ਕਹੀਆਂ ਬਨਾਮ ਵਹੀਆਂ - ਪ੍ਰਵੀਨ ਸ਼ਰਮਾ (ਰਾਉਕੇ ਕਲਾਂ)

ਠੰਡ ਵਿੱਚ ਪਾਣੀ ਲਾਉਂਦਾ ਤਾਇਆ
ਤਨ ਤੇ ਕੋਟੀ , ਕੁਰਤਾ ਪਾਇਆ ....
ਭਿੱਜ ਜੂ ਸੋਚ ਪਜਾਮਾਂ ਲਾਇਆ
ਗੋਡੇ  ਠੁਰ-ਠੁਰ  ਕਰਦੇ ਨੇ ,
ਵਹੀਆਂ ਵਾਲੇ ਹੀਟਰ ਸੇਕਣ
ਕਹੀਆਂ  ਵਾਲੇ  ਠਰਦੇ  ਨੇ ।।


ਵਹੀਆਂ ਵਾਲੇ ਮੌਜਾਂ ਮਾਨਣ
ਕਹੀਆਂ ਵਾਲੇ  ਠਰਦੇ ਨੇ ।।


ਖੜ ਕੇ ਵਾਨ੍ਹ ਚ ਨੱਕਾ ਮੋੜੇ
ਪਾਸੇ ਲਾਹ  ਕੇ ਰੱਖ ਤੇ ਜੋੜੇ ....
ਇਨ੍ਹਾਂ ਕਹੀਆਂ ਨੇ ਲੱਕ ਤੋੜੇ
ਪਿੰਡੇ  ਪੀੜਾਂ  ਜਰਦੇ  ਨੇ
ਵਹੀਆਂ ਵਾਲੇ ਸੁੱਖ ਦੀ ਭੋਗਣ
ਕਹੀਆਂ ਵਾਲੇ  ਠਰਦੇ ਨੇ ।।


ਵਹੀਆਂ ਵਾਲੇ ਮੌਜਾਂ ਮਾਨਣ
ਕਹੀਆਂ ਵਾਲੇ  ਠਰਦੇ ਨੇ ।।


ਬੋਰ ਦਾ ਪਾਣੀ ਕਣਕ ਨੂੰ ਲਾਇਆ
ਐਤਕੀਂ ਨਹਿਰੀ ਵੀ ਨਾ ਆਇਆ ....
ਮੋਟਰ  ਛੋਟੀ  ਝੂਰਦੈ  ਤਾਇਆ
ਮਸਾਂ ਹੀ ਚਾਰ ਕਿਆਰੇ ਭਰਦੇ ਨੇ
ਵਹੀਆਂ ਵਾਲੇ ਬੇਫਿਕਰੀ ਵਿੱਚ
ਕਹੀਆਂ ਵਾਲੇ  ਠਰਦੇ ਨੇ ।।


ਵਹੀਆਂ ਵਾਲੇ ਮੌਜਾਂ ਮਾਨਣ
ਕਹੀਆਂ ਵਾਲੇ  ਠਰਦੇ ਨੇ ।।


ਵਿਕਦੇ ਸਸਤੇ  ਮਟਰ , ਪਿਆਜ
ਫਸਲਾਂ ਜਾਦੀਆਂ ਵਿੱਚ ਬਿਆਜ ....
ਚਲਦੈ ਆਡਤਿਆਂ ਦਾ ਰਾਜ
ਜੋ ਮੰਨ ਆਇਆ ਕਰਦੇ ਨੇ
ਵਹੀਆਂ ਵਾਲਿਆ ਦੀ ਤਾਂ ਚਾਂਦੀ
ਕਹੀਆਂ ਵਾਲੇ  ਠਰਦੇ ਨੇ ।।


ਵਹੀਆਂ ਵਾਲੇ ਮੌਜਾਂ ਮਾਨਣ
ਕਹੀਆਂ ਵਾਲੇ  ਠਰਦੇ ਨੇ ।।


ਬਣ ਗਈ ਸਾਥੋਂ ਸ਼ਾਹੂਕਾਰੀ
ਉੱਚਾ ਹੋ ਗਿਆ ਵਰਗ ਵਪਾਰੀ ....
ਹੁੰਦੀ ਵੱਡੀ ਕਿਰਤ ਹਮਾਰੀ
ਆਖਰ ਮੁੱਲ ਤੋਂ ਹਰਦੇ ਨੇ
ਵਹੀਆਂ ਵਾਲੇ ਧਨੀ ਕਹਾਉਂਦੇ
ਕਹੀਆਂ ਵਾਲੇ ਠਰਦੇ ਨੇ ।।


ਵਹੀਆਂ ਵਾਲੇ ਮੌਜਾਂ ਮਾਨਣ
ਕਹੀਆਂ ਵਾਲੇ  ਠਰਦੇ ਨੇ ।।


ਸਜਣੋਂ ਸੁਣ ਲੋ ਬਾਤ ਅਖੀਰੀ
ਖੇਤੀ ਵਿੱਚ ਨਾ ਰਹੀ ਅਮੀਰੀ ....
ਕੱਖਾਂ ਦੇ ਭਾਅ ਵਿਕਦੀ ਜੀਰੀ
ਫਾਹੇ ਲੈ ਲੈ ਮਰਦੇ ਨੇ
ਕਹੀਆਂ ਦੀ ਕੀ ਹਾਲਤ ਹੋਗੀ
ਵਹੀਆਂ ਤੋ ਕੀ ਪਰਦੇ ਨੇ ।।


ਕਹੀਆਂ ਦੀ ਕੀ ਹਾਲਤ ਹੋਗੀ
ਵਹੀਆਂ ਤੋ ਕੀ ਪਰਦੇ ਨੇ ।।
=================
ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044