Amandeep Kaur Gill

ਮਿੰਨੀ ਕਹਾਣੀ - ਫਰਜ਼ - ਅਮਨਦੀਪ ਕੌਰ ਗਿੱਲ ਹਮਬਰਗ

ਆਹ ਸਾਗ ਵਾਲਾ ਪਤੀਲਾ ਜ਼ਰਾ ਉੱਧਰ ਰੱਖ ਦਿਓ ।" ਸੱਤ ਮਹੀਨਿਆਂ ਦੀ ਗਰਭਵਤੀ ਪ੍ਰੀਤ ਨੇ ਤਰਲੇ ਨਾਲ ਅਪਣੇ ਪਤੀ ਜੀਤੇ ਨੂੰ ਕਿਹਾ ਤਾਂ ਜੀਤਾ ਟੁੱਟ ਕੇ ਪੈ ਗਿਆ "ਅੱਛਾ ਆ ਜਨਾਨੀਆਂ ਵਾਲੇ ਕੰਮ ਹੁਣ ਮੈਂ ਕਰਾਂ? ਆਪੇ ਕਰੀ ਜਾਹ ਮੈਥੋਂ ਨੀ ਹੁੰਦੇ ਇਹ ਸਿਆਪੇ।" ਕਹਿ ਕੇ ਜੀਤਾ ਬਾਹਰ ਸੱਥ ਵਿੱਚ ਜਾ ਬੈਠਾ ਜਿੱਥੇ ਕਿਸਾਨ ਧਰਨਿਆਂ ਦੀ ਚਰਚਾ ਹੋ ਰਹੀ ਸੀ ।
ਅਗਲੇ ਦਿਨ ਜੀਤਾ ਵੀ ਆਪਣੇ ਦੋਸਤਾਂ ਨਾਲ ਰਲ ਕੇ ਆਪਣਾ ਫਰਜ਼ ਸਮਝਦਾ ਹੋਇਆ ਧਰਨੇ ਤੇ ਚਲੇ ਗਿਆ । ਅਗਲੇ ਦਿਨ ਪ੍ਰੀਤ ਨੇ ਅਖਬਾਰ ਵਿੱਚ ਕਿਸਾਨ ਅੰਦੋਲਨ ਦੀਆਂ ਖਬਰਾਂ ਪੜਦੀ ਨੇ ਜੀਤੇ ਦੀ ਰੋਟੀਆਂ ਥੱਲਦੇ ਦੀ ਤਸਵੀਰ ਦੇਖੀ, ਜਿਸ ਦੇ ਥੱਲੇ ਲਿਖਿਆ ਸੀ ਕਿ ਭਾਰਤ ਦੇ ਕਿਸਾਨ ਅੰਦੋਲਨ ਦੇ ਹਮਾਇਤੀ ਧਰਨਾਕਾਰੀ ਅਪਣਾ ਫਰਜ਼ ਨਿਭਾ ਰਹੇ ਹਨ । ਪ੍ਰੀਤ ਸੋਚ ਰਹੀ ਸੀ ਕਿ ਕਿ ਉਹ ਵੀ ਅਪਣਾ ਪੇਕਾ ਘਰ, ਮਾਪੇ ਅਤੇ ਭੈਣ ਭਰਾ ਸਭ ਛੱਡ ਕੇ ਵਿਆਹ ਕੇ ਜੀਤੇ ਦੇ ਲੜ ਲੱਗੀ ਸੀ, ਇਸ ਲਈ ਇੱਕ ਦੂਜੇ ਦੀ ਮੱਦਦ ਕਰਨਾ ਵੀ ਸਾਡਾ ਫਰਜ ਹੈ ਪਰ ਹੁਣ ਘਰ ਆਏ ਜੀਤੇ ਨੂੰ ਪੁੱਛਾਂਗੀ ਕਿ ਸਾਨੂੰ ਇਹ ਫਰਜ਼ ਕਿਉਂ ਯਾਦ  ਨਹੀਂ ।
ਅਮਨਦੀਪ ਕੌਰ ਗਿੱਲ ਹਮਬਰਗ

ਅੱਤਵਾਦੀ – ਅਮਨਦੀਪ ਕੌਰ ਗਿੱਲ

ਮਾਂ ਮੈ ਵੱਡਾ ਹੋ ਕੇ ਅੱਤਵਾਦੀ ਹੀ ਬਣਾਗਾ। ਇਕ ਝੌਂਪੜੀ ਨੁਮਾਂ ਘਰ ਵਿੱਚ ਪੁਰਾਣੇ ਟੈਲੀਵਿਜ਼ਨ ਤੇ ਦਿੱਲੀ ਦੇ ਧਰਨਿਆਂ ਵਾਰੇ ਸੁਣ ਰਹੇ ਇਕ ਅੱਠ ਨੌ ਸਾਲ ਦੇ ਬੱਚੇ ਨੇ ਆਪਣੀ ਮਾਂ ਨੂੰ ਕਿਹਾ। ਇਹ ਸੁਣਕੇ ਮਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਉਸ ਨੇ ਗੁਸੇ ਵਿੱਚ ਆਪਣੇ ਪੁੱਤ ਦੇ ਮੂੰਹ ਤੇ ਚਪੇੜ ਛੱਡਦੇ ਪੁੱਛਿਆ, ਨਾਂ ਤੈਨੂੰ ਕੁਝ ਹੋਰ ਨਹੀਂ ਸੁਝਿਆ ਜੋ ਤੂੰ ਆਹ ਸਿਰ ਚ ਸਵਾਹ ਪਾਉਣ ਦੀਆਂ ਗੱਲਾਂ ਕਰਦਾਂ। ਪਰ ਮਾਂ ਆਹ ਦਾਹੜੀਆਂ ਤੇ ਪੱਗਾਂ ਵਾਲੇ ਜਿਹਨਾ ਨੂੰ ਇਹ ਟੀ ਵੀ ਵਾਲੇ ਅੱਤਵਾਦੀ ਦੱਸਦੇ ਆ। ਮਾਂ ਜਿਸ ਦਿਨ ਦਾ ਇਹਨਾਂ ਅੱਤਵਾਦੀਆਂ ਨੇ  ਆ ਕੇ ਸੜਕ ਤੇ ਧਰਨਾ ਲਾਇਆ ਦਿੱਲੀ ਦਾ ਕੋਈ ਵੀ ਗਰੀਬ ਭੁੱਖਾ ਨਹੀਂ ਸੌਣ ਦਿੱਤਾ। ਮਾਂ ਜੇ ਅੱਤਵਾਦੀ ਗਰੀਬਾਂ ਦੀ ਮੱਦਦ ਕਰਦੇ ਹਨ ਤਾਂ ਮੈ ਵੀ ਉਨ੍ਹਾਂ ਵਰਗਾ ਅੱਤਵਾਦੀ ਹੀ ਬਣਾਗਾ। ਮੈਂ ਵੀ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦਾ, ਮੰਡੇ ਨੇ ਸੀਨਾਂ ਚੌੜਾ ਕਰਦਿਆਂ ਦਰਿੜ ਇਰਾਦੇ ਨਾਲ ਮਾਂ ਨੂੰ ਕਿਹਾ। ਇਹ ਸੁਣ ਕੇ ਮਾਂ ਦੀਆਂ ਅੱਖਾਂ ਨਮ ਹੋ ਗਈਆਂ। ਉਸ ਨੂੰ ਦੁੱਖ ਹੋਇਆ ਕਿ ਗਰੀਬਾਂ ਦੇ ਹਮਦਰਦਾਂ ਅਤੇ ਦੁਨੀਆ ਦੇ ਪਾਲਣ ਹਾਰਿਆਂ ਨੂੰ ਇਹ ਟੀ ਵੀ ਚੈਨਲਾਂ ਵਾਲੇ ਕਾਹਤੋਂ ਅੱਤਵਾਦੀ ਦੱਸ ਰਹੇ ਹਨ?