Praveen Sharma

ਗੁਰੂ ਨਾਨਕ ਨੇ ਲਿਆ ਅਵਤਾਰ  - ਪਰਵੀਨ ਸ਼ਰਮਾ (ਰਾਉਕੇ ਕਲਾਂ)

ਘਰ  ਮਹਿਤਾ ਕਾਲੂ  ਦੇ ਤ੍ਰਿਪਤਾ ਮਾਂ  ਦੀ ਕੁੱਖੋਂ ਜਾਇਆ
ਕੱਤਕ ਪੂਰਨਮਾਸ਼ੀ ਨੂੰ ਬਾਲਕ ਏਕ ਜਗਤ ਮੇਂ ਆਇਆ ,
ਉਹ ਧਰਤੀ  ਤਲਵੰਡੀ  ਦੀ  ਪ੍ਰਗਟ ਹੋਏ  ਸੀ ਨਿਰੰਕਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....
 
ਦੱਸ  ਤਾ  ਸੀ ਦਾਈ  ਨੇ ਤੱਕ  ਕੇ ਸੋਹਣਾ  ਮੁੱਖ ਨੂਰਾਨੀ
ਇਹ ਬਾਲਕ  ਮਹਿਤਾ ਜੀ ਹੈ ਕੋਈ  ਸੱਚੀ ਰੂਹ ਰੂਹਾਨੀ ,
ਭੇਜਿਆ  ਖੁਦ  ਦਾਤੇ  ਨੇ  ਘਰ  ਵਿੱਚ ਤੇਰੇ  ਹੈ  ਦਾਤਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....


ਬਾਪੂ ਨੇ  ਤੋਰ  ਦਿੱਤਾ  ਸੌਦਾ  ਕਰ  ਵੀਹਾਂ  ਨਾਲ  ਜਾਕੇ
ਬਹਿ ਖੋਲ੍ਹ ਭੰਡਾਰੇ ਗਿਆ ਛੱਕ  ਜੋ ਲੋੜਵੰਦ ਸਭ ਆਕੇ ,
ਨਾਨਕ  ਦੀ  ਨਗਰੀ  ਚੋ  ਮੁੱਕਦੇ  ਵੇਖੇ  ਨਹੀਂ  ਭੰਡਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....


ਭੂੰਮੀਏ ਵਰਗੇ ਚੋਰਾਂ ਨੂੰ  ਨਾਨਕ ਸਿੱਧੇ ਰਸਤੇ ਪਾਇਆ
ਕਰ ਤਰਸ ਗਰੀਬਾਂ ਤੇ ਨਾਲੇ ਬੋਲਣਾ ਸੱਚ ਸਿਖਾਇਆ ,
ਆ ਸ਼ਰਨੀ ਨਾਨਕ ਦੇ  ਮਿੱਟ ਗਿਆ ਭਾਗੋ ਦਾ ਹੰਕਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....


ਕੱਢ ਵਹਿਮਾਂ ਭਰਮਾਂ ਚੋਂ ਗੁਰੂ ਜੀ ਨਾਲ ਜੋੜਿਆ ਬਾਣੀ
ਇੱਕ  ਛੱਕਣਾ  ਵੰਡਕੇ ਹੈ  ਦੂਜਾ ਰੋਟੀ  ਹੱਕ  ਦੀ  ਖਾਣੀ , 
ਜੱਗ ਚਾਨਣ ਕਰਕੇ ਤੇ  ਨਾਨਕ ਮੇਟਿਆ ਸੀ ਅੰਧਕਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....


ਲੜ ਲੱਗ ਜਾ ਗੁਰੂਆਂ ਦੇ  ਲੈ ਲਾ ਗੁਰਬਾਣੀ  ਦੀ ਓਟ
ਉਹ ਖਾਲਸ  ਕਰਦੀ ਤਨ-ਮਨ  ਤੇਰੇ ਕੱਢਦੂ ਸਾਰੇ ਖੋਟ ,
ਜਾਨਣ ਹਾਰ ਪ੍ਰਭੂ ਪ੍ਰਵੀਨ  ਆਕੇ ਮੁੜ ਤੋਂ  ਸਭ ਨੂੰ ਤਾਰ
ਦੁਨੀਆਂ ਨੂੰ ਤਾਰਨ ਲਈ ਗੁਰੂ ਨਾਨਕ ਨੇ ਲਿਆ ਅਵਤਾਰ ....

ਪਰਵੀਨ ਸ਼ਰਮਾ (ਰਾਉਕੇ ਕਲਾਂ)
ਐਲਨਾਬਾਦ, ਜਿਲ੍ਹਾ - (ਸਿਰਸਾ)
ਮੋ੦ -- 94161-68044

ਮਿੰਨੀ ਕਹਾਣੀ - ਛੇ ਮਹੀਨੇ - ਪ੍ਰਵੀਨ ਸ਼ਰਮਾ (ਰਾਉਕੇ ਕਲਾਂ)

ਬਲਵੰਤ ਮਾਸਟਰ ਹੋਰੀਂ ਦੋ ਭਰਾ ਨੇ , ਦੋਹੇਂ ਅਲੱਗ ਅਲੱਗ ਸ਼ਹਿਰਾਂ ਵਿੱਚ ਰਹਿੰਦੇ ਨੇ । ਮਾਸਟਰ ਜੀ ਦੇ ਪਿਤਾ ਉਹ ਵੀ ਸਰਕਾਰੀ ਅਧਿਆਪਕ ਸਨ ਤੇ ਕਾਫੀ ਸਮੇਂ ਪਹਿਲਾਂ ਰਿਟਾਇਰ ਹੋ ਗਏ । 
ਰਿਟਾਇਰਮੈਂਟ ਤੋਂ ਬਾਅਦ ਦੋਹਾਂ ਭਰਾਵਾਂ ਨੇ ਫੈਂਸਲਾ ਕੀਤਾ ਕਿ ਪਿਤਾ ਜੀ ਨੂੰ ਛੇ ਮਹੀਨੇ ਇੱਕ ਜਾਨਾਂ ਤੇ ਛੇ ਮਹੀਨੇ ਦੂਜਾ ਜਾਨਾਂ ਸੰਭਾਲਿਆ ਕਰੇਗਾ । ਇਹ ਗੱਲ ਮੈਨੂੰ ਉਦੋਂ ਪਤਾ ਚੱਲੀ ਜਦੋਂ ਸ਼ੁਰੂ-ਸ਼ੁਰੂ ਚ' ਬਾਬੂ ਜੀ ਐਥੇ ਰਹਿਣਾ ਲੱਗੇ , ਤੇ ਉਸ ਤੋਂ ਬਾਅਦ ਜਦੋਂ ਗਏ ਤਾਂ ਲੰਮੇ ਟਾਈਮ ਬਾਅਦ ਆਏ । ਪੁੱਛਿਆ - ਕਿ ਬਾਬੂ ਜੀ ਕਿਥੇ ਗਏ ਹੋਏ ਜੀ ਐਨਾਂ ਟਾਈਮ ਤਾਂ ਉਨ੍ਹਾਂ ਦੱਸਿਆ ਕਿ ਬੇਟਾ ਇਹ ਕਹਾਣੀ ਹੈ । ਹੁਣ ਏਥੇ ਮਾਸਟਰ ਜੀ ਕੋਲ ਨੇ ਬਹੁਤ ਬਿਰਧ ਹੋ ਗਏ ਨੇ ਸ਼ਰੀਰ ਸਾਥ ਨਹੀਂ ਦਿੰਦਾ । ਜੀਵਨ ਦਾ ਅੰਤਿਮ ਪੜਾਅ ਲੱਗਦੇ । ਇੱਕ ਦਿਨ ਮਾਸਟਰ ਜੀ ਦੀ ਪਤਨੀ ਨੂੰ ਜੋ ਕਹਿੰਦੇ ਸੁਣਿਆ ਉਹ ਹੈਰਾਨ ਕਰ ਦੇਣ ਵਾਲਾ ਸੀ । ਉਹ ਕਹਿ ਰਹੀ ਸੀ - ਹੁਣ ਤਾਂ ਬਾਬੂ ਜੀ ਨੇ ਨੱਕ ਦਮ ਕਰ ਰੱਖਿਐ , ਸ਼ੁਕਰ ਕਰਾਂ ਜੇ ਬੁੱਢੜਾ ਐਨੇ ਕੂ ਦਿਨ ਕਟਾ ਦੇ । ਫਿਰ ਉਥੇ ਜਾਕੇ ਕੁਝ ਮਰਜੀ ਹੁੰਦਾ ਫਿਰੇ । ਕੌਣ ਸੰਭਾਲੂ ਕੱਠ-ਬੱਠ ਜੇ ਇਸ ਨੂੰ ਐਥੇ ਕੁੱਝ ਹੋ ਗਿਆ ਤਾ । ਆ ਜਿਹੜੇ ਦਸ-ਪੰਦਰਾਂ ਦਿਨ ਰਹਿੰਦੇ ਆ ਨਾ ਹੀਂ ਕੁਝ ਹੋਵੇ ।
  --- ਇੱਕ ਬਜ਼ੁਰਗ ਦੀ ਸੁਖ ਇਸ ਦਾ ਲੋੜੀ ਜਾ ਰਹੀ ਸੀ ---

 ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044

ਕਹੀਆਂ ਬਨਾਮ ਵਹੀਆਂ - ਪ੍ਰਵੀਨ ਸ਼ਰਮਾ (ਰਾਉਕੇ ਕਲਾਂ)

ਠੰਡ ਵਿੱਚ ਪਾਣੀ ਲਾਉਂਦਾ ਤਾਇਆ
ਤਨ ਤੇ ਕੋਟੀ , ਕੁਰਤਾ ਪਾਇਆ ....
ਭਿੱਜ ਜੂ ਸੋਚ ਪਜਾਮਾਂ ਲਾਇਆ
ਗੋਡੇ  ਠੁਰ-ਠੁਰ  ਕਰਦੇ ਨੇ ,
ਵਹੀਆਂ ਵਾਲੇ ਹੀਟਰ ਸੇਕਣ
ਕਹੀਆਂ  ਵਾਲੇ  ਠਰਦੇ  ਨੇ ।।


ਵਹੀਆਂ ਵਾਲੇ ਮੌਜਾਂ ਮਾਨਣ
ਕਹੀਆਂ ਵਾਲੇ  ਠਰਦੇ ਨੇ ।।


ਖੜ ਕੇ ਵਾਨ੍ਹ ਚ ਨੱਕਾ ਮੋੜੇ
ਪਾਸੇ ਲਾਹ  ਕੇ ਰੱਖ ਤੇ ਜੋੜੇ ....
ਇਨ੍ਹਾਂ ਕਹੀਆਂ ਨੇ ਲੱਕ ਤੋੜੇ
ਪਿੰਡੇ  ਪੀੜਾਂ  ਜਰਦੇ  ਨੇ
ਵਹੀਆਂ ਵਾਲੇ ਸੁੱਖ ਦੀ ਭੋਗਣ
ਕਹੀਆਂ ਵਾਲੇ  ਠਰਦੇ ਨੇ ।।


ਵਹੀਆਂ ਵਾਲੇ ਮੌਜਾਂ ਮਾਨਣ
ਕਹੀਆਂ ਵਾਲੇ  ਠਰਦੇ ਨੇ ।।


ਬੋਰ ਦਾ ਪਾਣੀ ਕਣਕ ਨੂੰ ਲਾਇਆ
ਐਤਕੀਂ ਨਹਿਰੀ ਵੀ ਨਾ ਆਇਆ ....
ਮੋਟਰ  ਛੋਟੀ  ਝੂਰਦੈ  ਤਾਇਆ
ਮਸਾਂ ਹੀ ਚਾਰ ਕਿਆਰੇ ਭਰਦੇ ਨੇ
ਵਹੀਆਂ ਵਾਲੇ ਬੇਫਿਕਰੀ ਵਿੱਚ
ਕਹੀਆਂ ਵਾਲੇ  ਠਰਦੇ ਨੇ ।।


ਵਹੀਆਂ ਵਾਲੇ ਮੌਜਾਂ ਮਾਨਣ
ਕਹੀਆਂ ਵਾਲੇ  ਠਰਦੇ ਨੇ ।।


ਵਿਕਦੇ ਸਸਤੇ  ਮਟਰ , ਪਿਆਜ
ਫਸਲਾਂ ਜਾਦੀਆਂ ਵਿੱਚ ਬਿਆਜ ....
ਚਲਦੈ ਆਡਤਿਆਂ ਦਾ ਰਾਜ
ਜੋ ਮੰਨ ਆਇਆ ਕਰਦੇ ਨੇ
ਵਹੀਆਂ ਵਾਲਿਆ ਦੀ ਤਾਂ ਚਾਂਦੀ
ਕਹੀਆਂ ਵਾਲੇ  ਠਰਦੇ ਨੇ ।।


ਵਹੀਆਂ ਵਾਲੇ ਮੌਜਾਂ ਮਾਨਣ
ਕਹੀਆਂ ਵਾਲੇ  ਠਰਦੇ ਨੇ ।।


ਬਣ ਗਈ ਸਾਥੋਂ ਸ਼ਾਹੂਕਾਰੀ
ਉੱਚਾ ਹੋ ਗਿਆ ਵਰਗ ਵਪਾਰੀ ....
ਹੁੰਦੀ ਵੱਡੀ ਕਿਰਤ ਹਮਾਰੀ
ਆਖਰ ਮੁੱਲ ਤੋਂ ਹਰਦੇ ਨੇ
ਵਹੀਆਂ ਵਾਲੇ ਧਨੀ ਕਹਾਉਂਦੇ
ਕਹੀਆਂ ਵਾਲੇ ਠਰਦੇ ਨੇ ।।


ਵਹੀਆਂ ਵਾਲੇ ਮੌਜਾਂ ਮਾਨਣ
ਕਹੀਆਂ ਵਾਲੇ  ਠਰਦੇ ਨੇ ।।


ਸਜਣੋਂ ਸੁਣ ਲੋ ਬਾਤ ਅਖੀਰੀ
ਖੇਤੀ ਵਿੱਚ ਨਾ ਰਹੀ ਅਮੀਰੀ ....
ਕੱਖਾਂ ਦੇ ਭਾਅ ਵਿਕਦੀ ਜੀਰੀ
ਫਾਹੇ ਲੈ ਲੈ ਮਰਦੇ ਨੇ
ਕਹੀਆਂ ਦੀ ਕੀ ਹਾਲਤ ਹੋਗੀ
ਵਹੀਆਂ ਤੋ ਕੀ ਪਰਦੇ ਨੇ ।।


ਕਹੀਆਂ ਦੀ ਕੀ ਹਾਲਤ ਹੋਗੀ
ਵਹੀਆਂ ਤੋ ਕੀ ਪਰਦੇ ਨੇ ।।
=================
ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044

ਬੱਕਰਾ ਤੇ ਮੁਰਗਾ - ( ਇੱਕ ਆਪਸੀ ਗੱਲਬਾਤ ) - ਪ੍ਰਵੀਨ ਸ਼ਰਮਾ

ਬੱਕਰਾ ਕਹਿੰਦਾ ਬੈਠ ਮੁਰਗੇਆ ਕਰੀਏ ਦੁੱਖ-ਸੁੱਖ ਸਾਂਝੇ
ਹੋਰ ਜੀਵਾਂ ਨੂੰ  ਕੁੱਝ ਨਹੀਂ ਕਹਿੰਦੇ  ਆਪਾਂ ਜਾਈਏ ਮਾਝੇਂ ,
ਖਾਣ ਪੀਣ ਨੂੰ ਵਨਸਪਤੀ ਪਈ ਫਲ, ਸਬਜੀਆਂ, ਦਾਲਾਂ
ਫਿਰ ਕਿਉਂ ਬੰਦਾ  ਸੋਚੇ ਦੱਸ ਖਾਂਅ  ਵੱਢ ਦੋਹਾਂ ਨੂੰ ਖਾ ਲਾਂ ,
ਸਾਡੀ ਟੰਗੜੀ ਦੇ ਨਾਲ ਖਾਂਦੇ ਚਾਅ ਨਾਲ ਬਹਿਕੇ ਟੁੱਕੜ ਜੀ
ਇੰਜ ਕਰਦੇ ਨੇ ਬਹਿਕੇ ਗੱਲਾਂ ਬੱਕਰਾ ਤੇ ਇੱਕ ਕੁੱਕੜ ਜੀ ।।
ਇੰਜ ਕਰਦੇ ਨੇ ਗੱਲਾਂ ਬਹਿਕੇ .......


ਚੰਗਾ ਸੀ ਕਿਸੇ ਹੋਰ ਮੁਲਕ ਵਿੱਚ ਜੰਮਦੇ ਦੋਹੇਂ ਭਾਈ
ਜਿਥੇ ਲੋਕੀਂ ਕੀਟ-ਪਤੰਗੇ ਕੁੱਲ੍ਹ ਜੀਵ ਜਾਂਦੇ ਨੇ ਖਾਈ ,
ਇੱਥੇ ਤਾਂ  ਹਰ ਰੋਜ਼ ਹੀ  ਚੱਲਦੀ ਗਰਦਨ  ਉੱਤੇ ਕਟਾਰੀ
ਘੱਟੋ-ਘੱਟ ਉੱਥੇ ਆਉਂਦੀ ਸਾਡੀ ਚਿਰਾਂ ਬਾਅਦ ਹੀ ਵਾਰੀ ,
ਸਾਡੇ ਮੁਲਕ ਚ' ਲੱਗਦੈ ਸਾਡੇ ਮੀਟ ਦੇ ਜਿਆਦਾ ਭੁੱਖੜ ਜੀ
ਇੰਜ ਕਰਦੇ ਨੇ ਬਹਿਕੇ ਗੱਲਾਂ ਬੱਕਰਾ ਤੇ ਇੱਕ ਕੁੱਕੜ ਜੀ ।।
ਇੰਜ ਕਰਦੇ ਨੇ ਗੱਲਾਂ ਬਹਿਕੇ .......


ਆਪਣੀ ਸ਼ਾਮਤ ਆ ਜਾਂਦੀ ਜਦ ਆਉਂਦੇ ਵਿਆਹ-ਮੁਕਲਾਵੇ
ਆਪਣੇ ਵਿਹੜੇ ਸੱਥਰ ਵਿਛਦੇ ਬੰਦਾ ਖੁਸ਼ੀਏ ਢੋਲ ਵਜਾਵੇ ,
ਆ ਜੇ ਕਿਸੇ ਦਾ ਸਾਲਾ ਜਾ ਫਿਰ  ਘਰ ਦਾ ਕੋਈ ਜਵਾਈ
ਇੱਕ ਦੂਜੇ ਲਈ ਖਾਸ ਦਾਵਤਾਂ ਸਾਡੀ ਕਿਹੜਾ ਸੋਚੋ ਭਾਈ ,
ਦੋਹਾਂ ਚੋਂ ਫਿਰ ਇੱਕ ਦੀ ਵਾਰੀ ਜਦ ਆਜੇ ਵੱਡਾ ਫੁੱਫੜ ਜੀ
ਇੰਜ ਕਰਦੇ ਨੇ ਬਹਿਕੇ ਗੱਲਾਂ ਬੱਕਰਾ ਤੇ ਇੱਕ ਕੁੱਕੜ ਜੀ ।।
ਇੰਜ ਕਰਦੇ ਨੇ ਗੱਲਾਂ ਬਹਿਕੇ .......


ਕਾਂ, ਚੂਹੇ ਤੇ ਸ਼ੇਰ ,ਬੱਤਖਾਂ.. ਮੋਰਾਂ ਦੀ ਕਰਦੇ ਦੇਵ ਸਵਾਰੀ
ਜੇ ਕਿਤੇ ਗਊਆਂ ਦੀ ਥਾਂ ਲੈਂਦੇ ਕਰਦੇ ਪੂਜਾ ਨਰ ਤੇ ਨਾਰੀ ,
ਪਰ ਇੰਜ ਲੱਗਦੈ ਜਿਵੇਂ ਆਪਾਂ ਦੋਹਾਂ ਡਾਹਢੇ ਪਾਪ ਕਮਾਏ
ਬਲੀ ਹਮਾਰੀ  ਦੇ ਕਰ ਕਹਿੰਦੇ  ਸਾਡੇ ਦੇਵਤੇ  ਨੇ ਹਰਸ਼ਾਏ ,
ਕਿਉਂ ਮੌਤ ਸਾਡੀ ਤੇ ਰੱਬ ਖੁਸ਼ ਹੋਵੇ ਏਸੇ ਗੱਲ ਦਾ ਦੁੱਖੜ ਜੀ
ਇੰਜ ਕਰਦੇ ਨੇ ਬਹਿਕੇ ਗੱਲਾਂ ਬੱਕਰਾ ਤੇ ਇੱਕ ਕੁੱਕੜ ਜੀ ।।
ਇੰਜ ਕਰਦੇ ਨੇ ਗੱਲਾਂ ਬਹਿਕੇ .......

ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044

ਪ੍ਰਦੂਸ਼ਣ - ਵਾਤਾਵਰਣ ਬਚਾਓ - ਪ੍ਰਵੀਨ ਸ਼ਰਮਾ (ਰਾਉਕੇ ਕਲਾਂ)

ਹਵਾ ਹੋ ਗਈ ਦੂਸ਼ਿਤ, ਤੇ ਦੂਸ਼ਿਤ ਹੋਇਆ ਪਾਣੀ
ਚਾਰੇ ਪਾਸੇ ਢੇਰ ਗੰਦ ਦੇ ਵਿਗੜੀ ਪਈ ਕਹਾਣੀ ,
ਜਲ,  ਭੂਮੀ,  ਵਾਯੂ ਤੇ ਧੁਨੀ ਬਾਰੇ ਪਾਠ ਪੜ੍ਹਾਓ
ਪ੍ਰਦੂਸ਼ਣ  ਨੂੰ ਰੋਕੋ  ਮਿਲਕੇ  ਵਾਤਾਵਰਣ ਬਚਾਓ ।


ਆਸੇ-ਪਾਸੇ  ਜੋ  ਹੈ ਆਪਾਂ ਗੰਦਗੀ  ਰੋਜ਼ ਫੈਲਾਉਂਦੇ
ਉਸੇ ਗੰਦ ਤੇ ਬੈਠ ਕੀਟਾਣੂ ਸਾਡੇ ਘਰਾਂ ਚ' ਆਉਂਦੇ ,
ਸੜਕਾਂ-ਗਲੀਆਂ ਵਿੱਚ ਕਦੇ ਨਾ ਕੂੜਾ ਤੁਸੀਂ ਫੈਲਾਓ
ਪ੍ਰਦੂਸ਼ਣ  ਨੂੰ  ਰੋਕੋ  ਮਿਲਕੇ  ਵਾਤਾਵਰਣ  ਬਚਾਓ ।


ਹਵਾ  ਬਚਾਲੋ ਜੇਕਰ ਚਾਹੁੰਦੇ ਭੋਗਣਾ  ਲੰਮੀ ਆਯੂ
ਨਿਰੀ ਬਿਮਾਰੀ ਦਾ ਘਰ ਹੁੰਦੀ ਪ੍ਰਦੂਸ਼ਿਤ ਜਲਵਾਯੂ ,
ਜਹਿਰੀਲਾ ਨਾ ਕੋਈ ਪਦਾਰਥ ਹਵਾ ਦੇ ਵਿੱਚ ਜਲਾਓ
ਪ੍ਰਦੂਸ਼ਣ  ਨੂੰ  ਰੋਕੋ  ਮਿਲਕੇ  ਵਾਤਾਵਰਣ  ਬਚਾਓ ।


ਪਾਣੀ ਕਰਕੇ ਗੰਦਲਾਂ ਪੀਂਦੇ ਲੱਗਦੇ ਰੋਗ ਭਿਆਨਕ
ਫੇਰ ਸਤਾਵੇ ਦਰਦ ਪੇਟ ਦਾ ਉੱਠਦੀ ਪੀੜ ਅਚਾਨਕ ,
ਸਾਫ  ਰੱਖ ਕੇ  ਨੀਰ ਆਪਣੇ  ਕੋਲੋਂ  ਰੋਗ ਭਜਾਓ
ਪ੍ਰਦੂਸ਼ਣ  ਨੂੰ ਰੋਕੋ  ਮਿਲਕੇ  ਵਾਤਾਵਰਣ  ਬਚਾਓ ।


ਲਾਊਡ ਸਪੀਕਰ ਵੀ ਤਾਂ ਵੀਰੋ ਪ੍ਰਦੂਸ਼ਣ ਦਾ ਕਾਰਨ
ਦੂਜਾ ਉੱਚੀ  ਸੁਣਦੇ ਜੋ  ਮੋਟਰ ਕਾਰਾਂ ਦੇ ਹਾਰਨ ,
ਜਿਨ੍ਹਾਂ  ਹੋ ਸਕਦੇ  ਹੈ  ਉਨ੍ਹਾਂ  ਵਾਜਾ  ਘੱਟ ਵਜਾਓ
ਪ੍ਰਦੂਸ਼ਣ  ਨੂੰ  ਰੋਕੋ  ਮਿਲਕੇ  ਵਾਤਾਵਰਣ ਬਚਾਓ ।


ਪਾਲੀਥੀਨ ਲਿਫਾਫਾ ਵੀਰੋ ਪਤਾ ਥੋਨੂੰ ਨਹੀਂ ਗਲਦਾ
ਉਥੇ ਵਰਤੋਂ ਜਮ੍ਹਾਂ ਨਾਂ ਕਰੀਏ ਜਿੱਥੇ ਹੋਵੇ ਕੰਮ ਚਲਦਾ ,
ਹੋ  ਸਕਦੈ  ਤਾਂ  ਸੌਦੇ ਖਾਤਿਰ  ਝੋਲੇ  ਨਵੇਂ  ਸਵਾਓ
ਪ੍ਰਦੂਸ਼ਣ  ਨੂੰ  ਰੋਕੋ  ਮਿਲਕੇ  ਵਾਤਾਵਰਣ ਬਚਾਓ ।


ਬਣਕੇ ਤੂੰ ਪ੍ਰਵੀਨ ਸਿਆਣਾ ਲੰਮੀਆਂ ਉਮਰਾਂ ਭੋਗੀ
ਵਾਤਾਵਰਣ ਨੂੰ ਸ਼ੁੱਧ ਬਣਾਲੈ ਰਹੂਗੀ ਦੇਹਿ ਨਿਰੋਗੀ ,
ਚੰਗੇ ਵਾਤਾਵਰਣ ਤੇ ਖਾਣ-ਪਾਣ ਸੇ ਲੰਮਾ ਜੀਵਨ ਪਾਓ
ਪ੍ਰਦੂਸ਼ਣ  ਨੂੰ  ਰੋਕੋ  ਮਿਲਕੇ  ਵਾਤਾਵਰਣ ਬਚਾਓ ।


ਪਵਨ ਤਾਈਂ ਹੈ ਗੁਰੂ ਆਖਿਐ ਪਿਤਾ ਦੱਸਿਐ ਪਾਣੀ
ਧਰਤੀ ਮਾਤਾ ਸਗਲ ਜਗਤ ਕੀ ਲਿਖਿਆ ਵਿੱਚ ਗੁਰਬਾਣੀ ,
ਗੁਰੂਆਂ ਦੀ  ਬਾਣੀ ਨੂੰ  ਪੜ੍ਹਕੇ ਸਮਝੋਂ ਤੇ ਸਮਝਾਓ
ਪ੍ਰਦੂਸ਼ਣ  ਨੂੰ  ਰੋਕੋ  ਮਿਲਕੇ  ਵਾਤਾਵਰਣ ਬਚਾਓ ।
========================
ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
 ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044

ਭਾਰਾ ਦਾਜ - ਪ੍ਰਵੀਨ ਸ਼ਰਮਾ

ਨਵਰੀਤ -- ਇੱਕ ਪੜ੍ਹੀ-ਲਿਖੀ ਅਤੇ ਹੋਣਹਾਰ ਕੁੜੀ , ਚੰਗੇ ਸੰਸਕਾਰਾਂ ਦੇ ਨਾਲ-ਨਾਲ ਸਾਦਗੀ ਅਤੇ ਸੁੰਦਰਤਾ ਦਾ ਵੀ ਕੀ  ਕਹਿਣਾ । ਚੰਗੀ ਸੋਚ ਅਤੇ ਚੰਗੇ ਖਿਆਲਾਤ ਉਸਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਦ ਲਾਉਂਦੇ । ਆਪਣੀ ਮੇਹਨਤ ਅਤੇ ਲਗਨ ਨਾਲ ਸਰਕਾਰੀ ਨੌਕਰੀ ਵੀ ਹਾਸਿਲ ਕਰ ਲਈ ।
                  ਹੁਣ ਵਿਆਹ ਦੀ ਉਮਰ ਵੀ ਸੀ , ਚੰਗੇ ਪੜ੍ਹੇ-ਲਿਖੇ ਸਰਕਾਰੀ ਨੌਕਰੀ ਵਾਲੇ ਮੁੰਡੇ ਦੀ ਤਲਾਸ਼ ਹੋਣ ਲੱਗੀ । ਤਾਂ ਜੋ ਪੜ੍ਹੇ ਲਿਖੇ , ਨੌਕਰੀ ਪੇਸ਼ਾ ਪਰਿਵਾਰ ਚ' ਬੇਟੀ ਦੇ ਗੁਣਾਂ ਅਤੇ ਕੰਮ ਦੀ ਕਦਰ ਹੋਵੈ । ਚਲੋ ਜੀ , ਵਿਚੋਲੇ ਨੇ ਇੱਕ ਘਰ ਲੱਭ ਕੇ ਰਿਸ਼ਤਾ ਕਰਵਾ ਦਿੱਤਾ । ਸਭ ਤੈਅ ਹੋ ਗਿਆ - ਜਿਵੇਂ ਕੀ ਆਪਾਂ ਜਾਣਦੇ ਹਾਂ ਆਪਣੇ ਸਮਾਜ ਦੀ ਰੀਤਿ ਕਹਿ ਲਵੋ, ਜਾ ਕੁਰੀਤੀ , ਦਾਜ ਦਾ ਦੇਣਾਂ ਤਾਂ ਬਣਦਾ ਹੈ , ਚਾਹੇ ਕਿਸੇ ਵੀ ਰੂਪ ਚ' ਹੋਵੇ । ਦਾਜ ਤਾਂ ਨਵਰੀਤ ਨੂੰ ਵੀ ਦੇਣਾਂ ਸੀ ।
        ਨਵਰੀਤ ਦੇ ਸੋਹਰੇ ਵਾਲਿਆ ਨੇ ਸੋਚ ਲਿਆ ਕੇ -- ਸ਼ਰਮਾ ਜੀ ਸਿਆਣੇ ਨੇ , ਪੜ੍ਹਿਆ ਲਿਖਿਆ , ਚੰਗਾ ਨੌਕਰੀ ਪੇਸ਼ੇ ਵਾਲਾ ਮੁੰਡਾ ਮਿਲਿਆ - ਦਾਜ ਦਹੇਜ ਵੀ ਚੰਗਾ ਦੇਣਗੇ । ਕੁੱਝ ਕੂ ਗੱਲਾਂ ਵਿਚੋਲੇ ਨੇ ਕੰਨਾਂ ਰਾਹੀਂ ਕੱਢ ਦਿੱਤੀਆਂ ਕੇ -- ਦਾਜ ਭਾਰਾ ਹੋਣਾ ਚਾਹੀਦਾ ਹੈ , ਜੋ ਕਿ ਸਮਾਜ ਅਤੇ ਬਿਰਾਦਰੀ ਵਿੱਚ ਵਿਖੇ ।
            ਸ਼ਰਮਾ ਜੀ ਨੇ ਭਾਰਾ ਦਾਜ ਪਹਿਲਾਂ ਹੀ ਆਪਣੀ ਬੇਟੀ ਲਈ ਇੱਕਠਾ ਕਰ ਰੱਖਿਆ ਸੀ - ਸੋ ਕੋਈ ਚਿੰਤਾ ਨਹੀਂ ਕੀਤੀ ।
ਚਲੋ ਜੀ ਵਿਆਹ ਵਾਲਾ ਦਿਨ ਆ ਗਿਆ , ਨਵਰੀਤ ਆਪਣੇ ਸੌਹਰੇ ਘਰ ਵਿਦਾ ਹੋਣ ਲਈ ਤਿਆਰ ਸੀ , ਕੇ -- ਦਾਜ ਦੀ ਗੱਲ ਚੱਲ ਪਈ । ਵਿਚੋਲਾ ਆ ਕੇ ਕਹਿੰਦਾ - ਸ਼ਰਮਾ ਜੀ , ਮੁੰਡੇ ਵਾਲਿਆ ਦਾ ਦੇਣ-ਲੈਣ ਕਿਥੇ ਹੈ , ਕਰੀਏ ਰਸਮਾਂ । ਕੋਈ ਦਾਜ ਦਹੇਜ ਦੀ ਚੀਜ਼ ਨਹੀਂ ਦਿਸਦੀ । ਇੰਜ ਲੱਗਦਾ ਹੈ ਜਿਵੇਂ ਤੁਸੀਂ ਦਾਜ ਕਿਤੇ ਲੁਕੋ ਰੱਖਿਆ ਹੈ ।
                   ਸ਼ਰਮਾ ਜੀ ਹੱਸ ਕੇ ਕਹਿੰਦੇ --  ਕਿਤੇ ਨਹੀਂ ਲੁਕੋ ਰੱਖਿਆ ਜੀ , ਦਾਜ ਤਾਂ ਬੇਟੀ ਦੇ ਨਾਲ ਹੀ ਹੈ ।  ਤੁਸੀਂ ਭਾਰੇ ਦਾਜ ਦੀ ਗੱਲ ਕੀਤੀ ਸੀ , ਮੈਂ ਸਾਰੀ ਉਮਰ ਮੇਰੀ ਬੇਟੀ ਲਈ ਭਾਰਾ ਦਾਜ ਹੀ ਇੱਕਠਾ ਕਰਦਾ ਰਿਹਾ ਹਾਂ । ਬਹੁਤ ਕੁੱਝ ਉਸਨੇ ਆਪਣੇ-ਆਪ ਬਣਾਇਆ ਹੈ , ਜੋ ਮੇਰੇ ਅਤੇ ਇਸਦੀ ਮਾਂ ਦੇ ਦੇਣ ਵਾਲਾ ਸੀ ਉਹ ਅਸੀਂ ਦੇ ਤਾ ।
                     ਵਿਚੋਲਾ ਕਹਿੰਦਾ - ਸ਼ਰਮਾ ਜੀ, ਕਿਥੇ ਹੈ ਫੇਰ ?  ਫਰਨੀਚਰ , ਏ.ਸੀ , ਫਰਿੱਜ , ਕੋਈ ਟੂਮ-ਛੱਲਾ ਵਗੈਰਾ। ਇਨ੍ਹਾਂ ਨੂੰ ਤਾਂ ਗੱਡੀ ਤੱਕ ਦੀ ਉਮੀਦ ਸੀ । ਵਿਖਾਓ ਫੇਰ -  ਕੀ ਕੁੱਝ ਇੱਕਠਾ ਕੀਤਾ ਹੈ । ਤੁਸੀਂ ਲੱਗਦਾ ਮੇਰਾ ਇਸ਼ਾਰਾ ਨਹੀਂ ਸੀ ਸਮਝੇਂ , ਹੁਣ ਸਿੱਧਾ ਤਾਂ ਮੰਗ ਕੇ ਲੈ ਨਹੀਂ ਸਕਦੇ ।
            ਸ਼ਰਮਾ ਜੀ ਬੜੀ ਨਿਮਰਤਾ ਨਾਲ ਕਹਿੰਦੇ - ਵਿਚੋਲਾ ਜੀ , ਇਹ ਜਿਹੜੀਆਂ ਚੀਜ਼ਾਂ ਦੇ ਨਾਂ ਲਿੱਤੇ ਨੇ ਇਹ ਤਾਂ ਸਾਰਾ ਹੌਲਾ ਸਾਮਾਨ ਹੈ , ਤੇ ਮੈਂ ਭਾਰੇ ਤੋ ਭਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਬੇਸ਼ੱਕ ਤੁਸੀਂ ਜੋ ਮੰਗਿਆ , ਉਹ  ਵਜਨ ਚ' ਭਾਰਾ ਹੋ ਸਕਦਾ ਹੈ ਪਰ - ਜੇ ਫੇਰ ਵੀ ਤੱਕੜੀ ਤੋਲ ਵੇਖੀਏ , ਤਾਂ ਮੇਰੀ ਬੇਟੀ ਨੂੰ ਦਿੱਤੀ ਗਈ ਸਿੱਖਿਆ , ਉਸਦੀ ਸਾਦਗੀ , ਸੁੰਦਰਤਾ , ਸੰਸਕਾਰ , ਸ਼ਾਲੀਨਤਾ , ਉਸਦੇ ਸਵੈਮਾਣ ਅੱਗੇ ਸਭ ਹੌਲਾ ਹੈ । ਮੇਰੀ  ਨਵਰੀਤ ਹੀ ਕਿਉਂ -- ਹਰ ਉਸ ਬੇਟੀ ਦੇ , ਜੋ ਅੱਜ ਆਪਣੇ ਪੈਰਾਂ ਤੇ ਖੜੀ ਹੈ , ਕਾਬਿਲ ਹੈ , ਗੁਣੀਂ ਹੈ ।
                       ਕੀ ?? ਇਹ ਘੱਟ ਹੈ - ਕੇ ਇੱਕ ਬੱਚਾ, ਇੱਕ ਪਵਿੱਤਰ ਰਸਮ ਨਾਲ ਬੰਨ੍ਹਿਆ ਆਪਣਾ ਘਰ ਛੱਡ ਕੇ ਸਾਰੀ ਉਮਰ ਵਾਸਤੇ ਇੱਕ ਦੁਜੇ ਘਰ ਲਈ ਸਮਰਪਿਤ ਹੋ ਜਾਂ ਹੈ । ਕੀ?? ਉਸਦੇ ਸਮਰਪਣ ਦਾ ਕੋਈ ਮੁੱਲ ਨਹੀਂ - ਉਸਦੇ ਗੁਣਾਂ ਦਾ , ਉਸਦੀ ਸਿੱਖਿਆ ਦਾ ਕੋਈ ਮੁੱਲ ਨਹੀਂ । ਇਹ ਚੀਜ਼ਾਂ ਕਿਉਂ ਕਾਰਾਂ, ਏਸੀਆਂ , ਗਹਿਣੇ-ਗੱਟਿਆਂ ਅੱਗੇ ਹੌਲੀਆਂ ਹੋ ਜਾਦੀਆਂ ਨੇ । ਮੁਆਫ ਕਰਨਾ ਵਿਚੋਲਾ ਜੀ,  ਜੋ ਤੁਸੀਂ ਸੋਚਿਆ ਸੀ ਉਹ --
           ---- ਭਾਰਾ ਦਾਜ ਮੈਂ ਨਹੀਂ ਖਰੀਦਿਆ  ----

ਪ੍ਰਵੀਨ ਸ਼ਰਮਾ (ਰਾਉਕੇ ਕਲਾਂ)
 ਏਲਨਾਬਾਦ, ਜਿਲਾ -- ਸਿਰਸਾ
 ਮੋਬਾ.. -- 94161-68044

16 Oct. 2018

ਘੜੀ - ਪ੍ਰਵੀਨ ਸ਼ਰਮਾ

"ਘੜੀ"....  ਬੰਦ  ਵੇਖ  ਕੇ  ਬਚਨੇ  ਦੇ ਅੱਜ ,
ਉਸੇ ਘੜੀ ਇੱਕ ਮਨ ਚ' ਖਿਆਲ ਆਇਆ ।


ਇੱਕ ਦਿਨ ਉਹ ਵੀ ਘੜੀ - ਟਾਈਮ ਆਊਗਾ ,
ਮੁੱਕ ਜਾਣੈ , ਮੇਰੇ ਵਿੱਚ ਜਿਹੜਾ ਸੈਲ ਪਾਇਆ ।


ਬੰਦ ਟਿਕ-ਟਿਕ  ਹੋ ਜੂ ਜਦੋਂ  ਰੁਕ ਗਈ ਨਬਜ਼ ,
ਫੇਰ ਕੁੱਝ ਘੜੀ ਰੱਖ ਮੇਰੀ ਫੂਕ ਦੇਣੀਂ ਕਾਇਆ ।


ਓਸ ਘੜੀ ਖੈਰ ਬਾਬਾ ਡਰਿਆ ਤੇ ਸਹਿਮਿਆ ਸੀ ,
ਪਰ  ਅਗਲੇ ਹੀ  ਪਲ ਮਨ-ਮਨ  ਮੁਸਕਾਇਆ ।


ਯਾਦ ਕਰੇ ਬੀਤੇ ਵੇਲੇ ਬਾਲਪਨ ਤੇ ਜਵਾਨੀ ਬਾਬਾ ,
ਉਹ ਕੱਲੀ-ਕੱਲੀ ਘੜੀ ਕਿਵੇਂ ਜੀਵਨ ਹਢਾਇਆ ।


ਘੜੀ ਹੱਥ  ਵਿੱਚ ਫੜੀ  ਇਹ  ਸੌਹਰਿਆ ਨੇ ਪਾਈ ,
ਚੇਤੇ ਕਰੇ ਬਾਬਾ ਬੇਬੇ ਜਿਹਦੇ ਸੰਗ ਸੀ ਵਿਆਹਿਆ ।


ਅਗਲੀ ਹੀ ਘੜੀ ਬਾਬਾ ਡੂੰਘੀ ਸੋਚ ਡੁੱਬ ਗਿਆ ,
ਕੀਤੀ ਹੱਡ ਤੋੜ ਮੇਹਨਤ ਤੇ ਕਿੰਨਾ ਸੀ ਕਮਾਇਆ ।


ਕਦੇ ਸੋਚਿਆ ਨਹੀਂ ਸੀ ਘੜੀ ਐਸੀ ਇੱਕ ਆਉਣੀ ,
ਕੰਮ  ਕਰੇ ਨਾ  ਸ਼ਰੀਰ ਤੇ  ਬੁਢਾਪੇ ਨੇ  ਥਕਾਇਆ ।


ਇੱਕ ਘੜੀ  ਬਹਿ ਕੇ ਵੀ  ਨਾ ਰਾਮ ਨਾਮ ਜਪਿਆ ,
ਹਰ ਘੜੀ ਮੈਂ ਇਕੱਠੀ ਬਸ ਕਰੀ ਗਿਆ ਮਾਇਆ ।


ਲੰਘ ਗਈ  ਜੋ ਘੜੀ  ਫੇਰ  ਵਾਪਿਸ ਨਾ ਆਉਂਦੀ ,
ਵੇਖ ਆਪਣੀ ਘੜੀ ਨੂੰ ਬਾਬਾ ਬੜਾ ਪਛਤਾਇਆ ।


ਪਿਛੋਂ ਪ੍ਰਵੀਨ ਵਾਜ ਮਾਰੀ ਕਹਿੰਦਾ ਛੱਡ ਘੜੀ ਬਾਪੂ ,
ਘਰੇ ਆਕੇ ਰੋਟੀ ਖਾ ਲੈ ਤੈਨੂੰ ਮੰਮੀ ਨੇ ਬੁਲਾਇਆ ।


ਉਠ ਝਾੜ,  ਕੁੜਤੇ ਨੂੰ ਜਾਂਦੇ ਸੋਟੀ ਦੇ ਸਹਾਰੇ ਨਾਲ ,
ਬਚਨੇ ਨੇ  ਓਸ  ਘੜੀ  ਇੱਕ ਵਾਕ  ਫਰਮਾਇਆ ।


ਕਹਿੰਦਾ- ਵਾਹਿਗੁਰੂ ਹੱਥ ਭਾਈ ਚਾਬੀ ਸਾਹਾਂ ਵਾਲੀ ,
ਸਾਡੀ ਘੜੀ ਹੋ ਜੇ ਬੰਦ ਜੇ ਨਾਂ ਚਾਬੀ ਨੂੰ ਘੁਮਾਇਆ ।


ਹਰ "ਘੜੀ" ਨਾਮ  ਤੂੰ  ਸਿਮਰ "ਵਾਹਿਗੁਰੂ" ਮਨਾਂ ,
ਉਹਦਾ ਜਨਮ ਸੁਹੇਲਾ ਜਿਨ੍ਹੇ ਰਾਮ ਨੂੰ ਧਿਆਇਆ ।


ਉਹਦਾ ਜਨਮ ਸੁਹੇਲਾ ਜਿਨ੍ਹੇ ਰਾਮ ਨੂੰ ਧਿਆਇਆ ।


ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044