Kulbir-Singh-Sidhu

"ਦਸੰਬਰ ਮਹੀਨੇ ਦਾ ਸਿੱਖ ਇਤਿਹਾਸ - ਅਸੀਂ ਕਿਤੇ ਭੁੱਲ ਨਾ ਜਾਈਏ" - ਕੁਲਬੀਰ ਸਿੰਘ ਸਿੱਧੂ

ਸਾਡੇ ਕੋਲ ਕੌਮੀ ਵਿਰਾਸਤ ਵਜੋਂ ਹੈਰੀਟੇਜ, ਇਤਿਹਾਸ ਅਤੇ ਸਭਿਆਚਾਰ ਦਾ ਸਭ ਤੋਂ ਅਮੀਰ ਵਿਰਸਾ ਹੈ ।  ਸਾਡੇ ਮਹਾਨ ਗੁਰੂ ਸਾਹਿਬਾਨ, ਪੁਰਖਿਆਂ ਤੇ ਅਮਰ  ਸ਼ਹੀਦਾਂ ਨੇ ਮਨੁੱਖਤਾ ਦੀ ਖਾਤਰ ਨਿਰਸਵਾਰਥ ਸੇਵਾ ਤੇ ਕੁਰਬਾਨੀ ਦੀਆਂ ਵਿਲੱਖਣ ਪਰੰਪਰਾਵਾਂ ਨਿਰਧਾਰਿਤ ਕੀਤੀਆਂ ਹਨ। ਸਾਡੇ ਗੁਰੂਆਂ, ਪੀਰਾਂ,ਫਕੀਰਾਂ ਤੇ ਸੰਤਾਂ ਨੇ ਉੱਚ ਆਦਰਸ਼ਾਂ ਤੇ ਨੇਕ ਸਿਧਾਂਤਾਂ ਦੀ ਪਾਲਣਾ ਪਹਿਲਾਂ ਖ਼ੁਦ ਕੀਤੀ ਹੈ ਅਤੇ ਫਿਰ ਸਾਨੂੰ ਪ੍ਰੇਰਣਾ ਦਿਤੀ ਹੈ। ਇਸ  ਤਰ੍ਹਾਂ ਹੀ ਸਾਡੇ ਮਹਾਨ ਦੇਸ਼ ਭਗਤਾਂ ਤੇ ਸੈਨਿਕਾਂ  ਨੇ ਲੋਕਾਈ ਦੀ ਸੇਵਾ ਤੇ ਰੱਖਿਆ ਹਿਤ ਨਵੀਆ  ਮਿਸਾਲਾਂ ਕਾਇਮ ਕੀਤੀਆ  ਹਨ।।
ਪਰ ਆਪਣੇ-ਆਪ ਵਿੱਚ ਇਹ ਇੱਕ ਦੁਖਦਾਈ ਕਹਾਣੀ ਹੈ ਕਿ ਅਸੀਂ ਇੱਕ ਰਾਸ਼ਟਰ ਵਜੋਂ ਉਨ੍ਹਾਂ ਦੇ ਬੇਸ਼ਕੀਮਤੀ ਫਲਸਫੇ ਤੇ ਸਿਖਿਆਵਾਂ ਦਾ ਆਪਣੇ ਜੀਵਨ ਵਿੱਚ ਅਭਿਆਸ ਤੇ ਪਾਲਣ ਨਹੀਂ ਕਰ  ਸਕੇ । ਸਿੱਟੇ ਵਜੋਂ ਅਸੀਂ ਆਪਣੇ ਮਹਾਨ ਪੁਰਖਿਆਂ ਦੁਆਰਾ ਦਰਸਾਏ ਗਏ “ਮਾਰਗ-ਦਰਸ਼ਨ ਤੇ  ਮਹਾਨ ਗੁਣਾਂ ” ਨੂੰ ਗੁਆ ਚੁੱਕੇ ਹਾ ।ਅਸੀਂ ਸਪੱਸ਼ਟ ਤੌਰ‘ਤੇ ਕੌਮੀ ਸਵੈਮਾਣ ਤੇ ਸ਼ਾਨਦਾਰ ਵਿਰਾਸਤ ਪ੍ਰਤੀਆਪਣੀ ਭਾਵਨਾਵਾਂ  ਅਤੇ ਸੰਵੇਦਨਸ਼ੀਲਤਾ ਨੂੰ ਗੂੜ੍ਹੀਨੀਂਦ  ਵਿੱਚ ਪਾ ਰਖਿਆ ਹੈ । ਸਾਨੂੰ ਸਾਡੇ ਪ੍ਰਮੁੱਖ ਸੰਤ-ਸਪਾਹੀ ਯੋਧਿਆਂ  ਜਿਵੇਂ ਬਾਬਾ ਬੰਦਾ ਸਿੰਘ ਬਹਾਦਰ , ਬਾਬਾ ਦੀਪ ਸਿੰਘ ਜੀ , ਅਕਾਲੀ ਫੂਲਾ ਸਿੰਘ , ਜਰਨੈਲ ਹਰੀ ਸਿੰਘ ਨਲਵਾ ਤੇ ਸ੍ਰ: ਸ਼ਾਮ ਸਿੰਘ ਅਟਾਰੀ ਵਾਲਾ ਦੀ ਹਿੰਮਤ ਅਤੇ ਬਹਾਦਰੀ ਦੇ ਕਾਰਨਾਮੇ ਭੁੱਲ ਚੁੱਕੇ ਹਨ ।
 ਸਾਡੀ ਸਮਿਆਂ ਦੀ ਪੁਰਾਣੀ ਗੁਲਾਮੀ ਦੇ ਕਾਰਨ, ਅਸੀਂ ਝੂਠ,ਫਰੇਬ ਤੇ ਪਾਖੰਡ ਜਿਹੀ ਮਾਨਸਿਕਤਾ ਨੂੰ ਜਲ ਵਾਗਰ ਕਰ ਰਖਿਆ  ਹੈ ।ਸਾਡੀ ਮਨਮੁਖੀ ਤੇ ਅਗਿਆਨੀ  ਸੋਚ ਨੇ ਸਾਨੂੰ ਸਾਡੇ ਚਰਿੱਤਰ ਵਿਚਲੇ ਮੂਲ ਆਦਰਸ਼ ਤੱਤਾਂ ਤੋਂ ਵਰਗਲਾ ਕੇ ਇੱਥੋਂ ਤੱਕ ਨਿਰਾਸ਼ਾਜਨਕ ਪੱਧਰ ‘ਤੇ ਪਹੁੰਚਾ ਦਿੱਤਾ ਹੈ ਕਿ ਅਸੀਂ ਆਪਣੇ ਨੇਕ ਤੇ ਗੁਣ-ਸੰਪੰਨ ਪੁਰਖਿਆਂ ਦੀ ਪਛਾਣ ਹੀ ਭੁੱਲ ਗਏ ਹਾਂ । ਇਸ ਪ੍ਰਥਾਇ, ਨਿਰਸੰਦੇਹ ,ਅਸੀਂ ਘਰ- ਸਮਾਜ ਤੋਂ ਲੈ ਕੇ ਦੇਸ਼-ਵਿਦੇਸ਼ ਤੱਕ ਆਪਣੀ ਨਿਵੇਕਲੀ “ਪਛਾਣ” ਗੁਆ ਚੁੱਕੇ ਹਾਂ।ਅਸੀਂ ਬੇਖ਼ਬਰ ਹਾਂ ਕਿ ਖ਼ਾਸ ਕਰਕੇ ਸਾਰਾਗੜ੍ਹੀ ਤੇ  ਸੰਸਾਰ ਜੰਗਾਂ ਦੇ ਸਾਡੇ ਸੈਨਿਕ ਸ਼ਹੀਦਾਂ ਦਾ ਵਰਨਣ
ਤਾਂ ਕਿਤੇ ਬੈਲਜੀਅਮ, ਫਰਾਂਸ ਤੇ ਇੰਗਲੈਂਡ ਤੱਕ ਹੁੰਦਾ ਹੈ। ਫਿਰ ਸਾਡੇ ਸੀਨੀਅਰ ਬਲਬੀਰ ਸਿੰਘ ਜਿਹੇ “ਖਿਡਾਰੀਆਂ” ਤੇ ਨਾਨਕ ਨਾਮ-ਲੇਵਾ “ਸੇਵਾਦਾਰ” ਰਵੀ ਸਿੰਘ ਵਰਗਿਆਂ ਦੀਆਂ ਦੁਨੀਆਂ ਵਿੱਚ ਧੁੰਮਾਂ ਦੇ ਬਾਵਜੂਦ ਅਸੀਂ ਇਟਲੀ-ਮਿਲਾਨ ਤੋਂ ਮੋਹਾਲੀ ਤੱਕ “ਪੱਗ ਦੀ ਪਛਾਣ” ਵਾਸਤੇ ਕੂਕਦੇ-ਕੁਰਲਾਉਂਦੇ ਫਿਰਦੇ ਹਾਂ ।
ਇਹ ਸਾਰਾ ਦੁਖਦਾਈ ਦ੍ਰਿਸ਼ਾਂਟ ਅੱਜ  ਪੰਜਾਬ ਦੇ ਜਨਜੀਵਨ ਤੇ ਇਤਿਹਾਸ ਵਿਚ ਨਸ਼ਰ ਹੋ ਰਿਹਾ ਹੈ।ਇਸ ਸੰਬੰਧ ਵਿਚ ਇੱਥੇ  ਜ਼ਿਕਰ ਕਰਨਾ ਬਣਦਾ ਹੈ ਕਿ ਸਾਡੇ ਇਤਿਹਾਸ ਵਿੱਚ  ਦੋ ਮਹੱਤਵਪੂਰਣ ਪਰ ਦੁਖਦਾਈ ਘਟਨਾਵਾਂ ਖਾਸ ਤੌਰ 'ਤੇ ਦਸੰਬਰ ਮਹੀਨੇ ਦੇ ਦੂਜੇ ਪੰਦਰਵਾੜੇ ਵਿਚ ਹੋਈਆਂ ਹਨ ; ਹਾਲਾਂ ਕਿ ਇਹ ਇਕ ਦੂਜੇ ਤੋਂ 140 ਸਾਲ  ਦੀ ਵਿੱਥ ’ਤੇ ਹੋਈਆਂ ਸਨ ।ਸਮੁੱਚੇ ਇਤਿਹਾਸ ਦੀ ਅੱਤਿ ਦੀ ਕਰੂਰਤਾ  ਨੂੰ ਦਰਸਾਉਣ ਵਾਲੀ  ਪਹਿਲੀ ਘਟਨਾ 20 ਅਤੇ 27 ਦਸੰਬਰ 1705 ਦੇ ਵਿਚਕਾਰ ਧਰਮ ਦੀ ਖ਼ਾਤਰ ਦਸਮੇਸ਼-ਪਿਤਾ ਗੁਰੂ ਗੋਬਿੰਦ ਸਿੰਘ ਦੁਆਰਾ ਸਰਬੰਸ-ਦਾਨ ਕੀਤੇ ਵਜੋਂ ਵਾਪਰੀ ਸੀ। ਜਦੋਂ ਕਿ ਪੰਜਾਬ ਦੇ ਇਤਿਹਾਸ ਵਿੱਚ ਹੀ ਦੂਜਾ ਕਰੂਪਤਾ ਦਾ ਕਾਰਾ 18 ਦਸੰਬਰ  1845 ਅਤੇ 22 ਦਸੰਬਰ ਨੂੰ 1845 ਵਿਚ ਮੁੱਦਕੀ ਤੇ ਫੇਰੂ ਸ਼ਹਿਰ ਵਿੱਚ ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਇਨ੍ਹਾਂ ਦੋ ਸ਼ੁਰੂਆਤੀ ਲੜਾਈਆਂ ਦੇ ਰੂਪ ਵਿੱਚ  ਹੋਇਆ ਸੀ।  ਇਸ ਲਈ ਦੇਸੀ ਮਹੀਨਿਆਂ ਮੁਤਾਬਿਕ ਪੋਹ ਜਾਂ ਦਸੰਬਰ ਦਾ ਮਹੀਨਾ ਸਾਡੀ ਚੇਤਨਾ ਵਿਚ ਸਦੀ ਵੀ ਕਹਿਰ ਅਤੇ ਸਾਡੇ ਇਤਿਹਾਸ ਬੇਹਦ ਦੁਖਦਾਈ ਘਟਨਾਵਾਂ ਦਾ ਪ੍ਰਤੀਕ ਹੈ ।
ਸਾਡੀ ਕੌਮ ਦੇ ਇਤਿਹਾਸ ਦੀ ਮਹੱਤਤਾ ਦੇ ਸੰਦਰਭ ਵਿਚ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ  22 ਦਸੰਬਰ 1705 ਵਾਲੇ ਦਿਨ ਜਦੋਂ  ਚਮਕੌਰ ਦੀ ਲੜਾਈ ਹੋਈ ਸੀ ਤਾਂ ਉਸ ਸ਼ਹੀਦੀ ਦਿਹਾੜੇ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 39 ਵਾਂ ਜਨਮ ਦਿਨ ਵੀ ਸੀ।
 ਜ਼ਿਕਰਯੋਗ ਹੈ ਕਿ ਇਸ ਦਿਨ ਹੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਸਮੇਤ ਗੁਰੂ-ਪਿਆਰੇ  ਸਿੱਖਾਂ ਦੀਆਂ ਸ਼ਹੀਦੀਆਂ ਉਪਰੰਤ ਫੇਰ 27 ਦਸੰਬਰ ਨੂੰ  ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੇ ਗੁਰੂ-ਪਿਤਾ ਦੇ ਮਹਾਨ ਮਿਸ਼ਨ ਲਈ  ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ।
ਸੋ ਅਜਿਹਾ ਵਿਲੱਖਣ ਜਨਮ ਦਿਵਸ ਸੰਸਾਰ ਭਰ ਦੇ ਇਤਿਹਾਸ ਵਿੱਚ ਪਹਿਲੀ ਤੇ ਆਖਰੀ ਵਾਰ ਹੀ
ਆਇਆ ਹੈ । ਇਸ ਤਰ੍ਹਾਂ ਬਾਬਰ ਦੇ ਜ਼ੁਲਮ ਦੇ ਵਿਰੁੱਧ  ਬਾਬੇ ਨਾਨਕ ਦੀ ਕਲਮ ਦੀ ਗਾਥਾ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਦੁਆਰਾ ਸਰਬੰਸ-ਦਾਨ ਦੇ ਸਰੂਪ ਵਿੱਚ ਪੂਰੀ ਹੋਈ ।
 ਸਾਨੂੰ ਸਮੇਂ ਇਸ ਬਿੰਦੂ ‘ਤੇ ਆਪਣੀ  ਆਤਮਾ ਤੇ ਜ਼ਮੀਰ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਅਤੇ  ਆਪਣੇ ਸਰਵਉੱਚ ਸ਼ਹੀਦਾਂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਤੇ ਸੰਵੇਦਨਸ਼ੀਲਤਾ ਦਾ ਇਕਰਾਰ ਕਰਨਾ ਚਾਹੀਦਾ ਹੈ।ਸਾਡੇ ਵੱਲੋਂ ਇਹ ਇਜ਼ਹਾਰ ਹੋਰ ਵੀ ਮਹਤਵਪੂਰਣ ਹੋ ਜਾਂਦਾ ਹੈ ਕਿ ਜਦੋਂ ਅਸੀਂ ਸਾਡੇ ਇਤਿਹਾਸ ਦੇ ਇਸ ਸਭਤੋਂ ਦੁਖਦਾਈ ਸਮੇਂ ਦੌਰਾਨ ਲਗਭਗ ਮੌਜ-ਮੇਲੇ ਦੇ ਮੂਡ ਵਿੱਚ ਨਜ਼ਰ ਆਉਂਦੇ  ਹਾਂ ।
 ਨਿਰਸੰਦੇਹ, ਕ੍ਰਿਸਮਸ ਦੇ ਜਸ਼ਨ ਵੀ ਸਮੇਂ ਦੇ ਅਨੁਸਾਰ  ਅੱਜ ਕੱਲ੍ਹ ਹੀ ਆਉਂਦੇ ਹਨ ਅਤੇ ਸੱਚਮੁੱਚ, ਯੁੱਗ-ਪੁਰਖ ਜੀਸਿਸ-ਮੱਸੀਹਯਾ ਯਾਨੀ ਮਨੁੱਖਜਾਤੀ ਦੇ ਮੁਕਤੀਦਾਤਾ ਨਾਲ ਸੰਬੰਧ ਰੱਖਦੇ ਹਨ।
 ਪਰ ਯਾਦ ਰੱਖਣ ਵਾਲੀ ਗੱਲ ਇਹ  ਵੀ  ਹੈ  ਕਿ  ਤਿਉਹਾਰਾਂ ਵਾਲੀ ਮਨੋਦਸ਼ਾ ਵਿੱਚ  ਸਾਡੇ ਵੱਲੋਂ ਆਪਣੇ ਪੁਰਖਿਆਂ ਦੀਆਂ  ਸਰਵਉਚ ਕੁਰਬਾਨੀਆਂ ਨੂੰ ਭੁੱਲਣਾ ਕਦੇ ਵੀ ਉਚਿਤ ਨਹੀਂ ਹੋ ਸਕਦਾ।
 ਇਸ ਦੀ ਬਜਾਏ, ਇਨ੍ਹਾਂ ਖਾਸ ਦਿਨਾਂ ਦੌਰਾਨ, ਪੰਜਾਬ ਦੀ ਮਿੱਟੀ 'ਤੇ "ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ" ਦੇ ਰਵੱਈਏ ਦੇ ਨਾਲ “ਗਲਾਸੀਆਂ ਖੜਕਾਉਣਾ” ਤੇ ਵੰਨ-ਸੁਵੰਨੇ ਪਕਵਾਨ ਛਕਣਾ  ਸਭ ਤੋਂ ਅਫਸੋਸਜਨਕ ਕਾਰਾ ਹੈ।
 ਇਸ ਵਿਚਾਰ ਦੀ  ਇਕਸਾਰਤਾ ਵਿਚ ਸਾਡੇ
 " ਪਹਿਲੇ ਅਤੇ ਆਖਰੀ ਸਿੱਖ ਸਾਮਰਾਜ ਦੇ ਅਖੀਰਲੇ ਸੂਰਜ " ਦੇ ਇਤਿਹਾਸ ਦੇ ਸੰਬੰਧ ਵਿਚ ਇਕ ਹੋਰ ਸਚ ਮੁਚ ਹੈਰਾਨੀ ਜਨਕ ਹਵਾਲਾ ਦਿੱਤਾ  ਜਾ ਸਕਦਾ ਹੈ।
 ਸਾਲ 2005-06 ਦੀ ਗੱਲ ਹੈ ਕਿ ਮੈਂ ਕੌਮੀ ਸਵੈਮਾਣ ਦੀ ਭਾਵਨਾ ਨਾਲ ਫਿਰੋਜ਼ਪੁਰ ਵਿਖੇ  ਕਮਿਸ਼ਨਰ ਹੋਣ ਵਜੋਂ ਉੱਦਮ ਕੀਤਾ ਤਾਂ ਕਿ ਮੁੱਦਕੀ, ਫੇਰੂਸ਼ਹਿਰ, ਅਲੀਵਾਲ ਅਤੇ ਸਭਰਾਉਂ ਦੇ ਯੁੱਧ ਦੇ ਮੈਦਾਨਾਂ ਨੂੰ “ਕੌਮੀ ਸਮਾਰਕਾਂ” ਦਾ ਦਰਜਾ ਦਿਵਾਇਆ  ਜਾ ਸਕੇ । ਯਾਦ ਰਹੇ ਕਿ ਪਹਿਲੀ ਐਂਗਲੋ-ਸਿੱਖ ਜੰਗ ਦਸੰਬਰ / ਜਨਵਰੀ 1845-1846 ਵਿਚ ਲੜੀ ਗਈ ਸੀ।
 ਇਸ ਦੌਰਾਨ ਹੀ ਮੈਂ ਫ਼ਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਅਤੇ ਦੇਸ਼ ਭਗਤਾਂ ਦੀਆਂ  ਯਾਦਗਾਰਾਂ ਨੂੰ
 “ ਕੌਮੀ-ਸਮਾਰਕਾਂ “ ਵਿੱਚ ਸ਼ਾਮਲ ਕਰਾਉਣ ਬਾਰੇਸੋਚਿਆ ਤਾਂ ਜੋ ਕੌਮੀ ਪੱਧਰ ਉਤੇ ਇਕ ਨਿਮਰਤਾ ਭਰਪੂਰ ਸ਼ਰਧਾਂਜਲੀ ਭੇਟ ਕੀਤੀ ਜਾ ਸਕੇ।
ਇਸ ਵਾਸਤੇ ਸਮੇਂ ਦੀਆਂ ਸੈਂਟਰ ਤੇ ਸਟੇਟ ਦੋਨਾਂ ਸਰਕਾਰਾਂ ਨੂੰ ਹੇਠ ਦਿੱਤੇ ਸਮਾਰਕਾਂ ਨੂੰ ਪੂਰਨ ਸਤਿਕਾਰਤੇ ਸ਼ੁਕਰਗੁਜ਼ਾਰੀ ਸਹਿਤ “” ਰਾਸ਼ਟਰੀ ਸਮਾਰਕ “” ਘੋਸ਼ਿਤ ਕਰਨ ਲਈ ਪ੍ਰੇਰਿਆ ਗਿਆ।ਇਹ ਸ਼ਹੀਦੀ - ਸਮਾਰਕ ਜਿਵੇਂ ਕਿ ਸਾਰਾਗੜ੍ਹੀ ਗੁਰਦੁਆਰਾ ; ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਸ.ਭਗਤਸਿੰਘ, ਰਾਜਗੁਰੂ ਤੇ ਸੁਖਦੇਵ ਯਾਦਗਾਰ ਅਤੇ ਸ਼ਹਿਰ ਵਿਚ ਸ੍ਰ.ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਲੁਕਣਗਾਹ (ਸ਼ੈਲਟਰ ਪਲੇਸ) ਅਤੇ ਨਾਲ ਹੀ ਰੇਲਵੇ ਲਾਈਨ ਜੋ ਕਸੂਰ ਜਾਂਦੀ ਰਹੀ ਹੈ ; ਉਸ ਉਪਰ ਖ਼ਾਸਕਰ ਹੁਸੈਨੀਵਾਲਾ ਵਿਖੇ ਬ੍ਰਿਜ ਨੂੰ ਜੋ ਕਿ 1965 ਅਤੇ 1971 ਦੀਆੰ ਜੰਗਾਂ ਸਮੇਂ ਮੇਜਰ ਐਸ.ਪੀ.ਐਸ ਵੜੈਚ ਤੇ ਕੈਪਟਨ ਕੇ.ਜੇ.ਐਸ  ਸੰਧੂ ਜਿਹੇ ਸਾਡੇ ਅਫ਼ਸਰਾਂ ਅਤੇ ਸੈਂਕੜੇ ਜਵਾਨਾਂ ਦੀ ਬਹਾਦਰੀ ਤੇ ਕੁਰਬਾਨੀ ਦੇ ਚਸ਼ਮਦੀਦ ਗਵਾਹ ਹੋਣ ਵਜੋ ਸ਼ਾਮਿਲ ਕਰਾਉਣ ਦਾ ਉਪਰਾਲਾ ਕੀਤਾ ।
 ਇਸ ਚਲ ਰਹੇ ਸੰਦਰਭ ਵਿੱਚ ਦੁੱਖ ਦੀ ਗੱਲ ਹੈ ਕਿਸਾਡੇ ਸੁਤੰਤਰ ਭਾਰਤ ਦੀ ਡੀਨੋਟੀਫਿਕੇਸ਼ਨ - 1962 ਰਾਹੀ ਐਂਗਲੋ-ਸਿੱਖ ਜੰਗ ਦੇ ਕੌਮੀ ਸਮਾਰਕਾਂ ਦੇ ਰੁਤਬੇ ਨੂੰ ਇਹ ਕਹਿ ਕੇ ਘਟਾ ਦਿੱਤਾ ਗਿਆ ਕਿ ਹੁਣ ਇੰਨਾਂ ਦੀ ਕੋਈ “ਕੌਮੀ ਮਹੱਤਤਾ” ਨਹੀਂ ਰਹੀ।
 ਬਹਿਰਹਾਲ ! ਇਸ ਸੰਬੰਧੀ ਉਦੋਂ ਸਾਡੇ ਸਿਆਣਿਆਂ ਦਾ ਕੀ ਤਰਕ-ਵਿਤਰਕ ਰਿਹਾ ਹੋਵੇਗਾ; ਮੈਂ ਕਦੇ ਵੀ ਡੂੰਘੇ ਦੱਬੇ ਕਾਗਜ਼ਾਂ 'ਤੇ ਲੁਕੀ ਹੋਈ ਸਿਆਣਪ ਜਾਂ ਸੱਚਾਈ ਤੱਕ ਨਹੀਂ ਪਹੁੰਚ ਸਕਿਆ । ਵੈਸੇ  ਮੇਰੇ ਕੋਲ ਮਹਿਜ਼ 1918 ਦੀ ਪਹਿਲੀ  ਨੋਟੀਫਿਕੇਸ਼ਨ ਅਤੇ ਸਾਲ 1962 ਦੀ  ਡੀ-ਨੋਟੀਫਿਕੇਸ਼ਨ ਦੀਆਂ ਕਾਪੀਆਂ ਹੋ ਸਕਦੀਆਂਹਨ।
ਖ਼ੈਰ ! ਜ਼ਿਕਰਯੋਗ ਹੈ ਕਿ ਤਤਕਾਲੀ ਮੁੱਖ ਮੰਤਰੀ-ਕੈਪਟਨ ਅਮਰਿੰਦਰ ਸਿੰਘ ਦੀ ਅਧਿਕਾਰਤ ਸਰਪ੍ਰਸਤੀ ਸਦਕਾ ਮੈਂ ਕੇਂਦਰੀ ਵਿਭਾਗਾਂ ਤੋਂ ਇੱਕ ਉੱਚ-ਪੱਧਰੀ  ਕੇਂਦਰੀ ਟੀਮ ਨੂੰ ਇਸ  ਮਿਸ਼ਨ ਦੀ ਪੂਰਤੀ ਵਾਸਤੇ ਫਿਰੋਜ਼ਪੁਰ ਆਉਣ ਦਾ ਸੱਦਾ-ਪੱਤਰ  ਦੇ ਸਕਿਆ ।ਇਸ ਕੇਂਦਰੀ ਟੀਮ ਵਿੱਚ  ਸਭਿਆਚਾਰਕ ਮਾਮਲੇ, ਰਾਸ਼ਟਰੀ ਪੁਰਾਲੇਖ ਅਤੇ ਰਾਸ਼ਟਰੀ ਅਜਾਇਬ ਘਰ ਦੇ ਕਿੰਨੇ ਹੀ ਉਚ ਅਧਿਕਾਰੀ ਸਕੱਤਰ.  ਕੇ. ਕੇ. ਚੱਕਰਵਰਤੀ ਦੀ ਨਿਗਰਾਨੀ ਹੇਠ ਸ਼ਾਮਲ ਸਨ।   ਸ਼ੁਕਰ ਹੈ ਕਿ ਇਸ  ਉਚ-ਪੱਧਰੀ ਟੀਮ ਨੇ ਇਹਨਾਂ ਇਤਿਹਾਸਕ ਸਥਾਨਾਂ ਨਾਲ ਸਬੰਧਤ ਸਾਰਾ ਰਿਕਾਰਡ ਵੇਖਣ ਅਤੇ ਸਾਰੀਆਂ ਸਾਈਟਾਂ ਦਾ ਸਰਵੇਖਣ ਕਰਨ ਉਪਰੰਤ ਸਤੰਬਰ 2006 ਵਿਚ ਆਪਣੀ ਸਿਫਾਰਸ਼ ਕਰ ਦਿੱਤੀ ।
ਪਰ ਜਦ ਤੱਕ ਇਹ ਰਿਪੋਰਟ ਸਰਕਾਰੇ-ਦਰਬਾਰੇ ਪਹੁੰਚੀ ਉਦੋਂ ਤੱਕ ਕੁਝ ਦਿਨ ਪਹਿਲਾਂ 31 ਅਗਸਤ 2006 ਨੂੰ  ਮੇਰੀ ਰਿਟਾਇਰਮੈਂਟ ਹੋ ਗਈ। ਮੈਨੂੰ ਮਹਿਸੂਸ ਹੋਇਆ ਕਿ “ਜ਼ਮਾਨਾ ਬੜੇ ਸ਼ੌਕ ਸੇ ਸੁਨ  ਰਹਾ ਥਾ ;  ਹਮ ਹੀ ਸੋਅ ਗਯੇ ਦਾਸਤਾਂ ਕਹਤੇ ਕਹਤੇ ”   ਖ਼ੈਰ ! ਮੈਂ ਸਰਕਾਰੀ  ਸੇਵਾ-ਮੁਕਤੀ ਉਪਰੰਤ  ਸਮਰਥਾਹੀਣ ਹੋਣ ਜਿਹੇ ਅਹਿਸਾਸਾਂ ਦੇ ਬਾਵਜੂਦ ਵੀ  ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਗਲੀ ਸਰਕਾਰ ਨਾਲ ਆਪਣੇ ਸ਼ਹੀਦਾਂ ਪ੍ਰਤੀ “ਸੰਸਕਾਰੀ” ਸ਼ਰਧਾ ਤੇ ਸਤਿਕਾਰ ਦੇ ਸਨਮੁਖ ਕਈਮਹੀਨਿਆਂ ਤੱਕ  ਆਪਣੀ ਕੋਸ਼ਿਸ਼ ਜਾਰੀ ਰੱਖੀ।
 ਬੇਸ਼ਕ ਮੈਂ ਸਰਕਾਰੀ ਪ੍ਰਣਾਲੀ ਦੇ ਕਾਰ-ਵਿਹਾਰ ਤੋਂ ਭਲੀ-ਭਾਂਤ ਵਾਕਿਫ ਸੀ ਕਿ ਅਕਸਰ ਹੀ ਸਾਡੀ ਕਾਰਜਪ੍ਰਣਾਲੀ ਵਿੱਚ ਖ਼ਾਸ ਕਰਕੇ ਵਿਰਾਸਤ ਅਤੇ ਸਭਿਆਚਾਰ ਸੰਬੰਧੀ ਮੁੱਦਿਆਂ ਨੂੰ ਕਿਸਤਰਾਂ ਅਣਗੌਲਿਆ ਕੀਤਾ ਜਾਂਦਾ ਹੈ ਜਾਂ ਫੇਰ ਕਿਆਮਤ  ਤੱਕ ਠੰਡੇ-ਬਸਤਿਆਂ ਵਿੱਚ ਲੰਬਿਤ ਰੱਖ ਕੇ ਅੰਤ ਨੂੰ ਉਨ੍ਹਾਂ ਫਾਈਲਾਂ ਨੂੰ ਕਿਵੇਂ "ਸੀਨ ਐਂਡ ਫਾਈਲ" ਜਿਹੇ ਹੁਕਮਾਂਨਾਲ ਬੰਨੇ ਲਾਇਆ ਜਾਂਦਾ ਹੈ। ਪਰ ਇਸ ਸਾਰੇ ਕਰਮਹੀਣ ਵਰਤ- ਵਰਤਾਰੇ ਦੇ ਬਾਵਜੂਦ ਮੈਂ ਫਿਰ ਵੀ ਹੁਣ ਵਾਂਗ ਹੀ “ਲੱਗੇ ਰਹੋ ਮੁੰਨਾ ਭਾਈ” ਜਿਹੇ ਰਵਾਇਤੀ ਹੌਸਲੇ ਨਾਲ ਲਗਾ ਰਿਹਾ ।
ਪਰ ਅਫਸੋਸ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਵਿੱਢੀ ਮੇਰੀ ਇਹ ਸਾਰੀ ਮੁਹਿੰਮ ਤੇ ਸਭ ਜਦੋ -ਜਹਿਦ ਕੁਲ ਮਿਲ-ਮਿਲਾ ਕੇ ਵਿਅਰਥ ਹੀ ਗਈ ਲਗਦੀ ਹੈ ਕਿਉੰਕਿ ਸਾਡੀ “ ਰਿਆਸਤ ਤੇ ਸਿਆਸਤ” ਦੇ “ਵੋਟ-ਰਾਜ ਸਿਸਟਮ” ਅਨੁਸਾਰ ਤਾਂ ਬੱਸ ਅਖੀਰ ਨੂੰ ਇਹ ਹੀ ਸਮਝ ਆਉਂਦੀ ਹੈ ਕਿ
 “ ਸ਼ਹੀਦਾਂ ਦੀਆਂ ਤਾਂ ਵੋਟਾਂ ਹੀ ਨਹੀਂ ਹੁੰਦੀਆਂ ਅਤੇਵੋਟਾਂ ਬਗੈਰ ਇਥੇ ਪੱਤਾ ਵੀ ਨਹੀਂ ਹਿੱਲਦਾ”।
ਖ਼ੈਰ ! ਹਾਲੇ ਵੀ ਪਰਮਾਤਮਾ ਦਾ ਸ਼ੁਕਰ ਹੈ ਕਿ ਇਕ  ਗ਼ੈਬੀ  ਜਿਹਾ  ਭਰੋਸਾ ਬੱਝਦਾ ਹੈ ਕਿ ਅਜਿਹੇ ਕੌਮੀ ਮੁੱਦਿਆਂ ਤੇ ਮਸਲਿਆਂ ‘ਤੇ ਹੁਣ ਅੰਤ ਨੂੰ ਸਾਡੀ ਕੌਮ  ਜ਼ਰੂਰ ਜਾਗੇਗੀ । ਇੱਥੇ “ਮਿਲੀਅਨ ਡਾਲਰ” ਦਾ ਇਕ ਪ੍ਰਸ਼ਨ ਨਿਰਸੰਕੋਚ ਉੱਭਰਦਾ  ਹੈ ਕਿ ਸਾਡੇ ਵਿੱਚੋਂ  ਉਹ"ਕਿਸਮਤ ਵਾਲੇ ਖੁਦਾਈ ਖ਼ਿਦਮਤਗਾਰ " ਕੌਣ ਹੋਣਗੇ ਕਿ ਜੋ ਸਾਡੇ ਮਹਾਨ ਗੁਰੂ ਸਾਹਿਬਾਨ, ਪੁਰਖਿਆਂ, ਸ਼ਹੀਦਾਂ ਤੇ ਦੇਸ਼ ਭਗਤਾਂ ਦੀ ਅਲੌਕਿਕ ਬਹਾਦਰੀ ਤੇ ਕੁਰਬਾਨੀਆਂ ਦੀਆਂ ਨੂਰਾਨੀ ਗਾਥਾਵਾਂ ਨੂੰ ਪੂਰੇ ਕੌਮੀ ਸਵੈਮਾਣ ਨਾਲ ਸੰਸਾਰ ਪੱਧਰ 'ਤੇ ਲੈ ਕੇ ਜਾਣਗੇ।।
 ਬਹਿਰਹਾਲ ! ਉਦੋਂ ਤੱਕ ਕੀ ਕਦੇ ਕੋਈ ਵੀ ਸਰਕਾਰ, ਸੰਗਠਨ , ਸੰਸਥਾ ਜਾਂ ਫਿਰ ਕੌਮ ਦੇ ਰੂਪ ਵਿਚ ਅਸੀਂ
ਸਾਰੇ ਰਲ ਕੇ  ਆਪਣੇ ਅਮਰ ਸ਼ਹੀਦਾਂ ਤੇ ਮਹਾਨ ਦੇਸ਼ ਭਗਤਾਂ ਦੀਆਂ ਆਤਮਿਕ ਭਾਵਨਾਵਾਂ ਦਾ ਉੱਤਰ ਕੌਮੀ ਪੱਧਰ ‘ਤੇ ਦੇਣ ਦੇ ਸਮਰੱਥ ਹੋ ਸਕਾਂਗੇ ਕਿ ਉਨ੍ਹਾਂ ਮਹਾਂਪੁਰਖਾਂ ਨੇ ਐਡੇ ਅਕ੍ਰਿਤਘਣ ਲੋਕਾਂ ਲਈ ਆਪਣੇ ਆਪ ਨੂੰ ਕਿਉਂ ਕੁਰਬਾਨ ਕੀਤਾ? 
ਇਹ ਵੀ ਸ਼ਾਇਦ ਰੱਬ ਹੀ ਜਾਣਦਾ ਹੈ !!

ਕੁਲਬੀਰ ਸਿੰਘ ਸਿੱਧੂ
 ਆਈ.ਏ.ਐੱਸ.  (ਇਸ ਵੇਲੇ ਬਰੈਂਪਟਨ / ਕਨੇਡਾ ਵਿਖੇ)
 ਫੋਨ: ਵਟਸਐਪ - 9814032009

🌷 ਇਕ ਅਰਜ਼ੋਈ-ਇਕ ਅਰਦਾਸ 🌷 - ਕੁਲਬੀਰ ਸਿੰਘ ਸਿੱਧੂ

ਬੀਤੇ 20 ਕੁ ਸਾਲਾਂ  ਵਿੱਚ ਸਿੱਖ  ਇਿਤਹਾਸਕ ਸ਼ਤਾਬਦੀਆੰ ਮਨਾਉਣ ਦੇ ਨਾਮ ‘ਤੇ ਜਿੰਨੀ ਸਿਆਸਤ ਹੋਈ ਹੈ ; ਬੱਸ ਉਸ ਸਿਆਸੀ ਮਾਹੌਲ ਦੀ ਲਗਾਤਾਰਤਾ ਵਿੱਚ ਹੀ ਅੱਜ-ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀੰ ਜਨਮ-ਸ਼ਤਾਬਦੀ ਅਤੇ  “ਸ੍ਰੀ ਕਰਤਾਰਪੁਰ ਸਾਹਿਬ ਲਾਂਘੇ” ਦੇ ਆਗਾਜ਼ ਦੇ ਰੂਪ ਵਿੱਚ ਮਹਿਜ਼ ਇਕ “ਸਿਆਸੀ-ਮਹਾਂਭਾਰਤ” ਹੀ ਦੇਖਣ ਨੂੰ ਮਿਲ ਰਿਹਾ ਹੈ ।               
ਇੱਥੇ  ਗੁਰਬਾਣੀ ਦੇ ਅਨੇਕਾਂ ਇਲਾਹੀ
ਸਿਧਾਂਤਾਂ  ਵਿਚੋਂ ਸਿਰਫ਼ ਤੇ ਸਿਰਫ਼ ਇਕ 
“ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ”
 ਦੁਆਰਾ ਬਾਬਾ ਨਾਨਕ ਵੱਲੋਂ ਦਰਸਾਈ ਸਿਧਾਂਤਕ ਤੇ ਪ੍ਰੈਕਟੀਕਲ  ਨੇਕ ਨੀਅਤ ਤੇ ਸਾਫ਼ਗੋਈ ਤੋਂ  ਬਿਲਕੁਲ 180* ਡਿਗਰੀ ਉਲਟ ਬੱਸ ‘ ਮੈਂ-ਮੈਂ ਤੇ  ਮੈਂ-ਮੇਰਾ ’ ਜਿਹੀ ਬਦਨੀਤੀ ਦੇ ਖੁੱਲ੍ਹੇ  ਮੁਜ਼ਾਹਰੇ ਦਾ ਸ਼ੈਤਾਨੀ ਰੂਪਾਂਤਰ ਤੇ ਸਿਆਸੀ ਆਲਾਪ ਦੇਖਣ- ਸੁਣਨ ਨੂੰ ਮਿਲ ਰਿਹਾ ਹੈ।।
 ਖ਼ੈਰ! ਗੁਰੂ ਨਾਨਕ ਨਾਮ ਲੇਵਾ ਸੰਗਤ ਅਤੇ ਦੇਸ਼-ਦੁਨੀਆਂ ਵੇਖ ਰਹੀ ਹੈ ਕਿ ਸਾਡੇ ਸਿਆਸੀ ਤੇ ਪੰਥਕ ਆਗੂ ਹੁਣ ਦਿਨ-ਦੀਵੀਂ  ਬਾਬਾ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ “ ਨਾਮ ਜਪੋ, ਕਿਰਤ ਕਰੋ , ਵੰਡ ਛਕੋ ਅਤੇ  ਸਰਬੱਤ ਦਾ ਭਲਾ ਕਰਨ ਵਾਸਤੇ ਸਚਿਆਰੇ  ਬਣਨ ਤੇ ਸਾਂਝੀਵਾਲਤਾ “ ਜਿਹੇ ਉਪਦੇਸ਼ਾਂ ਨੂੰ ਕਿਵੇਂ ਦੀਦਾ-ਦਨਿਸ਼ਤਾ ਦਰਕਿਨਾਰ ਕਰ ਰਹੇ ਹਨ ? ਬਸ  ਸਿਆਸਤੀ ਚੌਧਰ ਤੇ ਸਰਮਾਏਦਾਰੀ ਲਾਹੇ ਲੈਣਾ ਹੀ ਹੁਣ ਸਾਡੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਉਦੇਸ਼ ਬਣ ਚੁੱਕਾ ਹੈ। 
ਹੋਰ ਤਾਂ ਹੋਰ ; ਬਾਬਾ ਨਾਨਕ ਦੇ ਨਾਮ ‘ਤੇ ਹੀ“ਸ੍ਰੀ ਕਰਤਾਰਪੁਰ ਸਾਹਿਬ”ਦੇ ਲਾਂਘੇ ਤੋਂ ਅੱਗੇ ਹੁਣ ੨੦ ਡਾਲਰ ਫ਼ੀਸ ,  ਵਖੋ-ਵੱਖ ਪੰਡਾਲ ਤੇ ਸਟੇਜਾਂ ਜਿਹੀ ਘਿਨਾਉਣੀ ਤੇ ਘਟੀਆ ਸਿਆਸਤ ਹੋ ਰਹੀ ਹੈ। ਬਹਿਰਹਾਲ ! ਬਾਬਾ ਜੀ ਦੀ ਸਿੱਖਿਆ “ ਛੋਡੀਲੈ ਪਾਖੰਡਾ “ ਦੇ ਉਲਟ ਸਾਡਾ ਸ਼ਰਮਨਾਕ ਪਖੰਡਵਾਦ ਮਤਵਾਤਰ ਪ੍ਰਤਖ  ਦਿ੍ਰਸ਼ਟੀਗੋਚਰ ਹੋ  ਰਿਹਾ ਹੈ ਅਤੇ ਨਾਲ ਹੀ ਕੌਮ ਦੀ  ਜੱਗ-ਹਸਾਈ ਹੋ ਰਹੀ ਹੈ ।ਨਤੀਜੇ ਤੋਂ ਡਰ ਜਿਹਾ ਲਗਦਾ ਹੈ ਕਿ ਸਾਡੇ ਜੀਵਨ ਵਿੱਚ ਆਈ ਇਹ ਮਹਾਨ ਸ਼ਤਾਬਦੀ ਵੀ ਕਿਤੇ ਫ਼ਲਸਫ਼ੇ ਤੇ ਸੰਦੇਸ਼ ਰਹਿਤ ਹੋ ਕੇ ਸਾਡੀ“ਹਉਮੈ ਦੇ ਢੋਲ-ਢਮੀਰਿਆਂ “ ਦੀ ਭੇਂਟ ਨਾ ਚੜ੍ਹ ਜਾਏ।।
 ਕਾਸ਼ ਕਿ ਨੇਕੀ ਤੇ ਨੇਕ ਨੀਅਤ
ਸਾਡੀ ਸੋਚ ਤੇ ਅਮਲ ਦਾ ਅੰਗ ਹੁੰਦੀ।
ਫਿਰ ਚੰਗਿਆਈਆਂ ਤੇ ਬੁਰਾਈਆਂ ਬਾਰੇ
ਪੜ੍ਹਨ - ਸਿੱਖਣ ਦੀ ਸਾਡੀ ਕੋਈ ਰੁਚੀ
ਹੁੰਦੀ ।। ਅੱਜ ਵੀ ਕਿਤੇ ਅਸੀਂ ਨੇਕ
ਨਸੀਅਤ ਨੂੰ ਜਾਨਣ- ਸੁਣਨ ਲਈ
ਆਪਣੇ ਮਨਾਂ ਨੂੰ ਰਹਾਉ-ਠਹਿਰਾਉ
ਦੇ ਸਕਦੇ ।। ਪਰ ਕਿੱਥੇ ?
ਕਾਦਰ ਦੀ ਕੁਦਰਤ ਜਾਣੇ ਕਿ ਇਹ ਕਿਉੰ ਨਹੀਂ ਹੋ ਰਿਹਾ ?? ਬਹਿਰਹਾਲ ! ਅਸੀਂ ਇਸ ਦਾ ਹੋਰ ਕਿੰਨਾ ਖ਼ਮਿਆਜ਼ਾ ਭੁਗਤਣਾ ਹੈ : ਬੱਸ ਰੱਬ ਹੀ ਜਾਣੇ ।
ਖ਼ੈਰ ! ਹਾਲੇ ਵੀ ਗ਼ਨੀਮਤ ਹੈ ਕਿ ਸੰਸਾਰ ਦੇ ਬਹੁਤੇ ਸੂਝਵਾਨ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਤੇ “ਸ਼ਬਦ ਗੁਰੂ” ਦੇ ਫ਼ਲਸਫ਼ੇ ਅਤੇ ਖਾਲਸਾ ਇਤਿਹਾਸ  ਨੂੰ ਜਾਨਣ ਲਈ ਉਤਸੁਕ ਹਨ।
ਸਾਈਂ! ਬੇਸ਼ਕ ਸਾਡੀਆਂ  ਕਰਤੂਤਾਂ ਕਰਕੇ ਆਗਾਜ਼ ਤਾਂ ਮਾੜਾ ਹੈ ; ਪਰ ਕੌਮ ਨੂੰ ਮਾੜੇ ਅੰਜਾਮ ਤੋਂ ਬਚਾਉਣਾ !!
 ਹੇ  ਵਾਹਿਗੁਰੂ ! ਸਾਡੇ ਮਨਾਂ ਦੇ ਹਨੇਰੇ ਦੂਰ ਕਰੋ ਅਤੇ ਸਾਨੂੰ ਫੇਰ ਕੋਈ “ਚਾਨਣੇ ਦਾ ਅਕਲਦਾਨ”ਬਖ਼ਸ਼ੋ ।।

ਬੇਨਤੀਆਂ -ਸਹਿਤ
ਕੁਲਬੀਰ ਸਿੰਘ ਸਿੱਧੂ
ਸਾਬਕਾ ਕਮਿਸ਼ਨਰ
(ਤਾਹਾਲ Brampton)
Watsapp 98140-32009