Sukhpal Singh Gill

ਅਪ੍ਰੈਲ ਫੂਲ ਪਰੰਪਰਾ ਕਿ ਇਤਿਹਾਸ - ਸੁਖਪਾਲ ਸਿੰਘ ਗਿੱਲ

ਹਰ ਦਿਨ ਮਹੀਨਾ ਅਤੇ ਸਾਲ ਆਪਣੀ ਬੁੱਕਲ ਦੇ ਵਿੱਚ ਬਹੁਤ ਕੁਝ ਸਾਂਭ ਲੈਂਦਾ ਹੈ । ਅਪੈ੍ਰਲ ਫੂਲ ਵੀ  ਇਸੇ ਲੜੀ ਤਹਿਤ ਆਉਂਦਾ ਹੈ ਪਰ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਜਿਹਾ ਲੱਗਦਾ ਹੈ  ਕਿ ਇਹ ਪਰੰਪਰਾ ਬਣੀ ਕਿ ਇਤਿਹਾਸ ਦੀ ਲੜੀ ਹੈ । ਇਤਿਹਾਸ ਮਨੁੱਖਾ ਦੇ ਭੂਤਕਾਲ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ  ਜਦੋਂ ਕਿ ਪਰੰਪਰਾ ਇੱਕ ਵਿਸ਼ਵਾਸ਼ ਹੁੰਦਾ ਹੈ  ਜੋ ਸਮਾਜ ਵਿੱਚ  ਬੀਤੇ ਸਮੇਂ ਵਿਸ਼ੇਸ਼ ਮਹੱਤਵ ਨਾਲ ਚੱਲਿਆ ਹੁੰਦਾ ਹੈ । ਹਾਂ ਇੱਕ ਗੱਲ ਜ਼ਰੂਰ ਹੈ ਕਿ ਅਪੈ੍ਰਲ ਫੂਲ ਦੇ ਪਿਛੋਕੜ ਨੇ ਮੂਰਖ ਦੀ ਪਰਿਭਾਸ਼ਾ ਉਜ਼ਾਗਰ ਕਰ ਦਿੱਤੀ ਸੀ  ।  ਪਰ ਵਿਸ਼ਵਵਿਆਪੀ  ਅਤੇ ਸਦੀਵੀ ਸੱਚ ਇਹ ਹੈ  :-
 "   ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਣਾ ।।
ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ।।    "
                              ਪਹਿਲੀ ਅਪੈ੍ਰਲ  ਨੂੰ  ਵੱਖ ਵੱਖ ਖੇਤਰਾਂ ਖਿਤਿਆਂ ਵਿੱਚ ਆਪਣੀ ਆਪਣੀ ਪਛਾਣ ਨਾਲ ਮਨਾਇਆ ਜਾਂਦਾ ਹੈ ।  ਇਸ ਦਿਨ ਨੂੰ ਆਲਮੀ ਪੱਧਰ  ਤੇ  ਅਪੈ੍ਰਲ ਫੂਲ ਡੇ ਵਜੋਂ ਮਨਾਇਆ ਜਾਂਦਾ ਹੈ । ਇਸ ਤੋਂ ਸਪਸ਼ਟ ਹੈ ਕਿ ਇਸਦਾ ਪਿਛੋਕੜ ਪੱਛਮੀ ਸਮਾਜ ਵਿੱਚ ਹੈ । ਪੰਜਾਬੀ ਵਿੱਚ ਮੂਰਖ ਦਿਨ ਕਹਿਣਾ ਸ਼ਰਮ ਦਾ ਵਿਸ਼ਾ ਬਣ ਜਾਂਦਾ ਹੈ । ਕੁਝ ਕੁ ਦੇਸ਼ਾਂ ਵਿੱਚ  ਇਸ ਦਿਨ ਛੁੱਟੀ ਵੀ ਹੁੰਦੀ ਹੈ । ਇੱਕ ਰੀਤੀ ਰਿਵਾਜ਼ ਅਨੁਸਾਰ ਆਲੇ ਦੁਆਲੇ ਦੇ ਲੋਕਾਂ ਨੂੰ ਮਜ਼ਾਕ ਕਰ ਸਕਦੇ ਹਾਂ ਜਾਂ ਮੂਰਖ ਬਣਾ ਸਕਦੇ ਹਾਂ । ਪਰ ਇਹ ਸਹਿਣਸ਼ੀਲਤਾ ਦੇ ਅਧੀਨ ਹੈ । ਮਜ਼ਾਕ ਕਰਨਾ ਸਮਾਜਿਕ ਅਤੇ ਆਰਥਿਕ ਨੁਕਸਾਨ ਰਹਿਤ ਹੁੰਦਾ ਹੈ ।  ਇਸ ਨੂੰ ਸਮਾਜਿਕ ਮਾਨਤਾ ਤਾਂ ਹੈ ਪਰ ਅੱਜ ਦੇ ਅਸ਼ਹਿਣਸ਼ੀਲ  ਯੁੱਗ ਵਿੱਚ ਇਹ ਕਲੇਸ਼ ਦੀ ਜੜ੍ਹ ਵੀ ਹੋ ਨਿਬੜਦਾ ਹੈ ।  ਮੂਰਖ ਨੂੰ ਉਸਦੀ ਮੂਰਖਤਾ ਤੋਂ ਜਾਣੂ ਕਰਾਉਣ ਲਈ ਪ੍ਰਤੀਕਰਮ ਚੰਗਾ ਮਾਹੌਲ ਨਹੀਂ ਸਿਰਜਦਾ  ।  
            ਇਸਦੀ ਸ਼ੁਰੂਆਤ ਕਿਹਾ ਜਾਂਦਾ ਹੈ  ਕਿ ਇੱਕ ਦਿਨ ਇੰਗਲੈਂਡ ਦੇ ਰਾਜਾ ਨੇ ਇੱਕ ਮਹਾਰਾਣੀ ਐਨੀ ਨਾਲ ਮੰਗਣੀ ਦਾ ਸੁਝਾਅ ਰੱਖਿਆ ਉਹਨਾਂ ਵੱਲੋਂ ਪਰਚਾਰਿਆ ਗਿਆ ਕਿ ਇਹ ਮੰਗਣੀ 32 ਮਾਰਚ 1381 ਨੂੰ ਹੋਵੇਗੀ । ਲੋਕਾਂ ਵੱਲੋਂ ਜਸ਼ਨ ਮਨਾਏ ਗਏ ਪਰ ਬਾਅਦ ਵਿੱਚ ਸੁਝਿਆ ਕਿ 32 ਮਾਰਚ ਨਹੀਂ ਹੁੰਦੀ । ਇਸ ਬਾਰੇ ਹੋਰ ਵੀ ਤਰ੍ਹਾਂ ਤਰ੍ਹਾਂ ਦੀਆਂ ਧਾਰਨਾਵਾਂ , ਖੋਜਾਂ ਹੋਈਆਂ । ਪਰ  ਹਰੇਕ ਆਪਣੇ ਸੁਭਾਅ ਅਨੁਸਾਰ ਮਨਾਉਂਦਾ ਹੈ । ਵਿੱਤੀ ਅਦਾਰੇ ਇਸ ਦਿਨ  ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ । ਇਸ ਤੋਂ ਇਲਾਵਾ  ਹੋਰ ਕਈ ਕੰਮਾ ਤੋਂ ਇਲਾਵਾ ਸਕੂਲਾਂ ਵਿੱਚ ਦਾਖਲਿਆ ਦਾ ਦੌਰ ਚੱਲਦਾ ਹੈ ।
         ਮੂਰਖ ਦਿਵਸ ਪਿੱਛੇ ਮੂਰਖ ਬਣਾਉਣਾ ਇੱਕ ਕਲਾ ਹੈ ਜਦ ਕੇ ਮੂਰਖ ਬਣਨਾ ਅਣਸੋਝੀ ਹੈ ।  ਹਰੇਕ ਸਾਲ ਇਹ ਵਰਤਾਰਾ ਚੱਲਦਾ ਰਹਿੰਦਾ ਹੈ । ਕਹਾਵਤ ਹੈ  ਇੱਕ ਅਕਬਰ ਨੇ ਬੀਰਬਲ ਨੂੰ ਕਿਹਾ ਕਿ ਚਾਰ ਮੂਰਖ ਲੱਭੋ  । ਬੀਰਬਲ  ਆਪਣੇ ਨਾਲ ਇੱਕ ਮੂਰਖ ਲੈ ਕੇ ਆਇਆ ਰਾਜੇ ਨੂੰ ਦੱਸਿਆ ਕਿ ਇਹ ਵਿਅਕਤੀ  ਘੋੜੇ ਉੱਤੇ ਬਹਿ ਕੇ ਪੱਠਿਆਂ ਦੀ ਪੰਡ ਲਈ ਜਾ ਰਿਹਾ ਸੀ ।  ਮੈਂ ਪੁੱਛਿਆ ਉੱਤਰ ਮਿਲਿਆ , " ਕਿ ਘੋੜਾ ਬਿਮਾਰ  ਹੈ ਇਸ ਤੇ ਭਾਰ ਨਹੀਂ ਪਾਉਣਾ " ਅਕਬਰ ਨੇ ਪੁੱਛਿਆ ਦੂਜਾ ਮੂਰਖ < ਉੱਤਰ ਮਿਲਿਆ  " ਮਹਾਰਾਜ ਮੈਂ ਹਾਂ ਜੋ ਮੂਰਖ ਲੱਭਣ ਤੁਰਿਆ ਹਾਂ " ਤੀਜੇ ਮੂਰਖ ਬਾਰੇ ਬੀਰਬਲ ਨੇ ਕਿਹਾ ਬਾਦਸ਼ਾਹ ਤੁਸੀਂ ਹੋਂ  । ਜੋ ਰੂਝੇਂਵਿਆਂ ਦੇ ਬਾਵਯੂਦ ਵੀ  ਸਿਆਣਿਆਂ ਦੀ ਥਾਂ ਮੂਰਖ ਲੱਭਦੇ ਹੋ । ਚੌਥਾ ਮੂਰਖ ਬਾਦਸ਼ਾਹ ਸਲਾਮ ਜੋ ਇਹ  ਕਹਾਣੀ ਪੜ੍ਹ ਰਿਹਾ ਹੈ । ਅਪੈ੍ਰਲ ਫੂਲ ਜਾ ਮੂਰਖ ਦਿਵਸ ਹੋਵੇ ਪਰ ਇਸ ਦਿਨ ਤੇ ਮੂਰਖ ਬਣਨ ਤੋਂ ਸਬਕ ਲੈਣਾ ਚਾਹੀਦਾ ਹੈ ।                                                                    

ਸੁਖਪਾਲ ਸਿੰਘ ਗਿੱਲ
(ਅਬਿਆਣਾ ਕਲਾਂ)
98781—11445   

ਚੇਤ ਤੇ ਝਾਤੀ ਪਾਉਂਦਿਆਂ - ਸੁਖਪਾਲ ਸਿੰਘ ਗਿੱਲ


    
ਨਾਨਕ ਸ਼ਾਹੀ ਬਿਕਰਮੀ ਸੰਮਤ ਦਾ ਪਹਿਲਾ ਮਹੀਨਾ ਚੇਤ ਹੁੰਦਾ ਹੈ। ਅੰਗਰ੍ਰੇਜ਼ੀ ਮਹੀਨਿਆਂ ਵਿੱਚ ਮਾਰਚ ਦੇ ਦੂਜੇ ਪੰਦਰਵਾੜੇ ਤੋਂ ਸੁਰੂ ਹੋਕੇ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਦੇ ਆਖੀਰ ਤੱਕ ਹੁੰਦਾ ਹੈ। ਇਸ ਮਹੀਨੇ ਨਾਲ ਵੱਖਰੀ ਲੋਅ, ਵੱਖਰੀ ਖੁਸ਼ਬੂ ਅਤੇ ਵੱਖਰੀ ਰੌਣਕ ਹੁੰਦੀ ਹੈ। ਪ੍ਰਕ੍ਰਿਤੀ ਦੀ ਪਰਤੀ ਰੌਣਕ ਨਾਲ ਇਹ ਮਹੀਨਾ ਸੁਹਾਵਣਾ ਲੱਗਦਾ ਹੈ। ਚੇਤ ਮਹੀਨਾ ‘ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਏ’ ਦਾ ਸੁਨੇਹਾ ਦਿੰਦਾ ਹੈ। ਨਿਤ ਦਿਨ ਨਵੇਂ ਰੰਗ ਬਦਲਦੇ ਹਨ। ਸਾਹਿਤਕਾਰਾਂ ਨੂੰ ਵੀ ਸਾਹਿਤ ਰਚਨ ਦਾ ਇਸ ਮਹੀਨੇ ਹੁੰਗਾਰਾ ਤੇ ਹੁਲਾਰਾ ਮਿਲਦਾ ਹੈ। ਸਾਹਿਤ ਦਾ ਪ੍ਰਕ੍ਰਿਤੀ ਨਾਲ ਗੂੜ੍ਹਾ ਸਬੰਧ ਹੁੰਦਾ ਹੈ। ਇਹ ਮਹੀਨਾ ਇਹਨਾਂ ਸਤਰਾਂ ਦੀ ਤਰਜ਼ਮਾਨੀ ਕਰਦਾ ਹੈ:-
“ਫੱਗਣ ਖੰਭ ਲਪੇਟ ਕੇ, ਗੁੰਮਿਆ ਵਿੱਚ ਅਨੰਤ,
ਚੇਤ ਤੇ ਝਾਤੀ ਪਾਉਂਦਿਆਂ, ਚਾਮਲ ਗਈ ਬਸੰਤ”  
    ਰੁੱਤਾਂ, ਤਿੱਥਾਂ, ਦਿਨ, ਤਰੀਕਾ ਅਤੇ ਮੌਸਮ ਦੇ ਹੇਰ-ਫੇਰ ਨਾਲ ਵੀ ਇਹ ਮਹੀਨਾ ਬਹੁਤਾ ਨਹੀਂ ਬਦਲਿਆ। ਸਰਦੀ, ਗਰਮੀ, ਬਰਸਾਤ, ਪੱਤਝੜ ਤਕਰੀਬਨ ਆਪਣੇ ਟਿਕਾਣੇ ਤੇ ਕਾਇਮ ਰਹਿੰਦੀ ਹੈ। ਇਸ ਰੁੱਤੇ ਸਰਦੀ ਦੇ ਝੰਬਿਆਂ ਨੂੰ ਗਰਮੀ ਦਾ ਅਹਿਸਾਸ ਹੋਣ ਲੱਗਦਾ ਹੈ। ਚੇਤ ਦਾ ਧਾਰਮਿਕ ਅਤੇ ਪ੍ਰਕ੍ਰਿਤਿਕ ਪੱਖ ਬਹੁਤ ਸੋਹਣਾ ਹੈ। ਧਰਤੀ ਵੰਨ ਸੁਵੰਨੀ ਹੋਣ ਦਾ ਸੰਕੇਤ ਦਿੰਦੀ ਹੈ। ਹਿੰਦੂ ਧਰਮ ਨਾਲ ਇਸ ਮਹੀਨੇ ਦਾ ਵਿਸੇਸ ਸਬੰਧ ਹੈ। ਵਰਤ ਅਤੇ ਨਰਾਤੇ ਇਸ ਮਹੀਨੇ ਆਉਂਦੇ ਹਨ। ਨਰਾਤਿਆਂ ਵਿੱਚ ਦੁਰਗਾ ਪੂਜਾ ਕੀਤੀ ਜਾਂਦੀ ਹੈ। ਮਹਾਨ ਗੁਰਬਾਣੀ ਵਿੱਚ ਬਾਰਹਾ ਮਾਹਾ ਵਿੱਚ ਚੇਤ ਨੂੰ ਇਉਂ ਸਿਰਜਿਆ ਗਿਆ ਹੈ :-
            “ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ”
    ਵਿਸਾਖੀ ਤੇ ਕਣਕ ਦੀ ਆਸ ਉਡੀਕ ਵੀ ਇਸ ਮਹੀਨੇ ਤੇਜ ਹੋ ਜਾਂਦੀ ਹੈ। ਪੁੰਗਰਦੀ ਪ੍ਰਕ੍ਰਿਤੀ ਜ਼ਮਾਨੇ ਅਤੇ ਸਾਹਿਤ ਦਾ ਇਸ ਮਹੀਨੇ ਜਰੀਏ ਕਾਫੀ ਮੇਲ-ਜੋਲ ਹੈ। ਆਰਥਿਕ ਤੌਰ ਤੇ ਮਜਬੂਤ ਤਾਂ ਹੋਏ ਹਾਂ ਪਰ ਰੁੱਤਾਂ ਮਹੀਨਿਆਂ ਨੂੰ ਛੇੜ-ਛਾੜ ਨਾਲ ਵੀ ਬਦਲ ਨਹੀਂ ਸਕਦੇ। ਜੇ ਪ੍ਰਕ੍ਰਿਤੀ ਨੂੰ ਬਦਲਣ ਦੀ ਕੋਸ਼ਿਸ ਕਰਦੇ ਹਾਂ ਤਾਂ ਵੀ ਨਾਂਹ ਪੱਖੀ ਪ੍ਰਭਾਵ ਪਲੇ ਪੈਂਦੇ ਹਨ। ਇਸ ਲਈ ਤਬਦੀਲੀ ਕੁਦਰਤ ਦਾ ਨਿਯਮ ਹੈ ਵਾਲੇ ਤੱਥ ਨੂੰ ਠਹਰਾਇਆ ਜਾਂਦਾ ਹੈ। ਤੂਤਾਂ, ਨਿੰਬੂ ਜਾਤੀ, ਅੰਬ, ਬੇਰ, ਪਾਪੂਲਰ ਅਤੇ ਹੋਰ ਬੂਟਿਆਂ ਦੇ ਦਰੱਖਤ ਫੁੱਲਾਂ ਹੇਠੋਂ ਨਿਕਲਦੇ ਫਲਾਂ ਨਾਲ ਸਵਰਗ ਦਾ ਭੁਲੇਖਾ ਪਾਉਂਦੇ ਹਨ:-
    “ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ,
ਪੁੰਗਰੀਆਂ ਵੇਲਾਂ, ਵੇਲਾਂ ਰੁੱਖੀਂ ਚੜ੍ਹੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ”

    ਇਹ ਮਹੀਨਾ ਅਤੇ ਰੁੱਤਾਂ ਸੱਭਿਆਚਾਰ, ਧਾਰਮਿਕ ਅਤੇ ਆਰਥਿਕਤਾ ਦਾ ਮੇਲ ਕਰਾਉਂਦੀ ਹੈ, ਲੋਕਾਂ ਕੋਲ ਇਸ ਰੁੱਤ ਦਾ ਲੁਤਫ਼ ਲੈਣ ਲਈ ਚੋਖਾ ਸਮਾਂ ਵੀ ਹੁੰਦਾ ਹੈ। ਮੌਸਮ ਠੰਡ ਤੋਂ ਉੱਭਰਕੇ ਗਰਮੀ ਵੱਲ ਸਫਰ ਤਹਿ ਕਰਦਾ ਹੋਇਆ ਵਿਸਾਖੀ ਅਤੇ ਕਣਕ ਦੀ ਦਹਿਲੀਜ਼ ਵੱਲ ਪੈਰ ਪੁੱਟਦਾ ਹੈ। ਪ੍ਰਕ੍ਰਿਤੀ ਦਿਨੋਂ ਦਿਨ ਸੁਹਾਗਮਈ ਅਤੇ ਧਰਤੀ ਫਸਲ ਵਿਹੂਣੀ ਹੁੰਦੀ ਜਾਂਦੀ ਹੈ। ਮਾਹੀ ਨੂੰ ਮੁਖਾਤਿਬ ਹੋ ਕੇ ਫਿਰੋਜ਼ਦੀਨ ਸ਼ਰਫ਼ ਨੇ ਇਹ ਮਹੀਨਾ ਇਉਂ ਚਿਤਰਿਆ :-
    “ਚੇਤਰ ਚੈਨ ਨਾ ਆਵੈ ਦਿਲ ਨੂੰ, ਤੇਰੇ ਵਾਜੋ ਪਿਆਰੇ ਜੀ ਹਾਂ ਮੈਂ ਤੇਰੇ ਦਰ ਦੀ ਬਰਦੀ
ਮਲੇ ਤੇਰੇ ਦੁਆਰੇ ਹੈ ਜੀ, ਤੇਰੇ ਬਾਝੋਂ ਡੁੱਬਦੀ ਬੇੜੀ ਕਿਹੜਾ ਮੇਰੀ ਤਾਰੇ ਜੀ,
ਸ਼ਰਫ਼ ਬੰਦੀ ਦੀ ਆਸ ਪੁਜਾਈ, ਦੇਵੀਂ ਝੱਬ ਦੀਦਾਰੇ ਜੀ”

    ਚੇਤ ਮਹੀਨਾ ਆਪਣੇ ਪਰਛਾਵੇਂ ਛੱਡ ਕੇ ਵਿਸਾਖੀ ਦੇ ਮੇਲੇ ਅਤੇ ਕਣਕ ਦੀ ਆਮਦ ਵੱਲ ਪੈਂਡਾ ਤੈਅ ਕਰਦਾ ਹੋਇਆ ਸਮਾਜਿਕ ਖੁਸ਼ਹਾਲੀ ਦੀ ਆਸ ਜਰੂਰ ਪੈਦਾ ਕਰਦਾ ਹੈ।



                                ਸੁਖਪਾਲ ਸਿੰਘ ਗਿੱਲ
                                ਅਬਿਆਣਾ ਕਲਾਂ
                                ਮੋ: 98781-11445

ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ   - ਸੁਖਪਾਲ ਸਿੰਘ ਗਿੱਲ



ਕੁਦਰਤ ਦੀ ਨਿਆਮਤ ਹੈ ਕਿ ਮੌਸਮ ਅਤੇ ਰੁੱਤਾਂ ਦੀ ਤਬਦੀਲੀ ਹੁੰਦੀ ਰਹਿੰਦੀ ਹੈ। ਇਨ੍ਹਾਂ ਦਾ ਆਪਣਾ ਹੀ ਮਿਜ਼ਾਜ ਹੁੰਦਾ ਹੈ। ਕਿਸਾਨਾਂ, ਪਿੰਡਾਂ ਦੇ ਲੋਕਾਂ, ਰੁੱਤਾਂ, ਤਿੱਥਾਂ ਅਤੇ ਦੇਸੀ ਮਹੀਨਿਆਂ ਦਾ ਆਪਸ ਵਿੱਚ ਰੂਹਾਨੀ ਅਤੇ ਕੁਦਰਤ ਮੇਲ ਹੁੰਦਾ ਹੈ। ਹਰ ਦੇਸੀ ਮਹੀਨਾ, ਹਰ ਰੁੱਤ, ਫਸਲਾਂ, ਮੇਲੇ ਖੁਸ਼ਹਾਲੀ ਲਈ ਇਕ-ਦੂਜੇ ਨਾਲ ਜੁੜੇ ਹੋਏ ਹਨ। ਫਸਲਾਂ ਦੀ ਆਮਦ ਦੀ ਖੁਸ਼ੀ ਜਿਮੀਦਾਰ ਦੇ ਮੂੰਹੋ ਝੱਲਕਦੀ ਹੈ ਜਿਉਂ-ਜਿਉਂ ਕਣਕ ਹਰੀ ਤੋਂ ਸੁਨਹਿਰੀ ਹੁੰਦੀ ਹੈ ਤਿਉਂ-ਤਿਉਂ ਕਿਸਾਨ ਦੀ ਖੁਸ਼ੀ ਦੂਣੀ ਹੁੰਦੀ ਜਾਂਦੀ ਹੈ। ਭਾਵੇਂ ਮੰਡੀਆਂ ਵਿੱਚ ਰੁਲਣਾ ਵੀ ਪੈਦਾ ਹੈ। ਅੱਜ ਦੀ ਚੇਤਰ ਅਤੇ ਵਿਸਾਖ ਮੁੱਖੀ ਰੁੱਤ ਬਾਗਾਂ ਵਿੱਚ ਬਹਾਰਾ ਦਾ ਰੰਗ ਫੈਰਨ ਲਈ ਤਿਆਰ ਹੋ ਗਈ ਹੈ। ਫਸਲ ਵੀ ਬੂਹੇ ਤੇ ਦਸਤਕ ਦੇਣ ਲਈ ਤਿਆਰ ਹੈ।
    ਫਸਲਾਂ ਰੰਗ ਫੇਰਨ ਦੇ ਨਾਲ-ਨਾਲ ਬਾਗ ਵੀ ਬਹਾਰ ਰੁੱਤ ਵੱਲ ਤੁਰੇ ਹੋਏ ਹਨ। ਇਸ ਉੱਤੇ ਕਣਕ, ਵਿਸਾਖੀ, ਕੋਇਲ ਅਤੇ ਅੰਬਾਂ ਨੂੰ ਪਿਆ ਬੂਰ ਪ੍ਰਕ੍ਰਿਤੀ ਨੂੰ ਰੌਣਕਮਈ ਅਤੇ ਖੁਸਬੂਦਾਰ ਬਣਾਉਂਦਾ ਹੈ। ਫਸਲਾਂ ਬਾਗਾਂ ਨਾਲ ਬਹੁਤ ਸਾਰਾ ਸਾਹਿਤ ਵੀ ਜੁੜਿਆ ਹੋਇਆ ਹੈ। ਹਾੜ੍ਹੀ ਦੀ ਰਾਣੀ ਕਣਕ ਗੁਰਬਤ ਦੇ ਝੰਬੇ ਨੂੰ ਖੁਸ਼ੀਆਂ ਅਤੇ ਆਰਥਿਕ ਖੁਸ਼ਹਾਲੀ ਦੇਣ ਲਈ ਤਿਆਰ ਹੈ। ਲਾਲਾ ਧਨੀ ਰਾਮ ਚਾਤਰਿਕ ਨੇ ਮੇਲਿਆਂ ਬਾਰੇ ਦਿੱਤਾ ਸੁਨੇਹਾ ਅੱਜ ਭਾਵੇ ਸਮੇਂ ਦਾ ਹਾਣੀ ਤਾਂ ਨਹੀ ਲੱਗਦਾ ਪਰ ਫਸਲਾਂ, ਰੁੱਤਾਂ, ਮੇਲੇ ਅਤੇ ਮੌਸਮ ਉਸੇ ਤਰ੍ਹਾਂ ਦਸਤਕ ਦੇ ਰਹੇ ਹਨ:
“ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟਕੇ, ਲੰਬੜਾ ਅਤੇ ਸ਼ਾਹਾਂ ਦਾ ਹਿਸਾਬ ਕੱਟਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢਕੇ, ਮਾਲ ਟਾਂਡਾ ਸਾਭਣੇ ਨੂੰ ਕਾਮਾ ਛੱਡਕੇ,
ਪੱਗ ਝੱਗਾ ਚਾਦਰ ਨਵਾਂ ਸਿਵਾਇਕੇ, ਸੰਮਾ ਵਾਲੀ ਡਾਂਗ ਉੱਤੇ ਤੇਲ ਲਾਇਕੇ
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ”
    ਇਸ ਉੱਤੇ ਪੁਗਰਦੀ ਪ੍ਰਕ੍ਰਿਤੀ ਦਾ ਮੁੱਖ ਅੰਗ ਅੰਬ ਅਤੇ ਹੋਰ ਬੂਟਿਆਂ ਨੂੰ ਪੁਗਾਰਾ ਫੁਟਨਾ ਹੈ। ਕਣਕ ਅਤੇ ਅੰਬ ਨੂੰ ਬੂਰ ਵੀ ਪਿਆ ਹੈ। ਇਸ ਬਾਰੇ ਸਾਹਿਤਕ ਪੰਕਤੀ ਇਉਂ ਸੁਨੇਹਾ ਦਿੰਦੀ ਹੈ।
“ਪੱਕ ਪਈਆਂ ਕਣਕਾਂ ਲੁਕਾਠ ਰੱਸਿਆ, ਬੂਰ ਪਇਆ ਅੰਬਾਂ ਨੂੰ ਗੁਲਾਬ ਹੱਸਿਆ ”
        ਲੋਹੜੀ ਤੋਂ ਲੈਕੇ ਵਿਸਾਖੀ ਤੱਕ ਤਰ੍ਹਾਂ-ਤਰ੍ਹਾਂ ਦੀ ਬਨਸਪਤੀ ਉਤਰਾਅ-ਚੜਾਅ ਲਿਆਂਦੀ ਹੈ। ਇਹ ਸਮਾਂ ਆਪਣੀ ਬੁੱਕਲ ਵਿੱਚ ਕਾਫੀ ਕੁੱਝ ਸਮਾਈ ਬੈਠਾ ਹੈ। ਅੰਬ ਪੰਜਾਬ ਖਾਸ ਕਰਕੇ ਦੁਆਬਾ ਖੇਤਰ ਵਿੱਚ ਕਾਫੀ ਪਰਚਲਿਤ ਰਹੇ ਹਨ। ਇਸ ਬਾਰੇ ਇਕ ਸੱਭਿਆਚਾਰਕ ਪੰਗਤੀ ਧੀਆਂ ਨੂੰ ਮੁਖਾਤਿਬ ਹੋਕੇ ਇਉਂ ਖੁਸਬੂ ਬਿਖੇਰਦੀ ਹੈ।
“ਬੂਰ ਪਿਆਂ ਕਣਕਾਂ ਨੂੰ ਮਾਏ, ਵਿੱਚ ਬਾਗੀ ਅੰਬੀਆਂ ਪੱਕੀਆਂ,
ਅੱਗ ਦੇ ਭਾਬੜ ਵਰਗੀਆਂ ਧੀਆਂ, ਸਾਂਭ ਜਿਹਨਾਂ ਨੇ ਰੱਖਿਆ”
        “ਅੰਬੀਆਂ ਨੂੰ ਤਰਸੇਗਾ, ਛੱਡਕੇ ਦੇਸ ਦੁਆਬਾ”

    ਪ੍ਰਕ੍ਰਿਤੀ ਦੀ ਪਰਤੀ ਰੌਣਕ ਅੱਜ ‘ਰੁੱਤ ਨਵਿਆਂ ਦੀ ਆਈ’ ਦਾ ਸੁਨੇਹਾ ਦਿੰਦੀ ਹੈ। ਖੁਸਬੂਆਂ ਪ੍ਰਕ੍ਰਿਤੀ ਫੁੱਲ ਅਤੇ ਸਾਹਿਤ ਜਰੀਏ ਅਤੀਤ ਦਾ ਵਰਤਮਾਨ ਨਾਲ ਮੇਲ ਵੀ ਹੁੰਦਾ ਹੈ। ਅੱਜ ਫਸਲਾਂ, ਵੇਲਾਂ, ਬੂੱਟੇ ਅਤੇ ਪੰਛੀਆਂ ਦਾ ਸੁਮੇਲ ਧਰਤੀ ਨੂੰ ਨਿਹਾਰਦਾ ਹੈ। ਸੁਸਤੀ ਦੇ ਦਿਨਾਂ ਵਿੱਚ ਰੂਹਾਂ ਨੂੰ ਖੁਸ਼ ਰੱਖਦਾ ਹੈ।
“ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ,
ਪੁੰਗਰੀਆਂ ਵੇਲਾਂ, ਵੇਲਾਂ ਰੁਖੀਂ ਚੜ੍ਹੀਆ, ਫੁੱਲਾਂ ਹੇਠੋਂ ਫਲਾਂ ਨੇ ਪੁਰੋਈਆਂ ਲੜੀਆਂ”

    ਇਸ ਰੁੱਤੇ ਸੁਰੀਲੀ ਕੋਇਲ ਦੀ ਆਮਦ ਵੀ ਕੰਨੀ ਪੈਂਦੀ ਹੈ ਇਹ ਪੰਛੀ ਸੁਣਿਆ ਵੱਧ ਅਤੇ ਦੇਖਿਆ ਘੱਟ ਜਾਂਦਾ ਹੈ। ਲੁੱਕ ਕੇ ਆਵਾਜਾਂ ਮਾਰਦੀ ਕੋਇਲ ਨੂੰ ਭਾਈ ਵੀਰ ਸਿੰਘ ਨੇ ਇਉਂ ਰੂਪਮਾਨ  ਕੀਤਾ ਸੀ:-
“ਕੋਇਲ ਕੂਕੇਂਦੀ ਆ ਗਈ, ਬੋਲੀ ਪਿਆਰੀ ਪਾ ਗਈ,
ਜੀ ਵੜਦਿਆਂ ਜੀ ਭਾ ਗਈ, ਉਚੜ ਓ ਚਿਤੀ ਲਾ ਗਈ”

    ਅੱਜ ਅੰਬਾਂ ਨੂੰ ਪਿਆ ਬੂਰ, ਫਸਲਾਂ ਦਾ ਜੋਬਨ ਅਤੇ ਹੱਸਦਾ ਗੁਲਾਬ ਰੁੱਤ ਬਦਲਣ ਨਾਲ ਉਦਾਸੀ ਨੂੰ ਖੁਸ਼ੀ ਦੇ ਖੇੜਿਆਂ ਵਿੱਚ ਬਦਲਕੇ  ਮਾਨਸਿਕ ਅਤੇ ਸਮਾਜਿਕ ਅਤੇ ਆਰਥਿਕ ਸੰਤੁਲਨ ਬਣਾ ਰਿਹਾ ਹੈ। 

 ਸੁਖਪਾਲ ਸਿੰਘ ਗਿੱਲ
 ਅਬਿਆਣਾ ਕਲਾਂ
 ਮੋ: 98781-11445

ਖੇਤੀਬਾੜੀ ਦੇ ਰਵਾਇਤੀ ਸੰਦਾਂ ਦਾ ਆਖਰੀ ਪੰਧ - ਸੁਖਪਾਲ ਸਿੰਘ ਗਿੱਲ

ਖੇਤੀਬਾੜੀ ਦੇ ਸਦੀਆਂ ਤੋਂ ਵਰਤ ਹੋ ਰਹੇ ਸੰਦ ਭਾਵੇਂ ਵਰਤੋ ਵਿੱਚ ਘਟੇ ਹਨ , ਪਰ ਇਹਨਾਂ ਬਿਨ੍ਹਾਂ ਸਰਨਾ ਮੁਸ਼ਕਿਲ ਹੈ । ਪੁਰਾਤਨ ਸੰਦਾਂ ਬਿਨ੍ਹਾਂ ਖੇਤੀ ਅਧੂਰੀ ਲੱਗਦੀ ਹੈ । ਹਰ ਖੇਤਰ ਵਾਂਗ ਖੇਤੀਬਾੜੀ ਦੀ ਵੀ ਬੁਨਿਆਦ ਅਤੇ ਸ਼ਿਖਰ ਹੈ । ਹਰੀਕ੍ਰਾਂਤੀ  ਤੋਂ ਬਾਅਦ  ਨਵੀਂ ਤਕਨੀਕ ਨੇ ਕੁਝ ਸੰਦਾਂ ਦੀ ਜਗ੍ਹਾ ਸਾਂਭੀ  । ਖੇਤੀ ਨੂੰ ਕਿਰਤੀ ਜਾਮਾ ਪਹਿਨਾਉਂਦੇ  ਰਵਾਇਤੀ ਸੰਦ  ਤੰਗਲੀ, ਦਾਤੀ , ਖੁਰਪੀ ਅਤੇ ਕਹੀ ਦੀ ਵਰਤਂੋ ਘਟੀ ਹੈ ਪਰ  ਇਹ ਸੰਦ ਖੇਤੀ ਦੇ ਬੁਨਿਆਦੀ ਅੰਗ ਹਨ । ਇਹਨਾਂ ਸੰਦਾਂ ਨਾਲ ਕਈ ਕਿਸਮ ਦਾ ਸੱਭਿਆਚਾਰ ਅਤੇ ਸਾਹਿਤ ਵੀ ਜੁੜਿਆ ਹੋਇਆ ਹੈ ।
                                          ਕਹਾਵਤ ਹੈ " ਰੱਬ ਨੇ ਦਿੱਤੀਆਂ ਗਾਜ਼ਰਾਂ ਵਿੱਚੇ ਰੰਬਾ ਰੱਖ  "  ਇਸ ਨਾਲ ਬੰਦੇ ਦੇ ਨਸੀਬਾਂ ਨੂੰ ਜੋੜ ਕੇ ਵੇਖਿਆ ਗਿਆ ਹੈ । ਰੰਬਾ ( ਖੁਰਪਾ ) ਫਸਲ ਦੀ ਗੋਡੀ ਕਰਨ , ਘਾਹ ਖੋਤਣ ਅਤੇ ਨਦੀਨਾਂ ਦਾ ਨਾਸ਼ ਕਰਨ ਲਈ ਵਰਤਿਆਂ ਜਾਂਦਾ ਹੈ । ਇਸ ਨਾਲ  ਜੈਵਿਕ ਖੇਤੀ ਨੂੰ ਹੁਲਾਰਾ ਮਿਲਦਾ  ਸੀ  । ਕੁਝ ਸਮੇਂ ਵਰਤ ਕੇ ਇਸ ਨੂੰ ਲੌਹਾਰ ਤੋਂ ਚੰਢਾ ਕੇ ਤੇਜ਼ ਕੀਤਾ ਜਾਂਦਾ ਸੀ  । ਇਸ ਫਲਸਫੇ ਵਿੱਚੋਂ " ਮੁੰਡਾ ਅਤੇ ਰੰਬਾ ਜਿੰਨਾਂ ਚੰਡੋ ਉੱਨਾਂ ਚੰਗਾ " ਦੀ ਕਹਾਵਤ  ਫੁਰੀ ਸੀ । ਅੱਜ ਨਾ ਰੰਬੇ ਨੂੰ ਚੰਡਾਇਆ ਜਾਂਦਾ ਹੈ । ਨਾ ਹੀ ਮੁੰਡੇ ਨੂੰ ਚੰਡਿਆਂ ਜਾਂਦਾ ਹੈ ।
             ਰੰਬੇ ਤੋਂ ਬਾਅਦ ਦਾਤਰੀ ਦਾ ਕੰਮ ਆਉਂਦਾ  ਸੀ ਇਹ ਫਸਲ ਅਤੇ ਪੱਠੇ ਕੱਟਣ ਲਈ ਵਰਤੀ ਜਾਂਦੀ ਹੈ । ਦਾਤੀ ਦੋ ਕਿਸਮਾਂ ਦੀ ਹੁੰਦੀ ਹੈ । ਪੱਠੀ ਅਤੇ ਦੰਦਿਆ ਵਾਲੀ  ,  ਇਹਨਾਂ ਨੂੰ ਵੀ ਲੋਹਾਰ ਤੋਂ ਚੰਡਾਇਆ  ਅਤੇ ਦੰਦੇ ਲਗਵਾਏ ਜਾਂਦੇ ਹਨ । ਹਾੜ੍ਹੀ ਬਾਰੇ  ਤਾਂ ਦਾਤਰੀ ਦਾ ਨੇੜਿਓ ਸਬੰਧ ਹੈ , " ਦਾਤੀ ਨੂੰ ਲਗਾਦੇ ਘੁੰਗਰੂ ,  ਹਾੜ੍ਹੀ ਵੱਢੂਗੀ ਬਰਾਬਰ ਤੇਰੇ  "  ਪਸ਼ੂਆਂ ਦਾ ਚਾਰਾ ਕੱਟਣ ਲਈ  ਦਾਤੀ ਨਿੱਤ ਵਰਤੋਂ ਦੀ ਚੀਜ਼  ਹੈ ।  
                                      ਫਸਲ ਕੱਟਣ ਤੋਂ ਬਾਅਦ ਤੂੜੀ , ਤੰਦ ਸਾਂਭਣ ਲਈ ਤੰਗਲੀ ਦੀ ਵਰਤੋ ਕੀਤੀ ਜਾਂਦੀ ਸੀ  । ਇਸ ਨਾਲ  ਤੂੜੀ ਦੇ ਢੇਰਾਂ ਨੂੰ  ਬਰੂਦ ਵਾਂਗ ਉੱਡਾ ਕੇ ਸਾਲ ਛਿਮਾਹੀ ਲਈ ਸਾਂਭ ਲਿਆ ਜਾਂਦਾ ਸੀ । ਇਸ ਨਾਲ ਕਾਵਿਕ ਪ੍ਰਸੰਗ ਵੀ ਹੈ  । " ਲੈ ਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ  " ਕਹੀ ਦੀ ਵਰਤੋਂ ਇਹਨਾਂ ਨਾਲੋਂ ਜ਼ਿਆਦਾ ਹੁੰਦੀ ਹੈ ।  ਕਿਉਂਕਿ ਖੇਤੀ ਤੋਂ ਇਲਾਵਾ ਉਸਾਰੀ ਦੇ ਕੰਮਾਂ ਵਿੱਚ ਵੀ ਵਰਤੀ ਜਾਂਦੀ ਹੈ ।  ਇਸ ਨੂੰ ਚਲਾਉਣ ਲਈ ਜਾਨ ਚਾਹੀਦੀ ਹੈ । ਪਰ ਅੱਜ ਦੀ ਜਵਾਨੀ ਬੇਵੱਸ ਹੋ ਕੇ ਰਹਿ ਗਈ ਹੈ । ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਾਡੇ ਖੇਤੀ ਬਾੜੀ ਦੇ ਇਹ ਸੰਦ ਜੋ ਸਦੀਆਂ ਤੋਂ ਵਰਤੇ ਜਾਂਦੇ ਹਨ ਇਹ ਆਪਣਾ ਪੰਧ ਮੁਕਾ ਕੇ ਤਕਨੀਕੀ ਯੁੱਗ ਦੀ ਚਾਲੇ ਪੈ ਗਏ ਹਨ । ਇੱਕ ਗੱਲ ਜ਼ਰੂਰ ਹੈ ਕਿ ਇਹਨਾਂ ਸੰਦਾਂ ਦਾ ਕਿਰਤ ਅਤੇ ਕਿਰਸ ਨਾਲ  ਗੂੜ੍ਹਾ ਸਬੰਧ ਹੈ  । ਇਹਨਾਂ ਨਾਲ ਹੀ  ਕਿਸਾਨ ਅਤੇ ਮਜ਼ਦੂਰਾਂ  ਦੀ ਏਕਤਾ ਅਤੇ ਭਾਈਚਾਰਾ ਬਣਿਆ ਰਹਿੰਦਾ ਸੀ  ।

ਸੁਖਪਾਲ ਸਿੰਘ ਗਿੱਲ
 9878111445
ਅਬਿਆਣਾ ਕਲਾਂ

ਦਹਿਲੀਜ਼ ਅਤੇ ਡਿਊਢੀ - ਸੁਖਪਾਲ ਸਿੰਘ ਗਿੱਲ

 ਪੰਜਾਬੀ ਪੁਰਾਤਨ ਘਰਾਂ ਵਿੱਚ ਡਿਊਢੀ ਅਤੇ ਦਹਿਲੀਜ਼ ਅੰਗ ਅਤੇ ਸ਼ਿੰਗਾਰ ਹੁੰਦੇ ਸਨ। ਸੱਭਿਆਚਾਰ ਵਿੱਚ ਵੀ ਇਨ੍ਹਾਂ ਨੂੰ ਬਣਦਾ ਰੁਤਬਾ ਹਾਸਿਲ ਸੀ। ਜਿਉਂ-ਜਿਉਂ ਤਰੱਕੀ ਨੇ ਰਫਤਾਰ ਫੜੀ ਸੱਭਿਆਚਾਰ ਦੇ ਇਹ ਦੋਵੇਂ ਅੰਗ ਸਮੇਂ ਦਾ ਹਾਣੀ ਬਣਨ ਦੀ ਬਜਾਏ ਘਸਮੈਲੇ ਹੁੰਦੇ ਗਏ। ਰਹਿਣ ਸਹਿਣ ਵੀ ਬਦਲ ਕੇ ਰੱਖ ਦਿੱਤਾ ਗਿਆ। ਦਹਿਲੀਜ਼ ਪੰਜਾਬੀ ਸ਼ਬਦਕੋਸ਼ ਅਨੁਸਾਰ ਬਰੂੰਹ ਨੂੰ ਕਹਿੰਦੇ ਹਨ। ਦਰਵਾਜ਼ੇ ਦੀ ਚੁਗਾਠ ਦੀ ਹੇਠਲੀ ਲੱਕੜ ਸਰਦਲ ਜਾਂ ਪ੍ਰਵੇਸ਼ ਰਾਹੀਂ ਉੱਪਰ ਨੂੰ ਉੱਚੀ ਕਰਕੇ ਲਗਾਈ ਜਾਂਦੀ ਹੈ। ਡਿਊਢੀ ਨੂੰ ਸ਼ਬਦਕੋਸ਼ ਅਨੁਸਾਰ ਡੇਢ ਗੁਣੀ ਅਤੇ ਘਰ ਵਿੱਚ ਦਾਖਲ ਹੋਣ ਦਾ ਦਰਵਾਜ਼ਾ ਕਿਹਾ ਜਾਂਦਾ ਹੈ।
    ਸਮੇਂ ਦੀ ਲੋੜ ਅਤੇ ਮੰਗ ਅਨੁਸਾਰ ਪੰਜਾਬੀ ਪੁਰਾਤਨ ਘਰਾਂ ਵਿੱਚ ਦਹਿਲੀਜ਼ ਤਾਂ ਆਮ ਘਰਾਂ ਵਿੱਚ ਹੁੰਦੀ ਸੀ ਪਰ ਪਹਿਲੇ ਪਹਿਲ ਡਿਊਢੀ ਰਈਸ ਪਰਿਵਾਰਾਂ ਦੇ ਹੀ ਹੁੰਦੀ ਸੀ। ਹੋਲੇ-ਹੋਲੇ ਵਿਕਸਿਤ ਹੋਣ ਨਾਲ ਡਿਊਢੀ ਵੀ ਆਮ ਜਿਹੀ ਹੋ ਗਈ। ਦਹਿਲੀਜ਼ ਕਈ ਪੱਖਾਂ ਤੋਂ ਸੁਨੇਹਾ ਦਿੰਦੀ ਸੀ। ਵਿਗਿਆਨਿਕ ਤੌਰ ਤੇ ਇਸ ਦਾ ਕਾਰਨ ਇਹ ਸੀ ਕਿ ਉੱਚੀ ਹੋਣ ਕਰਕੇ ਬਾਹਰ ਤੋਂ ਕੋਈ ਜੀਵ ਜੰਤੂ ਕਮਰੇ ਅੰਦਰ ਨਹੀਂ ਵੜ ਸਕਦਾ ਸੀ। ਕਈ ਲੋਕ ਇਸ ਨੂੰ ਧਾਰਮਿਕ ਤੌਰ ਤੇ ਮੱਥੇ ਵੀ ਟੇਕਦੇ ਹੁੰਦੇ ਸਨ। ਇਨ੍ਹਾਂ ਪਿੱਛੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ ਪਰ ਮੱਥਾ ਟੇਕਣ ਦਾ ਭਾਵ ਘਰ ਦੀ ਖੁਸ਼ਹਾਲੀ ਸਮਝਿਆ ਜਾਂਦਾ ਸੀ। ਹੁਣ ਦਹਿਲੀਜ਼ ਦਾ ਤਾਂ ਰੌਲਾ ਹੀ ਮੁੱਕਾ ਦਿੱਤਾ। ਹੁਣ ਕਮਰੇ ਵਿੱਚ ਸਿੱਧਮ ਸਿੱਧੇ ਜੀਵ ਜੰਤੂਆਂ ਨੂੰ ਜਾਣ ਤੋਂ ਰੋਕਣ ਲਈ ਦਰਵਾਜ਼ੇ ਦੇ ਥੱਲੇ ਹੀ ਜੁਗਾੜ ਫਿੱਟ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਦਰਵਾਜ਼ਾ ਆਪਣੇ ਆਪ ਹੀ ਬੰਦ ਹੋ ਜਾਂਦਾ ਹੈ।
    ਜਿੱਥੇ ਦਹਿਲੀਜ਼ ਜੀਵ ਜੰਤੂਆਂ ਅਤੇ ਧਾਰਮਿਕ ਤੌਰ ਤੇ ਤਰਜਮਾਨ ਸੀ ਉੱਥੇ ਡਿਊਢੀ ਵੀ ਘਰ ਦੇ ਮੁੱਖ ਦੁਆਰ ਵਿੱਚ ਹੁੰਦੀ ਸੀ। ਇਸ ਵਿੱਚੋਂ ਅੱਗੇ ਲੰਘਣ ਲਈ ਬਜ਼ੁਰਗ ਦੀ ਤਫਤੀਸ਼ ਵਿੱਚ ਸ਼ਾਮਿਲ ਹੋਣਾ ਪੈਂਦਾ ਸੀ। ਜਿੱਥੇ ਬਜ਼ੁਰਗ ਘਰ ਦਾ ਜਿੰਦਰਾ ਸੀ ਉੱਥੇ ਡਿਊਢੀ ਘਰ ਦੀ ਚਾਬੀ ਵੀ ਕਹੀ ਜਾਂਦੀ ਸੀ। ਡਿਊਢੀ ਬਾਰੇ ਇੱਕ ਹੋਰ ਵੀ ਦੰਦ ਕਥਾ ਹੈ ਕਿ ਇੱਥੇ ਸਮਾਜਿਕ ਚਹਿਲ ਪਹਿਲ ਰਹਿੰਦੀ ਸੀ। ਚਾਹ ਪਾਣੀ ਅਤੇ ਹੁੱਕਾ ਪਾਣੀ ਚੱਲਦਾ ਰਹਿੰਦਾ ਸੀ। ਰੱਜਦੇ ਪੁੱਜਦੇ ਘਰਾਂ ਦੀ ਨਿਸ਼ਾਨੀ ਵੀ ਸੀ। ਡਿਊਢੀ ਨਾਲ ਸੱਭਿਅਤਾ ਅਤੇ ਸੱਭਿਆਚਾਰ ਕਈ ਪੱਖਾਂ ਤੋਂ ਜੁੜੇ ਹੋਏ ਹਨ। ਬਜ਼ੁਰਗ ਡਿਊਢੀ ਦੀ ਸ਼ਾਨ ਨੂੰ ਦੁੱਗਣੀ ਕਰਕੇ ਰੱਖਦੇ ਸਨ। ਡਿਊਢੀ ਸਮਾਜਿਕ ਸੁਰੱਖਿਆ ਦਾ ਇੱਕ ਫੋਡਾ ਵੀ ਸੀ। ਬਜ਼ੁਰਗਾਂ ਦੀਆਂ ਅਹਿਮੀਅਤ ਅਤੇ ਡਿਊਢੀ ਮੱਧਮ ਪੈ ਚੁੱਕੀ ਹੈ। ਕਿਹਾ ਵੀ ਜਾਂਦਾ ਸੀ ''ਘਰ ਦੇ ਭਾਗ ਡਿਊਢੀ ਤੋਂ ਦਿੱਖ ਜਾਂਦੇ ਹਨ।'' ਨਜ਼ਰ ਟਪਕਾਰ ਲਈ ਅਤੇ ਅੰਧ-ਵਿਸ਼ਵਾਸ ਲਈ ਵੱਖੋ-ਵੱਖਰੇ ਪਹਿਲੂਆਂ ਦੀ ਤਰਜ਼ਮਾਨੀ ਕਰਦੀ ਹੈ। ਇਸ ਲਈ ਡਿਊਢੀ ਦੇ ਬਾਹਰ ਨਿੰਬੂ ਵੀ ਟੰਗੇ ਜਾਂਦੇ ਹੁੰਦੇ ਸਨ। ਜਿਸ ਦਾ ਆਪਣਾ ਅਧਿਆਤਮਿਕ ਪੱਖ ਸੀ।
    ਪੰਜਾਬੀ ਘਰਾਂ ਵਿੱਚ ਦਹਿਲੀਜ਼ ਅਤੇ ਡਿਊਢੀਆਂ ਉਸ ਘਰ ਦਾ ਉਘੜਵਾਂ ਰੂਪ ਹੁੰਦੀਆਂ ਸਨ। ਇਹ ਦੋਵੇਂ ਪੁਰਾਤਨ ਬਜ਼ੁਰਗਾਂ ਦੀ ਸੱਭਿਅਤਾ ਅਤੇ ਸੱਭਿਆਚਾਰਕ ਸੂਝ-ਬੂਝ ਨੂੰ ਪਰਗਟ ਕਰਦੀ ਹੈ। ਇਹ ਨਿਪੁੰਨ ਸਮਾਜਿਕ ਕਲਾਕਾਰੀ ਦਾ ਨਕਸ਼ਾ ਵੀ ਪੇਸ਼ ਕਰਦੀਆਂ ਸਨ। ਅੱਜ ਕੱਲ ਸੱਭਿਆਚਾਰ ਦੇ ਦੋਨੋਂ ਅੰਗ ''ਕਿਤਾਬੋਂ ਕੇ ਜ਼ਰੀਏ'' ਆਪਣਾ ਪ੍ਰਭਾਵ ਛੱਡਦੇ ਹਨ ਪਰ ਹਕੀਕਤ ਵਿੱਚ ਨਹੀਂ। ਡਿਊਢੀ ਨੂੰ ਨਵੇਂ ਰੂਪ ਵਿੱਚ ਦਿੱਖ ਮਿਲਣ ਦੀ ਗੁੰਜਾਇਸ਼ ਹੈ। ਅਜਿਹੀ ਗੁੰਜ਼ਾਇਸ਼ ਦਹਿਲੀਜ਼ ਦੇ ਦੁਬਾਰਾ ਉੱਕਰਨ ਦੀ ਨਹੀਂ ਲੱਗਦੀ। ਇਹ ਦੋਵੇਂ ਅੰਗ ਪੁਰਾਤਨ ਸੱਭਿਆਚਾਰ ਦੀ ਝਲਕ ਕਿਤਾਬਾਂ ਵਿੱਚ ਅੱਜ ਵੀ ਮਾਰਦੇ ਹਨ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋਬਾ. ਨੰ. 98781-11445

ਭਾਦੋਂ ਧੁੱਪਾਂ ਕਹਿਰ ਦੀਆਂ, ਝੜੀਆਂ ਕਈ—ਕਈ ਪਹਿਰ ਦੀਆਂ - ਸੁਖਪਾਲ ਸਿੰਘ ਗਿੱਲ

 ਭਾਦੋਂ ਨਾਨਕਸ਼ਾਹੀ ਯੰਤਰੀ ਦਾ ਛੇਵਾਂ 30 ਦਿਨ ਵਾਲਾ ਮਹੀਨਾ ਹੁੰਦਾ ਹੈ। ਵਰਖਾ ਰੁੱਤ ਦਾ ਦੂਜਾ ਮਹੀਨਾ ਹੁੰਦਾ ਹੈ। ਅਗਸਤ ਸਤੰਬਰ ਵਿੱਚ ਆਉਣ ਵਾਲਾ ਇਹ ਮਹੀਨਾ ਸੱਭਿਆਚਾਰ ਅਤੇ ਕੁਦਰਤ ਦੇ ਪੱਖੋਂ ਬਲਵਾਨ ਹੈ। ਕਿੱਤੇ ਵਜੋਂ ਪੰਜਾਬੀਆਂ ਦੇ ਜੀਵਨ ਵਿੱਚ ਇਹ ਮਹੀਨਾ ਵੰਨ—ਸੁਵੰਨੇ ਪ੍ਰਭਾਵ ਪਾਉਂਦਾ ਹੈ। ਸਾਉਣ ਮਹੀਨੇ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ। ਸਭ ਇਕੱਠੀਆਂ ਹੁੰਦੀਆਂ ਹਨ। ਇਹ ਇੱਕ ਸੱਭਿਆਚਾਰਕ ਰੀਤ ਬਣੀ ਹੋਈ ਹੈ। ਭਾਦੋਂ ਮਹੀਨੇ ਆਪਣੇ—2 ਸਹੁਰੇ ਘਰ ਮੁੜ ਜਾਂਦੀਆਂ ਹਨ। “ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ”।
    ਭਾਦੋਂ ਮਹੀਨਾ ਤਪਸ਼, ਗਰਮੀ ਅਤੇ ਹੁੰਮਸ ਦਾ ਮਹੀਨਾ ਹੁੰਦਾ ਹੈ। ਇਹ ਕਈ ਤਰ੍ਹਾਂ ਦੇ ਕੁਦਰਤੀ ਚਿੱਤਰ, ਚਿੱਤਰਦਾ ਹੈ। ਇਹ ਮਹੀਨਾ ਜਿੰਮੀਦਾਰ ਦੀ ਹਿੰਮਤ ਅਤੇ ਸਿਰੜ ਦਾ ਸਿਰਨਾਵਾਂ ਹੁੰਦਾ ਹੈ। ਅੱਤ ਦੀ ਗਰਮੀ ਵਿੱਚ ਮਜ਼ਬੂਰੀ ਵੱਸ ਖੇਤਾਂ ਦਾ ਅਤੇ ਪਸ਼ੂਆਂ ਦਾ ਕੰਮ ਕਰਨਾ ਪੈਂਦਾ ਹੈ। ਮੀਂਹ ਪੈਂਦੇ ਵਿੱਚ ਵੀ ਤੇ੍ਰਲੀ ਚੌਂਦੀ ਰਹਿੰਦੀ ਹੈ। ਇਸ ਮਹੀਨੇ ਕੁਦਰਤ ਦਾ ਇਹੀ ਸੁਭਾਅ ਹੁੰਦਾ ਹੈ। ਇਸ ਲਈ ਕਹਾਵਤ ਵੀ ਹੈ ਕਿ “ਜੱਟ ਭਾਦੋਂ ਵਿੱਚ ਸਾਧ ਹੋ ਗਿਆ ਸੀ”। ਇੱਕ ਹੋਰ ਵੰਨਗੀ ਹੈ “ਜੇਠ ਹਾੜ੍ਹ ਕੁੱਖੀਂ, ਸਾਵਣ ਭਾਦੋਂ ਰੁੱਖੀਂ”। ਭਾਦੋਂ ਮਹੀਨੇ ਦੀ ਸੁਦੀ ਦੀ ਪਹਿਲੀ ਤਿੱਥ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾਂ ਪ੍ਰਕਾਸ਼ ਹੋਇਆ ਸੀ। ਭਾਦੋਂ ਮਹੀਨੇ ਦੀ ਦੂਜ ਨੂੰ ਚੰਨ ਦੇਖਣਾ ਸ਼ੁੱਭ ਮੰਨਿਆ ਜਾਂਦਾ ਹੈ। ਭਾਦੋਂ ਸੁਦੀ ਚੌਥ ਨੂੰ ਵਿਨਾਇਕ ਚਤਰੁਥ ਵੀ ਕਿਹਾ ਜਾਂਦਾ ਹੈ।
    ਗਿਆਨੀ ਗੁਰਦਿੱਤ ਸਿੰਘ ਨੇ ਇਸ ਮਹੀਨੇ ਦਾ ਜ਼ਿਕਰ ਕੁਦਰਤ ਅਤੇ ਕਿੱਤੇ ਦਾ ਸੁਮੇਲ ਕਰਾਉਂਦਾ ਹੋਇਆ ਇਉਂ ਉਚਾਰਿਆ ਹੈ। “ਚੜੇ੍ਹ ਭਾਦਰੋਂ ਉੱਗੀ ਖੁੰਮ ਪਿਆ ਆਖਰਾਂ ਦਾ ਗੁੰਮ, ਕਿਤੇ ਚਿੱਬੜ ਕਿਤੇ ਮਤੀਰੇ, ਸਾਡੇ ਖੇਤੀ ਬੀਜੇ ਖੀਰੇ”। ਇਸ ਭਾਦਰੋਂ ਦੇ ਝੱਸੇ ਮਨੁੱਖੀ ਸਰੀਰ ਦਾ ਵਰਣਨ ਇਉਂ ਵੀ ਮਿਲਦਾ ਹੈ। “ਭਾਦੋਂ ਬਦਰੰਗ ਗੋਰਾ ਕਾਲਾ ਰੰਗ” ਇਸ ਮਹੀਨੇ ਮੀਂਹ ਤੋਂ ਬਾਅਦ ਟੋਭੇ ਅਤੇ ਨੀਵੀਂਆਂ ਥਾਵਾਂ ਪਾਣੀ ਨਾਲ ਭਰ ਜਾਂਦੀਆਂ ਹਨ। ਇਸ ਸਾਹਿਤਕ ਬੋਲੀ ਵੀ ਹੈ। “ਤੇਰਾਂ ਭਾਦੋਂ ਝੜੀ ਲੱਗ ਗਈ, ਦੱਸਾਂ ਨਵੀਂ ਕਹਾਣੀ, ਜ਼ੋਰ ਕਿਸੇ ਦਾ ਚੱਲਦਾ ਹੈ ਨੀ ਉਲਟੀ ਉਲਝ ਗਈ ਤਾਣੀ, ਬੈਠਕ ਵੀਰ ਨੂੰ ਰੁੜ ਗਈ ਸਾਰੀ ਅੰਦਰ ਫਿਰ ਗਿਆ ਪਾਣੀ ਚੱਲਦੀ ਨਹੀਂ ਰੇਲ ਕਿਸੇ ਦੀ ਸਭਨਾਂ ਦਾ ਤੂੰ ਦਾਤਾ ਦੁੱਧੋਂ ਛਾਣਦਾ ਪਾਣੀ, ਸਭਨਾਂ ਦਾ ਤੂੰ ਦਾਤਾ”। ਭਾਦੋਂ ਮਹੀਨਾ ਇੱਕ ਹੋਰ ਵੀ ਸੱਭਿਆਚਾਰਕ ਵੰਨਗੀ ਬੁੱਕਲ ਵਿੱਚ ਲਈ ਬੈਠਾ ਹੈ “ਭਾਦੋਂ ਹੀਰ ਦਾ ਧਰਿਆ ਮੁੱਕਲਾਵਾ, ਉਸ ਨੂੰ ਖਬਰ ਨਾ ਕਾਈ ਮਹਿੰਦੀ ਸ਼ਗਨਾਂ ਦੀ ਚੜਦੀ ਦੂਣ ਸਵਾਈ”।
    ਅਧਿਆਤਮਕ ਪੱਖ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੇ ਨਾਮ ਇਉਂ ਸੰਦੇਸ਼ ਦਿੱਤਾ ਸੀ “ਭਾਦਓ ਭਰਮ ਭੁਲੀ, ਭਰਿ ਜੋਬਨਿ ਪਛੁਤਾਣੀ ਜਲ ਥਲ ਭਰੇ ਬਰਸ ਰੁਤੇ ਰੰਗ ਮਾਣੀ” ਪੰਚਮ ਪਾਤਸ਼ਾਹ ਜੀ ਨੇ ਭਾਦੋਂ ਮਹੀਨੇ ਬਾਰੇ ਬਾਰਾਂਮਾਹਾਂ ਵਿੱਚ ਮਨੁੱਖ ਰੂਪੀ ਇਸਤਰੀ ਨੂੰ ਪ੍ਰਭੂ ਚਰਨਾਂ ਵਿੱਚ ਜੁੜਨ ਦਾ ਸੁਨੇਹਾ ਦਿੱਤਾ ਹੈ। “ਭਾਦੁਇ ਭਰਮਿ ਭੁਲਾਣੀਆ, ਦੂਜੇ ਲੱਗਾ ਹੇਤੁ, ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ” “ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ, ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰੱਖਣ ਵਾਲਾ ਹੇਤੁ”। ਭਾਦੋਂ ਮਹੀਨਾ ਗਰਮੀ ਸਰਦੀ ਧੁੱਪ ਮੀਂਹ ਹੁੰਮਸ ਹਰ ਤਰ੍ਹਾਂ ਦਾ ਮੌਸਮ ਹੁੰਦਾ ਹੈ। ਇਸ ਮਹੀਨੇ ਨੂੰ ਮੌਰ ਅਤੇ ਬੰਬੀਹੇ ਦੀ ਰੁੱਤ ਵੀ ਕਿਹਾ ਜਾਂਦਾ ਹੈ। ਸਾਉਣ ਮਹੀਨਾ ਛਰਾਟਿਆਂ ਨਾਲ ਅਤੇ ਭਾਦੋਂ ਝੜੀਆਂ ਨਾਲ ਪੁਕਾਰਿਆ ਜਾਂਦਾ ਹੈ। ਇਸ ਮਹੀਨੇ ਮੁੜਕਾ ਜੋਬਨ ਉੱਤੇ ਹੁੰਦਾ ਹੈ। ਕਿਸਾਨੀ ਸਾਹਿਤਕ ਅਤੇ ਕੁਦਰਤੀ ਪੱਖ ਤੋਂ ਅਲੱਗ—2 ਪਰਛਾਵੇਂ ਪਾਉਂਦਾ ਹੈ। “ਸਾਵਣ ਬੱਦਲ ਵਸਦੇ ਨੇ, ਅੰਬ ਜਮੋਏ ਰਸਦੇ ਨੇ, ਭਾਦੋਂ ਧੁੱਪਾਂ ਕਹਿਰ ਦੀਆਂ, ਝੜੀਆਂ ਕਈ—2 ਪਹਿਰ ਦੀਆਂ”। ਭਾਦਰੋਂ ਮਹੀਨਾ ਆਪਣੇ ਅੰਦਰ ਸੱਭਿਅਤਾ, ਸੱਭਿਆਚਾਰ ਰੁੱਤਾਂ ਤਿੱਥਾਂ ਅਤੇ ਅਧਿਆਤਮਵਾਦ ਦਾ ਖਜ਼ਾਨਾ ਸਾਂਭੀ ਬੈਠਾ ਹੈ। 

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋਬਾ. ਨੰ. 98781—11445

“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹੁਤ ।।” - ਸੁਖਪਾਲ ਸਿੰਘ ਗਿੱਲ

ਕੁਦਰਤ ਨੇ ਜੀਉਣ ਲਈ ਹੀਲੇ ਨਾਲ ਵਸੀਲੇ ਬਣਾਏ ਹਨ । ਮਨੁੱਖ ਨੇ ਇਹਨਾਂ ਵਸੀਲਿਆਂ ਨੂੰ ਖਤਮ ਕਰਨ ਲਈ ਆਤਮਘਾਤ ਪੈਦਾ ਕੀਤਾ । ਇਸੇ ਪ੍ਰਸੰਗ ਵਿੱਚ ਵਾਤਾਵਰਨ ਦਾ ਵਿਸ਼ਾ ਆਉਂਦਾ ਹੈ । ਜੀਵਾ ਅਤੇ ਬਨਸਪਤੀ ਦੇ ਮਾਹੌਲ ਨਾਲ ਆਪ ਸੀ ਸੰਬੰਧਾਂ ਦਾ ਦੂਜਾ ਨਾਮ ਹੁੰਦਾ ਹੈ ਵਾਤਾਵਰਨ । ਇਸ ਨਾਲ ਖਿਲਵਾੜ ਕਰਨਾ ਗੁਨਾਹ ਹੈ । ਕੁਦਰਤ ਦਾ ਸੰਤੁਲਨ ਬਣਾਉਣ ਲਈ ਹਰ ਕੋਈ ਰਟੀ ਜਾਂਦਾ ਹੈ ਪਰ ਅਮਲ ਕੋਈ ਨਹੀਂ ਕਰਦਾ । ਇੱਥੋਂ ਤੱਕ ਕਿ ਗੁਰੂਆਂ ਦੇ ਮਹਾਨ ਫ਼ਲਸਫੇ ਨੂੰ ਵੀ ਨਹੀਂ ਮੰਨਦੇ । ਵਾਤਾਵਰਨ ਸੰਬੰਧੀ ਦਿਨ ਦਿਹਾੜੇ ਮਨਾਂ ਕੇ ਬੁੱਤਾ ਸਾਰ ਲਿਆ ਜਾਂਦਾ ਹੈ । ਵੰਗਾਰਾਂ ਪ੍ਹਤੱਖ ਹਨ ,  ਪਰ ਫਿਰ ਵੀ ਅਸੀਂ ਨਹੀਂ  ਸਮਝਦੇ । ਵਾਤਾਵਰਨ ਤੇ ਮਨੁੱਖ ਦੇ ਅਟੁੱਟ ਰਿਸ਼ਤੇ ਹਨ । ਹਵਾ ਪਾਣੀ ਅਤੇ ਧਰਤੀ ਮਾਂ ਨੂੰ ਦੂਸ਼ਿਤ ਕਰਕੇ ਮਾਨਵਜਾਤੀ ਦੀ ਸਿਹਤ ਖੁਦ ਸਹੇੜੀਆਂ ਅਲਾਮਤਾਂ ਕਰਕੇ ਖਤਰੇ ਵਿੱਚ ਹੈ।
ਫਰਵਰੀ 2007 ਵਿੱਚ ਪੈਰਿਸ ਵਿੱਚ ਵਾਤਾਵਰਨ ਕਾਨਫਰੰਸ ਆਯੋਜਿਤ ਕੀਤੀ ਗਈ ।ਇਸ ਵਿੱਚ ਉੱਘੇ ਵਿਗਿਆਨੀਆਂ ਨੇ ਕਿਹਾ ਕਿ ਜੇ ਹੁਣ ਵੀ ਗਰੀਨ ਹਾਊਸ ਨੂੰ ਜ਼ਹਿਰੀਲੀਆਂ ਗੈਸਾਂ ਤੋਂ ਨਾ ਬਚਾ ਸਕੇ ਫਿਰ ਸਾਡੇ ਕੋਲ ਪਛਤਾਉਣ ਲਈ ਕੋਈ ਸਮਾਂ ਨਹੀਂ ਹੋਵੇਗਾ । ਵਾਤਾਵਰਨ ਨੂੰ ਹਵਾ ਪਾਣੀ ਅਤੇ ਧਰਤੀ ਮਾਤਾ ਤੋਂ ਵੱਖ ਨਹੀਂ ਕਰ ਸਕਦੇ । ਜੇ ਇਹਨਾਂ ਤਿੰਨਾਂ ਮੁੱਦਿਆਂ ਤੇ ਵਿਚਾਰ ਹੋਵੇ ਤਾਂਹੀ ਵਾਤਾਵਰਨ ਸਲਾਮਤ ਰਹੇਗਾ । ਇਹ ਤਿੰਨੇ ਤੱਥ ਇੱਕ ਦੂਜੇ ਦੇ ਸਹਾਇਕ ਵਜੋਂ ਕੰਮ ਕਰਦੇ ਹਨ ।ਪੰਜਾਬ ਵਿੱਚ 9 ਪ੍ਰਤੀਸ਼ਤ ਤੋ ਘੱਟ ਰਕਬਾ ਜੰਗਲਾਂ ਅਧੀਨ ਹੈ।ਜਦੋਂ ਕਿ ਇਹ 33 ਫੀਸਦੀ ਚਾਹੀਦਾ ਹੈ।ਰੁੱਖ ਸਾਫ ਹਵਾ ਦਿੰਦੇ ਹਨ।ਦੂਸ਼ਿਤ ਹਵਾ ਨਾਲ ਭਾਰਤ ਵਿੱਚ ਹਜ਼ਾਰਾਂ ਮੌਤਾਂ ਹੁੰਦੀਆਂ ਹਨ।ਪੰਜਾਬ ਵਿੱਚ ਲੁਧਿਆਣਾ ਜਿਲ੍ਹਾ ਸੰਬੰਧੀ 1997—98 ਵਿੱਚ ਇੱਕ ਰਿਪੋਰਟ ਆਈ ਸੀ ਜਿਸ ਮੁਤਾਬਿਕ ਇੱਥੇ ਦੋ ਸੌਂ ਪੰਜਾਹ ਕਰੋੜ ਦਾ ਮੈਡੀਕਲ ਵਪਾਰ ਹੋਇਆ।ਆਲਮੀ ਪੱਧਰ ਤੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਾਤਾਵਰਨ ਬਾਰੇ ਇੱਕ ਰਾਏ ਨਹੀਂ ਬਣ ਸਕੀ।ਇਸਨੂੰ ਬਹੁਤਾ ਪੜਚੋਲਿਆ ਪਰ ਤੋਲਿਆ ਘੱਟ ਗਿਆ।ਤਾਪਮਾਨ ਵੱਧਣ ਕਰਕੇ ਵਾਤਾਵਰਨ ਦੀ ਤਬਦੀਲੀ ਵਿੱਚ 70 ਪ੍ਰਤੀਸ਼ਤ ਯੋਗਦਾਨ ਹੈ।ਪ੍ਰਾਇਮਰੀ ਸਿੱਖਿਆ ਤੋਂ ਪੜਾਇਆ ਜਾਂਦਾ ਹੈ ਕਿ ਸਾਹ ਲੈਣ ਵਾਸਤੇ ਆਕਸੀਜਨ ਜ਼ਰੂਰੀ ਹੁੰਦੀ ਹੈ।ਜਿਸ ਦਾ ਉਤਪੰਨ ਰੁੱਖਾਂਤੋਂ ਹੁੰਦਾ ਹੈ।ਰੁੱਖ ਕਾਰਬਨਡਾਈਆਕਸਾਈਡ ਜ਼ਜਬ ਕਰਦੇ ਹਨ ਅਤੇ ਆਕਸੀਜਨ ਛੱਡ ਦੇ ਹਨ ਪਰ ਰੁੱਖਾਂ ਹੇਠੋਂ ਰਕਬਾ ਘੱਟਣ ਦਾ ਸਿਲਸਿਲਾ, ਸਿਲਸਿਲੇਵਾਰ ਜਾਰੀ ਹੈ।ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਅਨੁਸਾਰ ਕੈਨੇਡਾ ਕੋਲ ਪ੍ਰਤੀ ਵਿਅਕਤੀ 8953 , ਰੂਸ ਕੋਲ 4461, ਅਮਰੀਕਾ ਕੋਲ 716, ਚੀਨ ਕੋਲ 102, ਭਾਰਤ ਕੋਲ ਮਹਿਜ ਸਿਰਫ 28 ਰੁੱਖ ਹਨ।ਜਦੋਂ ਕਿ ਫਾਰੈਸਟ ਸਰਵੇ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 20 ਹਜ਼ਾਰ ਹੈਕਟੇਅਰ ਵਾਧੇ ਦੀ ਸ਼ਿਫਾਰਸ਼ ਹੈ।
ਸਾਹਿਤਕ ਪੱਖ ਤੋਂ ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ਬਾਰੇ ਦਿਲ ਟੁੰਬਵੀਂ ਕਵਿਤਾ ਹੈ :—
“ ਸਾਂਝੀ ਬੋਲੀ ਸਭ ਰੁੱਖਾਂ ਦੀ, ਦਿਲ ਕਰਦਾ ਲਿਖ ਜਾਵਾਂ,
ਮੇਰਾ ਵੀ ਇਹ ਦਿਲ ਕਰਦਾ ਏ, ਰੁੱਖ ਦੀ ਜ਼ੂਨੇ ਆਵਾਂ,
ਜੇ ਤੁਸੀ ਮੇਰਾ ਗੀਤ ਏ ਸੁਣਨਾ, ਮੈਂ ਰੁੱਖਾਂ ਵਿੱਚ ਗਾਵਾਂ,
ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜੀਊਣ ਰੁੱਖਾਂ ਦੀ ਛਾਵਾਂ।”
ਰੁੱਖਾਂ ਦੀ ਕਟਾਈ ਨਾਲ 66 ਹਜ਼ਾਰ ਜੀਵਾ—ਜੰਤੂਆਂ ਅਤੇ ਪੌਦਿਆਂ ਦੀਆਂ ਨਸਲਾਂ ਨੂੰ ਖਤਰਾ ਹੈ।ਗੱਲ ਸਮਝਣੀ ਪਊ ਜੇ ਰੁੱਖ ਹੈ ਤਾਂ ਮਨੁੱਖ ਹੈ।ਰੁੱਖ ਅਤੇ ਕੁੱਖ ਦਾ ਸਮਾਜਿਕ ਮੇਲ ਵੀ ਕੀਤਾ ਜਾ ਸਕਦਾ ਹੈ।ਪਹਿਲੀ ਕਿਲਕਾਰੀ ਤੋਂ ਅਰਥੀ ਤੱਕ ਰੁੱਖਾਂ ਨਾਲ ਵਾਹ—ਵਾਸਤਾ ਪੈਂਦਾ ਹੈ।
ਧਰਤੀ ਦਾ ਵੀ ਵਾਤਾਵਰਨ ਲਈ ਮਹੱਤਵ ਹੈ।ਧਰਤੀ ਮਾਤਾ ਫਸਲਾਂ ਅਤੇ ਨਸਲਾਂ ਉੱਤੇ ਦਇਆ ਭਾਵਨਾ ਰੱਖਦੀ ਹੈ।ਇਸ ਵਿੱਚ ਵੀ ਲੱਖਾਂ ਟੰਨ ਜ਼ਹਿਰਾਂ ਅਤੇ ਰਸਾਇਣ ਘੋਲ ਦਿੱਤੇ ਗਏ ਹਨ।ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਪਰ ਉਸੇ ਦੀ ਚੁੰਨੀ ਵੀ ਉਤਾਰੀ ਜਾਂਦੇ ਹਾਂ।ਸੋਨਾ ਉਪਜਦੀ ਧਰਤੀ ਹੁਣ ਮਨੁੱਖੀ ਜਾਨਾਂ ਲਈ ਮਾਰੂ ਹੋ ਰਹੀ ਹੈ।ਧਰਤੀ ਦੀ ਸਿਹਤ ਖਰਾਬ ਤਾਂ ਮਨੁੱਖਤਾ ਦੀ ਸਿਹਤ ਆਪਣੇ ਆਪ ਖਰਾਬ ਹੋ ਜਾਂਦੀ ਹੈ।ਧਰਤੀ ਮਾਤਾ ਦੀ ਪੁਕਾਰ ਇਉਂ ਸੁਣੋ:—
“ ਕਦੇ—ਕਦੇ ਦਿਲ ਹੈ ਕਰਦਾ, ਲੋਕਾਂ ਵਰਗੀ ਹੋ ਜਾਵਾਂ,
ਹਾਂ ਮਾਂ ਧਰਤੀ , ਕਿਵੇਂ ਧੀਆਂ ਪੁੱਤਰਾਂ ਉੱਤੇ ਕਹਿਰ ਕਮਾਵਾਂ।”
ਮਨੁੱਖ ਨੇ ਧਰਤੀ ਨਾਲ ਧ੍ਰੋਹ ਕਮਾਇਆ ਪਰ ਧਰਤੀ ਨੇ ਆਸਰਾ ਹੀ ਦਿੱਤਾ।ਧਰਤੀ ਅਤੇ ਮਾਂ ਦਾ ਮਨੁੱਖ ਹਮੇਸ਼ਾ ਕਰਜਈ ਰਹੇਗਾ।ਮਨੁੱਖ ਮਿੱਟੀ ਵਿੱਚੋਂ ਉਪਜ ਕੇ , ਮਿੱਟੀ ੳੱੁਤੇ ਖੇਲ ਕੁੱਦ ਕੇ ,ਮਿੱਟੀ ਵਿੱਚ ਹੀ ਸਮਾ ਜਾਂਦਾ ਹੈ।
“ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ”।ਇਹ ਕੁਦਰਤ ਦੀ ਦੇਣ ਹੈ ਇਸ ਤੋਂ ਬਿਨ੍ਹਾਂ ਜੀਵਨ ਅਸੰਭਵ ਹੈ।ਪਾਣੀ ਧਰਤੀ ਅਤੇ ਰੁੱਖਾਂ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ।ਮਨੁੱਖੀ ਸਿਹਤ ਲਈ ਵੀ ਬੇਹੱਦ ਜ਼ਰੂਰੀ ਹੈ।ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਹੁਣੇ ਹੀ ਧਰਤੀ ਹੇਠੋਂ ਪਾਣੀ ਤੇ ਪੱਧਰ ਨੂੰ ਨੀਵਾਂ ਹੋਣ ਤੋ ਰੋਕਣ ਲਈ ਧਰਤੀ ਦੇ ਪੁੱਤਰਾਂ ਲਈ ਝੋਨੇ ਦੀ ਸਿੱਧੀ ਬਿਜਾਈ ਵਾਸਤੇ 1500/— ਰੁਪਏ ਵਿੱਤੀ ਸਹਾਇਤਾ ਦੀ ਮੰਨਜ਼ੂਰੀ ਦਿੱਤੀ ਹੈ।ਇਸ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਗਾਏ ਗੀਤ ਤੇ ਪਹਿਰਾ ਦਿੱਤਾ ਹੈ :—
“ਚੱਕ ਤੇ ਟਿੱਬੇ ਲਾਤਾ ਝੋਨਾ, ਧਰਤੀ ਕਹਿੰਦੇ ਉਗਲੇ ਸੋਨਾ,
ਸਬਮਰਸੀਬਲਾਂ ਨੇ ਖਿੱਚਤਾ ਪਾਣੀ, ਫਸਲ ਬੀਜ ਲਈ ਧਰਤੀ ਖਾਣੀ,
ਰੇਹਾਂ ਪ਼ਾ ਸਪਰੇਆਂ ਕਰਕੇ, ਮੰਡੀਆਂ ‘ਚ ਲਾ ਦਿੱਤੀਆਂ ਢੇਰੀਆਂ,
ਕਿੱਕਰਾਂ, ਟਾਹਲੀਆਂ, ਬੇਰੀਆਂ ਅੱਜ—ਕੱਲ੍ਹ ਦਿਖਦੀਆਂ ਨਹੀਂ।”
ਹਰ ਸਾਲ ਧਰਤੀ ਜਲ ਅਤੇ ਰੁੱਖਾਂ ਸੰਬੰਧੀ ਦਿਵਸ ਮਨ੍ਹਾਂ ਕੇ ਸਾਰ ਲਿਆ ਜਾਂਦਾ ਹੈ ਪਰ ਇਹ ਤਿੰਨੋਂ ਚੀਜ਼ਾਂ ਮਨੁੱਖ ਦੀ ਪੁੱਟੀ ਕਬਰ ਨਾਲ ਮਨੁੱਖ ਲਈ ਹੀ ਵੰਗਾਰ ਬਣ ਚੁੱਕੀਆਂ ਹਨ।ਉੱਘੇ ਵਾਤਾਵਰਨਪ੍ਰੇਮੀ ਲੈਸਟਰ ਬਰਾਊਨ ਨੇ ਕਿਹਾ ਸੀ “ਤੇਲ ਦੀਆਂ ਵਧਦੀਆਂ ਕੀਮਤਾਂ ਤੇ ਮੁੱਕ ਰਹੇ ਭੰਡਾਰ ਤੇ ਚਿੰਤਤ ਹੋ ਰਹੇ ਹਾਂ ਪਰ ਪੰਪਾਂ ਦੀ ਬੇਲੋੜੀ ਵਰਤੋਂ ਧਰਤੀ ਹੇਠਲੇ ਪਾਣੀ ਨੂੰ ਖਤਮ ਕਰਨਾ ਕਿਤੇ ਗੰਭੀਰ ਹੈ।” ਇਸ ਤੇ ਪਹਿਰਾ ਦੇਣਾ ਚਾਹੀਦਾ ਹੈ ਇਕੱਲੇ ਪੰਜਾਬ ਵਿੱਚ 15 ਲੱਖ ਤੋਂ ਉੱਪਰ ਟਿਊਬਵੈੱਲ ਹਨ।ਪੰਜਾਬ ਦੇ 75 ਫੀਸਦੀ ਬਲਾਕਾਂ ਵਿੱਚ ਜ਼ਮੀਨ ਦਾ ਪਾਣੀ ਡਾਰਕ ਜ਼ੋਨ ਘੋਸ਼ਿਤ ਕੀਤਾ ਹੋਇਆ ਹੈ।ਸਾਲ 2025 ਤੱਕ ਸੂਬੇ ਦੇ 90 ਫੀਸਦੀ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 10 ਮੀਟਰ ਤੋਂ ਹੇਠਾਂ ਹੋ ਜਾਵੇਗਾ। ਸਾਲ 2005 ਵਿੱਚ ਹੀ 60 ਪ੍ਰਤੀਸ਼ਤ ਖੂਹ ਸੁੱਕ ਗਏ ਸਨ।ਇਸ ਲਈ ਵਾਤਾਵਰਨ ਸੰਬੰਧੀ ਵਿਸ਼ੇਸ਼ ਪਹਿਲੂਆਂ ਤੇ ਚਰਚਾ ਕਰਨ ਦੀ ਵਧੇਰੇ ਲੋੜ ਹੈ।ਸਾਡੇ ਗੁਰੂਆਂ ਨੇ ਸਂੈਕੜੇ ਸਾਲ ਇਸ ਸਿਰਲੇਖ ਅਧੀਨ ਸਭ ਕੁੱਝ ਦਰਸਾ ਦਿਤਾ ਸੀ ਕਿ :— “ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।”
ਆਓ ਓਠੋ, ਸੰਭਲੋ , ਹੰਭਲਾ ਮਾਰ ਕੇ ਵਾਤਾਵਰਨ ਨੂੰ ਬਚਾਉਣ ਲਈ ਯੋਗਦਾਨ ਪਾਈਏੇ।ਇਸ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਰਹਿ ਸਕਦੀਆਂ ਹਨ।
ਸੁਖਪਾਲ ਸਿੰਘ ਗਿੱਲ
ਅਬਿਆਣਾਕਲਾਂ
98781—11445

ਸ਼ਾਮਲਾਤ ਛਡਾਓ , ਪਿੰਡ ਬਚਾਓ - ਸੁਖਪਾਲ  ਸਿੰਘ ਗਿੱਲ

 ਪੰਜਾਬ ਦੀ ਮੌਜੂਦਾ ਸਰਕਾਰ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਾਮਲਾਤਾ ਜ਼ਮੀਨਾਂ ਛਡਾਉਣ ਲਈ ਸਾਜਗਾਰ ਅਤੇ ਕਾਰਗਰ ਮੁਹਿੰਮ ਵਿੱਢੀ ਹੋਈ ਹੈ ।  ਲੋੜ ਕਾਂਡ ਦੀ ਮਾਂ ਦੇ ਵਿਸ਼ੇ ਅਨੁਸਾਰ  ਜਿਓਂ — ਜਿਓਂ ਲੋੜ ਮਹਿਸੂਸ ਹੁੰਦੀ ਹੈ ਤਿਉਂ— ਤਿਉਂ  ਸੋਝੀ ਆਉਂਦੀ ਹੈ । ਇਸੇ ਪ੍ਰਸੰਗ  ਵਿੱਚ ਅਜ਼ਾਦੀ ਤੋਂ ਬਾਅਦ ਸ਼ਾਮਲਾਤ ਜ਼ਮੀਨਾਂ ਦੀ ਪਰੀਭਾਸ਼ਾ ਤੈਅ ਕਰਕੇ ਇਹਨਾਂ ਨੂੰ ਪੰਚਾਇਤਾਂ ਅਧੀਨ ਕਰਕੇ  ਆਮਦਨ ਦਾ ਸਾਧਨ ਬਣਾਇਆ ਗਿਆ ਜੋ ਕੇ ਕਾਰਗਰ ਸਿੱਧ ਹੋਇਆ ।   ਕਿਹਾ ਜਾਂਦਾ ਹੈ ਕਿ ਜਿਹਦੇ ਘਰ ਦਾਣੇ ਉਸ ਦੇ ਕਮਲੇ  ਵੀ ਸਿਆਣੇ । ਭਾਵ ਅਰਥ ਇਹ ਹੈ ਕਿ ਜਿਸ ਕੋਲ ਪੈਸੇ ਉਹਦੇ ਸਾਰੇ ਰਾਹ ਖੁੱਲੇ ਹੁੰਦੇ ਹਨ ।ਸਮਾਜ ਵਿੱਚ ਪ੍ਰੀਵਾਰ ਤੋਂ ਬਾਅਦ ਪਿੰਡ ਆਉਂਦਾ ਹੈ ।ਜਿਵੇਂ ਪ੍ਰੀਵਾਰ ਦੀ ਖੁਸ਼ਹਾਲੀ ਆਮਦਨ ਤੇ ਟਿਕੀ ਹੈ । ਉਸੇ ਤਰ੍ਹਾਂ ਪਿੰਡ ਦੀ ਅਤੇ ਪੰਚਾਇਤ ਦੀ ਖੁਸ਼ਹਾਲੀ ਉਸਦੀ ਆਰਥਿਕਤਾ ਤੇ ਟਿਕੀ ਹੈ ।ਪਿੰਡਾਂ ਦੀਆਂ ਪੰਚਾਇਤਾਂ ਸਵੈ ਸਰਕਾਰਾਂ ਕਹਾਉਂਦੀਆਂ ਹਨ। ਪਰ ਜੇ ਇਹਨਾਂ ਕੋਲ ਪੈਸੇ ਨਹੀਂ ਤਾਂ ਇਹਨਾਂ ਦੇ ਉਦੇਸ਼ ਮੱਧਮ ਪੈ ਜਾਂਦੇ ਹਨ।ਪੰਚਾਇਤਾਂ ਦੀ ਅਮਦਨ ਦਾ ਸਰੋਤ ਸ਼ਾਮਲਾਤ ਜ਼ਮੀਨਾਂ ਹਨ। ਜਿਹਨਾਂ ਦੀ ਬਦੋਲਤ ਪੰਚਾਇਤਾਂ ਸਵੈ ਸਰਕਾਰ ਅਤੇ ਵਿਕਾਸ ਦੀ ਭੁਮਿਕਾ ਨਿਭਾਉਂਦੀਆਂ ਹਨ। ਪੰਚਾਇਤੀ ਰਾਜ ਦਾ ਮੁੱਢ ਮਹਾਰਾਜ ਅਸ਼ੋਕ  ਦੇ ਟਾਇਮ ਤੋਂ ਬੱਝਿਆ ਪਰ ਹੋਲੇ ਹੋਲੇ ਵੱਖ ਵੱਖ ਪੜਾਵਾਂ ਵਿੱਚੋਂ ਗੁਜਰ ਕੇ ਸੰਵਿਧਾਨ ਦੀ 73 ਵੀਂ ਸੋਧ ਨਾਲ  ਪੰਚਾਇਤਾਂ ਨੂੰ ਸੰਵਿਧਾਨਕ ਰੁਤਬਾ ਮਿਲਿਆ ਹੈ । ਇਸ ਨਾਲ ਪੰਚਾਇਤੀ ਰਾਜ ਦੇ ਉਦੇਸ਼ ਪਾਰਦਰਸ਼ ਕਰਨ ਵਿੱਚ ਸਫਲਤਾ  ਮਿਲੀ ।                                                        
ਹਰ ਸਾਲ ਮਾਰਚ ਮਹੀਨੇ ਤੋਂ  ਜੂਨ ਮਹੀਨੇ  ਤੱਕ ਸ਼ਾਮਲਾਤ ਜ਼ਮੀਨਾਂ ਦੀ ਨਿਲਾਮੀ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ । ਪੰਚਾਇਤਾਂ ਕੋਲ ਆਰਥਿਕ ਅਧਿਕਾਰ ਤਾਂ ਦਿੱਤੇ ਹਨ ਪਰ ਇਹ ਆਰਥਿਕਤਾ ਸ਼ਾਮਲਾਤ ਜ਼ਮੀਨਾ ਤੋਂ ਬਿਨਾਂ ਕਿਥੋਂ ਆਵੇਗੀ  ? ਇਸ ਲਈ ਸਰਕਾਰਾਂ ਦੇ ਰਹਿਮੋ ਕਰਮ ਤੇ ਵੀ ਰਹਿਣਾ ਪੈਂਦਾ ਹੈ ।ਇਸ ਪ੍ਰਸੰਗ ਵਿੱਚ ਪੰਜਾਬ ਵਿਲੇਜ਼ ਕਾਮਨ ਲੈਂਡਜ (ਰੈਂਗੂਲੇਸ਼ਨ )ਐਕਟ 1961ਦੀ ਹੋਂਦ ਕਾਰਨ ਪੰਚਾਇਤਾਂ ਨੂੰ ਸ਼ਾਮਲਾਤ ਜ਼ਮੀਨਾਂ ਦੀ ਅਮਦਨੀ ਸੰਬੰਧੀ ਅਧਿਕਾਰ ਦਿੱਤੇ ਹਨ ।ਐਕਟ ਦੀ ਧਾਰਾ 7 ਨਜਾਇਜ਼ ਕਾਬਜਾਂ ਨੂੰ ਬੇਦਖਲ ਕਰਨ ਦੀ ਗਵਾਹੀ ਭਰਦੀ ਹੈ। ਹਰ ਸਾਲ ਨਜਾਇਜ਼ ਕਾਬਜਾਂ ਤੋਂ ਸ਼ਾਮਲਾਟ ਜਮੀਨਾਂ ਨੂੰ ਛਡਵਾ ਕੇ ਉਹਨਾਂ ਦੀ ਬੋਲੀ ਕੀਤੀ ਜਾਂਦੀ ਜਿਸ ਨਾਲ ਪੰਚਾਇਤਾਂ ਦੀ ਅਮਦਨੀ ਵੱਧਦੀ ਹੈ ।ਹਰ ਪੰਚਾਇਤ ਦੀ ਅਮਦਨੀ ਦਾ 30# ਪੰਚਾਇਤ ਸੰਮਤੀ ਨੂੰ ਭੇਜਿਆ ਜਾਂਦਾ ਹੈ , ਜੋ ਕਿ ਪੰਚਾਇਤ ਸਕੱਤਰ ਦੀ ਤਨਖਾਹ  ਵਜੋਂ ਅਤੇ ਹੋਰ ਖਰਚਿਆਂ ਲਈ ਹੁੰਦਾ ਹੈ ।
ਪੁਰਾਣਾ ਅੰਕੜਾ ਹੈ ਕਿ  ਪੰਚਾਇਤਾਂ ਕੋਲ ਸ਼ਾਮਲਾਤ ਦਾ  170033 ਏਕੜ  ਰਕਬਾ ਹੈ । ਹੁਣ ਸਰਕਾਰੀ ਉਪਰਾਲਿਆ ਕਾਰਨ ਵੱਧ ਵੀ ਗਿਆ ਹੈ । ਇਸ ਰਕਬੇ ਵਿੱਚੋਂ ਪਿਛਲੇ ਸਾਲਾਂ ਦੌਰਾਨ  ਪੰਚਾਇਤਾਂ ਨੂੰ 17653745862 ਦੀ ਅਮਦਨੀ ਹੋਈ ਸੀ । ਪੰਜਾਬ ਵਿੱਚ ਵਿੱਤੀ ਸਾਲ 2016—17 ਵਿੱਚ ਪੰਚਾਇਤਾਂ ਦੀ ਅਮਦਨੀ ਇਹਨਾਂ ਜਮੀਨਾਂ ਵਿੱਚੋਂ 2834262710 ਰੁਪਏ ਸੀ । ਜੋ 2021 — 2022 ਤੱਕ ਲਗਾਤਾਰ ਵੱਧਦੀ ਗਈ ਹੈ ।2022—23 ਵਿੱਚ ਹੋਰ ਵੀ ਵੱਧਣ ਦਾ ਪਰਮਾਣ ਹੈ । ਪਿੰਡਾਂ ਲਈ ਸੰਜ਼ੀਵਨੀ ਬੂਟੀ ਦਾ ਕੰਮ ਕਰਦੀ ਹੈ ।  ਇਸ ਅਮਦਨੀ ਦਾ ਵਿਕਾਸ ਦੇ ਕੰਮਾਂ ਲਈ ਖਾਕਾ ਤਿਆਰ ਕਰਕੇ ਪੰਚਾਇਤਾਂ ਪਿੰਡਾਂ ਦਾ ਵਿਕਾਸ ਕਰਦੀਆਂ  ਹਨ।ਆਪਣੀ ਅਮਦਨੀ ਖੁਦ ਖਰਚ ਕਰਨੀ ਪੰਚਾਇਤਾਂ ਨੂੰ ਸਵੈ ਸਰਕਾਰਾਂ ,ਸਵੈ ਸ਼ਾਸਨ ਦੀ ਬੁਨਿਆਦ ਪ੍ਰਦਾਨ ਕਰਦੀ ਹੈ। ਜਿਹਨਾਂ  ਪੰਚਾਇਤਾਂ ਕੋਲ ਅਮਦਨੀ ਦੇ ਸਾਧਨ ਨਹੀਂ ਹਨ। ਉਹ ਆਰਥਿਕ ਪੱਖੋਂ ਸਰਕਾਰ ਦੇ  ਰਹਿਮੋ ਕਰਮ ਤੇ ਨਿਰਭਰ ਹੋ ਕੇ ਰਹਿ ਜਾਂਦੀਆਂ ਹਨ, ਅਤੇ ਸਵੈ ^ਸਰਕਾਰ ਦੀ ਬਜਾਇ ਲਾਵਾਰਿਸ ਮਹਿਸੂਸ ਕਰਦੀਆਂ ਹਨ।  ਸ਼ਾਮਲਾਤਾਂ ਦੀ ਬੋਲੀ ਸੰਬੰਧੀ ਪੰਚਾਇਤ ਵਿਭਾਗ ਹਰ ਸਾਲ ਦਿਸ਼ਾ ਨਿਰਦੇਸ਼ ਜਾਰੀ ਕਰਦਾ ਹੈ, ਤਾਂ ਜੋ ਕੋਈ ਵਿੱਤੀ ਨੁਕਸਾਨ ਦੀ ਗੁੰਜ਼ਾਇਸ ਨਾ ਰਹਿ ਸਕੇ ।ਹਰ ਸਾਲ ਮਈ ਜੂਨ ਮਹੀਨੇ ਸ਼ਾਮਲਾਤਾਂ ਦੀ ਬੋਲੀ ਕੀਤੀ ਜਾਂਦੀ ਹੈ ।ਇਸ ਤੋਂ ਪਹਿਲਾਂ ਸਾਉਣੀ ਦੀ ਮੀਟਿੰਗ ਵਿੱਚ ਇਸ ਨੂੰ ਅੰਦਾਜਨ ਅਮਦਨੀ ਵਿੱਚ ਪ੍ਰਵਾਨ ਕਰਕੇ ਸਲਾਨਾ ਯੋਜਨਾ ਤਿਆਰ ਕੀਤੀ ਜਾਂਦੀ ਹੈ ਜਿਸ ਦੀ ਬਦੋਲਤ ਪਿੰਡਾਂ ਦੀਆਂ ਪੰਚਾਇਤਾਂ ਸਵੈਸਰਕਾਰ ਅਤੇ ਵਿਕਾਸ ਦੀ ਭੂਮਿਕਾ ਨਿਭਾਉਂਦੀਆਂ ਹਨ। ਹੁਣ ਪਹਿਲਾਂ ਦੀ ਤਰ੍ਹਾਂ
ਘਪਲੇਬਾਜੀ ਦੀ ਗੁੰਜ਼ਾਇਸ਼ ਨਹੀਂ ਰਹਿੰਦੀ ਸਰਕਾਰ ਸਖਤੀ ਨਾਲ ਸ਼ਾਮਲਾਤ ਜ਼ਮੀਨ ਦਾ ਪੈਸਾ ਬੈਂਕ ਵਿੱਚ ਜ਼ਮਾ ਕਰਵਾਉਂਦੀ ਹੈ  ਆਉ ਸ਼ਾਮਲਾਤ ਜ਼ਮੀਨਾ ਪ੍ਰਤੀ ਹਰ ਪਿੰਡ ਵਾਸੀ ਹਰ ਪੱਖ ਤੋਂ ਧਿਆਨ ਦੇ ਕੇ ਆਪਣੇ ਪਿੰਡ ਦਾ ਵਿਕਾਸ ਕਰੇ । ਇਸ ਲਈ " ਸ਼ਾਮਲਾਤ ਛਡਾਓ ਪਿੰਡ ਬਚਾਓ " ਦੀ ਮੁਹਿੰਮ ਚਲਾਉਣ ਲਈ ਸਾਰੇ ਪਿੰਡ ਵਾਸੀਆਂ ਨੂੰ ਸਰਕਾਰ ਦਾ ਸਹਿਯੋਗ ਦਾ ਚਾਹੀਦਾ ਹੈ ।
ਸੁਖਪਾਲ  ਸਿੰਘ ਗਿੱਲ
ਅਬਿਆਣਾ ਕਲਾਂ
9878111445

ਧੀ ਧੰਨ ਬੇਗਾਨਾ  - ਸੁਖਪਾਲ ਸਿੰਘ ਗਿੱਲ

ਮਨੁੱਖੀ ਜਾਤ ਦੀਆਂ ਦੋ ਕਿਸਮਾਂ ਹਨ ਮਰਦ ਅਤੇ ਔਰਤ । ਔਰਤ  ਜਦੋਂ ਮਾਪਿਆਂ ਕੋਲ ਹੁੰਦੀ ਹੈ ਤਾਂ ਉਹ ਲਾਡਲੀ ਧੀ ਹੁੰਦੀ ਹੈ  । ਵਿਆਹ ਤੋਂ ਬਾਅਦ ਉਹ ਬੇਗਾਨੀ ਹੋ ਕੇ ਨਵੇਂ ਸਿਰਿਓ ਘਰ ਵਸਾਉਂਦੀ ਹੈ । ਧੀ ਧੰਨ ਬੇਗਾਨਾ ਦੋ ਤਰ੍ਹਾਂ  ਦੇ ਸੁਨੇਹੇ ਦਿੰਦੀ ਹੈ ਇੱਕ ਧੰਨ  ਬਹੁਤ ਵੱਡਾ ਹੌਂਸਲਾ ਅਤੇ ਮਹਾਨਤਾ ਹੁੰਦੀ ਹੈ  ਕਿ ਜਨਮ ਹੀ ਦੂਜੇ ਘਰ ਜਾਣ ਨੂੰ ਹੋਇਆ ਇੱਕ ਧੰਨ ਧੀ ਦੋਲਤ ਹੁੰਦੀ ਹੈ  । ਮੋਹ ਦੀਆਂ ਤੰਦਾਂ ਸਭ ਤੋਂ ਵੱਧ  ਧੀ ਜੋੜਦੀ ਹੈ ।  ਜਿਅਦਾ ਮਹਾਨਤਾ  ਲਿੰਗ ਪੱਖੋਂ ਹੁੰਦੀ ਹੈ ਕਿਉਂਕਿ ਜਗਤ ਜਨਨੀ ਹੈ । ਮਹਾਨ ਗੁਰਬਾਣੀ ਵਿੱਚ ਵੀ ਧੀ ਨੂੰ ਉੱਚਾ ਦਰਜਾ ਪ੍ਰਾਪਤ ਹੈ । ਧੀ ਬਿਨ੍ਹਾਂ ਸੱਭਿਆਚਾਰ ਬੇਜਾਨ ਹੁੰਦਾ ਹੈ ।
                              ਇੱਕ ਸਮਾਂ ਸੀ ਜਦੋਂ ਕੁੜੀ ਨੂੰ ਜੰਮਦੀ ਸਾਰ ਗਲ ਅੰਗੂਠਾ ਦੇ ਕੇ ਮਾਰ ਦਿੱਤਾ ਜਾਂਦਾ ਸੀ । ਹੁਣ ਇਸ ਤਰ੍ਹਾਂ ਦਾ ਬਦਲ  ਛੁਰੀਆਂ — ਕਟਾਰੀਆਂ ਨੇ ਲੈ ਲਿਆ ਹੈ । ਅਜਿਹੇ ਮੋਕਿਆਂ ਤੇ ਧੀ ਲਾਹਨਤ ਪਾਉਂਦੀ ਹੈ ਕਿ " ਬਾਬਲਾ ਤੂੰ ਡੋਲੀ ਵਿੱਚ ਤਾਂ ਕੀ ਬਿਠਾਉਣਾ , ਅਰਥੀ ਦਾ ਵੀ ਸਰਫ਼ਾ ਕੀਤਾ " । ਮਾਂ ਦੀ ਗੋਦ ਦਾ ਆਨੰਦ ਮਾਣਦੀ ਧੀ  ਤੋਤਲੀ ਆਵਾਜ਼ ਤੋਂ ਸ਼ੁਰੂ ਹੋ ਕੇ ਪੜ੍ਹਾਈ  ਦੇ ਸ਼ਿਖਰ ਵੱਲ ਜਾਂਦੀ  ਹੈ ।  ਮਾਂ ਦਾ ਧੀ ਦੇ ਸਮਾਜੀਕਰਨ ਵਿੱਚ ਵੱਡਾ ਯੋਗਦਾਨ ਹੁੰਦਾ ਹੈ  । ਹਰੇਕ ਮਾਂ ਬਾਪ  ਆਪਣੀ ਧੀ ਨੂੰ ਸਰਬਕਲਾ  ਸੰਪੂਰਨ  ਹੋਣਾ ਲੋਚਦਾ ਹੈ । ਦਾਗ , ਦਾਜ ਅਤੇ ਦਰਿੰਦਗੀ ਦੇ ਦੈਂਤ ਨੇ  ਕੁੜੀਆਂ  ਦੇ ਲਾਡਲੇ ਚਾਂਵਾ ਨੂੰ ਹਾਸ਼ੀਏ ਵੱਲ ਕੀਤਾ ਹੈ  ।  ਅਵਿਕਸਿਤ ਸੋਚਾਂ ਦੇ ਮਾਲਕ  ਅਜਿਹੇ  ਕਾਰਨਾਮੇ ਕਰਨ ਦੇ ਨਾਲ  — ਨਾਲ  ਆਪਣੇ ਘਰ ਜੰਮੀ ਧੀ ਨਾਲ ਵੀ ਵਿਕਾਸ ਕਰਵਾਉਣ  ਦੀ ਜਗ੍ਹਾ  ਦਬਾਦਬ  ਵਿਆਹ ਦਿੰਦੇ ਹਨ । ਮਨ ਵਿੱਚ ਸੋਚ ਪਾਲ ਲੈਂਦੇ ਹਨ " ਛੱਡੋ ਜੀ , ਇਹ ਤਾਂ ਬੇਗਾਨਾ ਧੰਨ ਹੈ " ।  ਕੁੜੀ ਦੇ ਜੰਮਣ ਸਾਰ  ਕਈ ਪਰਿਵਾਰ ਜ਼ਹਿਰ ਦਾ ਘੁੱਟ ਪੀਤੇ  ਵਰਗਾ  ਆਪਣਾ ਮੂੰਹ ਬਣਾ ਲੈਂਦੇ ਹਨ । ਸੱਭਿਅਤ ਪਰਿਵਾਰਾਂ ਵਿੱਚ  ਜਿਓਂ — ਜਿਓਂ ਧੀ ਵੱਡੀ ਹੁੰਦੀ  ਹੈ ਆਪਣੇ ਮੋਹ — ਭਿੱਜੀ ਨਿਵੇਕਲੀ ਹੋਂਦ ਬਣਾ ਲੈਂਦੀ ਹੈ । ਅਜਿਹੇ ਲੋਕਾਂ ਦਾ ਘਰ ਧੀ ਬਿਨ੍ਹਾਂ ਸੁੰਨਾ ਅਤੇ ਬੇਰੋਣਕਾ ਲੱਗਦਾ ਹੈ । ਹਾਂ ਇੱਕ ਗੱਲ ਜ਼ਰੂਰ ਹੈ ਧੀ ਦਾ ਪਹਿਰਾਵਾ ਸਹੀ ਹੋਣਾ ਚਾਹੀਦਾ ਹੈ ।  
                           18 ਸਾਲ  ਦੀ ਹੁੰਦੀ ਸਾਰ ਮਾਂ — ਪਿਓ  ਵਰ ਲੱਭਣ ਦੀ ਸੋਚ ਲੈਂਦੇ ਹਨ , ਅਜੇ ਧੀ  ਖੁਦ ਵਰ ਲੱਭਣ ਲਈ ਅਜ਼ਾਦ ਨਹੀਂ ਹੋਈ । ਇਸ ਪਿੱਛੇ  ਵੀ ਅਵਿਕਸਤ ਮਾਨਸਿਕਤਾ ਕੰਮ ਕਰਦੀ ਹੈ । ਮਾਂ — ਬਾਪ  ਡੋਲੀ ਤੌਰਨ ਵੇਲੇ ਕੁੜੀ ਦਾ ਪੱਖ ਇਸ ਤਰ੍ਹਾਂ ਰੱਖਦੇ ਹਨ , " ਕੁੜੀ ਤਾਂ ਸਾਡੀ  ਤਿੱਲੇ ਦੀ ਤਾਰ ਏ ਮੁੰਡਾਂ ਤਾਂ ਲੱਗਦਾ ਕੋਈ ਘੁਮਿਆਰ ਏ " ਬਹੁਤੀ ਜਗ੍ਹਾ ਔਰਤ ਇਹ ਗੱਲ ਭੁੱਲ ਜਾਂਦੀ ਹੈ ਕਿ , " ਮੈਂ ਸੱਸ ਵੀ ਕਦੇ ਬਹੂ ਸੀ "। ਅਜਿਹੇ ਹਾਲਾਤਾਂ ਵਿੱਚ ਇਉਂ ਉਚਾਰਿਆ ਜਾਂਦਾ ਹੈ " ਅੱਗੋਂ ਸੱਸ ਬਘਿਆੜੀ ਟੱਕਰੀ ਮਾਪਿਆਂ ਨੇ ਰੱਖੀ ਲਾਡਲੀ  "  ਇੱਕ ਧੀ ਹੀ ਹੁੰਦੀ ਹੈ ਜਿਸਦੇ ਦੋ ਘਰ  ਪੇਕੇ ਅਤੇ ਸਹੁਰੇ ਹੁੰਦੇ ਹਨ । ਜੇ ਦੋਵਾਂ ਘਰਾਂ  ਵਿੱਚ ਸਤਿਕਾਰ ਮਿਲ ਜਾਵੇ ਫਿਰ ਸੋਨੇ ਤੇ ਸੁਹਾਗਾ  ਜੇ ਨਾ ਮਿਲੇ ਤਾਂ  ਆਖ ਦਿੱਤਾ ਜਾਂਦਾ ਹੈ , " ਧੀ ਤੋਂ ਨਹੀਂ  ਧੀ ਦੇ ਕਰਮਾਂ ਤੋਂ ਡਰ  ਲੱਗਦਾ ਹੈ " ਧੀ ਨੂੰ ਕੰਜਕਾਂ ਦੇ ਰੂਪ ਵਿੱਚ ਦੇਵੀ ਵਾਂਗ ਪੂਜਿਆ  ਜਾਂਦਾ ਹੈ । ਸਮਾਜ ਵਿੱਚ ਆਮ ਮਿਹਣਾ — ਤਾਅਨਾ ਵੀ ਹੈ ਕਿ ਜਿਸਦੇ  ਧੀ ਨਹੀਂ ਜੰਮੀ ਉਹਨੂੰ ਅਕਲ ਹੀ ਨਹੀਂ ਆਉਂਦੀ ।  
 " ਕਿੰਨਾਂ ਜੰਮੀਆਂ  ਕਿੰਨਾਂ ਨੇ ਲੈ ਜਾਣੀਆਂ , ਹਾਏ ਉਏ ਮੇਰਿਆ ਡਾਢਿਆ ਰੱਬਾ " ਡੋਲੀ ਤੁਰਨ ਤੋਂ ਬਾਅਦ ਵੀ ਧੀ ਦਾ ਸੱਭਿਆਚਾਰਕ ਪੱਖ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ  , " ਬਾਬਲ ਦੀਆਂ ਗਲੀਆਂ ਸੁੰਨੀਆਂ ਨੇ ਹੋਈਆਂ , ਵੀਰੇ ਵੀ ਰੋਏ ਭੈਣਾਂ ਵੀ ਰੋਈਆਂ , ਵੀਰਾਂ ਨੇ ਭੈਣਾਂ ਦੀ  ਡੋਲੀ ਨੂੰ ਚੁੱਕ ਚੁੱਕ ਅੱਖੀਆਂ ਚੋਂ ਹੰਝੂ  ਕੇਰੇ ਨੇ ਬੁੱਕ — ਬੁੱਕ , ਖੁਸ਼ੀ ਵਸੇ ਭੈਣ  ਹੁਣ ਕਰਦੇ ਅਰਜ਼ੋਈਆਂ , ਵੀਰੇ ਵੀ ਰੋਏ ਭੈਣਾਂ ਵੀ ਰੋਈਆਂ  "  ਉਧਰ ਧੀ ਚਾਵਲਾਂ ਦਾ ਛੱਟਾ ਪਿੱਛੇ ਮਾਰਦੀ ਆਖਦੀ ਹੈ , " ਆ ਲੈ ਮਾਂਏ ਸਾਂਭ ਕੁੰਜੀਆਂ ਧੀਆਂ ਛੱਡ ਚੱਲੀਆਂ ਸਰਦਾਰੀ , ਸਾਡਾ ਚਿੜੀਆਂ ਦਾ ਚੰਬਾ ਸਾਡੀ ਲੰਬੀ ਉਡਾਰੀ " ਆਖਰ ਆਪਣੀ ਮੰਜਲ ਦੂਜੇ  ਘਰ ਪਹੁੰਚ ਕੇ ਭਵਿੱਖੀ ਸੁਪਨੇ ਸਿਰਜਦੀ ਹੈ " ਧੀਆਂ ਕੀ ਬਣਾਈਆਂ ਬਣਾਉਣ ਵਾਲੇ , ਪਾਲ ਪਲੋਸ ਕੇ ਹੱਥੀਂ ਵਿਛੋੜ ਦੇਣਾ , ਹੱਥੀ ਕੱਟ ਟੁੱਕੜਾ ਜਿਗਰ ਨਾਲੋਂ , ਖੂਨ ਅੱਖੀਆਂ ਦੇ ਰਾਂਹੀ ਰੋੜ੍ਹ ਦੇਣਾ   "

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445

ਪੰਜਾਬ ਦੀ ਤਕਦੀਰ ਵਿੱਚੋਂ ਤਦਬੀਰ ਦਾ ਸਿਰਨਾਵਾਂ — ਵਿਸਾਖੀ - ਸੁਖਪਾਲ ਸਿੰਘ ਗਿੱਲ

ਪੰਜਾਬ ਵਿੱਚ  ਵਿਸਾਖੀ ਦਾ ਦਿਨ ਹਾੜ੍ਹੀ ਦੀ ਫਸਲ ਕਣਕ ਪੱਕਣ ਦੀ ਖੁਸ਼ੀ ਵਿੱਚ ਮੰਨਾਉਣਾ ਸ਼ੁਰੂ ਹੋਇਆ । ਇਸ ਦੀ ਮਹੱਤਤਾ ਸਿੱਖਾਂ ਅੰਦਰ ਵੱਧ ਗਈ ਜਦ ਡੱਲਾ ਨਿਵਾਸੀ ਭਾਈ ਪਾਰੋ ਜੀ ਨੇ ਗੁਰੂ ਅzਗਦ ਦੇਵ ਜੀ ਦੀ ਆਗਿਆ ਨਾਲ ਇਸ ਨੂੰ ਗੁਰਮੱਤ ਅਨੁਸਾਰ ਮੰਨਾਉਣਾ ਸ਼ੁਰੂ ਕੀਤਾ । ਵਿਸਾਖੀ  ਵਿਸਾਖ ਮਹੀਨੇ ਦੀ ਪਹਿਲੀ ਤਰੀਕ ਨੂੰ ਮੰਨਾਉਣ ਵਾਲਾ ਤਿਉਹਾਰ ਹੈ । ਪੂਰੇ ਭਾਰਤ  ਅਤੇ  ਹਿੰਦੂ ਮੱਤ ਵਿੱਚ ਵੀ ਇਸ ਦੀ ਮਾਨਤਾ ਹੈ । ਕਣਕ ਦੀ ਫਸਲ ਨੂੰ ਸਾਂਭਣ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦੇ ਵਿਸਾਖੀ ਦੇ ਮੇਲੇ ਨੂੰ ਜਾਂਦੇ ਹਨ ।" ਚੜ੍ਹੇ ਵਿਸਾਖ  , ਵਿਸਾਖੀ ਆਈ , ਮੇਲਾ ਦੇਖਣ ਤੁਰੀ ਲੁਕਾਈ  " ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਪਉੜੀ ਸਤਾਈ ਵਿੱਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਉਂ ਉਚਾਰਿਆ " ਘਰਿ — ਘਰਿ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ "  ਇਨਕਲਾਬ  ਦੀ ਭਾਸ਼ਾ ਵਿੱਚ ਪੰਜਾਬ ਦੀ ਤਕਦੀਰ ਵਿੱਚੋਂ ਤਦਬੀਰ ਦਾ ਸਿਰਨਾਵਾਂ ਬਾਬਰ ਨੂੰ ਜਾਬਰ ਕਹਿਣ ਤੇ ਸ਼ੁਰੂ ਹੋ ਕੇ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਹੋਰ ਗੂੜ੍ਹਾ ਹੋ  ਗਿਆ । ਪੰਜ ਪਿਆਰੇ ਸਾਜ ਕੇ ਗੁਰੂ ਸਾਹਿਬ ਨੇ ਹੱਕਾਂ , ਗਰੀਬਾਂ ਦੀ ਲੜਾਈ ਲੜਨ ਲਈ ਭੇਦਭਾਵ ਮਿਟਾ ਦਿੱਤਾ । "  ਆਪੇ ਗੁਰ ਚੇਲਾ " ਦਾ ਫ਼ਲਸਫ਼ਾ ਲਾਗੂ ਕਰ ਦਿੱਤਾ ।
ਵਿਸਾਖੀ ਨਾਲ ਪੰਜਾਬੀਆਂ ਦਾ ਜਿਸਮ ਰੂਹ ਵਾਲਾ ਰਿਸ਼ਤਾ ਹੈ । ਇਸ ਵਿੱਚ ਪੰਜਾਬੀਆਂ ਦੇ ਜ਼ਜ਼ਬੇ  , ਜ਼ਜ਼ਬਾਤ , ਸਾਹਿਤ , ਧਾਰਮਿਕਤਾ , ਇਨਕਲਾਬ ਅਤੇ ਸੱਭਿਆਚਾਰਕ ਸਾਂਝਾ ਸ਼ਾਮਿਲ ਹਨ ।  13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਵਿੱਚ ਹੋਏ ਸਾਕੇ ਨੇ ਅੰਗਰੇਜ਼ੀ ਰਾਜ ਨੂੰ ਖਤਮ ਕਰਨ ਦੀ ਨੀਂਹ ਪੱਕੀ ਕਰ ਦਿੱਤੀ ।  1200 ਦੇ ਲੱਗਭਗ ਸ਼ਹੀਦੀਆਂ ਅਤੇ 3600 ਦੇ ਲੱਗਭਗ ਲੋਕ ਜ਼ਖਮੀ ਹੋਏ । ਜਨਰਲ ਡਾਇਰ ਨੇ ਇਸ ਘਿਨੋਣੇ ਅਪਰਾਧ ਨੇ ਭਾਰਤੀਆਂ ਵਿੱਚ ਨਵੀਂ ਰੂਹ ਫੂਕ ਦਿੱਤੀ । ਸ਼ਹੀਦ ਉੱਧਮ ਸਿੰਘ ਨੇ 21 ਸਾਲਾਂ ਦੇ ਸਬਰ ਤੋਂ ਬਾਅਦ 16 ਮਾਰਚ  1940 ਜਨਰਲ ਡਾਇਰ ਤੋਂ ਪੰਜਾਬੀਆਂ ਦੇ ਖੂਨ ਦਾ ਬਦਲਾ ਲੈ ਕੇ ਸ਼ਹੀਦਾਂ ਦੀ ਆਤਮਾ ਨੂੰ ਸ਼ਾਂਤੀ ਦਿੱਤੀ ।  ਪੰਜਾਬੀਆਂ ਨੇ ਆਪਣੀ ਤਕਦੀਰ ਕਿਸਾਨ ਅੰਦੋਲਨ ਸਮੇਂ ਲਿਖ ਕੇ ਆਪਣੀ ਮਹੱਤਵਤਾ ਅਤੇ  ਮਹਾਨਤਾ ਕਾਇਮ ਰੱਖੀ । ਇਸ ਅੰਦੋਲਨ ਦੀ ਜਿੱਤ ਵਿੱਚੋਂ ੳਪਜੀ ਲੋਅ ਨੇ ਪੰਜਾਬ ਵਿੱਚ ਰਾਜ ਪਲਟਾ ਮਾਰਿਆ ।
                               ਹੁਣ ਸਾਡੇ ਵਿੱਚ ਇਹ ਸੁਭਾਅ ਖੁਸਦਾ ਜਾਂਦਾ ਹੈ ਕਿ ਅਸੀ ਵਿਸਾਖੀ ਨੂੰ ਮਹੱਤਵਤਾ ਅਤੇ ਮਹਾਨਤਾ ਦੀ  ਸਮਝ ਤੋਂ  ਮੱਧਮ  ਹੋਏ । ਵਿਸਾਖੀ ਦਾ ਤਿਉਹਾਰ ਹੀ ਰੰਗਲੇ ਪੰਜਾਬ ਦੀ ਮੁੰਢ ਬੰਨ੍ਹਦਾ  ਹੈ । ਪੰਜਾਬ ਨੂੰ ਰੰਗਲਾ ਬਣਾਉਣ ਦੀ ਆਸ ਨਵੀਂ ਸਰਕਾਰ ਤੋਂ ਜ਼ਰੂਰ ਬੱਝੀ ਹੈ  । ਸ਼ਾਲਾ  ਵਿਸਾਖੀ  ਨੂੰ ਇਸਦੇ ਸਾਰੇ ਪੱਖਾਂ ਤੋਂ ਘੋਖ ਕੇ ਆਪਣੇ ਹਿਰਦੇ ਵਿੱਚ ਵਸਾ ਸਕੀਏ । ਪ੍ਰਿੰਸੀਪਲ ਕਰਮਜੀਤ ਸਿੰਘ  ਗਠਵਾਲਾ ਨੇ ਆਪਣੀ ਕਵਿਤਾ " ਵਿਸਾਖੀ ਤੇਰੀ ਬੁੱਕਲ ਦੇ ਵਿੱਚ " ਵਿਸਾਖੀ ਦੀ ਵਿਰਾਸਤ ਨੂੰ  ਇUA ਪਰੋਇਆ ਹੈ —
" ਵਿਸਾਖੀ ਤੇਰੀ ਬੁੱਕਲ ਦੇ ਵਿੱਚ ਛੁਪੀਆਂ ਹੋਈਆਂ ਕਈ ਗੱਲਾਂ ਨੀਂ ।
ਕਿੱਤੇ ਗੱਭਰੂ ਪਾਉਂਦੇ ਭੰਗੜੇ ਨੇ , ਕਿਤੇ ਕੁਰਬਾਨੀਆਂ ਦੀ ਛੱਲਾਂ ਨੀਂ ।
ਖੜ੍ਹਾ ਗੋਬਿੰਦ ਸਾਨੂੰ ਦਿੱਸਦਾ ਏ , ਗੱਲ ਜਿਸਦੀ ਨੂੰ ਕੰਨ ਸੁਣ ਰਹੇ ਨੇ  ।
ਖਿੰਡਰੇ — ਪੁੰਡਰੇ ਪੰਥ ਵਿੱਚੋਂ ਕੁੱਝ ਲਾਲ ਅਮੋਲਕ ਚੁਣ ਰਹੇ ਨੇ ।
ਜਿਨ੍ਹਾਂ ਰੁੜ੍ਹਦੇ ਜਾਂਦੇ ਧਰਮ ਤਾਈਂ , ਪਾ ਦਿੱਤੀਆਂ ਸਨ ਠੱਲਾ ਨੀਂ ।
ਯਾਦ ਆਵੇ ਬਾਗ ਜਲਿ੍ਹਆਂਵਾਲਾ , ਜਿੱਥੇ ਹੜ੍ਹ ਸਨ ਖੂਨ ਵਗਾ ਦਿੱਤੇ ।
ਅਜ਼ਾਦੀ ਦੇ ਸ਼ੋਲੇ ਹੋਰ ਸਗੋਂ , ਉਸ ਖੂਨ ਦੀ ਲਾਲੀ ਮਘਾ ਦਿੱਤੇ ।
ਖੂਨ ਡੁੱਲਿਆ ਜੋ ਪਰਵਾਨਿਆਂ ਦਾ , ਉਸ ਨੇ ਪਾਈਆਂ ਤਰਥੱਲਾਂ ਨੀਂ । ਅੱਜ ਵੱਜਦੇ ਕਿੱਧਰੇ ਢੋਲ ਸੁਣਨ , ਕਿਸਾਨ ਪਏ ਭੰਗੜੇ ਪਾਉਂਦੇ ਨੇ । ਮੁਟਿਆਰਾਂ ਦੇ ਗਿੱਧੇ , ਲੋਕਾਂ ਦੇ  ਸੋਹਲ ਦਿਲਾਂ ਤਾਈਂ ਹਿਲਾਉਦੇਂ ਨੇ  । ਇਸ ਖੁਸ਼ੀ ਦੀ  ਲੋਰ ਮੇਰਾ ਜੀ ਕਰਦਾ , ਅੱਜ ਨੀਰ ਵਾਂਗ ਵਹਿ ਚੱਲਾ ਨੀਂ ।     
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
  ਮੋ. ਨੰ.98781114451