Jagwinder Jodha

ਕਿਸਾਨੀ ਸੰਘਰਸ਼ ਤੇ ਪੰਜਾਬ ਦੀ ਨੌਜਵਾਨੀ ਦਾ ਸਵਾਲ  - ਜਗਵਿੰਦਰ ਜੋਧਾ

ਸਤੰਬਰ ਤੋਂ ਪਹਿਲਾਂ ਤਕ ਸਾਡੇ ਬੌਧਿਕ ਹਲਕੇ ਸਮਕਾਲ ਦੀ ਵਿਆਖਿਆ ਕੁਝ ਘੜੇ-ਘੜਾਏ ਸਿਧਾਂਤਾਂ ਨਾਲ ਕਰਨ ਦੇ ਮਰਜ਼ ਤੋਂ ਪੀੜਤ ਸੀ। ਸਮਕਾਲ ਨੂੰ ਲਹਿਰਾਂ ਹੀਣ ਸਮਾਂ ਕਹਿ ਕੇ ਸਮਾਜਿਕ ਸਿਥਲਤਾ ਦੇ ਕਾਰਨ ਤਲਾਸ਼ੇ ਜਾ ਰਹੇ ਸਨ। ਸਮਾਜਿਕ ਬਦਲਾਓ ਲਈ ਜਨਤਕ ਲਹਿਰਾਂ ਉੱਪਰ ਟੇਕ ਰੱਖਣ ਵਾਲੇ ਲੋਕ ਪੰਜਾਬੀਆਂ ਨੂੰ ਲਹਿਰਾਂ ਰਾਹੀਂ ਘੜਿਆ ਜਾਣ ਵਾਲਾ ਮਨੁੱਖ ਕਹਿ ਕੇ ਪੂੰਜੀ ਦੇ ਸਮਕਾਲੀ ਸੰਸਾਰ ਵਰਤਾਰਿਆਂ ਨੂੰ ਚੇਤਨਾ ਸੁੰਨ ਕਰਨ ਵਾਲੇ ਪ੍ਰਭਾਵ ਆਖ ਰਹੇ ਸਨ। ਕਿਸਾਨ ਅੰਦੋਲਨ ਨੇ ਇਨ੍ਹਾਂ ਧਾਰਨਾਵਾਂ ਨੂੰ ਦੁਬਾਰਾ ਵਿਚਾਰਨਣ ਲਈ ਮਾਹੌਲ ਪੈਦਾ ਕੀਤਾ ਹੈ।
      ਪੰਜਾਬ ਸੰਕਟ ਤੋਂ ਬਾਅਦ ਸੰਸਾਰੀਕਰਨ ਦੇ ਨਕਸ਼ ਗੂੜ੍ਹੇ ਹੋਣ ਲੱਗੇ ਸਨ। ਸੰਸਾਰ ਮੰਡੀ ਦੀ ਲੋੜ ਅਨੁਸਾਰ ਵਿਕਾਸਸ਼ੀਲ ਮੁਲਕਾਂ ਦੀਆਂ ਸਰਕਾਰਾਂ ਨੇ ਲੋਕ ਭਲਾਈ ਖੇਤਰਾਂ ਵਿਚ ਪ੍ਰਾਈਵੇਟ ਨਿਵੇਸ਼ ਲਈ ਰਸਤੇ ਖੋਲ੍ਹੇ। ਇਸ ਨਾਲ ਸਿਹਤ ਤੇ ਸਿੱਖਿਆ ਵਰਗੇ ਖੇਤਰਾਂ ਵਿਚ ਨਿੱਜੀਕਰਨ ਸ਼ੁਰੂ ਹੋਇਆ ਹੀ, ਪਬਲਿਕ ਸੇਵਾ ਖੇਤਰ ਦੇ ਮੌਕੇ ਵੀ ਸੁੰਗੜਨ ਲੱਗੇ। ਪਿਛਲੇ ਤੀਹ ਸਾਲਾਂ ਵਿਚ ਸਿਹਤ, ਸਿੱਖਿਆ ਦੀਆਂ ਸੇਵਾਵਾਂ ਤੇ ਰੁਜ਼ਗਾਰ ਦੇ ਮੌਕੇ ਸਾਧਾਰਨ ਜਨਤਾ ਤੋਂ ਦੂਰ ਹੋਏ। ਇਸ ਕਾਰਨ ਸਮਾਜ ਵਿਚ ਦਿਸਦੇ-ਅਣਦਿਸਦੇ ਕਈ ਵਿਗਾੜ ਸਾਹਮਣੇ ਆਏ ਜਿਨ੍ਹਾਂ ਨਾਲ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਲਈ ਇਸ ਧਰਤੀ ਉੱਪਰ ਰਹਿਣ ਦਾ ਮੋਹ ਘਟਿਆ। ਇਕ ਪਾਸੇ ਨਸ਼ੇ ਦੇ ਵਪਾਰੀਆਂ ਲਈ ਇਹ ਧਰਤੀ ਬੜੀ ਜ਼ਰਖੇਜ਼ ਸਿੱਧ ਹੋਣ ਲੱਗੀ, ਦੂਜੇ ਪਾਸੇ ਦਿਸ਼ਾਹੀਣ ਨੌਜਵਾਨੀ ਕੋਲ ਜੁਰਮ ਰਾਹੀਂ ਆਪਣੇ ਆਪ ਨੂੰ ਪ੍ਰਗਟਾਉਣ ਦਾ ਸੌਖਾ ਰਾਹ ਬਚਿਆ ਸੀ। ਪੁੱਜਤ ਵਾਲੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਇਸ ਧਰਤੀ ਤੋਂ ਦੂਰ ਕਰਨ ਦਾ ਵਸੀਲਾ ਪਰਵਾਸ ਨੂੰ ਬਣਾਇਆ।
       ਇਕ ਦਹਾਕੇ ਤੋਂ ਨੌਜਵਾਨਾਂ ਦੇ ਪਰਵਾਸ ਦੀ ਪ੍ਰਕਿਰਿਆ ਤੇਜ਼ ਹੋਈ ਹੈ। ਕਿਸੇ ਜ਼ਮਾਨੇ ’ਚ ਦੁਆਬੇ ਦੀ ਪਛਾਣ ਰਿਹਾ ਪਰਵਾਸ ਹੁਣ ਮਾਲਵੇ ਦੇ ਸਿਰੇ ਤਕ ਫੈਲਿਆ ਵਰਤਾਰਾ ਹੈ। ਇਕ ਸਰਵੇਖਣ ਅਨੁਸਾਰ ਜਲੰਧਰ ਵਿਚ ਆਇਲੈੱਟਸ ਕਰਾਉਣ ਵਾਲੇ ਛੋਟੇ ਵੱਡੇ ਬਾਰ੍ਹਾਂ ਸੌ ਕੇਂਦਰ ਹਨ ਤਾਂ ਬਠਿੰਡਾ ਇਲਾਕੇ ਵਿਚ ਇਨ੍ਹਾਂ ਦੀ ਗਿਣਤੀ ਸਾਢੇ ਚੌਦਾਂ ਸੌ ਦੇ ਕਰੀਬ ਹੈ। ਕਰੋਨਾ ਕਾਲ ਤੋਂ ਪਹਿਲਾਂ ਪੰਜਾਬੀ ਹਰ ਸਾਲ ਸਤਾਈ ਹਜ਼ਾਰ ਕਰੋੜ ਰੁਪਏ ਵਿਦੇਸ਼ ਵਿਚ ਪੜ੍ਹਾਈ ਦੇ ਨਾਮ ਹੇਠ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਖਰਚਦੇ ਰਹੇ ਹਨ। ਇਸ ਪੈਸੇ ਦੇ ਨਿਕਾਸ ਦਾ ਪ੍ਰਭਾਵ ਪੰਜਾਬ ਦੀ ਆਰਥਿਕਤਾ ਉੱਪਰ ਸਪਸ਼ਟ ਦਿਸਦਾ ਹੈ। ਇਸ ਵਿਚੋਂ ਵੱਡੀ ਰਾਸ਼ੀ ਕਰਜ਼ੇ ਚੁੱਕ ਕੇ, ਜ਼ਮੀਨਾਂ ਗਹਿਣੇ ਕਰ ਕੇ ਜਾਂ ਵੇਚ ਕੇ ਇੱਕਤਰ ਕੀਤੀ ਹੁੰਦੀ ਹੈ। ਵਿਦੇਸ਼ ਦੀ ਪੜ੍ਹਾਈ ਦੇ ਪਹਿਲੇ ਸਾਲ ਹੀ ਅਠਾਰਾਂ ਤੋਂ ਬਾਈ ਲੱਖ ਦਾ ਖਰਚਾ ਵੀ ਪੰਜਾਬੀਆਂ ਨੂੰ ਇਸ ਲਈ ਜ਼ਿਆਦਾ ਨਹੀਂ ਲਗਦਾ ਕਿ ਆਉਂਦੇ ਸਾਲਾਂ ਵਿਚ ‘ਪੱਕੇ’ ਹੋਣ ਦੀ ਸੰਭਾਵਨਾ ਜੁੜੀ ਹੈ। ਇਸ ਤਰੀਕੇ ਨੇ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲਾਈ, ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਨੂੰ ਹਾਜ਼ਰੀ ਦੀ ਕਮੀ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ। ਸਭ ਤੋਂ ਵੱਡਾ ਨੁਕਸਾਨ ਇਹ ਕਿ ਇਕ ਪੂਰੀ ਪੀੜ੍ਹੀ ਦੀ ਸਮਾਜਿਕ ਢਾਂਚੇ ਵਿਚੋਂ ਗੈਰਹਾਜ਼ਰੀ ਦੇ ਆਸਾਰ ਪੈਦਾ ਹੋ ਗਏ। ਪੰਜਾਬ ਦੀ ਨੌਜਵਾਨੀ ਲਈ ਵਿਦੇਸ਼ ਜਾ ਕੇ ਵਸਣਾ ਸੁਪਨਾ ਹੀ ਨਹੀਂ, ਆਦਰਸ਼ ਬਣ ਗਿਆ।
       ਪੰਜਾਬੀਆਂ ਦੇ ਪਰਵਾਸ ਦਾ ਇਤਿਹਾਸ ਇਕ ਸਦੀ ਤੋਂ ਪੁਰਾਣਾ ਹੈ। ਬਸਤੀਵਾਦੀ ਦੌਰ ਵਿਚ ਪੰਜਾਬੀਆਂ ਨੇ ਪਹਿਲਾਂ ਉੱਤਰੀ ਅਮਰੀਕਾ ਨੂੰ ਪਰਵਾਸ ਦਾ ਕੇਂਦਰ ਚੁਣਿਆ। ਉਸ ਦੌਰ ਵਿਚ ਪਰਵਾਸੀ ਹੋਣ ਵਾਲੀ ਜਮਾਤ ਮੁੱਖ ਤੌਰ ਤੇ ਕਿਸਾਨੀ ਹੀ ਸੀ। ਉਹ ਪਰਵਾਸ ਅਸਲ ਵਿਚ ਇਤਿਹਾਸ ਦੇ ਬੜੇ ਨਾਜ਼ੁਕ ਸਮੇਂ ਵਿਚ ਪੰਜਾਬੀ ਕਿਸਾਨੀ ਦਾ ਸੱਤਾ ਵਿਰੋਧੀ ਪੈਂਤੜਾ ਸੀ। ਅੰਗਰੇਜ਼ੀ ਸ਼ਾਸਨ ਨੇ ਖੇਤੀ ਲਗਾਨ ਨੂੰ ਉਤਪਾਦਨ ਅਨੁਸਾਰ ਵਧਣ-ਘਟਣ ਦੇ ਰਵਾਇਤੀ ਪ੍ਰਬੰਧ ਤੋਂ ਹਟਾ ਕੇ ਫਸਲ ਮੁਤਾਬਕ ਪ੍ਰਤੀ ਵਿੱਘਾ ਇਕਮੁਸ਼ਤ ਨਗਦ ਰਕਮ ਵਿਚ ਬਦਲ ਦਿੱਤਾ। ਇਹ ਰਕਮ ਵੀ ਇੰਨੀ ਜ਼ਿਆਦਾ ਸੀ ਕਿ ਕਾਸ਼ਤਕਾਰ ਕੋਲ ਮਾਮਲਾ ਤਾਰਨ ਤੋਂ ਬਾਅਦ ਘਰ ਖਾਣ ਜੋਗਾ ਅਨਾਜ ਵੀ ਮੁਸ਼ਕਿਲ ਨਾਲ ਬਚਦਾ ਸੀ। ਜੇ ਕਿਸੇ ਸਾਲ ਕੁਦਰਤ ਦੀ ਮਾਰ ਪੈ ਜਾਂਦੀ ਤਾਂ ਮਾਮਲਾ ਤਾਰਨ ਦੇ ਸੰਧੇ ਪੈ ਜਾਂਦੇ ਸਨ। ਲਿਹਾਜ਼ਾ ਕਿਸਾਨੀ ਬਹੁਤ ਬੁਰੀ ਦਸ਼ਾ ਤਕ ਪਹੁੰਚ ਗਈ। ਇਸ ਦੇ ਸਮਾਂਤਰ ਅੰਗਰੇਜ਼ੀ ਰਾਜ ਨੇ ਪੰਜਾਬ ਦੀ ਤਤਕਾਲੀ ਨੌਜਵਾਨੀ ਨੂੰ ਆਪਣੇ ਰਾਜ-ਵਿਸਥਾਰ ਲਈ ਵਰਤਣ ਹਿਤ ਫੌਜ ਵਿਚ ਭਰਤੀ ਦਾ ਬਦਲ ਦਿੱਤਾ। ਪੰਜਾਬ ਦੇ ਉਸ ਸਮੇਂ ਦੇ ਨੌਜਵਾਨ ਕਿਸਾਨ ਕੋਲ ਇਹੀ ਬਦਲ ਸਨ, ਜਾਂ ਤਾਂ ਆਪਣੀ ਮੁਸ਼ੱਕਤ ਨੂੰ ਮਾਮਲੇ ਦੇ ਰੂਪ ਵਿਚ ਅੰਗਰੇਜ਼ੀ ਰਾਜ ਦੇ ਖਜ਼ਾਨੇ ਵਿਚ ਜਮ੍ਹਾਂ ਕਰਾਉਂਦਾ ਰਹੇ ਜਾਂ ਫਿਰ ਫੌਜੀ ਬਣ ਕੇ ਦੇਸ-ਦੇਸਾਂਤਰਾਂ ਵਿਚ ਬ੍ਰਿਟਿਸ਼ ਰਾਜ ਨੂੰ ਫੈਲਾਵੇ। ਪੰਜਾਬੀਆਂ ਨੇ ਵਿਚਕਾਰਲਾ ਰਾਹ ਲੱਭਿਆ। ਸਿੰਗਾਪੁਰ, ਮਲਾਇਆ ਤੋਂ ਹੁੰਦਾ ਪੰਜਾਬੀ ਬੰਦਾ ਪਰਵਾਸੀ ਬਣ ਕੇ ਅਮਰੀਕਾ ਤੇ ਕੈਨੇਡਾ ਪੁੱਜਿਆ। ਵਿਦੇਸ਼ੀ ਧਰਤੀ ਤੋਂ ਮੁਲਕ ਦੀ ਆਜ਼ਾਦੀ ਲਈ ਸ਼ੁਰੂ ਹੋਈ ਗ਼ਦਰ ਲਹਿਰ ਤੋਂ ਲੈ ਕੇ ਕਾਮਾਗਾਟਾਮਾਰੂ ਦੇ ਕਾਂਡ ਹੁਣ ਇਤਿਹਾਸ ਵਿਚ ਦਰਜ ਹਨ। ਪਰਵਾਸ ਨੇ ਪੰਜਾਬੀ ਬੰਦੇ ਨੂੰ ਆਪਣੀ ਧਰਤੀ ਦੀਆਂ ਸਮੱਸਿਆਵਾਂ ਦੂਰ ਕਰ ਕੇ ਆਜ਼ਾਦੀ ਨਾਲ ਵਸਣ ਲਈ ਪ੍ਰੇਰਿਆ।
       ਪੰਜਾਬੀਆਂ ਦੇ ਪਰਵਾਸ ਦਾ ਅਗਲਾ ਦੌਰ ਵੰਡ ਤੋਂ ਬਾਅਦ ਆਰੰਭ ਹੁੰਦਾ ਹੈ। ਇਸ ਪੜਾਅ ਤੇ ਮੁੱਖ ਕੇਂਦਰ ਬਰਤਾਨੀਆ ਬਣਿਆ। ਦੂਜੀ ਸੰਸਾਰ ਜੰਗ ਮਗਰੋਂ ਮਜ਼ਦੂਰਾਂ ਦੀ ਕਮੀ ਨਾਲ ਜੂਝ ਰਹੀਆਂ ਬਰਤਾਨਵੀ ਮਿੱਲਾਂ ਵਿਚ ਪੰਜਾਬੀਆਂ ਨੇ ਆਪਣਾ ਖ਼ੂਨ-ਪਸੀਨਾ ਇਕ ਕੀਤਾ। ਸੱਠਵਿਆਂ ਤਕ ਆਉਂਦੇ ਆਉਂਦੇ ਵਾਊਚਰ ਵੀਜ਼ਾ ਪ੍ਰਬੰਧ ਨਾਲ ਬਰਤਾਨਵੀ ਮੁਲਕਾਂ ਵਿਚ ਟੱਬਰਾਂ ਸਣੇ ਵਸਣ ਦਾ ਜੋ ਬਦਲ ਸਾਹਮਣੇ ਆਇਆ, ਉਸ ਨੇ ਪਰਵਾਸ ਨੂੰ ‘ਸਮਾਜਿਕ ਉੱਚਤਾ’ ਵਿਚ ਬਦਲ ਦਿੱਤਾ। ਵਿਦੇਸ਼ ਤੋਂ ਆਏ ਪੈਸੇ ਨਾਲ ਪੰਜਾਬ ਦੀ ਨੁਹਾਰ ਵਿਚ ਵੀ ਤਬਦੀਲੀ ਆਈ। ਹੁਣ ਵਾਲਾ ਪਰਵਾਸ ਇਸ ਲੜੀ ਦਾ ਹਿੱਸਾ ਹੁੰਦਾ ਹੋਇਆ ਵੀ ਇਸ ਨਾਲੋਂ ਵੱਖਰਾ ਹੈ। ਪਹਿਲਾਂ ਪਰਵਾਸੀ ਹੋਣ ਵਾਲੇ ਪੰਜਾਬੀਆਂ ਨੇ ਵਿਦੇਸ਼ੀ ਧਰਤੀ ਉੱਪਰ ਜਾ ਕੇ ਨਸਲਵਾਦ ਅਤੇ ਵਿਤਕਰੇ ਖਿਲਾਫ ਲੰਮੀ ਲੜਾਈ ਲੜੀ। ਵਾਊਚਰ ਵੀਜ਼ਾ ਸਿਸਟਮ ਰਾਹੀਂ ਜਾਣ ਵਾਲੇ ਪੰਜਾਬੀ ਤਾਂ ਇਥੇ ਸਰਕਾਰੀ ਨੌਕਰੀਆਂ ਵੀ ਕਰਦੇ ਸਨ। ਹੁਣ ਪਰਵਾਸੀ ਹੋ ਰਹੇ ਨੌਜਵਾਨ ਇਥੋਂ ਦੇ ਸਮਾਜ-ਆਰਥਿਕ ਪ੍ਰਬੰਧ ਤੋਂ ਆਕੀ ਹੋਏ ਬਾਹਰ ਜਾਣ ਦੀ ਇੱਛਾ ਰੱਖਦੇ ਹਨ। ਇਸ ਪੀੜ੍ਹੀ ਨੇ ਸਿਹਤ, ਸਿੱਖਿਆ ਤੇ ਰੁਜ਼ਗਾਰ ਲਈ ਜੋ ਸੰਘਰਸ਼ ਇਥੇ ਕਰਨਾ ਸੀ, ਤੇ ਵੇਲੇ ਦੀਆਂ ਸਰਕਾਰਾਂ ਨੂੰ ਆਪਣੇ ਹੱਕ ਦੇਣ ਲਈ ਮਜਬੂਰ ਕਰਨਾ ਸੀ, ਉਸ ਦੀ ਥਾਂ ਪਰਵਾਸੀ ਹੋਣਾ ਮੁਕਾਬਲਤਨ ਸੌਖਾ ਬਦਲ ਹੈ। ਵਿਦੇਸ਼ ਦੇ ਭਲਾਈ ਰਾਜ ਦਾ ਹਿੱਸਾ ਬਣ ਕੇ ਉਥੋਂ ਦੀ ਮਜ਼ਦੂਰ ਜਮਾਤ ਦੀਆਂ ਜਿੱਤੀਆਂ ਬਰਕਤਾਂ ਭੋਗਣ ਨਾਲ ਪੰਜਾਬ ਉਸ ਜੱਦੋ-ਜਹਿਦ ਤੋਂ ਵਿਰਵਾ ਸੀ ਜਿਸ ਨੇ ਇਥੇ ਦੇ ਸ਼ਾਸਕਾਂ ਨੂੰ ਲੋਕ ਹਿੱਤਾਂ ਵਾਲੇ ਕਾਰਜਾਂ ਲਈ ਮਜਬੂਰ ਕਰਨਾ ਸੀ। ਹੁਣ ਚੱਲ ਰਹੇ ਕਿਸਾਨੀ ਸੰਘਰਸ਼ ਨੇ ਨੌਜਵਾਨ ਨਸਲ ਨੂੰ ਇਸ ਮੁੱਦੇ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕੀਤਾ ਹੈ। ਇਹ ਕਹਿਣਾ ਤਾਂ ਗਲਤ ਹੋਵੇਗਾ ਕਿ ਹੁਣ ਪੰਜਾਬ ਦੀ ਜਵਾਨੀ ਪਰਵਾਸੀ ਨਹੀਂ ਬਣੇਗੀ ਪਰ ਉਨ੍ਹਾਂ ਨੂੰ ਆਪਣੀਆਂ ਸਰਕਾਰਾਂ ਦੇ ਖ਼ਾਸੇ ਬਾਰੇ ਚਾਨਣ ਜ਼ਰੂਰ ਹੋਇਆ ਹੈ। ਵਿਦੇਸ਼ ਤੋਂ ਪਰਤ ਕੇ ਇਸ ਸੰਘਰਸ਼ ਵਿਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਦੀਆਂ ਅਨੇਕ ਮਿਸਾਲਾਂ ਸਾਹਮਣੇ ਆਈਆਂ ਤਾਂ ਕੁਝ ਨੌਜਵਾਨਾਂ ਨੇ ਆਪਣੀ ਜ਼ਮੀਨ ਦੇ ਅਹਿਸਾਸ ਕਾਰਨ ਬਾਹਰ ਜਾਣ ਦਾ ਖਿਆਲ ਛੱਡਿਆ ਵੀ ਹੈ। ਮਿਸਾਲਾਂ ਭਾਵੇਂ ਘੱਟ ਹੀ ਹੋਣ ਪਰ ਇਸ ਖਿਆਲ ਨੂੰ ਨਵੀਂ ਪੀੜ੍ਹੀ ਲਈ ਪੈਦਾ ਕਰਨਾ ਕਿਸਾਨੀ ਸੰਘਰਸ਼ ਦੀ ਪ੍ਰਾਪਤੀ ਹੈ।
       ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਉੱਚ ਸਿੱਖਿਆ ਆਪਣੇ ਤਰਸ ਵਾਲੇ ਹਸ਼ਰ ਵਲ ਵਧ ਰਹੀ ਲਗਦੀ ਹੈ। ਇਸ ਦੇ ਬਹੁਤ ਸਾਰੇ ਕਾਰਨਾਂ ਵਿਚੋਂ ਇਕ ਸਿੱਖਿਆ ਖੇਤਰ ਦੇ ਪ੍ਰਾਈਵੇਟ ਨਿਵੇਸ਼ਕਾਂ ਨੂੰ ਲਾਭ ਦੇਣਾ ਹੈ ਜਿਨ੍ਹਾਂ ਵਿਚ ਪੰਜਾਬ ਦੀਆਂ ਲਗਭਗ ਸਭ ਪਾਰਟੀਆਂ ਦੇ ਸਿਆਸਤਦਾਨ ਅਤੇ ਅਫ਼ਸਰਸ਼ਾਹ ਹਨ। ਇਸ ਲਈ ਸਰਕਾਰੀ ਸਹਾਇਤਾ ਨੂੰ ਸਰਕਾਰੀ ਸੰਸਥਾਵਾਂ ਤੋਂ ਪਰ੍ਹੇ ਲਿਜਾਇਆ ਗਿਆ ਪਰ ਸਰਕਾਰੀ ਦਖ਼ਲ ਵਧਾ ਦਿੱਤਾ ਗਿਆ। ਨਤੀਜੇ ਵਜੋਂ, ਸਿੱਖਿਆ ਦਾ ਪੱਧਰ ਰਸਾਤਲ ਵਲ ਗਿਆ ਹੈ। ਪੰਜਾਬ ਦੀ ਨੌਜਵਾਨੀ ਦੀ ਜਥੇਬੰਦ ਸਿਆਸਤ ਪ੍ਰਤੀ ਉਦਾਸੀਨਤਾ ਦੀ ਹਾਲਤ ਵਿਚ ਇਹ ਕੰਮ ਸੌਖਾ ਨੇਪਰੇ ਚੜ੍ਹਿਆ। ਨੱਬੇਵਿਆਂ ਤੋਂ ਬਾਅਦ ਪੈਦਾ ਹੋਏ ਲੋਕਾਂ ਨੇ ਹਰ ਲਿਹਾਜ਼ ਨਾਲ ਪੰਜਾਬ ਦੀ ਢਹਿੰਦੀ ਕਲਾ ਹੀ ਦੇਖੀ ਸੀ। ਇਕ ਪਾਸੇ ਧਨੀ ਕਿਸਾਨੀ ਦੇ ਭਾਰੂ ਰੂਪ ਵਾਲੀਆਂ ਦੋ ਪਾਰਟੀਆਂ ਜਿਨ੍ਹਾਂ ਦੀਆਂ ਆਰਥਿਕ ਨੀਤੀਆਂ ਇੱਕੋ ਜਿਹੀਆਂ ਹਨ, ਦੂਜੇ ਪਾਸੇ ਸਥਾਪਤੀ ਦੇ ਉਲਟ ਖੜ੍ਹਦੀ ਖੱਬੀ ਧਿਰ ਦਾ ਜਰਜਰਾ ਰੂਪ ਪਿਛਲੇ ਦਹਾਕਿਆਂ ਵਿਚ ਪੰਜਾਬ ਦੀ ਸਿਆਸਤ ਦੀ ਕਹਾਣੀ ਲਿਖਦਾ ਰਿਹਾ ਹੈ। ਇਸ ਬਿਰਤਾਂਤ ਵਿਚ ਸਹਿਮਤੀ ਦਾ ਪ੍ਰਵਚਨ ਹੀ ਭਾਰੂ ਸੀ। ਨਵੀਂ ਪੀੜ੍ਹੀ ਨੇ ਅਸਹਿਮਤ ਲੋਕਾਂ ਨਾਲ ਖੜ੍ਹੇ ਹੋਣ ਅਤੇ ਸਥਾਪਤੀ ਨੂੰ ਵੰਗਾਰਨ ਦਾ ਉਹ ਅਨੁਭਵ ਹਾਸਿਲ ਕੀਤਾ ਜੋ ਪੰਜਾਬ ਨੂੰ ਵੀ ਬੜੀ ਦੇਰ ਦਾ ਵਿਸਰਿਆ ਹੋਇਆ ਸੀ। ਯਕੀਨਨ ਇਸ ਅਸਹਿਮਤੀ ਵਿਚੋਂ ਕੁਝ ਮੁੱਦੇ ਨਵੇਂ ਲੋਕਾਂ ਦੀ ਸੰਵੇਦਨਾ ਨਾਲ ਖਹਿਣਗੇ। ਇਸ ਕਸ਼ਮਕਸ਼ ਤੋਂ ਬਾਅਦ ਨੌਜਵਾਨੀ ਦਾ ਪਹਿਲਾਂ ਵਰਗੇ ਰਹਿਣਾ ਮੁਸ਼ਕਿਲ ਲਗਦਾ ਹੈ। ਪੰਜਾਬ ਦੀ ਸਿਆਸਤ ਵਿਚ ਭਾਵੇਂ ਵੱਢ ਮਾਰਵਾਂ ਮਾਹੌਲ ਨਾ ਵੀ ਦਿਸੇ ਪਰ ਨਵੇਂ ਦਿਮਾਗਾਂ ਕੋਲ ਕੁਝ ਸਵਾਲ ਆਪਣੇ ਸਿਆਸੀ ਪ੍ਰਤੀਨਿਧਾਂ ਨੂੰ ਪੁੱਛਣ ਲਈ ਜ਼ਰੂਰ ਹੋਣਗੇ।
      ਇਸ ਸੰਘਰਸ਼ ਦਾ ਨਤੀਜਾ ਪਤਾ ਨਹੀਂ ਕੀ ਹੋਵੇ ਪਰ ਇਸ ਵਿਚੋਂ ਪੈਦਾ ਹੋਈ ਊਰਜਾ ਦਾ ਪ੍ਰਵਾਹ ਬਦਲਾਓ ਲਈ ਵੀ ਹੋ ਸਕਦਾ ਹੈ। ਕੁਝ ਲੋਕਾਂ ਨੇ ਇਸ ਸੰਘਰਸ਼ ਦੀ ਰਾਜਸੀ ਦੇਣ ਬਾਰੇ ਸਵਾਲ ਖੜ੍ਹੇ ਕੀਤੇ ਹਨ। ਰਾਜਸੀ ਪ੍ਰਾਪਤੀ ਨੂੰ ਵੋਟਾਂ ਰਾਹੀਂ ਜਿੱਤ ਤਕ ਲੈ ਜਾਣਾ ਇਕ ਪਸਾਰ ਹੈ ਪਰ ਕਿਸੇ ਨੂੰ ਰਾਜਨੀਤਕ ਬਣਾ ਦੇਣਾ ਹੋਰ ਵੀ ਅਹਿਮ ਗੱਲ। ਇਹ ਸੰਘਰਸ਼ ਪੰਜਾਬੀ ਨੌਜਵਾਨ ਨੂੰ ਰਾਜਸੀ ਤਾਣੇ-ਬਾਣੇ ਬਾਰੇ ਸੋਚਣ ਲਈ ਮਜਬੂਰ ਕਰਨ ਵਿਚ ਸਫਲ ਰਿਹਾ ਹੈ। ਉਸ ਰਾਜਨੀਤਕ ਵਿਚਾਰਸ਼ੀਲਤਾ ਦੇ ਕਈ ਪਸਾਰ ਸੋਸ਼ਲ ਮੀਡੀਆ ਉੱਪਰ ਖੱਬੇ ਪੱਖੀ ਬਨਾਮ ਖਾੜਕੂਵਾਦੀ ਵਿਚਾਰਾਂ ਦੇ ਟਕਰਾਓ ਵਜੋਂ ਦੇਖਣ ਨੂੰ ਮਿਲ ਰਹੇ ਹਨ ਪਰ ਇਕ ਗੱਲ ਪੱਕੀ ਹੈ ਕਿ ਪੰਜਾਬ ਦੀ ਸਮਾਜਿਕ ਸੰਰਚਨਾ ਧਰਮ-ਨਿਰਪੱਖਤਾ ਦੇ ਆਦਰਸ਼ ਉੱਪਰ ਖੜ੍ਹੀ ਹੈ। ਇਸ ਲਈ ਬਦਲਾਓ ਦਾ ਕੋਈ ਵੀ ਵਿਚਾਰ ਸਾਂਝੀਵਾਲਤਾ ਤੋਂ ਪਾਸੇ ਰਹਿ ਕੇ ਪ੍ਰਵਾਨ ਚੜ੍ਹੇ, ਇਸ ਦੇ ਘੱਟ ਹੀ ਆਸਾਰ ਹਨ। ਬਹਿਸ ਵਾਲੇ ਇਸ ਟਕਰਾਅ ਦਾ ਹਿੱਸਾ ਬਣ ਰਹੇ ਅਤੇ ਬਹਿਸ ਤੋਂ ਪਾਸੇ ਖੜ੍ਹੇ ਮਨ ਇਤਿਹਾਸ ਦਾ ਵਿਸ਼ਲੇਸ਼ਣ ਕਰ ਰਹੇ ਹਨ। ਇਹ ਵਿਸ਼ਲੇਸ਼ਣ ਕੁਝ ਸਾਰਥਕ ਨਤੀਜਿਆਂ ਤਕ ਪਹੁੰਚਣ ਲਈ ਨੌਜਵਾਨਾਂ ਦਾ ਰਾਹ ਦਿਸੇਰਾ ਵੀ ਜ਼ਰੂਰ ਬਣੇਗਾ। ਪੰਜਾਬ ਬਾਰੇ ਬਣੇ-ਬਣਾਏ ਕੌਮੀ ਵਿਚਾਰਾਂ ਤੋਂ ਉਲਟ ਕਿਸਾਨੀ ਅੰਦੋਲਨ ਨੇ ਪੰਜਾਬੀ ਬੰਦੇ ਦੇ ਜੁਝਾਰੂਪਨ ਨੂੰ ਇਕ ਵਾਰ ਫਿਰ ਖੜ੍ਹਾ ਕੀਤਾ ਹੈ। ‘ਉੜਤਾ ਪੰਜਾਬ’ ਤੋਂ ‘ਲੜਦਾ ਪੰਜਾਬ’ ਤਕ ਦਾ ਸਫ਼ਰ ਪੰਜਾਬ ਦੇ ਕਿਸਾਨੀ ਅੰਦੋਲਨ ਦੀ ਵੱਡੀ ਪ੍ਰਾਪਤੀ ਕਹੀ ਜਾਵੇਗੀ। ਜੇ ਨੌਜਵਾਨਾਂ ਦੀ ਸੋਚ ਨੂੰ ਘੜਨ ਵਾਲੇ ਸਾਰੇ ਪੱਖ ਫ਼ਿਲਮਾਂ, ਗਾਇਕੀ, ਸ਼ਾਇਰੀ, ਨਾਅਰੇ ਸਭ ਬਦਲੇ ਹੋਰ ਦਿਸਦੇ ਹਨ ਤਾਂ ਜ਼ਾਹਿਰ ਹੈ, ਜਵਾਨ ਮਨਾਂ ਵਿਚ ਵੀ ਬਦਲਾਓ ਰਿੜਕਿਆ ਜਾ ਰਿਹਾ ਹੈ। ਇਸ ਦੇ ਨਤੀਜੇ ਭਾਵੇਂ ਦੇਰ ਬਾਅਦ ਸਾਹਮਣੇ ਆਉਣ ਪਰ ਇਹ ਸੰਘਰਸ਼ ਬੇਸਿੱਟਾ ਨਹੀਂ ਹੋਵੇਗਾ। ਨੌਜਵਾਨੀ ਲਈ ਤਾਂ ਹਰਗਿਜ਼ ਨਹੀਂ।

ਸੰਪਰਕ : 94654-64502

ਧਰਤੀ ਦੀ ਕਥਾ-ਪੈੜ - ਜਗਵਿੰਦਰ ਜੋਧਾ

ਗੁਰਬਚਨ ਸਿੰਘ ਭੁੱਲਰ ਪੰਜਾਬੀ ਜ਼ਬਾਨ ਦੀ ਰਚਨਾਕਾਰੀ ਦਾ ਇਕ ਦੌਰ ਹੈ। ਉਸ ਨੇ ਇਕ ਤਵੀਲ ਅਰਸਾ ਪੰਜਾਬੀ ਦੀਆਂ ਬਹੁਤੀਆਂ ਸਿਨਫਾਂ ਵਿਚ ਲਿਖਿਆ ਹੈ। ਇਸ ਵਿਚ ਗਲਪ ਤੇ ਗਦ ਦੀ ਰਚਨਾ ਦੇ ਸਾਰੇ ਰੂਪ ਸ਼ੁਮਾਰ ਹਨ। ਇਹ ਦਾਨਿਸ਼ਵਰ ਅਜੇ ਵੀ ਨਿਰੰਤਰ ਲਿਖਣ ਰਾਹੀਂ ਨਵੀਆਂ ਪੀੜ੍ਹੀਆਂ ਨਾਲ ਵਰ ਮੇਚ ਰਿਹਾ ਹੈ। ਕੁਝ ਸਾਲ ਪਹਿਲਾਂ ਛਪ ਕੇ ਆਇਆ ਵੱਡ-ਆਕਾਰੀ ਨਾਵਲ ਤੇ ਪਿਛਲੇ ਦਿਨੀਂ ਛਪੀਆਂ ਵਾਰਤਕ ਕਿਤਾਬਾਂ ਇਸ ਕਥਨ ਦੇ ਪ੍ਰਮਾਣ ਹਨ। ਉਸ ਦੀ ਹਰ ਲਿਖਤ ਵਿਚ ਪੰਜਾਬੀ ਮਨੁੱਖ ਤੇ ਪੰਜਾਬੀਅਤ ਦੀ ਹੋਂਦ ਤੇ ਹੋਣੀ ਦੇ ਮਸਲੇ ਦਰਪੇਸ਼ ਰਹੇ ਹਨ। ਗੁਰਬਚਨ ਸਿੰਘ ਭੁੱਲਰ ਨੇ ਕਈ ਦਹਾਕੇ ਪੰਜਾਬੀ ਕਹਾਣੀ ਲਿਖੀ ਤੇ ਏਨੀ ਸ਼ਿੱਦਤ ਨਾਲ ਲਿਖੀ ਕਿ ਹੁਣ ਉਸ ਦਾ ਨਾਮ ਲਿਆਂ ਹੀ ਪੰਜਾਬੀ ਕਹਾਣੀ ਦਾ ਇਕ ਦੌਰ ਸਾਕਾਰ ਹੋ ਜਾਂਦਾ ਹੈ। ਗੁਰਬਚਨ ਸਿੰਘ ਭੁੱਲਰ ਨੇ ਆਸਮਾਨ ਦੀ ਥਾਂ ਧਰਤੀ ਉੱਪਰ ਕਥਾ ਪੈੜ ਪਾਈ। ਉਸ ਦੀ ਕਹਾਣੀ ਨੇ ਲਿੱਬੜਿਆਂ, ਲਿਤਾੜਿਆਂ ਤੇ ਜਿਊਣ ਦੇ ਮੌਕਿਆਂ ਲਈ ਜੂਝਦੇ ਲੋਕਾਂ ਨੂੰ ਆਪਣੇ ਪਾਤਰ ਬਣਾਇਆ। ਉਸ ਦੇ ਪਾਤਰ ਤੇ ਪਾਤਰਾਂ ਦਾ ਵਿਹਾਰ ਵੀ ਵੱਖਰੀ ਤਰ੍ਹਾਂ ਦਾ ਹੈ, ਬੁਰੇ ਤੋਂ ਬੁਰੇ ਹਾਲਾਤ ਵਿਚ ਵੀ ਜਿਊਣ ਦੇ ਜਜ਼ਬੇ ਨਾਲ ਦਗਣ ਤੇ ਮਘਣ ਵਾਲਾ।
      ਆਪਣੀ ਲੇਖਣੀ ਦੇ ਪੰਧ ਬਾਰੇ ਗੁਰਬਚਨ ਸਿੰਘ ਭੁੱਲਰ ਨੇ ਆਪਣੇ ਸਵੈ-ਕਥਨ 'ਮੈਂ ਕੋਈ ਗੋਰਕੀ ਨਹੀਂ' ਵਿਚ ਦੱਸਿਆ ਕਿ ਕਵਿਤਾ ਨਾਲ ਉਸ ਦੀ ਸਿਰਜਣਾ ਦਾ ਆਰੰਭ ਹੋਇਆ। ਬਾਅਦ ਵਿਚ ਜਦੋਂ ਮਹਿਸੂਸ ਹੋਇਆ ਕਿ ਕੁਝ ਗੱਲਾਂ ਕਵਿਤਾ ਦੀ ਸਮਰੱਥਾ ਤੋਂ ਬਾਹਰ ਰਹਿ ਜਾਂਦੀਆਂ ਹਨ ਤਾਂ ਉਹ ਕਹਾਣੀ ਵੱਲ ਮੁੜਿਆ। ਇਹ 1960 ਤੋਂ ਪਹਿਲਾਂ ਦੀਆਂ ਗੱਲਾਂ ਹਨ। ਉਸ ਦੀ ਕਲਮਕਾਰੀ ਦਾ ਸਫ਼ਰ ਛੇ ਦਹਾਕਿਆਂ ਤੋਂ ਲੰਮੇਰਾ ਹੈ। ਇਹ ਸਫ਼ਰ ਅੱਜ ਵੀ ਬੇਰੋਕ ਜਾਰੀ ਹੈ। ਪੰਜਾਬੀ ਦੇ ਬਹੁਤ ਸਾਰੇ ਸਮੀਖਿਅਕਾਂ ਨੇ ਉਸ ਦੀ ਰਚਨਾਕਾਰੀ ਬਾਰੇ ਲਿਖਿਆ ਹੈ। ਸਾਹਿਤ ਅਕਾਦਮੀ ਪੁਰਸਕਾਰ ਸਮੇਤ ਕਈ ਇਨਾਮ ਉਨ੍ਹਾਂ ਦੇ ਨਾਮ ਦਰਜ ਹਨ। ਏਨੇ ਕੁਝ ਦੇ ਬਾਵਜੂਦ ਆਪਣੇ ਆਸ-ਪਾਸ ਨੂੰ ਜਾਣਨ ਤੇ ਉਸ ਨੂੰ ਸ਼ਬਦਾਂ ਵਿਚ ਢਾਲਣ ਦੀ ਉਸ ਦੀ ਚਾਹ ਪਹਿਲਾਂ ਜਿੰਨੀ ਹੀ ਤੀਬਰ ਹੈ। ਅਮਰੀਕਾ ਬਾਰੇ ਉਸ ਦੇ ਸਫ਼ਰਨਾਮੇ ਦੀ ਪੇਸ਼ਕਾਰੀ ਉੱਥੋਂ ਦੇ ਪਰਵਾਸੀ ਜੀਵਨ ਦੀ ਦਿੱਖ ਦੇ ਵਰਣਨ ਤੋਂ ਅਗਾਂਹ ਜਾ ਕੇ ਅਣਦਿਸਦੇ ਤੱਥਾਂ ਤਕ ਪੁੱਜਦੀ ਹੈ। ਇਸ ਨਾਲ ਪਰਵਾਸੀਆਂ ਦੀ ਹੋਂਦ ਦੇ ਸਭਿਆਚਾਰਕ ਅਤੇ ਪਛਾਣ ਦੇ ਸੰਕਟ ਪੰਜਾਬੀ ਅਤੇ ਵਿਦੇਸ਼ੀ ਸਭਿਆਚਾਰ ਦੇ ਟਕਰਾਵੇਂ ਸਬੰਧਾਂ ਸਮੇਤ ਉਜਾਗਰ ਹੁੰਦੇ ਹਨ। ਆਪਣੇ ਸਮਕਾਲੀਆਂ ਦੇ ਸ਼ਬਦ-ਚਿੱਤਰ ਲਿਖਦਿਆਂ ਉਹ ਉਨ੍ਹਾਂ ਦੀ ਲੇਖਣੀ ਤੇ ਜ਼ਿੰਦਗੀ ਦੇ ਤੱਥਾਂ ਨੂੰ ਗੁੰਨ੍ਹ ਲੈਂਦਾ ਹੈ। ਏਥੇ ਲੇਖਕ ਦੇ ਨਿੱਜੀ ਵੇਰਵਿਆਂ ਰਾਹੀਂ ਪਾਠਕੀ ਭੁਸ ਪੂਰਤੀ ਦੀ ਜਗ੍ਹਾ ਲਿਖਤਾਂ ਪਿੱਛੇ ਕਾਰਜਸ਼ੀਲ ਵਿਰੋਧਤਾਵਾਂ ਸਾਹਮਣੇ ਆਉਂਦੀਆਂ ਹਨ।
       ਪੰਜਾਬੀ ਸਮੀਖਿਆ ਮੂਲ ਰੂਪ ਵਿਚ ਆਪਣੇ ਅਕਾਦਮਿਕ ਉਦੇਸ਼ ਨਾਲ ਜੁੜੀ ਰਹੀ ਹੈ। ਆਰੰਭ ਦੀ ਪੰਜਾਬੀ ਸਮੀਖਿਆ ਦਾ ਇਕ ਪ੍ਰਯੋਜਨ ਸਾਹਿਤਕ ਕਿਰਤਾਂ ਨੂੰ ਉਨ੍ਹਾਂ ਦੇ ਸਹੀ ਇਤਿਹਾਸਕ ਕ੍ਰਮ ਵਿਚ ਟਿਕਾਉਣਾ ਵੀ ਸੀ। ਉਹੀ ਕਿਰਿਆ ਬਾਅਦ ਦੇ ਸਮੀਖਿਆ ਕਾਰਜ ਦੀ ਪੱਕ ਚੁੱਕੀ ਆਦਤ ਵਾਂਗ ਕਦੇ ਖਾਰਜ ਨਹੀਂ ਹੋਈ। ਸੌਖ-ਪਸੰਦੀ ਲਈ ਲੇਖਕ ਨੂੰ ਇਕ ਸਥਿਰ ਇਤਿਹਾਸਕ ਬਿੰਦੂ 'ਤੇ ਟਿਕਾ ਕੇ ਦੇਖਣਾ ਤੇ ਸਾਹਿਤਕ ਧਾਰਾ ਨੂੰ ਪੀੜ੍ਹੀਆਂ ਤੇ ਪ੍ਰਵਿਰਤੀਆਂ ਵਿਚ ਵੰਡ ਲੈਣਾ ਪ੍ਰਚੱਲਿਤ ਸਮੀਖਿਅਕ ਵਿਹਾਰ ਹੈ। ਇਸ ਤਰ੍ਹਾਂ ਉਨ੍ਹਾਂ ਲੇਖਕਾਂ ਨਾਲ ਧੱਕਾ ਹੋ ਜਾਂਦਾ ਹੈ ਜੋ ਆਲੋਚਨਾ ਦੇ ਰੁਝਾਨਾਂ ਤੇ ਪ੍ਰਵਿਰਤੀਆਂ ਤੋਂ ਬਾਹਰ ਰਹਿ ਜਾਂਦੇ ਹਨ ਜਾਂ ਕਈ ਪੀੜ੍ਹੀਆਂ ਦੇ ਸਮਾਨਾਂਤਰ ਲਿਖਣ ਕਾਰਜ ਕਰਦੇ ਰਹਿੰਦੇ ਹਨ। ਗੁਰਬਚਨ ਸਿੰਘ ਭੁੱਲਰ ਨਾਲ ਵੀ ਇਹੀ ਹੋਇਆ ਹੈ। ਜਦੋਂ ਉਸ ਦੀ ਕਥਾ-ਸੰਵੇਦਨਾ ਵਿਗਸ ਰਹੀ ਸੀ ਉਦੋਂ ਪ੍ਰਗਤੀਵਾਦ ਦਾ ਦੌਰ ਸੀ। ਸਾਹਿਤ ਦੇ ਰਾਜਸੀ ਪੱਖ ਉੱਪਰ ਵਧੇਰੇ ਜ਼ੋਰ ਦੇ ਕੇ ਜਮਾਤੀ ਟਕਰਾਵਾਂ ਦੇ ਸਿਧਾਂਤ ਅਨੁਸਾਰ ਲਿਖਣਾ ਫੈਸ਼ਨ ਵਾਂਗ ਸੀ। ਗੁਰਬਚਨ ਸਿੰਘ ਭੁੱਲਰ ਨੇ ਉਸ ਦੌਰ ਵਿਚ ਵੀ ਆਪਣਾ ਪੂਰਾ ਧਿਆਨ ਜ਼ਿੰਦਗੀ ਦੀ ਰੌਂਅ ਵੱਲ ਰੱਖਿਆ ਤੇ ਮਿੱਥ ਕੇ ਘਟਨਾਵਾਂ ਦੀ ਚੋਣ ਜਾਂ ਪਾਤਰਾਂ ਦੇ ਵਿਹਾਰ ਵੱਲ ਨਹੀਂ ਕੀਤਾ। ਇਸੇ ਵੱਖਰਤਾ ਨੇ ਉਸ ਦੀਆਂ ਕਹਾਣੀਆਂ ਨੂੰ ਬਣੇ-ਬਣਾਏ ਸਾਂਚਿਆਂ ਵਿਚ ਪੂਰੀਆਂ ਨਹੀਂ ਆਉਣ ਦਿੱਤਾ। ਉਸ ਦੀਆਂ ਕਹਾਣੀਆਂ ਵਿਚ ਧੜਕਦਾ ਮਨੁੱਖੀ ਬਿੰਬ ਪੇਸ਼ ਹੁੰਦਾ ਹੈ। ਇਹ ਬਿੰਬ ਆਸ-ਪਾਸ ਦੀ ਜ਼ਿੰਦਗੀ ਵਿਚ ਮੌਜੂਦ ਮਨੁੱਖ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਸਮੇਤ ਹਸਤੀ ਤੇ ਹੋਣੀ ਦੀ ਤਲਾਸ਼ ਨਾਲ ਜੁੜਿਆ ਹੈ।
        ਗੁਰਬਚਨ ਸਿੰਘ ਭੁੱਲਰ ਨੇ ਪੇਂਡੂ ਸਮਾਜ ਦੇ ਜਿਨ੍ਹਾਂ ਵਿਸ਼ਿਆਂ ਬਾਰੇ ਕਹਾਣੀਆਂ ਲਿਖੀਆਂ ਉਹ ਪੰਜਾਬੀ ਸਾਹਿਤ ਲਈ ਓਪਰੇ ਨਹੀਂ ਸਨ। ਪੰਜਾਬੀ ਦੇ ਪਾਠਕ ਜਗਤ ਨੇ ਲੰਮਾਂ ਸਮਾਂ ਪੇਂਡੂ ਕਿਸਾਨੀ ਜੀਵਨ ਦੀਆਂ ਵਿਸੰਗਤੀਆਂ ਦੀ ਪੇਸ਼ਕਾਰੀ ਕਰਦੇ ਗਲਪ ਸਾਹਿਤ ਨੂੰ ਪਹਿਲਾ ਪਿਆਰ ਬਣਾਈ ਰੱਖਿਆ। ਗੁਰਬਚਨ ਸਿੰਘ ਭੁੱਲਰ ਦੀ ਪੇਂਡੂ ਜੀਵਨ ਨਾਲ ਸਬੰਧਿਤ ਕਹਾਣੀ ਵਿਚ ਵੀ ਅਜਿਹੇ ਵਿਸ਼ਿਆਂ ਦੀ ਭਰਮਾਰ ਹੈ। ਕਿਸਾਨੀ ਸਮਾਜ ਦੇ ਜ਼ਮੀਨ, ਔਰਤ ਅਤੇ ਗੈਰਤ ਦੇ ਸਰੋਕਾਰ ਉਸ ਦੀ ਕਥਾਕਾਰੀ ਵਿਚ ਭਰਵੇਂ ਰੂਪ ਵਿਚ ਪੇਸ਼ ਹੋਏ, ਪਰ ਇਨ੍ਹਾਂ ਕਹਾਣੀਆਂ ਦਾ ਖਾਸਾ ਕਿਸਾਨੀ ਸਮਾਜ ਦੀ ਕਹਾਣੀ ਨਾਲੋਂ ਵੱਖਰਾ ਦਿਸਦਾ ਹੈ। ਮੁੱਢਲਾ ਫਰਕ ਉਸ ਦੀ ਕਹਾਣੀ ਦਾ ਬਿਰਤਾਂਤਕ ਅੰਦਾਜ਼ ਹੈ। ਇਹ ਅੰਦਾਜ਼ ਪੰਜਾਬੀ ਸਭਿਆਚਾਰ ਵਿਚ ਪਈ ਕਥਾ-ਵਾਚਨ ਪਰੰਪਰਾ ਦੇ ਨੇੜੇ-ਤੇੜੇ ਹੈ। ਇਸ ਵਿਚ ਬਿਰਤਾਂਤ ਪੱਖੋਂ ਤਜ਼ਰਬੇ ਕਰਕੇ ਕਹਾਣੀ ਨੂੰ ਆਧੁਨਿਕ ਵਿਧਾ ਸਿੱਧ ਕਰਨ ਦੀ ਉਚੇਚ ਨਹੀਂ ਸਗੋਂ ਕਹਾਣੀ ਕਹਿਣ ਤੇ ਸੁਣਨ ਦੀਆਂ ਸਭਿਆਚਾਰਕ ਰੂੜੀਆਂ ਭਾਰੂ ਹਨ। ਪੰਜਾਬੀ ਦੀ ਲੋਕ ਕਥਾ ਕੰਨ-ਰਸ ਲਈ ਪਹੇਲੀਆਂ, ਅੜਾਉਣੀਆਂ, ਰਹੱਸ-ਉਦਘਾਟਨ ਆਦਿ ਵਿਧੀਆਂ ਦੀ ਧਾਰਨੀ ਸੀ। ਵਿਰਕ ਦੀ ਕਹਾਣੀ ਦੇ ਅੰਤ 'ਤੇ ਅਰਥਾਂ ਦਾ ਵਿਸਫੋਟ ਵੀ ਇਸੇ ਪਰੰਪਰਾ ਦਾ ਇਕ ਪਸਾਰ ਸੀ। ਭੁੱਲਰ ਦੀ ਕਹਾਣੀ ਦਾ ਸਰੋਤਾ ਨਿਸ਼ਕ੍ਰਿਆ ਨਹੀਂ ਰਹਿ ਸਕਦਾ ਸਗੋਂ ਉਹ ਆਪ ਸਾਰੇ ਵਰਤਾਰੇ ਦਾ ਸਾਖੀ ਬਣਦਾ ਹੈ। ਬਿਰਤਾਂਤਕਾਰੀ ਦੀ ਇਹ ਜੀਵੰਤਤਾ ਲੁਕ ਛਿਪ ਕੇ ਕੀਤੀ ਮੁਹੱਬਤ ਦੇ ਵੇਰਵਿਆਂ ਤੋਂ ਲੈ ਕੇ ਸ਼ਰੇਆਮ ਨਫ਼ਰਤ ਦੇ ਪ੍ਰਗਟਾਵੇ ਤਕ ਅਤੇ ਪਤੀ-ਪਤਨੀ ਦੇ ਵਾਰਤਾਲਾਪ ਤੋਂ ਲੈ ਕੇ ਪੰਚਾਇਤ ਦੇ ਫ਼ੈਸਲੇ ਦੇ ਵੇਰਵਿਆਂ ਤਕ ਇਕਸਾਰ ਫੈਲੀ ਹੋਈ ਹੈ। ਲੋਕਮਨ ਦੀ ਅਜਿਹੀ ਸਜੀਵ ਅੱਕਾਸੀ ਭੁੱਲਰ ਦੀ ਕਥਾ ਸੰਵੇਦਨਾ ਨੂੰ ਵਧੇਰੇ ਤਰਲਤਾ ਪ੍ਰਦਾਨ ਕਰਦੀ ਹੈ। ਪੰਜਾਬੀ ਦੀਆਂ ਬਹੁਤੀਆਂ ਕਹਾਣੀਆਂ ਬਹੁਤ ਸਹਿਜਤਾ ਨਾਲ ਮਰਦਵਾਚੀ ਪ੍ਰਵਚਨ ਵਿਚ ਵਟ ਜਾਂਦੀਆਂ ਹਨ। ਸਮਾਜਿਕ ਅਵਚੇਤਨ ਵਿਚ ਔਰਤ ਦੀ ਦੂਜੈਲੀ ਥਾਂ ਬਿਰਤਾਂਤਕ ਵੇਰਵਿਆਂ ਵਿਚ ਉਸ ਲਈ ਸਪੇਸ ਹੀ ਨਹੀਂ ਛੱਡਦੀ। ਭੁੱਲਰ ਦੇ ਸਮਕਾਲੀ ਵੱਡੇ ਨਾਵਾਂ ਦੀ ਕਹਾਣੀ ਇਸ ਦੋਸ਼ ਤੋਂ ਮੁਕਤ ਨਹੀਂ। ਪਰ ਗੁਰਬਚਨ ਭੁੱਲਰ ਦੀ ਬਿਰਤਾਂਤਕਾਰੀ ਇਸ ਅਵਚੇਤਨੀ ਗੁੰਝਲ ਨਾਲ ਸੁਚੇਤ ਤੌਰ 'ਤੇ ਖਹਿਬੜਦੀ ਹੈ। ਉਸ ਦੀ ਔਰਤ ਪਾਤਰ ਆਪਣੀ ਬੇਬਾਕੀ, ਸਿਦਕ, ਸ਼ਿੱਦਤ ਤੇ ਸਿਰੜ ਨਾਲ ਆਪਣੇ ਸਾਰੇ ਜਜ਼ਬਿਆਂ ਸਮੇਤ ਹਾਜ਼ਰ ਹੁੰਦੀ ਹੈ। ਇਹ ਪਾਤਰ ਔਰਤਾਂ ਮਰਦਾਂ ਦੀ ਦੁਨੀਆਂ ਤੇ ਮਰਦਾਂ ਲਈ ਬਣੀ ਭਾਸ਼ਾ ਵਿਚ ਆਪਣੀ ਜਗ੍ਹਾ ਲੱਭਣ ਲਈ ਸੰਘਰਸ਼ਸ਼ੀਲ ਹਨ। ਇਹ ਔਰਤਾਂ ਇਕ ਨਵੀਂ ਸਮਾਜਿਕ ਵਿਆਕਰਣ ਰਚਣ ਲਈ ਰਿਸ਼ਤਿਆਂ ਦੇ ਪ੍ਰਵਾਨਿਤ ਅਤੇ ਵਰਜਿਤ ਰੂਪ ਦੀ ਨਵੀਂ ਵਿਆਖਿਆ ਦੀਆਂ ਗਵਾਹ ਬਣਦੀਆਂ ਹਨ।
      ਗੁਰਬਚਨ ਭੁੱਲਰ ਦੇ ਕਥਾ ਸੰਸਾਰ ਦਾ ਆਰੰਭ ਪੇਂਡੂ ਜੀਵਨ ਨਾਲ ਬਾਵਸਤਾ ਕਹਾਣੀਆਂ ਤੋਂ ਹੋਇਆ। ਜਿਵੇਂ ਜਿਵੇਂ ਸ਼ਹਿਰੀ ਜੀਵਨ ਜਾਚ ਉਸ ਦੇ ਅਨੁਭਵ ਦਾ ਹਿੱਸਾ ਬਣੀ, ਉਸ ਨੇ ਸ਼ਹਿਰੀ ਜੀਵਨ ਬਾਰੇ ਵੀ ਕਹਾਣੀਆਂ ਲਿਖੀਆਂ। ਮੈਂ ਗਜ਼ਨਵੀ ਨਹੀਂ, ਰੋਹੀ-ਬੀਆਬਾਨ, ਪੱਥਰ ਦਾ ਬੁੱਤ ਅਤੇ ਹਰ ਮੁਟਿਆਰ ਸੁਨੀਤਾ ਹੈ ਇਸੇ ਤਰਜ਼-ਏ-ਜ਼ਿੰਦਗੀ ਦੀਆਂ ਕਹਾਣੀਆਂ ਹਨ। ਇਹ ਵੱਖਰੀ ਗੱਲ ਹੈ ਕਿ ਉਸ ਦੇ ਪਾਤਰ ਸ਼ਹਿਰੀ ਜ਼ਿੰਦਗੀ ਵਿਚ ਵੀ ਪੇਂਡੂ ਸਿਮਰਤੀਆਂ ਤੋਂ ਮੁਕਤ ਹੋਣ ਲਈ ਸੰਘਰਸ਼ ਵਿਚ ਦਿਸਦੇ ਹਨ। ਰੋਹੀ ਬੀਆਬਾਨ ਦਾ ਮੈਂ ਪਾਤਰ ਸ਼ਾਮੋ ਤਾਈ ਦੇ ਅਨੁਭਵਾਂ ਨੂੰ ਆਪਣੀਆਂ ਸਿਮਰਤੀਆਂ ਵਿਚ ਸਾਂਭੀ ਆਪਣੇ ਵਰਤਮਾਨ ਮਸਲੇ ਨਾਲ ਆਢਾ ਲੈ ਰਿਹਾ ਹੈ। ਇਹ ਦਰਅਸਲ ਸ਼ਹਿਰੀ ਬਣੀ ਪੰਜਾਬ ਦੀ ਪੇਂਡੂ ਜਮਾਤ ਦੇ ਦੋ ਸਭਿਆਚਾਰਾਂ ਵਿਚਾਲੇ ਲਟਕੇ ਹੋਣ ਦੇ ਦਵੰਦ ਦੀ ਕਥਾਕਾਰੀ ਹੈ। ਇਸੇ ਵਿਚੋਂ ਪੰਜਾਬੀ ਮੱਧਵਰਗ ਦਾ ਚਿਹਰਾ-ਮੁਹਰਾ ਨਿਖਰ ਕੇ ਸਾਹਮਣੇ ਆਉਂਦਾ ਹੈ।
ਪਿਛਲੀ ਸਦੀ ਵਿਚ ਪੰਜਾਬੀ ਸਮਾਜ ਗੰਭੀਰ ਸੰਕਟਾਂ ਦੇ ਸਨਮੁਖ ਹੋਇਆ। ਇਨ੍ਹਾਂ ਸੰਕਟਾਂ ਦੀ ਕਥਾਕਾਰੀ ਨੇ ਵੱਡੇ ਪਾਠਕ ਵਰਗ ਨੂੰ ਨਾ ਸਿਰਫ਼ ਆਪਣੇ ਨਾਲ ਜੋੜਿਆ ਸਗੋਂ ਅਜਿਹੇ ਮਸਲਿਆਂ ਦੀ ਕਹਾਣੀ ਦੇ ਸੁਹਜ ਪ੍ਰਤਿਮਾਨ ਵੀ ਨਿਰਧਾਰਤ ਕੀਤੇ। ਗੁਰਬਚਨ ਸਿੰਘ ਭੁੱਲਰ ਨੇ ਸੰਕਟ ਕਾਲ ਦੀਆਂ ਘਟਨਾਵਾਂ ਨੂੰ ਕਹਾਣੀ ਵਿਚ ਢਾਲਦਿਆਂ ਇਕਹਿਰੀ ਸੁਹਜ ਸੰਵੇਦਨਾ ਨੂੰ ਪਾਸੇ ਕਰ ਦਿੱਤਾ। ਉਸ ਦੇ ਪਾਤਰ ਇੱਕੋ ਸਮੇਂ ਬਾਹਰੀ ਤੇ ਅੰਦਰੂਨੀ ਸੰਕਟਾਂ ਨਾਲ ਜੂਝਦੇ ਹਨ। ਬਾਹਰੀ ਸੰਕਟਾਂ ਦੇ ਆਧਾਰ ਰਾਜਸੀ/ਸਮਾਜਿਕ-ਸਭਿਆਚਾਰਕ ਮਹਿਸੂਸ ਹੁੰਦੇ ਹਨ ਤੇ ਸਮਾਨਾਂਤਰ ਅੰਦਰੂਨੀ ਸੰਕਟਾਂ ਦਾ ਕਾਰਨ ਸੰਵੇਦਨਾ। ਪਾਠਕ ਪਾਤਰਾਂ ਦੀ ਸਥਿਤੀ ਨਾਲ ਵਧੇਰੇ ਅਪਣੱਤ ਨਾਲ ਜੁੜਦਾ ਹੈ। ਵਖਤਾਂ ਮਾਰੇ ਦਾ ਮੈਂ ਪਾਤਰ ਇਸ ਕਥਨ ਦਾ ਪ੍ਰਮਾਣ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਪਾਤਰਾਂ ਦੀ ਚੋਣ ਉਸ ਦੀ ਕਹਾਣੀਕਾਰੀ ਦੀ ਵਿਸ਼ੇਸ਼ਤਾ ਹੈ। ਇਹ ਵਿਚਾਰਧਾਰਾ ਘਟਨਾਵਾਂ ਜਾਂ ਪਾਤਰੀ ਵਿਹਾਰ ਦੀ ਚਿੱਟੀ-ਕਾਲ਼ੀ ਵੰਡ ਦੀ ਥਾਂ ਘਸਮੈਲੇ ਯਥਾਰਥ ਦੀ ਪੇਸ਼ਕਾਰੀ ਵਿਚੋਂ ਸਾਕਾਰ ਹੁੰਦੀ ਹੈ।
       ਗੁਰਬਚਨ ਭੁੱਲਰ ਨੇ ਪੰਜਾਬੀ ਮਨੁੱਖ ਨਾਲ ਜੁੜੀਆਂ ਮਿੱਥਾਂ ਦਾ ਭੰਜਨ ਆਪਣੀਆਂ ਕਹਾਣੀਆਂ ਵਿਚ ਬਾਖ਼ੂਬੀ ਕੀਤਾ। ਅਣਖ, ਗੈਰਤ, ਬਹਾਦਰੀ, ਬੁਜ਼ਦਿਲੀ, ਜ਼ੁਲਮ ਤੇ ਕਰੁਣਾ ਦੇ ਭਾਵ ਉਸ ਦੇ ਪਾਤਰਾਂ ਦੀ ਉਸਾਰੀ ਵਿਚ ਏਨੇ ਰਲਗੱਡ ਹਨ ਕਿ ਇਨ੍ਹਾਂ ਨੂੰ ਅੱਡ ਕਰਕੇ ਵੇਖਿਆ ਨਹੀਂ ਜਾ ਸਕਦਾ। ਸ਼ਾਇਦ ਹੀ ਕੋਈ ਪੇਂਡੂ ਪੰਜਾਬੀ ਹੋਵੇ ਜਿਸ ਨੇ ਖੂਨ ਕਹਾਣੀ ਦਾ ਕਰਤਾਰਾ ਆਪਣੇ ਆਲੇ-ਦੁਆਲੇ ਨਾ ਵੇਖਿਆ ਹੋਵੇ; ਆਲੇ-ਦੁਆਲੇ ਕਿਉਂ ਆਪਣੇ ਅੰਦਰ ਹੀ ਨਾ ਮਹਿਸੂਸਿਆ ਹੋਵੇ।
       ਕੁਝ ਸਾਲ ਪਹਿਲਾਂ ਗੁਰਬਚਨ ਭੁੱਲਰ ਹੁਰਾਂ ਦਾ ਨਾਵਲ 'ਇਹੁ ਜਨਮ ਤੁਮਹਾਰੇ ਲੇਖੇ' ਛਪ ਕੇ ਆਇਆ। ਇਸ ਨਾਵਲ ਨੇ ਪੰਜਾਬੀ ਸਾਹਿਤਕ ਹਲਕਿਆਂ ਵਿਚ ਗੰਭੀਰ ਵਿਵਾਦ/ਸੰਵਾਦ ਛੇੜਿਆ। ਪੰਜਾਬੀ ਦੀ ਇਕ ਵੱਡੀ ਸਾਹਿਤਕ ਹਸਤੀ ਦੇ ਜੀਵਨ ਬਾਰੇ ਬਣੇ ਸ਼ਰਧਾਭਾਵੀ ਬਿੰਬ ਨੂੰ ਉਲਟਾ ਕੇ ਭੁੱਲਰ ਨੇ ਉਸ ਦੀਆਂ ਲਾਲਸਾਵਾਂ ਦੀ ਬਲੀ ਚੜ੍ਹੇ ਉਸ ਦੇ ਪਤੀ ਬਾਰੇ ਵੇਰਵਿਆਂ ਨੂੰ ਨਾਵਲੀ ਵਸਤੂ ਬਣਾਇਆ। ਅਜਿਹਾ ਕਰਦਿਆਂ ਇਕ ਮਰਦ ਲੇਖਕ ਦੀ ਖਿਝ ਸਿਖਰ ਤੋਂ ਪ੍ਰਗਟ ਹੋਈ ਕਿ ਹੁਣ ਤਕ ਦੇ ਸਮਾਜਿਕ ਇਤਿਹਾਸ ਵਿਚ ਮਰਦਾਵੀਂ ਲਾਲਸਾ ਦੀ ਬਲੀ ਚੜ੍ਹੀਆਂ ਅਣਗਿਣਤ ਔਰਤਾਂ ਨੂੰ ਨਿਆਂਸ਼ੀਲ ਬਣਾਉਣ ਵਾਲੀ ਲੱਗੀ। ਪਰ ਇਸ ਨਾਵਲ ਦੀ ਪੜ੍ਹਤ ਵਿਚ ਇਕ ਅਹਿਮ ਪਸਾਰ ਵੀ ਸੀ। ਸੱਤਾ ਦੇ ਪਾਰ-ਲਿੰਗਕ ਖਾਸੇ ਬਾਰੇ ਨਾਵਲ ਨੇ ਨਵੀਂ ਤਰ੍ਹਾਂ ਸੋਚਣ ਦਾ ਮੌਕਾ ਦਿੱਤਾ। ਮਰਦ ਦੀ ਸੱਤਾ ਜਾਂ ਲੇਖਕੀ ਮੱਠਾਂ ਦੀ ਸੱਤਾ ਦੇ ਵਿਰੋਧ ਵਿਚ ਜੂਝਦੀ ਉਸ ਨਾਵਲ ਦੀ ਮੁੱਖ ਪਾਤਰ ਆਪਣੇ ਆਪ ਨੂੰ ਮਰਦ ਬਣਾ ਕੇ ਸਾਹਿਤਕ ਮੱਠ ਸਥਾਪਿਤ ਕਰਦੀ ਹੈ। ਇਹ ਸੱਤਾ ਭੋਗ ਨਾਰੀ ਸਸ਼ਕਤੀਕਰਨ ਬਾਰੇ ਇਕਹਿਰੀਆਂ ਸਥਾਪਨਾਵਾਂ ਸਬੰਧੀ ਦੁਬਾਰਾ ਸੋਚਣ ਲਈ ਮਜਬੂਰ ਕਰਦਾ ਹੈ।
      ਗੁਰਬਚਨ ਸਿੰਘ ਭੁੱਲਰ ਵੱਖਰੇ ਮੁਹਾਂਦਰੇ ਤੇ ਮੁਹਾਵਰੇ ਵਾਲਾ ਕਹਾਣੀਕਾਰ ਰਿਹਾ ਹੈ। ਉਸ ਤੋਂ ਅਗਲੀਆਂ ਪੀੜ੍ਹੀਆਂ ਦੇ ਕਹਾਣੀਕਾਰਾਂ ਨੂੰ ਸਮੀਖਿਆ ਕਰਨ ਵਾਲਿਆਂ ਨੇ ਦੋ ਧਾਰਾਵਾਂ ਨਾਲ ਸਬੰਧਿਤ ਆਖਿਆ। ਖ਼ੁਦ ਅਗਲੇਰੇ ਕਹਾਣੀਕਾਰ ਵੀ ਇਨ੍ਹਾਂ ਦੋਵਾਂ ਧਾਰਾਵਾਂ ਨਾਲ ਸਬੰਧਿਤ ਹੋ ਕੇ ਖ਼ੁਸ਼ ਸਨ। ਕਿਸੇ ਵੀ ਕਹਾਣੀਕਾਰ ਨੂੰ ਗੁਰਬਚਨ ਸਿੰਘ ਭੁੱਲਰ ਵਰਗਾ ਨਹੀਂ ਕਿਹਾ ਗਿਆ, ਨਾ ਹੀ ਕਿਸੇ ਨੇ ਆਪਣੇ ਆਪ ਨੂੰ ਭੁੱਲਰ ਵਰਗਾ ਕਹਾਣੀਕਾਰ ਮੰਨਿਆ ਕਿਉਂਕਿ ਉਸ ਵਰਗਾ ਹੋਣਾ ਬੇਹੱਦ ਮੁਸ਼ਕਿਲ ਹੈ। ਉਸ ਨੇ ਮੱਠਵਾਦ ਖ਼ਿਲਾਫ਼ ਬੋਲਿਆ ਤੇ ਲਿਖਿਆ। ਸਾਹਿਤ ਦੇ ਮਾੜੇ ਵਰਤਾਰਿਆਂ ਬਾਰੇ ਉਹ ਆਪਣਾ ਵਿਰੋਧ ਦਰਜ ਕਰਵਾਉਂਦਾ ਰਹਿੰਦਾ ਹੈ। ਉਸ ਦੀ ਰਚਨਾਕਾਰੀ ਧਰਤੀ ਉੱਪਰ ਉੱਕਰੀ ਉਹ ਕਥਾ ਪੈੜ ਹੈ ਜੋ ਸਮਾਂ ਬੀਤਣ ਨਾਲ ਹੋਰ ਪਕੇਰੀ ਤੇ ਗਹਿਰੀ ਹੁੰਦੀ ਜਾਵੇਗੀ।
ਸੰਪਰਕ : 94654-64502