Dr Paramjit Singh Kalsi

ਸਲੀਕਾ (ਮਿੰਨੀ ਕਹਾਣੀ)  - ਡਾ.ਪਰਮਜੀਤ ਸਿੰਘ ਕਲਸੀ

''ਤੇਰੀ ਕੋਈ ਔਕਾਤ ਨਈਂ ਹੈਗੀ ਕਿ ਤੂੰ ਮੇਰੇ ਵਾਂਗ ਆਪਣੇ ਬੱਚੇ ਮਹਿੰਗੇ ਅੰਗਰੇਜ਼ੀ ਸਕੂਲ 'ਚ ਪਾ ਸਕੇਂ?...ਜਾਤ ਦੀ ਕੋੜ੍ਹ ਕਿਰਲੀ 'ਤੇ ਸ਼ਤੀਰਾਂ ਨੂੰ ਜੱਫ਼ੇ।'' ਦੋਨਾਂ ਦੀ ਬਹਿਸ ਵਿੱਚ ਜੇਠਾਣੀ ਕਿਰਨ ਨੇ ਆਪਣੀ ਦਰਾਣੀ ਸੁਮਨ ਨੂੰ ਅਮੀਰੀ ਦੇ ਹੰਕਾਰ ਵਿੱਚ ਕਿਹਾ।ਦਰਅਸਲ ਕਿਰਨ ਨਿਰੋਲ ਸ਼ਹਿਰੀ 'ਤੇ ਅਮੀਰ ਘਰਾਣੇ ਦੀ ਜੰਮੀਂ-ਪਲ਼ੀ ਤੀ੍ਰਮਤ ਆ।ਵਿਆਹੀ ਭਾਵੇਂ ਉਹ ਪਿੰਡ 'ਚ ਈ ਗਈ,ਪਰ ਸ਼ਹਿਰੀ ਤਬਕੇ ਦੀ ਆਕੜ ਨਾਲ-ਨਾਲ ਈ ਰਹਿੰਦੀ।ਘਰ ਵੀ ਕਿਸੇ ਖ਼ੂਬਸੂਰਤ  ਮਹਿਲ ਤੋਂ ਘਟ ਨਹੀਂ।ਰੋਹਬ ਝਾੜਨ ਨੂੰ ਫਿਰ ਪੇਂਡੂ ਘਰ ਦੀ ਤੰਗੀ-ਤੁਰਸ਼ੀ 'ਚ ਘਰ ਦਾ ਗੁਜ਼ਾਰਾ ਕਰ ਰਹੀ ਦਰਾਣੀ ਸੁਮਨ ਈ ਬਚੀ ਸੀ।ਉਹ ਵੀ ਕਿੰਨਾ ਕੁ ਜਰਦੀ।ਨੋਕ ਝੋਕ 'ਚ ੳੇਹ ਵੀ ਫਿਰ ਪਿੱਛੇ ਨਾ ਹਟਦੀ।ਨੋਕ ਝੋਕ ਵਿੱਚ ਉੱਚਾ-ਨੀਵਾਂ ਭਾਵੇਂ ਬੋਲ ਪੈਂਦੀ ਸੁਮਨ,ਪਰ ਸਲੀਕਾ ਫਿਰ ਵੀ ਨਾ ਛੱਡਦੀ।
ਅੱਗੋਂ ਸੁਮਨ ਦਾ ਜਵਾਬ ਵੀ ਅਚੰਭੇ ਵਾਲਾ ਈ ਸੀ।ਤਲਖ਼ੀ 'ਚ ਕਹਿੰਦੀ, ''ਮੈਨੂੰ ਪਤਾ ਕਿ ਤੇਰਾ ਬੱਚਾ ਕਿਹੜੇ ਵੱਡੇ ਮਹਿੰਗੇ ਅੰਗਰੇਜ਼ੀ ਸਕੂਲ 'ਚ ਪੜ੍ਹਦਾ?ਤੇਰੀ ਔਕਾਤ ਕੋਈ ਬਹੁਤੀ ਟੀਸੀਆਂ ਨੂੰ ਛੂਹਣ ਵਾਲੀ ਨਈਂ,ਉਸੇ ਸਕੂਲ 'ਚ ਪੜ੍ਹਾਉਣ ਵਾਲੀ ਆ,ਜਿੱਥੇ ਪੜ੍ਹਾਉਣ ਵਾਲਿਆਂ ਨੂੰ ਦਸ ਕੁ ਹਜ਼ਾਰ ਤੋਂ ਵੱਧ ਮਹੀਨਾ ਭਰ ਦੀ ਤਨਖ਼ਾਹ ਵੀ ਨਈਂ ਦੇ ਸਕਦੇ!...ਤੇ ਮੇਰੀ ਔਕਾਤ ਉਸ ਸਰਕਾਰੀ ਸਕੂਲ 'ਚ ਪੜ੍ਹਾਉਣ ਵਾਲੀ ਆ,ਜਿੱਥੇ ਸਰਕਾਰ ਸੱਠ ਹਜ਼ਾਰ ਤੋਂ ਵੱਧ ਦੀਆਂ ਤਨਖ਼ਾਹਾਂ ਦੇ ਦੇ ਕੇ ਅਤੇ ਚੁਣ ਚੁਣ ਕੇ ਲਾਉਂਦੀ ਆ ਮਾਸਟਰਾਂ ਨੂੰ!
    ਦਰਾਣੀ ਜਠਾਣੀ ਦੀ ਤਲਖ਼ੀ ਭਰੀ ਤਕਰਾਰ 'ਚ ਪਿੰਡ ਦੀ ਧਾਕੜ ਬੁੜ੍ਹੀ ਖੜਪੰਚੋ ਵੀ ਆ ਧਮਕਦੀ ਹੈ।''ਨੀਂ ਤੁਆਡੀ ਰੋਜ਼ ਦੀ ਟੈਂ ਟੈਂ ਬਾਜ਼ੀ ਨਈਂ ਮੁੱਕਦੀ?ਕਦੇ ਤਾਂ ਚੈਨ ਨਾਲ ਰਹਿ ਲਿਆ ਕਰੋ!'' ਦੋਨੋ ਸਾਰੀ ਗੱਲ ਖੜਪੰਚੋ ਨੂੰ ਆਪਣਾ ਆਪਣਾ ਪੱਖ ਰੱਖ ਕੇ ਦੱਸਦੀਆਂ ਹਨ।ਖੜਪੰਚੋ ਅਜੇ ਦੋਨਾਂ ਨੂੰ ਸਮਝਾ ਹੀ ਰਹੀ ਸੀ ਕਿ ਦੋਨਾਂ ਦੇ ਨਿਆਣੇ ਸਕੂਲੋਂ ਪੜ੍ਹਕੇ ਘਰ ਆਣ ਟਪਕੇ।
    ''ਗੁੱਡ ਆਫ਼ਟਰਨੂਨ,ਮੌਮ!''-ਲਵਲੀਨ ਮਾਂ ਨੂੰ ਚਾਈਂ ਚਾਈਂ ਕਹਿੰਦਾ ਹੈ।
''ਵੈਰੀ ਗੁੱਡ ਆਫ਼ਟਰਨੂਨ ਮਾਈ ਲਵਲੀ ਸਨ''-ਆਪਣੇ ਬੇਟੇ ਨੂੰ ਜਵਾਬ ਦਿੰਦਿਆਂ ਮਾਂ ਕਿਰਨ ਆਪਣੇ ਲਵਲੀਨ ਨੂੰ ਗਲ਼ ਨਾਲ ਲਾ ਲੈਂਦੀ ਹੈ।ਇਸ ਉਪਰੰਤ ਲਵਲੀਨ ਆਪਣੇਂ ਮਹੱਲ ਦੇ ਏ.ਸੀ. ਵਾਲੇ ਕਮਰੇ ਵੱਲ ਚਲਾ ਜਾਂਦਾ ਹੈ।ਨੇੜੇ ਬੈਠੀ ਖੜਪੰਚੋ ਸਭ ਦੇਖੀ ਜਾਂਦੀ ਹੈ।
    ''ਬੇਬੇ,ਪੈਰੀਂ ਪੈਨਾਂ!''
ਖੜਪੰਚੋ ਦੇ ਪੈਰੀਂ ਹੱਥ ਲਾ ਕੇ ''ਜਿਊਂਦਾ ਰਓ'' ਦੀ ਅਸੀਸ ਲੈ ਕੇ ਬੰਟੀ ਆਪਣੀ ਮਾਂ ਸੁਮਨ ਨਾਲ ਗਲੇ ਲਗਦਾ ਹੈ ਅਤੇ ਪਿਛਲੇ ਕਮਰੇ ਵਿੱਚ ਚਲਾ ਜਾਂਦਾ ਹੈ।
    ''ਨਾ ਘਰ ਆਇਆਂ ਨੂੰ ਕੋਈ ਪਾਣੀ ਪੂਣੀ ਈ ਪੁੱਛ ਲਿਆ ਕਰੋ!''-ਖੜਪੰਚੋ ਨੇ ਘਰ ਦੀ ਵੱਡੀ ਨੂੰਹ ਨੂੰ ਤਾੜਦਿਆਂ ਕਿਆ।
''ਲਵਲੀਨ ਬੇਟਾ,ਮਾਤਾ ਲਈ ਕਿਚਨ 'ਚੋਂ ਪਾਣੀ ਲੈ ਕੇ ਆਉਣਾ!ਂ''।
ਅੰਦਰੋਂ ਆਵਾਜ਼ ਆਈ, ''ਸੌਰੀ ਮੌਮ,ਮੈਂ ਡਰੈੱਸ ਚੇਂਜ਼ ਕਰ ਰਿਆਂ''।ਲਵਲੀਨ ਨੇ ਆਪਣੀ ਮਾਂ ਦੋ ਹਰਫ਼ੀਂ ਜਵਾਬ ਦਿੱਤਾ।
ਏਨੀ ਦੇਰ ਨੂੰ ਬੰਟੀ ਅੰਦਰ ਪਾਣੀ ਦਾ ਗਿਲਾਸ ਲਿਆ ਕੇ ਬਜ਼ੁਰਗ ਖੜਪੰਚੋ ਨੂੰ ਕਹਿੰਦਾ, ''ਬੇਬੇ,ਸਕੂਲ ਦੀ ਵਰਦੀ ਤਾਂ ਮੈਂ ਵੀ ਬਦਲਣੀਂ ਐ ਅਜੇ,ਪਰ ਮਾਸਟਰ ਜੀ ਕਹਿੰਦੇ ਕੰਮ ਜਿੰਨੇਂ ਮਰਜ਼ੀ ਈ ਕਰੋ,ਪਰ ਵੱਡਿਆਂ ਦਾ ਸਤਿਕਾਰ ਕਦੇ ਨਾ ਛੱਡੋ।ਵਰਦੀ ਤਾਂ ਮੈਂ ਬਾਦ੍ਹ 'ਚ ਵੀ ਬਦਲ ਲਵਾਂਗਾ।
    ਇਹ ਸਭ ਦੇਖ ਕੇ ਖੜਪੰਚੋ ਨੇ ਵੀ ਫਿਰ ਨਿਤਾਰਾ ਕਰ ਦਿੱਤਾ ਸਾਰੀ ਗੱਲ ਦਾ।ਕਹਿੰਦੀ , ''ਦੇਖ ਲਓ!ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਹੁੰਦੀ ਆ ਭਲਾ?ਜੇ ਪੜ੍ਹਾਈ ਦੇ ਨਾਲ ਸਲੀਕਾ ਈ ਨਾ ਆਇਆ,ਤਾਂ ਕੀ ਕਰੂ ਮੂੰਹ ਮਰੋੜ ਮਰੋੜ ਕੇ ਅੰਗਰੇਜ਼ੀ ਬੋਲਣੀ ਸਿਖਾਉਣ ਵਾਲਾ ਮਹਿੰਗਾ ਅੰਗਰੇਜ਼ੀ ਸਕੂਲ?ਰੱਟਾ-ਲਟ ਤਾਂ ਤੋਤਾ ਵੀ ਲਾ ਲੈਂਦਾ!''
    ਖੜਪੰਚੋ ਦੀ ਇਹ ਗੱਲ ਸੁਣ ਕੇ ਦਰਾਣੀ ਤਾਂ ਮਾਣਮੱਤੀ ਹੋਈ ਫਿਰੇ ਤੇ ਜਠਾਣੀ ਪਾਣੀਓਂ ਪਾਣੀਂ!

ਡਾ.ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),   
ਲੈਕਚਰਾਰ ਪੰਜਾਬੀ,ਪਿੰਡ ਤੇ ਡਾਕਖਾਨਾ ਊਧਨਵਾਲ,ਤਹਿਸੀਲ ਬਟਾਲਾ,ਜ਼ਿਲ੍ਹਾ ਗੁਰਦਾਸਪੁਰ-143505,              7068900008,kalsi19111@gmail.com