Mandeep Khurmi Himmatpura

ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ। - ਮਨਦੀਪ ਖੁਰਮੀ ਹਿੰਮਤਪੁਰਾ

6 ਮਈ ਨੂੰ ਹੋਣ ਜਾ ਰਹੀਆਂ ਸਕਾਟਿਸ਼ ਪਾਰਲੀਮੈਂਟ ਚੋਣਾਂ ਕਰਕੇ ਬਰਤਾਨਵੀ ਸਿਆਸਤ ਦੇ ਮੱਥੇ 'ਤੇ ਵੀ ਠੰਢੀਆਂ ਤ੍ਰੇਲੀਆਂ ਆ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਹੌਲੀਰੁਡ ਚੋਣਾਂ ਦੇ ਨਤੀਜੇ ਬਰਤਾਨੀਆ ਦੀ ਸਿਆਸੀ ਧਰਾਤਲ ਲਈ ਵੀ ਅਹਿਮ ਮੋੜ ਪੈਦਾ ਕਰਨਗੇ। ਇੱਥੋਂ ਜਿੱਤਣ ਵਾਲੀ ਪਾਰਟੀ ਬਰਤਾਨਵੀ ਸਿਆਸਤ ਦੇ ਸੈਂਚੇ ਵਿੱਚ ਫਿੱਟ ਬੈਠਦੀ ਹੈ ਜਾਂ ਨਹੀਂ? ਇਹੀ ਚਿੰਤਾ ਪ੍ਰਧਾਨ ਮੰਤਰੀ ਤੱਕ ਦੇ ਅਹੁਦੇ ਲਈ ਸਵਾਲ ਰਹੇਗਾ। 25 ਮਾਰਚ ਤੋਂ ਰਸਮੀ ਤੌਰ 'ਤੇ ਚੋਣ ਪ੍ਰਚਾਰ ਦਾ ਆਗਾਜ਼ ਹੋ ਚੁੱਕਾ ਹੈ। ਸਭ ਤੋਂ ਵਧੇਰੇ ਫਸਵੀਂ ਟੱਕਰ ਮੌਜੂਦਾ ਸਕਾਟਿਸ਼ ਨੈਸ਼ਨਲ ਪਾਰਟੀ ਪ੍ਰਮੁੱਖ ਫਸਟ ਮਨਿਸਟਰ ਨਿਕੋਲਾ ਸਟਰਜਨ  ਤੇ ਸਕਾਟਿਸ਼ ਲੇਬਰ ਪਾਰਟੀ ਲੀਡਰ ਅਨਸ ਸਰਵਰ ਵਾਲੀ ਸੀਟ 'ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਗਲਾਸਗੋ ਸਾਊਥਸਾਈਡ ਹਲਕੇ ਤੋਂ ਜੇਤੂ ਰਹਿ ਚੁੱਕੀ ਫਸਟ ਮਨਿਸਟਰ ਨਿਕੋਲਾ ਸਟਰਜਨ ਮੁੜ ਉੱਥੋਂ ਹੀ ਚੋਣ ਮੈਦਾਨ ਵਿੱਚ ਹੋਵੇਗੀ ਤੇ ਉਸੇ ਸੀਟ ਤੋਂ ਸਕਾਟਿਸ਼ ਲੇਬਰ ਪਾਰਟੀ ਲੀਡਰ ਅਨਸ ਸਰਵਰ ਵੀ ਮੈਦਾਨ ਵਿੱਚ ਡਟਿਆ ਹੋਇਆ ਹੈ। ਅਨਸ ਸਰਵਰ ਵੱਲੋਂ ਪ੍ਰਚਾਰ ਦੇ ਪਹਿਲੇ ਦਿਨ ਹੀ ਇਹ ਬਿਆਨ ਦਿੱਤਾ ਗਿਆ ਸੀ ਕਿ "ਉਕਤ ਹਲਕਾ ਨਿਕੋਲਾ ਸਟਰਜਨ ਲਈ ਤਾਂ ਸਿਆਸੀ ਬਿਸਾਤ ਹੋ ਸਕਦਾ ਹੈ ਪਰ ਇਹ ਹਲਕਾ ਮੇਰਾ ਤਾਂ ਘਰ ਹੈ।" ਨਿਕੋਲਾ ਸਟਰਜਨ ਦੇ ਸਿਆਸੀ ਸਫਰ ਦੇ ਮੁਕਾਬਲੇ ਬਹੁਤ ਘੱਟ ਸਫਰ ਵਾਲੇ ਨੌਜਵਾਨ ਲੇਬਰ ਲੀਡਰ ਅਨਸ ਸਰਵਰ ਦੇ ਇਸ ਜੁਰਅੱਤ ਭਰੇ ਬਿਆਨ ਤੇ ਕਦਮ ਦੀ ਸਿਆਸੀ ਹਲਕਿਆਂ 'ਚ ਭਰਵੀਂ ਚਰਚਾ ਹੋਈ। ਅਨਸ ਸਰਵਰ ਦੀ ਲਲਕਾਰ ਤੇ ਫੈਸਲੇ ਨੂੰ ਸਿਆਸਤ ਪ੍ਰਤੀ ਡੂੰਘੀ ਸਮਝ ਰੱਖਣ ਵਾਲੇ ਲੋਕ ਬਹੁਤ ਹੀ ਫੈਸਲਾਕੁੰਨ ਐਲਾਨ ਦੱਸ ਰਹੇ ਹਨ। ਮੌਜੂਦਾ ਹਾਲਾਤ ਇਹ ਹਨ ਕਿ ਨਿਕੋਲਾ ਸਟਰਜਨ ਜਿੱਥੇ ਸਾਬਕਾ ਫਸਟ ਮਨਿਸਟਰ ਅਲੈਕਸ ਸਲਮੰਡ ਦੇ ਮਾਮਲੇ ਵਿੱਚ ਘਿਰੀ ਰਹੀ, ਉੱਥੇ ਹੁਣ ਅਨਸ ਸਰਵਰ ਵੱਲੋਂ ਆਪਣੇ ਸਿਆਸੀ ਭਵਿੱਖ ਵੱਲੋਂ ਬੇਪ੍ਰਵਾਹ ਹੁੰਦਿਆਂ ਸਾਹਮਣੇ ਡਟ ਜਾਣਾ ਵੀ ਨਿਕੋਲਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੇਗਾ। ਇਸ ਨਾਜ਼ੁਕ ਦੌਰ ਵਿੱਚ ਜੇਕਰ ਅਜੇ ਅਨਸ ਸਰਵਰ ਕੋਲ ਗੁਆਉਣ ਲਈ ਕੁਝ ਵੀ ਨਹੀਂ ਤਾਂ ਨਿਕੋਲਾ ਸਟਰਜਨ ਦਾ ਇਸ ਸੀਟ ਤੋਂ ਹਾਰ ਜਾਣ ਨਾਲ ਬਹੁਤ ਕੁਝ ਗੁਆਚ ਜਾਵੇਗਾ।
ਸਕਾਟਿਸ਼ ਲੇਬਰ ਪਾਰਟੀ ਅਨਸ ਸਰਵਰ ਦੇ ਲੀਡਰ ਬਣਨ ਤੋਂ ਪਹਿਲਾਂ ਸਿਆਸੀ ਧਰਾਤਲ 'ਤੇ ਹੋਂਦ ਬਚਾਉਣ ਦੀ ਹਾਲਤ ਵਿੱਚ ਸੀ ਪਰ ਅਨਸ ਸਰਵਰ ਦੇ ਲੀਡਰ ਵਜੋਂ ਕਮਾਨ ਸੰਭਾਲਣ ਤੋਂ ਬਾਅਦ ਲੇਬਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਸਕਾਟਿਸ਼ ਨੈਸ਼ਨਲ ਪਾਰਟੀ ਸਕਾਟਲੈਂਡ ਵਿੱਚ ਯੂਕੇ ਨਾਲੋਂ ਵੱਖ ਹੋਣ ਲਈ ਦੂਜੀ ਰਾਇਸ਼ੁਮਾਰੀ ਕਰਵਾਉਣ ਲਈ ਬਜ਼ਿਦ ਹੋਣ ਕਰਕੇ ਬਰਤਾਨਵੀ ਸਿਆਸਤ ਦਾ ਅੱਖ-ਤਿਣ ਹੈ ਉੱਥੇ ਲੇਬਰ ਪਾਰਟੀ ਵੱਲੋਂ ਏਕਤਾ ਬਣਾਈ ਰੱਖਣ ਦਾ ਹਾਮੀ ਹੋਣਾ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਹਜ਼ਮ ਆ ਰਿਹਾ ਹੈ। ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਕੰਸਰਵੇਟਿਵ ਪਾਰਟੀ ਨਾਲ ਸੰਬੰਧ ਰੱਖਦੇ ਹਨ, ਪਰ ਰੈਫਰੰਡਮ ਦੇ ਮੁੱਦੇ 'ਤੇ ਉਹਨਾਂ ਨੂੰ ਸਕਾਟਿਸ਼ ਲੇਬਰ ਪਾਰਟੀ ਦਾ ਸਟੈਂਡ ਪਸੰਦ ਆਉਣਾ ਵੀ ਸੁਭਾਵਿਕ ਹੈ। ਇਹਨਾਂ 6 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਨਤੀਜ਼ੇ ਜੋ ਮਰਜ਼ੀ ਆਉਣ ਪਰ ਇਹ ਗੱਲ ਸਪੱਸ਼ਟ ਹੈ ਕਿ ਥਾਲੀ 'ਚ ਪਰੋਸ ਕੇ ਸੌਖੀ ਜਿੱਤ ਕਿਸੇ ਨੂੰ ਵੀ ਮਿਲਣੀ ਮੁਸ਼ਕਿਲ ਜਾਪ ਰਹੀ ਹੈ। ਸਿਆਸੀ ਧਿਰਾਂ ਵਿੱਚੋਂ ਆਪਣਾ ਅਕਸ, ਭਵਿੱਖੀ ਰਾਹ ਤੇ ਪੈਰ ਜਮਾਉਣ ਵਿੱਚ ਲੇਬਰ ਪਾਰਟੀ ਅਨਸ ਸਰਵਰ ਦੀ ਅਗਵਾਈ ਵਿੱਚ ਲਾਹਾ ਜ਼ਰੂਰ ਲੈ ਜਾਵੇਗੀ। ਜ਼ਿਕਰਯੋਗ ਹੈ ਕਿ ਲੇਬਰ ਲੀਡਰ ਅਨਸ ਸਰਵਰ, ਗਲਾਸਗੋ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਚੌਧਰੀ ਮੁਹੰਮਦ ਸਰਵਰ ਦੇ ਫਰਜੰਦ ਹਨ। ਚੌਧਰੀ ਮੁਹੰਮਦ ਸਰਵਰ ਪਾਕਿਸਤਾਨ ਪੰਜਾਬ ਦੇ ਗਵਰਨਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ। ਸਕਾਟਲੈਂਡ ਵਿੱਚ ਮੁਹੰਮਦ ਸਰਵਰ ਦੇ ਸਿਆਸੀ ਪ੍ਰਭਾਵ ਤੇ ਲੋਕਾਂ ਵਿੱਚ ਹਰਮਨ ਪਿਆਰਤਾ ਦਾ ਫਾਇਦਾ ਅਨਸ ਸਰਵਰ ਦੇ ਜ਼ਰੀਏ ਲੇਬਰ ਪਾਰਟੀ ਨੂੰ ਹੀ ਮਿਲੇਗਾ। ਬਰਤਾਨਵੀ ਸਿਆਸਤ ਵਿੱਚ ਕਿਸੇ ਸਿਆਸੀ ਪਾਰਟੀ ਦਾ ਲੀਡਰ ਬਣਨ ਵਾਲਾ ਵੀ ਅਨਸ ਸਰਵਰ ਪਹਿਲਾ ਸਿਆਸਤਦਾਨ ਹੈ ਜੋ ਗੈਰ ਗੋਰਾ ਹੋਣ ਦੇ ਬਾਵਜੂਦ ਪਾਰਟੀ ਦੀ ਅਗਵਾਈ ਕਰ ਰਿਹਾ ਹੈ। ਏਸ਼ੀਅਨ, ਖਾਸ ਕਰਕੇ ਮੁਸਲਿਮ ਪਿਛੋਕੜ ਵਾਲੀ ਵੋਟ ਅਨਸ ਸਰਵਰ ਦੀ ਝੋਲੀ ਵੱਡੀ ਗਿਣਤੀ ਵਿੱਚ ਪੈਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਦੀ ਵੋਟ ਵੀ ਅਨਸ ਸਰਵਰ ਰਾਹੀਂ ਲੇਬਰ ਪਾਰਟੀ ਦੇ ਖਾਤੇ ਪੈ ਸਕਦੀ ਹੈ, ਕਿਉਂਕਿ ਚੌਧਰੀ ਮੁਹੰਮਦ ਸਰਵਰ ਦੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ 'ਚ ਕੀਤੀਆਂ ਕੋਸ਼ਿਸ਼ਾਂ ਤੇ ਨਿਭਾਇਆ ਹਾਂ-ਪੱਖੀ ਰੋਲ ਵੀ ਸਿੱਖ ਭਾਈਚਾਰੇ ਨੂੰ ਵਾਇਆ ਅਨਸ ਸਰਵਰ ਹੋ ਕੇ ਲੇਬਰ ਪਾਰਟੀ ਦਾ ਸਾਥ ਦੇਣ ਲਈ ਮਜਬੂਰ ਕਰੇਗਾ। ਕਿਉਂਕਿ ਅਨਸ ਸਰਵਰ ਵੱਲੋਂ ਆਪਣੇ ਭਾਸ਼ਣ ਦੌਰਾਨ ਆਪਣੇ ਪਿਤਾ ਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਜ਼ਿਕਰ ਕਰਨਾ ਇਹੀ ਯਾਦ ਦਿਵਾਉਣਾ ਹੈ। ਇਸ ਤਰ੍ਹਾਂ ਦਾ ਜ਼ਿਕਰ ਉਹ ਗਲਾਸਗੋ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਵੀ ਕਰ ਚੁੱਕੇ ਹਨ। 129 ਸੀਟਾਂ 'ਤੇ ਹੋਣ ਜਾ ਰਹੇ ਸਿਆਸੀ ਦੰਗਲ 'ਚ ਸਪੱਸ਼ਟ ਬਹੁਮਤ ਲਈ 65 ਸੀਟਾਂ ਦੀ ਲੋੜ ਰਹੇਗੀ। ਇਸ ਸਮੇਂ ਨਿਕੋਲਾ ਸਟਰਜਨ ਦੀ ਅਗਵਾਈ 'ਚ ਸਕਾਟਿਸ਼ ਨੈਸ਼ਨਲ ਪਾਰਟੀ, ਸਕਾਟਿਸ਼ ਕੰਜਰਵੇਟਿਵ (ਡਗਲਸ ਰੌਸ), ਸਕਾਟਿਸ਼ ਲੇਬਰ (ਅਨਸ ਸਰਵਰ), ਸਕਾਟਿਸ਼ ਲਿਬਰਲ ਡੇਮੋਕ੍ਰੇਟਸ (ਵਿਲੀ ਰੈਨੀ), ਸਕਾਟਿਸ਼ ਗ੍ਰੀਨ (ਪੈਟ੍ਰਿਕ ਹਾਰਵੀ, ਲੌਰਨਾ ਸਲੇਟਰ) ਅਤੇ 3 ਨਵੀਆਂ ਪਾਰਟੀਆਂ ਵੀ ਆਪਣੀ ਜ਼ੋਰ ਅਜਮਾਈ ਕਰਨਗੀਆਂ, ਜਿਹਨਾਂ ਵਿੱਚ ਮਾਈਕਲ ਬੈਲਨਟਾਈਨ ਦੀ "ਰਿਫਾਰਮ ਯੂਕੇ", ਸਾਬਕਾ ਫਸਟ ਮਨਿਸਟਰ ਤੇ ਸਕਾਟਿਸ਼ ਨੈਸ਼ਨਲ ਪਾਰਟੀ ਲੀਡਰ ਅਲੈਕਸ ਸਲਮੰਡ ਦੀ "ਅਲਬਾ ਪਾਰਟੀ" ਤੇ ਜਾਰਜ ਗੈਲੋਵੇਅ ਦੀ "ਆਲ ਫੌਰ ਯੂਨਿਟੀ" ਪ੍ਰਮੁੱਖ ਹਨ।
ਇਸ ਚੋਣ ਵਿੱਚ ਹਿੱਸਾ ਲੈਣ ਲਈ ਵੋਟਰਾਂ ਨੂੰ ਆਪਣੇ ਹੱਥੀਂ ਵੋਟ ਬਕਸੇ 'ਚ ਵੋਟ ਪਾਉਣ, ਚਿੱਠੀ ਰਾਂਹੀ ਵੋਟ ਪਾਉਣ ਦੇ ਸੁਨੇਹੇ ਲੱਗ ਰਹੇ ਹਨ। ਸਭ ਤੋਂ ਵੱਡੀ ਗੱਲ ਕਿ ਇਹਨਾਂ ਚੋਣਾਂ ਵਿੱਚ ਕਿਸੇ "ਮਸ਼ੀਨ" ਦੀ ਵਰਤੋਂ ਦੀ ਬਜਾਏ ਬੈਲਟ ਪੇਪਰ ਦੀ ਵਰਤੋਂ ਹੀ ਹੋਵੇਗੀ।
ਅਪ੍ਰੈਲ ਮਹੀਨਾ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਪਹੁੰਚਾਉਣ ਦਾ ਕੰਮ ਕਰੇਗਾ। ਟੀਵੀ ਚੈਨਲਾਂ ਦੇ ਸਟੂਡੀਓਜ਼ ਰਾਹੀਂ ਪਾਰਟੀਆਂ ਦੇ ਆਗੂ ਬਹਿਸਾਂ ਦਾ ਹਿੱਸਾ ਬਣਨਗੇ। ਜਿਸਦੀ ਗੱਲ ਵਜ਼ਨਦਾਰ ਹੋਵੇਗੀ, ਜੋ ਲੋਕਾਂ ਦੇ ਦਿਲਾਂ ਦੀ ਤਾਰ ਛੂਹ ਜਾਵੇਗਾ, ਉਹੀ ਉਹਨਾਂ ਦੇ "ਮਤ ਦਾ ਦਾਨ" ਹਾਸਲ ਕਰ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ 6 ਮਈ ਨੂੰ "ਇੱਕ ਦਿਨ ਦਾ ਰਾਜਾ- ਵੋਟਰ" ਕਿਸ ਕਿਸ ਦੀ ਕਿਸਮਤ ਬਦਲੇਗਾ।

ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ (ਸਕਾਟਲੈਂਡ)
+44 75191 12312
Email- MandeepKhurmi4u@gmail.com

ਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ "ਪਰਵਿੰਦਰ ਮੂਧਲ" - ਮਨਦੀਪ ਖੁਰਮੀ ਹਿੰਮਤਪੁਰਾ

ਸੰਗੀਤ ਇੱਕ ਸਾਧਨਾ ਦਾ ਨਾਂ ਹੈ। ਸਾਧਨਾ ਕਰਦਿਆਂ ਮਨ ਵਿੱਚ ਲਾਲਚ ਹੋਵੇ ਤਾਂ ਓਹ ਸਾਧਨਾ ਵੀ ਨਿਹਫ਼ਲ ਹੁੰਦੀ ਹੈ। ਬਹੁਤ ਥੋੜ੍ਹੀਆਂ ਰੂਹਾਂ ਹੁੰਦੀਆਂ ਹਨ ਜੋ ਆਪਣੇ ਮਨ ਦੇ ਆਖੇ ਲੱਗਣ ਨਾਲੋਂ ਮਨ ਦੀਆਂ ਮਨਆਈਆਂ ਨੂੰ ਵੀ ਆਪਣੀ ਮਸਤੀ ਅਨੁਸਾਰ ਢਾਲ ਲੈਂਦੇ ਹਨ। ਸਵਾ ਛੇ ਫੁੱਟ ਕੱਦ, ਦੇਖਣੀ ਪਰਖਣੀ ਪੱਖੋਂ ਪਹਿਲਵਾਨਾਂ ਵਰਗੇ ਦਿਸਦੇ ਇਸ ਲੰਮ ਸਲੰਮੇ ਗੱਭਰੂ ਨੂੰ ਮਿਲੋਗੇ ਤਾਂ ਸਭ ਸ਼ੰਕੇ ਦੂਰ ਹੋ ਜਾਣਗੇ ਕਿ ਓਹ ਕਿੰਨਾ ਨਿਮਰ ਹੈ।  ਜਿੰਨਾ ਵੱਡਾ ਜੁੱਸਾ ਹੈ, ਓਨੇ ਹੀ ਪਿਆਰੇ ਦਿਲ ਦਾ ਮਾਲਕ ਹੈ ਗਾਇਕ ਪਰਵਿੰਦਰ ਮੂਧਲ। ਆਪਣੀ ਸਰੀਰਕ ਦਿੱਖ ਨਾਲੋਂ ਬਿਲਕੁਲ ਉਲਟ ਪੇਸ਼ੇ ਵਜੋਂ ਪੰਜਾਬੀ ਅਧਿਆਪਕ ਦੇ ਤੌਰ 'ਤੇ ਸਰਕਾਰੀ ਹਾਈ ਸਕੂਲ ਮੱਖਣਵਿੰਡੀ ਵਿਖੇ ਆਪਣੀਆਂ ਸੁਰੀਲੀਆਂ ਸੇਵਾਵਾਂ ਨਿਭਾ ਰਿਹਾ ਪਰਵਿੰਦਰ ਨਾਲੋ ਨਾਲ ਗਾਇਕੀ ਨੂੰ ਵੀ ਸ਼ੌਕ ਦੇ ਕਬੂਤਰਾਂ ਵਾਂਗ ਪਾਲਦਾ ਆ ਰਿਹਾ ਹੈ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੋਦ 'ਚ ਵਸੇ ਪਿੰਡ ਮੂਧਲ ਵਿੱਚ ਪਿਤਾ ਸ੍ਰ: ਜਰਨੈਲ ਸਿੰਘ (ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ), ਮਾਤਾ ਸ੍ਰੀਮਤੀ ਨਿਰਮਲ ਕੌਰ ਦੀਆਂ ਅੱਖਾਂ ਦਾ ਤਾਰਾ ਪਰਵਿੰਦਰ ਪਤਨੀ ਰਾਜਵਿੰਦਰ ਕੌਰ, ਬੱਚਿਆਂ ਗੁਰਅਸੀਸ ਕੌਰ ਤੇ ਗੁਰਸਿਦਕ ਸਿੰਘ ਨਾਲ ਆਪਣੀ ਜ਼ਿੰਦਗੀ ਦਾ ਲੁਤਫ਼ ਲੈ ਰਿਹਾ ਹੈ। ਐੱਮ. ਏ. (ਰਾਜਨੀਤੀ ਸ਼ਾਸ਼ਤਰ) ਅਤੇ ਬੀ. ਐੱਡ. ਵਿੱਦਿਅਕ ਯੋਗਤਾ ਦਾ ਮਾਲਕ ਆਲ ਇੰਡੀਆ ਬਾਸਕਟਬਾਲ ਦਾ ਸਿਰ ਕੱਢਵਾਂ ਖਿਡਾਰੀ ਵੀ ਰਿਹਾ ਹੈ। ਸੰਗੀਤਕ ਖੇਤਰ ਵਿੱਚ ਆਪਣੀ ਪਛਾਣ ਪਿੱਛੇ ਜਿੱਥੇ ਉਹ ਸਖ਼ਤ ਮਿਹਨਤ ਦਾ ਜ਼ਿਕਰ ਕਰਦਾ ਹੈ ਉੱਥੇ ਉਹ ਉਸਤਾਦ ਸ਼ਾਇਰ ਸਰਦਾਰ ਜਸਪਾਲ ਸੂਸ ਨੂੰ ਆਪਣਾ ਰਾਹ ਦਰਸਾਵਾ ਮੰਨਦਾ ਹੈ, ਜਿਹਨਾਂ ਨੇ ਉਂਗਲ ਫੜ੍ਹ ਕੇ ਸੰਗੀਤ ਦੀਆਂ ਗਲੀਆਂ ਦਾ ਭ੍ਰਮਣ ਕਰਵਾਇਆ ਅਤੇ ਨਿਰੰਤਰ ਕਰਵਾ ਰਹੇ ਹਨ। ਆਪਣੇ ਮੌਜ਼ੂਦਾ ਮੁਕਾਮ ਤੱਕ ਪਹੁੰਚਣ ਲਈ ਉਹ ਸਰਕਾਰੀਆ ਮਾਡਲ ਸਕੂਲ ਮੂਧਲ ਨੂੰ ਪਹਿਲੀ ਪੌੜੀ ਵਜੋਂ ਮੱਥਾ ਟੇਕਦਾ ਹੈ, ਜਿੱਥੇ ਉਸਨੇ ਸ੍ਰੀਮਤੀ ਮਲਵਿੰਦਰ ਕੌਰ ਜੀ ਦੀ ਹੱਲਾਸ਼ੇਰੀ ਨਾਲ "ਵੀਰਾ ਤੂੰ ਕਿਉਂ ਡੋਲਦਾ ਵੇ, ਬਾਬਲ ਸਰਦਾਰ ਤੇਰੇ ਨਾਲ ਵੇ" ਗੀਤ ਗਾ ਕੇ ਆਪਣੇ ਗਾਇਕੀ ਸਫ਼ਰ ਦਾ ਪਹਿਲਾ ਕਦਮ ਪੁੱਟਿਆ ਸੀ। ਬਾਲ-ਵਰੇਸ ਤੋਂ ਗਾਉਂਦਾ ਆ ਰਿਹਾ ਪਰਵਿੰਦਰ ਮੂਧਲ ਆਪਣੀ ਆਵਾਜ਼ ਅਤੇ ਰਿਆਜ਼ ਸਦਕਾ ਗਾਇਕ ਵਜੋਂ ਵੱਡੀ ਰਾਸ਼ੀ ਵਸੂਲਣ ਦਾ ਦਮ ਵੀ ਰੱਖਦਾ ਹੈ, ਪਰ ਉਸਦਾ ਕਹਿਣਾ ਹੈ ਕਿ "ਮੈਂ ਆਪਣੀ ਰੋਜ਼ੀ ਰੋਟੀ ਲਈ ਇੱਕ ਅਧਿਆਪਕ ਵਜੋਂ ਬੇਹੱਦ ਸੰਤੁਸ਼ਟ ਹਾਂ। ਬੱਚਿਆਂ ਦਾ ਸਮਾਂ ਖਾ ਕੇ ਮੈਂ ਗਾਇਕੀ ਨੂੰ ਵੀ ਕਲੰਕਿਤ ਨਹੀਂ ਕਰਨਾ ਚਾਹੁੰਦਾ। ਸੰਗੀਤਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਮੈਂ ਆਪਣੇ ਵਿਹਲੇ ਸਮੇਂ ਵਿੱਚੋਂ ਕਰਦਾ ਹਾਂ।" ਸਿਰਫ ਪਰਵਿੰਦਰ ਹੀ ਨਹੀਂ ਸਗੋਂ ਉਸਦਾ ਭਾਣਜਾ ਵੀ ਗਾਇਕ ਅਨਮੋਲ ਆਸ਼ਟ ਦੇ ਨਾਂਅ ਨਾਲ ਧੁੰਮਾਂ ਪਾਉਂਦਾ ਆ ਰਿਹਾ ਹੈ। ਬੀ ਐੱਡ 'ਚ ਪੜ੍ਹਦਿਆਂ ਆਪਣੇ ਸਾਥੀ ਰਾਮ ਲੁਭਾਇਆ ਅਤੇ ਮਨਦੀਪ ਨਾਲ ਯੂਨੀਵਰਸਿਟੀ ਪੱਧਰ ਤੱਕ ਰਾਮਗੜ੍ਹੀਆ ਕਾਲਜ਼ ਫਗਵਾੜਾ ਦਾ ਡੰਕਾ ਵਜਾਉਣ ਵਾਲਾ ਪਰਵਿੰਦਰ ਸ੍ਰੋਤਿਆਂ ਦੀ ਝੋਲੀ ਹੁਣ ਤੱਕ "ਹੁਸਨ", ਮੁਕੰਮਲ ਸੀਡੀ ਐਲਬਮ "ਰੌਕ ਐਨ ਰੋਲ", "ਹਾਕੀ ਚੱਕਦੇ", "ਕੌੜਾ ਬੋਲ", "ਸੁੰਨੇ ਸੁੰਨੇ ਰਾਹ" ਪਾ ਚੁੱਕਾ ਹੈ। ਅੱਜਕੱਲ੍ਹ ਪਰਵਿੰਦਰ ਮੂਧਲ ਆਪਣੇ ਅਗਲੇ ਰੋਮਾਂਸਵਾਦੀ ਗੀਤ "ਤੂੰ ਜਾਨ ਮੇਰੀ" ਦੀਆਂ ਤਿਆਰੀਆਂ ਵੰਝਲੀ ਰਿਕਾਰਡਜ਼, ਐੱਚ ਐੱਸ ਔਲਖ ਅਤੇ ਸਰਦਾਰ ਜਸਪਾਲ ਸੂਸ ਦੀ ਮਾਣਮੱਤੀ ਅਗਵਾਈ ਵਿੱਚ ਕਰ ਰਿਹਾ ਹੈ। ਨੇਕ ਨੀਅਤ, ਸਫ਼ਲਤਾ ਨੂੰ ਜਾਂਦੇ ਰਾਹ ਦਾ ਮੀਲ ਪੱਥਰ ਮੰਨੀ ਜਾਂਦੀ ਹੈ। ਪਰਵਿੰਦਰ ਮੂਧਲ ਦੀ ਨੀਅਤ ਦੀ ਪਾਕੀਜ਼ਗੀ ਉਸਦੇ ਸੁਪਨੇ ਸਾਕਾਰ ਜ਼ਰੂਰ ਕਰੇਗੀ।

ਕੋਰੀ - ਕਰਾਰੀ ਗੱਲ : ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ? - ਮਨਦੀਪ ਖੁਰਮੀ ਹਿੰਮਤਪੁਰਾ

ਕਹਿੰਦੇ ਹਨ ਕਿ ਇੱਕ ਪੁੱਤ ਨੇ ਆਪਣੇ ਸਿਆਸਤਦਾਨ ਪਿਓ ਕੋਲੋਂ ਸਿਆਸਤ ਦੇ ਗੁਰ ਸਿੱਖਣ ਦੀ ਰਟ ਲਾ ਰੱਖੀ ਸੀ। ਉਹਦਾ ਆਪਣੇ ਪਿਓ ਅੱਗੇ ਹਰ ਵਾਰ ਇਹੀ ਰੋਣਾ ਰਹਿੰਦਾ ਕਿ ਉਹਨੇ ਵੀ ਸਿਆਸਤਦਾਨ ਬਣਨਾ ਹੈ ਤੇ ਉਸਨੂੰ ਸਿਆਸੀ ਬਿਸਾਤ ਦੀਆਂ ਚਾਲਾਂ ਚੱਲਣ ਦਾ ਵੱਲ ਸਿਖਾਇਆ ਜਾਵੇ। ਨਿਰੋਲ ਸਿਆਸੀ ਪਿਓ ਐਨਾ ਕੁ ਮਜ਼ਬੂਰ ਹੋ ਗਿਆ ਕਿ ਉਸਨੇ ਮੁੰਡੇ ਦੀ ਜ਼ਿਦ ਅੱਗੇ ਗੋਡੇ ਟੇਕ ਦਿੱਤੇ। ਪੁੱਤਰ ਨੂੰ ਸਿਆਸੀ ਕਾਇਦੇ ਦੇ ਪਹਿਲੇ ਸਬਕ ਦਾ ਗਿਆਨ ਦੇਣ ਲਈ ਹੁਕਮ ਦਿੱਤਾ ਕਿ ਪੌੜੀ ਰਾਂਹੀਂ ਕੋਠੇ ਦੀ ਛੱਤ 'ਤੇ ਚੜ੍ਹ ਜਾਵੇ। ਮੁੰਡੇ ਦੇ ਛੱਤ 'ਤੇ ਚੜ੍ਹਨ ਤੋਂ ਬਾਅਦ ਪਿਓ ਨੇ ਪੌੜੀ ਚੁੱਕ ਲਈ ਅਤੇ ਮੁੰਡੇ ਨੂੰ ਛੱਤ ਤੋਂ ਵਿਹੜੇ 'ਚ ਛਾਲ ਮਾਰਨ ਦਾ ਹੁਕਮ ਕੀਤਾ। ਮੁੰਡਾ ਡੌਰ ਭੋਰ ਕੇ ਬਾਪੂ ਅੱਜ ਲੱਤਾਂ ਬਾਂਹਾਂ ਜ਼ਰੂਰ ਤੁੜਵਾਵੇਗਾ। ਪਿਓ ਨੇ ਉਹਦਾ ਫਿਕਰ ਦੂਰ ਕਰਨ ਲਈ ਬਾਂਹਾਂ ਖਿਲਾਰ ਲਈਆਂ ਕਿ "ਤੂੰ ਛਾਲ ਮਾਰ, ਮੈਂ ਆਪਣੀਆਂ ਬਾਂਹਾਂ ਵਿੱਚ ਬੋਚ ਲਵਾਂਗਾ।" ਮੁੰਡੇ ਨੇ ਪਿਓ 'ਤੇ ਯਕੀਨ ਕਰਦਿਆਂ ਛਾਲ ਮਾਰ ਦਿੱਤੀ ਪਰ ਪਿਓ ਛੜੱਪਾ ਮਾਰ ਕੇ ਪਿਛਾਂਹ ਹਟ ਗਿਆ। ਮੁੰਡੇ ਦੇ ਗੋਡੇ ਗਿੱਟੇ ਛਿੱਲੇ ਗਏ ਤੇ ਹੋਰ ਵੀ ਸੱਟਾਂ ਵੱਜੀਆਂ। ਕੁਰਲਾਉਂਦਾ ਹੋਇਆ ਬੋਲਿਆ, "ਬਾਪੂ, ਆਹ ਕੀ ਕੀਤਾ? ਮੈਨੂੰ ਛਾਲ ਮਾਰਨ ਲਈ ਕਹਿ ਕੇ ਆਪ ਮੈਨੂੰ ਬਚਾਇਆ ਕਿਉਂ ਨਹੀਂ?" ਤਾਂ ਬਾਪੂ ਦਾ ਦਿੱਤਾ ਜਵਾਬ ਹਰ ਸਮੇਂ ਦੀ ਸਿਆਸਤ 'ਤੇ ਢੁਕਦਾ ਆ ਰਿਹਾ ਹੈ ਤੇ ਢੁਕਦਾ ਹੀ ਰਹੇਗਾ। ਬਾਪੂ ਦਾ ਜਵਾਬ ਸੀ ਕਿ "ਇਹੀ ਸਿਆਸਤ ਦਾ ਪਹਿਲਾ ਸਬਕ ਹੈ ਕਿ ਜੋ ਦਿਸਦੀ ਹੈ, ਓਹ ਹੁੰਦੀ ਨਹੀਂ। ਜੋ ਹੁਦੀ ਹੈ, ਓਹ ਦਿਸਦੀ ਨਹੀਂ।"
ਸਚਮੁੱਚ ਹੀ ਅਜਿਹੀ ਸਿਆਸਤ ਦੇ ਪੈਂਤੜੇ ਹੀ ਬੀਤੇ ਦਿਨੀਂ ਹੋਏ ਭਾਰਤ ਸਰਕਾਰ ਵੱਲੋਂ ਆਯੋਜਿਤ ਲਾਂਘਾ ਸਮਾਗਮਾਂ ਵਿੱਚ ਦੇਖਣ ਨੂੰ ਮਿਲੇ। ਸਿਆਸਤ ਤਾਂ ਸਕੇ ਪੁੱਤ ਦੀ ਸਕੀ ਨਹੀਂ ਹੁੰਦੀ, ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਬਖ਼ਸ਼ ਦਿੰਦੀ? ਸਮਾਗਮਾਂ ਵਿੱਚ ਕੋਈ ਅਜਿਹਾ ਵਰਤਾਰਾ ਦੇਖਣ ਨੂੰ ਮਿਲਿਆ, ਜਿਹੜਾ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਆਧਾਰਿਤ ਹੋਵੇ? ਪਾਠਕ ਵੀ ਜਵਾਬ ਵਜੋਂ ਸਿਰ ਨਾਂਹ 'ਚ ਹੀ ਹਿਲਾਵੇਗਾ। ਭਾਗੋ ਦੇ ਪਕਵਾਨ ਠੁਕਰਾ ਕੇ ਲਾਲੋ ਦੀ ਕੋਧਰੇ ਦੀ ਰੋਟੀ ਸਵੀਕਾਰਨ ਵਾਲੇ ਬਾਬੇ ਦੀ ਕਿਹੜੀ ਸਿੱਖਿਆ ਦਾ ਅਸੀਂ ਪਾਲਣ ਕੀਤਾ ਹੈ? ਫਾਸਟ ਫੁਡ, ਕੋਲਡ ਡਰਿੰਕ ਦੇ ਸਟਾਲ ਕਦੋਂ "ਲੰਗਰ" ਦਾ ਰੁਤਬਾ ਹਾਸਲ ਕਰ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ? ਬਾਬਾ ਨਾਨਕ ਵੀ ਹੈਰਾਨ ਹੁੰਦਾ ਹੋਵੇਗਾ 550 ਤਰ੍ਹਾ ਦੇ ਪਕਵਾਨ ਦੇਖ ਕੇ ਅਤੇ ਬੀਮਾਰੀਆਂ ਨੂੰ ਸੱਦਾ ਦੇਣ ਵਾਲੇ ਗੈਸੀ ਜਲ ਪਦਾਰਥਾਂ ਨੂੰ ਲੰਗਰ ਕਹਿ ਵਰਤਾਏ ਜਾਂਦੇ ਦੇਖ ਕੇ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਰੂਹ ਗੁਰਮੁਖੀ ਅੰਦਰ ਵਸਦੀ ਹੈ, ਪਰ ਭਾਰਤ ਸਰਕਾਰ ਵੱਲੋਂ ਸਮਾਗਮ ਹਿਤ ਪੰਜਾਬ ਦੀ ਹਿੱਕ 'ਤੇ ਗੱਡੇ ਗਏ ਨੀਂਹ ਪੱਥਰ ਵਿੱਚੋਂ ਨਾ ਤਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਲੱਭਦਾ ਹੈ ਤੇ ਨਾ ਹੀ ਗੁਰਮੁਖੀ। ਸਿਆਸਤਦਾਨਾਂ ਨੇ ਸਿਆਸਤ ਕਰਨੀ ਹੁੰਦੀ ਹੈ ਤੇ ਸਿਆਸਤ ਵਿੱਚ ਕੁਝ ਵੀ ਅਚਨਚੇਤ ਨਹੀਂ ਵਾਪਰਦਾ ਸਗੋਂ ਹਰ ਘਟਨਾ ਹਰ ਬਿਆਨ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ। ਕੀ ਦਿੱਲੀ ਦੀ ਨਜ਼ਰਸਾਨੀ ਹੇਠ ਤਿਆਰ ਹੋ ਕੇ ਪੰਜਾਬ ਦੇ ਸਿਆਸੀ ਆਗੂ ਸਾਰੇ ਹੀ ਸਿਆਸਤ ਦੀ ਚਕਾਚੌਂਧ 'ਚ ਐਨੇ ਅੰਨ੍ਹੇ ਹੋ ਗਏ ਸਨ ਕਿ ਉਹਨਾਂ ਨੂੰ ਸਿਰਫ ਆਪਣੇ ਨਾਂਵਾਂ ਤੋਂ ਬਗੈਰ ਨਾ ਤਾਂ ਨੀਂਹ ਪੱਥਰ ਉੱਪਰ ਗੁਰੂ ਨਾਨਕ ਦੇਵ ਜੀ ਦਾ ਨਾਂ ਅੰਕਿਤ ਕਰਨਾ ਜ਼ਰੂਰੀ ਸਮਝਿਆ ਤੇ ਨਾ ਹੀ ਗੁਰਮੁਖੀ? ਕੀ ਸਿਆਸਤ ਐਨੀ ਹੀ ਮਤਲਬੀ ਹੁੰਦੀ ਹੈ ਕਿ ਉਸ ਲਈ ਦੇਸ਼ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗਵਰਨਰ ਬੀ ਪੀ ਸਿੰਘ ਬਦਨੌਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਂਸਦ ਸੰਨੀ ਦਿਓਲ ਐਨੇ ਹੀ ਉੱਚ ਕਿਰਦਾਰਾਂ ਦੇ ਮਾਲਕ ਹਨ ਕਿ ਉਸ ਨੀਂਹ ਪੱਥਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲਿਖਣਾ ਹੀ ਦਰਕਿਨਾਰ ਕਰ ਦਿੱਤਾ ਗਿਆ? ਆਪੋ ਆਪਣੀਆਂ ਸਟੇਜਾਂ ਲਾਉਣ ਪਿੱਛੇ ਹੋਈ ਬਿਆਨਬਾਜ਼ੀ, ਆਪੋ ਆਪਣੀ ਪਾਰਟੀ ਦੇ ਵਰਕਰਾਂ ਦੇ ਜੱਥਿਆਂ ਦੀਆਂ ਤਸਵੀਰਾਂ ਰਾਂਹੀਂ ਸਿਰਫ ਤੇ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਹੀ ਕੀਤੀ ਗਈ ਕਿ ਜਿਵੇਂ ਇਸ ਸਮਾਗਮ ਰਾਂਹੀਂ ਵੀ ਵੋਟ ਬੈਂਕ ਪੱਕਾ ਕਰਨ ਚੱਲੇ ਹੋਣ। ਬੇਸ਼ੱਕ ਭਾਰਤ ਪਾਕਿਸਤਾਨ ਦੇ ਸੁਖਦ ਸੰਬੰਧਾਂ ਲਈ ਇਹ ਲਾਂਘਾ ਇੱਕ ਉਮੀਦ ਬਣ ਸਕਦਾ ਹੈ ਪਰ ਸਿਆਸਤ ਕਦੋਂ ਚਾਹੇਗੀ ਕਿ ਲੋਕ ਦੋਵਾਂ ਦੇਸ਼ਾਂ ਦੀ ਕਥਿਤ ਦੁਸ਼ਮਣੀ ਦੇ ਬਿਆਨਾਂ ਨੂੰ ਭੁੱਲ ਕੇ ਹਾਕਮਾਂ ਕੋਲੋਂ ਸਿਹਤ, ਵਿੱਦਿਆ ਤੇ ਰੁਜ਼ਗਾਰ ਦੀ ਮੰਗ ਕਰਨ। ਸਗੋਂ ਸਿਆਸਤ ਦਾ ਨਿੱਜੀ ਲਾਭ ਹੀ ਇਸ ਗੱਲ 'ਚ ਹੈ ਕਿ ਲੋਕ ਆਪਣੇ ਭਲੇ ਦੀਆਂ ਲੋੜਾਂ ਨੂੰ ਭੁੱਲ ਕੇ ਸਿਆਸਤ ਦੇ ਹੱਥ-ਠੋਕੇ ਬਣੇ ਰਹਿਣ। ਇਹੀ ਉਦਾਹਰਣ ਸੂਬੇ ਦੇ ਮੁੱਖ ਮੰਤਰੀ ਨੇ ਪੇਸ਼ ਕੀਤੀ ਜਦੋਂ ਉਹਨਾਂ ਬਾਬਾ ਨਾਨਕ ਦੇਵ ਦੇ ਨਾਂਅ 'ਤੇ ਸਜ਼ਾਈ ਸਟੇਜ਼ ਤੋਂ ਪਾਕਿਸਤਾਨ ਨੂੰ ਮੂਧਾ ਮਾਰਨ, ਚੂੜੀਆਂ ਨਾ ਪਹਿਨੀਆਂ ਹੋਣ ਵਰਗੇ ਬਚਕਾਨਾ ਬਿਆਨ ਦਿੱਤੇ। ਇੱਕ ਪਾਸੇ ਵਿਸ਼ਵ ਭਰ ਵਿੱਚੋਂ ਲਾਂਘਾ ਖੁੱæਲ੍ਹਣ ਦੀ ਖੁਸ਼ੀ ਦੀਆਂ ਕਿਲਕਾਰੀਆਂ ਆ ਰਹੀਆਂ ਸਨ ਪਰ ਮੁੱਖ ਮੰਤਰੀ ਸਾਹਿਬ ਕੁਝ ਕੁ ਲਲਕਾਰੇ ਮਾਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਖੁੱਲ੍ਹੀ ਬੱਸ ਵਿੱਚ ਖੜ੍ਹੇ ਨਜ਼ਰ ਆਏ। ਲਲਕਾਰੇ ਮਾਰਨ ਤੋਂ ਬਾਅਦ ਜਿੱਥੇ ਸੰਗਤ ਪੰਗਤ ਵਿੱਚ ਬੈਠ ਕੇ ਗੁਰੂ ਦੇ ਲੰਗਰਾਂ ਦੀ ਨਿਆਮਤ ਛਕ ਰਹੀ ਸੀ, ਉਦੋਂ ਮੁੱਖ ਮੰਤਰੀ ਕੋਲ ਧਰਤੀ 'ਤੇ ਥਾਲ ਰੱਖ ਕੇ ਬੁਰਕੀ ਲਾਉਣ ਦੀ ਹਿੰਮਤ ਵੀ ਨਹੀਂ ਸੀ ਰਹੀ ਤੇ ਉਹ ਪੰਗਤ ਵਿੱਚ ਬੈਠੇ ਹਿੱਕ ਤੱਕ ਉੱਚੇ ਮੇਜਨੁਮਾ ਡੱਬੇ 'ਤੇ ਥਾਲ ਰੱਖ ਕੇ ਪ੍ਰਸ਼ਾਦਾ ਛਕਦੇ ਦੇਖੇ ਗਏ।
ਸਮਾਗਮ ਪਾਕਿਸਤਾਨ ਵਿੱਚ ਵੀ ਹੋਇਆ ਹੈ, ਜੇ ਸਮਝਣ ਤਾਂ ਭਾਰਤੀ ਸਿਆਸਤਦਾਨਾਂ ਲਈ ਸਬਕ ਵਰਗਾ ਸੀ ਉਹ ਸਮਾਗਮ। ਸਟੇਜ 'ਤੇ ਬੈਠਣ ਲਈ ਖਿੱਚਧੂਹ ਨਹੀਂ ਸੀ ਹੋ ਰਹੀ, ਸਗੋਂ ਜਿਸ ਬੁਲਾਰੇ ਦਾ ਨਾਂ ਬੋਲਿਆ ਜਾਂਦਾ ਸੀ, ਸਿਰਫ ਉਹੀ ਮੰਚ 'ਤੇ ਖੜ੍ਹਾ ਨਜ਼ਰ ਆਉਂਦਾ ਸੀ। ਬਾਕੀ ਸਭ "ਉੱਚੇ ਲੋਕ" ਆਮ ਲੋਕਾਂ ਵਿੱਚ ਚੌਂਕੜੀ ਮਾਰ ਕੇ ਬੈਠੇ ਸਨ। ਪੰਜਾਬ ਸਮੇਤ ਭਾਰਤ ਦੇ ਸਮੂਹ ਸਿਆਸਤਦਾਨਾਂ ਨੂੰ ਇਸ ਉਦਾਹਰਣ ਤੋਂ ਸਬਕ ਲੈ ਕੇ ਅਹਿਦ ਕਰਨਾ ਬਣਦਾ ਹੈ ਕਿ ਉਹ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਧਾਰਮਿਕ ਮੰਚਾਂ ਨੂੰ ਤਾਂ ਬਖਸ਼ਣ ਦੀ ਖੇਚਲ ਕਰਨ। ਬੇਸ਼ੱਕ ਸਮਾਗਮਾਂ ਵਿੱਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਸਰਕਾਰਾਂ ਦੀ ਕੋਈ ਵੀ ਮਜ਼ਬੂਰੀ ਹੈ ਪਰ ਹੁਣ ਵੀ ਇਸ ਗਲਤੀ ਨੂੰ ਸੁਧਾਰਿਆ ਜਾ ਸਕਦਾ ਹੈ। ਜੇ ਕੇਂਦਰ ਸਰਕਾਰ ਡੇਰਾ ਬਾਬਾ ਨਾਨਕ ਵਿਖੇ ਸਥਾਪਿਤ ਕੀਤੇ ਨੀਂਹ ਪੱਥਰ ਵਿੱਚ ਕੋਈ ਬਦਲਾਅ ਕਰਨ ਤੋਂ ਮੁਨਕਰ ਹੁੰਦੀ ਹੈ ਤਾਂ ਘੱਟੋ ਘੱਟ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਸੇ ਨੀਂਹ ਪੱਥਰ ਦੇ ਬਿਲਕੁਲ ਨਾਲ ਉਸੇ ਆਕਾਰ ਹੋਰ ਨੀਂਹ ਪੱਥਰ ਸਥਾਪਿਤ ਕਰੇ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂਅ ਅਤੇ ਗੁਰਮੁਖੀ ਦੀ ਮੌਜ਼ੂਦਗੀ ਯਕੀਨੀ ਹੋਵੇ।

ਅਪਾਹਜ ਮਾਨਸਿਕਤਾ ਦਾ ਝਲਕਾਰਾ ਪੇਸ਼ ਕਰ ਰਹੀ ਹੈ ਪੰਜਾਬ ਸਿਆਸਤ - ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਜਦੋਂ ਵੀ ਚੋਣ ਨਗਾਰਾ ਵੱਜਦਾ ਹੈ ਤਾਂ ਦਲ ਬਦਲੀਆਂ ਦਾ ਦੌਰ ਸ਼ੁਰੂ ਹੋ ਜਾਂਦੈ। ਪਹਿਲੇ ਦਲ ਦੀਆਂ ਕਮੀਆਂ ਨਸ਼ਰ ਕਰਦਿਆਂ ਨਵੇਂ ਸਹੇੜੇ ਮਾਲਕਾਂ ਦਾ ਗੁਣਗਾਣ ਗਾਇਆ ਜਾਂਦੈ। ਬੇਸ਼ੱਕ ਇਹ ਵਰਤਾਰਾ ਸਿੱਧੇ ਤੌਰ 'ਤੇ ਸਿਆਸੀ ਲਾਹੇ ਖੱਟਣ ਨਾਲ ਜੁੜਿਆ ਹੋਇਆ ਹੈ ਪਰ ਆਮ ਲੋਕਾਂ ਸਿਰ ਇਹ ਅਹਿਸਾਨ ਜਤਾਇਆ ਜਾਂਦਾ ਹੈ ਕਿ ਅਸੀਂ ਉਹਨਾਂ ਦੇ 'ਵਿਕਾਸ' ਲਈ ਹੀ ਪਲਟੀ ਮਾਰੀ ਹੈ। ਇਹਨੀਂ ਦਿਨੀਂ ਸਾਂਸਦੀ ਚੋਣਾਂ ਦਾ ਅਖਾੜਾ ਭਖਿਆ ਹੈ ਤਾਂ ਇਸਦਾ ਪਹਿਲਾ ਸੇਕ ਆਮ ਆਦਮੀ ਪਾਰਟੀ ਨੂੰ ਝੱਲਣਾ ਪਿਆ ਹੈ। ਉੱਪਰੋਥੱਲੀ ਦੋ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਵੱਲੋਂ ਪਾਲਾ ਬਦਲ ਲੈਣ ਨਾਲ ਆਮ ਆਦਮੀ ਪਾਰਟੀ 'ਚ ਹਿੱਲਜੁੱਲ ਤੇਜ ਹੋ ਗਈ ਹੈ। ਇਨਕਲਾਬ ਦੀ 20 ਟਾਇਰਾਂ ਵਾਲੀ ਰੇਲ ਦੇ ਪਹੀਏ ਇੱਕ ਦੂਜੇ ਤੋਂ ਪਹਿਲਾਂ ਹੇਠੋਂ ਨਿੱਕਲ ਕੇ ਭੱਜਣ ਨੂੰ ਕਾਹਲੇ ਜਾਪ ਰਹੇ ਹਨ। ਨਾਜਰ ਸਿੰਘ ਤੇ ਸੰਦੋਆ ਵੱਲੋਂ ਦਲ ਬਦਲਣ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਚਰਚਾਵਾਂ ਨੂੰ ਝੂਠ ਦੱਸਿਆ ਸੀ ਪਰ ਹੱਟੀ ਭੱਠੀ 'ਤੇ ਇਹ ਚਰਚਾਵਾਂ ਹੋ ਰਹੀਆਂ ਹਨ ਕਿ ਆਪ ਵਿਧਾਇਕਾਂ ਦੇ ਫੇਸਬੁੱਕ ਖਾਤੇ ਚੈੱਕ ਕਰਦੇ ਰਹੋ, ਜਿਸਨੇ ਵੀ ਇਸ ਤਰ੍ਹਾਂ ਦੀ ਚਰਚਾ ਨੂੰ ਅਫ਼ਵਾਹ ਦੱਸਿਆ, ਸਮਝੋ ਉਹ ਮੁੱਖ ਮੰਤਰੀ ਕੋਲੋਂ ਗਲ 'ਚ ਸਾਫ਼ਾ ਪੁਆਉਣ ਲਈ ਰਵਾਨਾ ਹੋਣ ਹੀ ਵਾਲਾ ਹੈ। ਸੋਚਣਾ ਇਹ ਬਣਦੈ ਕਿ ਜਿਸ ਘਰ ਦੀ ਨੀਂਹ ਮਜ਼ਬੂਤ ਨਹੀਂ, ਉਸਨੇ ਤ੍ਰੇੜਾਂ, ਟੁੱਟ ਭੱਜ ਇੱਥੋਂ ਤੱਕ ਕਿ ਢਹਿ ਜਾਣ ਦੇ ਹਾਲਾਤਾਂ ਤੱਕ ਬਿਨਾਂ ਸ਼ੱਕ ਪਹੁੰਚਣਾ ਹੀ ਹੁੰਦੈ। ਇਹੋ ਜਿਹਾ ਕੁਝ ਹੀ ''ਆਪ'' ਨਾਲ ਵਾਪਰ ਰਿਹਾ ਹੈ। ਆਪਣੇ ਹੀ ਸਿਧਾਂਤਾਂ ਨੂੰ ਘੱਟੇ ਰੋਲ ਕੇ ਅੱਗੇ ਤੁਰੀ ਪਾਰਟੀ ਨੇ ਕਿਹੋ ਜਿਹੀ ਪ੍ਰਪੱਕ ਸੋਚ ਦੇ ਮਾਲਕਾਂ ਨੂੰ ਪਾਰਟੀ ਟਿਕਟਾਂ ਨਾਲ ਨਿਵਾਜਿਆ ਹੋਵੇਗਾ, ਇਸ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਤੇ ਬਚਿਆ ਖੁਚਿਆ ਸ਼ੱਕ ਆਉਣ ਵਾਲੇ ਕੁਝ ਕੁ ਦਿਨਾਂ 'ਚ ਨਿੱਕਲ ਜਾਵੇਗਾ। ਜਦੋਂ ''ਆਪ'' ਆਗੂਆਂ ਵੱਲੋਂ ਟਿਕਟਾਂ ਵੇਚਣ ਦੀ ਗੱਲ ਤੁਰੀ ਤਾਂ ਕੇਜਰੀਵਾਲ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ। ਵਿਦੇਸ਼ੀਂ ਵਸੇ ਪੰਜਾਬੀਆਂ ਵੱਲੋਂ ਕਥਿਤ ਤੌਰ 'ਤੇ ਭੇਜੇ ਅਰਬਾਂ ਖਰਬਾਂ ਦੇ ਫੰਡ ਦੇ ਵੇਰਵੇ ਨਸ਼ਰ ਕਰਨ ਦੀ ਗੱਲ ਛਿੜੀ, ਤਾਂ ਵੀ ਕੇਜਰੀਵਾਲ ਚੁੱਪ ਰਿਹਾ। ਵਿਧਾਨ ਸਭਾ ਚੋਣਾਂ ਵੇਲੇ ਹੱਥ ਵਿੱਚ ਕਾਗਜ਼ਾਂ ਦਾ ਪੁਲੰਦਾ ਫੜ੍ਹ ਕੇ ਉਹਨਾਂ ਕਾਗਜ਼ਾਂ ਨੂੰ ਮਜੀਠੀਆ ਖਿਲਾਫ ਸਬੂਤ ਕਹਿ ਕਹਿ ਕੇ ਵੋਟਾਂ ਦੀ ਫਸਲ ਕੱਟਣ ਤੋਂ ਬਾਦ ਕੇਜਰੀਵਾਲ ਵੱਲੋਂ ਮਾਫੀ ਮੰਗ ਜਾਣਾ ਵੀ ਖੁਦ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਲਗਾ ਗਿਆ। ਬਾਅਦ ਵਿੱਚ ਬਹਾਨੇ ਜੋ ਮਰਜ਼ੀ ਘੜ੍ਹ ਲਏ ਜਾਣ ਪਰ ਇੱਕ ਵਾਰ ਲੱਕ ਬੰਨ੍ਹ ਕੇ ਨਾਲ ਤੁਰੇ ਲੋਕਾਂ ਦੇ ਹੌਸਲੇ ਪਸਤ ਜਰੂਰ ਹੋਏ। ਅੱਜ ਉਹਨਾਂ ਹੀ ਗੰਭੀਰ ਗ਼ਲਤੀਆਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਹਨਾਂ ਗ਼ਲਤੀਆਂ ਦੀ ਵਜ੍ਹਾ ਕਰਕੇ ਹੀ ਇਨਕਲਾਬ ''ਇਨਕਮ-ਲਾਭ'' ਵੱਲ ਨੂੰ ਹੋ ਤੁਰਿਆ ਹੈ।ઠ
ਇਹ ਅਲੋਕਾਰੀ ਗੱਲ ਨਹੀਂ ਹੋਵੇਗੀ ਕਿ ਕੱਲ੍ਹ ਨੂੰ ਵਿਰੋਧੀ ਧਿਰ ਵਾਲੀਆਂ ਕੁਰਸੀਆਂ ਆਪ ਵਾਲਿਆਂ ਹੇਠੋਂ ਖਿੱਚ ਕੇ ਅਕਾਲੀ ਦਲ ਹੇਠ ਧਰ ਦਿੱਤੀਆਂ ਜਾਣ, ਪਰ ਸੋਚਣਾ ਇਹ ਬਣਦੈ ਕਿ ਇਹਨਾਂ ਸਿਆਸੀ ਤਿਕੜਮਬਾਜ਼ੀਆਂ ਦਾ ਪੰਜਾਬ ਦੇ ਆਮ ਲੋਕਾਂ ਨੂੰ ਕੀ ਫਾਇਦਾ ਹੋਇਆ? ਬੇਸ਼ੱਕ ਪੰਜਾਬ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਸਮੇਤ ਬਾਕੀ ਪਾਰਟੀਆਂ ਦੇ ਵਿਧਾਇਕਾਂ ਨੂੰ ਵੀ ਕਾਂਗਰਸ ਵਿੱਚ ਸ਼ਾਮਿਲ ਕਰ ਲਵੇ, ਪਰ ''ਕੱਟੇ ਨੂੰ ਮਣ ਦੁੱਧ ਦਾ ਕੀ ਭਾਅ'' ?? ਇੱਕ ਪਾਸੇ ਕਾਂਗਰਸ ਸਰਕਾਰ ਵੱਲੋਂ ਹੁਣ ਤੱਕ ਖ਼ਜ਼ਾਨਾ ਖਾਲੀ ਕਰਨ ਦੇ ਦੋਸ਼ ਅਕਾਲੀਆਂ ਸਿਰ ਮੜ੍ਹੇ ਜਾਂਦੇ ਰਹੇ ਹਨ, ਪਰ ਸਵਾਲ ਇਹ ਹੈ ਕਿ ਦੂਜੀਆਂ ਪਾਰਟੀਆਂ 'ਚੋਂ ਪੱਟ ਕੇ ਲਿਆਂਦੇ ਵਿਧਾਇਕ ਅਜਿਹੀਆਂ ਕਿਹੜੀਆਂ ਸੋਨੇ ਦੇ ਅੰਡੇ ਦੇਣ ਵਾਲੀਆਂ ਮੁਰਗੀਆਂ ਹਨ ਕਿ ਰਾਤੋ ਰਾਤ ਖਜ਼ਾਨਾ ਭਰ ਦੇਣਗੀਆਂ? ਮੁੱਖ ਮੰਤਰੀ ਪੰਜਾਬ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਤਾਂ ਉਹਨਾਂ ਦੇ ਵਿਧਾਨ ਸਭਾ ਚੋਣਾਂ ਵੇਲੇ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਵਾਅਦਿਆਂ ਨੂੰ ਵੀ ਗੱਪਾਂ ਦਾ ਨਾਮ ਦੇ ਰਹੇ ਹਨ, ਫਿਰ ਇਹਨਾਂ ਦਲ-ਬਦਲੂ ਵਿਧਾਇਕਾਂ ਨੂੰ ਕਿਹੜਾ ਲਾਲੀਪੌਪ ਦਿੱਤਾ ਹੋਵੇਗਾ? ਆਉਣ ਵਾਲੀਆਂ ਚੋਣਾਂ ਵੇਲੇ ਵਾਅਦਿਆਂ ਸ਼ਰਤਾਂ ਨਾਲ ਭਰਮਾਏ ਜਾਂ ਆਏ ਦਲ-ਬਦਲੂਆਂ ਦੀਆਂ ਆਸਾਂ ਨੂੰ ਬੂਰ ਨਾ ਪਿਆ ਤਾਂ ਉਸ ਸਮੇਂ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣਾ ਵੀ ਕਾਂਗਰਸ ਲਈ ਮੁਸ਼ਕਿਲ ਹੋਵੇਗਾ। ਇਸ ਗੱਲ ਦਾ ਜਵਾਬ ਵੀ ਆਮ ਲੋਕ ਮੰਗਦੇ ਹਨ ਕਿ ਜਦੋਂ ਕਾਂਗਰਸ ਕੋਲ ਸਰਕਾਰ ਪਹਿਲਾਂ ਹੀ ਬਹੁਮਤ ਹੈ ਤਾਂ ਇਹ ਕਿਸ ਪਾਸਿਉਂ ਸਿਆਣਪ ਭਰੀ ਸਿਆਸਤ ਹੈ ਕਿ ਲੋਕਾਂ ਦੇ ਟੈਕਸ ਨਾਲ ਭਰੇ ਖ਼ਜ਼ਾਨੇ ਦਾ ਉਜਾੜਾ ਮੁੜ ਜਿਮਨੀ ਚੋਣ ਰਾਂਹੀਂ ਉਜਾੜਿਆ ਜਾਵੇਗਾ? ਚਾਹੇ ਜੋ ਵੀ ਹੈ, ਪਰ ਇਹ ਗੱਲ ਸਪੱਸ਼ਟ ਹੈ ਕਿ ਅਜੋਕੀ ਪੰਜਾਬ ਸਿਆਸਤ ਅਪਾਹਜ ਮਾਨਸਿਕਤਾ ਦਾ ਝਲਕਾਰਾ ਬਾਖੂਬੀ ਪੇਸ਼ ਕਰ ਰਹੀ ਹੈ।

''ਸਵਾਲ ਕਰੋ, ਲੱਫੜ ਮਿਲੇਗਾ''

ਲੋਕਤੰਤਰੀ ਯੁਗ ਵਿੱਚ ਆਪਣੇ ਨੁਮਾਇੰਦਿਆਂ ਨੂੰ ਸਵਾਲ ਕਰਨ ਦਾ ਹੱਕ ਹਾਸਲ ਹੈ। ਨੁਮਾਇੰਦਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਸੰਤੁਸ਼ਟੀ ਕਰਵਾ ਜਾ ਸਕੇ। ਪਰ ਪੰਜਾਬ ਸਿਆਸਤ ਵਿੱਚ ਅਲੋਕਾਰੀ ਝਲਕ ਦੇਖਣ ਨੂੰ ਮਿਲ ਰਹੀ ਹੈ ਕਿ ਸਵਾਲ ਪੁੱਛਣ ਵਾਲੇ ਇੱਕ ਪੱਤਰਕਾਰ ਨੂੰ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਕੁੱਟ ਦਿੱਤਾ ਤੇ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਰਹਿ ਚੁੱਕੀ ਬੀਬੀ ਵੱਲੋਂ ਇੱਕ ਨੌਜਵਾਨ ਦੇ ਖੁਦ ਹੀ ਥੱਪੜ ਮਾਰ ਦਿੱਤਾ ਗਿਆ। ਸਿਆਸਤਦਾਨ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਦੀਆਂ ਕੁਰਸੀਆਂ ਲੋਕਾਂ ਦੇ ਹੱਥਾਂ ਦੀਆਂ ਤਲੀਆਂ 'ਤੇ ਟਿਕੀਆਂ ਹੁੰਦੀਆਂ ਹਨ। ਇਹ ਲੋਕ ਉਸੇ ਹੀ ਕੁਰਸੀ ਨੂੰ ਚੌਫਾੜ ਕਰਨ ਦੀ ਸਮਰੱਥਾ ਵੀ ਰੱਖਦੇ ਹਨ। ਜੇ ਲੋਕਾਂ ਦੇ ਟੈਕਸ ਵਜੋਂ ਅਦਾ ਕੀਤੇ ਪੈਸਿਆਂ ਸਿਰੋਂ ਤਨਖਾਹਾਂ ਭੱਤੇ ਜਾਂ ਪੈਨਸ਼ਨਾਂ ਦਾ ਆਨੰਦ ਮਾਣਦੇ ਹੋ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਮੂੰਹ ਨਾਲ ਦੇਣ ਦੀ ਲਿਆਕਤ ਵੀ ਸਿੱਖੋ। ਜਿਸ ਦਿਨ ਲੋਕਾਂ ਦੇ ਹੱਥ ਖੁੱਲ੍ਹ ਗਏ, ਫਿਰ ਵੋਟਾਂ ਮੰਗਣ ਲਈ ਆਉਣਾ ਵੀ ਸੁਪਨਾ ਹੋ ਜਾਵੇਗਾ।

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਸੰਪਰਕ- +44 7868229427

ਬੋਹੜ ਹੇਠ ਉੱਗਿਆ ਭਰਵਾਂ ਤੇ ਛਾਂਦਾਰ ਸਾਹਿਤਕ ਬੋਹੜ- ਡਾ: ਅਮਨਦੀਪ ਸਿੰਘ ਟੱਲੇਵਾਲੀਆ - ਮਨਦੀਪ ਖੁਰਮੀ ਹਿੰਮਤਪੁਰਾ

ਅਕਸਰ ਹੀ ਕਿਹਾ ਜਾਂਦੈ ਕਿ "ਬੋਹੜ ਹੇਠਾਂ ਬੋਹੜ ਨਹੀਂ ਉੱਗਦਾ।" ਮੇਰਾ ਮੰਨਣਾ ਹੈ ਕਿ ਜੇ ਪੱਥਰਾਂ ਦੀ ਹਿੱਕ ਪਾੜ ਕੇ ਬੀਜ ਪੁੰਗਰ ਸਕਦੇ ਹਨ ਤਾਂ ਬੋਹੜ ਹੇਠ ਇੱਕ ਗੋਲ੍ਹ 'ਚੋਂ ਨਿੱਕਲਿਆ ਬੀਜ ਬੋਹੜ ਦਾ ਰੁਤਬਾ ਕਿਉਂ ਨਹੀਂ ਹਾਸਲ ਕਰ ਸਕਦਾ? ਅਜਿਹਾ ਹੀ ਬੋਹੜ ਮੈਂ ਖੁਦ ਤੱਕਿਆ ਹੈ ਤੇ ਉਸਦੀ ਛਾਂ ਮਾਨਣ ਦਾ ਮੁੱਦਈ ਵੀ ਹਾਂ, ਜੋ ਆਪਣੇ ਬੋਹੜ ਪਿਓ ਦੀ ਬੁੱਕਲ ਦਾ ਨਿੱਘ ਮਾਣ ਕੇ, ਉਂਗਲ ਫੜ੍ਹ ਕੇ, ਕਦਮ ਨਾਲ ਕਦਮ ਮਿਲਾ ਕੇ ਖੁਦ ਵੀ ਬੋਹੜ ਵਰਗੀ ਹਸਤੀ ਦਾ ਮਾਲਕ ਬਣਿਆ ਹੈ। ਉਸ ਮੋਹ-ਮੱਤੇ, ਸ਼ਹਿਦ ਵਰਗੇ ਬੋਲਾਂ ਦੇ ਮਾਲਕ ਦਾ ਨਾਂ ਹੈ ਡਾ: ਅਮਨਦੀਪ ਸਿੰਘ ਟੱਲੇਵਾਲੀਆ। ਲੇਖਕਾਂ ਦੀ ਨਗਰੀ ਵਜੋਂ ਜਾਣੇ ਜਾਂਦੇ ਸ਼ਹਿਰ ਬਰਨਾਲਾ ਦੇ ਕਚਿਹਰੀ ਚੌਂਕ ਲਾਗੇ ਆਪਣਾ ਡੇਰਾ ਜਮਾਈ ਬੈਠਾ ਅਮਨਦੀਪ ਸਿੰਘ ਟੱਲੇਵਾਲੀਆ ਆਪਣੇ ਘਰ ਵਿੱਚ ਹੀ ਹੋਮਿਓਪੈਥੀ ਕਲੀਨਿਕ ਚਲਾ ਰਿਹਾ ਹੈ। ਉਹਨਾਂ ਦੇ ਕਲੀਨਿਕ ਅੰਦਰ ਬਣਿਆ ਮਰੀਜ਼ਾਂ ਲਈ ਬਣਿਆ ਉਡੀਕ ਕਮਰਾ ਪਹਿਲੀ ਨਜ਼ਰੇ ਕਿਸੇ ਲਾਇਬਰੇਰੀ ਦਾ ਝਾਉਲਾ ਪਾਉਂਦਾ ਹੈ। ਚਾਰੇ ਕੰਧਾਂ ਉੱਪਰ ਨਿਵੇਕਲੇ ਢੰਗ ਨਾਲ ਸਜਾਈਆਂ ਪੁਸਤਕਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਾਹਿਤਕਾਰ ਪਿਓ ਡਾ: ਸੰਪੂਰਨ ਸਿੰਘ ਟੱਲੇਵਾਲੀਆ ਦੀ ਛਤਰ ਛਾਇਆ ਮਾਣ ਕੇ ਉਹਨਾਂ ਦਾ ਬੀਬਾ ਪੁੱਤ ਅਮਨਦੀਪ ਸਿਰਫ ਡਾ: ਅਮਨਦੀਪ ਸਿੰਘ ਟੱਲੇਵਾਲੀਆ ਹੀ ਨਹੀਂ ਬਣਿਆ ਸਗੋਂ ਸਾਹਿਤ ਤੇ ਕਲਾ ਨਾਲ ਵੀ ਆਪਣਾ ਪਿਆਰ ਪ੍ਰਵਾਨ ਚੜ੍ਹਾ ਰਿਹਾ ਹੈ। ਜਿਕਰਯੋਗ ਹੈ ਕਿ ਦੋਵੇਂ ਪਿਓ ਪੁੱਤ ਗਾਉਣ ਦੇ ਵੀ ਡਾਹਢੇ ਸ਼ੁਕੀਨ ਹਨ। ਜਿੱਥੇ ਕੁਝ ਸਮਾਂ ਪਹਿਲਾਂ ਦੋਵੇਂ ਬੋਹੜਾਂ ਨੇ ਆਪਣੀ ਆਵਾਜ਼ 'ਚ "ਨਿਮਾਣਿਆਂ ਦੇ ਮਾਣ" ਕਵੀਸ਼ਰੀ ਰਾਂਹੀਂ ਆਪਣੇ ਅੰਦਰਲੇ ਕਲਾਕਾਰ ਦੇ ਦੀਦਾਰੇ ਬਾਖੂਬੀ ਕਰਵਾਏ ਸਨ ਉੱਥੇ ਡਾ: ਅਮਨਦੀਪ ਸਿੰਘ ਨੇ "ਸ਼ਹੀਦ ਊਧਮ ਸਿੰਘ" ਅਤੇ ''ਪੈਸੇ ਦੇ ਪੁੱਤ" ਗੀਤ ਵੀ ਸੰਗੀਤ ਜਗਤ ਦੀ ਝੋਲੀ ਪਾਏ ਹਨ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ 'ਚ ਪਿਤਾ ਸੰਪੂਰਨ ਸਿੰਘ ਤੇ ਮਾਤਾ ਜੁਗਰਾਜ ਕੌਰ ਦੇ ਘਰ ਜਨਮੇ ਅਮਨਦੀਪ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ 'ਚੋਂ ਹਾਸਲ ਕਰਕੇ ਆਪਣੇ ਪਿਤਾ ਜੀ ਵਾਂਗ ਡਾਕਟਰ ਬਣਨ ਲਈ ਹੋਮਿਓਪੈਥਿਕ ਬੀ ਐੱਚ ਐੱਮ ਐੱਸ ਦੀ ਡਿਗਰੀ ਅਬੋਹਰ ਕਾਲਜ਼ ਤੋਂ ਲਈ। ਗੁਰੂ ਨਾਨਕ ਦੇਵ ਹੋਮਿਓਪੈਥਿਕ ਕਾਲਜ ਲੁਧਿਆਣਾ ਤੋਂ ਐੱਮ ਡੀ ਦੀ ਡਿਗਰੀ ਹਾਸਲ ਕਰਕੇ ਆਪਣੇ ਨਾਮ ਨਾਲ ਡਾਕਟਰ ਵਿਸ਼ੇਸ਼ਣ ਲਗਾਉਣ ਦਾ ਮਾਣ ਹਾਸਲ ਕੀਤਾ। ਡਾ: ਅਮਨਦੀਪ ਸਿੰਘ ਟੱਲੇਵਾਲੀਆ ਵਰ੍ਹਿਆਂ ਬੱਧੀ ਕਿਤਾਬਾਂ ਨਾਲ ਜੂਝ ਕੇ ਸਿਰਫ ਡਾਕਟਰ ਬਣ ਕੇ, ਸਿਰਫ ਤੇ ਸਿਰਫ ਕਮਾਈ ਕਰਨ ਦੀ ਹੀ ਸੋਚ ਤੋਂ ਲੱਖਾਂ ਕੋਹਾਂ ਦੂਰ ਰਹਿਣ ਵਾਲੀ ਰੂਹ ਹੈ। ਆਪਣੀਆਂ ਸਰੀਰਕ ਸਮੱਸਿਆਵਾਂ ਦੀ ਦਵਾਈ ਲੈਣ ਆਏ ਮਰੀਜ਼ ਨੂੰ ਮਿੱਠੇ ਤੇ ਹਮਦਰਦੀ ਭਰੇ ਬੋਲਾਂ ਨਾਲ ਮਾਨਸਿਕ ਤੌਰ 'ਤੇ ਭਲਵਾਨ ਬਣਾ ਕੇ ਤੋਰਨਾ ਉਸਦੀ ਯੋਗਤਾ ਹੈ। ਜ਼ਿੰਦਗੀ ਦੀਆਂ ਬਾਤਾਂ ਪਾਉਂਦਾ ਇਹ ਰੰਗ ਰੰਗੀਲਾ ਸੱਜਣ ਜਿੱਥੇ ਮਲਵਈ ਗਿੱਧੇ, ਭੰਗੜੇ ਦਾ ਦਿਲੋਂ ਮੁਰੀਦ ਹੈ ਉੱਥੇ ਪੰਜਾਬੀ ਪਾਠਕਾਂ ਨੂੰ ਹੌਸਲਿਆਂ ਦੇ ਟੀਕੇ ਲਾਉਣ ਵਰਗੀ ਲੇਖਾਂ ਦੀ ਕਿਤਾਬ "ਆਓ ਜਿਉਣਾ ਸਿੱਖੀਏ" ਵੀ ਪਾ ਚੁੱਕਾ ਹੈ। ਵੱਖ ਵੱਖ ਅਖ਼ਬਾਰਾਂ ਰਾਂਹੀਂ ਆਪਣੀ ਕਲਮ ਦਾ ਚਾਨਣ ਬਿਖੇਰਦਾ ਰਹਿਣ ਵਾਲਾ ਡਾ: ਅਮਨਦੀਪ ਸਿੰਘ ਤੇ ਪਿਤਾ ਡਾ: ਸੰਪੂਰਨ ਸਿੰਘ ਮਾਲਵਾ ਸਾਹਿਤ ਸਭਾ ਬਰਨਾਲਾ ਦੀ ਰੀੜ੍ਹ ਦੀ ਹੱਡੀ ਬਣ ਕੇ ਸਾਹਿਤਕ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ। ਜਿਸ ਤਰ੍ਹਾਂ ਅਮਨਦੀਪ ਸਿੰਘ ਨੇ ਸਪੂਤ ਬਣ ਕੇ ਆਪਣੇ ਪਿਤਾ ਦੇ ਸਦਗੁਣਾਂ ਨੂੰ ਚਾਰ ਚੰਨ ਲਾਏ ਹਨ ਤਾਂ ਕਿਹੜਾ ਬੋਹੜ ਪਿਓ ਨਹੀਂ ਚਾਹੇਗਾ ਕਿ ਉਸਦਾ ਪੁੱਤ ਵੀ ਉਸ ਵਾਂਗ ਬੋਹੜ ਨਾ ਬਣੇ?

ਨਵਾਂ ਸਾਲ-ਨਵਾਂ ਖ਼ਿਆਲ : ਡਮ ਡਮ ਖੜਕਦੇ ਖਾਲੀ ਖ਼ਜ਼ਾਨੇ 'ਚ ਲੋਕਾਂ ਦਾ ਕੀ ਦੋਸ਼? - ਮਨਦੀਪ ਖੁਰਮੀ ਹਿੰਮਤਪੁਰਾ

ਸਿਆਸਤ, ਦੇਖਣ ਸੁਣਨ ਨੂੰ ਮਹਿਜ਼ ਇੱਕ ਸ਼ਬਦ ਹੈ। ਪਰ ਇਸ ਸ਼ਬਦ ਦੇ ਦਿਮਾਗ ਅੱਗੇ ਆਮ ਲੋਕ ਸਿਰਫ਼ ਇੱਕ ਵੋਟ ਹਨ। ਇਸ ਸ਼ਬਦ ਦੇ ਬੇਸ਼ੱਕ ਪੇਟ ਨਹੀਂ ਲੱਗਾ ਹੋਇਆ ਪਰ ਇਹ ਅਦਿੱਖ ਪੇਟ ਸਭ ਕੁਝ ਹਜ਼ਮ ਕਰਨ ਦੀ ਸਮਰੱਥਾ ਰੱਖਦੈ। ਇਹ ਸ਼ਬਦ ਜੇ ਧੁੱਪ ਕਹਿੰਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਧੁੱਪ ਦਾ ਮਤਲਬ ਛਾਂ ਹੋਵੇ। ਕਹਿਣ ਦਾ ਭਾਵ ਕਿ ਸਿਆਸਤ 'ਚ ਜੋ ਕੁਝ ਦਿਸਦਾ ਹੈ, ਅਕਸਰ ਓਹ ਹੁੰਦਾ ਨਹੀਂ ਤੇ ਜੋ ਹੁੰਦਾ ਹੈ, ਅਕਸਰ ਓਹ ਦਿਸਦਾ ਨਹੀਂ। ਰੋਜ਼ਾਨਾ ਮੀਡੀਆ ਸਾਧਨਾਂ ਰਾਂਹੀਂ ਅਸੀਂ ਵੱਖ ਵੱਖ ਰਾਜਨੀਤਕ ਧੜਿਆਂ ਦੇ ਆਗੂਆਂ ਦੀ ਤੂੰ-ਤੂੰ ਮੈਂ-ਮੈਂ ਸੁਣਦੇ ਦੇਖਦੇ ਰਹਿੰਦੇ ਹਾਂ। ਖ਼ਬਰਾਂ ਪੜ੍ਹਦੇ ਸੁਣਦੇ ਆਮ ਨਾਗਰਿਕ ਦਾ ਦਿਲ ਡਰ ਨਾਲ ਦਿੱਲੀਉਂ ਹੋ ਹੋ ਮੁੜਦਾ ਹੈ ਕਿ "ਕਿਧਰੇ ਸਾਡੇ ਨੇਤਾ ਜੀ ਆਪਸ 'ਚ ਲੜ ਕੇ "ਸ਼ਹੀਦ" ਨਾ ਹੋ ਜਾਣ, ਫਿਰ ਦੇਸ਼ ਨੂੰ ਕੌਣ ਚਲਾਵੇਗਾ?" ਪਰ ਅਜਿਹਾ ਹੁੰਦਾ ਨਹੀਂ, ਸਗੋਂ ਅਜਿਹੀ ਕੁੱਕੜ-ਖੇਹ ਤਾਂ ਸਿਆਸਤ ਦੀ ਲਗਾਤਾਰਤਾ ਬਣਾਈ ਰੱਖਣ, ਲੋਕਾਂ ਦਾ ਹੋਰ ਮੁੱਦਿਆਂ ਵੱਲੋਂ ਧਿਆਨ ਭਟਕਾਉਣ ਲਈ ਹੁੰਦੀ ਹੈ। ਅਜਿਹੀ ਬਿਆਨਬਾਜ਼ੀ ਦਾ ਆਮ ਲੋਕਾਂ ਦੇ ਜੀਵਨ ਪੱਧਰ ਸੁਧਾਰ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ ਹੁੰਦਾ। ਵਿਧਾਨ ਸਭਾ ਜਾਂ ਲੋਕ ਸਭਾ ਸਾਡੇ ਨੇਤਾਵਾਂ ਲਈ ਓਸ ਕੁੱਕੜਾਂ ਦੇ ਖੁੱਡੇ ਵਾਂਗ ਹਨ, ਜਿਸ ਵਿੱਚੋਂ ਬਾਹਰ ਹਨ ਤਾਂ ਹਮੇਸ਼ਾ ਲੜਦੇ ਦਿਖਾਈ ਦੇਣਗੇ ਪਰ ਅੰਦਰ ਹਨ ਤਾਂ ਆਪਣੇ ਫਾਇਦੇ ਲਈ ਇੱਕਮੁੱਠ ਹੋ ਜਾਂਦੇ ਹਨ। ਇਸਦੀ ਤਾਜ਼ਾ ਉਦਾਹਰਨ ਬੀਤੇ ਦਿਨੀਂ ਦੇਖਣ ਨੂੰ ਮਿਲੀ ਜਦੋਂ ਵਿਧਾਇਕਾਂ ਦੇ ਤਨਖਾਹ ਵਾਧੇ ਦੇ ਮਾਮਲੇ 'ਚ ਸੱਤਾ ਧਿਰ ਤੇ ਵਿਰੋਧੀ ਧਿਰ ਘਿਓ ਖਿਚੜੀ ਨਜ਼ਰ ਆਏ। ਇੱਕ ਦੋ ਵਿਧਾਇਕਾਂ ਨੂੰ ਛੱਡ ਕੇ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਨੂੰ ਵੱਧ ਤਨਖਾਹ ਨਹੀਂ ਚਾਹੀਦੀ। ਸਗੋਂ ਹਾਸੋਹੀਣਾ ਬਿਆਨ ਇਹ ਵੀ ਸੁਣਨ ਨੂੰ ਮਿਲਿਆ ਕਿ ਵਿਧਾਇਕਾਂ ਨੂੰ ਲੋਕਾਂ ਦੇ ਖੁਸ਼ੀ ਗ਼ਮੀ ਦੇ ਸਮਾਗਮਾਂ 'ਚ ਵੀ ਜਾਣਾ ਪੈਂਦਾ ਹੈ, ਸੋ ਤਨਖਾਹ ਵਾਧਾ ਜ਼ਰੂਰੀ ਹੈ। ਇਸਤੋਂ ਪਹਿਲਾਂ ਇਸ ਨਾਲ ਰਲਵਾਂ ਮਿਲਵਾਂ ਬਿਆਨ ਵਿਰੋਧੀ ਧਿਰ ਦਾ ਨੌਜਵਾਨ ਵਿਧਾਇਕ ਵੀ ਦੇ ਚੁੱਕਾ ਹੈ।
ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਚੋਣਾਂ ਵੇਲੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਤਾਂ ਸਿਆਸਤ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਆਏ ਹਨ। ਫਿਰ ਅਜਿਹੀ ਕਿਹੜੀ ਸੇਵਾ ਹੈ, ਜਿਹੜੀ ਲੋਕਾਂ ਦੇ ਸਿਰੋਂ ਪਲ ਕੇ ਹੀ ਹੁੰਦੀ ਹੈ? ਇੱਕ ਆਮ ਬੇਰੁਜ਼ਗਾਰ ਇਨਸਾਨ ਆਪਣੀ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੀ ਬੁਰਕੀ ਤੱਕ ਅਤੇ ਪੂਰੇ ਦਿਨ 'ਚ ਕੀਤੀ ਹਰ ਗਤੀਵਿਧੀ ਲਈ ਟੈਕਸ ਅਦਾ ਕਰਦਾ ਹੈ। ਆਪਣੇ ਭਲੇ ਦਿਨਾਂ ਦੀ ਉਮੀਦ ਅਤੇ ਯੋਗ ਸਰਕਾਰੀ ਨੀਤੀਆਂ ਦੀ ਘਾੜ੍ਹਤ ਦੀ ਚਾਹਨਾ ਵਿੱਚ ਆਪਣਾ ਨੁਮਾਇੰਦਾ ਚੁਣਦਾ ਹੈ। ਉਸ ਨੁਮਾਇੰਦੇ ਕੋਲੋਂ ਇਹ ਤਵੱਕੋਂ ਕੀਤੀ ਜਾਂਦੀ ਹੈ ਕਿ ਉਹ ਸਿਹਤ, ਵਿੱਦਿਆ ਤੇ ਰੁਜ਼ਗਾਰ ਦੇ ਬੁਨਿਆਦੀ ਹੱਕ ਦੀ ਪ੍ਰਾਪਤੀ ਲਈ ਉਹਨਾਂ ਦੀ ਆਵਾਜ਼ ਬੁਲੰਦ ਕਰੇਗਾ ਪਰ ਹੁੰਦਾ ਇਸਤੋਂ ਉਲਟ ਹੈ। ਵਿਧਾਨ ਸਭਾ ਜਾਂ ਲੋਕ ਸਭਾ ਤੋਂ ਬਾਹਰ ਲੋਕ ਹਿਤਾਂ ਦੇ ਰਾਖੇ ਹੋਣ ਦੇ ਬਿਆਨ ਛਾਲਾਂ ਮਾਰ ਮਾਰ ਦਿੱਤੇ ਜਾਂਦੇ ਹਨ, ਪਰ ਨੀਤੀਆਂ ਘੜ੍ਹਨ ਵਾਲੀ ਜਗ੍ਹਾ 'ਤੇ ਜਾ ਕੇ ਆਪਣੀਆਂ ਤਨਖਾਹਾਂ ਵਧਾਉਣ ਲਈ ਕਲਿੰਗੜੀ ਪਾ ਲਈ ਜਾਂਦੀ ਹੈ। ਅਧਿਆਪਕ ਨੂੰ ਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਹੈ। ਆਪਣੀ ਯੋਗਤਾ ਨਾਲੋਂ ਲੱਖ ਗੁਣਾ ਵੱਡਾ ਅਹੁਦਾ ਮੱਲੀ ਬੈਠਾ ਮੰਤਰੀ ਤੇ ਉਸਦੀ ਮੰਡਲੀ ਅਧਿਆਪਕਾਂ ਦੀ ਤਨਖਾਹ 'ਤੇ ਸੱਤਰ ਫੀਸਦੀ ਦਾ ਕੱਟ ਇਹ ਕਹਿ ਕੇ ਮਾਰ ਦਿੰਦੀ ਹੈ ਕਿ ਸਰਕਾਰੀ ਖ਼ਜ਼ਾਨਾ ਖਾਲੀ ਹੈ। ਫਿਰ ਅਚਾਨਕ ਹੀ ਖ਼ਜਾਨੇ ਵਿੱਚ ਅਜਿਹੀ ਕਿਹੜੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬੈਠ ਗਈ ਕਿ ਵਿਧਾਇਕਾਂ ਦੀ ਮੌਜੂਦਾ ਤਨਖਾਹ ਨੂੰ ਢਾਈ ਗੁਣਾ ਤੋਂ ਵਧੇਰੇ ਵਧਾ ਦੇਣ ਲਈ ਕਮੇਟੀ ਦਾ ਗਠਨ ਕਰਨਾ ਪਿਆ? ਉਹਨਾਂ ਅਧਿਆਪਕਾਂ ਨੂੰ ਤਾਂ ਜ਼ਲੀਲ ਕੀਤਾ ਜਾ ਰਿਹਾ ਹੈ, ਜਿਹੜੇ ਵਰ੍ਹਿਆਂਬੱਧੀ ਘਾਲਣਾ ਕਰਕੇ ਆਪਣੀ ਵਿੱਦਿਅਕ ਯੋਗਤਾ ਕਰਕੇ ਨੌਕਰੀ ਹਾਸਲ ਕਰਨ ਦੇ ਲਾਇਕ ਹੋਏ ਹਨ। ਕਿਸੇ ਦੇਸ਼ ਜਾਂ ਸੂਬੇ ਦੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋਵੇਗੀ ਕਿ ਜਿਸ ਇਨਸਾਨ ਨੇ ਕਦੇ ਕਾਲਜ਼ ਹੀ ਨਾ ਦੇਖਿਆ ਹੋਵੇ ਤੇ ਉਸਨੂੰ ਉੱਚ-ਸਿੱਖਿਆ ਮੰਤਰੀ ਦੀ ਕੁਰਸੀ, ਬਾਰ੍ਹਵੀਂ ਪਾਸ ਵਿਅਕਤੀ ਨੂੰ ਸੂਬੇ ਦਾ ਸਿੱਖਿਆ ਮੰਤਰੀ? ਉੱਪਰੋਂ ਓਹਨਾਂ ਹੀ ਲੋਕਾਂ ਸਿਰ ਅਹਿਸਾਨ ਕਤਾ ਜਾ ਰਿਹਾ ਹੈ ਕਿ ਅਸੀਂ ਤੁਹਾਡੇ ਵਿਆਹਾਂ, ਮਰਨਿਆਂ 'ਤੇ ਹਾਜ਼ਰੀ ਭਰਨ ਆਉਂਦੇ ਹਾਂ ਤਾਂ ਕਰਕੇ ਸਾਡੀ ਤਨਖਾਹ ਦਾ "ਉਜਾੜਾ" ਹੁੰਦਾ ਹੈ। ਪਰ ਮੰਤਰੀ ਵਿਧਾਇਕ ਇਹ ਨਹੀਂ ਸਮਝਦੇ ਕਿ ਤੁਸੀਂ ਵਿਆਹ 'ਚ 200 ਜਾਂ 500 ਦਾ ਸ਼ਗਨ ਪਾ ਕੇ ਜਾਂ ਗ਼ਮੀ ਮੌਕੇ 50-100 ਰੁਪਏ ਦਾ ਮੱਥਾ ਟੇਕ ਕੇ ਸੁਰਖਰੂ ਹੋ ਜਾਂਦੇ ਹੋ ਪਰ ਤੁਹਾਡੇ ਨਾਲ ਆਈ 50-50 ਬੰਦਿਆਂ ਦੀ ਧਾੜ ਮਠਿਆਈ ਦਾ ਜੋ ਚਾਰਾ ਕਰਦੀ ਹੈ, ਕਦੇ ਉਸ ਦਾ ਹਿਸਾਬ ਵੀ ਲਾਇਆ ਹੈ?
ਆਮ ਇਨਸਾਨ ਆਪਣੇ ਜੁਆਕ ਦੇ ਜਨਮ ਸਰਟੀਫਿਕੇਟ ਤੋਂ ਲੈ ਕੇ ਮੌਤ ਦੇ ਸਰਟੀਫਿਕੇਟ ਤੱਕ ਨੂੰ ਹਾਸਲ ਕਰਨ ਲਈ ਵੀ ਫੀਸ ਅਦਾ ਕਰਦਾ ਹੈ। ਹਰ ਟੈਕਸ ਨੂੰ ਵਿੱਤ ਅਨੁਸਾਰ ਅਦਾ ਕਰਕੇ ਖ਼ਜ਼ਾਨੇ ਨੂੰ ਭਰਨ 'ਚ ਸਾਥ ਦਿੰਦਾ ਹੈ। ਫਿਰ ਖਾਲੀ ਦੱਸੇ ਜਾਂਦੇ ਖ਼ਜ਼ਾਨੇ ਨੂੰ ਖ਼ਾਲੀ ਕਰ ਕੌਣ ਜਾਂਦਾ ਹੈ? ਪਿਛਲੀਆਂ ਦੋ ਵਾਰੀਆਂ ਦੀ ਸੱਤਾ ਕੁਰਸੀ ਅਕਾਲੀ ਦਲ ਕੋਲ ਸੀ। ਦਸ ਸਾਲ ਹੀ ਅਕਾਲੀ ਇਹ ਕਹਿੰਦੇ ਰਹੇ ਕਿ ਪਿਛਲੀ ਕਾਂਗਰਸ ਸਰਕਾਰ ਖ਼ਜ਼ਾਨਾ ਖਾਲੀ ਕਰਕੇ ਤੁਰਦੀ ਬਣੀ। ਹੁਣ ਇਹੀ ਬੰਸਰੀ ਕਾਂਗਰਸ ਸਰਕਾਰ ਵਜਾ ਰਹੀ ਹੈ ਕਿ ਪਿਛਲੇ ਦਸ ਸਾਲਾਂ 'ਚ ਅਕਾਲੀਆਂ ਨੇ ਖਜ਼ਾਨੇ ਵਿੱਚ ਮੋਰੀਆਂ ਕਰ ਦਿੱਤੀਆਂ ਹਨ। ਲੋਕਾਂ ਨੇ ਆਪਣੀ ਵੋਟ ਰਾਂਹੀਂ ਸਰਕਾਰਾਂ ਚੁਣ ਕੇ ਨੀਤੀਆਂ ਘੜ੍ਹਨ ਲਈ ਤੁਹਾਨੂੰ ਸੱਤਾ ਬਖ਼ਸ਼ੀ ਹੈ, ਫਿਰ ਇਹ ਤਾਂ ਸੱਤਾਧਾਰੀ ਧਿਰ ਦਾ ਫ਼ਰਜ਼ ਬਣ ਜਾਂਦਾ ਹੈ ਕਿ ਉਹ "ਯੋਗ" ਨੀਤੀਆਂ ਘੜ੍ਹ ਕੇ ਖ਼ਜ਼ਾਨੇ ਨੂੰ ਭਰਨ ਦੇ ਰਾਹ ਤੁਰੇ ਤਾਂ ਕਿ ਲੋਕਾਂ ਦੀ ਜੂਨ ਸੁਖਾਲੀ ਕੀਤੀ ਜਾ ਸਕੇ। ਨਾ ਕਿ ਲੋਕਾਂ ਸਿਰੋਂ ਵਿਧਾਇਕਾਂ ਮੰਤਰੀਆਂ ਦੀਆਂ ਪੁਸ਼ਤਾਂ ਦੇ ਖ਼ਜ਼ਾਨੇ ਨੱਕੋ ਨੱਕ ਭਰਨ ਦਾ ਬੰਦੋਬਸਤ ਕਰ ਦਿੱਤਾ ਜਾਵੇ। ਮਾਣਯੋਗ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ "ਨਿਪੁੰਨ" ਖ਼ਜ਼ਾਨਾ ਮੰਤਰੀ ਵਜੋਂ ਆਂਕਿਆ ਜਾ ਰਿਹਾ ਸੀ। ਪਰ ਹੁਣ ਜਦੋਂ ਓਹ ਜਾਂ ਤਾਂ ਉਰਦੂ ਹੀ ਬੋਲਦੇ ਨਜ਼ਰ ਆਉਂਦੇ ਹਨ ਜਾਂ ਚੁੱਪ ਹੀ ਦਿਸਦੇ ਹਨ। ਉਹਨਾਂ ਕੋਲੋਂ ਸਵਾਲ ਇਹ ਪੁੱਛਣਾ ਬਣਦੈ ਕਿ ਕੀ ਵਿਧਾਇਕਾਂ ਦੀਆਂ ਤਨਖਾਹਾਂ ਦੇ ਢਾਈ ਗੁਣਾ ਤੋਂ ਵਧੇਰੇ ਵਾਧੇ ਨਾਲ ਖ਼ਜ਼ਾਨਾ ਭਰ ਜਾਵੇਗਾ? ਵਧੀ ਤਨਖਾਹ ਤੋਂ ਬਾਅਦ ਕੀ ਵਿਧਾਇਕ ਲੋਕਾਂ ਦੇ ਵਿਆਹਾਂ ਸ਼ਾਦੀਆਂ, ਭੋਗਾਂ 'ਤੇ ਖੁੱਲਦਿਲੀ ਨਾਲ ਹਾਜ਼ਰੀ ਭਰ ਕੇ ਸਿਹਤ ਵਿੱਦਿਆ ਤੇ ਰੁਜਗਾਰ ਦੇ ਮਸਲੇ ਹੱਲ ਕਰ ਦੇਣਗੇ?

ਉੱਡ ਰਹੇ ਮਜ਼ਾਕ ਵੱਲ ਧਿਆਨ ਦੇਣ ਦੀ ਲੋੜ

ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਵਿਧਾਇਕ ਹੋਰਨਾਂ ਭੱਤਿਆਂ ਦੇ ਨਾਲ ਨਾਲ 15000 ਰੁਪਏ ਟੈਲੀਫੋਨ ਭੱਤਾ ਖੁਸ਼ੀ ਖੁਸ਼ੀ ਹਾਸਲ ਕਰ ਅਤੇ ਕਰਦੇ ਆ ਰਹੇ ਹਨ। ਅੱਜ ਜਦੋਂ ਲੈਂਡਲਾਈਨ ਟੈਲੀਫੋਨ ਡਾਇਨਾਸੋਰ ਵਾਂਗ ਅਲੋਪ ਹੋ ਗਏ ਹਨ ਤਾਂ 117 ਵਿਧਾਇਕਾਂ ਵਿੱਚੋਂ ਕਿੰਨੇ ਕੁ ਵਿਧਾਇਕ ਹਨ, ਜਿਹਨਾਂ ਦੇ ਘਰ ਜਾਂ ਦਫ਼ਤਰ ਟੈਲੀਫੋਨ ਅਜੇ ਵੀ ਲੱਗਾ ਹੋਇਆ ਹੈ? ਤਕਨੀਕੀ ਯੁਗ 'ਚ ਵਿਚਰਦਿਆਂ ਕਿਉਂ ਨਹੀਂ ਕਿਸੇ ਮੋਬਾਈਲ ਫੋਨ ਰਾਹੀਂ 500-700 ਰੁਪਏ ਪ੍ਰਤੀ ਮਹੀਨਾ ਅਦਾ ਕਰਕੇ ਅਮੁੱਕ ਸੇਵਾਵਾਂ ਹਾਸਲ ਕੀਤੀਆਂ ਜਾਂਦੀਆਂ? ਬਿਨਾਂ ਗੱਲੋਂ ਹਰ ਮਹੀਨੇ 17 ਲੱਖ 55 ਹਜ਼ਾਰ ਰੁਪਏ ਲੋਕਾਂ ਦਾ ਟੈਕਸ ਦਾ ਪੈਸਾ ਟੈਲੀਫੋਨ ਭੱਤੇ ਦੇ ਨਾਂ 'ਤੇ ਉਡਾਇਆ ਜਾ ਰਿਹਾ ਹੈ। ਸਾਰੇ ਵਿਧਾਇਕ ਆਪਣੇ 60 ਮਹੀਨੇ ਦੇ ਕਾਰਜਕਾਲ 'ਚ 10 ਕਰੋੜ 53 ਲੱਖ ਰੁਪਏ ਸਿਰਫ ਟੈਲੀਫੋਨ ਭੱਤੇ ਰਾਹੀਂ ਹੀ ਲੋਕਾਂ ਦੀਆਂ ਜੇਬਾਂ 'ਚੋਂ ਕਢਵਾ ਕੇ ਆਪਣੀਆਂ ਜੇਬਾਂ 'ਚ ਪਾ ਲੈਂਦੇ ਹਨ। ਇਸ ਤਨਖਾਹ ਵਾਧੇ ਦੀ ਤਜਵੀਜ਼ ਨੂੰ ਬੇਸ਼ੱਕ ਹਰੀ ਝੰਡੀ ਨਹੀਂ ਮਿਲੀ ਪਰ ਲੋਕਾਂ ਵਿੱਚ ਇਹ ਖਿਆਲ ਹੋਰ ਪਕੇਰਾ ਹੋ ਗਿਆ ਹੈ ਕਿ ਸਿਆਸੀ ਲੋਕ ਆਮ ਲੋਕਾਂ ਦੇ ਕਦੇ ਵੀ ਸਕੇ ਨਹੀਂ ਹੋ ਸਕਦੇ। ਕਾਂਗਰਸ ਸਰਕਾਰ ਦਾ ਹਰ ਜਗ੍ਹਾ ਮਜ਼ਾਕ ਉੱਡਦਾ ਦਿਖਾਈ ਦੇ ਰਿਹਾ ਹੈ। ਨਵਾਂਸ਼ਹਿਰ ਦੇ ਨੌਜਵਾਨ ਪਰਵਿੰਦਰ ਸਿੰਘ ਕਿੱਤਣਾ ਨੇ ਵਿਅੰਗ ਰੂਪ 'ਚ 500 ਰੁਪਏ ਦਾ ਮਨੀਆਰਡਰ "ਵਿਧਾਇਕਾਂ ਦੀ ਆਰਥਿਕ ਸਹਾਇਤਾ" ਵਜੋਂ ਭੇਜਿਆ ਹੈ। ਉਸ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਚਿੱਠੀ 'ਚ ਜ਼ਿਕਰ ਕੀਤਾ ਹੈ ਕਿ ਵਿਧਾਇਕਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਇਕੱਠੀ ਕੀਤੀ ਇਸ ਰਾਸ਼ੀ ਵਿੱਚ ਉਸਨੇ ਪੜ੍ਹਾਈ ਦੌਰਾਨ ਛੁੱਟੀ ਵਾਲੇ ਦਿਨ ਦਿਹਾੜੀ ਕਰਨ ਲਈ ਮਜ਼ਬੂਰ ਬੀ. ਟੈੱਕ. ਦੇ ਵਿਦਿਆਰਥੀ,ਚਾਹ ਦੀ ਰੇਹੜੀ ਲਾਉਂਦੇ ਅਸ਼ੋਕ, ਗੰਨੇ ਦਾ ਰਸ ਵੇਚਦੀ ਗੈਰ ਪੰਜਾਬਣ ਬੀਬੀ, ਇੱਕ ਰਿਕਸ਼ਾ ਚਾਲਕ ਅਤੇ ਪੈਂਚਰਾਂ ਦੀ ਦੁਕਾਨ ਵਾਲੇ ਇੱਕ ਕਿਰਤੀ ਦਾ ਵੀ ਯੋਗਦਾਨ ਪੁਆਇਆ ਹੈ। ਉਹਨਾਂ ਟਕੋਰ ਕੀਤੀ ਹੈ ਕਿ ਲੋਕਾਂ ਦਾ ਕੀ ਐ? ਵਿਧਾਇਕ ਖੁਸ਼ ਰਹਿਣੇ ਚਾਹੀਦੇ ਹਨ, ਉਹਨਾਂ ਦੀ ਆਰਥਿਕ ਸਹਾਇਤਾ ਲਈ ਅਸੀਂ ਖੁਦਕੁਸ਼ੀਆਂ ਦਾ ਸੰਤਾਪ ਭੋਗ ਰਹੇ ਲੋਕਾਂ ਦੇ ਪਰਿਵਾਰਾਂ ਕੋਲੋਂ ਵੀ ਰਾਸੀਂ ਇਕੱਠੀ ਕਰਕੇ ਵਿਧਾਇਕਾਂ ਲਈ ਜਲਦੀ ਭੇਜਾਂਗੇ।
ਮੁੱਕਦੀ ਗੱਲ ਇਹ ਕਿ ਲੋਕਾਂ ਨੂੰ ਹੁਣੇ ਤੋਂ ਅਗਲੀ ਸਰਕਾਰ ਦੇ ਬਿਆਨ ਸੁਣਨੇ ਸ਼ੁਰੂ ਹੋ ਗਏ ਹਨ, ਜਿਸ ਵਿੱਚ (ਉਸ ਵੇਲੇ ਦੇ) ਵਿਧਾਇਕ ਅਜੋਕੀ ਕਾਂਗਰਸ ਸਰਕਾਰ ਨੂੰ ਖ਼ਜ਼ਾਨਾ ਖਾਲੀ ਕਰਨ ਦੇ ਦੋਸ਼ੀ ਗਰਦਾਨ ਰਹੇ ਹੋਣਗੇ। ਲੋਕ ਤਾਂ ਵਿਚਾਰੇ ਸਿਰਫ ਵੋਟਾਂ ਹਨ, ਲੋਕਾਂ ਦਾ ਕੀ ਐ? ਇਹ ਤਾਂ ਰੋਂਦੇ, ਕੁਰਲਾਉਂਦੇ, ਫਾਹੇ ਲੈਂਦੇ, ਬੀਮਾਰੀਆਂ ਨਾਲ ਜੂਝਦੇ ਜੂਨ ਭੋਗ ਲੈਂਦੇ ਹਨ। ਸਿਰਫ ਇਹਨਾਂ ਲੋਕਾਂ ਦੇ ਚੁਣੇ ਨੁਮਾਇੰਦੇ ਹਰ ਹਾਲ ਖੁਸ਼ ਰਹਿਣੇ ਚਾਹੀਦੇ ਹਨ, ਲੋਕਾਂ ਦਾ ਕੀ ਐ? 

16 Dec. 2018