Gursharan Singh Kumar

ਕਹਾਣੀ : ਮੈਂ ਫਿਰ ਆਵਾਂਗੀ - ਗੁਰਸ਼ਰਨ ਸਿੰਘ ਕੁਮਾਰ

ਪ੍ਰੀਤੀ ਨਰਸਿੰਗ ਹੋਮ ਦੇ ਇਕ ਪ੍ਰਾਈਵੇਟ ਕਮਰੇ ਵਿਚ ਆਪਣੇ ਬੈਡ 'ਤੇ ਪਈ ਸੀ। ਹੁਣੇ ਹੁਣੇ ਉਹ ਇਕ ਬੱਚੇ ਨੂੰ ਜਨਮ ਦੇ ਕੇ ਹਟੀ ਸੀ ਪਰ ਉਹ ਬੇਹੋਸ਼ ਸੀ। ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਨੇ ਲੜਕੇ ਨੂੰ ਜਨਮ ਦਿੱਤਾ ਸੀ ਜਾਂ ਲੜਕੀ ਨੂੰ। ਉਸ ਦਾ ਪਤੀ ਪਾਲ ਉਸ ਦੇ ਕੋਲ ਖੜ੍ਹਾ ਸੀ। ਡਾਕਟਰ ਪ੍ਰੀਤੀ ਦਾ ਖ਼ੂਨ ਦਾ ਦੋਰਾ ਅਤੇ ਨਬਜ਼ ਚੈਕ ਕਰ ਰਹੀ ਸੀ। ਉਸ ਨੇ ਪਾਲ ਨੂੰ ਕਿਹਾ ਕਿ ਫਿਕਰ ਦੀ ਕੋਈ ਗੱਲ ਨਹੀਂ, ਅੱਧੇ ਘੰਟੇ ਤੱਕ ਇਸ ਨੂੰ ਹੋਸ਼ ਆ ਜਾਵੇਗੀ। ਬੱਚੀ ਨੂੰ ਹਾਲੀ ਦੂਸਰੇ ਡਾਕਟਰ ਚੈਕ ਕਰ ਰਹੇ ਹਨ, ਥੋਹੜੀ ਦੇਰ ਤੱਕ ਤੁਹਾਨੂੰ ਸੋਂਪ ਦਿਆਂਗੇ। ਬੇਹੋਸ਼ੀ ਵਿਚ ਹੀ ਪ੍ਰੀਤੀ ਦੇ ਚਿਹਰੇ 'ਤੇ ਇਕ ਰੰਗ ਆ ਰਿਹਾ ਸੀ ਅਤੇ ਇਕ ਰਂਗ ਜਾ ਰਿਹਾ ਸੀ। ਕਈ ਵਾਰੀ ਉਸ ਦਾ ਚਿਹਰਾ ਗੁਲਾਬੀ ਭਾਅ ਲੈ ਕੇ ਚਮਕ ਉੱਠਦਾ। ਉਹ ਮੁਸਕਰਾ ਉੱਠਦੀ। ਉਸ ਦੀਆਂ ਗੋਰੀਆਂ ਗੱਲਾਂ ਦਾ ਖੱਡਾ ਹੋਰ ਵੀ ਡੂੰਗਾ ਹੋ ਜਾਂਦਾ ਅਤੇ ਬਹੁਤ ਪਿਆਰਾ ਲੱਗਦਾ। ਦੂਜੇ ਹੀ ਪਲ ਉਸ ਦੇ ਮੱਥੇ 'ਤੇ ਇਕ ਦਮ ਤਿਊੜੀਆਂ ਪੈ ਜਾਂਦੀਆਂ ਅਤੇ ਗੁੱਸੇ ਵਿਚ ਚਿਹਰਾ ਲਾਲ ਹੋ ਜਾਂਦਾ। ਬੁੱਲ ਫਰਕਨ ਲੱਗ ਜਾਂਦੇ ਜਿਵੇਂ ਕਿਸੇ ਨਾਲ ਲੜ ਰਹੀ ਹੋਵੇ। ਪਾਲ ਇਹ ਸਭ ਕੁਝ ਬੜੇ ਗੌਰ ਨਾਲ ਦੇਖ ਰਿਹਾ ਸੀ ਪਰ ਉਸ ਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ।
ਥੋਹੜੀ ਦੇਰ ਬਾਅਦ ਪ੍ਰੀਤੀ ਨੂੰ ਕੁਝ ਹੋਸ਼ ਆਈ। ਉਸ ਨੇ ਅੱਖਾਂ ਪੁੱਟ ਕੇ ਪਾਲ ਵੱਲ ਦੇਖਿਆ। ਪਾਲ ਨੇ ਪ੍ਰੀਤੀ ਵੱਲ ਦੇਖਿਆ। ਉਸ ਨੂੰ ਲੱਗਿਆ ਜਿਵੇਂ ਪ੍ਰੀਤੀ ਕੁਝ ਕਹਿਣਾ ਚਾਹ ਰਹੀ ਸੀ। ਪ੍ਰੀਤੀ ਨੇ ਪਾਲ ਦੀ ਪਿੱਠ ਤੇ ਹੱਥ ਰੱਖ ਕੇ ਉਸ ਨੂੰ ਦਬਾ ਕੇ ਆਪਣੇ ਸੀਨੇ ਨਾਲ ਲਾ ਲਿਆ ਅਤੇ ਪੁੱਛਿਆ,''ਤੁਸੀਂ ਠੀਕ ਹੋ?''
''ਮੈਨੂੰ ਕੀ ਹੋਣਾ ਹੈ? ਤੁੰ ਦੱਸ ਤੂੰ ਠੀਕ ਹੈਂ?'' ਪਾਲ ਨੇ ਚਿਹਰੇ 'ਤੇ ਮੁਸਕਾਨ ਬਿਖੇਰਦੇ ਹੋਏ ਪੁੱਛਿਆ।
''ਮੈਂ ਠੀਕ ਹਾਂ...... ਕੀ ਹੋਇਆ ਹੈ?''
''ਤੂੰ ਬੁੱਝ।''
''ਨਹੀਂ ਤੁਸੀਂ ਦੱਸੋ ਨਾ?'' ਪ੍ਰੀਤੀ ਨੇ ਬੱਚਿਆਂ ਦੀ ਤਰ੍ਹਾਂ ਜਿਦ ਕੀਤੀ। ਇਨੇ ਵਿਚ ਨਰਸ ਨੇ ਆ ਕੇ ਤੌਲੀਏ ਵਿਚ ਲਪੇਟੀ ਹੋਈ ਬੱਚੀ ਨੂੰ ਪ੍ਰੀਤੀ ਦੀ ਗੋਦ ਵਿਚ ਰੱਖ ਦਿੱਤਾ ਤੇ ਕਿਹਾ,''ਵਧਾਈ ਹੋਵੇ, ਲੱਛਮੀ ਆਈ ਹੈ।''
ਪ੍ਰੀਤੀ ਨੇ ਬੱਚੀ ਦੇ ਚਿਹਰੇ ਤੋਂ ਤੌਲੀਆ ਪਰੇ ਕੀਤਾ ਅਤੇ ਇਕ ਦਮ ਚੀਕ ਮਾਰੀ, ''ਤੂੰ ਫਿਰ ਆ ਗਈ?......ਇਹ ਤਾਂ ਉਹ ਹੀ ਹੈ........ਦੂਰ ਕਰੋ ਇਸ ਨੂੰ.....ਇਹ ਮੈਨੂੰ ਖਾ ਜਾਵੇਗੀ।'' ਨਾਲ ਹੀ ਉਸ ਨੇ ਬੱਚੀ ਨੂੰ ਬੈਡ ਤੇ ਪਟਕ ਦਿੱਤਾ। ਫਿਰ ਚਿਲਾਈ, ''ਮੈਂ ਇਸ ਨੂੰ ਮਾਰ ਛੱਡਾਂਗੀ ਜਿਵੇਂ ਪਹਿਲਾਂ ਮਾਰਿਆ ਸੀ.......ਇਹ ਮੇਰੇ ਮੱਥੇ ਦਾ ਕਲੰਕ ਹੈ।'' ਇਨਾ ਕਹਿ ਕੇ ਪ੍ਰੀਤੀ ਬੇਹੋਸ਼ ਹੋ ਕੇ ਇਕ ਪਾਸੇ ਨੂੰ ਲੁੜਕ ਗਈ। ਸਾਰੇ ਪ੍ਰੀਤੀ ਦੀ ਇਸ ਹਰਕਤ ਤੋਂ ਹੈਰਾਨ ਸਨ। ਨਰਸ ਨੇ ਇਕ ਦਮ ਬੱਚੀ ਨੂੰ ਚੁੱਕਿਆ ਅਤੇ ਡਾਕਟਰ ਕੋਲ ਲੈ ਗਈ ਕਿ ਕਿਧਰੇ ਬੱਚੀ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ।
 ਪਾਲ ਇਸ ਘਟਨਾ ਤੋਂ ਬਹੁਤ ਪ੍ਰੇਸ਼ਾਨ ਸੀ। ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਹ ਪਹਿਲੀ ਵਾਰੀ ਬਾਪ ਬਣਿਆ ਸੀ ਉਸ ਵਿਚ ਬਾਪ ਬਨਣ ਦਾ ਅਤੇ ਪੂਰਨ ਮਰਦ ਹੋਣ ਦਾ ਚਾਅ ਸੀ। ਇਸ ਘਟਨਾ ਨਾਲ ਉਸ ਦੇ ਸਾਰੇ ਚਾਅ ਅੰਦਰ ਹੀ ਮਧੋਲੇ ਗਏ ਸਨ।
ਉਸ ਦਿਨ ਤੋਂ ਬਾਅਦ ਜਦ ਵੀ ਪ੍ਰੀਤੀ ਹੋਸ਼ ਵਿਚ ਆਉਂਦੀ ਤਾਂ ਬੱਚੀ ਨੂੰ ਦੇਖ ਕੇ ਉੱਚੀ ਉੱਚੀ ਚਿਲਾਉਣ ਲੱਗ ਪੈਂਦੀ ਅਤੇ ਬੇਹੋਸ਼ ਹੋ ਜਾਂਦੀ। ਪ੍ਰੀਤੀ ਨੂੰ ਮਾਨਸਿਕ ਡਾਕਟਰ ਕੋਲ ਦਿਖਾਇਆ ਗਿਆ। ਉਸ ਦੀ ਵੀ ਸਮਝ ਵਿਚ ਖਾਸ ਕੁਝ ਵੀ ਨਾ ਆਇਆ। ਉਸ ਨੇ ਕੇਵਲ ਏਨਾ ਹੀ ਕਿਹਾ ਕਿ ਇਸ ਨੂੰ ਕਿਸੇ ਬਹੁਤ ਪੁਰਾਣੇ ਸਦਮੇ ਦੀ ਯਾਦ ਤਾਜ਼ਾ ਹੋ ਗਈ ਹੈ। ਨਵ ਜੰਮੀ ਬੱਚੀ ਨੂੰ ਦੇਖ ਕੇ ਇਸ ਦੇ ਕੋਈ ਪੁਰਾਣੇ ਜ਼ਖ਼ਮ ਹਰੇ ਹੋ ਜਾਂਦੇ ਹਨ। ਇਸ ਲਈ ਇਹ ਖ਼ੂੰਖਾਰ ਹੋ ਜਾਂਦੀ ਹੈ। ਬਿਹਤਰ ਇਹ ਹੀ ਹੈ ਕਿ ਬੱਚੀ ਨੂੰ ਇਸ ਦੇ ਸਾਹਮਣੇ ਨਾ ਲਿਆਇਆ ਜਾਏ ਅਤੇ ਓਪਰੇ ਦੁੱਧ ਤੇ ਹੀ ਰੱਖਿਆ ਜਾਏ। ਇਸ ਨਾਲ ਪਾਲ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਗਈ। ਉਹ ਇਸ ਭਰੇ ਸੰਸਾਰ ਵਿਚ ਬਿਲਕੁਲ ਇਕੱਲਾ ਹੋ ਕੇ ਰਹਿ ਗਿਆ। ਇਕ ਪਾਸੇ ਮਾਸੂਮ ਬੱਚੀ ਦੀ ਪਰਵਰਿਸ਼ ਅਤੇ ਦੂਜੇ ਪਾਸੇ ਮਨੋਰੋਗੀ ਪਤਨੀ ਨੂੰ ਸੰਭਾਲਣਾ ਉਸ ਲਈ ਬਹੁਤ ਮੁਸ਼ਕਲ ਸੀ। ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਅਤੇ ਕੀ ਨਾ ਕਰੇ। ਕੋਈ ਬੰਦਾ ਐਸਾ ਨਹੀਂ ਸੀ ਜਿਸ ਨੂੰ ਉਹ ਇਸ ਔਖੀ ਘੜੀ ਆਪਣੇ ਕੋਲ ਮਦਦ ਲਈ ਬੁਲਾ ਸੱਕੇ। ਪ੍ਰੀਤੀ ਦੀਆਂ ਖ਼ੂੰਖਾਰ ਹਰਕਤਾਂ ਅਤੇ ਚੀਖ ਚਿਹਾੜਾ ਵਧਦਾ ਜਾ ਰਿਹਾ ਸੀ। ਡਾਕਟਰਾਂ ਨੇ ਪ੍ਰੀਤੀ ਨੂੰ ਪਾਗਲਖਾਨੇ ਭਰਤੀ ਕਰਾਉਣ ਦੀ ਸਲਾਹ ਦਿੱਤੀ। ਉਸ ਦਾ ਛੋਟੀ ਬੱਚੀ ਨਾਲ ਇਕੋ ਘਰ ਵਿਚ ਰਹਿਣਾ ਬੱਚੀ ਦੀ ਜਾਨ ਲਈ ਖ਼ਤਰਾ ਹੋ ਸਕਦਾ ਸੀ। ਛੋਟੀ ਜਿਹੀ ਬੱਚੀ ਦੀ ਜ਼ਿੰਦਗੀ ਆਪਣੀ ਮਾਂ ਦੇ ਹੱਥਾਂ ਵਿਚ ਹੀ ਸੁਰੱਖਿਅਤ ਨਹੀਂ ਸੀ। ਪਾਲ ਪ੍ਰੀਤੀ ਨੂੰ ਪਾਗਲਖਾਨੇ ਭੇਜਣਾ ਨਹੀਂ ਸੀ ਚਾਹੁੰਦਾ ਕਿਉਂਕਿ ਉਹ ਪ੍ਰੀਤੀ ਨੂੰ ਬਹੁਤ ਪਿਆਰ ਕਰਦਾ ਸੀ।
ਪਾਲ ਇਸ ਸਮੇਂ ਚੱਕੀ ਦੇ ਦੋਵਾਂ ਪੁੜਾਂ ਵਿਚ ਪਿਸ ਰਿਹਾ ਸੀ। ਉਸ ਨੂੰ ਲੱਗਦਾ ਸੀ ਕਿ ਇਸ ਹਾਲਾਤ ਵਿਚ ਜਾਂ ਉਹ ਖ਼ੁਦ ਪਾਗਲ ਹੋ ਜਾਵੇਗਾ ਜਾਂ ਪ੍ਰੀਤੀ ਅਤੇ ਬੱਚੀ ਨੂੰ ਗੋਲੀ ਮਾਰ ਕੇ ਆਪ ਖ਼ੁਦਕੁਸ਼ੀ ਕਰ ਲਵੇਗਾ। ਉਸ ਦੀਆਂ ਮੁਸ਼ਕਲਾਂ ਦਿਨ ਬ-ਦਿਨ ਵਧ ਰਹੀਆਂ ਸਨ। ਉਸ ਨੂੰ ਇਕ ਹੋਰ ਸਦਮਾ ਪਹੁੰਚਿਆ। ਇਕ ਦਿਨ ਜਦ ਉਹ ਸਵੇਰੇ ਉੱਠਿਆ ਤਾਂ ਦੇਖਿਆ ਕਿ ਪ੍ਰੀਤੀ ਆਪਣੇ ਬਿਸਤਰ 'ਤੇ ਨਹੀਂ ਸੀ। ਉਸ ਨੇ ਪ੍ਰੀਤੀ ਨੂੰ ਬਹੁਤ ਆਵਾਜ਼ਾਂ ਦਿੱਤੀਆਂ ਪਰ ਕੋਈ ਜੁਵਾਬ ਨਾ ਆਇਆ। ਅਚਾਨਕ ਉਸ ਦੀ ਨਜ਼ਰ ਸੈਂਟਰ ਟੇਬਲ 'ਤੇ ਪਈ। ਉਸ ਤੇ ਇਕ ਚਿੱਠੀ ਪਈ ਸੀ ਜੋ ਪ੍ਰੀਤੀ ਦੇ ਹੱਥ ਦੀ ਲਿਖੀ ਹੋਈ ਸੀ ਜੋ ਇਸ ਪ੍ਰਕਾਰ ਸੀ:
ਪਿਆਰੇ ਪਾਲ,
ਮੈਨੂੰ ਮੁਆਫ਼ ਕਰੀਂ । ਮੈਂ ਆਪਣੇ ਗੁਨਾਹਾਂ ਦਾ ਬੋਝ ਹੋਰ ਨਹੀਂ ਚੁੱਕ ਸਕਦੀ। ਮੈਂ ਜਾਣਦੀ ਹਾਂ ਕਿ ਤੁੰ ਮੈਨੂੰ ਬਹੁਤ ਪਿਆਰ ਕਰਦਾ ਹੈਂ ਪਰ ਮੈਂ ਤੇਰੇ ਲਾਇਕ ਨਹੀਂ ਹਾਂ। ਮੈਂ ਤੈਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ। ਮੈਂ ਅੱਜ ਇਸ ਚਿੱਠੀ ਰਾਹੀਂ ਆਪਣਾ ਗੁਨਾਹ ਕਬੂਲ ਕਰਦੀ ਹਾਂ। ਤੇਰੇ ਨਾਲ ਸ਼ਾਦੀ ਤੋਂ ਪਹਿਲਾਂ ਮੈਂ ਕਿਸੇ ਹੋਰ ਦੀ ਹੋ ਚੁੱਕੀ ਸਾਂ। ਉਸ ਦੇ ਪਿਆਰ ਵਿਚ ਅੰਨ੍ਹੀ ਹੋ ਕੇ ਮੈਂ ਆਪਣਾ ਸਭ ਕੁਝ ਲੁਟਾ ਬੈਠੀ। ਉਸ ਨੇ ਮੇਰੇ ਨਾਲ ਧੋਖਾ ਕੀਤਾ। ਉਸ ਦਾ ਪਿਆਰ (ਪਾਪ) ਮੇਰੇ ਅੰਦਰ ਪਲ ਰਿਹਾ ਸੀ। ਉਹ ਸ਼ਾਦੀ ਤੋਂ ਮੁੱਕਰ ਗਿਆ। ਮੈਂ ਲੁੱਟੀ ਗਈ। ਹੁਣ ਬਹੁਤ ਦੇਰ ਹੋ ਚੁੱਕੀ ਸੀ। ਮੇਰੀ ਮਾਂ ਆਪਣਾ ਮੱਥਾ ਪਿਟੱਣ ਲੱਗੀ। ਡਾਕਟਰਾਂ ਨੇ ਵੀ ਕੋਈ ਮਦਦ ਨਾ ਕੀਤੀ। ਇਕ ਦਿਨ ਮੇਰੇ ਕੋਲੋਂ ਇਕ ਬੱਚੀ ਨੇ ਜਨਮ ਲਿਆ। ਬੱਚੀ ਬਹੁਤ ਸੋਹਣੀ ਸੀ......ਗੋਰੀ ਚਿੱਟੀ.......ਗੋਭਲੀ ਗੋਭਲੀ.......ਬਿਲਕੁਲ ਤੇਰੀ ਧੀ ਦੀ ਤਰ੍ਹਾਂ.........ਪਰ ਮੈਨੂੰ ਉਹ ਬਿਲਕੁਲ ਨਾ ਭਾਈ। ਹੁਣ ਉਹ ਪਿਆਰ ਦੀ ਨਿਸ਼ਾਨੀ ਨਹੀਂ, ਪਾਪ ਦੀ ਨਿਸ਼ਾਨੀ ਸੀ। ਮੈਨੂੰ ਉਸ ਨਾਲ ਸਖਤ ਨਫ਼ਰਤ ਸੀ। ਮੇਰੇ ਸਾਹਮਣੇ ਮੇਰੀ ਪੂਰੀ ਜ਼ਿੰਦਗੀ ਸੀ। ਮੈਂ ਮੱਥੇ ਤੇ ਕਲੰਕ ਲੈ ਕੇ ਜੀਅ ਨਹੀਂ ਸੀ ਸਕਦੀ। ਇਸ ਲਈ ਇਕ ਦਿਨ ਮੈਂ ਅੱਧੀ ਰਾਤੀਂ ਉੱਠੀ ਅਤੇ ਬੱਚੀ ਨੂੰ ਲੈ ਕੇ ਸਰਹਿੰਦ ਨਹਿਰ ਵਿਚ ਜਾ ਸੁੱਟਿਆ। ਬੱਚੀ ਨੇ ਡੁੱਬਡੁਬਾਈਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ। ਆਸਮਾਨ ਵਿਚ ਬਿਜਲੀ ਚਮਕੀ ਅਤੇ ਬੱਦਲ ਗਰਜੇ। ਮੈਨੂੰ ਲੱਗਿਆ ਜਿਵੇਂ ਮੇਰੀ ਬੱਚੀ ਚੀਖ ਚੀਖ ਕੇ ਕਹਿ ਰਹੀ ਹੋਵੇ..........ਮੈਂ ਫਿਰ ਆਵਾਂਗੀ........ਮੈਂ ਫਿਰ ਆਵਾਂਗੀ। ਫਿਰ ਸਭ ਕੁਝ ਸ਼ਾਂਤ ਹੋ ਗਿਆ। ਜਲਦੀ ਹੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ।
ਫਿਰ ਮੇਰੀ ਜ਼ਿੰਦਗੀ ਵਿਚ ਪਾਲ ਤੂੰ ਰੱਬ ਬਣ ਕੇ ਆਇਆ। ਤੂੰ ਮੇਰੇ ਪਿਆਰ ਵਿਚ ਫਸ ਗਿਆ। ਤੂੰ ਰੱਬ ਦੇ ਬੰਦੇ ਨੇ ਮੇਰੇ ਬਾਰੇ ਕੋਈ ਪੁੱਛ ਪੜਤਾਲ ਨਾ ਕੀਤੀ। ਮੈਨੂੰ ਅੰਦਰੋਂ ਅੰਦਰ ਮੇਰਾ ਪਾਪ ਖਾ ਰਿਹਾ ਸੀ ਪਰ ਮੈਂ ਤੈਨੂੰ ਕੁਝ ਨਾ ਦੱਸਿਆ। ਤੇਰੇ ਨਾਲ ਮੈਂ ਬਹੁਤ ਵੱਡਾ ਧੌਖਾ ਕੀਤਾ। ਕਹਿੰਦੇ ਹਨ ਕਿ ਬੰਦੇ ਨੂੰ ਆਪਣੇ ਕਰਮਾਂ ਦਾ ਫ਼ਲ ਭੁਗਤਣਾ ਹੀ ਪੈਂਦਾ ਹੈ। ਹੁਣ ਮੇਰੀ ਕੁੱਖੌਂ ਤੇਰੀ ਇਹ ਧੀ ਜੰਮੀ........ਪਿਆਰੀ ਜਿਹੀ......ਗੌਰੀ ਚਿੱਟੀ........ਗੋਭਲੀ ਗੋਭਲੀ........ਬਿਲਕੁਲ ਮੇਰੀ ਧੀ ਦੀ ਤਰ੍ਹਾਂ। ਜਦ ਮੈਂ ਇਸ ਨੂੰ ਦੇਖਿਆ ਤਾਂ ਮੈਨੂੰ ਲੱਗਿਆ ਕਿ ਮੇਰੀ ਉਹ ਹੀ ਧੀ ਵਾਪਸ ਆ ਗਈ ਹੈ ਜਿਸ ਨੂੰ ਮੈਂ ਆਪਣੇ ਹੱਥੀਂ ਡੋਬ ਕੇ ਮਾਰ ਦਿੱਤਾ ਸੀ। ਇਹ ਹੋਰ ਕੋਈ ਨਹੀਂ ਉਹ ਹੀ ਲੜਕੀ ਹੈ ਜੋ ਮੇਰੇ ਕੋਲੋਂ ਆਪਣਾ ਬਦਲਾ ਲੈਣ ਆਈ ਹੈ। ਇਹ ਮੈਨੂੰ ਖਾ ਜਾਵੇਗੀ। ਇਸ ਲਈ ਮੈਂ ਇਸ ਨਾਲ ਅੱਖ ਨਹੀਂ ਮਿਲਾ ਸਕਦੀ। ਜਾਂ ਫਿਰ....... ਜਾਂ ਫਿਰ ਮੈਂ ਦੁਬਾਰਾ ਇਸ ਦਾ ਖ਼ੂਨ ਕਰ ਦੇਵਾਂਗੀ। ਇਸ ਲਈ ਅਸੀਂ ਕਦੀ ਇਕੱਠੇ ਨਹੀਂ ਰਹਿ ਸਕਦੇ। ਮੈਂ ਜਾ ਰਹੀ ਹਾਂ। ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਨੀ।
                                        ਪ੍ਰੀਤੀ
ਇਸ ਤੋਂ ਅਗਲੇ ਦਿਨ ਸਰਹਿੰਦ ਨਹਿਰ ਵਿਚੋਂ ਪ੍ਰੀਤੀ ਦੀ ਲਾਸ਼ ਮਿਲੀ।
******
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
 email:gursharan1183@yahoo.in

ਪ੍ਰੇਰਨਾਦਾਇਕ ਲੇਖ : ਗ਼ਰੀਬੀ ਦੀ ਲਾਹਨਤ - ਗੁਰਸ਼ਰਨ ਸਿੰਘ ਕੁਮਾਰ

ਭਾਰਤ ਨੇ ਆਜ਼ਾਦੀ ਤੋਂ ਬਾਅਦ ਬਹੁਤ ਉਨਤੀ ਕੀਤੀ ਹੈ। ਭਾਰਤ ਨੇ ਖੌਰੂ ਪਾਉਂਦੇ ਦਰਿਆਵਾਂ ਦੇ ਤਬਾਹੀ ਮਚਾਉਂਦੇ ਹੋਏ ਫ਼ਾਲਤੂ ਪਾਣੀ ਤੇ ਡੈਮ ਬਣਾ ਕੇ ਬਿਜਲੀ ਪੈਦਾ ਕੀਤੀ ਹੈ ਜਿਸ ਨਾਲ ਸਾਡੇ ਹਨੇਰੇ ਘਰ ਰੌਸ਼ਨ ਹੋਏ ਹਨ। ਇਸ ਬਿਜਲੀ ਨਾਲ ਦੇਸ਼ ਦੇ ਵੱਡੇ ਵੱਡੇ ਕਾਰਖ਼ਾਨੇ ਚੱਲਦੇ ਹਨ ਜਿਸ ਨਾਲ ਦੇਸ਼ ਵਿਕਾਸ ਦੀ ਲੀਹ ਤੇ ਪਿਆ ਹੈ। ਇਸ ਪਾਣੀ ਨੂੰ ਕੰਟਰੋਲ ਕਰਕੇ ਨਹਿਰਾਂ ਕੱਢੀਆਂ ਗਈਆਂ ਹਨ ਜੋ ਸਾਡੀ ਅਤੇ ਧਰਤੀ ਦੀ ਪਿਆਸ ਬੁਝਾਉਂਦੀਆਂ ਹਨ। ਜਿਹੜਾ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਕੇ ਦਾਣੇ ਦਾਣੇ ਦਾ ਮੁਥਾਜ ਸੀ, ਉਸ ਕੋਲ ਅੱਜ ਅੰਨ ਦੇ ਭੰਡਾਰ ਭਰੇ ਪਏ ਹਨ। ਆਮ ਲੋਕਾਂ ਦਾ ਜੀਵਨ ਸਤੱਰ ਉੱਚਾ ਹੋਇਆ ਹੈ। ਜਿਹੜੇ ਲੋਕਾਂ ਨੂੰ ਕਦੀ ਸਾਇਕਲ ਵੀ ਨਸੀਬ ਨਹੀਂ ਸੀ ਉਨ੍ਹਾਂ ਦੀਆਂ ਕੋਠੀਆਂ ਅੱਗੇ ਕਾਰਾਂ ਖੜ੍ਹੀਆਂ ਹਨ। ਸਾਡੇ ਮੰਤਰੀ ਨਿੱਤ ਹਵਾਈ ਜਹਾਜ਼ਾਂ ਵਿਚ ਵਿਦੇਸ਼ਾਂ ਦੀ ਸੈਰ ਲਈ ਤੁਰੇ ਰਹਿੰਦੇ ਹਨ। ਭਾਰਤ ਨਿੱਤ ਨਵੀਆਂ ਨਵੀਆਂ ਮਿਜ਼ਾਈਲਾਂ ਦੀ ਪਰਖ ਕਰ ਰਿਹਾ ਹੈ। ਹੁਣ ਉਹ ਚੰਨ ਤੇ ਆਪਣੇ ਰਾਕਟ ਭੇਜ ਰਿਹਾ ਹੈ ਅਤੇ ਮੰਗਲ ਗੱਿਹ ਤੇ ਕਦਮ ਰੱਖਣ ਦੀ ਵੀ ਤਿਆਰੀ ਕਰ ਰਿਹਾ ਹੈ। ਹੋਰ ਤਾਂ ਹੋਰ ਸਾਡੇ ਪ੍ਰਧਾਨ ਮੰਤਰੀ ਦੂਸਰੇ ਦੇਸ਼ਾਂ ਦੇ ਪ੍ਰਧਾਨਾਂ ਦਾ ਜਦ ਸੁਆਗਤ ਕਰਦਾ ਹੈ ਤਾਂ ਉਹ ਸੋਨੇ ਦੀਆਂ ਤਾਰਾਂ ਵਾਲਾ ਗਰਮ ਸੂਟ ਪਾ ਕੇ ਸ਼ਾਹਾਨਾ ਅੰਦਾਜ਼ ਵਿਚ ਉਸ ਨੂੰ ਮਿਲਦਾ ਹੈ (ਬਰਾਕ ਓਬਾਮਾ ਦੀ 2015 ਵਿਚ ਭਾਰਤ ਫੇਰੀ)। ਇਹ ਹੈ ਭਾਰਤ ਦੀ ਉਨਤੀ। ਅੱਜ ਕੋਈ ਮੁਲਕ ਭਾਰਤ ਦੀ ਵਧਦੀ ਹੋਈ ਫੌਜੀ ਸ਼ਕਤੀ ਕਾਰਨ ਸਾਡੇ ਨਾਲ ਅੱਖ ਮਿਲਾਉਣ ਦੀ ਜ਼ੁੱਰਅਤ ਨਹੀਂ ਕਰ ਸਕਦਾ। ਜਲਦੀ ਹੀ ਭਾਰਤ ਦੁਨੀਆਂ ਵਿਚ ਇਕ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ।
ਜੇ ਅਸੀਂ ਸੱਚੇ ਦਿਲੋਂ ਸੋਚੀਏ ਤਾਂ ਮਨ ਵਿਚ ਸੁਆਲ ਪੈਦਾ ਹੁੰਦਾ ਹੈ ਕਿ ਕੀ ਸੱਚ ਮੁੱਚ ਹੀ ਭਾਰਤ ਨੇ ਇਤਨੀ ਉਨਤੀ ਕਰ ਲਈ ਹੈ? ਕੀ ਇਸ ਉਨਤੀ ਵਿਚ ਕੁਝ ਭਾਗ ਗ਼ਰੀਬ ਲੋਕਾਂ ਦੇ ਹਿੱਸੇ ਵਿਚ ਵੀ ਆਇਆ ਹੈ? ਕੀ ਸੱਚ ਮੁੱਚ ਹੀ ਭਾਰਤ ਨੇ ਗ਼ਰੀਬੀ ਦੀ ਲਾਹਨਤ ਨੂੰ ਖ਼ਤਮ ਕਰ ਦਿੱਤਾ ਹੈ? ਸੱਚ ਦੀ ਧਰਾਤਲ ਤੇ ਆ ਕੇ ਸਾਨੂੰ ਇਸ ਸਭ ਦਾ ਜੁਆਬ ਨਾਂਹ ਵਿਚ ਹੀ ਮਿਲਦਾ ਹੈ। ਕਿਸੇ ਮੁਲਕ ਦੀ ਜੇ ਅਸਲੀ ਖ਼ੁਸ਼ਹਾਲੀ ਦੇਖਣੀ ਹੈ ਤਾਂ ਉੱਪਰਲੇ ਸਤੱਰ ਤੋਂ ਨਹੀਂ ਦੇਖਣੀ ਚਾਹੀਦੀ। ਜੇ ਮੁਲਕ ਦਾ ਅਸਲੀ ਖ਼ੁਸ਼ਹਾਲੀ ਦਾ ਮਾਪ ਦੇਖਣਾ ਹੈ ਤਾਂ ਮੁਲਕ ਦੇ ਸਭ ਤੋਂ ਗ਼ਰੀਬ ਦੇ ਰਹਿਣ ਸਹਿਣ ਤੋਂ ਦੇਖੋ। ਫਿਰ ਪਤਾ ਲੱਗੇਗਾ ਕਿ ਦੇਸ਼ ਵਿਚ ਕਿੰਨੀ ਖ਼ੁਸ਼ਹਾਲੀ ਹੋਈ ਹੈ। ਜੇ ਅੱਖਾਂ ਖੋਹਲ ਕੇ ਦੇਖੀਏ ਤਾਂ ਸਾਨੂੰ ਬਹੁਤ ਭਿਆਨਕ ਦ੍ਰਿਸ਼ ਨਜ਼ਰ ਆਉਂਦਾ ਹੈ। ਸਵੇਰੇ ਸਵੇਰੇ ਕੂੜੇ ਦੇ ਢੇਰ ਵਿਚੋਂ ਅੱਧਨੰਗੇ ਬੱਚੇ ਸਾਨੂੰ ਆਪਣੀ ਰੋਟੀ ਤਲਾਸ਼ਦੇ ਨਜ਼ਰ ਆਉਂਦੇ ਹਨ। ਦੇਸ਼ ਵਿਚ ਇਕ ਵੀ ਬੰਦਾ ਭੁੱਖਾ ਸੁੱਤਾ ਹੋਵੇ ਤਾਂ ਦੇਸ਼ ਦੇ ਹਾਕਮਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੀਦੀ। ਇੱਥੇ ਲੱਖਾਂ ਲੋਕ ਕਹਿਰ ਦੀ ਠੰਡ ਵਿਚ ਖੁੱਲ੍ਹੇ ਆਸਮਾਨ ਹੇਠ ਬਿਨਾ ਮੰਜੇ ਬਿਸਤਰ ਰਾਤਾਂ ਕੱਟ ਰਹੇ ਹਨ ਅਤੇ ਮਰ ਰਹੇ ਹਨ। ਸਰਕਾਰ ਦੀਆਂ ਅੱਖਾਂ ਨਹੀਂ ਖੁੱਲਦੀਆਂ। ਉਹਨਾਂ ਲਈ ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸਾ ਪੀਵੇ। ਇੱਥੇ ਸਾਡੇ ਦੇਸ਼ ਵਿਚ ਔਰਤ ਕਿੰਨੀ ਕੁ ਸੁਰੱਖਿਅਤ ਹੈ?  ਉੇੱਤਰ ਹੈ ਬਿਲਕੁਲ ਵੀ ਨਹੀਂ। ਰੋਜ਼ ਅਖ਼ਬਾਰਾਂ ਵਿਚ  ਛੋਟੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰਾਂ ਦੀਆਂ ਕਈ ਸੁਰਖੀਆਂ ਦੇਖਣ ਨੂੰ ਮਿਲਦੀਆਂ ਹਨ। ਇਹ ਹੈ ਸਾਡੇ ਦੇਸ਼ ਦੀ ਉਨਤੀ ਦੀ ਨੰਗੀ ਤਸਵੀਰ ਜੋ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀ ਹੈ।
ਅੱਗੇ ਦੇਸ਼ ਦੇ ਰਾਜੇ ਰਾਤ ਨੂੰ ਭੇਸ ਬਦਲ ਕੇ ਰਾਜ ਦਾ ਚੱਕਰ ਲਾਉਂਦੇ ਸਨ ਕਿ ਰਾਜ ਵਿਚ ਕੋਈ ਦੁਖੀ ਤਾਂ ਨਹੀਂ? ਰਾਤ ਨੂੰ ਕੋਈ ਬੰਦਾ ਭੁੱਖਾ ਤਾਂ ਨਹੀਂ ਰਹਿ ਗਿਆ? ਰਾਜਾ ਅਕਬਰ, ਬਿਕਰਮਾਦਿੱਤ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਜੇ ਕਦੀ ਦੇਸ਼ ਵਿਚ ਕਾਲ ਪੈ ਜਾਏ ਤਾਂ ਉਹ ਆਮ ਜਨਤਾ ਲਈ ਆਪਣੇ ਅੰਨ ਦੇ ਭੰਡਾਰੇ ਮੁਫ਼ਤ ਵਿਚ ਹੀ ਖ੍ਹੋਲ ਦਿੰਦੇ ਸਨ ਤਾਂ ਕਿ ਸਭ ਰੱਜ ਕੇ ਰੋਟੀ ਖਾ ਸੱਕਣ। ਸਾਡੇ ਦੇਸ਼ ਵਿਚ ਇਸ ਸਮੇਂ ਖਾਣ ਪੀਣ ਦੀਆਂ ਵਸਤੂਆਂ ਦੇ ਭਾਅ ਆਸਮਾਨ ਤੇ ਚੜ੍ਹੇੇ ਹੋਏ ਹਨ। ਮਹਿੰਗਾਈ ਨੇ ਆਮ ਬੰਦੇ ਦਾ ਬੱਜਟ ਵਿਗਾੜਿਆ ਹੋਇਆ ਹੈ। ਗ਼ਰੀਬਾਂ ਲਈ ਮੁਸੀਬਤ ਬਣੀ ਹੋਈ ਹੈ। ਪਿਆਜ਼ ਹਰ ਰਸੋਈ ਦੀ ਮੁਢਲੀ ਜ਼ਰੂਰਤ ਹੈ। ਪਿਆਜ਼ ਤੋਂ ਬਿਨਾ ਕੋਈ ਸਬਜ਼ੀ ਠੀਕ ਨਹੀਂ ਬਣਦੀ। ਗ਼ਰੀਬੀ ਵਿਚ ਵੀ ਬੰਦੇ ਪਿਆਜ਼ ਅਤੇ ਅਚਾਰ ਨਾਲ ਰੋਟੀ ਖਾ ਕੇ ਗੁਜ਼ਾਰਾ ਕਰ ਲੈਂਦੇ ਹਨ। ਹੁਣ (2020 ਵਿਚ) ਪਿਆਜ਼ ਦਾ ਨਾਮ ਲੈਂਦਿਆਂ ਹੀ ਗ਼ਰੀਬ ਬੰਦੇ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ ਕਿਉਂਕਿ ਪਿਆਜ਼ ਕੇਵਲ ਅਮੀਰ ਘਰਾਂ ਦੀ ਸ਼ਾਨ ਬਣ ਕੇ ਹੀ ਰਹਿ ਗਿਆ ਹੈ। ਇਸ ਸਮੇਂ ਪਿਆਜ਼ ਦੀ ਕੀਮਤ  ਗ਼ਰੀਬ ਦੀ ਪਹੁੰਚ ਤੋਂ ਬਾਹਰ ਹੈ। ਸਾਡੇ ਦੇਸ਼ ਨੂੰ ਲੋਕਾਂ ਦੇ ਭਲੇ ਦੀ ਸਰਕਾਰ ਕਿਹਾ ਜਾਂਦਾ ਹੈ ਪਰ ਲੋਕਾਂ ਨੂੰ ਸਰਕਾਰੀ ਤੌਰ ਤੇ ਸੱਸਤਾ ਅੰਨ ਮੁਹੱਈਆ ਕਰਾਉਣ ਦੀ ਥਾਂ ਵਜ਼ੀਰਾਂ ਦੇ ਬੇਸ਼ਰਮੀ ਵਾਲੇ ਬਿਆਨ ਆ ਰਹੇ ਹਨ।
ਗ਼ਰੀਬਾਂ ਦੇ ਭਲੇ ਲਈ ਸਰਕਾਰ ਦੀਆਂ ਸਾਰੀਆਂ ਸਕੀਮਾਂ ਕੇਵਲ ਕਾਗਜ਼ੀ ਕਾਰਵਾਈ ਹੀ ਹੈ। ਫੋਕੇ ਨਾਹਰੇ ਹੀ ਹਨ। ਸੰਨ 1970 ਵਿਚ ਉਦੋਂ ਦੀ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਬੜੇ ਜ਼ੋਰ ਸ਼ੋਰ ਨਾਲ ਗ਼ਰੀਬੀ ਹਟਾਓ ਦਾ ਨਾਹਰਾ ਲਾਇਆ ਸੀ ਪਰ ਕੁਝ ਨਹੀਂ ਬਣਿਆ। ਗ਼ਰੀਬੀ ਉਸੇ ਤਰ੍ਹਾਂ ਹੀ ਹੈ। ਹਾਂ ਕਈ ਗ਼ਰੀਬ ਸਰਕਾਰੀ ਮੱਦਦ ਦੇ ਹੱਥਾਂ ਦੀ ਉਡੀਕ ਕਰਦੇ ਹੋਏ ਇਸ ਜਹਾਨ ਤੋਂ ਜ਼ਰੂਰ ਕੂਚ ਕਰ ਗਏ ਹਨ। ਬੜੀ ਦੂਰ ਹੈ ਅਦਲੀ ਰਾਜੇ ਦਾ ਦਰਬਾਰ। ਸਾਡੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਲੋਕ ਭਲਾਈ ਦੇ ਕਾਨੂੰਨ ਬਣਾਉਣ ਲਈ ਹਨ ਪਰ ਇੱਥੇ ਸਾਰੇ ਕਾਨੂੰਨ ਕੇਵਲ ਅਮੀਰਾਂ ਦੀ ਭਲਾਈ ਲਈ ਅਤੇ ਗ਼ਰੀਬਾਂ ਨੂੰ ਦਬਾਉਣ ਲਈ ਬਣਾਏ ਜਾਂਦੇ ਹਨ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸੇ ਲਈ ਦੇਸ਼ ਵਿਚ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੋਈ ਜਾ ਰਹੇ ਹਨ।
ਇਹ ਸੰਵਿਧਾਨ ਬਣਾਉਣ ਵਾਲੀਆਂ ਸੰਸਥਾਵਾਂ ਦੇ ਮੈਂਬਰ ਲੋਕਾਂ ਦੁਆਰਾ, ਲੋਕਾਂ ਦੇ ਭਲੇ ਅਤੇ ਦੇਸ਼ ਦੇ ਵਿਕਾਸ ਲਈ ਚੁਣੇ ਜਾਂਦੇ ਹਨ। ਪਰ ਇਹ ਕੇਵਲ ਆਪਣਾ ਹੀ ਵਿਕਾਸ ਕਰਦੇ ਹਨ॥ ਦੇਸ਼ ਵਿਚ ਕੇਵਲ ਇਹ ਹੀ ਸੰਸਥਾਵਾਂ ਹਨ ਜਿੰਨਾਂ ਦੇ ਮੈਂਬਰਾਂ ਨੂੰ ਆਪਣੀਆਂ ਤਨਖਾਹਾਂ ਅਤੇ ਭੱਤੇ ਵਧਾਉਣ ਦਾ ਖ਼ੁਦ ਕੋਲ ਅਧਿਕਾਰ ਹੈ। ਹਰ ਦੂਜੇ ਤੀਜੇ ਸਾਲ ਇਹ ਆਪ ਹੀ ਮਤਾ ਪਾਸ ਕਰਕੇ ਆਪਣੀਆਂ ਤਨਖ਼ਾਹਾਂ ਅਤੇ ਭੱਤੇ ਵਧਾ ਲੈਂਦੇ ਹਨ। ਉੱਥੇ ਵਿਰੋਧੀ ਧਿਰ ਵਾਲੇ ਵੀ ਨਾਲ ਹੀ ਰਲ ਜਾਂਦੇ ਹਨ ਅਤੇ ਸਰਕਾਰੀ ਪੈਸੇ ਨੂੰ ਲੁੱਟਿਆ ਜਾਂਦਾ ਹੈ। ਇਨ੍ਹਾਂ ਲਈ ਕਿਸੇ ਤਨਖ਼ਾਹ ਕਮੀਸ਼ਨ ਦੀ ਕੋਈ ਵਿਵਸਥਾ ਨਹੀਂ। ਇਨ੍ਹਾਂ ਦੀਆਂ ਤਨਖ਼ਾਹਾਂ, ਸਫ਼ਰ ਖ਼ਰਚ, ਮਕਾਨ ਭੱਤਾ, ਟੈਲੀਫ਼ੋਨ ਦੇ ਬਿੱਲ, ਹਵਾਈ ਸਫਰ ਅਤੇ ਵਿਦੇਸ਼ੀ ਇਲਾਜ ਦੇ ਬਿੱਲ ਸਭ ਜਨਤਾ ਦੀ ਖ਼ੂਨ ਪਸੀਨੇ ਦੀ ਕਮਾਈ ਵਿਚੋਂ ਟੈਕਸਾਂ ਦੇ ਰੂਪ ਵਿਚ ਜਾਂਦੇ ਹਨ। ਦੇਸ਼ ਦੀ ਆਰਥਿਕਤਾ ਨੂੰ ਖੋਰਾ ਲੱਗਦਾ ਹੈ ਅਤੇ ਗ਼ਰੀਬੀ ਵਧਦੀ ਹੈ। ਪਾਰਲੀਮੈਂਟ ਦੀ ਕੰਟੀਨ ਵਿਚ ਬਹੁਤ ਘੱਟ ਕੀਮਤਾਂ ਤੇ ਇਨ੍ਹਾਂ ਨੂੰ ਸ਼ਾਹੀ ਭੋਜਨ ਪਰੋਸਿਆ ਜਾਂਦਾ ਹੈ ਜਿਸ ਦਾ ਹਰ ਸਾਲ ਕਰੋੜਾਂ ਰੁਪਏ ਦਾ ਘਾਟਾ ਆਮ ਲੋਕਾਂ ਦੀ ਜੇਬ ਵਿਚੋਂ ਹੀ ਜਾਂਦਾ ਹੈ।
ਵੈਸੇ ਤਾਂ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੇ ਮੈਂਬਰਾਂ ਦੇ ਕੰਮ ਨੂੰ ਲੋਕ ਸੇਵਾ  ਕਿਹਾ ਜਾਂਦਾ ਹੈ ਪਰ ਜੇ ਇਹ ਕੰਮ ਲੋਕ ਸੇਵਾ ਹੈ ਫਿਰ ਇਨ੍ਹਾਂ ਨੂੰ ਤਨਖ਼ਾਹ ਅਤੇ ਪੈਨਸ਼ਨ ਕਿਉ? ਜੇ ਇਨਾਂ ਦੇ ਕੰਮ ਨੂੰ ਦੇਸ਼ ਦੀ ਨੌਕਰੀ ਗਿਣਦੇ ਹਨ ਤਾਂ ਫਿਰ ਇਨ੍ਹਾਂ ਦੀ ਨੌਕਰੀ ਲਈ ਘਟੋ ਘੱਟ ਕੋਈ ਵਿਦਿਅਕ ਯੋਗਤਾ ਅਤੇ ਸੇਵਾ ਮੁਕਤੀ ਦੀ ਉਮਰ ਦਾ ਮਾਪਦੰਡ ਕਿਉਂ ਨਹੀਂ। ਕੌਣ ਕਹੇ ਰਾਣੀਏ ਅੱਗਾ ਢੱਕ? ਜਿਹੜਾ ਇਕ ਵਾਰੀ ਇਕ ਦਿਨ ਲਈ ਵੀ ਮੈਂਬਰ ਬਣ ਜਾਂਦਾ ਹੈ ਉਹ ਸਾਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ। ਜਿਹੜਾ ਜਿੰਨੀ ਵਾਰੀ ਚੁਣਿਆ ਜਾਏ ਉਸ ਦੀਆਂ ਓਨੀਆਂ ਹੀ ਪੈਨਸ਼ਨਾ ਲੱਗ ਜਾਂਦੀਆਂ ਹਨ। ਇਸ ਹਿਸਾਬ ਸਿਰ ਸਾਡੇ ਕਈ ਪੁਰਾਣੇ ਨੇਤਾ ਹਰ ਮਹੀਨੇ ਚਾਰ-ਚਾਰ ਪੰਜ-ਪੰਜ ਲੱਖ ਰੁਪਏ ਬਿਨਾ ਕੋਈ ਕੰਮ ਕੀਤਿਆਂ ਸਰਕਾਰੀ ਖਾਤੇ ਵਿਚੋਂ ਡਕਾਰ ਰਹੇ ਹਨ ਅਤੇ ਮੁਫ਼ਤ ਵਿਚ ਮੌਜਾਂ ਮਾਣ ਰਹੇ ਹਨ। ਕੀ ਸਰਕਾਰੀ ਖ਼ਜ਼ਾਨੇ ਦੀ ਇਹ ਲੁੱਟ ਦੇਸ਼ ਨੂੰ ਹੋਰ ਗ਼ਰੀਬੀ ਵੱਲ ਨਹੀਂ ਧੱਕ ਰਹੀ? ਹੈ ਕੋਈ ਇਨ੍ਹਾਂ ਨੂੰ ਪੁੱਛਣ ਵਾਲਾ?
ਸਾਡੇ ਦੇਸ਼ ਦੇ ਹਾਕਮ ਪਾੜੋ ਅਤੇ ਰਾਜ ਕਰੋ ਦੀ ਨੀਤੀ ਤੇ ਚੱਲ ਰਹੇ ਹਨ ਤਾਂ ਕਿ ਲੋਕ ਆਪਸ ਵਿਚ ਲੜ੍ਹਦੇ ਰਹਿਣ ਅਤੇ ਇਨ੍ਹਾਂ ਦੀਆਂ ਗ਼ਲਤ ਨੀਤੀਆਂ ਵੱਲ ਕਿਸੇ ਦਾ ਧਿਆਨ ਨਾ ਜਾਏ। ਲੋਕਾਂ ਵਿਚ ਜ਼ਾਤ ਪਾਤ, ਲਿੰਗ ਭੇਦ ਅਤੇ ਧਰਮ ਦੇ ਅਧਾਰ ਤੇ ਵਿਤਕਰੇ ਪਾਏ ਜਾਂਦੇ ਹਨ। ਕੁਝ ਲੋਕਾਂ ਨੂੰ ਕੁਝ ਮੁਫਤ ਸਹੂਲਤਾਂ ਦੇ ਕੇ ਲੁਭਾਇਆ ਜਾਂਦਾ ਹੈ। ਇਸ ਤਰ੍ਹਾਂ ਲੋਕਾਂ ਨੂੰ ਹੱਡ ਰੱਖ, ਨਿਕੰਮੇ ਅਤੇ ਕੰਮ ਚੋਰ ਬਣਾਇਆ ਜਾਂਦਾ ਹੈ। ਕਿਸੇ ਬੰਦੇ ਨੂੰ ਜੇ ਕੋਈ ਵਸਤੂ ਮੁਫ਼ਤ ਵਿਚ ਮਿਲ ਜਾਏ ਤਾਂ ਉਹ ਉਸ ਲਈ ਕਿਉਂ ਮਿਹਨਤ ਕਰੇਗਾ? ਇਸ ਤਰ੍ਹਾਂ ਜਿਹੜੀ ਸ਼ਕਤੀ ਉਸਾਰੂ ਕੰਮਾਂ ਤੇ ਲੱਗਣੀ ਹੁੰਦੀ ਹੈ ਉਹ ਜ਼ਾਇਆ ਚਲੀ ਜਾਂਦੀ ਹੈ। ਸਾਡੀ ਖ਼ੁਸ਼ਹਾਲੀ ਸਾਡੀਆਂ ਦਲਹਿਜਾਂ ਕੋਲੋਂ ਆ ਕੇ ਮੁੜ ਜਾਂਦੀ ਹੈ। ਲੋਕਾਂ ਨੂੰ ਧਰਨੇ ਲਾਉਣ ਅਤੇ ਰੈਲੀਆਂ ਕਰਨ ਵੱਲ ਮੋੜਿਆ ਜਾਂਦਾ ਹੈ ਜਿਸ ਕਾਰਨ ਧਨ ਅਤੇ ਕੰਮ ਕਰਨ ਦੇ ਕੀਮਤੀ ਸਮੇਂ ਦੀ ਬਰਬਾਦੀ ਹੁੰਦੀ ਹੈ। ਵਿਕਾਸ ਦਾ ਪਹੀਆ ਲੀਹ ਤੋਂ ਉਤਰ ਜਾਂਦਾ ਹੈ ਅਤੇ ਦੇਸ਼ ਵਿਚ ਗ਼ਰੀਬੀ ਅਤੇ ਭੁੱਖਮਰੀ ਵਧਦੀ ਹੈ।
ਸਾਡੇ ਦੇਸ਼ ਵਿਚ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਵੱਧ ਵੀ. ਆਈ. ਪੀ. ਹਨ। ਇਨ੍ਹਾਂ ਨੂੰ ਕਈ ਕਈ ਸਿਕਿਉਰਟੀ ਗਾਰਡ ਅਤੇ  ਕਾਰਾਂ ਮਿਲੀਆਂ ਹੋਈਆਂ ਹਨ। ਪਟਰੋਲ ਸਮੇਤ ਸਭ ਖ਼ਰਚੇ ਸਰਕਾਰੀ ਖ਼ਜ਼ਾਨੇ ਵਿਚੋਂ ਜਾਂਦੇ ਹਨ। ਇਥੋਂ ਤੱਕ ਕਿ ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਹਨ ਜਾਂ ਕਈ ਅਖਾਉਤੀ ਬਾਬੇ ਹਨ ਉਹ ਵੀ ਅਜਿਹੀਆਂ ਸਹੂਲਤਾਂ ਦਾ, ਬਿਨਾ ਕਿਸੇ ਸਰਕਾਰੀ ਕੰਮ ਤੋਂ, ਆਪਣੀ ਫੋਕੀ ਟੌਹਰ ਦਿਖਾਉਣ ਲਈ ਆਨੰਦ ਮਾਣ ਰਹੇ ਹਨ। ਇਹ ਦੇਸ਼ ਅਤੇ ਗ਼ਰੀਬਾਂ ਤੇ ਇਕ ਬਹੁਤ ਵੱਡਾ ਬੋਝ ਹਨ। ਸੁਆਲ ਇਹ ਹੈ ਕਿ ਇਨ੍ਹਾਂ ਨੂੰ ਕਿਸ ਤੋਂ ਖ਼ਤਰਾ ਹੈ? ਦੇਸ਼ ਦੇ ਲੋਕਾਂ ਤੋਂ ਹੀ ਖ਼ਤਰਾ ਹੈ? ਜੇ ਅਜਿਹਾ ਹੈ ਤਾਂ ਇਨ੍ਹਾਂ ਨੂੰ ਅੱਗੇ ਆਉਣ ਦੀ ਕੀ ਲੋੜ ਹੈ? ਅਰਾਮ ਨਾਲ ਆਪਣੇ ਘਰ ਬੈਠ ਕੇ ਸ਼ਾਂਤੀ ਦੀ ਜ਼ਿੰਦਗੀ ਕਿਉਂ ਨਹੀਂ ਗੁਜ਼ਾਰਦੇ? ਦੂਸਰੇ ਮੁਲਕਾਂ ਦੇ ਪ੍ਰਧਾਨ ਮੰਤਰੀ ਤੱਕ ਬਿਨਾ ਕਿਸੇ ਹਿਫ਼ਜ਼ਤ ਤੋਂ ਆਪਣੇ ਪ੍ਰਾਈਵੇਟ ਸਮੇਂ ਆਮ ਆਦਮੀ ਦੀ ਤਰ੍ਹਾਂ ਆਪਣੇ ਪਰਿਵਾਰਾਂ ਸਮੇਤ ਸਰੇਆਮ ਬੇਖਫ਼ ਹੋ ਕੇ ਘੁੰਮਦੇ ਨਜ਼ਰ ਆਉਂਦੇ ਹਨ। ਸਾਡੇ ਦੇਸ਼ ਵਿਚ ਇਨ੍ਹਾਂ ਵੀ. ਆਈ. ਪੀ. ਤੇ ਕਰੋੜਾਂ ਰੁਪਏ ਹਰ ਸਾਲ ਬਰਬਾਦ ਕੀਤੇ ਜਾਂਦੇ ਹਨ।
ਸਾਡੇ ਗ਼ਰੀਬ ਦੇਸ਼ ਦੇ ਅਮੀਰ ਹਾਕਮ ਦੇਸ਼ ਦੀ ਆਰਥਿਕਤਾ ਨੂੰ ਘੁਣ ਦੀ ਤਰ੍ਹਾਂ ਖਾ ਕੇ ਖੋਖਲਾ ਕਰ ਰਹੇ ਹਨ॥ ਦੇਸ਼ ਕਰਜ਼ੇ ਦੇ ਬੋਝ ਹੇਠਾਂ ਧੱਸਦਾ ਜਾ ਰਿਹਾ ਹੈ। ਇਕ ਦਿਨ ਠੂਠਾ ਲੈ ਕੇ ਦੂਜੇ ਦੇਸ਼ਾਂ ਕੋਲ ਮੰਗਣ ਜਾਣਗੇ ਤਾਂ ਵੀ ਕੋਈ ਇਨ੍ਹਾਂ ਨੂੰ ਖ਼ੈਰਾਤ ਨਹੀਂ ਪਾਵੇਗਾ। ਇੱਥੇ ਸਰਕਾਰੀ ਅਫਸਰਾਂ ਨੂੰ ਉੱਚੀਆਂ ਤਨਖਾਹਾਂ, ਵੱਡੀਆਂ ਕੋਠੀਆਂ, ਕਈ ਕਈ ਕਾਰਾਂ ਅਤੇ ਘਰ ਦੇ ਕੰਮਾਂ ਲਈ ਕਈ ਕਈ ਨੌਕਰ ਮਿਲੇ ਹੋਏ ਹਨ। ਭਲਾ ਇਕ ਅਫਸਰ ਨੂੰ ਇਕ ਤੋਂ ਵੱਧ ਕਾਰਾਂ ਅਤੇ ਘਰ ਲਈ ਸਰਕਾਰੀ ਨੌਕਰਾਂ ਦੀ ਕੀ ਲੋੜ ਹੈ? ਇਹ ਅਫਸਰ ਵੀ ਦੇਸ਼ ਨੂੰ ਬਹੁਤ ਮਹਿੰਗੇ ਹੀ ਪੈ ਰਹੇ ਹਨ। ਫਿਰ ਵੀ ਦਫਤਰਾਂ ਵਿਚ ਭਰਿਸ਼ਟਾਚਾਰ ਦਾ ਬੋਲਬਾਲਾ ਹੈ।ਸਰਕਾਰੀ ਦਫਤਰਾਂ ਵਿਚ ਜਾਇਜ਼ ਕੰਮ ਕਰਾਉਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ ਨਹੀਂ ਤੇ ਗ਼ਰੀਬਾਂ ਦੇ ਕੰਮ ਸਾਲਾਂ ਬੱਧੀ ਲਟਕਦੇ ਹੀ ਰਹਿੰਦੇ ਹਨ। ਉਨ੍ਹਾਂ ਤੇ ਕੋਈ ਤਰਸ ਨਹੀਂ ਕਰਦਾ। ਸਰਕਾਰ ਦੀਆਂ ਨੀਤੀਆਂ ਐਸੀਆਂ ਹਨ ਕਿ ਜੇਬ ਵਿਚ ਪੈਸੇ ਨਹੀ ਪਰ ਬੈਂਕਾਂ ਵਿਚ ਖਾਤੇ ਖੁਲਵਾਏ ਜਾ ਰਹੇ ਹਨ। ਪੇਟ ਵਿਚ ਰੋਟੀ ਨਹੀਂ ਪਰ ਸ਼ੋਚਾਲੇ ਬਣਵਾਏ ਜਾ ਰਹੇ ਹਨ। ਵਾਹ ਨੀ ਸਰਕਾਰੇ ਤੇਰਾ ਰੱਬ ਹੀ ਰਾਖਾ।
ਭਰਿਸ਼ਟਾਚਾਰ ਦੇ ਨਾਲ ਨਾਲ ਸਾਡੇ ਦੇਸ਼ ਵਿਚ ਮਿਲਾਵਟ ਅਤੇ ਹੇਰਾ ਫੇਰੀ ਦਾ ਵੀ ਬਹੁਤ ਹੀ ਬੋਲ ਬਾਲਾ ਹੈ। ਕਿਸਾਨ ਆਪਣੀ ਪੈਦਾਵਰ ਵਧਾਉਣ ਲਈ ਰਸਾਇਨਿਕ ਖਾਦਾਂ ਅਤੇ ਸਪਰੇ ਦਾ ਧੜਾ ਧੜ ਇਸਤੇਮਾਲ ਕਰ ਰਹੇ ਹਨ। ਇੱਥੇ ਹੀ ਬਸ ਨਹੀਂ ਮਿਲਾਵਟੀ ਦੁੱਧ ਵਿਚ ਯੂਰੀਆ ਮਿਲਾ ਕੇ ਲੋਕਾਂ ਨੂੰ ਪਿਲਾਇਆ ਜਾ ਰਿਹਾ ਹੈ। ਇਹ ਸਭ ਕੁਝ ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਨਾਲ ਕਈ ਬਿਮਾਰੀਆਂ ਚੰਬੜ ਜਾਂਦੀਆਂ ਹਨ। ਬਿਮਾਰੀਆਂ ਵਿਚ ਘਿਰ ਕੇ ਲੋਕਾਂ ਦੀ ਕਮਾਈ ਦਾ ਇਕ ਵੱਡਾ ਹਿੱਸਾ ਡਾਕਟਰਾਂ ਅਤੇ ਮਹਿੰਗੀਆਂ ਦਵਾਈਆਂ ਦੀ ਭੇਂਟ ਚੜ ਜਾਂਦਾ ਹੈ। ਇਸ ਨਾਲ ਵੀ ਗ਼ਰੀਬੀ ਵਧਦੀ ਹੈ।
ਸਾਡੇ ਦੇਸ਼ ਵਿਚ ਅੱਜ ਤੱਕ ਵਿਦਿਆ ਦੀ ਕੋਈ ਠੋਸ ਪਾਲਿਸੀ ਨਹੀਂ ਬਣ ਸੱਕੀ। ਸਾਡੇ ਨੌਜੁਆਨ 20-25 ਸਾਲ ਦੀ ਉੱਚੀ ਪੜਾਈ* ਕਰ ਕੇ ਵੀ ਵਿਹਲੇ ਇੱਧਰ ਉੱਧਰ ਭਟਕ ਰਹੇ ਹਨ। ਉਨ੍ਹਾਂ ਨੂੰ ਕੋਈ ਠੀਕ ਰਾਹ ਦਿਖਾਉਣ ਵਾਲਾ ਹੀ ਨਹੀਂ। ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਲਈ ਪੂਰੀ ਤਰ੍ਹਾਂ ਅਸਫਲ ਰਹੀ* ਹੈ। ਉਨ੍ਹਾਂ ਨੂੰ ਪੜ੍ਹ ਲਿਖ ਕੇ ਪਕੌੜੇ ਤਲਣ ਦੀ ਸਲਾਹ ਦਿੱਤੀ ਜਾਂਦੀ ਹੈ। ਪੜ੍ਹੇ ਲਿਖੇ ਨੌਜੁਆਨ ਪੜ੍ਹ ਲਿਖ ਕੇ ਵਿਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਉੱਥੇ ਉਨ੍ਹਾਂ ਨੂੰ ਗ਼ੈਰਾਂ ਅਧੀਨ ਜਲਾਲਤ ਵਾਲੀਆਂ ਸ਼ਰਤਾਂ ਤੇ ਘਟੀਆ ਕੰਮ ਕਰਨੇ ਪੈਂਦੇ ਹਨ। ਕਈ ਵਾਰੀ ਅੱਧ-ਭੁੱਖੇ ਪੇਟ ਵੀ ਸੋਣਾ ਪੈਂਦਾ ਹੈ। ਜੇ ਸਰਕਾਰ ਉਨ੍ਹਾਂ ਦੀ ਕਦਰ ਕਰੇ ਅਤੇ ਆਪਣੇ ਮੁਲਕ ਵਿਚ ਹੀ ਯੋਗ ਰੁਜ਼ਗਾਰ ਦੇਵੇ ਤਾਂ ਉਹ ਕਿਉਂ ਵਿਦੇਸ਼ਾਂ ਵਿਚ ਧੱਕੇ ਖਾਣ?ਕਿਉਂ ਮਾਲਟਾ ਵਰਗੇ ਹਾਦਸਿਆਂ ਵਿਚ ਕੀਮਤੀ ਜਾਨਾਂ ਜ਼ਾਇਆ ਜਾਣ?
ਸਾਡੇ ਦੇਸ਼ ਦੇ ਹਾਕਮ ਪਾੜੋ ਅਤੇ ਰਾਜ ਕਰੋ ਦੀ ਨੀਤੀ ਤੇ ਚੱਲ ਰਹੇ ਹਨ ਤਾਂ ਕਿ ਲੋਕ ਆਪਸ ਵਿਚ ਲੜਦੇ ਰਹਿਣ ਅਤੇ ਇਨ੍ਹਾਂ ਦੀਆਂ ਗ਼ਲਤ ਨੀਤੀਆਂ ਵੱਲ ਕਿਸੇ ਦਾ ਧਿਆਨ ਨਾ ਜਾਏ। ਜੇ ਲੋਕਾਂ ਦੀ ਸਾਰੀ ਸ਼ਕਤੀ ਆਪਸ ਵਿਚ ਲੜ੍ਹ ਕੇ ਹੀ ਖ਼ਤਮ ਹੋ ਜਾਏਗੀ ਤਾਂ ਉਹ ਖ਼ੁਸ਼ਹਾਲੀ ਵੱਲ ਕਦਮ ਕਿਵੇਂ ਪੁੱਟਣਗੇ?
ਸਰਕਾਰ ਦੀਆਂ ਨੀਤੀਆਂ ਦੇ ਨਾਲ ਨਾਲ ਸਾਡੀਆਂ ਆਪਣੀਆਂ ਵੀ ਕੁਝ ਕਮਜ਼ੋਰੀਆਂ ਹਨ ਜੋ ਸਾਨੂੰ ਗ਼ਰੀਬੀ ਦੀ ਦਲਦਲ ਵਿਚੋਂ ਨਿਕਲਣ ਨਹੀਂ ਦਿੰਦੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ। ਸਮੇਂ ਨੂੰ ਬਹੁਤ ਹੀ ਵਿਅਰਥ ਗੁਵਾਉਂਦੇ ਹਾਂ। ਵਿਹਲੇ ਬੈਠ ਕੇ ਸਾਨੂੰ ਬਹੁਤ ਤਸੱਲੀ ਮਿਲਦੀ ਹੈ। ਪੰਜਾਬ ਦੇ ਪਿੰਡਾਂ ਦੇ ਸਾਡੇ ਭਰਾ ਖੇਤੀ ਬਾੜੀ ਤੋਂ ਜੀਅ ਚੁਰਾਉਣ ਲੱਗ ਪਏ ਹਨ। ਉਹ ਵਿਦੇਸ਼ਾਂ ਵਿਚ ਜਾ ਕੇ ਛੋਟੇ ਛੋਟੇ ਕੰਮ ਕਰ ਲੈਣਗੇ । ਇੱਥੇ ਆਪਣੇ ਘਰ ਵਿਚ ਉਹੀ ਕੰਮ ਕਰਦਿਆਂ ਉਨ੍ਹਾਂ ਦੀ ਸ਼ਾਨ ਘੱਟਦੀ ਹੈ। ਉਹ ਹਰ ਕੰਮ ਵਿਚ ਬਿਹਾਰ ਤੋਂ ਆਏ ਲੋਕਾਂ ਤੇ ਨਿਰਭਰ ਕਰਨ ਲੱਗ ਪਏ ਹਨ। ਇਸੇ ਲਈ ਹਰ ਸਾਲ ਲੱਖਾਂ ਬਿਹਾਰੀਏ ਤੇ ਉੱਤਰ ਪ੍ਰਦੇਸ਼ ਤੋਂ ਆਏ ਲੋਕ ਪੰਜਾਬ ਵਿਚ ਆ ਕੇ ਇੱਥੇ ਸਾਡੇ ਕਾਖ਼ਾਨਿਆਂ, ਭੱਠਿਆਂ ਅਤੇ ਖੇਤਾਂ ਵਿਚ ਕੰਮ ਕਰਦੇ ਹਨ। ਪੰਜਾਬ ਵਿਚ ਇਕ ਨਵਾਂ ਭਈਆ ਕਲਚਰ ਪੈਦਾ ਹੋ ਗਿਆ ਹੈ।
ਦਿਨ ਬਦਿਨ ਸਾਡੇ ਦੇਸ਼ ਦੇ ਨੌਜੁਆਨ ਨਸ਼ਿਆਂ ਵਿਚ ਫਸਦੇ ਜਾ ਰਹੇ ਹਨ। ਉਨ੍ਹਾਂ ਦੇ ਮਨ ਵਿਚ ਨਾ ਤਾਂ ਕੋਈ ਜੋਸ਼ ਹੈ ਨਾ ਹੀ ਕੋਈ ਉਸਾਰੂ ਕੰਮ ਕਰਨ ਦੀ ਹਿੰਮਤ ਹੈ। ਜਿਹੜੇ ਅਫ਼ਸਰਾਂ ਨੂੰ ਨਸ਼ੇ ਰੋਕਣ ਲਈ ਲਾਇਆ ਜਾਂਦਾ ਹੈ ਉਹ ਹੀ ਨਸ਼ਿਆਂ ਦੇ ਵਪਾਰੀ ਬਣ ਬੈਠਦੇ ਹਨ। ਗੁਲਸ਼ਨ ਨੂੰ ਬਰਬਾਦ ਕਰਨ ਲਈ ਤਾਂ ਇਕ ਉੱਲੂ ਹੀ ਕਾਫੀ ਹੁੰਦਾ ਹੈ ਪਰ ਇੱਥੇ ਤਾਂ ਹਰ ਸ਼ਾਖ ਤੇ ਹੀ ਉੱਲੂ ਬੈਠੇ ਹਨ॥ ਫਿਰ ਮੇਰੇ ਗੁਲਸ਼ਨ ਦਾ ਕੀ ਹੋਵੇਗਾ? ਦੋਸਤੋ ਨਸ਼ੇ ਛੱਡੋ ਅਤੇ ਕੋਹੜ ਕੱਢੋ। ਜੇ ਬਦਕਿਸਮਤੀ ਨਾਲ ਤੁਹਾਡਾ ਕੋਈ ਸਾਥੀ ਨਸ਼ਿਆਂ ਵਿਚ ਪੈ ਗਿਆ ਹੈ ਉਸ ਨੂੰ ਅੱਜ ਤੋਂ ਹੀ ਇਸ ਭੈੜੀ ਆਦਤ ਛੱਡਣ ਵਿਚ ਮਦਦ ਕਰੋ।
ਦੇਸ਼ ਦੀ ਗ਼ਰੀਬੀ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਫ਼ਾਲਤੂ ਦਿਖਾਵਾ ਕਰ ਕੇ ਭੋਜਨ ਦੀ ਬਹੁਤ ਬਰਬਾਦੀ ਕਰਦੇ ਹਾਂ। ਅਸੀਂ ਆਪਣੀ ਫੋਕੀ ਸ਼ਾਨ ਦਿਖਾਉਣ ਲਈ ਵੱਡੀਆਂ ਵੱਡੀਆਂ ਪਾਰਟੀਆਂ ਅਤੇ ਸ਼ਾਹਾਨਾ ਵਿਆਹ ਕਰਦੇ ਹਾਂ ਅਤੇ ਆਪਣੀ ਅਮੀਰੀ ਦਾ ਖ਼ੂਬ ਦਿਖਾਵਾ ਕਰਦੇ ਹਾਂ। ਇਸੇ ਲਈ ਦੇਸ਼ ਵਿਚ ਪੈਲੇਸ ਕਲਚਰ ਬਹੁਤ ਵਧ ਫੁੱਲ ਰਿਹਾ ਹੈ। ਹਰ ਸ਼ਹਿਰ ਦੇ ਬਾਹਰ ਖੁਲ੍ਹੀ ਜ਼ਮੀਨ ਤੇ ਵੱਡੇ ਵੱਡੇ ਪੈਲੇਸ ਖੁੰਭਾਂ ਵਾਂਗ ਉੱਗ ਆਏ ਹਨ। ਇਨ੍ਹਾਂ ਪੈਲੇਸਾਂ ਵਿਚ ਸ਼ਾਹੀ ਵਿਆਹ ਅਤੇ ਵੱਡੀਆਂ ਵੱਡੀਆਂ ਪਾਰਟੀਆਂ ਹੁੰਦੀਆਂ ਹਨ। ਹਜ਼ਾਰਾਂ ਬੰਦਿਆਂ ਦਾ ਇਕੱਠ ਹੁੰਦਾ ਹੈ। ਮੀਟ, ਮੱਛੀ ਸ਼ਰਾਬ ਅਤੇ ਹੋਰ ਕੀਮਤੀ ਭੋਜਨ ਖੁੱਲ੍ਹੇ ਤਿਆਰ ਹੁੰਦੇ ਹਨ। ਲੋਕ ਪੇਟ ਤੂਸੜ ਕੇ ਖਾਂਦੇ ਹਨ। ਇੱਥੇ ਹੀ ਬੱਸ ਨਹੀਂ ਜਿੰਨਾਂ ਉਹ ਖਾਂਦੇ ਹਨ ਉਸ ਤੋਂ ਵੱਧ ਜੂਠਾ ਸੁੱਟਦੇ ਹਨ। ਹਰ ਪਾਰਟੀ ਵਿਚ ਲੱਖਾਂ ਰੁਪਏ ਦਾ ਭੋਜਨ ਬਰਬਾਦ ਹੁੰਦਾ ਹੈ। ਇਸ ਤੋਂ ਇਲਾਵਾ ਸਾਡੇ ਲੋਕ ਰੂੜੀਵਾਦੀ ਅਤੇ ਅੰਧ ਵਿਸ਼ਵਾਸੀ ਬਹੁਤ ਹਨ। ਪੰਡਤਾਂ ਦੇ ਕਹਿਣ ਤੇ ਲੱਖਾਂ ਮਣ ਦੁੱਧ ਗਣੇਸ਼ ਦੀਆਂ ਮੂਰਤੀਆਂ ਨੂੰ ਪਿਆਉਣ ਦਾ ਦਿਖਾਵਾ ਕੀਤਾ ਜਾਂਦਾ ਹੈ। ਇਹ ਹੀ ਦੁਧ ਰੁੜ੍ਹ ਕੇ ਅਗੇ ਗੰਦੇ ਨਾਲਿਆਂ ਵਿਚ ਵਿਅਰਥ ਚਲੇ ਜਾਂਦਾ ਹੈ ਕਿਸੇ ਗ਼ਰੀਬ ਬੱਚੇ ਦੇ ਮੂੰਹ ਵਿਚ ਨਹੀਂ ਪੈਂਦਾ। ਯੂਨੀਸਿਫ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਲੱਖਾਂ ਮਾਤਾਵਾਂ ਅਤੇ ਬੱਚੇ ਹਰ ਸਾਲ ਕੁਪੋਸ਼ਨ ਦਾ ਸ਼ਿਕਾਰ ਹੋ ਕੇ ਮਰਦੇ ਹਨ। ਜੇ ਇਹ ਹੀ ਭੋਜਨ ਜ਼ਾਇਆ ਕਰਨ ਦੀ ਥਾਂ ਗ਼ਰੀਬ ਮਾਵਾਂ ਅਤੇ ਬੱਚਿਆਂ ਨੂੰ ਕਰਵਾਇਆ ਜਾਏ ਤਾਂ ਕਈ ਅਨਮੋਲ ਜਾਨਾਂ ਬਚ ਸੱਕਦੀਆਂ ਹਨ।
ਸਾਡੇ ਦੇਸ਼ ਦੀ ਗ਼ਰੀਬੀ ਦਾ ਇਕ ਕਾਰਨ ਵਧਦੀ ਹੋਈ ਅਬਾਦੀ ਹੈ। ਜਿਸ ਹਿਸਾਬ ਸਿਰ ਦੇਸ਼ ਦੀ ਅਬਾਦੀ ਵਧ ਰਹੀ ਹੈ ਉਸ ਹਿਸਾਬ ਸਿਰ ਪੈਦਾਵਰ ਨਹੀਂ ਵਧ ਰਹੀ। ਇਸ ਲਈ ਮੁਲਕ ਭੁੱਖਮਰੀ ਵਿਚ ਧੱਸਦਾ ਜਾ ਰਿਹਾ ਹੈ। ਵਧਦੀ ਅਬਾਦੀ ਤੇ ਸਰਕਾਰ ਜਾਂ ਲੋਕਾਂ ਦਾ ਕੋਈ ਕੰਟਰੋਲ ਨਹੀਂ। 1947 ਵਿਚ ਜਦ ਭਾਰਤ ਆਜ਼ਾਦ ਹੋਇਆ ਤਾਂ ਸਾਰੇ ਦੇਸ਼ ਦੀ ਕੁੱਲ ਅਬਾਦੀ 35 ਕਰੌੜ ਸੀ। ਹੁਣ ਜਦੋਂ ਕਿ ਇਸ ਵਿਚੋਂ ਪਾਕਿਸਤਾਨ ਅਤੇ ਬੰਗਲਾ ਦੇਸ਼ ਦੋ ਮੁਲਕ ਨਿਕਲ ਚੁੱਕੇ ਹਨ ਤਾਂ ਵੀ ਇਕੱਲੇ ਭਾਰਤ ਦੀ ਅਬਾਦੀ 130 ਕਰੌੜ ਤੋਂ ਵਧ ਚੁੱਕੀ ਹੈ। ਜਲਦੀ ਹੀ ਇਹ ਅਬਾਦੀ ਚੀਨ ਤੋਂ ਵੀ ਅੱਗੇ ਵਧ ਜਾਏਗੀ ਅਤੇ ਭਾਰਤ ਜਨਸੰਖਿਆ ਦੇ ਹਿਸਾਬ ਸਿਰ ਦੁਨੀਆਂ ਦੇ ਨਕਸ਼ੇ ਤੇ ਪਹਿਲੇ ਨੰਬਰ ਤੇ ਆ ਜਾਵੇਗਾ। ਐਨੇ ਲੋਕਾਂ ਲਈ ਰੁਜ਼ਗਾਰ, ਭੋਜਨ ਅਤੇ ਕੱਪੜਾ ਕਿੱਥੋਂ ਆਵੇਗਾ? ਜ਼ਾਹਿਰ ਹੈ ਕਿ ਮੁਲਕ ਕੰਗਾਲੀ ਵਿਚ ਧੱਸਦਾ ਜਾਵੇਗਾ।
ਗ਼ਰੀਬੀ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ, ਖ਼ਰਚੇ ਨਾਲੋਂ ਆਮਦਨ ਦੇ ਸਾਧਨ ਘੱਟ ਹੋਣਾ। ਨਿੱਤ ਦੇ ਜ਼ਰੂਰੀ ਖ਼ਰਚੇ ਤਾਂ ਬਘਿਆੜ ਦੀ ਤਰ੍ਹਾਂ ਮੂੰਹ ਅੱਡ ਕੇ ਖੜ੍ਹੇ ਰਹਿੰਦੇ ਹਨ ਜੇ ਉਨ੍ਹਾਂ ਨੂੰ ਪੂਰੇ ਕਰਨ ਲਈ ਯੋਗ ਧਨ ਨਾ ਹੋਵੇ ਤਾਂ ਗ਼ਰੀਬੀ ਪੱਲੇ ਪੈ ਜਾਂਦੀ ਹੈ। ਬੰਦਾ ਤਣਾਅ ਵਿਚ ਆ ਜਾਂਦਾ ਹੈ। ਉਹ ਕਰਜ਼ਈ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਉਧਾਰ ਮਿਲਣਾ ਵੀ ਬੰਦ ਹੋ ਜਾਂਦਾ ਹੈ। ਜ਼ਰੂਰਤਾਂ ਪੂਰੀਆਂ ਨਾ ਹੋਣ ਕਰ ਕੇ ਘਰ ਵਿਚ ਕਲੇਸ਼ ਰਹਿੰਦਾ ਹੈ।ਕਈ ਤਰ੍ਹਾਂ ਦੀਆਂ ਬਿਮਾਰੀਆਂ ਬੰਦੇ ਨੂੰ ਘੇਰ ਲੈਂਦੀਆਂ ਹਨ। ਗ਼ਰੀਬੀ ਵਿਚ ਬੰਦਾ ਸਾਰੀ ਉਮਰ ਲੋੜਾਂ ਅਤੇ ਥੋੜਾਂ ਵਿਚ ਪਿਸਦਾ ਰਹਿੰਦਾ ਹੈ। ਉਸ ਨੂੰ ਆਪਣੀਆਂ ਅਤੇ ਪਰਿਵਾਰ ਦੀਆਂ ਖ਼ਾਹਿਸ਼ਾਂ ਦਾ ਗਲਾ ਘੁੱਟ ਕੇ ਜਿਉਣਾ ਪੈਂਦਾ ਹੈ। ਉਹ ਸਾਰੀ ਉਮਰ ਸਨਮਾਨ ਨਾਲ ਚਾਰ ਬੰਦਿਆਂ ਵਿਚ ਖੜ੍ਹਾ ਨਹੀਂ ਹੋ ਸੱਕਦਾ। ਲੋਕ ਉਸ ਨੂੰ ਕੋਈ ਆਦਰ ਮਾਣ ਨਹੀਂ ਦਿੰਦੇ। ਉਸ ਨੂੰ ਹਰ ਥਾਂ ਅਣਗੌਲਿਆਂ ਕੀਤਾ ਜਾਂਦਾ ਹੈ। ਉਹ ਹੋਇਆ ਨਾ ਹੋਇਆ, ਸਮਾਜ ਨੂੰ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਕਹਿੰਦੇ ਹਨ-ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ।
ਜੇ ਤੁਹਾਨੂੰ ਧਨ ਦੀ ਕਮੀ ਹੈ ਜਾਂ ਗ਼ਰੀਬੀ ਸਿਰ ਨਹੀਂ ਚੁੱਕਣ ਦਿੰਦੀ ਤਾਂ ਇਹ ਸਮਝ ਲਓ ਕਿ ਬਾਹਰੋਂ ਕਿਸੇ ਅਵਤਾਰ ਨੇ ਆ ਕੇ ਤੁਹਾਡੀ ਗ਼ਰੀਬੀ ਦੂਰ ਨਹੀਂ ਕਰ ਦੇਣੀ। ਆਪਣੀ ਗ਼ਰੀਬੀ ਤੁਹਾਨੂੰ ਆਪ ਹੀ ਦੂਰ ਕਰਨੀ ਪੈਣੀ ਹੈ। ਫ਼ਜ਼ੂਲ ਖ਼ਰਚੀ ਛੱਡੋ। ਸਮੇਂ ਦੀ ਕਦਰ ਕਰੋ। ਹਰ ਮਿੰਟ ਅਤੇ ਹਰ ਸਕਿੰਟ ਦੀ ਕੀਮਤ ਸਮਝੋ ਤੁਹਡਾ ਸਮਾਂ ਹੀ ਤੁਹਾਡਾ ਅਸਲੀ ਧਨ ਹੈ। ਜੋ ਸਮੇਂ ਨੂੰ ਜ਼ਾਇਆ ਕਰਦਾ ਹੈ ਉਹ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਦਾ ਹੈ। ਉਹ ਬਿਮਾਰੀ, ਗ਼ਰੀਬੀ, ਦਲਿਦਰ ਅਤੇ ਬਦਕਿਸਮਤੀ ਨੂੰ ਆਵਾਜ਼ ਦਿੰਦਾ ਹੈ।ਆਲਸ ਦਾ ਤਿਆਗ ਕਰੋ ਅਤੇ ਉੇੱਦਮੀ ਬਣੋ। ਉੱਦਮੀ ਬੰਦਾ ਕਦੀ ਗ਼ਰੀਬ ਜਾਂ ਬਦਕਿਸਮਤ ਨਹੀਂ ਹੋ ਸੱਕਦਾ।ਇਸ ਲਈ ਉੱਦਮੀ ਬਣ ਕੇ ਕਮਾਈ ਕਰਨ ਦੀ ਲੋੜ ਹੈ ਤਾਂ ਕਿ ਗ਼ਰੀਬੀ ਦੀ ਲਾਹਨਤ ਨੂੰ ਖਤਮ ਕੀਤਾ ਜਾਏ।
*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email:  gursharan1183@yahoo.in

ਪ੍ਰੇਰਨਾਦਾਇਕ ਲੇਖ  : ਨਜ਼ਰ ਅਤੇ ਨਜ਼ਰੀਆ - ਗੁਰਸ਼ਰਨ ਸਿੰਘ ਕੁਮਾਰ

ਮਨੁੱਖ ਦੀ ਨਜ਼ਰ ਅਤੇ ਨਜ਼ਰੀਏ ਵਿਚ ਇਕ ਖਾਸ ਅੰਤਰ ਹੁੰਦਾ ਹੈ ਜਿਸ ਵਲ ਸਧਾਰਨ ਲੋਕ ਧਿਆਨ ਨਹੀਂ ਦਿੰਦੇ। ਇਸ ਲਈ ਉਸ ਨੂੰ ਅਣਗੋਲਿਆ ਕਰ ਦਿੰਦੇ ਹਨ ਪਰ ਇਸ ਦੇ ਦੂਰ ਰਸ ਸਿੱਟੇ ਹੂੰਦੇ ਹਨ। ਨਜ਼ਰ ਦਾ ਅਰਥ ਹੈ ਜੋ ਵਸਤੂ ਜਾਂ ਦ੍ਰਿਸ਼ ੈ ਜਿਸ ਤਰ੍ਹਾਂ ਵੀ ਸਾਡੇ ਸਾਹਮਣੇ ਹੈ ਉਸ ਨੂੰ ਅਸੀ ਉਸੇ ਤਰ੍ਹਾਂ ਹੀ ਦੇਖ ਰਹੇ ਹਾਂ। ਨਜ਼ਰੀਏ ਦਾ ਮਤਲਬ ਹੈ ਕਿ ਅਸੀਂ ਆਪਣੀਆਂ ਅੱਖਾਂ ਨਾਲ ਜੋ ਦਿਸਦਾ ਹੈ ਉਸ ਨੂੰ ਅਸੀਂ ਕਿਸ ਪ੍ਰਭਾਵ ਨਾਲ ਲੈਂਦੇ ਹਾਂ। ਸਾਡੇ ਨਜ਼ਰੀਏ ਨਾਲ ਹੀ ਉਸ ਵਸਤੂ ਜਾਂ ਦ੍ਰਿਸ਼ ਤੇ ਸਾਡਾ ਪ੍ਰਤੀਕਰਮ ਹੁੰਦਾ ਹੈ। ਨਜ਼ਰੀਏ ਨੂੰ ਹੋਰ ਸਪਸ਼ਟ ਤੋਰ ਤੇ ਸਮਝਣ ਲਈ ਸਾਨੂੰ ਇਹ ਦੇਖਣਾ ਪਵੇਗਾ ਕਿ ਅਸੀਂ ਕਿਸ ਧਰਾਤਲ ਤੇ ਵਿਚਰ ਕੇ ਉਸ ਵਸਤੂ ਜਾਂ ਦ੍ਰਿਸ਼ ਨੂੰ ਦੇਖ ਰਹੇ ਹਾਂ। ਇਸ ਨਾਲ ਸਾਡੀ ਨਜ਼ਰ ਬਦਲ ਜਾਂਦੀ ਹੈ ਜੋ ਸਾਡੇ ਨਜ਼ਰੀਏ ਨੂੰ ਪ੍ਰਭਾਵਿਤ ਕਰਦੀ ਹੈ। ਸਾਡੇ ਨਜ਼ਰੀਏ ਦੇ ਬਦਲਣ ਨਾਲ ਸਾਡੇ ਪ੍ਰਤੀਕਰਮ ਵੀ ਬਦਲ ਜਾਂਦੇ ਹਨ। ਉੱਚਾਈ ਤੇ ਖੜੇ ਹੋ ਕੇ ਹੇਠਲੀਆਂ ਚੀਜ਼ਾਂ ਹਮੇਸ਼ਾਂ ਛੋਟੀਆਂ ਹੀ ਨਜ਼ਰ ਆਉਂਦੀਆਂ ਹਨ। ਇਹ ਹੀ ਅਸੂਲ ਸਾਡੇ ਸੰਸਕਾਰ, ਮਰਿਆਦਾ, ਮਾਨਤਵਾਂ, ਆਲੇ ਦੁਆਲੇ,  ਉਮਰ ਅਤੇ ਬੁੱਧੀ ਤੇ ਵੀ ਲਾਗੂ ਹੁੰਦਾ ਹੈ ਜੋ ਸਾਡੇ ਨਜ਼ਰੀਏ ਅਤੇ ਪ੍ਰਤੀ ਕਰਮ ਤੇ ਸਿੱਧਾ ਅਸਰ ਪਾਉਂਦਾ ਹੈ। ਅਸੀਂ ਉਸ ਤਰ੍ਹਾਂ ਦੇ ਹੀ ਬਣ ਜਾਂਦੇ ਹਾਂ ਜਿਸ ਤਰ੍ਹਾਂ ਦਾ ਸਾਡਾ ਨਜ਼ਰੀਆ ਹੁੰਦਾ ਹੈ ਅਤੇ ਸਾਡਾ ਵਤੀਰਾ ਵੀ ਪੱਖਵਾਦੀ ਜਾਂ ਵੱਖਵਾਦੀ ਹੋ ਜਾਂਦਾ ਹੈ।
ਉਦਾਹਰਨ ਦੇ ਤੋਰ ਤੇ ਜੇ ਕੋਈ ਵਸਤੂ ਅਸੀਂ ਖ਼ੁਦ ਪੈਸੇ ਦੇ ਕੇ ਖਰੀਦੀ ਹੋਵੇ ਤਾਂ ਅਸੀਂ ਉਸ ਦੀ ਬਹੁਤ ਸੰਭਾਲ ਕੇ ਵਰਤੋਂ ਕਰਦੇ ਹਾਂ ਪਰ ਜੇ ਉਹ ਹੀ ਵਸਤੂ ਕਿਸੇ ਨੂੰ ਮੁਫ਼ਤ ਮਿਲ ਜਾਏ ਤਾਂ ਉਹ ਉਸ ਦੀ ਬੇਕਦਰੀ ਕਰਦਾ ਹੈ। ਉਸ ਦੀ ਵਰਤੋਂ ਵੀ ਬੜੀ ਬੇਦਰਦੀ ਨਾਲ ਹੁੰਦੀ ਹੈ। ਦੇਖਿਆ ਗਿਆ ਕਿ ਜਦ ਲੋਕਾਂ ਨੂੰ ਖ਼ੁਦ ਬਿਜਲੀ ਦਾ ਬਿਲ ਭਰਨਾ ਪੈਂਦਾ ਹੈ ਤਾਂ ਉਹ ਬਿਜਲੀ ਦੀ ਵਰਤੋਂ ਬੜੇ ਸੰਜਮ ਨਾਲ ਕਰਦੇ ਹਨ ਪਰ ਜਿਸ ਬਿਜਲੀ ਦਾ ਬਿਲ ਆਪ ਨੂੰ ਨਹੀਂ ਭਰਨਾ ਪੈਂਦਾ ਜਿਵੇਂ ਸਰਕਾਰੀ ਦਫ਼ਤਰ, ਸਾਂਝੀਆਂ ਥਾਵਾਂ ਅਤੇ ਬੇਗਾਨੇ ਘਰ ਆਦਿ, ਉੱਥੇ ਬਿਜਲੀ ਫਾਲਤੂ ਹੀ ਖ਼ਰਚ ਹੁੰਦੀ ਰਹਿੰਦੀ ਹੈ। ਉੱਥੇ ਬਿਨਾ ਲੋੜ ਤੋਂ ਹੀ ਪੱਖੇ ਚੱਲਦੇ ਰਹਿੰਦੇ ਹਨ ਅਤੇ ਲਾਈਟਾਂ ਜਗਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਇੱਥੇ ਸਾਡੇ ਨਜ਼ਰੀਏ ਅਤੇ ਉਸ ਦੇ ਪ੍ਰਤੀਕਰਮ ਦਾ ਫਰਕ ਸਾਫ ਨਜ਼ਰ ਆਉਂਦਾ ਹੈ।
ਜਿੰਨ੍ਹਾਂ ਕੰਮਾਂ ਦੀ ਸਾਡੀ ਇੱਛਾ ਮੁਤਾਬਿਕ ਕਦਰ ਪੈਂਦੀ ਹੈ ਜਾਂ ਮੁਆਵਜੇ ਜਾਂ ਧਨ ਦੇ ਰੂਪ ਮੁੱਲ ਪੈਂਦਾ ਹੈ ਉਹ ਸਾਨੂੰ ਖ਼ੁਸ਼ੀ ਦਿੰਦੇ ਹਨ। ਉਨ੍ਹਾਂ ਨੂੰ ਕਰ ਕੇ ਸਾਨੂੰ ਸਕੂਨ ਮਿਲਦਾ ਹੈ ਪਰ ਵਗਾਰੀ ਕੰਮ ਸਾਨੂੰ ਮੁਸ਼ਕਿਲ ਲੱਗਦੇ ਹਨ। ਜਿਹੜੇ ਕੰਮ ਆਪਣੀ ਮਰਜ਼ੀ ਨਾਲ ਕੀਤੇ ਜਾਂਦੇ ਹਨ ਉਹ ਅਸਾਨ ਲੱਗਦੇ ਹਨ। ਉਨ੍ਹਾਂ ਨੂੰ ਕਰਨ ਨਾਲ ਵੀ ਖ਼ੁਸ਼ੀ ਮਿਲਦੀ ਹੈ। ਉਹ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ ਅਤੇ ਮਨ ਨੂੰ ਸ਼ਾਂਤੀ ਦਿੰਦੇ ਹਨ। ਜਿਹੜੇ ਕੰਮ ਕਿਸੇ ਦੇ ਦਬਾਅ ਵਿਚ ਜਾਂ ਆਪਣੀ ਮਰਜ਼ੀ ਤੋਂ ਬਿਨਾ ਕਰਨੇ ਪੈਣ ਉਹ ਮੁਸ਼ਕਲ, ਅਕਾਉ ਅਤੇ ਥਕਾਉ ਲੱਗਦੇ ਹਨ। ਉਨ੍ਹਾਂ ਦੇ ਨਤੀਜੇ ਵੀ ਤਸੱਲੀ ਬਖਸ਼ ਨਹੀਂ ਨਿਕਲਦੇ।
ਅਸੀਂ ਆਪਣੇ ਬਜ਼ੁਰਗਾਂ ਤੋਂ ਇਕ ਅਖਾਣ ਸੁਣਦੇ ਆਏ ਹਾਂ ਕਿ-''ਪੈਸੇ ਦਾ ਘੋੜਾ ਮਹਿੰਗਾ ਅਤੇ ਲੱਖ ਰੁਪਏ ਦਾ ਘੋੜਾ ਸੱਸਤਾ''। ਇਸ ਗੱਲ ਨੂੰ ਇਸ ਕਹਾਣੀ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ-''ਇਕ ਵਾਰੀ ਇਕ ਗ਼ਰੀਬ ਬੰਦਾ ਆਪਣੇ ਚਾਰ ਸਾਲ ਦੇ ਛੋਟੇ ਬੱਚੇ ਨੂੰ ਮੇਲੇ ਲੈ ਗਿਆ। ਉੱਥੇ ਖ਼ਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਬੱਚੇ ਨੇ ਇਕ ਮਿੱਟੀ ਦਾ ਘੋੜਾ ਖਰੀਦਣ ਦੀ ਜਿਦ ਕੀਤੀ। ਪਿਓ ਨੇ ਭਾਅ ਪੁੱਛਿਆ ਤਾਂ ਭਾਈ ਨੇ ਕਿਹਾ ਕਿ ਇਕ ਪੈਸੇ ਦਾ ਇਕ ਘੋੜਾ ਹੈ। ਪਿਓ ਨੇ ਕਿਹਾ-ਪੁੱਤਰ ਇਕ ਪੈਸੇ ਦਾ ਇਕ ਘੋੜਾ ਤਾਂ ਬਹੁਤ ਮਹਿੰਗਾ ਹੈ। ਅਸੀਂ ਨਹੀਂ ਖ਼ਰੀਦ ਸਕਦੇ। ਕੁਝ ਸਮਾਂ ਬੀਤਿਆ। ਉਨ੍ਹਾਂ ਦੇ ਦਿਨ ਫਿਰ ਗਏ। ਗ਼ਰੀਬੀ ਕੱਟੀ ਗਈ। ਬੱਚਾ ਵੀ ਹੁਣ ਜੁਆਨ ਹੋ ਗਿਆ। ਉਸ ਨੇ ਅਮੀਰਾਂ ਵਾਲੇ ਸ਼ੌਂਕ ਪਾਲ ਲਏ। ਉਸ ਦੇ ਮਨ ਵਿਚ ਰੇਸ ਦੇ ਘੋੜੇ ਪਾਲਣ ਦਾ ਸ਼ੌਂਕ ਪੈਦਾ ਹੋ ਗਿਆ। ਇਕ ਦਿਨ ਦੋਵੇਂ ਪਿਓ ਪੁੱਤਰ ਘੋੜਿਆਂ ਦੀ ਮੰਡੀ ਗਏ। ਮੁੰਡੇ ਨੂੰ ਪੰਜ ਲੱਖ ਦਾ ਘੋੜਾ ਪਸੰਦ ਆ ਗਿਆ। ਪਿਓ ਨੂੰ ਪੁੱਛਿਆ। ਪਿਓ ਕਹਿੰਦਾ-ਲੈ ਲੈ ਬੇਟਾ ਲੈ ਲੈ, ਪੰਜ ਲੱਖ ਦਾ ਘੋੜਾ ਤਾਂ ਬਹੁਤ ਹੀ ਸੱਸਤਾ ਹੈ।'' ਸਮਾਂ ਤੇ ਹਾਲਾਤ ਬਦਲਣ ਨਾਲ ਉਸੇ ਪਿਓ ਦਾ ਨਜ਼ਰੀਆ ਅਤੇ ਪ੍ਰਤੀਕਰਮ ਵੀ ਬਦਲ ਗਿਆ।
ਸਾਡੀ ਆਸਥਾ ਅਤੇ ਸੇਵਾ ਭਾਵ ਨਾਲ ਸਾਡਾ ਨਜ਼ਰੀਆ ਹੀ ਬਦਲ ਜਾਂਦਾ ਹੈ ਜੇ ਕਿਸੇ ਬੰਦੇ ਨੂੰ ਅੱਧਾ ਘੰਟਾ ਪਾਠ ਕਰਨ ਜਾਂ ਸੁਣਨ ਨੂੰ ਕਿਹਾ ਜਾਏ ਤਾਂ ਉਹ ਕਹੇਗਾ ਮੇਰਾ ਮਨ ਨਹੀਂ ਟਿਕਦਾ ਪਰ ਤਿੰਨ ਘੰਟੇ ਦੀ ਫਿਲਮ ਦੇਖਣ ਜਾਣ ਲੱਗੇ ਬੜਾ ਸੋਹਣਾ ਮਨ ਟਿਕ ਜਾਂਦਾ ਹੈ। ਕਈ ਔਰਤਾਂ ਬੀਮਾਰ ਘਰ ਵਾਲਿਆਂ ਦੀ ਸੇਵਾ ਕਰਨ ਲੱਗੇ ਨੱਕ ਮੂੰਹ ਵੱਟਦੀਆਂ ਹਨ ਪਰ ਉਹ ਡੇਰਿਆਂ ਤੇ ਜਾ ਕੇ ਬਾਬਿਆਂ ਦੀਆਂ ਲੱਤਾਂ ਘੁੱਟਦੀਆਂ ਹਨ। ਉਨ੍ਹਾਂ ਦੇ ਪੈਰਾਂ ਨੂੰ ਧੋ ਧੋ ਕੇ ਗੰਦਾ ਪਾਣੀ ਚਰਨਾਮਤ ਕਰਕੇ ਖ਼ੁਸ਼ੀ ਖ਼ੁਸ਼ੀ ਪੀਂਦੀਆਂ ਹਨ। ਇਸੇ ਤਰ੍ਹਾਂ ਘਰ ਵਿਚ ਜੇ ਕੋਈ ਬਜ਼ੁਰਗ ਚਾਹ ਜਾਂ ਰੋਟੀ ਮੰਗ ਲਏ ਤਾਂ ਕਹਿਣਗੀਆਂ ਆਪੇ ਬਣਾ ਲਉ। ਮੈਨੂੰ ਗੁਰਦਵਾਰੇ ਦੇਰ ਹੋ ਰਹੀ ਹੈ। ਮੈਂ ਉੱਥੇ ਜਾੇ ਲੰਗਰ ਦੀ ਸੇਵਾ ਕਰਨੀ ਹੈ। ਕਈ ਲੋਕ ਚੰਗੀ ਸਿਹਤ ਲਈ ਲੰਮੀ ਸੈਰ ਕਰਦੇ ਹਨ। ਉਹ ਜਿਮ ਜਾ ਕੇ ਪੈਸੇ ਦੇ ਕੇ ਕਸਰਤ ਵੀ ਕਰਦੇ ਹਨ। ਜੇ ਉਨ੍ਹਾਂ ਨੂੰ ਘਰ ਦਾ ਕੋਈ ਕੰਮ ਕਰਨਾ ਪੈ ਜਾਏ ਤਾਂ ਭਾਰਾ ਲੱਗਦਾ ਹੈ। ਘਰ ਦਾ ਰਾਸ਼ਨ ਪਾਣੀ ਖਰੀਦਣ ਲਈ ਉਹ ਸਕੂਟਰ ਜਾਂ ਕਾਰ ਤੋਂ ਬਿਨਾ ਬਾਹਰ ਪੈਰ ਨਹੀਂ ਕੱਢਦੇ। ਇਸੇ ਤਰ੍ਹਾਂ ਸਾਡੇ ਨੋਜੁਆਨ ਖੇਡਾਂ ਲਈ ਜਾਨ ਹੂਲ ਕੇ ਸਾਰੀ ਸ਼ਕਤੀ ਲਾ ਦੇਣਗੇ ਕਿਉਂਕਿ ਇਸ ਨਾਲ ਸਰੀਰ ਦੀ ਵਰਜਿਸ਼ ਹੁੰਦੀ ਹੈ ਪਰ ਜੇ ਉਨ੍ਹਾਂ ਨੂੰ ਕਿਸੇ ਖ਼ਰਾਬ ਬੱਸ ਨੂੰ ਦੋ ਮਿੰਟ ਲਈ ਧੱਕਾ ਲਾਣ ਲਈ ਕਿਹਾ ਜਾਏ ਤਾਂ ਉਨ੍ਹਾਂ ਦੀ ਸ਼ਾਨ ਵਿਚ ਫਰਕ ਪੈਂਦਾ ਹੈ। ਉਹ ਝੱਟ ਕਹਿਣਗੇ ਕਿਸੇ ਮਜ਼ਦੂਰ ਨੂੰ ਬੁਲਾ ਲਉ। ਇਹ ਹੈ ਨਜ਼ਰੀਏ ਦਾ ਫਰਕ। ਹੁਣ ਉਨ੍ਹਾਂ ਦੀ ਵਰਜਿਸ਼ ਨਹੀਂ ਹੁੰਦੀ?
ਕਿਸੇ ਕਿਸਾਨ ਕੋਲ ਵਾਹੀ ਲਈ ਜਿੰਨੀ ਵੀ ਜ਼ਮੀਨ ਹੋਵੇ ਉਸ ਨੂੰ ਉਹ ਥੋੜ੍ਹੀ ਹੀ ਲੱਗਦੀ ਹੈ। ਜ਼ਮੀਨ ਵਿਚੋਂ ਹੀ ਉਸ ਦੀ ਫ਼ਸਲ ਪੈਦਾ ਹੁੰਦੀ ਹੈ ਅਤੇ ਉਸ ਦੀ ਖ਼ੁਸ਼ਹਾਲੀ ਵਧਦੀ ਹੈ। ਉਸ ਵਿਚ ਹੋਰ ਜ਼ਮੀਨ ਹਾਸਿਲ ਕਰਨ ਦੀ ਲਾਲਸਾ ਪੈਦਾ ਹੁੰਦੀ ਹੈ। ਉਹ ਧਰਤੀ ਨੂੰ ਆਪਣੀ ਮਾਂ ਦੇ ਬਰਾਬਰ ਗਿਣਦਾ ਹੈ। ਧਰਤੀ ਹੀ ਉਸ ਦੀ ਪਾਲਣਹਾਰ ਹੈ ਪਰ ਜੇ ਕਿਸੇ ਕਿਸਾਨ ਨੂੰ ਕਿਸੇ ਬਿਲਕੁਲ ਉਜਾੜ ਟਾਪੂ ਤੇ ਕਾਫ਼ੀ ਸਾਰੀ ਜ਼ਮੀਨ ਦਾ ਮਾਲਕ ਬਣਾ ਦਿੱਤਾ ਜਾਏ ਅਤੇ ਕਿਹਾ ਜਾਏ ਲੈ ਭਈ ਹੁਣ ਤੂੰ ਜਿੰਨੀ ਮਰਜ਼ੀ ਜ਼ਮੀਨ ਵਾਹੀ ਜਾ ਅਤੇ ਖ਼ੁਸ਼ੀਆਂ ਮਾਣੀ ਜਾ। ਉੱਥੇ ਉਸ ਕਿਸਾਨ ਦਾ ਜ਼ਮੀਨ ਪ੍ਰਤੀ ਨਜ਼ਰੀਆ ਹੀ ਬਦਲ ਜਾਵੇਗਾ। ਉਸ ਦੀ ਫਸਲ ਨੂੰ ਖਰੀਦਣ ਵਾਲਾ ਹੀ ਕੋਈ ਨਹੀਂ ਹੋਵੇਗਾ। ਖੇਤੀ ਉਸ ਨੂੰ ਫਾਲਤੂ ਜਿਹਾ ਕੰਮ ਲੱਗੇਗਾ। ਜ਼ਮੀਨ ਉਸ ਲਈ ਬੇਲੋੜੀ ਚੀਜ਼ ਬਣ ਕੇ ਰਹਿ ਜਾਵੇਗੀ।
ਸਾਡੀ ਮਮਤਾ ਅਤੇ ਅਪਣਤ ਕਾਰਨ ਵੀ ਸਾਡਾ ਨਜ਼ਰੀਆ ਬਦਲਦਾ ਹੈ।ਹਰ ਮਾਂ ਪਿਓ ਨੂੰ ਆਪਣਾ ਬੱਚਾ ਦੁਨੀਆਂ ਦਾ ਸਭ ਤੋਂ ਸੋਹਣਾ ਬੱਚਾ ਹੀ ਨਜ਼ਰ ਆਉਂਦਾ ਹੈ। ਉਸ ਲਈ ਪਿਆਰ ਡੁਲ੍ਹ ਡੁਲ੍ਹ ਪੈਂਦਾ ਹੈ। ਇਸ ਲਈ ਉਹ ਆਪਣੇ ਬੱਚੇ ਲਈ ਆਪਣਾ ਸਭ ਕੁਝ ਹੀ ਵਾਰਨ ਲਈ ਤਤਪਰ ਰਹਿੰਦੇ ਹਨ। ਦੂਸਰੇ ਬੱਚਿਆਂ ਲਈ ਇਹ ਨਜ਼ਰੀਆ ਬਦਲ ਜਾਦਾ ਹੈ। ਮਤਰੇਈਆਂ ਮਾਵਾਂ ਦੇ ਪਰਾਏ ਬੱਚਿਆਂ ਲਈ ਦਵੈਸ਼ ਭਰੇ ਸਲੂਕ ਤਾਂ ਸਭ ਤੋਂ ਬਦਨਾਮ ਹਨ।
ਦੁਸ਼ਮਣ ਦੇ ਘਰ ਅੱਗ ਲੱਗੀ ਹੋਵੇ ਤਾਂ ਆਤਿਸ਼ਬਜੀ ਜਾਂ ਬਸੰਤਰ ਦੇਵਤਾ ਕਹਿ ਕੇ ਖ਼ੁਸ਼ੀ ਮਨਾਈ ਜਾਂਦੀ ਹੈ ਪਰ ਜੇ ਇਹ ਹੀ ਅੱਗ ਆਪਣੇ ਘਰ ਨੂੰ ਕਲਾਵੇ ਵਿਚ ਲੈ ਲਏ ਤਾਂ ਗਸ਼ੀਆਂ ਪੈਣ ਲੱਗ ਜਾਂਦੀਆਂ ਹਨ। ਭਾਰਤ ਵਿਚ 1984 ਵਿਚ ਸਿੱਖਾਂ ਨੂੰ ਗਲੇ ਵਿਚ ਟਾਇਰ ਪਾ ਕੇ ਅੱਗ ਲਾ ਕੇ ਸਾੜਿਆ ਗਿਆ ਤੇ ਉਪਰੋਂ ਕਿਹਾ ਗਿਆ ਕਿ ਕਿੱਡਾ ਸੋਹਣਾ ਡਿਸਕੋ ਕਰ ਰਹੇ ਹਨ। ਇਹ ਹੀ ਹੈ ਸਾਡੀ ਇਨਸਾਨੀਅਤ ਦੇ ਨਜ਼ਰੀਏ ਦਾ ਫਰਕ?
ਸਾਡੀਆਂ ਪ੍ਰੇਮ ਕਥਾਵਾਂ ਵਿਚ ਇਕ ਪ੍ਰੇਮ ਕਥਾ ਲੈਲਾ ਮਜ਼ਨੂੰ ਦੀ ਆਉਂਦੀ ਹੈ। ਕਹਿੰਦੇ ਹਨ ਕਿ ਲੈਲਾ ਬਹੁਤ ਕਾਲੀ ਸੀ ਪਰ ਮਜ਼ਨੂੰ ਉਸ ਨੂੰ ਬਹੁਤ ਪਿਆਰ ਕਰਦਾ ਸੀ। ਕਿਸੇ ਨੇ ਮਜ਼ਨੂੰ ਨੂੰ ਤਾਅਨਾ ਮਾਰਿਆ ਕਿ ਲੈਲਾ ਤਾਂ ਬਹੁਤ ਕਾਲੀ ਹੈ। ਤੂੰ ਉਸ ਦੇ ਚੱਕਰ ਵਿਚ ਐਵੇਂ ਪਿਆ ਹੋਇਆ ਹੈਂ। ਮਜ਼ਨੂੰ ਨੇ ਹੱਸ ਕੇ ਉੱਤਰ ਦਿੱਤਾ-'ਤੂੰ ਲੈਲਾ ਨੂੰ ਮਜ਼ਨੂੰ ਦੀਆਂ ਅੱਖਾਂ ਨਾਲ ਦੇਖ, ਫਿਰ ਤੈਨੂੰ ਪਤਾ ਲੱਗ ਜਾਏਗਾ ਕਿ ਲੈਲਾ ਕੀ ਹੈ'। ਇਹ ਹੈ ਪਿਆਰ ਕਰਨ ਵਾਲੇ ਦਾ ਵੱਖਰਾ ਨਜ਼ਰੀਆ।
ਅਮੀਰ ਦੇ ਬਨੇਰੇ ਤੇ ਬੈਠਾ ਕਾਂ ਵੀ ਸਭ ਨੂੰ ਮੋਰ ਹੀ ਦਿਸਦਾ ਹੈ ਪਰ ਗ਼ਰੀਬ ਦਾ ਬੱਚਾ ਸਭ ਨੂੰ ਚੋਰ ਹੀ ਦਿਸਦਾ ਹੈ। ਅਮੀਰ ਔਰਤ ਨੇ ਨਕਲੀ ਗਹਿਣੇ ਵੀ ਪਾਏ ਹੋਣ ਤਾਂ ਸਭ ਨੂੰ ਅਸਲ਼ੀ ਅਤੇ ਬਹੁਤ ਕੀਮਤੀ ਲੱਗਦੇ ਹਨ ਪਰ ਦੂਜੇ ਪਾਸੇ ਜੇ ਕੋਈ ਗ਼ਰੀਬ ਔਰਤ ਕਿਸੇ ਤਰ੍ਹਾਂ ਅਸਲੀ ਗਹਿਣੇ ਵੀ ਪਾ ਕੇ ਆ ਜਾਏ ਤਾਂ ਸਭ ਨੂੰ ਨਕਲੀ ਹੀ ਲੱਗਦੇ ਹਨ।
ਕਈ ਵਾਰੀ ਵੱਡੇ ਹੋਣ ਤੇ ਬੱਚਿਆਂ ਦਾ ਰਵਈਆ ਵੀ ਆਪਣੇ ਬਜ਼ੁਰਗ ਮਾਂ ਪਿਓ ਲਈ ਬਦਲ ਜਾਂਦਾ ਹੈ। ਜਿੰਨਾਂ ਬੱਚਿਆਂ ਨੂੰ ਮਾਂ ਪਿਓ ਨੂੰ ਬੜੇ ਲਾਡ ਲਡਾ ਕੇ ਪਾਲਿਆ ਹੁੰਦਾ ਹੈ ਉਹ ਹੀ ਵੱਡੇ ਹੋ ਕੇ ਮਾਂ ਪਿਓ ਨੂੰ ਭਾਰੂ ਸਮਝਣ ਲੱਗ ਪੈਂਦੇ ਹਨ। ਇਕ ਨਸ਼ੇੜੀ ਪੁੱਤਰ ਨੂੰ ਆਪਣੇ ਬੁੱਢੇ ਪਿਓ ਨੂੰ ਰੋਟੀ ਦੇਣੀ ਭਾਰੂ ਲੱਗਦੀ ਸੀ। ਉਹ ਸੋਚਦਾ ਸੀ ਕਿ ਇਹ ਕੋਈ ਕੰਮ ਨਹੀਂ ਕਰਦਾ ਅਤੇ ਵਿਹਲਾ  ਬੈਠ ਕੇ ਰੋਟੀਆਂ ਤੋੜਾੇ ਰਹਿੰਦਾ ਹੈ। ਉਸ ਨੇ ਆਪਣੇ ਪਿਓ ਨੂੰ ਪੰਚਾਇਤ ਵਿਚ ਬੁਲਾ ਲਿਆ ਅਤੇ ਕਿਹਾ-''ਬਾਪੂ ਤੂੰ ਸਾਰੀ ਉਮਰ ਕਰਦਾ ਹੀ ਕੀ ਰਿਹਾ ਹੈਂ? ਪਿਓ ਨੇ ਉੱਤਰ ਦਿੱਤਾ ਕਿ ਮੈਂ ਉਹ ਜ਼ਮੀਨਾਂ ਬਣਾਉਂਦਾ ਰਿਹਾ ਹਾਂ ਜਿੰਨਾ ਨੂੰ ਵੇਚ ਵੇਚ ਕੇ ਤੂੰ ਹੁਣ ਖਾ ਰਿਹਾ ਹੈਂ।'' ਜਿਸ ਪਿਓ ਨੇ ਪਰਿਵਾਰ ਲਈ ਜਾਇਦਾਦਾਂ ਬਣਾਈਆਂ ਉਹ ਹੀ ਹੁਣ ਪੁੱਤਰ ਦਾ ਮੁਥਾਜ ਬਣ ਕੇ ਰਹਿ ਗਿਆ।
ਕਈ ਧਾਰਮਿਕ ਲੋਕਾਂ ਦੇ ਪੈਰਾਂ ਹੇਠ ਕੀੜੀ ਵੀ ਆ ਕੇ ਮਰ ਜਾਏ ਤਾਂ ਉਨ੍ਹਾਂ ਨੂੰ ਸਾਰਾ ਦਿਨ ਦੁੱਖ ਲੱਗਦਾ ਰਹਿੰਦਾ ਹੈ ਕਿ ਮੇਰੇ ਕੋਲੋਂ ਇਕ ਬੇਦੋਸ਼ੇ ਜੀਵ ਦੀ ਹੱਤਿਆ ਹੋ ਗਈ। ਇਸੇ ਦੁੱਖ ਕਾਰਨ ਉਨ੍ਹਾਂ ਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਪਰ ਜਦ ਇਹ ਹੀ ਲੋਕ ਕੱਟੜ ਬਣ ਜਾਣ ਤਾਂ ਬੰਦਿਆਂ ਦਾ ਖ਼ੂਨ ਪੀਣ ਤੋਂ ਵੀ ਗਰੇਜ਼ ਨਹੀਂ ਕਰਦੇ। ਉਹ ਮਾਸੂਮ ਬੱਚਿਆਂ ਨੂੰ ਵੀ ਕੋਹ ਕੋਹ ਕੇ ਮਾਰਦੇ ਹਨ। 1947 ਅਤੇ 1984 ਦੇ ਕਤਲੇਆਮ ਦੇ ਜ਼ਖ਼ਮ ਮਨੁੱਖਤਾ ਤੇ ਹਾਲੇ ਵੀ ਤਾਜ਼ੇ ਹਨ।
ਅੱਜ ਅਸੀਂ 2020 ਦੇ ਸਾਲ ਵਿਚ ਕਦਮ ਰੱਖ ਲਿਆ ਹੈ। ਇਸ ਸਮੇਂ ਸਾਰੀ ਦੁਨੀਆਂ ਨਵੀਂਆਂ ਬੁਲੰਦੀਆਂ ਨੂੰ ਸਰ ਕਰ ਰਹੀ ਹੈ ਅਤੇ ਵਿਗਿਆਨ ਦੀਆਂ ਨਵੀਂਆਂ ਖੌਜਾਂ ਕਰ ਕੇ ਮਨੁੱਖਤਾ ਦੇ ਭਲੇ ਲਈ ਨਵੇਂ ਦਿਸਹੱਦਿਆਂ ਨੂੰ ਛੂਹ ਰਹੀ ਹੈ। ਠੀਕ ਇਸ ਸਮੇਂ ਸਾਡਾ ਦੇਸ਼ ਇਕ ਬੜੇ ਭਿਆਨਕ ਦੌਰ ਵਿਚੋਂ ਲੰਘ ਰਿਹਾ ਹੈ। ਹਾਕਮ ਧਿਰ ਤੇ ਹਕੂਮਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਅੰਦਰ ਮਨੁੱਖਤਾ ਪ੍ਰਤੀ ਹਮਦਰਦੀ ਵਾਲਾ ਨਜ਼ਰੀਆ ਰਿਹਾ ਹੀ ਨਹੀਂ। ਜਿਵੇਂ ਔਰੰਗਜ਼ੇਬ ਸਾਰੇ ਭਾਰਤ ਵਾਸੀਆਂ ਤੇ ਜ਼ੁਲਮ ਕਰ ਕੇ ਸਭ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਉਵੇਂ ਹੀ ਅੱਜ ਦੇ ਹਾਕਮ ਸਭ ਧਰਮਾਂ ਅਤੇ ਫਿਰਕਿਆਂ ਨੂੰ ਖਤਮ ਕਰ ਕੇ ਸਾਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਲੋਕਾਂ ਨੂੰ ਡਰਾਉਣ ਅਤੇ ਦਬਾਉਣ ਲਈ ਨਿੱਤ ਨਵੇਂ ਨਵੇਂ ਅਤੇ ਨਾਵਾਜਿਬ ਕਾਨੂੰਨ ਬਣਾਏ ਜਾ ਰਹੇ ਹਨ। ਇਹ ਇਕ ਬੜੀ ਖ਼ਤਰਨਾਕ ਖ਼ੇਡ ਹੈ। ਇਨਾਂ ਕਾਨੂੰਨਾਂ ਅਨੁਸਾਰ ਜੇ ਹਾਕਮ ਜਮਾਤ ਦੇ ਬੰਦੇ ਜੇ ਮੁਲਕ ਵਿਚ ਤਬਾਹੀ ਮਚਾਉਣ ਤਾਂ ਰਾਸ਼ਟਰ ਸੇਵਾ। ਜੇ ਉਹ ਅਲੱਗ ਅਲੱਗ ਧਰਮਾ ਨੂੰ ਖਤਮ ਕਰ ਕੇ ਹਿੰਦੂ ਰਾਸ਼ਟਰ ਦਾ ਨਾਹਰਾ ਲਗਾਉਣ ਤਾਂ ਦੇਸ਼ ਭਗਤੀ ਪਰ ਜੇ ਦੂਜੇ ਪਾਸੇ ਕੋਈ ਵਿਅਕਤੀ ਵੱਖਰੇ ਖਿੱਤੇ ਦਾ ਨਾਮ ਵੀ ਲਏ ਤਾਂ ਉਸ ਤੇ ਅੱਤਵਾਦੀ, ਵੱਖਵਾਦੀ ਜਾਂ ਦੇਸ਼ ਦੇ ਗ਼ੱਦਾਰ ਦੇ ਨਾਮ ਠੱਪਾ ਲਾਇਆ ਜਾਂਦਾ ਹੈ। ਹੁਣ ਤਾਂ ਹਾਕਮ ਜਮਾਤ ਵਲੋਂ ਦਲਿਤਾਂ, ਬੋਧੀਆਂ, ਜੈਨੀਆਂ, ਮੁਸਲਮਾਨਾ, ਕ੍ਰਿਸਚੀਅਨਾ ਅਤੇ ਸਿੱਖਾਂ ਨੂੰ ਵੀ ਆਪਣੀ ਅਲੱਗ ਅਲੱਗ ਹਸਤੀ ਮਿਟਾ ਕੇ ਹਿੰਦੂ ਧਰਮ ਵਿਚ ਜਜ਼ਬ ਹੋ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਨੀਤੀ ਨੂੰ ਸੁਹਿਰਦ ਹਿੰਦੂ ਵੀ ਗ਼ਲਤ ਮੰਨਦੇ ਹਨ ਪਰ ਉਨ੍ਹਾਂ ਦੀ ਅਵਾਜ਼ ਵੀ ਦਬਾ ਦਿੱਤੀ ਜਾਂਦੀ ਹੈ।ਇਹ ਹੈ ਹਕੂਮਤ ਦਾ ਨਜ਼ਰੀਆ। ਇਹ ਹਾਕਮ ਨਹੀਂ ਸਮਝਦੇ ਕਿ ਇਨ੍ਹਾਂ ਅਲੱਗ ਅਲੱਗ ਧਰਮਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹ ਹਰ ਇਨਸਾਨ ਦੀ ਅਲੱਗ ਅਲੱਗ ਮਨਤਾ, ਸੰਸਕਾਰ ਅਤੇ ਵਿਰਸਾ ਹਨ। ਜਦ ਦੇਸ਼ ਤੇ ਕੋਈ ਭੀੜ ਪਏ ਤਾਂ ਇਹ ਸਾਰੇ ਲੋਕ ਆਪਣੇ ਆਪਣੇ ਧਰਮਾਂ ਅਤੇ ਮਾਨਤਾਵਾਂ ਤੋਂ ਉੱਪਰ ੳੱਠ ਕੇ ਦੇਸ਼ ਦੀ ਰੱਖਿਆ ਲਈ ਇਕ ਹੋ ਜਾਂਦੇ ਹਨ। ਕੀ ਇਨਾਂ ਸਾਰਿਆਂ ਨੇ ਮਿਲ ਅਜ਼ਾਦੀ ਦੀ ਲੜਾਈ ਨਹੀਂ ਲੜੀ੍ਹ? ਜਦ ਸਾਰੇ ਹਿੰਦੁਸਤਾਨੀ ਇਕੱਠੇ ਹੋ ਗਏ, ਤਾਂ ਹੀ ਦੇਸ਼ ਦੀ ਗ਼ੁਲਾਮੀ ਦੀਆਂ ਜੰਜੀਰਾਂ ਕੱਟੀਆਂ ਗਈਆ। ਹੁਣ ਹਕੂਮਤ ਨੂੰ ਖ਼ਤਰਾ ਹੈ ਕਿ ਜੇ ਇਹ ਸਾਰੇ ਲੋਕ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਮ ਤੇ ਇਕੱਠੇ ਹੋ ਗਏ ਤਾਂ ਕਿਧਰੇ ਸਾਨੂੰ ਹੀ ਕੁਰਸੀ ਤੋਂ ਲਾਹ ਕੇ ਥੱਲੇ ਨਾ ਸੁੱਟ ਦੇਣ। ਫਿਰ ਅਸੀਂ ਹਕੂਮਤ ਕਿਸ ਤੇ ਕਰਾਂਗੇ। ਉਹ ਇਹ ਨਹੀਂ ਸਮਝਦੇ ਕਿ ਇਨ੍ਹਾਂ ਵੱਖਰਤਾਵਾਂ ਕਾਰਨ ਹੀ ਭਾਰਤ ਇਕ ਖਿੜ੍ਹੇ ਹੋਏ ਗੁਲਜ਼ਾਰ ਦੀ ਤਰ੍ਹਾਂ ਹੀ ਸਾਰੀ ਦੁਨੀਆਂ ਤੇ ਮਹਿਕਾਂ ਖਲੇਰ ਰਿਹਾ ਹੈ। ਇਸ ਦੀ ਸੁੰਦਰਤਾ ਸਾਰੀ ਦੁਨੀਆਂ ਨੂੰ ਲੁਭਾ ਰਹੀ ਹੈ। ਜੇ ਇਨ੍ਹਾਂ ਧਰਮਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਸ਼ ਦੀ ਅਲੱਗ ਅਤੇ ਨਿਆਰੀ ਹੱਸਤੀ ਵੀ ਕਾਇਮ ਨਹੀਂ ਰਹੇਗੀ। ਬਿਖਰੇ ਹੋਏ ਪਰਿਵਾਰ ਨੂੰ ਕੁਚਲਣ ਅਤੇ ਹੜੱਪਣ ਲਈ ਦੁਸ਼ਮਣ ਹਮੇਸ਼ਾਂ ਹੀ ਤਿਆਰ ਰਹਿੰਦੇ ਹਨ।
ਦੋਸਤੋ ਹਰ ਕੰਮ ਦੇ ਦੋ ਪਹਿਲੂ ਹੁੰਦੇ ਹਨ ਇਕ ਚੰਗਾ ਅਤੇ ਦੂਜਾ ਮਾੜਾ। ਸਾਨੂੰ ਆਪਣੀ ਤੀਸਰੀ ਅੱਖ ਨਾਲ ਨਿਰਪੱਖ ਹੋ ਕੇ ਦੋਵੇਂ ਪਹਿਲੂਆਂ ਤੋਂ ਦੇਖਣਾ ਚਾਹੀਦਾ ਹੈ ਅਤੇ ਚੰਗਾ ਮਾੜਾ ਵਿਚਾਰ ਕੇ ਹੀ ਆਪਣੇ ਨਜ਼ਰੀਏ ਨੂੰ ਕਾਇਮ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਸੋਚ ਨੂੰ ਸਕਾਰਤਮਕ ਰੱਖਣ ਦੀ ਜ਼ਰੂਰਤ ਹੈ। ਜੇ ਅਸੀਂ ਇਨਸਾਨੀਅਤ ਦੇ ਧਰਾਤਲ ਤੇ ਵਿਚਰ ਕੇ ਆਪਣੇ ਨਜ਼ਰੀਏ ਨੂੰ ਠੀਕ ਰੱਖੀਏ ਤਾਂ ਦੁਨੀਆਂ ਵਿਚੋਂ ਦੰਗੇ ਫਸਾਦ ਅਤੇ ਹਾਦਸੇ ਹਟ ਸਕਦੇ ਹਨ। ਮਨੁੱਖਤਾ ਤੇ ਸ਼ਾਂਤੀ ਕਾਇਮ ਹੋ ਸਕਦੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email:  gursharan1183@yahoo.in

ਆਪਣੇ ਸਹਾਰੇ ਜੀਓ - ਗੁਰਸ਼ਰਨ ਸਿੰਘ ਕੁਮਾਰ

ਜਿੰਦਾ ਰਹਿਣ ਲਈ ਭੋਜਨ ਮਨੁੱਖ ਦੀ ਮੁਢਲੀ ਜ਼ਰੂਰਤ ਹੈ। ਭੋਜਨ ਜਾਲ ਉਸ ਨੂੰ ਊਰਜ਼ਾ ਮਿਲਦੀ ਹੈ ਅਤੇ ਉਸ ਦੇ ਸਰੀਰ ਵਿਚ ਤਾਕਤ ਆਉਂਦੀ ਹੈ। ਉਸ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਇਹ ਤਾਂ ਹੀ ਸੰਭਵ ਜੇ ਮਨੁੱਖ ਦੇ ਸਰੀਰ ਵਿਚ ਗਿਆ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਏ। ਭੋਜਨ ਨੂੰ ਹਜ਼ਮ ਕਰਨ ਲਈ ਉਸ ਨੂੰ ਕੋਈ ਨਾ ਕੋਈ ਕੰਮ ਕਰਨ ਦੀ ਜ਼ਰੂਰਤ ਹੈ। ਬੱਚਾ ਜਦ ਬਿਲਕੁਲ ਛੋਟਾ ਹੁੰਦਾ ਹੈ ਤਾਂ ਉਸ ਨੂੰ ਭੋਜਨ ਅਤੇ ਨਿੱਤ ਕਰਮ ਲਈ ਆਪਣੀ ਮਾਂ ਜਾਂ ਕਿਸੇ ਹੋਰ ਵਿਅਕਤੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ।  ਜਦ ਉਹ ਦੋ ਕੁ ਸਾਲ ਦੀ ਉਮਰ ਵਿਚ ਕੁਝ ਤੁਰਨ ਲੱਗਦਾ ਹੈ ਅਤੇ ਤੋਤਲੀ ਆਵਾਜ਼ ਵਿਚ ਕੁਝ ਬੋਲਣ ਲੱਗਦਾ ਹੈ ਤਾਂ ਉਸ ਦੇ ਸਰੀਰ ਵਿਚ ਜਿਹੜੀ ਊਰਜ਼ਾ ਪੈਦਾ ਹੁੰਦੀ ਹੈ ਉਸ ਨੂੰ ਛੋਟੇ ਛੋਟੇ ਕੰਮਾਂ ਵਿਚ ਲਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਜਿਵੇਂ ਉਸ ਨੂੰ ਕੋਈ ਹੱਲਕੀ ਵਸਤੂ ਫੜਾਉਣ ਲਈ ਕਿਹਾ ਜਾ ਸਕਦਾ ਹੈ। ਇਸ ਨਾਲ ਬੱਚੇ ਅਤੇ ਮਾਂ ਪਿਓ ਦੋਹਾਂ ਨੂੰ ਖ਼ੁਸ਼ੀ ਮਿਲਦੀ ਹੈ। ਬੱਚੇ ਵਿਚ ਆਤਮ ਵਿਸ਼ਵਾਸ ਦੀ ਨੀਂਹ ਰੱਖੀ ਜਾਂਦੀ ਹੈ। ਜਦ ਬੱਚਾ ਸਕੂਲ ਜਾਣ ਲੱਗਦਾ ਹੈ ਤਾਂ ਉਸ ਦੀ ਇਹ ਊਰਜ਼ਾ ਪੜ੍ਹਾਈ ਅਤੇ ਖੇਲ ਕੁਦ ਆਦਿ ਵਿਚ ਖ਼ਰਚ ਹੁੰਦੀ ਹੈ।
ਜਦ ਤੱਕ ਬੱਚਾ ਆਪਣੀ ਪੜ੍ਹਾਈ ਪੂਰੀ ਕਰ ਕੇ ਆਪਣੇ ਪੈਰਾਂ ਤੇ ਖੜ੍ਹਾ ਹੁੰਦਾ ਹੈ ਤਦ ਤੱਕ ਉਹ ਬਾਲਗ ਹੋ ਜਾਂਦਾ ਹੈ। ਉਸ ਨੂੰ ਆਪਣੀਆਂ ਜੜ੍ਹਾਂ ਫੈਲਾਉਣ ਲਈ ਮਜ਼ਬੂਤ ਧਰਤੀ ਮਿਲਦੀ ਹੈ ਅਤੇ ਖੰਭ ਫੈਲਾਉਣ ਲਈ ਖੁਲ੍ਹਾ ਅਸਮਾਨ ਮਿਲਦਾ ਹੈ। ਉਹ ਆਪਣੇ ਮਾਂ ਪਿਓ ਦਾ ਸਹਾਰਾ ਛੱਡ ਕੇ ਆਜ਼ਾਦ ਵਿਚਰਦਾ ਹੈ। ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦਾ ਹੈ। ਆਪਣੇ ਫੈਸਲੇ ਆਪ ਕਰਦਾ ਹੈ ਅਤੇ ਉਨ੍ਹਾਂ ਦੇ ਚੰਗੇ ਮਾੜੇ ਨਤੀਜ਼ਿਆਂ ਦਾ ਵੀ ਸਾਮ੍ਹਣਾ ਕਰਦਾ ਹੈ। ਇਹ ਉਸ ਦੇ ਪੂਰਨ ਮਨੁੱਖ ਬਣਨ ਦੀ ਨਿਸ਼ਾਨੀ ਹੁੰਦੀ ਹੈ। ਜੋ ਇਸ ਉਮਰ ਵਿਚ ਵੀ ਮਾਂ ਪਿਓ ਦੀ ਉੰਗਲੀ ਫੜ ਕੇ ਤੁਰਦਾ ਹੈ ਜਾਂ ਦੂਸਰਿਆਂ ਦੇ ਸਹਾਰੇ ਭਾਲਦਾ ਹੈ, ਉਸ ਦਾ ਪੂਰੀ ਤਰ੍ਹਾਂ ਵਿਕਾਸ ਨਹੀਂ ਹੋਇਆ ਹੁੰਦਾ। ਕਈ ਵਾਰੀ ਦੇਖਿਆ ਗਿਆ ਹੈ ਕਿ ਕਈ ਲੜਕੇ ਲੜਕੀਆਂ ਵਿਆਹ ਤੋਂ ਬਾਅਦ ਵੀ ਆਪਣੇ ਪਰਸਪਰ ਮਾਮਲਿਆਂ ਵਿਚ ਵੀ ਹਰ ਗੱਲੇ ਆਪਣੇ ਮਾਂ ਪਿਓ ਤੋਂ ਸਲਾਹ ਲੈ ਕੇ ਹੀ ਅੱਗੇ ਵਧਦੇ ਹਨ। ਅਜਿਹੇ ਵਿਆਹ ਆਮ ਤੋਰ ਤੇ ਕਮਯਾਬੀ ਨਾਲ ਸਿਰੇ ਨਹੀਂ ਚੜਦੇ।
 ਮਨੁੱਖ ਨੂੰ ਬਚਪਨ ਵਿਚ ਹੀ ਕੰਮ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ ਅਤੇ ਜੁਆਨੀ ਵਿਚ ਇਸ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾ ਲੈਣਾ ਚਾਹੀਦਾ ਹੈ। ਕੰਮ ਕਰਨ ਨਾਲ ਕਦੀ ਕੋਈ ਨਹੀਂ ਮਰਦਾ ਸਗੋਂ ਵਿਹਲੇ ਰਹਿਣ ਨਾਲ ਬੰਦਾ ਬਿਮਾਰ ਪੈ ਕੇ ਜਲਦੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਤੁਹਾਡਾ ਕੰਮ ਹੀ ਦੱਸਦਾ ਹੈ ਕਿ ਅੱਜ ਜੋ ਤੁਸੀਂ ਭੋਜਨ ਕੀਤਾ ਹੈ ਉਸ ਦਾ ਸਹੀ ਮੁੱਲ ਚੁਕਾਇਆ ਹੈ। ਕੰਮ ਵਾਲੇ ਨੌਜੁਆਨ ਦੀ ਸ਼ਖਸੀਅਤ ਹੀ ਵੱਖਰੀ ਹੁੰਦੀ ਹੈ।ਉਸ ਨੂੰ ਆਪਣੇ ਚਿਹਰੇ ਨੂੰ ਚਮਕਾਉਣ ਲਈ ਕਿਸੇ ਪਾਉਡਰ ਅਤੇ ਕਰੀਮ ਦੀ ਜ਼ਰੂਰਤ ਨਹੀਂ ਪੈਂਦੀ।ਉਸ ਦੇ ਚਿਹਰੇ ਤੇ ਆਤਮ ਵਿਸ਼ਵਾਸ ਦੀ ਚਮਕ ਹੁੰਦੀ ਹੈ। ਆਪਣੀ ਸੁੰਦਰਤਾ ਨੂੰ ਦੇਖਣ ਲਈ ਕਿਸੇ ਸ਼ੀਸ਼ੇ ਦੀ ਜ਼ਰੂਰਤ ਨਹੀਂ ਸਗੋਂ ਲੋਕਾਂ ਦੇ ਦਿਲ ਵਿਚ ਝਾਕਣ ਦੀ ਲੋੜ ਹੈ। ਵੈਸੇ ਮਨੁੱਖ ਦੀ ਅੱਧੀ ਸੁੰਦਰਤਾ ਤਾਂ ਉਸ ਦੀ ਜੁਬਾਨ ਵਿਚ ਹੀ ਹੁੰਦੀ ਹੈ।
ਬੰਦੇ ਦੀ ਜੁਆਨੀ ਦੀ ਉਮਰ ਘੋੜੇ ਵਰਗੀ ਹੁੰਦੀ ਹੈ। ਇਸ ਉਮਰ ਵਿਚ ਸਰੀਰ ਵਿਚ ਕੰਮ ਕਰਨ ਦੀ ਬਹੁਤ ਤਾਕਤ ਹੁੰਦੀ ਹੈ। ਇਸ ਉਮਰ ਵਿਚ ਉਹ ਖ਼ੂਬ ਮਿਹਨਤ ਕਰਕੇ ਕਮਾਈ ਕਰ ਕਰਦਾ ਹੈ ਅਤੇ ਆਪਣੇ ਪਰਿਵਾਰ ਦੇ ਖ਼ਰਚੇ ਹੀ ਪੂਰੇ ਨਹੀਂ ਕਰਦਾ ਸਗੋਂ ਆਪਣੇ ਸੁਰੱਖਿਅਤ ਭਵਿੱਖ ਲਈ ਵੀ ਕੁਝ ਧਨ ਬਚਾ ਕੇ ਰੱਖਦਾ ਹੈ। ਜਦ ਬੰਦਾ 65 ਸਾਲ ਦੇ ਕਰੀਬ ਪਹੁੰਚਦਾ ਹੈ ਤਾਂ ਉਸ ਵਿਚ ਕੰਮ ਕਰਨ ਦੀ ਕੁਝ ਸ਼ਕਤੀ ਘਟ ਜਾਂਦੀ ਹੈ। ਉਸ ਦਾ ਜੋਸ਼ ਕੁਝ ਮੱਠਾ ਪੈ ਜਾਂਦਾ ਹੈ। ਜੇ ਅਸੀਂ ਇਸ ਉਮਰ ਤੱਕ ਪਹੁੰਚਦਿਆਂ ਹੋਇਆ ਆਪਣੇ ਸੁਰੱਖਿਅਤ ਭਵਿੱਖ ਲਈ ਕਾਫੀ ਧਨ ਜੋੜ ਲਿਆ ਹੈ ਜਾਂ ਸਾਨੂੰ ਸਰਕਾਰੀ ਪੈਨਸ਼ਨ ਦਾ ਸਹਾਰਾ ਹੈ ਤਾਂ ਸਾਨੂੰ ਆਪਣੀ ਊਰਜ਼ਾ ਨੂੰ ਲੋਕ ਭਲਾਈ ਤੇ ਖ਼ਰਚ ਕਰਨਾ ਚਾਹੀਦਾ ਹੈ। ਵਿਹਲੇ ਅਤੇ ਨਿਠੱਲੇ ਬੈਠ ਕੇ ਸਮਾਜ ਤੇ ਭਾਰੂ ਨਹੀਂ ਬਣਨਾ ਚਾਹੀਦਾ। ਸਾਰੇ ਕੰਮ ਪੈਸੇ ਲਈ ਹੀ ਨਹੀਂ ਕੀਤੇ ਜਾਂਦੇ। ਸਾਡਾ ਸਮਾਜ ਪ੍ਰਤੀ ਵੀ ਕੁਝ ਫ਼ਰਜ਼ ਬਣਦਾ ਹੈ।ਅਸੀਂ ਕਮਜ਼ੋਰ ਵਰਗ ਦੀ ਮਦਦ ਕਰ ਕੇ ਉਸ ਨੂੰ ਉੱਪਰ ਉਠਾਉਣਾ ਹੈ। ਹਰਕਤ ਵਿਚ ਰਹਿਣ ਕਰ ਕੇ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ।ਸਾਡੀ ਤੰਦਰੁਸਤੀ ਸਾਡੀ ਉਮਰ ਲੰਮੀ ਕਰਦੀ ਹੈ। ਅਸੀਂ ਖ਼ੁਸ਼ ਅਤੇ ਸ਼ਾਂਤ ਰਹਿੰਦੇ ਹਾਂ। ਸਾਨੂੰ ਛੋਟੇ ਛੋਟੇ ਕੰਮਾਂ ਲਈ ਕਿਸੇ ਤੇ ਨਿਰਭਰ ਨਹੀਂ ਹੋਣਾ ਪੈਂਦਾ। ਇਸ ਨਾਲ ਸਾਨੂੰ ਆਤਮਿਕ ਸੰਤੁਸ਼ਟੀ ਵੀ ਮਿਲਦੀ ਹੈ।

ਆਲਸ ਛੱਡੋ ਅਤੇ ਉੱਦਮੀ ਬਣੋ। ਉੱਦਮੀ ਬੰਦੇ ਨੂੰ ਕੰਮ ਲੱਭਣ ਦੀ ਲੋੜ ਨਹੀਂ ਪੈਂਦੀ ਉਹ ਜਿੱਧਰ ਵੀ ਜਾਂਦਾ ਹੈ ਉਸ ਲਈ ਕੋਈ ਨਾ ਕੋਈ ਕੰਮ ਨਿਕਲ ਹੀ ਆਉਂਦਾ ਹੈ। ਉਹ ਦੂਸਰਿਆਂ ਦੇ ਵੀ ਕਈ ਕੰਮ ਸੁਆਰਦਾ ਹੈ। ਇਸ ਤਰ੍ਹਾਂ ਸਮਾਜ ਵਿਚ ਵੀ ਉਸ ਦੀ ਇੱਜ਼ਤ ਵਧਦੀ ਹੈ। ਲੋਕ ਉਸ ਨੂੰ ਖਿੜ੍ਹੇ ਮੱਥੇ ਮਿਲਦੇ ਹਨ।ਜਿਵੇਂ ਸਵੇਰੇ ਸਵੇਰੇ ਬੱਚਿਆਂ ਦੀ ਤਰ੍ਹਾਂ ਫੁੱਲ ਮੁਸਕਰਾਉਂਦੇ ਹਨ।ਉਸ ਦੇ ਚਿਹਰੇ ਤੇ ਹਮੇਸ਼ਾਂ ਮੁਸਕਰਾਹਟ ਅਤੇ ਸ਼ਾਂਤੀ ਰਹਿੰਦੀ ਹੈ। ਉਸ ਨੂੰ ਆਪਣੇ ਕੰਮਾਂ ਬਾਰੇ ਬੋਲ ਕੇ ਕੁਝ ਦੱਸਣ ਦੀ ਲੋੜ ਨਹੀਂ ਹੁੰਦੀ। ਅਜਿਹੇ ਬੰਦਿਆਂ ਲਈ ਸੋ ਸਾਲ ਜਿਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ।

ਕੰਮ ਕਰਨ ਵਾਲੇ ਬੰਦੇ ਹੱਥਾਂ ਵਿਚ ਬਰਕਤ ਹੁੰਦੀ ਹੈ। ਕੰਮ ਕਰਨ ਵਾਲਾ ਬੰਦਾ ਕਦੀ ਭੁੱਖਾ ਨਹੀਂ ਮਰਦਾ। ਉਹ ਦੁਨੀਆਂ ਦੇ ਕਿਸੇ ਵੀ ਕੌਨੇ ਵਿਚ ਚਲਾ ਜਾਏ, ਆਪਣੀ ਥਾਂ ਬਣਾ ਹੀ ਲਏਗਾ। ਉਸ ਨੂੰ ਕਦੀ ਰੋਜ਼ਗਾਰ ਦਾ ਘਾਟਾ ਨਹੀਂ ਰਹੇਗਾ।ਜਿਸ ਨੂੰ ਕੰਮ ਕਰਨ ਦੀ ਆਦਤ ਪੈ ਜਾਏ ਉਹ ਹਰ ਥਾਂ ਸਫ਼ਲ ਹੁੰਦਾ ਹੈ। ਉਹ ਕਦੀ ਬਦਨਸੀਬ ਨਹੀਂ ਹੋ ਸਕਦਾ।ਉਸ ਦੇ ਰਸਤੇ ਵਿਚ ਜੇ ਕੋਈ ਰੁਕਾਵਟ ਆ ਵੀ ਜਾਏ ਤਾਂ ਵੀ ਉਹ ਕਦੀ ਘਬਰਾਉਂਦਾ ਨਹੀਂ ਸਗੋਂ ਆਪਣੀ ਸਫ਼ਲਤਾ ਲਈ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦਾ ਹੈ।

ਕਈ ਵਾਰੀ ਬੁਢਾਪੇ ਵਿਚ ਕੋਈ ਭਾਰਾ ਕੰਮ ਕਰਨ ਲਈ ਸਿਹਤ ਨਹੀਂ ਮੰਨਦੀ ਤਾਂ ਕੋਈ ਰਿਸਕ ਲੈਣ ਦੀ ਜ਼ਰੂਰਤ ਨਹੀਂ। ਆਪਣੀ ਸਮਰੱਥਾ ਅਨੁਸਾਰ ਹੀ ਹੱਲਕੇ ਕੰਮ ਕਰਕੇ ਹੀ ਆਪਣੇ ਆਪ ਨੂੰ ਰੁੱਝਿਆ ਰੱਖਿਆ ਜਾ ਸਕਦਾ ਹੈ।ਬਜ਼ੁਰਗ ਔਰਤਾਂ ਸਬਜੀ ਭਾਜੀ ਤਾਂ ਕੱਟ ਹੀ ਸਕਦੀਆਂ ਹਨ। ਬੱਚਿਆਂ ਨੂੰ ਨੁਹਾ ਧੂਆ ਕੇ ਤਿਆਰ ਕਰ ਸਕਦੀਆਂ ਹਨ। ਇਨ੍ਹਾਂ ਕੰਮਾਂ ਨਾਲ ਹੀ ਨੂਹਾਂ ਨੂੰ ਕਾਫ਼ੀ ਮਦਦ ਮਿਲ ਜਾਂਦੀ ਹੈ ਅਤੇ ਉਹ ਆਪਣਾ ਇਹ ਸਮਾਂ ਕਿਸੇ ਹੋਰ ਜ਼ਰੂਰੀ ਕੰਮ ਨੂੰ ਦੇ ਸਕਦੀਆਂ ਹਨ। ਬਜ਼ੁਰਗ ਆਦਮੀਂ ਘਰ ਵਿਚ ਕਿਚਨ ਗਾਰਡਨ ਦਾ ਕੰਮ ਕਰ ਕੇ ਘਰ ਨੂੰ ਸੁੰਦਰ ਬਣਾ ਸਕਦੇ ਹਨ। ਉਹ ਗ਼ਰੀਬ ਬੱਚਿਆਂ ਨੂੰ ਪੜ੍ਹਾ ਸਕਦੇ ਹਨ ਜਾਂ ਕਿਸੇ ਧਾਰਕਿ ਸਥਾਨ ਤੇ ਜਾਂ ਹਸਪਤਾਲ ਵਿਚ ਜਾ ਕੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰ ਸਕਦੇ ਹਨ। ਇਸ ਤਰ੍ਹਾਂ ਉਹ ਸਮਾਜ ਦਾ ਇਕ ਜ਼ਰੂਰੀ ਅੰਗ ਬਣੇ ਰਹਿ ਸਕਦੇ ਹਨ।

ਕੰਮ ਤੋਂ ਭੱਜਣ ਵਾਲੇ ਆਲਸੀ ਮਨੁੱਖ ਕਦੀ ਤੰਦਰੁਸਤ ਨਹੀਂ ਰਹਿ ਸਕਦੇ। ਆਪਣੇ ਆਪ ਨੂੰ ਸਮੇਂ ਅਨੁਸਾਰ ਅਡਜਸਟ ਕਰੋ। ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਕੰਮ ਅਤੇ ਵਿਚਾਰਾਂ ਵਿਚ ਨਵੀਨਤਾ ਲਿਆਓ॥ ਮਨੁੱਖ ਉਮਰ ਨਾਲ ਨਹੀਂ ਸਗੋਂ ਵਿਹਲਾ ਅਤੇ ਇਕੱਲਾ ਰਹਿਣ ਨਾਲ ਬੁੱਢਾ ਸਮਝਣ ਲੱਗ ਪੈਂਦਾ ਹੈ। ਉਸ ਦੇ ਨਾਂਹ ਪੱਖੀ ਵਿਚਾਰ ਹੀ ਉੇਸ ਨੂੰ ਅੱਗੇ ਵਧਣ ਨਹੀਂ ਦਿੰਦੇ ਅਤੇ ਉਹ ਢਹਿੰਦੀ ਕਲਾ ਵਿਚ ਚਲੇ ਜਾਂਦਾ ਹੈ।ਹੌਸਲੇ ਵਾਲੇ ਅਤੇ ਊਸਾਰੂ ਵਿਚਾਰਾਂ ਨਾਲ ਮਨੁੱਖ ਦੀ ਜ਼ਿੰਦਗੀ ਦੀ ਗੱਡੀ ਬਿਨਾਂ ਕਿਸੇ ਰੁਕਾਵਟ ਤੋਂ ਅੱਗੇ ਵਧਦੀ ਹੈ।

ਹਮੇਸ਼ਾਂ ਆਸ਼ਾਵਾਦੀ ਰਹੋ। ਜੇ ਕਦੀ ਤੁਹਾਡੇ ਤੇ ਮਾੜੇ ਦਿਨ ਆ ਵੀ ਜਾਣ ਤਾਂ ਵੀ ਹੌਸਲਾ ਨਾ ਛੱਡੋ। ਇਹ ਸੋਚੋ ਕਿ ਜੇ ਚੰਗੇ ਦਿਨ ਨਹੀਂ ਰਹੇ ਤਾਂ ਇਹ ਮਾੜੇ ਦਿਨ ਵੀ ਨਹੀਂ ਰਹਿਣੇ। ਉਮੀਦ ਤੇ ਹੀ ਦੁਨੀਆਂ ਕਾਇਮ ਹੈ। ਜਿਸ ਬੰਦੇ ਦੀ ਉਮੀਦ ਹੀ ਖ਼ਤਮ ਹੋ ਗਈ, ਉਸ ਵਿਚ ਜਿੰਦਾ ਰਹਿਣ ਦੀ ਇੱਛਾ ਹੀ ਖ਼ਤਮ ਹੋ ਜਾਂਦੀ ਹੈ। ਫਿਰ ਉਸ ਨੂੰ ਕੋਈ ਨਹੀਂ ਬਚਾ ਸਕਦਾ। ਉਹ ਜੱਲਦੀ ਹੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਇਸ ਲਈ ਕਦੀ ਕਿਸੇ ਨੂੰ ਅਹਿਸਾਸ ਨਾ ਹੋਣ ਦਿਓ ਕਿ ਤੁਸੀਂ ਅੰਦਰੋਂ ਟੁੱਟ ਚੁੱਕੇ ਹੋ। ਟੁੱਟੇ ਹੋਏ ਮਕਾਨਾਂ ਦੀਆਂ ਇੱਟਾਂ ਵੀ ਲੋਕੀ ਚੱਕ ਕੇ ਲੈ ਜਾਂਦੇ ਹਨ। ਜੋ ਲੋਕ ਤੁਫ਼ਾਨ ਆਉਣ ਤੋਂ ਬਾਦ ਵੀ ਆਪਣਾ ਵਜ਼ੂਦ ਬਣਾਈ ਰੱਖਦੇ ਹਨ ਉਹ ਹੀ ਜ਼ਿੰਦਗੀ ਦੇ ਅਸਲੀ ਸਾਹ ਸਵਾਰ ਹੁੰਦੇ ਹਨ।
ਜੇ ਕਿਸੇ ਦਾ ਸਾਥ ਮਾੜਾ ਹੋਏ ਤਾਂ ਬੰਦਾ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਪਰ ਜੇ ਕੋਈ ਚੰਗਾ ਬੰਦਾ ਤੁਹਾਡੀ ਪਿੱਠ ਤੇ ਹੱਥ ਰੱਖਦਾ ਹੈ ਤਾਂ ਤੁਹਾਡਾ ਹੌਸਲਾ ਵਧਦਾ ਹੈ। ਤੁਸੀਂ ਅੱਗੇ ਵਧਦੇ ਹੋ। ਜੇ ਤੁਹਾਡੀ ਪਿੱਠ ਤੇ ਕਿਸੇ ਦਾ ਹੱਥ ਨਹੀਂ ਤਾਂ ਵੀ ਤੁਸੀਂ ਅੱਗੇ ਵਧਦੇ ਹੋ ਤਾਂ ਤੁਸੀਂ ਖ਼ੁਦ ਆਪਣੇ ਆਪ ਵਿਚ ਇਕ ਸ਼ਕਤੀ ਬਣਦੇ ਹੋ। ਦੂਸਰਿਆਂ ਦਾ ਸਹਾਰਾ ਲੈਣਾ ਛੱਡੋ। ਆਪਣੇ ਪੈਰਾਂ ਤੇ ਆਪ ਖੜ੍ਹੇ ਹੋਣਾ ਸਿੱਖੋ। ਉਧਾਰ ਦੀਆਂ ਵਿਸਾਖੀਆਂ ਨਾਲ ਜ਼ਿਅਦਾ ਲੰਮਾਂ ਸਫ਼ਰ ਨਹੀਂ ਤਹਿ ਕੀਤਾ ਜਾ ਸਕਦਾ।ਪਰਾਈ ਆਸ ਹਮੇਸ਼ਾਂ ਨਿਰਾਸਾ ਦਿੰਦੀ ਹੈ। ਪਰਾਈਆਂ ਉਮੀਦਾਂ ਦਰਦ ਹੀ ਦਿੰਦੀਆਂ ਹਨ। ਸਹਾਰੇ ਇਨਸਾਨ ਨੂੰ ਖੋਖਲਾ ਕਰ ਦਿੰਦੇ ਹਨ। ਹਿੰਦੀ ਦੇ ਪ੍ਰਸਿਧ ਕਵੀ ਕ੍ਰਿਸ਼ਨ ਭਨੌਟ ਨੇ ਇਸ ਬਾਰੇ ਬਹੁਤ ਸੋਹਣਾ ਲਿਖਿਆ ਹੈ:
ਭਾਲਿਆ ਜਿਸ ਨੇ ਸਹਾਰਾ,
ਉਹ ਵੇਲ ਬਣ ਕੇ ਰਹਿ ਗਿਆ।
ਉਹ ਬਣੇਗਾ ਬਿਰਖ,
ਜਿਸ ਨੂੰ ਸਹਾਰਾ ਕੋਈ ਨਹੀਂ।

ਜੇ ਤੁਸੀਂ ਕੋਈ ਮਹਾਨ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਬਲ ਤੇ ਕਰੋ। ਆਪਣੀ ਜ਼ਿੰਦਗੀ ਆਪਣੇ ਹਿਸਾਬ ਸਿਰ ਜੀਓ।ਆਪਣੀ ਜ਼ਿੰਦਗੀ ਦਾ ਰਿਮੋਟ ਕਿਸੇ ਦੂਜੇ ਨੂੰ ਨਾ ਫੜਾਓ।

ਧੁੱਪ ਛਾਂ, ਚੰਗਾ ਮਾੜਾ, ਸੁੱਖ ਦੁੱਖ, ਜੱਸ ਅੱਪਜੱਸ ਅਤੇ ਸਫ਼ਲਤਾ ਅਸਫ਼ਲਤਾ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਹਨਉਸੇ ਤਰ੍ਹਾਂ ਜਨਮ ਮਰਨ ਵੀ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਅਤੇ ਅਟੱਲ ਸੱਚਾਈ ਹੈ। ਜੇ ਜ਼ਿੰਦਗੀ ਇਕ ਨਾਟਕ ਹੈ ਤਾਂ ਮੌਤ ਉਸ ਨਾਟਕ ਦਾ ਅੰਤਿਮ ਦ੍ਰਿਸ਼ ਹੈ। ਅੰਤਿਮ ਦ੍ਰਿਸ਼ ਤੋਂ ਬਿਨਾਂ ਨਾਟਕ ਅਧੂਰਾ ਰਹਿ ਜਾਂਦਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਨਿਰਦੇਸ਼ਕ ਦਰਸ਼ਕਾਂ ਨੂੰ ਮੇਲੇ ਦੀ ਭੀੜ ਲਈ ਧੱਕੇ ਖਾਣ ਲਈ ਆਪ ਕਿਧਰੇ ਗਾਇਬ ਹੋ ਗਿਆ ਹੋਵੇ। ਖੈਰ ਜ਼ਿੰਦਗੀ ਦੇ ਨਾਟਕ ਨੂੰ ਕਦੀ ਅਧੂਰਾ ਨਹੀਂ ਛੱਡਿਆ ਜਾ ਸਕਦਾ। ਅੰਤਿਮ ਦ੍ਰਿਸ਼ ਜ਼ਰੂਰੀ ਹੈ। ਇਸੇ ਕਹਿੰਦੇ ਹਨ ਕਿ ਜਿਸ ਦੀ ਕੋਈ ਗਰੰਟੀ ਨਹੀਂ ਉਹ ਹੈ ਜ਼ਿੰਦਗੀ ਅਤੇ ਜਿਸ ਦੀ ਪੂਰੀ ਗਰੰਟੀ ਹੈ ਉਹ ਹੈ ਮੌਤ। ਅੰਗਰੇਜ਼ੀ ਵਿਚ ਕਹਿੰਦੇ ਹਨ All is well when the end is well ਭਾਵ ਜੇ ਕਿਸੇ ਕਹਾਣੀ ਦਾ ਅੰਤ ਵਧੀਆ ਹੋਵੇ ਤਾਂ ਉਸ ਸਾਰੀ ਕਹਾਣੀ ਨੂੰ ਹੀ ਵਧੀਆ ਮੰਨ ਲਿਆ ਜਾਂਦਾ ਹੈ। ਇਸ ਲਈ ਮੌਤ ਦਾ ਭੈਅ ਮਨ ਵਿਚ ਕਦੀ ਨਾ ਰੱਖੋ। ਇਹ ਤੁਹਾਡੀ ਜ਼ਿੰਦਗੀ ਦਾ ਅੰਤਿਮ ਦ੍ਰਿਸ਼ ਹੈ। ਜੇ ਤੁਸੀਂ ਇਸ ਨੂੰ ਸਫ਼ਲਤਾ ਨਾਲ ਨਿਭਾ ਲਿਆ ਤਾਂ ਹੀ ਤੁਹਾਡੀ ਸਾਰੀ ਜ਼ਿੰਦਗੀ ਸਫ਼ਲ ਮੰਨੀ ਜਾਏਗੀ। ਕਿਸੇ ਨੇ ਬਹੁਤ ਖ਼ੂਬਸੂਰਤ ਲਿਖਿਆ ਹੈ:
ਜ਼ਿੰਦਗੀ ਭਰ ਅਧੂਰਾ ਹੀ ਰਿਹਾ ਮੈਂ,
ਮਰਿਆ ਤਾਂ ਕਹਿੰਦੇ ਪੂਰਾ ਹੋ ਗਿਆ।

ਮੌਤ ਹੀ ਤੁਹਾਡੀ ਜ਼ਿੰਦਗੀ ਦੀ ਪੂਰਨਤਾ ਹੈ। ਇਸ ਲਈ ਅਧੂਰੇਪਨ ਵਿਚ ਆਪਣੀ ਜ਼ਿੰਦਗੀ ਨਾ ਰੋਲੋ। ਜਿਹੜਾ ਵੀ ਚੰਗਾ ਕੰਮ ਸ਼ੁਰੂ ਕਰਨਾ ਹੈ ਉਹ ਹੁਣੇ ਹੀ ਸ਼ੁਰੂ ਕਰ ਲਉ। ਚੰਗੇ ਕੰਮ ਲਈ ਕੋਈ ਮਹੂਰਤ ਕਢਾਉਣ ਦੀ ਜਾਂ ਜ਼ਿਆਦਾ ਸੋਚਾਂ ਸੋਚਣ ਦੀ ਲੋੜ ਨਹੀਂ। ਜੇ ਕਿਸੇ ਮਾੜੀ ਆਦਤ ਨੂੰ ਤਿਆਗਣਾ ਹੈ ਤਾਂ ਅੱਜ ਤੋਂ ਹੀ ਤਿਆਗ ਦਿਓ। ਫਿਰ ਕੱਲ੍ਹ ਆਵੇ ਜਾਂ ਨਾ ਆਵੇ। ਘੜੀ ਦਾ ਖੁਥਿਆਂ ਕੋਹਾਂ ਤੇ ਜਾ ਪੈਂਦਾ ਹੈ। ਗੁਜ਼ਰਿਆ ਵਕਤ ਫਿਰ ਹੱਥ ਨਹੀਂ ਆਉਂਦਾ। ਹੱਥੀਂ ਦਿਤੀਆਂ ਗੰਢਾਂ ਫਿਰ ਦੰਦਾਂ ਨਾਲ ਹੀ ਖੋਲ੍ਹਣੀਆਂ ਪੈਂਦੀਆਂ ਹਨ।ਕਰਮ ਤੋਂ ਬਿਨਾਂ ਚੰਗੀ ਸੋਚ ਦਾ ਕੋਈ ਲਾਭ ਨਹੀਂ। ਨਿਰਾਸ਼ਾ ਵਿਹਲੇ ਬੰਦਿਆ ਵਿਚ ਹੀ ਉਪਜਦੀ ਹੈ। ਡਿੱਗਣ ਵਾਲੇ ਨੂੰ ਕਦੀ ਅਸਫ਼ਲ ਨਹੀਂ ਕਿਹਾ ਜਾ ਸਕਦਾ। ਵਿਹਲੇ ਬੰਦੇ ਨੂੰ ਅਸਫ਼ਲ ਕਿਹਾ ਜਾਂਦਾ ਹੈ।

ਆਪਣੇ ਸਾਰੇ ਕੰਮ ਆਪ ਕਰੋ। ਦੂਸਰਿਆਂ ਤੇ ਨਿਰਭਰ ਰਹਿਣਾ ਛੱਡ ਦਿਓ। ਆਪਣੇ ਛੋਟੇ ਛੋਟੇ ਕੰਮ ਦੂਸਰਿਆਂ ਨੂੰ ਕਹਿਣਾ ਠੀਕ ਨਹੀਂ। ਇਸ ਨਾਲ ਇਜ਼ੱਤ ਘੱਟਦੀ ਹੈ । ਆਪਣੇ ਕੰਮ ਆਪ ਕਰਨ ਨਾਲ ਬੰਦਾ ਤੰਦਰੁਸਤ ਰਹਿੰਦਾ ਹੈ ਅਤੇ ਉਸ ਦਾ ਸਵੈਮਾਨ ਵਧਦਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਕੇਵਲ ਪੈਸੇ ਲਈ ਹੀ ਕੰਮ ਕਰਨਾ ਹੈ। ਸਮਾਜ ਪ੍ਰਤੀ ਵੀ ਤੁਹਾਡਾ ਕੁਝ ਫ਼ਰਜ਼ ਹੈ ਉਸ ਨੂੰ ਪਛਾਣੋ। ਆਲਸੀ ਲੋਕ ਕਹਿੰਦੇ ਹਨ ਕਿ-''ਮੈਂ ਜੁਆਨੀ ਵਿਚ ਬਹੁਤ ਕੰਮ ਕਰ ਲਿਆ ਹੈ। ਹੁਣ ਮੈਂ ਰਿਟਾਇਰ ਹੋ ਗਿਆ ਹਾਂ। ਸਰਕਾਰ ਖ਼ਰਚੇ ਲਈ ਪੈਨਸ਼ਨ ਦਈ ਜਾ ਰਹੀ ਹੈ। ਹੁਣ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ? ਹੁਣ ਤਾਂ ਮੇਰੇ ਆਰਾਮ ਕਰਨ ਦੇ ਦਿਨ ਹਨ।'' ਇਹ ਇਕ ਨਾਂਹ ਪੱਖੀ ਸੋਚ ਹੈ। ਅਜਿਹੇ ਲੋਕ ਬਿਮਾਰ ਹੋ ਕੇ ਮੰਜੇ ਤੇ ਪੈ ਜਾਂਦੇ ਹਨ ਅਤੇ ਪਰਿਵਾਰ ਵਾਲਿਆਂ ਤੇ ਬੋਝ ਬਣ ਕੇ ਰਹਿ ਜਾਂਦੇ ਹਨ। ਆਲਸੀ ਲੋਕਾਂ ਦੀ ਉਮਰ ਵੀ ਬਹੁਤ ਛੋਟੀ ਹੁੰਦੀ ਹੈ।

ਜੇ ਤੁਸੀਂ ਖ਼ੁਦਦਾਰ ਹੋ ਤਾਂ ਕਿਸੇ ਤੋਂ ਕੋਈ ਚੀਜ਼ ਮੰਗਣਾ ਬੰਦ ਕਰੋ। ਰੱਬ ਨੂੰ ਵੀ ਬਹੁਤੀਆਂ ਫ਼ਰਮਾਇਸ਼ਾਂ ਨਾ ਪਾਓ। ਰੱਬ ਕਹਿੰਦਾ ਹੈ ਕਿ-''ਮੈਂ ਤੈਨੂੰ ਨਰੋਏ ਹੱਥ, ਪੈਰ, ਅੱਖਾਂ ਦਿਮਾਗ ਅਤੇ ਬਾਕੀ ਸਭ ਅੰਗ ਦਿੱਤੇ ਹਨ। ਇਨ੍ਹਾਂ ਤੋਂ ਕੰਮ ਲੈ ਅਤੇ ਅੱਗੇ ਵਧ''। ਦੂਸਰੇ ਤੋਂ ਮੁਫ਼ਤ ਦੀ ਸਹਾਇਤਾ ਮਿਲਣ ਕਰ ਕੇ ਬੰਦਾ ਅਪੰਗ ਬਣ ਕੇ ਰਹਿ ਜਾਂਦਾ ਹੈ। ਕਿਸੇ ਪੰਛੀ ਨੂੰ ਜਦ ਪਿੰਜਰੇ ਵਿਚ ਪਾਇਆ ਜਾਂਦਾ ਹੈ ਤਾਂ ਘਰ ਵਾਲੇ ਉਸ ਨੂੰ ਖਾਣ ਲਈ ਤਰ੍ਹਾਂ ਤਰ੍ਹਾਂ ਦੇ ਭੋਜਨ ਦਿੰਦੇ ਹਨ। ਕੁਝ ਦਿਨਾਂ ਵਿਚ ਹੀ ਪੰਛੀ ਨੂੰ ਇਹ ਪਿੰਜਰਾ ਚੰਗਾ ਲੱਗਣ ਲੱਗ ਜਾਂਦਾ ਹੈ। ਉਸ ਨੂੰ ੳੱਡਣਾ ਹੀ ਭੁੱਲ ਜਾਂਦਾ ਹੈ। ਉਸ ਦੇ ਖੰਭਾਂ ਵਿਚ ਪਹਿਲੇ ਵਾਲਾ ਬਲ ਹੀ ਨੀਂ ਰਹਿੰਦਾ। ਉਹ ਮੁਥਾਜ ਹੋ ਕੇ ਰਹਿ ਜਾਂਦਾ ਹੈ।

ਆਪਣੀ ਜ਼ਿੰਦਗੀ ਆਪਣੇ ਸਹਾਰੇ ਜੀਓ।ਪੰਛੀ ਆਪਣੇ ਬਲ ਤੇ ਆਕਾਸ਼ ਵਿਚ ਉੱਡਦੇ ਹਨ ਇਸ ਲਈ ਉਨ੍ਹਾਂ ਨੂੰ ਥੱਲੇ ਡਿੱਗਣ ਦਾ ਕੋਈ ਡਰ ਨਹੀਂ ਹੁੰਦਾ। ਉਹ ਆਪਣੀ ਆਜ਼ਾਦੀ ਦਾ ਆਨੰਦ ਮਾਣਦੇ ਹਨ। ਆਪਣੀ ਮਰਜ਼ੀ ਨਾਲ ਉਹ ਜਿੱਧਰ ਚਾਹੁਣ ਉਡਾਰੀ ਮਾਰ ਸਕਦੇ ਹਨ। ਪਤੰਗ ਦੀ ਡੋਰ ਦੂਸਰੇ ਹੱਥ ਹੁੰਦੀ ਹੈ। ਇਸ ਲਈ ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਉਹ ਕੱਟੀ ਵੀ ਜਾਂਦੀ ਹੈ ਅਤੇ ਲੁੱਟੀ ਵੀ ਜਾਂਦੀ ਹੈ।॥ ਜੰਗਲ ਦਾ ਸ਼ੇਰ ਆਪਣੇ ਆਪ ਵਿਚ ਅਥਾਹ ਸ਼ਕਤੀ ਰੱਕਦਾ ਹੈ ਪਰ ਜਦ ਉਹ ਸਰਕਸ ਦਾ ਸ਼ੇਰ ਬਣ ਜਾਂਦਾ ਹੈ ਤਾਂ ਉਹ ਰਿੰਗ ਮਾਸਟਰ ਦੇ ਆਦੇਸ਼ ਅਨੁਸਾਰ ਕੰਮ ਕਰਦਾ ਹੈ। ਉਸ ਨੂੰ ਆਪਣੇ ਬਲ ਦਾ ਗਿਆਨ ਹੀ ਭੁੱਲ ਜਾਂਦਾ ਹੈ। ਹੁਣ ਤੁਸੀਂ ਆਪ ਹੀ ਫੈਸਲਾ ਕਰਨਾ ਹੈ ਕਿ ਤੁਸੀਂ ਆਪਣੀ ਖ਼ੁਦਮੁਖਤਿਆਰ ਹਸਤੀ ਕਾਇਮ ਰੱਖਣੀ ਹੈ  ਜਾਂ ਸਰਕਸ ਦਾ ਸ਼ੇਰ ਬਣ ਕੇ ਕਿਸੇ ਰਿੰਗ ਮਾਸਟਰ ਦੇ ਇਸ਼ਾਰਿਆਂ ਅਨੁਸਾਰ ਆਪਣੀ ਜ਼ਿੰਦਗੀ ਬਸਰ ਕਰਨੀ ਹੈ।
*****


ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in

ਪ੍ਰੇਰਨਾਦਾਇਕ ਲੇਖ : ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ - ਗੁਰਸ਼ਰਨ ਸਿੰਘ ਕੁਮਾਰ

ਜ਼ਿੰਦਗੀ ਵਿਚ ਸਫ਼ਲਤਾ ਲਈ ਆਸਾਨ ਰਸਤਾ ਨਹੀਂ ਹੁੰਦਾ ਪਰ ਜਦ ਕੋਈ ਮਨੁੱਖ ਸਫ਼ਲ ਹੋ ਜਾਂਦਾ ਹੈ ਤਾਂ ਉਸ ਲਈ ਸਾਰੇ ਰਸਤੇ ਹੀ ਆਸਾਨ ਹੋ ਜਾਂਦੇ ਹਨ। ਕੁਦਰਤ ਦੇ ਅਲੱਗ ਅਲੱਗ ਮੌਸਮ ਦੀ ਤਰ੍ਹਾਂ ਮਨੁੱਖਾ ਜ਼ਿੰਦਗੀ ਵਿਚ ਦੁੱਖ-ਸੱਖ, ਸਫ਼ਲਤਾ-ਅਸਫ਼ਲਤਾ, ਚੰਗੇ-ਮਾੜੇ ਦਿਨ, ਅਮੀਰੀ-ਗ਼ਰੀਬੀ ਅਤੇ ਜਿੱਤਾਂ-ਹਾਰਾਂ ਆਉਂਦੀਆਂ ਹੀ ਹਨ। ਸੁੱਖ-ਸਫ਼ਲਤਾ ਅਤੇ ਜਿੱਤਾਂ-ਹਾਰਾਂ ਸਭ ਨੂੰ ਚੰਗੀਆਂ ਲੱਗਦੀਆਂ ਹਨ। ਇਨਾਂ ਨਾਲ ਬੰਦੇ ਨੂੰ ਖ਼ੁਸ਼ੀ ਮਿਲਦੀ ਹੈ। ਉਸ ਦੀ ਜ਼ਿੰਦਗੀ ਸੁਖੀ ਹੁੰਦੀ ਹੈ ਅਤੇ ਸਮਾਜ ਵਿਚ ਉਸ ਦਾ ਰੁਤਬਾ ਵਧਦਾ ਹੈ। ਉਹ ਅੱਗੋਂ ਹੋਰ ਵੀ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੁੰਦਾ ਹੈ। ਦੂਜੇ ਪਾਸੇ ਅਸਫ਼ਲਤਾਵਾਂ, ਹਾਰਾਂ ਅਤੇ ਦੁੱਖ ਕਿਸੇ ਬੰਦੇ ਨੂੰ ਵੀ ਚੰਗੇ ਨਹੀਂ ਲੱਗਦੇ। ਇਹ ਬੰਦੇ ਦੇ ਵਧਦੇ ਹੋਏ ਕਦਮਾਂ ਨੂੰ ਰੋਕਦੀਆਂ ਹਨ। ਇਨਾਂ ਨਾਲ ਬੰਦੇ ਦੇ ਅੰਦਰ ਨਿਰਾਸ਼ਾ ਪੈਦਾ ਹੁੰਦੀ ਹੈ। ਉਸ ਦੀਆਂ ਉਮੀਦਾਂ 'ਤੇ ਪਾਣੀ ਫ਼ਿਰ ਜਾਂਦਾ ਹੈ ਅਤੇ ਜ਼ਿੰਦਗੀ ਕੁਝ ਕਠਿਨ ਹੋ ਜਾਂਦੀ ਹੈ । ਇਸ ਵਿਚ ਕਾਫ਼ੀ ਧਨ , ਸ਼ਕਤੀ ਅਤੇ ਸਮਾਂ ਵੀ ਨਸ਼ਟ ਹੋ ਜਾਂਦਾ ਹੈ। ਇਸ ਲਈ ਬੰਦਾ ਕੁਝ ਢਹਿੰਦੀਆਂ ਕਲਾਂ ਵਿਚ ਜਾਣ ਲੱਗ ਪੈਂਦਾ ਹੈ। ਕਈ ਬੰਦੇ ਤਾਂ ਦਿਲ ਛੱਡ ਜਾਂਦੇ ਹਨ ਅਤੇ ਆਤਮ ਹੱਤਿਆ ਵਰਗੇ ਗ਼ਲਤ ਕਦਮ ਉਠਾ ਬੈਠਦੇ ਹਨ। ਪਰ ਇਹ ਦੁੱਖ-ਸੁੱਖ, ਅਸਫ਼ਲਤਾ-ਸਫ਼ਲਤਾ, ਜਿੱਤਾਂ-ਹਾਰਾਂ ਅਤੇ ਅਮੀਰੀ-ਗ਼ਰੀਬੀ ਜ਼ਿੰਦਗੀ ਦੇ ਅਟੁੱਟ ਅੰਗ ਹਨ। ਇਨਾਂ ਤੋਂ ਬਚਿਆ ਨਹੀਂ ਜਾ ਸਕਦਾ। ਜ਼ਿੰਦਗੀ ਵਿਚ ਧੁੱਪ ਛਾਂ ਦੀ ਤਰ੍ਹਾਂ ਇਹ ਸਭ ਕੁਝ ਆਉਣਾ ਹੀ ਆਉਣਾ ਹੈ। ਕੋਈ ਨਹੀਂ ਚਾਹੁੰਦਾ ਕਿ ਮੇਰੀ ਜ਼ਿੰਦਗੀ ਕਿ ਵਿਚ ਕੋਈ ਦੁੱਖ ਆਵੇ ਜਾਂ ਮੈਨੂੰ ਕਿਸੇ ਹਾਰ ਦਾ ਜਾਂ ਤੰਗੀ ਦਾ ਸਾਹਮਣਾ ਕਰਨਾ ਪਏ। ਪਰ ਇਹ ਗੱਲਾਂ ਮਨੁੱਖ ਨੂੰ ਆਤਮ ਚਿੰਤਨ ਲਈ ਪ੍ਰੇਰਦੀਆਂ ਹਨ। ਉਸ ਨੂੰ ਆਪਣੀਆਂ ਕਮੀਆਂ ਅਤੇ ਗ਼ਲਤੀਆਂ ਦਾ ਪਤਾ ਲੱਗਦਾ ਹੈ। ਉਹ ਇਨਾਂ ਕਮੀਆਂ ਨੂੰ ਦੂਰ ਕਰ ਕੇ ਉਹ ਅੱਗੇ ਨਾਲੋਂ ਮਜ਼ਬੂਤ ਬਣਦਾ ਹੈ। ਲੋੜ ਪਏ ਤਾਂ ਆਪਣੇ ਕੰਮ ਕਰਨ ਦੇ ਢੰਗ ਨੂੰ ਵੀ ਬਦਲਦਾ ਹੈ ਅਤੇ ਅੱਗੋਂ ਸਹੀ ਰਸਤੇ ਤੇ ਪੈਂਦਾ ਹੈ ਅਤੇ ਆਪਣੀ ਮੰਜ਼ਿਲ ਤੇ ਪਹੁੰਚ ਕੇ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਉਂਦਾ ਹੈ।
ਜੇ ਜ਼ਿੰਦਗੀ ਵਿਚ ਕਦੀ ਗ਼ਰੀਬੀ ਜਾਂ ਮੁਸ਼ਕਲ ਸਮਾਂ ਆ ਵੀ ਜਾਏ ਤਾਂ ਦਿਲ ਨਹੀਂ ਛੱਡਣਾ ਚਾਹੀਦਾ। ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਨਹੀਂ ਰਹਿਣੇ। ਦੁੱਖ ਸੁੱਖ ਤਾਂ ਜ਼ਿੰਦਗੀ ਵਿਚ ਧੁੱਪ ਛਾਂ ਦੀ ਤਰ੍ਹਾਂ ਹੀ ਹਨ। ਦਿਨ ਫਿਰਦਿਆਂ ਦੇਰ ਨਹੀਂ ਲਗਦੀ। ਹੌਸਲੇ ਨਾਲ ਮਿਹਨਤ ਕਰਦੇ ਰਹੋ ਤੁਹਾਡੀ ਗ਼ਰੀਬੀ ਕੱਟੀ ਜਾਏਗੀ। ਕੋਈ ਪ੍ਰੇਸ਼ਾਨੀ ਜਾਂ ਬਿਮਾਰੀ ਹੋਵੇ ਤਾਂ ਉਹ ਵੀ ਪਿੱਛਾ ਛੱਡ ਜਾਏਗੀ। ਗ਼ਰੀਬੀ ਵਿਚ ਜਾਂ ਮੁਸ਼ਕਲ ਸਮੇਂ ਵਿਚ ਹੀ ਆਪਣੇ ਅਤੇ ਬੇਗਾਨੇ ਦੀ ਪਹਿਚਾਣ ਹੁੰਦੀ ਹੈ। ਇਹ ਹੀ ਪਰਖ ਦੀ ਘੜੀ ਹੁੰਦੀ ਹੈ। ਮੁਸੀਬਤ ਵਿਚ ਮਤਲਬੀ ਲੋਕ ਸਾਥ ਛੱਡ ਜਾਂਦੇ ਹਨ ਅਤੇ ਬੰਦੇ ਨੂੰ ਚਾਨਣ ਹੋ ਜਾਂਦਾ ਹੈ ਕਿਹੜਾ ਵਿਅਕਤੀ ਉਸ ਦਾ ਅਸਲੀ ਹਮਦਰਦ ਹੈ ਅਤੇ ਉਸ ਦੇ ਨਾਲ ਖ਼ੜਾ ਹੈ। ਜਿਹੜਾ ਵਿਅਕਤੀ ਇਸ ਸਮੇਂ ਤੁਹਾਨੂੰ ਹੌਸਲਾ ਦਿੰਦਾ ਹੈ ਅਤੇ ਤੁਹਾਡੀ ਮਦਦ ਕਰਦਾ ਹੈ, ਉਹ ਹੀ ਅਸਲ ਵਿਚ ਤੁਹਾਡਾ ਆਪਣਾ ਹੁੰਦਾ ਹੈ। ਮੰਜ਼ਿਲਾਂ ਆਸਾਨ ਹੋ ਜਾਂਦੀਆਂ ਹਨ ਜਦ ਕੋਈ ਕਹੇ-''ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ''।
ਦੋਸਤੋ ਜੇ ਤੁਸੀਂ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਚਾਹੁੰਦੇ ਹੋ, ਆਪਣੀ ਗ਼ਰੀਬੀ ਕੱਟਣਾ ਚਾਹੁੰਦੇ ਹੋ ਜਾਂ ਆਪਣੀਆਂ ਹਾਰਾਂ ਨੂੰ ਜਿੱਤਾਂ ਵਿਚ ਬਦਲਣਾ ਚਾਹੁੰਦੇ ਹੋ ਤਾਂ ਹੌਸਲੇ ਨਾਲ ਮਿਹਨਤ ਕਰਦੇ ਜਾਵੋ ਅਤੇ ਅੱਗੇ ਵਧਦੇ ਜਾਵੋ। ਮਿਹਨਤੀ ਮਨੁੱਖ ਕਦੀ ਬਦਨਸੀਬ ਨਹੀਂ ਹੋ ਸਕਦਾ। ਕਿਸੇ ਮੁਸਾਫ਼ਿਰ ਦੀ ਪ੍ਰੀਖਿਆ ਬਿਖੜੇ ਰਸਤਿਆਂ ਵਿਚ ਹੀ ਹੁੰਦੀ ਹੈ ਜਿੱਥੇ ਰਸਤੇ ਵਿਚ ਇੱਟਾਂ, ਰੋੜੇ, ਕੰਡੇ ਅਤੇ ਰੁਕਾਵਟਾਂ ਹੋਣ। ਕਿਸੇ ਮਲਾਹ ਦੀ ਪ੍ਰੀਖਿਆਂ ਤਾਂ ਹੀ ਹੁੰਦੀ ਹੈ ਜੇ ਹਵਾ ਦਾ ਰੁਖ ਉੱਲਟ ਦਿਸ਼ਾ ਵਿਚ ਹੋਵੇ। ਹਵਾ ਦੇ ਉੱਲਟ ਦਿਸ਼ਾ ਵਿਚ ਚਲੱਣ ਵਿਚ ਹੀ ਉਸ ਦੀ ਮਰਦਾਨਗੀ ਹੈ। ਹਵਾ ਦੇ ਰੁਖ ਨਾਲ ਤਾਂ ਸਾਰੇ ਹੀ ਚਲ ਲੈਂਦੇ ਹਨ। ਅਣਖ ਵਾਲੇ ਲੋਕ ਤਾਂ ਚੱਟਾਨਾ ਵਿਚੋਂ ਵੀ ਆਪਣਾ ਰਸਤਾ ਬਣਾ ਲੈਂਦੇ ਹਨ।
ਜੋ ਬੰਦਾ ਆਪਣੇ ਵਾਲਿਆਂ ਤੋਂ ਉੱਪਰ ਵਾਲਿਆਂ ਨੂੰ ਦੇਖ ਕੇ ਜ਼ਿੰਉਂਦਾ ਹੈ, ਉਸ ਦੇ ਮਨ ਵਿਚ ਜਲਨ ਅਤੇ ਈਰਖਾ ਹੁੰਦੀ ਹੈ। ਉਹ ਸਦਾ ਅਸੰਤੁਸ਼ਟ ਰਹਿੰਦਾ ਹੈ। ਉਹ ਆਪਣੇ ਆਪ ਨੂੰ ਨਿਮਾਣਾ, ਨਿਤਾਣਾ ਅਤੇ ਘਟੀਆ ਸਮਝਦਾ ਹੈ ਅਤੇ ਹਰ ਸਮੇਂ ਚਿੰਤਾ ਵਿਚ ਹੀ ਰਹਿੰਦਾ ਹੈ। ਉਹ, ਆਪਣਿਆਂ ਤੋਂ ਉਪਰਲਿਆਂ ਨਾਲ ਮੁਕਾਬਲਾ ਕਰਨ ਕਾਰਨ ਅਤੇ ਅਮੀਰ ਬਣਨ ਲਈ, ਭਿਸ਼ਟਾਚਾਰ ਵੀ ਕਰਦਾ ਹੈ। ਜਿਹੜਾ ਬੰਦਾ ਆਪਣੇ ਆਪ ਤੋਂ ਥੱਲੇ ਵਾਲਿਆਂ ਨੂੰ ਦੇਖ ਕੇ ਜ਼ਿੰਉਂਦਾ ਹੈ ਤਾਂ ਮੁਸੀਬਤਾਂ ਉਸ ਦੇ ਉੱਪਰੋਂ ਦੀ ਲੰਘ ਜਾਂਦੀਆਂ ਹਨ।
ਬੇਸ਼ੱਕ ਤੁਸੀਂ ਉੱਚੇ ਆਕਾਸ਼ ਵਿਚ ਉਡਾਰੀਆਂ ਲਾਓ ਪਰ ਤੁਹਾਡੇ ਪੈਰ ਧਰਤੀ ਤੇ ਜੁੜੇ ਹੋਣੇ ਚਾਹੀਦੇ ਹਨ। ਪਰਿੰਦੇ ਦੱਸਦੇ ਹਨ ਕਿ ਆਕਾਸ਼ ਵਿਚ ਰੈਨ-ਬਸੇਰੇ ਨਹੀਂ ਹੁੰਦੇ। ਇਸ ਲਈ ਕੋਈ ਪਰਿੰਦਾ ਅਕਾਸ਼ ਵਿਚ ਭਾਵੇਂ ਜਿੰਨਾ ਮਰਜ਼ੀ ਉੱਚਾ ਉੱਡ ਲਏ ਪਰ ਭੋਜਨ ਲੈਣ ਲਈ ਉਸ ਨੂੰ ਹੇਠਾਂ ਧਰਤੀ ਤੇ ਆਉਣਾ ਹੀ ਪੈਂਦਾ ਹੈ। ਆਪਣੀਆਂ ਉਪਲਬਦੀਆਂ ਦੀ ਖ਼ੁਸ਼ੀ ਹੋਣੀ ਕੁਦਰਤੀ ਗੱਲ ਹੈ। ਬੰਦੇ ਨੂੰ ਮਾਣ ਵੀ ਹੋਣਾ ਹੀ ਚਾਹੀਦਾ ਹੈ ਕਿ ਉਸ ਦੀ ਮਿਹਨਤ ਰੰਗ ਲਿਆਈ ਹੈ। ਇਸ ਨਾਲ ਉਸ ਅੰਦਰ ਨਿਮਰਤਾ ਆਉਣੀ ਚਾਹੀਦੀ ਹੈ॥ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਉਹ ਕਦੋਂ ਕਿਸੇ ਨੂੰ ਫ਼ਰਸ਼ ਤੋਂ ਚੁੱਕ ਕੇ ਅਰਸ਼ ਤੇ ਬਿਠਾ ਦਏ ਜਾਂ ਅਰਸ਼ ਤੋਂ ਲਿਆ ਕਿ ਫ਼ਰਸ਼ ਤੇ ਪਟਕ ਦਏ। ਸਮਾਂ ਅਤੇ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਚੰਗੇ ਨਾਲ ਚੰਗਾ ਬਣੋ ਪਰ ਬੁਰੇ ਨਾਲ ਬੁਰਾ ਨਾ ਬਣੋ। ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਹੈ ਪਰ ਚਿੱਕੜ ਨਾਲ ਚਿੱਕੜ ਸਾਫ਼ ਨਹੀਂ ਹੋ ਸਕਦਾ। ਤੁਹਡੀ ਨੇਕੀ ਤੁਹਾਡੀ ਸਭ ਤੋਂ ਚੰਗੀ ਪੂੰਜੀ ਨਿਵੇਸ਼ ਹੈ। ਜਿਸ ਵਿਚ ਕਦੀ ਕੋਈ ਘਾਟਾ ਪੈਣ ਦਾ ਕੋਈ ਜੋਖ਼ਿਮ ਨਹੀਂ ਹੁੰਦਾ। ਇਹ ਹਮੇਸ਼ਾਂ ਲਾਭ ਹੀ ਦਿੰਦੀ ਹੈ।
ਪਰ ਤੁਸੀਂ ਮਸ਼ਹੂਰ ਹੋਣ ਤੇ ਕਦੀ ਮਗ਼ਰੂਰ ਨਾ ਹੋਣਾ।ਹੰਕਾਰ ਦੀ ਬਿਮਾਰੀ ਸ਼ਰਾਬ ਜਿਹੀ ਹੁੰਦੀ ਹੈ ਜਿਸਦਾ ਖ਼ੁਦ ਨੂੰ ਛੱਡ ਕੇ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਚੜ੍ਹ ਗਈ ਹੈ। ਬਾਦਸ਼ਾਹ ਤੋਂ ਫ਼ਕੀਰ, ਫ਼ਕੀਰ ਤੋਂ ਬਾਦਸ਼ਾਹ ਬਣਦਿਆਂ ਕਦੀ ਦੇਰ ਨਹੀਂ ਲੱਗਦੀ। ਕਈ ਲੋਕਾਂ ਕੋਲ ਜ਼ਿਆਦਾ ਤਾਕਤ ਅਤੇ ਧਨ ਆ ਜਾਂਦਾ ਹੈ ਤਾਂ ਉਹ ਮਗ਼ਰੂਰ ਹੋ ਜਾਂਦੇ ਹਨ। ਤਾਕਤ ਅਤੇ ਪੈਸਾ ਉਨ੍ਹਾਂ ਦੇ ਸਿਰ ਚੜ ਕੇ ਬੋਲਦਾ ਹੈ। ਹੰਕਾਰ ਨਾਲ ਉਨ੍ਹਾਂ ਦੀ ਧੌਣ ਆਕੜ ਜਾਂਦੀ ਹੈ।ਉਹ ਘੁਮੰਢੀ ਅਤੇ ਜਾਲਮ ਬਣ ਜਾਂਦੇ ਹਨ। ਇਨ੍ਹਾਂ ਜਾਲਮਾ ਦਾ ਫਿਰ ਅੰਤ ਵੀ ਬੁਰਾ ਹੀ ਹੁੰਦਾ ਹੈ। ਜੇ ૶''ਅੰਤ ਭਲੇ ਦਾ ਭਲਾ ਹੁੰਦਾ ਹੈ'' ਤਾਂ ''ਅੰਤ ਬੁਰੇ ਦਾ ਬੁਰਾ'' ਵੀ ਤਾਂ ਹੁੰਦਾ ਹੈ। ਉਹ ਬੁਰੀ ਮੌਤੇ ਮਰਦੇ ਹਨ। ਵੱਡੇ ਵੱਡੇ ਤਾਨਾਸ਼ਾਹਾਂ ਨੇ ਜਿੰਨਾ ਨੇ ਦੁਨੀਆਂ ਵਿਚ ਬਹੁਤ ਅੱਤ ਚੁੱਕੀ ੳਤੇ ਮਨੁੱਖਤਾ ਦਾ ਘਾਣ ਕੀਤਾ ਉਨ੍ਹਾਂ ਦਾ ਆਪਣਾ ਬਹੁਤ ਬੁਰਾ ਅੰਤ ਹੋਇਆ। ਆਮ ਤੋਰ ਤੇ ਉਹ ਕੁਦਰਤੀ ਮੌਤ ਨਹੀਂ ਮਰੇ ਸਗੋਂ ਉਨ੍ਹਾਂ ਨੂੰ ਬਹੁਤ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਇਸੇ ਲਈ ਕਹਿੰਦੇ ਹਨ ਕਿ-''ਹੰਕਾਰਿਆ, ਸੋ ਮਾਰਿਆ''।
ਇਹ ਠੀਕ ਹੈ ਕਿ ਮੁਸ਼ਕਲ ਅਤੇ ਗ਼ਰੀਬੀ ਦੇ ਸਮੇਂ ਵਿਚ ਸਬਰ ਸੰਤੋਖ ਬਹੁਤ ਜ਼ਰੂਰੀ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਬੰਦਾ ਵਿਹਲਾ ਬੈਠਾ ਰਹੇ ਅਤੇ ਮਿਹਨਤ ਤੋਂ ਹੀ ਮੂੰਹ ਮੋੜ ਲਏ। ਇਹ ਵੀ ਠੀਕ ਹੈ ਕਿ ਉਮੀਦ ਤੇ ਹੀ ਦੁਨੀਆਂ ਕਾਇਮ ਹੈ। ਸੁਪਨੇ ਸਾਰੇ ਹੀ ਦੇਖਦੇ ਹਨ ਪਰ ਸੁਪਨੇ ਸਾਕਾਰ ਉਨ੍ਹਾਂ ਦੇ ਹੀ ਹੁੰਦੇ ਹਨ ਜੋ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਸੁੱਖ ਆਰਾਮ ਦਾ ਤਿਆਗ ਕਰ ਕੇ ਦ੍ਰਿੜ ਇਰਾਦੇ ਨਾਲ ਮਿਹਨਤ ਕਰਦੇ ਹਨ। ਬੇਸ਼ੱਕ ਮੁਸੀਬਤ ਦੇ ਸਮੇਂ ਤੁਸੀਂ ਇਕੱਲਿਆਂ ਰਹਿ ਜਾਵੋ ਪਰ ਹਿੰਮਤ ਨਾ ਹਾਰੋ ਕਿਉਂਕਿ ਮਨੁੱਖ ਨੂੰ ਜ਼ਿੰਦਗੀ ਦੀ ਲੜਾਈ ਇਕੱਲਿਆਂ ਹੀ ਲੜਨੀ ਪੈਂਦੀ ਹੈ। ਅਜਿਹੇ ਸਮੇਂ ਲੋਕ ਸਲਾਹ ਤਾਂ ਦਿੰਦੇ ਹਨ ਪਰ ਸਾਥ ਕੋਈ ਨਹੀਂ ਦਿੰਦਾ।
ਪੈਸੇ ਦਾ ਗ਼ਰੂਰ ਨਾ ਕਰੋ। ਦੂਸਰੇ ਨੂੰ ਮੁਸੀਬਤ ਵਿਚ ਦੇਖ ਕੇ ਕਦੀ ਖ਼ੁਸ਼ ਨਹੀਂ ਹੋਣਾ ਚਾਹੀਦਾ, ਭਾਵੇਂ ਉਹ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ। ਦੂਸਰੇ ਦੀ ਮਜ਼ਬੂਰੀ ਜਾਂ ਬੇਬੱਸੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਸਗੋਂ ਉਸ ਦੀ ਮਦਦ ਕਰਨੀ ਚਾਹੀਦੀ ਹੈ। ਆਪਣੀ ਔਕਾਤ ਨੂੰ ਕਦੀ ਨਾ ਭੁੱਲੋ। ਸਮਾਂ ਬਹੁਤ ਬਲਵਾਨ ਹੈ। ਸਟੇਸ਼ਨ ਤੇ ਭੀਖ ਮੰਗਣ ਵਾਲੀ ਰਾਣੌ (ਜੋ ਸਟੇਸ਼ਨ ਤੇ ਗਾਣਾ ਗਾ ਕੇ ਆਪਣਾ ਪੇਟ ਭਰਦੀ ਸੀ, ਉਸ ਤੇ ਮਿਉਜ਼ਿਕ ਡਾਇਰੈਕਟਰ ਦੀ ਨਜ਼ਰ ਪਈ ਤਾਂ ਉਸ ਨੇ ਰਾਣੋ ਨੂੰ ਫਿਲਮਾਂ ਵਿਚ ਗਾਣੇ ਗਵਾ ਕੇ ਇਕ ਦਿਨ ਵਿਚ ਹੀ ਉਸ ਨੂੰ ਸਟਾਰ ਬਣਾ ਦਿੱਤਾ) ਰਾਤੋ ਰਾਤ ਏਅਰ ਕੰਡੀਸ਼ਨ ਥੱਲੇ ਸੌਂ ਰਹੀ ਹੈ ਅਤੇ ਕਰੌੜਾਂ ਦਾ ਮਾਲਿਕ ਪੀ ਚਿਦੰਬਰਮ(ਜੋ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿਚ ਖ਼ਜ਼ਾਨਾ ਮੰਤਰੀ ਸੀ ਅਤੇ ਬਹੁਤ ਹੀ ਤਾਕਤਵਰ ਗਿਣਿਆ ਜਾਂਦਾ ਸੀ ਅੱਜ ਗ਼ੈਰ ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਨ ਦੇ ਦੋਸ਼ ਵਿਚ) ਅੱਜ ਜੇਲ੍ਹ ਵਿਚ ਸੌਂ ਰਿਹਾ ਹੈ (ਅਗਸਤ, 2019)। ਲੋਕ ਤੁਹਾਨੂੰ ਤੁਹਾਡੇ ਅਹੁਦੇ ਤੋਂ ਨਹੀਂ ਪਹਿਚਾਣਦੇ ਸਗੋਂ ਤੁਹਾਡੀ ਸ਼ਖਸੀਅਤ ਅਤੇ ਗੁਣਾਂ ਦੀ ਦੀ ਕਦਰ ਕਰਦੇ ਹਨ। ਅਹੁਦਾ ਤਾਂ ਕਦੇ ਵੀ ਖੁਸ ਸਕਦਾ ਹੈ ਪਰ ਗੁਣਾਂ ਨੂੰ ਕੋਈ ਨਹੀਂ ਚੁਰਾ ਸਕਦਾ।
ਸਬਰ ਵਾਲੇ ਲੋਕ ਆਪਣੀ ਮਿਹਨਤ ਨਾਲ ਉੱਪਰ ਉੱਠਦੇ ਹਨ, ਤਾਂ ਉਹ ਕਦੀ ਆਪਣੀ ਔਕਾਤ ਨੂੰ ਨਹੀਂ ਭੁਲਦੇ। ਉਹ ਕਦੀ ਹੰਕਾਰ ਵਿਚ ਨਹੀਂ ਆਉਂਦੇ ਕਿ ਮੈਂ ਕਿੰਨਾ ਉੱਪਰ ਉੱਠ ਗਿਆ ਹਾਂ। ਉਹ ਹਮੇਸ਼ਾਂ ਯਾਦ ਰੱਖਦੇ ਹਨ ਕਿ ਮੈਂ ਕਿੱਥੋਂ ਉੱਠ ਕੇ ਆਇਆਂ ਹਾਂ। ਆਪਣਾ ਮਾੜਾ ਸਮਾਂ ਹਮੇਸ਼ਾਂ ਉਨ੍ਹਾਂ ਦੇ ਚੇਤੇ ਵਿਚ ਰਹਿੰਦਾ ਹੈ ਜੋ ਉਨ੍ਹਾਂ ਨੂੰ ਕਦੀ ਮਗ਼ਰੂਰ ਨਹੀਂ ਹੋਣ ਦਿੰਦਾ।ਉਹ ਹਮੇਸ਼ਾਂ ਆਪਣੀਆਂ ਜੜਾਂ ਨਾਲ ਜੁੜੇ ਰਹਿੰਦੇ ਹਨ। ਜਦ ਤੱਕ ਪੱਤਾ ਆਪਣੀ ਟਹਿਣੀ ਨਾਲ ਜੁੜਿਆ ਰਹਿੰਦਾ ਹੈ, ਉਹ ਸੁਰੱਖਿਅਤ ਰਹਿੰਦਾ ਹੈ। ਟਾਹਣੀ ਨਾਲੋਂ ਟੁੱਟ ਕੇ ਉਹ ਸੁੱਕ ਜਾਂਦਾ ਹੈ ਅਤੇ ਮਿੱਟੀ ਵਿਚ ਰੁਲ ਜਾਂਦਾ ਹੈ।ਆਪਣੇ ਧਨ ਦਾ ਜਾਂ ਉੱਚੇ ਅੋਹੁਦੇ ਦਾ ਕਦੀ ਮਾਂ-ਪਿਓ ਨੂੰ ਰੋਅਬ ਨਾ ਦੇਣਾ। ਉਨ੍ਹਾਂ ਨੇ ਆਪਣੇ ਖ਼ੂਨ ਪਸੀਨੇ ਨਾਲ ਤੁਹਾਡੀ ਜ਼ਿੰਦਗੀ ਦੇ ਬੂਟੇ ਨੂੰ ਸਿੰਜਿਆ ਹੈ ਤਾਂ ਹੀ ਤੁਸੀਂ ਧਰਤੀ 'ਤੋਂ ਉੱਪਰ ਸਿਰ ਉਠਾ ਕੇ ਖੜ੍ਹੇ ਹੋ। ਇਸ ਲਈ ਉਨ੍ਹਾਂ ਦਾ ਬਾਦਸ਼ਾਹਾਂ ਦੀ ਤਰ੍ਹਾਂ ਸਤਿਕਾਰ ਕਰੋ।ਜ਼ਿੰਦਗੀ ਦਾ ਹਰ ਪਲ ਖ਼ੁਸ਼ ਰਹਿ ਕੇ ਜੀਓ ਕਿਉਂਕਿ ਰੋਜ਼ ਸ਼ਾਮ ਸਿਰਫ਼ ਸੂਰਜ ਹੀ ਨਹੀਂ ਢਲਦਾ, ਤੁਹਾਡੀ ਅਨਮੋਲ ਜ਼ਿੰਦਗੀ ਵੀ ਢਲਦੀ ਹੈ।       
*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email:  gursharan1183@yahoo.in

ਪ੍ਰੇਰਨਾਦਾਇਕ ਲੇਖ :  ਸਿਰਜਨਹਾਰੇ ਹੱਥ - ਗੁਰਸ਼ਰਨ ਸਿੰਘ ਕੁਮਾਰ

ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਹੀ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।

ਮਨੁੱਖ ਦੇ ਸਰੀਰ ਦਾ ਸਭ ਤੋਂ ਸੰਵੇਦਨਸ਼ੀਲ ਭਾਗ ਉਸ ਦਾ ਦਿਮਾਗ ਹੁੰਦਾ ਹੈ। ਉਸ ਦੇ ਦਿਮਾਗ ਵਿਚ ਜੋ ਗਲ ਆਉਂਦੀ ਹੈ ਉਸ ਨੂੰ ਕ੍ਰਿਆਂਤਰ ਰੂਪ ਸਰੀਰ ਦੇ ਬਾਕੀ ਅੰਗ ਦਿੰਦੇ ਹਨ। ਮਨੁੱਖ ਦਾ ਦਿਮਾਗ ਸਰੀਰ ਲਈ ਇੰਜਨ ਦਾ ਕੰਮ ਦਿੰਦਾ ਹੈ। ਇੰਜਨ ਚੱਲਦਾ ਹੈ ਤਾਂ ਹੀ ਬਾਕੀ ਸਾਰੀ ਗੱਡੀ ਤੁਰਦੀ ਹੈ। ਜੇ ਮਨੁੱਖ ਦਾ ਇਹ ਇੰਜਨ ਠੀਕ ਹੈ ਤਾਂ ਸਮਝੋ ਕਿ ਉਸ ਦਾ ਬਾਕੀ ਸਾਰਾ ਸਰੀਰ ਵੀ ਠੀਕ ਕੰਮ ਕਰਦਾ ਹੈ। ਜੇ ਇਹ ਇੰਜਨ ਭਾਵ ਦਿਮਾਗ ਠੀਕ ਨਹੀਂ ਤਾਂ ਬਾਕੀ ਸਰੀਰ ਦੇ ਕੰਮ ਵਿਚ ਵੀ ਵਿਗਾੜ ਆ ਜਾਂਦਾ ਹੈ। ਭਾਵ ਸਰੀਰ ਦੀ ਕਾਰਜ਼ ਸ਼ਕਤੀ ਦੇ ਨਤੀਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਨਿਕਲਦੇ। ਵੈਸੇ ਤਾਂ ਸਰੀਰ ਦੇ ਹਰ ਅੰਗ ਦੀ ਪੂਰੀ ਮਹੱਤਤਾ ਅਤੇ ਯੋਗਦਾਨ ਹੈ। ਕਿਸੇ ਅੰਗ ਦੀ ਮਹੱਤਤਾ ਨੂੰ ਘਟਾ ਕੇ ਜਾਂ ਅਣਗੌਲਿਆਂ ਕਰ ਕੇ ਨਹੀਂ ਦੇਖਿਆ ਜਾ ਸਕਦਾ, ਫਿਰ ਵੀ ਦਿਮਾਗ ਦੇ ਹੁਕਮ ਨੂੰ ਮੰਨਣ ਵਿਚ ਮਨੁੱਖ ਦੇ ਹੱਥਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਦਿਮਾਗ ਦੇ ਇਸ਼ਾਰੇ ਨੂੰ ਮਨੁੱਖ ਦੇ ਹੱਥ ਹੀ ਪਰਤੱਖ ਰੂਪ ਦਿੰਦੇ ਹਨ। ਇਕ ਇਮਾਰਤਸਾਜ਼ ਕਿਸੇ ਇਮਾਰਤ ਨੂੰ ਪਹਿਲਾਂ ਦਿਮਾਗ ਨਾਲ ਆਪਣੇ ਮਨ ਅੰਦਰ ਸਿਰਜਦਾ ਹੈ ਫਿਰ ਮਨੁੱਖੀ ਹੱਥ ਹੀ ਉਸ ਨੂੰ ਪਰਤੱਖ ਰੂਪ ਦੇ ਕੇ ਉਸ ਦੀ ਕਲਪਨਾ ਨੂੰ ਇਕ ਸੁੰਦਰ ਰੂਪ ਵਿਚ ਪੂਰੀ ਇਮਾਰਤ ਖੜ੍ਹੀ ਕਰਦੇ ਹਨ। ਇਕ ਬੁੱਤਘਾੜਾ ਆਪਣੇ ਮਨ ਅੰਦਰ ਕਿਸੇ ਸੁੰਦਰ ਮੂਰਤੀ ਦੀ ਕਲਪਨਾ ਕਰਦਾ ਹੈ ਤਾਂ ਉਹ ਹੱਥਾਂ ਦੁਆਰਾ ਹੀ ਉਸ ਪੱਥਰ ਵਿਚੋਂ ਫਾਲਤੂ ਪੱਥਰ ਨੂੰ ਛਾਂਗ ਕੇ ਮੂਰਤੀ ਨੂੰ ਪਰਤੱਖ ਰੂਪ ਦਿੰਦਾ ਹੈ।ਕੋਈ ਲੇਖਕ ਜਦ ਆਪਣੀ ਰਚਨਾ ਕਰਦਾ ਹੈ ਤਾਂ ਪਹਿਲਾਂ ਉਹ ਹੱਥਾਂ ਦੁਆਰਾ ਹੀ ਆਪਣੇ ਵਿਚਾਰ ਕੋਰੇ ਕਾਗਜ਼ ਤੇ ਲਿਖਦਾ ਹੈ। ਫਿਰ ਉਸ ਵਿਚ ਸੁਧਾਰ ਕਰਦਾ ਹੈ। ਉਸ ਤੋਂ ਬਾਅਦ ਹੀ ਉਸ ਦੀ ਰਚਨਾ ਛੱਪ ਕੇ ਪਾਠਕਾਂ ਤੱਕ ਪਹੁੰਚਦੀ ਹੈ। ਬੇਸ਼ੱਕ ਅੱਜ ਦੇ ਸਮੇਂ ਵਿਚ ਸਵੈ-ਚਾਲਿਤ ਮਸ਼ੀਨਾਂ ਅਤੇ ਰੋਬੋਟ ਬਣ ਗਏ ਹਨ ਜਿਨਾਂ ਨੇ ਹੱਥ ਨਾਲ ਕਰਨ ਵਲੇ ਕੰਮ ਨੂੰ ਬਹੁਤ ਤੇਜ਼ ਅਤੇ ਪ੍ਰਵੀਨ ਕਰ ਦਿੱਤਾ ਹੈ ਪਰ ਮਨੁੱਖੀ ਹੱਥਾਂ ਦੀ ਮਹੱਤਤਾ ਫਿਰ ਵੀ ਨਹੀਂ ਘਟਦੀ ਕਿਉਂਕਿ ਇਹ ਸਾਰੇ ਉਪਕਰਨ ਵੀ ਮਨੁੱਖ ਨੇ ਆਪਣੇ ਹੱਥਾਂ ਦੁਆਰਾ ਹੀ ਤਿਆਰ ਕੀਤੇ ਹਨ। ਹੱਥਾਂ ਬਿਨਾ ਸਾਡੀ ਜ਼ਿੰਦਗੀ ਅਧੂਰੀ ਹੈ। ਹੱਥਾਂ ਦੀ ਕੀਮਤ ਨਹੀਂ ਆਂਕੀ ਜਾ ਸਕਦੀ ਕਿਉਂਕਿ ਹੱਥ ਕਿਸੇ ਕੀਮਤ ਤੇ ਵੀ ਬਾਜ਼ਾਰ ਵਿਚੋਂ ਨਹੀਂ ਮਿਲਦੇ।
ਕੋਈ ਵੀ ਮਨੁੱਖੀ ਸਿਰਜਨਾ ਹੋਵੇ ਉਸ ਨੂੰ ਪਹਿਲਾਂ ਹੱਥਾਂ ਦੁਆਰਾ ਹੀ ਸ਼ੁਰੂ ਕੀਤਾ ਜਾਂਦਾ ਹੈ। ਸਾਡੇ ਹੱਥ ਸਾਡੀ ਕਲਪਨਾ ਨੂੰ ਸਾਕਾਰ ਰੂਪ ਦੇਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਅੱਜ ਅਸੀਂ ਜੋ ਵੀ ਸੁਪਨਮਈ ਸੁੰਦਰ ਸੰਸਾਰ ਦੇਖ ਰਹੇ ਹਾਂ ਇਸ ਦੀ ਉਸਾਰੀ ਵਿਚ ਮਨੁੱਖੀ ਹੱਥਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜ਼ਰਾ ਸੋਚੋ ਕਿ ਜੇ ਮਨੁੱਖੀ ਹੱਥ ਨਾ ਹੁੰਦੇ ਤਾਂ ਅੱਜ ਇਸ ਸੁੰਦਰ ਸੰਸਾਰ ਦੀ ਕੀ ਸ਼ਕਲ ਹੁੰਦੀ? ਹੱਥਾਂ ਨਾਲ ਹੀ ਕਿਸਾਨ ਮਿਹਨਤ ਕਰ ਕੇ ਫਸਲ ਉਗਾਉਂਦਾ ਹੈ ਅਤੇ ਸਾਰੀ ਦੁਨੀਆਂ ਦਾ ਢਿੱਡ ਭਰਦਾ ਹੈ। ਹੱਥਾਂ ਨਾਲ ਹੀ ਮਨੁੱਖ ਨੇ ਕਲ ਪੁਰਜੇ ਅਤੇ ਮਸ਼ੀਨਾਂ ਬਣਾਈਆਂ, ਜਿਨਾਂ ਦੁਆਰਾ ਵੱਡੇ ਵੱਡੇ ਕਾਰਖਾਨੇ ਚੱਲਦੇ ਹਨ ਅਤੇ ਮਨੁੱਖੀ ਜ਼ਰੂਰਤਾਂ ਲਈ ਉਤਪਾਦਨ ਹੁੰਦਾ ਹੈ। ਹੱਥਾਂ ਦੁਆਰਾ ਹੀ ਮਨੁੱਖ ਨੇ ਸ਼ਾਹਕਾਰ ਬਣਾਏ। ਸਾਰੀ ਸਿਰਜਨਾ ਹੱਥਾਂ ਦੁਆਰਾ ਹੀ ਹੁੰਦੀ ਹੈ।  ਇਸੇ ਕਾਰਨ ਹੀ ਮਨੁੱਖ ਵਿਚ ਸੁਹਜ ਸੁਆਦ ਦੀ ਰੁੱਚੀ ਆਈ।
ਜੇ ਸਾਡੇ ਹੱਥ ਨਾ ਹੋਣ ਤਾਂ ਸ਼ਾਇਦ ਅਸੀਂ ਕਿਸੇ ਜੋਗੇ ਨਾ ਰਹੀਏ। ਸਾਡੀ ਸ਼ਖਸੀਅਤ ਬੋਨੀ ਬਣ ਕੇ ਰਹਿ ਜਾਏਗੀ। ਸਾਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਉਸ ਨੇ ਕੰਮ ਕਰਨ ਲਈ ਸਾਨੂੰ ਨਰੋਏ ਹੱਥ ਦਿਤੇ ਹਨ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਸੰਵਾਰ ਸਕੀਏ। ਜਿਸ ਬੰਦੇ ਦੇ ਹੱਥਾਂ ਵਿਚ ਹੁਨਰ ਹੈ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲਾ ਜਾਏ, ਕਦੀ ਭੁੱਖਾ ਨਹੀਂ ਮਰ ਸਕਦਾ। ਹੱਥਾਂ ਨਾਲ ਬੰਦਾ ਆਪਣੀ ਬਦਨਸੀਬੀ ਨੂੰ ਖ਼ੁਸ਼ਨਸੀਬੀ ਵਿਚ ਬਦਲ ਸਕਦਾ ਹੈ। ਹੱਥਾਂ ਨਾਲ ਹੀ ਮਨੁੱਖ ਆਪਣੀ ਰੋਟੀ ਰੋਜ਼ੀ ਕਮਾਉਂਦਾ ਹੈ ਅਤੇ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਹੈ। ਆਪਣੇ ਦਸਾਂ ਨਹੂੰਆਂ ਦੇ ਕਮਾਏ ਹੋਏ ਧਨ ਨਾਲ ਹੀ ਉਹ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਬਣਾ ਸਕਦਾ ਹੈ। ਹੱਥਾਂ ਦੀ ਮਿਹਨਤ ਨਾਲ ਹੀ ਉਹ ਆਪਣੀ ਗ਼ਰੀਬੀ ਦੂਰ ਕਰ ਸਕਦਾ ਹੈ ਅਤੇ ਧਨਵਾਨ ਬਣ ਸਕਦਾ ਹੈ। ਜਿਹੜਾ ਬੰਦਾ ਆਪਣੇ ਹੱਥਾਂ ਦੀ ਮਿਹਨਤ ਦੀ ਸੱਚੀ ਸੁੱਚੀ ਕਮਾਈ ਨੂੰ ਸੰਭਾਲ ਲੈਂਦਾ ਹੈ ਉਸ ਦੇ ਸਭ ਕੰਮ ਰਾਸ ਹੁੰਦੇ ਜਾਂਦੇ ਹਨ। ਇਸੇ ਲਈ ਕਹਿੰਦੇ ਹਨ ਕਿ ਉਸ ਦੇ ਹੱਥਾਂ ਵਿਚ ਬਹੁਤ ਬਰਕਤ ਹੈ।
 ਇਸ ਦਾ ਮਤਲਬ ਇਹ ਨਹੀਂ ਕਿ ਹੱਥਾਂ ਤੋਂ ਬਿਨਾਂ ਸਿਰਜਨਾ ਹੋ ਹੀ ਨਹੀਂ ਸਕਦੀ। ਜਿਨਾਂ ਲੋਕਾਂ ਨੂੰ ਪ੍ਰਮਾਤਮਾਂ ਨੇ ਹੱਥ ਨਹੀਂ ਦਿੱਤੇ ਉਨ੍ਹਾਂ ਅੰਦਰ ਵੀ ਉਸ ਨੇ ਅਥਾਹ ਸਿਰਜਕ ਸ਼ਕਤੀ ਭਰੀ ਹੈ।ਬੇਸ਼ੱਕ ਮਨੁੱਖੀ ਵਜੂਦ ਨੂੰ ਹੱਥਾਂ ਤੋਂ ਬਿਨਾ ਚਿਤਵਿਆ ਨਹੀਂ ਜਾ ਸਕਦਾ ਪਰ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਉਹ ਵੀ ਤਾਂ ਜਿੰਦਗੀ ਜਿਉਂਦੇ ਹੀ ਹਨ। ਜੇ ਕਿਸੇ ਦੁਰਘਟਨਾ ਕਾਰਨ ਜਾਂ ਰੱਬ ਦੇ ਕਿਸੇ ਭਾਣੇ ਕਾਰਨ ਕਿਸੇ ਦੇ ਹੱਥ ਨਾ ਹੋਣ ਤਾਂ ਵੀ ਉਹ ਹੌਸਲੇ ਵਿਚ ਰਹਿੰਦਾ ਹੈ। ਉਹ ਖ਼ੁਦਕੁਸ਼ੀ ਦੇ ਰਸਤੇ ਨਹੀਂ ਪੈਂਦਾ ਸਗੋਂ ਸਰੀਰ ਦੇ ਬਾਕੀ ਅੰਗਾਂ ਤੋਂ ਹੱਥਾਂ ਦਾ ਕੰਮ ਲੈਂਦਾ ਹੈ ਅਤੇ ਅਣਖ ਨਾਲ ਆਪਣੀ ਜ਼ਿੰਦਗੀ ਬਸਰ ਕਰਦਾ ਹੈ। ਕਰਮ ਉਹ ਵੀ ਕਰਦੇ ਹਨ। ਆਪਣੇ ਕਰਮਾਂ ਦੁਆਰਾ ਆਪਣੀ ਬਦਕਿਸਮਤੀ ਨੂੰ ਖ਼ੁਸ਼ਕਿਸਮਤੀ ਵਿਚ ਬਦਲ ਦਿੰਦੇ ਹਨ। ਕਈ ਵਾਰੀ ਤਾਂ ਉਹ ਐਸੇ ਕੰਮ ਕਰ ਕੇ ਦਿਖਾ ਦਿੰਦੇ ਹਨ ਕਿ ਹੱਥਾਂ ਵਾਲਿਆਂ ਨੂੰ ਵੀ ਪਛਾੜ ਦਿੰਦੇ ਹਨ ਕਿਉਂਕਿ ਉਨ੍ਹਾਂ ਵਿਚ ਆਤਮ ਵਿਸ਼ਵਾਸ ਹੁੰਦਾ ਹੈ।ਉਨ੍ਹਾਂ ਦੇ ਕਾਰਨਾਮਿਆਂ ਨੂੰ ਦੇਖ ਕੇ ਪੂਰੀ ਦੁਨੀਆਂ ਹੈਰਾਨ ਰਹਿ ਜਾਂਦੀ ਹੈ। ਹੱਥ ਨਾ ਹੁੰਦਿਆਂ ਹੋਇਆਂ ਪੰਛੀ ਵੀ ਤਾਂ ਆਪਣੀਆਂ ਚੁੰਝਾਂ ਦੁਆਰਾ ਤਿਨਕਾ ਤਿਨਕਾ ਇਕੱਠਾ ਕਰ ਕੇ ਸੁੰਦਰ ਆਲ੍ਹਣਾ ਤਿਆਰ ਕਰਦੇ ਹਨ। ਬਿਜੜੇ ਦਾ ਆਲ੍ਹਣਾ ਤਾਂ ਕਲਾਕਾਰੀ ਦੀ ਇਕ ਉੱਤਮ ਮਿਸਾਲ ਹੈ।

ਕਈ ਮਨੁੱਖ ਆਪਣੇ ਹੱਥਾਂ ਦਾ ਦੁਰਉਪਯੋਗ ਵੀ ਕਰਦੇ ਹਨ। ਇਨ੍ਹਾਂ ਹੱਥਾਂ ਨਾਲ ਹੀ ਉਹ ਬੁਰੇ ਅਤੇ ਗ਼ਲਤ ਕੰਮ ਕਰਦੇ ਹਨ। ਇਨ੍ਹਾਂ ਹੱਥਾਂ ਨਾਲ ਹੀ ਉਹ ਚੋਰੀ ਚਕਾਰੀ ਅਤੇ ਕਤਲੋਗਾਰਤ ਕਰਦੇ ਹਨ। ਇਨ੍ਹਾਂ ਹੱਥਾਂ ਨਾਲ ਹੀ ਉਹ ਗ਼ਰੀਬਾਂ ਅਤੇ ਬੇਵੱਸ ਲੋਕਾਂ ਤੇ ਜ਼ੁਲਮ ਕਰਦੇ ਹਨ। ਉਨ੍ਹਾਂ ਦੀ ਕੁੱਟ ਮਾਰ ਵੀ ਕਰਦੇ ਹਨ। ਕਈ ਗੈਂਗਸਟਰ ਤਾਂ ਇਨ੍ਹਾਂ ਹੱਥਾਂ ਨਾਲ ਹੀ ਛੋਟੇ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਦੇ ਹੱਥ ਪੈਰ ਕੱਟ ਦਿੰਦੇ ਹਨ। ਫਿਰ ਉਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ ਅਜਿਹੀ ਹਰਾਮ ਦੀ ਕਮਾਈ ਨਾਲ ਉਹ ਖ਼ੁਦ ਐਸ਼ ਕਰਦੇ ਹਨ। ਅਜਿਹੀ ਹਰਾਮ ਦੀ ਕਮਾਈ ਉਨ੍ਹਾਂ ਨੂੰ ਲੱਗਦੀ ਤਾਂ ਮਿੱਠੀ ਹੈ ਪਰ ਜਦ ਨਿਕਲਦੀ ਹੈ ਫਿਰ ਪਤਾ ਲੱਗਦਾ ਹੈ। ਹਰ ਇਕ ਦੇ ਕਰਮਾਂ ਦਾ ਹਿਸਾਬ ਕਰਨ ਵਾਲਾ ਮਾਲਕ ਉਹ ਪ੍ਰਮਾਤਮਾ ਆਪ ਹੀ ਹੈ। ਉਹ ਹੀ ਸਭ ਦਾ ਹਿਸਾਬ ਚੁੱਕਤਾ ਕਰਦਾ ਹੈ।
ਪ੍ਰਮਾਤਮਾ ਨੇ ਮਨੁੱਖ ਦੇ ਹੱਥਾਂ ਵਿਚ ਬੇਹਿਸਾਬੀ ਤਾਕਤ ਬਖ਼ਸ਼ੀ ਹੈ ਜਿਨ੍ਹਾਂ ਨਾਲ ਉਹ ਆਪਣੇ ਸ਼ਾਹਕਾਰ ਤਿਆਰ ਕਰ ਕੇ ਆਪਣੀ ਵਿਲੱਖਣ ਸ਼ਖਸੀਅਤ ਬਣਾ ਸਕਦਾ ਹੈ ਅਤੇ ਪੂਰੀ ਦੁਨੀਆਂ ਤੇ ਛਾਅ ਸਕਦਾ ਹੈ। ਉਹ ਆਪਣੇ ਹੁਨਰ ਦਾ ਸਿੱਕਾ ਜਮਾ ਸਕਦਾ ਹੈ।ਹੱਥਾਂ ਨਾਲ ਅਸੀਂ ਬਹੁਤ ਕੰਮ ਕਰਦੇ ਹਾਂ। ਹੱਥਾਂ ਦੁਆਰਾ ਹੀ ਅਸੀਂ ਆਪਣੇ ਸਰੀਰ ਅਤੇ ਆਲੇ ਦੁਆਲੇ ਦੀ ਸਫਾਈ ਕਰਦੇ ਹਾਂ। ਵਿਗਿਆਨ ਦੇ ਜਿੰਨੇ ਵੀ ਆਵਸ਼ਕਾਰ ਹੋਏ ਹਨ ਉਨਾਂ ਵਿਚ ਦਿਮਾਗ ਦੇ ਨਾਲ ਨਾਲ ਮਨੁੱਖੀ ਹੱਥਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਰਹੱਦਾਂ ਤੇ ਫੌਜਾਂ ਨੂੰ ਦੁਸ਼ਮਣ ਤੋਂ ਆਪਣੀ ਧਰਤੀ ਦੀ ਰਾਖੀ ਲਈ ਹਮੇਸ਼ਾਂ ਹਥਿਆਰਾਂ ਨਾਲ ਲੈਸ ਰਹਿਣਾ ਪੈਂਦਾ ਹੈ। ਇਹ ਹੱਥਿਆਰ ਵੀ ਹੱਥਾਂ ਨਾਲ ਹੀ ਚਲਾਏ ਜਾਂਦੇ ਹਨ ਤਾਂ ਹੀ ਦੁਸ਼ਮਣ ਮੈਦਾਨ ਛੱਡ ਕੇ ਭੱਜ ਜਾਂਦਾ ਹੈ। ਇਸੇ ਲਈ ਤਾਂ ਕਹਿੰਦੇ ਹਨ:

ਹੱਥਾਂ ਬਾਝ ਕਰਾਰਿਆਂ,
ਵੈਰੀ ਮਿੱਤ ਨਾ ਹੋਣ।

ਹੱਥ ਤੇ ਹੱਥ ਰੱਖ ਕੇ ਬੈਠਿਆਂ ਕੁਝ ਨਹੀਂ ਹੋਣਾ। ਜੇ ਅਸੀਂ ਕਹੀਏ ਕਿ ਜੋ ਕੁਝ ਵੀ ਹੁੰਦਾ ਹੈ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ ਫਿਰ ਸਾਨੂੰ ਮਿਹਨਤ ਕਰਨ ਦੀ ਕੀ ਲੋੜ ਹੈ?  ਇਹ ਵਿਚਾਰ ਕੇਵਲ ਆਲਸੀ ਲੋਕਾਂ ਦਾ ਹੈ। ਇਸ ਹਿਸਾਬ ਸਿਰ ਤਾਂ ਅਸੀਂ ਦੂਜਿਆਂ ਤੋਂ ਕਾਫੀ ਪੱਛੜ ਜਾਵਾਂਗੇ। ਪ੍ਰਮਾਤਮਾ ਇਹ ਕਹਿੰਦਾ ਹੈ ਕਿ 'ਮੈਂ ਤੈਨੂੰ ਤੇਜ ਦਿਮਾਗ ਦਿੱਤਾ ਹੈ। ਨਰੋਇਆ ਅਤੇ ਸੁੰਦਰ ਸਰੀਰ ਦਿੱਤਾ ਹੈ। ਆਪਣੀਆਂ ਅੱਖਾਂ ਖੋਲ੍ਹ ਕੇ ਰੱਖ ਅਤੇ ਹੱਥਾਂ ਪੈਰਾਂ ਅਤੇ ਦਿਮਾਗ ਤੋਂ ਕੰਮ ਲੈ ਅਤੇ ਅੱਗੇ ਵਧ। ਫਿਰ ਹੀ ਤੇਰੀ ਉਨਤੀ ਹੋਵੇਗੀ।'  ਹੱਥ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ। ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:

ਯਹ ਹਾਥ ਹੀ ਆਪਣੀ ਦੌਲਤ ਹੈ।
ਯਹ ਹਾਥ ਹੀ ਆਪਣੀ ਤਾਕਤ ਹੈ।
ਕੁਛ ਔਰ ਤੋ ਪੂੰਝੀ ਪਾਸ ਨਹੀਂ,
ਯਹ ਹਾਥ ਹੀ ਆਪਣੀ ਕਿਸਮਤ ਹੈ।

ਤੁਹਾਡੀ ਮਿੱਠੀ ਬਾਣੀ ਦੇ ਨਾਲ ਨਾਲ ਤੁਹਾਡੇ ਦੋ ਹੱਥ ਵੀ ਆਪਸੀ ਮਿਲਵਰਤਣ ਲਈ ਬਹੁਤ ਯੋਗਦਾਨ ਪਾਉਂਦੇ ਹਨ।ਪ੍ਰਮਾਤਮਾ ਨੇ ਹੱਥ ਤੁਹਾਨੂੰ ਕੰਮ ਕਰਨ ਲਈ ਦਿੱਤੇ ਹਨ ਆਪਣੇ ਹੱਥਾਂ ਨਾਲ ਮਿਹਨਤ ਕਰਕੇ ਆਪਣੀ ਕਮਾਈ ਕਰੋ ਆਪਣੇ ਪਰਿਵਾਰ ਦੀ ਪਾਲਣਾ ਕਰੋ। ਹੱਥਾਂ ਦੀ ਵਰਤੋਂ ਸਿਰਜਕ ਕੰਮਾਂ ਲਈ ਕਰੋ। ਤੁਹਾਡੇ ਹੱਥ ਦੂਜੇ ਦੀ ਮਦਦ ਲਈ ਤਿਆਰ ਬਰ ਤਿਆਰ ਰਹਿਣੇ ਚਾਹੀਦੇ ਹਨ। ਬੇਸ਼ੱਕ ਘੱਟ ਖਾ ਕੇ ਗੁਜ਼ਾਰਾ ਕਰ ਲਓ ਪਰ ਕਿਸੇ ਕੋਲੋਂ ਕੁਝ ਮੰਗਣ ਲਈ ਹੱਥ ਅੱਡਣ ਦੀ ਬਜਾਏ ਕਿਸੇ ਲੋੜਵੰਦ ਨੂੰ ਕੁਝ ਦੇਣ ਲਈ ਹੱਥ ਅੱਗੇ ਕਰੋ। ਜੇ ਪ੍ਰਮਾਤਮਾ ਕੋਲੋਂ ਵੀ ਕੁਝ ਮੰਗਣਾ ਪੈ ਜਾਏ ਤਾਂ ਇਹ ਹੀ ਮੰਗੋ ਕਿ ਤੁਹਾਡੇ ਦੋਹਾਂ ਹੱਥਾਂ ਦੀ ਕਮਾਈ ਵਿਚ ਬਰਕਤ ਪਏ ਤਾਂ ਕਿ ਤੁਹਾਨੂੰ ਕਿਸੇ ਦੂਸਰੇ ਦਾ ਮੁਥਾਜ ਨਾ ਹੋਣਾ ਪਏ। ਐਵੇਂ ਹਰ ਸਮੇਂ ਕਿਸਮਤ ਦੇ ਰੋਣੇ ਹੀ ਨਾ ਰੋਂਦੇ ਰਿਹਾ ਕਰੋ। ਰੱਬ ਨੇ ਤੁਹਾਨੂੰ ਐਨੇ ਕੀਮਤੀ ਹੱਥ ਦਿੱਤੇ ਹਨ। ਇਨ੍ਹਾਂ ਦੀ ਕਦਰ ਕਰੋ। ਆਪਣੇ ਹੱਥਾਂ ਨਾਲ ਆਪਣੀ ਬਦਕਿਸਮਤੀ ਨੂੰ  ਖ਼ੁਸ਼ਕਿਸਮਤੀ ਵਿਚ ਬਦਲੋ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ:

ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਹੀ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।

ਦੋਸਤੋ, ਹੱਕ ਹਲਾਲ ਦੀ ਕਿਰਤ ਕਮਾਈ ਵਿਚ ਹੀ ਬਰਕਤ ਹੁੰਦੀ ਹੈ। ਲਾਲਚ ਨਾਲ ਧਨ ਦੇ ਇਕੱਠੇ ਕੀਤੇ ਹੋਏ ਢੇਰ ਸਭ ਇਥੇ ਹੀ ਰਹਿ ਜਾਂਦੇ ਹਨ। ਸਿਕੰਦਰ ਬਹੁਤ ਬਹਾਦੁਰ ਅਤੇ ਦਲੇਰ ਸੂਰਮਾ ਸੀ ਪਰ ਉਹ ਬਹੁਤ ਲਾਲਚੀ ਵੀ ਸੀ। ਉਸ ਦਾ ਪੂਰੀ ਦੁਨੀਆਂ ਨੂੰ ਜਿੱਤਣ ਦਾ ਸੁਪਨਾ ਸੀ। ਉਸ ਨੇ ਕਈ ਦੇਸ਼ ਜਿੱਤੇ ਅਤੇ ਲੁੱਟਮਾਰ ਕਰਕੇ ਬੇਇੰਤਹਾ ਧਨ ਇਕੱਠਾ ਕੀਤਾ। ਜਦ ਉਸ ਦੀ ਮੌਤ ਹੋਈ ਤਾਂ ਉਸ ਨੇ ਕਿਹਾ-'ਮੇਰੇ ਖਾਲੀ ਹੱਥ ਮੇਰੇ ਕੱਫ਼ਨ ਤੋਂ ਬਾਹਰ ਰੱਖੇ ਜਾਣ ਤਾਂ ਕਿ ਪੂਰੀ ਦੁਨੀਆਂ ਨੂੰ ਪਤਾ ਲੱਗੇ ਕਿ ਆਪਣੀ ਮੌਤ ਤੋਂ ਬਾਅਦ ਸਿਕੰਦਰ ਇਸ ਦੁਨੀਆਂ ਤੋਂ ਕੁਝ ਵੀ ਆਪਣੇ ਨਾਲ ਨਹੀਂ ਲੈ ਕੇ ਜਾ ਸੱਕਿਆ। ਇਹ ਸਾਡੇ ਸਾਰਿਆਂ ਲਈ ਇਕ ਬਹੁਤ ਵੱਡਾ ਸਬਕ ਹੈ। ਸਾਡੀ ਮੌਤ ਤੋਂ ਬਾਅਦ ਸਾਡਾ ਸਾਰਾ ਧਨ ਦੌਲਤ, ਰਿਸ਼ਤੇ ਨਾਤੇ ਸਾਡੇ ਲਈ ਸਭ ਸਿਫ਼ਰ ਹੈ। ਨਾਲ ਕੁਝ ਵੀ ਨਹੀਂ ਜਾਂਦਾ। ਨੇਕੀ ਇਕ ਐਸੀ ਚੀਜ ਹੈ ਜੋ ਸਾਡੀ ਮੌਤ ਤੋਂ ਬਾਅਦ ਵੀ ਜਿੰਦਾ ਰਹਿੰਦੀ ਹੈ। ਇਸ ਜੀਵਨ ਵਿਚ ਕਿਸੇ ਨੂੰ ਕੀ ਦਿੱਤਾ ਅਤੇ ਕਿਸੇ ਕੋਲੋਂ ਕੀ ਲਿਆ ਜਾਂ ਕਿਸੇ ਕੋਲੋਂ ਕੀ ਲੈਣਾ ਹੈ ਅਤੇ ਕਿਸੇ ਨੂੰ ਕੀ ਦੇਣਾ ਹੈ, ਇਸ ਸਭ ਦਾ ਹਿਸਾਬ ਰੱਖਣਾ ਬਹੁਤ ਮੁਸ਼ਕਲ ਹੈ। ਇਸ ਲਈ ਮਨੁੱਖ ਪ੍ਰਮਾਤਮਾ ਦੇ ਹੁਕਮ ਨਾਲ ਇਸ ਧਰਤੀ ਤੇ ਖਾਲੀ ਹੱਥ ਆਉਂਦਾ ਹੈ ਅਤੇ ਖਾਲੀ ਹੱਥ ਹੀ ਇਥੋਂ ਰੁਖ਼ਸਤ ਹੁੰਦਾ ਹੈ।

*****

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email:  gursharan1183@yahoo.in

ਪ੍ਰੇਰਨਾਦਾਇਕ ਲੇਖ : ਕਰਮ ਅਤੇ ਕਿਸਮਤ - ਗੁਰਸ਼ਰਨ ਸਿੰਘ ਕੁਮਾਰ

ਸਾਡੇ ਧਾਰਮਿਕ ਲੋਕ ਕਹਿੰਦੇ ਹਨ ਕਿ ਜਦ ਕੋਈ ਜੀਵ ਇਸ ਧਰਤੀ 'ਤੇ ਜਨਮ ਲੈਂਦਾ ਹੈ ਤਾਂ ਉਹ ਪ੍ਰਮਾਤਮਾ ਕੋਲੋਂ ਆਪਣੀ ਕਿਸਮਤ ਵੀ ਲਿਖਵਾ ਕੇ ਆਉਂਦਾ ਹੈ। ਉਸ ਹਿਸਾਬ ਹੀ ਉਸ ਨੂੰ ਜ਼ਿੰਦਗੀ ਵਿਚ ਸੁੱਖ ਜਾਂ ਦੁੱਖ ਮਿਲਦੇ ਹਨ। ਇੱਥੇ ਹੀ ਬਸ ਨਹੀਂ ਉਹ ਜ਼ਿੰਦਗੀ ਵਿਚ ਜਿੰਨੇ ਵੀ ਸੰਪਰਕ ਬਣਾਉਂਦਾ ਹੈ ਅਤੇ ਸਫ਼ਲਤਾ ਜਾਂ ਅਸਫ਼ਲਤਾ ਹਾਸਿਲ ਕਰਦਾ ਹੈ, ਉਸਦੀ ਕਿਸਮਤ ਵਿਚ ਉਹ ਸਭ ਕੁਝ ਪਹਿਲਾਂ ਹੀ ਲਿਖਿਆ ਹੁੰਦਾ ਹੈ। ਕਿਸਮਤ ਤੋਂ ਬਿਨਾਂ ਮਨੁੱਖ ਨੂੰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਸਭ ਕੁਝ ਪ੍ਰਮਾਤਮਾ ਦੀ ਮਰਜ਼ੀ ਨਾਲ ਬੰਦੇ ਦੀ ਕਿਸਮਤ ਅਨੁਸਾਰ ਹੀ ਹੁੰਦਾ ਹੈ। ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਇਕ ਪੱਤਾ ਵੀ ਨਹੀਂ ਹਿਲ ਸਕਦਾ। ਕੋਈ ਮਨੁੱਖ ਉਤਨੇ ਹੀ ਸਾਹ ਲੈਂਦਾ ਹੈ, ਜਿਤਨੇ ਪ੍ਰਮਾਤਮਾ ਨੇ ਉਸ ਦੀ ਕਿਸਮਤ ਵਿਚ ਲਿਖੇ ਹੁੰਦੇ ਹਨ।
ਪੰਡਿਤ ਲੋਕ ਇਹ ਵੀ ਕਹਿੰਦੇ ਹਨ ਕਿ ਬੰਦੇ ਦੇ ਭਾਗ ਉਸ ਦੇ ਹੱਥਾਂ ਦੀਆਂ ਲਕੀਰਾਂ ਦੁਆਰਾ ਲਿਖੇ ਹੁੰਦੇ ਹਨ, ਜਿੰਨਾ ਨੂੰ ਕੇਵਲ ਪੰਡਿਤ ਹੀ ਪੜ੍ਹ ਸਕਦੇ ਹਨ। ਇੱਥੇ ਸੁਆਲ ਇਹ ਉੱਠਦਾ ਹੈ ਕਿ ਜੇ ਭਾਗ ਬੰਦੇ ਦੇ ਹੱਥਾਂ ਤੇ ਹੀ ਲਿਖੇ ਹੋਣ ਤਾਂ ਬਿਨਾਂ ਹੱਥਾਂ ਵਾਲੇ ਬੰਦੇ ਦੇ ਤਾਂ ਭਾਗ ਹੋਣੇ ਹੀ ਨਹੀਂ ਚਾਹੀਦੇ ਪਰ ਭਾਗ ਤਾਂ ਉਸ ਬੰਦੇ ਦੇ ਵੀ ਹੁੰਦੇ ਹੀ ਹਨ। ਉਹ ਵੀ ਜ਼ਿੰਦਗੀ ਭੋਗਦਿਆਂ ਦੁੱਖ ਸੁੱਖ ਹੰਢਾਉਂਦਾ ਹੀ ਹੈ। ਇਸ ਲਈ ਪੰਡਿਤਾਂ ਦੀ ਇਹ ਧਾਰਨਾ ਵਿਸ਼ਵਾਸ ਤੇ ਪੂਰੀ ਨਹੀਂ ਉਤਰਦੀ।
ਸਾਡੇ ਪੰਡਿਤਾਂ ਅਤੇ ਕੁਝ ਧਾਰਮਿਕ ਆਗੂਆਂ ਦੇ ਹਿਸਾਬ ਸਿਰ ਤਾਂ ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ। ਸਭ ਕੁਝ ਪ੍ਰਮਾਤਮਾ ਨੇ ਆਪਣੇ ਹੱਥ ਹੀ ਰੱਖਿਆ ਹੈ। ਬੰਦਾ ਕੇਵਲ ਪ੍ਰਮਾਤਮਾ ਦੇ ਹੱਥਾਂ ਦੀ ਕੱਠਪੁਤਲੀ ਮਾਤਰ ਹੀ ਹੈ। ਜਿਵੇਂ ਉਹ ਨਚਾਏ ਬੰਦਾ ਨੱਚਦਾ ਹੈ। ਇਸ ਹਿਸਾਬ ਸਿਰ ਕੋਈ ਦੂਜਾ ਕਿਸੇ ਨੂੰ ਮਾਰ ਨਹੀਂ ਸਕਦਾ। ਡੇਰਿਆਂ ਵਾਲੇ ਸਾਧ ਸੰਤ ਇਹ ਦੱਸਣ ਕਿ ਫਿਰ ਇਨ੍ਹਾਂ ਨੇ ਆਪਣੇ ਨਾਲ ਇਤਨੇ ਬੰਦੂਕਾਂ ਵਾਲੇ ਅੰਗ-ਰੱਖਿਅਕ ਕਿਉਂ ਰੱਖੇ ਹੁੰਦੇ ਹਨ। ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਇਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਕਿਉਂ ਹੈ? ਫਿਰ ਜਦ ਪ੍ਰਮਾਤਮਾ ਦਾ ਹੁਕਮ ਹੋ ਗਿਆ ਤਾਂ ਇਹ ਅੰਗ-ਰੱਖਿਅਕ ਇਨ੍ਹਾਂ ਨੂੰ ਮੌਤ ਤੋਂ ਕਿਵੇਂ ਬਚਾ ਲੈਣਗੇ? ਦੂਸਰੀ ਗੱਲ ਇਹ ਕਿ ਜੇ ਸਭ ਕੁਝ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੀ ਹੈ ਅਤੇ ਬੰਦੇ ਦੇ ਹੱਥ ਵੱਸ ਕੁਝ ਵੀ ਨਹੀਂ ਤਾਂ ਵਿਚਾਰੇ ਬੰਦੇ ਨੂੰ ਉਸ ਦੇ ਕਰਮਾਂ ਅਨੁਸਾਰ ਸਵਰਗ ਜਾਂ ਨਰਕ ਵਿਚ ਕਿਉਂ ਸੁੱਟਿਆ ਜਾਂਦਾ ਹੈ? ਕਿਉਂਕਿ ਸਭ ਕੁਝ ਕਰਨ ਵਾਲਾ ਤਾਂ ਪ੍ਰਮਾਤਮਾ ਆਪ ਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਜੇ ਬੰਦਾ ਇਸ ਧਰਤੀ ਤੇ ਜਨਮ ਲੈਂਦਾ ਹੈ ਤਾਂ ਉਸ ਦੇ ਹੱਥ ਵਿਚ ਵੀ ਕੁਝ ਹੁੰਦਾ ਹੈ। ਉਹ ਆਜਾਦ ਹੋ ਕੇ ਹੀ ਆਪਣੇ ਹਿਸਾਬ ਸਿਰ ਹੀ ਜ਼ਿੰਦਗੀ ਜਿਉਂਦਾ ਹੈ ਅਤੇ ਉਸ ਹਿਸਾਬ ਸਿਰ ਹੀ ਦੁੱਖ ਸੁੱਖ ਪਾਉਂਦਾ ਹੈ। ਨਰਕ ਸਵਰਗ ਬਾਰੇ ਤਾਂ ਕਿਸੇ ਨੂੰ ਕੁਝ ਪੱਕਾ ਪਤਾ ਨਹੀਂ ਪਰ ਇਹ ਗੱਲ ਪੱਕੀ ਹੈ ਕਿ ਉਹ ਆਪਣੇ ਕੰਮਾਂ ਅਨੁਸਾਰ ਹੀ ਨਤੀਜੇ ਭੁਗਤਦਾ ਹੈ। ਉਹ ਜੋ ਬੀਜਦਾ ਹੈ ਉਸ ਨੂੰ ਖ਼ੁਦ ਹੀ ਵੱਢਣਾ ਪੈਂਦਾ ਹੈ। ਇੱਥੇ ਕਰਮਾਂ ਤੇ ਹੀ ਨਿਬੇੜੇ ਹੁੰਦੇ ਹਨ।
ਪੰਡਿਤਾਂ ਨੇ ਤਾਂ ਮਨੁੱਖ ਨੂੰ ਚਾਰ ਵਰਨ-ਬ੍ਰਹਾਮਣ, ਖੱਤਰੀ, ਵੈਸ਼ ਅਤੇ ਸ਼ੂਦਰ-ਵਿਚ ਵੰਡ ਦਿੱਤਾ ਹੈ। ਬ੍ਰਹਾਮਣ ਸਭ ਤੋਂ ਉੱਚੀ ਜਾਤ ਦੇ ਹਨ ਅਤੇ ਸ਼ੂਦਰ ਸਭ ਤੋਂ ਨੀਵੀਂ ਜਾਤ ਦੇ ਹਨ। ਪੰਡਿਤਾ ਦੇ ਹਿਸਾਬ ਸਿਰ ਤਾਂ ਮਾੜੇ ਕੰਮ ਕਰਨ ਵਾਲਿਆਂ ਨੂੰ ਨੀਵੀਂ ਜਾਤ ਵਿਚ ਜਨਮ ਮਿਲਦਾ ਹੈ ਅਤੇ ਚੰਗੇ ਕੰਮ ਕਰਨ ਵਾਲੇ ਉੱਚੀ ਜਾਤ ਵਿਚ ਜਨਮ ਲੈਂਦੇ ਹਨ। ਦੇਖਿਆ ਜਾਏ ਤਾਂ ਇਹ ਜ਼ਰੂਰੀ ਨਹੀਂ ਕਿ ਉੱਚੀ ਜਾਤ ਵਾਲਿਆਂ ਨੂੰ ਹਮੇਸ਼ਾਂ ਸੁੱਖ ਹੀ ਮਿਲਣ। ਇਹ ਜਾਤਾਂ ਤਾਂ ਪਖੰਡੀ ਲੋਕਾਂ ਨੇ ਆਪਣੇ ਸੁਆਰਥ ਲਈ ਹੀ ਬਣਾਈਆਂ ਹਨ। ਸ੍ਰੀ ਗੁਰੂੂੂੂੂੂੂੂੂੂੂੂ ਗੋਬਿੰਦ ਸਿੰਘ ਜੀ ਦੇ ਮਹਾਂਵਾਕ -''ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ''- ਅਨੁਸਾਰ ਪ੍ਰਮਾਤਮਾ ਨੇ ਤਾਂ ਸਭ ਨੂੰ ਇਕੋ ਮਨੁੱਖੀ ਜਾਤਿ ਵਿਚ ਹੀ ਬਣਾ ਕੇ ਇਸ ਧਰਤੀ ਤੇ ਭੇਜਿਆ ਹੈ।
ਕਿਸਮਤ ਨੂੰ ਜ਼ਿੰਦਗੀ ਵਿਚੋਂ ਬਿਲਕੁਲ ਹੀ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਕੋਈ ਰਾਜੇ ਜਾਂ ਕਿਸੇ ਲੱਖਪਤੀ ਦੇ ਘਰ ਪੈਦਾ ਹੁੰਦਾ ਹੈ। ਉਹ ਜੰਮਦਿਆਂ ਹੀ ਲੱਖਾਂ ਕਰੋੜਾਂ ਦਾ ਮਾਲਕ ਬਣਦਾ ਹੈ। ਨੌਕਰ ਚਾਕਰ ਉਸ ਦੀ ਸੇਵਾ ਵਿਚ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ। ਦੂਜੇ ਪਾਸੇ ਕੋਈ ਬੱਚਾ ਉਸੇ ਸਮੇਂ ਕਿਸੇ ਗ਼ਰੀਬ ਮਜ਼ਦੂਰ ਦੇ ਘਰ ਪੈਦਾ ਹੁੰਦਾ ਹੈ। ਉਹ ਜੰਮਦਿਆਂ ਹੀ ਕਰਜ਼ੇ ਦੀ ਪੰਡ ਸਿਰ ਤੇ ਲੈ ਕੇ ਪੈਦਾ ਹੁੰਦਾ ਹੈ। ਜ਼ਿੰਮੇਵਾਰੀਆਂ ਕਾਰਨ ਬਚਪਨ ਵਿਚ ਹੀ ਉਸ ਤੇ ਬੁਢਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ। ਐਸਾ ਕਿਉਂ? ਇੱਥੇ ਜ਼ਰੂਰ ਹੀ ਕਿਸਮਤ ਕੰਮ ਕਰ ਰਹੀ ਹੋਵੇਗੀ। ਪੰਡਿਤ ਇਸ ਨੂੰ ਉਸ ਦੇ ਪਿਛਲੇ ਜਨਮਾਂ ਦੇ ਫ਼ਲ ਨਾਲ ਜੋੜ ਕੇ ਦੱਸਦੇ ਹਨ ਪਰ ਉਹ ਇਸ ਜਨਮ ਵਿਚ ਕਰਮ ਦੇ ਸਿਧਾਂਤ ਨੂੰ ਨਹੀਂ ਮੰਨਦੇ।  ਉਹ ਕੇਵਲ ਅਤੇ ਕੇਵਲ ਹਰ ਕੰਮ ਵਿਚ ਕਿਸਮਤ ਨੂੰ ਹੀ ਮੰਨਦੇ ਹਨ। ਖ਼ੈਰ ਪਿਛਲੇ ਜਨਮਾਂ ਬਾਰੇ ਤਾਂ ਕੋਈ ਇਕ ਰਾਏ ਤੇ ਸਭ ਦੀ ਸਹਿਮਤੀ ਨਹੀਂ ਬਣ ਸਕਦੀ ਕਿਉਂਕਿ ਵਿਗਿਆਨ ਹਾਲੀ ਤੱਕ ਪਿਛਲੇ ਜਨਮ ਨੂੰ ਸਾਬਤ ਨਹੀਂ ਕਰ ਸੱਕਿਆ। ਇਹ ਗੁੱਝੇ ਭੇਦ ਕੁਦਰਤ ਨੇ ਆਪਣੇ ਕੋਲ ਹੀ ਰੱਖੇ ਹਨ।ਉਪਰੋਕਤ ਵਿਚਾਰ ਤੋਂ ਇਹ ਨਤੀਜਾ ਜ਼ਰੂਰ ਨਿਕਲਦਾ ਹੈ ਕਿ ਮਨੁੱਖ ਨੂੰ ਜਨਮ ਸਮੇਂ ਜੋ ਧਨ-ਦੌਲਤ, ਮਾਂ-ਪਿਓ, ਭੈਣ-ਭਰਾ, ਹੋਰ ਸਾਕ ਸਬੰਧੀ ਤੋਂ ਸੁੱਖ ਸਹੂਲਤਾਂ ਅਤੇ ਸਾਧਨ ਮਿਲਦੇ ਹਨ ਉਹ ਉਸ ਦੀ ਕਿਸਮਤ ਕਾਰਨ ਹੀ ਹੁੰਦੇ ਹਨ। ਇਸ ਤੋਂ ਬਾਅਦ ਉਹ ਆਪਣੀ ਮਿਹਨਤ, ਸੂਝ ਬੂਝ ਅਤੇ ਕਰਮਾਂ ਦੁਆਰਾ ਆਪਣੀ ਕਿਸਮਤ ਆਪ ਸਿਰਜਦਾ ਹੈ ਅਤੇ ਦੁੱਖ ਸੁੱਖ ਪਾਉਂਦਾ ਹੈ॥ ਜੇ ਕਿਸੇ ਧਨਾਢ ਦੇ ਬੱਚੇ ਦੀਆਂ ਆਦਤਾਂ ਚੰਗੀਆਂ ਨਾ ਹੋਣ ਤਾਂ ਉਹ ਭੈੜੀ ਸੰਗਤ ਵਿਚ ਪੈ ਕੇ ਕਰੋੜਪਤੀ ਤੋਂ ਰੋਡਪਤੀ (ਗ਼ਰੀਬ ਬੇਰੁਜਗਾਰ) ਵੀ ਬਣ ਸਕਦਾ ਹੈ। ਸਾਰਾ ਧਨ ਜੂਏ ਅਤੇ ਨਸ਼ਿਆਂ ਵਿਚ ਉਜਾੜ ਕੇ ਭਿਖਾਰੀ ਵੀ ਬਣ ਸਕਦਾ ਹੈ। ਦੂਜੇ ਪਾਸੇ ਕਿਸੇ ਗ਼ਰੀਬ ਦਾ ਲਾਇਕ ਬੱਚਾ ਚੰਗੀ ਵਿਦਿਆ ਹਾਸਿਲ ਕਰ ਕੇ ਆਪਣੀ ਮਿਹਨਤ ਅਤੇ ਸਿਆਣਪ ਦੁਆਰਾ ਲੱਖਪਤੀ ਵੀ ਬਣ ਸਕਦਾ ਹੈ ਅਤੇ ਆਪਣੀ ਗ਼ਰੀਬੀ ਦੀ ਲਾਹਨਤ ਨੂੰ ਮੱਥੇ ਤੋਂ ਲਾਹ ਕੇ ਕਰਮਾਂ ਦਾ ਬਲੀ ਹੋ ਸਕਦਾ ਹੈ। ਇਸੇ ਨੂੰ ਕਰਮ ਦਾ ਸਿਧਾਂਤ ਕਹਿੰਦੇ ਹਨ ਜਿਸ ਨੂੰ ਸਾਡੀ ਵਿਗਿਆਨ ਵੀ ਮੰਨਦੀ ਹੈ।
ਮਨੁੱਖ ਆਪਣੀ ਮਿਹਨਤ ਨਾਲ ਹੀ ਜ਼ਿੰਦਗੀ ਵਿਚ ਸਫ਼ਲ ਹੋ ਸਕਦਾ ਹੈ। ਜੇ ਇਸ ਸਫ਼ਲਤਾ ਦਾ ਸਿਹਰਾ ਮਿਹਨਤ ਦੀ ਜਗ੍ਹਾ ਕਿਸਮਤ ਨੂੰ ਪਾ ਦਿੱਤਾ ਜਾਏ ਤਾਂ ਲੋਕ ਮਿਹਨਤ ਕਰਨੀ ਛੱਡ ਜਾਣਗੇ। ਕਿਸਾਨ ਫ਼ਸਲ ਨਹੀਂ ਬੀਜਣਗੇ। ਬੱਚੇ ਵਿਦਿਆ ਗ੍ਰਹਿਣ ਕਰਨੀ ਛੱਡ ਦੇਣਗੇ। ਕੋਈ ਵੀ ਬੰਦਾ ਕੰਮ ਨਹੀਂ ਕਰੇਗਾ। ਹਰ ਕੋਈ ਕਿਸਮਤ ਦੇ ਇੰਤਜ਼ਾਰ ਵਿਚ ਵਿਹਲਾ ਬੈਠਾ ਰਹੇਗਾ। ਮਲਾਹ ਆਪਣੀ ਕਿਸ਼ਤੀ ਨੂੰ ਲਹਿਰਾਂ ਦੇ ਸਹਾਰੇ ਛੱਡ ਕੇ ਚੱਪੂ ਤੋੜ ਲੈਣਗੇ। ਫਿਰ ਸੋਚੋ ਇਸ ਧਰਤੀ ਦਾ ਨਜ਼ਾਰਾ ਕੀ ਹੋਵੇਗਾ? ਫੁੱਲ ਵੀ ਨਹੀਂ ਖਿੜਣਗੇ ਅਤੇ  ਬਨਸਪਤੀ ਨਹੀ ਉੱਗੇਗੀ ਤਾਂ ਪੰਛੀ ਕਿਵੇਂ ਚਹਿਕਣਗੇ? ਸਭ ਜੀਵ ਜੰਤੂ ਖ਼ਤਮ ਹੋ ਜਾਣਗੇ। ਇੱਥੇ ਕੁਦਰਤ ਸਿਫ਼ਰ ਬਣ ਕੇ ਰਹਿ ਜਾਏਗੀ। ਇਹ ਧਰਤੀ ਬੰਜਰ ਬਣ ਕੇ ਇਕ ਵੱਡੇ ਪੱਥਰ ਦਾ ਰੂਪ ਧਾਰ ਲਏਗੀ। ਪਰ ਘਬਰਾਉਣ ਦੀ ਲੋੜ ਨਹੀਂ ਐਸਾ ਹੋਵੇਗਾ ਨਹੀਂ। ਮਨੁੱਖ ਨੂੰ ਰੱਬ ਨੇ ਬੁੱਧੀ ਦਿੱਤੀ ਹੈ। ਉਹ ਆਪਣੇ ਕਰਮ ਦੇ ਸਹਾਰੇ ਹੀ ਜਿੰਦਾ ਹੈ। ਮਿਹਨਤ ਕਰੋ ਅਤੇ ਫ਼ਲ ਪਾਓ ਵਿਚ ਉਸ ਦਾ ਪੱਕਾ ਵਿਸ਼ਵਾਸ ਹੈ।
ਹਮੇਸ਼ਾਂ ਖਾਲੀ ਘੜਾ ਹੀ ਭਰਦਾ ਹੈ। ਭਰੇ ਹੋਏ ਘੜੇ ਵਿਚ ਹੋਰ ਕੁਝ ਨਹੀਂ ਸਮਾ ਸਕਦਾ। ਜੇ ਤੁਹਾਡੀ ਜ਼ਿੰਦਗੀ ਸਰਬ ਕਲਾ ਸੰਪੂਰਨ ਹੋਏ ਤਾਂ ਤੁਸੀਂ ਅੱਗੋਂ ਕੁਝ ਵੀ ਨਹੀਂ ਸਿੱਖ ਸਕੋਗੇ। ਤੁਹਾਡਾ ਵਿਕਾਸ ਰੁਕ ਜਾਏਗਾ। ਆਪਣੀ ਉਮਰ ਨੂੰ ਆਪਣੇ ਵਿਕਾਸ ਵਿਚ ਕਦੀ ਰੁਕਾਵਟ ਨਾ ਸਮਝੋ। ਹਮੇਸ਼ਾਂ ਕੁਝ ਨਵਾਂ ਸਿੱਖਣ ਦੀ ਸਟੇਜ਼ ਤੇ ਰਹੋ। ਤੁਸੀਂ ਬੱਚਿਆਂ ਤੋਂ ਵੀ ਕੁਝ ਨਵਾਂ ਸਿੱਖ ਸਕਦੇ ਹੋ। ਜਿਸ ਵੀ ਕੰਮ ਨੂੰ ਹੱਥ ਪਾਵੋ ਉਸ ਨੂੰ ਪੂਰਾ ਕਰ ਕੇ ਹੀ ਦਮ ਲਓ। ਕਿਸੇ ਵੀ ਕੰਮ ਨੂੰ ਅਧਵਾਟੇ ਛੱਡਣ ਤੋਂ ਪਹਿਲਾਂ ਇਹ ਸੋਚੋ ਕਿ ਤੁਸੀਂ ਉਸ ਨੂੰ ਸ਼ੁਰੂ ਹੀ ਕਿਉਂ ਕੀਤਾ ਸੀ। ਕਹਿੰਦੇ ਹਨ ਕਿ ਮਨੁੱਖ ਦੀ ਮੌਤ ਦਾ ਸਮਾਂ ਪ੍ਰਮਾਤਮਾ ਉਸ ਦੇ ਜਨਮ ਸਮੇਂ ਹੀ ਲਿਖ ਦਿੰਦਾ ਹੈ। ਬੰਦੇ ਦੇ ਹੱਥ ਵੱਸ ਕੁਝ ਵੀ ਨਹੀਂ ਪਰ ਉੱਦਮੀ ਬੰਦੇ ਮੌਤ ਨੂੰ ਵੀ ਮਾਤ ਦੇ ਜਾਂਦੇ ਹਨ। ਅਸੰਭਵ ਕੰਮ ਵੀ ਉਨ੍ਹਾਂ ਲਈ ਆਪਣੇ ਆਪ ਹੀ ਸੰਭਵ ਹੋ ਜਾਂਦੇ ਹਨ। ਉਹ ਅਣਹੋਣੀਆਂ ਕਰਨੀਆਂ ਜਾਣਦੇ ਹਨ। ਉਨ੍ਹਾਂ ਦਾ ਅਸੂਲ ਹੁੰਦਾ ਹੈ ਕਿ ਆਪਣਾ ਕੰਮ ਪੂਰਾ ਕਰਨ ਤੋਂ ਪਹਿਲਾਂ ਨਾ ਮਰੋ। ਇਸ ਲਈ ਉਹ ਭੈੜੀਆਂ ਆਦਤਾਂ ਅਤੇ ਨਸ਼ਿਆਂ ਤੋਂ ਬਚ ਕੇ, ਸ਼ਾਂਤ ਚਿਤ ਅਤੇ ਤੰਦਰੁਸਤ ਰਹਿ ਕੇ ਸਵੈ ਵਿਸ਼ਵਾਸ ਨਾਲ ਕਿਸੇ ਉੱਚੇ ਉਦੇਸ਼ ਲਈ ਜ਼ਿੰਦਗੀ ਜਿਉਂਦੇ ਹਨ। ਉਹ ਮਨ ਦੀ ਦ੍ਰਿੜਤਾ 'ਤੇ ਵਿਸ਼ਵਾਸ ਰੱਖਦੇ ਹਨ ਇਸ ਲਈ ਬਿਮਾਰੀ ਉਨ੍ਹਾਂ ਦੇ ਨੇੜੇ ਨਹੀਂ ਫਟਕਦੀ।
ਪ੍ਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ 'ਤੇ ਦੁਖੀ ਹੋਣ ਲਈ ਨਹੀਂ ਜਨਮ ਦਿੱਤਾ। ਪ੍ਰਮਾਤਮਾ ਨੇ ਮਨੁੱਖ ਨੂੰ ਸੁਖੀ ਹੋਣ ਲਈ ਅਤੇ ਆਨੰਦ ਮਾਣਨ ਲਈ ਨਰੋਏ ਅੰਗ, ਅਥਾਹ ਬਲ, ਬੁੱਧੀ ਅਤੇ ਬੇਸ਼ੁਮਾਰ ਦੌਲਤਾਂ ਦਿੱਤੀਆਂ ਹਨ ਪਰ ਸ਼ਰਤ ਇਹ ਹੈ ਕਿ ਇਹ ਦੌਲਤਾਂ ਹਾਸਿਲ ਕਰਨ ਲਈ ਉਸ ਨੂੰ ਮਿਹਨਤ ਵੀ ਕਰਨੀ ਪਵੇਗੀ। ਆਪਣਾ ਖ਼ੂਨ ਪਸੀਨਾ ਡੋਲ੍ਹਣਾ ਪਵੇਗਾ ਤਾਂ ਹੀ ਇਹ ਦੌਲਤਾਂ ਉਸਨੂੰ ਹਾਸਿਲ ਹੋ ਸੱਕਣਗੀਆਂ। ਉਹ ਖ਼ੁਸ਼ਹਾਲ ਹੋ ਕੇ ਜ਼ਿੰਦਗੀ ਦਾ ਆਨੰਦ ਮਾਣ ਸਕੇਗਾ। ਇਹ ਧਰਤੀ ਬਹੁਤ ਜਰਖ਼ੇਜ਼ ਹੈ। ਕਿਸਾਨ ਮਿਹਨਤ ਕਰ ਕੇ ਇੱਥੇ ਫ਼ਸਲ ਬੀਜਦਾ ਹੈ ਅਤੇ ਸਾਰੀ ਦੁਨੀਆਂ ਦਾ ਢਿੱਡ ਭਰਦਾ ਹੈ। ਪਹਾੜਾਂ ਵਿਚ ਬਹੁਤ ਸਾਰੇ ਖ਼ਨਿਜ ਪਦਾਰਥ ਛੁਪੇ ਹੋਏ ਹਨ ਅਤੇ ਸਮੁੰਦਰ ਹੀਰੇ ਮੋਤੀਆਂ ਅਤੇ ਅਨਮੋਲ ਖ਼ਜ਼ਾਨਿਆਂ ਨਾਲ ਭਰੇ ਪਏ ਹਨ। ਇਹ ਸਭ ਵਸਤੁਆਂ ਮਨੁੱਖ ਨੂੰ ਸਖਤ ਮਿਨਤ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਇਸੇ ਲਈ ਕਹਿੰਦੇ ਹਨ-''ਉੱਦਮ ਅੱਗੇ ਲੱਛਮੀ ਅਤੇ ਪੱਖੇ ਅੱਗੇ ਪਉਣ''- ਕੁਝ ਹਾਸਿਲ ਕਰਨ ਲਈ ਸੁੱਖ ਦਾ ਤਿਆਗ ਕਰਨਾ ਹੀ ਪੈਂਦਾ ਹੈ। ਜੇ ਮਨੁੱਖ ਕਰਮ ਨੂੰ ਛੱਡ ਕੇ ਕਿਸਮਤ ਦੇ ਸਹਾਰੇ ਬੈਠਾ ਰਹੇ ਤਾਂ ਉਹ ਕੁਝ ਵੀ ਨਹੀਂ ਹਾਸਿਲ ਕਰ ਸਕੇਗਾ। ਇਕ ਦਿਨ ਉਸ ਦੇ ਭੁੱਖਾ ਮਰਨ ਦੀ ਨੌਬਤ ਆ ਜਾਵੇਗੀ।
ਕਈ ਲੋਕ ਆਪਣੇ ਬਲ ਅਤੇ ਬੁੱਧੀ ਦਾ ਗ਼ਲਤ ਉਪਯੋਗ ਕਰਦੇ ਹਨ। ਉਨ੍ਹਾਂ ਨੂੰ ਆਪਣੀ ਤਾਕਤ ਅਤੇ ਸਿਆਣਪ ਦਾ ਬਹੁਤ ਘੁਮੰਡ ਹੁੰਦਾ ਹੈ।ਇਸ ਲਈ ਉਹ ਆਪਣੇ ਬਲ ਅਤੇ ਬੁੱਧੀ ਨੂੰ ਵਿਨਾਸ਼ ਵਾਲੇ ਪਾਸੇ ਲਾਉਂਦੇ ਹਨ। ਉਹ ਚੋਰੀ ਚਕਾਰੀ ਅਤੇ ਕਤਲੋਗ਼ਾਰਤ ਅਤੇ ਲੁੱਟ ਮਾਰ ਨਾਲ ਇਕ ਦਮ ਅਮੀਰ ਹੋਣਾ ਚਾਹੁੰਦੇ ਹਨ। ਅਜਿਹੇ ਲੋਕ ਮਨੁੱਖਤਾ ਲਈ ਖ਼ਤਰਾ ਅਤੇ ਕਲੰਕ ਹਨ। ਇਨ੍ਹਾਂ ਦਾ ਅੰਤ ਵੀ ਬਹੁਤ ਮਾੜਾ ਹੁੰਦਾ ਹੈ। ਇਨ੍ਹਾਂ ਦੀ ਸੰਗਤ ਤੋਂ ਸਦਾ ਬਚ ਕੇ ਰਹਿਣਾ ਚਾਹੀਦਾ ਹੈ।
ਕਈ ਵਾਰੀ ਕਿਸੇ ਬੰਦੇ ਨੂੰ ਅਚਾਨਕ ਕੋਈ ਵੱਡੀ ਖ਼ੁਸ਼ੀ ਮਿਲ ਜਾਂਦੀ ਹੈ ਭਾਵ ਕੋਈ ਦੱਬਿਆ ਹੋਅਿਾ ਧਨ ਮਿਲ ਜਾਂਦਾ ਹੈ ਜਾਂ ਕੋਈ ਲਾਟਰੀ ਲੱਗ ਜਾਂਦੀ ਹੈ ਜਾਂ ਕਿਸੇ ਵਾਕਫ ਮਿੱਤਰ ਜਾਂ ਰਿਸ਼ਤੇਦਾਰ ਤੋਂ ਕੋਈ ਧਨ ਜਾਂ ਕੋਈ ਵੱਡੀ ਮੱਦਦ ਮਿਲ ਜਾਂਦੀ ਹੈ। ਅਸੀਂ ਇਸ ਨੂੰ ਕਹਿੰਦੇ ਹਾਂ ਕਿ ਬੰਦੇ ਦੇ ਭਾਗ ਖੁਲ੍ਹ ਗਏ ਭਾਵ ਉਸ ਦੀ ਕਿਸਮਤ ਵਿਚ ਇਹ ਧਨ ਮਿਲਣਾ ਲਿਖਿਆ ਹੋਇਆ ਸੀ। ਇਹ ਕਦੀ ਕਦੀ ਕਿਸੇ ਕਿਸੇ ਨਾਲ ਮੋਕਾ ਬਣ ਹੀ ਜਾਂਦਾ ਹੈ। ਅਜਿਹੀ ਕਿਸਮਤ ਦੀ ਉਡੀਕ ਵਿਚ ਆਪਣੇ ਕਰਮ ਨੂੰ ਛੱਡ ਕੇ ਨਿਠੱਲਾ ਨਹੀਂ ਬੈਠਿਆ ਜਾ ਸਕਦਾ। ਕਿਉਂਕਿ ਮੂੰੰਹ ਅੱਢਿਆਂ ਤਾਂ ਮੱਖੀਆਂ ਵੀ ਮੂੰਹ ਵਿਚ ਨਹੀਂ ਪੈਂਦੀਆਂ। ਇਸ ਦੇ ਉਲਟ ਕਈ ਵਾਰੀ ਜ਼ਿੰਦਗੀ ਆਪਣੀ ਚਾਲੇ ਸੋਹਣੀ ਚਲ ਰਹੀ ਹੁੰਦੀ ਹੈ ਪਰ ਅਚਾਨਕ ਕੋਈ ਮੁਸੀਬਤ ਆ ਪੈਂਦੀ ਹੈ ਜਿਸ ਨਾਲ ਜ਼ਿੰਦਗੀ ਦੀ ਚਾਲ ਰੁਕ ਗਈ ਜਾਪਦੀ ਹੈ। ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ ਕਿ ਅਸੀਂ ਤਾਂ ਐਸਾ ਕੋਈ ਮਾੜਾ ਕੰਮ ਕੀਤਾ ਹੀ ਨਹੀਂ, ਫਿਰ ਸਾਡੇ ਤੇ ਕਿਉਂ ਐਸੀ ਮੁਸੀਬਤ ਆ ਪਈ? ਕਈ ਵਾਰੀ ਕੋਈ ਪਿਆਰਾ ਕਰੀਬੀ ਸਾਥ ਛੱਡ ਜਾਂਦਾ ਹੈ। ਕਈ ਵਾਰੀ ਕਿਸੇ ਦੁਰਘਨਾ ਕਾਰਨ ਕੋਈ ਗਹਿਰੀ ਸੱਟ ਲੱਗ ਜਾਂਦੀ ਹੈ ਜਾਂ ਕੋਈ ਬਿਮਾਰੀ ਆ ਜਾਂਦੀ ਹੈ।  ਸਾਡੇ 'ਤੇ ਮੁਸੀਬਤਾਂ ਦੇ ਪਹਾੜ ਡਿੱਗ ਪੈਂਦੇ ਹਨ ਜਿਨ੍ਹਾਂ ਦਾ ਸਾਨੂੰ ਉਸ ਸਮੇਂ ਆਪਣੇ ਕਰਮ ਨਾਲ ਕੋਈ ਸਬੰਧ ਨਹੀਂ ਜਾਪਦਾ। ਅਜਿਹੀ ਮੁਸੀਬਤ ਨੂੰ ਹੌਸਲੇ ਨਾਲ ਹੀ ਕੱਟਿਆ ਜਾ ਸਕਦਾ ਹੈ। ਅਜਿਹੇ ਦੁੱਖ ਸਦੀਵੀਂ ਨਹੀਂ ਹੁੰਦੇ। ਦੁੱਖਾਂ ਬਾਅਦ ਸੁੱਖ ਆਉਣੇ ਜ਼ਰੂਰੀ ਹਨ। ਜਿੱਥੇ ਕੱਲ੍ਹ ਸੱਥਰ ਵਿਛੇ ਹੁੰਦੇ ਸਨ ਉੱਥੇ ਕੁਝ ਸਮੇਂ ਬਾਅਦ ਕਿਲਕਾਰੀਆਂ ਗੂੰਜਦੀਆਂ ਸੁਣਾਈ ਦਿੰਦੀਆਂ ਹਨ। ਅਜਿਹੇ ਦੁੱਖ ਸੁੱਖ ਕੁਦਰਤ ਦੇ ਗੁੱਝੇ ਭੇਦ ਹਨ ਜੋ ਹਾਲੀ ਇਨਸਾਨ ਦੀ ਸਮਝ ਵਿਚ ਨਹੀਂ ਆ ਸਕਦੇ। ਬੰਦੇ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮੌਕੇ ਤੇ ਨਾ ਜ਼ਿਆਦਾ ਖ਼ੁਸ਼ ਹੋਵੇ ਅਤੇ ਨਾ ਹੀ ਦੁੱਖਾਂ ਨੂੰ ਜ਼ਿਆਦਾ ਮਨ 'ਤੇ ਲਾਏ। ਚੰਗੇ ਸਮੇਂ ਦੀ ਉਡੀਕ ਕਰੇ ਅਤੇ ਪ੍ਰਮਾਤਮਾ ਦੀ ਰਜ਼ਾ ਸਮਝ ਕੇ ਆਪਣਾ ਕਰਮ ਕਰਦਾ ਜਾਏ।
ਕਿਸਮਤ ਦੇ ਸਹਾਰੇ ਕੇਵਲ ਨਿਠੱਲੇ ਲੋਕ ਹੀ ਬੈਠੇ ਰਹਿੰਦੇ ਹਨ ਅਤੇ ਗ਼ਰੀਬੀ ਭੋਗਦੇ ਹਨ। ਮਨੁੱਖ ਆਪਣੇ ਕਰਮ ਨਾਲ ਹੀ ਆਪਣੀ ਕਿਸਮਤ ਬਦਲ ਸਕਦਾ ਹੈ। ਆਪਣੀ ਮਿਹਨਤ ਅਤੇ ਚੰਗੇ ਕੰਮਾਂ ਨਾਲ ਆਪਣੀ ਬਦਨਸੀਬੀ ਨੂੰ ਖ਼ੁਸ਼ਨਸੀਬੀ ਵਿਚ ਬਦਲ ਸਕਦਾ ਹੈ। ਮਿਹਨਤ ਨਾਲ ਹੀ ਉਹ ਆਪਣੀ ਗ਼ਰੀਬੀ ਨੂੰ ਅਮੀਰੀ ਵਿਚ ਬਦਲ ਸਕਦਾ ਹੈ।ਇਸ ਤਰ੍ਹਾਂ ਕਮਾਏ ਹੋਏ ਧਨ ਨਾਲ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੋਹਣੀ ਤਰ੍ਹਾਂ ਪਾਲਣਾ ਕਰ ਸਕਦਾ ਹੈ। ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ। ਬੱਚਿਆਂ ਨੂੰ ਚੰਗੀ ਵਿਦਿਆ, ਪੋਸ਼ਟਿਕ ਖ਼ੁਰਾਕ ਅਤੇ ਚੰਗੇ ਬਸਤਰ ਦੇ ਸਕਦਾ ਹੈ। ਉਹ ਆਪਣੇ ਉੱਚੇ ਸੁਪਨੇ ਪੂਰੇ ਕਰ ਸਕਦਾ ਹੈ। ਉਹ ਆਪਣੇ ਆਲੇ ਦੁਆਲੇ ਇਕ ਸੋਹਣਾ, ਸੁੰਦਰ ਅਤੇ ਖ਼ੁਸ਼ਹਾਲ ਮਾਹੋਲ ਸਿਰਜ ਸਕਦਾ ਹੈ ਅਤੇ ਸਮਾਜ ਵਿਚ ਵੀ ਸਨਮਾਨਿਤ ਸਥਾਨ ਹਾਸਿਲ ਕਰ ਸਕਦਾ ਹੈ।ਆਓ ਅਸੀਂ ਉੱਦਮੀ ਬਣੀਏ ਅਤੇ ਸਫ਼ਲ ਮਨੁੱਖ ਹੋਣ ਦਾ ਸਬੂਤ ਦਈਏ। ਅਸੀਂ ਵੀ ਆਪਣੇ ਹੱਥਾਂ ਦੀ ਮਿਹਨਤ ਨਾਲ ਆਪਣੇ ਭਵਿੱਖ ਦੀ ਖ਼ੁਸ਼ਹਾਲੀ ਦੇ ਬੰਦ ਦਰਵਾਜ਼ੇ ਖੋਲ੍ਹੀਏ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਈਏ ਅਤੇ ਉੱਜਲੀ ਸਵੇਰ ਦਾ ਆਨੰਦ ਮਾਣੀਏ।

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email:  gursharan1183@yahoo.in

ਪ੍ਰੇਰਨਾਦਾਇਕ ਲੇਖ : ਜਾਨ ਹੈ ਤਾਂ ਜਹਾਨ ਹੈ - ਗੁਰਸ਼ਰਨ ਸਿੰਘ ਕੁਮਾਰ

ਯਾਰੋ ਜੇ ਜਾਨ ਹੈ ਤਾਂ ਜਹਾਨ ਹੈ,
ਨਹੀਂ ਤਾਂ ਸਭ ਮਿੱਟੀ ਸਮਾਨ ਹੈ।

ਕਿਸੇ ਨੇ ਠੀਕ ਹੀ ਕਿਹਾ ਹੈ ਕਿ-'ਜਾਨ ਹੈ ਤਾਂ ਜਹਾਨ ਹੈ'। ਇਨਾਂ ਸ਼ਬਦਾਂ ਨੂੰ ਗਹਿਰਾਈ ਨਾਲ ਸਮਝਣ ਦੀ ਜ਼ਰੂਰਤ ਹੈ। ਡਾਕਟਰੀ ਭਾਸ਼ਾ ਮੁਤਾਬਿਕ ਜਦ ਤੱਕ ਬੰਦਾ ਸਾਹ ਲੈਂਦਾ ਹੈ ਤਦ ਤੱਕ ਉਸ ਵਿਚ ਜਾਨ ਹੈ ਭਾਵ ਉਹ ਮਨੁੱਖ ਜ਼ਿੰਦਾ ਹੈ। ਪਰ ਇੱਥੇ ਜੇ ਅਸਲ ਆਨੰਦ ਦੇ ਰੂਪ ਵਿਚ ਦੇਖਿਆ ਜਾਏ ਤਾਂ ਕੇਵਲ ਸਾਹ ਲੈਣ ਨੂੰ ਹੀ ਜ਼ਿੰਦਗੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਬਿਮਾਰੀ ਨਾਲ ਜੂਝਦੇ ਹੋਏ ਮਰੀਜ਼ ਨੂੰ ਜ਼ਿੰਦਗੀ ਦਾ ਆਨੰਦ ਮਾਣਦੇ ਹੋਏ ਨਹੀਂ ਕਿਹਾ ਜਾ ਸਕਦਾ। ਜਿਹੜਾ ਬੰਦਾ ਜ਼ਿੰਦਾ ਹੈ ਉਸ ਨੂੰ ਆਪਣੇ ਜਿੰਦਾ ਹੋਣ ਦਾ ਸਬੂਤ ਵੀ ਦੇਣਾ ਪਏਗਾ। ਜਿਹੜੇ ਬੰਦੇ ਕਈ ਕਈ ਸਾਲ ਬਿਮਾਰੀ ਨਾਲ ਹਸਪਤਾਲ ਵਿਚ ਬਿਸਤਰੇ ਤੇ ਹੀ ਪਏ ਰਹਿੰਦੇ ਹਨ ਉਹ ਬੇਸ਼ੱਕ ਸਾਹ ਲੈਂਦੇ ਹਨ ਪਰ ਉਹ ਦੁਨੀਆਂ 'ਤੇ ਹੋਏ ਨਾ ਹੋਏ ਇਕ ਬਰਾਬਰ ਹੀ ਹਨ। ਉਨ੍ਹਾਂ ਵਿਚ ਜ਼ਿੰਦਗੀ ਦੀ ਚਿਣਗ ਨਹੀਂ ਹੁੰਦੀ। ਉਹ ਆਪਣੇ ਜ਼ਿੰਦੇ ਜੀਅ ਹੀ ਇਸ ਦੁਨੀਆਂ ਵਿਚ ਨਰਕ ਹੀ ਭੋਗ ਰਹੇ ਹੁੰਦੇ ਹਨ। ਇਸੇ ਲਈ ਕਹਿੰਦੇ ਹਨ ਕਿ ਬਿਮਾਰੀ ਅਤੇ ਮੁਕੱਦਮਾ ਰੱਬ ਕਿਸੇ ਨੂੰ ਵੀ ਨਾ ਦਏ। ਹਸਪਤਾਲਾਂ ਅਤੇ ਕਚਹਿਰੀਆਂ ਦੇ ਚੱਕਰਾਂ ਵਿਚ ਬੰਦੇ ਰੁਲ ਜਾਂਦੇ ਹਨ। ਆਰਥਿਕ ਪੱਖੋਂ ਦਵਾਈਆਂ, ਡਾਕਟਰਾਂ ਅਤੇ ਵਕੀਲਾਂ ਦੇ ਖ਼ਰਚਿਆਂ ਨਾਲ ਘਰ ਖ਼ਾਲੀ ਹੋ ਜਾਂਦੇ ਹਨ। ਅਸੀਂ ਇਹ ਵੀ ਮੰਨਦੇ ਹਾਂ-'ਜਬ ਤੱਕ ਸਾਂਸ, ਤਬ ਤੱਕ ਆਸ'। ਡਾਕਟਰਾਂ ਦਾ ਫ਼ਰਜ਼ ਹੈ ਕਿ ਜਿੱਥੋਂ ਤੱਕ ਵਾਹ ਲੱਗੇ ਮਰੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਮਨੁੱਖਾ ਜੀਵਨ ਅਨਮੋਲ ਹੈ। ਘਰ ਵਾਲਿਆਂ ਦੁਆਰਾ ਵੀ ਕਿਸੇ ਮਰੀਜ਼ ਨੂੰ ਤੜਫਦੀ ਹਾਲਾਤ ਵਿਚ ਵੀ ਨਹੀਂ ਛੱਡਿਆ ਜਾ ਸਕਦਾ।
ਖ਼ੁਸ਼ੀ ਅਤੇ ਖੇੜੇ ਦੇ ਨਾਲ ਨਾਲ ਜਦੋ ਜਹਿਦ ਵੀ ਜ਼ਿੰਦਗੀ ਦਾ ਦੂਜਾ ਨਾਮ ਹੀ ਹੈ। ਜਦ ਕੋਈ ਮਨੁੱਖ ਆਪਣੀ ਕਾਮਯਾਬੀ ਲਈ, ਪਰਿਵਾਰ ਦੇ ਸਤੱਰ ਨੂੰ ਉੱੱਚਾ ਚੁੱਕਣ ਲਈ ਜਾਂ ਕਿਸੇ ਹੋਰ ਉਸਾਰੂ ਕੰਮ ਲਈ ਸੰਘਰਸ਼ ਕਰ ਰਿਹਾ ਹੋਵੇ ਤਾਂ ਉਸ ਵਿਚ ਵੀ ਜ਼ਿੰਦਗੀ ਧੜਕਦੀ ਹੈ। ਇਸ ਨਾਲ ਉਸ ਨੂੰ ਆਤਮਿਕ ਸੰਤੁਸ਼ਟੀ ਵੀ ਮਿਲਦੀ ਹੈ।। ਇਹ ਜਦੋ ਜਹਿਦ ਵੀ ਮਨੁੱਖ ਲਈ ਬਹੁਤ ਜ਼ਰੂਰੀ ਹੈ। ਇਸੇ ਲਈ ਹੀ ਕਹਿੰਦੇ ਹਨ ਕਿ-'ਹਰਕਤ ਵਿਚ ਹੀ ਬਰਕਤ ਹੈ'। ਇਹ ਹੀ ਬੰਦੇ ਦੇ ਜ਼ਿੰਦਾ ਹੋਣ ਦੀ ਨਿਸ਼ਾਨੀ ਹੈ।। ਉਂਝ ਸਾਲਾਂ ਦੇ ਹਿਸਾਬ ਸਿਰ ਤਾਂ ਭਾਵੇਂ ਕੋਈ ਮਨੁੱਖ ਸੌ ਸਾਲ ਜਾਂ ਇਸ ਤੋਂ ਵੀ ਵੱਧ ਉਮਰ ਭੋਗ ਲਏ ਪਰ ਅਸਲ ਸ਼ਬਦਾਂ ਵਿਚ ਇੱਥੇ ਉਸ ਦੀ ਉਮਰ ਉਤਨੀ ਹੀ ਗਿਣੀ ਜਾਏਗੀ ਜਿੰਨੀ ਉਸ ਨੇ ਜ਼ਿੰਦਗੀ ਦੀ ਜਦੋਜਹਿਦ ਅਤੇ ਆਨੰਦ ਵਿਚ ਮਾਣੀ। ਵਿਹਲੇ ਬੈਠ ਕੇ, ਰੋ ਧੋ ਕੇ ਜਾਂ ਬਿਮਾਰ ਪੈ ਕੇ ਬਿਤਾਏ ਸਮੇਂ ਨੂੰ ਜ਼ਿੰਦਗੀ ਦੀ ਰਵਾਨਗੀ ਵਿਚ ਕਦੀ ਵੀ ਨਹੀਂ ਗਿਣਿਆ ਜਾ ਸਕਦਾ। ਉਹ ਸਮਾਂ ਤਾਂ ਮਨੁੱਖ ਨੇ ਕੇਵਲ ਜ਼ਿੰਦਗੀ ਦਾ ਭਾਰ ਹੀ ਢੋਇਆ ਹੁੰਦਾ ਹੈ। ਜ਼ਿੰਦਗੀ ਮਾਣੀ ਨਹੀਂ ਹੁੰਦੀ। ਜਿਹੜਾ ਬੰਦਾ ਜ਼ਿੰਦਗੀ ਮਾਣਦਾ ਹੈ ਉਸ ਦਾ ਚਿਹਰਾ ਉਸ ਦਾ ਸਬੂਤ ਵੀ ਦਿੰਦਾ ਹੈ।
ਪ੍ਰਮਾਤਮਾ ਨੇ ਸਾਨੂੰ ਸੁੰਦਰ ਸਰੀਰ ਅਤੇ ਨਰੋਏ ਅੰਗ ਦੇ ਕੇ ਇਸ ਸੰਸਾਰ ਤੇ ਭੇਜਿਆ ਹੈ। ਇਸ ਸਰੀਰ ਨਾਲ ਸਾਡਾ ਅਟੁੱਟ ਰਿਸ਼ਤਾ ਹੈ। ਇਹ ਹੀ ਸਾਡਾ ਪੱਕਾ ਜੀਵਨ ਸਾਥੀ ਹੈ। ਜਨਮ ਤੋਂ ਲੈ ਕੇ ਮੌਤ ਤੱਕ ਸਾਡਾ ਇਸ ਨਾਲ ਸਾਥ ਹੈ। ਜੇ ਸਾਡਾ ਸਰੀਰ ਹੈ ਤਾਂ ਅਸੀਂ ਹਾਂ। ਜੇ ਸਾਡਾ ਸਰੀਰ ਨਹੀਂ ਤਾਂ ਅਸੀਂ ਵੀ ਨਹੀਂ। ਸਰੀਰ ਤੋਂ ਬਿਨਾ ਸਾਡੀ ਕੋਈ ਹਸਤੀ ਨਹੀਂ।ਸਰੀਰ ਹੈ ਤਾਂ ਸਾਡੀ ਜਾਨ ਹੈ। ਸਾਡੀ ਜਾਨ ਹੈ ਤਾਂ ਹੀ ਸਾਡੇ ਲਈ ਜਹਾਨ ਹੈ। ਜੇ ਸਾਡੇ ਅੰਦਰ ਜਾਨ ਨਹੀਂ ਤਾਂ ਸਾਡੇ ਲਈ ਜਹਾਨ ਵੀ ਨਹੀਂ ਇਸ ਸਰੀਰ ਨੇ ਅਖੀਰ ਤੱਕ ਸਾਡਾ ਸਾਥ ਦੇਣਾ ਹੈ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਸਰੀਰ ਦੀ ਪੂਰੀ ਸੰਭਾਲ ਕਰੀਏ। ਜੇ ਸਾਡੇ ਇਸ ਸਰੀਰ ਨੂੰ ਕੋਈ ਸੱਟ ਫੇਟ ਲੱਗਦੀ ਹੈ ਜਾਂ ਇਸ ਵਿਚ ਕੋਈ ਹੋਰ ਕਮੀ ਜਾਂ ਵਿਗਾੜ ਆਉਂਦਾ ਹੈ ਤਾਂ ਉਸ ਹਿਸਾਬ ਸਿਰ ਸਾਡੀ ਜਾਨ ਵੀ ਘਟ ਜਾਂਦੀ ਹੈ।
ਜੇ ਕਿਸੇ ਮਨੁੱਖ ਅੰਦਰ ਤੰਦਰੁਸਤੀ ਹੈ ਤਾਂ ਹੀ ਉਸ ਅੰਦਰ ਮਨੁੱਖਤਾ ਬਚੇਗੀ। ਤੰਦਰੁਸਤ ਮਨੁੱਖ ਹੀ ਸਰਬੱਤ ਦੇ ਭਲੇ ਦਾ ਸੋਚੇਗਾ। ਬਿਮਾਰ ਮਨੁੱਖ ਤਾਂ ਸਭ ਤੋਂ ਪਹਿਲਾਂ ਆਪਣੀ ਬਿਮਾਰੀ ਦਾ ਸੋਚੇਗਾ। ਦੂਸਰੇ ਦਾ ਭਲਾ ਸੋਚਣ ਦੀ ਉਸ ਨੂੰ ਫੁਰਸਤ ਹੀ ਨਹੀਂ ਹੋਵੇਗੀ। ਤੰਦਰੁਸਤੀ ਵਿਚ ਹੀ ਸਾਰੇ ਸਮਾਜ ਦਾ ਕਲਿਆਨ ਹੋਵੇਗਾ। ਮਨੁੱਖਤਾ 'ਜੀਓ ਅਤੇ ਜੀਨੇ ਦੋ' ਦੇ ਸਿਧਾਂਤ ਤੇ ਚੱਲੇਗੀ।ਸਰੀਰ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਨੂੰ ਸ਼ਾਂਤ ਚਿੱਤ ਰੱਖਦੇ ਹੋਏ ਆਪਣੀ ਸੋਚ ਨੂੰ ਉਸਾਰੂ ਰੱਖੀਏ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਕੇ ਸਿਹਤਯਾਬ ਰਹੀਏ।
ਕਮਜ਼ੋਰ ਬੰਦੇ ਨੂੰ ਤਾਂ ਹਰ ਕੋਈ ਦਬਾ ਲੈਂਦਾ ਹੈ। ਮਤਲਬੀ ਬੰਦੇ ਉਸ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਂਦੇ ਹਨ ਅਤੇ ਆਪਣਾ ਉੱਲੂ ਸਿੱਧਾ ਕਰਦੇ ਹਨ। ਉਹ ਕਮਜ਼ੋਰ ਬੰਦੇ ਨੂੰ ਪੌੜੀ ਬਣਾ ਕੇ ਆਪ ਉੱਪਰ ਚੜ੍ਹਦੇ ਹਨ। ਇਥੋਂ ਤੱਕ ਕਿ ਉਸ ਨੂੰ ਪੈਰਾਂ ਥੱਲੇ ਮਧੋਲ ਕੇ ਆਪ ਅੱਗੇ ਲੰਘ ਜਾਂਦੇ ਹਨ।ਕਮਜ਼ੋਰ ਬੰਦੇ ਦੀ ਹਰ ਥਾਂ ਲੁੱਟ ਮਾਰ ਅਤੇ ਸੋਸ਼ਨ ਹੁੰਦਾ ਹੈ। ਇਸੇ ਲਈ ਕਹਿੰਦੇ ਹਨ ਕਿ ਮਾੜੇ ਬੰਦੇ ਦੀ ਵਹੁਟੀ ਹਰ ਇਕ ਦੀ ਭਾਬੀ  ਹੁੰਦੀ ਹੈ ਅਤੇ ਤਕੜੇ ਬੰਦੇ ਦੀ ਵਹੁਟੀ ਸਭ ਦੀ ਭੈਣ ਹੁੰਦੀ ਹੈ। ਤੁਸੀ ਮਾਇਕ ਅਤੇ ਸਰੀਰਕ ਪੱਖੋਂ ਕਮਜ਼ੋਰ ਬਣ ਕੇ ਆਪਣੀ ਦੁਰਦਸ਼ਾ ਨਾ ਕਰਵਾਓ। ਇਹ ਵੀ ਯਾਦ ਰੱਖੋ ਕਿ 'ਤੁਸੀ ਹੱਸੋਗੇ ਤਾਂ ਦੁਨੀਆਂ ਵੀ ਤੁਹਾਡੇ ਨਾਲ ਹੱਸੇਗੀ ਪਰ ਜੇ ਤੁਸੀਂ ਦੁਖੀ ਹੋ ਕੇ ਰੋਵੋਗੇ ਤਾਂ ਦੁਨੀਆਂ ਤੁਹਾਡੇ ਨਾਲ ਨਹੀਂ ਰੋਵੇਗੀ'। ਉੱਠੋ ਬਹਾਦੁਰ ਅਤੇ ਮਜ਼ਬੂਤ ਬਣੋ। ਆਪਣੇ ਸਰੀਰ ਦੀ ਸੰਭਾਲ ਕਰੋ ਅਤੇ ਉਸ ਨੂੰ ਤਕੜਾ ਬਣਾਓ। ਤੰਦਰੁਸਤ ਬੰਦਾ ਹੀ ਮਿਹਨਤ ਕਰ ਕੇ ਆਪਣੀ ਗ਼ਰੀਬੀ ਧੋ ਸਕਦਾ ਹੈ ਅਤੇ ਸਮਾਜ ਵਿਚ ਸਨਮਾਨਯੋਗ ਸਥਾਨ ਹਾਸਿਲ ਕਰ ਸਕਦਾ ਹੈ। ਬਿਮਾਰ ਅਤੇ ਕਮਜ਼ੋਰ ਬੰਦੇ ਨਾਲ ਕਿਸੇ ਨੂੰ ਹਮਦਰਦੀ ਤਾਂ ਹੋ ਸਕਦੀ ਹੈ ਪਰ ਉਹ ਕਿਸੇ ਦੇ ਪਿਆਰ ਦਾ ਪਾਤਰ ਨਹੀਂ ਬਣ ਸਕਦਾ।ਜੇ ਅਸੀਂ ਅਸਲ ਅਰਥਾਂ ਵਿਚ ਜ਼ਿੰਦਗੀ ਮਾਣਨੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਅਤੇ ਸਰੀਰ ਨੂੰ ਤੰਦਰੁਸਤ ਰੱਖਣਾ ਪਏਗਾ ਤਾਂ ਹੀ ਅਸੀਂ ਕਹਿ ਸਕਾਂਗੇ ਕਿ ਸਾਡੇ ਵਿਚ ਜਾਨ ਹੈ। ਤਾਂ ਹੀ ਅਸੀਂ ਜ਼ਿੰਦਗੀ ਦੀ ਜਦੋਜਹਿਦ ਵਿਚ ਹਿੱਸਾ ਲੈ ਸਕਾਂਗੇ ਅਤੇ ਕੋਈ ਉਸਾਰੂ ਕੰਮ ਕਰ ਕੇ ਖ਼ੁਸ਼ੀ ਹਾਸਿਲ ਕਰ ਸਕਾਂਗੇ। ਬਿਮਾਰ ਬੰਦਾ ਇਹ ਸਭ ਕੁਝ ਨਹੀਂ ਕਰ ਸਕਦਾ। ਇਸ ਲਈ ਉਹ ਜ਼ਿੰਦਗੀ ਨਹੀਂ ਮਾਣ ਸਕਦਾ।
ਕਿਸੇ ਮਨੁੱਖ ਦੀ ਜ਼ਿੰਦਗੀ ਵਿਚ ਉਸ ਦੀ ਤੰਦਰੁਸਤੀ ਸਭ ਤੋਂ ਜ਼ਰੂਰੀ ਹੈ। ਤੰਦਰੁਸਤ ਮਨੁੱਖ ਹੀ ਵਿਕਾਸ ਦੇ ਪਹੀਏ ਨੂੰ ਅੱਗੇ ਤੋਰਦਾ ਹੈ। ਤੰਦਰੁਸਤ ਮਨੁੱਖ ਹੀ ਜ਼ਿੰਦਗੀ ਵਿਚ ਮੱਲਾਂ ਮਾਰਦੇ ਹਨ। ਤੰਦਰੁਸਤ ਮਨੁੱਖ ਹੀ ਲੰਮੀ ਉਮਰ ਭੋਗਦੇ ਹਨ। ਤੰਦਰੁਸਤ ਮਨੁੱਖ ਹੀ ਜ਼ਿੰਦਗੀ ਨੂੰ ਖ਼ੁਸ਼ੀ ਨਾਲ ਮਾਣ ਸਕਦੇ ਹਨ।ਤੰਦਰੁਸਤ ਸਰੀਰ ਭਾਵ ਨਰੋਏ ਹੱਥ ਪੈਰ ਹੀ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਨ। ਇਸ ਲਈ ਬੰਦੇ ਦਾ ਦਿਮਾਗ, ਅੱਖਾਂ, ਨੱਕ, ਕੰਨ ਅਤੇ ਹੱਥ ਪੈਰ ਆਦਿ ਸਾਰੇ ਦੇ ਸਾਰੇ ਅੰਗ ਪੂਰੀ ਤਰ੍ਹਾਂ ਠੀਕ ਠਾਕ ਅਤੇ ਨਿਰੋਗ ਹੋਣੇ ਚਾਹੀਦੇ ਹਨ। ਸਰੀਰ ਦੇ ਕਿਸੇ ਵੀ ਅੰਗ ਵਿਚ ਕੋਈ ਵਿਗਾੜ ਜਾਂ ਕਮੀ ਨਹੀਂ ਆਉਣੀ ਚਾਹੀਦੀ। ਤੰਦਰੁਸਤ ਬੰਦਾ ਹੀ ਹਰ ਮੁਕਾਬਲੇ ਵਿਚ ਮੋਹਰੀ ਰਹਿੰਦਾ ਹੋਇਆ ਜ਼ਿੰਦਗੀ ਦੀ ਜੰਗ ਜਿੱਤ ਸਕਦਾ ਹੈ। ਅਜਿਹੇ ਮਨੁੱਖ ਹੀ ਆਮ ਤੋਂ ਖਾਸ ਬਣਦੇ ਹਨ। ਮਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਨੇਕੀਆਂ ਅਤੇ ਮਹਾਨ ਕੰਮਾ ਨੂੰ ਯਾਦ ਰੱਖਿਆ ਜਾਂਦਾ ਹੈ। ਨਹੀਂ ਤੇ ਇਸ ਧਰਤੀ ਤੇ ਰੋਜ ਲੱਖਾਂ ਬੰਦੇ ਜਨਮ ਲੈਂਦੇ ਹਨ ਅਤੇ ਲੱਖਾਂ ਹੀ ਮਰਦੇ ਹਨ ਪਰ ਉਨ੍ਹਾਂ ਨੂੰ ਕੋਈ ਵੀ ਯਾਦ ਨਹੀਂ ਕਰਦਾ।
ਬਿਮਾਰ ਬੰਦਾ ਜੇ ਕਿਸੇ ਵਿਆਹ ਸ਼ਾਦੀ ਜਾਂ ਕਿਸੇ ਹੋਰ ਖ਼ੁਸ਼ੀ ਦੇ ਪ੍ਰੋਗਰਾਮ ਤੇ ਵੀ ਜਾਏ  ਤਾਂ ਉਹ ਉੱਥੇ ਵੀ ਮਾਹੌਲ ਮੁਤਾਬਿਕ ਆਨੰਦ ਨਹੀਂ ਮਾਣ ਸਕੇਗਾ। ਉਹ ਨਾ ਤਾਂ ਕਿਸੇ ਨਾਲ ਖ਼ੁਸ਼ੀ ਅਤੇ ਗਰਮਜੋਸ਼ੀ ਨਾਲ ਮਿਲੇਗਾ ਅਤੇ ਨਾ ਹੀ ਉਸ ਨੂੰ ਖਾਣ ਨੂੰ ਕੁਝ ਚੰਗਾ ਲੱਗੇਗਾ। ਸਟੇਜ ਤੇ ਖ਼ੁਸ਼ੀ ਭਰੇ ਗਾਣੇ ਵੀ ਉਸ ਨੂੰ ਭੱਦਾ ਜਿਹਾ ਸ਼ੋਰ ਹੀ ਜਾਪਣਗੇ। ਉਹ ਤਾਂ ਇਕ ਨੁੱਕਰੇ ਚੁੱਪ ਚਾਪ ਇਕੱਲਾ ਬੈਠਾ ਰਹੇਗਾ, ਜਿਵੇਂ ਕਿਸੇ ਨੇ ਕੁੱਟ ਮਾਰ ਕੇ ਬਿਠਾਇਆ ਹੋਵੇ।ਸਾਰਾ ਪ੍ਰੋਗਰਾਮ ਹੀ ਉਸ ਲਈ ਸਜ਼ਾ ਕੱਟਣ ਵਾਂਗ ਹੋ ਨਿੱਬੜੇਗਾ। ਸਾਡੇ ਸਾਹਮਣੇ ਐਸੀਆਂ ਮਿਸਾਲਾਂ ਹਨ ਜਿਨਾਂ ਵਿਚ ਸੌ ਸਾਲ ਤੋਂ ਉਪਰ ਜਾਂ ਸੌ ਸਾਲ ਦੇ ਨੇੜੇ ਢੁਕੇ ਲੋਕ ਹਾਲੀ ਵੀ ਜ਼ਿੰਦਗੀ ਵਿਚ ਸਰਗਰਮ ਹਨ ਅਤੇ ਨਾਮਨਾ ਖੱਟ ਰਹੇ ਹਨ। ਜਿਵੇਂ ਦੌੜਾਕ ਫ਼ੌਜਾ ਸਿੰਘ (108 ਸਾਲ), ਮਿਲਖਾ ਸਿੰਘ (90), ਮਾਨ ਕੌਰ(103) ਅਤੇ ਉਸ ਦਾ ਬੇਟਾ ਗੁਰਦੇਵ ਸਿੰਘ (86) ਆਦਿ। ਇਹ ਸਭ ਸਰੀਰਕ ਤੋਰ ਤੇ ਤੰਦਰੁਸਤ ਹਨ ਅਤੇ ਨੌਜੁਆਨਾ ਲਈ ਇਕ ਮਿਸਾਲ ਹਨ। ਉਨ੍ਹਾਂ ਦਾ ਨਾਹਰਾ ਹੈ ਕਿ ਤੰਦਰੁਸਤ ਰਹੋ, ਫਿਰ ਭਾਵੇਂ ਸੌ ਸਾਲ ਤੋਂ ਵੀ ਵੱਧ ਜੀਓ।
ਤੰਦਰੁਸਤ ਰਹਿਣਾ ਹਰ ਮਨੁੱਖ ਦਾ ਮੁਢਲਾ ਅਧਿਕਾਰ ਹੈ। ਪ੍ਰਮਾਤਮਾ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਬੇਟਾ ਬਿਮਾਰ ਹੋਵੇ ਅਤੇ ਦੁੱਖ ਭੋਗੇੇ।। ਤੰਦਰੁਸਤ ਰਹਿਣ ਲਈ ਮਨੁੱਖ ਨੂੰ ਯਤਨ ਤਾਂ ਆਪ ਹੀ ਕਰਨੇ ਪੈਣਗੇ। ਆਪਣੇ ਸਰੀਰ ਦੀ ਸੰਭਾਲ ਆਪ ਹੀ ਕਰਨੀ ਪਵੇਗੀ। ਸਰੀਰ ਵੱਲੋਂ ਥੋੜ੍ਹੀ ਜਿਹੀ ਅਣਗਹਿਲੀ ਵੀ ਮਨੁੱਖ ਨੂੰ ਬਿਮਾਰ ਕਰ ਕੇ ਮੰਜੇ ਤੇ ਪਾ ਸਕਦੀ ਹੈ ਅਤੇ ਕਈ ਦਿਨਾਂ ਲਈ ਕੰਮ ਕਰਨ ਤੋਂ ਅਸਮਰੱਥ ਵੀ ਕਰ ਸਕਦੀ ਹੈ। ਤੰਦਰੁਸਤ ਰਹਿਣ ਲਈ ਸਾਵਧਾਨੀਆਂ ਤਾਂ ਆਮ ਜਿਹੀਆਂ ਹੀ ਹਨ ਜਿੰਨਾਂ ਦਾ ਸਾਨੂੰ ਸਭ ਨੂੰ ਪਤਾ ਹੀ ਹੈ  ਪਰ ਇਸ ਤੋਂ ਅਸੀਂ ਕਈ ਵਾਰੀ ਅਵੇਸਲੇ ਹੋ ਜਾਂਦੇ ਹਾਂ। ਇਨਾਂ ਨੁਕਤਿਆਂ ਨੂੰ ਸੰਖੇਪ ਵਿਚ ਇਕ ਵਾਰੀ ਹੇਠਾਂ ਦੁਹਰਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਆਪਣੀ ਸਿਹਤ ਬਾਰੇ ਸੁਚੇਤ ਰਹੀਏ ਅਤੇ ਜ਼ਿੰਦਗੀ ਦਾ ਆਨੰਦ ਮਾਣੀਏ। ਸਭ ਤੋਂ ਪਹਿਲਾਂ ਸਰੀਰ ਦੀ ਰੋਜ਼ਾਨਾ ਸਫ਼ਾਈ ਬਹੁਤ ਜ਼ਰੂਰੀ ਹੈ। ਕੱਪੜੇ ਸਾਫ਼ ਸੁਥਰੇ ਅਤੇ ਮੌਸਮ ਮੁਤਾਬਿਕ ਪਾਣੇ ਚਾਹੀਦੇ ਹਨ ਜੋ ਤੁਹਾਡੇ ਸਰੀਰ ਨੂੰ ਸੁੱਖ ਦੇਣ ਅਤੇ ਤੁਹਾਡੀ ਸ਼ਖਸ਼ੀਅਤ ਨੂੰ ਨਿਖ਼ਾਰਨ। ਕੱਪੜੇ ਸਰੀਰ ਨੂੰ ਢੱਕਣ ਲਈ ਪਾਏ ਜਾਂਦੇ ਹਨ, ਨਾ ਕਿ ਸਰੀਰ ਦੀ ਨੁਮਾਇਸ਼ ਲਈ। ਬਹੁਤ ਜ਼ਿਆਦਾ ਗਰਮੀ ਅਤੇ ਬਹੁਤ ਜ਼ਿਆਦਾ ਸਰਦੀ ਤੋਂ ਬਚਣਾ ਚਾਹੀਦਾ ਹੈ।
ਭੋਜਨ ਸਾਦਾ ਅਤੇ ਪੋਸ਼ਟਿਕ ਹੋਣਾ ਚਾਹੀਦਾ ਹੈ ਜਿਹੜਾ ਅਸਾਨੀ ਨਾਲ ਹਜ਼ਮ ਹੋ ਸੱਕੇ। ਜ਼ਿਆਦਾ ਮਿਰਚ ਮਸਾਲੇ ਅਤੇ ਤਲੇ ਹੋਏ ਭੋਜਨ ਤੋਂ ਬਚਣਾ ਚਾਹੀਦਾ ਹੈ। ਸ਼ਰਾਬ ਅਤੇ ਦੂਜੇ ਨਸ਼ਿਆਂ ਤੋਂ ਵੀ ਦੂਰ ਹੀ ਰਹਿਣਾ ਚਾਹੀਦਾ ਹੈ। ਜ਼ਰੂਰਤ ਤੋਂ ਜ਼ਿਆਦਾ ਭੋਜਨ ਨਹੀਂ ਕਰਨਾ ਚਾਹੀਦਾ। ਆਪਣੇ ਪੇਟ ਨੂੰ ਕੂੜੇਦਾਨ ਨਹੀਂ ਬਣਾਉਣਾ ਚਾਹੀਦਾ। ਓਨਾ ਖਾਓ ਜਿੰਨਾ ਪਚਾ ਸਕੋ। ਤੁਹਾਡਾ ਪੇਟ ਬਿਲਕੁਲ ਸਾਫ਼ ਰਹਿਣਾ ਚਾਹੀਦਾ ਹੈ। ਕਬਜ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਜ਼ਿਆਦਾ ਬਿਮਾਰੀਆਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਹਨ। ਜੇ ਸਰੀਰ ਵਿਚ ਕੋਈ ਵਿਗਾੜ ਆ ਹੀ ਜਾਏ ਤਾਂ ਅਣਗਹਿਲੀ ਨਹੀਂ ਕਰਨੀ ਚਾਹੀਦੀ। ਤੁਰੰਤ ਡਾਕਟਰ ਨੂੰ ਦਿਖਾ ਕਿ ਤੰਦਰੁਸਤ ਹੋਣਾ ਚਾਹੀਦਾ ਹੈ। ਤੰਦਰੁਸਤ ਸਰੀਰ ਦੇ ਨਾਲ ਨਾਲ ਬੰਦੇ ਦਾ ਦਿਮਾਗ ਵੀ ਤੇਜ਼ ਹੋਣਾ ਚਾਹੀਦਾ ਹੈ। ਉਸ ਵਿਚ ਕੋਈ ਉਲਾਰ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਮਨੁੱਖ ਦੀ ਸੋਚ ਵੀ ਉਸਾਰੂ ਹੋਣੀ ਚਾਹੀਦੀ ਹੈ। ਨਾਂਹ ਪੱਖੀ ਸੋਚ ਵਾਲਾ ਬੰਦਾ ਆਪਣੀ ਜ਼ਿੰਦਗੀ ਦੇ ਨਾਲ ਨਾਲ ਸਾਰੇ ਸਮਾਜ ਨੂੰ ਵੀ ਤਬਾਹ ਕਰ ਕੇ ਰੱਖ ਦਿੰਦਾ ਹੈ।
ਕਿਸੇ ਮਨੁੱਖ ਦਾ ਸਰੀਰ ਜਿਤਨਾ ਕਮਜ਼ੋਰ ਹੁੰਦਾ ਜਾਏਗਾ ਉਤਨੀ ਹੀ ਉਸ ਦੀ ਜਾਨ ਨਿਕਲਦੀ ਜਾਏਗੀ ਅਤੇ ਉਤਨਾ ਹੀ ਉਸ ਦਾ ਜਹਾਨ ਖ਼ਤਮ ਹੁੰਦਾ ਜਾਏਗਾ। ਉਸ ਦੀ ਦੁਨੀਆਂ ਸੁੰਗੜਦੀ ਜਾਏਗੀ। ਜਿਸ ਦਿਨ ਉਸ ਦਾ ਸਰੀਰ ਖ਼ਤਮ ਹੋ ਜਾਏਗਾ ਉਸੇ ਸਮੇਂ ਹੀ ਉਸ ਦਾ ਜਹਾਨ ਵੀ ਖ਼ਤਮ ਹੋ ਜਾਏਗਾ। ਉਸ ਦੇ ਸਭ ਰਿਸ਼ਤੇ ਨਾਤੇ, ਸਾਕ ਸਬੰਧੀ , ਜ਼ਮੀਨ ਜਾਇਦਾਦ, ਕਾਰਾਂ ਕੋਠੀਆਂ, ਧਨ ਦੋਲਤ ਅਤੇ ਬੈਂਕ ਬੈਲੈਂਸ ਉਸ ਲਈ ਖ਼ਤਮ ਹੋ ਜਾਏਗਾ।ਉਹ ਆਪ ਵੀ ਖ਼ਤਮ ਅਤੇ ਉਸ ਦੀਆਂ ਸਭ ਵਸਤੂਆਂ ਵੀ ਖ਼ਤਮ। ਸਾਰਾ ਸਰੀਰ ਵੀ ਮਿੱਟੀ ਹੀ ਹੋ ਜਾਏਗਾ। ਇਸੇ ਲਈ ਕਹਿੰਦੇ ਹਨ ਕਿ-'ਜਾਨ ਹੈ ਤਾਂ ਜਹਾਨ ਹੈ' ਜਾਂ 'ਆਪ ਮਰੇ ਜੱਗ ਪਰਲੋ। ਇਸ ਸਮੇਂ ਉਸ ਲਈ ਇਸ ਦੁਨੀਆਂ 'ਤੇ ਹੀ ਪਰਲੋ ਆ ਜਾਏਗੀ। ਉਹ ਦੁਨੀਆਂ ਦੀ ਕਿਸੇ ਵਸਤੂ ਨੂੰ ਨਹੀਂ ਮਾਣ ਸਕੇਗਾ।
ਜੇ ਅਸੀਂ ਉਪਰੋਕਤ ਸਾਰੀਆਂ ਸਾਵਧਾਨੀਆਂ ਵਰਤ ਕੇ ਵੀ ਆਪਣੇ ਮਨ ਨੂੰ ਨਿਰਮਲ, ਦਿਮਾਗ ਨੂੰ ਤੇਜ਼ ਅਤੇ ਸਰੀਰ ਨੂੰ ਤੰਦਰੁਸਤ ਰੱਖ ਵੀ ਲਿਆ ਤਾਂ ਵੀ ਸਾਨੂੰ ਆਪਣੇ ਅੰਦਰਲੇ ਇਕ ਦੁਸ਼ਮਣ ਤੋਂ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਦੀ 'ਮੈਂ' ਅਤੇ 'ਮੇਰੀ' ਹੀ ਹੈ। ਇਸ ਨਾਲ ਹੀ ਬੰਦੇ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੀਆਂ ਕਮਜ਼ੋਰੀਆਂ ਪੈਦਾ ਹੋ ਜਾਂਦੀਆਂ ਹਨ ਅਤੇ ਉਹ ਆਪਣਾ ਅਤੇ ਸਮਾਜ ਦਾ ਨੁਕਸਾਨ ਕਰਦਾ ਹੈ। ਜਿਸ 'ਮੈਂ' ਦਾ ਮਨੁੱਖ ਨੂੰ ਹੰਕਾਰ ਹੈ ਉਹ 'ਮੈਂ' ਵੀ ਮਰ ਜਾਏਗੀ। ਅਸੀਂ ਆਪਣੇ ਜ਼ਿੰਦੇ ਜੀਅ ਆਪਣੀ 'ਮੈਂ' ਦਾ ਬਹੁਤ ਹੰਕਾਰ ਕਰਦੇ ਹਾਂ। 'ਮੈਂ ਬਹੁਤ ਸਿਆਣਾ', ਮੈਂ ਬਹੁਤ ਬਹਾਦੁਰ', 'ਮੇਰੇ ਬੱਚੇ', 'ਮੇਰੇ ਰਿਸ਼ਤੇ', ਮੇਰੀ ਕਾਰ', 'ਮੇਰੀ ਕੋਠੀ', 'ਮੇਰੀ ਜ਼ਮੀਨ ਜਾਇਦਾਦ', 'ਮੇਰਾ ਬੈਂਕ ਬੈਲੈਂਸ', 'ਮੇਰੀ ਸ਼ਾਨ',' ਮੇਰੀ ਉੱਚੀ ਪਦਵੀਂ'ਆਦਿ। ਇਸ ਸਭ ਦਾ ਮਨੁੱਖ ਨੂੰ ਕਿੰਨਾ ਹੰਕਾਰ ਹੁੰਦਾ ਹੈ? ਬੰਦੇ ਦੀ ਹਉਮੈ ਉਸ ਨੂੰ ਸਤਵੇਂ ਆਸਮਾਨ ਤੇ ਚਾੜ੍ਹ ਦਿੰਦੀ ਹੈ ਤਾਂ ਕੁਦਰਤ ਅਜਿਹੇ ਬੰਦੇ ਨੂੰ ਜ਼ਮੀਨ ਤੇ ਲਿਆ ਪਟਕਦੀ ਹੈ। ਇਸੇ ਲਈ ਕਹਿੰਦੇ ਹਨ ਕਿ ਮੌਤ ਸਭ ਨੂੰ ਬਰਾਬਰ ਕਰ ਦਿੰਦੀ ਹੈ (The death is the leveler)। ਉਦੋਂ ਰਾਜਾ ਅਤੇ ਰੰਕ, ਸਭ ਬਰਾਬਰ ਹੋ ਜਾਂਦੇ ਹਨ।
ਦੂਸਹਿਰੇ ਤੇ ਰਾਵਣ ਦਾ ਬੁੱਤ ਧਰਤੀ ਤੋਂ ਕਿੰਨਾ ਉੱਚਾ ਹੁੰਦਾ ਹੈ? ਕਿੰਨੀ ਉਸ ਦੀ ਸ਼ਾਨੋ ਸ਼ੌਕਤ ਹੁੰਦੀ ਹੈ? ਸਭ ਅੱਡੀਆਂ ਚੁੱਕ ਚੁੱਕ ਕੇ ਰਾਵਣ ਦੇ ਬੁੱਤ ਨੂੰ ਦੇਖਦੇ ਹੀ ਰਹਿੰਦੇ ਹਨ ਪਰ ਜਦ ਉਸ ਨੂੰ ਅੱਗ ਲਾਈ ਜਾਂਦੀ ਹੈ ਤਾਂ ਮਿੰਟਾਂ ਵਿਚ ਹੀ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ। ਜ਼ਮੀਨ ਤੇ ਕੇਵਲ ਮੁੱਠੀ ਭਰ ਰਾਖ ਹੀ ਬਚਦੀ ਹੈ। ਇਸੇ ਤਰ੍ਹਾਂ ਜਦ ਮਨੁੱਖ ਦੀ ਵੀ ਜਾਨ ਨਿਕਲਦੀ ਹੈ ਤਾਂ ਉਸੇ ਸਮੇ ਉਸ ਦੇ ਸਰੀਰ ਦੇ ਨਾਲ ਹੀ ਉਸ ਦੀ ਇਹ 'ਮੈਂ' ਵੀ ਖਤਮ ਹੋ ਜਾਂਦੀ ਹੈ। ਬਾਕੀ ਕੀ ਬਚਦਾ ਹੈ? ਕੁਝ ਵੀ ਨਹੀਂ। ਫਿਰ ਹੰਕਾਰ ਕਾਹਦਾ? ਸਾਰੀ ਦਨੁੀਆਂ ਦਾ ਸੋਨਾ, ਚਾਂਦੀ ਅਤੇ ਧਨ ਦੌਲਤ ਮਿਲਾ ਕਿ ਦੇਣ ਨਾਲ ਵੀ ਕਿਸੇ ਮਨੁੱਖ ਦੀ ਜਾਨ ਵਾਪਸ ਨਹੀਂ ਆ ਸਕਦੀ। ਜਿੰਨਾ ਨੂੰ ਆਪਣੀ ਤਾਕਤ, ਧਨ ਦੌਲਤ ਅਤੇ ਰੂਪ ਦਾ ਘੁਮੰਢ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਇਕ ਚੱਕਰ ਕਬਰਸਤਾਨ ਦਾ ਲਾ ਕੇ ਦੇਖ ਲੈਣ। ਉੱਥੇ ਬੜੇ ਬੜੇ ਸ਼ੂਰਬੀਰ, ਰਾਜੇ ਮਹਾਰਾਜੇ ਅਤੇ ਖ਼ੂਬਸੂਰਤ ਰਾਜਕੁਮਾਰ ਸਭ ਮਿੱਟੀ ਹੇਠਾਂ ਸੁੱਤੇ ਪਏ ਹਨ। ਤੁਸੀਂ ਆਪਣੇ ਬਲ ਤੇ ਭਰੋਸਾ ਰੱਖੋ ਆਤਮ ਵਿਸ਼ਵਾਸ ਨਾਲ ਅੱਗੇ ਵਧੋ ਪਰ ਕਦੀ ਹੰਕਾਰ ਨਾ ਕਰੋ। 'ਮੈਂ', 'ਮੇਰੀ' ਨੂੰ ਛੱਡੋ ਕਿਉਂਕਿ ਤੁਹਾਨੂੰ ਸਾਰੀ ਸ਼ਕਤੀ ਦੇਣ ਵਾਲਾ ਵੀ ਪ੍ਰਮਾਤਮਾ ਹੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email:  gursharan1183@yahoo.in

ਪ੍ਰੇਰਨਾਦਾਇਕ ਲੇਖ : ਆਪਣੀ ਆਪਣੀ ਧਰਤੀ-ਆਪਣਾ ਆਪਣਾ ਆਸਮਾਨ - ਗੁਰਸ਼ਰਨ ਸਿੰਘ ਕੁਮਾਰ

ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ,
ਕਹੀਂ ਜ਼ਮੀਂ ਤੋ ਕਹੀਂ ਆਸਮਾਂ ਨਹੀਂ ਮਿਲਤਾ।        ਨਿਦਾ ਫ਼ਾਜ਼ਲੀ

ਪ੍ਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ 'ਤੇ ਬਾਕੀ ਜੀਵਾਂ ਤੋਂ ਉੱਪਰ ਸਰਦਾਰੀ ਦੇ ਕੇ ਭੇਜਿਆ ਹੈ। ਬਾਕੀ ਸਭ ਜੀਵਾਂ ਦਾ ਮੁੱਖ ਮੁੱਦਾ ਪੇਟ ਭਰਨਾ ਅਤੇ ਅੱਗੋਂ ਔਲਾਦ ਪੈਦਾ ਕਰ ਕੇ ਆਪਣੀ ਨਸਲ ਨੂੰ ਅੱਗੇ ਤੋਰਨਾ ਹੁੰਦਾ ੈ ਪਰ ਮਨੁੱਖ ਦੇ ਜੀਵਨ ਦਾ ਮਕਸਦ ਇਸ ਤੋਂ ਕਿਤੇ ਉਚੇਰਾ ਹੁੰਦਾ ਹੈ। ਉਸ ਦੇ ਜੀਵਨ ਦਾ ਮਨੋਰਥ ਕੇਵਲ ਬੱਚੇ ਪੈਦਾ ਕਰਨਾ ਹੀ ਨਹੀਂ ਹੁੰਦਾ। ਨਾ ਹੀ ਉਹ ਕੇਵਲ ਰੋਟੀ, ਕੱਪੜੇ ਅਤੇ ਮਕਾਨ ਹੀ ਜ਼ਿੰਦਾ ਰਹਿ ਸਕਦਾ ਹੈ। ਸਰੀਰਕ ਜ਼ਰੂਰਤਾਂ ਦੇ ਨਾਲ ਨਾਲ ਉਸ ਦੀਆਂ ਕੁਝ ਮਾਨਸਿਕ ਜ਼ਰੂਰਤਾਂ ਵੀ ਹੁੰਦੀਆਂ ਹਨ। ਮਨੁੱਖ ਦੀ ਰੂਹ ਨੂੰ ਵੀ ਕੁਝ ਖ਼ੁਰਾਕ ਦੀ ਜ਼ਰੂਰਤ ਹੁੰਦੀ ਹੈ। ਮਨੁੱਖ ਦੀ ਰੂਹ ਦੀ ਸਭ ਤੋਂ ਮੁੱਖ ਖ਼ੁਰਾਕ ਹੈ 'ਪਿਆਰ'।ਜਿਵੇਂ ਕਿਸੇ ਪੌਧੇ ਨੂੰ ਮੌਲਣ ਲਈ ਮਿੱਟੀ, ਪਾਣੀ, ਹਵਾ ਅਤੇ ਖਾਦ ਦੀ ਜ਼ਰੂਰਤ ਹੁੰਦੀ ਹੈ ਉਵੇਂ ਹੀ ਮਨੁੱਖੀ ਜ਼ਿੰਦਗੀ ਨੂੰ ਮੌਲਣ ਲਈ 'ਪਿਆਰ' ਦੀ ਸਭ ਵੱਡੀ ਜ਼ਰੂਰਤ ਹੈ। ਜਿਸ ਮਨੁੱਖ ਨੂੰ ਜ਼ਿੰਦਗੀ ਵਿਚ ਪਿਆਰ ਨਹੀਂ ਮਿਲਦਾ ਉਸ ਦੀ ਜ਼ਿੰਦਗੀ ਮੁਰਝਾ ਜਾਂਦੀ ਹੈ। ਉਹ ਸਾਰੀ ਜ਼ਿੰਦਗੀ ਹੀ ਆਪਣੇ ਅਧੂਰੇ ਵਜੂਦ ਨੂੰ ਲੈ ਕੇ ਵਿਚਰਦਾ ਹੈ। ਕਈ ਵਾਰੀ ਉਸ ਵਿਚ ਮਾਨਸਿਕ ਤੌਰ ਤੇ ਵੀ ਉਲਾਰ ਆ ਜਾਂਦਾ ਹੈ। ਕਈ ਵਾਰੀ ਉਹ ਖ਼ੁਦਕੁਸ਼ੀ ਕਰ ਕੇ ਮੌਤ ਨੂੰ ਹੀ ਗਲੇ ਲਾ ਲੈਂਦਾ ਹੈ।ਪਿਆਰ ਦੇ ਦੋ ਮਿੱਠੇ ਬੋਲ ਉਸ ਦੀ ਰੂਹ ਦੀ ਖ਼ੁਰਾਕ ਨੂੰ ਪੂਰਾ ਕਰਦੇ ਹਨ। ਉਸ ਦੇ ਤੱਪਦੇ ਹਿਰਦੇ ਲਈ ਮਲੱਮ ਦਾ ਕੰਮ ਕਰਦੇ ਹਨ। ਉਸ ਦੇ ਮਨ ਨੂੰ ਠੰਢਕ ਪਹੁੰਚਦੀ ਹੈ। ਸ਼ਾਬਾਸ਼ ਅਤੇ ਉਤਸ਼ਾਹ ਦਾ ਥਾਪੜਾ ਮਨੁੱਖ ਦੇ ਜੀਵਨ ਵਿਚ ਖੇੜ੍ਹਾ ਲਿਆ ਦਿੰਦਾ ਹੈ।ਉਸ ਦੀ ਸਿਫ਼ਤ ਵਿਚ ਕਹੇ ਹੋਏ ਦੋ ਬੋਲ ਉਸ ਦੀਆਂ ਸੁੱਤੀਆਂ ਸ਼ਕਤੀਆਂ ਜਗਾਉਂਦੇ ਹਨ ਅਤੇ ਉਹ ਆਪਣੀ ਪੂਰੀ ਸਮਰੱਥਾ ਨਾਲ ਸਫ਼ਲਤਾ ਦੇ ਅੱਗੇ ਵਧਦਾ ਹੈ। ਪਰ ਅਫ਼ਸੋਸ ਅਸੀਂ ਕਿਸੇ ਦੂਸਰੇ ਦੀ ਸਿਫ਼ਤ ਕਰਨ ਲੱਗੇ ਕੰਜੂਸੀ ਕਰ ਜਾਂਦੇ ਹਾਂ ਜਾਂ ਕਈ ਲੋਕ ਆਪਣੇ ਲਾਲਚ ਵੱਸ ਉਸ ਦੀ ਝੂਠੀ ਤਾਰੀਫ਼ ਕਰ ਕੇ ਐਵੇਂ ਹੀ ਉਸ ਨੂੰ ਆਸਮਾਨ ਤੇ ਚਾੜ੍ਹ ਦਿੰਦੇ ਹਨ। ਉਸ ਉੱਚਾਈ ਤੋਂ ਜਦ ਉਹ  ਸਖ਼ਤ ਜ਼ਮੀਨ ਤੇ ਡਿੱਗਦਾ ਹੈ ਤਾਂ ਉਸ ਦੀ ਰੂਹ ਫੱਟੜ ਹੋ ਜਾਂਦੀ ਹੈ। ਫਿਰ ਉਸ ਨੂੰ ਪਤਾ ਲਗਦਾ ਹੈ ਕਿ ਉਸ ਨਾਲ ਕਿੱਡਾ ਵੱਡਾ ਧੋਖਾ ਹੋਇਆ ਹੈ।
'ਪਿਆਰ' ਘਰ ਤੋਂ ਸ਼ੁਰੂ ਹੁੰਦਾ ਹੈ। ਬਚਪਨ ਵਿਚ ਇਹ ਪਿਆਰ ਮਨੁੱਖ ਨੂੰ ਉਸ ਦੇ ਮਾਤਾ-ਪਿਤਾ, ਦਾਦਾ-ਦਾਦੀ, ਨਾਨਾ-ਨਾਨੀ, ਭੈਣ ਭਰਾ ਅਤੇ ਹੋਰ ਸਨੇਹੀਆਂ ਤੋਂ ਮਿਲਦਾ ਹੈ ਪਰ ਕਈ ਬੱਚੇ ਅਣਚਾਹੇ ਪੈਦਾ ਹੁੰਦੇ ਹਨ ਜਾਂ ਉਨ੍ਹਾਂ ਦੇ ਮਾਂ ਪਿਓ ਜਲਦੀ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ, ਉਹ ਪਿਆਰ ੇ ਨਿੱਘ ਤੋਂ ਵਾਂਝੇ ਰਹਿ ਜਾਂਦੇ ਹਨ।ਦੇ ਜੀਵਨ ਦੇ ਵਿਕਾਸ ਵਿਚ ਕੁਝ ਕਮੀ ਰਹਿ ਜਾਂਦੀ ਹੈ। ਜਦ ਬੱਚਾ ਜੁਆਨ ਹੁੰਦਾ ਹੈ ਤਾਂ ਉਸ ਇਹ ਪਿਆਰ ਆਪਣੇ ਜੀਵਨ ਸਾਥੀ ਤੋਂ ਅਤੇ ਦੋਸਤਾਂ ਮਿੱਤਰਾਂ ਤੋਂ ਮਿਲਦਾ ਹੈ। ਜੇ ਕਿਸੇ ਮਨੁੱਖ ੂੰ ਘਰ ਵਿਚੋਂ ਪਿਆਰ ਦੀ ਪੂਰਤੀ ਨਾ ਹੋਏ ਤਾਂ ਉਹ ਇਸ ਕਮੀ ਬਾਹਰੋਂ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਬਾਹਰੋਂ ਵੀ ਇਹ ਕਮੀ ਪੂਰੀ ਨਾ ਹੋਏ ਤਾਂ ਉਹ ਆਪਣੇ ਆਪ ਇਸ ਦੁਨੀਆਂ ਵਿਚ ਇਕੱਲਾ ਅਤੇ ਫ਼ਾਲਤੂ ਜਿਹਾ ਮਹਿਸੂਸ ਕਰਦਾ ਹੈ। ਉਸ ਦੀ ਜ਼ਿੰਦਗੀ ਮਕਸਦਹੀਨ ਹੋ ਕੇ ਰਹਿ ਜਾਂਦੀ ਹੈ। ਇਸੇ ਲਈ ਕਈ ਬਜ਼ੁਰਗ ਜਦ ਆਪਣੇ ਆਪ ੂੰ ਇਕੱਲਾ ਮਹਿਸੂਸ ਕਰਦੇ ਹਨ ਾਂ ਉਹ ਪਾਲਤੂ ਜਾਨਵਰਾਂ ਜਾਂ ਫੁੱਲ ਬੂਟਿਆਂ ਨਾਲ ਹੀ ਪਿਆਰ ਲੈਂਦੇ ਹਨ। ਉਨ੍ਹਾਂ ਪੇੜ ਪੌਧੇ ਅਤੇ ਪਸ਼ੂ ਪੰਛੀ ਆਪਣੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੀ ਜਾਪਦੇ ਹਨ। ਇਸ ਸਾਥ ਨਾਲ ਵੀ ਉਨ੍ਹਾਂ ਦਾ ਜੀਵਨ ਕੁਝ ਸੰਭਲ ਜਾਂਦਾ ਹੈ ਅਤੇ ਅਗਲਾ ਪੰਧ ਸੌਖਾ ਹੋ ਜਾਂਦਾ ਹੈ।
ਫਿਰ ਵੀ ਜੇ ਦੇਖਿਆ ਜਾਏ ਤਾਂ 'ਪਿਆਰ' ਜ਼ਿੰਦਗੀ ਵਿਚ ਸਭ ਕੁਝ ਹੀ ਤਾਂ ਨਹੀਂ ਹੁੰਦਾ। ਪਿਆਰ ਤੋਂ ਬਿਨਾਂ ਵੀ ਜ਼ਿੰਦਗੀ ਵਿਚ ਕਈ ਕੰਮ ਮਨੁੱਖ ਦੀ ਰੂਹ ਦੀ ਖ਼ੁਰਾਕ ਬਣਦੇ ਹਨ ਅਤੇ ਉਸ ਨੂੰ ਮਾਨਸਿਕ ਖ਼ੁਸ਼ੀ ਦਿੰਦੇ ਹਨ। ਇਹ ਕੰਮ ਮਨੁੱਖ ਦੀ ਖ਼ੁਸ਼ਕ ਜ਼ਿੰਦਗੀ ਵਿਚ ਰੰਗ ਭਰ ਕੇ ਉਸ ਨੂੰ ਜੀਵਨ ਦਾ ਆਹਰ ਬਖ਼ਸ਼ਦੇ ਹਨ। ਹਰ ਮਨੁੱਖ ਚਾਹੁੰਦਾ ਹੈ ਕਿ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇ। ਉਸ ਦਾ ਸਮਾਜ ਵਿਚ ਉੱਚਾ ਨਾਮ ਹੋਵੇ। ਉਹ ਵੀ ਸਫ਼ਲ ਮਨੁੱਖਾਂ ਦੀ ਤਰ੍ਹਾਂ ਜ਼ਿੰਦਗੀ ਦੇ ਆਸਮਾਨ ਉੱਤੇ ਧਰੂ ਤਾਰੇ ਦੀ ਤਰ੍ਹਾਂ ਚਮਕੇ ਪਰ ਆਸਮਾਨ ਵਿਚ ਉਹ ਓਨੀ ਹੀ ਉੱਚੀ ਉਡਾਰੀ ਮਾਰ ਸਕਦਾ ਹੈ ਜਿੰਨਾ ਉਸ ਦੇ ਖੰਭਾਂ ਵਿਚ ਬਲ ਹੁੰਦਾ ਹੈ।
ਬੇਸ਼ੱਕ ਸਭ ਮਨੁੱਖ ਇਕੋ ਹੀ ਧਰਤੀ 'ਤੇ ਅਤੇ ਇਕੋ ਹੀ ਆਸਮਾਨ ਹੇਠਾਂ ਰਹਿੰਦੇ ਹਨ ਪਰ ਫਿਰ ਵੀ ਸਭ ਦੀ ਧਰਤੀ ਅਤੇ ਆਸਮਾਨ ਇਕੋ ਜਿਹਾ ਨਹੀਂ। ਸਭ ਦੀ ਧਰਤੀ ਇਕੋ ਜਿਹੀ ਨਹੀਂ ਕਿਉਂਕਿ ਸਭ ਨੂੰ ਵਿਰਾਸਤ ਵਿਚ ਅਲੱਗ ਅਲੱਗ ਧਨ ਦੌਲਤ, ਸੁੱਖ ਸਹੂਲਤਾਂ ਅਤੇ ਮੌਕੇ ਮਿਲੇ ਹਨ। ਸਭ ਦੀ ਪਰਵਰਿਸ਼ ਅਲੱਗ ਅਲੱਗ ਹਾਲਤ ਵਿਚ ਅਤੇ ਅਲੱਗ ਅਲੱਗ ਢੰਗ ਨਾਲ ਹੋਈ ਹੈ। ਸਭ ਨੂੰ ਅਲੱਗ ਅਲੱਗ ਪਿਆਰ, ਵਿਦਿਆ ਅਤੇ ਸੰਸਕਾਰ ਮਿਲੇ ਹਨ। ਸਭ ਦਾ ਜੋਸ਼, ਸਰੀਰਕ ਬਲ, ਬੁੱਧੀ, ਵਿਕਾਸ ਅਤੇ ਸਮਰੱਥਾ ਅਲੱਗ ਗ ਹੈ। ਇਹ ਸਭ ਕੁਝ ਹੀ ਕਿਸੇ ਮਨੁੱਖ ਦੀ ਧਰਤੀ ਹੈ। ਅਜਿਹੀ ਉਪਜਾਊ  ਧਰਤੀ ਹੀ ਮਨੁੱਖ ਦੀ ਉਡਾਣ ਨੂੰ ਆਸਮਾਨ ਵਿਚ ਹੁਲਾਰਾ ਦਿੰਦੀ ਹੈ। ਇਸੇ ਧਰਤੀ ਵਿਚ ਹੀ ਮਨੁੱਖ ਮਿਹਨਤ, ਉੱਚੇ ਇਰਾਦਿਆਂ ਅਤੇ ਸਫ਼ਲਤਾ ਦੇ ਬੀਜ ਫੁੱਟਦੇ ਹਨ। ਇਹ ਹੀ ਬੀਜ ਫੁੱਟ ਅੱਗੋਂ ਮੌਲਦੇ ਹਨ ਅਤੇ ਉਸ ਦੀਆਂ ਜਿੱਤਾਂ ਅਤੇ ਪ੍ਰਾਪਤੀਆਂ ਦੇ ਰੂਪ ਵਿਚ ਆਸਮਾਨ ਵਿਚ ਫੈਲਦੇ ਹਨ। ਕੋਈ ਮਨੁੱਖ ਆਪਣੀ ਜ਼ਰਖੇਜ਼ ਧਰਤੀ ਨੂੰ ਆਪਣੀ ਇਕਾਗਰਤਾ, ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਕੁਝ ਹੱਦ ਤੱਕ ਵਧਾ ਵੀ ਸਕਦਾ ਹੈ ਅਤੇ ਮੱਲਾਂ ਮਾਰ ਸਕਦਾ ਹੈ। ਇਹ ਹੀ ਉਸ ਦਾ ਆਸਮਾਨ ਹੈ। ਉਹ ਆਪਣੀ ਧਰਤੀ ਨਾਲੋਂ ਬਿਲਕੁਲ ਟੁੱਟ ਕੇ ਕਦੀ ਆਸਮਾਨ ਨਹੀਂ ਛੂਹ ਸਕਦਾ। ਇਸ ਹਿਸਾਬ ਸਿਰ ਹੀ ਹਰ ਮਨੁੱਖ ਦੀ ਜ਼ਿੰਦਗੀ ਦੀ ਪ੍ਰਾਪਤੀ ਅਲੱਗ ਅਲੱਗ ਹੈ। ਇਸ ਲਈ ਆਪਣੀ ਖ਼ੁਸ਼ੀ ਅਤੇ ਪ੍ਰੇਸ਼ਾਨੀ ਦੀ ਤੁਲਨਾ ਕਿਸੇ ਦੂਸਰੇ ਨਾਲ ਕਰੋ ਕਿਉਂਕਿ ਕਾਮਯਾਬੀ ਦੇ ਰਸਤੇ ਸਾਰਿਆਂ ਲਈ ਇਕੋ ਜਿਹੇ ਨਹੀਂ ਹੁੰਦੇ। ਉਰਦੂ ਦੇ ਸ਼ਾਇਰ ਨਿਦਾ ਫ਼ਾਜ਼ਲੀ ਨੇ ਬਹੁਤ ਸੋਹਣਾ ਕਿਹਾ ਹੈ:

ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ,
ਕਹੀਂ ਜ਼ਮੀਂ ਤੋ ਕਹੀਂ ਆਸਮਾਂ ਨਹੀਂ ਮਿਲਤਾ।

ਮਨੁੱਖਾ ਜੀਵਨ ਅਨਮੋਲ ਹੈ। ਸਾਨੂੰ ਜ਼ਿੰਦਗੀ ਇਕੋ ਵਾਰੀ ਹੀ ਮਿਲਦੀ ਹੈ। ਇਸ ਨੂੰ ਖੁਲ੍ਹ ਕੇ ਜੀਓ। ਜ਼ਿੰਦਗੀ ਤਾਂ ਫੁੱਲਾਂ ਵਾਂਗ ਹੱਲਕੀ ਦੋਸਤੋ, ਭਾਰੀ ਤਾਂ ਖਾਹਿਸ਼ਾਂ ਦੀ ਪੰਡ ਹੈ ਜੋ ਅਸੀਂ ਬਿਨਾਂ ਵਜ੍ਹਾ ਹੀ ਚੁੱਕੀ ਫਿਰਦੇ ਹਾਂ। ਸਾਡੇ ਜ਼ਿਆਦੇ ਦੁੱਖ ਆਪਣੇ ਹੀ ਸਹੇੜੇ ਹੋਏ ਹੁੰਦੇ ਹਨ। ਅਸੀਂ ਉਨ੍ਹਾਂ ਗੱਲਾਂ ਜਾਂ ਘਟਨਾਵਾਂ ਬਾਰੇ ਸੋਚ ਸੋਚ ਕੇ ਹੀ ਚਿੰਤਾ ਮਗਨ ਅਤੇ ਦੁਖੀ ਰਹਿੰਦੇ ਹਾਂ ਜਿਹੜੀਆਂ ਸਾਡੀ ਜ਼ਿੰਦਗੀ ਵਿਚ ਕਦੀ ਵਾਪਰਨੀਆਂ ਹੀ ਨਹੀਂ। ਕਈ ਵਾਰੀ ਅਸੀਂ ਆਪਣੀਆਂ ਇੱਛਾਵਾਂ ਨੂੰ ਆਪਣੀ ਸਮਰੱਥਾ ਤੋਂ ਜਿਆਦਾ ਵਧਾ ਲੈਂਦੇ ਹਾਂ, ਜੋ ਪੂਰੀਆਂ ਨਹੀਂ ਹੋ ਸਕਦੀਆਂ। ਇਸ ਲਈ ਅਸੀਂ ਹਰ ਸਮੇਂ ਦੁਖੀ ਹੀ ਰਹਿੰਦੇ ਹਾਂ।
ਆਪਣੇ ਮਨ ਵਿਚ ਧਿਆਨ ਰੱਖੋ ਕਿ ਤੁਸੀਂ ਕੋਈ ਆਮ ਆਦਮੀ ਨਹੀਂ। ਤੁਹਾਡਾ ਜਨਮ ਕਿਸੇ ਖ਼ਾਸ ਮਕਸਦ ਲਈ ਹੋਇਆ ਹੈ। ਉਸ ਮਕਸਦ ਨੂੰ ਪੂਰਾ ਕਰਨ ਤੋਂ ਪਹਿਲਾਂ ਕਦੀ ਹਾਰ ਨਾ ਮੰਨੋ। ਡੱਟੇ ਰਹੋ। ਇਹ ਹੀ ਤੁਹਾਡੀ ਜ਼ਿੰਦਗੀ ਦੀ ਜੰਗ ਹੈ, ਜਿਸ ਨੂੰ ਤੁਸੀਂ ਹਰ ਹਾਲ ਵਿਚ ਜਿੱਤਣਾ ਹੀ ਹੈ। ਤੁਹਡੀ ਮੰਜ਼ਿਲ ਕਿਹੜੀ ਹੈ? ਤੁਸੀਂ ਕਿਸ ਰਾਹ ਤੇ ਚੱਲ ਕੇ ਉੱਥੇ ਪਹੁੰਚਣਾ ਹੈ? ਇਸ ਦਾ ਫੈਸਲਾ ਤੁਸੀਂ ਖ਼ੁਦ ਕਰਨਾ ਹੈ।
ਆਮ ਤੋਰ ਤੇ ਬੰਦੇ ਦਾ ਹੁਨਰ ਹੀ ਉਸ ਦਾ ਸ਼ੋਂਕ ਹੁੰਦਾ ਹੈ। ਉਸੇ ਕੰਮ ਵਿਚ ਹੀ ਉਸ ਦੀ ਸਭ ਤੋਂ ਜ਼ਿਆਦਾ ਇਕਾਗਰਤਾ ਹੁੰਦੀ ਹੈ। ਇਸੇ ਲਈ ਉਸੇ ਕੰਮ ਵਿਚ ਹੀ ਉਹ ਆਪਣੇ ਸ਼ਾਹਕਾਰ ਬਣਾਉਂਦਾ ਹੈ ਅਤੇ ਆਪਣੀ ਮਾਨਸਿਕ ਤਸੱਲੀ ਹਾਸਲ ਕਰਦਾ ਹੈ ਅਤੇ ਦੁਨੀਆਂ ਤੋਂ ਵਾਹ ਵਾਹ ਖੱਟਦਾ ਹੈ। ਬੰਦੇ ਦਾ ਸ਼ੋਂਕ ਅਤੇ ਰੁਜ਼ਗਾਰ ਦੋ ਅਲੱਗ ਅਲੱਗ ਚੀਜ਼ਾਂ ਹਨ। ਜਦ ਕਿਸੇ ਬੰਦੇ ਦਾ ਸ਼ੋਂਕ ਅਤੇ ਰੁਜ਼ਗਾਰ ਇਕ ਹੀ ਹੋਣ ਤਾਂ ਉਹ ਬਹੁਤ ਜਲਦੀ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ। ਉਸ ਦੇ ਕੰਮ ਵਿਚ ਪ੍ਰਵੀਨਤਾ ਵੀ ਬਹੁਤ ਆਉਂਦੀ ਹੈ।
ਹਰ ਬੰਦੇ ਦਾ ਸ਼ੌਂਕ ਆਪਣਾ ਆਪਣਾ ਹੁੰਦਾ ਹੈ ਜਿਸ ਨੂੰ ਪੂਰਾ ਕਰਕੇ ਉਸ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਅਤੇ ਉਹ ਆਪਣੀ ਜ਼ਿੰਦਗੀ ਨੂੰ ਕਾਮਯਾਬ ਸਮਝਦਾ ਹੈ। ਜਿਵੇਂ ਇਕ ਸਿਪਾਹੀ ਨੂੰ ਜੰਗ ਜਿੱਤਣ ਦਾ ਜਾਂ ਆਪਣੇ ਦੇਸ਼ ਲਈ ਸ਼ਹੀਦ ਹੋਣ ਦਾ ਚਾਅ ਹੁੰਦਾ ਹੈ। ਇਸੇ ਤਰ੍ਹਾਂ ਇਕ ਖਿਡਾਰੀ ਨੂੰ ਤਗਮੇ ਜਿੱਤਣ ਦਾ ਸਰੂਰ ਹੁੰਦਾ ਹੈ। ਕਈ ਲੋਕਾਂ ਲਈ ਸਾਹਿਤ ਹੀ ਰੂਹ ਦੀ ਖੁਰਾਕ ਹੁੰਦੀ ਹੈ। ਉਹ ਨਵਾਂ ਸਾਹਿਤ ਪੜ੍ਹ ਕੇ ਆਪਣੇ ਗਿਆਨ ਵਿਚ ਵਾਧਾ ਕਰਦੇ ਹਨ। ਕਿਤਾਬਾਂ ਹੀ ਉਨ੍ਹਾਂ ਦੀਆਂ ਸਾਥੀ ਹੁੰਦੀਆਂ ਹਨ। ਕਈ ਲੋਕ ਪ੍ਰਮਾਤਮਾ ਦੀ ਭਗਤੀ ਨੂੰ ਹੀ ਰੂਹ ਦੀ ਖ਼ੁਰਾਕ ਮੰਨਦੇ ਹਨ। ਨਾਮ ਜਪ ਕੇ ਹੀ ਉਹ ਜਨਮ ਮਰਨ ਤੋਂ ਮੁਕਤ ਹੋਣਾ ਚਾਹੁੰਦੇ ਹਨ। ਕਈ ਲੋਕ ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਇਸ਼ਟ ਮੰਨ ਕੇ ਸਾਰੀ ਉਮਰ ਇਸ ਕੰਮ ਤੇ ਹੀ ਲਾ ਦਿੰਦੇ ਹਨ। ਇਸੇ ਤਰ੍ਹਾਂ ਵਿਗਿਆਨਿਕਾਂ, ਖੋਜੀਆਂ, ਵਿਦਵਾਨਾਂ ਅਤੇ ਕਲਾਕਾਰਾਂ ਦਾ ਆਪਣਾ ਆਪਣਾ ਇਸ਼ਟ ਹੁੰਦਾ ਹੈ। ਕਈ ਬੰਦੇ ਧਨ ਦੇ ਅੰਬਾਰ ਇਕੱਠੇ ਕਰਨ ਨੂੰ ਜਾਂ ਰਾਜ ਦਰਬਾਰ ਵਿਚ ਉੱਚੀ ਪੋਜ਼ੀਸ਼ਨ ਹਾਸਲ ਕਰਨ ਨੂੰ ਹੀ ਆਪਣੀ ਮੰਜ਼ਿਲ ਮੰਨ ਲੈਂਦੇ ਹਨ ਅਤੇ ਜ਼ਿੰਦਗੀ ਦੀ ਸਾਰੀ ਸ਼ਕਤੀ ਇਸ ਪਾਸੇ ਹੀ ਲਾ ਦਿੰਦੇ ਹਨ।ਇਨ੍ਹਾਂ ਸਭ ਦੀ ਆਪਣੀ ਆਪਣੀ ਧਰਤੀ ਅਤੇ ਆਸਮਾਨ ਵੀ ਆਪਣਾ ਆਪਣਾ ਹੀ ਹੈ।
ਚਮਕਣ ਵਾਲੀਆਂ ਚੀਜ਼ਾਂ ਸੋਹਣੀਆਂ ਤਾਂ ਲੱਗਦੀਆਂ ਹਨ ਪਰ ਉਹ ਸਾਰੀਆਂ ਸੋਨਾ ਨਹੀਂ ਹੁੰਦੀਆਂ। ਇਸ ਲਈ ਦੂਜਿਆਂ ਦੀ ਰੀਸ ਨਾ ਕਰੋ। ਆਪਣਾ ਬਲ, ਬੁੱਧੀ ਅਤੇ ਸਾਧਨਾ ਨੂੰ ਧਿਆਨ ਵਿਚ ਰੱਖਦੇ ਹੋਏ ਅੱਗੇ ਵਧੋ।ਜ਼ਿੰਦਗੀ ਜਿਉਣ ਦਾ ਸਭ ਦਾ ਆਪਣਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ। ਬਹੁਤ ਸਾਰੇ ਲੋਕ ਇਸ ਦੁਨੀਆਂ ਤੋਂ ਰੋਂਦੇ ਕਲਪਦੇ ਹੀ ਤੁਰ ਜਾਂਦੇ ਹਨ। ਉਨ੍ਹਾਂ ਦੀ ਸਾਰੀ ਜ਼ਿੰਦਗੀ ਦੂਜਿਆਂ ਨਾਲ ਗੁੱਸੇ ਗਿਲੇ ਅਤੇ ਝੋਰਿਆਂ ਵਿਚ ਹੀ ਗੁਜ਼ਰ ਜਾਂਦੀ ਹੈ। ਉਨ੍ਹਾਂ ਨੂੰ ਜਾਪਦਾ ਹੈ ਜਿਵੇਂ ਰੱਬ ਨੇ ਉਨ੍ਹਾਂ ਨੂੰ ਇਸ ਧਰਤੀ 'ਤੇ ਦੁੱਖ ਸਹਿਣ ਲਈ ਹੀ ਭੇਜਿਆ ਹੋਵੇ। ਇਸ ਲਈ ਰੱਬ ਨੇ ਉਨ੍ਹਾਂ ਨੂੰ ਜਨਮ ਦੇ ਕੇ ਬਹੁਤ ਵੱਡਾ ਜ਼ੁਲਮ ਕੀਤਾ ਹੋਵੇ। ਜਿੰਦਗੀ ਵਿਚ ਉਨ੍ਹਾਂ ਨੂੰ ਕੋਈ ਚੀਜ਼ ਚੰਗੀ ਦਿਖਾਈ ਨਹੀਂ ਦਿੰਦੀ। ਉਨ੍ਹਾਂ ਦੀ ਜ਼ਿੰਦਗੀ ਇਕ ਸਰਾਪ ਬਣ ਕੇ ਹੀ ਰਹਿ ਜਾਂਦੀ ਹੈ। ਉਹ ਮਹਿਸੂਸ ਕਰਦੇ ਹਨ ਕਿ ਰੱਬ ਨੇ ਉਨ੍ਹਾਂ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਹੈ।
ਦੂਜੇ ਪਾਸੇ ਕਈ ਲੋਕ 'ਜਹਾਂ ਜਾਈਏ, ਤਹਾਂ ਸੁਹੇਲੇ' ਦਾ ਮਾਹੌਲ ਬਣਾ ਕੇ ਜ਼ਿੰਦਗੀ ਜਿਉਂਦੇ ਹਨ। ਉਹ ਹਰ ਪਾਸੇ ਖ਼ੁਸ਼ੀਆਂ ਅਤੇ ਖ਼ੁਸ਼ਬੋਆਂ ਖਿਲਾਰਦੇ ਹਨ। ਉਹ ਰਸਤੇ ਦੇ ਕੱਖ, ਕੰਡੇ ਅਤੇ ਰੋੜਿਆਂ ਨੂੰ ਸਾਫ ਕਰ ਕੇ ਫੁੱਲਾਂ ਨਾਲ ਸਜਾਉਂਦੇ ਹਨ। ਉਹ ਹਰ ਇਕ ਨੂੰ ਖੇੜੇ ਹੀ ਵੰਡਦੇ ਹਨ। ਉਹ ਸਭ ਪਾਸੇ ਨਰੋਇਆ ਮਾਹੋਲ ਹੀ ਸਿਰਜਦੇ ਹਨ। ਉਹ ਸਦਾ ਚੜ੍ਹਦੀਕਲਾ ਵਿਚ ਰਹਿ ਕੇ ਜ਼ਿੰਦਗੀ ਦੀ ਜੰਗ ਵਿਚ ਜੇਤੂ ਹੋ ਕੇ ਹੀ ਨਿੱਤਰਦੇ ਹਨ। ਉਹ ਜਾਣਦੇ ਹਨ ਕਿ ਖ਼ੁਸ਼ੀ ਮੁਫ਼ਤ ਵਿਚ ਮਿਲਦੀ ਹੈ। ਇਸ ਲਈ ਉਹ ਖ਼ੁਸ਼ ਹੋਣ ਲਈ ਅਮੀਰ ਹੋਣ ਦਾ ਇੰਤਜਾਰ ਨਹੀਂ ਕਰਦੇ। ਉਹ ਸਦਾ ਹੀ ਸਹਿਜ ਵਿਚ ਰਹਿੰਦੇ ਹਨ। ਉਹ ਹਮੇਸ਼ਾਂ ਵਾਹਿਗੁਰੂ ਦੇ ਸ਼ੁਕਰਾਨੇ ਵਿਚ ਰਹਿੰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ 'ਜਿੰਨੇ ਜੋਗੇ ਅਸੀਂ ਹਾਂ, ਪ੍ਰਮਾਤਮਾਂ ਨੇ ਉਸ ਤੋਂ ਕਿਤੇ ਵੱਧ ਸਾਨੂੰ ਦਿੱਤਾ ਹੈ'।
ਐਵੇਂ ਸ਼ਿਕਵੇ ਸ਼ਿਕਾਇਤਾਂ ਵਿਚ ਰੋ ਧੋ ਕੇ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾਓ। ਮੰਨਿਆ ਕਿ ਤੁਸੀਂ ਸਾਰੀ ਦੁਨੀਆਂ ਨੂੰ ਖ਼ੁਸ਼ ਨਹੀਂ ਕਰ ਸਕਦੇ ਪਰ ਇਕ ਬੰਦੇ ਨੂੰ ਤਾਂ ਖ਼ੁਸ਼ ਕਰ ਲਓ। ਭਲਾ ਕਿਸ ਨੂੰ? ਜਿਸ ਨੂੰ ਤੁਸੀਂ ਰੋਜ ਸ਼ੀਸ਼ੇ ਵਿਚ ਦੇਖਦੇ ਹੋ। ਬੀਤੇ ਕੱਲ੍ਹ ਦਾ ਜਾਂ ਆਉਣ ਵਾਲੇ ਕੱਲ੍ਹ ਦਾ ਫ਼ਿਕਰ ਨਾ ਕਰੋ। ਇਹ ਸਭ ਫ਼ਿਕਰ ਪ੍ਰਮਾਤਮਾ ਤੇ ਛੱਡ ਦਿਓ, ਜਿਸ ਨੇ ਤੁਹਾਨੂੰ ਜਨਮ ਦਿੱਤਾ ਹੈ। ਅੱਜ ਨੂੰ ਖ਼ੁਸ਼ਹਾਲ ਬਣਾਓ ਅਤੇ ਸ਼ਾਂਤੀ ਨਾਲ ਜੀਓ। ਤੁਹਾਡੇ ਹੱਥ ਵਿਚ ਕੇਵਲ ਅੱਜ (ਵਰਤਮਾਨ) ਹੈ। ਤੁਸੀਂ ਅੱਜ ਮਿਹਨਤ ਅਤੇ ਚੰਗੇ ਕਰਮ ਕਰ ਕੇ ਸੁਨਹਿਰੀ ਭਵਿੱਖ ਦੀ ਸਿਰਜਨਾ ਕਰ ਸਕਦੇ ਹੋ। ਇਸ ਸਮੇਂ ਦਾ ਪੂਰਾ ਉਪਯੋਗ ਕਰੋ। ਵਿਹਲੇ ਬੈਠ ਕੇ ਜਾਂ ਸੌਂ ਕੇ ਸਮੇਂ ਨੂੰ ਜ਼ਾਇਆ ਨਾ ਕਰੋ। ਆਪਣੇ ਦਿਮਾਗ਼ ਦੇ ਕਪਾਟ ਖੋਲ੍ਹੋ ਅਤੇ ਸਰੀਰ ਦੇ ਸਾਰੇ ਅੰਗਾਂ ਦੀ ਪੂਰੀ ਤਰ੍ਹਾਂ ਵਰਤੋਂ ਕਰੋ। ਦੁਨੀਆਂ ਵਿਚ ਜੇਤੂ ਬਣ ਕੇ ਬਾਦਸ਼ਾਹਾਂ ਦੀ ਤਰ੍ਹਾਂ ਜੀਓ। ਤੁਸੀਂ ਆਪਣੀ ਜ਼ਿੰਦਗੀ ਦੇ ਬਾਦਸ਼ਾਹ ਖ਼ੁਦ ਹੋ। ਆਪਣੀ ਸਲਤਨਤ ਨੂੰ ਪੂਰੀ ਤਰ੍ਹਾਂ ਤੰਦਰੁਸਤ ਅਤੇ ਖ਼ੁਸ਼ਹਾਲ ਰੱਖੋ। ਜਿਵੇਂ ਪੱਥਰ ਬਣੀ ਅਹੱਲਿਆ ਰਾਮ ਦੀ ਇਕ ਛੋਹ ਨੂੰ ਉਡੀਕ ਰਹੀ ਸੀ ਉਵੇਂ ਹੀ ਕਾਮਯਾਬੀ ਤੁਹਾਡੇ ਉੱਦਮੀ ਹੱਥਾਂ ਦੀ ਛੋਹ ਨੂੰ ਉਡੀਕ ਰਹੀ ਹੈ।
*****

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-094631-89432
83608-42861

email:  gursharan1183@yahoo.in

ਪ੍ਰੇਰਨਾਦਾਇਕ ਲੇਖ : ਠੋਕਰਾਂ ਤੋਂ ਕਿਵੇਂ ਬਚੀਏ ? - ਗੁਰਸ਼ਰਨ ਸਿੰਘ ਕੁਮਾਰ

ਠੋਕਰ ਇਸ ਕਰ ਕੇ ਨਹੀਂ ਲਗਦੀ ਕਿ ਇਨਸਾਨ ਗ਼ਿਰ ਜਾਏ,
ਠੋਕਰ ਇਸ ਕਰ ਕੇ ਲਗਦੀ ਹੈ ਕਿ ਇਨਸਾਨ ਸੰਭਲ ਜਾਏ।

ਕਈ ਵਾਰੀ ਅਸੀਂ ਕੰਮ ਕੋਈ ਕਰ ਰਹੇ ਹੁੰਦੇ ਹਾਂ ਪਰ ਸਾਡਾ ਧਿਆਨ ਕਿਧਰੇ ਹੋਰ ਹੁੰਦਾ ਹੈ। ਸਾਡੇ ਮਨ ਅਤੇ ਆਤਮਾਂ ਨੂੰ ਹੋਰ ਹੀ ਫੁਰਨੇ ਫੁਰਦੇ ਰਹਿੰਦੇ ਹਨ। ਅਸੀਂ ਹੱਥਲੇ ਕੰਮ ਲਈ ਇਕਾਗਰ ਚਿੱਤ ਨਹੀਂ ਰਹਿੰਦੇ। ਮੰਨ ਲਓ ਅਸੀਂ ਪਾਠ ਕਰ ਰਹੇ ਜਾਂ ਸੁਣ ਰਹੇ ਹਾਂ ਪਰ ਸਾਡਾ ਧਿਆਨ ਪਾਠ ਵਿਚ ਨਹੀਂ ਰਹਿੰਦਾ। ਮਨ ਕਿਧਰੇ ਹੋਰ ਉਡਾਰੀਆਂ ਮਾਰਦਾ ਰਹਿੰਦਾ ਹੈ। ਸਾਨੂੰ ਪਤਾ ਹੀ ਨਹੀਂ ਚਲਦਾ ਕਿ ਪਾਠ ਕਿਹੜੇ ਵੇਲੇ ਸ਼ੁਰੂ ਹੋਇਆ ਅਤੇ ਕਿਹੜੇ ਵੇਲੇ ਪੂਰਾ ਹੋ ਗਿਆ। ਇਸ ਤਰ੍ਹਾਂ ਅਸੀਂ ਅੰਦਰੋਂ ਖਾਲੀ ਦੇ ਖਾਲੀ ਹੀ ਰਹਿੰਦੇ ਹਾਂ। ਜੇ ਅਸੀਂ ਪੈਦਲ ਚਲ ਰਹੇ ਹੋਈਏ ਅਤੇ ਸਾਡਾ ਧਿਆਨ ਕਿਸੇ ਹੋਰ ਪਾਸੇ ਹੋਵੇ ਤਾਂ ਸਾਨੂੰ ਇੱਟਾਂ ਰੋੜਿਆਂ ਤੋਂ ਠੋਕ੍ਹਰਾਂ ਲਗਦੀਆਂ ਹਨ। ਕਈ ਵਾਰੀ ਦੂਸਰੇ ਬੰਦੇ ਜਾਂ ਜਾਨਵਰ ਵਿਚ ਵੀ ਜਾ ਵੱਜਦੇ ਹਾਂ। ਇਸ ਤਰ੍ਹਾਂ ਕਈ ਵਾਰੀ ਸਾਨੂੰ ਜ਼ਿਆਦਾ ਗਹਿਰੀ ਸੱਟ ਵੀ ਲੱਗ ਸਕਦੀ ਹੈ ਅਤੇ ਨੌਬਤ ਡਾਕਟਰ ਕੋਲ ਜਾਣ ਦੀ ਵੀ ਆ ਸਕਦੀ ਹੈ। ਇਸੇ ਤਰ੍ਹਾਂ ਜੇ ਅਸੀਂ ਭਰੀ ਸੜਕ ਤੇ  ਗੱਡੀ ਚਲਾ ਰਹੇ ਹੋਈਏ ਤਾਂ ਉਸ ਸਮੇਂ ਜੇ ਸਾਡਾ ਧਿਆਨ ਸਾਮ੍ਹਣੇ ਸੜਕ ਵਲ ਨਾ ਹੋ ਕੇ ਕਿਧਰੇ ਹੋਰ ਪਾਸੇ ਚਲਾ ਜਾਏ ਤਾਂ ਨਤੀਜਾ ਦੁਰਘਟਨਾ ਵਿਚ ਹੀ ਨਿਕਲੇਗਾ। ਇਸ ਨਾਲ ਸਾਨੂੰ ਜਾਂ ਕਿਸੇ ਦੂਸਰੇ ਨੂੰ ਭਿਆਨਕ ਸੱਟ ਵੀ ਲਗ ਸਕਦੀ ਹੈ ਜਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਜੇ ਅਸੀਂ ਘਰ ਵਿਚ ਵੀ ਬੇਧਿਆਨੇ ਚੱਲੀਏ ਤਾਂ ਸਾਨੂੰ ਘਰ ਦੇ ਬੈੱਡਾਂ, ਅਲਮਾਰੀਆਂ, ਕੁਰਸੀਆਂ ਮੇਜ਼ਾਂ ਅਤੇ ਹੋਰ ਸਮਾਨ ਨਾਲ ਠੋਕਰਾਂ ਲਗਦੀਆਂ ਹੀ ਰਹਿੰਦੀਆਂ ਹਨ ਜੋ ਸਾਨੂੰ ਯਾਦ ਕਰਾਉਂਦੀਆਂ ਹਨ ਕਿ ਸਾਨੂੰ ਆਪਣੀਆਂ ਅੱਖਾਂ ਅਤੇ ਦਿਮਾਗ ਤੋਂ ਪੂਰੀ ਤਰ੍ਹਾਂ ਕੰਮ ਲੈਣਾ ਚਾਹੀਦਾ ਹੈ।ਅਜਿਹੀਆਂ ਘਟਨਾਵਾਂ ਸਾਨੂੰ ਸਾਵਧਾਨ ਕਰਦੀਆਂ ਹਨ ਕਿ ਸੜਕ ਤੇ ਧਿਆਨ ਨਾਲ ਚਲੀਏ। ਅਸੀਂ ਬੇਧਿਆਨੀ ਨਾਲ ਕੋਈ ਕੰਮ ਨਾ ਕਰੀਏ। ਅਸੀਂ ਜੋ ਵੀ ਕੰਮ ਕਰੀਏ ਪੂਰੇ ਹੋਸ਼ੋ ਹਵਾਸ਼ ਨਾਲ ਕਰੀਏ। ਸਾਡਾ ਧਿਆਨ ਕਿਸੇ ਹੋਰ ਪਾਸੇ ਨਾ ਹੋਵੇ। ਇਸੇ ਲਈ ਕਹਿੰਦੇ ਹਨ ਕਿ 'ਸਾਵਧਾਨੀ ਹਟੀ, ਦੁਰਘਨਾ ਘਟੀ'। ਕਈ ਪਾਸੇ ਧਿਆਨ ਹੋਣ ਕਾਰਨ ਸਾਡੇ ਕੰਮ ਦੀ ਕੁਸ਼ਲਤਾ ਵੀ ਘਟਦੀ ਹੈ। ਹਰ ਸਾਲ ਲੱਖਾਂ ਲੋਕ ਸੜਕ ਦੁਰਘਟਨਾਵਾਂ ਵਿਚ ਆਪਣੀਆਂ ਕੀਮਤੀ ਜਾਨਾਂ ਗੁਆ ਬੈਠਦੇ ਹਨ। ਇਹ ਸਾਰਾ ਬੇਧਿਆਨੀ ਦਾ ਹੀ ਨਤੀਜਾ ਹੁੰਦਾ ਹੈ। ਜੇ ਥੋੜ੍ਹੀ ਜਿਹੀ ਸਾਵਧਾਨੀ ਵਰਤੀ ਜਾਏ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ।
ਠੋਕਰਾਂ ਸਾਨੂੰ ਸਾਵਧਾਨ ਕਰਦੀਆਂ ਹਨ ਕਿ ਅਸੀਂ ਸੁਚੇਤ ਹੋ ਕੇ ਅੱਗੇ ਵਧੀਏ। ਜਿਸ ਕੰਮ ਨੂੰ ਅਸੀਂ ਕਰ ਰਹੇ ਹਾਂ, ਉਸ ਵਲ ਆਪਣੀ ਪੂਰੀ ਤਵੱਜੋ ਦੇਵੀਏ । ਆਪਣੀ ਮੰਜ਼ਿਲ ਤੇ ਪਹੁੰਚਣ ਲਈ ਆਪਣੀ ਪੂਰੀ ਸ਼ਕਤੀ ਅਤੇ ਸਾਧਨ ਝੋਂਕ ਦੇਈਏ। ਇਸ ਤਰ੍ਹਾਂ ਅਸੀਂ ਰੁਕਾਵਟਾਂ ਤੋਂ ਬਚਦੇ ਹੋਏ ਆਪਣੇ ਨਿਸ਼ਾਨੇ ਤੇ ਜਲਦੀ ਪਹੁੰਚਾਂਗੇ।
ਆਪਣੀ ਲਾਪਰਵਾਹੀ ਕਾਰਨ ਹੀ ਅਸੀਂ ਕਈ ਵਾਰੀ ਬਿਮਾਰ ਪੈ ਜਾਂਦੇ ਹਾਂ। ਜਿਸ ਸਰੀਰ ਨੇ ਸਾਰੀ ਉਮਰ ਸਾਡਾ ਸਾਥ ਦੇਣਾ ਹੁੰਦਾ ਹੈ ਕਈ ਵਾਰੀ ਅਸੀ ਉਸ ਵਲ ਪੂਰਾ ਧਿਆਨ ਨਹੀਂ ਦਿੰਦੇ। ਬਿਮਾਰ ਹੋਣ ਦਾ ਮਤਲਬ ਹੁੰਦਾ ਹੈ ਕਿ ਅਸੀਂ ਆਪਣੇ ਸਰੀਰ ਵਲ ਪੂਰਾ ਧਿਆਨ ਦੇਈਏ ਅਤੇ ਤੰਦਰੁਸਤ ਰਹੀਏ। ਬਿਮਾਰੀ ਤੋਂ ਬਾਅਦ, ਕੁਝ ਦੇਰ ਅਰਾਮ ਕਰਨ ਨਾਲ ਸਾਡੀ ਸਰੀਰਕ ਊਰਜਾ ਰੀਚਾਰਜ ਹੁੰਦੀ ਹੈ ਅਤੇ ਸਾਨੂੰ ਤੰਦਰੁਸਤ ਹੋ ਕੇ ਫਿਰ ਤੋਂ ਪੂਰੇ ਜੋਸ਼ ਨਾਲ ਕੰਮ ਕਰਨ ਯੋਗ ਬਣਾਉਂਦੀ ਹੈ। ਕਈ ਵਾਰੀ ਕੋਈ ਚੀਜ਼ ਖਾਣ ਲੱਗੇ ਅਸੀਂ ਸੁਆਦਾਂ ਵਲ ਜਾਂਦੇ ਹਾਂ ਅਤੇ ਪੇਟ ਤੂਸੜ ਲੈਂਦੇ ਹਾਂ। ਅਸੀਂ ਇਹ ਨਹੀਂ ਦੇਖਦੇ ਕਿ ਸਾਡੀ ਸਿਹਤ ਲਈ ਇਹ ਠੀਕ ਹੈ ਜਾਂ ਨਹੀਂ।ਨੀਂਦ ਨਾ ਆਉਣਾ, ਪੇਟ ਖਰਾਬ ਹੋਣਾ ਜਾਂ ਕੋਈ ਹੋਰ ਸਰੀਰਕ ਵਿਕਾਰ ਪੈਦਾ ਹੋਣਾ ਸਾਨੂੰ ਆਪਣੇ ਖਾਣ ਪੀਣ ਅਤੇ ਕੰਮ ਕਰਨ ਦੇ ਢੰਗ ਤਰੀਕੇ ਪ੍ਰਤੀ ਸਾਵਧਾਨ ਹੋਣ ਲਈ ਪ੍ਰੇਰਿਤ ਕਰਦਾ ਹੈ।
ਠੋਕਰਾਂ ਅਤੇ ਛੋਟੀਆਂ ਛੋਟੀਆਂ ਦੁਰਘਟਨਾਵਾਂ ਤੋਂ ਬਚਨ ਦਾ ਇਕੋ ਇਕ ਤਰੀਕਾ ਹੈ- ''ਇਕਾਗਰਤਾ''। ਪੰਜਾਬੀ ਯੂਨੀਵਰਸਟੀ ਸ਼ਬਦ-ਕੋਸ਼ ਵਿਚ ਇਕਾਗਰਤਾ ਦਾ ਅਰਥ ਹੈ- ਮਗਨ ਹੋਣਾ, ਲਿਵ ਲੱਗਣਾ ਅਤੇ ਧਿਆਨ ਵਿਚ ਹੋਣਾ ਆਦਿ। ਇਸ ਹਿਸਾਬ ਸਿਰ ਇਕਾਗਰਤਾ ਦਾ ਮਤਲਬ ਹੈ ਇਕੋ ਪਾਸੇ ਧਿਆਨ ਹੋਣਾ। ਇਕ ਬਿੰਦੂ ਤੇ ਨਿਰੰਤਰ ਧਿਆਨ ਰੱਖ ਕੇ ਆਪਣੇ ਸਰੀਰ ਦੇ ਸਾਰੇ ਗਿਆਨ ਇੰਦਰਿਆਂ ਨੂੰ ਕੰਟਰੋਲ ਵਿਚ ਰੱਖਣ ਨਾਲ ਇਕਾਗਰਤਾ ਆਉਂਦੀ ਹੈ। ਇਕਾਗਰਤਾ ਲਈ ਯੋਗ ਦੇ ਕੁਝ ਆਸਨ ਵੀ ਹਨ।ਇਸ ਲਈ ਲਗਾਤਾਰ ਅਭਿਆਸ ਜ਼ਰੂਰੀ ਹੈ। ਇਕਾਗਰਤਾ ਦਾ ਮਹੱਤਵ ਕੇਵਲ ਸੰਸਾਰਿਕ ਪ੍ਰਾਪਤੀਆਂ ਲਈ ਹੀ ਨਹੀਂ ਹੁੰਦਾ ਸਗੋਂ ਅਧਿਆਤਮਿਕ ਪ੍ਰਾਪਤੀਆਂ ਲਈ ਵੀ ਇਕਾਗਰਤਾ ਜ਼ਰੂਰੀ ਹੈ।ਮਨੁੱਖੀ ਮਨ ਬਹੁਤ ਚੰਚਲ ਹੈ। ਇਹ ਥੋੜ੍ਹੀ ਕੀਤਿਆਂ ਟਿਕ ਕੇ ਨਹੀਂ ਰਹਿੰਦਾ।ਸਾਡੇ ਸਰੀਰਕ ਅੰਗ ਭਾਵ ਨੇਤਰ, ਕੰਨ, ਹੱਥ, ਪੈਰ, ਬਾਹਵਾਂ ਅਤੇ ਜੁਬਾਨ ਆਦਿ ਹਰ ਸਮੇਂ ਭਟਕਦੇ ਹੀ ਰਹਿੰਦੇ ਹਨ।ਇਸ ਤਰ੍ਹਾਂ ਕਿਸੇ ਕੰਮ ਵਿਚ ਸਾਡੀ ਇਕਾਗਰਤਾ ਘਟਦੀ ਹੈ ਅਤੇ ਕਈ ਵਾਰੀ ਸਾਨੂੰ ਨੁਕਸਾਨ ਵੀ ਉਠਉਣਾ ਪੈਂਦਾ ਹੈ। ਜ਼ਿੰਦਗੀ ਵਿਚ ਸਾਨੂੰ ਠੋਕਰਾਂ ਵੀ ਲਗਦੀਆਂ ਹਨ। ਇਨ੍ਹਾਂ ਤੇ ਇਕਾਗਰਤਾ ਨਾਲ ਹੀ ਕਾਬੂ ਪਾਇਆ ਜਾ ਸਕਦਾ ਹੈ। ਜਿਸ ਦਾ ਮਨ ਇਕਾਗਰ ਹੋ ਗਿਆ ਉਸ ਨੂੰ ਸਾਰੀਆਂ ਪ੍ਰਾਪਤੀਆ ਹੋ ਜਾਂਦੀਆਂ ਹਨ। ਇਸੇ ਲਈ ਗੁਰਬਾਣੀ ਵਿਚ ਵੀ ਲਿਖਿਆ ਹੈ-''ਮਨਿ ਜੀਤੈ ਜਗੁ ਜੀਤੁ''।
ਪ੍ਰਸਿਧ ਦਾਰਸ਼ਨਿਕ 'ਮਾਈਕਲ ਜੋਰਡਨ' ਲਿਖਦਾ ਹੈ ਕਿ ''ਜ਼ਿੰਦਗੀ ਵਿਚ ਰੁਕਾਵਟਾਂ ਤੁਹਾਨੂੰ ਕੰਮ ਤੋਂ ਰੋਕਣ ਲਈ ਨਹੀਂ ਆਉਂਦੀਆਂ। ਉਹ ਤੁਹਾਨੂੰ ਤੁਹਾਡੀ ਸਫ਼ਲਤਾ ਲਈ ਨਵਾਂ ਰਾਹ ਦਿਖਾਉਣ ਲਈ ਆਉਂਦੀਆਂ ਹਨ।'' ਬੇਸ਼ੱਕ ਮੁਸੀਬਤਾਂ ਸਾਨੂੰ ਪ੍ਰੇਸ਼ਾਨ ਕਰਦੀਆਂ ਹਨ ਪਰ ਮੁਸੀਬਤਾਂ ਸਾਨੂੰ ਮਜ਼ਬੂਤ ਵੀ ਬਣਾੳੇਣਦੀਆਂ ਹਨ। ਜਦ ਅਸੀਂ ਕਿਸੇ ਮੁਸੀਬਤ, ਕਿਸੇ ਪ੍ਰੇਸ਼ਾਨੀ ਜਾਂ ਔਕੜ ਵਿਚੋਂ ਨਿਕਲਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਪਹਿਲੇ ਨਾਲੋਂ ਮਜ਼ਬੂਤ ਪਾਉਂਦੇ ਹਾਂ। ਕਠਿਨ ਇਮਤਿਹਾਨ ਵਿਚੋਂ ਸਫ਼ਲ ਹੋ ਕੇ ਸਾਨੁੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਸਾਡਾ ਰੁਤਬਾ ਵਧਦਾ ਹੈ। ਸਾਡੇ ਵਿਚ ਹੋਰ ਵੀ ਕਠਿਨ ਪ੍ਰੀਖਿਆ ਨੂੰ ਸਰ ਕਰਨ ਦਾ ਹੌਸਲਾ ਪੈਦਾ ਹੁੰਦਾ ਹੈ। ਸਾਡਾ ਪ੍ਰੀਖਿਆ ਪ੍ਰਤੀ ਡਰ ਅਤੇ ਕਾਇਰਤਾ ਖ਼ਤਮ ਹੁੰਦੀ ਹੈ। ਜ਼ਿੰਦਗੀ ਵਿਚ ਕੋਈ ਵੀ ਮੁਕਾਬਲਾ ਹੋਵੇ ਤਾਂ ਸਾਨੂੰ ਪੂਰੀ ਇਕਾਗਰਤਾ ਦੀ ਲੋੜ ਪੈਂਦੀ ਹੈ। ਮੁਕਾਬਲੇ ਕਾਰਨ ਹੀ ਸਾਡੇ ਬਲ ਅਤੇ ਬੁਧੀ ਦੀ ਧਾਰ ਤਿੱਖੀ ਹੁੰਦੀ ਹੈ। ਬਿਨਾ ਮੁਕਾਬਲੇ ਤੋਂ ਮਿਲੀ ਜਿੱਤ ਦੀ ਬਹੁਤੀ ਖ਼ੁਸ਼ੀ ਨਹੀਂ ਹੁੰਦੀ। ਸਾਡੀਆਂ ਅਸਫ਼ਲਤਾਵਾਂ ਸਾਡੇ ਲਈ ਠੋਕਰਾਂ ਹੀ ਹੁੰਦੀਆਂ ਹਨ ਜੋ ਸਾਨੂੰ ਸੰਭਲਣ ਲਈ ਸੁਚੇਤ ਕਰਦੀਆਂ ਹਨ। ਜਦ ਅਸੀ ਕਿਸੇ ਕੰਮ ਵਿਚ ਅਸਫ਼ਲ ਹੁੰਦੇ ਹਾਂ ਤਾਂ ਸਾਨੂੰ ਨਵੇਂ ਸਿਰੇ ਤੋਂ ਆਤਮ ਮੰਥਨ ਦੀ ਜ਼ਰੂਰਤ ਪੈਂਦੀ ਹੈ ਕਿ ਸਾਡੀ ਅਸਫ਼ਲਤਾ ਦੇ ਕੀ ਕਾਰਨ ਹਨ? ਸਾਡੇ ਕੰਮ ਵਿਚ ਕੀ ਤਰੁਟੀਆਂ ਹਨ? ਕਿਵੇਂ ਅਸੀਂ ਆਪਣੇ ਕੰਮ ਵਿਚ ਸੁਧਾਰ ਕਰ ਕੇ ਅੱਗੇ ਤੋਂ ਸਫ਼ਲ ਹੋ ਸਕਦੇ ਹਾਂ? ਇਸੇ ਲਈ ਕਹਿੰਦੇ ਹਨ ਕਿ ਅਸਫ਼ਲਤਾ ਹੀ ਸਫ਼ਲਤਾ ਦੀ ਪੌੜੀ ਹੈ ਕਿਉਂਕਿ ਸਾਡੀਆਂ ਅਸਫ਼ਲਤਾਵਾਂ ਹੀ ਸਾਡੀ ਜ਼ਿੰਦਗੀ ਦੇ ਅਗਲੇ ਪੰਧ ਨੂੰ ਸਫ਼ਲ ਬਣਾਉਂਦੀਆਂ ਹਨ।
ਠੋਕਰਾਂ ਤੋਂ ਬਚਣ ਲਈ ਸਾਨੂੰ ਹੱਥਲੇ ਕੰਮ ਵਿਚ ਪੂਰੇ ਧਿਆਨ ਦੀ ਲੋੜ ਹੈ ਭਾਵ ਇਕਾਗਰਤਾ ਦੀ ਲੋੜ ਹੈ। ਅਸੀਂ ਜੋ ਵੀ ਕੰਮ ਕਰੀਏ ਸਾਰਾ ਧਿਆਨ ਅਤੇ ਸ਼ਕਤੀ ਉਸ ਵਲ ਹੀ ਲਾਈਏ। ਇਕ ਸਮੇਂ ਇਕੋ ਕੰਮ ਪੂਰੀ ਹੋਸ਼ ਅਤੇ ਪ੍ਰਤੀਬੱਧਤਾ ਨਾਲ ਕਰਨਾ ਚਾਹੀਦਾ ਹੈ। ਜੇ ਅਸੀਂ ਇਕੋ ਸਮੇਂ ਦੋ ਜਾਂ ਦੋ ਤੋਂ ਵੱਧ ਕੰਮ ਕਰਾਂਗੇ ਤਾਂ ਉਹ ਵਿਗੜ ਜਾਣਗੇ। ਅਜਿਹੇ ਕੰਮਾਂ ਵਿਚ ਕਈ ਗਲਤੀਆਂ ਵੀ ਹੋ ਜਾਣਗੀਆਂ। ਮੰਨ ਲਓ ਅਸੀਂ ਦਫ਼ਤਰ ਦਾ ਕੋਈ ਕੰਮ ਕਰ ਰਹੇ ਹਾਂ ਅਤੇ ਨਾਲ ਦੇ ਨਾਲ ਟੈਲੀਵੀਜ਼ਨ ਵੀ ਦੇਖ ਰਹੇ ਹਾਂ ਜਾਂ ਮੋਬਾਇਲ ਤੇ ਕਿਸੇ ਨਾਲ ਗੱਲਾਂ ਵੀ ਕਰ ਰਹੇ ਹਾਂ ਤਾਂ ਸਾਡੇ ਤੋਂ ਦੂਜੇ ਲੋਕ ਗੱਲਾਂ ਗੱਲਾਂ ਵਿਚ ਹੀ ਕਈ ਐਸੇ ਕਾਗਜ਼ਾਂ ਤੇ ਦਸਤਖਤ ਕਰਾ ਸਕਦੇ ਹਨ ਜਿੰਨ੍ਹਾਂ ਦਾ ਅੱਗੇ ਜਾ ਕੇ ਬਹੁਤ ਨੁਕਸਾਨ ਅਤੇ ਪਛਤਾਵਾ ਹੁੰਦਾ ਹੈ ਪਰ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ ਭਾਵ ਅਜਿਹੇ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ।
ਕਿਸੇ ਕੰਮ ਦੀ ਸਫ਼ਲਤਾ ਲਈ ਦ੍ਰਿੜ ਇਰਾਦੇ, ਬੁਲੰਦ ਹੌਸਲੇ ਅਤੇ ਸਖ਼ਤ ਮਿਹਨਤ ਦਾ ਹੋਣਾ ਜ਼ਰੂਰੀ ਹੈ ਪਰ ਇਸ ਦੇ ਨਾਲ ਨਾਲ ਹੀ ਮਨ ਦੀ ਇਕਾਗਰਤਾ ਦਾ ਹੋਣਾ ਸਭ ਤੋਂ ਜ਼ਰੂਰੀ ਹੈ। ਮਨ ਦੀ ਇਕਾਗਰਤਾ ਦਾ ਭਾਵ ਇਹ ਹੈ ਕਿ ਇਕ ਮਨ ਇਕ ਚਿੱਤ ਹੋ ਕੇ ਕਿਸੇ ਕੰਮ ਨੂੰ ਕਰਨਾ। ਕਈ ਲੋਕ ਬੈਠੇ ਬੈਠੇ ਹੀ ਆਪਣੇ ਹੱਥ ਪੈਰ ਬੇਕਾਰ ਹੀ ਹਿਲਾਉਂਦੇ ਰਹਿੰਦੇ ਹਨ। ਕਈ ਵਾਰੀ ਉਹ ਕਿਸੇ ਦਾ ਪ੍ਰਵਚਨ ਸੁਣਦੇ ਹੋਏ ਵੀ ਐਵੇਂ ਹੀ ਮੂੰਹ ਮਾਰਦੇ ਰਹਿੰਦੇ ਹਨ ਜਿਵੇਂ ਕੁਝ ਚਬਾ ਰਹੇ ਹੋਣ। ਦੇਖਣ ਵਾਲੇ ਨੂੰ ਅਜਿਹਾ ਦ੍ਰਿਸ਼ ਬਹੁਤ ਭੈੜਾ ਲਗਦਾ ਹੈ। ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਸੁਣਨ ਵਾਲੇ ਦਾ ਧਿਆਨ ਇਕਾਗਰ ਨਹੀਂ। ਅਜਿਹੀ ਹਾਲਤ ਵਿਚ ਉਸ ਨੂੰ ਦਿੱਤੇ ਪ੍ਰਵਚਨ ਦਾ ਕੋਈ ਲਾਭ ਨਹੀਂ। ਸਫ਼ਲਤਾ ਲਈ ਇਕਾਗਰਤਾ ਬਹੁਤ ਜ਼ਰੂਰੀ ਹੈ। ਫਿਰ ਭਾਵੇਂ ਉਹ ਯੁੱਧ ਦਾ ਮੈਦਾਨ ਹੋਵੇ ਜਾਂ ਖੇਡ ਦਾ ਮੈਦਾਨ ਹੋਵੇ ਜਾਂ ਫਿਰ ਵਿਦਿਆ ਦਾ ਇਮਤਿਹਾਨ ਹੋਵੇ ਜਾਂ ਹੋਰ ਕੋਈ ਕੰਮ ਹੋਵੇ, ਸਾਨੂੰ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਦੇ ਨਾਲ ਨਾਲ ਇਕਾਗਰਤਾ ਵੀ ਬਹੁਤ ਜ਼ਰੂਰੀ ਹੈ। ਇਕਾਗਰਤਾ ਕੇਵਲ ਮਨ ਦੀ ਹੀ ਨਹੀਂ ਸਗੋਂ ਪੂਰੇ ਸਰੀਰਕ ਅੰਗਾਂ ਅਤੇ ਗਿਆਨ ਇੰਦਰਿਆਂ ਦੀ ਉਸ ਕੰਮ ਵਿਚ ਇਕਾਗਰਤਾ ਚਾਹੀਦੀ ਹੈ। ਇਹ ਨਹੀਂ ਕਿ ਤੁਸੀਂ ਹੱਥਾਂ ਨਾਲ ਕੋਈ ਕੰਮ ਕਰ ਰਹੇ ਹੋਵੋ ਅਤੇ ਤੁਹਾਡਾ ਧਿਆਨ ਕਿਧਰੇ ਹੋਰ ਹੋਵੇ। ਇਹ ਖਿੰਡੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ, ਜਿਵੇਂ ਕੋਈ ਭਟਕਿਆ ਹੋਇਆ ਮਨੁੱਖ ਹੋਵੇ। ਭਟਕਿਆ ਹੋਇਆ ਮਨੁੱਖ ਕਦੀ ਮੰਜ਼ਿਲ ਤੇ ਨਹੀਂ ਪਹੁੰਚਦਾ॥ ਅਜਿਹੀ ਹਾਲਤ ਵਿਚ ਤੁਹਾਡੇ ਹੱਥਲੇ ਕੰਮ ਦੀ ਪ੍ਰਵੀਨਤਾ ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਇਹ ਵੀ ਨਹੀਂ ਕਿ ਤੁਸੀਂ ਗੱਲ ਕਿਸੇ ਨਾਲ ਕਰ ਰਹੇ ਹੋਵੋ ਅਤੇ ਤੁਹਾਡੀ ਨਜ਼ਰ ਕਿਧਰੇ ਹੋਰ ਹੋਵੇ ਅਤੇ ਤੁਸੀਂ ਹੱਥਾਂ ਪੈਰਾਂ ਨਾਲ ਕੁਝ ਹੋਰ ਹੀ ਹਰਕਤਾਂ ਕਰ ਰਹੇ ਹੋਵੋ। ਇਸ ਤੋਂ ਪਤਾ ਚਲਦਾ ਹੈ ਕਿ ਤੁਹਾਡਾ ਮਨ ਸਾਹਮਣੇ ਵਾਲੇ ਬੰਦੇ ਵਲ ਨਹੀਂ। ਕਿਸੇ ਕੰਮ ਦੀ ਸਫ਼ਲਤਾ ਲਈ ਸਾਡਾ ਮਨ ਅਤੇ ਸਰੀਰਕ ਅੰਗ ਉਸ ਕੰਮ ਦੇ ਬਿੰਦੂ ਤੇ ਕੇਂਦ੍ਰਿਤ ਹੋਣੇ ਜ਼ਰੂਰੀ ਹਨ ਤਾਂ ਹੀ ਅਸੀਂ ਉਸ ਕੰਮ ਵਿਚ ਪੂਰੀ ਤਰ੍ਹਾਂ ਸਫ਼ਲ ਹੋ ਕੇ ਦੁਨੀਆਂ ਤੇ ਆਪਣੀ ਵਿਲੱਖਣ ਸ਼ਖਸੀਅਤ ਕਾਇਮ ਕਰ ਸਕਦੇ ਹਾਂ।
ਜੋ ਲੋਕ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਪਹਾੜ ਸਮਝ ਕੇ ਡਰਦੇ ਰਹਿੰਦੇ ਹਨ ਉਹ ਠੋਕਰਾਂ ਖਾਣ ਤੇ ਵੀ ਨਹੀਂ ਸੰਭਲਦੇ, ਉਹ ਜ਼ਿੰਦਗੀ ਵਿਚ ਕਦੀ ਕਾਮਯਾਬ ਨਹੀਂ ਹੋ ਸਕਦੇ। ਇਸ ਲਈ ਉਹ ਲੋਕ ਦੂਸਰੇ ਦੀ ਕਾਮਯਾਬੀ ਨੂੰ ਦੇਖ ਕੇ ਈਰਖਾ ਵੀ ਕਰਦੇ ਹਨ। ਉਹ ਦੂਸਰੇ ਦੇ ਕੰਮਾਂ ਵਿਚ ਰੋੜੇ ਅਟਕਾਉਂਦੇ ਹਨ ਅਤੇ ਉਨ੍ਹਾਂ ਦੀਆਂ ਲੱਤਾਂ ਖਿੱਚਦੇ ਹਨ ਅਤੇ ਹਰ ਸਮੇਂ ਉਨ੍ਹਾਂ ਦੀ ਨਿੰਦਿਆ ਹੀ ਕਰਦੇ ਰਹਿੰਦੇ ਹਨ। ਉਨ੍ਹਾਂ ਪਾਸ ਆਪ ਸਫ਼ਲ ਹੋਣ ਦਾ ਹੌਸਲਾ ਨਹੀਂ ਹੁੰਦਾ ਕਿਉਂਕਿ ਉਹ ਇਸ ਪਾਸੇ ਮਿਹਨਤ ਨਹੀਂ ਕਰਦੇ। ਸਾਨੂੰ ਐਸੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਬੇਫ਼ਿਕਰ ਹੋ ਕੇ ਆਪਣੀ ਮੰਜ਼ਿਲ ਵਲ ਵਧਣਾ ਚਾਹੀਦਾ ਹੈ।
ਸਾਡੀ ਜ਼ਿੰਦਗੀ ਦੇ ਛੋਟੇ ਛੋਟੇ ਸੁਧਾਰ ਸਾਡੀ ਸ਼ਖਸੀਅਤ ਨੂੰ ਨਿਖ਼ਾਰਦੇ ਹਨ। ਹਰ ਚੀਜ਼ ਦਾ ਆਪਣਾ ਮਹੱਤਵ ਹੁੰਦਾ ਹੈ। ਜ਼ਿੰਦਗੀ ਵਿਚ ਛੋਟੀ ਜਿਹੀ ਘਟਨਾ ਜਾਂ ਛੋਟੇ ਜਿਹੇ ਨੁਕਸਾਨ ਤੋਂ ਕਦੀ ਅਵੇਸਲੇ ਨਹੀਂ ਹੋਣਾ ਚਾਹੀਦਾ। ਸਾਡੀਆਂ ਛੋਟੀਆਂ ਛੋਟੀਆਂ ਸਾਵਧਾਨੀਆਂ ਸਾਨੂੰ ਵੱਡੀਆਂ ਵੱਡੀਆਂ ਦੁਰਘਟਨਾਵਾਂ ਤੋਂ ਬਚਾਉਂਦੀਆਂ ਹਨ। ਇਕ ਛੋਟਾ ਜਿਹਾ ਸੁਰਾਖ ਪੂਰੇ ਜਹਾਜ ਨੂੰ ਡੁਬੋ ਸਕਦਾ ਹੈ।ਇਕ ਮਾਚਸ ਦੀ ਤੀਲੀ ਪੂਰੇ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। ਇਕ ਛੋਟੀ ਜਿਹੀ ਚਾਬੀ ਦੀ ਅਣਹੋਂਦ ਘਰ ਦੇ ਮਾਲਿਕ ਨੂੰ ਘਰ ਅੰਦਰ ਦਾਖਲ ਹੋਣ ਤੋਂ ਰੋਕ ਸਕਦੀ ਹੈ। ਦੂਜੇ ਪਾਸੇ ਪ੍ਰੇਰਨਾ ਦੇ ਦੋ ਸ਼ਬਦ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹਨ। ਸ਼ਾਬਾਸ਼ ਦਾ ਕਿਹਾ ਹੋਇਆ ਇਕ ਸ਼ਬਦ ਕਿਸੇ ਨੂੰ ਸਫ਼ਲਤਾ ਦੀ ਟੀਸੀ ਤੇ ਪਹੁੰਚਾ ਸਕਦਾ ਹੈ। ਗ਼ਲਤੀ ਹੋ ਗਈ, ਮੁਆਫ਼ ਕਰਨਾ ਦੇ ਕਹੇ ਹੋਏ ਕੁਝ ਸ਼ਬਦ ਵੱਡੀ ਲੜਾਈ ਨੂੰ ਟਾਲ ਸਕਦੇ ਹਨ। ਇਸ ਲਈ ਛੋਟੀਆਂ ਛੋਟੀਆਂ ਗੱਲਾਂ ਨੂੰ ਅਣਗੋਲਿਆਂ ਨਹੀਂ ਕਰਨਾ ਚਾਹੀਦਾ। ਉਦਾਹਰਨ ਦੇ ਤੌਰ ਤੇ ਇਕ ਰੁਪਏ ਦੀ ਕੋਈ ਜ਼ਿਆਦਾ ਕੀਮਤ ਨਹੀਂ ਮੰਨੀ ਜਾਂਦੀ ਪਰ ਜੇ ਲੱਖਪਤੀ ਬੰਦੇ ਕੋਲ ਇਕ ਰੁਪਇਆ ਵੀ ਘਟ ਜਾਏ ਤਾਂ ਉਹ ਲੱਖਪਤੀ ਨਹੀਂ ਰਹਿੰਦਾ। ਇਸੇ ਲਈ ਕਹਿੰਦੇ ਹਨ ਕਿ ਬੂੰਦ ਬੂੰਦ ਨਾਲ ਹੀ ਘੜਾ ਭਰਦਾ ਹੈ।
ਸਾਨੂੰ ਚਾਹੀਦਾ ਹੈ ਕਿ ਅਸੀਂ ਜੋ ਵੀ ਕੰਮ ਕਰੀਏ ਉਸ ਵਿਚ ਪੂਰਾ ਧਿਆਨ ਲਾ ਕੇ ਕਰੀਏ ਯਾਨੀ ਕਿ ਦਿਲ, ਦਿਮਾਗ ਅਤੇ ਬਾਕੀ ਸਰੀਰਕ ਅੰਗਾਂ ਦਾ ਕੇਂਦਰ ਹੱਥਲਾ ਕੰਮ ਹੀ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਹੱਥਲਾ ਕੰਮ ਜਲਦੀ ਹੋਵੇਗਾ ਅਤੇ ਉਸ  ਕੰਮ ਦੀ ਕੁਸ਼ਲਤਾ ਵੀ ਵਧੇਗੀ। ਅਸੀਂ ਕਿਸੇ ਨੁਕਸਾਨ ਜਾਂ ਦੁਰਘਟਨਾ ਤੋਂ ਵੀ ਬਚ ਜਾਵਾਂਗੇ। ਕਲਾਕਾਰ ਆਪਣਾ ਸ਼ਾਹਕਾਰ ਵੀ ਤਾਂ ਹੀ ਬਣਾ ਪਾਉਂਦੇ ਹਨ ਜਦ ਆਪਣੀ ਕਲਾ ਵਿਚ ਉਹ ਆਪਣਾ ਮਨ, ਬੁੱਧੀ ਅਤੇ ਸਰੀਰ ਦੀਆਂ ਸਾਰੀਆਂ ਸ਼ਕਤੀਆਂ ਕੇਂਦਰਤ ਕਰ ਦਿੰਦੇ ਹਨ। ਉੱਖੜੇ ਮਨ ਨਾਲ ਕਦੀ ਸ਼ਾਹਕਾਰ ਨਹੀਂ ਬਣਦੇ। ਆਪਣੇ ਕੰਮ ਵਿਚ ਖੁੱਭੇ ਹੋਣ ਕਾਰਨ ਉਨ੍ਹਾਂ ਨੂੰ ਉਸ ਸਮੇਂ ਨਾਂ ਤਾਂ ਭੁੱਖ ਪਿਆਸ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਇਹ ਪਤਾ ਚਲਦਾ ਹੈ ਕਿ ਕਦ ਸਵੇਰ ਤੋਂ ਸ਼ਾਮ ਹੋ ਗਈ॥ ਸੰਸਾਰ ਵਿਚ ਜਿੰਨ੍ਹੇ ਵੀ ਸਫ਼ਲ ਵਿਅਕਤੀ ਹੋਏ ਹਨ ਉਸ ਪਿੱਛੇ ਉਨ੍ਹਾਂ ਦੀ ਇਕਾਗਰਤਾ ਦਾ ਵੱਡਾ ਯੋਗਦਾਨ ਹੈ। ਇਸ ਲਈ ਜੋ ਵੀ ਕੰਮ ਕਰਨਾ ਹੈ ਉਸ ਨੂੰ ਤਪੱਸਿਆ ਵਾਂਗ ਕਰੋ। ਆਪਣੇ ਕੰਮ ਵਿਚ ਆਪਣੀਆਂ ਸਾਰੀਆਂ ਸ਼ਕਤੀਆਂ ਝੋਂਕ ਦਿਓ। ਇਸ ਤਰ੍ਹਾਂ ਤੁਸੀਂ ਲਗਾਤਾਰ ਕਾਮਯਾਬੀ ਦੀਆਂ ਮੰਜ਼ਿਲਾਂ ਤਹਿ ਕਰਦੇ ਜਾਵੋਗੇ।ਤੁਹਡੀ ਜ਼ਿੰਦਗੀ ਖ਼ੁਸ਼ੀਆਂ ਅਤੇ ਖ਼ੇੜਿਆਂ ਵਿਚ ਗੁਜ਼ਰੇਗੀ।

*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-094631-89432
83608-42861

email:  gursharan1183@yahoo.in