Mandeep-Kaur-Rimpi

ਚੈਂਪੀਅਨ... ਕਹਾਣੀ  - ਮਨਦੀਪ ਰਿੰਪੀ

ਕੱਪੜੇ ਅੱਧੇ ਕੁ ਪਸੀਨੇ ਨਾਲ ਅਤੇ ਅੱਧੇ ਕੁ ਗਾਰੇ  ਨਾਲ ਨੁੱਚੜਦੇ ਹੋਏ , ਪੈਰਾਂ ਤੋਂ ਨੰਗੀ ,ਫ਼ਟੀਆਂ ਬਿਆਂਈਆਂ ਵਿੱਚ ਧਸੀ ਹੋਈ ਮਿੱਟੀ , ਮੱਥੇ ਤੇ ਪਸੀਨੇ ਦੀਆਂ ਚਮਕਦੀਆਂ ਬੂੰਦਾਂ ਪਰ ਬੁੱਲ੍ਹਾਂ ਤੇ ਉਹੀ ਮੁਸਕਾਨ , ਅੱਖਾਂ 'ਚ  ਵੀ ਉਹੀ ਚਮਕ ਤੇ ਚਿਹਰੇ ਤੇ ਉਹੀ ਨੂਰ ਜਿਹੜਾ ਮੈਂ ਤਿੰਨ ਸਾਲ ਪਹਿਲਾਂ ਵੇਖਿਆ ਸੀ । ਉਹਨੂੰ ਦੂਰੋਂ ਵੇਖ ਮੇਰਾ ਪੈਰ ਕਦੋਂ ਆਪ ਮੁਹਾਰੇ ਬਰੇਕ ਤੇ ਰੱਖਿਆ ਗਿਆ ਅਤੇ ਗੱਡੀ ਰੁਕ ਗਈ ...ਮੈਂ ਖ਼ੁਦ ਵੀ ਸਮਝ ਨਹੀਂ ਸਕੀ । ਮੈਂ ਤਾਂ ਪਹਿਲਾਂ ਹੀ ਦਫ਼ਤਰ ਲਈ ਲੇਟ ਹੋ ਰਹੀ ਸਾਂ ਪਰ ਫੇਰ ਵੀ ਮੈਂ ਰੁਕ ਗਈ ।
            ਮੈਨੂੰ ਵੇਖ ਉਹ ਆਪ ਹੀ ਚਾਅ ਨਾਲ ਭੱਜੀ ਭੱਜੀ ਮੇਰੇ ਕੋਲ ਆਈ ਅਤੇ ਆਪਣੇ ਲਿਬੜੇ ਹੱਥਾਂ ਤੋਂ ਝਿਜਕਦੀ ਹੋਈ  ਮੇਰੀ ਗੱਡੀ  ਕੋਲੋਂ ਥੋੜ੍ਹੀ ਵਿੱਥ ਬਣਾ ਕੇ ਖਲੋ ਗਈ । ਮੈਂ ਸਰਸਰੀ ਹਾਲ ਚਾਲ ਪੁੱਛਦੇ ਹੋਏ ਪੁੱਛਿਆ ," ਕਿਵੇਂ ਹੋ ? ਅੱਜਕੱਲ੍ਹ ਕੀ ਕਰ ਰਹੇ ਹੋ ?" ਤਾਂ ਉਹ ਸੜਕ ਦੇ ਨਾਲ ਲਗਦੇ ਖੇਤ ਵੱਲ ਇਸ਼ਾਰਾ ਕਰਦੇ ਹੋਏ ਆਖਣ ਲੱਗੀ ," ਵਧੀਆ ਜੀ ...ਅੱਜਕੱਲ੍ਹ  ਛੁੱਟੀਆਂ ਨੇ... ਕਾਲਜ ਬੰਦ ਨੇ... ਇਸ ਲਈ ਉਹ ਵੇਖੋ ਝੋਨਾ ਲਾ ਰਹੀ ਹਾਂ ...ਔਹ ਵੇਖੋ ਮੇਰੇ ਮੰਮੀ- ਪਾਪਾ, ਛੋਟੀ ਭੈਣ ਅਤੇ ਭਰਾ "
 ਮੈੰ ਉਹਦੇ ਚਿਹਰੇ ਨੂੰ ਬਹੁਤ ਗੌਰ ਨਾਲ ਵੇਖ ਰਹੀ ਸਾਂ ਕਿ ਕੀ ਇਹ ਉਹੀ ਸ਼ਰਨਦੀਪ ਹੈ ਜਾਂ ਕੋਈ ਹੋਰ ? ਮੈਂ ਤਾਂ ਪਿਛਲੇ ਦੋ ਤਿੰਨ ਸਾਲਾਂ ਤੋਂ ਇਹੋ ਸਮਝ ਰਹੀ ਸਾਂ ਕਿ ਸ਼ਰਨਦੀਪ ਹੁਣ ਤੱਕ ਕਿਸੇ ਸਰਕਾਰੀ ਮਹਿਕਮੇ 'ਚ ਮਿਲੀ ਕੁਰਸੀ ਤੇ ਬੈਠੀ ਆਪਣੀ ਕੀਤੀ ਹੋਈ ਮਿਹਨਤ ਦੇ ਰੰਗਾਂ ਵਿੱਚ ਰੰਗੀ ਹੋਵੇਗੀ ...ਪਰ ਇਹ ਕੀ ? ਉਹਦੀ ਕਿਸਮਤ ਨੂੰ ਫ਼ਲ ਕਿਉਂ ਨਹੀਂ ਲੱਗਿਆ ਜਦੋਂ ਕਿ  ਮਿਹਨਤ ਤਾਂ ਕਦੇ ਅਜਾਈਂ ਨਹੀਂ ਜਾਂਦੀ ਪਰ ਸ਼ਰਨਦੀਪ ਦੀ ਮਿਹਨਤ ਵਿਚ ਅਜਿਹੀ ਕਿਹੜੀ ਮਿਲਾਵਟ ਸੀ ?  ਜਿਹੜੀ ਅੱਜ ਮੈਨੂੰ ਇੰਜ ਲੱਗ ਰਿਹਾ ਜਿਵੇਂ ਅਜਾਈਂ ਜਾ ਰਹੀ ਹੈ । ਮੈਂ ਝਿਜਕਦੇ ਝਿਜਕਦੇ ਸ਼ਰਨਦੀਪ ਨੂੰ ਪੁੱਛਿਆ ," ਤੇਰੀ ਨੌਕਰੀ ਦਾ ਕੀ ਬਣਿਆ ? ਉਦੋਂ ਮੰਤਰੀ ਜੀ ਨੇ ਬੁਲਾਇਆ ਸੀ ਤੈਨੂੰ ਕਿ ਸਾਰੇ ਡਾਕੂਮੈਂਟ ਸਮੇਤ ਮੰਗਲਵਾਰ ਮੇਰੇ ਦਫ਼ਤਰ ਪਹੁੰਚੋ ... ਕੀ ਗਈ ਨੀ ਤੂੰ  ? "
ਮੇਰੀ ਗੱਲ ਸੁਣ ਕੇ ਉਹਦੇ ਚਿਹਰੇ 'ਤੇ ਅਜੀਬ ਜਿਹੀਆਂ ਲਕੀਰਾਂ ਤਣੀਆ ਗਈਆਂ , ਮੱਥੇ 'ਤੇ ਵੱਟ ਪੈ ਗਏ ਤੇ ਫਿਰ ਉਹ ਉੱਖੜੇ ਜਿਹੇ ਮਨ ਨਾਲ ਆਖਣ ਲੱਗੀ ," ਇੱਕ ਵਾਰ ਨਹੀਂ ਭੈਣ ਜੀ ...ਪਤਾ ਨਹੀਂ ਕਿੰਨੇ ਵਾਰ? ਹੁਣ ਤਾਂ ਗਿਣਤੀਆਂ ਮਿਣਤੀਆਂ ਕਰਨੀਆਂ ਵੀ ਛੱਡ ਦਿੱਤੀਆਂ... ਨਾਲੋਂ ਓਦੋਂ ਜਦੋਂ ਮੰਤਰੀ ਜੀ ਪਿੰਡ ਆਏ ਸਨ ਵੋਟਾਂ ਸਨ ਅਤੇ ਵੋਟਾਂ ਕਾਰਨ ਉਨ੍ਹਾਂ ਦਾ ਸਾਡੇ ਨਾਲ ਵਾਹ ਵਾਸਤਾ ਪੈਂਦਾ ਰਹਿੰਦਾ ਸੀ ਤਾਂ ਕਰਕੇ ਉਨ੍ਹਾਂ ਸਾਨੂੰ ਬੁਲਾਇਆ ਸੀ ਦਫ਼ਤਰ... ਪਰ ਛੇਤੀ ਹੀ ਵੋਟਾਂ ਦਾ ਝੰਜਟ ਮੁੱਕ ਗਿਆ ਤੇ ਉਹ ਮੁੜ ਮੰਤਰੀ ਬਣ ਗਏ... ਫਿਰ ਉਹਤੋਂ ਬਾਅਦ ਕਿੰਨੇ ਚੱਕਰ ਕੱਟੇ ਮੈੰ ਦਫ਼ਤਰਾਂ ਦੇ ...ਪਰ ਮੰਤਰੀ ਜੀ ਨੂੰ ਹੋਰ ਵੀ ਕੰਮ ਬਥੇਰੇ...ਸਾਡੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ... ਉਂਜ ਵੀ ਅਸੀਂ ਇੱਕ ਦੋ ਵਾਰ  ਪਿੰਡੋਂ ਗੱਡੀ ਕਰਵਾ ਕੇ ਗਏ... ਸਾਡੇ ਨਾਲ ਪਿੰਡ ਦੇ ਸਰਪੰਚ , ਪੰਚ ਤੇ ਇਕ ਦੋ ਹੋਰ ਮੋਹਤਬਰ ਬੰਦੇ ਹੋਰ ਹੁੰਦੇ...ਮੇਰਾ ਪਿਓ ਹਰ ਵਾਰ ਛੇ ਸੱਤ ਹਜਾਰ  ਹਜ਼ਾਰ ਥੱਲੇ ਦਰੜਿਆ ਜਾਂਦਾ ...  ਦਿਹਾੜੀਦਾਰ ਬੰਦੇ ਲਈ ਇਹ ਰਕਮ ਬਹੁਤ ਜ਼ਿਆਦਾ... ਨਾਲੇ ਕੌਣ ਕਿਸੇ ਲਈ ਵਿਹਲਾ ਤੀਏ ਦਿਨ ?  ਜਦੋਂ ਗੱਲ ਬਣਦੀ ਨਾ ਦਿਸੀ ਤਾਂ ਅਸੀਂ ਪਿਉ ਧੀ ਦੋਵੇਂ ਹੀ ਬੱਸ 'ਤੇ ਜਾਣ ਲੱਗੇ ...ਸਵੇਰ ਤੋਂ ਸ਼ਾਮ ਖੱਜਲ ਹੁੰਦੇ ਅਤੇ ਦਿਹਾੜੀ ਭੰਨ ਘਰ ਮੁੜ ਆਉਂਦੇ ...ਪਰ ਹੁਣ ਜੀਅ ਨਹੀਂ ਕਰਦਾ ਹੋਰ ਧੱਕੇ ਖਾਣ ਨੂੰ "
              ਉਸ ਦੀਆਂ ਸੱਚੀਆਂ ਸੁੱਚੀਆਂ ਗੱਲਾਂ ਸੁਣ ਮੇਰੇ ਮਨ ਵਿੱਚ ਅਜੀਬ ਜਿਹੀ ਖਲਬਲੀ ਮੱਚ ਗਈ ਤੇ ਅਨੇਕਾਂ ਪ੍ਰਸ਼ਨ ਮੇਰੀਆਂ ਅੱਖਾਂ ਮੂਹਰੇ ਉੱਘੜ ਉੱਘੜ ਕੇ ਸਾਹਮਣੇ ਆ ਖੜ੍ਹੇ ।  ਮੇਰੇ ਮੂੰਹੋਂ ਫੇਰ ਨਿਕਲਿਆ ," ਤੈਨੂੰ ਕੋਈ ਹੋਰ ਸਹੂਲਤ ਨਹੀਂ ਮਿਲੀ  ? ਅੱਗੇ ਪੜ੍ਹਾਈ ਜਾਰੀ ਰੱਖਣ ਲਈ ਕੋਈ ਵਜੀਫ਼ਾ ਵਗੈਰਾ ? " ਮੇਰੇ ਇਸ ਪ੍ਰਸ਼ਨ ਤੇ ਉਹ ਬੁਝੀ - ਬੁਝੀ ਜਿਹੀ ਆਖਣ ਲੱਗੀ ,"  ਸਾਡੇ ਵਰਗਿਆਂ ਨੂੰ ਕੀ ਸਹੂਲਤ ਮਿਲਣੀ ? ਸਾਡਾ ਸਾਰਾ ਪਰਿਵਾਰ ਲੱਗਿਆ ਹੋਇਆ ਖੇਤ ਠੇਕੇ 'ਤੇ ਲੈ ਕੇ ਝੋਨਾ ਲਾਉਣ ...ਢਾਈ ਤਿੰਨ ਸੌ ਰੁਪਏ ਦਿਹਾੜੀ ਇੱਕ ਬੰਦੇ ਨੂੰ ਪੈ ਰਹੀ ਹੈ...ਇਹ ਪੈਸੇ ਮੇਰੀ ਫੀਸ ਲਈ ਨੇ...ਹੋਰ ਦਿਹਾੜੀਆਂ ਲਾ ਕੇ ਘਰ ਦਾ ਖਰਚਾ ਪਾਣੀ ਤੁਰਦਾ ਹੋ ਜਊ। "ਉਸ ਦੀਆਂ ਗੱਲਾਂ ਸੁਣ ਮੇਰੀਆਂ ਅੱਖਾਂ  ਭਰ ਆਈਆਂ। ਇੰਨੇ ਨੂੰ ਉਹਦੇ ਪਿਉ ਨੇ ਉਸ ਨੂੰ ਆਵਾਜ਼ ਮਾਰੀ ਤੇ ਉਹ ਚੰਗਾ... ਭੈਣ ਜੀ ,  ਆਖ ਖੇਤ ਵਿਚ ਜਾ ਵੜੀ ਤੇ ਝੋਨੇ ਦੀ ਗੁੱਛੀ ਚੁੱਕ ਆਪਣੇ ਪਿਓ ਦੇ ਕਦਮਾਂ  ਨਾਲ ਕਦਮ ਮਿਲਾਉਂਦੀ ਹੋਈ ਕਾਹਲ਼ੀ  ਕਾਹਲ਼ੀ ਝੋਨਾ ਲਾਉਣ ਲੱਗੀ ।
           ਜਦੋੰ ਮੈੰ ਗੱਡੀ ਸਟਾਰਟ ਕੀਤੀ , ਗੱਡੀ ਦੀ ਰਫ਼ਤਾਰ ਦੇ ਨਾਲ ਨਾਲ ਮੇਰੀਆਂ ਸੋਚਾਂ ਵਿਚ ਸ਼ਰਨਦੀਪ ਦੀ ਜ਼ਿੰਦਗੀ ਦੇ  ਅਤੀਤ ਦੇ  ਵਰਕੇ ਆਪਣੇ ਆਪ ਉੱਥਲ ਪੁੱਥਲ ਹੋਣ ਲੱਗੇ । ਸ਼ਰਨਦੀਪ ਨੂੰ ਸਾਰੇ ਚੈਂਪੀਅਨ ਆਖਦੇ ਸਨ । ਆਖਣਾ ਹੀ ਸੀ ਉਹ  ਚੈਂਪੀਅਨ ਜੋ ਸੀ , ਜਿਹਨੇ ਆਪਣੀ ਪ੍ਰਤਿਭਾ ਨਾਲ ਸਾਰੇ ਦੇਸ਼ ਦਾ ਨਾਮ ਰੌਸ਼ਨ ਕੀਤਾ । ਜਦੋਂ ਮੈਂ ਸ਼ਰਨਦੀਪ ਵੱਲ ਵੇਖਦੀ ਮੈਨੂੰ ਬਹੁਤ ਹੈਰਾਨੀ ਹੁੰਦੀ ਕਿ ਇਕ ਪੱਛੜੇ ਜਿਹੇ ਪਿੰਡ ਅਤੇ ਮੱਧਵਰਤੀ ਪਰਿਵਾਰ  ਦੀ ਧੀ  ਚੈਂਪੀਅਨ । ਮੈਂ ਨਾਲ ਦੇ ਪਿੰਡ ਵਿੱਚ ਇੱਕ ਸਿਲਾਈ ਕਢਾਈ  ਸੈਂਟਰ ਦੀ ਇੰਸਪੈਕਸ਼ਨ ਕਰਨ ਆਈ ਸਾਂ ਜਦੋਂ ਸ਼ਰਨਦੀਪ ਪਹਿਲੀ ਵਾਰ ਮੈਨੂੰ ਉਸ ਸੈਂਟਰ ਵਿੱਚ ਮਿਲੀ ਆਪਣੀ ਇੱਕ ਸਹੇਲੀ ਨਾਲ । ਮੈਨੂੰ ਉਹਦੀ ਸਹੇਲੀ ਭੁਪਿੰਦਰ ਨੇ ਮਿਲਾਇਆ ਸੀ ਓਸ ਨਾਲ । ਭੁਪਿੰਦਰ ਉੱਥੇ ਸਿਲਾਈ ਕਢਾਈ ਸਿੱਖਦੀ ਸੀ । ਸ਼ਰਨਦੀਪ ਟਰੈਕ ਸੂਟ ਪਾਈ , ਹੱਥ ਵਿੱਚ ਇੱਕ ਟਰਾਫੀ ਅਤੇ ਸਰਟੀਫਿਕੇਟ ਫੜੀ ਖੜ੍ਹੀ ਸੀ । ਮੈਂ ਉਤਸੁਕਤਾ ਨਾਲ ਭੁਪਿੰਦਰ ਨੂੰ ਪੁੱਛਿਆ ," ਇਹ ਕੁੜੀ ?" ਭੁਪਿੰਦਰ ਨੇ ਮੈਨੂੰ ਸ਼ਰਨਦੀਪ ਬਾਰੇ ਦੱਸਿਆ ਕਿ ਇਹ ਜੂਡੋ ਕਰਾਟੇ ਦੀ ਖਿਡਾਰਨ ਹੈ। ਅੱਜ ਵੀ ਕਿਸੇ ਟੂਰਨਾਮੈਂਟ ਵਿੱਚ ਜਿੱਤ ਕੇ ਆਈ ਹੈ । ਬਹੁਤ ਵਧੀਆ ਖੇਡਦੀ ਹੈ । ਮੈਂ ਉਸ ਨੂੰ ਵੇਖ ਬਹੁਤ ਪ੍ਰਭਾਵਿਤ  ਹੋਈ ਤੇ ਸੋਚਣ ਲੱਗੀ ਕਿ ਜੇਕਰ ਸਾਡੇ ਕੁੜੀਆਂ ਸ਼ਰਨਦੀਪ ਵਾਂਗੂੰ ਹੋਣਹਾਰ ਹੋਣ ਤਾਂ ਕਿੰਨੇ ਵਧੀਆ ਸਮਾਜ ਦੀ ਸਿਰਜਣਾ ਹੋਵੇ ।   ਸ਼ਰਨਦੀਪ ਤਾਂ ਚਲੇ ਗਈ ਪਰ ਉਹਦੇ ਜਾਣ ਮਗਰੋਂ ਵੀ ਦੋ- ਚਾਰ ਦਿਨ ਤਾਂ ਮੇਰੀ ਸੋਚਾਂ ਦੀ ਸੂਈ ਉਹਦੇ ਆਲੇ ਦੁਆਲੇ ਹੀ ਅਟਕੀ ਰਹੀ । ਫੇਰ ਮੈਂ ਆਪਣੇ ਹੋਰ ਕੰਮਾਂ ਦੇ ਰੁਝੇਵਿਆਂ 'ਚ ਭੁੱਲ ਭੁੱਲਾ ਗਈ।
                   ਮੁੜ ਇੱਕ ਦਿਨ ਸ਼ਰਨਦੀਪ ਮੈਨੂੰ ਰਾਹ ਜਾਂਦੀ ਟੱਕਰ ਗਈ। ਅੱਜ ਉਹਦੀ ਦਿੱਖ ਉਸ ਦਿਨ ਨਾਲੋਂ ਬਿਲਕੁਲ ਵੱਖਰੀ ਹੀ ਸੀ । ਉਹ ਘਸਮੈਲੇ ਜਿਹੇ ਕੱਪੜਿਆਂ ਵਿੱਚ ਸਿਰ 'ਤੇ  ਕੱਖਾਂ ਦੀ ਪੰਡ ਚੁੱਕੀ ਆਪਣੀ ਮਾਂ ਦੀਆਂ ਪੈੜਾਂ ਨੱਪਦੀ  ਹੋਈ ਸਾਹੋ ਸਾਹੀ ਹੋਈ ਪਈ ਸੀ। ਸ਼ਰਨਦੀਪ ਨੂੰ ਵੇਖ ਮੈੰ ਗੱਡੀ ਰੋਕ  ਦੋਵਾਂ ਮਾਵਾਂ ਧੀਆਂ ਦਾ ਹਾਲ ਚਾਲ ਪੁੱਛ ਸੈਲਫ਼ ਮਾਰੀ। ਉਸ ਦਿਨ ਵੀ ਸ਼ਰਨਦੀਪ ਦਾ ਇਹ ਵੱਖਰਾ ਰੂਪ ਸਾਰਾ ਦਿਨ ਮੇਰੇ ਦਿਲੋ ਦਿਮਾਗ਼ ਤੇ ਭਾਰੂ ਹੋਇਆ ਰਿਹਾ ਕਿ ਉਹ ਕਰਾਟੇ ਚੈਂਪੀਅਨ ਵੀ ਹੈ ਅਤੇ ਆਪਣੀ ਮਾਂ ਨਾਲ ਘਰ ਤੇ ਡੰਗਰ ਪਸ਼ੂਆਂ ਲਈ ਫ਼ਿਕਰਮੰਦ ਵੀ।
        ਉਹਦੀ ਸਹੇਲੀ ਭੁਪਿੰਦਰ ਨੇ ਮੈਨੂੰ ਦੱਸਿਆ ਕਿ ਉਹ ਸ਼ੁਰੂ ਤੋੰ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ ।  ਬਾਰ੍ਹਵੀਂ ਤੱਕ ਜਮਾਤ ਵਿੱਚ ਪਹਿਲੇ ਨੰਬਰ 'ਤੇ ਆਉਂਦੀ ਰਹੀ ਤੇ ਹੁਣ ਬੀ . ਏ ਵਿਚ ਦਾਖਲਾ ਲੈ ਲਿਆ ਹੈ । ਮੇਰੇ ਮਨ ਵਿਚ ਸ਼ਰਨਦੀਪ ਦੀ ਜ਼ਿੰਦਗੀ  ਬਾਰੇ ਹੋਰ ਜਾਣਨ ਦੀ ਜਗਿਆਸਾ ਪਾਸੇ ਲੈਣ ਲੱਗੀ ।
         ਇਕ ਦਿਨ ਤਪਦੀ ਦੁਪਹਿਰ 'ਚ ਆਪਣੇ ਨਿੱਤ ਦੇ ਰੁਝੇਵਿਆਂ ਚੋਂ ਵਿਹਲ ਕੱਢ ਮੈਂ ਭੁਪਿੰਦਰ  ਨਾਲ ਸ਼ਰਨਦੀਪ ਦੇ ਪਿੰਡ ਜਾ ਪਹੁੰਚੀ । ਭੁਪਿੰਦਰ ਇੱਕ ਕੱਚੇ ਜਿਹੇ ਘਰ ਅੱਗੇ ਗੱਡੀ ਰੁਕਵਾ  ਇਸ਼ਾਰਾ ਕਰ ਕੇ ਆਖਣ ਲੱਗੀ ,"ਮੈਡਮ ਜੀ ! ਉਹ ਸਾਹਮਣੇ ਵਾਲਾ ਘਰ ਹੈ ਸ਼ਰਨਦੀਪ ਦਾ ।" ਅਸੀਂ ਗੱਡੀ ਚੋੰ ਉਤਰ ਉਹਦੇ  ਘਰ ਦਾ ਬੂਹਾ ਜਾ ਖੜਕਾਇਆ ਤਾਂ ਅੰਦਰੋਂ ਨੰਗੇ ਪੈਰੀਂ ਇੱਕ ਅੱਧਖੜ ਉਮਰ ਦਾ ਵਿਅਕਤੀ ਜਿਹਦੇ ਸਿਰ 'ਤੇ ਧੌਲੇ ਉਹਦੀ ਉਮਰ ਤੋਂ ਪਹਿਲਾਂ ਬੁਢਾਪੇ ਨੂੰ ਜੱਫ਼ੀ ਪਾਉਣ ਦੀ ਮੂੰਹੋਂ ਬੋਲਦੀ ਕਹਾਣੀ ਪ੍ਰਤੀਤ ਹੋ ਰਹੇ ਸਨ , ਨੇ ਆਣ ਬੂਹਾ ਖੋਲ੍ਹਿਆ। ਭੁਪਿੰਦਰ ਨੇ ਉਸ ਵਿਅਕਤੀ ਨਾਲ ਮੇਰੀ ਜਾਣ ਪਛਾਣ ਕਰਵਾਉਣ ਤੋੰ ਬਾਅਦ ਜਦੋੰ ਸ਼ਰਨਦੀਪ ਬਾਰੇ ਪੁੱਛਿਆ , ਉਹਨੇ ਖਿੜੇ ਮੱਥੇ ਅੰਦਰ ਆਉਣ ਲਈ ਕਿਹਾ ਅਤੇ ਛੋਟੇ ਜਿਹੇ ਵਿਹੜੇ  ਵਿੱਚ ਡਹੇ ਹੋਏ ਦੋ ਬਾਣ ਦੇ ਮੰਜਿਆਂ ਚੋਂ ਇਕ 'ਤੇ ਸਾਨੂੰ ਬੈਠਣ ਲਈ ਇਸ਼ਾਰਾ ਕਰਦਾ ਹੋਇਆ ਦੂਸਰੇ ਤੇ ਆਪ ਬੈਠ ਗਿਆ । ਮੈਂ ਉਸ ਵਿਅਕਤੀ ਦੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗੀ , ਜਿਹਦੀ ਧੌਲੀ ਦਾੜ੍ਹੀ ਦੇ ਵਾਲ ਬੀੜੀਆਂ ਪੀਣ ਕਾਰਨ ਧੁਆਂਖੇ ਗਏ ਸਨ , ਅੱਖਾਂ ਮੋਤੀਆ ਹੋਣ ਦੀ ਗਵਾਹੀ ਦੇ ਰਹੀਆਂ ਸਨ। ਮਾੜਕੂ ਜਿਹੇ ਸਰੀਰ ਦਾ ਮਾਲਕ ਉਹ ਮੰਜੇ ਤੇ ਬੈਠਾ ਬੈਠਾ ਆਪਣੀ ਘਰਵਾਲੀ ਨੂੰ ਆਵਾਜ਼ਾਂ ਮਾਰਨ ਲੱਗਿਆ ਕਿ ਬਾਹਰ ਆਓ ਸ਼ਹਿਰੋਂ ਸਮਾਜ ਭਲਾਈ ਦਫ਼ਤਰੋਂ ਮੈਡਮ ਜੀ ਆਏ ਹਨ । ਸ਼ਰਨਦੀਪ ਉਸ ਦਿਨ ਘਰ ਨਹੀਂ ਸੀ। ਉਹਦੀ ਘਰਵਾਲੀ ਬਾਹਰ ਆਈ ਤੇ ਸਾਨੂੰ ਹੱਥ ਜੋੜ 'ਸਤਿ ਸ੍ਰੀ ਅਕਾਲ' ਬੁਲਾ ਮੁੜ ਚੁੱਲ੍ਹੇ ਵੱਲ ਚਲੀ ਗਈ ਚਾਹ ਧਰਨ ਲਈ। ਭਾਵੇਂ ਮੈਂ ਬਹੁਤ ਨਾਂਹ ਨੁੱਕਰ ਕੀਤੀ ਕਿ ਚਾਹ ਦੀ ਲੋੜ ਨਹੀਂ ਪਰ ਉਹਦੀ ਚਾਹ ਪਿਲਾਉਣ ਲਈ ਮੋਹ ਭਰੀ ਧੱਕੇਸ਼ਾਹੀ ਵੇਖ ਮੈਂ ਖ਼ੁਸ਼ੀ ਖ਼ੁਸ਼ੀ ਚਾਹ ਪੀਣ ਲਈ ਤਿਆਰ ਹੋ ਗਈ ।  ਜਦੋਂ ਮੈਂ ਸ਼ਰਨਦੀਪ ਬਾਰੇ ਪੁੱਛਿਆ ਕਿ ਕਿੱਥੇ ਹੈ ?  ਨਜ਼ਰ ਨਹੀਂ ਆ ਰਹੀ ...ਤਾਂ ਉਹਦਾ ਪਿਓ ਹਉਕਾ ਜਿਹਾ ਲੈ ਕੇ ਆਖਣ ਲੱਗਿਆ ," ਮੈਡਮ ਜੀ ! ਕੀ ਦੱਸੀਏ ? ਕਹਿੰਦੇ ਨੇ ਮਾੜੇ ਦੀ ਮਾੜੀ ਕਿਸਮਤ ...ਸ਼ਰਨਦੀਪ ਮੇਰੀ ਜੇਠੀ ਧੀ , ਜਦੋਂ ਹੋਈ ਘਰ 'ਚ ਚੁੱਪੀ ਜਿਹੀ ਛਾ ਗਈ...  ਮੇਰੀ ਬੀਬੀ ਤਾਂ ਮੱਥੇ ਤੇ ਘੁੱਟੀਆ ਪਾ ਬਹਿ ਗਈ ਧੀ ਦਾ ਨਾਂ ਸੁਣ ਕੇ... ਪਰ ਮੈਂ ਉਹਨੂੰ ਸਮਝਾਇਆ... ਬੇਬੇ! ਧੀਆਂ ਪੁੱਤਾਂ 'ਚ ਕੋਈ ਫ਼ਰਕ ਨਹੀਂ ਅੱਜਕੱਲ੍ਹ ... ਮੈਂ ਆਪਣੀ  ਧੀ ਨੂੰ ਪੜ੍ਹਾ ਲਿਖਾ ਕੇ ਵੱਡਾ ਅਫ਼ਸਰ ਬਣਾਓ... ਮੇਰੀਆਂ ਗੱਲਾਂ ਸੁਣ ਕੇ ਸਾਰੇ ਹੱਸਣ ਲੱਗ ਪਏ... ਪਰ ਮੈਂ ਸੋਚ ਲਿਆ ਜਿਹੜੇ ਸੁਫ਼ਨੇ ਮੇਰੇ ਪੂਰੇ ਨਹੀਂ ਹੋਏ ਕਦੇ ਉਹ ਮੈਂ ਧੀ ਦੀਆਂ ਅੱਖਾਂ 'ਚ ਵੇਖਣੇ ਤੇ ਪੂਰੇ ਵੀ ਕਰਨੇ ...ਮੈਨੂੰ ਰੱਬ ਨੇ ਧੀ ਵੀ ਬਹੁਤ ਲਾਇਕ ਦਿੱਤੀ... ਪਿੰਡ 'ਚ ਕੋਈ ਧੀ ਨਹੀਂ ਜਿਹੜੀ ਮੇਰੀ ਧੀ ਦਾ ਮੁਕਾਬਲਾ ਕਰ ਲਏ... ਕੋਈ ਸੁੰਹ ਨਈ ਖਾ ਸਕਦਾ ਮੇਰੀ ਧੀ ਦੀ " ਮੈਂ ਉਹਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣ ਰਹੀ ਸਾਂ ।
          ਮੈਂ ਬੈਠੀ ਬੈਠੀ ਸੋਚ ਰਹੀ ਸਾਂ ਭਾਵੇਂ ਗ਼ਰੀਬੀ ਨੇ ਝੰਬਿਆ ਪਿਆ ਪਰ ਫੇਰ ਵੀ ਕਿੰਨਾ ਦਲੇਰ ਜਿਹਨੇ ਆਪਣੀ ਜੰਮਦੀ ਧੀ ਦੇ ਸੁਪਨਿਆਂ ਨੂੰ ਪੂਰਨ ਦੇ ਆਪਣੇ ਆਪ ਨਾਲ ਕੀਤੇ ਵਾਅਦੇ ਨੂੰ ਹੁਣ ਤੱਕ ਨਿਭਾਇਆ । ਫਿਰ ਉਹ ਅੱਗੇ ਆਖਣ ਲੱਗਿਆ ਕਿ  ਪੰਜਵੀਂ ਤੱਕ ਪਿੰਡ ਦੇ ਸਰਕਾਰੀ ਸਕੂਲ 'ਚ ਆਪਣੀ ਧੀ ਪੜ੍ਹਾਈ । ਮਾਸਟਰ ਮਾਸਟਰਨੀਆਂ ਬਹੁਤ ਸਿਫ਼ਤਾਂ ਕਰਦੇ ਮੇਰੀ ਧੀ ਦੀਆਂ। ਫਿਰ ਛੇਵੀਂ 'ਚ ਨਾਲ ਦੇ ਪਿੰਡ ਦੇ ਵੱਡੇ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾ ਦਿੱਤੀ । ਉੱਥੇ ਇੱਕ ਭੈਣ ਜੀ ਆਉਂਦੀ ਸੀ ਚੰਡੀਗੜ੍ਹੋਂ ।ਉੱਥੇ ਹੀ ਰਹਿੰਦੀ ਸੀ ਪਿੰਡ 'ਚ ਕਮਰਾ ਲੈ ਕੇ ,'ਕੱਲੀਓ। ਉਹ ਕੁੜੀਆਂ ਨੂੰ ਸ਼ਾਮ ਵੇਲੇ ਕਰਾਟੇ ਸਿਖਾਉਂਦੀ । ਮੇਰੀ ਧੀ ਵੀ ਉਹਦੇ ਕੋਲ ਸ਼ਾਮ ਨੂੰ ਕਰਾਟੇ ਸਿੱਖਣ ਜਾਣ ਲੱਗੀ । ਮੇਰੀ ਧੀ ਦੀ ਚੁਸਤੀ ਫ਼ੁਰਤੀ ਦੇਖ ਉਹ ਹੈਰਾਨ ਰਹਿ ਗਈ ਤੇ ਮੈਨੂੰ ਸਕੂਲ ਸੱਦ ਕੇ ਕਹਿਣ ਲੱਗੀ ਕਿ ਤੁਹਾਡੀ ਧੀ ਤਾਂ ਇੱਕ ਦਿਨ ਤੁਹਾਡਾ ਹੀ ਨਹੀਂ ਸਾਡੇ ਸਕੂਲ ਦਾ ਵੀ ਨਾਂ ਰੋਸ਼ਨ ਕਰੂੰ ।  ਮੈਂ ਇਹਨੂੰ  ਕੋਚਿੰਗ ਦੇਣੀ । ਫੇਰ  ਦੇਖਿਓ ਇਹ ਕਿੱਥੇ ਤੋਂ ਕਿੱਥੇ ਜਾਂਦੀ ? ਬਸ , ਭੈਣ ਜੀ ! ਫੇਰ ਕੀ ਸੀ ? ਉਹੀ ਗੱਲ ਹੋਈ ਮੇਰੀ ਧੀ ਸਕੂਲੋਂ  ਆ ਆਪਣੀ  ਮਾਂ ਨਾਲ ਪੱਠੇ ਲਿਆਉਂਦੀ ਡੰਗਰਾਂ ਲਈ। ਫਿਰ ਸ਼ਾਮ ਨੂੰ ਪੁੱਜ ਜਾਂਦੀ ਭੈਣ ਜੀ ਕੋਲ ਸਕੂਲ ਦੇ ਗਰਾਊਂਡ 'ਚ । ਬਹੁਤ ਮਿਹਨਤ ਕੀਤੀ ਮੇਰੀ ਧੀ ਨੇ ਤੇ ਉਸ ਭੈਣ ਜੀ ਦਾ ਦੇਣ ਤਾਂ ਮੈਂ ਕਦੇ ਨਹੀਂ ਚੁਕਾ ਸਕਦਾ ਜਿਹਨੇ ਮੇਰੀ ਕਿ ਧੀ ਨੂੰ ਪਛਾਣਿਆ । ਜਿੱਥੇ ਕਦੀ ਖੇਡਾਂ ਹੁੰਦੀਆਂ ਭੈਣ ਜੀ ਲੈ ਜਾਂਦੀ ਆਪਣੇ ਨਾਲ ਤੇ ਇਹ ਮੈਡਲ ਜਿੱਤ ਕੇ ਹੀ ਮੁੜਦੀ । ਸਾਰੇ ਪਿੰਡ ਦੇ ਬਥੇਰਾ ਚਾਅ ਕਰਦੇ । ਚਾਅ ਤਾਂ ਆਪੇ ਕਰਨਾ ਸਭ ਨੇ ਜਦ ਅਖ਼ਬਾਰਾਂ 'ਚ ਮੇਰੀ ਧੀ ਦੇ ਨਾਂ ਨਾਲ  ਪਿੰਡ ਦਾ ਨਾਂ ਜੁੜਦੈ।ਵਧਾਈਆਂ ਦੇਣ ਵਾਲਿਆਂ ਨਾਲ ਸਾਡੇ ਵਿਹੜਾ ਭਰ ਜਾਂਦੈ। ਉਹ ਲੋਕ ਮੇਰੇ ਘਰ ਢੁੱਕਦੇ ...ਮੇਰੀ ਧੀ ਦੀਆਂ ਸਿਫ਼ਤਾਂ ਕਰਦੇ ਨਾ ਥੱਕਦੇ ... ਜਿਹੜੇ ਕਦੀ ਨੱਕ ਬੁੱਲ੍ਹ ਵੱਟ ਕੋਲੋਂ ਲੰਘਦੇ ਸਨ। ਮੇਰੀ ਬੇਬੇ ਵੀ ਹੁਣ ਤਾਂ ਆਪਣੀ ਪੋਤੀ ਨੂੰ ਵੇਖ ਲੱਖ ਲੱਖ ਅਸੀਸਾਂ ਦਿੰਦੀ ।  ਭੈਣ ਜੀ ! ਦਸਵੀਂ ਤੱਕ ਪਤਾ ਨਹੀਂ ਕਿੰਨੇ ਟੂਰਨਾਮੈਂਟ ਖੇਡੇ ਮੇਰੀ ਧੀ ਨੇ । ਘਰ 'ਚ ਟਰਾਫੀਆਂ ਮੈਡਲ ਰੱਖਣ ਦੀ ਵੀ ਹੁਣ ਤਾਂ ਥਾਂ ਨਹੀਂ । ਭਰੇ ਪਏ ਟਰੰਕ ਵੇਖ ਲਓ। ਮੈਂ ਤੇ ਮੇਰੀ ਘਰਵਾਲੀ ਦੀ ਆਸ ਬੱਝ ਗਈ ਆਪਣੀ ਬੱਚੀ ਨੂੰ ਲੈ ਕੇ ਕਿ ਇਹਨੇ ਸਾਡੀ ਕੁਲ ਤਾਰ ਦੇਣੀ । ਅਸੀਂ ਦੋਵੇਂ  ਮਾਲਕ ਤੀਵੀਂ ਦਿਹਾੜੀਆਂ ਕਰ ਪੈਸੇ ਆਪਣੀ ਧੀ 'ਤੇ ਲਾਉਂਦੇ ।
          ਪਰ ਪਤਾ ਨਹੀਂ ਸਕੂਲ ਸਟਾਫ਼ ਨਾਲ ਭੈਣ ਜੀ ਦੀ ਕੀ ਅਣਬਣ ਹੋ ਗਈ ਕਿ ਭੈਣ ਜੀ ਦੀ ਬਦਲੀ ਕਿਧਰੇ ਦੂਰ ਦੀ ਹੋ ਗਈ । ਭੈਣ ਜੀ ਤਾਂ ਆਪੇ ਲੈ ਜਾਂਦੀ ਸੀ ਹਰੇਕ ਥਾਂ ਮੇਰੀ ਧੀ ਨੂੰ ਪਰ ਉਹਦੇ ਜਾਣ ਤੋਂ ਬਾਅਦ ਅਧਿਆਪਕਾਂ ਨੇ ਹੱਥ ਪੱਲਾ ਨਾ ਫੜਾਇਆ । ਫੇਰ ਮੈਂ ਆਪੇ ਚਲਿਆ ਗਿਆ ਅੰਮ੍ਰਿਤਸਰ ਟੂਰਨਾਮੈਂਟ 'ਚ ਆਪਣੀ ਧੀ ਨੂੰ ਲੈ ਕੇ। ਤੁਸੀਂ ਤਾਂ ਜਾਣਦੇ ਹੀ ਹੋ ਮੈਡਮ ਜੀ ਮੈਂ ਦਿਹਾੜੀਦਾਰ ਬੰਦਾ । ਦਿਹਾੜੀ ਵੀ ਫੁੱਟ ਗਈ ਉੱਦਣ ਤੇ ਉਂਜ ਵੀ ਪੰਜ ਛੇ ਸੌ ਰੁਪਏ ਖਰਚ ਆਇਆ। ਜਦੋਂ  ਸਕੂਲ ਅਧਿਆਪਕਾਂ ਨੂੰ ਪਤਾ ਲੱਗਿਆ ਕਿ ਮੇਰੀ ਧੀ  ਅੰਮ੍ਰਿਤਸਰ ਟੂਰਨਾਮੈਂਟ ਵਿੱਚ ਆਪੇ ਜਾ ਕੇ ਟਰਾਫ਼ੀ ਜਿੱਤ ਲਿਆਈ ਉਨ੍ਹਾਂ ਮੇਰੀ ਧੀ ਨੂੰ ਹੱਲਾਸ਼ੇਰੀ ਦੇਣ ਦੀ ਥਾਂ  ਤੰਗ ਕਰਨਾ ਸ਼ੁਰੂ ਕਰ ਦਿੱਤਾ । ਗੱਲ ਗੱਲ ਤੇ ਆਖਣ ਲੱਗੇ ," ਤੂੰ ਬਹੁਤੀ ਚੈਪੀਅਨ ਬਣੀ ਫਿਰਦੀ ਐ ... ਇੱਥੇ ਵੇਖ ਲਈਂ ਬੱਠਲ ਈ ਕੰਮ ਆਉਣੈ ਤੇਰੇ ਵਰਗੀਆਂ ਦੇ ...ਜਿਹਦੇ ਸਿਰ 'ਤੇ ਛਾਲਾਂ ਮਾਰਦੀ ਸੀ ਉਹਨੇ ਤਾਂ ਹੁਣ ਮੁੜ ਕੇ ਨਹੀਂ ਆਉਣਾ " ਪਰ ਮੇਰੀ ਧੀ ਨੇ ਹੌਸਲਾ ਨਾ ਹਾਰਿਆ । ਅਧਿਆਪਕਾਂ ਦੀਆਂ ਖਰੀਆਂ ਖੋਟੀਆਂ ਸੁਣਦੀ ਰਹੀ ਚੁੱਪਚਾਪ।  ਅਧਿਆਪਕਾਂ ਦੇ ਮੂੰਹੋਂ 'ਚੈਂਪੀਅਨ' ਸੁਣ ਸਾਰੇ ਜੁਆਕ ਮੇਰੀ ਧੀ ਨੂੰ 'ਚੈਂਪੀਅਨ' 'ਚੈਂਪੀਅਨ' ਆਖਦੇ ਅਤੇ ਮੇਰੀ ਧੀ ਹੱਸਦੀ  ਹੋਈ ਆਖਦੀ ," ਅਧਿਆਪਕ ਕਿਹੜਾ ਝੂਠ ਬੋਲਦੇ ? ਮੈਂ 'ਚੈਂਪੀਅਨ' ਹੀ ਹਾਂ ਤੇ ਹਮੇਸ਼ਾ ਰਹਾਂਗੀ ਵੀ " ਮੇਰੀ ਧੀ ਨੇ ਆਪਣੇ ਸੁਪਨੇ ਸੱਚ ਕਰ ਵਿਖਾਏ ਜਦੋਂ ਮਲੇਸ਼ੀਆ ਖੇਡਣ ਲਈ  ਚੁਣੀ ਗਈ ਅਤੇ ਜਿੱਤ ਕੇ ਪਰਤੀ ਚਾਂਦੀ ਦਾ ਮੈਡਲ । ਅਖ਼ਬਾਰਾਂ ਵਾਲੇ !  ਟੀ.ਵੀ ਵਾਲੇ ਸਾਰਿਆਂ ਦਾ ਮੇਲਾ ਲੱਗ ਗਿਆ ਮੇਰੇ ਘਰ ...ਪੈਰ ਰੱਖਣ ਦੀ ਥਾਂ ਨਹੀਂ ਸੀ ਜਿੱਦਣ ਮੇਰੀ ਧੀ ਘਰ ਪਰਤੀ । ਫੁੱਲਾਂ ਦੇ ਹਾਰਾਂ ਨਾਲ ਗਰਦਨ ਲਫ਼ੀ ਪਈ ਸੀ । ਸਾਨੂੰ ਵੀ ਕੁਝ ਹੌਸਲਾ ਹੋਇਆ ਕਿ ਬੱਸ ਹੁਣ ਸਭ ਠੀਕ ਹੋ ਜਾਊਂਗਾ । ਸਾਡੇ ਵੀ ਦਿਨ ਫਿਰ ਗਏ ਸਮਝੋ  ।  ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪਾਰਟੀਆਂ ਦੇ ਬੰਦਿਆਂ ਨੇ ਵਾਅਦੇ ਕੀਤੇ ਕਿ ਇਹਨੂੰ ਨੌਕਰੀ ਦਿਵਾ ਕੇ ਹੀ ਸਾਹ ਲਵਾਂਗੇ । ਮੇਰੀ ਧੀ ਨੇ ਔਖਿਆਂ ਸੌਖਿਆਂ ਪੀ .ਪੀ. ਐੱਡ ਵੀ ਕਰ ਲਈ । ਛੁੱਟੀ ਵਾਲੇ ਦਿਨ ਦਿਹਾੜੀ ਕਰਦੀ ਸਾਡੇ ਨਾਲ । ਪਰ ਵੇਖ ਲਓ! ਭਾਗਾਂ ਦਾ ਖੱਟਿਆ ਈ ਖਾਂਦੈ ਬੰਦਾ । ਜਦੋਂ ਮੈਂ ਉਹਦੀਆਂ ਗੱਲਾਂ ਸੁਣ ਰਹੀ ਸਾਂ ਤਾਂ ਮੇਰਾ ਦਿਲ ਉਹਦੇ, ਉਹਦੀ ਧੀ ਤੇ ਪਰਿਵਾਰ ਦੀ ਸਿਰੜ ਅਤੇ ਹਿੰਮਤ ਅੱਗੇ ਝੁਕ ਰਿਹਾ ਸੀ। ਗੱਲਾਂ ਬਾਤਾਂ ਕਰ ਚਾਹ ਦਾ ਘੁੱਟ ਭਰ ਅਸੀਂ ਵਾਪਿਸ ਆ ਗਈਆਂ । ਅਸੀਂ ਸਾਰੇ ਰਾਹ ਉਸ ਸਿਰੜੀ ਕੁੜੀ ਬਾਰੇ ਹੀ ਗੱਲਾਂ ਬਾਤਾਂ ਕਰਦੀਆਂ ਰਹੀਆਂ।
            ਮਹੀਨੇ ਕੁ ਬਾਅਦ ਨਾਲ ਲਗਦੇ ਪਿੰਡ ਦੇ ਇਕ ਪ੍ਰੋਗਰਾਮ 'ਚ ਆਉਣ ਦਾ ਸੱਦਾ ਮਿਲਿਆ । ਖੇਡ ਮੰਤਰੀ ਜੀ ਆ ਰਹੇ ਸਨ ।  ਪਿੰਡ ਦੇ ਮੋਹਤਬਰ ਬੰਦਿਆਂ ਨੇ ਇਸ ਹੋਣਹਾਰ ਧੀ ਨਾਲ ਮੰਤਰੀ ਜੀ ਨੂੰ ਮਿਲਾਇਆ ।  ਮੰਤਰੀ ਜੀ ਨੇ ਇਸ ਧੀ ਨੂੰ ਇਸ ਦੀਆਂ ਪ੍ਰਾਪਤੀਆਂ ਵੇਖ ਥਾਪੜਾ ਦਿੱਤਾ ਅਤੇ ਆਪਣੇ ਦਫ਼ਤਰ ਵਿਚ ਆਉਣ ਲਈ ਆਖਿਆ ।  ਮੈਂ ਖ਼ੁਸ਼ ਸਾਂ ਕਿ ਹੁਣ ਇਸ ਪਰਿਵਾਰ ਦੀ ਗਰੀਬੀ ਕੱਟੀ ਜਾਵੇਗੀ, ਇਨ੍ਹਾਂ ਦੇ ਵੀ ਦਿਨ ਫਿਰਨਗੇ। ਮੈਨੂੰ ਫਖ਼ਰ ਮਹਿਸੂਸ ਹੋ ਰਿਹਾ ਸੀ ਕਿ ਇਸ ਧੀ ਦੇ  ਮੂੰਹ ਚੋਂ ਨਿਕਲੇ ਬੋਲ ਉਹਨੂੰ ਖੇਡਾਂ 'ਚ ਹੀ ਨਹੀਂ ਅਸਲ ਜ਼ਿੰਦਗੀ 'ਚ ਵੀ ਚੈਂਪੀਅਨ ਸਾਬਿਤ ਕਰਨਗੇ। ਮੁੜ ਮੈਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਰੁੱਝ ਗਈ ਅਤੇ ਅੱਜ ਤਿੰਨ ਸਾਲਾਂ ਬਾਅਦ  ਸ਼ਰਨਦੀਪ ਨੂੰ ਵੇਖ  ਸੋਚਾਂ ਵਿਚ ਪੈ ਗਈ।  
                  ਘਰ ਆ ਕੇ ਵੀ ਸੋਚਾਂ ਵਿੱਚ ਘੁੰਮਦਾ  ਸ਼ਰਨਦੀਪ  ਦਾ ਚਿਹਰਾ ਮੁੜ ਮੁੜ ਮੇਰੀਆਂ ਅੱਖਾਂ ਮੁਹਰੇ ਘੁੰਮਦਾ ਰਿਹਾ। ਮੇਰੇ ਮਨ ਅੰਦਰ ਇੱਕੋ ਸਵਾਲ ਉੱਭਰ ਰਿਹਾ ਸੀ ਕਿ ਆਖਿਰ ਉਸ ਮਿਹਨਤੀ ਧੀ ਨੂੰ ਨੌਕਰੀ ਕਿਉੰ ਨਹੀਂ ਮਿਲ ਸਕੀ? ਮੈਂ ਆਪਣੇ ਮਨ ਅੰਦਰ ਦਸਤਕ ਦੇ ਰਹੇ ਇਸ ਸਵਾਲ ਦਾ ਉੱਤਰ ਲੱਭਣ ਲਈ  ਉਹਦੇ ਘਰ ਦਾ  ਬੂਹਾ  ਖੜਕਾਏ ਬਗੈਰ ਨਾ ਰਹਿ ਸਕੀ । ਉਹਨੇ ਮੈਨੂੰ ਦੱਸਿਆ ਜਦੋਂ ਅਸੀਂ ਮੰਤਰੀ ਜੀ ਨੂੰ ਮਿਲਣ ਲਈ ਗਏ , ਉਡੀਕ ਕਮਰੇ ਵਿਚ ਬੈਠਿਆਂ ਆਪਣੀ ਵਾਰੀ ਦੀ ਉਡੀਕ ਕਰਦਿਆਂ ਕਰਦਿਆਂ ਸਾਨੂੰ ਸਵੇਰ ਤੋਂ ਸ਼ਾਮ ਹੋ ਗਈ । ਜਦੋਂ ਅਸੀਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਾਂ ਸਾਥੋੰ ਬਾਅਦ ਇਕ ਹੋਰ ਖਿਡਾਰੀ ਕੁੜੀ ਤੇ ਇੱਕ  ਮੁੰਡਾ ਵੀ ਆਏ ਪਰ ਉਨ੍ਹਾਂ ਦੇ ਪਹਿਰਾਵੇ ਤੇ ਸਾਡੇ ਪਹਿਰਾਵਿਆਂ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ...ਕਿੱਥੇ ਅਸੀਂ ਦਿਹਾੜੀਦਾਰ ਬੰਦੇ... ਦਿਹਾੜੀ ਦੇ ਸਿਰ  ਦਿਨ ਕਟੀ ਕਰਨ ਵਾਲੇ...ਕਿੱਥੇ ਉਹ ਹਾਈ ਫਾਈ ਅਮੀਰ ਘਰ ਦੇ ਬੱਚੇ ...ਉਨ੍ਹਾਂ ਦੇ ਮਾਪਿਆਂ ਨੇ ਪਤਾ ਨ੍ਹੀਂ ਕਲਰਕ ਨਾਲ ਕੀ ਗਿੱਟ-ਮਿੱਟ ਕੀਤੀ...  ਉਨ੍ਹਾਂ ਦਾ ਨੰਬਰ ਸਾਡੇ ਤੋਂ ਪਹਿਲਾਂ ਲੱਗ ਗਿਆ ਅਤੇ ਉਨ੍ਹਾਂ ਦੀ ਫਾਈਲ ਵੀ ਮਿੰਟਾਂ ਵਿੱਚ ਮੰਤਰੀ ਜੀ ਕੋਲ ਪਹੁੰਚ ਗਈ ਜਿਵੇਂ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੋਵੇ ।  ਮੰਤਰੀ ਜੀ ਦੇ ਸਾਈਨ ਹੋਣ ਲੱਗਿਆਂ ਵੀ ਦੇਰ ਨਾ ਲੱਗੀ ।  ਉਹ ਬਹੁਤ ਖ਼ੁਸ਼ੀ ਖ਼ੁਸ਼ੀ ਦਫ਼ਤਰੋਂ ਗਏ ਅਤੇ ਅਸੀਂ ਸਵੇਰ ਦੇ ਭੁੱਖਣ ਭਾਣੇ ਬੈਠੇ ਰਹੇ ਤੇ ਸਾਡਾ ਧਿਆਨ ਮੁੜ ਮੁੜ ਦਫ਼ਤਰ  ਦੀ ਕੰਧ ਤੇ ਲੱਗੀ ਘੜੀ ਵੱਲ ਜਾ ਰਿਹਾ ਸੀ ਜਿਹਦੀਆਂ ਸੂਈਆਂ ਬਿਨਾਂ ਰੁਕੇ ਆਪਣੀ ਰਫ਼ਤਾਰ ਨਾਲ ਟੁਰੀਆਂ ਜਾ ਰਹੀਆਂ ਸਨ। ਸਾਨੂੰ ਇਹ ਵੀ ਫ਼ਿਕਰ ਸਤਾ ਰਹੀ ਸੀ ਕਿ ਕਿਧਰੇ ਅਖੀਰੀ ਬੱਸ ਨਾ ਲੰਘ ਜਾਏ ਸਾਡੇ ਪਿੰਡ ਦੀ । ਫਿਰ ਕਿਵੇਂ ਜਾਵਾਂਗੇ? ਮੇਰਾ ਪਿਉ ਤੋਂ ਜਦ ਸਬਰ ਨਾ  ਹੁੰਦਾ ਉਹ ਉੱਥੇ ਬੈਠੇ ਬਾਊ ਜੀ ਕੋਲ ਹੱਥ ਜੋੜ ਖੜ੍ਹ ਜਾਂਦਾਂ ਅਤੇ ਹਾੜ੍ਹੇ ਜਿਹੇ ਨਾਲ ਪੁੱਛਦਾ ," ਬਾਬੂ ਜੀ ! ਹੋਰ ਕਿੰਨੀ ਦੇਰ ਲੱਗਣੀ ? ਅਸੀਂ ਘਰ ਮੁੜਨਾ... ਅਸੀ ਤੜਕੇ ਦੇ  ਭੁੱਖਣ ਭਾਣੇ  ਘਰੋਂ ਤੁਰੇ ਹੋਏ ਹਾਂ "  ਅੱਗੋਂ ਗੰਜਾ ਜਿਹਾ ਬਾਬੂ ਐਨਕ ਠੀਕ ਕਰਦਾ ਹੋਇਆ ਰੁੱਖਾ ਜਿਹਾ ਜਵਾਬ ਦਿੰਦਿਆਂ ਸਾਨੂੰ ਕਿੰਨੀਆਂ ਹੀ ਗੱਲਾਂ ਸੁਣਾ ਦਿੰਦਾ ," ਭਾਈ ! ਮੰਤਰੀ ਜੀ ਨੂੰ ਸੌ ਕੰਮ... ਤੁਹਾਡੇ ਇਕੱਲੇ  ਲਈ ਤਾਂ ਬੈਠੇ ਨਹੀਂ ... ਜਦ ਤੁਹਾਨੂੰ ਅੰਦਰ ਬੁਲਾਉਂਗੇ ਤਾਂ ਭੇਜ ਦਿਆਂਗਾ ...ਹੁਣ ਚੁੱਪ ਚਾਪ ਬੈਠ ਜਾਓ ...ਨਾ ਆਪਣਾ ਦਿਮਾਗ ਖਰਾਬ ਕਰੋ ਨਾ ਸਾਡਾ...  ਜੇ ਤੁਸੀਂ ਤੜਕੇ ਦੇ ਘਰੋਂ ਤੁਰੇ ਹੋਏ ਤਾਂ ਸਾਡਾ ਕੀ ਕਸੂਰ ? ਮੈਂ ਕਿਹੜਾ ਤੁਹਾਨੂੰ ਚਿੱਠੀ ਦੇ ਕੇ ਸੱਦਿਆ ਸੀ... ਤੁਸੀਂ ਆਪਣੀ ਗਰਜ਼ ਨੂੰ ਬੈਠੇ ਹੋਏ " ਮੇਰਾ ਬਾਪੂ ਵਿਚਾਰਾ ਛੋਟਾ ਜਿਹਾ ਮੂੰਹ ਲੈ ਕੇ ਫਿਰ ਬੈਠ ਜਾਇਆ ਕਰੇ । ਉਸ ਗੰਜੇ ਕਲਰਕ ਦੀਆਂ ਘੂਰਦੀਆਂ ਅੱਖਾਂ ਵੇਖ ਮੈਨੂੰ  ਅੰਦਰੋਂ ਅੰਦਰੀ ਗੁੱਸਾ ਚੜ੍ਹਦਾ ਪਰ ਮੈਂ ਗੁੱਸੇ ਨੂੰ ਲੰਘਾਰ ਜਾਂਦੀ ਚੁੱਪਚਾਪ । ਪਰ ਆਖਿਰ ਕਦੋਂ ਤਕ ਚਲਦਾ ਇਹ ਸਿਲਸਿਲਾ । ਬਰਦਾਸ਼ਤ ਦੀ ਵੀ ਹੱਦ ਹੁੰਦੀ । ਸਵੇਰ ਤੋਂ ਸ਼ਾਮ ਤੱਕ ਸਾਨੂੰ ਬਿਠਾ ਕੇ ਆਖ ਦਿੰਦੇ  ," ਅੱਜ ਤੁਹਾਡਾ ਕੰਮ ਨਹੀਂ ਹੋ ਸਕਦਾ... ਮੰਤਰੀ ਜੀ ਨੂੰ ਹੁਣ ਜ਼ਰੂਰੀ ਮੀਟਿੰਗ 'ਤੇ ਜਾਣਾ ਪਿਆ ...ਤੁਸੀਂ ਅਗਲੇ ਮੰਗਲਵਾਰ ਆ ਜਾਇਓ ..." ਕਦੇ ਆਖਦੇ ਵੀਰਵਾਰ ਆ ਜਾਇਓ । ਦਫਤਰ ਦੇ ਗੇੜੇ ਮਾਰ ਮਾਰ ਸਾਡੀਆਂ ਜੁੱਤੀਆਂ ਘਸ ਗਈਆਂ । ਉਹ ਦਿਨ ਨਾ ਆਇਆ ਜਿਸ ਦਿਨ  ਮੰਤਰੀ ਜੀ ਕੋਲ ਸਾਡੇ ਲਈ ਵੀ ਵਕਤ ਹੋਵੇ ।
          ਫੇਰ ਉਹ ਆਖਣ ਲੱਗੀ ਮੈਨੂੰ ਯਾਦ ਹੈ ਇੱਕ ਵਾਰ  ਸਰਦੀਆਂ ਦੇ ਦਿਨਾਂ ਵਿੱਚ  ਬਾਪੂ ਨੂੰ ਤੇਜ਼ ਤਾਪ ਚੜ੍ਹਨ ਕਾਰਨ  ਮੈਂ ਜਾਣ ਤੋਂ ਨਾਂਹ ਨੁੱਕਰ ਕਰਨ ਲੱਗੀ ਤਾਂ ਵੀ ਬਾਪੂ ਨਾ ਮੰਨਿਆ । ਆਖਣ ਲੱਗਿਆ," ਝੱਲੀਏ! ਇੱਕ ਵਾਰ ਵੇਲਾ ਹੱਥੋਂ ਖੁੰਝ ਜਾਏ ਤਾਂ ਮੁੜ ਨਹੀਂ ਆਉਂਦੈ ...ਇਸ ਵਾਰ ਤਾਂ ਬਾਬੂ ਕਹਿੰਦਾ ਸੀ ਕੰਮ ਹੋਇਆ ਈ ਸਮਝੋ ...ਨਾਲੇ ਉਹ ਕਹਿੰਦਾ ਸੀ ਕੰਮ ਤਾਂ ਪੂਰਾ ਈ ਐ... ਮੰਤਰੀ ਜੀ ਦੀ ਮੋਹਰ ਲੱਗਣੀ ਹਸਤਾਖਰਾਂ ਵਾਲੀ ...ਉਹ ਉਨ੍ਹਾਂ ਸਾਡੇ ਨਾਲ ਮਿਲਣ ਤੋਂ ਬਾਅਦ ਲਗਾਉਣੀ... ਤਾਪ  ਵੀ ਗ਼ਰੀਬਾਂ ਨੂੰ ਪਰਖਦਾ ਰਹਿੰਦੈ... ਪਤਾ ਇਹਨੂੰ ਵੀ ਕਿ ਅਸੀਂ ਕਿਹੜਾ ਇਹ ਤੋਂ ਡਰਦੇ... ਇਹ ਤਾਂ ਅਮੀਰਾਂ ਦੇ ਚੋਚਲੇ ਕਿ ਥੋੜ੍ਹਾ ਜਿਹਾ ਤਾਪ ਹੋਇਆ ਮੱਲ ਕੇ ਬਹਿ ਜਾਓ ਡਾਕਟਰ ਦਾ ਬੂਹਾ ... ਉਨ੍ਹਾਂ ਕੋਲ ਹੈਗੇ ਵਾਧੂ ਪੈਸੇ ...ਸਾਡੇ ਵਰਗਿਆਂ ਦਾ ਬੁਖਾਰ ਤਾਂ ਦੋ ਤਿੰਨ ਦਿਨ ਚੜ੍ਹ ਕੇ ਆਪੇ ਬੇਸ਼ਰਮਾ ਵਾਂਗੂੰ ਲਹਿ ਜਾਂਦੈ ... ਜਦ ਕੋਈ ਖਾਤਰਦਾਰੀ ਨਹੀਂ ਹੁੰਦੀ ...ਉਹਨੀ ਪੈਰੀਂ ਪਿੱਛੇ ਮੁੜ ਜਾਂਦੈ " ਮੈਂ ਤੇ ਬਾਪੂ ਫੇਰ ਜਾ ਬੈਠੇ ਬਾਬੂ ਦੇ ਸਾਹਮਣੇ ।
           ਇਸ ਵਾਰ ਆਪਣੇ ਪਿਓ ਦਾ ਮੁਰਝਾਇਆ ਚਿਹਰਾ ਵੇਖ ਮੇਰੇ ਕਾਲਜੇ ਦਾ ਰੁੱਗ ਭਰ ਆਇਆ ।  ਮੈਂ ਬਾਬੂ ਕੋਲ ਜਾ ਖਡ਼੍ਹੀ ਅਤੇ ਬੜੀ ਹਲੀਮੀ ਨਾਲ ਆਖਿਆ ," ਸਰ ਜੀ ! ਮੇਰੇ ਪਾਪਾ ਦੀ ਸਿਹਤ ਅੱਜ ਠੀਕ ਨਹੀਂ ...ਤੁਸੀਂ ਵੇਖ ਲਓ...ਜੇ  ਕੰਮ ਛੇਤੀ ਬਣ ਸਕਦਾ ? " ਬਾਬੂ  ਮੈਨੂੰ ਸਿਰ ਤੋਂ ਪੈਰਾਂ ਤੱਕ ਬਹੁਤ ਭੈੜੀਆਂ ਨਜ਼ਰਾਂ ਨਾਲ ਵੇਖ ਆਖਣ ਲੱਗਿਆ ,"ਜੇ ਐਨੀ ਓ ਕਾਹਲ਼ੀ ਏ ਤਾਂ ਬਾਪੂ ਨੂੰ ਨਾਲ ਕਾਹਨੂੰ ਲੈ ਕੇ ਆਉਣਾ ਸੀ ? 'ਕੱਲੀ ਆ ਜਾਂਦੀ " ਉਸਦੀ ਇਹ ਦੂਹਰੇ ਅਰਥਾਂ ਵਾਲੀ ਗੱਲ ਮੈਥੋਂ ਸਹਾਰ ਨਾ ਹੋਈ  ਅਤੇ ਮੈਂ ਵੀ ਟੁੱਟ ਕੇ ਪੈ ਗਈ ,"ਤੁਸੀਂ ਕਿੰਨੇ ਦਿਨਾਂ ਤੋਂ ਸਾਨੂੰ ਪਰੇਸ਼ਾਨ ਕੀਤਾ ਹੋਇਆ ? ਸਾਥੋਂ ਬਾਅਦ ਆਏ ਲੋਕਾਂ ਦੇ ਕੰਮ ਬਣ ਗਏ ਅਤੇ ਸਾਨੂੰ ਛੇ ਮਹੀਨੇ ਹੋਗੇ ਚੱਕਰ ਕੱਟਦਿਆਂ ਨੂੰ ...ਸਾਨੂੰ ਤੁਸੀਂ ਕਿਉਂ ਨਹੀਂ ਮਿਲਾ ਦਿੰਦੇ ਮੰਤਰੀ ਜੀ ਨਾਲ ?ਉੱਪਰੋਂ  ਘਟੀਆ ਗੱਲਾਂ ...ਤੁਹਾਨੂੰ ਏਸ ਉਮਰੇ ਜੱਚਦੀਆਂ ? ਸ਼ਰਮ ਨ੍ਹੀਂ ਆਉਂਦੀ ਮੈਂ ਤੁਹਾਡੀ ਧੀਆਂ ਵਰਗੀ " ਮੇਰੀਆਂ ਤੱਤੀਆਂ ਤੱਤੀਆਂ ਸੁਣ ਉਹ ਹੋਰ ਖਿਝ ਗਿਆ ਤੇ ਮੇਰੀ ਫਾਈਲ  ਚੁੱਕਦਾ ਹੋਇਆ ਆਖਣ ਲੱਗਿਆ ," ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ... ਜੇ ਤੇਰਾ ਕੰਮ ਬਣਨਾ ਹੁੰਦਾ ਤਾਂ ਅਸੀਂ ਜ਼ਰੂਰੀ ਛੇ ਮਹੀਨੇ ਚੱਕਰ ਕਟਾਉਣੇ ਸਨ ? ਤੁਹਾਡੇ ਵਰਗਿਆਂ ਦੇ  ਕੰਮ ਨਹੀਂ ਹੁੰਦੇ ਇੱਥੇ  ...ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਸਨ ਉਹ ਜੁਆਇੰਨ ਵੀ ਕਰ ਗਏ ...ਆਹ ਚੁੱਕੋ ਆਪਣੀ ਫਾਈਲ ...ਮੁੜ ਕੇ ਆਪਣੀ ਸ਼ਕਲ ਨਾ ਵਿਖਾਇਓ... ਛੇ ਮਹੀਨਿਆਂ ਤੋਂ ਜਾਨ ਖਾਧੀ ਪਈ ...ਆਪਣੇ ਕੱਪੜੇ ਵੇਖੇ ? ਮੈਲੇ ਕੁਚੈਲੇ ਕੱਪੜੇ ਪਾ ਕੇ ਸਜ ਕੇ ਬੈਠ ਜਾਂਦੇ ਮੇਰੇ ਸਾਹਮਣੇ ਹਰ ਹਫ਼ਤੇ "
            ਉਹਦੇ ਮੂੰਹ ਚੋਂ ਥੁੱਕ ਦੇ ਛਿੱਟੇ ਹਵਾ 'ਚ ਰਲ਼ਦੇ ਵੇਖ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ । ਪਰ ਮੈਂ ਆਪਣੇ ਪਿਓ ਦੇ ਮੂੰਹ ਨੂੰ ਚੁੱਪ ਕਰ ਗਈ ਅਤੇ ਦੋ ਕੁ ਮਿੰਟ ਸੁੰਨ ਜਿਹੀ ਉੱਥੇ ਹੀ ਖੜ੍ਹੀ ਰਹੀ । ਐਨੇ ਨੂੰ ਬਾਬੂ ਦੇ ਫ਼ੋਨ ਦੀ ਬੈੱਲ ਵੱਜੀ ਅਤੇ ਉਹ ਫ਼ੋਨ 'ਤੇ ਗੱਲਾਂ ਕਰਨ 'ਚ ਰੁੱਝ ਗਿਆ । ਮੈਨੂ ਪਿਛਲੇ ਛੇ ਮਹੀਨਿਆਂ ਦਾ  ਕਿਰਾਇਆ ਅਤੇ ਬੱਸਾਂ ਚ ਖਾਧੇ ਧੱਕੇ ਰੜਕਣ ਲੱਗੇ । ਮੇਰਾ ਬਾਪੂ ਕਦੇ ਆਪਣੀਆਂ ਦਿਹਾੜੀਆਂ ਭੰਨ ਕੇ ਅਤੇ ਕਦੇ ਗੁਆਂਢੀਆਂ ਤੋਂ ਉਧਾਰ ਲੈ ਕੇ ਆਉਂਦਾ ਹੁੰਦਾ ਸੀ  ਮੇਰੇ ਨਾਲ ਦਫ਼ਤਰ । ਪਰ ...? ਆਖਦੇ ਹੋਏ ਉਹਦੀਆਂ ਅੱਖਾਂ ਛਲਕ ਪਈਆਂ ਤੇ ਫੇਰ ਆਪ ਹੀ ਆਖਣ ਲੱਗੀ ਮੈਡਮ ਜੀ ਪਰ ਮੈਂ ਵੀ ਸੋਚ ਲਿਆ ਕਿ ਜੇ ਐਦਾਂ ਨੌਕਰੀ ਨਹੀਂ ਮਿਲੀ ਤਾਂ ਕੋਈ ਗੱਲ ਨਹੀਂ ।  ਹੋਰ ਕੰਪੀਟੀਸ਼ਨ ਬਥੇਰੇ ਪਰ ਨੌਕਰੀ ਤਾਂ ਮੈਂ ਹਾਸਲ ਕਰਕੇ ਹੀ ਰਹਾਂਗੀ । ਸ਼ਰਨਦੀਪ ਦੀਆਂ ਗੱਲਾਂ ਸੁਣ ਮੈਂ ਸੋਚਣ ਲੱਗੀ ਇਹ ਕੁੜੀ ਖੇਡਾਂ ਵਿੱਚ ਹੀ ਚੈਂਪੀਅਨ ਨਹੀਂ ਇਹ ਧੀ ਤਾਂ ਸਮੱਸਿਆਵਾਂ ਅਤੇ ਮਜਬੂਰੀਆਂ ਨੂੰ ਦਰੜਦੀ ਹੋਈ ਜ਼ਿੰਦਗੀ ਵੀ ਚੈਂਪੀਅਨ ਬਣ ਗਈ ... ਜਿਹੜੀ ਅੱਜ ਝੋਨਾ ਲਾ ਕੇ ਵੀ ਆਪਣੇ ਸੁਪਨੇ ਸਾਕਾਰ ਕਰਨ ਦਾ ਜਿਗਰਾ ਰੱਖਦੀ ਹੈ ।

ਮਨਦੀਪ ਰਿੰਪੀ...ਰੂਪਨਗਰ
98143 85918

ਖ਼ਤਰਾ ਹਾਲੇ ਟਲਿਆ ਨਹੀਂ  ... - ਮਨਦੀਪ ਰਿੰਪੀ

ਉਸ ਦਿਨ ਸ਼ਨੀਵਾਰ ਸੀ । ਸਿਮਰ ਦੇ ਪਾਪਾ ਦਾ ਦਫ਼ਤਰ ਬੰਦ ਸੀ ਤੇ ਮੇਰਾ ਸਕੂਲ ਖੁੱਲ੍ਹਾ। ਮੈਂ ਆਪਣੀ ਨੌਂ ਕੁ ਸਾਲਾਂ ਦੀ ਧੀ ਨੂੰ ਰੋਜ਼ ਦੀ ਤਰ੍ਹਾਂ  ਜਗਾਇਆ। ਉਹ ਮੇਰੇ ਨਾਲ਼ ਹੀ ਮੇਰੇ ਸਕੂਲ ਜਾਂਦੀ ਹੈ  ਕਿਉਂਕਿ ਕੋਰੋਨਾ ਕਾਰਨ ਉਸਦਾ ਸਕੂਲ ਬੰਦ ਹੈ । ਉਸ ਦਾ ਹੀ ਨਹੀਂ ? ਸਭ ਦੇ ਸਕੂਲ , ਕਾਲਜ ਬੰਦ ਨੇ। ਪਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਮ ਦਿਨਾਂ ਵਾਂਗੂੰ ਹੀ ਅਧਿਆਪਕਾਂ ਨੂੰ ਸਕੂਲ ਵਿੱਚ ਹਾਜ਼ਰ ਰਹਿਣਾ ਪੈਂਦਾ ਹੈ । ਕਿਉਂਕਿ ਘਰ ਵਿੱਚ ਮੇਰੀ ਧੀ ਨੂੰ ਸਾਂਭਣ ਲਈ ਕੋਈ ਨਹੀਂ ਹੈ ਤੇ  ਹਾਲੇ ਛੋਟੀ ਹੋਣ ਕਾਰਨ 'ਕੱਲੀ ਘਰ ਵੀ ਨਹੀਂ ਰਹਿ ਸਕਦੀ । ਇਸ ਲਈ ਨਾ ਚਾਹੁੰਦੇ ਹੋਏ ਵੀ ਉਸ ਨੂੰ ਮੇਰੇ ਨਾਲ ਮੇਰੇ ਸਕੂਲ ਜਾਣਾ ਪੈਂਦਾ ਹੈ। ਭਾਵੇਂ ਸ਼ਨੀਵਾਰ ਸੀ ਪਰ ਫੇਰ ਵੀ ਸਿਮਰ ਦੇ ਪਾਪਾ  ਤੜਕੇ ਉੱਠ,   ਤਿਆਰ ਹੋ, ਗੱਡੀ ਸਟਾਰਟ ਕਰਨ ਲੱਗੇ।ਉਂਜ ਜਦੋਂ ਦਫ਼ਤਰ ਜਾਂਦੇ ਤਾਂ ਘਰੋਂ ਪੌਣੇ ਕੁ ਨੌਂ ਵਜੇ ਨਿਕਲਦੇ ਕਿਉਂ ਜੋ ਪੰਜ - ਸੱਤ ਮਿੰਟ ਤਾਂ ਲੱਗਦੇ ਉਨ੍ਹਾਂ ਦੇ ਦਫ਼ਤਰ ਪਹੁੰਚਣ ਵਿਚ, ਪਰ ਛੁੱਟੀ ਵਾਲੇ ਦਿਨ ਸਾਝਰੇ ਉੱਠ ਘਰੋਂ ਨਿਕਲਣਾ ਉਨ੍ਹਾਂ ਦਾ ਪਿਛਲੇ ਕਈ ਸਾਲਾਂ ਤੋਂ ਨਿੱਤ ਨੇਮ ਹੈ। ਉਹ ਛੁੱਟੀ ਵਾਲੇ ਦਿਨ ਪਿੰਡ ਹੋ ਆਉਂਦੇ ਕਿਉਂਕਿ ਪਿੰਡ ਨਾਲ ਉਨ੍ਹਾਂ ਦਾ ਗੂੜ੍ਹਾ ਮੋਹ ਹੈ । ਉਂਜ ਵੀ ਬੰਦਾ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੀ ਚੰਗਾ ਲੱਗਦੈ । ਭਾਵੇਂ ਆਪਣੇ ਪਿੰਡ ਤੋਂ ਦੂਰ ਰਹਿਣਾ ਸਾਡੀ ਮਜ਼ਬੂਰੀ ਹੈ ਕਿਉਂਕਿ ਸਾਡੀ ਦੋਵਾਂ ਦੀ ਰਿਜ਼ਕ ਰੋਟੀ ਇੱਥੇ ਸ਼ਹਿਰ ਵਿੱਚ ਦਰਜ ਹੈ । ਮੈਂ ਤੇ ਮੇਰੀ ਧੀ ਵੀ ਮਹੀਨੇ ਕੁ ਬਾਅਦ ਜ਼ਰੂਰ ਗੇੜਾ ਮਾਰ ਆਉਂਦੇ ਪਰ ਹਰੇਕ ਹਫ਼ਤੇ ਜਾਣਾ ਸਾਡੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵੱਸੋਂ ਬਾਹਰ ਦੀ ਗੱਲ ਹੈ। ਕਿਉਂ ਜੋ ਹਫ਼ਤੇ ਭਰ ਦੀ ਭੱਜ ਦੌੜ ਤੋਂ ਬਾਅਦ ਆਰਾਮ ਅਤੇ ਬਹੁਤ ਸਾਰੇ ਅਧੂਰੇ ਪਏ  ਕੰਮਾਂ ਲਈ ਐਤਵਾਰ ਦਾ ਦਿਨ ਹੀ ਉੱਘੜ ਕੇ ਸਾਹਮਣੇ ਆਉਂਦਾ।
        ਸਿਮਰ ਦੇ ਪਾਪਾ ਆਮ ਤੌਰ ਤੇ ਸ਼ਨੀਵਾਰ ਅਤੇ ਐਤਵਾਰ ਪਿੰਡ ਹੀ ਬਿਤਾਉਂਦੇ । ਪਿੱਛੋੰ ਅਸੀਂ ਦੋਵੇਂ ਮਾਵਾਂ ਧੀਆਂ  ਆਪੋ ਆਪਣੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਸਾਂਭੀ ਰੱਖਦੀਆਂ। ਕਦੀ ਕਦੀ ਆਪਣੀ ਧੀ ਨੂੰ ਖੁਸ਼ ਰੱਖਣ ਲਈ ਮੈੰ ਬੱਚੀ ਬਣ ਉਸ ਨਾਲ ਖੇਡਦੀ ਤੇ ਕਦੀ ਕਦੀ ਜਦੋਂ ਮੇਰੀ ਧੀ ਮੇਰੀ ਮਾਂ ਵਾਂਗੂੰ ਮੈਨੂੰ ਨਸੀਹਤਾਂ ਦਿੰਦੀ ਹੋਈ ਮੇਰੀ ਮਾਂ ਹੀ ਜਾਪਦੀ ਤਾਂ ਮੈੰ ਮੋਹ ਨਾਲ ਉਸਨੂੰ ਆਪਣੀ ਬੁੱਕਲ 'ਚ ਕੱਜ ਲੈੰਦੀ।
              ਉਸ ਸ਼ਨੀਵਾਰ ਵੀ ਸਿਮਰ ਦੇ ਪਾਪਾ ਪਿੰਡ ਚਲੇ ਗਏ । ਉਹ ਐਤਵਾਰ ਰਾਤੀਂ ਦਸ ਕੁ ਵਜੇ ਘਰ ਪਰਤੇ। ਆਉਂਦੇ  ਸਾਰ ਆਖਣ ਲੱਗੇ ,"ਅੱਜ ਸਿਹਤ ਕੁਝ ਢਿੱਲੀ ਜਿਹੀ ਜਾਪ ਰਹੀ ਹੈ । ਇੰਜ ਲੱਗਦੈ ਜਿਵੇਂ ਸਰੀਰ 'ਚ ਜਾਨ ਹੀ ਨਾ ਹੋਵੇ। ਸਰੀਰ ਬਹੁਤ  ਟੁੱਟਿਆ ਟੁੱਟਿਆ ਮਹਿਸੂਸ ਹੋ ਰਿਹਾ।" ਆਖਦੇ ਆਖਦੇ ਖੰਘਣ ਲੱਗੇ। ਉਨ੍ਹਾਂ ਦੀਆਂ ਗੱਲਾਂ ਸੁਣ ਤੇ ਖੰਘਦੇ ਵੇਖ ਮੇਰਾ ਮੱਥਾ ਠਣਕਿਆ । ਮੇਰੇ ਮਨ ਵਿੱਚ ਅਚਾਨਕ ਹੀ ਕਰੋਨਾ ਦੀ ਸੰਭਾਵਨਾ ਨੇ ਦਸਤਕ ਦਿੱਤੀ । ਮੇਰੀ ਧੀ ਮੇਰੇ ਕੋਲ ਹੀ ਖੜ੍ਹੀ ਸੀ । ਮੈਂ ਸੋਚਣ ਲੱਗੀ ਕਿ ਜੇਕਰ ਸੱਚਮੁੱਚ ਹੀ ਕੋਰੋਨਾ ਹੋਇਆ ਤਾਂ ਹੋਰ ਪਰਿਵਾਰਾਂ ਵਾਂਗੂੰ  ਅਸੀਂ ਸਾਰਿਆਂ ਨੇ ਵੀ ਕਰੋਨਾ ਦੀ ਦਹਿਸ਼ਤ ਵਿੱਚ ਲਪੇਟਿਆ ਜਾਣਾ ।
               ਮੈਨੂੰ ਆਪਣੀ ਤਾਂ ਕੋਈ ਫ਼ਿਕਰ ਨਹੀਂ ਹੋਈ ਪਰ ਆਪਣੇ ਪਤੀ ਅਤੇ ਆਪਣੀ ਧੀ ਦੀ ਫ਼ਿਕਰ ਨੇ ਮੇਰੇ ਮਨ ਨੂੰ ਬਹੁਤ ਝੰਜੋੜਿਆ । ਮੈਂ ਤੇ ਮੇਰੀ ਧੀ ਦੂਸਰੇ ਕਮਰੇ ਵਿੱਚ ਸੌਂ ਗਈਆਂ । ਮੈਂ ਸਾਰੀ ਰਾਤ ਹੀ ਆਪਣੇ ਪਤੀ ਤੇ ਧੀ ਦੀ ਸਿਹਤ ਲਈ ਫ਼ਿਕਰਾਂ ਵਿੱਚ ਘੁਲ਼ਦੀ ਰਹੀ । ਸਵੇਰੇ ਸਿਮਰ ਦੇ ਪਾਪਾ ਨੂੰ ਪੁੱਛਿਆ ," ਸਿਹਤ ਕਿਵੇਂ ਹੈ ?"
ਤਾਂ ਆਖਣ ਲੱਗੇ ,"ਬੁਖਾਰ ਲੱਗਦੈ ।"
ਜਦੋਂ ਚੈੱਕ ਕੀਤਾ ਤਾਂ ਸੱਚਮੁਚ ਇੱਕ ਸੌ ਦੋ ਬੁਖ਼ਾਰ । ਮੈਂ ਉਸੇ ਵਕਤ ਆਪਣੀ ਧੀ ਦੇ ਕੱਪੜੇ ਪੈਕ ਕੀਤੇ ਅਤੇ ਉਸ ਨੂੰ ਉਸਦੇ ਨਾਨਕੇ ਛੱਡ ਆਈ ਕਿਉਂਕਿ ਮੇਰੇ ਪੇਕੇ ਵੀ ਇਸੇ ਸ਼ਹਿਰ ਵਿੱਚ ਹਨ । ਭਾਵੇਂ ਮੈਂ ਸਕੂਲ ਤੋਂ ਛੁੱਟੀ ਲੈਣ ਦੀ ਸੋਚ ਰਹੀ ਸਾਂ ਪਰ ਇਹ ਆਪਣੇ ਦਫ਼ਤਰ ਜਾਣ ਲਈ ਤਿਆਰ ਹੋਣ ਲੱਗੇ ਤਾਂ ਮੈਂ ਵੀ ਇਨ੍ਹਾਂ ਨੂੰ ਦਵਾਈ ਲੈਣ ਲਈ ਆਖ ਆਪਣੇ ਸਕੂਲ ਲਈ ਤੁਰ ਪਈ। ਸਕੂਲ ਵਿੱਚ ਵੀ ਮੈਂ ਫ਼ਿਕਰਾਂ ਨਾਲ ਘਿਰੀ ਰਹੀ । ਇਸ ਜੱਦੋਜ਼ਹਿਦ ਵਿੱਚ ਸੋਮਵਾਰ ਗੁਜ਼ਰ ਗਿਆ । ਮੰਗਲਵਾਰ ਫ਼ਿਰ ਸਰਕਾਰੀ ਛੁੱਟੀ ਹੋਣ ਕਾਰਨ  ਇਹ ਤੜਕੇ ਚਾਰ ਕੁ ਵਜੇ ਉੱਠ ਪਿੰਡ ਜਾਣ ਲਈ ਤਿਆਰ ਹੋ ਗਏ ।  ਮੈਂਨੂੰ  ਸੁੱਤੀ ਨੂੰ  ਜਗਾ ਆਖਣ ਲੱਗੇ ,"ਮੈਂ ਪਿੰਡ ਚੱਲਿਆ । ਗੇਟ ਲਗਾ ਲਓ । ਖੇਤਾਂ 'ਚ ਕਣਕ ਪਈ ਵੱਢੀ ਹੋਈ । ਮੰਡੀ ਦਾਣੇ ਸੁੱਟ ਕੇ ਆਉਣੈ।" ਨੀਂਦ ਵਿੱਚ  ਅੱਖਾਂ ਮਲਦੀ ਮਲਦੀ ਮੈੰ ਗੇਟ ਬੰਦ ਕਰ ਮੁੜ ਸੌਂ ਗਈ।  ਇਹ ਉਸ ਰਾਤ ਵੀ ਦੇਰ ਨਾਲ  ਪਰਤੇ। ਸਿਹਤ ਬਾਰੇ ਪੁੱਛਣ ਤੇ ਆਖਣ ਲੱਗੇ,"ਖੰਘ ਨੇ ਮੱਤ ਮਾਰੀ ਪਈ। ਬੁਖਾਰ ਵੀ ਪੱਕਾ ਡੇਰਾ ਜਮਾ ਕੇ ਬੈਠ ਗਿਆ।" ਦਵਾਈ ਬਾਰੇ ਪੁੱਛਣ ਤੇ ਆਖਣ ਲੱਗੇ ," ਲੈ ਲਈ ਸੀ ਦਵਾਈ ਤਾਂ ...ਪਰ ਦਵਾਈ ਨੇ ਭੋਰਾ ਅਸਰ ਨਹੀਂ ਕੀਤਾ ।"
ਮੈਂ ਇਨ੍ਹਾਂ ਨੂੰ ਅਗਲੇ ਦਿਨ ਬੁੱਧਵਾਰ ਮੁੜ ਟੈਸਟ ਕਰਵਾਉਣ ਲਈ ਕਿਹਾ ਕਿ ਮਾੜੇ ਵਕਤ ਦਾ ਕੋਈ ਪਤਾ ਨਹੀਂ ਹੁੰਦਾ ਪਰ ਇਨ੍ਹਾਂ ਟੈਸਟ ਨਹੀਂ ਕਰਵਾਇਆ ਤੇ ਕਿਸੇ ਪ੍ਰਾਈਵੇਟ  ਡਾਕਟਰ ਤੋਂ ਦਵਾਈ ਲੈ ਲਈ। ਵੀਰਵਾਰ ਨੂੰ ਇਨ੍ਹਾਂ ਦਾ ਖੰਘ ਨਾਲ ਬਹੁਤ ਮਾੜਾ ਹਾਲ ਸੀ। ਛਾਤੀ ਵਿੱਚ ਬਹੁਤ ਜਕੜਣ ਮਹਿਸੂਸ ਹੋਣ ਲੱਗੀ । ਤਕਰੀਬਨ ਸਾਰੀ ਰਾਤ ਬੈਠ  ਕੇ ਕੱਢੀ । ਮੇਰੇ ਵਾਰ ਵਾਰ ਮਿੰਨਤਾਂ ਕਰਨ ਤੇ ਵੀ ਹਸਪਤਾਲ ਜਾਣ ਲਈ ਰਾਜ਼ੀ ਨਹੀਂ ਹੋਏ। ਮੈਂ ਇਨ੍ਹਾਂ ਨੂੰ ਵੇਖ ਵੇਖ ਆਪ ਵੀ ਰੋਣਹਾਕੀ ਹੋਈ ਪਈ ਸਾਂ । ਪਰ ਕੋਈ ਮੰਨੇ ਵੀ ? ਪਤਾ ਨਹੀਂ ਕਿਉਂ ਟੈਸਟ ਕਰਵਾਉਣ ਤੋਂ ਇਹ ਬਹੁਤ ਹੀ ਕਤਰਾ ਰਹੇ ਸਨ । ਇਨ੍ਹਾਂ ਦੇ ਮਨ ਵਿੱਚ ਇੱਕੋ ਗੱਲ ਪਲ਼ ਰਹੀ ਸੀ ਕਿ ਟੈਸਟ ਰਿਪੋਰਟ  ਕੋਰੋਨਾ ਪਾਜ਼ੇਟਿਵ ਹੀ ਦੱਸੇਗੀ। ਪਰ ਮੇਰਾ ਮੰਨਣਾ ਸੀ ਕਿ ਜਿੰਨੀ ਜਲਦੀ ਰਿਪੋਰਟ ਆਵੇ ਉਨੀ ਜਲਦੀ ਇਲਾਜ ਸ਼ੁਰੂ ਹੋ ਜਾਵੇਗਾ । ਕਿਉਂਕਿ ਰਿਪੋਰਟ ਪਾਜ਼ੇਟਿਵ ਨਾ ਹੋਣ ਦਾ ਕੋਈ ਕਾਰਨ ਹੀ ਨਹੀਂ ਸੀ ਬਚਿਆ । ਸਾਰੇ ਲੱਛਣ ਕੋਰੋਨਾ ਹੋਣ ਦੀ ਇੱਕ ਸੌ ਇੱਕ ਫ਼ੀਸਦੀ ਗਵਾਹੀ ਭਰਦੇ ਨਜ਼ਰ ਆ ਰਹੇ ਸਨ ।
                ਆਖ਼ਿਰ  ਸ਼ੁੱਕਰਵਾਰ ਬਹੁਤ ਕੋਸ਼ਿਸ  ਤੋਂ ਬਾਅਦ ਇਨ੍ਹਾਂ ਦਾ ਡਰ ਕੁਝ ਹੱਦ ਤਕ ਦੂਰ ਕਰਨ ਵਿੱਚ ਮੈਂ ਸਫਲ ਹੋ ਹੀ ਗਈ । ਇਹ ਸਵੇਰੇ ਹਸਪਤਾਲ ਟੈਸਟ ਲਈ ਚਲੇ ਗਏ । ਟੈਸਟ ਕਰਵਾ ਘਰ ਆ ਗਏ ਤੇ ਰਿਪੋਰਟ ਦੀ ਉਡੀਕ ਕਰਨ ਲੱਗੇ ਜਿਹੜੀ ਤੀਸਰੇ ਦਿਨ ਆਉਣੀ ਸੀ । ਇਨ੍ਹਾਂ ਤਿੰਨ ਦਿਨਾਂ ਦੌਰਾਨ  ਪ੍ਰਾਈਵੇਟ ਡਾਕਟਰ ਦੀ ਲਿਖੀ ਦਵਾਈ ਨੇ ਵੀ ਬਹੁਤ ਵਧੀਆ ਅਸਰ ਵਿਖਾਇਆ । ਅਸਲ ਵਿਚ ਉਸ ਡਾਕਟਰ ਨੇ ਕਰੋਨਾ ਦੇ ਲੱਛਣ ਵੇਖ  ਕੋਰੋਨਾ ਮਰੀਜ਼ ਨੂੰ ਦਿੱਤੀ ਜਾਣ ਵਾਲੀ ਦਵਾਈ ਹੀ ਲਿਖੀ ਸੀ । ਐਨੇ ਨੂੰ ਇਨ੍ਹਾਂ ਦੀ ਰਿਪੋਰਟ ਵੀ ਫ਼ੋਨ ਤੇ ਆ ਗਈ । ਜਿਸ ਦਾ ਡਰ ਸੀ ਭਾਵ ਮੈਨੂੰ ਪੱਕਾ ਯਕੀਨ ਸੀ ਉਹੀ ਹੋਇਆ । ਇਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਤੇ ਇਨ੍ਹਾਂ ਦਾ ਇਲਾਜ ਕੋਰੋਨਾ ਮਰੀਜ਼ ਵਾਂਗੂੰ ਸ਼ੁਰੂ ਹੋ ਗਿਆ। ਇਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਹੁਤ ਠੀਕ ਹੈ । ਭਾਵੇਂ ਪੂਰੀ ਤਰ੍ਹਾਂ ਠੀਕ ਹੋਣ ਲਈ ਅਜੇ ਵਕਤ ਲੱਗੇਗਾ ।
          ਮੇਰੀ ਧੀ ਜੋ ਕਦੇ ਵੀ ਮੈਥੋਂ ਦੂਰ ਨਹੀਂ ਸੀ ਰਹੀ । ਇੱਥੋਂ ਤੱਕ ਕਿ ਨਾਨਕੇ ਵੀ ਕਦੇ 'ਕੱਲੀ ਰਹਿ ਕੇ ਨਹੀਂ ਸੀ ਵੇਖਿਆ । ਜਦੋਂ ਮੈਂ ਨਾਨਕੇ ਛੱਡਣ ਦੀ ਗੱਲ ਤੋਰੀ ਉਦੋਂ ਖ਼ੁਸ਼ ਹੋ ਗਈ ਤੇ ਚਹਿਕ ਕੇ ਆਖਣ ਲੱਗੀ ," ਬੱਲੇ! ਬੱਲੇ ! ਮਜ਼ਾ ਈ ਆ ਗਿਆ । ਪਹਿਲੀ ਵਾਰ ਇਕੱਲੀ ਨਾਨਕੇ ਰਹਾਂਗੀ ਕਿਉਂਕਿ ਨਾਨਕੇ ਘਰ ਉਸ ਦੇ ਹਾਣ ਦੀ ਉਸ ਦੇ ਮਾਮੇ ਦੀ ਧੀ ਵੀ ਹੈ ਤੇ ਇਹ ਦੋਵੇਂ ਕਦੀ ਰੁੱਸ ਪੈਂਦੀਆਂ , ਕਦੀ ਖੇਡਦੀਆਂ, ਕਦੀ ਮੰਨ ਜਾਂਦੀਆਂ, ਤੇ ਕਦੀ ਖੂਬ  ਲੜਦੀਆਂ । ਮੇਰੀ ਧੀ ਨੇ ਬੜੀ ਚਾਈਂ ਚਾਈਂ ਪੈਕ ਕੀਤਾ ਬੈਗ ਮੋਢੇ  ਪਾ ਲਿਆ। ਜਦੋਂ ਮੈਂ ਛੱਡ ਕੇ ਆਈ ਉਦੋਂ ਵੀ ਖੁਸ਼ੀ ਵਿੱਚ ਛਾਲਾਂ ਮਾਰ ਰਹੀ ਸੀ , ਪਰ ਮੇਰਾ ਮਨ ਉਦਾਸ ਸੀ । ਉਸ ਦੀ ਸਲਾਮਤੀ ਲਈ ਉਸ ਤੋਂ ਦੂਰ ਰਹਿਣ ਦੀ ਉਦਾਸੀ ਮੇਰੇ ਮਨ ਨੂੰ ਘੇਰੀ ਬੈਠੀ ਸੀ । ਮੈਂ ਕਿਵੇਂ ਦਿਲ ਤੇ ਪੱਥਰ ਧਰ ਘਰ ਪਰਤੀ ਇਹ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ। ਦੂਜੇ ਦਿਨ ਹੀ ਮੇਰੀ ਧੀ ਦਾ ਫ਼ੋਨ ਆ ਗਿਆ । ਵੀਡੀਓ ਕਾਲ ਕਰ ਕੇ ਰੋਣ ਲੱਗੀ," ਮੰਮੀ ! ਮੰਮੀ ਮੈਨੂੰ ਮਿਲਣ ਵੀ ਨਹੀਂ ਆਏ ਤੁਸੀਂ ? ਮੈਨੂੰ ਲੈ ਜਾਓ ਅੱਜ । ਮੇਰਾ ਨਹੀਂ ਜੀਅ ਲੱਗਦੈ ਤੁਹਾਡੇ ਬਿਨਾਂ ।"ਉਹਦੇ ਹਟਕੋਰਿਆਂ ਨੇ ਮੇਰੀ ਰੂਹ  ਨੂੰ ਹਲੂਣ ਕੇ ਰੱਖ ਦਿੱਤਾ । ਅਸੀਂ ਦੋਵੇਂ ਆਹਮੋ ਸਾਹਮਣੇ ਫੋਨ ਤੇ ਰੋ ਰਹੀਆਂ ਸਾਂ । ਮੈਂ ਪਿਆਰ ਨਾਲ ਸਮਝਾਇਆ ਕਿ ਤੇਰੇ ਪਾਪਾ ਠੀਕ ਹੋ ਜਾਣ ਮੈਂ ਤੈਨੂੰ ਲੈ ਜਾਵਾਂਗੀ।  ਫਿਰ ਰੋਜ਼ ਉਸ ਦਾ ਇਕੋ ਸਵਾਲ ਹੁੰਦੈ," ਮੰਮੀ ਪਾਪਾ ਠੀਕ ਹੋ ਗਏ ? ਤੁਸੀਂ ਮੈਨੂੰ ਕਦੋਂ ਲੈਣ ਆਉਣਾ ? ਆ ਕੇ ਮੈਨੂੰ ਮਿਲ ਜਾਓ ।"
 ਮੈਂ ਟਾਲਣ ਦੀ ਕੋਸ਼ਿਸ਼ ਕਰਦੀ ਹੋਈ ਆਖਦੀ ,"ਦੱਸ ਕੀ ਲੈ ਕੇ ਆਵਾਂ ਤੇਰੇ ਲਈ ? ਜਿੱਦਣ ਤੇਰੇ ਪਾਪਾ ਠੀਕ ਹੋ ਗਏ , ਉਸ ਦਿਨ ਮੈਂ ਆਪਣਾ ਟੈਸਟ ਕਰਵਾ ਕੇ ਫਿਰ ਤੇਰੇ ਲਈ ਸੋਹਣਾ ਜਿਹਾ ਗਿਫ਼ਟ ਅਤੇ ਚੀਜ਼ੀਆਂ ਲੈ ਕੇ ਆਉਂਗੀ ।"
ਪਰ ਉਹ ਰੋਂਦੀ ਰੋਂਦੀ ਆਖਦੀ," ਮੈਨੂੰ ਕੁਝ ਨਹੀਂ ਚਾਹੀਦਾ । ਮੈਨੂੰ ਮੇਰੀ ਮੰਮੀ ਚਾਹੀਦੀ। ਤੁਸੀਂ ਆ ਜਾਓ । ਮੇਰਾ ਗਿਫ਼ਟ ਤਾਂ ਤੁਸੀਂ ਹੋ । ਤੁਹਾਨੂੰ ਘੁੱਟ ਕੇ ਜੱਫ਼ੀ ਪਾ ਕੇ ਮਿਲਣਾ।"
ਜਦੋਂ ਉਹਨੇ ਰੋਂਦੇ ਰੋਂਦੇ ਇੰਜ ਆਖਦੀ ਤਾਂ ਮੇਰੇ ਕਾਲਜੇ ਚੋਂ ਹੂਕ ਜਿਹੀ ਨਿਕਲ ਜਾਂਦੀ।ਕੱਲ੍ਹ  ਰਾਤੀ ਮੇਰੇ ਮੰਮੀ ਬਹੁਤ ਗੂੜ੍ਹੀ ਨੀਂਦਰ ਸੁੱਤੇ ਪਏ ਸਨ । ਉਨਾਂ   ਦੀ ਦਿਲ ਦੀ ਦਵਾਈ ਚਲਦੀ । ਸ਼ਾਇਦ ਇਸ ਕਾਰਨ ਨੀਂਦ ਬਹੁਤ ਆਉਂਦੀ ਜਾਂ ਸਵੇਰ ਤੋਂ ਸ਼ਾਮ ਤੱਕ ਦੀ ਭੱਜ ਦੌੜ ਉਨ੍ਹਾਂ ਨੂੰ ਥਕਾ ਦਿੰਦੀ।  ਮੈਨੂੰ ਰਾਤੀ ਬਾਰਾਂ ਕੁ ਵਜੇ ਦੇ ਕਰੀਬ ਫ਼ੋਨ ਆਇਆ ਮੈਂ ਕੋਈ ਕਿਤਾਬ ਪੜ੍ਹ ਰਹੀ ਸੀ । ਮੇਰਾ ਫ਼ੋਨ ਚਾਰਜ਼ਰ ਤੇ ਲੱਗਾ ਹੋਇਆ ਸੀ। ਮੈਂ ਘਬਰਾ ਗਈ ਕਿ ਅੱਧੀ ਰਾਤੀਂ ਭਲਾ ਕੀਹਦਾ ਫੋਨ ਹੋ ਸਕਦੈ ? ਮੂੰਹੋਂ ਨਿਕਲਿਆ ," ਰੱਬਾ! ਮਿਹਰ ਕਰੀਂ।ਕੋਈ ਸੁੱਖ ਦੀ ਖਬਰ ਹੋਵੇ।" ਫੋਨ ਚੁੱਕ ਕੇ ਵੇਖਿਆ ਤਾਂ ਮੇਰੀ ਧੀ ਦੀ ਵੀਡੀਓ ਕਾਲ। ਉਹ  ਹਨੇਰੇ ਵਿੱਚ ਮੇਰੀ ਮਾਂ ਕੋਲ ਪਈ ਰੋ ਰਹੀ ਸੀ । ਉਸ ਦੀਆਂ ਸਿਸਕੀਆਂ ਤੇ ਹਟਕੋਰੇ ਸੁਣ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਤਰਨ ਲੱਗੇ ਤੇ ਮੈਂ ਪੁੱਛਣ ਲੱਗੀ ," ਕੀ ਹੋਇਆ ਪੁੱਤ ? ਕਿਉਂ ਰੋ ਰਿਹਾ ਮੇਰਾ  ਨੋਣੂ ਜਿਹਾ ਕਾਕਾ ? ਮੇਰਾ ਗੁੱਗੂ...ਮੇਰਾ ਬਲੂੰਗੜਾ ... ਚੁੱਪ ਹੋ ਜਾ... ਦੱਸ ਕੀ ਗੱਲ ਹੋਈ ? " ਉਹ ਰੋਂਦੀ ਰੋਂਦੀ ਆਖਣ ਲੱਗੀ ," ਮੰਮੀ ! ਮੈਨੂੰ ਨੀਂਦ ਨਹੀਂ ਆਉਂਦੀ । ਤੁਹਾਡੀ ਬਹੁਤ ਯਾਦ ਆਉਂਦੀ। ਜੀਅ ਕਰਦਾ ਤੁਹਾਡੇ ਕੋਲ ਮੈਂ ਭੱਜ ਕੇ ਆ ਜਾਵਾਂ। ਮੰਮੀ ਹੁਣ ਤਾਂ ਕਿੰਨੇ ਦਿਨ ਹੋ ਗਏ! ਮੈਨੂੰ ਲੈ ਜਾਓ ।"ਮੈਂ ਉਹਨੂੰ ਦਿਲਾਸਾ ਦਿੰਦੀ ਹੋਈ ਆਖਦੀ ," ਅੱਛਾ , ਚੱਲ ਮੈਂ ਤੈਨੂੰ ਵਧੀਆ ਜਿਹੀ ਕਹਾਣੀ ਸੁਣਾਵਾਂ।" ਪਰ ਉਹ ਦੋਵੇਂ ਹੱਥਾਂ ਨਾਲ ਆਪਣੀਆਂ ਅੱਖਾਂ ਤੇ ਨੱਕ ਪੂੰਝਦੀ ਹੋਈ ਖਿੱਝਕੇ ਆਖਦੀ ," ਮੈਂ ਨ੍ਹੀਂ ਸੁਣਨੀ ਕਹਾਣੀ ਕਹੂਣੀ...ਮੈਨੂੰ ਫ਼ੋਨ ਵਾਲੀ ਮਾਂ ਨਹੀਂ , ਮੇਰੀ ਅਸਲੀ ਮਾਂ ਚਾਹੀਦੀ, ਮੇਰੀ ਸੱਚੀਮੁੱਚੀ ਵਾਲੀ ਮਾਂ ...ਪਹਿਲਾਂ ਵਾਲੀ ।"
ਮੈਂ ਹੱਸ ਕੇ ਆਖਦੀ ," ਮੈਂ  ਸੱਚੀਮੁੱਚੀ  ਵਾਲੀ ਮਾਂ ਹੀ ਤਾਂ ਹਾਂ ਤੇਰੀ ।"
 ਮੈਨੂੰ ਮੇਰੀ ਧੀ ਤਰਲੇ ਭਰੇ ਲਹਿਜ਼ੇ ' 'ਚ ਆਖਦੀ ,"ਮੰਮੀ ਕੱਲ੍ਹ ਆ ਜਾਓ । ਮੈਨੂੰ ਲੈ ਜਾਓ ਇੱਥੋਂ ।  ਹੁਣ ਤਾਂ ਪਾਪਾ ਠੀਕ ਐ ਨਾ। ਹੁਣ ਤਾਂ ਕੋਈ ਡਰ ਵਾਲੀ ਗੱਲ ਨਹੀ?"
 ਆਪਣੀ ਧੀ ਦੀਆਂ ਗੱਲਾਂ ਸੁਣ ਮੈਂ ਫ਼ਿਕਰਾਂ ਵਿੱਚ ਗੁਆਚ ਜਾਂਦੀ ਤੇ ਸੋਚਦੀ," ਕਿੰਨੇ ਪਰਿਵਾਰ ਅਜਿਹੀਆਂ ਮੁਸ਼ਕਲਾਂ ਨਾਲ ਦੋ ਚਾਰ ਹੋ ਰਹੇ ਨੇ ਤੇ ਕਿੰਨੇ ਆਪਣੇ ਪਿਆਰਿਆਂ ਨੂੰ ਆਕਸੀਜਨ ਤੇ ਸਹੀ ਇਲਾਜ ਨਾ ਮਿਲਣ ਕਾਰਨ ਗੁਆ ਰਹੇ ਨੇ ਤੇ ਅਚਨਚੇਤ ਮੇਰੇ ਮੂੰਹੋਂ ਨਿਕਲਿਆ  ,"ਨਹੀਂ ,ਖ਼ਤਰਾ ਹਾਲੇ ਟਲਿਆ ਨਹੀਂ ।"   

ਮਨਦੀਪ ਰਿੰਪੀ
ਰੂਪਨਗਰ

ਉਹ ਘਟਨਾ ਜਿਸ ਨੇ ਮੇਰੀ ਜ਼ਿੰਦਗੀ ਨੂੰ ਕੂਹਣੀ ਮੋੜ ਦਿੱਤਾ - ਮਨਦੀਪ ਰਿੰਪੀ

ਕਈ ਵਾਰ ਜ਼ਿੰਦਗੀ ਵੀ ਕਿੰਨਾ ਅਜੀਬ ਖੇਡ ਖੇਡਦੀ ਹੈ । ਜਦੋਂ ਲੱਗਦੈ ਕਿ ਜ਼ਿੰਦਗੀ ਖੁਸ਼ੀਆਂ ਨਾਲ ਮਹਿਕਣ ਵਾਲੀ ਹੈ, ਛੇਤੀ ਹਾਸਿਆਂ ਦੀ ਛਣਕਾਰ ਨਾਲ ਭਰ ਜਾਵੇਗੀ, ਮੁਸਕਰਾਹਟਾਂ ਦੇ ਬੱਦਲਾਂ ਨਾਲ ਘਿਰ ਜਾਵੇਗੀ , ਉਦੋਂ ਹੀ ਅਚਾਨਕ ਤੇਜ਼ ਤੂਫਾਨਾਂ ਦੀ ਤਰ੍ਹਾਂ ਔਕੜਾਂ ਤੇ ਮੁਸੀਬਤਾਂ ਦੀਆਂ  ਘਾਟੀਆਂ ਵੱਲ ਧੱਕਦੀ ਹੈ । ਇਨਸਾਨ ਧੁਰ ਅੰਦਰੋਂ ਕੰਬ ਉੱਠਦਾ ਹੈ। ਉਹ ਸਮਝ ਨਹੀਂ ਪਾਉਂਦਾ ਜ਼ਿੰਦਗੀ ਦੇ ਇਸ ਦੋਹਰੇ ਮੁਖੌਟੇ ਲੱਗੇ ਚਿਹਰੇ ਦੀ ਅਸਲੀਅਤ । ਉਹ ਸਮਝ ਨਹੀਂ ਪਾਉਂਦਾ ਆਪਣੇ ਹਿੱਸੇ ਆਈਆਂ ਖੁਸ਼ੀਆਂ ਤੇ ਰੌਣਕਾਂ ਦਾ ਅਚਨਚੇਤ ਹੋਂਕਿਆਂ ਤੇ ਹਾਵਿਆਂ ਵਿੱਚ ਤਬਦੀਲ ਹੋਣ ਦਾ ਫ਼ਲਸਫਾ ।
        ਮੇਰੀ ਜ਼ਿੰਦਗੀ ਵਿਚ ਵੀ ਕੁਝ ਅਜਿਹਾ ਹੀ ਵਾਪਰਿਆ ਜਿਸ ਨੇ ਮੇਰੀ ਜ਼ਿੰਦਗੀ ਨੂੰ, ਮੇਰੀ ਪਹਿਚਾਣ ਨੂੰ ,ਮੇਰੀ ਮਨੋਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ । ਆਮ ਤੌਰ ਤੇ ਕੋਈ ਵੀ ਘਟਨਾ ਅਚਨਚੇਤ ਪਲਾਂ ਵਿੱਚ ਹੀ ਘਟ ਜਾਂਦੀ ਹੈ ਤੇ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤੀ ਹੈ ਅਤੇ ਕਈ ਵਾਰ ਕਿਸੇ ਘਟਨਾ ਦਾ ਪਲਾਟ ਸਮੇਂ ਦੀਆਂ ਪਰਤਾਂ ਹੇਠ ਹੀ ਹੌਲੀ ਹੌਲੀ ਤਿਆਰ ਹੁੰਦਾ ਰਹਿੰਦੈ ਤੇ ਅਚਾਨਕ ਹੀ ਉਹ ਇੱਕ ਵਿਸਫੋਟਕ ਦਾ ਰੂਪ ਅਖਤਿਆਰ  ਕਰ ਸਾਹਮਣੇ ਆ ਜਾਂਦੀ । ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਸਾਲ 2019 ਫਰਵਰੀ ਤੋਂ ਮਈ ,ਜੂਨ ਮਹੀਨੇ ਮੇਰੀ ਜ਼ਿੰਦਗੀ ਦੇ ਬਹੁਤ ਹੀ ਔਖੇ ਮਹੀਨੇ ਸਨ । ਮੈਂ ਆਪਣੀ ਜ਼ਿੰਦਗੀ ਚੋਂ ਇੱਕ ਨਵੀਂ  ਜ਼ਿੰਦਗੀ  ਦੀ ਆਸ ਲਾਈ ਬੈਠੀ ਸਾਂ।ਮੈਂ ਖੁਸ਼ ਸਾਂ ਕਿ ਮੇਰੀ ਧੀ ਨਾਲ ਇਸ ਦਾ ਇੱਕ ਸਾਥੀ ਭੈਣ ਜਾਂ ਭਰਾ ਦੇ ਰੂਪ ਵਿੱਚ ਇਸ ਨਾਲ ਖੇਡਿਆ ਕਰੇਗਾ। ਇਸਦੇ ਰਿਸ਼ਤਿਆਂ ਦੀ ਸਾਂਝ ਵਧੇਗੀ ।ਪਰਿਵਾਰਕ ਜੀਆਂ ਵਿੱਚ ਵਾਧਾ ਹੋਵੇਗਾ ਪਰ ਸ਼ਾਇਦ ਸਮੇਂ ਨੇ ਮੇਰੇ ਲਈ , ਮੇਰੇ ਸੁਪਨਿਆਂ ਲਈ , ਮੇਰੀਆਂ ਤਾਂਘਾਂ ਲਈ, ਮੇਰੀਆਂ ਉਮੀਦਾਂ ਲਈ, ਕੁਝ ਹੋਰ ਹੀ ਮਿੱਥਿਆ ਹੋਇਆ ਸੀ । ਮੇਰਾ ਅਚਾਨਕ ਕੇਸ ਖਰਾਬ ਹੋਣ ਕਾਰਨ ਮੇਰੇ ਸੁਪਨਿਆਂ ਦਾ ਮੇਰੀਆਂ ਅੱਖਾਂ ਵਿੱਚ ਹੀ ਕਤਲ ਹੋ ਜਾਣਾ , ਮੈਂਥੋ ਸਹਾਰਿਆ  ਨਹੀਂ ਸੀ ਜਾ ਰਿਹਾ। ਮੈਂ ਆਪਣੇ ਆਪ ਵਿੱਚ ਗੁੰਮ ਹੁੰਦੀ  ਜਾ ਰਹੀ  ਸੀ। ਮੈਨੂੰ ਆਪਣੇ ਸਾਰੇ ਰਿਸ਼ਤੇ ਹੀ ਓਪਰੇ- ਓਪਰੇ ਲੱਗਣ ਲੱਗੇ। ਮੈਂ ਆਪਣੀ ਧੀ ਨਾਲ ਵੀ ਇਨਸਾਫ਼ ਨਹੀਂ ਸੀ ਕਰ ਪਾ ਰਹੀ। ਉਸ ਦੇ ਹਿੱਸੇ ਦਾ ਲਾਡ ਵੀ ਕਿਧਰੇ ਗੁਆਚਦਾ ਜਾ ਰਿਹਾ ਸੀ ।ਅਬਾਰਸ਼ਨ ਦੀ ਘਟਨਾ ਨੇ ਮੈਨੂੰ ਅੰਦਰੋਂ ਖੋਖਲਾ ਕਰ ਕੇ ਰੱਖ  ਦਿੱਤਾ । ਪਤਾ ਨਹੀਂ ?ਮੈਂ ਆਪਣੇ ਆਪ ਤੋਂ ਗੁੱਸੇ ਸੀ, ਜਾ ਸ਼ਾਇਦ ਆਪਣੀ ਕਿਸਮਤ ਤੋਂ ਨਾਰਾਜ਼ । ਹੁਣ ਮੈਂ ਚੁੱਪ ਰਹਿੰਦੀ ਸੀ ਜ਼ੁਬਾਨ ਤੋਂ । ਪਰ ਮੇਰੇ ਅੰਦਰ ਹਮੇਸ਼ਾ ਇੱਕ ਯੁੱਧ ਛਿੜਿਆ ਰਹਿੰਦਾ। ਮੇਰੇ ਆਪਣੇ ਹੀ ਜਜ਼ਬਾਤ ਕਦੇ ਸਵਾਲ ਤੇ ਕਦੇ ਜਵਾਬ ਬਣ ਮੇਰੇ ਸਾਹਮਣੇ ਆਕੜ ਕੇ ਖੜ੍ਹੇ ਰਹਿੰਦੇ।
         ਫਿਰ ਅਚਾਨਕ ਇੱਕ ਦਿਨ ਜੂਨ ਮਹੀਨੇ ਦੀਆਂ ਛੁੱਟੀਆਂ ਵਿੱਚ ਮੇਰੀ ਬਹੁਤ ਹੀ ਪਿਆਰੀ ਸਹੇਲੀ ,ਜੋ ਅਮਰੀਕਾ 'ਚ ਵੱਸਦੀ ਹੈ, ਦਾ ਫੋਨ ਆਇਆ।ਅਸੀਂ ਦੋਵਾਂ ਨੇ ਗੱਲਾਂ - ਗੱਲਾਂ ਵਿੱਚ ਆਪਣੇ ਬਚਪਨ ਵਿੱਚ ਝਾਤੀਆਂ ਮਾਰੀਆਂ । ਪਰ ਅਚਾਨਕ ਉਸ ਦੀ ਕਵਿਤਾ ਦੀ ਮੰਗ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ ।ਅਚਨਚੇਤ ਮੇਰੇ ਮੂੰਹੋਂ ਨਿਕਲਿਆ, "ਹਾਂ ਸੱਚ! ਮੈਂ ਤਾਂ ਕਦੇ ਲਿਖਦੀ ਸੀ।"
....." ਲਿਖਦੀ ਸੀ ? ਕੀ ਮਤਲਬ ਹੁਣ ਨਹੀਂ ਲਿਖਦੀ ?".....
"ਨਹੀਂ  ਹੁਣ ਤਾਂ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਕਲਮ ਚੁੱਕਿਆ ,ਆਪਣੇ ਜਜ਼ਬਾਤ ਕਾਗਜ਼ ਤੇ ਉੱਕਰਿਆ।"
ਇਹ ਸੁਣ ਉਸਨੇ ਆਖਿਆ," ਉਦੋਂ ਫ਼ੋਨ ਕਰੀਂ ਜਦੋਂ ਕੋਈ ਨਵੀਂ ਕਵਿਤਾ ਲਿਖੀ।" ਅਤੇ ਉਸਨੇ ਫੋਨ ਕੱਟ ਦਿੱਤਾ । ਮੈਂ ਸਾਰੀ ਰਾਤ ਆਪਣੇ ਆਪ ਨੂੰ ਕਵਿਤਾ ਦੀਆਂ ਤੰਦਾਂ ਵਿੱਚ ਉਲਝੀ ਹੋਈ ਮਹਿਸੂਸ ਕਰਦੀ ਰਹੀ ਤੇ ਆਖਰਕਾਰ ਇੱਕ ਕਵਿਤਾ ਲਿਖ ਹੀ ਲਈ।
"ਮਨ ਦੇ ਜਜ਼ਬੇ ਮਨ ਦੇ ਅੰਦਰ ,
ਗੁੱਥਮ ਗੁੱਥੀ ਕਰਿਆ ਨਾ ਕਰ।
ਲੋਕੀ ਪਿੱਠ ਦੇ ਪਿੱਛੇ ਹੱਸਦੇ ,
ਤੂੰ ਹਾਸੇ ਤੋਂ ਡਰਿਆ ਨਾ ਕਰ।"
ਇਹ ਮੇਰੀ ਪਹਿਲੀ ਰਚਨਾ ਸੀ ਇੱਕ ਲੰਮੇ ਸਫ਼ਰ ਤੋਂ ਬਾਅਦ ਜਾਂ ਇੰਝ ਕਹਿ ਲਓ ਮੇਰੀ ਨਵੀ ਸਿਰਜਣਾ ਦੀ ਨਵੀਂ ਉਡਾਰੀ। ਹੁਣ ਮੈਂ ਲਿਖਦੀ ਹਾਂ, ਕਦੇ ਕਵਿਤਾਵਾਂ ਤੇ ਕਦੇ ਕਹਾਣੀਆਂ। ਮੇਰੀ ਇੱਕ ਕਵਿਤਾਵਾਂ ਦੀ ਕਿਤਾਬ,"ਜਦੋਂ ਤੂੰ ਚੁੱਪ ਸੀ" ਨਵੰਬਰ 2020  ਵਿੱਚ ਲੋਕ ਅਰਪਣ ਹੋਈ ਅਤੇ ਲੋਕਾਂ ਦਾ ਅਥਾਹ ਪਿਆਰ ਮੇਰੀ ਝੋਲੀ ਪਿਆ। ਹੁਣ ਮੈਂ ਖੁਸ਼ ਰਹਿੰਦੀ ਹਾਂ,  ਆਪਣੀਆਂ ਰਚਨਾਵਾਂ ਨਾਲ ।
          ਮੈੰ ਕਦੇ ਬਾਲ ਸਾਹਿਤ ਦੀ ਸਿਰਜਣਾ ਨਹੀਂ ਸੀ ਕੀਤੀ ਜਾਂ ਇੰਝ ਕਹਿ ਲਓ ਕਿ ਕਾਗਜ਼ਾਂ ਤੇ ਕਦੇ ਨਹੀਂ ਸੀ ਉੱਕਰਿਆ। ਉਂਝ ਭਾਵੇਂ ਪ੍ਰਾਇਮਰੀ ਅਧਿਆਪਿਕਾ ਹੋਣ ਦੇ ਮਾਣ ਸਦਕੇ ਆਪਣੀ ਰੂਹ ਦੀ  ਬੁੱਕਲ ਵਿਚ ਬਾਲ ਕਹਾਣੀਆਂ ਸਿਰਜਦੀ-ਸਿਰਜਦੀ ਬਾਲ ਹੀ ਬਣ ਜਾਂਦੀ ਅਤੇ ਬਾਲਾਂ ਦੇ ਹਾਣ ਦੀ ਬਣ  ਉਨ੍ਹਾਂ ਨੂੰ ਸੁਣਾਉਂਦੀ ਰਹਿੰਦੀ।  ਇਸ ਤਰ੍ਹਾਂ ਬੱਚਿਆਂ ਨਾਲ ਲਾਡ- ਲਾਡ ਵਿੱਚ ਬਾਲ ਸਾਹਿਤ ਦੀ ਸਿਰਜਣਾ ਕਰਦੀ - ਕਰਦੀ , ਉਨ੍ਹਾਂ ਦੀ ਰੂਹ ਅੰਦਰ ਕਦੋੰ ਰਚ- ਮਿਚ ਗਈ ਮੈਨੂੰ ਖ਼ੁਦ ਵੀ ਪਤਾ ਨਾ ਲੱਗਿਆ। ਹੁਣ ਹਮੇਸ਼ਾ ਇੱਝ ਲੱਗਦਾ ਜਿਵੇੰ ਮੇਰੇ ਨਾਲ- ਨਾਲ  ਬੱਚਿਆਂ ਦੀਆਂ ਅਸੀਸਾਂ ਸਦਾ ਤੁਰਦੀਆਂ ਰਹਿੰਦੀਆਂ ਨੇ । ਮੈਂ ਇਸ ਲਾਕਡਾਊਣ ਦੇ  ਦੌਰਾਨ ਬੱਚਿਆਂ ਲਈ ਪੰਜ ਸੌ ਤੋਂ ਵੱਧ ਵੀਡੀਓਜ਼ ਕਹਾਣੀਆਂ ਅਤੇ ਬਾਲ ਗੀਤਾਂ ਦੀਆਂ ਬਣਾ ਕੇ ਸ਼ੇਅਰ ਕੀਤੀਆਂ । ਮੇਰੀ ਅੱਜ ਰੂਹ ਦੀ ਝੋਲੀ  ਉਨ੍ਹਾਂ ਬੱਚਿਆਂ ਦੇ ਪਿਆਰ ਨਾਲ਼ ਭਰੀ ਹੋਈ ਹੈ, ਜਿਨ੍ਹਾਂ ਨੂੰ ਮੈਂ ਕਦੀ ਵੇਖਿਆ ਨਹੀਂ , ਜਿਨ੍ਹਾਂ ਦੇ ਮੈਂ ਨਾਂ ਤਕ ਨਹੀਂ ਜਾਣਦੀ ਤੇ ਉਹ ਮੈਨੂੰ ਬੜੇ ਪਿਆਰ ਨਾਲ ਰਿੰਪੀ ਮੈਡਮ - ਰਿੰਪੀ ਮੈਡਮ , ਆਖ  ਹੱਕ ਅਤੇ ਆਪਣੇਪਣ ਨਾਲ਼  ਫੋਨ ਕਰ ਮੇਰੇ ਨਾਲ ਆਪਣੇ ਦਿਲ ਦੀਆਂ ਸਾਂਝਾਂ ਪਾਉਂਦੇ ਹਨ ।
                ਮੈਂ ਜਦੋਂ ਅੱਖਰਾਂ ਨਾਲ਼ ਗੱਲਾਂ ਕਰਦੀ ਤਾਂ ਮੈਨੂੰ ਅੱਖਰ ਮੇਰੇ ਨਾਲ ਗੱਲਾਂ ਕਰਦੇ ਜਾਪਦੇ , ਹੁੰਗਾਰੇ  ਭਰਦੇ ਨਜ਼ਰ ਆਉਂਦੇ , ਮੇਰੀ ਕਲਮ ਤੇ ਕਾਗਜ਼ ਨਾਲ ਡੂੰਘੀ ਸਾਂਝ  ਪਾਉਂਦੇ ਲੱਗਦੇ । ਹੁਣ ਮੈੰ ਆਪਣੀ ਧੀ ਨੂੰ ਉਸ ਦੇ ਹਿੱਸੇ ਦਾ ਪੂਰਾ ਮੋਹ ਦਿੰਦੀ ਹਾਂ । ਉਸ ਆਬਰਸ਼ਨ ਦੀ ਘਟਨਾ  ਨੇ ਮੇਰੀ ਜਿੰਦਗੀ ਨੂੰ ਇਕ ਨਵਾਂ ਤੇ ਨਰੋਆ ਮੋਡ਼ ਦਿੱਤਾ । ਹੁਣ ਮੈਂ ਮਹਿਸੂਸ ਕਰਦੀ ਹਾਂ,ਆਪਣੇ ਜਜ਼ਬਾਤ ਨੂੰ,ਹੁਣ ਮੈੰ ਹੱਸਦੀ ਵੀ ਹਾਂ ਤੇ  ਰੋਂਦੀ ਵੀ ਹਾਂ। ਅੱਜ ਮੈਂ  ਮਹਿਸੂਸ ਕਰਦੀ ਹਾਂ ਕਿ ਹਰ ਘਟਨਾ ਆਪਣੇ ਨਾਲ ਕੁਝ ਖਾਸ ਤੇ ਕੁਝ ਨਵਾਂ  ਜ਼ਰੂਰ ਲੈ ਕੇ ਆਉਂਦੀ । ਪਰ ਅਸੀਂ ਉਸ ਨਵੀਂ ਮਿਲੀ ਸੌਗਾਤ  ਨੂੰ ਭੁੱਲ ਕੇ , ਜੋ ਸਾਨੂੰ ਨਹੀਂ ਮਿਲਿਆ ਉਸ ਦੇ ਪਿੱਛੇ ਹੀ ਭੱਜੇ ਫਿਰਦੇ ਹਾਂ ਤੇ ਆਪਣੇ ਹਿੱਸੇ ਦੀਆਂ ਖੁਸ਼ੀਆਂ ਨੂੰ ਆਪੇ ਗ਼ਮਾਂ ਵਿੱਚ ਬਦਲ ਕੇ ਰੱਖ ਦਿੰਦੇ ਹਾਂ...ਇਹ ਜ਼ਿੰਦਗੀ ਦੀ ਕੌੜੀ ਸੱਚਾਈ ਹੈ ਤੇ ਬਹੁਤ ਘੱਟ ਲੋਕ ਇਸ ਸਚਾਈ ਦਾ ਸਾਹਮਣਾ ਕਰਨ ਲਈ ਡਟ ਕੇ ਖੜ੍ਹਦੇ ਨੇ ਤੇ ਜੋ ਖੜ੍ਹਦੇ ਨੇ,ਹਾਲਾਤਾਂ ਨਾਲ ਲੜਦੇ ਨੇ ,ਜਿੱਤ ਉਨ੍ਹਾਂ ਦੀ ਯਕੀਨੀ  ਹੁੰਦੀ ਹੈ।  
        ਜ਼ਿੰਦਗੀ ਦੀ ਉਂਗਲ ਫੜ ਬੰਦਾ ਕਿੱਧਰ ਤੋਂ ਕਿੱਧਰ ਮੁੜਦਾ ਉਸਨੂੰ ਖ਼ੁਦ ਪਤਾ ਨਹੀਂ ਲੱਗਦਾ ਤੇ ਜ਼ਿੰਦਗੀ ਜਿੱਧਰ ਧੱਕਦੀ ਹੈ , ਉੱਧਰ ਹੀ ਤੁਰ ਪੈਂਦਾ ਹੈ, ਪਰ ਇਹ ਬੰਦੇ ਦਾ ਆਪਣਾ ਹੁਨਰ ਹੈ ਕਿ  ਉਸਨੇ ਜ਼ਿੰਦਗੀ ਦੀ ਸੜਕ ਤੇ ਵਿਚਰਨਾ ਕਿਵੇਂ ਹੈ  ?  ਅੱਗੇ ਵਧਣਾ ਹੈ ਜਾਂ ਰੁਕਣਾ ਹੈ ?  ਜੋ ਜ਼ਿੰਦਗੀ ਦੀ ਕੰਡਿਆਲੀ ਸੜਕ ਤੇ ਵੀ ਹੱਸਦਾ- ਹੱਸਦਾ ਅੱਗੇ ਤੁਰ ਪਿਆ , ਉਹ ਕਦੇ ਹਾਰ ਨਹੀਂ ਮੰਨ ਸਕਦਾ , ਨਾ ਆਪਣੇ  ਹਾਲਾਤ ਤੋਂ  ਤੇ ਨਾ ਸਮੇਂ ਤੋਂ । ਉਹ ਤਾਂ  ਜ਼ਿੰਦਗੀ ਨੂੰ ਆਪਣੇ ਮੁਤਾਬਿਕ ਢਾਲ ਕੇ ਹੀ ਸਾਹ ਲੈਂਦਾ ਹੈ ।

ਮਨਦੀਪ ਰਿੰਪੀ
9814385918
ਰੂਪਨਗਰ