Ing. Jagjit Singh

ਮਾਂ ਬੋਲੀ ਪੰਜਾਬੀ ਸਾਡੀ... - ਇੰਜ. ਜਗਜੀਤ ਸਿੰਘ

ਮੈਂ ਨਹੀਂ ਕਹਿੰਦਾ ਕਿ ਪੰਜਾਬੀ ਬੋਲੀ ਦੇ ਨਾਲ-ਨਾਲ ਹੋਰ ਭਾਸ਼ਾਵਾਂ ਨਾ ਸਿੱਖੋ। ਭਾਸ਼ਾਵਾਂ ਵੱਧ ਤੋਂ ਵੱਧ ਸਿੱਖੋ। ਇਸ ਦੇ ਬਾਵਜੂਦ ਯਾਦ ਰੱਖੋ ਕਿ ਅੰਗਰੇਜ਼ੀ ਬੋਲਣਾ ਬੁੱਧੀਮਾਨ ਹੋਣ ਦਾ ਸਬੂਤ ਨਹੀਂ ਹੈ। ਪੰਜਾਬੀ ਵਿੱਚ ਵੀ ਸੁਚੱਜੇ ਤਰੀਕੇ ਗੱਲਬਾਤ ਕਰਕੇ ਉੱਚ ਅਹੁਦੇ ’ਤੇ ਬਿਰਾਜਮਾਨ ਅਫ਼ਸਰ ਨੂੰ ਭਰੋਸੇ ਵਿੱਚ ਲਿਆ ਜਾ ਸਕਦਾ ਹੈ। ਬਸ਼ਰਤੇ ਤੁਹਾਡੀ ਗੱਲਬਾਤ ਸੱਚੀ ਤੇ ਵਜ਼ਨਦਾਰ ਹੋਵੇ। ਇਸ ਸਮੇਂ ਦੁਨੀਆਂ ਵਿੱਚ 6900 ਦੇ ਲਗਭਗ ਤੇ ਭਾਰਤ ਵਿੱਚ 427 ਦੇ ਕਰੀਬ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ। ਯੂਨੈਸਕੋ ਮੁਤਾਬਿਕ ਆਉਣ ਵਾਲੇ 50 ਸਾਲਾਂ ਵਿੱਚ ਅਲੋਪ ਹੋਣ ਦੇ ਖ਼ਤਰੇ ਵਾਲੀਆਂ ਭਾਸ਼ਾਵਾਂ ਵਿੱਚ ਮਾਂ ਬੋਲੀ ਪੰਜਾਬੀ ਵੀ ਸ਼ਾਮਲ ਹੈ। ਇੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਾਣਯੋਗ ਲਛਮਣ ਸਿੰਘ ਗਿੱਲ ਨੂੰ ਯਾਦ ਕਰਨਾ ਲਾਜ਼ਮੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਅੱਠ ਮਹੀਨਿਆਂ ਦੇ ਛੋਟੇ ਜਿਹੇ ਕਾਰਜਕਾਲ ਵਿੱਚ ਮਾਂ ਬੋਲੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜ਼ਾ ਦੇਣ ਲਈ ਪਹਿਲਕਦਮੀ ਕਰ ਕੇ ਇੱਕੇ ਦਿਨ 29 ਦਸੰਬਰ 1967 ਨੂੰ ਪੰਜਾਬ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦਾ ਵਿਸ਼ੇਸ਼ ਇਜਲਾਸ ਸੱਦ ਕੇ ‘ਪੰਜਾਬ ਰਾਜ ਭਾਸ਼ਾ ਐਕਟ 1967’ ਪਾਸ ਕਰਵਾਇਆ। ਇਸੇ ਦਿਨ ਮਾਣਯੋਗ ਰਾਜਪਾਲ ਕੋਲੋਂ ਇਸ ਨੂੰ ਕਾਨੂੰਨੀ ਮਨਜ਼ੂਰੀ ਦਿਵਾ ਕੇ ਅਗਲੇ ਦਿਨ 30 ਦਸੰਬਰ 1967 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਸਿਰਫ਼ ਦੋ ਦਿਨਾਂ ਬਾਅਦ 1 ਜਨਵਰੀ 1968 ਤੋਂ ਜ਼ਿਲ੍ਹਾ ਪੱਧਰ ਦੇ ਸਾਰੇ ਦਫ਼ਤਰਾਂ ਵਿੱਚ ਸਾਰੇ ਕੰਮਕਾਜ ਪੰਜਾਬੀ ਵਿੱਚ ਕਰਨ ਦੇ ਹੁਕਮ ਜਾਰੀ ਕੀਤੇ। ਬਹੁਤ ਜਲਦ 9 ਫਰਵਰੀ 1968 ਨੂੰ ਸੂਬਾ ਪੱਧਰੀ ਸਾਰੇ ਪ੍ਰਬੰਧਕੀ ਦਫ਼ਤਰਾਂ ਵਿੱਚ ਕੰਮਕਾਜ ਪੰਜਾਬੀ ਵਿੱਚ ਕਰਨ ਦਾ ਦੂਜਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦਾ ਪੁੱਤ ਹੋਣ ਦਾ ਸਬੂਤ ਦਿੱਤਾ। ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੰਜਾਬੀ ਤੋਂ ਬਿਨਾਂ ਹੋਰ ਕਿਸੇ ਭਾਸ਼ਾ ਵਿੱਚ ਲਿਖੀ ਕਿਸੇ ਵੀ ਮਿਸਲ ’ਤੇ ਆਪਣੇ ਦਸਤਖ਼ਤ ਨਹੀਂ ਕੀਤੇ। ਇੱਥੇ ਇਹ ਵੀ ਵਰਣਨਯੋਗ ਹੈ ਕਿ ਅੰਗਰੇਜ਼ੀ ਕਾਨੂੰਨਾਂ ਦਾ ਉਲੱਥਾ ਪੰਜਾਬੀ ਵਿੱਚ ਕਰਨ ਲਈ ਕੇਂਦਰ ਸਰਕਾਰ ਖ਼ਰਚਾ ਦਿੰਦੀ ਹੈ। 520 ਸ਼ਬਦਾਂ ਦੇ ਉਲੱਥੇ ਦੇ ਅਨੁਵਾਦ ਲਈ 400 ਰੁਪਏ ਮਿਲਦੇ ਹਨ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਦੇ ਸਫ਼ਿਆਂ ਦੀ ਗਿਣਤੀ ਲੱਖਾਂ ਵਿੱਚ ਹੈ। ਉਸ ਤੋਂ ਬਾਅਦ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਲੱਖਾਂ ਫ਼ੈਸਲਿਆਂ ਦੇ ਉਲੱਥੇ ਪੰਜਾਬੀ ਵਿੱਚ ਹੋਣ ਵਾਲੇ ਹਨ। ਇਸ ਨਾਲ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਘਰ ਬੈਠੇ ਬਿਠਾਏ ਰੁਜ਼ਗਾਰ ਮਿਲ ਸਕਦਾ ਹੈ। ਪੰਜਾਬ ਸਰਕਾਰ ਅਜਿਹੇ ਕੰਮਾਂ ਲਈ ਪਿੰਡਾਂ ਸ਼ਹਿਰਾਂ ਵਿੱਚ ਫਲੈਕਸ ਲਾ ਕੇ ਲੋਕਾਂ ਨੂੰ ਜਾਗਰੂਕ ਕਰ ਸਕਦੀ ਹੈ।
       ਜੇਕਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਇਹ ਦੁਨੀਆਂ ਦੇ 150 ਤੋਂ ਵੱਧ‌ ਦੇਸ਼ਾਂ ਵਿੱਚ ਜਾ ਵਸੇ ਹਨ ਪਰ ਆਪਣੀ ਮਾਂ ਬੋਲੀ ਪੰਜਾਬੀ ਨਾਲੋਂ ਲਗਾਤਾਰ ਟੁੱਟ ਰਹੇ ਹਨ। ਜਿਸ ਰਫ਼ਤਾਰ ਨਾਲ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਨਾਲੋਂ ਦੂਰੀ ਵਧਦੀ ਜਾ ਰਹੀ ਹੈ ਉਸ ਤੋਂ ਇੰਝ ਜਾਪਦਾ ਹੈ ਕਿ ਭਵਿੱਖ ਵਿੱਚ ਇਹ ਵੀ ਹੋਰ ਕਈ ਭਾਸ਼ਾਵਾਂ ਦੀ ਤਰ੍ਹਾਂ ਕਿਧਰੇ ਅਲੋਪ ਹੀ ਹੋ ਜਾਵੇਗੀ। ਜੇਕਰ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਨੀਤੀ ਤਹਿਤ ਉਸ ਕੌਮ ਨੂੰ ਉਸ ਦੀ ਬੋਲੀ ਨਾਲੋਂ ਵੱਖ ਕਰ ਦਿਓ ਕੌਮ ਆਪੇ ਖ਼ਤਮ ਹੋ ਜਾਵੇਗੀ। ਸਾਡੇ ਪੰਜਾਬੀਆਂ ਨਾਲ ਵੀ ਇਹੋ ਵਰਤਾਰਾ ਵਾਪਰਿਆ ਹੈ ਤੇ ਲਗਾਤਾਰ ਅਜੇ ਵੀ ਬਾਦਸਤੂਰ ਜਾਰੀ ਹੈ। ਸਾਡੇ ਘਰ ਛੋਟੇ ਬੱਚੇ ਨੂੰ ਜੰਮਣ ਤੋਂ ਲੈ ਕੇ ਸਕੂਲ ਲਾਉਣ ਤੱਕ ਅਸੀਂ ਲਗਾਤਾਰ ਇਨ੍ਹਾਂ ਚਾਰ ਸਾਲਾਂ ਵਿੱਚ ਬੇਬੇ-ਬਾਪੂ, ਚਾਚਾ-ਤਾਇਆ, ਭੂਆ-ਫੁੱਫੜ, ਮਾਸੀ-ਮਾਸੜ, ਬੀਬੀ-ਭਾਪਾ, ਭੈਣ-ਭਰਾ ਆਦਿ ਮਾਂ ਬੋਲੀ ਪੰਜਾਬੀ ਵਿੱਚ ਸਿਖਾਉਣ ਦੀ ਥਾਂ ਮੌਮ, ਡੈਡ, ਆਂਟੀ, ਅੰਕਲ ਦਾਦੂ, ਨਾਨੂੰ, ਸਿਸ, ਬਰੋ ਆਦਿ ਅਤੇ ਊੜਾ-ਆੜਾ ਦੀ ਥਾਂ ਏਬੀਸੀ, ਇੱਕ, ਦੋ, ਤਿੰਨ ਦੀ ਥਾਂ ਵੰਨ, ਟੂ, ਥਰੀ ਆਦਿ ਬੋਲਣਾ ਸਿਖਾਉਣਾ ਸ਼ੁਰੂ ਕਰ ਦਿੰਦੇ ਹਾਂ। ਸ਼ਰਾਰਤਾਂ ਕਰਨ ਸਮੇਂ ਝਿੜਕਣ ਦੀ ਥਾਂ ਨੋ-ਨੋ, ਲਾਲ, ਪੀਲਾ, ਨੀਲਾ ਰੰਗ ਦੱਸਣ ਦੀ ਥਾਂ ਰੈੱਡ, ਯੈੱਲੋ, ਬਲੂ ਆਦਿ ਸਿਖਾ ਕੇ ਮਾਂ ਬੋਲੀ ਨਾਲੋਂ ਦੂਰ ਕਰਨ ਦੀ ਕਵਾਇਦ ਤਾਂ ਘਰ ਤੋਂ ਹੀ ਸ਼ੁਰੂ ਕਰਦੇ ਹਾਂ। ਸੋਸ਼ਲ ਮੀਡੀਆ ਦੇ ਕਈ ਗਰੁੱਪਾਂ ਵਿੱਚ ਵੀ ਮੈਂ ਮੈਂਬਰ ਹਾਂ। ਉਨ੍ਹਾਂ ਗਰੁੱਪਾਂ ਵਿੱਚ ਜਾਂ ਸੋਸ਼ਲ ਮੀਡੀਆ ’ਤੇ ਪੋਸਟ ਪੜ੍ਹ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਕਹਿਣਾ ਕੁਝ ਹੋਰ ਚਾਹੁੰਦੀ ਹੈ ਤੇ ਉਸ ਦਾ ਮਤਲਬ ਕੁਝ ਹੋਰ ਨਿਕਲ ਰਿਹਾ ਹੁੰਦਾ ਹੈ। ਬਹੁਤੇ ਤਾਂ ਪੰਜਾਬੀ ਪੋਸਟ ਦਾ ਜਵਾਬ ਵੀ ਅੰਗਰੇਜ਼ੀ ਵਿੱਚ ਲਿਖਦੇ ਹਨ ਤੇ ਉਸ ਦੇ ਅਰਥ ਕੁਝ ਹੋਰ ਹੀ ਨਿਕਲਦੇ ਹਨ। ਜੇਕਰ ਕੋਈ ਪੰਜਾਬੀ ਲਿਖਦਾ ਵੀ ਹੈ ਤਾਂ ਉਸ ਦੀ ਲਫ਼ਜ਼ਾਂ ’ਤੇ ਪੂਰੀ ਪਕੜ ਹੀ ਨਹੀਂ ਹੁੰਦੀ। ਹੁਣ ਪੰਜਾਬ ਅੰਦਰ ਸਿਰਫ਼ ਸਰਕਾਰੀ ਸਕੂਲ ਹੀ ਪੰਜਾਬੀ ਪੜ੍ਹਾਉਣ ਲਈ ਬਚੇ ਹਨ ਜਿਹੜੇ ਅਜੇ ਸਮਾਰਟ ਸਕੂਲ ਨਹੀਂ ਬਣੇ। ਅੱਜ ਹਰ ਪੰਜਾਬੀ ਦੀ ਦਿਲੀ ਖ਼ੁਆਹਿਸ਼ ਹੈ ਕਿ ਮੇਰੇ ਧੀਆਂ ਪੁੱਤ ਪੋਤਰੇ ਅੰਗਰੇਜ਼ੀ ਸਕੂਲ ਵਿੱਚ ਹੀ ਪੜ੍ਹਨ। ਆਰਥਿਕ ਪਹੁੰਚ ਨਾ ਰੱਖਦੇ ਮਾਪੇ ਵੀ ਔਖੇ ਹੋ ਕੇ ਆਪਣੇ ਬੱਚਿਆਂ ਨੂੰ ਮਹਿੰਗੇ ਅੰਗਰੇਜ਼ੀ ਸਕੂਲਾਂ ਵਿੱਚ ਧੜਾਧੜ ਦਾਖਲ ਕਰਵਾ ਰਹੇ ਹਨ। ਜਿਨ੍ਹਾਂ ਪ੍ਰਾਈਵੇਟ ਅੰਗਰੇਜ਼ੀ ਸਕੂਲਾਂ ਵਿੱਚ ਅਸੀਂ ਬੱਚੇ ਦਾਖ਼ਲ ਕਰਵਾ ਰਹੇ ਹਾਂ, ਉਨ੍ਹਾਂ ਵਿੱਚੋਂ ਬਹੁਤ ਸਾਰੇ ਸਕੂਲਾਂ ਵਾਲਿਆਂ ਨੇ ਵੱਧ ਦਾਖਲਿਆਂ ਜ਼ਰੀਏ ਪੈਸੇ ਬਟੋਰਨ ਲਈ ਆਪਣੇ ਸਕੂਲਾਂ ਦੇ ਨਾਮ ਗੁਰੂ ਸਾਹਿਬਾਨ ਦੇ ਨਾਮ ’ਤੇ ਰੱਖੇ ਹੋਏ ਹਨ। ਅਜਿਹੇ ਸਕੂਲਾਂ ਦੇ ਬੱਚਿਆਂ ਨੂੰ ਪੰਜਾਬੀ ਟੁੱਟੀ-ਫੁੱਟੀ ਹੀ ਆਉਂਦੀ ਹੈ ਜਦੋਂਕਿ ਸਾਡੇ ਗੁਰੂ ਸਹਿਬਾਨ ਨੇ ਸਾਰੀ ਬਾਣੀ ਗੁਰਮੁਖੀ ਲਿਪੀ ਵਿੱਚ ਰਚੀ ਹੈ। ਇਸ ਤੋਂ ਵੀ ਅੱਗੇ ਉਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਆਪਸੀ ਗੱਲਬਾਤ ਪੰਜਾਬੀ ਦੀ ਬਜਾਏ ਹਿੰਦੀ ਜਾਂ ਅੰਗਰੇਜ਼ੀ ਵਿੱਚ ਕਰਨ ਦੀ ਇਜਾਜ਼ਤ ਹੈ।
        ਸਾਡੇ ਪੰਜਾਬ ਦੀਆਂ ਸਾਰੀਆਂ ਕਚਹਿਰੀਆਂ ਸਮੇਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਵਿਅਕਤੀ ਦੇ ਕੋਰਟ ਕੇਸ ਦੀ ਸੁਣਵਾਈ ਵੀ ਅੰਗਰੇਜ਼ੀ ਵਿੱਚ ਹੀ ਹੁੰਦੀ ਹੈ। ਉਸ ਨੂੰ ਸੁਣਵਾਈ ਜਾਂ ਤਾਰੀਖ਼ ਤੋਂ ਬਾਅਦ ਵਕੀਲ ਹੀ ਕਾਰਵਾਈ, ਗੱਲਬਾਤ ਜਾਂ ਬਹਿਸ ਬਾਰੇ ਦੱਸਦਾ ਹੈ। ਉਸ ਨੂੰ ਇਹ ਗੱਲ ਮੰਨਣੀ ਹੀ ਪੈਣੀ ਹੈ, ਭਾਵੇਂ ਸੱਚੀ ਹੋਵੇ ਜਾਂ ਝੂਠੀ। ਅਜਿਹਾ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਅਜੇ ਵੀ ਤੁਰਿਆ ਆ ਰਿਹਾ ਹੈ, ਹਾਲਾਂਕਿ ਦੇਸ਼ ਨੂੰ ਆਜ਼ਾਦ ਹੋਇਆਂ ਵੀ ਸੱਤਰ ਸਾਲ ਲੰਘ ਗਏ ਹਨ। ਕੀ ਕਦੇ ਆਪਣੇ ਆਪ ਨੂੰ ਪੰਜਾਬੀ ਦੇ ਅਲੰਬਰਦਾਰ ਅਖਵਾਉਣ ਵਾਲਿਆਂ ਨੇ ਇਹ ਮੁੱਦਾ ਚੁੱਕ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦਾ ਤਹੱਈਆ ਕੀਤਾ ਹੈ? ਸ਼ਾਇਦ ਨਹੀਂ! ਜਿਨ੍ਹਾਂ ਅੰਗਰੇਜ਼ਾਂ ਨੂੰ ਅਸੀਂ ਆਪਣੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀਆਂ ਸ਼ਹੀਦੀਆਂ ਦੇ ਕੇ ਕੱਢਿਆ ਸੀ, ਅੱਜ ਦੇ ਸਮੇਂ ਪੰਜਾਬੀ ਨੌਜਵਾਨ ਆਪਣੀ ਮਾਂ ਬੋਲੀ ਨੂੰ ਲਾਂਭੇ ਕਰਦਿਆਂ ਆਈਲੈਟਸ ਕਰ ਕੇ ਉਨ੍ਹਾਂ ਦੀ ਗ਼ੁਲਾਮੀ ਕਰਨ ਲਈ ਵਿਦੇਸ਼ਾਂ ਵਿੱਚ ਵੱਸ ਕੇ ਵਾਪਸ ਨਾ ਆਉਣ ਲਈ ਕਾਹਲੇ ਹਨ। ਇਸੇ ਲਈ ਗੁਰਦਾਸ ਮਾਨ ਦਾ ਗਾਇਆ ਗੀਤ ‘‘ਮੀਢੀਆਂ ਖਿਲਾਰੀ ਫਿਰੇਂ ਬੁੱਲ੍ਹੇ ਦੀਏ ਕਾਫੀਏ ਨੀ ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ ਨੀਂ’’ ਅੱਜ ਸੱਚ ਹੁੰਦਾ ਜਾਪਦਾ ਹੈ। ਪੰਜਾਬੀ ਭਾਸ਼ਾ ਵਿੱਚ ਕੀਤੀ ਪੜ੍ਹਾਈ ਲਈ ਤਾਂ ਪਾਸ ਹੋਣ ਵਾਸਤੇ ਸਿਰਫ਼ 33 ਪ੍ਰਤੀਸ਼ਤ ਨੰਬਰਾਂ ਦੀ ਲੋੜ ਪੈਂਦੀ ਹੈ ਜਦੋਂਕਿ ਆਈਲੈਟਸ ਵਿੱਚੋਂ ਪਾਸ ਹੋਣ ਲਈ 60 ਫ਼ੀਸਦੀ ਨੰਬਰਾਂ ਦੀ ਲੋੜ ਪੈਂਦੀ ਹੈ। ਇਹ ਆਈਲੈਟਸ ਸੈਂਟਰ ਮਾਂ ਬੋਲੀ ਪੰਜਾਬੀ ਨੂੰ ਘੁਣ ਵਾਂਗ ਖਾ ਰਹੇ ਹਨ।
       ਇਹ ਸਮਝਣ ਵਾਲੀ ਗੱਲ ਹੈ, ਅਸੀਂ ਕਰ ਕੀ ਰਹੇ ਹਾਂ ਤੇ ਕਿੱਧਰ ਨੂੰ ਜਾ ਰਹੇ ਹਾਂ? ਇਸ ਤੋਂ ਉਲਟ ਪੀਜੀਆਈ ਤਾਂ ਦੱਖਣ ਭਾਰਤ ਦੇ ਇੱਕ ਮਸ਼ਹੂਰ ਡਾਕਟਰ ਨੂੰ ਪੰਜਾਬੀ ਭਾਸ਼ਾ ਸਿਖਾ ਰਿਹਾ ਹੈ ਤਾਂ ਕਿ ਪੰਜਾਬ ਦੇ ਮਰੀਜ਼ਾਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਕੇ ਹੋਰ ਵੀ ਬਿਹਤਰ ਇਲਾਜ ਹੋ ਸਕੇ। ਪਰ ਅਸੀਂ ਪੰਜਾਬੀ ਲਗਾਤਾਰ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਮੌਜੂਦਾ ਪੰਜਾਬ ਸਰਕਾਰ ਨੇ ਦੁਕਾਨਾਂ ਆਦਿ ਦੇ ਨਾਮ ਵਾਲੇ ਬੋਰਡਾਂ ਨੂੰ ਪੰਜਾਬੀ ਵਿੱਚ ਲਿਖ ਕੇ ਲਾਉਣ ਸਬੰਧੀ ਤਾਰੀਖ ਨਿਯਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਸੈਂਕੜੇ ਕੋਰਟਾਂ-ਕਚਹਿਰੀਆਂ ਨਿੱਤ ਦਿਹਾੜੇ ਲੱਗਦੀਆਂ ਹਨ ਜਿਨ੍ਹਾਂ ਵਿੱਚ ਊੜੇ ਤੋਂ ਲੈ ਕੇ ੜਾੜੇ ਤੱਕ ਦੇ ਸਾਰੇ ਕਾਗਜ਼ੀ ਕੰਮ ਤੇ ਸੁਣਵਾਈ ਅੰਗਰੇਜ਼ੀ ਭਾਸ਼ਾ ਵਿੱਚ ਹੁੰਦੇ ਹਨ। ਇਸ ਸਬੰਧੀ ਵੀ ਵਿਚਾਰ ਕਰਨ ਦੀ ਵੱਡੀ ਲੋੜ ਹੈ।
        ਮਾਂ ਬੋਲੀ ਦਿਵਸ ਮਨਾਉਣ ਦੇ ਮਹੱਤਵਪੂਰਨ ਫ਼ੈਸਲੇ ਦਾ ਸਿਹਰਾ ਸਾਡੇ ਗੁਆਂਢੀ ਮੁਲਕ ਬੰਗਲਾਦੇਸ਼ ਦੇ ਸਿਰ ਬੱਝਦਾ ਹੈ। ਪੂਰਬੀ ਪਾਕਿਸਤਾਨ ਦੇ ਨਾਮ ਨਾਲ ਜਾਣੇ ਜਾਂਦੇ ਪੂਰਬੀ ਬੰਗਾਲ ਵਿੱਚ ਪੱਛਮੀ ਪਾਕਿਸਤਾਨ ਵਾਲੇ ਉਰਦੂ ਤੇ ਫ਼ਾਰਸੀ ਲਾਗੂ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਲੋਕਾਂ ਦੀ ਮਾਂ ਬੋਲੀ ਬੰਗਾਲੀ ਸੀ। ਇਸ ਕਾਰਨ ਉਨ੍ਹਾਂ ਨੇ ਡੱਟ ਕੇ ਵਿਰੋਧ ਕੀਤਾ। ਸਰਕਾਰ ਵਿਰੋਧ ਦੇ ਸੰਘਰਸ਼ ਨੂੰ ਡੰਡੇ ਨਾਲ ਦਬਾਉਣਾ ਚਾਹੁੰਦੀ ਸੀ। ਪਾਕਿਸਤਾਨੀ ਸੁਰੱਖਿਆ ਬਲਾਂ ਨੇ 21 ਫਰਵਰੀ 1952 ਨੂੰ ਸੰਘਰਸ਼ ਕਰ ਰਹੇ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਅਨੇਕਾਂ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਪੂਰਬੀ ਪਾਕਿਸਤਾਨ ਲਈ ਬਦਲਾਅ ਸਿੱਧ ਹੋਈ। 29 ਫਰਵਰੀ 1956 ਨੂੰ ਪਾਕਿਸਤਾਨ ਨੇ ਸੰਵਿਧਾਨ ਵਿੱਚ ਤਰਮੀਮ ਕਰਕੇ ਬੰਗਾਲੀ ਤੇ ਉਰਦੂ ਦੋਵਾਂ ਨੂੰ ਲਾਗੂ ਕਰਨ ਦੀ ਸਹਿਮਤੀ ਦਿੱਤੀ, ਪਰ ਬੰਗਾਲੀ ਦਾ ਦਮਨ ਫਿਰ ਵੀ ਹੁੰਦਾ ਰਿਹਾ। ਆਖ਼ਰ ਇਹ ਚੰਗਿਆੜੀ ਭਾਂਬੜ ਬਣ ਉੱਠੀ ਅਤੇ ਪੂਰਬੀ ਪਾਕਿਸਤਾਨ ਪੱਛਮੀ ਪਾਕਿਸਤਾਨ ਤੋਂ ਅੱਡ ਹੋ ਕੇ ਬੰਗਲਾਦੇਸ਼ ਬਣ ਗਿਆ। 21 ਫਰਵਰੀ 1972 ਨੂੰ ਬੰਗਲਾਦੇਸ਼ ਵਿੱਚ ਬੰਗਾਲੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਬਣਾਇਆ ਗਿਆ। ਇਸ ਸਬੰਧੀ ਬੰਗਲਾਦੇਸ਼ ਵਿੱਚੋਂ ਯੂਨੈਸਕੋ ਨੂੰ ਤੁਰੰਤ ਇਹ ਸੁਝਾਅ ਭੇਜੇ ਗਏ ਕਿ ਇਸ ਦਿਨ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਵੇ। 17 ਨਵੰਬਰ 1999 ਨੂੰ ਜਰਨਲ ਕਾਨਫਰੰਸ ਵਿੱਚ ਯੂਨੈਸਕੋ ਨੇ 21 ਫਰਵਰੀ ਨੂੰ ਮਾਂ ਬੋਲੀ ਦਿਵਸ ਵਜੋਂ ਮਨਾਉਣ ਦੀ ਪ੍ਰਵਾਨਗੀ ਦਿੱਤੀ। ਸੰਸਾਰ ਪੱਧਰ ’ਤੇ ਹਰ ਖਿੱਤੇ ਵੱਲੋਂ ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ।
       ਬਾਰ੍ਹਾਂ ਕਰੋੜ ਤੋਂ ਵੱਧ ਪੰਜਾਬੀਆਂ ਵੱਲੋਂ 150 ਤੋਂ ਵੱਧ ਮੁਲਕਾਂ ਵਿੱਚ ਬੋਲੀ ਜਾਂਦੀ ਮਾਂ ਬੋਲੀ ਪੰਜਾਬੀ ਦਾ ਬੋਲਣ ਪਿੱਛੇ ਬਾਰ੍ਹਵਾਂ ਸਥਾਨ ਹੈ। ਬਰਤਾਨੀਆ ਵਿੱਚ ਪੰਜਾਬੀ ਨੂੰ ਦੂਜੀ ਵੱਡੀ ਜ਼ੁਬਾਨ ਦਾ ਰੁਤਬਾ ਹਾਸਲ ਹੈ ਕਿਉਂਕਿ 23 ਲੱਖ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ। ਕੈਨੇਡਾ ਵਿੱਚ ਅੰਗਰੇਜ਼ੀ, ਫਰਾਂਸੀਸੀ ਤੇ ਚੀਨੀ ਭਾਸ਼ਾ ਤੋਂ ਬਾਅਦ ਪੰਜਾਬੀ ਚੌਥੀ ਵੱਡੀ ਭਾਸ਼ਾ ਬਣ ਚੁੱਕੀ ਹੈ। ਅਮਰੀਕਾ ਵਿੱਚ 7 ਲੱਖ, ਯੂਏਈ ਵਿੱਚ 7 ਲੱਖ ਤੋਂ ਵੱਧ, ਸਾਊਦੀ ਅਰਬ ਵਿੱਚ 6 ਲੱਖ ਤੋਂ ਵੱਧ, ਹਾਂਗਕਾਂਗ ਵਿੱਚ 3 ਲੱਖ ਦੇ ਕਰੀਬ, ਮਲੇਸ਼ੀਆ ਵਿੱਚ 2 ਲੱਖ ਦੇ ਕਰੀਬ ਤੇ ਫਰਾਂਸ ਵਿੱਚ ਇੱਕ ਲੱਖ ਦੇ ਕਰੀਬ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ। ਪੰਜਾਬੀ ਦੇ ਸਤਿਕਾਰ ਨੂੰ ਹੋਰ ਉੱਚਾ ਚੁੱਕਦਿਆਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ 27 ਜਨਵਰੀ 2010 ਨੂੰ ਮਾਂ ਬੋਲੀ ਪੰਜਾਬੀ ਨੂੰ ਹਰਿਆਣਾ ਰਾਜ ਦੀ ਦੂਜੀ ਭਾਸ਼ਾ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜੇਐਨਯੂ, ਦਿੱਲੀ ਵਿੱਚ 1974 ’ਚ ਭਾਰਤੀ ਭਾਸ਼ਾ ਕੇਂਦਰ ਬਣਿਆ ਸੀ। ਸਾਲ 2004 ਦੌਰਾਨ ਉਪ-ਕੁਲਪਤੀ ਜੀ.ਕੇ. ਚੱਡਾ ਨੇ ਬੰਗਾਲੀ, ਮਰਾਠੀ, ਤਾਮਿਲ ਤੇ ਪੰਜਾਬੀ ਨੂੰ ਭਾਰਤੀ ਭਾਸ਼ਾ ਕੇਂਦਰ ਦਾ ਹਿੱਸਾ ਬਣਾਇਆ ਸੀ।
      ਪੰਜਾਬੀ ਮਾਂ ਬੋਲੀ ਦਿਵਸ ਕਿਤੇ ਵਣ-ਮਹਾਂਉਤਸਵ ਵਾਲਾ ਤਿਉਹਾਰ ਨਾ ਹੋ ਨਿੱਬੜੇ ਜਿਵੇਂ ਕਿੱਧਰੇ ਬੂਟਾ ਲਾ ਕੇ, ਫੋਟੋ ਖਿਚਵਾ ਕੇ ਅਖ਼ਬਾਰਾਂ ਵਿੱਚ ਲਾਉਣ ਤੋਂ ਬਾਅਦ ਉਸ ਬੂਟੇ ਦਾ ਪਤਾ ਹੀ ਨਹੀਂ ਲੱਗਦਾ। ਖਦਸ਼ਾ ਹੈ ਕਿਤੇ ਇਹ ਮਾਂ ਬੋਲੀ ਦਿਵਸ ਵੀ ਹਰ ਸਾਲ ਦੀ 21 ਫਰਵਰੀ ਤੋਂ ਬਾਅਦ ਚੇਤਿਆਂ ਵਿੱਚੋਂ ਕਿਰ ਨਾ ਜਾਵੇ। ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖਣ ਲਈ ਸਾਰਾ ਸਾਲ ਹੀ ਪੰਜਾਬੀ ਵਿੱਚ ਕੰਮ ਕਰਨ ਲਈ ਲੋਕਾਂ ਨੂੰ ਪ੍ਰਪੱਕ ਕੀਤਾ ਜਾਵੇ। ਸਾਰੇ ਪੰਜਾਬੀਆਂ ਨੂੰ ਫ਼ਖ਼ਰ ਨਾਲ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ।
ਸੰਪਰਕ : 96462-00468