ਕਾਮਾਗਾਟਾ ਮਾਰੂ ਤੋਂ ‘ਗੁਰੂ ਨਾਨਕ ਜਹਾਜ਼’ ਤੱਕ: ਨਸਲਵਾਦੀ ਜਬਰ ਖ਼ਿਲਾਫ਼ ਮਾਨਵਵਾਦੀ ਸਬਰ ਦੀ ਇਤਿਹਾਸਿਕ ਜਿੱਤ - ਹਰਦਮ ਮਾਨ
ਕੈਨੇਡਾ ਦਾ ਇਤਿਹਾਸ ਜਿੱਥੇ ਵਿਕਾਸ ਅਤੇ ਵਿਭਿੰਨਤਾ ਦੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ, ਉੱਥੇ ਹੀ ਇਸ ਦੇ ਅਤੀਤ ਵਿੱਚ ਨਸਲਵਾਦ ਅਤੇ ਵਿਤਕਰੇ ਦੇ ਕੁਝ ਅਜਿਹੇ ਕਾਲੇ ਪੰਨੇ ਵੀ ਦਰਜ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਅਤੇ ਦਰਦਨਾਕ ਘਟਨਾ 1914 ਦਾ ਕਾਮਾਗਾਟਾ ਮਾਰੂ ਦੁਖਾਂਤ ਹੈ, ਜਿਸ ਨੂੰ ਹੁਣ ਇਸ ਦੇ ਸਹੀ ਅਤੇ ਇਤਿਹਾਸਿਕ ਨਾਂ 'ਗੁਰੂ ਨਾਨਕ ਜਹਾਜ਼' ਵਜੋਂ ਮਾਨਤਾ ਦੇ ਕੇ ਕੈਨੇਡਾ ਆਪਣੀਆਂ ਇਤਿਹਾਸਿਕ ਗ਼ਲਤੀਆਂ ਨੂੰ ਸੁਧਾਰਨ ਵੱਲ ਕਦਮ ਵਧਾ ਰਿਹਾ ਹੈ।
ਸਾਲ 1914 ਦੀ ਬਸੰਤ ਵਿੱਚ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਦੀ ਇੱਕ ਕਮੇਟੀ ਨੇ ਸਿੰਗਾਪੁਰ ਤੋਂ 'ਕਾਮਾਗਾਟਾ ਮਾਰੂ' ਨਾਮਕ ਸਮੁੰਦਰੀ ਜਹਾਜ਼ ਨੂੰ ਚਾਰਟਰ (ਕਿਰਾਏ 'ਤੇ) ਕੀਤਾ। ਪਹਿਲੇ ਸਿੱਖ ਗੁਰੂ ਦੇ ਨਾਂ 'ਤੇ ਇਸ ਦਾ ਨਾਂ 'ਗੁਰੂ ਨਾਨਕ ਜਹਾਜ਼' ਰੱਖਿਆ ਗਿਆ। ਇਸ ਯਾਤਰਾ ਦਾ ਮੁੱਖ ਉਦੇਸ਼ ਭਾਰਤੀ ਪ੍ਰਵਾਸੀਆਂ ਨੂੰ ਕੈਨੇਡਾ ਲੈ ਕੇ ਜਾਣਾ ਅਤੇ ਉੱਥੋਂ ਦੀਆਂ ਨਸਲਵਾਦੀ ਇਮੀਗ੍ਰੇਸ਼ਨ ਨੀਤੀਆਂ ਨੂੰ ਚੁਣੌਤੀ ਦੇਣਾ ਸੀ।
ਇਹ ਜਹਾਜ਼ 23 ਮਈ 1914 ਨੂੰ ਵੈਨਕੂਵਰ ਦੇ ਸਮੁੰਦਰੀ ਤੱਟ (ਬੁੱਰਾਰਡ ਇਨਲੇਟ) 'ਤੇ ਪਹੁੰਚਿਆ। ਜਹਾਜ਼ ਵਿੱਚ ਕੁੱਲ 376 ਮੁਸਾਫ਼ਿਰ ਸਵਾਰ ਸਨ, ਜਿਨ੍ਹਾਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ (ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਦੇ 18 ਤੋਂ 30 ਸਾਲ ਦੇ ਨੌਜਵਾਨ ਅਤੇ ਕਈ ਭਾਰਤੀ ਫ਼ੌਜ ਦੇ ਸਾਬਕਾ ਸੈਨਿਕ ਸਨ)। ਬ੍ਰਿਟਿਸ਼ ਨਾਗਰਿਕ ਹੋਣ ਦੇ ਨਾਤੇ ਉਨ੍ਹਾਂ ਕੋਲ ਸਾਮਰਾਜ ਵਿੱਚ ਕਿਤੇ ਵੀ ਜਾਣ ਦਾ ਹੱਕ ਸੀ ਪਰ ਕੈਨੇਡਾ ਦੀ ਤਤਕਾਲੀ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ।
ਕੈਨੇਡਾ ਨੇ ਭਾਰਤੀਆਂ ਨੂੰ ਰੋਕਣ ਲਈ 'ਕੰਟੀਨਿਊਅਸ ਜਰਨੀ ਪ੍ਰੋਵਿਜ਼ਨ' (Continuous Journey Provision) ਵਰਗੇ ਸਖ਼ਤ ਅਤੇ ਪੱਖਪਾਤੀ ਕਾਨੂੰਨ ਬਣਾਏ ਹੋਏ ਸਨ, ਜਿਸ ਤਹਿਤ ਸਿਰਫ਼ ਉਹ ਵਿਅਕਤੀ ਹੀ ਭਾਰਤ ਤੋਂ ਕੈਨੇਡਾ ਆ ਸਕਦਾ ਸੀ ਜੋ ਬਿਨਾਂ ਰੁਕੇ ਸਿੱਧੇ ਸਫ਼ਰ ਰਾਹੀਂ ਆਇਆ ਹੋਵੇ (ਜੋ ਕਿ ਉਸ ਸਮੇਂ ਅਸੰਭਵ ਸੀ)।
ਜਹਾਜ਼ ਦੇ ਮੁਸਾਫ਼ਿਰਾਂ ਨੂੰ ਦੋ ਮਹੀਨਿਆਂ ਤੱਕ ਵੈਨਕੂਵਰ ਦੇ ਹਰਬਰ 'ਤੇ ਹੀ ਬੰਦੀ ਬਣਾ ਕੇ ਰੱਖਿਆ ਗਿਆ। ਉਨ੍ਹਾਂ ਨੂੰ ਖਾਣ-ਪੀਣ ਅਤੇ ਪਾਣੀ ਤੋਂ ਵੀ ਵਾਂਝੇ ਰੱਖਿਆ ਗਿਆ। ਕੈਨੇਡੀਅਨ ਅਧਿਕਾਰੀਆਂ ਨੇ ਜਹਾਜ਼ 'ਤੇ ਕਬਜ਼ਾ ਕਰਨ ਲਈ ਹਥਿਆਰਬੰਦ ਫ਼ੌਜੀ ਜਹਾਜ਼ ਤੱਕ ਤਾਇਨਾਤ ਕਰ ਦਿੱਤੇ। ਅੰਤ 23 ਜੁਲਾਈ 1914 ਨੂੰ ਜਹਾਜ਼ ਨੂੰ ਜਬਰਨ ਵਾਪਸ ਮੋੜ ਦਿੱਤਾ ਗਿਆ। ਜਦੋਂ ਇਹ ਜਹਾਜ਼ 29 ਸਤੰਬਰ 1914 ਨੂੰ ਕੋਲਕਾਤਾ ਦੇ ਬਜਬਜ ਘਾਟ ਪਹੁੰਚਿਆ ਤਾਂ ਬ੍ਰਿਟਿਸ਼ ਪੁਲਿਸ ਨੇ ਮੁਸਾਫ਼ਿਰਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੀ ਰੱਖਿਆ ਕਰਦੇ ਹੋਏ 20 ਯਾਤਰੀ ਸ਼ਹੀਦ ਹੋ ਗਏ ਅਤੇ ਕਈਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ।
ਸਮਾਂ ਬਦਲਿਆ ਅਤੇ ਲੰਬੇ ਸੰਘਰਸ਼ ਤੋਂ ਬਾਅਦ ਕੈਨੇਡਾ ਸਰਕਾਰ ਅਤੇ ਵੈਨਕੂਵਰ ਸ਼ਹਿਰ ਨੇ ਇਸ ਨਸਲੀ ਵਿਤਕਰੇ ਅਤੇ ਧੱਕੇਸ਼ਾਹੀ ਲਈ ਅਧਿਕਾਰਤ ਤੌਰ 'ਤੇ ਮੁਆਫ਼ੀ ਮੰਗੀ। ਪਰ ਇਸ ਇਤਿਹਾਸ ਨੂੰ ਇਸ ਦੇ ਅਸਲ ਰੂਪ ਵਿੱਚ ਪੇਸ਼ ਕਰਨ ਲਈ ਇੱਕ ਹੋਰ ਵੱਡਾ ਕਦਮ ਹਾਲ ਹੀ ਵਿੱਚ ਲਿਆ ਗਿਆ ਹੈ। ਵੈਨਕੂਵਰ ਸਿਟੀ ਨੇ ਭਾਈਚਾਰਕ ਵਿਚਾਰ-ਵਟਾਂਦਰੇ ਤੋਂ ਬਾਅਦ ਇੱਕ ਇਤਿਹਾਸਿਕ ਫੈਸਲਾ ਲੈਂਦਿਆਂ ਵੈਨਕੂਵਰ ਦੇ ਸਮੁੰਦਰੀ ਤੱਟ 'ਤੇ ਸਥਿਤ ਯਾਦਗਾਰੀ ਸਾਈਨੇਜ ਪੈਨਲਾਂ (Signage Panels) ਉੱਪਰ 'ਕਾਮਾਗਾਟਾ ਮਾਰੂ' ਦੀ ਥਾਂ ਇਸ ਦਾ ਅਸਲੀ ਅਤੇ ਸਹੀ ਨਾਂ 'ਗੁਰੂ ਨਾਨਕ ਜਹਾਜ਼' ਬਹਾਲ ਕਰ ਦਿੱਤਾ ਹੈ। ਵੈਨਕੂਵਰ ਪ੍ਰਸ਼ਾਸਨ ਮੁਤਾਬਕ "ਜਹਾਜ਼ ਨੂੰ ਇਸ ਦੇ ਸਹੀ ਨਾਂ ਨਾਲ ਸੰਬੋਧਿਤ ਕਰਨਾ ਇਤਿਹਾਸਿਕ ਵਿਰਾਸਤ ਦਾ ਸੱਚਾ ਸਨਮਾਨ ਹੈ।"
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਦੇ ਨੁਮਾਇੰਦੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਰਾਜ ਸਿੰਘ ਪੰਡਾਲ ਨੇ ਵੈਨਕੂਵਰ ਸ਼ਹਿਰ ਦੇ ਇਸ ਫੈਸਲੇ ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਵੀ ਜਲਦੀ ਹੀ ਆਪਣੇ ਮੁਆਫ਼ੀਨਾਮੇ ਵਿੱਚ ਸੋਧ ਕਰ ਕੇ 'ਗੁਰੂ ਨਾਨਕ ਜਹਾਜ਼' ਨਾਂ ਨੂੰ ਅਧਿਕਾਰਤ ਤੌਰ 'ਤੇ ਬਹਾਲ ਕਰੇਗੀ।
ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਵੈਨਕੂਵਰ ਦੇ 'ਹਰਬਰ ਗਰੀਨ ਪਾਰਕ' ਸਮੁੰਦਰੀ ਤੱਟ 'ਤੇ ਸਥਿਤ ਮੈਮੋਰੀਅਲ ਵਿਖੇ ਬੀਸੀ ਖਾਲਸਾ ਦਰਬਾਰ, ਵੈਨਕੂਵਰ ਬੋਰਡ ਆਫ ਪਾਰਕ ਐਂਡ ਰੀਕ੍ਰੀਏਸ਼ਨ ਅਤੇ ਵੈਨਕੂਵਰ ਸਿਟੀ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਬੇਹੱਦ ਮਹੱਤਵਪੂਰਨ ਹੈ ਕਿ ਜਿਸ ਜਗ੍ਹਾ ਤੋਂ 112 ਸਾਲ ਪਹਿਲਾਂ ਸਿੱਖਾਂ ਅਤੇ ਹੋਰ ਭਾਰਤੀਆਂ ਨੂੰ ਨਸਲਵਾਦੀ ਜ਼ੁਲਮ ਤਹਿਤ ਦੁਤਕਾਰਿਆ ਗਿਆ ਸੀ, ਅੱਜ ਉਸੇ ਧਰਤੀ 'ਤੇ ਉਨ੍ਹਾਂ ਦੇ ਸਨਮਾਨ ਅਤੇ ਚੜ੍ਹਦੀ ਕਲਾ ਦੀ ਗੱਲ ਹੋ ਰਹੀ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਅੰਤ ਨੂੰ ਮਾਨਵਵਾਦੀ ਸਬਰ ਨੇ ਨਸਲਵਾਦੀ ਜਬਰ ਉੱਪਰ ਇੱਕ ਗੌਰਵਮਈ ਅਤੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com
ਵਿਅੰਗ : ਅਜੋਕੇ ਦੌਰ ਦਾ ਬੇਸ਼ਕੀਮਤੀ ਗਹਿਣਾ : ਖ਼ੁਸ਼ਾਮਦ - ਹਰਦਮ ਮਾਨ
ਅੱਜ ਦੇ ਦੌਰ ਵਿੱਚ ਜੇਕਰ ਕੋਈ ਪੁੱਛੇ ਕਿ ਸਭ ਤੋਂ ਕੀਮਤੀ ਗਹਿਣਾ ਕਿਹੜਾ ਹੈ ਤਾਂ ਜਵਾਬ ਸੋਨਾ ਜਾਂ ਹੀਰਾ ਨਹੀਂ, ਸਗੋਂ ‘ਖ਼ੁਸ਼ਾਮਦ’ (ਚਾਪਲੂਸੀ) ਹੈ। ਇਹ ਇੱਕ ਅਜਿਹਾ ਗਹਿਣਾ ਹੈ ਜਿਸ ਨੂੰ ਗਲ ਵਿੱਚ ਪਾਉਂਦਿਆਂ ਹੀ ਬੰਦੇ ਦੇ ਰੁਕਾਵਟਾਂ ਵਾਲੇ ਸਾਰੇ ਰਾਹ ਖੁੱਲ੍ਹ ਜਾਂਦੇ ਹਨ। ਖ਼ੁਸ਼ਾਮਦ ਕੋਈ ਮਾਨਸਿਕ ਕਮਜ਼ੋਰੀ ਨਹੀਂ, ਸਗੋਂ ਇੱਕ ਅਜਿਹੀ ਪੇਸ਼ੇਵਰ ਕਲਾ ਹੈ ਜਿਸ ਦੇ ਸਾਹਮਣੇ ਵੱਡੇ ਵੱਡੇ ਗਿਆਨ ਅਤੇ ਡਿਗਰੀਆਂ ਫਿੱਕੀਆਂ ਪੈ ਜਾਂਦੀਆਂ ਹਨ। ਇਹ ਇੱਕ ਅਜਿਹਾ ਜਾਦੂਮਈ ਸੁਰਮਾ ਹੈ, ਜਿਸ ਨੂੰ ਅੱਖਾਂ ਵਿੱਚ ਪਾਉਂਦਿਆਂ ਹੀ ਸਾਹਮਣੇ ਵਾਲੇ ਦੇ ਸਾਰੇ ਨੁਕਸ, ਗੁਣ ਬਣ ਕੇ ਚਮਕਣ ਲੱਗ ਪੈਂਦੇ ਹਨ। ਖ਼ੁਸ਼ਾਮਦ ਦਾ ਸਿੱਧਾ ਹੋਕਾ ਹੈ: ‘ਅਣਖ ਨੂੰ ਮਾਰੋ ਗੋਲੀ ਅਤੇ ਚਾਪਲੂਸੀ ਨਾਲ ਭਰੋ ਆਪਣੀ ਝੋਲੀ’।
ਅੱਜ ਦੇ ਤਰੱਕੀ ਪਸੰਦ ਦੌਰ ਵਿੱਚ ਜੇਕਰ ਤੁਸੀਂ ਅਣਖ ਅਤੇ ਸਵੈ-ਮਾਣ ਵਰਗੇ ਭਾਰੀ ਬੋਝ ਚੁੱਕ ਕੇ ਘੁੰਮ ਰਹੇ ਹੋ ਤਾਂ ਯਕੀਨਨ ਤੁਸੀਂ ਕਿਸੇ ਪੁਰਾਣੇ ਅਜਾਇਬ ਘਰ ਦੇ ਅਹਿਲਕਾਰ ਹੋ। ਕੁਰਸੀ ਦੀ ਨਿੱਘੀ ਗੋਦ ਵਿੱਚ ਬਹਿਣ ਦਾ ਰਾਹ ਕਿਸੇ ਮਿਹਨਤ ਦੀ ਪਗਡੰਡੀ ਵਿੱਚੋਂ ਨਹੀਂ, ਸਗੋਂ ‘ਜੀ-ਹਜ਼ੂਰੀ’ ਦੇ ਸ਼ਾਹ-ਰਾਹ ਤੋਂ ਹੋ ਕੇ ਗੁਜ਼ਰਦਾ ਹੈ। ਸਿਆਣਪ ਦਾ ਤਕਾਜ਼ਾ ਇਹ ਹੈ ਕਿ ਜੇਕਰ ਤੁਸੀਂ ਕਿਸੇ ਉੱਚੇ ਅਹੁਦੇ ਦਾ ਆਨੰਦ ਲੈਣਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਅਕਲ, ਅਣਖ ਅਤੇ ਸ਼ਰਮ-ਹਯਾ ਨੂੰ ਕਿਸੇ ਜਨਤਕ ਕਿੱਲੇ ਉੱਤੇ ਟੰਗ ਆਵੋ। ਹਾਕਮ ਦੇ ਦਰਬਾਰ ਵਿੱਚ ਸਿਰਫ਼ ਉਹ ਬੰਦਾ ਪ੍ਰਵਾਨ ਹੁੰਦਾ ਹੈ ਜਿਸ ਦੀ ਆਪਣੀ ਕੋਈ ਰਾਏ ਨਹੀਂ ਹੁੰਦੀ। ਜਿਹੜੇ ਮੂਰਖ ਪਹਾੜਾਂ ਵਰਗੇ ਪੱਥਰਾਂ ਨਾਲ ਮੱਥਾ ਲਾਉਂਦੇ ਹਨ, ਉਹ ਸਾਰੀ ਉਮਰ ਖਹਿ ਕੇ ਲਹੂ-ਲੁਹਾਣ ਹੀ ਹੁੰਦੇ ਹਨ। ਅਸਲੀ ਕਲਾਕਾਰ ਤਾਂ ਉਹ ਹਨ ਜੋ ਨਦੀ ਦੇ ਗੰਧਲੇ ਪਾਣੀ ਵਾਂਗ ਵਹਿਣਾ ਜਾਣਦੇ ਹਨ ਅਤੇ ਹਾਕਮ ਦੇ ਇਸ਼ਾਰੇ ‘ਤੇ ਦਿਨ ਨੂੰ ਰਾਤ ਕਹਿਣ ਦੀ ਹਿੰਮਤ ਰੱਖਦੇ ਹਨ।
ਇਹ ਖ਼ੁਸ਼ਾਮਦ ਦੀ ਜਾਦੂਮਈ ਛੜੀ ਦਾ ਹੀ ਪਰਤਾਪ ਹੈ ਕਿ ਅੱਜ-ਕੱਲ੍ਹ ‘ਕੱਖ’ ਵੀ ਹਵਾ ਵਿੱਚ ਉੱਡਣ ਦੀ ਬਜਾਏ ਆਕਾਸ਼ੀਂ ਚੜ੍ਹੇ ਫਿਰਦੇ ਹਨ। ਜਿਹੜੇ ਬੰਦੇ ਮਿੱਟੀ ਨਾਲ ਮਿੱਟੀ ਹੋ ਕੇ ਕਿਰਤ ਕਰਦੇ ਹਨ, ਉਹ ਤਾਂ ਸਾਰੀ ਉਮਰ ਮਿੱਟੀ ਦੇ ਮਾਧੋ ਹੀ ਰਹਿੰਦੇ ਹਨ ਪਰ ਜੋ ਲਫ਼ਜ਼ਾਂ ਦੇ ਝੂਠੇ ਪੁਲ ਬੰਨ੍ਹ ਕੇ ਉੱਚੇ ਤਖ਼ਤਾਂ 'ਤੇ ਅਸਵਾਰ ਹੋ ਜਾਂਦੇ ਹਨ, ਉਨ੍ਹਾਂ ਦੀਆਂ ਪੰਜੇ ਉਂਗਲਾਂ ਘਿਓ ਵਿੱਚ ਹੁੰਦੀਆਂ ਹਨ। ਜਦੋਂ ਇੱਕ ਵਾਰ ਖ਼ੁਸ਼ਾਮਦ ਦੀ ਤੂਤੀ ਬੋਲਣ ਲੱਗ ਜਾਵੇ ਤਾਂ ਉਸ ਦਾ ਨਸ਼ਾ ਸਾਰੀ ਉਮਰ ਨਹੀਂ ਲਹਿੰਦਾ, ਕਿਉਂਕਿ ਇਹ ਨਸ਼ਾ ਬੰਦੇ ਨੂੰ ਆਪਣੀ ਬੌਣੀ ਹਸਤੀ ਭੁਲਾ ਕੇ ਅਰਸ਼ਾਂ ਦਾ ਤਾਰਾ ਬਣਾ ਦਿੰਦਾ ਹੈ।
ਕੁਝ ਲੋਕ, ਲੋਕ-ਲਾਜ ਦੇ ਮਾਰੇ ਝੁਰਦੇ ਰਹਿੰਦੇ ਹਨ ਕਿ ਦੁਨੀਆ ਕੀ ਕਹੇਗੀ? ਪਰ ਖ਼ੁਸ਼ਾਮਦ ਦਾ ਮੰਤਰ ਬੜਾ ਸਾਫ਼ ਹੈ - ਦੁਨੀਆ ਦਾ ਕੀ ਹੈ, ਇਹ ਤਾਂ ਸਿਰਫ਼ ਦੋ ਦਿਨ ਦੀ ਖੁੰਡ-ਚਰਚਾ ਹੈ। ਜਦੋਂ ਤੁਹਾਡੀਆਂ ਪੌਂਬਾਰਾਂ ਹੋ ਜਾਣਗੀਆਂ ਅਤੇ ਤਾਕਤ ਤੁਹਾਡੇ ਹੱਥ ਹੋਵੇਗੀ ਤਾਂ ਉਹੀ ਨਿੰਦਿਆ ਕਰਨ ਵਾਲੇ ਤੁਹਾਡੇ ਪੈਰਾਂ ਵਿੱਚ ਨੱਕ ਰਗੜਦੇ ਨਜ਼ਰ ਆਉਣਗੇ। ਇਸ ਲਈ ਦੁਨੀਆ ਦੀ ਪਰਵਾਹ ਛੱਡੋ ਕਿਉਂਕਿ ਕੁੱਤੇ ਭੌਂਕਦੇ ਰਹਿੰਦੇ ਹਨ ਅਤੇ ਖ਼ੁਸ਼ਾਮਦ ਦਾ ਹਾਥੀ ਆਪਣੀ ਮਸਤ ਚਾਲੇ ਨਿਕਲ ਜਾਂਦਾ ਹੈ।
ਇਤਿਹਾਸ ਗਵਾਹ ਹੈ ਕਿ ਵੱਡੇ-ਵੱਡੇ ਰਾਜਿਆਂ ਦੇ ਤਾਜ ਉਛਾਲੇ ਗਏ, ਤਖ਼ਤ ਉਲਟ ਗਏ ਅਤੇ ਬੁਰਜ ਮਿੱਟੀ ਵਿੱਚ ਰੋਲ਼ ਦਿੱਤੇ ਗਏ। ਪਰ ਚਾਪਲੂਸੀ ਦਾ ਬੁਰਜ ਅੱਜ ਵੀ ਅਡੋਲ ਖੜ੍ਹਾ ਹੈ। ਇਹ ਉਹ ਮਜ਼ਬੂਤ ਕਿਲਾ ਹੈ ਜਿਸ ਨੂੰ ਵਕਤ ਦੀ ਕੋਈ ਹਨੇਰੀ ਨਹੀਂ ਢਾਹ ਸਕਦੀ। ਸਮਾਂ ਆਪਣੀ ਚਾਲੇ ਵਹਿੰਦਾ ਰਹਿੰਦਾ ਹੈ ਪਰ ਜੋ ਬੰਦਾ ਹਾਕਮ ਦੀਆਂ ਜੁੱਤੀਆਂ ਸਿੱਧੀਆਂ ਕਰਨ ਦੀ ਕਲਾ ਜਾਣਦਾ ਹੈ, ਉਸ ਦਾ ਸੂਰਜ ਕਦੇ ਅਸਤ ਨਹੀਂ ਹੁੰਦਾ।
ਅੱਜ ਦੇ ਦੌਰ ਵਿੱਚ ਸੱਚਾ, ਇਮਾਨਦਾਰ ਇਨਸਾਨ ਹੋਣਾ ਇੱਕ ਘਾਟੇ ਦਾ ਸੌਦਾ ਹੈ ਜਦਕਿ ਖ਼ੁਸ਼ਾਮਦੀ ਹੋਣਾ ਇੱਕ ਸਫਲ ਨਿਵੇਸ਼। ਜੇਕਰ ਤੁਸੀਂ ਉੱਚੇ ਤਖ਼ਤਾਂ ‘ਤੇ ਅਸਵਾਰ ਹੋਣਾ ਚਾਹੁੰਦੇ ਹੋ ਤਾਂ ਜ਼ਮੀਰ ਨੂੰ ਸੂਲੀ ‘ਤੇ ਟੰਗਣਾ ਸਿੱਖੋ। ਯਾਦ ਰੱਖੋ, ਇਤਿਹਾਸ ਸਿਰਫ਼ ਜੇਤੂਆਂ ਦਾ ਲਿਖਿਆ ਜਾਂਦਾ ਹੈ ਭਾਵੇਂ ਉਹ ਜਿੱਤ ਕਿਸੇ ਦੇ ਪੈਰ ਚੱਟ ਕੇ ਹੀ ਕਿਉਂ ਨਾ ਮਿਲੀ ਹੋਵੇ। ਛੇਤੀ ਕਰੋ, ਆਪਣੀ ਜ਼ਮੀਰ ਨੂੰ ਮਾਰੋ ਗੋਲੀ ਤੇ ਖਾਓ ਸੱਤਾ ਦੀ ਮਲਾਈ।
ਸੰਪਰਕ : +1 604-308-6663 ਈਮੇਲ: maanhardam@gmail.com
ਵਿਅੰਗ - ਅਜੋਕੇ ਦੌਰ ਦਾ ਬੇਸ਼ਕੀਮਤੀ ਗਹਿਣਾ : ਖ਼ੁਸ਼ਾਮਦ - ਹਰਦਮ ਮਾਨ

ਪੁਸਤਕ ਚਰਚਾ - ਮਨੁੱਖੀ ਮਨ ਅਤੇ ਸਮਾਜਿਕ ਸਰੋਕਾਰਾਂ ਦਾ ਸ਼ੀਸ਼ਾ ‘ਇਕ ਹੰਝੂ ਦਾ ਭਾਰ’ - ਹਰਦਮ ਮਾਨ
ਪੰਜਾਬੀ ਸਾਹਿਤ ਵਿੱਚ ਦੋਹਾ ਇੱਕ ਅਜਿਹੀ ਕਾਵਿ-ਵੰਨਗੀ ਹੈ ਜੋ ਘੱਟ ਤੋਂ ਘੱਟ ਸ਼ਬਦਾਂ ਵਿੱਚ ਵੱਧ ਤੋਂ ਵੱਧ ਗੱਲ ਕਹਿਣ ਦੀ ਸਮਰੱਥਾ ਰੱਖਦੀ ਹੈ। ਸ਼ਾਇਰ ਮੋਹਨ ਗਿੱਲ ਦੀ ਨਵੀਂ ਪੁਸਤਕ ‘ਇਕ ਹੰਝੂ ਦਾ ਭਾਰ’ ਇਸੇ ਪਰੰਪਰਾ ਨੂੰ ਅੱਗੇ ਤੋਰਦੀ ਹੋਈ ਅਜੋਕੇ ਮਨੁੱਖੀ ਜੀਵਨ ਦੀਆਂ ਅਨੇਕ ਪਰਤਾਂ ਨੂੰ ਫੋਲਦੀ ਹੈ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਕੁੱਲ 390 ਦੋਹੇ ਸ਼ਾਮਲ ਹਨ, ਜੋ ਪਾਠਕ ਨੂੰ ਇੱਕ ਅਜਿਹੇ ਸਫ਼ਰ 'ਤੇ ਲੈ ਜਾਂਦੇ ਹਨ ਜਿੱਥੇ ਵਿਅੰਗ ਵੀ ਹੈ, ਦਰਦ ਵੀ ਹੈ ਅਤੇ ਜੀਵਨ ਦਾ ਡੂੰਘਾ ਫ਼ਲਸਫ਼ਾ ਵੀ।
ਪੁਸਤਕ ਦਾ ਸਿਰਲੇਖ 'ਇਕ ਹੰਝੂ ਦਾ ਭਾਰ' ਹੀ ਸ਼ਾਇਰ ਦੀ ਡੂੰਘੀ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ। ਜਦੋਂ ਉਹ ਕਹਿੰਦੇ ਹਨ ਕਿ ਸਾਰਾ ਸੰਸਾਰ ਸਿਰ 'ਤੇ ਚੁੱਕ ਕੇ ਤੁਰਨਾ ਸੌਖਾ ਹੈ ਪਰ ਇੱਕ ਹੰਝੂ ਦਾ ਭਾਰ ਚੁੱਕਣਾ ਔਖਾ ਹੈ ਤਾਂ ਉਹ ਮਨੁੱਖੀ ਦਰਦ ਦੀ ਉਸ ਸੂਖਮਤਾ ਦੀ ਗੱਲ ਕਰਦੇ ਹਨ ਜਿਸ ਨੂੰ ਅੱਜ ਦਾ ਪਦਾਰਥਵਾਦੀ ਮਨੁੱਖ ਭੁਲਦਾ ਜਾ ਰਿਹਾ ਹੈ ਅਤੇ ਦੋਹਿਆਂ ਦਾ ਇਹ ਸੰਗ੍ਰਹਿ ਅਸਲ ਵਿੱਚ ਮਨੁੱਖੀ ਅੱਖ ਦੇ ਓਸ ਹੰਝੂ ਦੀ ਇਤਿਹਾਸਕ ਅਤੇ ਸਮਾਜਿਕ ਵਿਆਖਿਆ ਹੈ। ਮੋਹਨ ਗਿੱਲ ਲਿਖਦੇ ਹਨ:
“ਧਰ ਕੇ ਸਿਰ ‘ਤੇ ਤੁਰ ਪਵਾਂ ਇਹ ਸਾਰਾ ਸੰਸਾਰ,
ਔਖਾ ਪਰ ਹੈ ਚੁੱਕਣਾ ਇਕ ਹੰਝੂ ਦਾ ਭਾਰ”
ਮੋਹਨ ਗਿੱਲ ਅੱਜ ਦੇ ਦੌਰ ਵਿੱਚ ਧਰਮ ਦੇ ਨਾਂ 'ਤੇ ਫੈਲੇ ਖੋਖਲੇਪਣ ਨੂੰ ਬੜੀ ਬੇਬਾਕੀ ਨਾਲ ਨੰਗਾ ਕਰਦੇ ਹਨ। ਉਹ ਦੇਖਦੇ ਹਨ ਕਿ ਇਨਸਾਨ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਵਿੱਚ ਤਾਂ ਵੰਡਿਆ ਗਿਆ ਹੈ ਪਰ ਉਸ ਅੰਦਰੋਂ ‘ਇਨਸਾਨੀਅਤ’ ਮਨਫ਼ੀ ਹੁੰਦੀ ਜਾ ਰਹੀ ਹੈ। ਉਹ ਸਿੱਧਾ ਸਵਾਲ ਕਰਦੇ ਹਨ ਕਿ ਜੇਕਰ ਧਰਮ ਬੰਦੇ ਨੂੰ ਬੰਦਾ ਨਹੀਂ ਬਣਾ ਸਕਿਆ ਤਾਂ ਅਜਿਹੇ ਕਰਮਕਾਂਡਾਂ ਦਾ ਕੀ ਲਾਭ?
“ਹਿੰਦੂ ਮੁਸਲਿਮ ਸਿੱਖ ਤੇ ਨਜ਼ਰ ਇਸਾਈ ਆਣ
ਸਭ ਧਰਮਾਂ ਦੇ ਹੁੰਦਿਆਂ ਮਨਫੀ ਹੈ ਇਨਸਾਨ”
ਉਹਨਾਂ ਅਨੁਸਾਰ ਰੱਬ ਦੀ ਹੋਂਦ ਬੰਦੇ ਨਾਲ ਹੈ, ਪਰ ਬੰਦਾ ਆਪਣੇ ਡਰਾਂ ਨੂੰ ਛੁਪਾਉਣ ਲਈ ਕਰਮਕਾਂਡਾਂ ਦੀਆਂ ਗੋਂਦਾਂ ਗੁੰਦ ਰਿਹਾ ਹੈ। ਸ਼ਾਇਰ ਨੇ ਅਜੋਕੇ ਫੈਸ਼ਨ, ਦਿਖਾਵੇ ਦੀ ਪ੍ਰਵਿਰਤੀ ਅਤੇ ਬੌਧਿਕ ਕੰਗਾਲੀ ‘ਤੇ ਵੀ ਚੋਟ ਕੀਤੀ ਹੈ।
“ਵਿਕਦੀ ਮਹਿੰਗੇ ਮੁੱਲ ਹੈ ਫਟੀ ਪੁਰਾਣੀ ਪੈਂਟ
ਬਿਨਾ ਨਹਾਤੇ ਲੋਕ ਹੁਣ ਛਿੜਕਣ ਪਿੰਡੇ ਸੈਂਟ”
ਮਹਿੰਗੇ ਮੁੱਲ ਵਿਕਦੀਆਂ ਫਟੀਆਂ ਪੈਂਟਾਂ ਅਤੇ ਪਿੰਡੇ ‘ਤੇ ਛਿੜਕੇ ਸੈਂਟਾਂ ਦਾ ਜ਼ਿਕਰ ਅਸਲ ਵਿੱਚ ਉਸ ਮਾਨਸਿਕਤਾ ‘ਤੇ ਵਿਅੰਗ ਹੈ ਜੋ ਅੰਦਰੂਨੀ ਗੰਦਗੀ ਨੂੰ ਬਾਹਰੀ ਲਿਸ਼ਕ-ਪੁਸ਼ਕ ਨਾਲ ਢਕਣਾ ਚਾਹੁੰਦੀ ਹੈ। ਇਹ ਅਸਲ ਵਿੱਚ ਮਨੁੱਖੀ ਰੂਹ ਦੀ ਬਦਬੂ ਨੂੰ ਲੁਕਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਹਨ।
ਇਸ ਪੁਸਤਕ ਵਿਚ ਮੋਹਨ ਗਿੱਲ ਨੇ ਲੇਖਕਾਂ ਅਤੇ ਬੁੱਧੀਜੀਵੀਆਂ ਦੀ ਮੌਕਾਪ੍ਰਸਤੀ 'ਤੇ ਵੀ ਕਰਾਰੀ ਚੋਟ ਕੀਤੀ ਹੈ। ਜਦੋਂ ਲੇਖਕ ਸ਼ਾਹੂਕਾਰਾਂ ਅੱਗੇ ਝੁਕ ਕੇ ਆਪਣੀ 'ਰੀੜ੍ਹ ਦੀ ਹੱਡੀ' ਵੇਚ ਕੇ ਇਨਾਮਾਂ ਦੀ ਤਲਾਸ਼ ਕਰਦੇ ਹਨ ਤਾਂ ਸਾਹਿਤ ਆਪਣੀ ਪਵਿੱਤਰਤਾ ਗੁਆ ਬੈਠਦਾ ਹੈ। ਮੋਹਨ ਗਿੱਲ ਅਜਿਹੇ ਬੌਧਿਕ ਵਰਗ ਨੂੰ ਸ਼ੀਸ਼ਾ ਦਿਖਾਉਣ ਦਾ ਹੌਸਲਾ ਰੱਖਦੇ ਹਨ।
“ਲੇਖਕ ਸ਼ਾਹੂਕਾਰ ਨੂੰ ਝੁਕ ਝੁਕ ਕਰਨ ਸਲਾਮ
ਰੀੜ੍ਹ ਦੀ ਹੱਡੀ ਵੇਚ ਕੇ ਲੈਂਦੇ ਫਿਰ ਇਨਾਮ”
ਮੋਹਨ ਗਿੱਲ ਪੰਜਾਬ ਦੇ ਦਰਦ ਤੋਂ ਵੀ ਅਭਿੱਜ ਨਹੀਂ। ਨਸ਼ਿਆਂ ਕਾਰਨ ਨੌਜਵਾਨੀ ਦੇ ਖਤਮ ਹੋਣ ਦਾ ਦੁੱਖ ਉਸ ਦੇ ਦੋਹਿਆਂ ਵਿੱਚ ਸਾਫ਼ ਨਜ਼ਰ ਆਉਂਦਾ ਹੈ। ਪੰਜਾਬ ਵਿੱਚ ਨਸ਼ਿਆਂ ਕਾਰਨ ਰੋਜ਼ ਪੈ ਰਹੇ ਮਰਗ ਦੇ ਭੋਗ ਸ਼ਾਇਰ ਲਈ ਮਹਿਜ਼ ਖ਼ਬਰਾਂ ਨਹੀਂ, ਸਗੋਂ ਰੂਹ ਦਾ ਜ਼ਖ਼ਮ ਹਨ।
“ਉਂਜ ਪੰਜਾਬ ‘ਚ ਖ਼ੈਰ ਹੈ ਇੱਕੋ ਗੱਲ ਦਾ ਸੋਗ,
ਨਸ਼ਿਆਂ ਕਾਰਨ ਪੈ ਰਹੇ ਰੋਜ਼ ਮਰਗ ਦੇ ਭੋਗ”
ਇਹ ਪੰਕਤੀਆਂ ਸਿਰਫ਼ ਸ਼ਬਦ ਨਹੀਂ, ਸਗੋਂ ਇੱਕ ਚੀਖ ਹਨ, ਇੱਕ ਸੁਚੇਤ ਕਵੀ ਦੀ ਚੀਖ ਜੋ ਆਪਣੇ ਸਮਾਜ ਨੂੰ ਗਰਕਦਾ ਹੋਇਆ ਦੇਖ ਕੇ ਤੜਪ ਰਿਹਾ ਹੈ।
ਉਹ ਕੁਦਰਤ ਨਾਲੋਂ ਟੁੱਟ ਕੇ ਫ਼ੋਨਾਂ ਦੀ ਚਕਾਚੌਂਧ ਵਿੱਚ ਗੁਆਚੀ ਜਵਾਨੀ ਨੂੰ ਵੀ ਵਾਪਸ ਮੁੜਨ ਦਾ ਹੋਕਾ ਦਿੰਦੇ ਹਨ। ਗਿਆਨ ਦੀ ਅਸਲ ਪਰਿਭਾਸ਼ਾ ਦਿੰਦਿਆਂ ਉਹ ਕਹਿੰਦੇ ਹਨ ਕਿ ਕਿਤਾਬਾਂ ਦਾ ਭਾਰ ਢੋਣ ਵਾਲੇ 'ਵਿਦਵਾਨ' ਨਹੀਂ ਹੁੰਦੇ, ਸਗੋਂ ਗਿਆਨ ਤਾਂ ਉਹ ਹੈ ਜੋ ਸੂਰਜ ਦੀ ਧੁੱਪ ਵਾਂਗ ਬਿਨਾਂ ਬੋਲੇ ਆਪਣਾ ਪ੍ਰਭਾਵ ਛੱਡਦਾ ਹੈ। ਗਿਆਨਵਾਨ ਦੀ 'ਚੁੱਪ' ਅਤੇ ਅਗਿਆਨੀ ਦੀ 'ਕੂਕ' ਵਿਚਲਾ ਅੰਤਰ ਉਹਨਾਂ ਦੇ ਦੋਹਿਆਂ ਵਿੱਚ ਸਾਫ਼ ਝਲਕਦਾ ਹੈ। ਗਿਆਨ ਅਤੇ ਅਗਿਆਨ, ਬੋਲਣ ਅਤੇ ਚੁੱਪ, ਅਸਲ ਅਤੇ ਨਕਾਬ ਵਿਚਕਾਰ ਦਾ ਟਕਰਾਅ ਵੀ ਇਹਨਾਂ ਦੋਹਿਆਂ ਵਿਚ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ।
“ਅਗਿਆਨੀ ਨੇ ਕੂਕਦੇ ਗਿਆਨਵਾਨ ਨੇ ਚੁੱਪ
ਬੋਹਲਾਂ ਨੂੰ ਮੱਤਾਂ ਦਵੇ ਤੂੜੀ ਵਾਲਾ ਕੁੱਪ”
ਇਸ ਦੋਹੇ ਵਿੱਚ ਅੱਜ ਦੇ ਸਮਾਜ ਦੀ ਤਰਾਸਦੀ ਸਮਾਈ ਹੋਈ ਹੈ, ਜਿੱਥੇ ਗਿਆਨ ਅਕਸਰ ਚੁੱਪ ਰਹਿ ਜਾਂਦਾ ਹੈ ਅਤੇ ਅਗਿਆਨ ਦੇ ਸ਼ੋਰ ਦਾ ਬੋਲ ਬਾਲਾ ਹੋ ਜਾਂਦਾ ਹੈ।
ਸਮੁੱਚੇ ਤੌਰ ‘ਤੇ ਮੋਹਨ ਗਿੱਲ ਦੀ ਇਹ ਪੁਸਤਕ ਦੋਹਿਆਂ ਰਾਹੀਂ ਲਿਖਿਆ ਗਿਆ ਇੱਕ ਸਮਾਜਿਕ ਦਸਤਾਵੇਜ਼ ਹੈ। ਇਹ ਪਾਠਕ ਨੂੰ ਉਪਦੇਸ਼ ਨਹੀਂ ਦਿੰਦੀ ਸਗੋਂ ਆਇਨਾ ਦਿਖਾਉਂਦੀ ਹੈ। ਇਸ ਦੀ ਭਾਸ਼ਾ ਸੌਖੀ ਪਰ ਅਰਥ ਗਹਿਰੇ ਹਨ। ਇਹ ਮਨ ਨੂੰ ਝੰਜੋੜਨ ਵਾਲੀ, ਸੋਚ ਨੂੰ ਜਗਾਉਣ ਵਾਲੀ ਅਤੇ ਸੰਵੇਦਨਾ ਨੂੰ ਮਜ਼ਬੂਤ ਕਰਨ ਵਾਲੀ ਕਿਤਾਬ ਹੈ ਜੋ ਪੰਜਾਬੀ ਸਾਹਿਤ ਵਿੱਚ ਆਪਣੀ ਵੱਖਰੀ ਅਤੇ ਅਹਿਮ ਥਾਂ ਬਣਾਉਂਦੀ ਹੈ। ਇਹ ਪੁਸਤਕ ਪਾਠਕ ਨੂੰ ਸਵੈ-ਪੜਚੋਲ ਕਰਨ ਲਈ ਪ੍ਰੇਰਦੀ ਹੈ ਅਤੇ ਹਰ ਉਸ ਪਾਠਕ ਲਈ ਜ਼ਰੂਰੀ ਹੈ ਜੋ ਸਮਾਜ ਨੂੰ ਬਦਲਣ ਦੀ ਤਾਂਘ ਰੱਖਦਾ ਹੈ ਅਤੇ ਸ਼ਬਦਾਂ ਰਾਹੀਂ ਸੱਚ ਦੇ ਰਾਹ ਤੁਰਨ ਦੀ ਲੋਚਾ ਰੱਖਦਾ ਹੈ।
21 ਫਰਵਰੀ ‘ਤੇ ਵਿਸ਼ੇਸ਼ : ਸਿੱਖੀ ਸਿਦਕ ਅਤੇ ਅਣਖ ਦੀ ਮਿਸਾਲ : ਜੈਤੋ ਦਾ ਮੋਰਚਾ - ਹਰਦਮ ਮਾਨ
ਜੈਤੋ ਮੋਰਚਾ ਸਿੱਖ ਇਤਿਹਾਸ ਦੀ ਉਹ ਮਹਾਨ ਘਟਨਾ ਹੈ ਜਿਸ ਨੇ ਸਿੱਖ ਕੌਮ ਦੀ ਧਾਰਮਿਕ ਸ਼ਰਧਾ, ਸ਼ਾਂਤਮਈ ਸੰਘਰਸ਼ ਅਤੇ ਇਕਮੁੱਠਤਾ ਨੂੰ ਨਵਾਂ ਹੁਲਾਰਾ ਦਿੱਤਾ। ਇਹ ਮੋਰਚਾ ਪੌਣੇ ਦੋ ਸਾਲ ਤੋਂ ਵੱਧ ਸਮੇਂ ਤੱਕ ਚੱਲਿਆ ਅਤੇ ਇਸ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਇਹ ਰਹੀ ਕਿ ਬ੍ਰਿਟਿਸ਼ ਹਕੂਮਤ ਨੂੰ ਆਖਿਰਕਾਰ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਕਾਨੂੰਨੀ ਢਾਂਚਾ ਤਿਆਰ ਕਰਨ ਲਈ ਮਜਬੂਰ ਹੋਣਾ ਪਿਆ। ਇਸ ਤਰ੍ਹਾਂ ਇਹ ਅੰਦੋਲਨ ਸਿਰਫ਼ ਧਾਰਮਿਕ ਹੱਕਾਂ ਲਈ ਨਹੀਂ ਸਗੋਂ ਭਾਰਤੀ ਆਜ਼ਾਦੀ ਅੰਦੋਲਨ ਦੀ ਵਿਸ਼ਾਲ ਪਿਠਭੂਮੀ ਵਿੱਚ ਵੀ ਇੱਕ ਅਹਿਮ ਕੜੀ ਵਜੋਂ ਸਾਹਮਣੇ ਆਇਆ।
ਇਸ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ। ਮਹਾਰਾਜਾ ਰਿਪੁਦਮਨ ਸਿੰਘ ਸਿੱਖ ਜਗਤ ਵਿੱਚ ਬਹੁਤ ਆਦਰਯੋਗ ਅਤੇ ਲੋਕਪ੍ਰਿਯ ਸ਼ਖ਼ਸੀਅਤ ਸਨ। ਉਹ ਸਿੱਖ ਸੁਧਾਰ ਲਹਿਰ ਅਤੇ ਗੁਰਦੁਆਰਾ ਸੁਧਾਰ ਅੰਦੋਲਨ ਪ੍ਰਤੀ ਹਮਦਰਦੀ ਰੱਖਦੇ ਸਨ। ਉਨ੍ਹਾਂ ਦੀ ਬਰਖਾਸਤਗੀ ਸਿੱਖਾਂ ਲਈ ਸਿਰਫ਼ ਰਾਜਸੀ ਮਾਮਲਾ ਨਹੀਂ ਸੀ ਸਗੋਂ ਇਹ ਕੌਮੀ ਅਪਮਾਨ ਸੀ। ਇਸ ਕਾਰਵਾਈ ਨੇ ਪੰਜਾਬ ਭਰ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ। ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਅਤੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿਚ ‘ਨਾਭਾ ਦਿਵਸ’ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ। ਅੰਗਰੇਜ਼ੀ ਹਕੂਮਤ ਵੱਲੋਂ ਮਹਾਰਾਜਾ ਰਿਪੁਦਮਨ ਦੇ ਸਬੰਧ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਆਗਿਆ ਨਾ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਵਿਚ ਥਾਂ-ਥਾਂ ਮੁਜ਼ਾਹਰੇ ਕੀਤੇ ਗਏ ਅਤੇ ਮਹਾਰਾਜਾ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ।
ਜੈਤੋ ਮੰਡੀ ਵਿਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਸਿੱਖਾਂ ਦੇ ਇਸ ਰੋਸ ਤੋਂ ਅੰਗਰੇਜ਼ੀ ਹਕੂਮਤ ਬੇਹੱਦ ਖਫ਼ਾ ਹੋਈ। ਜੈਤੋ ਵਿਖੇ ਅਖੰਡ ਪਾਠਾਂ ਦੀ ਲੜੀ ਨੂੰ ਹਕੂਮਤ ਨੇ ਵੱਡੀ ਬਗਾਵਤ ਵਜੋਂ ਲਿਆ। 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਚ ਦੀਵਾਨ ਸਜਿਆ ਹੋਇਆ ਸੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਅਖੰਡ ਪਾਠ ਚੱਲ ਰਿਹਾ ਸੀ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਉੱਥੇ ਇਕੱਤਰ ਹੋਈ ਸੰਗਤ ਅਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਗੁਰੂ ਦੀ ਤਾਬਿਆ ‘ਚੋਂ ਬਾਹਰ ਖਿੱਚ ਲਿਆਂਦਾ। ਇਸ ਤਰ੍ਹਾਂ ਚੱਲ ਰਹੇ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ।
ਅਖੰਡ ਪਾਠ ਦਾ ਖੰਡਿਤ ਕੀਤਾ ਜਾਣਾ ਸਿੱਖਾਂ ਮਰਯਾਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਘਟਨਾ ਨੇ ਮਹਾਰਾਜਾ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਇਸ ਤਰ੍ਹਾਂ ਜੈਤੋ ਮੋਰਚੇ ਦਾ ਆਰੰਭ ਹੋਇਆ ਜਿਸ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜੱਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਹਰ ਰੋਜ਼ 25-25 ਸਿੰਘਾਂ ਦੇ ਜੱਥੇ ਜੈਤੋ ਵੱਲ ਭੇਜਣੇ ਆਰੰਭ ਕਰ ਦਿੱਤੇ। 25 ਸਿੰਘਾਂ ਦਾ ਇਕ ਜੱਥਾ ਹਰ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਇਨ੍ਹਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ।
ਇਸ ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਦਿੱਲੀ ਵਿਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਕ ਇਜਲਾਸ ਵਿਚ ਮਹਾਰਾਜਾ ਨਾਭਾ ਨੂੰ ਗੱਦੀਓਂ ਲਾਹੇ ਜਾਣ ਬਾਰੇ ਅਤੇ ਜੈਤੋ ਦੇ ਧਾਰਮਿਕ ਮੋਰਚੇ ਬਾਰੇ ਕਾਂਗਰਸ ਵੱਲੋਂ ਹਮਦਰਦੀ ਪ੍ਰਗਟ ਕੀਤੀ ਗਈ। ਕਾਂਗਰਸ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ, ਪ੍ਰਿੰਸੀਪਲ ਗਿਡਵਾਨੀ ਅਤੇ ਮਿਸਟਰ ਕੇ. ਸਨਾਤਮ ਨੂੰ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ। ਇਨ੍ਹਾਂ ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲੇ ਦੀ ਇਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ।
29 ਸਤੰਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖ਼ਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਹਰ ਰੋਜ਼ 25-25 ਸਿੰਘਾਂ ਦੇ ਜੱਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ ਕੇ ਸੰਘਰਸ਼ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ 500-500 ਸਿੰਘਾਂ ਦਾ ਜੱਥੇ ਭੇਜਣ ਦਾ ਫੈਸਲਾ ਕੀਤਾ ਗਿਆ। 500 ਸਿੰਘਾਂ ਦਾ ਪਹਿਲਾ 'ਸ਼ਹੀਦੀ ਜਥਾ' ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਰਵਾਨਾ ਹੋਇਆ। ਇਸ ਜਥੇ ਨੇ ਪ੍ਰਣ ਕੀਤਾ ਸੀ ਕਿ ਉਹ ਜੈਤੋ ਪਹੁੰਚ ਕੇ ਅਖੰਡ ਪਾਠ ਸਾਹਿਬ ਮੁੜ ਸ਼ੁਰੂ ਕਰਨਗੇ ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈਣ। ਰਸਤੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਇਸ ਜਥੇ ਦਾ ਭਰਵਾਂ ਸਵਾਗਤ ਕੀਤਾ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਵੀ ਕਾਰ ਵਿਚ ਸਵਾਰ ਹੋ ਕੇ ਜਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਹਕੂਮਤ ਦੇ ਅਹਿਲਕਾਰਾਂ ਨੇ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ।
ਜਦੋਂ ਇਹ ਜਥਾ ਜੈਤੋ ਦੇ ਨਜ਼ਦੀਕ ਪਹੁੰਚਿਆ ਤਾਂ ਅੰਗਰੇਜ਼ ਪ੍ਰਸ਼ਾਸਕ ਵਿਲਸਨ ਜੌਹਨਸਨ ਨੇ ਜਥੇ ਨੂੰ ਅੱਗੇ ਨਾ ਵਧਣ ਦਾ ਹੁਕਮ ਦਿੱਤਾ। ਪਰ ਸਿੰਘ ਅਡੋਲ ਰਹੇ ਅਤੇ "ਸਤਿ ਸ੍ਰੀ ਅਕਾਲ" ਦੇ ਜੈਕਾਰੇ ਛੱਡਦੇ ਹੋਏ ਅੱਗੇ ਵਧਦੇ ਗਏ। ਅੰਗਰੇਜ਼ੀ ਫੌਜ ਨੇ ਨਿਹੱਥੇ ਸਿੰਘਾਂ 'ਤੇ ਮਸ਼ੀਨਗੰਨਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਖ਼ੂਨੀ ਕਾਰੇ ਵਿੱਚ ਸੈਂਕੜੇ ਸਿੰਘ ਸ਼ਹੀਦ ਅਤੇ ਜ਼ਖ਼ਮੀ ਹੋਏ। ਸ਼ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੰਘ ਗੋਲੀਆਂ ਦਾ ਸ਼ਿਕਾਰ ਹੋਏ ਜਿਨ੍ਹਾਂ ਵਿੱਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ।
ਇਸ ਕਤਲੇਆਮ ਦੀ ਖ਼ਬਰ ਪੂਰੀ ਦੁਨੀਆ ਵਿੱਚ ਫੈਲ ਗਈ, ਜਿਸ ਨਾਲ ਬ੍ਰਿਟਿਸ਼ ਹਕੂਮਤ ਦੀ ਬਹੁਤ ਬਦਨਾਮੀ ਹੋਈ। ਦੂਜੇ ਪਾਸੇ ਸਿੱਖਾਂ ਦਾ ਖੂਨ ਖੌਲਣ ਲੱਗਾ ਅਤੇ ਮੋਰਚੇ ਵਿਚ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਲੋਕ ਸ਼ਹੀਦੀ ਜਥਿਆਂ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਲੱਗੇ। ਪਹਿਲੇ ਸ਼ਹੀਦੀ ਜਥੇ 'ਤੇ ਗੋਲੀ ਚਲਾਏ ਜਾਣ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਨਾ ਸਿਰਫ਼ ਬਾ-ਦਸਤੂਰ ਕਾਇਮ ਰਹੇ ਸਗੋਂ ਸਿੱਖਾਂ ਵਿਚ ਰੋਹ ਤੇ ਜੋਸ਼ ਦਾ ਵਾਧਾ ਹੋਇਆ। ਸਿੱਖਾਂ ਨੇ ਇੱਕ ਤੋਂ ਬਾਅਦ ਇੱਕ 17 ਸ਼ਹੀਦੀ ਜਥੇ ਭੇਜੇ। ਅਖੀਰ ਅੰਗਰੇਜ਼ੀ ਹਕੂਮਤ ਨੂੰ ਝੁਕਣਾ ਪਿਆ ਅਤੇ ਸਰਕਾਰ ਨੇ 21 ਜੁਲਾਈ 1925 ਨੂੰ ਬਿਨਾਂ ਸ਼ਰਤ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਅਖੰਡ ਪਾਠ ਕਰਨ ਦੀ ਇਜਾਜ਼ਤ ਦੇ ਦਿੱਤੀ। ਸਿੱਖ ਸੰਗਤ ਵੱਲੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰ ਕੇ ਭੋਗ ਪਾਏ ਗਏ। ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ 'ਸਿੱਖ ਗੁਰਦੁਆਰਾ ਐਕਟ' ਦਾ ਪਾਸ ਹੋਣਾ ਸੀ। ਇਸ ਐਕਟ ਰਾਹੀਂ ਗੁਰਦੁਆਰਿਆਂ ਦਾ ਪ੍ਰਬੰਧ ਸਿੱਧੇ ਤੌਰ 'ਤੇ ਸਿੱਖ ਕੌਮ ਦੁਆਰਾ ਚੁਣੀ ਗਈ ਸੰਸਥਾ (ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਹੱਥ ਵਿੱਚ ਆ ਗਿਆ। ਗੁਰਦੁਆਰਿਆਂ ਵਿੱਚੋਂ ਭ੍ਰਿਸ਼ਟ ਮਹੰਤਾਂ ਦਾ ਕਬਜ਼ਾ ਹਮੇਸ਼ਾ ਲਈ ਖ਼ਤਮ ਹੋ ਗਿਆ ਅਤੇ ਮਰਯਾਦਾ ਅਨੁਸਾਰ ਸੇਵਾ-ਸੰਭਾਲ ਸ਼ੁਰੂ ਹੋਈ।
ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਮੋਰਚੇ ਬਾਰੇ ਕਿਹਾ ਸੀ ਕਿ ਉਨ੍ਹਾਂ ਨੇ ਸਿੱਖਾਂ ਤੋਂ "ਸ਼ਾਂਤਮਈ ਸਤਿਆਗ੍ਰਹਿ" ਦਾ ਅਸਲੀ ਮਤਲਬ ਸਿੱਖਿਆ ਹੈ। ਉਨ੍ਹਾਂ ਅਨੁਸਾਰ ਜਿੰਨੀ ਦ੍ਰਿੜਤਾ ਸਿੱਖਾਂ ਨੇ ਦਿਖਾਈ, ਉਹ ਬੇਮਿਸਾਲ ਸੀ। ਮੋਰਚੇ ਦੀ ਸਫਲਤਾ ਤੋਂ ਬਾਅਦ ਮਹਾਤਮਾ ਗਾਂਧੀ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਇੱਕ ਟੈਲੀਗਰਾਮ ਰਾਹੀਂ ਭੇਜੇ ਇਕ ਸੰਦੇਸ਼ ਵਿੱਚ ਲਿਖਿਆ ਸੀ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ, ਵਧਾਈਆਂ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਮੋਰਚਾ ਭਾਰਤ ਦੇ ਸਮੁੱਚੇ ਆਜ਼ਾਦੀ ਸੰਗਰਾਮ ਲਈ ਕਿੰਨੀ ਵੱਡੀ ਪ੍ਰੇਰਣਾ ਬਣਿਆ।
ਸ਼ਹੀਦੀ ਜੱਥੇ ਉਪਰ ਜਿਸ ਸਥਾਨ ‘ਤੇ ਗੋਲੀ ਚਲਾਈ ਗਈ ਸੀ ਉਸ ਜਗ੍ਹਾ ਉੱਪਰ ਗੁਰਦੁਆਰਾ ਟਿੱਬੀ ਸਾਹਿਬ ਉਸਾਰਿਆ ਗਿਆ ਹੈ ਅਤੇ ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਅਖੰਡ ਪਾਠਾਂ ਦੀ ਇਕੋਤਰੀ ਚਲਾਈ ਜਾਂਦੀ ਹੈ ਅਤੇ 21 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਵਿਚ ਸ਼ਾਮਲ ਹੋ ਕੇ ਸੰਗਤਾਂ ਜੈਤੋ ਮੋਰਚੇ ਦੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਹਨ।
+ ਸਰੀ (ਕੈਨੇਡਾ), ਫੋਨ ਨੰਬਰ +1-604-308-6663 ਈਮੇਲ: maanhardam@gmail.com
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com
21 ਫਰਵਰੀ ‘ਤੇ ਵਿਸ਼ੇਸ਼ - ਸਿੱਖੀ ਸਿਦਕ ਅਤੇ ਅਣਖ ਦੀ ਮਿਸਾਲ : ਜੈਤੋ ਦਾ ਮੋਰਚਾ - ਹਰਦਮ ਮਾਨ

ਬਸੰਤ ਬਹਾਰ: ਕੁਦਰਤ ਦਾ ਸ਼ਿੰਗਾਰ ਅਤੇ ਜੀਵਨ ਦੀ ਨਵੀਂ ਸੰਭਾਵਨਾ - ਹਰਦਮ ਮਾਨ
ਜਦੋਂ ਮਾਘ ਦੀ ਠੰਢੀ ਖਾਮੋਸ਼ੀ ਅਲਵਿਦਾ ਕਹਿ ਕੇ ਰੁਖ਼ਸਤ ਹੁੰਦੀ ਹੈ ਅਤੇ ਫੱਗਣ ਦੀਆਂ ਨਰਮ, ਸੁਗੰਧੀ ਭਰੀਆਂ ਹਵਾਵਾਂ ਧਰਤੀ ਨੂੰ ਛੂੰਹਦੀਆਂ ਹਨ, ਤਦ ਸਮਝੋ ਕਿ ਬਸੰਤ ਨੇ ਆਪਣੇ ਕੋਮਲ ਕਦਮਾਂ ਨਾਲ ਦਸਤਕ ਦੇ ਦਿੱਤੀ ਹੈ। ਬਸੰਤ ਸਿਰਫ਼ ਇੱਕ ਰੁੱਤ ਨਹੀਂ, ਇਹ ਮਨੁੱਖੀ ਚੇਤਨਾ ਦੀ ਨਵੀਨਤਾ, ਕੁਦਰਤ ਦੇ ਪੁਨਰ ਜਨਮ ਅਤੇ ਸੱਭਿਆਚਾਰਕ ਮੇਲਿਆਂ ਦਾ ਜੀਵੰਤ ਪ੍ਰਤੀਕ ਹੈ। ਪੰਜਾਬੀ ਜੀਵਨ-ਦਰਸ਼ਨ ਵਿੱਚ ਬਸੰਤ ਸਦਾ ਤੋਂ ਹੀ ਆਸ, ਉਤਸ਼ਾਹ ਅਤੇ ਰੰਗੀਨਤਾ ਦਾ ਦੂਜਾ ਨਾਮ ਰਿਹਾ ਹੈ।
ਪੱਤਝੜ ਦੀ ਉਦਾਸੀ ਤੋਂ ਬਾਅਦ ਜਦੋਂ ਸੁੱਕੀਆਂ ਟਾਹਣੀਆਂ ‘ਤੇ ਨਰਮ ਹਰੀਆਂ ਕਰੂੰਬਲਾਂ ਮੁਸਕਰਾਉਂਦੀਆਂ ਹਨ ਤਾਂ ਇਹ ਸਿਰਫ਼ ਪੱਤਿਆਂ ਦਾ ਫੁੱਟਣਾ ਨਹੀਂ ਹੁੰਦਾ, ਇਹ ਜੀਵਨ ਦੇ ਮੁੜ ਜਾਗ ਪੈਣ ਦੀ ਨਿਸ਼ਾਨੀ ਹੁੰਦੀ ਹੈ। ਬਸੰਤ ਨਾਲ ਫ਼ਿਜ਼ਾਅ ਵਿੱਚ ਇਕ ਅਜਿਹੀ ਮਸਤਾਨੀ ਮਹਿਕ ਘੁਲ ਜਾਂਦੀ ਹੈ ਜੋ ਮਨੁੱਖੀ ਮਨ ਦਾ ਬੋਝ ਹਲਕਾ ਕਰ ਕੇ ਉਸ ਨੂੰ ਸਕੂਨ ਦੀ ਗੋਦ ਵਿੱਚ ਬਿਠਾ ਦਿੰਦੀ ਹੈ। ਵਿਗਿਆਨਕ ਤੌਰ ‘ਤੇ ਵੀ ਇਹ ਸਮਾਂ ਬਨਸਪਤੀ ਅਤੇ ਜੀਵ-ਜੰਤੂਆਂ ਦੇ ਪ੍ਰਜਨਨ ਅਤੇ ਵਿਕਾਸ ਲਈ ਸਭ ਤੋਂ ਅਨੁਕੂਲ ਮੰਨਿਆ ਜਾਂਦਾ ਹੈ, ਜਿਵੇਂ ਕੁਦਰਤ ਖ਼ੁਦ ਜੀਵਨ ਨੂੰ ਨਵਾਂ ਆਦੇਸ਼ ਦੇ ਰਹੀ ਹੋਵੇ।
ਬਸੰਤ ਆਪਣੇ ਨਾਲ ਰੰਗਾਂ ਦੀ ਇੱਕ ਅਦਭੁਤ ਕਵਿਤਾ ਲੈ ਕੇ ਆਉਂਦੀ ਹੈ। ਹਰੇ, ਪੀਲੇ, ਗੁਲਾਬੀ, ਲਾਲ, ਨੀਲੇ ਅਤੇ ਹੋਰ ਅਨੇਕ ਰੰਗ ਧਰਤੀ ਨੂੰ ਨਵੀਂ ਵਿਆਹੀ ਦੁਲਹਨ ਵਾਂਗ ਸਜਾ ਦਿੰਦੇ ਹਨ। ਮਨੋਵਿਗਿਆਨੀਆਂ ਅਨੁਸਾਰ, ਇਹ ਚਮਕਦਾਰ ਰੰਗ ਮਨੁੱਖੀ ਦਿਮਾਗ ਵਿੱਚ ਖ਼ੁਸ਼ੀ ਦੇ ਹਾਰਮੋਨ ‘ਡੋਪਾਮਾਈਨ’ ਨੂੰ ਸਰਗਰਮ ਕਰਦੇ ਹਨ, ਜਿਸ ਨਾਲ ਮਨ ਪ੍ਰਸੰਨਤਾ ਅਤੇ ਉਰਜਾ ਨਾਲ ਭਰ ਜਾਂਦਾ ਹੈ। ਫੁੱਲਾਂ ‘ਤੇ ਮੰਡਰਾਉਂਦੀਆਂ ਤਿਤਲੀਆਂ ਅਤੇ ਹਰੀ ਮਖ਼ਮਲੀ ਘਾਹ ਦੀ ਚਾਦਰ ਕੁਦਰਤ ਦੇ ਬੇਅੰਤ ਸੁਹੱਪਣ ਦਾ ਅਹਿਸਾਸ ਕਰਵਾਉਂਦੀਆਂ ਹਨ।
ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ ਵੀ ਬਸੰਤ ਨਾਲ ਨਵੀਂ ਸਾਹ ਲੈਂਦੀ ਹੈ। ਸਰ੍ਹੋਂ ਦੇ ਪੀਲੇ ਫੁੱਲ ਜਦੋਂ ਦੂਰ ਤੱਕ ਖੇਤਾਂ ਵਿਚ ਲਹਿਰਾ ਰਹੇ ਹੁੰਦੇ ਹਨ ਤਾਂ ਲੱਗਦਾ ਹੈ ਜਿਵੇਂ ਅਸਮਾਨ ਨੇ ਆਪਣਾ ਸੋਨਾ ਧਰਤੀ ‘ਤੇ ਲੁੱਟਾ ਦਿੱਤਾ ਹੋਵੇ। ਕਣਕਾਂ ਦਾ ਨਿਸਰਣਾ ਕਿਸਾਨ ਦੀਆਂ ਅੱਖਾਂ ਵਿੱਚ ਚਮਕ ਪੈਦਾ ਕਰ ਦਿੰਦਾ ਹੈ। ਅੰਬਾਂ ਦੇ ਬਾਗਾਂ ਵਿੱਚ ਕੋਇਲ ਦੀ ਮਿੱਠੀ ਕੂਕ ਅਤੇ ਤੋਤਿਆਂ ਦੀ ਚਹਿਚਹਾਟ ਪੇਂਡੂ ਜੀਵਨ ਨੂੰ ਇੱਕ ਅਲੌਕਿਕ ਮਿਠਾਸ ਬਖ਼ਸ਼ਦੀ ਹੈ। ਇਹ ਰੁੱਤ ਕਿਸਾਨ ਲਈ ਸਿਰਫ਼ ਫਸਲ ਨਹੀਂ ਸਗੋਂ ਖ਼ੁਸ਼ਹਾਲੀ ਦਾ ਸੁਪਨਾ ਹੁੰਦੀ ਹੈ।
ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਬਸੰਤ ਦੀ ਪਹਿਚਾਣ ਪਤੰਗਬਾਜ਼ੀ ਨਾਲ ਅਟੁੱਟ ਜੁੜੀ ਹੋਈ ਹੈ। ਨੀਲੇ ਅਸਮਾਨ ਵਿੱਚ ਤੈਰਦੀਆਂ ਰੰਗ-ਬਿਰੰਗੀਆਂ ਪਤੰਗਾਂ ਅਤੇ ਉਨ੍ਹਾਂ ਦੇ ਪੇਚੇ ਸਿਰਫ਼ ਖੇਡ ਨਹੀਂ, ਇਹ ਸਮਾਜਿਕ ਸਾਂਝ ਅਤੇ ਮੁਕਾਬਲੇ ਦੀ ਸੁੰਦਰ ਮਿਸਾਲ ਹਨ। ਪੀਲੇ ਕੱਪੜੇ, ਮਿੱਠੇ ਚਾਵਲ ਅਤੇ ਹਾਸੇ-ਠੱਠੇ ਬਸੰਤ ਨੂੰ ਲੋਕਧਾਰਾ ਨਾਲ ਜੋੜਦੇ ਹਨ। ਪਤੰਗਾਂ ਦੇ ਪੇਚਿਆਂ ਦੀ ਤਣਾਅ ਭਰੀ ਲੜਾਈ ਵੀ ਸਾਨੂੰ ਇਹ ਸਿਖਾਉਂਦੀ ਹੈ ਕਿ ਮੁਕਾਬਲਾ ਕਿੰਨਾ ਵੀ ਸਖਤ ਹੋਵੇ ਪਰ ਮਨੁੱਖੀ ਮੁਹੱਬਤ ਦੀ ਡੋਰ ਕਦੇ ਨਹੀਂ ਟੁੱਟਣੀ ਚਾਹੀਦੀ।
ਬਸੰਤ ਦਾ ਰੰਗ ਸਿਰਫ਼ ਖ਼ੁਸ਼ੀ ਨਹੀਂ ਇਹ ਕੁਰਬਾਨੀ ਅਤੇ ਅਣਖ ਦਾ ਵੀ ਪ੍ਰਤੀਕ ਹੈ। ਹਕੀਕਤ ਰਾਏ ਦੀ ਸ਼ਹਾਦਤ ਤੋਂ ਲੈ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬਸੰਤੀ ਚੋਲੇ ਤੱਕ, ਇਹ ਰੰਗ ਇਨਕਲਾਬੀ ਚੇਤਨਾ ਨਾਲ ਰੰਗਿਆ ਹੋਇਆ ਹੈ। ਬਸੰਤ ਮਨਾਉਂਦੇ ਹੋਏ ਸਾਨੂੰ ਉਨ੍ਹਾਂ ਸੂਰਬੀਰਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਬਿਨਾਂ ਅਸਲ ਬਹਾਰ ਅਧੂਰੀ ਹੈ। ਨਾਲ ਹੀ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਸਲ ਬਸੰਤ ਤਾਂ ਉਦੋਂ ਆਵੇਗੀ ਜਦੋਂ ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਇਨਸਾਫ਼ਪਸੰਦ ਅਤੇ ਮਨੁੱਖੀ ਸਮਾਜ ਸਿਰਜਾਂਗੇ।
ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਕਾਰਨ ਜਦੋਂ ਰੁੱਤਾਂ ਦਾ ਕੁਦਰਤੀ ਸੰਤੁਲਨ ਡੋਲ ਰਿਹਾ ਹੈ ਤਦ ਬਸੰਤ ਸਾਨੂੰ ਚਿਤਾਵਨੀ ਵੀ ਦਿੰਦੀ ਹੈ। ਰੁੱਖਾਂ ਦੀ ਅੰਧਾਧੁੰਦ ਕਟਾਈ ਅਤੇ ਪ੍ਰਦੂਸ਼ਿਤ ਹਵਾ ਬਸੰਤ ਦੀ ਮਿਆਦ ਨੂੰ ਸੁੰਗੇੜ ਰਹੀਆਂ ਹਨ। ਲੋੜ ਹੈ ਕਿ ਅਸੀਂ ਕੁਦਰਤ ਨਾਲ ਸਾਂਝ ਪਾਈਏ, ਵੱਧ ਤੋਂ ਵੱਧ ਰੁੱਖ ਲਾਈਏ ਅਤੇ ਧਰਤੀ ਨੂੰ ਆਉਣ ਵਾਲੀਆਂ ਨਸਲਾਂ ਲਈ ਸੁਰੱਖਿਅਤ ਛੱਡੀਏ।
ਬਸੰਤ ਬਹਾਰ ਸਾਨੂੰ ਸਿਖਾਉਂਦੀ ਹੈ ਕਿ ਹਰ ਪੱਤਝੜ ਤੋਂ ਬਾਅਦ ਨਵੀਂ ਕੋਪਲ ਜ਼ਰੂਰ ਫੁੱਟਦੀ ਹੈ। ਇਹ ਰੁੱਤ ਖ਼ੁਸ਼ੀ, ਸਾਂਝ ਅਤੇ ਕੁਦਰਤ ਪ੍ਰਤੀ ਸਤਿਕਾਰ ਦੀ ਜੀਵਨ-ਸ਼ੈਲੀ ਦਾ ਸੰਦੇਸ਼ ਦਿੰਦੀ ਹੈ। ਆਓ, ਇਸ ਬਸੰਤ ਆਪਣੇ ਮਨਾਂ ਦੇ ਵਿਹੜੇ ਵਿੱਚ ਵੀ ਮੁਹੱਬਤ, ਇਨਸਾਨੀਅਤ ਅਤੇ ਆਸ ਦੇ ਫੁੱਲ ਖਿੜਾਈਏ ਤਾਂ ਜੋ ਸਾਡੀ ਦੁਨੀਆ ਹੋਰ ਵੀ ਰੰਗੀਨ, ਸੁੰਦਰ ਅਤੇ ਰਹਿਣਯੋਗ ਬਣ ਸਕੇ।
· ਸਰੀ (ਕੈਨੇਡਾ) ਫੋਨ: +1-604-308-6663 ਈਮੇਲ: maanhardam@gmail.com
ਪੁਸਤਕ ਚਰਚਾ - ਬਲਦੇਵ ਸੀਹਰਾ ਦਾ ਗ਼ਜ਼ਲ ਸੰਗ੍ਰਹਿ ‘ਗੁਜ਼ਾਰਿਸ਼’ ਵਾਚਦਿਆਂ - ਹਰਦਮ ਮਾਨ
ਬਲਦੇਵ ਸੀਹਰਾ ਪੰਜਾਬੀ ਗ਼ਜ਼ਲਕਾਰੀ ਦੇ ਖੇਤਰ ਵਿੱਚ ਇੱਕ ਪਰਪੱਕ ਅਤੇ ਸਥਾਪਿਤ ਨਾਮ ਹੈ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਉਨ੍ਹਾਂ ਦਾ ਪੰਜਵਾਂ ਗ਼ਜ਼ਲ ਸੰਗ੍ਰਹਿ ‘ਗੁਜ਼ਾਰਿਸ਼’ ਮਨੁੱਖੀ ਸੰਵੇਦਨਾਵਾਂ, ਸਮਾਜਿਕ ਸਰੋਕਾਰਾਂ ਅਤੇ ਹੋਂਦ ਦੇ ਸੰਘਰਸ਼ ਦਾ ਇੱਕ ਅਦਭੁਤ ਦਸਤਾਵੇਜ਼ ਹੈ। 119 ਸਫ਼ਿਆਂ ਵਿੱਚ ਫੈਲੀ ਇਹ ਰਚਨਾ ਮਹਿਜ਼ ਸ਼ਬਦਾਂ ਦਾ ਜਾਲ ਨਹੀਂ, ਸਗੋਂ ਸਮਕਾਲੀ ਜੀਵਨ ਦੀਆਂ ਤਲਖ਼ ਹਕੀਕਤਾਂ ਦੀ ਇੱਕ ਖੁੱਲ੍ਹੀ ਕਿਤਾਬ ਹੈ।
ਬਲਦੇਵ ਸੀਹਰਾ ਦੇ ਫਲਸਫੇ ਅਨੁਸਾਰ ਮਨੁੱਖੀ ਪੀੜਾ ਸਰਵਵਿਆਪਕ ਹੈ। ਉਹ ਜਾਤ, ਧਰਮ ਅਤੇ ਜਮਾਤੀ ਵਖਰੇਵਿਆਂ ਦੀਆਂ ਕੰਧਾਂ ਨੂੰ ਢਾਹ ਕੇ ਮਨੁੱਖਤਾ ਦੀ ਇੱਕ ਸਾਂਝੀ ਤਸਵੀਰ ਪੇਸ਼ ਕਰਦਾ ਹੈ। ਜਦੋਂ ਉਹ ਕਹਿੰਦਾ ਹੈ ਕਿ ਲਹੂ ਦਾ ਰੰਗ ਵੱਖਰਾ ਹੋ ਸਕਦਾ ਹੈ ਪਰ ਹੰਝੂਆਂ ਦੀ ਸੰਵੇਦਨਾ ਇੱਕੋ ਜਿਹੀ ਹੁੰਦੀ ਹੈ, ਤਾਂ ਉਹ ਅਸਲ ਵਿੱਚ ਮਨੁੱਖੀ ਏਕਤਾ ਦੀ ਗੱਲ ਕਰ ਰਿਹਾ ਹੁੰਦਾ ਹੈ:
"ਲਹੂ ਦਾ ਰੰਗ ਗੂੜ੍ਹਾ ਵੀ ਤੇ ਫਿੱਕਾ ਵੀ ਹੋ ਸਕਦਾ ਹੈ,
ਮਗਰ ਸਨ ਰੰਗ ਇੱਕੋ ਦੇ ਉਹ ਤੇਰੇ ਤੇ ਮੇਰੇ ਹੰਝੂ।"
ਸੀਹਰਾ ਦੀ ਸ਼ਾਇਰੀ ਵਿੱਚ ਸਾਡੇ ਸਮਾਜ ਦੇ ਦੋਹਰੇ ਕਿਰਦਾਰਾਂ ਅਤੇ ਦਿਖਾਵੇ ਦੀ ਸੰਸਕ੍ਰਿਤੀ 'ਤੇ ਤਿੱਖਾ ਵਿਅੰਗ ਮਿਲਦਾ ਹੈ। ਅੱਜ ਦੇ ਦੌਰ ਵਿੱਚ ਜਿੱਥੇ ਧਾਰਮਿਕ ਅਦਾਰੇ ਦਾਨ ਨਾਲ ਭਰ ਰਹੇ ਹਨ, ਉੱਥੇ ਹੀ ਮਨੁੱਖਤਾ ਦੀ ਗ਼ੁਰਬਤ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇੱਕ ਸ਼ਿਅਰ ਵਿੱਚ ਉਹ ਇਸ ਕੌੜੀ ਸੱਚਾਈ ਨੂੰ ਬਹੁਤ ਹੀ ਕਰਾਰੀ ਸੱਟ ਨਾਲ ਪੇਸ਼ ਕਰਦੇ ਹਨ:
"ਦਾਨ ਕੀਤੇ ਜਿਸ ਨੇ ਕੰਬਲ, ਗੁਰਦੁਆਰੇ ਵਿੱਚ ਬੜੇ,
ਉਸ ਦੇ ਘਰ ਲਾਗੇ ਸੀ ਰਾਤੀਂ ਠੰਡ ‘ਚ ਬੰਦਾ ਮਰ ਗਿਆ।"
ਸ਼ਾਇਰ ਦੇਸ਼ ਦੀ ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਸਧਾਰਨ ਮਨੁੱਖ ਦੀ ਹਾਲਤ ਵਿੱਚ ਸੁਧਾਰ ਨਾ ਹੋਣ ਕਰਕੇ ਚਿੰਤਤ ਹੈ। ਉਸ ਲਈ ਆਜ਼ਾਦੀ ਦਾ ਮਤਲਬ ਸਿਰਫ਼ ਝੰਡੇ ਲਹਿਰਾਉਣਾ ਨਹੀਂ, ਸਗੋਂ ਹਰ ਨਾਗਰਿਕ ਦੀ ਆਰਥਿਕ ਅਤੇ ਮਾਨਸਿਕ ਸੁਤੰਤਰਤਾ ਹੈ। ਉਹ ਬਹੁਤ ਦੁਖੀ ਹਿਰਦੇ ਨਾਲ ਲਿਖਦਾ ਹੈ:
"ਆਜ਼ਾਦ ਹੈ ਵਤਨ ਪਰ, ਪਰ ਅਸਲ ਵਿੱਚ ਅਜੇ ਤੱਕ,
ਅਫਸੋਸ ਹੈ ਕਿ ਇੱਥੇ ਲੱਖਾਂ ਗ਼ੁਲਾਮ ਬਾਕੀ।"
ਸਮਾਜ ਦੇ ਉਸ ਵਰਗ ਦੀ ਤ੍ਰਾਸਦੀ, ਜਿਸ ਕੋਲ ਨਾ ਆਪਣੀ ਜ਼ਮੀਨ ਹੈ ਅਤੇ ਨਾ ਹੀ ਸਿਰ 'ਤੇ ਛੱਤ, ਸੀਹਰਾ ਦੀ ਸ਼ਾਇਰੀ ਦਾ ਵਿਸ਼ੇਸ਼ ਨੁਕਤਾ ਹੈ। ਅਜਿਹੇ ਬੇਘਰ ਮਨੁੱਖ ਦੀ ਹਾਲਤ ਉਹ ਇੱਕ 'ਵਰੋਲੇ' ਵਰਗੀ ਦੱਸਦਾ ਹੈ ਜੋ ਹਵਾ ਦੇ ਬੁੱਲਿਆਂ ਵਾਂਗ ਭਟਕਦਾ ਰਹਿੰਦਾ ਹੈ:
"ਸਿਰ ‘ਤੇ ਵੀ ਛੱਤ ਨਹੀਂ ਹੈ ਤੇ ਪੈਰਾਂ ‘ਚ ਨਾ ਜ਼ਮੀਨ,
ਉਹ ਬਣ ਕੇ ਭਟਕਦਾ ਹੈ ਵਰੋਲਾ ਕਦੀ ਕਦੀ।"
ਇਸ ਪੁਸਤਕ ਦੀ ਕਲਾਤਮਿਕ ਵਿਲੱਖਣਤਾ ਇਸ ਦੀ ਸ਼ਬਦ-ਚੋਣ ਵਿੱਚ ਛੁਪੀ ਹੋਈ ਹੈ। ਸੀਹਰਾ ਦੀ ਸ਼ਬਦ-ਚੋਣ ਬਹੁਤ ਹੀ ਸਹਿਜ, ਸਰਲ ਅਤੇ ਠੇਠ ਪੰਜਾਬੀ ਮੁਹਾਵਰੇ ਵਾਲੀ ਹੈ। ਉਹ ‘ਹੰਝੂ’, ‘ਬਿਰਖ’, ‘ਕੰਬਲ’, ਅਤੇ ‘ਵਰੋਲਾ’ ਵਰਗੇ ਸਾਧਾਰਨ ਸ਼ਬਦਾਂ ਰਾਹੀਂ ਬਹੁਤ ਗੂੜ੍ਹੇ ਅਰਥ ਸਿਰਜਦਾ ਹੈ। ਉਸ ਦੀ ਸ਼ਬਦ-ਚੋਣ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਬਹੁਤ ਘੱਟ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਕਹਿਣ ਦੀ ਸਮਰੱਥਾ ਰੱਖਦਾ ਹੈ।
ਸੀਹਰਾ ਇੱਕ ਚਿੱਤਰਕਾਰ ਵਾਂਗ ਸ਼ਬਦਾਂ ਰਾਹੀਂ ਬਿੰਬ ਉਸਾਰਦਾ ਹੈ। ਉਸ ਦੀ ਸ਼ਾਇਰੀ ਵਿੱਚ ‘ਦਰਿਆ’, ‘ਬਿਰਖ’, ‘ਸਮੁੰਦਰ’ ਅਤੇ ‘ਮਾਰੂਥਲ’ ਵਰਗੇ ਕੁਦਰਤੀ ਬਿੰਬਾਂ ਦਾ ਭਰਪੂਰ ਪ੍ਰਯੋਗ ਮਿਲਦਾ ਹੈ। ਉਹ ਖ਼ੁਦ ਨੂੰ ਇੱਕ 'ਬਿਰਖ' ਵਜੋਂ ਪੇਸ਼ ਕਰਦਾ ਹੈ ਜੋ ਕਿਸੇ ਵੀ ਬਨਾਵਟੀ ਬੰਧਨ ਤੋਂ ਮੁਕਤ ਰਹਿਣਾ ਚਾਹੁੰਦਾ ਹੈ:
"ਨਾ ਬੰਨ੍ਹ ਧਾਗੇ ਤੇ ਨਾ ਲਾ ਮੇਰੇ ਸੰਧੂਰ ਤੂੰ,
ਟੂਣੇ ਨਾ ਕਰ ਐ ਯਾਰ ਮੈਨੂੰ ਬਿਰਖ ਰਹਿਣ ਦੇ।"
ਅਲੰਕਾਰਾਂ ਦੀ ਵਰਤੋਂ ਪੱਖੋਂ ਵੀ ਇਹ ਸ਼ਾਇਰੀ ਬਹੁਤ ਅਮੀਰ ਹੈ। ਸ਼ਾਇਰ ਨੇ ‘ਸ਼ਬਦਾਂ ਦੇ ਜਾਲ’ ਅਤੇ ‘ਸਮੇਂ ਦੀ ਰੇਤ’ ਵਰਗੇ ਰੂਪਕ ਵਰਤ ਕੇ ਅਮੂਰਤ ਸੰਕਲਪਾਂ ਨੂੰ ਮੂਰਤ ਰੂਪ ਦਿੱਤਾ ਹੈ। ਜ਼ਿੰਦਗੀ ਨੂੰ ਰੇਤ 'ਤੇ ਲਿਖੇ ਅੱਖਰਾਂ ਵਾਂਗ ਮਿਟਾਉਣ ਦਾ ਰੂਪਕ ਬਹੁਤ ਹੀ ਪ੍ਰਭਾਵਸ਼ਾਲੀ ਹੈ:
"ਇਹੀ ਹੈ ਜ਼ਿੰਦਗੀ ਤੇ ਜ਼ਿੰਦਗੀ ਹੋਣੀ ਨਾ ਹੋਣੀ ਕੀ,
ਸਮੇਂ ਦੀ ਰੇਤ ‘ਤੇ ਲਿਖਿਆ ਮਿਟਾਉਣੇ ਵਿੱਚ ਮੈਂ ਲੱਗਾ ਹਾਂ।"
ਸ਼ਾਇਰ ਮਕਾਨ ਅਤੇ ਘਰ ਦੇ ਅੰਤਰ ਨੂੰ ਸਪੱਸ਼ਟ ਕਰਦਿਆਂ ਰਿਸ਼ਤਿਆਂ ਵਿੱਚ ਆਈ ਕੜਵਾਹਟ ਦਾ ਜ਼ਿਕਰ ਕਰਦਾ ਹੈ। ਉਸ ਅਨੁਸਾਰ ਜੇ ਦਿਲਾਂ ਵਿੱਚ ਫ਼ਰਕ ਪੈ ਜਾਵੇ, ਤਾਂ ਭੌਤਿਕ ਸੁੱਖ-ਸਹੂਲਤਾਂ ਵਾਲੇ ਮਕਾਨ ਵੀ ਸਿਰਫ਼ ਇੱਕ ਮਜਬੂਰੀ ਬਣ ਕੇ ਰਹਿ ਜਾਂਦੇ ਹਨ:
"ਮਕਾਨਾਂ ਵਿੱਚ ਰਹਿਣ ਨੂੰ ‘ਦੇਵ’ ਬਸ ਮਜਬੂਰੀਆਂ ਸਮਝੋ,
ਦਿਲਾਂ ਵਿੱਚ ਫਰਕ ਜੇ ਹੋਵੇ ਤਾਂ ਘਰ ਚੰਗਾ ਨਹੀਂ ਲੱਗਦਾ।"
ਸਮੁੱਚੇ ਰੂਪ ਵਿੱਚ, ਬਲਦੇਵ ਸੀਹਰਾ ਦਾ ਇਹ ਗ਼ਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਹ ਪਾਠਕ ਨੂੰ ਅੰਤਰ-ਝਾਤ ਮਾਰਨ ਲਈ ਮਜਬੂਰ ਕਰਦਾ ਹੈ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਇੱਕ ਧੀਮੀ ਪਰ ਗੂੜ੍ਹੀ ਆਵਾਜ਼ ਬੁਲੰਦ ਕਰਦਾ ਹੈ। ਸ਼ਾਇਰ ਦੀ ਕਲਾਤਮਿਕ ਪਹੁੰਚ ਅਤੇ ਵਿਸ਼ਾ-ਵਸਤੂ ਦੀ ਗੰਭੀਰਤਾ ‘ਗੁਜ਼ਾਰਿਸ਼’ ਨੂੰ ਇੱਕ ਲੰਮੇ ਸਮੇਂ ਤੱਕ ਯਾਦ ਰੱਖਣ ਯੋਗ ਰਚਨਾ ਬਣਾਉਂਦੀ ਹੈ।
ਬਹੁਪੱਖੀ ਰਚਨਾਕਾਰ ਜਸਵੀਰ ਸਿੰਘ ਭਲੂਰੀਆ ਦਾ ਨਿਵੇਕਲਾ ਉਪਰਾਲਾ ‘ਨਵੀਆਂ ਬਾਤਾਂ’ - ਹਰਦਮ ਮਾਨ
ਪੰਜਾਬੀ ਸਾਹਿਤ ਦਾ ਆਕਾਸ਼ ਸਦਾ ਹੀ ਰਚਨਾਤਮਕ ਰੌਸ਼ਨੀ ਨਾਲ ਚਮਕਦਾ ਰਿਹਾ ਹੈ। ਹਰ ਯੁੱਗ ਵਿੱਚ ਕੁਝ ਅਜਿਹੇ ਰਚਨਾਕਾਰ ਜਨਮ ਲੈਂਦੇ ਹਨ ਜੋ ਨਾ ਸਿਰਫ਼ ਮੌਜੂਦਾ ਧਾਰਾਵਾਂ ਨੂੰ ਅੱਗੇ ਵਧਾਉਂਦੇ ਹਨ, ਸਗੋਂ ਨਵੀਆਂ ਦਿਸ਼ਾਵਾਂ ਅਤੇ ਨਵੇਂ ਰਸਤੇ ਵੀ ਤਲਾਸ਼ ਕਰਦੇ ਹਨ। ਜਸਵੀਰ ਸਿੰਘ ਭਲੂਰੀਆ ਇਸੇ ਪਰੰਪਰਾ ਦਾ ਇੱਕ ਨਿਮਰ ਪਰ ਪ੍ਰਭਾਵਸ਼ਾਲੀ ਨਾਮ ਹੈ। ਉਹ ਇੱਕ ਬਹੁਪੱਖੀ ਰਚਨਾਕਾਰ ਹੈ, ਜਿਸ ਦੀ ਕਲਮ ਨੇ ਗੀਤ, ਕਵਿਤਾ, ਵਿਅੰਗ, ਮਿੰਨੀ ਕਹਾਣੀ ਅਤੇ ਬਾਲ ਸਾਹਿਤ ਵਰਗੀਆਂ ਕਈ ਵਿਧਾਵਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਭਲੂਰੀਆ ਦੀ ਰਚਨਾਤਮਕ ਯਾਤਰਾ ਦੀ ਖ਼ਾਸੀਅਤ ਇਹ ਹੈ ਕਿ ਉਹ ਲਿਖਣ ਨੂੰ ਸਿਰਫ਼ ਪੇਸ਼ਕਾਰੀ ਨਹੀਂ, ਸਗੋਂ ਸਮਾਜ ਨਾਲ ਸੰਵਾਦ ਮੰਨਦਾ ਹੈ। ਉਸ ਦੇ ਗੀਤ, ਜੋ ਕੁਲਦੀਪ ਮਾਣਕ, ਗੁਰਪਾਲ ਸਿੰਘ ਪਾਲ ਅਤੇ ਹੋਰ ਪ੍ਰਸਿੱਧ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ, ਪੰਜਾਬੀ ਲੋਕਧਾਰਾ, ਦਰਦ, ਸੰਵੇਦਨਾ ਅਤੇ ਜੀਵਨ ਦੀ ਸੱਚਾਈ ਨੂੰ ਪੂਰੀ ਖੁਲ੍ਹ ਕੇ ਪ੍ਰਗਟ ਕਰਦੇ ਹਨ। ਇਹੀ ਗੁਣ ਉਸ ਦੀ ਕਵਿਤਾ ਅਤੇ ਵਿਅੰਗ ਵਿੱਚ ਵੀ ਸਪੱਸ਼ਟ ਦਿੱਸਦਾ ਹੈ, ਜਿੱਥੇ ਸਮਾਜਕ ਸਰੋਕਾਰਾਂ ਨੂੰ ਨੁਕਤੇਦਾਰ ਪਰ ਸਹਿਜ ਭਾਸ਼ਾ ਵਿੱਚ ਪੇਸ਼ ਕੀਤਾ ਜਾਂਦਾ ਹੈ।
ਭਲੂਰੀਆ ਦੀ ਨਵੀਂ ਪੁਸਤਕ ‘ਨਵੀਆਂ ਬਾਤਾਂ’ ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿੱਚ ਇੱਕ ਨਿਵੇਕਲਾ ਅਤੇ ਵਿਚਾਰਨਯੋਗ ਉਪਰਾਲਾ ਹੈ। ਇਸ ਪੁਸਤਕ ਦੀ ਕੇਂਦਰੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ ਲੋਕ ਬੁਝਾਰਤਾਂ ਨੂੰ ਕਾਵਿ ਰੂਪ ਵਿੱਚ ਪੇਸ਼ ਕਰ ਕੇ ਉਨ੍ਹਾਂ ਨੂੰ ਆਧੁਨਿਕ ਸੰਦਰਭਾਂ ਨਾਲ ਜੋੜਿਆ ਹੈ। ਬੁਝਾਰਤਾਂ ਪੰਜਾਬੀ ਲੋਕਧਾਰਾ ਦਾ ਉਹ ਅਮੋਲਕ ਖਜ਼ਾਨਾ ਹਨ, ਜੋ ਪੀੜ੍ਹੀ ਦਰ ਪੀੜ੍ਹੀ ਮੌਖਿਕ ਪਰੰਪਰਾ ਰਾਹੀਂ ਚੱਲਦੀਆਂ ਆਈਆਂ ਹਨ, ਪਰ ਸਮੇਂ ਦੇ ਨਾਲ ਨਾਲ ਇਹ ਪਰੰਪਰਾ ਹੌਲੀ-ਹੌਲੀ ਮੰਦੀ ਪੈਂਦੀ ਗਈ। ‘ਨਵੀਆਂ ਬਾਤਾਂ’ ਇਸ ਦਮ ਤੋੜ ਰਹੀ ਲੋਕ ਵਿਰਾਸਤ ਨੂੰ ਮੁੜ ਜੀਵੰਤ ਕਰਨ ਦੀ ਇੱਕ ਸੂਝਵਾਨ ਕੋਸ਼ਿਸ਼ ਹੈ।
ਪੁਸਤਕ ਵਿੱਚ ਹਰ ਬੁਝਾਰਤ ਨੂੰ ਛੇ–ਸੱਤ ਸਤਰਾਂ ਦੀ ਕਵਿਤਾ ਦੇ ਰੂਪ ਵਿੱਚ ਬੁਣਿਆ ਗਿਆ ਹੈ ਅਤੇ ਅਖੀਰਲੀ ਸਤਰ ਵਿੱਚ ਉਸ ਦਾ ਜਵਾਬ ਵੀ ਕਾਵਿ-ਰਚਨਾ ਦਾ ਹਿੱਸਾ ਬਣਦਾ ਹੈ। ਦੇਖਿਆ ਜਾਵੇ ਤਾਂ ਇਹ ਰੂਪਕਾਰੀ ਤਕਨੀਕ ਬਾਲ ਮਨੋਵਿਗਿਆਨ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਬੱਚਾ ਸਵਾਲ ਅਤੇ ਜਵਾਬ ਦੀ ਖੇਡ ਰਾਹੀਂ ਨਾ ਸਿਰਫ਼ ਸੋਚਦਾ ਹੈ, ਸਗੋਂ ਭਾਸ਼ਾ, ਲੈਅ ਅਤੇ ਤਾਲ ਨਾਲ ਵੀ ਰਾਬਤਾ ਜੋੜਦਾ ਹੈ। ‘ਨਵੀਆਂ ਬਾਤਾਂ’ ਵਿੱਚ ਸ਼ਾਮਲ ਬੁਝਾਰਤਾਂ ਸਿਰਫ਼ ਮਨੋਰੰਜਨਕ ਖੇਡ ਨਹੀਂ, ਸਗੋਂ ਬੱਚੇ ਦੀ ਸੋਚ, ਤਰਕ ਅਤੇ ਸਮਾਜਕ ਸਮਝ ਨੂੰ ਵਿਕਸਤ ਕਰਨ ਵਾਲੇ ਰਚਨਾਤਮਕ ਉਪਕਰਣ ਹਨ। ਮਿਸਾਲ ਵਜੋਂ ਇਹ ਬੁਝਾਰਤ ਦੇਖੋ-
ਦੇਖਿਆ ਇੱਕ ਅਨੋਖਾ ਮੰਦਰ।
ਜਾਤ ਪਾਤ ਨਹੀਂ ਇਸ ਦੇ ਅੰਦਰ।
ਇੱਕ ਨਹੀਂ ਅਨੇਕ ਪੁਜਾਰੀ।
ਜਿਨ੍ਹਾਂ ‘ਤੇ ਵੱਡੀ ਜੁੰਮੇਵਾਰੀ।
ਸਾਰੇ ਧਰਮਾਂ ਦੇ ਸ਼ਰਧਾਲੂ।
ਉਪਦੇਸ਼ ਲੈਣਾ ਕਰਦੇ ਚਾਲੂ।
ਉਪਦੇਸ਼ ਲੈ ਕੇ ਇੱਥੋਂ ਜਾਂਦੇ ।
ਸਮਾਜ ਵਿਚ ਨੇ ਸੇਵਾ ਕਮਾਂਦੇ।
ਬੁੱਝੋ ਬੱਚਿਓ ਮੰਦਰ ਕਿਹੜਾ।
ਹਰ ਪਿੰਡ, ਹਰ ਸ਼ਹਿਰ 'ਚ ਜਿਹੜਾ।
ਕਿਸੇ ਬੱਚੇ ਨਾ ਚੁੱਕਿਆ ਹੱਥ।
ਭਲੂਰੀਏ ਨੇ ਫਿਰ ਦਿੱਤਾ ਦੱਸ।
ਮਨੁੱਖੀ ਜ਼ਿੰਦਗੀ ਦਾ ਇਹ ਮੂਲ।
ਬੱਚਿਓ ਇਹ ਤਾਂ ਹੈ ‘ਸਕੂਲ’।
ਇਸ ਬੁਝਾਰਤ ਵਿੱਚ ਸਕੂਲ ਨੂੰ “ਅਨੋਖੇ ਮੰਦਰ” ਦੇ ਰੂਪ ਵਿੱਚ ਪੇਸ਼ ਕਰਨਾ ਲੇਖਕ ਦੀ ਦ੍ਰਿਸ਼ਟੀ ਦੀ ਵਿਸ਼ਾਲਤਾ ਨੂੰ ਦਰਸਾਉਂਦਾ ਹੈ। ਇੱਥੇ ਸਕੂਲ ਸਿਰਫ਼ ਇਮਾਰਤ ਨਹੀਂ, ਸਗੋਂ ਬਰਾਬਰੀ, ਧਰਮ ਨਿਰਪੇਖਤਾ ਅਤੇ ਸਮਾਜਕ ਜ਼ਿੰਮੇਵਾਰੀ ਦਾ ਕੇਂਦਰ ਬਣ ਜਾਂਦਾ ਹੈ। ਜਾਤ-ਪਾਤ ਤੋਂ ਉੱਪਰ ਉੱਠ ਕੇ ‘ਅਨੇਕ ਪੁਜਾਰੀ’ ਵਜੋਂ ਅਧਿਆਪਕਾਂ ਦੀ ਭੂਮਿਕਾ ਦਰਸਾਉਣਾ ਬੱਚੇ ਦੇ ਮਨ ਵਿੱਚ ਸਿੱਖਿਆ ਪ੍ਰਤੀ ਸਤਿਕਾਰ ਪੈਦਾ ਕਰਦਾ ਹੈ। ਇਕ ਹੋਰ ਬੁਝਾਰਤ ਹੈ-
ਅਮੀਰ ਹੋਵੇ ਜਾਂ ਹੋਵੇ ਮਲੰਗ।
ਸਭ ਦਾ ਹੀ ਮੈਂ ਢਕਾਂ ਨੰਗ।
ਟੁੱਟੇ ਜੋੜਨਾ ਮੇਰਾ ਕਰਮ।
ਇਹੋ ਸਮਝਾਂ ਆਪਣਾ ਕਰਮ।
ਬੱਚਿਓ ਮੇਰਾ ਬਾਪ ਹੈ ‘ਹੋ’।
ਮੈਂ ਨਾ ਹੁੰਦੀ, ਹੁੰਦਾ ਨਾ ਉਹ।
ਜਿਉਂ ਜਿਉਂ ਵਧੇ ਉਮਰ ਦਾ ਭਾਰ।
ਹੁੰਦੀ ਜਾਵਾਂ ਮੈਂ ਮੁਟਿਆਰ।
ਬੱਚਿਓ ਬੁੱਝੋ ਮੇਰਾ ਨਾਂਅ।
ਖੜ੍ਹੀ ਕਰੋ ਹੁਣ ਸੱਜੀ ਬਾਂਹ।
ਸਾਡੀ ਸਭ ਦੀ ਹੈ ਭਿਆਂ।
ਆਪੇ ਆਪਣਾ ਦੱਸਦੇ ਨਾਂਅ।
ਪੈਂਟ, ਸ਼ਰਟ, ਬਣਾਵਾਂ ਜੀਨ।
ਬੱਚਿਓ ਮੈਂ ਸਿਲਾਈ ਮਸ਼ੀਨ।
ਇਹ ਬੁਝਾਰਤ ‘ਸਿਲਾਈ ਮਸ਼ੀਨ’ ਨੂੰ ਕੇਂਦਰ ਵਿੱਚ ਰੱਖ ਕੇ ਮਿਹਨਤ, ਉਪਯੋਗਤਾ ਅਤੇ ਸਮਾਜਕ ਬਰਾਬਰੀ ਦੇ ਸੰਦੇਸ਼ ਦਿੰਦੀ ਹੈ। ‘ਅਮੀਰ ਹੋਵੇ ਜਾਂ ਹੋਵੇ ਮਲੰਗ’ ਵਰਗੀਆਂ ਪੰਕਤੀਆਂ ਬੱਚੇ ਨੂੰ ਇਹ ਸਿਖਾਉਂਦੀਆਂ ਹਨ ਕਿ ਮਿਹਨਤ ਦਾ ਮੂਲ ਕਿਸੇ ਵਰਗ ਜਾਂ ਹੈਸੀਅਤ ਨਾਲ ਨਹੀਂ ਜੁੜਿਆ ਹੁੰਦਾ। ਇੱਥੇ ਨਾਰੀ ਤੱਤ ਦਾ ਸੰਕੇਤ ਵੀ ਸੂਖਮ ਢੰਗ ਨਾਲ ਮੌਜੂਦ ਹੈ, ਜੋ ਬਾਲ ਸਾਹਿਤ ਵਿੱਚ ਬਰਾਬਰੀ ਦੀ ਸੋਚ ਨੂੰ ਉਤਸ਼ਾਹਿਤ ਕਰਦਾ ਹੈ। ਬੁਝਾਰਤ ਦਾ ਇਕ ਰੰਗ ਹੋਰ-
ਕਾਗਜ਼ ਵਰਗੀ ਹੋਲੀ ਫੁੱਲ।
ਰੂਪ ਪੈਂਦਾ ਏ ਡੁੱਲ੍ਹ-ਡੁੱਲ੍ਹ।
ਇੱਕ, ਦੋ ਨਹੀਂ, ਅਨੇਕਾਂ ਰੰਗ।
ਉਸ ਦੇ ਅਸਲੋਂ ਨਾਜ਼ੁਕ ਅੰਗ।
ਬਹੁਤਾ ਚਿਰ ਨਾ ਟਿਕ ਖਲੋਵੇ ।
ਹੱਥ ਲਾਇਆਂ ਵੀ ਮੈਲੀ ਹੋਵੇ।
ਕੁਦਰਤ ਦੀ ਹੈ ਕਿਰਤ ਨਿਆਰੀ।
ਤਾਂ ਹੀ ਸਭ ਨੂੰ ਲੱਗੇ ਪਿਆਰੀ।
ਭਲੂਰੀਏ ਦੀ ਹੁਣ ਬੁੱਝੋ ਬਾਤ।
ਕੁਦਰਤ ਦੀ ਇਹ ਕੀ ਸੌਗਾਤ।
ਸਾਰੇ ਬੱਚੇ ਲੱਗ ਪਏ ਸੋਚਣ।
ਬੁਝਾਰਤ ਦਾ ਉੱਤਰ ਖੋਜਣ।
ਬਬਲੀ ਸਭ ਤੋਂ ਤੇਜ਼ ਨਿਕਲੀ।
ਕਹਿੰਦੀ ਅੰਕਲ ਇਹ ਹੈ ਤਿਤਲੀ।
ਇਹ ਬੁਝਾਰਤ ‘ਤਿਤਲੀ’ ਰਾਹੀਂ ਕੁਦਰਤ ਦੀ ਨਜ਼ਾਕਤ, ਅਸਥਿਰਤਾ ਅਤੇ ਸੁੰਦਰਤਾ ਨੂੰ ਕਾਵਿ ਰੂਪ ਵਿੱਚ ਪੇਸ਼ ਕਰਦੀ ਹੈ। ਇਹ ਬੁਝਾਰਤ ਬੱਚੇ ਨੂੰ ਕੁਦਰਤ ਨਾਲ ਜੁੜਨ, ਉਸ ਦੀ ਸੰਭਾਲ ਕਰਨ ਅਤੇ ਉਸ ਦੀ ਕਦਰ ਸਮਝਣ ਵੱਲ ਪ੍ਰੇਰਿਤ ਕਰਦੀ ਹੈ। ਬੁਝਾਰਤ ਦਾ ਹੱਲ ਖੋਜਣ ਦੀ ਪ੍ਰਕਿਰਿਆ ਬੱਚੇ ਦੇ ਅੰਦਰ ਜਿਗਿਆਸਾ ਅਤੇ ਨਿਰੀਖਣ ਦੀ ਸਮਰੱਥਾ ਨੂੰ ਮਜ਼ਬੂਤ ਕਰਦੀ ਹੈ।
‘ਨਵੀਆਂ ਬਾਤਾਂ’ ਦੀ ਹੋਰ ਵੱਡੀ ਤਾਕਤ ਇਸ ਦੇ ਵਿਸ਼ਿਆਂ ਦੀ ਵਿਸ਼ਾਲਤਾ ਹੈ। ਪੁਸਤਕ ਵਿੱਚ ਵਿਰਸਾ, ਸਭਿਆਚਾਰ, ਵਾਤਾਵਰਣ ਸੰਭਾਲ, ਸਫ਼ਾਈ, ਸਿਹਤ, ਤਕਨਾਲੋਜੀ, ਮਾਨਵੀ ਮੁੱਲ, ਸਮਾਜਕ ਜ਼ਿੰਮੇਵਾਰੀ, ਵਿਸ਼ਵ ਅਤੇ ਬ੍ਰਹਿਮੰਡ ਵਰਗੇ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਇਹ ਸਾਰੇ ਵਿਸ਼ੇ ਅਜਿਹੇ ਹਨ ਜੋ ਅੱਜ ਦੇ ਬੱਚੇ ਦੀ ਸੋਚ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇੱਥੇ ਲੇਖਕ ਦੀ ਰਚਨਾਤਮਕ ਕਾਬਲੀਅਤ ਇਸ ਗੱਲ ਵਿੱਚ ਨਜ਼ਰ ਆਉਂਦੀ ਹੈ ਕਿ ਉਹ ਏਨੇ ਗੰਭੀਰ ਵਿਸ਼ਿਆਂ ਨੂੰ ਵੀ ਸਧਾਰਣ, ਸੁਗਮ ਅਤੇ ਮਨੋਰੰਜਕ ਭਾਸ਼ਾ ਵਿੱਚ ਪੇਸ਼ ਕਰਦਾ ਹੈ। ਕਿਤੇ ਵੀ ਭਾਸ਼ਾ ਭਾਰੂ ਜਾਂ ਉਪਦੇਸ਼ਕ ਨਹੀਂ ਬਣਦੀ, ਸਗੋਂ ਖੇਡ-ਖੇਡ ਵਿੱਚ ਗਿਆਨ ਦੇ ਬੀਜ ਬੱਚੇ ਦੇ ਮਨ ਵਿੱਚ ਬੋ ਦਿੱਤੇ ਜਾਂਦੇ ਹਨ। ਆਲੋਚਨਾਤਮਕ ਦ੍ਰਿਸ਼ਟੀ ਨਾਲ ਇਹ ਗੁਣ ਕਿਸੇ ਵੀ ਉੱਤਮ ਬਾਲ ਸਾਹਿਤ ਦੀ ਪਛਾਣ ਹੈ।
‘ਨਵੀਆਂ ਬਾਤਾਂ’ ਸਿਰਫ਼ ਇੱਕ ਬਾਲ ਪੁਸਤਕ ਨਹੀਂ, ਸਗੋਂ ਇੱਕ ਸੱਭਿਆਚਾਰਕ ਦਸਤਾਵੇਜ਼ ਵੀ ਹੈ। ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਲਈ, ਜਿੱਥੇ ਮਾਂ-ਬੋਲੀ ਨਾਲ ਨਾਤਾ ਹੌਲੀ-ਹੌਲੀ ਕਮਜ਼ੋਰ ਪੈਂਦਾ ਜਾ ਰਿਹਾ ਹੈ, ਇਹ ਪੁਸਤਕ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਵਿਰਸੇ ਨਾਲ ਜੋੜਨ ਦਾ ਸਾਧਨ ਬਣ ਸਕਦੀ ਹੈ। ਬੁਝਾਰਤਾਂ ਰਾਹੀਂ ਬੱਚਾ ਸਿਰਫ਼ ਸ਼ਬਦ ਨਹੀਂ ਸਿੱਖਦਾ, ਸਗੋਂ ਸੋਚਣ, ਸਮਝਣ ਅਤੇ ਦਲੀਲ ਦੀ ਯੋਗਤਾ ਵੀ ਵਿਕਸਤ ਕਰਦਾ ਹੈ।
ਪੰਜਾਬੀ ਬਾਲ ਸਾਹਿਤ ਨੂੰ ਜੇ ਅਸੀਂ ਪੰਜਾਬੀ ਪਛਾਣ ਦੀ ਨਰਮ ਮਿੱਟੀ ਕਹੀਏ ਤਾਂ ‘ਨਵੀਆਂ ਬਾਤਾਂ’ ਉਸ ਮਿੱਟੀ ਵਿੱਚ ਪਾਇਆ ਗਿਆ ਇੱਕ ਮਜ਼ਬੂਤ ਬੀਜ ਹੈ। ਜਿੰਨੀਆਂ ਵੱਧ ਅਜਿਹੀਆਂ ਰਚਨਾਵਾਂ ਬੱਚਿਆਂ ਤੱਕ ਪਹੁੰਚਣਗੀਆਂ, ਪੰਜਾਬੀ ਭਾਸ਼ਾ ਦੀਆਂ ਜੜਾਂ ਓਨੀਆਂ ਹੀ ਮਜ਼ਬੂਤ ਹੋਣਗੀਆਂ।
ਜਸਵੀਰ ਸਿੰਘ ਭਲੂਰੀਆ ਦੀ ਪੁਸਤਕ ‘ਨਵੀਆਂ ਬਾਤਾਂ’ ਰੂਪਕਾਰੀ ਨਵਚੇਤਨਾ, ਵਿਸ਼ਿਆਂ ਦੀ ਸਮਕਾਲੀ ਅਤੇ ਸੱਭਿਆਚਾਰਕ ਜ਼ਿੰਮੇਵਾਰੀ ਦਾ ਸੁੰਦਰ ਮੇਲ ਹੈ। ਇਹ ਰਚਨਾ ਬਾਲ ਸਾਹਿਤ ਨੂੰ ਮਨੋਰੰਜਨ ਤੋਂ ਉੱਪਰ ਉਠਾ ਕੇ ਸਿੱਖਿਆ ਅਤੇ ਸੰਵੇਦਨਾ ਨਾਲ ਜੋੜਦੀ ਹੈ। ਜਸਵੀਰ ਸਿੰਘ ਭਲੂਰੀਆ ਨੂੰ ਇਸ ਕੀਮਤੀ ਉਪਰਾਲੇ ਲਈ ਦਿਲੋਂ ਮੁਬਾਰਕਬਾਦ ਦੇਣੀ ਬਣਦੀ ਹੈ। ਆਸ ਹੈ ਕਿ ਉਹ ਭਵਿੱਖ ਵਿਚ ਵੀ ਇਸੇ ਜੋਸ਼, ਸਮਰਪਣ ਅਤੇ ਸੂਝ ਨਾਲ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸਭਿਆਚਾਰ ਦੀ ਸੇਵਾ ਕਰਦਾ ਰਹੇਗਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com