Gursharan Singh Kumar

ਪ੍ਰੇਰਨਾਦਾਇਕ ਲੇਖ : ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ - ਗੁਰਸ਼ਰਨ ਸਿੰਘ ਕੁਮਾਰ

ਮਨੁੱਖਾ ਜੀਵਨ ਕੋਈ ਫ਼ੁੱਲਾਂ ਦੀ ਸੇਜ਼ ਨਹੀਂ। ਜ਼ਿੰਦਗੀ ਦੇ ਰਸਤੇ ਕੋਈ ਸਿੱਧੀ ਸਪਾਟ ਸੜਕ ਨਹੀਂ। ਇਸ ਲਈ ਜ਼ਿੰਦਗੀ ਦੇ ਸਫ਼ਰ ਵਿਚ ਠੋਕਰਾਂ ਵੀ ਲੱਗਦੀਆਂ ਹਨ। ਇੱਥੇ ਮਨੁੱਖ ਨੂੰ ਕਈ ਦੁੱਖ ਅਤੇ ਦੁਸ਼ਵਾਰੀਆਂ ਵੀ ਝੱਲਣੀਆਂ ਪੈਂਦੀਆਂ ਹਨ। ਵੈਸੇ ਤਾਂ ਜ਼ਿੰਦਗੀ ਦੇ ਸਾਰੇ ਕੰਮ ਸਫ਼ਲਤਾ ਲਈ ਹੀ ਕੀਤੇ ਜਾਂਦੇ ਹਨ ਪਰ ਫਿਰ ਵੀ ਸਾਨੂੰ ਕਈ ਵਾਰੀ ਹਾਰਾਂ ਅਤੇ ਅਸਫ਼ਲਤਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਕਈ ਕੰਮ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਵੀ ਕਰਦੇ ਹਾਂ। ਜੇ ਅਜਿਹੇ ਕੰਮ ਵਿਚ ਸਾਨੂੰ ਅਸਫ਼ਲਤਾ ਜਾਂ ਹਾਰ ਦਾ ਸਾਹਮਣਾ ਕਰਨਾ ਪਏ ਤਾਂ ਬਹੁਤ ਦੁੱਖ ਅਤੇ ਨਮੋਸ਼ੀ ਹੁੰਦੀ ਹੈ। ਕਹਿੰਦੇ ਹਨ ਕਿ ਲੜ੍ਹਦੀਆਂ ਤਾਂ ਫੋਜਾਂ ਹਨ ਪਰ ਜਿੱਤ ਦਾ ਸਿਹਰਾ ਕਮਾਂਡਰ ਸਿਰ ਹੀ ਬੱਝਦਾ ਹੈ। ਜੇ ਜਿੱਤ ਦੀ ਸ਼ੋਭਾ ਸਾਨੂੰ ਮਿਲਦੀ ਹੈ ਤਾਂ ਹਾਰ ਦੀ ਜ਼ਿੰਮੇਵਾਰੀ ਵੀ ਸਾਨੂੰ ਹੀ ਕਬੂਲ ਕਰਨੀ ਚਾਹੀਦੀ ਹੈ। ਬਹਾਨੇ ਬਣਾ ਕੇ ਅਜਿਹੀ ਜ਼ਿੰਮੇਵਾਰ ਕਿਸੇ ਦੂਸਰੇ ਸਿਰ ਨਹੀਂ ਸੁੱਟਣੀ ਚਾਹੀਦੀ। ਇੱਥੇ ਇਹ ਵੀ ਵਿਚਾਰਨ ਦੀ ਲੋੜ ਹੁੰਦੀ ਹੈ ਕਿ ਸਾਡੇ ਵਿਚ ਕੀ ਕਮੀ ਰਹਿ ਗਈ ਜਾਂ ਕੀ ਗ਼ਲਤੀ ਹੋ ਗਈ ਜੋ ਸਾਡੀ ਹਾਰ ਦਾ ਕਾਰਨ ਬਣੀ? ਆਪਣੀ ਕਮੀ ਨੂੰ ਦੂਰ ਕਰ ਕੇ ਸਾਨੂੰ ਆਪਣੀ ਗ਼ਲਤੀ ਸੁਧਾਰਨੀ ਚਾਹੀਦੀ ਹੈ। ਜ਼ਿੰਮੇਵਾਰੀ ਕਬੂਲ ਕਰਨਾ ਵੀ ਬਹਾਦਰੀ ਅਤੇ ਉੱਚੇ ਆਚਰਨ ਦੀ ਨਿਸ਼ਾਨੀ ਹੈ। ਇਸ ਨਾਲ ਸਾਡੀ ਇੱਜ਼ਤ ਘੱਟਦੀ ਨਹੀਂ ਸਗੋਂ ਲੋਕਾਂ ਦੇ ਮਨ ਵਿਚ ਸਾਡਾ ਵਿਸ਼ਵਾਸ ਬੱਝਦਾ ਹੈ। ਉਹ ਇਕ ਵਾਰੀ ਫਿਰ ਸਾਡੇ ਤੇ ਭਰੋਸਾ ਕਰ ਕੇ ਸਾਨੂੰ ਆਪਣਾ ਰਹਿਨੁਮਾ ਚੁਣ ਸਕਦੇ ਹਨ ਅਤੇ ਦੁਬਾਰਾ ਤੋਂ ਸਾਨੂੰ ਇਹ ਹੀ ਜ਼ਿੰਮੇਵਾਰੀ ਸੋਂਪ ਸਕਦੇ ਹਨ। ਸੁਲਝਿਆ ਹੋਇਆ ਮਨੁੱਖ ਉਹ ਹੀ ਹੈ ਜੋ ਆਪਣੇ ਫੈਸਲੇ ਖ਼ੁਦ ਕਰਦਾ ਹੈ ਅਤੇ ਉਨ੍ਹਾਂ ਦੇ ਨਤੀਜਿਆਂ ਨੂੰ ਵੀ ਖਿੜ੍ਹੇ ਮੱਥੇ ਪ੍ਰਵਾਨ ਕਰਦਾ ਹੈ। ਉਹ ਕਿਸੇ ਗ਼ਲਤ ਨਤੀਜੇ ਲਈ ਦੂਜੇ ਨੂੰ ਦੋਸ਼ ਨਹੀਂ ਦਿੰਦਾ।
ਕਹਿੰਦੇ ਹਨ ਕਿ ਇਨਸਾਨ ਗ਼ਲਤੀ ਦਾ ਪੁਤਲਾ ਹੈ। ਅੱਜ ਕੱਲ੍ਹ ਸਰਮਾਇਦਾਰੀ ਦਾ ਜ਼ਮਾਨਾ ਹੈ। ਇਸ ਲਈ ਮਨੁੱਖ ਦੇ ਹਰ ਕੰਮ ਨੂੰ ਪੈਸੇ ਦੀ ਤੱਕੜੀ ਤੇ ਤੋਲਿਆ ਜਾ ਰਿਹਾ ਹੈ। ਮੋਹ ਪਿਆਰ ਦੇ ਰਿਸ਼ਤੇ ਵੀ ਵਪਾਰਕ ਹੁੰਦੇ ਜਾ ਰਹੇ ਹਨ। ਜਦ ਅਸੀਂ ਜ਼ਿੰਦਗੀ ਵਿਚ ਕਿਸੇ ਦੂਸਰੇ ਨਾਲ ਵਰਤਦੇ ਹਾਂ ਤਾਂ ਜਾਣੇ ਜਾਂ ਅਣਜਾਣੇ ਵਿਚ ਕਈ ਗ਼ਲਤੀਆਂ ਕਰ ਬੈਠਦੇ ਹਾਂ ਜਿਸ ਨਾਲ ਕਿਸੇ ਦੂਸਰੇ ਦਾ ਨੁਕਸਾਨ ਹੁੰਦਾ ਹੈ ਜਾਂ ਉਸ ਦਾ ਦਿਲ ਦੁਖਦਾ ਹੈ। ਕਈ ਵਾਰੀ ਅਸੀਂ ਅਜਿਹੀ ਗ਼ਲਤੀ ਲਈ ਪਛਤਾਉਂਦੇ ਵੀ ਹਾਂ। ਜੇ ਅਸੀਂ ਆਪਣੀ ਗ਼ਲਤੀ ਮੰਨ ਕੇ ਉਸ ਕੋਲੋਂ ਮੁਆਫੀ ਮੰਗ ਲਈਏ ਤਾਂ ਮਨ ਤੋਂ ਕੁਝ ਭਾਰ ਉਤਰ ਜਾਂਦਾ ਹੈ ਅਤੇ ਦੂਜਾ ਵੀ ਕੁਝ ਸਹਿਜ ਹੋ ਜਾਂਦਾ ਹੈ।
ਕਈ ਲੋਕ ਅਸਫ਼ਲਤਾ ਤੇ ਗ਼ਲਤੀ ਨੂੰ ਇਕੋ ਚੀਜ਼ ਮੰਨ ਲੈਂਦੇ ਹਨ। ਅਸਫ਼ਲਤਾ ਭਾਵ ਹਾਰ, ਭਾਵ ਜਿਸ ਕੰਮ ਦੇ ਨਤੀਜੇ ਸਾਡੀ ਆਸ਼ਾ ਅਨੁਸਾਰ ਨਾ ਨਿਕਲਣ ਉਹ ਸਾਡੀ ਹਾਰ ਹੈ। ਇਸ ਲਈ ਅਫ਼ਸੋਸ ਕੀਤਾ ਜਾਂਦਾ ਹੈ ਅਤੇ ਜ਼ਿੰਮੇਵਾਰੀ ਲਈ ਜਾਂਦੀ ਹੈ ਜਾਂ ਨਿਰਧਾਰਤ ਕੀਤੀ ਜਾਂਦੀ ਹੈ। ਗ਼ਲਤੀ ਦਾ ਭਾਵ ਹੈ ਕਿ ਜਾਣ ਬੁੱਝ ਕੇ ਜਾਂ ਅਣਜਾਣੇ ਵਿਚ ਕੋਈ ਭੁੱਲ ਕਰ ਬੈਠਣਾ। ਇਸ ਲਈ ਅਫ਼ਸੋਸ ਕੀਤਾ ਜਾਂਦਾ ਹੈ ਅਤੇ ਮੁਆਫ਼ੀ ਵੀ ਮੰਗੀ ਜਾਂਦੀ ਹੈ। ਕਈ ਵਾਰੀ ਆਪਣੀ ਗ਼ਲਤੀ ਨਾ ਹੋਣ ਤੇ ਵੀ ਗ਼ਲਤੀ ਮੰਨਣੀ ਪੈਂਦੀ ਹੈ ਤਾਂ ਕਿ ਪਿਆਰ ਦੇ ਰਿਸ਼ਤੇ ਬਣੇ ਰਹਿਣ।
ਕਈ ਵਾਰੀ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਤੋਂ ਗ਼ਲਤੀ ਹੋ ਗਈ ਹੈ। ਜਾਣ ਬੁੱਝ ਕੇ ਗ਼ਲਤੀ ਕਰਨਾ ਗੁਨਾਹ ਕਰਨ ਦੇ ਬਰਾਬਰ ਹੈ ਪਰ ਕਈ ਲੋਕ ਬੜੇ ਢੀਠ ਹੁੰਦੇ ਹਨ। ਉਹ ਕਹਿੰਦੇ ਹਨ-''ਗੁਨਾਹ ਕਰਤਾ ਹੂੰ ਇਕ ਤੇਰੇ ਸਹਾਰੇ, ਕਿ ਤੂੰ ਬਖਸ਼ ਦੇਗਾ ਸਾਰੇ ਦੇ ਸਾਰੇ।'' ਉਹ ਬੜੀ ਚਤੁਰਤਾ ਨਾਲ ਆਪਣੀ ਗ਼ਲਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸਾਰਾ ਦੋਸ਼ ਦੂਜੇ ਤੇ ਮੜ੍ਹਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਗ਼ਲਤੀ ਮੰਨਣ ਨਾਲ ਉਨ੍ਹਾਂ ਦੀ ਹੇਠੀ ਹੁੰਦੀ ਹੈ ਅਤੇ ਸਮਾਜ ਵਿਚ ਉਨ੍ਹਾਂ ਦਾ ਕਦ ਨੀਵਾਂ ਹੁੰਦਾ ਹੈ।
ਅਸਫ਼ਲਤਾ ਤੇ ਗ਼ਲਤੀ ਨੂੰ ਫੜ ਕੇ ਬੈਠ ਜਾਣਾ ਤੇ ਅਫ਼ਸੋਸ ਕਰੀ ਜਾਣ ਦਾ ਕੋਈ ਫਾਇਦਾ ਨਹੀਂ। ਸਾਨੂੰ ਆਪਣੀ ਅਸਫ਼ਲਤਾ ਅਤੇ ਗ਼ਲਤੀ ਤੋਂ ਸਬਕ ਲੈ ਕੇ ਸਹੀ ਢੰਗ ਨਾਲ ਸਹੀ ਰਸਤੇ ਤੇ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਹਾਦਸਾ ਨਾ ਵਾਪਰੇ।
ਆਪਣੀ ਗ਼ਲਤੀ ਮੰਨਣਾ ਵੱਡੇ ਦਿਲ ਦੀ ਨਿਸ਼ਾਨੀ ਹੁੰਦੀ ਹੈ। ਜੇ ਕੋਈ ਸੱਚੇ ਦਿਲੋਂ ਆਪਣੀ ਗ਼ਲਤੀ ਮੰਨਦਾ ਹੈ ਤਾਂ ਉਸ ਨੂੰ ਸਜਾ ਦੇਣਾ ਜਾਂ ਮੁਆਫ਼ ਕਰਨਾ ਗ਼ਲਤੀ ਦੀ ਡੂੰਘਾਈ ਅਤੇ ਹੋਏ ਨੁਕਸਾਨ ਤੇ ਨਿਰਭਰ ਕਰਦਾ ਹੈ। ਵੈਸੇ ਮੁਆਫ਼ ਕਰਨਾ ਵੱਡੇ ਦਿਲ ਦੀ ਨਿਸ਼ਾਨੀ ਹੈ। ਸਾਡਾ ਉਦੇਸ਼ ਬੰਦੇ ਨੂੰ ਸ਼ਰਮਿੰਦਾ ਕਰਨਾ ਜਾਂ ਸਮਾਜ ਨਾਲੋਂ ਤੋੜਣਾ ਨਹੀਂ ਹੋਣਾ ਚਾਹੀਦਾ ਸਗੋਂ ਉਸ ਨੂੰ ਗ਼ਲਤੀ ਦਾ ਅਹਿਸਾਸ ਕਰਾ ਕੇ ਸਮਾਜ ਨਾਲ ਜੋੜਣਾ ਅਤੇ ਅੱਗੇ ਤੋਂ ਉਸ ਨੂੰ ਸੁਧਾਰਨਾ ਹੋਣਾ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰੀ ਤੱਕੜੇ ਬੰਦੇ ਮਾੜੇ ਬੰਦੇ ਨੂੰ ਗ਼ਲਤੀ ਨਾ ਹੋਣ ਤੇ ਵੀ ਜ਼ਬਰਦਸਤੀ ਮੁਆਫ਼ੀ ਮੰਗਣ ਲਈ ਮਜ਼ਬੂਰ ਕਰ ਦਿੰਦੇ ਹਨ। ਅਜਿਹੀ ਹਾਲਤ ਵਿਚ ਮਾੜਾ ਬੰਦਾ ਅਪਮਾਨਿਤ ਹੋਇਆ ਮਹਿਸੂਸ ਕਰਦਾ ਹੈ।
ਦੂਸਰੇ ਦੇ ਦੁੱਖ ਦਰਦ ਨੂੰ ਮਹਿਸੂਸ ਕਰਨਾ ਹੀ ਮਨੁੱਖਵਾਦੀ ਦ੍ਰਿਸ਼ਟੀ ਕੌਣ ਹੁੰਦਾ ਹੈ। ਜੇ ਤੁਸੀਂ ਜਾਣੇ ਜਾਂ ਅਣਜਾਣੇ ਵਿਚ ਕਿਸੇ ਦਾ ਹੱਕ ਮਾਰਿਆ ਹੈ, ਉਸ ਨੂੰ ਕੁਝ ਨੁਕਸਾਨ ਪਹੁੰਚਾਇਆ ਹੈ, ਉਸ ਨੂੰ ਜਲੀਲ ਕੀਤਾ ਹੈ ਜਾਂ ਉਸ ਨੂੰ ਕੋਈ ਮਾੜੇ ਸ਼ਬਦ ਬੋਲੇ ਹਨ ਤਾਂ ਇਹ ਉਸ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਹੈ। ਇਸ ਨਾਲ ਉਹ ਬੇਇੱਜ਼ਤ ਵੀ ਹੋਇਆ ਹੋਵੇਗਾ ਅਤੇ ਉਸ ਦਾ ਦਿਲ ਵੀ ਟੁੱਟਾ ਹੋਵੇਗਾ। ਜੇ ਤੁਹਾਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਤਾਂ ਉਸ ਵਿਚਾਰੇ ਦੇ ਨੁਕਸਾਨ ਦੀ ਭਰਪਾਈ ਕਰ ਕੇ ਉਸ ਤੋਂ ਮੁਆਫ਼ੀ ਮੰਗਣਾ ਤੁਹਾਡਾ ਫ਼ਰਜ਼ ਹੈ। ਬੇਸ਼ੱਕ ਤੁਸੀਂ ਉਸ ਦੇ ਨੁਕਸਾਨ ਦੀ ਪੂਰੀ ਭਰਪਾਈ ਤਾਂ ਨਹੀਂ ਕਰ ਸਕਦੇ ਪਰ ਉਸ ਦੇ ਜ਼ਖ਼ਮਾਂ ਤੇ ਮਲ੍ਹਮ ਤਾਂ ਲਾ ਹੀ ਸਕਦੇ ਹੋ। ਤੁਹਾਡਾ ਇਹ ਕੰਮ ਉਸ ਦੇ ਤੱਪਦੇ ਹਿਰਦੇ ਨੂੰ ਠੰਢਕ ਪਹੁੰਚਾਵੇਗਾ।
ਬੇਸ਼ੱਕ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਇਮਾਨਦਾਰੀ ਤੇ ਚੱਲਣਾ ਬਹੁਤ ਕਠਿਨ ਹੈ ਫਿਰ ਵੀ ਜਿਵੇਂ ਗ਼ਹਿਰੇ ਤੋਂ ਗ਼ਹਿਰਾ ਬੱਦਲ ਵੀ ਸੂਰਜ ਨੂੰ ਨਿਕਲਣ ਤੋਂ ਸਦਾ ਲਈ ਨਹੀਂ ਰੋਕ ਸਕਦਾ ਇਸੇ ਤਰ੍ਹਾਂ ਝੂਠ ਦਾ ਗ਼ਹਿਰੇ ਤੋਂ ਗ਼ਹਿਰਾ ਮੁਲੱਮਾਂ ਵੀ ਸੱਚ ਨੂੰ ਪ੍ਰਗਟ ਹੋਣ ਤੋਂ ਸਦਾ ਲਈ ਨਹੀਂ ਰੋਕ ਸਕਦਾ। ਸੱਚਾਈ ਇਕ ਦਿਨ ਸਾਹਮਣੇ ਜ਼ਰੂਰ ਪ੍ਰਗਟ ਹੋ ਹੀ ਜਾਂਦੀ ਹੈ। ਇਸ ਲਈ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਸੱਚਾਈ ਅਤੇ ਇਮਾਨਦਾਰੀ ਹੈ। ਜੇ ਅਸੀਂ ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਚਾਹੁੰਦੇ ਹਾਂ ਆਪਸੀ ਪਿਆਰ ਦੇ ਨਿੱਘੇ ਰਿਸ਼ਤੇ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਦੇ ਹੰਕਾਰ ਨੂੰ ਮਾਰ ਕੇ ਖ਼ੁਦ ਨੂੰ ਹੱਲਕਾ ਕਰਨਾ ਪਏਗਾ। ਉੱਚਾ ਉਹ ਹੀ ਉੱਠਦਾ ਹੈ ਜੋ ਹਲਕਾ ਹੁੰਦਾ ਹੈ। ਖ਼ੁਸ਼ ਦਿਲ ਅਤੇ ਹੱਸਦਾ ਹੋਇਆ ਚਿਹਰਾ ਹੀ ਜ਼ਿੰਦਗੀ ਦੀ ਅਸਲ ਦੌਲਤ ਹੈ।
ਸੱਚਾ ਮਨੁੱਖ ਹਮੇਸ਼ਾਂ ਮਨੁੱਖਤਾ ਦੀ ਭਲਾਈ ਲਈ ਖੜ੍ਹਾ ਹੁੰਦਾ ਹੈ। ਆਪਣੀ ਗ਼ਲਤੀ ਲਈ ਮੁਆਫ਼ੀ ਮੰਗਣਾ ਸ਼ਿਸ਼ਟਾਚਾਰ ਅਤੇ ਦਲੇਰੀ ਹੈ ਅਤੇ ਇਕ ਕਲਾ ਵੀ ਹੈ। ਤੁਹਾਡੀ ਇਹ ਦਲੇਰੀ ਤੁਹਾਨੂੰ ਨੀਵਾਂ ਦਿਖਾਉਣ ਦੀ ਥਾਂ ਤੁਹਾਡੇ ਚਾਲ ਚੱਲਣ ਨੂੰ ਉੱਚਾਈ 'ਤੇ ਲੈ ਜਾਂਦੀ ਹੈ।

*****
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861  
email: gursharan1183@yahoo.in

ਧਰਮ, ਸਿਆਸਤ ਅਤੇ ਸਰਮਾਏਦਾਰੀ - ਗੁਰਸ਼ਰਨ ਸਿੰਘ ਕੁਮਾਰ

ਦੁਨੀਆਂ ਭਰ ਵਿਚ ਧਰਮ, ਸਿਆਸਤ ਅਤੇ ਸਰਮਾਏਦਾਰੀ ਗ਼ਰੀਬਾਂ ਦੀ ਮਿਹਨਤ ਤੇ ਫਲਦੇ ਫੁੱਲਦੇ ਹਨ। ਗ਼ਰੀਬਾਂ ਦੀ ਮੰਦਹਾਲੀ ਇਨ੍ਹਾਂ ਦੀ ਸੋਚੀ ਸਮਝੀ ਇਕ ਗ਼ਹਿਰੀ ਚਾਲ ਹੈ।ਮਿਹਨਤਕਸ਼ ਸੋਚਦਾ ਕਿ ਜੇ 'ਏਕ ਨੂਰ ਤੇ ਸਭ ਜੱਗ ਉਪਜਿਆ' ਹੈ ਤਾਂ ਕੁਦਰਤ ਦੀਆਂ ਬੇਅੰਤ ਦੌਲਤਾਂ ਤੇ ਉਸ ਨੂੰ ਉਸ ਦਾ ਹੱਕ ਕਿਉਂ ਨਹੀਂ ਮਿਲਦਾ? ਉਸ ਦੀ ਖ਼ੂਨ ਪਸੀਨੇ ਦੀ ਮਿਹਨਤ ਦੇ ਬਾਵਜ਼ੂਦ ਉਸ ਦੀ ਕੁਲੀ, ਗੁੱਲੀ ਅਤੇ ਜੁੱਲੀ ਦਾ ਮਸਲਾ ਹੱਲ ਕਿਉਂ ਨਹੀਂ ਹੁੰਦਾ? ਉਸ ਦੀ ਕਮਾਈ ਵਿਚ ਬਰਕਤ ਕਿਉਂ ਨਹੀਂ ਪੈਂਦੀ?
ਗ਼ੈਰ ਸਰਕਾਰੀ ਆਂਕੜੇ ਦੱਸਦੇ ਹਨ ਕਿ ਕੋਰੋਨਾ ਦੀ ਮਹਾਂਮਾਰੀ ਕਾਰਨ ਦੁਨੀਆਂ ਵਿਚੋਂ 5000 ਹਜ਼ਾਰ ਦੇ ਕਰੀਬ ਕਰੌੜਪਤੀ ਖਤਮ ਹੋ ਗਏ ਹਨ ਪਰ ਜੇ ਦੁਨੀਆਂ ਦੇ ਸਾਰੇ ਕਰੌੜਪਤੀ ਵੀ ਖਤਮ ਹੋ ਜਾਣ ਤਾਂ ਵੀ ਕੀ ਫਰਕ ਪੈਂਦਾ ਹੈ? ਦੁਨੀਆਂ ਇਸੇ ਤਰ੍ਹਾਂ ਹੀ ਚਲਦੀ ਰਹੇਗੀ। ਹਾਂ ਦੁਨੀਆਂ ਤੋਂ ਰੋਡਪਤੀ ਖਤਮ ਹੋ ਗਏ ਤਾਂ ਜ਼ਰੂਰ ਫਰਕ ਪਵੇਗਾ। ਸੁਆਲ ਇਹ ਪੈਦਾ ਹੁੰਦਾ ਹੈ ਕਿ ਇਹ ਰੋਡਪਤੀ ਕੌਣ ਹਨ? ਇਹ ਰੋਡਪਤੀ ਉਹ ਮਿਹਨਤਕਸ਼ ਹਨ ਜੋ ਜੀਅ ਤੋੜ ਕੇ ਮਿਹਨਤ ਤਾਂ ਕਰਦੇ ਹਨ ਪਰ ਉਨ੍ਹਾਂ ਦੀ ਰੋਟੀ ਪੂਰੀ ਨਹੀਂ ਹੁੰਦੀ। ਇਹ ਰੋਡਪਤੀ ਹਨ ਮਜ਼ਦੂਰ ਜੋ ਸੜਕਾਂ ਬਣਾਉਂਦੇ ਹਨ ਅਤੇ ਸੜਕਾਂ ਤੇ ਹੀ ਮਰ ਜਾਂਦੇ ਹਨ। ਇਹ ਰੋਡਪਤੀ ਹਨ ਜੋ ਗਗਨ ਚੁੰਬੀ ਇਮਾਰਤਾਂ ਤਾਂ ਬਣਾਉਂਦੇ ਹਨ ਪਰ ਉਨ੍ਹਾਂ ਨੂੰ ਰਹਿਣ ਲਈ ਛੱਤ ਨਸੀਬ ਨਹੀਂ ਹੁੰਦੀ। ਉਹ ਕਿਸਾਨ ਜੋ ਅੰਨ ਉਗਾਉਂਦੇ ਹਨ ਪਰ ਉਨ੍ਹਾਂ ਨੂੰ ਆਪ ਨੂੰ ਫਾਕੇ ਕੱਟਣੇ ਪੈਂਦੇ ਹਨ। ਸਭ ਤਰ੍ਹਾਂ ਦੇ ਮਿਹਨਤਕਸ਼ ਜਿਵੇਂ ਰ੍ਹੇੜੀ ਫੜੀ ਵਾਲ,ੇ ਧੋਬੀ, ਦਰਜੀ, ਨਾਈ, ਤਰਖਾਣ, ਲੁਹਾਰ ਆਦਿ ਸਾਰੇ ਮਿਹਨਤਕਸ਼ ਕੁਝ ਹੱਦ ਤੱਕ ਇਸੇ ਸ਼੍ਰੇਣੀ ਵਿਚ ਹੀ ਆਉਂਦੇ ਹਨ। ਜੇ ਇਹ ਸਭ ਕੰਮ ਕਰਨਾ ਬੰਦ ਕਰ ਦੇਣ ਤਾਂ ਯਕੀਨਨ ਦੁਨੀਆਂ ਨੂੰ ਫਰਕ ਪਵੇਗਾ। ਦੁਨੀਆਂ ਦੀ ਚਾਲ ਰੁਕ ਜਾਵੇਗੀ। ਵਿਕਾਸ ਦਾ ਪਹੀਆ ਜਾਮ ਹੋ ਜਾਵਾਗਾ। ਕੋਈ ਪੈਦਾਵਾਰ ਨਹੀਂ ਹੋਵੇਗੀ। ਸਭ ਦੀਆਂ ਸੁੱਖ ਸਹੂਲਤਾਂ ਬੰਦ ਹੋ ਜਾਣਗੀਆਂ ੳਤੇ ਲੋਕ ਭੁੱਖੇ ਮਰਨ ਲੱਗ ਪੈਣਗੇ। ਇਹ ਮਿਹਨਤਕਸ਼ ਸਭ ਜ਼ਿਆਦਤੀਆਂ ਸਹਾਰ ਕੇ ਤੰਗੀਆਂ ਤੁਰਸ਼ੀਆਂ ਵਿਚ ਹੀ ਆਪਣੀ ਜ਼ਿੰਦਗੀ ਕੱਟ ਰਹੇ ਹਨ। ਇਨ੍ਹਾਂ ਦੀ ਕਮਾਈ ਲਗਾਤਾਰ ਲੁੱਟੀ ਜਾ ਰਹੀ ਹੈ। ਕੌਣ ਹਨ ਉਹ ਲੋਕ ਜੋ ਇਨ੍ਹਾਂ ਦੀ ਕਮਾਈ ਲੁੱਟ ਕੇ ਖਾ ਰਹੇ ਹਨ?
ਇਤਿਹਾਸ ਗੁਵਾਹ ਹੈ ਕਿ ਯੁੱਧਾਂ ਨੇ ਏਨਾ ਨਰਸੰਘਾਰ ਨਹੀਂ ਕੀਤਾ ਜਿੰਨਾ ਧਰਮਾਂ ਨੇ ਕੀਤਾ ਹੈ। ਨਰ ਬਲੀ, ਸਤੀ ਪ੍ਰਥਾ, ਦੇਵ ਦਾਸੀਆਂ ਦੀ ਪ੍ਰਥਾ, ਜਾਤੀ ਪ੍ਰਥਾ ਅਤੇ ਊਚ ਨੀਚ ਸਭ ਇਨ੍ਹਾਂ ਧਰਮਾਂ ਦੀ ਹੀ ਦੇਣ ਹੈ। ਕਦੀ ਫਤਵਾ ਲਾ ਕੇ ਨਿਰਦੋਸ਼ ਬੱਚਿਆਂ ਨੂੰ ਕਤਲ ਕਰਾ ਦਿੱਤਾ ਜਾਂਦਾ ਅਤੇ ਕਦੀ ਸਿਗਰਟ, ਗਊ ਮਾਸ ਜਾਂ ਸੂਰ ਦੇ ਮਾਸ ਕਾਰਨ ਦੰਗੇ ਕਰਾ ਦਿੱਤੇ ਜਾਂਦੇ ਹਨ।ਸਭ ਤੋਂ ਜ਼ਿਆਦਾ ਮਿਹਨਤੀ ਬੰਦਿਆਂ ਨੂੰ ਸ਼ੂਦਰ ਗਰਦਾਨਿਆਂ ਗਿਆ। ਗ਼ਰੀਬਾਂ ਦੇ ਮਨ ਵਿਚ ਇਹ ਗੱਲ ਪੱਕੀ ਕਰ ਦਿੱਤੀ ਗਈ ਕਿ ਉਨ੍ਹਾਂ ਦੀ ਗ਼ਰੀਬੀ ਉਨ੍ਹਾਂ ਦੇ ਪੁਰਬਲੇ ਜਨਮਾ ਦੇ ਕਰਮਾ ਕਾਰਨ ਹੀ ਹੈ। ਉਨ੍ਹਾਂ ਨੂੰ ਗ਼ਰੀਬੀ ਵਿਚ ਹੀ ਸਬਰ ਕਰਨ ਦਾ ਉਪਦੇਸ਼ ਦਿੱਤਾ ਗਿਆ। ਉਨ੍ਹਾਂ ਦੇ ਦੁੱਖਾਂ ਨੂੰ ਘਟਾਉਣ ਦੀ ਬਜਾਏ ਉਨ੍ਹਾਂ ਨੂੰ ਵਹਿਮਾ ਭਰਮਾ



ਵਿਚ ਪਾ ਕੇ ਲੁੱਟਿਆ ਗਿਆ। ਉਨ੍ਹਾਂ ਨੂੰ ਨਰਕਾਂ ਦੇ ਡਰਾਵੇ ਦਿੱਤੇ ਗਏ ਅਤੇ ਉਨ੍ਹਾਂ ਕੋਲੌਂ ਦਾਨ ਲੈਣ ਲਈ ਸਵਰਗਾਂ ਦੇ ਲਾਲਚ ਵੀ ਦਿੱਤੇ ਗਏ। ਇਸ ਤਰ੍ਹਾਂ ਇਹ ਧਰਮ ਦੇ ਠੇਕੇਦਾਰ ਗ਼ਰੀਬਾਂ ਦਾ ਰੱਜ ਕੇ ਸੋਸ਼ਨ ਕਰ ਰਹੇ ਹਨ।
ਇਸ ਤੋਂ ਬਾਅਦ ਸਿਆਸਤਦਾਨ ਗ਼ਰੀਬਾਂ ਦੀਆਂ ਵੋਟਾਂ ਲੈ ਕੇ ਦੇਸ਼ ਦੇ ਹਾਕਮ ਬਣ ਬੈਠਦੇ ਹਨ। ਉਹ ਵੀ ਗ਼ਰੀਬਾਂ ਨੂੰ ਚੰਗੇ ਦਿਨਾ ਦੇ ਆਉਣ ਦੇ ਲਾਰੇ ਲਾ ਕੇ ਰੱਖਦੇ ਹਨ। ਫੌਕਿਆਂ ਲਾਰਿਆ ਨਾਲ ਗ਼ਰੀਬਾਂ ਦੀ ਕਿਸਮਤ ਨਹੀਂ ਬਦਲਦੀ। ਇਹ ਗ਼ਰੀਬ ਮੁਲਕ ਦੇ ਅਮੀਰ ਹਾਕਮ ਅਪਣੀ ਐਸ਼ ਪਰਸਤੀ ਲਈ ਭਾਰੀ ਟੈਕਸ ਲਾਉਂਦੇ ਹਨ ਅਤੇ ਗ਼ਰੀਬਾਂ ਨੂੰ ਹੋਰ ਨਿਚੋੜਦੇ ਹਨ। ਜੇ ਕੋਈ ਬੋਲੇ ਤਾਂ ਉਸ ਨੂੰ ਕਾਨੂੰਨ ਦੇ ਡੰਡੇ ਨਾਲ ਕੁਚਲ ਦਿੱਤਾ ਜਾਂਦਾ ਹੈ। ਸਿਆਸਤਦਾਨ ਬਹੁਤ ਸ਼ਾਤਰ ਦਿਮਾਗ਼ ਦੇ ਹੁੰਦੇ ਹਨ। ਉਹ ਗ਼ਰੀਬਾਂ ਨੂੰ ਇਹ ਨਹੀਂ ਪੁੱਛਦੇ ਕਿ ਤੁਹਾਡੇ ਪਰਿਵਾਰ ਦੇ ਕਿੰਨੇ ਬੰਦੇ ਹਨ ਸਗੋਂ ਉਹ ਪੁੱਛਦੇ ਹਨ ਕਿ ਤੁਹਾਡੇ ਕਿੰਨੇ ਵੋਟ ਹਨ। ਉਹ ਆਪਣੇ ਆਪ ਨੂੰ ਲੋਕਾਂ ਦੇ ਸੇਵਾਦਾਰ ਦੱਸਦੇ ਹਨ ਪਰ ਆਪਣੇ ਵੋਟਾਂ ਲਈ ਲੋਕਾਂ ਨੂੰ ਆਪਸ ਵਿਚ ਲੜਾਉਂਦੇ ਰਹਿੰਦੇ ਹਨ ਅਤੇ ਦੰਗੇ ਫਸਾਦ ਕਰਾਉਂਦੇ ਰਹਿੰਦੇ ਹਨ। ਉਨ੍ਹਾਂ ਲਈ ਭਾਵੇਂ ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸਾ ਪੀਵੇ। ਬਸ ਉਨ੍ਹਾਂ ਦੀ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ।
ਇਸ ਤੋਂ ਬਾਅਦ ਨੰਬਰ ਆਉਂਦਾ ਹੈ ਸਰਮਾਏਦਾਰਾਂ ਦਾ। ਲੱਖਾਂ ਲੋਕਾਂ ਨੂੰ ਕੰਗਾਲ ਕਰ ਕੇ ਹੀ ਇਕ ਸਰਮਾਏਦਾਰ (ਕਰੌੜਪਤੀ) ਬਣਦਾ ਹੈ। ਪੂੰਜੀਪਤੀ ਹੋਣ ਕਾਰਨ ਇਹ ਪੈਸੇ ਦੇ ਜੋਰ ਨਾਲ ਪੈਦਾਵਰ ਅਤੇ ਉਤਪਾਦਨ ਦੇ ਸਾਰੇ ਸਾਧਨਾ ਤੇ ਆਪਣਾ ਕਬਜ਼ਾ ਕਰੀ ਬੈਠੇ ਹਨ। ਇਹ ਲੋਕ ਮਿਹਨਤਕਸ਼ਾਂ ਕੋਲੋਂ ਆਪਣੇ ਕਾਰਖਾਨਿਆਂ ਅਤੇ ਭੱਠਿਆਂ ਤੇ ਕੰਮ ਲੈਂਦੇ ਹਨ।ਇਹ ਦਾਅਵਾ ਕਰਦੇ ਹਨ ਕਿ ਦੇਸ਼ ਉਨ੍ਹਾਂ ਦੇ ਸਿਰ ਤੇ ਚੱਲ ਰਿਹਾ ਹੈ ਕਿਉਂਕਿ ਸਾਰਾ ਵਿਕਾਸ ਉਹ ਕਰਦੇ ਹਨ।ਪਰ ਅਸਲ ਵਿਚ ਸਾਰਾ ਉਤਪਾਦਨ ਤਾਂ ਮਿਹਨਤਕਸ਼ ਕਰ ਰਹੇ ਹੁੰਦੇ ਹਨ। ਜੇ ਉਹ ਇਕ ਦਿਨ ਵੀ ਕੰਮ ਕਰਨਾ ਬੰਦ ਕਰ ਦੇਣ ਤਾਂ ਉਤਪਾਦਨ ਵੀ ਬੰਦ ਹੋ ਜਾਵੇਗਾ। ਫਿਰ ਵਿਕਾਸ ਕਿੱਥੋਂ ਹੋਵੇਗਾ? ਕੰਮ ਮਿਹਨਤੀ ਲੋਕ ਕਰਦੇ ਹਨ ਪਰ ਰੱਜਵੀਂ ਕਮਾਈ ਸਰਮਾਏਦਾਰਾਂ ਦੀ ਹੁੰਦੀ ਹੈ। ਗ਼ਰੀਬ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ। ਸਰਮਾਏਦਾਰ ਪੈਸੇ ਦੇ ਬਲ ਨਾਲ ਸਰਕਾਰ ਅਤੇ ਧਰਮ ਗੁਰੂਆਂ ਨੂੰ ਵੀ ਆਪਣੀ ਮੁੱਠੀ ਵਿਚ ਰੱਖਦੇ ਹਨ।
ਇਸ ਪ੍ਰਕਾਰ ਧਰਮ ਦੇ ਠੇਕੇਦਾਰ, ਰਾਜਨੇਤਾ ਅਤੇ ਸਰਮਾਏਦਾਰ ਮਿਹਨਤਕਸ਼ਾਂ ਦਾ ਸੋਸ਼ਨ ਕਰਦੇ ਹਨ। ਉਹ ਆਪਸ ਵਿਚ ਰਲੇ ਹੋਏ ਹਨ ਅਤੇ ਮਿਲ ਕੇ ਗ਼ਰੀਬਾਂ ਦੀ ਕਮਾਈ ਦੀ ਲੁੱਟ ਕਰਦੇ ਹਨ। ਤਿੰਨੇ ਗ਼ਰੀਬਾਂ ਨਾਲ ਅਣਮਨੁੱਖੀ ਵਰਤਾਰਾ ਕਰਦੇ ਹਨ। ਇਨ੍ਹਾਂ ਤਿੰਨਾ ਨੇ ਮਿਹਨਤਕਸ਼ਾਂ ਨੂੰ ਤਰਸ ਦੇ ਪਾਤਰ ਬਣਾ ਰੱਖ ਦਿੱਤਾ ਹੈ ਜੋ ਇਨ੍ਹਾਂ ਦੀ ਦਇਆ, ਖੈਰਾਤ ਅਤੇ ਸਰਪਰਸਤੀ ਵਿਚ ਹੀ ਆਪਣਾ ਜੀਵਨ ਬਸਰ ਕਰਦੇ ਹਨ। ਗ਼ਰੀਬ ਆਦਮੀ ਸੋਚਦਾ ਹੈ ਕਿ ਮੇਰੀ ਕਮਾਈ ਵਿਚ ਬਰਕਤ ਕਿਉਂ ਨਹੀਂ ਪੈਂਦੀ? ਮੈਂ ਗ਼ਰੀਬ ਕਿਉਂ ਹਾਂ? ਧਰਮ ਦਾ ਡਰਾਵਾ, ਕਾਨੂੰਨ ਦੇ ਸ਼ਿਕੰਜੇ ਅਤੇ ਸਰਮਾਏਦਾਰਾਂ ਦੇ ਪੈਸੇ ਦੀ ਤਾਕਤ ਉਸ ਨੂੰ ਇਸ ਗ਼ਰੀਬੀ 'ਚੋਂ ਬਾਹਰ ਨਹੀਂ ਆਉਣ ਦਿੰਦੀ। ਉਹ ਮਿਹਨਤ ਕਰਕੇ ਦਿਨੇ ਰਾਤੀ ਆਪਣਾ ਖ਼ੂਨ ਜਲਾਉਂਦਾ ਹੈ। ਫਿਰ ਵੀ ਉਸ ਦੀ ਜ਼ਿੰਦਗੀ ਵਿਚ ਰੋਸ਼ਨੀ ਨਹੀਂ ਹੁੰਦੀ। ਉਹ ਕੋਹਲੂ ਦੇ ਬੈਲ ਦੀ ਤਰ੍ਹਾਂ ਲਗਾਤਾਰ ਤੁਰੀ ਜਾ ਰਿਹਾ ਹੈ ਪਰ ਪਹੁੰਚਦਾ ਕਿਤੇ ਵੀ ਨਹੀਂ। ਅਸਲ ਵਿਚ ਗ਼ਰੀਬੀ ਲਈ ਮਿਹਨਤਕਸ਼ ਦਾ ਕਸੂਰ ਨਹੀਂ। ਸਾਰਾ ਕਸੂਰ ਨਿਜ਼ਾਮ ਦਾ ਹੈ। ਇਸ ਨਿਜ਼ਾਮ ਨੂੰ ਬਦਲਣ ਦੀ ਲੋੜ ਹੈ। ਗ਼ਰੀਬੀ ਸਰਕਾਰ ਲਈ  ਇਕ ਲਾਹਨਤ ਹੈ।
 ਧਰਮਗੁਰੂੂੂੂੂੂੂਆਂ, ਸਿਆਸਤਦਾਨਾ ਅਤੇ ਸਰਮਾਏਦਾਰਾਂ ਦੇ ਲਾਰਿਆਂ ਨਾਲ ਗ਼ਰੀਬ ਦੀ ਕਿਸ਼ਤੀ ਭੰਵਰ ਵਿਚ ਫਸੀ ਪਈ ਹੈ। ਉਸ ਦੀ ਕਿਸਮਤ ਉਸ ਦੀਆਂ ਦਹਿਲੀਜ਼ਾਂ 'ਤੋਂ ਆ ਕੇ ਮੁੜ ਜਾਂਦੀ ਹੈ। ਇਨ੍ਹਾਂ ਲੋਟੂਆਂ ਨੂੰ ਇਹ ਵੀ ਪਤਾ ਹੈ

ਕਿ ਜੇ ਮਿਹਨਤਕਸ਼ ਰੱਜ ਕੇ ਰੋਟੀ ਖਾਣ ਲੱਗ ਪਿਆ ਤਾਂ ਉਸ ਨੇ ਇਨ੍ਹਾਂ ਦੇ ਮੱਕੜਜਾਲ ਵਿਚੋਂ ਨਿਕਲ ਜਾਣਾ ਹੈ ਅਤੇ ਉਸ ਨੇ ਇਨ੍ਹਾਂ ਤਿੰਨਾ ਨੂੰ ਨਕਾਰ ਦੇਣਾ ਹੈ। ਮਿਹਨਤਕਸ਼ ਨੂੰ ਇਕ ਦਿਨ ਸਮਝਣਾ ਪਵੇਗਾ ਕਿ ਗ਼ਰੀਬੀ ਉਸ ਦੀ ਕਿਸਮਤ ਨਹੀਂ, ਉਸ ਦਾ ਸੋਸ਼ਨ ਹੈ। ਕਿਸਮਤ ਦੇ ਭਰੋਸੇ ਬੈਠੇ ਰਹਿਣ ਨਾਲ ਕਦੀ ਨਸੀਬ ਨਹੀਂ ਬਦਲਦੇ।  

*****

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-094631-89432
email:  gursharan1183@yahoo.in

ਜ਼ਿੰਦਗੀ ਦੇ ਸੁਨਹਿਰੀ ਸਾਲ - ਗੁਰਸ਼ਰਨ ਸਿੰਘ ਕੁਮਾਰ

'ਮਨੁੱਖ' ਪ੍ਰਮਾਤਮਾ ਦੀ ਇਕ ਉੱਤਮ ਰਚਨਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਕੀ ਮਨੁੱਖਾ ਜਨਮ ਲੈ ਕੇ ਵੀ ਅਸੀਂ ਕੋਈ ਉੱਤਮ ਕੰਮ ਕਰਦੇ ਹਾਂ ਕਿ ਨਹੀਂ? ਜਾਂ ਖਾ ਲਿਆ, ਪੀ ਲਿਆ, ਸੌਂ ਲਿਆ ਅਤੇ ਆਪਣਾ ਪਰਿਵਾਰ ਵਧਾ ਲਿਆ ਬੱਸ ਖਤਮ। ਜੇ ਏਨੀ ਹੀ ਗੱਲ ਹੈ ਤਾਂ ਮਨੁੱਖ ਅਤੇ ਜਾਨਵਰ ਵਿਚ ਫਰਕ ਹੀ ਕੀ ਰਹਿ ਗਿਆ? ਇਹ ਸਾਰੇ ਕੰਮ ਤਾਂ ਪੰਛੀ ਅਤੇ ਜਾਨਵਰ ਵੀ ਕਰਦੇ ਹਨ। ਮਨੁੱਖ ਇਕ ਸੱਭਿਅਕ ਪ੍ਰਾਣੀ ਹੈ। ਪ੍ਰਮਾਤਮਾ ਨੇ ਮਨੁੱਖ ਨੂੰ ਇਕ ਵਿਕਸਤ ਦਿਮਾਗ ਦਿੱਤਾ ਹੈ। ਫਿਰ ਇਸ ਨੂੰ ਲਿਪੀ ਅਤੇ ਭਾਸ਼ਾ ਦੀ ਦਾਤ ਬਖ਼ਸ਼ੀ ਹੈ। ਮਨੁੱਖ ਦੇ ਸਰੀਰਕ ਅੰਗ ਵੀ ਜਾਨਵਰਾਂ ਨਾਲੋਂ ਵਿਕਸਤ ਹਨ। ਇਸ ਹਿਸਾਬ ਸਿਰ ਤਾਂ ਮਨੁੱਖ ਨੂੰ ਕੰਮ ਵੀ ਉੱਤਮ ਕਰਨੇ ਚਾਹੀਦੇ ਹਨ ਤਾਂ ਕਿ ਪ੍ਰਮਾਤਮਾ ਨੂੰ ਇਹ ਅਫ਼ਸੋਸ ਨਾ ਹੋਵੇ ਕਿ ਕਿਸੇ ਪ੍ਰਾਣੀ ਨੂੰ ਉਸ ਨੇ ਮਨੁੱਖਾ ਜਨਮ ਦੇ ਕੇ ਕੋਈ ਗ਼ਲਤ ਕੰਮ ਤਾਂ ਨਹੀਂ ਕੀਤਾ। ਸਾਨੂੰ ਮਨੁੱਖ ਹੋਣ ਦਾ ਸਬੂਤ ਵੀ ਦੇਣਾ ਚਾਹੀਦਾ ਹੈ। ਇਹ ਇਸ ਗੱਲ ਤੋਂ ਹੀ ਪ੍ਰਗਟ ਹੁੰਦਾ ਹੈ ਕਿ ਅਸੀਂ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਹਾਂ।
ਧਰਤੀ 'ਤੇ ਬੱਚੇ ਦਾ ਜਨਮ ਕੁਦਰਤ ਦਾ ਇਕ ਕ੍ਰਿਸ਼ਮਾ ਹੀ ਹੁੰਦਾ ਹੈ। ਇਸ ਜਨਮ ਦੇ ਨਾਲ ਹੀ ਮਨੁੱਖ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਜਨਮ ਸਮੇਂ ਬੱਚਾ ਬਹੁਤ ਹੀ ਨਿਰਬਲ ਹੁੰਦਾ ਹੈ। ਉਸ ਨੂੰ ਆਪਣੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਕਿਸੇ ਦੂਸਰੇ ਬੰਦੇ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ।। ਹੌਲੀ ਹੌਲੀ ਜਦ ਬੱਚਾ ਵੱਡਾ ਹੁੰਦਾ ਹੈ ਤਾਂ ਉਹ ਤੋਤਲੀ ਜੁਬਾਨ ਵਿਚ ਬੋਲਣਾ ਸਿੱਖਦਾ ਹੈ ਅਤੇ ਡੋਲਦੀਆਂ ਲੱਤਾਂ ਨਾਲ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਬੱਚੇ ਦੀਆਂ ਇਹ ਛੋਟੀਆਂ ਛੋਟੀਆਂ ਹਰਕਤਾਂ ਬਹੁਤ ਪਿਆਰੀਆਂ ਲੱਗਦੀਆਂ ਹਨ। ਫਿਰ ਉਹ ਵਿਦਿਅਕ ਗਿਆਨ ਅਤੇ ਹੋਰ ਕਈ ਨਵੀਆਂ ਨਵੀਆਂ ਗੱਲਾਂ ਸਿੱਖਦਾ ਹੈ। ਜਵਾਨੀ ਦੀ ਉਮਰ ਵਿਚ ਆ ਕੇ ਬੰਦਾ ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਕਰਦਾ ਹੈ। ਇਹ ਉਮਰ ਉਸ ਦੀ ਘੋੜੇ ਦੀ ਤਰ੍ਹਾਂ ਹੁੰਦੀ ਹੈ। ਉਹ ਸ਼ਕਤੀ ਨਾਲ ਭਰਪੂਰ ਹੁੰਦਾ ਹੈ। ਉਹ ਕਮਾਈ ਕਰਦਾ ਹੈ ਅਤੇ ਸ਼ਾਦੀ ਕਰ ਕੇ ਆਪਣਾ ਇਕ ਨਵਾਂ ਸੰਸਾਰ ਵਸਾਉਂਦਾ ਹੈ। ਇਸ ਦੇ ਨਾਲ ਹੀ ਉਸ ਨੂੰ ਅਣਕਿਆਸੀਆਂ ਜ਼ਰੂਰਤਾਂ ਅਤੇ ਸੁਰੱਖਿਅਤ ਭੱਵਿਖ ਲਈ ਕੁਝ ਵੱਖਰਾ ਧਨ ਬਚਾ ਕਿ ਰੱਖਣ ਦੀ ਵੀ ਜ਼ਰੂਰਤ ਹੁੰਦੀ ਹੈ। ਬਿਮਾਰੀਆਂ, ਠੋਕਰਾਂ ਅਤੇ ਦੁਰਘਟਨਾਵਾਂ ਤੋਂ ਕਿਸੇ ਤਰ੍ਹਾਂ ਬਚਦਾ ਹੋਇਆ ਉਹ ਆਪਣੀ ਉਮਰ ਦੇ ਅਗਲੇ ਪੜਾਅ ਵੱਲ ਅੱਗੇ ਵਧਦਾ ਹੈ। ਜ਼ਿੰਦਗੀ ਵਿਚ ਇਕ ਐਸੀ ਚੀਜ਼ ਹੈ ਜੋ ਬਿਨਾ ਤੁਹਾਡੀ ਕਿਸੇ ਕੋਸ਼ਿਸ਼ ਜਾਂ ਬਿਨਾ ਕਿਸੇ ਜ਼ੋਰ ਲਾਣ ਤੋਂ ਅੱਗੇ ਵਧਦੀ ਹੀ ਰਹਿੰਦੀ ਹੈ ਉਹ ਹੈ ਤੁਹਾਡੀ ਉਮਰ।
ਸੱਠ ਕੁ ਸਾਲ ਦੀ ਉਮਰ ਦੇ ਪੜਾਅ ਤੇ ਆ ਕੇ ਮਨੁੱਖ ਦੀ ਉਮਰ ਕੁਝ ਢਲਣੀ ਸ਼ੁਰੂ ਹੋ ਜਾਂਦੀ ਹੈ। ਸਰੀਰ ਦੇ ਸਾਰੇ ਅੰਗ ਕੁਝ ਕਮਜ਼ੋਰ ਪੈ ਜਾਂਦੇ ਹਨ। ਇਸ ਅਵਸਥਾ ਵਿਚ ਆ ਕਿ ਉਹ ਆਪਣੇ ਆਪ ਨੂੰ ਕੁਝ ਬੁੱਢਾ ਮਹਿਸੂਸ ਕਰਨ ਲੱਗ ਪੈਂਦਾ ਹੈ। ਇਕ ਪੀੜ੍ਹੀ ਦਾ ਪਾੜਾ ਵੀ ਪੈ ਜਾਂਦਾ ਹੈ। ਇਸ ਸਮੇਂ ਮਨੁੱਖ ਨੂੰ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਸਮਝੋਤੇ ਵੀ ਕਰਨੇ ਪੈਂਦੇ ਹਨ। ਉਸ ਨੂੰ ਪੁਰਾਣੀਆਂ ਕੌੜੀਆਂ ਕੁਸੈਲੀਆਂ ਘਟਨਾਵਾਂ ਨੂੰ ਯਾਦ ਕਰ ਕੇ ਦੁਖੀ ਨਹੀਂ ਹੁੰਦੇ ਰਹਿਣਾ ਚਾਹੀਦਾ। ਜੇ ਉਹ ਈਰਖਾ ਤੇ ਲਾਲਚ ਨੂੰ ਛੱਡ ਕੇ ਸੰਤੁਸ਼ਟ ਰਹੇਗਾ ਤਾਂ ਹੀ ਉਸ ਨੂੰ ਸੱਚੀ ਖ਼ੁਸ਼ੀ ਮਿਲੇਗੀ। ਭਵਿੱਖ ਬਾਰੇ ਵੀ ਕੋਈ ਬਹੁਤੀਆਂ ਝੂਠੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ। ਕੀ ਪਤਾ ਕੱਲ ਆਵੇ ਜਾਂ ਨਾ ਆਵੇ। ਮਨੁੱਖ ਦੀ ਜ਼ਿੰਦਗੀ ਉਹ ਹੀ ਹੈ ਜੋ ਅੱਜ ਉਹ ਜੀ ਰਿਹਾ ਹੈ। ਇਸ ਲਈ ਕਿਸੇ ਨਾਲ ਵਰਤਦੇ ਸਮੇਂ ਇਹ ਹੀ ਸੋਚੋ ਕਿ ਸ਼ਾਇਦ ਤੁਹਾਡੀ ਉਸ ਨਾਲ ਅੰਤਿਮ ਮੁਲਾਕਾਤ ਹੀ ਹੈ। ਫਿਰ ਦੁਨੀਆਂ ਵਿਚ ਕੇਵਲ ਤੁਹਾਡੀਆਂ ਗੱਲਾਂ ਹੀ ਰਹਿ ਜਾਣੀਆਂ ਹਨ, ਤੁਸੀਂ ਆਪ ਨਹੀਂ ਹੋਣਾ। ਤੁਹਾਡੀਆਂ ਅੰਤਿਮ ਰਸਮਾਂ ਵਿਚੋਂ ਵੀ ਤੁਸੀਂ ਆਪ ਗ਼ੈੈੈਰ ਹਾਜ਼ਰ ਹੀ ਹੋਣਾ ਹੈ। ਇਸ ਲਈ ਅੱਜ ਨੂੰ ਮਾਣੋ।
ਹਰ ਮਨੁੱਖ ਚਾਹੁੰਦਾ ਹੈ ਕਿ ਉਸ ਦੀ ਪ੍ਰਸਨ ਲੰਮੀ ਉਮਰ ਹੋਵੇ ਪਰ ਇਸ ਲਈ ਮਨੁੱਖ ਨੂੰ ਆਪ ਕੁਝ ਯਤਨ ਵੀ ਕਰਨੇ ਚਾਹੀਦੇ ਹਨ। ਬਿਮਾਰ ਹੋ ਕੇ ਬਿਸਤਰ ਤੇ ਪੈ ਕੇ ਦੂਜਿਆਂ ਤੋਂ ਸੇਵਾ ਕਰਾ ਕੇ ਜੀਣਾ ਵੀ ਕੀ ਜੀਣਾ? ਇਹ ਇਕ ਨਰਕ ਭਰੀ ਜ਼ਿੰਦਗੀ ਭੁਗਤਣਾ ਹੀ ਹੈ। ਇਸ ਲਈ ਆਪਣੀ ਸਿਹਤ ਦੀ ਸੰਭਾਲ ਰੱਖੋ। ਤੁਹਾਡੀ ਅਸਲ ਜ਼ਿੰਦਗੀ ਉਹ ਹੀ ਹੈ ਜੋ ਤੁਸੀਂ ਆਪ ਖ਼ੁਸ਼ ਰਹਿ ਕੇ ਦੂਜਿਆਂ ਨੂੰ ਖ਼ੁਸ਼ੀਆਂ ਵੰਡਦੇ ਹੋਏ ਜਿਉਂਦੇ ਹੋ।
ਜਨਮ ਅਤੇ ਮੌਤ ਮਨੁੱਖ ਦੇ ਆਪਣੇ ਹੱਥ ਨਹੀਂ। ਬੇਸ਼ੱਕ ਇਹ ਸਭ ਨੂੰ ਪਤਾ ਹੈ ਕਿ ਉਸ ਦੀ ਅੰਤਿਮ ਮੰਜ਼ਿਲ ਮੌਤ ਹੀ ਹੈ ਪਰ ਕਦੋਂ, ਕਿੱਥੇ, ਕਿਸ ਸਮੇਂ ਅਤੇ ਕਿਵੇਂ ਮਰਨਾ ਹੈ ਇਹ ਕੋਈ ਨਹੀਂ ਜਾਣਦਾ। ਮਰ ਕੇ ਉਸ ਨਾਲ ਕੀ ਬੀਤਣੀ ਹੈ , ਕਿੱਥੇ ਜਾਣਾ ਹੈ, ਇਹ ਵੀ ਕੋਈ ਨਹੀਂ ਜਾਣਦਾ। ਜੋ ਇਕ ਵਾਰੀ ਇਸ ਦੁਨੀਆਂ ਤੋਂ ਤੁਰ ਜਾਂਦਾ ਹੈ ਉਹ ਫਿਰ ਕਦੀ ਵਾਪਸ ਨਹੀਂ ਆਉਂਦਾ। ਇਸ ਲਈ ਕੁਦਰਤ ਦਾ ਇਹ ਭੇਦ ਬਣਿਆ ਹੀ ਰਹਿੰਦਾ ਹੈ। ਬੰਦੇ ਦੇ ਭਾਗ (ਕਿਸਮਤ) ਨੂੰ ਕੇਵਲ ਭਗਵਾਨ ਹੀ ਜਾਣਦਾ ਹੈ ਪਰ ਉਹ ਕਿਸੇ ਦੇ ਭਾਗਾਂ ਵਿਚ ਦਖਲ ਨਹੀਂ ਦਿੰਦਾ। ਬੰਦੇ ਨੂੰ ਆਪਣੀ ਕਿਸਮਤ ਆਪਣੇ ਕਰਮਾਂ ਦੁਆਰਾ ਖ਼ੁਦ ਹੀ ਬਣਾਉਣੀ ਪੈਂਦੀ ਹੈ। ਅਸਲ ਵਿਚ ਅੱਗੋਂ ਕੀ ਹੋਣ ਵਾਲਾ ਹੈ ਇਸ ਦਾ ਉਸ ਨੂੰ ਕੋਈ ਗਿਆਨ ਨਹੀਂ ਹੁੰਦਾ।
ਪੈਸੇ ਦੇ ਲਾਲਚ ਕਾਰਨ ਮਨੁੱਖ ਮਾਇਆ ਦੇ ਢੇਰ ਇਕੱਠੇ ਕਰਨਾ ਚਾਹੁੰਦਾ ਹੈ। ਇਸ ਨਾਲ ਉਸ ਦਾ ਹੰਕਾਰ ਵਧਦਾ ਹੈ ਅਤੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਦਾ ਹੈ ਪਰ ਐਸੀ ਉੱਚਾਈ ਦਾ ਵੀ ਕੀ ਫਾਇਦਾ ਜਿੱਥੋਂ ਆਪਣੇ ਹੀ ਨਜ਼ਰ ਨਾ ਆਉਣ। ਜੇ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ ਤਾਂ ਤੁਹਾਨੂੰ ਦੁਸ਼ਮਣਾ ਦੀ ਲੋੜ ਨਹੀਂ। ਤੁਹਾਨੂੰ ਬਰਬਾਦ ਕਰਨ ਲਈ ਇਹ ਦੋ ਗੁਣ ਹੀ ਕਾਫੀ ਹਨ। ਦੁਨੀਆਂ ਤੇ ਆਏ ਹੋ ਤਾਂ ਹੜਕੰਪ ਮਚਾ ਕੇ ਦੂਸਰਿਆਂ ਨੂੰ ਬੇਚੈਨ ਨਾ ਕਰੋ। ਕਿਸੇ ਦਾ ਹੱਕ ਨਾ ਮਾਰੋ। ਕਿਸੇ ਦਾ ਦਿਲ ਨਾ ਦੁਖਾਵੋ। ਗ਼ਰੀਬ ਗੁਰਬੇ ਦੀ ਮਦਦ ਕਰੋ। ਆਪਣੇ ਧਨ ਨੂੰ ਸ਼ੁਭ ਕਰਮਾਂ ਦੀ ਕਰੰਸੀ ਵਿਚ ਬਦਲੋ। ਇਹ ਸ਼ੁਭਕਰਮਾਂ ਦਾ ਧਨ ਹੀ ਅੱਗੇ ਤੁਹਾਡੇ ਨਾਲ ਜਾਏਗਾ ਅਤੇ ਤੁਹਾਡੇ ਕੰਮ ਆਏਗਾ। ਸਹਿਜ ਨਾਲ ਜ਼ਿੰਦਗੀ ਜੀਓ। ਫੁੱਲਾਂ ਦੀ ਤਰ੍ਹਾਂ ਸੁੰਦਰਤਾ ਅਤੇ ਖ਼ੁਸ਼ਬੂਆਂ ਵੰਡੋ।
ਯਾਦ ਰੱਖੋ ਬੁਢਾਪਾ ਉਮਰ ਨਾਲ ਨਹੀਂ ਆਉਂਦਾ ਸਗੋਂ ਬੁਢਾਪਾ ਬੰਦੇ ਦੇ ਵਿਚਾਰਾਂ ਨਾਲ ਆਉਂਦਾ ਹੈ। ਕਈ ਲੋਕ 18 ਸਾਲ ਦੀ ਉਮਰ ਵਿਚ ਹੀ ਬੁੱਢੇ ਹੋ ਜਾਂਦੇ ਹਨ ਪਰ ਕਈ ਲੋਕ 100 ਸਾਲ ਦੀ ਉਮਰ ਵਿਚ ਵੀ ਜੁਆਨ ਰਹਿੰਦੇ ਹਨ। ਆਪਣੇ ਆਪ ਨੂੰ ਬੁੱਢਾ ਸਮਝਣਾ ਆਪਣੀ ਪ੍ਰਗਤੀ ਰੋਕਣਾ ਹੈ। ਇਸ ਲਈ ਕਦੀ ਨਾ ਸਮਝੋ ਕਿ ਮੈਂ ਬੁੱਢਾ ਹੋ ਰਿਹਾ ਹਾਂ ਸਗੋਂ ਇਹ ਸਮਝੋ ਕਿ ਮੈਂ ਹੋਰ ਤਜ਼ਰਬੇਕਾਰ, ਸਿਆਣਾ ਤੇ ਲੋਕ ਪ੍ਰਿਅ ਹੋ ਰਿਹਾ ਹਾਂ।ਤੁਹਾਡੇ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਤੁਹਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਤੁਹਾਡਾ ਸਬੰਧ ਜੋੜਦੀਆਂ ਹਨ।
ਜ਼ਿੰਦਗੀ ਵਿਚ ਕੋਈ ਆਦਮੀ ਵੀ ਸੰਪੂਰਨ ਨਹੀਂ ਹੁੰਦਾ। ਗੁਣ ਅੋਗੁਣ ਸਭ ਵਿਚ ਹੀ ਹੁੰਦੇ ਹਨ। ਜੇ ਤੁਹਾਡੀ ਪਹਿਲੀ ਜ਼ਿੰਦਗੀ ਦੁੱਖਾਂ ਭਰੀ ਰਹੀ ਹੈ ਤਾਂ ਹੁਣ ਸਭ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਸ਼ਂਾਤਮਈ ਬਣਾਓ। ਕਈ ਵਾਰੀ ਪੈਰਾਂ ਦੇ ਛਾਲਿਆਂ ਨਾਲ ਵੀ ਜ਼ਿੰਦਗੀ ਦਾ ਸਫ਼ਰ ਤਹਿ ਕਰਨਾ ਪੈਂਦਾ ਹੈ ਅਤੇ ਮੰਜ਼ਿਲ ਤੇ ਪਹੁੰਚਿਆ ਜਾਂਦਾ ਹੈ। ਤਹਾਡੀ ਪਹਿਲੀ ਜ਼ਿੰਦਗੀ ਭਾਵੇਂ ਜਿਹੋ ਜਿਹੀ ਮਰਜ਼ੀ ਬੀਤੀ ਹੋਵੇ ਪਰ ਤੁਹਾਡੀ ਅੰਤਲੀ ਉਮਰ ਬਹੁਤ ਖ਼ੁਸ਼ਹਾਲ ਅਤੇ ਸੁੱਖਮਈ ਹੋਣੀ ਚਾਹੀਦੀ ਹੈ। ਮਨ ਤੇ ਕਿਸੇ ਕਿਸਮ ਦਾ ਕੋਈ ਬੋਝ ਨਹੀਂ ਹੋਣਾ ਚਾਹੀਦਾ ਤਾਂ ਕਿ ਤੁਹਾਡੀ ਮੌਤ ਇਕ ਸ਼ਾਨਦਾਰ ਮੌਤ ਹੋਵੇ। ਮੰਜ਼ਿਲ ਤੇ ਉਹ ਹੀ ਪਹੁੰਚਦੇ ਹਨ ਜੋ ਰੁਕਾਵਟਾਂ ਨੂੰ ਹੌਸਲੇ ਨਾਲ ਪਾਰ ਕਰਨ ਦਾ ਜਿਗਰਾ ਰੱਖਦੇ ਹਨ ਅਤੇ ਦੁੱਖਾਂ ਨੂੰ ਸਬਰ ਨਾਲ ਸਹਾਰਦੇ ਹਨ।
ਆਪਣੇ ਬੁਢਾਪੇ ਤੇ ਕਦੀ ਨਾ ਝੂੂੂੂੂੂੂੂੂੂੂੂੂੂੂੂਰੋ। ਇਹ ਤੁਹਾਨੂੰ ਕੁਦਰਤ ਵਲੋਂ ਬੋਨਸ ਮਿਲਿਆ ਹੈ ਜੋ ਕਈਆਂ ਨੂੰ ਨਸੀਬ ਨਹੀਂ ਹੁੰਦਾ। ਤੁਹਾਡੀ ਉਮਰ ਦੇ ਸੁਨਹਿਰੀ ਸਾਲ ਹੁਣ ਸ਼ੁਰੂ ਹੋਏ ਹਨ। ਹੁਣ ਤੁਹਾਡੇ ਤੇ ਨੌਕਰੀ ਦੇ ਜਾਂ ਰੁਜ਼ਗਾਰ ਦੇ ਕੋਈ ਬੰਧਨ ਨਹੀਂ। ਤੁਸੀਂ ਆਪਣੀ ਮਰਜ਼ੀ ਨਾਲ ਜੋ ਕੰਮ ਕਰਨਾ ਚਾਹੋ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਆਪਣੇ ਹਿਸਾਬ ਸਿਰ ਖੁੱਲ ਕੇ ਜੀਅ ਸਕਦੇ ਹੋ। ਤੁਹਾਡੇ ਚਿਹਰੇ ਤੇ ਹਰ ਸਮੇਂ ਇਕ ਨੂਰ ਝਲਕਣਾ ਚਾਹੀਦਾ ਹੈ।

ਲੜਾਈ ਝਗੜੇ ਤੋਂ ਬਚੋ - ਗੁਰਸ਼ਰਨ ਸਿੰਘ ਕੁਮਾਰ

ਜਦ ਦੋ ਧਿਰਾਂ ਜਾਂ ਦੋ ਬੰਦਿਆਂ ਦੇ ਵਿਚਾਰ ਆਪਸ ਵਿਚ ਨਹੀਂ ਮਿਲਦੇ ਅਤੇ ਦੋਵੇਂ ਆਪਣੇ ਵਿਚਾਰਾਂ ਤੇ ਡਟੇ ਰਹਿੰਦੇ ਹਨ ਅਤੇ ਦੂਜੇ 'ਤੇ ਆਪਣੇ ਵਿਚਾਰ ਠੋਸਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਵਿਚ ਝਗੜਾ ਹੋ ਜਾਂਦਾ ਹੈ। ਜੇ ਉਹ ਆਪਸ ਵਿਚ ਮਿਲ ਬੈਠ ਕੇ ਸਮਝੋਤਾ ਨਾ ਕਰ ਲੈਣ ਤਾਂ ਇਹ ਝਗੜਾ ਲੜਾਈ ਵਿਚ ਬਦਲ ਜਾਂਦਾ ਹੈ ਅਤੇ ਵਿਕਰਾਲ ਰੂਪ ਧਾਰਨ ਕਰ ਲੈਂਦਾ ਹੈ ਜਿਸ ਵਿਚ ਦੋਹਾਂ ਧਿਰਾਂ ਦਾ ਨੁਕਸਾਨ ਹੁੰਦਾ ਹੈ। ਝਗੜੇ ਵਿਚ ਰਿਸ਼ਤਿਆਂ ਦਾ ਘਾਣ ਤਾਂ ਹੁੰਦਾ ਹੈ। ਇਸ ਵਿਚ ਬੇਇਜ਼ਤੀ, ਨਮੋਸ਼ੀ, ਆਤਮ ਗਿਲਾਨੀ ਅਤੇ ਧਨ ਮਾਲ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਅਤੇ ਕਈ ਵਾਰੀ ਕੀਮਤੀ ਜਾਨਾਂ ਵੀ ਚਲੇ ਜਾਂਦੀਆਂ ਹਨ। ਆਉਣ ਵਾਲੀਆਂ ਪੀੜ੍ਹੀਆਂ ਤੱਕ ਦੁਸ਼ਮਣੀ ਪੈ ਜਾਂਦੀ ਹੈ। ਦੋਹਾਂ ਧਿਰਾਂ ਦੇ ਜਖ਼ਮ ਹਰੇ ਰਹਿੰਦੇ ਹਨ। ਡਰ ਰਹਿੰਦਾ ਹੈ ਕਿ ਪਤਾ ਨਹੀਂ ਕਿ ਕਦੋਂ ਵਿਰੋਧੀ ਧਿਰ ਹਮਲਾ ਕਰ ਕੇ ਕਿਸੇ ਕਿਸਮ ਦਾ ਨੁਕਸਾਨ ਪਹੁੰਚਾ ਦੇਵੇ।
ਕਹਿੰਦੇ ਹਨ ਕਿ ਲੜਾਈ ਅਤੇ ਲੱਸੀ ਨੂੰ ਜਿੰਨਾ ਮਰਜ਼ੀ ਵਧਾ ਲਉ, ਵਧਦੀ ਹੀ ਜਾਵੇਗੀ। ਕਈ ਵਾਰੀ ਦੋ ਧਿਰਾਂ ਦੇ ਮਾਮਲੇ ਵਿਚ ਕਿਸੇ ਤੀਜੀ ਧਿਰ ਦਾ ਦਖਲ ਬਲਦੀ ਤੇ ਤੇਲ ਪਾਣ ਦਾ ਕੰਮ ਕਰਦਾ ਹੈ। ਕਈ ਲੋਕ ਨਹੀਂ ਚਾਹੁੰਦੇ ਕਿ ਤੁਹਾਡੇ ਵਿਚ ਆਪਸੀ ਇਤਫ਼ਾਕ ਹੋਵੇ ਅਤੇ ਤੁਸੀਂ ਮਿਲ ਜੁਲ ਕੇ ਰਹੋ। ਇਸ ਲਈ ਘਰ ਦੇ ਮਾਮਲੇ ਘਰ ਵਿਚ ਹੀ ਨਿਬੇੜ ਲੈਣੇ ਚਾਹੀਦੇ ਹਨ। ਜੇ ਘਰ ਦੇ ਝਗੜੇ ਘਰੋਂ ਬਾਹਰ ਆ ਜਾਣ ਤਾਂ ਫੈਸਲੇ ਵੀ ਦੂਜੇ ਲੋਕਾਂ ਦੇ ਹੱਥ ਆ ਜਾਂਦੇ ਹਨ।
ਝਗੜੇ ਦਾ ਮੁੱਖ ਕਾਰਨ ਕੋਈ ਵੀ ਹੋ ਸਕਦਾ ਹੈ। ਪਤੀ ਪਤਨੀ ਅਤੇ ਨੂੰਹ ਸੱਸ ਦੇ ਝਗੜੇ ਦਾ ਕਾਰਨ ਮੁੱਖ ਤੇ ਆਪਣਾ ਘਮੰਡ, ਈਰਖਾ, ਲਾਲਚ ਅਤੇ ਕੌੜੀ ਜੁਬਾਨ ਹੀ ਹੁੰਦਾ ਹੈ। ਇਸ ਤੋਂ ਇਲਾਵਾ ਲੜਾਈ ਝਗੜੇ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਜਾਇਦਾਦ ਦਾ ਝਗੜਾ ਪਿਉ ਪੁੱਤਰ, ਭਰਾ ਭਰਾ ਅਤੇ ਭੈੈੈੈੈੈੈੈੈੈੈੈਣ ਭਰਾਵਾਂ ਵਿਚ ਦੁਸ਼ਮਣੀ ਪੈਦਾ ਕਰ ਦਿੰਦਾ ਹੈ। ਗਵਾਂਢੀਆਂ ਵਿਚ ਕਈ ਵਾਰੀ ਬੱਚਿਆਂ ਦੀ ਛੋਟੀ ਛੋਟੀ ਗੱਲ ਤੋਂ ਹੀ ਲੜਾਈ ਹੋ ਜਾਂਦੀ ਹੈ। ਸਿਆਸਤ ਵਿਚ ਰਾਜਨੀਤਕ ਪਾਰਟੀਆਂ ਦੇ ਬੰਦੇ ਵੋਟ ਬੈਂਕ ਕਾਰਨ ਆਪਸ ਵਿਚ ਸਿਰ ਪੜਵਾ ਬੈਠਦੇ ਹਨ। ਧਾਰਮਿਕ ਨਫ਼ਰਤ ਵਿਚ ਤੇ ਸਰੇਆਮ ਭੀੜ ਦੁਆਰਾ ਬੰਦਿਆਂ ਨੂੰ ਸੜਕ ਤੇ ਹੀ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਵੱਡਿਆਂ ਦੀ ਸਹਿਮਤੀ ਤੋਂ ਬਿਨਾਂ ਮੁੰਡੇ ਕੁੜੀ ਦੇ ਵਿਆਹ ਕਰਾਉਣ ਤੇ ਤਾਂ ਅਣਖ ਖਾਤਿਰ ਹੀ ਕਤਲ ਕਰ ਦਿੱਤੇ ਜਾਂਦੇ ਹਨ। ਦੋ ਮੁਲਕ ਆਪਣੀ ਸਰਦਾਰੀ ਦਿਖਾਉਣ ਲਈ ਦੂਸਰੇ ਮੁਲਕ ਦੇ ਉਤਪਾਦਨ ਦੇ ਸੋਮਿਆਂ ਤੇ ਕਬਜ਼ਾ ਕਰਨ ਲਈ ਹੀ ਯੁੱਧ ਛੇੜ ਲੈਂਦੇ ਹਨ।
ਕਈ ਵਾਰੀ ਜਨਮ ਦਿਨ, ਵਿਆਹ ਸ਼ਾਦੀ ਜਾਂ ਕਿਸੇ ਹੋਰ ਖ਼ੁਸ਼ੀ ਦੇ ਮੌਕੇ ਤੇ ਛੋਟੇ ਜਿਹੇ ਝਗੜੇ ਵਿਚ ਹੀ ਗੋਲੀਆਂ ਚੱਲ ਜਾਂਦੀਆਂ ਹਨ ਤੇ ਕਈ ਬੇਕਸੂਰੇ ਲੋਕ ਮਾਰੇ ਜਾਂਦੇ ਹਨ। ਛੋਟੇ ਛੋਟੇ ਝਗੜੇ ਹੀ ਲੜਾਈ ਦਾ ਰੂਪ ਧਾਰ ਲੈਂਦੇ ਹਨ ਜਿਸ ਦੇ ਬਹੁਤ ਭਿਆਨਕ ਸਿੱਟੇ ਨਿਕਲਦੇ ਹਨ। ਫਿਰ ਅਦਾਲਤਾਂ ਵਿਚ  ਖੱਜਲ ਖੁਆਰੀ ਹੁੰਦੀ ਹੈ। ਸਾਲਾਂ ਬੱਧੀ ਕੇਸ ਲਟਕਦੇ ਰਹਿੰਦੇ ਹਨ। ਉੱਥੇ ਰਿਸ਼ਵਤਾਂ ਵੀ ਚੱਲਦੀਆਂ ਹਨ ਤੇ ਵਕੀਲ ਵੀ ਛਿੱਲ ਲਾਹੁੰਦੇ ਹਨ। ਘਰ ਕੰਗਾਲ ਹੋ ਜਾਂਦੇ ਹਨ।
ਸਾਡੇ ਵਿਚ ਸਹਿਣਸ਼ੀਲਤਾ ਦੀ ਘਾਟ ਹੈ। ਦੂਸਰੇ ਦੁਆਰਾ ਸਰਸਰੀ ਗੱਲ ਨੂੰ ਵੀ ਅਸੀਂ ਆਪਣੇ ਵੱਲ ਖਿਚ ਲੈਂਦੇ ਹਾਂ। ਅਸੀਂ ਸਮਝਦੇ ਹਾਂ ਕਿ ਦੂਸਰਾ ਸਾਡੀ ਇੱਜ਼ਤ ਤੇ ਹਮਲਾ ਕਰ ਰਿਹਾ ਹੈ ਜਾਂ ਸਾਨੂੰ ਨੀਵਾਂ ਦਿਖਾ ਰਿਹਾ ਹੈ। ਅਸੀਂ ਉਸੇ ਸਮੇਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਤਿਆਰ ਹੋ ਜਾਂਦੇ ਹਾਂ।
ਆਪਣੇ ਗੁੱਸੇ ਤੇ ਕਾਬੂ ਰੱਖੋ। ਗੁੱਸਾ ਚੰਡਾਲ ਹੁੰਦਾ ਹੈ। ਉਸ ਸਮੇਂ ਬੰਦੇ ਦਾ ਦਿਮਾਗ਼ ਕੰਮ ਨਹੀਂ ਕਰਦਾ। ਫਿਰ ਨਾ ਹੀ ਬੰਦਾ ਕਿਸੇ ਸਿਆਣੇ ਦੀ ਗੱਲ ਮੰਨਦਾ ਹੈ ਅਤੇ ਨਾ ਹੀ ਕਿਸੇ ਵੱਡੇ ਛੋਟੇ ਦਾ ਲਿਹਾਜ ਕਰਦਾ ਹੈ। ਜੇ ਸਾਰੇ ਬੰਦੇ ਰੱਬ ਦੇ ਬਣਾਏ ਗਏ ਹਨ ਤਾਂ ਫਿਰ ਅਸੀਂ ਕਿਉਂ ਦੂਜਿਆਂ ਨਾਲ ਚੰਗਾ ਵਿਉਹਾਰ ਨਹੀਂ ਕਰਦੇ? ਕਿਉਂ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ? ਕਿਉਂ ਅਸੀਂ ਦੂਜੇ ਨੂੰ ਜਲੀਲ ਕਰਦੇ ਹਾਂ? ਅਸੀ ਦੂਸਰੇ ਨੂੰ ਗੁਲਾਮ ਬਣਾ ਕੇ ਆਪਣੀ ਮਰਜ਼ੀ ਉਸ ਤੇ ਥੋਪਣਾ ਚਾਹੁੰਦੇ ਹਾਂ। ਅਸੀਂ ਕਿਉਂ ਜੀਓ ਅਤੇ ਜਿਉਣ ਦਿਓ ਦੇ ਸਿਧਾਂਤ ਤੇ ਨਹੀਂ ਚੱਲਦੇ? ਦੂਸਰੇ ਦਾ ਅਪਮਾਨ ਕਰਨਾ ਆਪਣਾ ਸਨਮਾਨ ਘਟਾਉਣਾ ਹੈ। ਜੇ ਅਜਿਹੇ ਮੌਕੇ ਤੇ ਅਸੀਂ ਰਲ ਮਿਲ ਕੇ ਬੈਠ ਕੇ ਆਪਸ ਵਿਚ ਕੋਈ ਸੁਖਾਵਾਂ ਸਮਝੋਤਾ ਕਰ ਲਈਏ ਤਾਂ ਆਪਸੀ ਵੈਰ ਵਿਰੋਧ ਅਤੇ ਦੁਸ਼ਮਣੀ ਖ਼ਤਮ ਹੋ ਸਕਦੀ ਹੈ ਤੇ ਅਸੀਂ ਬਿਨਾ ਕਿਸੇ ਡਰ ਖੌਫ਼ ਤੋਂ ਆਪਣੀ ਜ਼ਿੰਦਗੀ ਬਸਰ ਕਰ ਸਕਦੇ ਹਾਂ।
ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਹ ਦੁਨੀਆਂ ਬਹੁਤ ਬੁਰੀ ਹੈ। ਇੱਥੋਂ ਦੇ ਲੋਕ ਵੀ ਬਹੁਤ ਬੁਰੇ ਹਨ ਜੋ ਹਮੇਸ਼ਾਂ ਲੜਾਈ ਝਗੜੇ ਵਿਚ ਫਸ ਕੇ ਖ਼ੂਨ ਖਰਾਬਾ ਕਰਦੇ ਰਹਿੰਦੇ ਹਨ......ਇੱਥੇ ਰਹਿਣਾ ਦੁਭਰ ਹੋ ਗਿਆ ਹੈ। ਕੀ ਇਸ ਮਾਹੌਲ ਨੂੰ ਠੀਕ ਕਰਨ ਦੀ ਕੋਈ ਗੁੰਜਾਇਸ਼ ਨਹੀਂ? ਜ਼ਰਾ ਆਪਣੇ ਦਿਲ ਨੂੰ ਪੁੱਛ ਕੇ ਦੇਖੋ.......ਜੇ ਦੁਨੀਆਂ ਬੁਰੀ ਹੈ ਤਾਂ ਅਸੀਂ ਤਾਂ ਬੁਰੇ ਨਾ ਬਣੀਏ......ਅਸੀਂ ਖ਼ੁਦ ਤਾਂ ਸੁਧਰੀਏ.......ਜੇ ਐੈੈੈੈੈੈੈੈੈੈੈੈਸਾ ਹੋ ਗਿਆ ਤਾਂ ਇਸ ਬੁਰਿਆਂ ਵਿਚੋਂ ਇਕ ਬੁਰਾ ਤਾਂ ਘਟ ਹੀ ਜਾਵੇਗਾ। ਫਿਰ ਦੇਖਣਾ, ਹੋ ਸਕਦਾ ਹੈ ਸਾਡੇ ਨਾਲ ਕੁਝ ਹੋਰ ਲੋਕ ਵੀ ਆ ਕੇ ਜੁੜ ਜਾਣ......ਜੇ ਇਸ ਤਰ੍ਹਾਂ ਚੰਗੇ ਵਿਚਾਰਾਂ ਦੇ ਲੋਕ ਸਾਡੇ ਨਾਲ ਜੁੜਦੇ ਗਏ ਤਾਂ ਇਸ ਦੁਨੀਆਂ ਦਾ ਕੁਝ ਤਾਂ ਸੁਧਾਰ ਹੋ ਹੀ ਜਾਵੇਗਾ। ਧਰਤੀ ਧਰਮ ਦੇ ਸਹਾਰੇ ਹੀ ਖੜ੍ਹੀ ਹੈ......ਫਿਰ ਉੇਹ ਦਿਨ ਦੂਰ ਨਹੀਂ ਜਦ ਇਸ ਧਰਤੀ ਤੇ ਹੀ ਇਕ ਸਵਰਗ ਬਣ ਜਾਵੇਗਾ।
ਅੰਗਰੇਜ਼ੀ ਜੁਬਾਨ ਵਿਚ ਕੁਝ ਸ਼ਬਦ ਐੈੈੈੈੈੈੈੈਸੇ ਪਿਆਰੇ ਤੇ ਮਿੱਠੇ ਹਨ ਜਿਨ੍ਹਾਂ ਨੂੰ ਆਮ ਤੋਰ ਤੇ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਨੇ ਅਪਣਾ ਲਿਆ ਹੈ। ਜਿਵੇ ਸੌਰੀ (ਮੈਨੂੰ ਅਫ਼ਸੋਸ ਹੈ)। ਸਾਡੀ ਕਿਸੇ ਗ਼ਲਤੀ ਲਈ ਸੌਰੀ ਕਹਿਣ ਤੇ ਦੂਸਰੇ ਨੂੰ ਠੰਡ ਪੈ ਜਾਂਦੀ ਹੈ ਅਤੇ ਅਸੀਂ ਕਈ ਝਗੜਿਆਂ ਤੋਂ ਬਚ ਜਾਂਦੇ ਹਾਂ। ਇਸੇ ਤਰ੍ਹਾਂ ਥੈਂਕ ਯੂ (ਧੰਨਵਾਦ ਜਾਂ ਸ਼ੁਕਰੀਆ) ਕਹਿਣ ਨਾਲ ਦੂਸਰਾ ਬੰਦਾ ਆਪਣੀ ਵਡਿਆਈ ਸਮਝਦਾ ਹੈ। ਪਲੀਜ਼ (ਸ਼੍ਰੀ ਮਾਨ ਜੀ) ਅਤੇ ਕਾਇੰਡਲੀ (ਮੇਹਰਬਾਨੀ ਕਰ ਕੇ) ਕਹਿਣ ਤੇ ਦੂਸਰਾ ਬੰਦਾ ਆਪਣੇ ਆਪ ਨੂੰ ਦਿਆਲੂ ਸਮਝਦਾ ਹੈ ਤੇ ਸਾਡਾ ਕੰਮ ਆਸਾਨੀ ਨਾਲ ਕਰ ਦਿੰਦਾ ਹੈ। ਜੇ ਅਸੀਂ ਆਪਣੀ ਬੋਲ ਬਾਣੀ ਵਿਚ ਅਜਿਹੀ ਭਾਸ਼ਾ ਦਾ ਪ੍ਰਯੋਗ ਕਰਦੇ ਰਹਾਂਗੇ ਤਾਂ ਸਾਡੀ ਜ਼ਿੰਦਗੀ ਕਾਫ਼ੀ ਸੌਖੀ ਹੋ ਜਾਵੇਗੀ। ਸਾਡੇ ਆਪਸੀ ਸਬੰਧ ਵੀ ਸੁਖਾਵੇਂ ਹੋਣਗੇ ਅਤੇ ਅਸੀਂ ਕਈ ਝਗੜਿਆਂ ਤੋਂ ਵੀ ਬਚੇ ਰਹਾਂਗੇ।ਜਿੰਨੇ ਪੈਸੇ ਅਸੀਂ ਲੜਾਈ ਝਗੜਿਆਂ ਤੇ ਅਤੇ ਕੋਰਟ ਕਚੈਹਰੀਆਂ ਤੇ ਬਰਬਾਦ ਕਰਦੇ ਹਾਂ ਉਹ ਬੱਚਿਆਂ ਦੀ ਵਿਦਿਆ, ਖ਼ੁਰਾਕ ਅਤੇ ਵਿਕਾਸ ਤੇ ਲਾਈਏ ਤਾਂ ਦੇਸ਼ ਵਿਚ ਕੋਈ ਭੁੱਖਾ, ਅਣਪੜ੍ਹ ਜਾਂ ਬੇਘਰਾ ਨਹੀਂ ਰਹੇਗਾ। ਰਿਸ਼ਤਿਆਂ ਦਾ ਨਿੱਘ ਬਣਾਈ ਰੱਖਣ ਲਈ ਆਪਸੀ ਸਹਿਯੋਗ, ਸੇਵਾ ਅਤੇ ਸਮਰਪਣ ਦੀ ਲੋੜ ਹੈ। ਸਾਨੂੰ ਦੂਸਰੇ ਦੀਆਂ ਕੁਝ ਗੱਲਾਂ ਨਜ਼ਰ ਅੰਦਾਜ਼ ਵੀ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ਖ਼ੁਦ ਕੋਈ ਸਰਬਗੁਣ ਸੰਪਨ ਨਹੀਂ ਹਾਂ। ਗ਼ਲਤੀ ਸਾਡੇ ਤੋਂ ਵੀ ਹੋ ਸਕਦੀ ਹੈ। ਇਸ ਲਈ ਸਾਨੂੰ ਸਮਝੌਤਾਵਾਦੀ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ
*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
            email:  gursharan1183@yahoo.in

ਕਹਾਣੀ : ਮੈਂ ਨਹੀਂ ਹਾਰਾਂਗੀ - ਗੁਰਸ਼ਰਨ ਸਿੰਘ ਕੁਮਾਰ

ਰਾਤ ਦੇ 11 ਵਜੇ ਸਨ। ਅੱਜ ਅੱਤ ਦੀ ਸਰਦੀ ਦੀ ਰਾਤ ਸੀ। ਸ਼ਹਿਰ ਦੇ ਸਭ ਤੋਂ ਵੱਡੇ ਨਰਸਿੰਗ ਹੋਮ ਦੇ ਓਪਰੇਸ਼ਨ ਥੀਏਟਰ ਵਿਚ ਇਸ ਸਮੇਂ ਕੁਲਵਿੰਦਰ ਦਾ ਵੱਡਾ ਓਪਰੇਸ਼ਨ ਚਲ ਰਿਹਾ ਸੀ। ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਹੀ ਸੀ। ਓਪਰੇਸ਼ਨ ਥੀਏਟਰ ਦੇ ਬਾਹਰ ਉਸ ਦਾ ਪਤੀ ਗੁਣਵੰਤ ਵੇਟਿੰਗ ਰੂਮ ਵਿਚ ਇਕੱਲ੍ਹਾ ਬੈਠਾ ਸਹਿਮਿਆ ਜਿਹਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸੀ। ਡਾਕਟਰਾਂ ਨੇ ਸਾਫ ਕਹਿ ਦਿੱਤਾ ਸੀ ਕਿ ਇਸ ਉਮਰ ਵਿਚ ਅਜਿਹੇ ਓਪਰੇਸ਼ਨ ਨਾਲ ਕੁਲਵਿੰਦਰ ਦੀ ਜਾਨ ਨੂੰ ਖ਼ਤਰਾ ਸੀ। ਅਜਿਹਾ ਖ਼ਤਰਾ ਮੁੱਲ ਨਹੀਂ ਸੀ ਲੈਣਾ ਚਾਹੀਦਾ ਪਰ ਉਨ੍ਹਾਂ ਇਹ ਖ਼ਤਰਾ ਮੁੱਲ ਲੈ ਹੀ ਲਿਆ। ਕੁਲਵਿੰਦਰ ਤਾਂ ਰੱਬ ਨਾਲ ਹੀ ਲੜਣ ਨੂੰ ਤਿਆਰ ਸੀ। ਜੋ ਚੀਜ਼ ਰੱਬ ਨੇ ਉਸ ਨੂੰ ਨਹੀਂ ਸੀ ਦਿੱਤੀ, ਉਹ ਉਸ ਤੋਂ ਖੋਹ ਕੇ ਹਾਸਲ ਕਰਨਾ ਚਾਹੁੰਦੀ ਸੀ। ਓਪਰੇਸ਼ਨ ਥੀਏਟਰ ਦੇ ਬਾਹਰ ਉਡੀਕ ਕਰਦਿਆਂ ਗੁਣਵੰਤ ਨੂੰ ਬੇਹੋਸ਼ੀ ਜਿਹੀ ਆ ਗਈ ਅਤੇ ਉਸ ਦੀ ਪਿਛਲੀ ਜ਼ਿੰਦਗੀ ਫਿਲਮ ਦੀ ਰੀਲ ਦੀ ਤਰ੍ਹਾਂ ਉਸ ਦੇ ਸਾਹਮਣੇ ਚੱਲਣ ਲੱਗੀ-ਗੁਣਵੰਤ ਆਪਣੀ ਪਤਨੀ ਨਾਲ ਬੈਠਾ ਆਪਣੀ ਬੇਟੀ ਰਾਣੋ ਦੇ ਘਰ ਆਉਣ ਦੀ ਉਡੀਕ ਕਰ ਰਿਹਾ ਸੀ। ਰਾਣੋ ਦਫ਼ਤਰ ਦਾ ਟੂਰ ਕਹਿ ਕੇ ਘਰੋਂ ਤਿੰਨ ਦਿਨ ਤੋਂ ਗਾਇਬ ਸੀ। ਅੱਜ ਉਸ ਦੀ ਵਾਪਸੀ ਸੀ। ਅਚਾਨਕ ਕੁਲਵਿੰਦਰ ਦੇ ਫੋਨ ਦੀ ਘੰਟੀ ਵੱਜੀ।
''ਹੈਲੋ''
''ਹੈਲੋ''ੋ
''ਮੰਮੀ ਮੈਂ ਰਾਣੋ ਬੋਲ ਰਹੀ ਹਾਂ''
''ਹਾਂ ਪੁੱਤ ਬੜੀ ਦੇਰ ਕਰ ਦਿੱਤੀ। ਮੈਂ ਤੇ ਤੇਰੇ ਡੈਡੀ ਬਹੁਤ ਫਿਕਰ ਕਰ ਰਹੇ ਹਾਂ''
''ਹਾਂ ਮੰਮੀ ਕੁਝ ਦੇਰ ਹੋ ਹੀ ਗਈ। ਕੰਮ ਜੋ ਬਹੁਤ ਸਨ ਕਰਨ ਵਾਲੇ''
''ਐਡੇ ਕਿਹੜੇ ਕੰਮ ਸਨ ਕਰਨ ਵਾਲੇ? ਹੁਣ ਕਿੰਨੀ ਦੇਰ ਤੱਕ ਘਰ ਪਹੁੰਚ ਰਹੀ ਹੈ?''
''ਮੰਮੀ ਮੈਂ ਤੁਹਾਨੂੰ ਇਕ ਗੱਲ ਦੱਸਣੀ ਸੀ''
''ਦੱਸ ਪੁੱਤਰ?''
''ਮੰਮੀ ਮੈਂ ਪਰਮਿੰਦਰ ਨਾਲ ਕੋਰਟ ਮੈਰਿਜ ਕਰ ਲਈ ਹੈ। ਤੁਸੀਂ ਦੱਸੋ ਜੇ ਅਸੀਂ ਘਰ ਆਈਏ ਤਾਂ ਕੀ ਤੁਸੀਂ ਸਾਨੂੰ ਅਸ਼ੀਰਵਾਦ ਦਿਉਗੇ ਜਾਂ ਨਹੀਂ?''
''ਹੈਂ ਇਹ ਕੀ ਕਹਿ ਰਹੀ ਹੈਂ ਤੂੰ? ਕੁਲਵੰਤ ਦੇ ਹੱਥੋਂ ਮੋਬਾਇਲ ਛੁੱਟ ਕੇ ਥੱਲੇ ਡਿੱਗ ਪਿਆ। ਕੋਲ ਬੈਠੇ ਗੁਣਵੰਤ ਨੇ ਮੋਬਾਇਲ ਚੁੱਕ ਕੇ ਗੱਲ ਕਰਨੀ ਸ਼ੁਰੂ ਕੀਤੀ-''ਰਾਣੋ ਬੇਟੇ ਕੀ ਗੱਲ ਹੈ? ਤੇਰੀ ਮੰਮੀ ਦੇ ਹੱਥੌਂ ਮੋਬਾਇਲ ਥੱਲੇ ਡਿੱਗ ਗਿਆ ਸੀ। ਹਾਂ ਤੁੰ ਕੀ ਗੱਲ ਕਰ ਰਹੀ ਸੀ?''
''ਡੈਡੀ ਮੈਂ ਕਹਿ ਰਹੀ ਸੀ ਕਿ ਮੈਂ ਪਰਮਿੰਦਰ ਨਾਲ ਕੋਰਟ ਮੈਰਿਜ ਕਰ ਲਈ ਹੈ। ਜੇ ਤੁਸੀਂ ਸਾਨੂੰ ਅਸ਼ੀਰਵਾਦ ਦਿਉ ਤਾਂ ਹੀ ਅਸੀਂ ਘਰ ਆਈਏ।''
ਗੁਣਵੰਤ ਕੜਕਿਆ-''ਕੀ ਕਿਹਾ? ਪਰਮਿੰਦਰ ਨਾਲ ਵਿਆਹ ਕਰਾ ਲਿਆ ਹੈ ਤੂੰ? ਜਿਹੜਾ ਹੱਦ ਦਰਜੇ ਦਾ ਨਸ਼ੇੜੀ ਮੁੰਡਾ ਹੈ? ਇਹ ਤੂੰ ਕੀ ਜ਼ੁਲਮ ਕੀਤਾ?'' ਕੁਲਵਿੰਦਰ ਨੇ ਗੁਣਵੰਤ ਤੋਂ ਫੋਨ ਫੜਦੇ ਹੋਏ ਕਿਹਾ-''ਇਹ ਕੀ ਤੂੰ ਚੰਨ ਚਾੜ੍ਹ ਦਿੱਤਾ ਹੈ? ਤੈਨੂੰ ਸ਼ਰਮ ਨਾ ਆਈ ਪਿਉ ਦੀ ਪੱਗ ਨੂੰ ਦਾਗ ਲਾਉਂਦਿਆਂ? ਸਾਨੂੰ ਤਾਂ ਤੂੰ ਜਿਉਂਦੇ ਜੀਅ ਹੀ ਮਾਰ ਸੁੱਟਿਆ ਹੈ ਅਤੇ ਆਪਣੇ ਛੋਟੇ ਭਰਾ ਦੀ ਜੀਵਨ ਵੀ ਹਨੇਰਾ ਕਰ ਛੱਡਿਆ ਹੈ। ਅਸੀਂ ਤੈਨੂੰ ਐਡੇ ਪਿਆਰ ਨਾਲ ਪਾਲਿਆ ਪੋਸਿਆ ਅਤੇ ਪੜ੍ਹਾ ਲਿਖਾ ਕੇ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਤੇ ਤੂੰ ਅੱਜ ਸਾਡੇ ਸਿਰ ਇਹ ਸੁਆਹ ਪਾਈ ਹੈ?''
''ਮੰਮੀ ਹਰ ਮਾਂ ਪਿਉ ਆਪਣੇ ਬੱਚਿਆਂ ਨੂੰ ਪਾਲਦਾ ਹੈ। ਤੁਸੀਂ ਮੈਨੂੰ ਪਾਲ ਕੇ ਆਪਣਾ ਫ਼ਰਜ਼ ਹੀ ਪੂਰਾ ਕੀਤਾ ਹੈ। ਮੇਰੇ ਤੇ ਕੋਈ ਵੱਖਰਾ ਅਹਿਸਾਨ ਨਹੀਂ ਕੀਤਾ। ਮੈਂ ਇਸ ਸਮੇਂ 22 ਸਾਲ ਦੀ ਹੋ ਗਈ ਹਾਂ ਅਤੇ ਆਪਣੇ ਫੈਸਲੇ ਆਪ ਲੈ ਸਕਦੀ ਹਾਂ। ਮੈਂ ਜੋ ਕੁਝ ਵੀ ਕੀਤਾ ਹੈ ਸਭ ਸੋਚ ਸਮਝ ਕੇ ਹੀ ਕੀਤਾ ਹੈ। ਤੁਸੀਂ ਦੱਸੋ ਹੁਣ ਤੁਸੀਂ ਸਾਡੇ ਵਿਆਹ ਨੂੰ ਮਾਣਤਾ ਦਿੰਦੇ ਹੋ ਕਿ ਨਹੀਂ?''
''ਨੀਂ ਤੂੰ ਸਾਡੀ ਸਾਰੀ ਉਮਰ ਦੇ ਪਿਆਰ ਅਤੇ ਕੁਰਬਾਨੀ ਨੂੰ ਇਕ ਦਿਨ ਵਿਚ ਹੀ ਠੋਕਰ ਮਾਰ ਕੇ ਕੁਝ ਦਿਨਾਂ ਦੀ ਜਾਨ ਪਛਾਣ ਵਾਲੇ ਮੁੰਡੇ ਨੂੰ ਆਪਣੀ ਜ਼ਿੰਦਗੀ ਸੋਂਪ ਦਿੱਤੀ। ਯਾਦ ਰੱਖ ਅੱਜ ਤੋਂ ਸਾਡੇ ਘਰ ਦੇ ਦਰਵਾਜ਼ੇ ਤੇਰੇ ਲਈ ਸਦਾ ਲਈ ਬੰਦ ਹਨ। ਸਾਡੇ ਲਈ ਤੂੰ ਮਰ ਗਈ। ਸਾਨੂੰ ਦੁਖੀ ਕਰ ਕੇ ਤੂੰ ਕਦੀ ਵੀ ਸੁੱਖੀ ਨਹੀਂ ਰਹਿ ਸਕਦੀ।'' ਇਨਾਂ ਕਹਿ ਕੇ ਕੁਲਵਿੰਦਰ ਨੇ ਮੋਬਾਇਲ ਬੰਦ ਕਰ ਦਿੱਤਾ ਅਤੇ ਸਿਰ ਸੁੱਟ ਕੇ ਰੋਣ ਲੱਗ ਪਈ।
ਅਚਾਨਕ ਕੁਝ ਖੜਕਾ ਸੁਣ ਕੇ ਗੁਣਵੰਤ ਦੀ ਸੂਰਤ ਵਾਪਸ ਪਰਤੀ। ਇਕ ਨਰਸ ਓਪਰੇਸ਼ਨ ਥੀਏਟਰ ਵਿਚੋਂ ਬਾਹਰ ਨਿਕਲੀ ਤੇ ਸਿੱਧਾ ਹਾਲ ਚੋਂ ਬਾਹਰ ਚਲੀ ਗਈ। ਗੁਣਵੰਤ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਫਿਰ ਝੱਪਕੀ ਲੱਗ ਗਈ। ਬੀਤੀ ਜ਼ਿੰਦਗੀ ਦੀ ਫਿਲਮ ਫਿਰ ਉਸ ਦੇ ਦਿਮਾਗ਼ ਵਿਚ ਘੁੰਮਣ ਲੱਗੀ-ਇਕ ਵਾਰੀ ਗੁਣਵੰਤ ਨੂੰ ਹਾਰਟ ਅਟੈਕ ਆਇਆ ਅਤੇ ਉਸ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਾਉਣਾ ਪਿਆ ਜਿੱਥੇ ਉਸ ਦੇ ਇਕ ਸਟੰਟ ਪਿਆ। ਉਸ ਦੀ ਬਿਮਾਰੀ ਦੀ ਖ਼ਬਰ ਸੁਣ ਕੇ ਰਾਣੋ ਪਰਮਿੰਦਰ ਨੂੰ ਲੈ ਕੇ ਉਨ੍ਹਾਂ ਦੇ ਘਰ ਆ ਗਈ। ਉਨ੍ਹਾਂ ਨੂੰ ਰਾਣੋ ਤੇ ਪਰਮਿੰਦਰ ਦਾ ਆਉਣਾ ਚੰਗਾ ਨਾ ਲੱਗਾ ਪਰ ਹਾਲਾਤ ਹੀ ਐਸੇ ਸਨ ਕਿ ਉਹ ਉਨ੍ਹਾਂ ਨੂੰ ਦੁਰਕਾਰ ਕੇ ਘਰੋਂ ਨਾ ਕੱਢ ਸੱਕੇ। ਇਸੇ ਬਹਾਨੇ ਉਨ੍ਹਾਂ ਦੀ ਬੋਲਚਾਲ ਸ਼ੁਰੂ ਹੋ ਗਈ। ਪਰਮਿੰਦਰ ਆਪਣੇ ਸਾਲੇ ਰਾਜੇ ਨਾਲ ਖ਼ੂਬ ਘੁਲ ਮਿਲ ਕੇ ਰਹਿਣ ਲੱਗਾ। ਕਈ ਵਾਰੀ ਦੋਵੇਂ ਇਕੱਠੇ ਹੋਟਲ ਤੇ ਰੋਟੀ ਖਾਣ ਚਲੇ ਜਾਂਦੇ। ਪਰਮਿੰਦਰ ਨੇ ਰਾਜੇ ਨੂੰ ਸ਼ਰਾਬ ਪੀਣ ਦੀ ਵੀ ਆਦਤ ਪਾ ਦਿੱਤੀ।
ਸਮਾਂ ਆਪਣੀ ਚਾਲੇ ਚਲਦਾ ਰਿਹਾ। ਪਟਿਆਲੇ ਵਿਚ ਗੁਣਵੰਤ ਦੀ ਆਪਣੀ ਕੋਠੀ ਸੀ ਅਤੇ ਉਸ ਨੇ ਸਹੂਲਤ ਲਈ ਕਾਰ ਵੀ ਰੱਖੀ ਹੋਈ ਸੀ। ਗੁਣਵੰਤ ਦੀ ਉਮਰ 58 ਸਾਲ ਦੀ ਹੋ ਗਈ ਅਤੇ ਉਹ ਪੰਜਾਬ ਸਰਕਾਰ ਤੋਂ ਸੁਪਰਡੈਂਟ ਦੀ ਪੋਸਟ ਤੋਂ ਬੜੇ ਮਾਣ ਸਨਮਾਣ ਨਾਲ ਸੇਵਾ ਮੁਕਤ ਹੋ ਗਿਆ। ਸੇਵਾ ਮੁਕਤੀ ਤੇ ਉਸ ਨੂੰ 25/30 ਲੱਖ ਰੁਪਏ ਮਿਲ ਗਏ ਅਤੇ 45000/- ਰੁਪਏ ਮਹੀਨੇ ਦੀ ਪੈਨਸ਼ਨ ਵੀ ਲੱਗ ਗਈ। ਜਦ ਪਰਮਿੰਦਰ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਰਾਣੋ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਬਾਰ ਬਾਰ ਰਾਣੋ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਐਵੇਂ ਹੀ ਫਸ ਗਿਆ। ਮੈਨੂੰ ਤਾਂ ਵੱਡੇ ਵੱਡੇ ਘਰਾਂ ਤੋਂ ਰਿਸ਼ਤੇ ਆਉਂਦੇ ਸਨ ਜਿੰਨ੍ਹਾਂ ਨੇ ਚੌਖਾ ਚੰਗਾ ਦਾਜ਼ ਵੀ ਦੇਣਾ ਸੀ।ਮੈਂ ਕਿੱਥੇ ਨੰਗਾਂ ਦੇ ਘਰ ਫਸ ਗਿਆ। ਜੇ ਤੇਰੇ ਮਾਂ ਪਿਉ ਆਪ ਸਾਡਾ ਵਿਆਹ ਕਰਦੇ ਤਾਂ ਵੀ ਘੱਟੋ ਘੱਟ ਉਨ੍ਹਾਂ ਦਾ 50 ਕੁ ਲੱਖ ਖ਼ਰਚਾ ਹੋਣਾ ਹੀ ਸੀ। ਰਾਣੋ ਚੁੱਪ ਕਰ ਕੇ ਸਭ ਸੁਣ ਲੈਂਦੀ। ਉਹ ਰੋਜ਼ ਸ਼ਰਾਬ ਨਾਲ ਗੁੱਟ ਹੋ ਕੇ ਅੱਧੀ ਰਾਤੀ ਘਰ ਵੜਦਾ ਅਤੇ ਕਲੇਸ਼ ਕਰਦਾ। ਬਿਨਾ ਕਸੂਰ ਤੋਂ ਰਾਣੋ ਦੀ ਕੁੱਟ ਮਾਰ ਵੀ ਕਰਦਾ। ਉਹ ਰਾਣੋ ਨੂੰ ਕਹਿੰਦਾ ਮੈਨੂੰ ਆਪਣਾ ਹੱਕ ਲੈਣਾ ਆਉਂਦਾ ਹੈ। ਜੇ ਸਿੱਧੀ ਉਂਗਲੀ ਨਾਲ ਘਿਉ ਨਾ ਨਿਕਲੇ ਤਾਂ ਮੈਨੂੰ ਉਂਗਲੀ ਟੇਡੀ ਵੀ ਕਰਨੀ ਆਉਂਦੀ ਹੈ। ਇਹ ਰਾਣੋ ਲਈ ਸਿੱਧੀ ਧਮਕੀ ਅਤੇ ਉਸ ਦੇ ਮਾਂ ਪਿਉ ਲਈ ਸਿੱਧਾ ਖ਼ਤਰਾ ਸੀ। ਉਨ੍ਹਾਂ ਨੂੰ ਡਰ ਸੀ ਕਿ ਉਹ ਉਨ੍ਹਾਂ ਦੇ ਬੇਟੇ ਰਾਜੇ ਨੂੰ ਹੀ ਕੋਈ ਨੁਕਸਾਨ ਨਾ ਪਹੁੰਚਾਵੇ ਪਰ ਉਹ ਇਸ ਬੁਢਾਪੇ ਵਿਚ ਕਰ ਕੁਝ ਨਹੀਂ ਸਨ ਸਕਦੇ।
ਫਿਰ ਦਰਵਾਜ਼ਾ ਖੁਲਣ ਦੀ ਆਵਾਜ਼ ਆਈ। ਗੁਣਵੰਤ ਆਪਣੇ ਸੁਪਨਿਆਂ ਚੋਂ ਬਾਹਰ ਪਰਤਿਆ। ਚਿੱਟੇ ਕੱਪੜਿਆਂ ਵਿਚ ਇਕ ਡਾਕਟਰ ਬਾਹਰ ਨਿਕਲਿਆ। ਗੁਣਵੰਤ ਨੇ ਤੇਜ਼ੀ ਨਾਲ ਉੱਠ ਕੇ ਪੁੱਛਿਆ-''ਡਾਕਟਰ ਸਾਹਿਬ ਕੀ ਹਾਲ ਹੈ?''
''ਓਪਰੇਸ਼ਨ ਚੱਲ ਰਿਹਾ ਹੈ। ਉਡੀਕ ਕਰੋ''
ਗੁਣਵੰਤ ਨੇ ਘੜੀ ਦੇਖੀ ਸਾਢੇ ਬਾਰਾਂ ਵਜੇ ਸਨ। ਉਹ ਫਿਰ ਆ ਕੇ ਆਪਣੀ ਕੁਰਸੀ ਤੇ ਬੈਠ ਗਿਆ। ਉਸ ਨੇ ਜਾਗਦੇ ਰਹਿਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਅੱਖਾਂ ਨੀਂਦ ਨਾਲ ਫਿਰ ਮਿਟਣ ਲੱਗੀਆਂ। ਫਿਰ ਉਸ ਨੇ ਅੱਧ ਨੀਂਦਰੇ ਵਿਚ ਦੇਖਿਆ ਕਿ ਉਸ ਦਾ ਬੇਟਾ ਰਾਜਾ ਭਾਵ ਰਜਵਿੰਦਰ ਹੁਣ 22 ਸਾਲ ਦਾ ਸੋਹਣਾ ਜਵਾਨ ਹੋ ਗਿਆ ਸੀ ਉਸ ਨੂੰ ਦੇਖਿਆਂ ਭੁੱਖ ਲਹਿੰਦੀ ਸੀ। ਉਹ ਪੜਾਈ ਵਿਚ ਵੀ ਬਹੁਤ ਹੁਸ਼ਿਆਰ ਸੀ। ਬੀ.ਏ. ਕਰਨ ਤੋਂ ਬਾਅਦ ਉਸ ਨੇ ਆਈ. ਏ. ਐਸ.ਦਾ ਇਮਤਿਹਾਨ ਦਿੱਤਾ। ਜਿਸ ਵਿਚੋਂ ਉਸ ਦਾ ਸਾਰੇ ਭਾਰਤ ਵਿਚੋਂ ਪੰਜਵਾਂ ਸਥਾਨ ਆਇਆ। ਹੁਣ ਉਹ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਆਈ. ੲ.ੇ ਐਸ. ਅਫ਼ਸਰ ਬਣਨ ਦਾ ਮਾਣ ਹਾਸਲ ਕਰਨ ਜਾ ਰਿਹਾ ਸੀ। ਗੁਣਵੰਤ ਅਤੇ ਕੁਲਵਿੰਦਰ ਉਸ ਦੀ ਕਾਮਯਾਬੀ ਤੋਂ ਫੁੱਲੇ ਨਹੀਂ ਸਨ ਸਮਾ ਰਹੇ। ਹਰ ਪਾਸੇ ਰਜਵਿੰਦਰ ਦੇ ਹੀ ਚਰਚੇ ਸਨ।ਪਰ ਪਰਵਿੰਦਰ ਨੂੰ ਇਹ ਸਭ ਚੰਗਾ ਨਹੀਂ ਸੀ ਲੱਗ ਰਿਹਾ। ਉਹ ਇਕ ਦਿਨ ਉਨ੍ਹਾਂ ਦੇ ਘਰ ਆਇਆ ਅਤੇ ਰਾਜੇ ਨੂੰ ਮਨਾਲੀ ਘੁੰਮ ਕੇ ਆਉਣ ਦਾ ਕਹਿ ਕੇ ਕਾਰ ਵਿਚ ਬਿਠਾ ਕੇ ਨਾਲ ਲੈ ਗਿਆ। ਗੁਣਵੰਤ ਅਤੇ ਕੁਲਵਿੰਦਰ ਰਾਜੇ ਨੂੰ ਪਰਵਿੰਦਰ ਨਾਲ ਇਕੱਲ੍ਹੇ ਭੇਜਣਾ ਨਹੀਂ ਸਨ ਚਾਹੁੰਦੇ ਪਰ ਉਹ ਜਵਾਨ ਪੁੱਤਰ ਨੂੰ ਰੋਕ ਨਾ ਸੱਕੇ।
ਗੱਲ ਉਹ ਹੀ ਹੋਈ ਜਿਸ ਦਾ ਡਰ ਸੀ। ਉਨ੍ਹਾਂ ਲਈ ਉਹ ਇਕ ਬਹੁਤ ਹੀ ਭਿਆਣਕ ਰਾਤ ਸੀ। ਗੁਣਵੰਤ ਨੂੰ ਰਾਤੀ 12 ਵਜੇ ਮੰਡੀ ਸ਼ਹਿਰ ਦੇ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਕਿ ਰਾਜਵਿੰਦਰ ਅਤੇ ਪਰਮਿੰਦਰ ਦੀ ਕਾਰ ਬਰੇਕ ਫੇਲ੍ਹ ਹੋਣ ਕਾਰਨ ਬਿਆਸ ਨਦੀ ਵਿਚ ਜਾ ਡਿੱਗੀ ਹੈ। ਸਵਾਰੀਆਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ਼ ਸ਼ੁਰੂ ਕੀਤੇ ਜਾ ਰਹੇ ਹਨ। ਤੁਸੀਂ ਫੋਰਨ ਮੰਡੀ ਸ਼ਹਿਰ ਪਹੁੰਚੋ। ਦੋਵੇਂ ਜਣੇ ਟੈਕਸੀ ਕਰ ਕੇ ਕਿਸੇ ਤਰ੍ਹਾਂ ਸਵੇਰੇ ਪੰਜ ਵਜੇ ਘਟਣਾ ਸਥਾਨ ਤੇ ਪੁੱਜੇ। ਪਤਾ ਲੱਗਾ ਕਿ ਪਰਮਿੰਦਰ ਤਾਂ ਕਿਸੇ ਤਰ੍ਹਾਂ ਤੈਰ ਕੇ ਬਾਹਰ ਨਿਕਲ ਆਇਆ ਸੀ ਪਰ ਰਾਜੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਸ਼ੱਕ ਦੀ ਸੂਈ ਪਰਮਿੰਦਰ ਦੁਆਲੇ ਹੀ ਘੁੰਮਦੀ ਸੀ। ਕਿਸੇ ਤਰ੍ਹਾਂ ਕਰੇਨ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਡਰਾਇਵਰ ਦੀ ਸੀਟ ਤੇ ਰਾਜੇ ਦੀ ਲਾਸ਼ ਫਸੀ ਹੋਈ ਮਿਲੀ। ਗੁਣਵੰਤ ਅਤੇ ਕੁਲਵਿੰਦਰ ਦੀ ਦੁਨੀਆਂ ਹਮੇਸ਼ਾਂ ਲਈ ਹਨੇਰੀ ਹੋ ਗਈ। ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਵੀ ਖਤਮ ਹੋ ਗਿਆ। ਲੱਗਦਾ ਨਹੀਂ ਸੀ ਕਿ ਬੇਟੇ ਦੇ ਗਮ ਕਾਰਨ ਹੁਣ ਉਹ ਜ਼ਿਆਦਾ ਦਿਨ ਜੀਅ ਸੱਕਣ।
ਗਿਰਜਾ ਘਰ ਦੇ ਟੱਲ ਨੇ ਟੱਨ ਟੱਨ ਕਰ ਕੇ ਦੋ ਵਜਾਏ। ਇਕ ਸੀਤ ਲਹਿਰ ਗੁਣਵੰਤ ਦੇ ਪਿੰਡੇ ਨੂੰ ਚੀਰ ਗਈ। ਉਸ ਨੇ ਦੇਖਿਆ ਕਿ ਹਾਲੀ ਵੀ ਉਹ ਓਪਰੇਸ਼ਨ ਥੀਏਟਰ ਦੇ ਬਾਹਰ ਹੀ ਬੈਠਾ ਸੀ। ਚਾਰੇ ਪਾਸੇ ਮੌਤ ਵਰਗੀ ਖਾਮੌਸ਼ੀ ਸੀ। ਹੁਣੇ ਹੁਣੇ ਦੇਖੇ ਹੋਏ ਭਿਆਨਕ ਮੰਜਰ ਨੂੰ ਯਾਦ ਕਰ ਕੇ ਉਸ ਉੱਤੇ ਫਿਰ ਬੇਹੋਸ਼ੀ ਛਾ ਰਹੀ ਸੀ। ਫਿਰ ਉਸ ਨੇ ਦੇਖਿਆ-ਉਹ ਸਭ ਕੁਝ ਲੁਟਾ ਕੇ ਰੋ ਧੋ ਕੇ ਹਾਰ ਗਏ ਸਨ। ਉਸ ਦੀ ਪਤਨੀ ਹਰ ਸਮੇਂ ਕੀਰਨੇ ਪਾਉਂਦੀ ਰਹਿੰਦੀ ਸੀ। ਰੱਬ ਨੂੰ ਵੀ ਉਹ ਬਾਰ ਬਾਰ ਉਲ੍ਹਾਂਭੇ ਹੀ ਦਿੰਦੀ ਰਹਿੰਦੀ ਸੀ ਕਿ ਅਸੀਂ ਕਿਸੇ ਦਾ ਕੀ ਵਿਗਾੜਿਆ ਸੀ। ਪਹਿਲਾਂ ਕੁੜੀ ਹੱਥੋਂ ਨਿਕਲ ਗਈ। ਫਿਰ ਰੱਬ ਨੇ ਉਨ੍ਹਾਂ ਦਾ ਹੋਣਹਾਰ ਜਵਾਨ ਪੁੱਤਰ ਖੋਹ ਲਿਆ। ਕਦੀ ਕਦੀ ਉਹ ਰੱਬ ਨਾਲ ਲੜਦੀ ਨਜ਼ਰ ਆਉਂਦੀ ਸੀ। ਅਖੇ-ਤੈਨੂੰ ਸਾਡਾ ਪੁੱਤਰ ਵਾਪਸ ਕਰਨਾ ਹੀ ਪਵੇਗਾ।
ਆਖਰ ਰੱਬ ਦੇ ਭਾਣੇ ਨੂੰ ਤਾਂ ਮੰਨਣਾ ਹੀ ਪੈਂਦਾ ਹੈ। ਦੋਹਾਂ ਨੇ ਰੋਜਾਨਾ ਗੁਰਦਵਾਰੇ ਜਾਣਾ ਸ਼ੁਰੂ ਕਰ ਦਿੱਤਾ। ਭਾਈ ਜੀ ਰੋਜ਼ ਕਥਾ ਕਰਦੇ। ਕਥਾ ਸੁਣਦਿਆਂ ਵੀ ਉਨ੍ਹਾਂ ਦੇ ਮਨ ਵਿਚ ਕਈ ਵਾਰੀ ਸ਼ੰਕੇ ਉੱਠ ਖੜ੍ਹੇ ਹੁੰਦੇ। ਭਾਈ ਜੀ ਦੱਸਦੇ ਕਿ ਦੁਨੀਆਂ ਵਿਚ ਜੋ ਕੁਝ ਵੀ ਹੋ ਰਿਹਾ ਹੈ ਉਹ ਰੱਬ ਦੇ ਭਾਣੇ ਵਿਚ ਹੀ ਵਾਪਰ ਰਿਹਾ ਹੈ। ਫਿਰ ਅਨੰਦ ਸਾਹਿਬ ਦੀ ਇਹ ਤੁੱਕ ਆਉਂਦੀ:

ਘਰਿ ਤ ਤੇਰੈ ਸਭੁ ਕਿਛ ਹੈ
ਜਿਸ ਦੇਹਿ  ਸੁ ਪਾਵਏ॥
ਕੁਲਵਿੰਦਰ ਸੋਚਦੀ ਕਿ ਜੇ ਰੱਬ ਕੋਲ ਸਭ ਕੁਝ ਹੈ ਤਾਂ ਕੀ ਪਤਾ ਉਹ ਸਾਨੂੰ ਵੀ ਦਾਤ ਦੇ ਹੀ ਦੇਵੇ। ਪਰ ਕਿਵੇਂ? ਇਕ ਦਿਨ ਉਸ ਦੇ ਮਨ ਵਿਚ ਇਕ ਨਵਾਂ ਵਿਚਾਰ ਆਇਆ ਅਤੇ ਚਾਨਣ ਦੀ ਇਕ ਲੀਕ ਦਿਖਾਈ ਦਿੱਤੀ। ਉਸ ਨੇ ਆਪਣੇ ਵਿਚਾਰ ਗੁਣਵੰਤ ਨਾਲ ਸਾਂਝੇ ਕੀਤੇ। ਪਹਿਲਾਂ ਤਾਂ ਗੁਣਵੰਤ ਨਾ ਮੰਨਿਆ ਪਰ ਬਾਅਦ ਵਿਚ ਉਹ ਆਪਣੇ ਚੈਕ ਅੱਪ ਲਈ ਰਾਜੀ ਹੋ ਗਿਆ। ਦੋਵੇਂ ਜਣੇ ਡਾਕਟਰ ਕੋਲ ਗਏ ਅਤੇ ਆਪਣੀ ਸਮੱਸਿਆ ਸਾਂਝੀ ਕੀਤੀ। ਡਾਕਟਰ ਨੇ ਕਿਹਾ ਕਿ ਗੁਣਵੰਤ ਦੀ ਉਮਰ ਇਸ ਸਮੇਂ 65 ਸਾਲ ਅਤੇ ਕੁਲਵਿੰਦਰ ਦੀ 62 ਸਾਲ ਸੀ ਇਸ ਲਈ ਇਸ ਉਮਰ ਵਿਚ ਬੱਚਾ ਹੋਣ ਦੇ ਕੋਈ ਚਾਂਸ ਨਹੀਂ। ਹਾਂ ਟੈਸਟ ਟਿਊਬ ਬੇਬੀ ਦੀ ਟੈਕਨੀਕ ਨਾਲ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਸ ਦਾ ਖ਼ਰਚਾ ਵੀ ਬਹੁਤ ਹੈ ਅਤੇ ਸਫ਼ਲਤਾ ਦੇ ਚਾਂਸ ਵੀ ਬਹੁਤ ਘੱਟ ਹੈ।ਜੇ ਕੋਈ ਅੜਚਣ ਆ ਜਾਵੇ ਤਾਂ ਮਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਇਹ ਸੁਣ ਕੇ ਉਨ੍ਹਾਂ ਦੇ ਅੰਦਰ ਇਕ ਨਵੀਂ ਉਮੀਦ ਜਾਗੀ। ਉਨ੍ਹਾਂ ਨੇ ਡਾਕਟਰ ਨੂੰ ਹਾਂ ਕਰ ਦਿੱਤੀ ਅਤੇ ਦੋਹਾਂ ਦੇ ਟੈਸਟ ਕਰਨ ਤੋਂ ਬਾਅਦ ਅਗਲੇ ਹਫਤੇ ਡਾਕਟਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਪ੍ਰਯੋਗ ਸਫ਼ਲ ਰਿਹਾ। ਕੁਲਵਿੰਦਰ ਹੁਣ ਹਰ ਸਮੇਂ ਮਾਂ ਬਣਨ ਦੇ ਸੁਪਨੇ ਦੇਖਣ ਲੱਗੀ। ਦੋਹਾਂ ਨੇ ਇਹ ਸਮਾਂ ਬਹੁਤ ਸਾਵਧਾਨੀ ਨਾਲ ਗੁਜ਼ਾਰਿਆ। ਬਾਹਰ ਕਿਸੇ ਨੂੰ ਇਸ ਦੀ ਭਣਕ ਨਾ ਪੈਣ ਦਿੱਤੀ। ਸਮਾਂ ਪੂਰਾ ਹੋਣ ਤੋਂ ਤਿੰਨ ਦਿਨ ਪਹਿਲਾਂ ਕੁਲਵਿੰਦਰ ਨੂੰ ਨਰਸਿੰਗ ਹੋਮ ਵਿਚ ਦਾਖਲ ਕਰਾਇਆ ਗਿਆ ਅਤੇ ਅੱਜ ਉਸ ਦਾ ਵੱਡਾ ਓਪਰੇਸ਼ਨ ਹੋ ਰਿਹਾ ਸੀ।
ਇਕ ਦਮ ਦਰਵਾਜ਼ਾ ਖੁਲਣ ਦੀ ਆਵਾਜ਼ ਆਈ। ਡਾਕਟਰ ਯਾਦਵ ਬਾਹਰ ਆਇਆ। ਗੁਣਵੰਤ ਭੱਜ ਕੇ ਡਾਕਟਰ ਕੋਲ ਗਿਆ ਤੇ ਪੁੱਛਿਆ-''ਡਾਕਟਰ ਸਾਹਿਬ ਕੀ ਹੋਇਆ ਹੈ?'' ਡਾਕਟਰ ਨੇ ਮੁਸਕਰਹਟ ਬਿਖੇਰਦੇ ਹੋਏ ਕਿਹਾ-''ਗੁਣਵੰਤ ਵਧਾਈ ਹੋਵੇ। ਓਪਰੇਸ਼ਨ ਕਾਮਯਾਬ ਰਿਹਾ। ਤੁਹਾਡੇ ਜੋੜਾ ਲੜਕੇ ਪੈਦਾ ਹੋਏ ਹਨ। ਮਾਂ ਬੱਚੇ ਸਭ ਠੀਕ ਠਾਕ ਹਨ।''
ਗੁਣਵੰਤ ਨੇ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਸ ਦੀ ਪਤਨੀ ਕੁਲਵਿੰਦਰ ਨੇ ਰੱਬ ਕੋਲੋਂ ਲੜਾਈ ਜਿੱਤ ਲਈ ਸੀ। ਰੱਬ ਨੇ ਇਕ ਪੁੱਤਰ ਲੈ ਕੇ ਉਨ੍ਹਾਂ ਨੂੰ ਦੋ ਪੁੱਤਰ ਦੇ ਦਿੱਤੇ ਸਨ।
*****

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-83608-42861
email:  gursharan1183@yahoo.in

ਪ੍ਰੇਰਨਾਦਾਇਕ ਲੇਖ : ਕਰਮਾਂ ਤੇ ਹੋਣਗੇ ਨਿਬੇੜੇ - ਗੁਰਸ਼ਰਨ ਸਿੰਘ ਕੁਮਾਰ

ਸਿਆਣੇ ਕਹਿੰਦੇ ਹਨ ਕਿ ਮਨੁੱਖ ਆਪਣੀ ਕਿਸਮਤ ਦਾ ਘੜਨਹਾਰਾ ਹੈ। ਉਹ ਆਪਣੇ ਕਰਮਾਂ ਦੁਆਰਾ ਆਪਣੀ ਕਿਸਮਤ ਨੂੰ ਬਦਲ ਸਕਦਾ ਹੈ। ਆਪਣੀ ਮਿਹਨਤ ਅਤੇ ਹੌਸਲੇ ਦੁਆਰਾ ਉਹ ਆਪਣੀ ਬਦਕਿਸਮਤੀ ਨੂੰ ਖ਼ੁਸ਼ਕਿਸਮਤੀ ਵਿਚ ਵੀ ਬਦਲ ਸਕਦਾ ਹੈ। ਮਨੁੱਖ ਦੀ ਜ਼ਿੰਦਗੀ ਇਕ ਕਿਤਾਬ ਦੀ ਤਰ੍ਹਾਂ ਹੈ ਜਿਸ ਦਾ ਪਹਿਲਾ ਅਤੇ ਆਖਰੀ ਪੰਨਾ (ਜਨਮ ਅਤੇ ਮੌਤ ਦਾ) ਪ੍ਰਮਾਤਮਾ ਨੇ ਖ਼ੁਦ ਲਿਖ ਕੇ ਭੇਜਿਆ ਹੈ। ਜ਼ਿੰਦਗੀ ਦੀ ਕਿਤਾਬ ਦੇ ਬਾਕੀ ਪੰਨੇ ਪ੍ਰਮਾਤਮਾ ਕੌਰੇ ਛੱਡ ਦਿੰਦਾ ਹੈ ਜੋ ਮਨੁੱਖ ਨੇ ਆਪਣੇ ਕਰਮਾਂ ਨਾਲ ਖ਼ੁਦ ਲਿਖਣੇ ਹੁੰਦੇ ਹਨ।
ਸਾਡੇ ਪੰਡਤਾਂ ਨੇ ਜਾਤ ਪਾਤ ਦੀਆਂ ਵੰਡੀਆਂ ਪਾ ਕੇ ਮਨੁੱਖਾਂ ਨੂੰ ਆਪਸ ਵਿਚ ਵੰਡਿਆ ਹੈ। ਮਨੁੱਖ ਨੂੰ ਆਪਣੇ ਦਬਾਅ ਵਿਚ ਰੱਖਣ ਲਈ ਸਵਰਗ ਦੇ ਲਾਲਚ ਅਤੇ ਨਰਕਾਂ ਦੇ ਡਰਾਵੇ ਦਿੱਤੇ ਹਨ। ਮਨੁੱਖ ਨੂੰ ਇਨ੍ਹਾਂ ਪੰਡਤਾਂ ਤੋਂ ਡਰਨ ਦੀ ਲੋੜ ਨਹੀਂ। ਉਸ ਨੂੰ ਕੇਵਲ ਆਪਣੇ ਮਾੜੇ ਕਰਮਾਂ ਤੋਂ ਡਰਨਾ ਚਾਹੀਦਾ ਹੈ। ਮਨੁੱਖ ਦੇ ਮਾੜੇ ਕਰਮ ਹੀ ਉਸ ਦਾ ਪਿੱਛਾ ਨਹੀਂ ਛੱਡਦੇ। ਇਸੇ ਲਈ ਕਿਸੇ ਨੇ ਠੀਕ ਹੀ ਕਿਹਾ ਹੈ:
ਕਰਮਾਂ ਤੇ ਹੋਣਗੇ ਨਿਬੇੜੇ,
ਕਿਸੇ ਨਾ ਤੇਰੀ ਜਾਤ ਪੁੱਛਣੀ॥

ਜੇ ਆਪਣਾ ਸਿੱਕਾ ਹੀ ਖੋਟਾ ਹੋਵੇ ਤਾਂ ਹੱਟੀ ਵਾਲੇ ਨੂੰ ਦੋਸ਼ ਨਹੀਂ ਦਈਦਾ। ਕਈ ਲੋਕ ਕੇਵਲ ਕਿਸਮਤ 'ਤੇ ਹੀ ਭਰੋਸਾ ਰੱਖਦੇ ਹਨ ਅਤੇ ਹੱਥ 'ਤੇ ਹੱਥ ਰੱਖ ਕੇ ਬੈਠੇ ਰਹਿੰਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਜੋ ਕਿਸਮਤ ਵਿਚ ਲਿਖਿਆ ਹੈ ਉਹ ਉਨ੍ਹਾਂ ਨੂੰ ਮਿਲਣਾ ਹੀ ਹੈ। ਫਿਰ ਜ਼ਿਆਦਾ ਤਰਦਦ ਕਰਨ ਦੀ ਕੀ ਲੋੜ ਹੈ? ਅਜਿਹੇ ਲੋਕ ਆਲਸੀ ਹੁੰਦੇ ਹਨ। ਉਹ ਉੱਦਮ ਨਹੀਂ ਕਰਦੇ। ਇਸ ਲਈ ਉਹ ਜ਼ਿੰਦਗੀ ਵਿਚ ਸਫ਼ਲ ਨਹੀਂ ਹੁੰਦੇ। ਕਾਮਯਾਬੀ ਉਨ੍ਹਾਂ ਦੀਆਂ ਦਹਿਲੀਜ਼ਾਂ ਤੋਂ ਆ ਕੇ ਮੁੜ ਜਾਂਦੀ ਹੈ। ਫਿਰ ਉਹ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਨ। ਜੇ ਆਪਣਾ ਹੀ ਚਿਹਰਾ ਸਾਫ ਨਾ ਹੋਵੇ ਤਾਂ ਸ਼ੀਸ਼ੇ ਨੂੰ ਦੋਸ਼ ਨਹੀਂ ਦਈਦਾ। ਕਿਸਮਤ ਕੋਈ ਰੱਬ ਦਾ ਲਿਖਿਆ ਹੋਇਆ ਇਕਰਾਰਨਾਮਾ ਨਹੀਂ। ਆਪਣੀ ਕਿਸਮਤ ਨੂੰ ਤਾਂ ਹਰ ਰੋਜ਼ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਲਿਖਣਾ ਪੈਂਦਾ ਹੈ। ਕਿਸਮਤ ਦੀ ਮਿੱਠੀ ਨੀਂਦ ਵਿਚੋਂ ਮਨੁੱਖ ਜਿੰਨਾਂ ਜਲਦੀ ਜਾਗ੍ਹ ਜਾਏ ਓਨਾਂ ਹੀ ਚੰਗਾ ਹੁੰਦਾ ਹੈ। ਜਲਦੀ ਜਾਗਣਾ ਹਮੇਸ਼ਾਂ ਹੀ ਫਾਇਦੇਮੰਦ ਹੁੰਦਾ ਹੈ ਫਿਰ ਭਾਵੇਂ ਉਹ ਨੀਂਦ ਤੋਂ ਹੋਵੇ, ਅਹਿਮ ਤੋਂ ਹੋਵੇ ਜਾਂ ਵਹਿਮ ਤੋਂ ਹੋਵੇ।
ਜੇ ਕਦੀ ਜ਼ਿੰਦਗੀ ਵਿਚ ਔਖੇ ਸਮੇਂ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਵੀ ਦਿਲ ਨਹੀਂ ਛੱਡਣਾ ਚਾਹੀਦਾ। ਜ਼ਿੰਦਗੀ ਵਿਚ ਦੁੱਖ ਅਤੇ ਮੁਸੀਬਤਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਦਾ ਮੁਕਾਬਲਾ ਮਿਹਨਤ, ਹੌਸਲੇ ਅਤੇ ਸਬਰ ਨਾਲ ਕਰੋ। ਆਸ ਦਾ ਪੱਲਾ ਕਦੀ ਨਾ ਛੱਡੋ। ਜਿਵੇਂ ਚਾਨਣ ਦੀ ਇਕ ਕਿਰਨ ਗ਼ਹਿਰੇ ਤੋਂ ਗ਼ਹਿਰੇ ਹਨੇਰੇ ਨੂੰ ਚੀਰ ਦਿੰਦੀ ਹੈ ਉਵੇਂ ਹੀ ਦੁੱਖਾਂ ਦੇ ਹਨੇਰੇ ਨੂੰ ਚੀਰਨ ਲਈ ਆਸ ਦੀ ਇਕ ਕਿਰਨ ਹੀ ਕਾਫ਼ੀ ਹੁੰਦੀ ਹੈ। ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਹਮੇਸ਼ਾਂ ਨਹੀਂ ਰਹਿਣ ਵਾਲੇ।
ਸਾਨੂੰ ਕਿਸੇ ਸਵਰਗ ਜਾਂ ਨਰਕ ਦੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ। ਸਵਰਗ ਨਰਕ ਇੱਥੇ ਇਸ ਧਰਤੀ 'ਤੇ ਇਸ ਜੀਵਨ ਵਿਚ ਹੀ ਹੈ। ਜੋ ਮਨੁੱਖ ਜ਼ਿੰਦਗੀ ਨੂੰ ਰੋ ਧੋ ਕੇ ਗਿਲੇ ਸ਼ਿਕਵਿਆਂ ਵਿਚ ਆਪਣੀ ਕਿਸਮਤ ਨੂੰ ਕੌਸ ਰਿਹਾ ਹੈ, ਸਮਝੋ ਉਹ ਇੱਥੇ ਜਿੰਦੇ ਜੀਅ ਹੀ ਨਰਕ ਭੋਗ ਰਿਹਾ ਹੈ। ਦੂਜੇ ਪਾਸੇ ਜਿਹੜਾ ਮਨੁੱਖ ਮਿਹਨਤ ਕਰ ਕੇ ਖ਼ੁਸ਼ੀ ਖ਼ੁਸ਼ੀ ਕਾਮਯਾਬੀ ਦੀ ਜ਼ਿੰਦਗੀ ਜੀਅ ਰਿਹਾ ਹੈ ਉਸ ਦਾ ਸਵਰਗ ਇਹ ਹੀ ਹੈ। ਮਨੁੱਖ ਵੀ ਬੜਾ ਅਜ਼ੀਬ ਹੈ। ਜਦ ਉਹ ਅਰਦਾਸ ਕਰਦਾ ਹੈ ਤਾਂ ਸਮਝਦਾ ਹੈ ਕਿ ਰੱਬ ਬਹੁਤ ਨੇੜੇ ਹੈ ਪਰ ਗੁਨਾਹ ਕਰਨ ਲੱਗੇ ਸੋਚਦਾ ਹੈ ਕਿ ਰੱਬ ਬਹੁਤ ਦੂਰ ਹੈ ਇਸ ਲਈ ਉਹ ਸਾਡੇ ਗੁਨਾਹਾਂ ਨੂੰ ਨਹੀਂ ਦੇਖ ਸਕਦਾ।
ਆਪਣੇ ਕਰਮਾਂ ਦਾ ਫ਼ਲ ਇਸੇ ਜੀਵਨ ਵਿਚ ਹੀ ਮਿਲਦਾ ਹੈ। ਜ਼ਰਾ ਪਾਸਕੂ ਨਹੀਂ ਚੱਲਦਾ। ਇਕ ਹੱਥ ਦੇ ਅਤੇ ਦੂਜੇ ਹੱਥ ਲੈ ਵਾਲਾ ਹਿਸਾਬ ਹੈ।ਸਾਡੇ ਕਰਮਾਂ ਦਾ ਪ੍ਰਤੀਰੂਪ ਹੀ ਪਲਟ ਕੇ ਸਾਡੇ ਕੋਲ ਵਾਪਸ ਆਉਂਦਾ ਹੈ। ਸਾਡੇ ਚੰਗੇ ਕੰਮਾਂ ਦਾ ਚੰਗਾ ਫ਼ਲ ਮਿਲਦਾ ਹੈ ਅਤੇ ਮਾੜੇ ਕੰਮਾਂ ਦਾ ਫ਼ਲ ਵੀ ਮਾੜਾ ਹੀ ਹੁੰਦਾ ਹੈ।ਇਹ ਵੀ ਯਾਦ ਰੱਖੋ ਕਿ ਜੇ ਤੁਸੀਂ 100 ਚੰਗੇ ਕੰਮ ਕੀਤੇ ਹਨ ਤਾਂ ਉਸ ਦਾ ਤੁਹਨੂੰ ਚੰਗਾ ਫ਼ਲ ਹੀ ਮਿਲਣਾ ਹੈ ਪਰ ਜੇ ਤੁਸੀਂ ਇਕ ਵੀ ਗ਼ਲਤ ਕੰਮ ਕੀਤਾ ਹੈ ਤਾਂ ਉਸ ਦਾ ਫ਼ਲ ਵੀ ਤੁਹਾਨੂੰ ਭੁਗਤਣਾ ਹੀ ਪਵੇਗਾ। ਤੁਹਾਡਾ ਗ਼ਲਤ ਕੰਮ ਤੁਹਾਡੇ ਚੰਗੇ ਕੰਮਾਂ ਵਿਚੋਂ ਮਨਫ਼ੀ ਨਹੀਂ ਹੋਵੇਗਾ।ਅਮਲਾਂ ਤੋਂ ਬਿਨਾਂ ਉੱਚੇ ਤੋਂ ਉੱਚੇ ਵਿਚਾਰ ਵੀ ਬੇਕਾਰ ਹਨ। ਅੱਜ ਕੱਲ ਅਸੀਂ ਸੋਸ਼ਲ ਮੀਡੀਆ ਤੇ ਇਕ ਦੂਜੇ ਨੂੰ ਬਹੁਤ ਉੱਚੇ ਉੱਚੇ ਵਿਚਾਰ ਭੇਜਦੇ ਹਾਂ ਪਰ ਦੁਨੀਆਂ ਫਿਰ ਵੀ ਨਹੀਂ ਸੁਧਰਦੀ। ਕਾਰਨ ਇਹ ਹੈ ਕਿ ਅਸੀਂ ਖ਼ੁਦ ਉਨ੍ਹਾਂ ਤੇ ਅਮਲ ਹੀ ਨਹੀਂ ਕਰਦੇ। ਇਸ ਲਈ ਇਨ੍ਹਾਂ ਵਿਚਾਰਾਂ ਦਾ ਕੋਈ ਲਾਭ ਨਹੀਂ ਹੁੰਦਾ।
ਜਦ ਬੰਦੇ ਕੋਲ ਜ਼ਿਆਦਾ ਧਨ ਅਤੇ ਸ਼ੋਹਰਤ ਆ ਜਾਂਦੀ ਹੈ ਤਾਂ ਉਸ ਨੂੰ ਘਮੰਡ ਹੋ ਜਾਂਦਾ ਹੈ। ਉਹ ਦੂਜੇ ਨੂੰ ਆਪਣੇ ਬਰਾਬਰ ਹੀ ਨਹੀਂ ਸਮਝਦਾ ਉਸ ਨੂੰ ਸਭ ਲੋਕ ਆਪਣੇ ਤੋਂ ਘਟੀਆ ਹੀ ਨਜ਼ਰ ਆਉਂਦੇ ਹਨ। ਫਿਰ ਉਸ ਨੂੰ ਵਹਿਮ ਹੋ ਜਾਂਦਾ ਹੈ ਕਿ ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਜਾਂ ਹੁਣ ਸਭ ਨੂੰ ਮੇਰੀ ਹੀ ਲੋੜ ਹੈ। ਅਜਿਹੀ ਸੋਚ ਤੋਂ ਬਚਣਾ ਚਾਹੀਦਾ ਹੈ।
ਮਨੁੱਖ ਇਸ ਦੁਨੀਆਂ ਤੇ ਇਕੱਲ੍ਹਾ ਆਉਂਦਾ ਹੈ ਅਤੇ ਇਕੱਲ੍ਹਾ ਹੀ ਜਾਂਦਾ ਹੈ ਅਤੇ ਜਾਂਦਾ ਵੀ ਖਾਲੀ ਹੱਥ ਹੀ ਹੈ। ਉਹ ਇਸ ਦੁਨੀਆਂ ਤੋਂ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾ ਸਕਦਾ। ਫਿਰ ਵੀ ਉਹ ਜ਼ਿੰਦਗੀ ਭਰ ਧਨ ਜੋੜਨ ਤੇ ਹੀ ਲੱਗਾ ਰਹਿੰਦਾ ਹੈ। ਧਨ ਜੋੜਨ ਲਈ ਉਹ ਗ਼ਲਤ ਰਸਤੇ ਅਪਣਾ ਕੇ ਪਾਪ ਵੀ ਕਰ ਬੈਠਦਾ ਹੈ। ਜਦ ਘਰ ਵਿਚ ਪੈਸਾ ਆਉਂਦਾ ਹੈ ਤਾਂ ਸਭ ਨੂੰ ਬਹੁਤ ਚੰਗਾ ਲੱਗਦਾ ਹੈ। ਕਮਾਈ ਹਮੇਸ਼ਾਂ ਹੱਕ ਹਲਾਲ ਦੀ ਹੀ ਫਲਦੀ ਹੈ ਅਤੇ ਸੁੱਖ ਦਿੰਦੀ ਹੈ। ਕਿਸੇ ਸਿਆਣੇ ਨੇ ਠੀਕ ਹੀ ਕਿਹਾ ਹੈ ਕਿ ਰਿਸ਼ਵਤ ਇਕੱਲ੍ਹੀ ਹੀ ਨਹੀਂ ਅਉਂਦੀ। ਰਿਸ਼ਵਤ ਦੇਣ ਵਾਲੇ ਦੇ ਦੁੱਖ, ਮਜ਼ਬੂਰੀ, ਮਾੜੇ ਬਚਨ, ਕ੍ਰੋਧ, ਹਾਵੇ-ਹੌਕੇ ਅਤੇ ਬਦ-ਅਸੀਸਾਂ ਵੀ ਉਸ ਪੈਸੇ ਨਾਲ ਲੱਗੇ ਹੁੰਦੇ ਹਨ ਜੋ ਰਿਸ਼ਵਤ ਲੈਣ ਵਾਲੇ ਦੇ ਪਰਿਵਾਰ ਲਈ ਮਿੱਠੇ ਜ਼ਹਿਰ ਦਾ ਕੰਮ ਕਰਦੇ ਹਨ। ਫਿਰ ਵੀ ਬੰਦਾ ਸੋਚਦਾ ਹੈ ਕਿ ਮੈਂ ਕਿੱਡਾ ਸਿਆਣਾ (ਚਲਾਕ) ਹਾਂ। ਇਸੇ ਬਾਰੇ ਬਾਬਾ ਫਰੀਦ ਜੀ ਲਿਖਦੇ ਹਨ:
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰ ਨੀਂਵਾਂ ਕਰ ਦੇਖੁ॥

ਆਪਣੇ ਅੰਦਰ ਝਾਤੀ ਮਾਰ ਕੇ ਹੀ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਸਿਆਣੇ ਹਾਂ ਜਾਂ ਕਿੰਨੇ ਪਾਪੀ ਹਾਂ। ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਦਾ ਜੀਵਨ ਜੀਅ ਕੇ ਵੀ ਆਨੰਦਮਈ ਜ਼ਿੰਦਗੀ ਜੀਵੀ ਜਾ ਸਕਦੀ ਹੈ। ਦੁਨੀਆਂ ਦੀ ਹਰ ਚੀਜ਼ ਨਾਸ਼ਵਾਨ ਹੈ। ਮਨੁੱਖ ਵੀ ਨਾਸ਼ਵਾਨ ਹੈ। ਕੋਈ ਭਰੋਸਾ ਨਹੀਂ ਕਿ ਇਹ ਸਾਹ ਆਇਆ ਅਤੇ ਅਗਲਾ ਸਾਹ ਆਵੇ ਜਾਂ ਨਾ ਆਵੇ। ਧਨ, ਦੌਲਤ, ਕੋਠੀਆਂ ਕਾਰਾਂ ਅਤੇ ਰਿਸ਼ਤੇ ਨਾਤੇ ਸਭ ਝੂਠੇ ਸਹਾਰੇ ਹਨ। ਇਨ੍ਹਾਂ ਖਾਤਰ ਬੰਦਾ ਬੌਦਲਿਆਂ ਵਾਂਗ ਦਿਨ ਰਾਤ ਆਪਣਾ ਸਾਰਾ ਸੁੱਖ ਤਿਆਗ ਕੇ ਲੱਗਾ ਰਹਿੰਦਾ ਹੈ ਅਤੇ ਲੋਕਾਂ ਦੇ ਹੱਕ ਮਾਰ ਕੇ ਗ਼ਰੀਬਮਾਰ ਕਰਦਾ ਹੈ। ਇਹ ਸਹਾਰੇ ਨਾਲ ਨਹੀਂ ਨਿਭਣੇ। ਨਾਲ ਤੁਹਾਡੇ ਚੰਗੇ ਕਰਮ ਹੀ ਨਿਭਣੇ ਹਨ। ਜਦ ਬੰਦਾ ਦੂਸਰਿਆਂ ਦੇ ਸਹਾਰੇ ਰਹਿੰਦਾ ਹੈ ਤਾਂ ਉਹ ਉਸ ਦੀ ਕਮਜ਼ੋਰੀ ਬਣਦੇ ਹਨ ਪਰ ਜਦ ਬੰਦਾ ਆਪਣੇ ਆਤਮ ਬਲ ਦੇ ਸਹਾਰੇ ਰਹਿੰਦਾ ਹੈ ਤਾਂ ਇਹ ਉਸ ਦੀ ਸ਼ਕਤੀ ਬਣਦਾ ਹੈ।
ਤੁਸੀਂ ਜੋ ਬੀਜੋਗੇ ਉਹ ਹੀ ਵੱਢੋਗੇ। ਜੇ ਤੁਸੀਂ ਕਿਸੇ ਨਾਲ ਬੁਰਾ ਕਰੋਗੇ ਤਾਂ ਤੁਹਾਡੇ ਨਾਲ ਵੀ ਬੁਰਾ ਹੀ ਹੋਵੇਗਾ। ਜੇ ਤੁਸੀਂ ਕਿਸੇ ਦੀ ਮਦਦ ਕਰੋਗੇ ਜਾਂ ਕਿਸੇ ਦਾ ਭਲਾ ਕਰੋਗੇ ਤਾਂ ਤੁਹਾਡੇ ਔਖੇ ਸਮੇਂ ਵੀ ਕੁਝ ਹੱਥ ਤੁਹਾਡੀ ਮਦਦ ਨੂੰ ਜ਼ਰੂਰ ਆਉਣਗੇ। ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ। ਤੁਹਾਡੀ ਕਮਾਈ ਵਿਚ ਬਰਕਤ ਪਵੇਗੀ ਅਤੇ ਘਰ ਵਿਚ ਖ਼ੁਸ਼ਹਾਲੀ ਆਵੇਗੀ। ਤੁਹਾਡਾ ਹਰ ਕੰਮ ਰਾਸ ਆਵੇਗਾ ਅਤੇ ਪਰਿਵਾਰ ਵਿਚ ਸੁੱਖ ਸ਼ਾਤੀ ਦਾ ਵਾਸਾ ਹੋਵੇਗਾ। ਤੁਸੀਂ ਮਾੜੇ ਕੰਮਾਂ ਨੂੰ ਤਿਆਗ ਕੇ ਪੁਰਸ਼ਾਰਥ ਦੇ ਕੰਮ ਸ਼ੁਰੂ ਕਰੋ। ਤੁਹਾਡੇ ਇਹ ਚੰਗੇ ਕੰਮ ਤੁਹਾਡੇ ਬੈਂਕ ਵਿਚ ਜਮਾਂ-ਪੂੰਜੀ ਦੀ ਤਰ੍ਹਾਂ ਹਨ ਜੋ ਜ਼ਰੂਰਤ ਸਮੇਂ ਤੁਹਾਡੇ ਸਹਾਈ ਹੋਣਗੇ। ਮਨੁੱਖ ਦਾ ਚੰਗੇ ਕੰਮਾਂ ਨੂੰ ਉਸ ਦੇ ਪਿੱਛੋਂ ਵੀ ਯਾਦ ਕੀਤਾ ਜਾਂਦਾ ਹੈ। ਤੁਸੀਂ ਉੱਠੋ ਅਤੇ ਆਪਣੇ ਆਉਣ ਵਾਲੇ ਕੱਲ ਦਾ ਅੱਜ ਹੀ ਆਪਣੀ ਮਿਹਨਤ ਅਤੇ ਚੰਗੇ ਕੰਮਾਂ ਦੁਆਰਾ ਨਿਰਮਾਣ ਕਰੋ । ਇਕ ਸੁਨਹਿਰੀ ਸੱਜਰੀ ਸਵੇਰ ਤੁਹਾਡੀ ਕਾਮਯਾਬੀ ਦਾ ਇੰਤਜਾਰ ਕਰ ਰਹੀ ਹੈ।
*****

ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861
  9463189432
email: gursharan1183@yahoo.in

ਕਹਾਣੀ :  ਬੁਢਾਪੇ ਦਾ ਸਹਾਰਾ - ਗੁਰਸ਼ਰਨ ਸਿੰਘ ਕੁਮਾਰ

ਗੁਰਦਿਆਲ 35 ਸਾਲ ਦੀ ਨੌਕਰੀ ਕਰ ਕੇ ਪੰਜਾਬ ਸਰਕਾਰ ਤੋਂ ਸੇਵਾ ਮੁਕਤ ਹੋਇਆ ਤਾਂ ਉਸ ਦੇ ਘਰ ਵਿਆਹ ਵਰਗਾ ਮਾਹੌਲ ਸੀ। ਸਾਰੇ ਦੋਸਤ ਮਿੱਤਰ ਅਤੇ ਕਰੀਬੀ ਰਿਸ਼ਤੇਦਾਰ ਬੁਲਾਏ ਗਏ ਸਨ। ਉਸ ਦੀ ਭੈਣ ਪ੍ਰੀਤਮਾ ਅਤੇ ਜੀਜਾ ਪਰਮਿੰਦਰ ਖਾਸ ਤੋਰ ਤੇ ਬੰਗਲੋਰ ਤੋਂ ਆਏ ਸਨ। ਉਸ ਦੀ ਪਤਨੀ ਗੁਰਪਾਲ ਕੌਰ ਅਤੇ ਦੋਵੇਂ ਬੱਚੇ ਨਰਿੰਦਰ ਅਤੇ ਬਲਵਿੰਦਰ ਵੀ ਕੋਲ ਹੀ ਸਨ। ਸ਼ੁਕਰਾਨੇ ਵਜੋਂ ਆਖੰਡ ਪਾਠ ਦੇ ਭੋਗ ਪੁਵਾਏ ਗਏ ਅਤੇ ਰਾਤ ਨੂੰ ਇਕ ਸ਼ਾਨਦਾਰ ਪਾਰਟੀ ਦਿੱਤੀ ਗਈ। ਸਭ ਪਾਸੇ ਖ਼ੁਸ਼ੀ ਦਾ ਮਾਹੌਲ ਸੀ।
ਸਭ ਕਾਸੇ ਤੋਂ ਵਿਹਲੇ ਹੋ ਕੇ ਅਗਲੇ ਦਿਨ ਮੌਕਾ ਦੇਖ ਕੇ ਗੁਰਦਿਆਲ ਅਤੇ ਭੈਣ ਪ੍ਰੀਤਮਾ ਇਕੱਠੇ ਬੈਠੇ ਤਾਂ ਪ੍ਰੀਤਮਾ ਕਹਿਣ ਲੱਗੀ-''ਵੀਰੇ ਤੈਨੂੰ ਰਿਟਾਇਰਮੈਂਟ ਦੇ ਕਿੰਨੇ ਕੁ ਪੈਸੇ ਮਿਲੇ ਹਨ?''
''ਇਹੋ ਹੀ ਕੋਈ 25 ਕੁ ਲੱਖ ਰੁਪਏ''
''ਵੀਰੇ ਮੈਂ ਤੇਰੇ 'ਤੋਂ ਵੱਡੀ ਹਾਂ। ਮੈਂ ਤੇਰੇ ਭਲੇ ਲਈ ਤੈਨੂੰ ਇਕ ਗੱਲ ਕਹਾਂਗੀ''
''ਉਹ ਕੀ?''
''ਗੱਲ ਇਹ ਹੈ ਕਿ ਅੱਜ ਕੱਲ੍ਹ ਜ਼ਮਾਨਾ ਬਹੁਤ ਖ਼ਰਾਬ ਹੈ। ਸਭ ਪੈਸੇ ਦੇ ਹੀ ਮਿੱਤਰ ਹਨ। ਤੂੰ ਆਪਣੇ ਪੈਸੇ ਸੰਭਾਲ ਕੇ ਰੱਖੀਂ। ਕਿਸੇ ਨੂੰ ਦੇਵੀਂ ਨਾ। ਤੇਰੇ ਇਹ ਪੈਸੇ ਹੀ ਬੁਢਾਪੇ ਵਿਚ ਤੇਰੇ ਕੰਮ ਆਉਣੇ ਹਨ। ਜੇ ਤੇਰੇ ਹੱਥ ਪੱਲੇ ਕੁਝ ਨਾ ਰਿਹਾ ਤਾਂ ਤੇਰੇ ਨੇੜੇ ਕਿਸੇ ਨੇ ਨਹੀਂ ਲੱਗਣਾ।''
''ਠੀਕ ਹੈ, ਭੈਣੇ ਤੂੰ ਜਿਵੇਂ ਕਹਿੰਦੀ ਹੈਂ ਮੈਂ ਉਵੇਂ ਹੀ ਕਰਾਂਗਾ। ਇਨ੍ਹਾਂ ਪੈਸਿਆਂ ਦੀ ਮੈਂ ਬੈਂਕ ਵਿਚ ਪੱਕੀ ਹੀ ਐਫ. ਡੀ. ਕਰਾ ਦਿਆਂਗਾ।''
ਦੂਜੇ ਕਮਰੇ ਵਿਚ ਪ੍ਰੀਤਮਾ ਦਾ ਪਤੀ ਇਹ ਸਾਰੀ ਸੁਣ ਰਿਹਾ ਸਕਦਾ ਸੀ। ਰਾਤ ਨੂੰ ਮੌਕਾ ਦੇਖ ਕੇ ਪ੍ਰੀਤਮਾ ਨੂੰ ਕਿਹਾ-''ਤੂੰ ਗੁਰਦਿਆਲ ਨੂੰ ਇਹ ਕਿਉਂ ਕਿਹਾ ਕਿ ਆਪਣੇ ਪੈਸੇ ਸੰਭਾਲ ਕੇ ਰੱਖੀਂ, ਕਿਸੇ ਨੂੰ ਦਵੀਂ ਨਾਂ? ਇਹ ਹੀ ਬੁਢਾਪੇ ਵਿਚ ਤੇਰੇ ਕੰਮ ਆਉਣਗੇ।''
''ਤੇ ਹੋਰ ਕੀ ਕਹਿੰਦੀ ਕਿ ਸਾਰੇ ਪੈਸੇ ਵੰਡ ਕੇ ਕੱਖੋਂ ਹੌਲਾ ਹੋ ਕੇ ਬੈਠ ਜਾਵੇ?''
''ਨਹੀਂ ਤੂੰ ਇਹ ਤਾਂ ਕਹਿ ਹੀ ਸਕਦੀ ਸੀ ਇਨ੍ਹਾਂ ਵਿਚੋਂ ਅੱਧੇ ਪੈਸੇ ਲਾ ਕੇ ਦੋਵੇਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਵਿਚ ਮਦਦ ਕਰੇ। ਇਹ ਹੀ ਉਸ ਦੀ ਅਸਲ ਦੌਲਤ ਹੈ। ਬਾਕੀ ਅੱਧੇ ਪੈਸੇ ਬੇਸ਼ੱਕ ਉਹ ਆਪਣੀਆਂ ਆਉਣ ਵਾਲੀਆਂ ਜ਼ਰੂਰਤਾਂ ਲਈ ਰੱਖ ਲੈਂਦਾ।''
''ਰਹਿਣ ਦਿਉ ਤੁਸੀਂ, ਆਏ ਵੱਡੇ ਸਿਆਣੇ। ਮੈਂ ਜਾਣਦੀ ਹਾਂ ਤੁਸੀਂ ਕਿੰਨੇ ਕੁ ਪਾਣੀ ਵਿਚ ਹੋ। ਤੁਹਾਡੇ ਜਿਹਾ ਘਰ ਗੁਵਾਉ ਬੰਦਾ ਤਾਂ ਮੈਂ ਅੱਜ ਤੱਕ ਕੋਈ ਨਹੀਂ ਦੇਖਿਆ।'' ਪ੍ਰੀਤਮਾ ਨੇ ਆਪਣੇ ਪਤੀ ਨੂੰ ਝਾੜ ਕੇ ਚੁੱਪ ਕਰਾ ਦਿੱਤਾ।
ਗੁਰਪਾਲ ਕੌਰ ਗੁਰਦਿਆਲ ਦੀ ਦੂਜੀ ਪਤਨੀ ਸੀ। ਵੈਸੇ ਉਸ ਤੋਂ ਪਹਿਲਾਂ ਗੁਰਦਿਆਲ ਦੀ ਗ੍ਰਹਿਸਥੀ ਦੀ ਗੱਡੀ ਪਹਿਲੀ ਪਤਨੀ ਅਣੂ ਨਾਲ ਤਾਂ ਠੀਕ ਹੀ ਚੱਲ ਰਹੀ ਸੀ। ਉਸ ਤੋਂ ਗੁਰਦਿਆਲ ਨੂੰ ਦੋ ਪਿਆਰੇ ਪਿਆਰੇ ਬੱਚੇ ਨਰਿੰਦਰ ਅਤੇ ਬਲਵਿੰਦਰ ਵੀ ਮਿਲੇ ਸਨ ਪਰ ਰੱਬ ਨੂੰ ਕੁਝ ਹੋਰ ਹੀ ਮੰਜ਼ੂਰ ਸੀ।ਬੱਚੇ ਹਾਲੀ ਤਿੰਨ ਅਤੇ ਪੰਜ ਸਾਲ ਦੇ ਹੀ ਸਨ ਕਿ ਅਣੂ ਬਲਡ ਕੈਂਸਰ ਨਾਲ ਰੱਬ ਨੂੰ ਪਿਆਰੀ ਹੋ ਗਈ। ਬੱਚਿਆਂ ਦੇ ਪਾਲਣ ਪੋਸਣ ਖਾਤਿਰ ਗੁਰਦਿਆਲ ਨੂੰ ਗੁਰਪਾਲ ਨਾਲ ਦੂਜਾ ਵਿਆਹ ਕਰਵਾਉਣਾ ਪਿਆ। ਸ਼ਾਦੀ ਤੋਂ ਬਾਅਦ ਗੁਰਪਾਲ ਦਾ ਆਪਣਾ ਕੋਈ ਬੱਚਾ ਨਾ ਹੋਇਆ ਅਤੇ ਨਾ ਹੀ ਉਸ ਨੂੰ ਨਰਿੰਦਰ ਅਤੇ ਬਲਵਿੰਦਰ ਨਾਲ ਕੋਈ ਮੋਹ ਪਿਆ।
ਸਮਾਂ ਆਪਣੀ ਤੋਰ ਚਲਦਾ ਰਿਹਾ। ਬੱਚੇ ਵੱਡੇ ਹੋ ਗਏ। ਉਨ੍ਹਾਂ ਨੂੰ ਆਪਣੇ ਪਿਓ ਅਤੇ ਮਤਰੇਈ ਮਾਂ ਦਾ ਖ਼ਰਵਾ ਸੁਭਾਅ ਅਖ਼ਰਣ ਲੱਗਾ ਨਰਿੰਦਰ ਨੇ ਇਕ ਗੈਸਟ ਹਾਉਸ ਵਿਚ ਕੇਅਰ ਟੇਕਰ ਦੀ ਨੌਕਰੀ ਕਰ ਲਈ ਅਤੇ ਉਹ ਉੱਥੇ ਹੀ ਰਹਿਣ ਲੱਗਾ। ਬਲਵਿੰਦਰ ਨੇ ਕਾਰ ਚਲਾਣੀ ਸਿੱਖ ਲਈ ਅਤੇ ਕਿਰਾਏ ਤੇ ਲੈ ਕੇ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ ਪਰ ਉਹ ਜਿੰਨੀ ਮਿਹਨਤ ਕਰਦਾ ਸੀ, ਕਮਾਈ ਵਿਚ ਓਨੀ ਬਰਕਤ ਨਹੀਂ ਸੀ ਪੈਂਦੀ। ਕਦੀ ਸਵਾਰੀ ਮਿਲਦੀ ਅਤੇ ਕਦੀ ਨਾ ਮਿਲਦੀ ਪਰ ਟੈਕਸੀ ਦਾ ਕਿਰਾਇਆ ਵੀ ਪੱਲਿਉਂ ਦੀ ਦੇਣਾ ਪੈਂਦਾ। ਪਿਤਾ ਦੇ ਰਿਟਾਇਰ ਹੋਣ ਤੇ ਬਲਵਿੰਦਰ ਨੇ ਕਿਹਾ-''ਡੈਡੀ, ਮੇਰੀ ਅੱਧੀ ਕਮਾਈ ਟੈਕਸੀ ਦੇ ਕਿਰਾਏ ਵਿਚ ਹੀ ਚਲੀ ਜਾਂਦੀ ਹੈ। ਜੇ ਤੁਸੀਂ ਮੈਨੂੰ ਨਵੀਂ ਗੱਡੀ ਲੈ ਦਿਉ ਤਾਂ ਮੇਰੀ ਕਮਾਈ ਦੂਣੀ ਹੋ ਜਾਵੇਗੀ। ਮੈਂ ਜਲਦੀ ਹੀ ਤੁਹਡੇ ਸਾਰੇ ਪੈਸੇ ਵਪਸ ਮੋੜ ਦੇਵਾਂਗਾ।''
ਗੁਰਦਿਆਲ ਦਾ ਦਿਮਾਗ ਤਾਂ ਉਸ ਦੀ ਭੈਣ ਪ੍ਰੀਤਮਾ ਖਰਾਬ ਕਰ ਗਈ ਸੀ। ਉਸ ਨੇ ਬਲਵਿੰਦਰ ਨੂੰ ਪੈਸੇ ਦੇਣ ਤੋਂ ਸਾਫ ਮਨਾ ਕਰ ਦਿੱਤਾ। ਇਸ ਦਾ ਬੱਚੇ ਨੂੰ ਬਹੁਤ ਦੁੱਖ ਲੱਗਾ। ਉਹ ਭੈੜੀ ਸੰਗਤ ਵਿਚ ਪੈ ਗਿਆ। ਉਸ ਨੇ ਕੇਸ ਕਟਾ ਲਏ ਅਤੇ ਨਸ਼ੇ ਕਰਨ ਲੱਗਾ। ਪਿਓ ਪੁੱਤਰ ਵਿਚ ਕਈ ਵਾਰੀ ਕਲੇਸ਼ ਹੁੰਦਾ। ਇਸ ਲਈ ਬਲਵਿੰਦਰ ਕਈ ਕਈ ਦਿਨ ਘਰੋਂ ਵੀ ਗਾਇਬ ਰਹਿਣ ਲੱਗਾ। ਇਕ ਦਿਨ ਘਰੋਂ ਐਸਾ ਗਿਆ ਕਿ ਵਾਪਸ ਨਹੀਂ ਆਇਆ। ਅਠਵੇਂ ਦਿਨ ਸਰਹਿੰਦ ਨਹਿਰ ਵਿਚੋਂ ਉਸ ਦੀ ਲਾਸ਼ ਮਿਲੀ।
ਦੂਜੇ ਪਾਸੇ ਨਰਿੰਦਰ ਦਾ ਮਾਲਕ ਇਕ ਭਲਾ ਆਦਮੀ ਸੀ। ਉਸ ਨੇ ਨਰਿੰਦਰ ਨੂੰ ਆਪਣਾ ਭਾਈਵਾਲ ਬਣਾ ਲਿਆ। ਉਹ ਪੈਸੇ ਵਲੋਂ ਸੌਖਾ ਹੋ ਗਿਆ ਅਤੇ ਆਪਣੀ ਅਰਾਮ ਦੀ ਜ਼ਿੰਦਗੀ ਬਸਰ ਕਰਨ ਲੱਗਾ ਪਰ ਉਸ ਨੇ ਘਰ ਵਿਚ ਕਦੀ ਦੁਬਾਰਾ ਕਦਮ ਨਾ ਰੱਖਿਆ।
ਗੁਰਦਿਆਲ ਬਹੁਤ ਉਦਾਸ ਰਹਿਣ ਲੱਗਾ। ਉਸ ਦਾ ਕਿਸੇ ਕੰਮ ਵਿਚ ਵੀ ਮਨ ਨਾ ਲੱਗਦਾ ਉਤੋਂ ਰੱਬ ਦਾ ਭਾਣਾ ਐਸਾ ਵਰਤਿਆ ਕਿ ਉਸ ਦੀ ਪਤਨੀ ਗੁਰਪਾਲ ਦੇ ਪੇਟ ਵਿਚ ਇਕ ਦਿਨ ਐਸਾ ਸੂਲ ਉੱਠਿਆ ਜੋ ਉਸ ਦੀ ਜਾਨ ਲੈ ਬੈਠਾ। ਹੁਣ ਗੁਰਦਿਆਲ ਦੀ ਦੁਨੀਆਂ ਬਿਲਕੁਲ ਹਨੇਰੀ ਹੋ ਗਈ। ਐਡੀ ਵੱਡੀ ਦੁਨੀਆਂ ਵਿਚ ਉਹ ਬਿਲਕੁਲ ਇਕੱਲ੍ਹਾ ਰਹਿ ਗਿਆ। ਇਸ ਕਾਰਨ ਉਹ ਬਿਮਾਰ ਰਹਿਣ ਲੱਗਾ ਪਰ ਡਾਕਟਰ ਕੋਲ ਲੈ ਕੇ ਜਾਣ ਵਾਲਾ ਜਾਂ ਦੁਵਾਈ ਲਿਆ ਕੇ ਦੇਣ ਵਾਲਾ ਉਸ ਕੋਲ ਕੋਈ ਵੀ ਨਹੀਂ ਸੀ। ਇਕ ਦਿਨ ਉਸ ਨੇ ਆਪਣੀ ਭੈਣ ਪ੍ਰੀਤਮਾ ਨੂੰ ਫੋਨ 'ਤੇ ਆਪਣੀ ਸਾਰੀ ਕਹਾਣੀ ਦੱਸੀ। ਭੈਣ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਕਿਹਾ-''ਵੀਰ ਮੈਂ ਤੇਰਾ ਦੁੱਖ ਸਮਝਦੀ ਹਾਂ। ਕੀ ਕਰਾਂ ਹੁਣ ਤਾਂ ਮੈਂ ਆਪ ਵੀ ਬੁੱਢੀ ਹੋ ਗਈ ਹਾਂ। ਸਰੀਰ ਜਵਾਬ ਦਿੰਦਾ ਜਾਂਦਾ ਹੈ। ਤੂੰ ਇਕ ਪੂਰੇ ਸਮੇਂ ਦਾ ਨੌਕਰ ਰੱਖ ਲੈ। ਜਦ ਵੀ ਮੌਕਾ ਮਿਲਿਆ, ਮੈਂ ਜਲਦੀ ਤੇਰੇ ਜੀਜਾ ਜੀ ਨਾਲ ਤੇਰੇ ਕੋਲ ਆਵਾਂਗੀ।''
ਗੁਰਦਿਆਲ ਨੇ 15000/- ਰੁਪਏ ਮਹੀਨੇ ਤੇ ਪੂਰੇ ਸਮੇਂ ਲਈ ਇਕ ਨੌਕਰ ਰੱਖ ਲਿਆ ਜੋ ਉੱਥੇ ਹੀ ਰਹਿੰਦਾ ਸੀ ਅਤੇ ਉੱਥੇ ਹੀ ਖਾਂਦਾ ਸੀ। ਗੁਰਦਿਆਲ ਦੇ ਦਵਾ ਦਾਰੂ ਅਤੇ ਸੁੱਖ ਅਰਾਮ ਦਾ ਵੀ ਪੂਰਾ ਖਿਆਲ ਰੱਖਦਾ ਸੀ ਪਰ ਤਿੰਨ ਮਹੀਨੇ ਬਾਅਦ ਹੀ ਉਹ ਘਰ ਵਿਚੋਂ ਦੋ ਲੱਖ ਰੁਪਇਆ ਅਤੇ ਹੋਰ ਵੀ ਕੀਮਤੀ ਸਮਾਨ ਲੈ ਕੇ ਭੱਜ ਗਿਆ। ਇਸ ਦਾ ਗੁਰਦਿਆਲ ਨੂੰ ਬਹੁਤ ਸਦਮਾ ਲੱਗਿਆ ਪਰ ਉਹ ਕਰ ਕੁਝ ਨਹੀਂ ਸੀ ਸਕਦਾ। ਹੁਣ ਉਹ ਪੂਰੀ ਤਰ੍ਹਾਂ ਹਿੰਮਤ ਹਾਰ ਚੁੱਕਾ ਸੀ। ਉਸ ਨੂੰ ਪਾਣੀ ਦਾ ਗਿਲਾਸ ਦੇਣ ਵਾਲਾ ਵੀ ਕੋਈ ਬੰਦਾ ਨਹੀਂ ਸੀ। ਅੰਤ ਉਹ ਬੈਡ 'ਤੇ ਪੈ ਕੇ ਆਖਰੀ ਸਾਹ ਗਿਣਨ ਲੱਗਾ। ਉਸ ਦੇ ਕੰਨਾਂ ਵਿਚ ਭੈਣ ਦੇ ਕਹੇ ਹੋਏ ਗਲਤ ਸ਼ਬਦ ਇਸ ਸਮੇਂ ਗੂੰਜ ਰਹੇ ਸਨ-'' ਤੂੰ ਆਪਣੇ ਪੈਸੇ ਸੰਭਾਲ ਕੇ ਰੱਖੀਂ। ਕਿਸੇ ਨੂੰ ਦੇਵੀਂ ਨਾ। ਤੇਰੇ ਇਹ ਪੈਸੇ ਹੀ ਬੁਢਾਪੇ ਵਿਚ ਤੇਰੇ ਕੰਮ ਆਉਣੇ ਹਨ। ਜੇ ਤੇਰੇ ਹੱਥ ਪੱਲੇ ਕੁਝ ਨਾ ਰਿਹਾ ਤਾਂ ਤੇਰੇ ਨੇੜੇ ਕਿਸੇ ਨੇ ਨਹੀਂ ਲੱਗਣਾ।''
ਬੈਂਕ ਦੀ ਪਾਸ ਬੁੱਕ ਜਿਸ ਵਿਚ 24 ਲੱਖ ਰੁਪਇਆ ਜਮ੍ਹਾ ਸੀ ਅਤੇ ਨਕਦ ਪੰਜ ਲੱਖ ਰੁਪਏ ਉਸ ਦੇ ਸਿਰਹਾਣੇ ਥੱਲੇ ਪਏ ਸਨ। ਇਹ ਸਾਰਾ ਪੈਸਾ ਉਸ ਦਾ ਕੋਈ ਸਹਾਰਾ ਨਹੀਂ ਸੀ ਬਣ ਰਿਹਾ।
*****

ਗੁਰਸ਼ਰਨ ਸਿੰਘ ਕੁਮਾਰ
 # 1183, ਫੇਜ਼-10, ਮੁਹਾਲੀ
ਮੋਬਾਇਲ:-8360842861
  9463189432
email:gursharan1183@yahoo.in

ਪ੍ਰੇਰਨਾਦਾਇਕ ਲੇਖ : ਸ਼ਖ਼ਸੀਅਤ ਬਣ ਕੇ ਜੀਓ - ਗੁਰਸ਼ਰਨ ਸਿੰਘ ਕੁਮਾਰ

ਜਿਵੇਂ ਪੈਸਾ ਕਮਾਉਣ ਲਈ ਮਿਹਨਤ ਕਰਨੀ ਪੈਂਦੀ ਹੈ ਉਵੇਂ ਹੀ ਆਪਣੀ ਸ਼ਖ਼ਸੀਅਤ ਬਣਾਉਣ ਲਈ ਅਤੇ ਸੁਖੀ ਰਹਿਣ ਲਈ ਵਿਸ਼ੇਸ਼ ਧਿਆਣ ਦੇਣ ਦੀ ਅਤੇ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਜਦ ਕੋਈ ਬੰਦਾ ਕਿਸੇ ਕੰਮ ਨੂੰ ਵਾਰ ਵਾਰ ਕਰਦਾ ਹੈ ਤਾਂ ਇਹ ਉਸ ਦੀ ਵੱਖਰੀ ਪਛਾਣ ਬਣ ਜਾਂਦੀ ਹੈ। ਇਸ ਵੱਖਰੀ ਪਛਾਣ ਨੂੰ ਹੀ ਸ਼ਖ਼ਸੀਅਤ ਕਿਹਾ ਜਾਂਦਾ ਹੈ। ਜਦ ਕੋਈ ਮਨੁੱਖ ਕਾਫ਼ੀ ਗੁਣਾਂ ਦਾ ਧਾਰਨੀ ਬਣਦਾ ਹੈ ਤਾਂ ਉਸਦੀ ਸ਼ਾਨਦਾਰ ਸ਼ਖ਼ਸੀਅਤ ਬਣਦੀ ਹੈ। ਵੈਸੇ ਸ਼ਖ਼ਸੀਅਤ ਚੰਗੀ ਮਾੜੀ ਦੋਵੇਂ ਤਰ੍ਹਾਂ ਦੀ ਹੁੰਦੀ ਹੈ ਪਰ ਜ਼ਿਆਦਾ ਤੋਰ ਤੇ ਚੰਗੀ ਸ਼ਖ਼ਸੀਅਤ ਦਾ ਹੀ ਜਿਕਰ ਕੀਤਾ ਜਾਂਦਾ ਹੈ।
ਸ਼ਖ਼ਸੀਅਤ ਬਣਾਉਣ ਲਈ ਪਹਿਲਾਂ ਮਿਹਨਤ ਅਤੇ ਚੰਗੀਆਂ ਆਦਤਾਂ ਦੇ ਬੀਜ਼ ਬੀਜ਼ਣੇ ਪੈਂਦੇ ਹਨ। ਫਿਰ ਖ਼ੁਸ਼ਹਾਲੀ ਦੇ ਫੁੱਲ ਲੱਗਦੇ ਹਨ ਅਤੇ ਸ਼ਖ਼ਸੀਅਤ ਬਣਦੀ ਹੈ। ਜਦ ਸ਼ਖ਼ਸੀਅਤ ਨਿੱਖਰਦੀ ਹੈ ਤਾਂ ਸੁੱਖ ਮਿਲਣੇ ਸ਼ੁਰੂ ਹੋ ਜਾਂਦੇ ਹਨ। ਕਈ ਲੋਕ ਆਪਣੀ ਸ਼ਖ਼ਸੀਅਤ ਨੂੰ ਬਣਾਉਣ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਉਹ ਆਪਣੇ ਆਪ ਨੂੰ ਕਿਸਮਤ ਦੇ ਸਹਾਰੇ ਛੱਡ ਦਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਪਾਣੀ ਵਿਚ ਤੈਰ ਰਹੇ ਤਿਨਕੇ ਦੀ ਤਰ੍ਹਾਂ ਹੁੰਦੀ ਹੈ। ਤਿਨਕੇ ਨੂੰ ਲਹਿਰਾਂ ਜਿੱਧਰ ਮਰਜ਼ੀ ਰੋੜ੍ਹ ਕੇ ਲੈ ਜਾਣ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਅਜਿਹੇ ਬੰਦਿਆਂ ਦੀ ਜ਼ਿੰਦਗੀ ਹੋਈ ਨਾ ਹੋਈ ਇਕ ਬਰਾਬਰ ਹੀ ਹੁੰਦੀ ਹੈ।
ਜੇ ਤੁਸੀਂ ਆਪਣੀ ਸ਼ਖ਼ਸੀਅਤ ਨੂੰ ਸ਼ਾਨਦਾਰ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪਹਿਲਾਂ ਆਪਣੀ ਦਿੱਖ ਨੂੰ ਸੁਧਾਰੋ। ਆਪਣੇ ਆਪ ਨੂੰ ਲਿਸ਼ਕਾ ਕੇ ਰੱਖੋ। ਇਸ ਦਾ ਮਤਲਬ ਇਹ ਨਹੀਂ ਕਿ  ਤੁਹਾਡਾ ਚਿਹਰਾ ਗੋਰਾ ਹੋਵੇ ਅਤੇ ਕੱਪੜੇ ਕੀਮਤੀ ਹੋਣ। ਜਿਹੋ ਜਿਹਾ ਚਿਹਰਾ ਰੱਬ ਨੇ ਦਿੱਤਾ ਹੈ ਉਹ ਹੀ ਠੀਕ ਹੈ। ਇੱਥੇ ਮਤਲਬ ਇਹ ਹੈ ਕਿ ਆਪਣੇ ਸਾਰੇ ਸਰੀਰ ਦੀ ਸਫ਼ਾਈ ਅਤੇ ਸਿਹਤ ਵਲ ਪੂਰਾ ਧਿਆਨ ਦਿਓ। ਤੁਹਾਡੇ ਸਰੀਰ ਨੇ ਸਾਰੀ ਉਮਰ ਤੁਹਾਡੇ ਨਾਲ ਨਿਭਣਾ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣਾ ਤੁਹਾਡਾ ਫ਼ਰਜ਼ ਹੈ। ਬਿਮਾਰ ਬੰਦਾ ਕੋਈ ਮਾਰਕੇ ਦਾ ਕੰਮ ਨਹੀਂ ਕਰ ਸਕਦਾ  ਅਤੇ ਕਮਜ਼ੋਰ ਬੰਦੇ ਨੂੰ ਸਾਰੇ ਦਬਾ ਲੈਂਦੇ ਹਨ। ਸਰੀਰ ਨੂੰ ਤੰਦਰੁਸਤ ਰੱਖਣ ਲਈ ਨਸ਼ਿਆਂ ਤੇ ਹੋਰ ਮਾੜੀਆਂ ਆਦਤਾਂ ਤੋਂ ਬਚੋ। ਬੇਸ਼ੱਕ ਤੁਹਾਡੇ ਕੱਪੜੇ ਕੀਮਤੀ ਨਾ ਹੋਣ ਪਰ ਉਹ ਮੌਸਮ ਅਤੇ ਰਿਵਾਜ਼ ਮੁਤਾਬਕ, ਤੁਹਾਡੇ ਸਰੀਰ 'ਤੇ ਢੁਕਵੇਂ ਅਤੇ ਸਾਫ ਸੁਥਰੇ ਹੋਣੇ ਚਾਹੀਦੇ ਹਨ। ਤੁਸੀਂ ਸਦਾ ਚਿੰਤਾ ਰਹਿਤ ਅਤੇ ਸਹਿਜ ਵਿਚ ਰਹੋ ਅਤੇ ਚਿਹਰੇ ਤੇ ਮੁਸਕਰਾਹਟ ਰੱਖੋ। ਫਿਰ ਦੇਖੋ ਲੋਕ ਕਿਵੇਂ ਤੁਹਾਡੇ ਵੱਲ ਖਿੱਚੇ ਜਾਂਦੇ ਹਨ। ਆਪਣੀਆਂ ਮਾੜੀਆਂ ਆਦਤਾਂ ਨੂੰ ਤਿਆਗੋ ਅਤੇ ਚੰਗੀਆਂ ਆਦਤਾਂ ਨੂੰ ਅਪਣਾਓ। ਇਸ ਤੋਂ ਇਲਾਵਾ ਹੇਠ ਲਿਖੀਆਂ ਗੱਲਾਂ ਵੱਲ ਵੀ ਧਿਆਨ ਦਿਓ:
ਦੁਨੀਆਂ ਖੂਹ ਦੀ ਆਵਾਜ਼ ਹੈ। ਦੂਜਿਆਂ ਨਾਲ ਓਹੋ ਜਿਹਾ ਵਿਓਹਾਰ ਕਰੋ ਜਿਹੋ ਜਿਹਾ ਤੁਸੀਂ ਉਨ੍ਹਾਂ ਤੋਂ ਆਪਣੇ ਲਈ ਚਾਹੁੰਦੇ ਹੋ। ਜੇ ਤੁਸੀਂ ਦੂਜਿਆਂ ਨੂੰ ਸਹਿਯੋਗ ਕਰੋਗੇ ਤਾਂ ਬਦਲੇ ਵਿਚ ਤੁਹਾਨੂੰ ਉਨ੍ਹਾਂ ਤੋਂ ਸਹਿਯੋਗ ਹੀ ਮਿਲੇਗਾ। ਤੁਹਾਡੇ ਆਪਸੀ ਰਿਸ਼ਤੇ ਸੁਖਾਵੇਂ ਬਣਨਗੇ। ਕਿਸੇ ਦੀ ਪ੍ਰਸੰਸਾ ਕਰਨ ਸਮੇਂ ਕੰਜੂਸੀ ਨਾ ਕਰੋ। ਦੂਸਰਿਆਂ ਪ੍ਰਤੀ ਆਪਣਾ ਮਨ ਸਾਫ ਰੱਖੋ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਖ਼ੁਸ਼ ਹੋਵੋ। ਉਨ੍ਹਾਂ ਦੇ ਖ਼ੁਸ਼ੀ ਦੇ ਮੌਕਿਆਂ ਤੇ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਜ਼ਰੂਰ ਦਿਓ। ਉਨ੍ਹਾਂ ਦੇ ਬੱਚਿਆਂ ਨੂੰ ਪਿਆਰ ਕਰੋ ਅਤੇ ਹੌਸਲਾ ਅਫ਼ਜ਼ਾਈ ਕਰੋ। ਇਸ ਤਰ੍ਹਾਂ ਤੁਹਾਡੇ ਆਪਸੀ ਸਬੰਧ ਸੁਖਾਵੇਂ ਅਤੇ ਲੰਮੇ ਸਮੇਂ ਤੱਕ ਨਿਭਣ ਵਾਲੇ ਹੋਣਗੇ। ਲੋੜ ਵੇਲੇ ਉਹ ਤੁਹਾਡੇ ਸਹਾਈ ਹੋਣਗੇ ਅਤੇ ਤੁਹਾਡੇ ਨਾਲ ਖੜਨਗੇ।
ਜਿਹੜੀਆਂ ਮਾੜੀਆਂ ਆਦਤਾਂ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਰੋਕਣਾ ਚਾਹੁੰਦੇ ਹੋ ਪਹਿਲਾਂ ਆਪ ਉਨ੍ਹਾਂ ਤੋਂ ਬਚੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਨਸ਼ੇ ਨਾ ਕਰਨ ਤਾਂ ਪਹਿਲਾਂ ਤੁਹਾਨੂੰ ਆਪ ਸਾਰੇ ਨਸ਼ੇ ਛੱਡਣੇ ਪੈਣਗੇ। ਜੇ ਤੁਸੀਂ ਆਪ ਰੋਜ਼ ਸ਼ਰਾਬ ਦੀ ਬੋਤਲ ਖੋਲ੍ਹ ਕੇ ਬੈਠ ਜਾਂਦੇ ਹੋ ਤਾਂ ਤੁਸੀਂ ਕਦੀ ਆਪਣੇ ਬੱਚਿਆਂ ਨੂੰ ਸ਼ਰਾਬ ਪੀਣ ਤੋਂ ਨਹੀਂ ਰੋਕ ਸਕਦੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਰਾਮ ਬਣੇ ਤਾਂ ਪਹਿਲਾਂ ਤੁਹਾਨੂੰ ਆਪ ਦਸਰਥ ਬਣਨਾ ਪਵੇਗਾ।
ਦੂਸਰੇ ਦੀ ਨਿੰਦਾ ਚੁਗਲੀ ਤੋਂ ਬਚੋ। ਕਿਸੇ ਦੀ ਨੁਕਤਾਚੀਨੀ ਅਤੇ ਨੁਕਸ ਕੱਢਣੇ ਵੀ ਮਾੜੀ ਗੱਲ ਹੈ। ਦੂਸਰੇ ਦੀ ਨੁਕਤਾਚੀਨੀ ਕਰ ਕੇ ਤੁਸੀਂ ਕਦੀ ਆਪਣੇ ਆਪ ਨੂੰ ਉਸ ਤੋਂ ਵਧੀਆਂ ਸਾਬਤ ਨਹੀਂ ਕਰ ਸਕਦੇ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਆਪਣੇ ਹੀ ਤੁਹਾਡਾ ਸਾਥ ਛੱਡ ਜਾਣਗੇ। ਤੁਸੀਂ ਇਕੱਲ੍ਹੇ ਪੈ ਜਾਵੋਗੇ ਅਤੇ ਦੁਖੀ ਹੋਵੋਗੇ।
ਗੁਰਬਤ ਵਿਚ ਜਿਉਣਾ ਬਹੁਤ ਔਖਾ ਹੈ। ਇਸ ਲਈ ਮਿਹਨਤ ਕਰ ਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਓ। ਕਿਸੇ ਕੋਲੋਂ ਕੁਝ ਲੈਣ ਦੀ ਉਮੀਦ ਨਾ ਰੱਖੋ। ਜਦ ਉਮੀਦਾਂ ਟੁੱਟਦੀਆਂ ਹਨ ਤਾਂ ਬਹੁਤ ਦਰਦ ਦਿੰਦੀਆਂ ਹਨ। ਆਪਣੀ ਨੇਕ ਕਮਾਈ ਵਿਚੋਂ ਕਿਸੇ ਲੌੜਵੰਦ ਦੀ ਮਦਦ ਕਰਨ ਦੀ ਆਦਤ ਪਾਓ। ਇਸ ਨਾਲ ਤੁਹਾਨੂੰ ਰੁਹਾਨੀ ਖ਼ੁਸ਼ੀ ਅਤੇ ਸ਼ਾਂਤੀ ਮਿਲੇਗੀ। ਆਪਣੀ ਚਾਦਰ ਦੇਖ ਕੇ ਪੈਰ ਪਸਾਰੋ। ਜੋ ਆਪਣੀ ਚਾਦਰ ਦੇਖ ਕੇ ਪੈਰ ਨਹੀਂ ਪਸਾਰਦਾ ਉਸ ਨੂੰ ਇਕ ਦਿਨ ਦੂਜਿਆਂ ਅੱਗੇ ਇਕ ਦਿਨ ਹੱਥ ਪਸਾਰਨੇ ਪੈਂਦੇ ਹਨ। ਆਪਣੇ ਮੁਸ਼ਕਲ ਸਮੇਂ ਅਤੇ ਬੁਢਾਪੇ ਲਈ ਕੁਝ ਧਨ ਵੱਖਰਾ ਬਚਾ ਕੇ ਜ਼ਰੂਰ ਰੱਖੋ ਤਾਂ ਕਿ ਔਖੇ ਵੇਲੇ ਤੁਹਾਨੂੰ ਕਿਸੇ ਦੂਸਰੇ ਅੱਗੇ ਹੱਥ ਨਾ ਅੱਡਣੇ ਪੈਣ।
ਦੂਸਰਿਆਂ ਦੇ ਸਾਹਮਣੇ ਹਰ ਸਮੇਂ ਆਪਣੇ ਹੀ ਦੁੱਖੜੇ ਨਾ ਰੋਂਦੇ ਰਹੋ ਜਿਵੇਂ ਹਾਇ ਮੈਂ ਲੁੱਟ ਗਿਆ, ਮੇਰਾ ਇਹ ਨੁਕਸਾਨ ਹੋ ਗਿਆ, ਮੇਰਾ ਉਹ ਨੁਕਸਾਨ ਹੋ ਗਿਆ, ਮੇਰੇ 'ਤੇ ਦੁੱਖਾਂ ਦੇ ਪਹਾੜ ਡਿੱਗ ਪਏ ਆਦਿ। ਰੋਂਦਾ ਚਿਹਰਾ ਤਾਂ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਕਈ ਲੋਕ ਤੁਹਡੀ ਤਰਸ-ਯੋਗ ਹਾਲਤ ਤੇ ਵੈਸੇ ਤਾਂ ਤੁਹਾਡੇ ਨਾਲ ਹਮਦਰਦੀ ਦਿਖਾਉਂਦੇ ਹਨ ਪਰ ਅੰਦਰੋਂ ਉਹ ਖ਼ੁਸ਼ ਹੁੰਦੇ ਹਨ। ਯਾਦ ਰੱਖੋ ਅੰਤ ਤੁਹਾਨੂੰ ਆਪਣੀ ਮਦਦ ਆਪ ਹੀ ਕਰਨੀ ਪੈਣੀ ਹੈ ਅਤੇ ਆਪਣੀ ਕਿਸਮਤ ਖ਼ੁਦ ਹੀ ਬਦਲਣੀ ਪੈਣੀ ਹੈ।
ਆਪਣੀ ਕਾਬਲੀਅਤ ਦੇ ਝੂਠੇ ਦਾਅਵੇ ਨਾ ਕਰਿਆ ਕਰੋ। ਆਪਣੀਆਂ ਨਾਕਾਮਯਾਬੀਆਂ ਦਾ ਦੋਸ਼ ਹਾਲਾਤ ਨੂੰ ਨਾ ਦਿਓ ਜਿਵੇਂ:- ਜੇ ਮੈਨੂੰ ਮੌਕਾ ਮਿਲਦਾ ਤਾਂ ਮੈਂ ਜੰਗ ਜਿੱਤ ਲੈਣੀ ਸੀ ਜਾਂ ਪਹਾੜ ਢਾਅ ਦੇਣੇ ਸਨ ਆਦਿ। ਇਸ ਦੀ ਬਜਾਏ ਆਪਣੇ ਗੁਣਾਂ ਨੂੰ ਤਰਾਸ਼ੋ ਅਤੇ ਦੁਨੀਆਂ ਨੂੰ ਕੁਝ ਕਰ ਕੇ ਦਿਖਾਓ। ਤੁਹਾਡੀ ਆਵਾਜ਼ ਨਾਲੋਂ ਤੁਹਾਡੇ ਕੰਮ ਆਪਣੇ ਆਪ ਬੋਲਣੇ ਚਾਹੀਦੇ ਹਨ।
    ਦੂਸਰੇ ਦੀ ਸੰਪਨਤਾ ਦੇਖ ਕੇ ਦੁਖੀ ਨਾ ਹੋਵੋ ਨਾ ਹੀ ਦੂਸਰੇ ਨਾਲ ਆਪਣਾ ਮੁਕਾਬਲਾ ਕਰੋ। ਇਸ ਨਾਲ ਤੁਹਾਨੂੰ ਨਿਰਾਸ਼ਾ ਹੀ ਪੱਲੇ ਪਵੇਗੀ। ਪ੍ਰਮਾਤਮਾ ਨੇ ਸਭ ਮਨੁੱਖਾਂ ਨੂੰ ਅਲੱਗ ਅਲੱਗ ਗੁਣ, ਕਾਬਲੀਅਤ ਅਤੇ ਸੁਭਾਅ ਦੇ ਕੇ ਆਪਣੀ ਤਰ੍ਹਾਂ ਨਾਲ ਪੂਰਨ ਤੋਰ ਤੇ ਅਲੱਗ ਅਲੱਗ ਬਣਾਇਆ ਹੈ। ਇਸ ਲਈ ਸਭ ਦੀ ਪ੍ਰਾਪਤੀ ਵੀ ਅਲੱਗ ਅਲੱਗ ਹੀ ਹੈ। ਇਸ ਲਈ ਕਦੀ ਇਹ ਨਾ ਸੋਚੋ ਕਿ ਜੇ ਤੁਹਾਡੇ ਗੁਵਾਂਢੀ ਕੋਲ ਵੱਡੀ ਕਾਰ ਹੈ ਤਾਂ ਤੁਹਾਡੇ ਕੋਲ ਵੀ ਵੱਡੀ ਕਾਰ ਹੀ ਹੋਣੀ ਚਾਹੀਦੀ ਹੈ ਜਾਂ ਤੁਹਾਡੇ ਸਹਿਕਰਮਚਾਰੀ ਕੋਲ ਤਿੰਨ ਮੰਜ਼ਿਲੀ ਕੋਠੀ ਹੈ ਤਾਂ ਤੁਹਾਡੇ ਕੋਲ ਵੀ ਤਿੰਨ ਮੰਜ਼ਿਲੀ ਕੋਠੀ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਡਾ ਦੂਸਰੇ ਨਾਲ ਕੋਈ ਮੁਕਾਬਲਾ ਨਹੀਂ। ਜੋ ਮਿਲ ਗਿਆ ਉਸ ਤੇ ਸਬਰ ਕਰੋ। ਜੇ ਤੁਹਾਨੂੰ ਕੁਝ ਹੋਰ ਚਾਹੀਦਾ ਹੈ ਤਾਂ ਹੋਰ ਮਿਹਨਤ ਕਰੋ।
ਕਦੀ ਆਪਣੇ ਬਲ, ਧਨ, ਵਿਦਿਆ ਅਤੇ ਗਿਆਨ ਦਾ ਦੂਜੇ ਉੱਤੇ ਰੋਅਬ ਪਾਉਣ ਦੀ ਕੋਸ਼ਿਸ਼ ਨਾ ਕਰੋ। ਵੱਡਾ ਬੰਦਾ ਉਹ ਹੀ ਹੈ ਜਿਸ ਕੋਲ ਕੋਈ ਦੂਜਾ ਬੰਦਾ ਖੜ ਕੇ ਆਪਣੇ ਆਪ ਨੂੰ ਨੀਵਾਂ, ਗ਼ਰੀਬ, ਹੀਣਾ, ਕਮਜ਼ੋਰ ਜਾਂ ਘਟੀਆ ਨਾ ਸਮਝੇ। ਜੇ ਤੁਹਾਨੂੰ ਦੂਸਰੇ ਨਾਲ ਵਰਤਣ ਦਾ ਸਲੀਕਾ ਹੀ ਨਹੀਂ ਆਇਆ ਤਾਂ ਤੁਹਾਡੀ ਸਾਰੀ ਸਿਆਣਪ ਅਤੇ ਵਡੱਪਣ ਬੇਕਾਰ ਹੈ। ਜੇ ਤੁਸੀਂ ਦੂਜਿਆਂ ਦਾ ਦਿਲ ਜਿੱਤਣਾ ਚਾਹੁੰਦੇ ਹੋ ਅਤੇ ਸ਼ਾਨਦਾਰ ਸ਼ਖ਼ਸੀਅਤ ਦੇ ਧਾਰਨੀ ਬਣਨਾ ਚਾਹੁੰਦੇ ਹੋ ਤਾਂ ਨਿਰਸੁਆਰਥ ਹੋ ਕੇ ਲੋਕ ਭਲਾਈ ਦੇ ਕੰਮ ਕਰੋ। ਜੇ ਤੁਸੀਂ ਲੋਕਾਂ ਦੀ ਭੀੜ ਵਿਚ ਖੜੇ ਹੋਵੋ ਤਾਂ ਤੁਹਾਡੀ ਸ਼ਖ਼ਸੀਅਤ ਸਭ ਤੋਂ ਅਲੱਗ ਨਜ਼ਰ ਆਉਣੀ ਚਾਹੀਦੀ ਹੈ। ਤੁਹਾਡੇ ਚਿਹਰੇ ਤੋਂ ਆਤਮਵਿਸ਼ਵਾਸ ਅਤੇ ਦੂਸਰਿਆਂ ਪ੍ਰਤੀ ਇਮਾਨਦਾਰੀ, ਸੁਹਿਰਦਤਾ ਅਤੇ ਹਮਦਰਦੀ ਨਜ਼ਰ ਆਉਣੀ ਚਾਹੀਦੀ ਹੈ। ਜਿਹੜਾ ਬੰਦਾ ਇਕੱਲ੍ਹਾ ਚੱਲਣ ਦੀ ਹਿੰਮਤ ਰੱਖਦਾ ਹੈ ਉਸ ਪਿੱਛੇ ਇਕ ਦਿਨ ਕਾਫ਼ਲੇ ਚੱਲਦੇ ਹਨ। ਜ਼ਿੰਦਗੀ ਵਿਚ ਕੁਝ ਕਰ ਕੇ ਦਿਖਾਓ। ਵਿਅਕਤੀ ਬਣ ਕੇ ਨਾ ਜੀਓ, ਸ਼ਖ਼ਸੀਅਤ ਬਣ ਕੇ ਜੀਓ। ਵਿਅਕਤੀ ਆਪਣੀ ਉਮਰ ਨਾਲ ਖਤਮ ਹੋ ਜਾਂਦਾ ਹੈ ਪਰ ਸ਼ਖ਼ਸੀਅਤ ਸਦੀਆਂ ਤੱਕ ਆਉਣ ਵਾਲੀਆਂ ਨਸਲਾਂ ਨੂੰ ਮਸ਼ਾਲ ਦੀ ਤਰ੍ਹਾਂ ਰਸਤਾ ਰੋਸ਼ਨ ਕਰਦੀ ਰਹਿੰਦੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
 #  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email:  gursharan1183@yahoo.in

ਅੱਜ ਦੇ ਬੱਚੇ ਕੱਲ੍ਹ ਦੇ ਵਾਰਸ - ਗੁਰਸ਼ਰਨ ਸਿੰਘ ਕੁਮਾਰ

ਜਨਮ ਅਤੇ ਮਰਨ ਕੁਦਰਤ ਦਾ ਅਸੂਲ ਹੈ। ਜਿਵੇਂ ਪੁਰਾਣੇ ਪੱਤੇ ਝੱੜਦੇ ਹਨ ਅਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ ਇਸੇ ਤਰ੍ਹਾਂ ਕੁਝ ਬੰਦੇ ਇਸ ਧਰਤੀ 'ਤੋਂ ਰੁਖਸਤ ਹੁੰਦੇ ਹਨ ਅਤੇ ਕੁਝ ਬੱਚੇ ਜਨਮ ਲੈ ਕਿ ਸ੍ਰਿਸ਼ਟੀ ਨੂੰ ਅੱਗੇ ਤੋਰਦੇ ਹਨ। ਪ੍ਰਸਿੱਧ ਵਾਰਤਾਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਬਹੁਤ ਸੋਹਣਾ ਲਿਖਿਆ ਹੈ ਕਿ-''ਕਿਸੇ ਮਨੁੱਖ ਦੀ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ ਉਸ ਦਾ ਲਾਇਕ ਬੱਚਾ।'' ਮਾਂ ਪਿਓ ਦਾ ਕੰਮ ਕੇਵਲ ਬੱਚੇ ਪੈਦਾ ਕਰ ਕੇ ਆਪਣੀ ਗ੍ਰਹਿਸਥੀ ਨੂੰ ਅੱਗੇ ਤੋਰਨਾ ਹੀ ਨਹੀਂ ਹੋਣਾ ਚਾਹੀਦਾ। ਬੱਚੇ ਨੂੰ ਲਾਇਕ ਅਤੇ ਕਾਮਯਾਬ ਬਣਾਉਣਾ ਵੀ ਉਨ੍ਹਾਂ ਦਾ ਮੰਤਵ ਹੋਣਾ ਚਾਹੀਦਾ ਹੈ।
ਮਾਂ ਪਿਓ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੇ ਸਗੋਂ ਉਨ੍ਹਾਂ ਨੂੰ ਸੰਸਕਾਰ ਵੀ ਦਿੰਦੇ ਹਨ। ਗਰਭ ਅਵਸਥਾ ਦੇ ਦੋਰਾਨ ਮਾਂ ਜੋ ਵੀ ਕੰਮ ਕਰਦੀ ਹੈ ਉਸ ਦਾ ਗਰਭ ਵਿਚ ਪਲ ਰਹੇ ਬੱਚੇ ਤੇ ਅਚੇਤ ਹੀ ਪ੍ਰਭਾਵ ਪੈਂਦਾ ਹੈ।ਇਸ ਦੀ ਮਿਸਾਲ ਮਹਾਂ ਭਾਰਤ ਦੇ ਪਾਤਰ ਅਭਿਮਨਿਊ ਦੇ ਜੀਵਨ ਤੋਂ ਪ੍ਰਤੱਖ ਮਿਲਦੀ ਹੈ। ਉਸ ਦਾ ਪਿਤਾ ਅਰਜੁਨ ਇਕ ਰਾਤ ਉਸ ਦੀ ਮਾਤਾ ਨੂੰ ਚੱਕਰਵਿਊ ਦਾ ਭੇਦ ਦੱਸ ਰਿਹਾ ਸੀ ਪਰ ਕਥਾ ਸੁਣਦੀ ਸੁਣਦੀ ਉਸ ਦੀ ਮਾਤਾ ਨੂੰ ਨੀਂਦ ਆ ਗਈ। ਇਸ ਪ੍ਰਕਾਰ ਅਭਿਮਨਿਊ ਨੂੰ ਚੱਕਰਵਿਊ ਵਿਚ ਦਾਖਲ ਹੋਣਾ ਤਾਂ ਆ ਗਿਆ ਪਰ ਉਸ ਵਿਚੋਂ ਸਫ਼ਲਤਾਪੂਰਕ ਬਾਹਰ ਨਿਕਲਣਾ ਨਹੀਂ ਸੀ ਆਇਆ। ਉਹ ਚੱਕਰਵਿਊ ਵਿਚ ਫਸ ਕੇ ਹੀ ਮਾਰਿਆ ਗਿਆ।ਮਾਂ ਦਾ ਖਾਣ ਪੀਣ, ਹਾਸੀ ਖ਼ੁਸ਼ੀ, ਕਾਟੋ ਕਲੇਸ਼ ਅਤੇ ਵਿਚਾਰ ਗਰਭ ਵਿਚ ਪਲ ਰਹੇ ਬੱਚੇ ਤੇ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪਾਉਂਦੇ ਹਨ। ਸਿਆਣੀਆਂ ਮਾਵਾਂ ਗਰਭ ਦੋਰਾਨ ਕੋਈ ਨਸ਼ਾ ਜਾਂ ਹੋਰ ਬੁਰਾ ਕੰਮ ਨਹੀਂ ਕਰਦੀਆਂ ਤਾਂ ਕਿ ਉਨ੍ਹਾਂ ਦੇ ਹੋਣ ਵਾਲੇ ਬੱਚੇ ਤੇ ਕੋਈ ਦੁਸ਼ਪ੍ਰਭਾਵ ਨਾ ਪਵੇ। ਗਰਭ ਅਵਸਥਾ ਦੋਰਾਨ ਔਰਤਾਂ ਨੂੰ ਤੰਬਾਕੂ, ਜੰਕ ਫੂਡ ਅਤੇ ਜ਼ਿਆਦਾ ਤਲੇ ਹੋਏ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਘਰ ਦਾ ਕਾਟੋ ਕਲੇਸ਼ ਅਤੇ ਅਨੈਤਿਕ ਕੰਮ ਵੀ ਬੱਚੇ ਤੇ ਦੁਸ਼ਪ੍ਰਭਾਵ ਪਾਉਂਦੇ ਹਨ।
ਜਿਹੜੀਆਂ ਮਾਵਾਂ ਸੁਚੇਤ ਤੋਰ ਤੇ ਆਪਣੇ ਗਰਭ ਵਿਚ ਪਲ ਰਹੇ ਬੱਚੇ ਨਾਲ ਆਤਮਿਕ ਅਤੇ ਮਾਨਸਿਕ ਰੂਪ ਵਿਚ ਜੁੜਦੀਆਂ ਹਨ ਉਹ ਇਸ ਸਮੇਂ ਦੋਰਾਨ ਸਾਤਵਿਕ ਅਤੇ ਪੋਸ਼ਟਿਕ ਭੋਜਨ ਕਰਦੀਆਂ ਹਨ। ਉਹ ਧਾਰਮਿਕ ਜਾਂ ਸੂਰਬੀਰਾਂ ਦਾ ਸਾਹਿਤ ਪੜ੍ਹਦੀਆਂ ਹਨ ਜਾਂ ਗਣਿਤ ਅਤੇ ਵਿਗਿਆਨਿਕ ਵਿਸ਼ਿਆਂ ਤੇ ਚਰਚਾ ਕਰਦੀਆਂ ਹਨ ਅਤੇ ਸੰਗੀਤ ਅਤੇ ਕੋਮਲ ਕਲਾਵਾਂ ਨਾਲ ਜੁੜਦੀਆਂ ਹਨ। ਉਹ ਇਕ ਸੁਨੱਖੇ ਬੱਚੇ ਨੂੰ ਜਨਮ ਦਿੰਦੀਆਂ ਹਨ ਜੋ ਵੱਡਾ ਹੋ ਕੇ ਹੋਣਹਾਰ ਬਣਦਾ ਹੈ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰ ਕੇ ਮਾਂ ਪਿਓ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ। ਇਸੇ ਲਈ ਕਿਸੇ ਬੱਚੇ ਵੱਲੋਂ ਆਮ ਤੋਰ ਤੇ ਕਿਹਾ ਜਾਂਦਾ ਹੈ-''ਮੇਰੀ ਜ਼ਿੰਦਗੀ ਵਿਚ ਕੋਈ ਦੁੱਖ ਨਾ ਹੁੰਦਾ ਜੇ ਮੇਰੀ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ।'' ਪਿਤਾ ਘਰ ਵਿਚ ਸੁਖਾਵਾਂ ਮਾਹੋਲ ਸਿਰਜਣ ਵਿਚ ਸਹਾਈ ਹੁੰਦਾ ਹੈ। ਬੱਚੇ ਪ੍ਰਤੀ ਮਾਤਾ ਪਿਤਾ ਦਾ ਪਿਆਰ ਬਿਲਕੁਲ ਸੱਚਾ, ਪਵਿੱਤਰ ਅਤੇ ਬਿਨਾ ਕਿਸੇ ਸੁਆਰਥ 'ਤੋਂ ਹੁੰਦਾ ਹੈ ਜੋ ਕਿਸੇ ਹੋਰ 'ਤੋਂ ਮਿਲਣਾ ਮੁਸ਼ਕਲ ਹੁੰਦਾ ਹੈ।
ਜਨਮ ਤੋਂ ਬਾਅਦ ਕੁਝ ਵੱਡਾ ਹੋ ਕੇ ਬੱਚਾ ਜਦ ਹੋਸ਼ ਸੰਭਾਲਦਾ ਹੈ ਤਾਂ ਉਹ ਆਪਣੇ ਪਰਿਵਾਰ ਵਿਚ ਅਤੇ ਆਲੇ ਦੁਆਲੇ ਜੋ ਕੁਝ ਦੇਖਦਾ ਹੈ ਉਸ ਤੋਂ ਬਹੁਤ ਕੁਝ ਸਿੱਖਦਾ ਹੈ। ਬੱਚਿਆਂ ਦੇ ਖਿਡੌਣੇ ਵੀ ਬੱਚਿਆਂ ਦੀ ਸੋਚਣੀ ਅਤੇ ਉਨ੍ਹਾਂ ਦੇ ਵਿਕਾਸ ਵਿਚ ਵਿਸ਼ੇਸ਼ ਹਿੱਸਾ ਪਾਉਂਦੇ ਹਨ। ਜੇ ਅਸੀਂ ਉਨ੍ਹਾਂ ਨੂੰ ਬੰਦੂਕਾਂ ਅਤੇ ਪਿਸਤੋਲਾਂ ਖੇਡਣ ਲਈ ਦੇਵਾਂਗੇ ਤਾਂ ਹੋ ਸਕਦਾ ਹੈ ਕਿ ਉਹ ਵੱਡੇ ਹੋ ਕਿ ਡਾਕੂ ਜਾਂ ਖ਼ੂਨੀ ਬਣਨ। ਇਸ ਲਈ ਬਚਪਨ ਤੋਂ ਹੀ ਉਨ੍ਹਾਂ ਦੀਆਂ ਰੁੱਚੀਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੁਚੱਜੀ ਅਗਵਾਈ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਮਹਾਂਪੁਰਸ਼ਾਂ ਅਤੇ ਵੀਰ ਪੁਰਸ਼ਾਂ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ।
ਬੇਸ਼ੱਕ ਮਰਦ ਅਤੇ ਔਰਤ ਨੂੰ ਰੱਬ ਨੇ ਇਕ ਬਰਾਬਰ ਬਣਾਇਆ ਹੈ ਪਰ ਬੱਚੇ ਨੂੰ ਜਨਮ ਦੇਣ ਦੀ ਦਾਤ ਕੇਵਲ ਮਾਂ ਨੂੰ ਹੀ ਦਿੱਤੀ ਹੈ। ਇਸ ਪੱਖੋਂ ਔਰਤ ਮਰਦ ਨਾਲੋਂ ਮਹਾਨ ਮੰਨੀ ਗਈ ਹੈ। ਕਹਿੰਦੇ ਹਨ ਕਿ ਰੱਬ ਹਮੇਸ਼ਾਂ ਬੱਚੇ ਕੋਲ ਨਹੀਂ ਰਹਿ ਸਕਦਾ ਇਸ ਲਈ ਉਸ ਨੇ ਮਾਂ ਬਣਾਈ ਹੈ। ਮਾਂ ਪਿਓ ਦੀ ਸੁਚੱਜੀ ਅਗਵਾਈ, ਪਿਆਰ ਅਤੇ ਸਰੀਰਕ ਸਪਰਸ਼ ਬੱਚੇ ਦਾ ਬਲ ਵਧਾਉਂਦੇ ਹਨ ਜਿਸ ਨਾਲ ਉਸ ਵਿਚ ਸੁਰੱਖਿਆ ਅਤੇ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਮਾਤਾ ਪਿਤਾ ਦੋਹਾਂ ਦੇ ਪੂਰਨ ਸਹਿਯੋਗ ਦੀ ਜ਼ਰੂਰਤ ਹੈ ਇਸ ਲਈ ਉਨ੍ਹਾਂ ਨੂੰ ਘਰ ਵਿਚ ਸੁਹਿਰਦ ਵਾਤਾਵਰਨ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਹਰ ਹਾਲਾਤ ਵਿਚ ਪਰਿਵਾਰ ਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ।
ਜੇ ਬੱਚਿਆਂ ਵਿਚ ਸੰਸਕਾਰਾਂ ਦੀ ਗੱਲ ਕਰੀਏ ਤਾਂ ਸਿੱਖ ਕੌਮ ਇਸ ਦੀ ਪ੍ਰਤੱਖ ਮਿਸਾਲ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਕੌਮ ਇਕ ਮਾਰਸ਼ਲ ਕੌਮ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਇਨ੍ਹਾਂ ਦਾ ਮੂਲ ਸਿਧਾਂਤ ਹੈ। ਉਹ ਜੀਵਨ ਦੀ ਸੇਧ ਗੁਰਬਾਣੀ ਅਤੇ ਗੁਰਦਆਰਿਆਂ ਤੋਂ ਲੈਂਦੇ ਹਨ। ਸਿੱਖ ਸੰਗਤ ਵਿਚ ਕੋਈ ਵੀ. ਆਈ. ਪੀ. ਜਾਂ ਵੱਡਾ ਛੋਟਾ ਨਹੀਂ ਹੁੰਦਾ। ਉੱਥੇ ਆਈ. ਏ. ਐਸ. ਅਫ਼ਸਰ ਅਤੇ ਸਾਰੇ ਧਨਾਢ ਲੋਕ ਜਾ ਕੇ ਸੰਗਤ ਦੇ ਜੂਠੇ ਭਾਂਡੇ ਮਾਂਜਦੇ ਹਨ ਅਤੇ ਫਰਸ਼ ਸਾਫ ਕਰਦੇ ਹਨ। ਇਹ ਹੀ ਸੰਸਕਾਰ ਸਿੱਖ ਬੱਚਿਆਂ ਵਿਚ ਵੀ ਭਰੇ ਜਾਂਦੇ ਹਨ ਜਿਸ ਤੇ ਉਹ ਵੱਡੇ ਹੋ ਕੇ ਪਹਿਰਾ ਦਿੰਦੇ ਹਨ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰਦੇ ਹਨ। ਇਨ੍ਹਾਂ ਸੰਸਕਾਰਾਂ ਦਾ ਸਦਕਾ ਹੀ ਸਿੱਖ ਸਰਦਾਰ ਅੱਜ ਕੱਲ੍ਹ ਦੁਨੀਆਂ ਭਰ ਵਿਚ ਉੱਚੀਆਂ ਪਦਵੀਆਂ ਤੇ ਬਿਰਾਜਮਾਨ ਹਨ। ਵਿੱਦਿਆ ਦਾ ਖੇਤਰ ਹੋਵੇ ਜਾਂ ਬਹਾਦਰੀ ਦਾ ਸਭ ਥਾਂ ਸਿੱਖਾਂ ਦਾ ਹੀ ਬੋਲ ਬਾਲਾ ਹੈ। ਕੁਦਰਤੀ ਆਫਤ ਸਮੇਂ ਵਪਾਰੀ ਲੋਕ ਖਾਣ ਪੀਣ ਵਾਲੀਆਂ ਵਸਤੂਆਂ ਦੀ ਕਾਲਾ ਬਜ਼ਾਰੀ ਕਰਦੇ ਹਨ ਪਰ ਸਿੱਖ ਹਰ ਮੁਸੀਬਤ ਵਿਚ ਸਭ ਤੋਂ ਪਹਿਲਾਂ ਪਹੁੰਚ ਕੇ ਇਨ੍ਹਾਂ ਵਸਤੂਆਂ ਦੇ ਮੁਫ਼ਤ ਵਿਚ ਲੰਗਰ ਲਾ ਦਿੰਦੇ ਹਨ। ਜਦ 2020-21 ਅਤੇ 2021-22 ਵਿਚ ਸਾਰੀ ਦੁਨੀਆਂ ਵਿਚ ਕੋਰੋਨਾ ਨਾਮ ਦੀ ਮਹਾਂਮਾਰੀ ਫੈਲ੍ਹੀ ਤਾਂ ਸਰਕਾਰਾਂ ਮਰੀਜ਼ਾਂ ਨੂੰ ਮਿਆਰੀ ਇਲਾਜ ਅਤੇ ਆਕਸੀਜਨ ਦੇਣ ਵਿਚ ਫੇਲ੍ਹ ਹੋ ਗਈਆਂ ਪਰ ਸਿੱਖ ਸਰਦਾਰ ਨਹੀਂ ਫੇਲ੍ਹ ਹੋਏ। ਉਨ੍ਹਾਂ ਨੇ ਦਵਾਈਆਂ ਦੇ ਅਤੇ ਆਕਸੀਜਨ ਦੇ ਮੁਫ਼ਤ ਲੰਗਰ ਲਾ ਕੇ ਹਜਾਰਾਂ ਕੀਮਤੀ ਜਾਨਾਂ ਬਚਾਈਆਂ। ਇਸੇ ਲਈ ਦੁਨੀਆਂ ਭਰ ਵਿਚ ਸਿੱਖਾਂ ਦਾ ਡੰਕਾ ਵੱਜਦਾ ਹੈ।
ਜਿਸ ਬੱਚੇ ਨੂੰ ਆਪਣੇ ਮਾਂ ਪਿਓ ਕੋਲੋਂ ਚੰਗੇ ਸੰਸਕਾਰ ਮਿਲੇ ਹੋਣ ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਕੀ ਚੰਗਾ ਅਤੇ ਕੀ ਮਾੜਾ ਹੈ। ਕਿਹੜਾ ਕੰਮ ਕਰਨਾ ਹੈ ਅਤੇ ਕਿਹੜਾ ਨਹੀਂ। ਅਜਿਹੇ ਮਾਤਾ ਪਿਤਾ ਨੂੰ ਬ੍ਰਿਧ ਆਸ਼ਰਮ ਦਾ ਮੁਹਤਾਜ ਨਹੀਂ ਹੋਣਾ ਪੈਂਦਾ। ਉਨ੍ਹਾਂ ਨੂੰ ਘਰ ਵਿਚ ਪੂਰਾ ਸਨਮਾਨ ਮਿਲਦਾ ਹੈ ਅਤੇ ਉਨ੍ਹਾਂ ਦਾ ਬੁਢਾਪਾ ਬਹੁਤ ਸੋਖਾ ਬੀਤਦਾ ਹੈ।
ਬੱਚਿਆਂ ਦੇ ਯੋਗ ਪਾਲਣ ਪੋਸ਼ਣ ਅਤੇ ਵਿਕਾਸ ਵੱਲ ਉਚੇਰੇ ਧਿਆਨ ਦੀ ਲੋੜ ਹੁੰਦੀ ਹੈ। ਬੱਚਿਆਂ ਦੀ ਸੰਗਤ ਉਨ੍ਹਾਂ ਦੇ ਆਚਰਣ ਅਤੇ ਆਦਤਾਂ ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਉਦਾਹਰਨ ਦੇ ਤੋਰ ਤੇ ਇਕ ਗਾਜਰ ਲਉ। ਉਸ ਦੇ ਦੋ ਟੁਕੜੇ ਕਰ ਲਉ। ਇਕ ਵਿਚ ਨਮਕ ਮਿਲਾ ਦਿਉ ਅਤੇ ਦੂਜੇ ਵਿਚ ਖੰਡ। ਕੁਝ ਦਿਨਾ ਬਾਅਦ ਇਕ ਦਾ ਮੁਰੱਬਾ ਬਣ ਜਾਵੇਗਾ ਅਤੇ ਦੂਜੇ ਦਾ ਅਚਾਰ। ਇਹ ਹੈ ਸੰਗਤ ਦਾ ਅਸਰ। ਇਸ ਲਈ ਮਾਂ ਪਿਓ ਨੂੰ ਬੱਚਿਆਂ ਦੀ ਸੰਗਤ ਬਾਰੇ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਹਰ ਹਾਲਾਤ ਵਿਚ ਮਾੜੀ ਸੰਗਤ ਤੋਂ ਬਚਾਉਣਾ ਚਾਹੀਦਾ ਹੈ। ਬੱਚੇ ਫੁਲਾਂ ਦੀ ਤਰ੍ਹਾਂ ਨਾਜਕ ਹੁੰਦੇ ਹਨ। ਉਨ੍ਹਾਂ ਦੇ ਮੁਸਕਰਾਉਂਦੇ ਹੋੇਏ ਭੋਲੇ ਭਾਲੇ ਅਤੇ ਨਿਰਛੱਲ ਚਿਹਰੇ ਦੇਖਣ ਵਾਲੇ ਦੇ ਮਨ ਵਿਚ ਤਾਜ਼ਗੀ ਭਰ ਦਿੰਦੇ ਹਨ। ਇਸ ਲਈ ਬੱਚਿਆਂ ਨੂੰ ਪੋਸ਼ਟਿਕ ਭੋਜਨ, ਮਿਆਰੀ ਵਿਦਿਆ ਅਤੇ ਚੰਗੇ ਸੰਸਕਾਰ ਦੇ ਕੇ ਕਾਬਲ ਬਣਾਉਣਾ ਹਰ ਮਾਂ ਪਿਓ ਦਾ ਫ਼ਰਜ਼ ਹੈ। ਬੱਚਿਆਂ ਨੇ ਹੀ ਵੱਡੇ ਹੋ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੁੰਦਾ ਹੈ। ਅੱਜ ਦੇ ਬੱਚੇ ਹੀ ਸਾਡੇ ਕੱਲ੍ਹ ਦੇ ਵਾਰਸ ਹਨ। ਉਨ੍ਹਾਂ ਨੇ ਹੀ ਭਵਿੱਖ ਵਿਚ ਦੇਸ਼ ਅਤੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
  9463189432
  email:gursharan1183@yahoo.in

ਮੰਜ਼ਿਲਾਂ ਹੋਰ ਵੀ ਹਨ  - ਗੁਰਸ਼ਰਨ ਸਿੰਘ ਕੁਮਾਰ

ਕਾਮਯਾਬੀ ਤੇ ਸਭ ਦਾ ਹੱਕ ਹੈ। ਮਿਹਨਤ ਕਰ ਕੇ ਕਾਮਯਾਬ ਹੋਣਾ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਜੇ ਕੋਈ ਮਿਹਨਤ ਕਰੇਗਾ ਤਾਂ ਹੀ ਕਾਮਯਾਬ ਹੋਵੇਗਾ ਅਤੇ ਅੱਗੇ ਵਧੇਗਾ।ਹਰ ਮਨੁੱਖ ਜਿਹੜਾ ਮਰਜੀ ਖੇਤਰ ਚੁਣ ਕੇ ਕਾਮਯਾਬ ਹੋ ਸਕਦਾ ਹੈ। ਗਿਆਨ ਦਾ ਘੇਰਾ ਬ੍ਰਹਿਮੰਡ ਜਿੰਨਾ ਵਿਸ਼ਾਲ ਹੈ। ਕੋਈ ਮਨੁੱਖ ਇਹ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਮੈਂ ਦੁਨੀਆਂ ਦਾ ਸਾਰਾ ਗਿਆਨ ਹਾਸਿਲ ਕਰ ਲਿਆ ਹੈ ਅਤੇ ਹੁਣ ਮੈਨੂੰ ਹੋਰ ਕੁਝ ਸਿੱਖਣ ਦੀ ਲੋੜ ਨਹੀਂ। ਬੰਦਾ ਚਾਹੇ ਤਾਂ ਇਕ ਛੋਟੇ ਜਿਹੇ ਬੱਚੇ ਕੋਲੋਂ ਵੀ ਬਹੁਤ ਕੁਝ ਸਿੱਖ ਸਕਦਾ ਹੈ। ਇਸ ਲਈ ਮਨੁੱਖ ਨੂੰ ਹਮੇਸ਼ਾਂ ਸਿੱਖਣ ਦੀ ਸਟੇਜ ਤੇ ਰਹਿਣਾ ਚਾਹੀਦਾ ਹੈ। ਸਿੱਖਣਾ ਬੰਦ ਤਾਂ ਜਿੱਤਣਾ ਬੰਦ। ਤੁਹਾਡੇ ਵਿਚ ਕੋਈ ਹੁਨਰ ਹੈ ਤਾਂ ਹੀ ਤੁਹਾਡੀ ਜ਼ਿੰਦਗੀ ਵਿਚ ਕੋਈ ਕਦਰ ਹੈ।
ਅਸੀਂ ਜ਼ਿੰਦਗੀ ਵਿਚ ਕਾਮਯਾਬ ਇਸ ਲਈ ਨਹੀਂ ਹੋਣਾ ਹੁੰਦਾ ਕਿ ਅਸੀ ਕਿਸੇ ਦੂਜੇ ਨੂੰ ਨੀਵਾਂ ਦਿਖਾ ਕੇ ਉਸ ਨੂੰ ਸ਼ਰਮਿੰਦਾ ਕਰਨਾ ਹੁੰਦਾ ਹੈ। ਅਸੀਂ ਦੂਜੇ ਦੀ ਲੀਕ ਮਿਟਾ ਕੇ ਆਪਣੀ ਲੀਕ ਵੱਡੀ ਨਹੀਂ ਕਰ ਸਕਦੇ। ਕਾਮਯਾਬੀ ਸਾਡੀ ਨਿੱਜੀ ਜ਼ਰੂਰਤ ਹੈ। ਅਸੀਂ ਜੋ ਕੁਝ ਵੀ ਕਰਨਾ ਹੈ ਆਪਣੇ ਲਈ ਕਰਨਾ ਹੈ। ਅਸੀਂ ਆਪਣੀ ਜ਼ਿੰਦਗੀ ਆਪ ਸਵਾਰਨੀ ਹੈ। ਸਾਡੀ ਕਾਮਯਾਬੀ ਸਾਡੀ ਸਾਰੀ ਜ਼ਿੰਦਗੀ ਬਦਲ ਸਕਦੀ ਹੈ।
ਕਾਮਯਾਬ ਮਨੁੱਖਾਂ ਦੀ ਜ਼ਿੰਦਗੀ ਦੇਖ ਕੇ ਅਸੀਂ ਰਸ਼ਕ ਕਰਦੇ ਹਾਂ। ਕਿਸੇ ਨੂੰ ਕਾਮਯਾਬੀ ਏਨੀ ਅਸਾਨੀ ਨਾਲ ਨਹੀਂ ਮਿਲਦੀ। ਕਾਮਯਾਬੀ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਆਪਣੇ ਸੁੱਖ ਅਰਾਮ ਦੀ ਹੱਦ ਟੱਪ ਕੇ, ਮੁਸੀਬਤਾਂ ਨੂੰ ਪਛਾੜਦੇ ਹੋਏ ਹੀ ਕਾਮਯਾਬੀ ਦੀ ਦੇਵੀ ਦੇ ਦਰਸ਼ਨ ਹੁੰਦੇ ਹਨ। ਦੁਨੀਆਂ ਵਿਚ ਕੋਈ ਮਨੁੱਖ ਐਸਾ ਨਹੀਂ ਜਿਸ ਦੀ ਜ਼ਿੰਦਗੀ ਵਿਚ ਦੁੱਖ ਜਾਂ ਕਠਿਨਾਈਆਂ ਨਾ ਆਈਆਂ ਹੋਣ। ਹਰ ਕਾਮਯਾਬ ਮਨੁੱਖ ਦੀ ਇਕ ਦਰਦਨਾਕ ਕਹਾਣੀ ਹੁੰਦੀ ਹੈ ਅਤੇ ਹਰ ਦਰਦਨਾਕ ਕਹਾਣੀ ਦਾ ਇਕ ਸੁਖਾਵਾਂ ਅੰਤ ਹੁੰਦਾ ਹੈ। ਇਸ ਲਈ ਦਰਦ ਬਰਦਾਸ਼ਤ ਕਰੋ ਅਤੇ ਕਾਮਯਾਬੀ ਲਈ ਤਿਆਰ ਰਹੋ।
 ਆਪਣੇ ਕੀਮਤੀ ਸਮੇਂ ਨੂੰ ਵਿਅਰਥ ਨਾ ਗਵਾਵੋ। ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਸਭ ਤੋਂ ਪਹਿਲਾਂ ਆਪਣੀ ਮੰਜ਼ਿਲ ਮਿਥੋ। ਇਹ ਸੋਚੋ ਕਿ ਤੁਸੀਂ ਪਹੁੰਚਣਾ ਕਿੱਥੇ ਹੈ। ਮੰਜ਼ਿਲ ਦੀ ਚੋਣ ਆਪਣੀ ਲਿਆਕਤ ਅਤੇ ਕਾਰਜ਼ ਸ਼ਕਤੀ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਕਰੋ। ਨਹੀਂ ਤੇ ਤੁਹਾਡੇ ਪੱਲੇ ਨਿਰਾਸ਼ਾ ਹੀ ਪਵੇਗੀ ਕਿਉਂਕਿ ਕੁਦਰਤ ਹਮੇਸ਼ਾਂ ਸਾਵਾਂ ਤੋਲਦੀ ਹੈ। ਇੱਥੇ ਇਕ ਹੱਥ ਦੇ ਅਤੇ ਦੂਜੇ ਹੱਥ ਲੈ ਵਾਲਾ ਹਿਸਾਬ ਹੈ। ਆਪਣੇ ਵਿੱਤ ਤੋਂ ਬਾਹਰੀ ਤਮੰਨਾ ਨਾ ਰੱਖੋ।
ਇਕ ਵਾਰੀ ਮੰਜ਼ਿਲ ਮਿੱਥ ਲਈ ਤਾਂ ਦਿਨੇ ਰਾਤੀਂ ਆਪਣੀ ਕਾਮਯਾਬੀ ਦੇ ਸੁਪਨੇ ਦੇਖੋ। ਇਹ ਸੁਪਨੇ ਹੀ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਲੈ ਜਾਣ ਵਿਚ ਸਹਾਈ ਹੋਣਗੇ। ਜਦੋਂ ਬੰਦਾ ਸੁਪਨੇ ਦੇਖਣਾ ਬੰਦ ਕਰ ਦਿੰਦਾ ਹੈ ਤਾਂ ਖੁਦ ਵੀ ਮੁਰਦਾ ਹੋ ਜਾਂਦਾ ਹੈ। ਸੁਪਨਿਆਂ ਦਾ ਮਰ ਜਾਣਾ ਬਹੁਤ ਦੁਖਦਾਈ ਹੁੰਦਾ ਹੈ। ਇਸੇ ਲਈ ਕਹਿੰਦੇ ਹਨ ਜਦ ਤੱਕ ਸਵਾਸ ਤਦ ਤੱਕ ਆਸ।
ਤੁਹਾਡੇ ਉੱਚੇ ਤੋਂ ਉੱਚੇ ਵਿਚਾਰ ਵੀ ਬੇਅਰਥ ਹਨ ਜੇ ਤੁਸੀਂ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਦਿੰਦੇ। ਬਿਨਾ ਕਰਮ ਤੋਂ ਫ਼ਲ ਦੀ ਉਮੀਦ ਰੱਖਣਾ ਬੇਅਰਥ ਹੈ। ਤੁਸੀਂ ਆਪਣੇ ਕਰਮ ਨਾਲ ਆਪਣੀ ਕਿਸਮਤ ਬਦਲ ਸਕਦੇ ਹੋ। ਮੰਜ਼ਿਲ ਮਿਥਣ ਤੋਂ ਬਾਅਦ ਉਸ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਸ਼ੁਰੂ ਕਰ ਦਿਓ। ਤੁਹਾਡਾ ਹਰ ਕਦਮ ਮੰਜ਼ਿਲ ਦੀ ਪ੍ਰਾਪਤੀ ਵਲ ਹੋਣਾ ਚਾਹੀਦਾ ਹੈ।
ਕਦੀ ਦੂਸਰੇ ਦੀ ਆਸ 'ਤੇ ਨਾ ਜੀਓ। ਇਹ ਨਾ ਸੋਚੋ ਕਿ ਕੋਈ ਦੂਸਰਾ ਆ ਕਿ ਇਕ ਦਿਨ ਤੁਹਾਨੂੰ ਸਫ਼ਲਤਾ ਦੀ ਟੀਸੀ ਤੇ ਬਿਠਾ ਦੇਵੇਗਾ। ਦੁਨੀਆਂ ਵਿਚ ਕੇਵਲ ਇਕ ਬੰਦਾ ਹੀ ਤੁਹਾਡੀ ਕਿਸਮਤ ਬਦਲ ਸਕਦਾ ਹੈ, ਉਹ ਹੈ ਤੁਸੀਂ ਖੁਦ। ਤੁਹਾਨੂੰ ਆਪਣੀ ਜੰਗ ਆਪ ਹੀ ਲੜ੍ਹਨੀ ਪਵੇਗੀ। ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਖੁਦ ਹੀ ਯਤਨ ਕਰਨੇ ਪੈਣਗੇ।
ਆਪਣੇ ਵਿਚਾਰ ਹਮੇਸ਼ਾਂ ਹਾਂ ਪੱਖੀ ਰੱਖੋ। ਜੇ ਤੁਹਾਡੇ ਅੰਦਰ ਕਾਬਲੀਅਤ ਹੈ ਅਤੇ ਤੁਸੀਂ ਮਿਹਨਤ ਵੀ ਪੂਰੀ ਕਰ ਰਹੇ ਹੋ ਤਾਂ ਸਮਝੋ ਕਿ ਤੁਸੀਂ ਸ਼ੁਰੂ ਵਿਚ ਹੀ ਅੱਧੀ ਜੰਗ ਜਿੱਤ ਲਈ ਹੈ। ਅਸਫ਼ਲਤਾ ਬਾਰੇ ਕਦੀ ਨਾ ਸੋਚੋ। ਕਾਮਯਾਬੀ ਨੂੰ ਮੁੱਖ ਰੱਖ ਕੇ ਅੱਗੇ ਵਧੋ। ਜੇ ਕਿਸੇ ਕਾਰਨ ਤੁਹਾਨੂੰ ਕਾਮਯਾਬੀ ਹੱਥ ਨਾ ਲੱਗੇ ਤਾਂ ਵੀ ਘਬਰਾਓ ਨਾ। ਆਪਣੀ ਕਾਬਲੀਅਤ ਅਤੇ ਕਾਰਜ਼ਸ਼ਕਤੀ ਨੂੰ ਸੁਧਾਰੋ। ਫਿਰ ਤੋਂ ਕੋਸ਼ਿਸ਼ ਕਰੋ। ਲੋੜ ਪਏ ਤਾਂ ਆਪਣੇ ਕੰਮ ਕਰਨ ਦੇ ਢੰਗ ਬਦਲਣ ਵਿਚ ਵੀ ਕੋਈ ਹਰਜ਼ ਨਹੀਂ। ਤੁਹਾਡੀ ਅਸਫ਼ਲਤਾ ਵੀ ਤੁਹਾਨੂੰ ਕੁਝ ਨਾ ਕੁਝ ਨਵਾਂ ਸਬਕ ਦੇ ਕੇ ਹੀ ਜਾਂਦੀ ਹੈ। ਬੰਦਾ ਹਾਰਦਾ ਉਦੋਂ ਹੈ ਜਦੋਂ ਉਹ ਦਿਲ ਛੱਡ ਜਾਂਦਾ ਹੈ।
ਕਾਮਯਾਬੀ ਲਈ ਕਦੀ ਕਾਹਲੀ ਨਾ ਕਰੋ। ਹਰ ਕਿਸਮ ਦੇ ਡਰ ਅਤੇ ਸ਼ੱਕ ਨੂੰ ਮਨ ਵਿਚੋਂ ਕੱਢ ਦਿਓ। ਡਰ ਅਤੇ ਸ਼ੱਕ ਜਿਹਾ ਕੋਈ ਵਾਇਰਸ ਨਹੀਂ ਅਤੇ ਹੌਸਲੇ ਜਿਹੀ ਕੋਈ ਵੈਕਸੀਨ ਨਹੀਂ। ਚਾਹੇ ਜ਼ਿੰਦਗੀ ਵਿਚ ਸਭ ਕੁਝ ਹਾਰ ਜਾਵੋ ਪਰ ਜਿੱਤਣ ਦੀ ਉਮੀਦ ਜ਼ਿੰਦਾ ਰੱਖੋ। ਇਹ ਵੀ ਯਾਦ ਰੱਖੋ ਕਿ ਮੰਜ਼ਿਲਾਂ ਹੋਰ ਵੀ ਹਨ। ਜੇ ਤੁਹਾਡੀ ਕੋਸ਼ਿਸ਼ ਨੂੰ ਫ਼ਲ ਨਹੀਂ ਪਿਆ ਤਾਂ ਹੋ ਸਕਦਾ ਹੈ ਕਿ ਰੱਬ ਨੇ ਤੁਹਾਡੇ ਲਈ ਕੋਈ ਹੋਰ ਵੀ ਵਡੇਰੀ ਕਾਮਯਾਬੀ ਰੱਖੀ ਹੋਵੇ। ਇੱਥੇ ਇਕ ਕਹਾਣੀ ਯਾਦ ਆ ਰਹੀ ਹੈ-''ਇਕ ਵਾਰੀ ਗੁਰਬਚਨ ਅਤੇ ਸੁਰਿੰਦਰ ਨੇ ਅਕਾਉਂਟੈਟ ਦੀ ਨੌਕਰੀ ਲਈ ਇਮਤਿਹਾਨ ਦਿੱਤਾ। ਗੁਰਬਚਨ ਪਾਸ ਹੋ ਗਿਆ ਪਰ ਸੁਰਿੰਦਰ ਰਹਿ ਗਿਆ। ਉਸ ਨੂੰ ਬੜਾ ਦੁੱਖ ਲੱਗਾ ਪਰ ਉਸ ਨੇ ਹੌਸਲਾ ਨਾ ਛੱਡਿਆ। ਹੋਰ ਮਿਹਨਤ ਕੀਤੀ। ਫਿਰ ਉਸ ਨੇ ਆਈ.ਏ. ਐਸ. ਦਾ ਇਮਤਿਹਾਨ (ਜੋ ਕਿ ਭਾਰਤ ਸਰਕਾਰ ਦਾ ਸਭ ਤੋਂ ਵੱਡਾ ਇਮਤਿਹਾਨ ਹੈ) ਦਿੱਤਾ। ਉਸ ਵਿਚ ਉਹ ਪਾਸ ਹੋ ਗਿਆ ਅਤੇ ਸਭ ਤੋਂ ਵੱਡਾ ਅਫ਼ਸਰ ਬਣ ਕੇ ਗੁਰਬਚਨ ਦੇ ਦਫ਼ਤਰ ਵਿਚ ਹੀ ਲੱਗ ਗਿਆ। ਇਕ ਦਿਨ ਦੋਵੇਂ ਮਿਲੇ ਤਾਂ ਸੁਰਿੰਦਰ ਨੇ ਬੜੇ ਮਾਣ ਨਾਲ ਕਿਹਾ ਅਸੀਂ ਦੋਵਾਂ ਨੇ ਅਕਾਉਂਟੈਂਟ ਦਾ ਇਮਤਿਹਾਨ ਇਕੱਠਾ ਦਿੱਤਾ ਸੀ ਜਿਸ ਵਿਚ ਤੁਸੀਂ ਪਾਸ ਹੋ ਗਏ ਸੀ ਅਤੇ ਖ਼ੁਸ਼ ਕਿਸਮਤੀ ਨਾਲ ਮੈਂ ਫੇਲ੍ਹ ਹੋ ਗਿਆ ਸੀ ਜਿਸ ਦਾ ਨਤੀਜਾ ਅੱਜ ਮੈਂ ਐਡਾ ਵੱਡਾ ਅਫ਼ਸਰ ਬਣ ਗਿਆ ਹਾਂ। ਜੇ ਉਸ ਸਮੇਂ ਸੁਰਿੰਦਰ ਦਿਲ ਛੱਡ ਜਾਂਦਾ ਤਾਂ ਉਸ ਨੇ ਕਦੀ ਐਡੇ ਉੱਚੇ ਅਹੁਦੇ ਤੇ ਨਹੀਂ ਸੀ ਪਹੁੰਚ ਸਕਣਾ।''
ਕਦੀ ਇਹ ਨਾ ਸੋਚੋ ਕਿ ਜਿਸ ਖੇਤਰ ਵਿਚ ਤੁਸੀਂ ਜਾਣਾ ਹੈ ਉਹ ਹੁਣ ਪੂਰੀ ਤਰ੍ਹਾਂ ਭਰ ਚੁੱਕਾ ਹੈ ਅਤੇ ਉੱਥੇ ਹੁਣ ਕਿਸੇ ਨਵੇਂ ਬੰਦੇ ਦਾਖਲਾ ਸੰਭਵ ਨਹੀਂ। ਇਸ ਲਈ ਤੁਹਾਡੇ ਕੁਝ ਕਰ ਕੇ ਦਿਖਾਉਣ ਦੇ ਸਭ ਦਰਵਾਜ਼ੇ ਬੰਦ ਹੋ ਗਏ ਹਨ। ਪ੍ਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ। ਇਕ ਦਰ ਬੱਝਾ ਸੋ ਦਰ ਖੁਲ੍ਹੇ। ਦੁਨੀਆਂ ਵਿਚ ਹਾਲੀ ਤੱਕ ਕੋਈ ਵੀ ਵਿਸ਼ਾ ਅੰਤ ਤੱਕ ਨਹੀਂ ਪਹੁੰਚਿਆ। ਹਰ ਵਿਸ਼ੇ ਵਿਚ ਕੁਝ ਵਧੀਆ ਅਤੇ ਨਵਾਂ ਕਰ ਕੇ ਦਿਖਾਉਣ ਦੀ ਗੁੰਜਾਇਸ਼ ਹੈ। ਜੇ ਤੁਹਾਨੂੰ ਪਸੰਦ ਦੇ ਵਿਸ਼ੇ ਵਿਚ ਰੁਜ਼ਗਾਰ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ। ਆਪਣੀ ਕਾਬਲੀਅਤ ਨੂੰ ਤੁਸੀਂ ਆਪਣਾ ਸ਼ੌਂਕ ਬਣਾ ਕੇ ਪੂਰੀ ਪ੍ਰਵੀਨਤਾ ਦਿਖਾ ਸਕਦੇ ਹੋ ਅਤੇ ਆਪਣਾ ਨਾਮ ਰੋਸ਼ਨ ਕਰ ਸਕਦੇ ਹੋ। ਇਸ ਸਮੇਂ ਹਜ਼ਾਰਾਂ ਨਵੇਂ ਵਿਸ਼ਿਆਂ ਤੇ ਖੋਜ ਹੋ ਰਹੀ ਹੈ। ਸਾਰੇ ਵਿਸ਼ੇ ਤੁਹਾਡੇ ਕਲਾਤਮਕ ਹੱਥਾਂ ਦੀ ਉਡੀਕ ਕਰ ਰਹੇ ਹਨ॥ ਪੁਲਾੜ ਵਿਚ ਨਿੱਤ ਨਵੀਂਆਂ ਖੋਜਾਂ ਹੋ ਰਹੀਆਂ ਹਨ। ਵਿਗਿਆਨੀ ਮੰਗਲ ਗ੍ਰਹਿ ਤੇ ਜੀਵਨ ਦੀ ਖੋਜ ਕਰ ਰਹੇ ਹਨ। ਇੰਟਰਨੈੱਟ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਕੇ ਗਿਆਨ ਦਾ ਭੰਡਾਰਾ ਬਣ ਰਿਹਾ ਹੈ।
ਪੁਰਾਣੇ ਵਿਸ਼ੇ ਜਿਵੇਂ ਬੁੱਤਸਾਜੀ, ਚਿੱਤਰਕਾਰੀ ਅਤੇ ਸਾਹਿਤਕਾਰੀ ਆਦਿ ਵਿਚ ਵੀ ਹਾਲੀ ਬਹੁਤ ਗੁੰਜਾਇਸ਼ ਹੈ। ਸਭ ਤੋਂ ਵਧੀਆ ਬੁੱਤ ਹਾਲੀ ਘੜੇ ਜਾਣੇ ਹਨ ਅਤੇ ਚਿੱਤਰ ਬਣਾਏ ਜਾਣੇ ਹਨ। ਹੋਰ ਵਧੀਆ ਸਾਹਿਤ ਹਾਲੀ ਲਿਖਿਆ ਜਾਣਾ ਹੈ ਆਉਣ ਵਾਲੇ ਸਮੇਂ ਵਿਚ ਜਿਸ ਦੇ ਚਰਚੇ ਹੋਣੇ ਹਨ। ਖ਼ਿਡਾਰੀਆਂ ਨੇ ਹਾਲੀ ਖੇਡਾਂ ਵਿਚ ਕਈ ਤਮਗੇ ਫੁੰਡਣੇ ਹਨ। ਫੌਜੀ ਵੀਰਾਂ ਨੇ ਬਹਾਦਰੀ ਵਿਚ ਕਈ ਵੀਰ ਚੱਕਰ ਜਿੱਤਣੇ ਹਨ। ਤੁਸੀਂ ਵੀ ਆਪਣੀ ਜਗ੍ਹਾ ਆਪ ਬਣਓ ਅਤੇ ਕੁਝ ਕਰ ਕੇ ਦਿਖਾਓ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਿ ਉਸ ਨੇ ਤੁਹਾਡੀ ਕਿਸਮਤ ਵਿਚ ਕੀ ਲਿਖਿਆ ਹੈ। ਤੁਹਾਨੂੰ ਸੱਚੀ ਖ਼ੁਸ਼ੀ ਤਾਂ ਹੀ ਮਿਲੇਗੀ ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਸਫ਼ਲ ਹੋਵੋਗੇ ਕਿਉਂਕਿ ਇਹ ਤੁਹਾਡੀ ਖੁਦ ਦੀ ਮਿਹਨਤ ਦਾ ਫ਼ਲ ਹੋਵੇਗਾ।
ਆਓ ਅਸੀਂ ਸਾਰੇ ਰਲ ਕਿ ਇਕ ਐਸੇ ਸਮਾਜ ਦੀ ਸਿਰਜਨਾ ਕਰੀਏ ਜਿਸ ਵਿਚ ਸਭ ਮਨੁੱਖ ਬਰਾਬਰ ਹੋਣ ਅਤੇ ਹਰ ਇਕ ਨੂੰ ਆਪਣੀ ਕਾਬਲੀਅਤ ਅਨੁਸਾਰ ਮਿਹਨਤ ਕਰ ਕੇ ਕਾਮਯਾਬ ਹੋਣ ਦਾ ਪੂਰਾ ਮੌਕਾ ਮਿਲੇ।
*****

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:- 83608-42861
email:  gursharan1183@yahoo.in