ਚਲੋ ਭਰਾਵੋ ਆਪਾਂ ਲੜੀਏ, ਜਾਨਵਰਾਂ ਦੇ ਮਸਲੇ 'ਤੇ - ਜਸਵਿੰਦਰ 'ਜਲੰਧਰੀ'
ਚਲੋ ਭਰਾਵੋ ਆਪਾਂ ਲੜੀਏ, ਜਾਨਵਰਾਂ ਦੇ ਮਸਲੇ 'ਤੇ,
ਸਾਹਾਂ ਦਾ ਕੀ? ਸਾਹ ਵਿਚਾਰੇ, ਆਉਂਦੇ ਜਾਂਦੇ ਰਹਿੰਦੇ ਨੇ।
ਜ਼ਹਿਰ ਫੱਕ ਕੇ ਜ਼ਹਿਰ ਉਗਲੀਏ, ਜ਼ਹਿਰ ਘੋਲੀਏ ਵਿੱਚ ਹਵਾ,
ਬੱਧੀਜੀਵੀ,ਗਿਆਨੀ ਧਿਆਨੀ, ਬੁੜ-ਬੁੜਾਉਂਦੇ ਰਹਿੰਦੇ ਨੇ।
ਤਾਜ ਬਣਾਇਆ ਕਿਸ ਬੰਦੇ ਨੇ, ਇਹ ਚਰਚਾ 'ਗੰਭੀਰ' ਬੜੀ,
ਕੱਚੇ ਕੋਠੇ ਨਾਲ਼ ਹੜ੍ਹਾਂ ਦੇ, ਵਹਿੰਦੇ ਢਹਿੰਦੇ ਰਹਿੰਦੇ ਨੇ।
ਚਲੋ ਫੂਕੀਏ,ਅੱਗਾਂ ਲਾਈਏ,ਨਾੜੀ ਕਦੇ ਪਰਾਲ਼ੀ ਨੂੰ,
ਨਾਲ ਧੂੰਏਂ ਦੇ ਕੋਈ ਨਾ ਮਰਦਾ, ਐਂਵੇਂ ਕਹਿੰਦੇ ਰਹਿੰਦੇ ਨੇ।
ਪੀੜ ਪਰਾਈ ਕੀ ਕਰਨੀ ਏ, ਗਰਜਾਂ ਵੱਡੀਆਂ ਫ਼ਰਜਾਂ ਤੋਂ,
ਕਰਜੇ ਦਾ ਕੀ ਸਿਰ ਮਜ਼ਲੂਮਾਂ ,ਚੜ੍ਹਦੇ ਲਹਿੰਦੇ ਰਹਿੰਦੇ ਨੇ।
ਸਿੱਖ ਲਿਆ ਹੈ ਦਾਬੇ ਪਾਉਣਾ,ਰੋਅਬ ਝਾੜਨਾ ਲੋਕਾਂ 'ਤੇ,
ਸਾਡੇ ਮੁੰਡੇ ਨਾਲ ਲੀਡਰਾਂ ਉੱਠਦੇ ਬਹਿੰਦੇ ਰਹਿੰਦੇ ਨੇ।
ਜਸਵਿੰਦਰ 'ਜਲੰਧਰੀ'
98768-07218
12 Jan. 2019
ਪਲਾਂ ਵਿੱਚ ਸਦੀ ਦਾ ਹਿਸਾਬ ਕਰ ਲੈਂਦੇ ਹਾਂ - ਜਸਵਿੰਦਰ 'ਜਲੰਧਰੀ'
ਪਲਾਂ ਵਿੱਚ ਸਦੀ ਦਾ ਹਿਸਾਬ ਕਰ ਲੈਂਦੇ ਹਾਂ,
ਦੁੱਖ ਦੇਣੀ ਯਾਦ ਨੂੰ ਵੀ ਯਾਦ ਕਰ ਲੈਂਦੇ ਹਾਂ।
ਸੁੰਨੇ-ਸੁੰਨੇ ਰਾਹਾਂ ਵਿੱਚ ਨਜ਼ਰਾਂ ਦਾ ਪਹਿਰਾ ਦੇ,
ਆਪਣੀਆਂ ਨੀਂਦਰਾਂ ਖ਼ਰਾਬ ਕਰ ਲੈਂਦੇ ਹਾਂ।
ਪਤਾ ਵੀ ਏ ਮੜ੍ਹੀਏ ਮਸਾਣੋਂ ਨਾ ਕੋਈ ਮੁੜਦਾ,
ਐਂਵੇਂ ਬੱਸ ਸਜਦਾ- ਸਲਾਮ ਕਰ ਲੈਂਦੇ ਹਾਂ।
ਜਾਣਦੇ ਹਾਂ ਨਾਨਕਾ ਸਿਆਣੀ ਹੋ ਗੀ ਦੁਨੀਆ,
ਪੱਟਾਂ ਉੱਤੇ ਬੇਸੁਰੀ ਰਬਾਬ ਧਰ ਲੈਂਦੇ ਹਾਂ।
ਅੱਧੀਆਂ ਅਧੂ੍ਰਰੀਆਂ ਨਾ ਹੋਈਆਂ ਕਦੇ ਪੂਰੀਆਂ,
ਸੱਧਰਾਂ ਦਾ ਕੱਲਿਆਂ ਸ਼ਰਾਧ ਕਰ ਲੈਂਦੇ ਹਾਂ।
ਸੋਹਣੀ ਦੇ ਖ਼ਿਆਲਾਂ ਦਾ ਦੀਦਾਰ ਲੈਣ ਵਾਸਤੇ,
ਰਾਵੀ ਤੇ ਬਿਆਸ ਨੂੰ ਚਨਾਬ ਕਰ ਲੈਂਦੇ ਹਾਂ।
ਜਸਵਿੰਦਰ 'ਜਲੰਧਰੀ'
98768-07218