝ ਭਾਜਪਾ ‘ਚ ਜਾਣ ਨਾਲ ਹੀ ਆਉਂਦੀ ਹੈ।
ਰਾਹੁਲ ਗਾਂਧੀ ਦੇ ਬਿਆਨ ਉੱਤੇ ਲੋਕ ਸਭਾ ‘ਚ ਹੰਗਾਮਾ- ਇਕ ਖ਼ਬਰ
ਹੰਗਾਮਾ ਹੈ ਕਿਉਂ ਬਰਪਾ, ਕੁਛ ਗ਼ਲਤ ਨਹੀਂ ਬੋਲਾ ਹੈ।
ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਦੀ ਵਰਦੀ ਬਦਲੀ- ਇਕ ਖ਼ਬਰ
ਇਕੱਲੀ ਵਰਦੀ ਨਹੀਂ, ਇਨ੍ਹਾਂ ਦੀ ਬੋਲ-ਬਾਣੀ ਸੁਧਾਰਨ ਲਈ ਸਿਖਲਾਈ ਵੀ ਦੇਵੋ।
ਪੰਜਾਬ ਕਾਂਗਰਸ ਸਪਸ਼ਟ ਕਰੇ ਕਿ ਉਹ ਨਸ਼ਾ ਵਿਰੋਧੀ ਮੁਹਿੰਮ ਦੇ ਹੱਕ ਵਿਚ ਹੈ ਜਾਂ ਵਿਰੁੱਧ- ਬਲਤੇਜ ਪੰਨੂੰ
ਦਿਨੇ ਹੱਕ ਵਿਚ ਅਤੇ ਰਾਤ ਨੂੰ ਵਿਰੁੱਧ।
ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾਇਆ- ਇਕ ਖ਼ਬਰ
ਨਿੰਮ ਦਾ ਤੂੰ ਮਾਣ ਨਾ ਕਰੀਂ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਜਾਖੜ ਨੂੰ ਗ਼ਦਾਰ ਤੇ ਮੌਕਾਪ੍ਰਸਤ- ਇਕ ਖ਼ਬਰ
ਗੱਲ ਕੰਮ ਦੀ ਨਾ ਕਰਦੇ ਕੋਈ, ਰੰਨਾਂ ਵਾਂਗ ਮਿਹਣੇ ਮਾਰਦੇ।
ਭਾਰਤ ਦੇ ਸੰਸਦ ਮੈਂਬਰਾਂ ਦੀ ਜਾਇਦਾਦ ਵਿਚ ਛੜੱਪੇਮਾਰ 110 ਫ਼ੀਸਦੀ ਦਾ ਵਾਧਾ- ਇਕ ਖ਼ਬਰ
ਤੇਲੀ ਕਰੀਏ ਤੇ ਰੁੱਖਾ ਖਾਈਏ, ਇਹ ਨਹੀਂ ਪੁੱਗਦਾ ਸਾਨੂੰ।
ਵਿਰੋਧੀ ਧਿਰ ਦੇ ਹੰਗਾਮੇ ਕਾਰਨ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਨ ਮੁਲਤਵੀ- ਇਕ ਖ਼ਬਰ
ਭਲਾ ਹੋਇਆ ਮੇਰਾ ਚਰਖ਼ਾ ਟੁੱਟਾ, ਜਿੰਦ ਅਜਾਬੋਂ ਛੁੱਟੀ।
ਖਿਲਰੀ ਸਿੱਖ ਲੀਡਰਸ਼ਿੱਪ ਕਾਰਨ ਪੰਥ ਵਿਰੋਧੀ ਪੰਜਾਬ ‘ਤੇ ਰੱਖ ਰਹੇ ਹਨ ਮੈਲ਼ੀ ਅੱਖ- ਇਕ ਖ਼ਬਰ
ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।
ਭਾਜਪਾ ਯੂਰੀਆ ਥੈਲਿਆਂ ਦਾ ਭਾਰ ਘਟਾ ਕੇ ਕਿਸਾਨਾਂ ਨੂੰ ਲੁੱਟ ਰਹੀ ਹੈ- ਭੂਪਿੰਦਰ ਸਿੰਘ ਹੁੱਡਾ
ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।
ਸੀਚੇਵਾਲ ਵਲੋਂ ‘ਚੋਣ ਮੈਨੀਫੈਸਟੋ’ ਨੂੰ ਕਾਨੂੰਨੀ ਮਾਨਤਾ ਦੇਣ ਲਈ ਸੋਧ ਬਿੱਲ ਰਾਜ ਸਭਾ ‘ਚ ਪੇਸ਼- ਇਕ ਖ਼ਬਰ
ਸੀਚੇਵਾਲ ਜੀ ਅੱਖੀਂ ਦੇਖ ਕੇ ਮੱਖੀ ਕਿਸੇ ਨੇ ਨਹੀਂ ਨਿਗ਼ਲਣੀ।
ਸੁਖਬੀਰ ਬਾਦਲ ਦੇ ਪ੍ਰਧਾਨ ਰਹਿੰਦਿਆਂ ਅਕਾਲੀ ਦਲ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ- ਗਿਆਨੀ ਹਰਪ੍ਰੀਤ ਸਿੰਘ
ਕਾਲ਼ੇ ਕੋਲ਼ ਮੰਜਾ ਨਹੀਂ ਡਾਹੁਣਾ, ਲਿਸ਼ਕੇ ਤਾਂ ਪੈ ਜੂ ਬਿਜਲੀ।
===============================================================================
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
26.01.2026
ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨਾਲੋਂ ਤੋੜਿਆ ਨਾਤਾ- ਇਕ ਖ਼ਬਰ
ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।
ਟਰੰਪ ਨੇ ਮੋਦੀ ਨੂੰ ਗਾਜ਼ਾ ਲਈ ‘ਬੋਰਡ ਆਫ਼ ਪੀਸ’ ਵਿਚ ਸ਼ਾਮਲ ਹੋਣ ਲਈ ਦਿਤਾ ਸੱਦਾ- ਇਕ ਖ਼ਬਰ
ਮਿੱਤਰਾ ਸੈਰ ਕਰਾਵਾਂ, ਚੜ੍ਹ ਮੇਰੇ ਬੋਤੇ ‘ਤੇ।
ਗਰੀਨਲੈਂਡ ਉੱਤੇ ਅਮਰੀਕਾ ਦਾ ਕੰਟਰੋਲ ਜ਼ਰੂਰੀ- ਟਰੰਪ
ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ, ਰੋਹੀ ਵਾਲ਼ਾ ਜੰਡ ਵੱਢ ਕੇ।
ਪੰਜਾਬ ਕਾਂਗਰਸ ਦੀ ਪ੍ਰਧਾਨਗੀ ‘ਚ ਕੋਈ ਬਦਲਾਅ ਨਹੀਂ ਹੋਵੇਗਾ- ਕਾਂਗਰਸ ਹਾਈ ਕਮਾਨ
ਜਿਊਣਾ ਮੌੜ ਵੱਢਿਆ ਨਾ ਜਾਵੇ, ਛਵ੍ਹੀਆਂ ਦੇ ਘੁੰਡ ਮੁੜ ਗਏ।
ਫ਼ਰਾਂਸ ਉੱਪਰ 200 ਫ਼ੀਸਦੀ ਟੈਰਿਫ਼ ਲਗਾਵਾਂਗਾ- ਟਰੰਪ
ਕਾਹਨੂੰ ਮਾਰਦੈਂ ਪਤਲਿਆ ਡਾਕੇ, ਔਖੀ ਹੋ ਜੂ ਕੈਦ ਕੱਟਣੀ।
ਅਰਾਵਲੀ ਵਿਚ ਰੋਕ ਦੇ ਬਾਵਜੂਦ ਗ਼ੈਰਕਾਨੂੰਨੀ ਖਣਨ ਜਾਰੀ- ਸੁਪਰੀਮ ਕੋਰਟ
ਅਸਾਂ ਨਿੱਤ ਦੇ ਸ਼ਰਾਬੀ ਰਹਿਣਾ, ਅੱਧ ਵਿਚ ਕੰਧ ਕੱਢ ਲੈ।
ਕੈਨੇਡੀਅਨ ਪ੍ਰਧਾਨ ਮੰਤਰੀ ਦੇ ਬਿਆਨਾਂ ‘ਤੇ ਭੜਕੇ ਟਰੰਪ, ‘ਬੋਰਡ ਆਫ਼ ਪੀਸ’ ਦਾ ਸੱਦਾ ਵਾਪਸ ਲਿਆ- ਇਕ ਖ਼ਬਰ
ਜਦੋਂ ਸੱਚੀਆਂ ਸੁਣਾਈਆਂ ਨੀਂ, ਬੜਾ ਦੁਖ ਲੱਗਿਆ, ਬੜਾ ਦੁਖ ਲੱਗਿਆ।
ਦਲਜੀਤ ਚੀਮਾ 2 ਦਸੰਬਰ 2024 ਦੇ ਫ਼ੈਸਲਿਆਂ ਨੂੰ ਗ਼ਲਤ ਦੱਸਣ ਦੀ ਹਿਮਾਕਤ ਕਰ ਰਿਹੈ- ਗੁਰਜੀਤ ਸਿੰਘ ਤਲਵੰਡੀ, ਤਜਿੰਦਰ ਸਿੰਘ ਪੰਨੂ
ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ।
ਡੈਨਮਾਰਕ ਦੇ ਲੋਕ ਅਮਰੀਕੀ ਸਾਮਾਨ ਦਾ ਕਰ ਰਹੇ ਹਨ ਬਾਈਕਾਟ- ਇਕ ਖ਼ਬਰ
ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।
ਭਾਜਪਾ ਦੀ ਸੀਨੀਅਰ ਲੀਡਰਸ਼ਿੱਪ ਸ੍ਰੀ ਨਾਭ ਕੰਵਲ ਮਜਾਰਾ ਸਾਹਿਬ ਵਿਖੇ ਮੱਥਾ ਟੇਕਣ ਜਾਵੇਗੀ- ਇਕ ਖ਼ਬਰ
ਮੱਥਾ ਟੇਕਣ ਨਹੀਂ, ਬਲ਼ਦੀ ‘ਤੇ ਤੇਲ ਪਾਉਣ ਜਾਵੇਗੀ।
ਟਰੰਪ ਦੀ ਟੈਰਿਫ਼ ਧਮਕੀ ‘ਤੇ ਬਰਤਾਨੀਆ ਦਾ ਸਖ਼ਤ ਵਿਰੋਧ- ਇਕ ਖ਼ਬਰ
ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਮੈਂ ਕਦੇ ਵੀ ਹਾਈ ਕਮਾਨ ਦੇ ਫ਼ੈਸਲਿਆਂ ਵਿਰੁੱਧ ਨਹੀਂ ਗਿਆ- ਸ਼ਸ਼ੀ ਥਰੂਰ
ਕਾਹਨੂੰ ਮਾਰਦੈਂ ਚੰਦਰਿਆ ਛਮਕਾਂ, ਮੈਂ ਕੱਚ ਦੇ ਗਿਲਾਸ ਵਰਗੀ।
ਸੱਤਾ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਭਾਜਪਾ- ਰਾਹੁਲ ਗਾਂਧੀ
ਪੂਣੀਆਂ ਮੈਂ ਤਿੰਨ ਕੱਤੀਆਂ, ਟੁੱਟ ਪੈਣੇ ਦਾ ਤੇਰ੍ਹਵਾਂ ਗੇੜਾ।
ਕੀ ਪਾਠਾਂ ਦੀਆਂ ਲੜੀਆਂ ਗੁਰਮਤਿ ਅਨੁਸਾਰ ਠੀਕ ਹਨ?- ਗਲੋਬਲ ਸਿੱਖ ਕੌਂਸਲ
ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਦਾਦੂਵਾਲ ਅਤੇ ਝੀਂਡਾ ਵਿਚ ਵਿਵਾਦ ਛਿੜਿਆ- ਇਕ ਖ਼ਬਰ
ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਂਵੇਂ ਖਾਣੀ।
======================================================================================
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
20.01.2026
ਪਿੰਡ ਪੱਧਰ ਤੋਂ ਸੰਵਿਧਾਨਕ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗੀ ਪੰਜਾਬ ਕਾਂਗਰਸ- ਇਕ ਖ਼ਬਰ
ਕਾਂਗਰਸ ਪ੍ਰਧਾਨ ਲੋਕਾਂ ਨੂੰ ਪਹਾੜੇ ਵੀ ਯਾਦ ਕਰਵਾਉਣਗੇ। (ਬਾਰਾਂ ਪਾਂਜੇ ਅਠਤਾਲੀ)
ਹਰਿਆਣਾ ਪੰਜਾਬ ਦੇ ਨਾਲ ਖੜ੍ਹਾ- ਨਾਇਬ ਸਿੰਘ ਸੈਣੀ
ਤਾਂ ਹੀ ਨਿੱਤ ਪੰਜਾਬ ਦੇ ਰਾਹ ‘ਚ ਕੰਡੇ ਬੀਜਦੇ ਹੋ, ਤੁਸੀਂ ਤੇ ਤੁਹਾਡੀ ਕੇਂਦਰ ਸਰਕਾਰ!
ਚਰਨਜੀਤ ਸਿੰਘ ਬਰਾੜ ਨੇ ਪੁਨਰ ਸੁਰਜੀਤ ਅਕਾਲੀ ਦਲ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ
ਕੋਹ ਤੁਰੀ ਨਾ ਅਖੇ ਬਾਬਾ ਤ੍ਰਿਹਾਈ।
ਅਕਾਲੀ ਦਲ ਦਿਨੋ ਦਿਨ ਨਿਘਾਰ ਵਲ- ਇਕ ਖ਼ਬਰ
ਕੀਤੀਆਂ ਲੱਧੀ ਦੀਆਂ ਪੇਸ਼ ਦੁੱਲੇ ਦੇ ਆਈਆਂ।
25 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਬਾਹਰ ਆਏ- ਮੋਦੀ
ਜਿਨ੍ਹਾਂ ਦੇ ਘਰ ਪੰਜ ਕਿੱਲੋ ਰਾਸ਼ਨ ਪਿਆ ਹੋਵੇ ਉਹ ਤਾਂ ਆਪੇ ਗ਼ਰੀਬੀ ਰੇਖਾ ਤੋਂ ਬਾਹਰ ਹੋ ਗਏ।
ਸਪੀਕਰ ਸੰਧਵਾਂ ਨੇ ਮਿਲਾਵਟਖੋਰੀ ਛੱਡਣ ਦੀ ਕੀਤੀ ਅਪੀਲ- ਇਕ ਖ਼ਬਰ
ਸੰਧਵਾਂ ਸਾਬ ਵਾਦੜੀਆਂ ਸਜਾਦੜੀਆਂ ਅਪੀਲਾਂ ਨਾਲ ਨਹੀਂ ਛੱਡਵਾਈਆਂ ਜਾਂਦੀਆਂ।
ਗਰੀਨਲੈਂਡ ਨੂੰ ਅਮਰੀਕਾ ਦੇ ਹੱਥਾਂ ਵਿਚ ਰੱਖਣ ਤੋਂ ਘੱਟ ਕੁਝ ਵੀ ਮੰਨਜ਼ੂਰ ਨਹੀਂ- ਟਰੰਪ
ਇਕ ਰਾਂਝਣ ਮੈਨੂੰ ਲੋੜੀਦਾ, ਨੀਂ ਮਾਏ ਇਕ ਰਾਂਝਣ ਮੈਨੂੰ ਲੋੜੀਦਾ।
ਸਰਬਜੀਤ ਕੌਰ ਦੀ ਭਾਰਤ ਵਾਪਸੀ ਫਿਲਹਾਲ ਟਲ਼ੀ- ਇਕ ਖ਼ਬਰ
ਅਜੇ ਹਨੀਮੂਨ ਪੂਰਾ ਨਹੀ ਹੋਇਆ ਬਈ!
ਐਸ.ਆਈ.ਟੀਮਾਂ ਰਿਕਾਰਡ ਲੈਣ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ‘ਚ ਪਹੁੰਚੀਆਂ- ਇਕ ਖ਼ਬਰ
ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ?
ਹਰਿਆਣਾ ਪੰਜਾਬ ਦੇ ਨਾਲ ਖੜ੍ਹਾ- ਨਾਇਬ ਸਿੰਘ ਸੈਣੀ
ਤਾਂ ਹੀ ਨਿੱਤ ਪੰਜਾਬ ਦੇ ਰਾਹ ‘ਚ ਕੰਡੇ ਬੀਜਦੇ ਹੋ, ਤੁਸੀਂ ਤੇ ਤੁਹਾਡੀ ਕੇਂਦਰ ਸਰਕਾਰ!
ਚਰਨਜੀਤ ਸਿੰਘ ਬਰਾੜ ਨੇ ਪੁਨਰ ਸੁਰਜੀਤ ਅਕਾਲੀ ਦਲ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ
ਕੋਹ ਤੁਰੀ ਨਾ ਅਖੇ ਬਾਬਾ ਤ੍ਰਿਹਾਈ।
ਬਸਪਾ ਸਾਰੀਆਂ ਚੋਣਾਂ ਇਕੱਲਿਆਂ ਹੀ ਲੜੇਗੀ- ਮਾਇਆਵਤੀ
ਮੇਰੀ ਕੱਤਣੀ ‘ਚ ਪੈਣ ਫ਼ਰਾਟੇ, ਪੂਣੀਆਂ ਦੇ ਸੱਪ ਬਣ ਗਏ।
ਫ਼ਸਲ ਬੀਮਾ ਯੋਜਨਾ ਰਾਹੀਂ ਕਿਸਾਨਾਂ ਦੀ ਸੈਂਕੜੇ ਕਰੋੜ ਰੁਪਇਆਂ ਦੀ ਲੁੱਟ ਕੀਤੀ ਜਾ ਰਹੀ ਹੈ- ਭੂਪਿੰਦਰ ਸਿੰਘ ਹੁੱਡਾ
ਸਾਰੇ ਜੱਟ ਕਰਜ਼ਾਈ ਕੀਤੇ, ਬਾਣੀਆਂ ਨੇ ਅੱਤ ਚੁੱਕ ਲਈ।
ਟਰੰਪ ਵਲੋਂ ਯੂਰਪੀ ਦੇਸ਼ਾਂ ਉੱਪਰ ਨਵੇਂ ਟੈਰਿਫ਼ ਦਾ ਸਖ਼ਤ ਵਿਰੋਧ ਸ਼ੁਰੂ- ਇਕ ਖ਼ਬਰ
ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਧਾਰਮਿਕ ਜੋੜ ਮੇਲਿਆਂ ਵੇਲੇ ਸਿਆਸੀ ਕਾਨਫ਼ਰੰਸਾਂ ਬਾਰੇ ਸਪਸ਼ਟੀਕਰਨ ਦੇਣ ਜਥੇਦਾਰ- ਰਾਜਾ ਵੜਿੰਗ
ਜੇ ਤੁਹਾਡੀ ਕਾਨਫ਼ਰੰਸ ਵੀ ਲਗ ਜਾਂਦੀ ਫੇਰ ਕੀਹਨੇ ਸਪਸ਼ਟੀਕਰਨ ਮੰਗਣਾ ਸੀ? ਹੈ ਨਾ ਰਾਜਾ ਸਾਬ!
=============================================================================