"ਸਚੋ ਸੱਚ " -ਰਣਜੀਤ ਕੌਰ ਗੁੱਡੀ ਤਰਨ ਤਾਰਨ
ਅੱਜ ਕੁਝ ਫੁੱਲ ਡਾਲੀ ਨਾਲੋਂ ਵੱਖ ਹੋਣਗੇ
ਆਪਣੇ ਆਪਣੇ ਨਸੀਬਾਂ ਦਾ ਲਿਖਿਆ ਢੋਣਗੇ
ਕੁਝ ਫੁੱਲ ਮਜ਼ਾਰ ਦਾ ਸ਼ਿੰਗਾਰ ਬਣਨਗੇ
ਕੁਝ ਫੁੱਲ ਗਲੇ ਦਾ ਹਾਰ ਬਣਨਗੇ
ਤੇ ਕੁਝ ਚਰਨਾਂ ਤੇ ਪ੍ਰਵਾਨ ਚੜ੍ਹਣਗੇ।
ਇਹ ਕਿੱਸੇ ਕੰਨੀ ਸੁਣੇ ਹਨ ਤੇ ਮੇਰੇ ਨੇੜੇ ਤੇੜੇ ਵਾਪਰੇ ਹਨ।
ਰਤਨ ਦੀ ਕਹਾਣੀ ਕਿਥੋਂ ਸ਼ੁਰੂ ਕਰਾਂ,ਨੈਣ ਭਰ ਆਏ.....
ਨਾਂ ਕਿਸੇ ਨੂੰ ਮੁਕੰਮਲ ਜਹਾਨ ਮਿਲਿਆ ਹੈ ਕਦੇ ਤੇ ਨਾਂ ਹੀ ਮੁਕੰਮਲ ਅਸਮਾਨ -ਕੋਈ ਨਾਂ ਕੋਈ ਕਮੀ ਰਹਿ ਹੀ ਜਾਂਦੀ ਹੈ ਜਾਂ ਸ਼ਾਇਦ ਮੁਕੰਮਲ ਹੋਣ ਦੀ ਜਦੋਜਹਿਦ ਹੀ ਜਾਨ ਤੇ ਜਹਾਨ ਹੈ।
ਉਹ ਮੁਸੱਵਰ ਦੇ ਤਸੁਵਰ ਵਰਗੀ ਸੀ ,ਜਿਉਂ ਰੱਬ ਨੂੰ ਵੀ ਵੇਖ ਰਸ਼ਕ ਆ ਗਿਆ ਹੋਵੇ ਤੇ ਉਹਨੇ ਰੰਗਾਂ ਵਿੱਚ ਸਾਹ ਭਰ ਦਿੱਤੇ ਹੋਣ।ਰੂਪਮਤੀ ਨੂੰ,ਸੱਭ ਕੁਝ ਦਿੱਤਾ ਸੀ ਉਪਰ ਵਾਲੇ ਨੇ ।ਉਹ ਆਮ ਨਾਲੋਂ ਵੱਖਰੀ ਸੀ ਹਰ ਪੱਖ ਤੋਂ।ਉਹ ਕਮੀ ਜੋ ਮਾਂ ਬਾਪ ਆਪਣੀ ਕਾਇਨਾਤ ਵਾਰ ਕੇ ਵੀ ਪੂਰੀ ਨਹੀਂ ਸਨ ਕਰ ਸਕਦੇ।ਰਤਨ ਦੀ ਮਾਂ ਇਸ ਨੂੰ ਆਪਣੀ ਪ੍ਰੀਖਿਆ ਸਮਝਦੀ।ਉਹ ਕਹਿੰਦੀ ਪਰਮਾਤਮਾ ਨੇ ਮੈਥੋਂ ਆਪਣਾ ਨਾਮ ਜਪਾਉਣਾ ਸੀ ਇਸ ਵਾਸਤੇ ਉਸਨੇ ਮੈਨੂੰ ਇਹ ਤੱਪ ਦਿੱਤਾ।"ਰੱਬ ਜੀ ਮੇੈਂ ਤੇਰੀ ਮਨਸ਼ਾ ਵਿੱਚ ਪੂਰੀ ਉਤਰਣ ਲਈ ਪੂਰੀ ਵਾਹ ਲਾ ਦਿਆਂਗੀ ,ਬੱਸ ਤੂੰ ਮੇਰੇ ਤੇ ਨਜ਼ਰ ਸਵੱਲੀ ਰੱਖੀ"।ਉਹ ਅਕਸਰ ਦੁਆ ਕਰਦੀ ਰਹਿੰਦੀ।
ਸਕੂਲ ਵਿੱਚ ਸੱਭ ਬਚਿਆਂ ਦੀ ਡਰੈੱਸ ਇਕੋ ਜਿਹੀ ਹੁੰਦੀ ਹੈ ,ਤੇ ਛੁੱਟੀ ਵੇਲੇ ਬੱਚੇ ਹੀ ਲੈਣ ਆਏ ਨੁੰ ਪਛਾਣਦੇ ਹਨ,ਨਹੀਂ ਤਾਂ ਸਾਰੇ ਆਪਣੇ ਹੀ ਦਿਸਦੇ ਹਨ।ਰਤਨ ਨੇ ਆਪਣੇ ਛੋਟੇ ਵੀਰ ਨੂੰ ਉਸਦੇ ਕਮਰੇ ਤੋਂ ਉਂਗਲੀ ਲਾ ਲੈਣਾ,ਤੇ ਆਪਣੀ ਵੈਨ ਵਿੱਚ ਬਠਾ ਕੇ ਘਰ ਲੈ ਆਉਣਾ।ਕੁਝ ਸਮੇਂ ਬਾਦ ਉਹਨਾਂ ਦੇ ਘਰ ਇਕ ਨ੍ਹੰਨੀ ਪਰੀ ਆ ਗਈ।
ਘਰ ਵਿੱਚ ਖੁਸ਼ੀਆਂ ਖੇੜੈ ਖਿੜ ਗਏ।ਰਤਨ ਦਾ ਰੁਝੇਵਾਂ ਹੋਰ ਵੱਧ ਗਿਆ।ਰਤਨ ਨੂੰ ਆਪਣੇ ਪ੍ਰਤੀ ਆਪਣੇ ਪਾਪਾ ਦਾ ਵਰਤਾਓ ਕਦੇ ਕਦੇ ਬਹੁਤ ਅਖਰਦਾ,ਮਾਂ ਨੂੰ ਵੀ ਮਹਿਸੂਸ ਹੋਣ ਲਗਾ ਕਿ ਉਹ ਰਤਨ ਨਾਲ ਵਿਤਕਰਾ ਕਰਦੈ।ਨਿਕੀ ਨਿਕੀ ਗਲ ਤੇ ਉਸਨੂੰ ਬਾਂਹ ਫੜ ਘਰੋਂ ਬਾਹਰ ਕੱਢ ਦੇਂਦਾ।ਮਾਂ ਬਹੁਤ ਪਿਆਰ ਕਰਦੀ ਤੇ ਰਤਨ ਨੂੰ ਸਮਝਾ ਲੈਂਦੀ ਕਿ ਤੇਰੇ ਡੈਡੀ ਦਾ ਆਫਿਸ ਵਿੱਚ ਕੋਈ ਗੰਭੀਰ ਮਸਲਾ ਚਲ ਰਿਹੈ,ਇਸ ਲਈ ਉਹ ਆਪਣੀ ਪਰੇਸ਼ਾਨੀ ਤੇਰੇ ਤੇ ਮੇਰੇ ਤੇ ਕੱਢ ਦੇਂਦੇ।ਮੰਮੀ ਹਹ ਰੋਜ਼ ਹੱਥ ਜੋੜ ਬੇਨਤੀਆਂ ਕਰਦੀ ਕਿ ਉਹ ਆਪਣਾ ਬੱਚਾ ਹੈ ਆਪਾਂ ਹੀ ਉਸਨੂੰ ਪੈਦਾ ਕੀਤਾ ਹੈ ਇਸ ਵਿੱਚ ਉਸਦਾ ਕੀ ਦੋਸ਼?ਪਰ ਡੈਡੀ ਤੇ ਬਜਿਦ ਸੀ ਕਿ ਮੈਂ ਇਸਨੂੰ ਘਰ ਨਹੀਂ ਰਹਿਣ ਦੇਣਾ ਇਸਨੂੰ ਇਸਦੀ ਦੁਨੀਆਂ ਵਿੱਚ ਭੇਜ ਦੇ।ਪਰ ਮੰਮੀ ਨਾਂ ਮੰਨਦੀ।ਉਹ ਕਹਿੰਦੀ ਇਹ ਪੜ੍ਹ ਕੇ ਆਪਣੇ ਸਿਰ ਪੈਰ ਹੋ ਜਾਵੇ ਤਾਂ ਫਿਰ ਘਲ ਦਿਆਂਗੇ,ਇੰਝ ਮੈਂ ਮੰਗਤਾ ਨਹੀਂ ਬਣਨ ਦਿਆਂਗੀ ਆਪਣੇ ਬੱਚੇ ਨੂੰ।
੍ਰਰਤਨ ਨੁੰ ਨੌਂਵੀ ਜਮਾਤ ਵਿੱਚ ਹੋਸਟਲ ਭੇਜਣ ਦੇ ਬਹਾਨੇ ਡੈਡੀ ਰਤਨ ਨੂੰ ਪੁਰਾਣੀ ਹਵੇਲੀ ਦੇ ਬਾਹਰ ਛੱਡ ਕੇ ਮੁੜ ਆਏ।ਸ਼ਾਮ ਹੋ ਗਈ ਰਾਤ ਹੋ ਗਈ।ਅਖਾੜੇ ਵਾਲੇ ਆਪਣਾ ਕਮਾ ਕੇ ਮੁੜੇ ਤੇ ਬੂਹੇ ਤੇ ਰਤਨ ਨੂੰ ਰੋਂਦਿਆਂ ਵੇਖ ਅੰਦਰ ਲੈ ਗਏ।ਸਕੂਲ਼ ਦਾ ਬਸਤਾ ਅਟੈਚੀ ਕੇਸ ਜੋ ਉਸਦੇ ਪਿਛੇ ਪਿਆ ਸੀ ਵੇਖ ਉਹਨਾਂ ਨੂੰ ਹੈਰਾਨੀ ਹੋਈ ਕਿ ਇਸ ਬੱਚੇ ਨਾਲ ਕੀ ਬੀਤੀ ਹੋਵੇਗੀ?ਸਾਰੇ ਜਣੇ ਬਾਰ ਬਾਰ ਪੁਛਣ ਲਗੇ ਕੌਣ ਹੈ ਕਿਥੋਂ ਹੈ ਕਿਉਂ ਹੋੋਇਆ ਕੇੈਸੇ ਹੋਇਆ ਇਹ ਸੱਭ,ਪਰ ਉਸ ਕੋਲੋਂ ਤੇ ਬੋਲਿਆ ਨਹੀਂ ਸੀ ਜਾ ਰਿਹਾ ਉਹਨੂੰ ਖੁਦ ਵੀ ਪਤਾ ਹੁੰਦਾ ਤਾਂ ਸ਼ਾਇਦ ਬੋਲ ਵੀ ਪੈਂਦਾ।ਉਹ ਲੋਕ ਵਾਰੀ ਵਾਰੀ ਬਾਹਰ ਜਾ ਕੇ ਵੇਖਦੇ ਸ਼ਾਇਦ ਕੋਈ ਇਹਨੂੰ ਲੈਣ ਆਇਆ ਹੋਵੇ।
ਉਹਨਾਂ ਨੇ ਉਸਨੂੰ ਗਲ ਨਾਲ ਲਾ ਲਿਆ ਰੋਟੀ ਖਵਾ ਆਪਣੇ ਕੋਲ ਸਵਾਇਆ,ਦਿਨ ਚੜ੍ਹੈ ਰਤਨ ਨੇ ਕਿਹਾ ਮੈਨੂੰ ਸਕੂਲ਼ ਛੱਡ ਆਓ।ਇਕ ਜਣਾ ਬੋਲੀ ਸਾਡੀ ਰੋਟੀ ਮਸਾਂ ਪੂਰੀ ਹੁੰਦੀ ਹੈ,ਤੇਰੀ ਪੜ੍ਹਾਈ ਦਾ ਖਰਚ ਕਿਵੇਂ ਦੇਈਏ,।ਉਹ ਸਾਰੇ ਦਿਨੇ ਆਪਣੇ ਕੰਮ ਤੇ ਨਿਕਲ ਜਾਂਦੇ ਤੇ ਰਾਤ ਘਰ ਆ ਕੇ ਰੱਜ ਕੇ ਖਾਂਦੇ, ਗੀਤ ਗਾਉਂਦੇ ਹੱਸਦੇ ਖੇਡਦੇ ਤੇ ਸੌਂ ਜਾਂਦੇ।ਅਵਾਜ਼ ਰਤਨ ਦੀ ਵੀ ਸੁਰੀਲੀ ਸੀ।ਇਕ ਦਿਨ ਉਹ ਸਾਰੀ ਟੋਲੀ ਮੰਦਿਰ ਗਈ, ਰਤਨਾ ਭਜਨ ਮੰਡਲੀ ਚ ਬੈਠ ਭਜਨ ਗਾਉਣ ਲਗੀ ਉਸਦੀ ਆਵਾਜ਼ ਤੇ ਸੰਗਤ ਨੱਚਣ ਝੁੂਮਣ ਲਗੀ। ਰਤਨਾ ਦਾ ਦਿਲ ਉਥੇ ਹੀ ਟਿਕ ਗਿਆ।ਮੰਦਿਰ ਕਮੇਟੀ ਨੇ ਉਸਨੂੰ ਕੁਟੀਆ ਦੇ ਦਿਤੀ ਤੇ ਉਸ ਪ੍ਰਾਈਵੇਟ ਪੜਾ੍ਹਈ ਕੀਤੀ,ਤੇ ਮੰਦਿਰ ਦੀ ਸ਼ਰਨ ਵਿਚਲੇ ਕਬੀਲੇ ਦੇ ਬਚਿਆਂ ਨੁੰ ਵੀ ਪੜ੍ਹਾਇਆ।ਗੁਰੂ ਨੇ ਉਸਨੂੰ ਆਪਣੀ ਧੀ ਬਣਾ ਲਿਆ ਸੀ ਉਹ ਕਈ ਵਾਰ ਲੈਣ ਆਏ ਪਰ ਉਹ ਨਾਂ ਗਈ ਤੇ ਆਖਿਰ ਗੁਰੂ ਨੇ ਉਥੇ ਨੇੜੇ ਹੀ ਦੋ ਕਮਰੇ ਦਾ ਘਰ ਬਣਾ ਲਿਆ।
ਰਤਨ ਤੋਂ ਰਤਨਾ ਕਿਵੇਂ ਬਣ ਗਈ,ਇਹ ਕੀ ਕਿੱਸਾ ਸੀ ਉਸਨੂੰ ਡੈੇਡੀ ਪਿਆਰ ਕਿਉਂ ਨਹੀਂ ਸੀ ਕਰਦੇ ? ਡੈਡੀ ਉਸਨੂੰ ਇੰਜ ਕਿਉਂ ਛੱਡ ਗਏ,ਉਸਨੂੰ ਮੰਮੀ ਲੈਣ ਕਿਉਂ ਨਹੀਂ ਆਈ,ਵੀਰਾ ਤੇ ਛੁਟਕੀ ਵੀ ਮਿਲਣ ਨਹੀਂ ਆਏ? ਉਹ ਘੰਟਿਆਂ ਬੱਧੀ ਇਹਨਾਂ ਸਵਾਲਾਂ ਦੇ ਜਵਾਬ ਉਹ ਲੱਭਦੀ ਰਹਿੰਦੀ।
ਇਧਰ ਰਤਨਾ ਦੀ ਮੰਮੀ ਸਦਮੇ ਵਿੱਚ ਰੱਬ ਕੋਲ ਚਲੀ ਗਈ ਤੇ ਦੋ ਮਹੀਨੇ ਬਾਦ ਉਸਦੇ ਡੈਡੀ ਨੂੰ ਐੇਸਾ ਝਟਕਾ ਲਗਾ ਕਿ ਉਹਨੂੰ ਅਧਰੰਗ ਹੋ ਗਿਆ।ਬੱਸ ਉਹ ਇਕ ਹੀ ਸ਼ਬਦ ਬੋਲ ਸਕਦਾ ਸੀ ਰਤਨ ਇਕ ਵਾਰ ਆ ਕੇ ਮੈਨੂੰ ਮਾਫ਼ ਕਰ ਦੇ!ਰਤਨਾ ਦਾ ਵੀਰ 'ਰਮਨ'ਉਹਨੂੰ ਤਲਾਸ਼ ਤਾਂ ਪਹਿਲੇ ਦਿਨ ਤੋਂ ਹੀ ਕਰ ਰਿਹਾ ਸੀ ਹੁਣ ਉਹ ਆਪਣੇ ਡੈਡੀ ਦੀ ਖਾਤਰ ਜਿਆਦਾ ਹੀ ਫਿਕਰ ਮੰਦ ਹੋ ਗਿਆ।ਰੋਜ਼ ਸ਼ਾਮ ਉਹ ਮੰਦਿਰ ਜਾ ਕੇ ਦੁਆ ਮੰਗਦਾ।ਇਕ ਦਿਨ ਉਸਨੇ ਰਤਨਾ ਨੂੰ ਬਚਿਆਂ ਨੂੰ ਪੜ੍ਹਾਉਂਦੇ ਦੇਖਿਆ ਤੇ ਉਹ ਵੀ ਉਥੇ ਹੀ ਬੈਠ ਗਿਆ।ਰਤਨਾ ਪੜ੍ਹਾਈ ਦੇ ਨਾਲ ਅਧਿਆਤਮਕ ਉਪਦੇਸ਼ ਦੇ ਰਹੀ ਸੀ।ਰਮਨ ਰੋਜ਼ ਦਫ਼ਤਰ ਤੋਂ ਸਿੱਧਾ ਰਤਨਾ ਦੇ ਕਮਰੇ ਤੇ ਜਾਣ ਲਗਾ।ਰਤਨਾ ਰੋਜ਼ ਮਨ੍ਹਾ ਕਰਦੀ ਕਿ "ਬਾਊ ਤੂੰ ਇਥੇ ਨਾਂ ਬੈਠਿਆ ਕਰ,ਕੋਈ ਇਤਰਾਜ਼ ਕਰੇਗਾ"।ਰਮਨ ਨੇ ਉਸਨੂੰ ਪੁਛਿਆ'ਤੈਨੂੰ ਈਸ਼ਵਰ ਦਾ ਵੈਰਾਗ ਇੰਨੀ ਛੋਟੀ ਉਮਰੇ ਕਿਵੇਂ ਲਗਾ?ਤੇਰੇ ਮਾਂ ਬਾਪ ਕਿਥੇ ਹਨ? ੍ਰਰਤਨਾ ਕਹਿੰਦੀ ਮੇਰਾ ਸੱਭ ਕੁਝ ਈਸਵਰ ਹੀ ਹੈ।ਰਮਨ ਨੂੰ ਉਤੇਜਨਾ ਹੋ ਗਈ ਕਿ ਉਹ ਇਹਦੇ ਬਾਰੇ ਜਾਣ ਕੇ ਰਹੇਗਾ।
ਇਕ ਦਿਨ ਗੁਰੂ ਨੇ ਰਮਨ ਨੂੰ ਸਾਫ਼ ਕਹਿ ਦਿੱਤਾ ਕਿ ਉਹ ਇਥੇ ਨਾਂ ਆਇਆ ਕਰੇ ਇਹ ਬਾਊ ਜਿਹੇ ਲੋਕਾਂ ਦੇ ਸਨਮਾਨ ਦੀ ਜਗਾਹ ਨਹੀਂ ਹੈ।ਪਰ ਰਮਨ ਤਾਂ ਖੋਜਾਰਥੀ ਸੀ,ਪਹਿਲਾਂ ਤਾਂ ਰਤਨਾ ਕੁਝ ਵੀ ਆਪਣੇ ਬਾਰੇ ਦਸਣਾ ਨਹੀਂ ਚਾਹੁੰਦੀ ਸੀ ਪਰ ਇਕ ਸ਼ਾਮ ਰਮਨ ਨੇ ਰੋ ਰੋ ਕੇ ਦਸਿਆ ਕਿ ਉਹ ਆਪਣੇ ਗਵਾਚੇ ਰਤਨ ਨੂੰ ਲੱਭ ਰਹਾ ਹੈ,ਉਸਦੇ ਡੈਡੀ ਦੇ ਸਾਹ ਸਿਰਫ਼ ਉਹਨੂੰ ਵੇਖਣ ਲਈ ਅਟਕੇ ਹੋਏ ਹਨ'। ਰਤਨਾ ਨੂੰ ਤਰਸ ਆਗਿਆ ਤੇ ਉਸ ਆਪਣੀ ਕਹਾਣੀ ਕਹਿ ਦਿੱਤੀ।ਖੁੂਨ ਬੋਲ ਪਿਆ ਸੀ ਦੋਵੇਂ ਗਲ ਲਗ ਕੇ ਜੀਅ ਭਰ ਰੋਏ।ਤੇ ਰਮਨ ਡਾਢਾ ਖੂਸ਼ ਸੀ ਕਿ ਡੈਡੀ ਠੀਕ ਹੋ ਜਾਣਗੇ।ਉਸਨੇ ਰਤਨਾ ਨੂੰ ਅਗਲੀ ਸ਼ਾਮ ਘਰ ਲੈ ਜਾਣ ਲਈ ਸ਼ਰਤ ਕੀਤੀ ਤੇ ਘਰ ਦੌੜ ਕੇ ਜਾਕੇ ਡੈਡੀ ਨੂੰ ਸੱਭ ਕੁਝ ਦਸ ਦਿੱਤਾ।ਸ਼ਾਇਦ ਡੈਡੀ ਰਤਨਾ ਦਾ ਸਾਹਮਣਾ ਕਰਨ ਤੋਂ ਝਿਜਕਦੇ ਸਨ ਇਸ ਲਈ ਉਹ ਸੁੱਤੇ ਹੀ ਸੌਂ ਗਏ।ਰਮਨ ਉਹਨਾਂ ਦੇ ਦਾਹ ਸਸਕਾਰ ਦੇ ਰੁਝੇਵੈਂ ਕਾਰਨ ਕਈ ਦਿਨ ਰਤਨਾ ਕੋਲ ਨਾ ਜਾ ਸਕਿਆ।ਤੇ ਰਤਨਾ ਸਮਝਿਆ,ਵੀਰ ਧੋਖਾ ਦੇ ਗਿਆ।ਉਹ ਫਿਰ ਆਪਣੀ ਕਿਸਮਤ ਨੂੰ ਕੋਸਣ ਲਗੀ।ਉਸਦੇ ਟੋਲੀ ਵਾਲਿਆਂ ਨੇ ਉਸਨੂੰ ਦਿਲਾਸਾ ਦਿਤਾ -ਇਹ ਸਮਾਜ ਸਾਨੂੰ ਆਪਣੇ ਦਿਲਾਂ ਵਿੱਚ ਥਾਂ ਨਹੀਂ ਦੇਂਦਾ,ਰੱਬ ਦੀ ਬੇਨਿਆਂਈ ਹੈ।
ਸੱਤ ਦਿਨਾਂ ਬਾਦ ਰਮਨ ਨੇ ਰਤਨਾ ਦੇ ਗਲ ਲਗ ਸਾਰੀ ਹਾਲਾਤ ਤੋਂ ਜਾਣੂ ਕਰਾਇਆ ਤੇ ਦੋਨੋਂ ਰੱਜ ਕੇ ਰੋਏ,ਸਾਰੀ ਟੋਲੀ ਦਾ ਰੋਣਾ ਥਮ੍ਹਿਆ ਨਹੀਂ ਸੀ ਜਾ ਰਿਹਾ।
ਚਲ ਰਤਨਾ ਘਰ ਚਲੀਏ,ਛੁਟਕੀ ਬਹੁਤ ਉਦਾਸ ਹੈ,ਹੁਣ ਤੂੰ ਹੀ ਸਾਡੀ ਮੰਮੀ,ਤੂੰ ਹੀ ਸਾਡਾ ਡੈਡੀ ਹੈਂ।ਟੋਲੀ ਵਾਲੇ ਉਦਾਸ ਹੋ ਗਏ,ਪਰ ਰਤਨਾ ਤੇ ਆਪਣੀ ਛੁਟਕੀ ਨੂੰ ਵੇਖਣ ਤੇ ਆਪਣੇ ਘਰ ਜਾਣ ਨੂੰ ਲੋਚਦੀ ਸੀ,ਉਸ ਟੋਲੀ ਤੋਂ ਅਲਵਿਦਾ ਮੰਗੀ,ਭਰੇ ਮਨ ਨਾਲ ਟੋਲੀ ਨੇ ਰਤਨਾ ਨੂੰ ਵਿਦਾਇਗੀ ਦਿੱਤੀ,ਗੁਰੂ ਨੇ ਕਿਹਾ," ਸਬਰ ਕਰੋ ਧੀਆਂ ਨੇ ਤੇ ਇਕ ਦਿਨ ਜਾਣਾ ਹੀ ਹੁੰਦਾ ਹੈ,ਅੱਜ ਸਾਡੀ ਧੀ ਵੀ ਬੇਗਾਨੀ ਹੋ ਗਈ"।
ਰਤਨਾ ਵਾਰੀ ਵਾਰੀ ਸੱਭ ਦੇ ਗਲੇ ਲਗ ਮਿਲੀ,ਤੇ ਤੁਰਨ ਵੇਲੇ ਵਚਨ ਕੀਤਾ ਕਿ ਉਹ ਉਹਨਾਂ ਨੁੰ ਮਿਲਣ ਗਾਹੇ ਬਗਾਹੇ ਆਉਂਦੀ ਰਹੇਗੀ।ਗੁਰੂ ਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਰਤਨਾ ਦੇ ਸਿਰ ਤੇ ਹੱਥ ਰੱਖ ਕਿਹਾ,'ਜਾ ਧੀਏ ਤੇ ਮੁੜ ਇਧਰ ਨੁੰ ਮੁੂੰਹ ਨਾਂ ਕਰੀਂ ਤੇ ਨਾਂ ਕਦੇ ਸਾਨੂੰ ਯਾਦ ਕਰੀਂ"।
2 ਹਰਸ਼ ਸਿੰਘ ਹਿਮਾਚਲ ਦਾ ਰਹਿਣ ਵਾਲਾ ਸੀ,ਪਰ ਸ਼ੁਰੂ ਤੋਂ ਹੀ ਪੰਜਾਬ ਵਿੱਚ 'ਗਾਂਧੀ ਖੱਦਰ ਭੰਡਾਰ ਤੇ ਤੈਨਾਤ ਸੀ।ਉਸਦਾ ਸਾਡੇ ਘਰ ਚੋਖਾ ਆਉਣਾ ਜਾਣਾ ਸੀ ਉਸਦਾ ਲੋਕ ਨਾਮ ਬਾਊ ਸੀ। ਇਕ ਬੇਟੀ ''ਕੁਸਮ' ਪੰਝ ਸਾਲ ਦੀ ਸਾਡੇ ਘਰ ਹੀ ਦਿਨ ਗੁਜਾਰਦੀ ਰਾਤ ਅਪਨੇ ਘਰ ਚਲੀ ਜਾਂਦੀ।ਅਚਾਨਕ ਉਸਦੀ ਮੰਮੀ ਦੁਨੀਆਂ ਛੱਡ ਗਈ,ਉਹ ਵਿਚਾਰੀ ਬੱਚੀ ਬਹੁਤ ਇਕੱਲੀ ਪੈ ਗਈ।ਕੁਝ ਚਿਰ ਬਾਦ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਹਰਸ਼ ਨੂੰ ਆਖਣ ਲਗੇ ਵਿਆਹ ਕਰਾ ਲੈ,ਕੁੜੀ ਦੀ ਰਾਖੀ ਵੀ ਜਰੂਰੀ ਹੈ"। ਤੇ ਏਦਾਂ ਪਤਾ ਨਹੀਂ ਕਿਵੇਂ ਹੋਇਆ,ਉਸਨੇ ਉਹਦੇ ਨਾਲ ਵਿਆਹ ਰਚਾ ਲਿਆ,ਮਾਂ ਬਾਪ ਨੇ ਉਹਦੇ ਨਾਲ ਬੋਲਣਾ,ਵਰਤਣਾ ਬੰਦ ਕਰ ਦਿੱਤਾ।ਪਰ ਉਹ ਤਸੱਲੀ ਵਿੱਚ ਸੀ ਕਿ ਇਸਦੇ ਆਪਣਾ ਬੱਚਾ ਨਹੀਂ ਹੋਵੇਗਾ ਇਹ ਮੇਰੀ ਬੇਟੀ ਨੂੰ ਬਹੁਤ ਪਿਆਰ ਕਰੇਗੀ।ਹੋਇਆ ਵੀ ਇਸ ਤਰਾਂ,ਉਹ ਆਪਣੇ ਸਟਾਇਲ ਦੇ ਸ਼ੋਖ ਵਸਤਰ ਪਹਿਨਦੀ ,ਮਰਦਾਨਾ ਭਾਰੀ ਆਵਾਜ਼,ਸੱਭ ਕੁਝ ਨਿਵੇਕਲਾ ਸੀ ਬੱਸ ਉਹਦੇ ਅੰਦਰ ਇਕ ਪਿਆਰ ਕਰਨ ਵਾਲੀ ਮਾਂ ਤੇ ਘਰ ਵਸਾਉਣ ਵਾਲੀ ਤੀਵੀ ਬਹੁਤ ਤੀਬਰ ਸੀ।ਬਾਊ ਦੇ ਕਿਰਾਏ ਦੇ ਮਕਾਨ ਨੂੰ ਉਸ ਘਰ ਬਣਾ ਲਿਆ ਕੁੜੀ ਨੂੰ ਪਿਆਰੀ ਬੇਟੀ,ਉਹ ਬੇਟੀ ਨੂੰ ਆਪ ਸਕੂਲ ਛੱਡ ਲੈ ਆਉਂਦੀ।ਉਸਦਾ ਬਹੁਤ ਧਿਆਨ ਰੱਖਦੀ।ਸ਼ੁਰੂ ਸ਼ੁਰੂ ਵਿੱਚ ਓਸੀ ਪੜੋਸੀ ਉਂਗਲਾਂ ਕਰਦੇ ਕਿ ਇਹ ਘਰ ਕਿਵੇਂ ਵਸਾਏੇਗੀ ਬਾਊ ਨੂੰ ਨੰਗ ਕਰਕੇ ਆਪਣੇ ਟੋਲੇ ਵਿੱਚ ਮੁੜ ਜਾਏਗੀ।ਪਰ ਉਹਨੂੰ ਤੇ ਰੱਬ ਨੇ ਜਿਵੇਂ ਬਣਾਇਆ ਹੀ ਬਾਊ ਲਈ ਸੀ।ਉਹਦਾ ਚਿਤਰ ਤੇ ਚਰਿਤਰ ਦੋਨੋ ਲਾਇਕ ਸਨ।ਉਹ ਪੂਰੀ ਮਤ੍ਰੇਈ ਮਾਂ ਨਾਲੋਂ ਅਧੂਰੀ ਸਗੀ ਮਾਂ ਸਾਬਤ ਹੋਈ।ਤੇ ਫਿਰ ਸਾਰੇ ਰਿਸ਼ਤੇਦਾਰ ਮਾਂ ਬਾਪ ਉਹਨਾਂ ਨਾਲ ਮਿਲਣ ਵਰਤਣ ਲਗੇ।
3-- ਮੁਹੱਲੇ ਵਿੱਚ ਵਿਆਹ ਸੀ ਮੇਰੇ ਮਾਸੀ ਜੀ ਮੈਨੂੰ ਵਿਆਹ ਵਾਲੇ ਘਰ ਲੇਡੀ ਸੰਗੀਤ ਤੇ ਲੈ ਗਏ।ਅੋਰਤਾਂ ਨੇ ਕਮਾਲ ਦਾ ਰੰਗ ਪੇਸ਼ ਕੀਤਾ।ਲਾੜੇ ਦੀ ਮਾਸੀ ਬੜੀ ਲੰਬੀ ਉਚੀ ਜਵਾਨ ਰਿਸਟ ਪੁਸ਼ਟ ਜੋ ਦਿਲੀ ਤੋਂ ਆਈ ਸੀ,ਅੰਤਾਂ ਦੀ ਸੋਹਣੀ ,ਉਸਦੀ ਅਵਾਜ਼ ਵਿੱਚ ਵਿੱਚ ਸੱਤੇ ਸੁਰਾਂ ਭਰੀਆਂ।ਪਤਾ ਨਹੀਂ ਕਿਉਂ ਉਹਨੇ ਮੈਨੂੰ ਬਹੁਤ ਪਿਆਰ ਕੀਤਾ ਜਿਵੇਂ ਸਦੀਆਂ ਤੋਂ ਜਾਣਦੀ ਹੋਵੇ ਤੇ ਮੈਂ ਵੀ ਭੁੱਖੀ ਸੀ ਮੁਹੱਬਤਾਂ ਦੀ,-'ਲੱਵ ਅੇਟ ਫਸਟ ਸਾਈਟ"। ਅਗਲੇ ਦਿਨ ਉਹ ਬਰਾਤ ਨਾਲ ਵੀ ਮੈਨੂੰ ਨਾਲ ਲੈ ਗਈ ,ਨੱਚਦੇ ਟਪਦੇ ਖਾਂਦੇ ਪੀਂਦੇ ਮੇਰਾ ਹੱਥ ਫੜੀ ਰੱਖਿਆ।ਮਾਸੀ ਜੀ ਨੇ ਦਸਿਆ ਕਿ ਇਸਨੂੰ ਕੈਂਸਰ ਹੈ ਇਸਦੀ ਉਮਰ ਥੋੜੀ ਬਾਕੀ ਹੈ ਇਸੇ ਲਈ ਇਹਨੇ ਵਿਆਹ ਨਹੀ ਕੀਤਾ।ਦਿਲੀ ਨੌਕਰੀ ਕਰਦੀ ਹੈ।ਉਹ ਮੇਰੀ ਛੋਟੀ ਮਾਸੀ ਹੀ ਤੇ ਬਣ ਗਈ ਸੀ,ਜਿੰਨੇ ਦਿਨ ਉਹ ਭੈੇਣ ਦੇ ਘਰ ਰਹੀ,ਦਿਨੇ ਮੈਨੂੰ ਆਪਣੇ ਕੋਲ ਰੱਖਦੀ, ਜਿਸ ਦਿਨ ਉਸ ਦਿੱਲੀ ਮੁੜਨਾ ਸੀ ਉਹ ਜਾਣ ਵੇਲੇ ਮੈਨੂੰ ਮਿਲਣਾ ਤਾਂ ਕੀ ਦਸਿਆ ਵੀ ਨਾਂ।ਵੱਡੀ ਮਾਸੀ ਨੇ ਦਸਿਆ,ਉਹ ਰੋ ਕੇ ਮੈਨੂੰ ਉਦਾਸ ਕਰਨਾ ਨਹੀਂ ਚਾਹੁੰਦੀ ਸੀ ,ਸਾਡੇ ਦੁਬਾਰਾ ਮਿਲਣ ਦੀ ਸੰਭਾਵਨਾ ਜੋ ਨਹੀਂ ਸੀ।ਕਈ ਸਾਲ ਬਾਦ ਮੈਂ ਮਾਸੀ ਕੋਲ ਗਈ ਤਾਂ ਉਹਨਾ ਦਸਿਆ ਕਿ ਤੇਰੀ ਮਤ੍ਰੇਈ ਮਾਸੀ ਨੇ ਵਿਆਹ ਕਰ ਲਿਆ ਸੀ।ਇਕ ਸਖ਼ਸ਼ ਦੇ ਤਿੰਨ ਬੱਚੇ ਤੇ ਬੀਵੀ ਦੀ ਮੌਤ ਹੋ ਗਈ ਸੀ ਉਸ ਅਖਬਾਰ ਵਿੱਚ ਦਿੱਤਾ ਕਿ" ਤਿੰਨ ਨਿਕੇ ਬੱਚਿਆਂ ਨੂੰ ਮਾਂ ਦੀ ਲੋੜ ਹੈ"।ਇਸਨੇ ਸਪੰਰਕ ਕੀਤਾ,ਤੇ ਸੱਭ ਨੇ ਮਿਲ ਕੇ ਵਿਆਹ ਕਰ ਦਿੱਤਾ।ਉਸਨੂੰ ਕੈਂਸਰ ਨਹੀਂ ਸੀ,ਉਹ ਤੇ ਨਾਂਮੁਕੰਮਲ ਮੁਜਸਮਾ ਸੀ,ਜੋ ਸਗੀ ਮਾਂ ਨਾਲੋਂ ਵੀ ਬਿਹਤਰ ਮਾਂ ਬਣੀ।
.,.,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
" ਹਮ ਹਾਦਸੋਂ ਕੀ ਹੀ ਰਾਹੋਂ ਮੇਂ
ਘਾਸ ਕੀ ਮਾਨਿਦ ਬਿਛੇੈ ਹੂਏ ਹੈਂ
ਅੋਰ ਬਰਬਾਦੀ ਸੇ ਸਰ ਉਠਾਨੇ ਕੀ
ਹਮੇਂ ਜਰਾ ਭੀ ਫੁਰਸਤ ਨਹੀਂ"======
ਰਣਜੀਤ ਕੌਰ ਗੁੱਡੀ ਤਰਨ ਤਾਰਨ
.,.,.,.,.,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
" ਭੇੈਣ ਦੀ ਸਹੇਲੀ " - ਰਣਜੀਤ ਕੌਰ ਗੁੱਡੀ ਤਰਨ ਤਾਰਨ
ਰਾਣੀ ਤੇ ਉੁਹਦਾ ਵੀਰ ਨਿਕੂ ਇਕ ਹੀ ਸਾਈਕਲ ਤੇ ਇਕੱਠੇ ਸਕੂਲ ਜਾਂਦੇ।ਪ੍ਰਾਇਮਰੀ ਤੋਂ ਹਾਈ ਸਕੂਲ ਤਕ ਜਾਂਦੇ ਨਿਕੂ ਸਾਈਕਲ ਸੰਭਾਲਣ ਜੋਗਾ ਹੋ ਗਿਆ ਤੇ ਦੋ ਹਲਕੇ ਜਿਹੇ ਨਿਆਣੇ ਤੇ ਦੋ ਭਾਰੇ ਬਸਤੇ ਉਹ ਸੰਭਲਦੇ ਸੰਭਾਲਦੇ ਸਕੂਲ ਆਉਂਦੇ ਜਾਂਦੇ। ਚੇਅਰਮੈਨ ਦਾ ਮੁੰਡਾ ਦੀਪਾ ਲਾਗਲੇ ਨਿਜੀ ਸਕੂਲ ਵਿੱਚ ਮੋਟਰਸੈਕਲ ਤੇ ਹੁੰਦਾ ਤੇ ਜਾਣ ਕੇ ਉਹਨਾਂ ਦੇ ਸਾਈਕਲ ਦੇ ਨੇੜੇ ਹਾਰਨ ਮਾਰ ਸ਼ੂੰ ਕਰ ਉਡ ਜਾਂਦਾ ਉਹਦੀ ਮਨਸ਼ਾਂ ਹੁੰਦੀ ਕਿ ਸਾਈਕਲ ਡਿਗ ਪਵੇ ਤੇ ਉਹ ਮਦਦ ਦੇ ਬਹਾਨੇ ਰਾਣੀ ਨਾਲ ਨੇੜਤਾ ਵਧਾ ਲਵੇ
ਨਿਕੂ , ਰਾਣੀ ਉਹਦੀ ਚਾਲ ਸਮਝਦੇ ਸੀ।ਨਿਕੂ ਦੇ ਸਾਥੀਆਂ ਨੇ ਦੀਪੇ ਨੂੰ ਸੋਧਣ ਦੀ ਸਲਾਹ ਕੀਤੀ ਤੇ ਸਕੀਮ ਘੜਨ ਲਗੇ।
ਰਾਣੀ ਨੇ ਉਹਨਾਂ ਨੂੰ ਆਖਿਆ," ਏਦਾਂ ਨਹੀਂ ਵੀਰ ਆਪਾਂ ਇਕੱਠ ਰੱਖੀਏ ਚਿਕੜ ਨੂੰ ਛੇੜਾਂਗੇ ਤਾਂ ਛਿੱੱਟਾਂ ਆਪਣੇ ਤੇ ਹੀ ਪੈਣਗੀਆਂ ਮੂੰਹ ਸਿਰ ਆਪਾਂ ਦਾ ਹੀ ਲਿਬੜੇਗਾ।
ਸੱਤ ਅੱਠ ਜਣੇ ਆਪੋ ਆਪਣੇ ਸਾਈਕਲਾਂ ਤੇ ਟੋਲੀ ਬਣਾ ਕੇ ਵਿਚਰਦੇ ਤੇ ਦੀਪੇ ਦਾ ਦਾਅ ਨਾਂ ਲਗਣ ਦੇਂਦੇ।ਇਕ ਦਿਨ ਦੀਪੇ ਨੇ ਰਾਣੀ ਨਿਕੂ ਦੇ ਸਾਈਕਲ ਨੂੰ ਸੂਆ ਮਾਰ ਕੇ ਪੈਂਚਰ ਕਰ ਦਿੱਤਾ।ਨਿਕੂ ਪੈਂਚਰ ਲਵਾ ਰਿਹਾ ਸੀ ਕਿ ਦੀਪਾ ਰਾਣੀ ਕੋਲ ਆ ਘੇਰਾ ਪਾ ਕੇ ਖੜੋ ਗਿਆ।ਦੀਪੇ ਦਾ ਯਾਰ ਜੱਗੀ ਚੰਗਾ ਸਿਆਣਾ ਮੁੰਡਾ ਜੋ ਇਹ ਸੱਭ ਤਾੜ ਗਿਆ ਉਹਨੇ ਸ਼ੁੂਟ ਵੱਟੀ ਤੇ ਸਾਹੋ ਸਾਹੀ ਹੋਇਆ ਆ ਕੇ ਕਹਿੰਦਾ..."ਦੀਪੇ ਭੱਜ ਯਾਰ ਤੇਰੀ ਨਿਕੀ ਭੇੈਣ ਕੋਠੈ ਤੋਂ ਡਿੱਗ ਪਈ ਲਹੂ ਲੁਹਾਨ ਤੇ ਜੱਗੀ ਨੇ ਉਹਦਾ
ਮੋਟਰਬਾਇਕ ਹੈਂਢਲ ਕਰ ਦੀਪੇ ਨੂੰ ਪਿਛੈ ਬਿਠਾ ਘਰ ਵਲ ਰਫ਼ਤਾਰ ਛੱਡੀ।ਘਰ ਪੁੱਜ ਕੇ ਦੀਪਾ ਛਾਲ ਮਾਰ ਅੰਦਰ ਵੜਿਆ ਉਸਦੀ ਮਾਂ ਕੰਮ ਕਾਜ ਵਿੱਚ ਰੁਝੀ ਹੋਈ ਸੀ ਕੋਈ ਚੀਕ ਚਿਹਾੜਾ ਨਹੀਂ ਸ਼ਾਂਤੀ ਸੀ ਉਹ ਹੜਬੜਾਇਆ ਅੰਦਰ ਗਿਆ ਤੇ ਉਹਦੀ ਭੇੈਣ ਠੀਕ ਠਾਕ ਟੀ.ਵੀ. ਵੇਖ ਰਹੀ ਸੀ।ਜੱਗੀ ਮਗਰੇ ਈ ਅੰਦਰ ਆ ਗਿਆ ਤੇ ਦੀਪੇ ਦੀ ਬਾਂਹ ਫੜ ਕੇ ਬੋਲਿਆ,' ਦੋਸਤ ਭੇੈਣ ਦੀ ਸਹੇਲੀ ਭੇੈਣ ਹੁੰਦੀ ਹੈ"ਤੇ ਇਕ ਨਾਰੀ ਪਤਨੀ ਤੇ ਬਾਕੀ ਸੱਭ ਔਰਤਾਂ ਭੇੈਣਾਂ ਹੁੰਦੀਆਂ ਹਨ ਤੇ ਇਹੋ ਸਾਡਾ ਸਭਿਆਚਾਰ ਹੈ"।
ਦੀਪਾ ਆਪਣੇ ਹੋਸ਼ ਹਵਾਸ ਵਿੱਚ ਮੁੜ ਆਇਆ ਤੇ ਜੱਗੀ ਨੂੰ ਗਲ ਨਾਲ ਲਾ ਕੇ ਬੋਲਿਆ,'ਤੇ ਸਕਾ ਯਾਰ ਹੁੰਦਾ ਤੇਰੇ ਵਰਗਾ"।
" ਚਲ ਸਾਥੀ ਚਲ ਉਥੇ ਚਲੀਏ ਜਿਥੇ ਵਗਣ ਸੁਖਾਂ ਦੀਆਂ ਵਾਵਾਂ-
ਜਿਥੇ ਬੰਦਾ- ਬੰਦੇ ਦਾ ਦਾਰੂ ਹੋਵੇ-ਸੂਲਾਂ ਨਾ ਰੋਕਣ ਰਾਹਵਾਂ-"}॥
ਰਣਜੀਤ ਕੌਰ ਗੁੱਡੀ ਤਰਨ ਤਾਰਨ
" ਤੁਰ ਗਿਉਂ ਜੋਬਨ ਰੁੱਤੇ " - ਰਣਜੀਤ ਕੌਰ ਗੁੱਡੀ ਤਰਨ ਤਾਰਨ
- ਤੁਰ ਗਿਉਂ ਤੂੰ ਭਰ ਜੋਬਨ ਦੀ ਰੁੱਤੇ
ਅਣਦੱਸੇ ਅਣਦਿਖਦੇ ਰਾਹਵਾਂ ਤੇ"॥
ਪੀੜ ਤੇਰੇ ਜਾਣ ਦੀ ਕਿਦਾਂ ਜਰਾਂਗੇ ਅਸੀਂ
ਤੇਰੇ ਬਗੈਰ ਜਹਾਨ ਤੇ ਕਿਦਾਂ ਰਹਾਂਗੇ ਅਸੀਂ॥
ਕੀ ਕਰਾਂਗੇ ਪਿਆਰ ਦੀ ਲੁੱਟੀ ਬਹਾਰ ਦਾ
ਵਿਗੜੇ ਨਸੀਬਾਂ ਦਾ ਮਾਤਮ ਕਰਾਂਗੇ ਅਸ਼ੀਂ॥
'ਪਲਕਾਂ ਤੇ ਪਰਦੇ ਪਾ ਕੇ ਸਾਡੀਆਂ ਬੁਲ੍ਹੀਆਂ ਤੇ ਤਾਲੇ ਲਾ ਕੇ ਤਲੀਆਂ ਹੇਠੌਂ ਮਿੱਟੀ ਖਿਸਕਾ ਕੇ ਤੁਰ ਗਿਉਂ ਬਾਹਰੋਂ ਕੁੰਡੀ ਲਾ ਕੇ।ਕੰਧਾਂ ਨਾਲ ਟੱਕਰਾਂ ਮਾਰਦੇ ਚੀਖਦੇ ਚਿਲਾਉਂਦੇ ਕੁਰਲਾਉਂਦੇ ਬੂਹਾ ਖੜਕਾਉਂਦੇ ਰਹੇ ,ਸਾਊ ਤੂੰ ਕਿਉਂ ਰੁਸ ਗਿਉਂ ਤੂੰ ਤੇ ਬੜਾ ਰਹਿਮ ਦਿਲ ਸੈਂ ਫਿਰ ਤੈਨੂੰ ਸਾਡਾ ਕੁਰਲਾਉਣਾ ਕਿਉਂ ਨਾਂ ਸੁਣਿਆ ਕਿਹੜੀ ਹੈ ਨਗਰੀਆ ,ਕੋਈ ਨਾਂ ਖਤ ਨਾਂ ਖਬਰੀਆ ਜਿਥੇ ਤੂੰ ਜੋਬਨ ਰੁੱਤੇ ਚਲਾ ਗਿਉਂ।
ਹਾੜਾ ਇਕ ਵਾਰ ਬਸ ਇਕ ਵਾਰ ਪਿਛੇ ਝਾਤੀ ਮਾਰ,ਮੁੜ ਕੇ ਵੇਖ ਜਿਉਂਦੀਆਂ ਲਾਸ਼ਾਂ ਨੂੰ।ਹੰਝੂ ਪੀਨੇ ਆਂ,ਹੰਝੂ ਖਾਨੇ ਆਂ,ਹੰਝ ਦੀ ਜੂਨ ਜੀਨੇ ਆਂ।ਕਾਹਦੇ ਜੀਨੇ,ਕਾਹਦੇ ਜਿਉਣੇ ਆਂ ਵੇਖ ਆ ਕੇ, ਤੁਰ ਗਿਉਂ ਝਕਾਨੀ ਦੇ ਕੇ ਕੰਨੀ ਖਿਸਕਾ ਕੇ,ਸਾਨੂੰ ਛੱਡ ਗਿਉਂ ਕੁੰਭੀ ਨਰਕੇ।
ਤੇਰਾ ਜਾਨਾ ਦਿਲ ਕੇ ਅਰਮਾਨੋਂ ਕਾ ਲੁਟ ਜਾਨਾ-
ਕੋਈ ਦੇਖੇ ਬਨ ਕੇ ਤਕਦੀਰੋਂ ਕਾ ਮਿਟ ਜਾਨਾ॥
ਸਕੀਆਂ ਮਾਵਾਂ ਦੀ ਝੋਲ ਸੱਖਣੀ ਕਰ ਮਤਰੇਈ ਮਾਂ ਕੋਲ ਜਾ ਡੇਰਾ ਲਾਇਆ ਈ। ਦਸ ਤਾਂ ਭਲਾ ਜਿਥੇ ਜਾ ਕੇ ਬਹਿ ਗਿਉਂ ਉਥੇ ਤੇਰਾ ਕੀਹ ਵੇ ।ਦਮ ਘਟੇ ਸਾਹ ਸੂਤੇ ਨਾਂ ਲਗੇ ਸਾਡਾ ਜੀਅ ਵੇ ।ਤੂੰ ਤੇ ਆਗਿਆਕਾਰ ਸਾਊ ਪੁਤ ਸੈਂ ਤੂੰ ਕਦੇ ਆਖਾ ਨਾਂ ਮੋੜਿਆ ਅੱਜ ਕਿਉੰ ਮੁੱਖ ਹੀ ਮੋੜ ਗਿਉਂ,ਕਿਤੋਂ ਸੁਣ ਅਵਾਜ਼ ਕਿਤੋਂ ਦੇ ਹੁੰਗਾਰਾ ਮੁੜ ਆ ਇਕ ਵਾਰ।
" ਚਿੱਠੀ ਨਾਂ ਕੋਈ ਸੰਦੇਸ਼ ਸਾਡੇ ਦਿਲ ਨੂੰ ਲਾ ਕੇ ਠੇਸ ਕੌਣ ਹੈ ਉਹ ਦੇਸ਼ ਕਿਥੈ ਤੂੰ ਚਲਾ ਗਿਐਂ?।ਨਾਂ ਖਤ ਪਤਾ ਨਾਂ ਖਬਰੀਆ ਖ਼ਵਰੇ ਕਿਹੜੀ ਨਗਰੀਆ ਜਿਥੇ ਜਾ ਕੇ ਬਹਿ ਗਿਉਂ ਵੇ।ਤਰਲੇ ਕੀਤੇ ਵਾਸਤੇ ਪਾਏ ਹਓਕੇ ਲਏ ਹਾਵਾਂ ਭਰੀਆਂ ਬੇਨਤੀਆਂ ਕੀਤੀਆਂ ਆਹਾਂ ਕੂਕੀਆਂ ਜਾਲਮ ਯਮਾਂ ਨੇ ਭੋਰਾ ਤਰਸ ਨਾਂ ਖਾਧਾ।ਹੱਥਾਂ ਚੋਂ ਖੋਹ ਕੇ ਲੈ ਗਏ।ਸਾਡੀ ਰੂਹ ਧੁਹ ਕੇ ਲੈ ਗਏ।
" ਜਮੀਂ ਖਾ ਗਈ ਕੈਸੇ ਕੈਸੇ ਆਸਮਾਂ "
ਤੇਰੀ ਮੇਜ ਤੇ ਪਈਆਂ ਸਕੀਮਾਂ ਤੇਰਾ ਰਾਹ ਵੇਖਦੀਆਂ ,ਤੇਰੀ ਕੁਰਸੀ ਬਾਹਵਾਂ ਅੱਡੀ ਤੇਰੀ ਛੁੂਹ ਨੂੰ ਤਰਸ ਗਈ।ਤੂੰ ਸਭ ਦੀ ਝੋਲੀ ਸੱਖਣੀ ਕਰ ਅਛੋਪਲੇ ਕੰਨੀ ਖਿਸਕਾ ਗਿਉਂ।ਨਾਂ ਨੀਰ ਮੁਕਦਾ ਏ ਨਾਂ ਅੱਖ ਸੁਕਦੀ ਏ।ਕਿਤੌਂ ਘਲ ਕੋਈ ਸਿਰਨਾਵਾਂ ,ਕਿਥੇ ਫੋਨ ਕਰਾਂ ਮੈਂ ਚਿਠੀਆਂ ਕਿਧਰ ਨੂੰ ਪਾਵਾਂ?।ਸਾਡੀ ਦੁਨੀਆ ਤੇਰੇ ਨਾਲ ਅੇੈ ਬੱੱਿਚਆ,ਨਹੀਓਂ ਜੀਅ ਲਗਦਾ ਕਲਿਆਂ ,ਬੁਲਾ ਲੈ ਆਪਣੇ ਕੋਲ ................ ਡਾਢਾ ਜੁਲਮ ਕੀਤੈ ਉਪਰ ਵਾਲੇ ਨੇ-"ਬਨਾ ਕੇ ਕਿਉਂ ਬਿਗਾੜਾ ਰੇ ਨਸੀਬਾ ਉਪਰ ਵਾਲੇ...........ਰੱਤੀਆਂ ਅੱਖੀਆਂ ਤਾਂ ਤੈਨੂੰ ਅਲਵਿਦਾ ਕਹਿਣ ਤੋਂ ਮੁਨਕਰ ਨੇ ,ਨਹੀਂ ਯਕੀਨ.......
ਦਸ ਕਿਵੇਂ ਮਨਾਈਏ ਇਸ ਦਿਲ ਨੁੰ ਕਿ ਤੂੰ ਨਹੀਂ ਆਉਣਾ ਹੁਣ ।ਤੂੰ ਨਹੀਂ ਐੈਂ ਤੂੰ ਨਹੀਂ ਐਂ ਤੂੰ ਕਿਤੇ ਵੀ ਨਹੀਂ ਐਂ।ਹਵਾ ਵੀ ਕੰਨਾਂ ਚ ਸਰ ਸਰ ਕਰੇ ਤੇ ਬੂਹੇ ਤੇ ਤੇਰਾ ਭੁਲੇਖਾ ਪੈਂਦੇ।
" ਦਿਨ ਚੜੈ ਇਕ ਫੁੱਲ ਖਿੜਦਾ ਤੇਰੇ ਮੁੱਖ ਵਰਗਾ ,ਦਿਨ ਢਲੇ ਤਾਰਾ ਬਣ ਜਾਂਦਾ।
ਨਾਂ ਨੀਰ ਮੁਕਦਾ ਏ ਨਾਂ ਅੱਖ ਹੁੰਦੀ ਏ ਪੱਥਰ
ਚੁਣ ਚੁਣ ਪਾਵਾਂ ਸੀਨੇ ਦੇ ਵਿੱਚ ਇਕ ਇਕ ਅੱਥਰ"॥
" ਦੁਨੀਆ ਸੇ ਜਾਨੇ ਵਾਲੇ ਜਾਨੇ ਚਲੇ ਜਾਤੇ ਹੈਂ ਕਹਾਂ?"
ਕਹਾਂ ਢੂੰਢੇ ਉਨਹੇਂ,ਨਹੀਂ ਕਹੀਂ ਕੋਈ ਕਦਮੋਂ ਕੇ ਨਿਸ਼ਾਂ॥
ਜਾਨੇ ਕੌਨ ਹੈ ਵੋ ਨਗਰੀਆ,ਆਏ ਜਾਏ ਨਾਂ ਖਤ ਨਾਂ ਖਬਰੀਆ॥
ਹਾਏ ਓ ਡਾਢਿਆ ਰੱਬਾ.......
" ਵਕਤ ਜੋ ਕਦੇ ਕਿਸੇ ਨਾਲ ਨਾਂ ਖਲੋਇਆ
ਅੱਜ ਮੇਰੇ ਕੋਲ ਬਹਿ ਕੇ ਜ਼ਾਰ ਜ਼ਾਰ ਰੋਇਆ"
ਆਖੇ ਮਾੜਾ ਕੀਤਾ ਹੋਣੀ ਚੰਦਰੀ ਨੇ
ਭਰ ਜੋਬਨ ਵਿੱਚ ਸਾਥੌ ਸਾਡਾ ਦਿਲਰਾਜ ਖੋਹਿਆ
ਰਾਤਾਂ ਹੋਈਆਂ ਮੱਸਿਆ ਕਾਲੀਆਂ
ਸਰਘੀ ਵੇਲੇ ਢਲਿਆ ਪਰਛਾਂਵਾ
ਸਿਖਰ ਦੁਪਹਿਰੇ ਸਾਡਾ ਸੂਰਜ ਜ਼ਰਦ ਹੋਇਆ॥
ਇਕ ਪੁੱਤ ਇਕ ਪਤੀ ਇਕ ਵੀਰ ਇਕ ਦਾਮਾਦ
ਇਕ ਹਾਣੀ ਇਕ ਇਸ਼ਕ ਹੋਰ ਫਨਾਹ ਹੋਇਆ॥
.,...,,..,.,.,..,.,,,,,,,,,,.,.,
ਰੱਬ ਨੂੰ ਮਿਹਣਾ-ਸਿਆਣੇ ਕਹਿੰਦੇ ਨੇ 'ਰੱਖੇ ਰੱਬ ਤੇ ਮਾਰੇ ਕੌਣ'-ਜਦ ਰੱਬ ਹੀ ਮਾਰੇ ਤੇ ਦੱਸ ਫੇਰ ਤੈਨੂੰ ਕੀ ਕਹੀਏ,ਤੇਰਾ ਜੋਰ ਮਾੜੇ ਤੇ ਸ਼ਰੀਫ਼ ਤੇ ਚਲਦੈ।ਵਿਖਾ ਖਾਂ ਆਪਣੀ ਸ਼ਕਤੀ ਕਿਸੇ ਡਾਢੇ ਤੇ ਮੰਨੀਏ ਤੇਰੈ ਜੋਰ ਨੂੰ ਤੇਰੀ ਤਾਕਤ ਨੂੰ,ਜਿਹੜਾ ਤੈਨੂੰ ਮੰਨਦੈ ਤੈਨੂੰ ਪੂਜਦੈ ਤੂੰ ਉਸੇ ਨੂੰ ਦੁੱਖ ਦਿੰਨੈ,ਭ੍ਰਿਸ਼ਟਾਚਾਰ ਦੇ ਯੁੱਗ ਵਿੱਚ ਤੂੰ ਵੀ ਰਿਸ਼ਵਤਖੌਰ ਹੋ ਗਿਐਂ ਲਗਦਾ ਤੂੰ ਵੀ ਲਿਫਾਫਿਆਂ ਤੋਂ ਅਰਦਾਸਾਂ ਸੁਣਦੈ ਤੇ ਕਬੂਲ ਕਰਦੈਂ।ਕੀ ਮੰਗਿਆ ਸੀ ਤੇਰੇ ਕੋਲੋਂ -ਇਕ ਜਵਾਨ ਜਿੰਦੜੀ ਲਈ ਕੁਝ ਕੁ ਸਾਹ ਹੋਰ ,ਆਪੇ ਦਾਤ ਦੇ ਕੇ ਆਪੇ ਵਾਪਸ ਲੈ ਗਿਉਂ ਕਾਹਦਾ ਦਾਤਾ ਦਾਤਾਰ ੲੈਂ ਤੂੰ ਤੇ ਕਾਹਦਾ ਇਨਸਾਫ਼ ਏ ਤੇਰਾ। ਤੇਰੇ ਲੋਕ ਸਾਨੂੰ ਕਹਿੰਦੇ ਨੇ 'ਤੇਰਾ ਭਾਣਾ ਮੰਨੋ ਸਬਰ ਕਰੋ'ਕਿਤੇ ਤੂੰ ਵੀ ਸਾਡੀ ਮੰਨ ਲੈਂਦਾ ਤੇਰਾ ਕਿਹੜਾ ਮੁੱਲ ਲਗਦਾ ਸੀ,ਹਾਏ ਓ ਡਾਢਿਆ ਰੱਬਾ ਦੱਸ ਤੇਰਾ ਕੀ ਮੁੱਲ ਲਗਣਾ ਸੀ।
ਰਣਜੀਤ ਕੌਰ ਗੁੱਡੀ ਤਰਨ ਤਾਰਨ
"ਜਿਥੇ ਜਾ ਕੇ ਬਹਿ ਗਿਉਂ ਉਥੇ ਤੇਰਾ ਕੀ ਵੇ " 15-10 1948 16-8 1997 ( ਨੁਸਰਤ ਫਤਹ ਅਲੀ ਖਾਨ)- ਰਣਜੀਤ ਕੌਰ ਤਰਨ ਤਾਰਨ
ਸ਼ਿਵ ਨੇ ਕਿਹਾ ;" ਅਸਾਂ ਤੇ ਜੋਬਨ ਰੁੱਤੇ ਮਰਨਾ"ਤੇ ਨੁਸਰਤ ਨੇ ਕਹਿ ਦਿੱਤਾ,ਜਿਥੇ ਜਾ ਕੇ ਬਹਿ
ਗਿਉਂ ਉਥੇ ਤੇਰਾ ਕੀ ਵੇ"।ਆਪਣੇ ਚਹੇਤਿਆਂ ਲਈ ਨੁਸਰਤ ਇਹ ਸਵਾਲ ਛਡ ਕੇ ਉਥੇ ਜਾ ਕੇ ਬਹਿ ਗਿਆ।
ਦੇਸ਼ ਵਿਦੇਸ਼ਾਂ ਵਿੱਚ ਆਪਣੀ ਗਾਇਕੀ ਨਾਲ ਸਰੋਤੇ ਮੰਤਰ ਮੁਗਧ ਕਰਨ ਵਾਲਾ ਇਹ ਮਹਾਨ ਗਾਇਕ 13 ਅਕਤੂਬਰ 1948 ਨੂੰ ਲਾਇਲਪੁਰ ਪਾਕਿਸਤਾਨ ਵਿੱਚ ਪੈਦਾ ਹੋਇਆ।ਇਹਨਾਂ ਦਾ ਘਰਾਣਾ ਸੰਗੀਤ ਘਰਾਣਾ ਸੀ।ਨੁਸਰਤ ਦੇ ਪਿਤਾ ਨਹੀ ਚਾਹੁੰਦੇ ਸਨ ਕਿ ਹੁਸਰਤ ਗਾਇਕੀ ਵੱਲ ਆਵੇ ਉਹ ਇਸ ਨੂੰ ਉੱਚ ਸਿਖਿਆ ੁਦਵਾ ਕੇ ਡਾਕਟਰ ਬਣਾਉਣਾ ਚਾਹੁੰਦੇ ਸੀ ਪਰ ਇਸ ਦਾ ਮਨ ਤਾਂ ਸੁਰਾ ਨਾਲ ਜੁੜਿਆ ਸੀ।ਇਹ ਘਰਾਣਾ ਪਹਿਲਾਂ ਅਫਾਗਿਸਤਾਨ ਤੋਂ ਹਿਜਰਤ ਕਰ ਕੇ ਭਾਰਤ,ਪੰਜਾਬ ਦੇ ਸ਼ਹਿਰ ਜਲੰਧਰ ਆ ਕੇ ਵਸਿਆ ਤੇ ਫੇਰ ਵੰਡ ਵੇਲੇ ਹਿਜਰਤ ਕਰ ਪਾਕਿਸਤਾਨ ਜਾ ਵੱਸੇ।
ਨੁਸਰਤ ਦਾ ਪਹਿਲਾ ਨਾਮ 'ਪ੍ਰਵੇਜ਼' ਸੀ ਸਾਰੇ ਉਸ ਨੂੰ ਪਿਆਰ ਨਾਲ 'ਪੇਜੀ" ਬੁਲਾਉਂਦੇ ਸੀ।
ਇਕ ਫਕੀਰ ਨੇ ਭਵਿੱਖ ਬਾਣੀ ਕੀਤੀ ਕਿ ਇਸ ਦਾ ਨਾਮ ਬਦਲ ਕੇ ਐਸਾ ਰੱਖਿਆ ਜਾਵੇ ਕਿ ਜਿਸ ਵਿੱਚ ਦੋ ਵਾਰ ਫਤਿਹ ਆਵੇ ਤੇ ਇਹ ਬੱਚਾ ਦੁਨੀਆਂ ਵਿੱਚ ਰੌਸ਼ਨ ਹੋਵੇਗਾ।ਇਸ ਤਰਾਂ ਇਸਦਾ ਨਾਮ ਪ੍ਰਵੇਜ਼ ਤੋਂ ਬਦਲ ਕੇ ਨੁਸਰਤ ਫਤਿਹ ਅਲੀ ਖਾਂ ਕਰ ਦਿੱਤਾ ਗਿਆ।( ਨੁਸਰਤ ਦਾ ਮਾਇਨਾ ਵੀ ਫਤਿਹ ਹੈ )ਫਤਹਿ ਅਲੀ ਖਾਂ ਨੂੰ ਲਗਦਾ ਸੀ ਕਿ ਨੁਸਰਤ ਦੀ ਆਵਾਜ਼ ਸੰਗੀਤ ਮਈ ਨਹੀ ਹੈ,ਪਰ ਨੁਸਰਤ ਨੇ ਦਿਨ ਰਾਤ ਰਿਆਜ਼ ਕਰ ਕੇ ਆਪਣੀ ਆਵਾਜ਼ ਨੂੰ ਸਰਗਮ ਚ ਢਾਲ ਲਿਆ।
ਕਹਿੰਦੇ ਹਨ ਕਿ ਰਿਆਜ਼ ਕਰਦੇ ਵਕਤ ਉਹ ਇੰਨਾ ਵਜੂਦ ਵਿੱਚ ਆ ਜਾਂਦੇ ਕਿ ਆਲੇ ਦੁਆਲੇ ਦਾ ਹੋਸ਼ ਵੀ ਨਾ ਰਹਿੰਦਾ।ਹਰ ਰੋਜ਼ ਦੱਸ ਘੰਟੇ ਰਿਆਜ਼ ਕਰਦੇ।ਇਕ ਵਾਰ ਤਾ ਇੰਜ ਹੋਇਆ ਕਿ ਦਿਨੇ ਸ਼ੁਰੂ ਕੀਤਾ ਤਾਂ ਜਦ ਦਰਵਾਜ਼ਾ ਖੋਲਿਆ ਤਾਂ ਰਾਤ ਹੋ ਚੁਕੀ ਸੀ। ਇਸ ਤਰਾਂ ਮਿਹਨਤ ਲਗਨ ਨਾਲ ਉਹਨਾਂ ਆਪਣਾ ਨਾਮ ਅੰਬਰਾਂ ਤੱਕ ਬੁਲੰਦ ਕਰ ਲਿਆ।ਪਿਤਾ ਦੀ ਮੌਤ ਤੋਂ ਬਾਦ ਆਪਣੇ ਚਾਚੇ ਕੋਲੋਂ ਸੰਗੀਤ ਸਿਖਿਆ ਹਾਸਲ ਕੀਤੀ।
ਪਿਤਾ ਦੀ ਬਰਸੀ ਤੇ ਗਾ ਕੇ ਗਾਇਕੀ ਦੇ ਖੇਤਰ ਵਿੱਚ ਥਾਂ ਪੱਕੀ ਕਰ ਲਈ।
1964 ਵਿੱਚ ਪਾਕਿਸਤਾਨ ਰੇਡੀਓ ਤੇ ਪ੍ਰੋਗਰਾਮ'ਜਸ਼ਨ-ਏ ਬਹਾਰਾਂ ਗਾਇਆ ਤਾਂ ਬਹੁਤ ਸ਼ੋਹਰਤ ਮਿਲੀ।ਕੁਝ ਹੀ ਸਮੇਂ ਵਿੱਚ ਨੁਸਰਤ ਨੂੰ ਉਰਦੂ,ਹਿੰਦੀ,ਪੰਜਾਬੀ,ਫਾਰਸੀ ਤੇ ਅਰਬੀ ਭਾਸ਼ਾਵਾਂ ਵਿੱਚ ਗਾਉਣ ਦੀ ਮੁਹਾਰਤ ਹਾਸਲ ਹੋ ਗਈ।ਕਵਾਲੀ ਦੀ ਲੈਅ ਤੇ ਪੂਰਾ ਕਾਬੂ ਸੀ।ਆਇਤ ਦੀਆ ਨਾਤਾਂ ਤਾਂ ਕਿਆ ਕਮਾਲ ਹਾਸਲ ਕੀਤਾ।ਰਾਗ ਗਾਉਂਦੇ ਵਕਤ ਆਰੋਹ ਅਬਰੋਹ ਤੇ ਅਜਿੱਤ ਪਕੜ ਬਣਾ ਲਈ ਸੀ।ਗੁਰਬਾਣੀ ਚ ਬਾਬਾ ਫਰੀਦ ਦੇ ਸ਼ਲੋਕਾਂ ਸੰਗੀਤਮਈ ਕਰਨ ਤੋਂ ਇਲਾਵਾ ਬਾਬਾ ਬੁਲੇ ਸ਼ਾਹ,ਬਾਹੂ,ਸ਼ਿਵ ਬਟਾਲਵੀ ਗਾ ਕੇ ਨਵੀਆ ਪੈੜਾਂ ਪਾਈਆਂ।ਉਹ ਸ਼ਬਦ ਗਾਉਣ ਦੀ ਹਸਰਤ ਦਿਲ ਵਿੱਚ ਲੈ ਕੇ ਚਲੇ ਗਏ,ਕਿ ਵਕਤ ਨੇ ਸਾਥ ਨਾ ਦਿੱਤਾ।1997 ਵਿੱਚ ਉਹਨਾ ਨੂੰ ਕਈ ਬੀਮਾਰੀਆ ਨੇ ਘੇਰ ਲਿਆ ਸੀ,ਉਹ ਇਲਾਜ ਲਈ ਇੰਗਲੈਂਡ ਵੀ ਗਏ ਪਰ ਮੌਤ ਨੇ ਮੋਹਲਤ ਨਾ ਦਿੱਤੀ।16 ਅਗਸਤ ੱ997 ਨੂੰ ਸ਼ੋਹਰਤ ਦੈ ਸਿਖਰ ਤੇ ਪੁੱਜ ਕੇ ਆਪਣੇ ਚਹੇਤਿਆ ਨੂੰ ਆਪਣੇ ਦਰਸ਼ਨਾਂ ਤੋਂ ਵਿਰਵੇ ਕਰ ਗਏ।
1979 ਵਿੱਚ ਵਿਆਹ ਹੋਇਆ,ਤੇ ਇਕ ਬੇਟੀ ਹੋਈ।ਇਸ ਸਮੇ ਦੌਰਾਨ ਉਹਨਾਂ ਦੀ ਗਾਇਕੀ ਬੁਲੰਦੀਆ ਛੁਹਣ ਲਗੀ।ਉਹ ਮਕਬੂਲ਼ ਅਦਾਕਾਰ ਰਾਜਕਪੂਰ ਦੇ ਬੇਟੇ ਦੇ ਵਿਆਹ ਤੇ ਭਾਰਤ ਆਏ
ਇਸ ਤੋਂ ਇਲਾਵਾ ਸਾਉਦੀ ਆਰਬ ਤੇ ਹੋਰ ਦੇਸ਼ਾਂ ਵਿੱਚ ਵੀ ਆਪਣੀ ਆਵਾਜ਼ ਦਾ ਸਿੱਕਾ ਕਾਇਮ ਕੀਤਾ।ਹਰ ਜਬਾਨ ਤੇ ਚੜ੍ਹੈ ਗੀਤਾਂ ਵਿੱਚ,'ਅੱਖੀਆ ਉਡੀਕਦੀਆਂ,ਚਰਖੈ ਦੀ ਘੁਕ,ਨਿੱਤ ਖੈਰ ਮੰਗਾਂ ਸੋਹਣਿਆਂ,ਇਸ਼ਕ ਦਾ ਰੁਤਬਾ ਇਸ਼ਕ ਹੀ ਜਾਨੇ,ਪਹਿਲਾ ਇਸ਼ਕ ਖੁਦਾ ਆਪ ਕੀਤਾ,ਸ਼ਿਵ ਦਾ ਲਿਖਿਆ ਗੀਤ,ਮਾਏ ਨੀ ਮਾਏ ,ਬਹੁਤ ਮਕਬੂਲ ਹਇਆ।ਕਵਾਲੀ ਦੀਆਂ ਵੰਨਗੀਆਂ ਥਾਂ ਥਾਂ ਗੂੰਜਣ ਲਗੀਆਂ।ਬਾਲੀਵੁੱਡ ਵਿੱਚ ਕਈ ਫਿਲਮਾਂ ਨੂੰ ਆਪਣੇ ਸੰਗੀਤ ਨਾਲ ਸ਼ਿਗਾਰਿਆ।ਦੁਲਹੇ ਦਾ ਸਿਹਰਾ ਸੁਹਾਣਾ ਲਗਦਾ,ਦੁਲਹਨ ਦਾ ਦਿਲ ਦੀਵਾਨਾ ਲਗਦਾ'ਗਾ ਕੇ ਹਰੇਕ ਨੂੰ ਦੀਵਾਨਾ ਬਣਾ ਲਿਆ। ਜਾਂਦੇ ਜਾਂਦੇ ਉਹ ਆਪਣਾ ਭਤੀਜਾ 'ਰਾਹਤ ਫਤਹਿ ਅਲੀ ਖਾਨ ਆਪਣੇ ਚਹੇਤਿਆਂ ਦੀ ਝੋਲੀ ਪਾ ਗਏ।ਬੇਸ਼ੱਕ ਨੁਸਰਤ ਦੀ ਜਗਾਹ ਕੋਈ ਨਹੀਂ ਲੈ ਸਕਦਾ।
ਜੀਵਨ ਦੇ ਥੋੜੇ ਜਿਹੇ ਸਖ਼ਰ ਵਿੱਚ ਅਨੇਕਾ ਮਾਨ ਸਨਮਾਨ ਹਾਸਲ ਕਰਨ ਵਾਲਾ ਇਹ ਸੁਰ ਸਮੁੰਦਰ
ਉਮਰ ਦੀ ਸਿਖਰ ਦੁਪਹਿਰੇ ਅਥਾਹ ਹੋ ਗਿਆ।
" ਜਿਥੇ ਜਾ ਕੇ ਬਹਿ ਗਿਉਂ ਉਥੇ ਤੇਰਾ ਕੀ ਵੇ " ।
ਰਣਜੀਤ ਕੌਰ ਤਰਨ ਤਾਰਨ 9780282816
ਚਲਦੇ ਚਲਦੇ-ਪਾਲ ਕੇ ਇਕ ਸੁੱਚਾ ਸਪਨਾ ,ਤੂੰ ਅਪਨੀ ਕਹਾਨੀ ਕਹਿ ਦਿਤੀ
ਸਾਡੇ ਕੋਲੋਂ ਪੁਛ ਸਜਣਾ,ਅਸਾਂ ਕਿਵੇਂ ਅਲਵਿਦਾ ਕਹਿ ਦਿੱਤੀ।
ਖਾਹਿਸ਼ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਸਾਦਾ ਦਿਲ ਤਾਲੀਮ ਯਾਫਤਾ ਸਧਾਰਣ ਮੱਧ ਵਰਗੀ ਪਰਿਵਾਰ ਵਿੱਚ ਪੈਦਾ ਹੋਈ ਮੀਨਾ ਨੇ ਥੋੜੀ ਜਿਹੀ ਹੋਸ਼ ਸੰਭਾਲਦੇ ਹੀ ਉੱਚ ਵਰਗ ਦੇ ਅਵੱਲੇ ਸ਼ੋਕ ਪਾਲ ਲਏ ਤੇ ਸ਼ੋਕ ਸ਼ੋਕ ਵਿੱਚ ਵੱਡੀਆਂ ਖਾਹਿਸ਼ਾਂ ਦੇ ਅੰਬਾਰ ਉਸਦਾ ਤਕੀਆ ਬਣ ਗਏ।ਰੱਬ ਨੇ ਸ਼ਕਲ ਸੂਰਤ ਵੀ ਮੀਨਾ ਨੂੰ ਅੱਛੀ ਖਾਸੀ ਦਿੱਤੀ ਤੇ ਇਸ ਦਾ ਉਹ ਭਰਪੂਰ ਨਜ਼ਾਇਜ਼ ਫਾਇਦਾ ਉਠਾਉਂਦੀ।ਅਧੁਨਿਕ ਨਿਜੀ ਸਕੂਲ ਵਿੱਚ ਦਾਖਲਾ ਲਿਆ।ਪੜ੍ਹਾਈ ਲਿਖਾਈ ਚ ਉਸਦਾ ਮਨ ਨੀਂ ਸੀ ਲਗਦਾ ਅਮੀਰ ਘਰਾਂ ਦੇ ਜਮਾਤੀਆਂ ਨਾਲ ਦੋਸਤੀ ਪਾਲ ਲਈ ਜਿਹੜੇ ਜਿਆਦਾ ਵਕਤ ਸਕੂਲ਼ ਕਲਾਸ ਤੋਂ ਬਾਹਰ ਗੁਜਾਰਦੇ ਇਕਲੌਤੀ ਹੋਣ ਕਰਕੇ ਮਾਂ ਬਾਪ ਉਸਦੀ ਹਰ ਖਾਹਿਸ਼ ਹਰ ਸ਼ੋਕ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਦੇ।ਨਾਸ਼ਤਾ ਸਕੂਲ ਕੰਟੀਨ ਤੇ ਕਰਨਾ ਦੂਜਿਆਂ ਜਿਨੇ ਪੈਸੇ ਖਰਚ ਕਰਨੇ ਸਿਨੇਮਾ ਜਾਣ ਦੀ ਲੱਤ ਵੀ ਲਾ ਲਈ।ਜਰਬਾਂ ਤਕਸੀਮਾਂ ਲਾ ਕੇ ਤੇਤੀ ਨੰਬਰ ਲੈ ਕੇ ਦਸਵੀਂ ਪਾਸ ਕਰ ਲਈ ।ਉਹ ਅੱਗੇ ਪੜ੍ਹਨਾ ਹੀ ਨਹੀਂ ਚਾਹੁੰਦੀ ਸੀ ਉਹਨੂੰ ਮਲਾਲ ਸੀ ਕਿ ਉਹ ਅਮੀਰ ਘਰ ਪੈਦਾ ਕਿਉਂ ਨਾਂ ਹੋਈ,ਤੇ ਉਹ ਕੁਝ ਵੀ ਕਰਕੇ ਰਾਤੋ ਰਾਤ ਅਮੀਰ ਹੋਣਾ ਚਾਹੁੰਦੀ ਸੀ।ਇਥੋਂ ਤੱਕ ਕੇ ਉਹ ਚਾਹੁਣ ਲਗੀ ਕਿ ਹੁਣੇ ਹੀ ਕੋਈ ਰਈਸਜ਼ਾਦਾ ਉਹਦੀ ਸ਼ਕਲ ਤੇ ਮਰ ਮਿਟੇ ਤੇ ਉਹਦੇ ਨਾਲ ਵਿਆਹ ਕਰ ਲਵੇ ਤੇ ਉਹ ਰਾਤੋ ਰਾਤ ਅਮੀਰ ਹੋ ਜਾਏ,ਉਸ ਕੋਲ ਇੰਨੇ ਪੈਸੇ ਹੋ ਜਾਣ ਕਿ ਬੱਸ ਲੰਬੀ ਕਾਰ ਉਹਦੇ ਥੱਲੇ ਤੇ ਡਰਾਈਵਰ ਉਸਨੂੰ ਬਜ਼ਾਰਾਂ ਵਿੱਚ ਲ਼ਈ ਫਿਰੇ।
ਇਕ ਤੋਂ ਬਾਦ ਇਕ ਰੋਜ਼ ਨਵੀਂ ਇੱਛਾ ਨਵੀਂ ਖਾਹਿਸ਼-ਖਾਹਿਸ਼ਾਂ ਦਾ ਜਲਵਾ ਤਾਂ ਸਾਹਮਣੇ ਵਾਲੇ ਦਾ ਲਾਲ ਮੂ੍ਹੰਹ ਵੇਖ ਕੇ ਆਪਣਾ ਮੂੰਹ ਚਪੇੜਾਂ ਮਾਰ ਕੇ ਲਾਲ ਕਰਨ ਦਾ ਦਮ ਦੇ ਦੇਂਦਾ ਹੈ ਤੇ ਇਹੋ ਮੀਨਾ ਨਾਲ ਹੋਇਆ ਤੇ ਹੋ ਰਿਹਾ ਸੀ।
ਮਾਂ ਬਾਪ ਉਸਨੂੰ ਸਮਝਾਉਂਦੇ ਉੱਚ ਵਿਦਿਆ ਹਾਸਲ ਕਰਨ ਲਈ ਪ੍ਰੇਰਦੇ ।ਮਾਂ ਇਹ ਵੀ ਦਸਦੀ ਕਿ ਜੇ ਤੂੰ ਪੜ੍ਹ ਜਾਵੇਂਗੀ ਤੇ ਸੋਨੇ ਤੇ ਸੁਹਾਗੇ ਵਾਲੀ ਗਲ ਹੋਵੇਗੀ ਤੇ ਤੈਨੂੰ ਅੱਛਾ ਵਰ ਘਰ ਮਿਲੇਗਾ।ਜੇ ਤੂੰ ਮਾਇਕ ਤੌਰ ਤੇ ਆਤਮ ਨਿਰਭਰ ਹੋਵੇਂਗੀ ਤਾਂ ਖੁਲ੍ਹ ਕੇ ਜੀ ਸਕੇਂਗੀ ਹਰ ਖਾਹਿਸ਼ ਪੂਰੀ ਕਰਨ ਦਾ ਦਮ ਹੋਵੇਗਾ।
: ਮੰਮੀ ਜੇ ਬਿਨਾਂ ਕੁਝ ਕੀਤੇ ਮੈਨੂੰ ਸੱਭ ਕੁਝ ਮਿਲ ਸਕਦਾ ਹੈ ਤਾਂ ਮੈਂ ਐਂਵੇ......."ਉਹ ਖਰਾ ਜਵਾਬ ਦੇਂਦੀ। ਇਕ ਸਵੇਰ ਉਹਨੇ ਉਠਦਿਆਂ ਐੇਲਾਨ ਕੀਤਾ ਕਿ ਉਹ + 2 ਸਕੂਲ ਵਿੱਚ ਨਹੀਂ ਕਾਲਜ ਵਿੱਚ ਕਰੇਗੀ।ਘਰ ਦੇ ਮੰਨ ਗਏ,ਮਰਦੇ ਕੀ ਨਾਂ ਕਰਦੇ ,ਮਹਿੰਗੇ ਨਿਜੀ ਕਾਲਜ ਵਿੱਚ ਦਾਖਲਾ ਕਰਵਾ ਦਿੱਤਾ।ਵੱਡੇ ਘਰਾਂ ਦੇ ਫੈਸ਼ਨੇਬਲ ਨਿਕੰਮੇ ਮੁੰਡੇ ਕੁੜੀਆਂ ਉਸਦੇ ਜਮਾਤੀ। ਬਾਰਵੀਂ ਜਮਾਤ ਦਾ ਸਲਾਨਾ ਇਮਤਿਹਾਨ ਆਉਂਦੇ ਆਉਂਦੇ ਮੀਨਾ 'ਨੀਰਜ ਮਹਾਜਨ"ਨਾਲ ਦੋਸਤੀ ਵਿੱਚ ਬਹੁਤ ਅੱਗੇ ਨਿਕਲ ਗਈ ਮੀਨਾ ਨੂੰ ਖੁਸ਼ ਫਹਿਮੀ ਸੀ ਕਿ ਨੀਰਜ ਉਸਦੀ ਸੂਰਤ ਤੇ ਮਰਦਾ ਹੈ ਤੇ ਵਿਆਹ ਵੀ ਕਰੇਗਾ।ਨੀਰਜ ਦੇ ਪਿਤਾ ਦਾ ਕਰੋੜਾਂ ਦਾ ਕਾਰੋਬਾਰ ਨੌਕਰ ਚਾਕਰ ਵੱਡੀ ਕੋਠੀ।ਮੀਨਾ ਇੰਨਾ ਲਲਚਾ ਗਈ ਕਿ ਆਪ ਹੀ ਮੂੰਹ ਭਰ ਕੇ ਨੀਰਜ ਨੂੰ ਵਿਆਹ ਲਈ ਆਖ ਦਿੱਤਾ।ਨੀਰਜ ਪਹਿਲਾਂ ਤਾਂ ਚੁੱਪ ਰਿਹਾ ਫਿਰ ਜਦ ਉਹ ਖਹਿੜੇ ਪੈ ਗਈ ਉਸਨੇ ਕਿਹਾ "ਆਪਣੀ ਅਜੇ ਵਿਆਹ ਦੀ ਉਮਰ ਨਹੀਂ ਝਲੀਏ ਚੁੱਪ ਕਰ ਸ਼ੁਦੈਣ ਨਾਂ ਹੋਵੇ ਤੇ"॥ ਸੋਲਾਂ ਦੀ ਉਮਰ ਵਿੱਚ ਹੀ ਵਿਆਹ ਦਾ ਫਾਹਾ ਗਲ ਕੌਣ ਪਾਉਂਦਾ ਹੈ?
ਦੋ ਚਾਰ ਦਿਨਾਂ ਬਾਦ ਮੀਨਾ ਫਿਰ ਉਹੋ ਗਲ.........
ਸ਼ਲਾਨਾ ਇਮਤਿਹਾਨ ਨੇੜੇ ਆ ਗਏ ,+2 ਤੋਂ ਬਾਦ ਕਿਹਨੇ ਕਿਧਰ ਜਾਣਾ ਮੀਨਾ ਨੂੰ ਤੌਖਲਾ ਹੋਇਆ ਨੀਰਜ ਗਵਾਚ ਹੀ ਨਾਂ ਜਾਵੇ ਕਿਤੇ!।'ਚਲ ਆਪਾਂ ਮੰਗਣੀ ਕਰ ਲਈਏ ਤੂੰ ਆਪਣੇ ਮਾਂ ਡੈਡੀ ਨੂੰ ਕਹਿ-ਮੀਨਾ ਨੇ ਨੀਰਜ ਨੂੰ ਕਿਹਾ-
ਨੀਰਜ-ਤੂੰ ਪਾਗਲ ਸ਼ੁਦੈਣ ਅੇਂ ॥
ਮੀਨਾ ਦੇ ਦਿਲ ਦੀ ਸਮਝ ਸੀ ਕਿ ਉਹ ਪਾਗਲ ਸ਼ੁਦੈਣ ਉਸਨੂੰ ਡੂੰਘੇ ਪਿਆਰ ਮੁਹੱਬਤ ਨਾਲ ਕਹਿੰਦਾ ਹੈ।ਤਿੰਨ ਚਾਰ ਦਿਨਾਂ ਬਾਦ ਫਿਰ ਉਹਨੇ ਇਹੀ ਗਲ ਨੀਰਜ ਦੇ ਕਜ਼ਨ ਗੌਰਵ ਦੇ ਸਾਹਮਣੇ ਆਖੀ।ਗੌਰਵ ਪਹਿਲਾਂ ਤਾਂ ਖੁੂਬ ਹੱਸਿਆ ਫੇਰ ਉਹਨੂੰ ਫੁਰਨਾ ਫੁਰਿਆ-ਚਲ ਮੀਨਾ ਛੱਡ ਇਹਨੂੰ ਪੜ੍ਹਾਕੂ ਨੂੰ ਮੈਂ ਕਰਦੈਂ ਤੇਰੇ ਨਾਲ ਵਿਆਹ-ਆਪਾਂ ਕੋਰਟ ਮੈਰਿਜ ਕਰ ਲਵਾਂਗੇ-ਗੌਰਵ ਨੇ ਕਿਹਾ।
ਗੌਰਵ ਦੇ ਇਸ ਤੱਤ ਭੜੱਤ ਜੁਮਲੇ ਤੇ ਮੀਨਾ ਨੂੰ ਝੁਣਝੁਣੀ ਆ ਗਈ।ਉਹ ਠਠੰਬਰ ਗਈ ਤੇ ਨੇੜੇ ਪਈ ਇੱਟ ਤੇ ਬੈਠ ਗਈ,ਉਸਨੂੰ ਇੰਤਜ਼ਾਰ ਸੀ ਨੀਰਜ ਦੇ ਕੁਝ ਬੋਲਣ ਦਾ ਪਰ ਉਹ ਖਾਮੋਸ਼ ਟੁਰ ਗਿਆ ਤੇ ਨਾਲ ਹੀ ਗੌਰਵ ਵੀ ਪਿਛੇ ਹੋ ਲਿਆ।।
ਮੀਨਾ ਆਪਣੇ ਜਾਗਦੇ ਸਪਨੇ ਵੇਖਣ ਲਗੀ ਕਿਵੇਂ ਉਹ ਬਰਾਂਡਡ ਲਹਿੰਗੇ ਵਿੱਚ ਵਹੁਟੀ ਬਣ ਕੇ ਵੱਡੀ ਕਾਰ ਵਿੱਚ ਡੋਲੀ ਬੈਠ ਕੇ ਵੱਡੀ ਕੋਠੀ ਫਿਲਮਾਂ ਵਾਂਗ ਫੁਲਾਂ ਨਾਲ ਸਜੇ ਮਹਿਕਦੇ ਕਮਰੇ ਵਿੱਚ ਜਾਏਗੀ।ਸਲਾਨਾ ਇਮਤਿਹਾਨ ਦੀ ਤਿਆਰੀ ਦੇ ਵੇਲੇ ਉਹ ਬਿਨ ਲਾੜੇ ਲਾੜੀ ਤਿਆਰ ਹੋ ਰਹੀ ਸੀ।ਸਚਮੁੱਚ ਹੀ ਉਹ ਰਾਤੋ ਰਾਤ ਅਮੀਰ ਹੋਣ ਦੀ ਆਪਣੀ ਖਾਹਿਸ਼ ਵਿੱਚ ਅੱਧੇ ਨਾਲੋਂ ਵੱਧ ਝੱਲ਼ੀ ਹੋ ਗਈ ਸੀ।ਕਾਲਜ ਤੋਂ ਘਰ ਪੁਜਣ ਤਕ ਉਹ ਗੌਰਵ ਦੇ ਮਜਾਕ ਨੂੰ ਗੰਭੀਰ ਸਮਝ ਕੇ ਨੀਰਜ ਨਾਲ ਬਰੇਕਅੱਪ ਕਰ ਚੁਕੀ ਸੀ।ਕਿਵੇਂ ਨਾਂ ਕਿਵੇਂ ਉਹਨੇ ਰਾਤ ਗੁਜਾਰੀ ਤੇ ਸੁਬਹ ਕਾਲਜ ਮੌਕਾ ਮਿਲਦੇ ਹੀ ਗੌਰਵ ਨੂੰ ਘੇਰ ਲਿਆ।
ਗੌਰਵ ਤੂੰ ਕਲ ਵਾਲੀ ਗਲ ਸੱਚੇ ਸੁੱਚੇ ਮਨ ਨਾਲ ਆਖੀ ਸੀ?-
ਤੇ ਹੋਰ ਝੂਠੇ ਮੂਠੇ ਮਨ ਨਾਲ ਕਿਵੇਂ ਆਖੀ ਦੀ ਮੈਨੂੰ ਨੀਂ ਪਤਾ-ਗੌਰਵ ਨੇ ਸ਼ਰਾਰਤ ਨਾਲ ਅੱਖਾਂ ਘੁਮਾਂਉਂਦੇ ਆਖਿਆ।ਆਹ ਪੇਪਰਾਂ ਦਾ ਸਿਆਪਾ ਮੁੱਕ ਜੇ ਫਿਰ ਦੋ ਮਹੀਨੇ ਚ ਨਤੀਜਾ ਤੈਨੂੰ ਆ ਜਾਏਗਾ-ਗੌਰਵ ਨੇ ਇਕ ਹੋਰ ਤੀਰ ਛੱਡਿਆ।
ਮੀਨਾ ਕਮਲ਼ੀ ਨੇ ਤਸੱਲੀ ਕਰ ਲਈ ਕਿ ਗੌਰਵ ਸੱਚ ਬੋਲ ਰਿਹੈ," ਆਈ ਲੱਵ ਯੂ ਗੌਰਵ,ਮੀਨਾ ਨੇ ਗੌਰਵ ਦੇ ਮੋਢੇ ਤੇ ਹੱਥ ਰੱਖ ਆਖਿਆ।
ਗੌਰਵ-ਆਈ ਟੂ ਲਵ ਯੂ ਮੀਨਾ -
( ਤੇ ਗੌਰਵ ਮੀਨਾ ਦਾ ਹੱਥ ਝਟਕ ਕੇ ਝੁੂਮ ਕੇ ਨੀਰਜ ਦਾ ਹੱਥ ਫੜ ਗਾਉਣ ਲਗਾ.....)
" ਨਜ਼ਰ ਨਾਂ ਲਗ ਜਾਏ ਕਿਸੀ ਕੀ ਰਾਹੋਂ ਮੇਂ
ਆ ਛੁਪਾ ਕੇ ਰੱਖ ਲੂੰ ਤੁਝੈ ਨਿਗਾਹੋੰ ਮੇਂ ਤੂੰ ਖੋ ਨਾਂ ਜਾਏ -ਓ ਮਾਈ ਲੱਵ......"
( ਨੀਰਜ ਪੈਰ ਮਾਰ ਕੇ ਹਸ ਕੇ -ਕਾਂਗਰੇਚੁਲੇਸ਼ਨਜ਼ ਬੋਥ ਆਫ ਯੂ,ਆਈ ਸ਼ੁਡ ਲੀਵ ਫਰੌਮ ਹੇਅਰ) ਸਲਾਨਾ ਇਮਤਿਹਾਨ ਖਤਮ ਹੋ ਗਏ ,ਵਿਦਿਆਰਥੀ ਮੁਕਾਬਲੇ ਦੇ ਇਮਤਿਹਾਨਾਂ ਦੀ ਕੋਚਿੰਗ ਚ ਰੁਝ ਗਏ ਮੀਨਾ ਨਾਂ ਪੜ੍ਹਨਾ ਚਾਹੁੰਦੀ ਸੀ ਤੇ ਨਾਂ ਘਰ ਬਹਿਣਾ,ਉਸਨੇ ਜਿਮ ਜਾਣਾ ਸ਼ੁਰੂ ਕਰ ਦਿੱਤਾ ਸੀ।ਜਿਮ ਦਾ ਮਾਲਕ 'ਸਮੀਰ ਮਹਾਜਨ'ਚਾਲੀ ਪੰਤਾਲੀ ਦਾ ਬਹੁਤ ਰਿਸ਼ਟ ਪੁਸ਼ਟ ਲੰਬਾ ਉੱਚਾ ਸੋਹਣਾ ਵਿਅਕਤੀ ਨਾਲ ਦੇ ਕਮਰੇ ਵਿੱਚ ਸ਼ੀਸ਼ੇ ਵਿਚੋਂ ਵਰਜਿਸ਼ ਕਰਦੇ ਜਵਾਨਾਂ ਨੂੰ ਵੇਖਦਾ ਤੇ ਗਲਤੀ ਹੋਣ ਤੇ ਬਾਹਰ ਆ ਕੇ ਕੋਚ ਨੂੰ ਧਿਆਨ ਦੇਣ ਲਈ ਨਸੀਹਤ ਕਰਦਾ।ਉਸਦੀ ਨਜ਼ਰ ਮੀਨਾ ਤੇ ਪੈ ਗਈ ਉਹ ਨਵੀਂ ਭਰਤੀ ਸੀ।ਉਹ ਅੰਦਰੋਂ ਸ਼ੀਸ਼ੇ ਚੋਂ ਉੁਹਨੂੰ ਨਿਹਾਰਦਾ ਰਹਿੰਦਾ ,ਮੀਨਾ ਡਾਂਸ ਦੀ ਤਰਾਂ ਵਰਜਿਸ਼ ਕਰਦੀ ਅਸਲ ਵਿੱਚ ਉਹ ਚਾਹੁੰਦੀ ਕਿ ਕੋਚ ਤੇ ਮਾਲਕ ਦੀ ਤਵੋਜੋ ਉਸੀ ਤੇ ਰਹੇ।ਉਹ ਸ਼ੀਸ਼ੇ ਵਲ ਝਾਕਦੀ ਰਹਿੰਦੀ।
ਮੰਹਾਜਨ ਨੇ ਉਸਨੂੰ ਬੁਲਾ ਕੇ ਡਾਂਟਿਆ।ਬੱਸ ਫਿਰ ਮੀਨਾ ਰੋਜ਼ ਹੀ ਕੁਝ ਪੁਛਣ ਦੇ ਬਹਾਨੇ ਉਸਦੇ ਕਮਰੇ ਵਿੱਚ ਚਲੀ ਜਾਂਦੀ।ਉਹ ਬਹੁਤ ਨੇੜੇ ਆ ਗਏ ।ਮਹਾਜਨ ਮੀਨਾ ਦੇ ਆਈਡਲ ਸਾਬਤ ਹੋ ਗਿਆ,ਉਸਨੂੰ ਸ਼ਾਪਿੰਗ ਕਰਾਉਂਦਾ,ਬਾਰਿਸ਼ ਚ ਵੱਡੀ ਗੱਡੀ ਚ ਲੌਂਗ ਡਰਾਈਵ ਤੇ ਖੁੂਬ ਆਨੰਦ ਕਰਾਉਂਦਾ।ਮੀਨਾ ਦੀ ਹਰ ਇਛਾ ਪੂਰੀ ਹੋ ਰਹੀ ਸੀ ਉਹ ਬਿਨਾਂ ਵਰਜਿਸ਼ ਸਮਾਰਟ ਫਿਟ ਸਜੀਲੀ ਹੋ ਗਈ।ਸਮੀਰ ਮਹਾਜਨ ਨੇ ਜਾਹਰ ਹੀ ਨਾਂ ਹੋਣ ਦਿੱਤਾ ਕਿ ਘ੍ਰਰ ਪਰਿਵਾਰ ਵਾਲਾ ਹੈ,ਮੀਨਾ ਨੇ ਸਮਝ ਲਿਆ ਕਿ ਉਹ ਉਹਨੂੰ ਮੁਹੱਬਤ ਕਰਦਾ ਹੈ ਤੇ ਇਕ ਦਿਨ ਮੀਨਾ ਨੇ ਉਸਨੂੰ ਆਪ ਹੀ ਵਿਆਹ ਲਈ ਸਵਾਲ ਕਰ ਦਿੱਤਾ ਉਹ ਕਈ ਦਿਨਾਂ ਤੱਕ ਲਾਰੇ ਲਾਉਂਦਾ ਰਿਹਾ,ਮੀਨਾ ਸੱਭ ਕਸ਼ਤੀਆਂ ਜਲਾ ਕੇ ਉਸਦੇ ਨੇੜੇ ਆ ਗਈ ਤੇ ਉਸਨੂੰ ਧਮਕੀ ਦਿੱਤੀ ਕਿ ਉਹ ਉਹਦੇ ਨਾਮ ਦੀ ਚਿੱਠੀ ਲਿਖ ਕੇ ਆਤਮਹੱਤਿਆ ਕਰ ਲਵੇਗੀ।ਸਮੀਰ ਮਹਾਜਨ ਨੇ ਹੱਸ ਕੇ ਉਸਨੂੰ ਟਾਲ ਦਿੱਤਾ।ਇਕ ਦਿਨ ਮੀਨਾ ਨੇ ਉਸ ਨਾਲ ਖੁੂਬ ਝਗੜਾ ਕੀਤਾ ਤੇ ਗਲਾਸ ਤੋੜ ਕੇ ਬਾਂਹ ਤੇ ਕੱਚ ਫੇਰ ਲਿਆ ਜਖ਼ਮ ਵੱਡਾ ਨਹੀਂ ਸੀ ਉਹ ਤੇ ਮੀਨਾ ਨੇ ਸਮੀਰ ਨੂੰ ਕਾਬੂ ਕਰਨਾ ਸੀ ਤੇ ਉਹ ਕਾਬੂ ਆ ਗਿਆ।
ਦੋਨਾਂ ਦਾ ਵਿਆਹ ਹੋ ਗਿਆ ।ਪਹਿਲਾਂ ਇਕ ਹਫ਼ਤਾ ਉਹਨਾਂ ਫਾਈਵ ਸਟਾਰ ਹੋਟਲ ਵਿੱਚ ਐਸ਼ ਕੀਤੀ।ਫਿਰ ਜਿਮ ਰੂਮ ਦੇ ਨਾਲ ਦਾ ਫਲੈਟ ਕਿਰਾਏ ਤੇ ਲੈ ਲਿਆ,ਦੋ ਮਹੀਨੇ ਸੁਮੀਰ ਨੇ ਖੁੂਬ ਪੈਸਾ ਲੁਟਾਇਆ ਸਮੀਰ ਨੇ ਮੀਨਾ ਦੀਆਂ ਖਾਹਿਸ਼ਾਂ ਲਈ,ਉਸਨੂੰ ਆਪਣਾ ਕਾਰਡ ਵੀ ਦੇ ਦਿੱਤਾ।ਗਲ ਜਦ ਨਿਕਲੀ ਬਹੁਤ ਦੂਰ ਤੱਕ ਗਈ ।ਸਮੀਰ ਤਾਂ ਨੀਰਜ ਤੇ ਗੌਰਵ ਦਾ ਚਾਚਾ ਸੀ ਤੇ ਉਹ ਇਕੋ ਘਰ ਵਿੱਚ ਰਹਿੰਦੇ ਸੀ।ਸੱਭ ਕੁਸ਼ ੱਇਛਾ ਅਨੁਸਾਰ ਮੀਨਾ ਨੇ ਪਾ ਕੇ ਸੱਭ ਕੁਝ ਗਵਾ ਲਿਆ ਸੀ,ਪਰ ਉਸਨੂੰ ਰਾਤੋ ਰਾਤ ਅਮੀਰ ਹੋ ਜਾਣ ਦਾ ਚਾਅ ਇਸ ਸੱਭ ਤੌਂ ਵੱਧ ਸੀ ।ਸੇਠਾਣੀ ਬਣਨਾ ਚਾਹੁੰਦੀ ਸੀ ਤੇ ਬਣ ਵੀ ਗਈ ਸੀ ਭਾਂਵੇ ............।
ਇਸ ਕੁੜਿਕੀ ਵਿਚੋਂ ਕਿਵੇਂ ਬਾਹਰ ਨਿਕਲੇ ਸਮੀਰ ਇਸ ਜਦੋਜਹਿਦ ਵਿੱਚ ਮਾਨਸਿਕ ਸੰਤੁਲਨ ਖੋਣ ਲਗਾ।ਏ ਟੀ ਅੇਮ ਮੀਨਾ ਦੇ ਹੱਥ ਦੇ ਕੇ ਉਸਨੇ ਸਿਗਰਟ ਜਲਾਈ ਤੇ ਉਸ ਕਾਗਜ਼ੀ ਵਿਆਹ ਦੇ ਕਾਗਜ਼ੀ ਸਬੂਤਾਂ ਦੀ ਰਾਖ ਫਲੱਸ਼ ਕਰ ਦਿੱਤੀ।
ਇਸ ਤੋਂ ਪਹਿਲਾਂ ਕਿ ਕੋਈ ਹੋਰ ਹੰਗਾਮਾ ਖੜਾ ਹੋਵੇ ਸਮੀਰ ਆਪਣੀ ਪਤਨੀ 'ਕੋਮਲ' ਨੂੰ ਲੈ ਕੇ ਵਲਾਇਤ ਚਲਾ ਗਿਆ।
ਖੂਸ਼ੀਆਂ ਖੇੜੈ ਬਾਝ ਵਕਤ ਦੇ
ਬਣ ਪੰਛੀ ਆਲ੍ਹਣਿਓਂ ਉਡ ਗਏ ਨੇ
ਅਜੇ ਸਿਵਾ ਬੁਝਿਆ ਨਹੀਂ ਆਰਮਾਨਾਂ ਦਾ
ਕਿਉਂ ਅਹਿਸਾਸ ਗਮਾਂ ਦੇ ਜੁੜ ਗਏ ਨੇ॥
ਵਕਤ ਆਨੇ ਪਰ ਖੁਲਤੇ ਹੈਂ ਕਿਰਦਾਰ ਕਭੀ ਕਭੀ
ਵਕਤ ਸੇ ਪਹਿਲੇ ਤੋ ਸਭੀ ਵਫਾਦਾਰ ਹੋਤੇ ਹੈਂ॥
ਰਣਜੀਤ ਕੌਰ ਗੁੱਡੀ ਤਰਨ ਤਾਰਨ
"ਜਵਾਬ ਤਾਂ ਬਣਦਾ ਹੈ " - ਰਣਜੀਤਕੌਰਗੁੱਡੀ ਤਰਨਤਾਰਨ
ਘਰ ਵਿੱਚ ਛੁਪੇ ਨੇ ਗਦਾਰ ਧਿਆਨ ਦੇਣਾ ਬਣਦਾ ਹੈ
ਆਪਣੀ ਪੀੜੀ ਹੇਠ ਸੋਟਾ ਮਾਰਨਾ ਬਣਦਾ ਹੈ।
ਅੱਤਵਾਦੀ,ਦਹਿਸ਼ਤਗਰਦ ਕੌਣ ਹੈ ਜਵਾਬ ਦੇਣਾ ਬਣਦਾ ਹੈ।
ਜਹਿਰੀਲੀ ਸ਼ਰਾਬ ਪੀ ਕੇ ਖੁਦਕਸ਼ੀ ਕਰਨ ਵਾਲਿਆਂ ਨੂੰ ਮੁਆਵਜ਼ੇ ਤੇ ਸਰਕਾਰੀ ਨੌਕਰੀ ਨਾਲ ਨਵਾਜਿਆ ਜਾ ਰਿਹਾ ਹੈ।ਪਿਛਲੀ ਸਰਕਾਰ ਵੀ ਅਜਿਹਾ ਹੀ ਕਰਦੀ ਰਹੀ ਹੈ।ਹਜ਼ਮ ਨਹੀਂ ਹੁੰਦਾ ਇਹ ਵਰਤਾਰਾ ਕਿ ਨਸ਼ਈਆਂ ਨੇ ਅੇੈਸਾ ਕੀ ਮਾਹਰਕਾ ਮਾਰਿਆ ਹੈ? ਇਸ ਤਰਾਂ ਤਾਂ ਫੇਰ ਇਹਨਾਂ ਨੂੰ ਵੀਰ ਚੱਕਰ ਤੇ ਪਦਮ ਭੂਸ਼ਨ ਨਾਲ ਇਨਾਮਿਆ ਜਾਣਾ ਬਣਦਾ ਹੈ।
ਸ਼ਰਾਬ ਦੇ ਕਾਰਖਾਨੇ ਥਾਂ ਥਾਂ ਹਨ ਤੇ ਸਕੂਲ ਕਾਲਜ ਮੈਡੀਕਲ ਕਾਲਜ ਹਸਪਤਾਲ ਪਸ਼ੂ ਹਸਪਤਾਲ ਕਿਤੇ ਕਿਤੇ ਬਸ ਦੋ ਚਾਰ ਹੀ ਹਨ, ਕਿਉਂ? ਜਵਾਬ ਤਾਂ ਬਣਦਾ ਹੈ -
ਚਿੱਟੇ ਨੇ ਲੱਖਾਂ ਪਰਿਵਾਰ ਨਾਸ ਕਰ ਦਿੱਤੇ ਉਹਨਾਂ ਦੇ ਮੁੜ ਵਸੇਬੇ ਬਾਰੇ ਦੋ ਬੋਲ ਵੀ ਨਹੀਂ ਬੋਲੇ ਗਏ ਕਿਉਂ?
ਪੁਲਵਾਮਾ ਤੇ ਪਹਿਲਗਾਮ ਦੇ ਵਾਰਸਾਂ ਦੀ ਬਾਤ ਵੀ ਨਹੀਂ ਪੁਛੀ ਗਈ।ਕਿਉਂ?ਬਸ ਪਾਕਿਸਤਾਨ ਤੇ ਮੜ੍ਹ ਕੇ ਖਾਨਾਪੂਰਤੀ ਕਰ ਲਈ।ਸਹੀ ਕਿਹਾ ਹੈ ਜਿਹਨੇ ਵੀ ਕਿਹਾ ਹੈ ਜਿੰਮੇਵਾਰਾਂ ਬਾਰੇ-
" ਜੁਗਨੂਊਂ ਨੇ ਸ਼ਰਾਬ ਪੀ ਲੀ ਹੈ ਅਬ ਵੋ ਸੂਰਜ ਕੋ ਗਾਲੀਆਂ ਦੇਂਗੇ "॥
1-ਮਜ਼੍ਹਬ ਨਹੀਂ ਸਿਖਾਤਾ ਹੈ ਆਪਸ ਮੇਂ ਬੈਰ ਰਖਨਾ-ਇਸ ਨੂੰ ਉਲਟ ਕਿਸ ਨੇ ਕੀਤਾ ਜਵਾਬ ਦੇਣਾ ਬਣਦਾ ਹੈ।ਪਿਛਲੇ ਕਈ ਸਾਲ ਤੋਂ ਮਜ਼੍ਹਬ ਹੀ ਸਿਖਾਤਾ ਹੈ ਆਪਸ ਮੇਂ ਬੈਰ ਰਖਨਾ ਸਾਫ ਦਿਖਾਈ ਦੇ ਰਿਹਾ ਹੈ।
2-ਗਊ ਮਾਤਾ ਦੇ ਮਾਸ ਦੇ ਨਾਮ ਤੇ ਨਿਹੱਕੇ,ਨਿਰਦੋਸ਼,ਨਿਹੱਥੇ ਮੁਸਲਮਾਨ ਅਜਾਈਂ ਮਾਰ ਦਿਤੇ ਗਏ ਕਿਉਂ? ਕੀ ਇਹ ਅੱਤਵਾਦ ਦਹਿਸ਼ਤਗਰਦੀ ਨਹੀਂ ਜਵਾਬ ਦੇਣਾ ਬਣਦਾ ਹੈ।
3-ਗੈਰ ਹਿੰਦੂਆਂ ਦੇ ਵਸਦੇ ਘਰ ਥੇਹ ਕਰ ਦਿਤੇ ਗਏ ਕਿਉਂ ਜਵਾਬ ਦੇਣਾ ਬਣਦਾ ਹੈ।
4-ਅਪੋਜੀਸ਼ਨ ਦੇ ਮਗਰ ਈ ਡੀ ਲਾਈ ਗਈ। ਤਸੀਹੇ ਦਿੱਤੇ,ਕੈਦ ਕੀਤੇ ,ਬੰਦੀ ਬਣਾਏ -
5- ਮੀਡੀਆ ਜੁਡੀਸ਼ਰੀ ਤੇ ਚੋਣ ਕਮਿਸ਼ਨ ਆਪਣੇ ਕਬਜ਼ੇ ਵਿੱਚ ਕਰ ਲਏ ਕਿਉਂ?
6-ਪੱਤਰਕਾਰ,ਲਿਖਾਰੀ.ਕਵੀ,ਸ਼ਾਇਰ ਮਾਰ ਦਿਤੇ ਗਏ ਕਿਉਂ
7-ਸੁਰੱਖਿਆ ਅਧਿਕਾਰੀ ਆਪਣੇ ਚਾਰੇ ਪਾਸੇ ਸੁਰੱਖਿਆ ਲਵਾ ਕੇ ਰੱਖਦੇ ਹਨ ਕਿਉਂ?
ਵਾੜ ਨੂੰ ਵਾੜ ਲੋੜੀਂਦੀ ਹੈ -ਕਿਉਂ?
8-ਉੱਚ ਵਰਗ ਦੇ ਕੋਲੋਂ ਬੋਰੀਆਂ ਚ ਨਕਦ ਨਰਾਇਣ ਹੈ ਤੇ ਮੱਧ ਵਰਗ ਵੀਹ ਹਜਾਰ ਦਾ ਨਕਦ ਲੈਣ ਦੇਣ ਨਹੀਂ ਕਰ ਸਕਦਾ-ਇਹ ਪਾਬੰਦੀ ਇਹ ਵਿਤਕਰਾ ਕਿਉਂ?
9-ਕਰਜੇ ਦੇ ਬਹਾਨੇ ਖਰਬਾਂ ਰੁਪਏ ਲੈ ਕੇ ਭਗੌੜੇ ਹੋ ਜਾਣਾ ਅੱਤਵਾਦ ਨਹੀਂ ਹੈ ਕਿਉਂ?
10-ਭਰਿਸ਼ਟਾਚਾਰ,ਰਿਸ਼ਵਤਖੋਰੀ ਹੇਰਾ ਫੇਰੀ ਲੁੱਟ ਡਾਕੇ ਅੱਤਵਾਦ ਹੀ ਤੇ ਹੇੈ ।
11-ਮੁਕਾਬਲੇ ਦੇ ਇਮਤਿਹਾਨ ਦਾ ਪ੍ਰਸ਼ਨ ਪੱਤਰ ਤੀਹ ਤੋਂ ਚਾਲੀ ਲੱਖ ਵਿੱਚ ਲੀਕ ਕਰਨਾ ਦਹਿਸ਼ਤਗਰਦੀ ਅੱਤਵਾਦ ਨਹੀਂ ਤਾਂ ਕੀ ਹੈ।
12-ਬਿਨਾਂ ਇਮਤਿਹਾਨ ਪਾਸ ਕੀਤੇ ਚੋਖਾ ਪੈਸਾ ਲੈ ਕੇ ਜਾਂ ਮੰਤਰੀ ਦੇ ਚਹੇਤੇ ਨੂੰ ਵੱਡੇ ਅਫਸਰ ਲਗਾ ਦੇਣਾ -ਕੀ ਹੈ?ਕਿਉਂ
13-ਵੋਟਰ ਦੇ ਬੁਨਿਆਦੀ ਹੱਕ ਸਿਆਸਤ ਦੇ ਕਬਜੇ ਵਿੱਚ ਹਨ ਕਿਉਂ?
14-ਆਮ ਆਦਮੀ ਦੇ ਸਾਹ ਸਿਆਸਤ ਨੇ ਸੂਤੇ ਹਨ ਕਿਊਂ?
15-80 ਕਰੋੜ ਨੂੰ ਭਰ ਪੇਟ ਖਾਣਾ ਨਹੀਂ ਤੇ ਮੱਤਰੀਆਂ ਅਫਸਰਾਂ ਦੀਆਂ ਦੀਵਾਰਾਂ ਸੋਨੇ ਚਾਂਦੀ ਦੀਆਂ ਇਟਾਂ ਨਾਲ ਲਬਰੇਜ਼ ਹਨ ਕਿਉਂ ਤੇ ਕਿਵੇਂ ?
16- ਕੀ ਸ਼ਾਇਰ ਵਰਵਰਾ ਰਾਓ,ਨਰਿੰਦਰ ਦੀਭੋਲਕਰ,(ਹਿੰਦੂ) ਦੀ ਮੌਤ ਬਾਰਡਰ ਪਾਰ ਤੋ ਆਈ ਸੀ?
17- ਕੀ ਗੌਰੀ ਲੰਕੇਸ਼ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਬਾਰਡਰ ਪਾਰ ਤੋਂ ਆਏ ਸੀ।?
18-ਕੀ ਮਿੱਗ-21-ਨਾਲ ਮਾਰੇ ਜਾਣ ਵਾਲੇ ਨੌਜਵਾਨ ਪਾਇਲਟਾਂ ਦੀ ਮੌਤ ਬਾਰਡਰ ਪਾਰ ਤੋਂ ਆਈ ਸੀ?
19-ਨੋਟਬੰਦੀ ਕਰ ਕੇ ਬੈਂਕਾਂ ਦੇ ਬੂਹੇ ਤੇ ਅਜਾਂਈ ਮੌਤ ਮਾਰਨਾ ਅੱਤਵਾਦ ਨਹੀਂ ਤਾਂ ਕੀ ਹੈ?
20-ਹਜਾਰਾਂ ਦੀ ਗਿਣਤੀ ਵਿੱਚ ਕਿਰਤੀ ਅਚਾਨਕ ਕਰੋਨਾ ਬੰਦ ਕਰਕੇ ਮੌਤ ਦੇ ਮੂੰਹ ਵਿੱਚ ਸੁੱਟ ਦਿਤੇ ,ਇਹ ਦਹਿਸ਼ਤਗਰਦੀ ਨਹੀਂ ਤਾਂ ਕੀ ਹੈ?
21-ਸਾਧਨ ਸੰਪਨ ਹੁੰਦੇ ਹੋਏ ਵੀ ਭੁੱਖ ਮਰੀ,ਬੇਰੁਜਗਾਰੀ,ਅਰਾਜਕਤਾ ਹੈ ਕਿਉਂ ?
22-ਚਿੱਟੇ ਵਾਲੀ ਕਾਲੀ ਥਾਰ ਦਹਿਸ਼ਤਗਰਦ ਨਹੀਂ ਗਰਦਾਨੀ ਕਿਉਂ?
23-ਸੇਬੀ ਵਾਲੀ ਮਾਧਵੀ ਪੁਰੀ ਸ਼ੇਅਰ ਹੋਲਡਰਜ਼ ਦੇ ਖਰਬਾਂ ਰੁਪਏ ਲੁਟ ਕੇ ਖੁਲੀ ਫਿਰਦੀ ਹੈ ਕਿਉਂ?
24-ਗੁਜਰਾਤ ਦਿਲੀ ਸ਼ਾਹਿਨ ਬਾਗ ਨੂੰ ਯਾਦ ਕਰੋ,ਅਤਿਵਾਦ ਹੀ ਅਤਵਾਦ ਹੈ।
25-ਕੁੰਭ ਦਾ ਮੇਲਾ ਕਾਂਵੜੀਆ ਯਾਤਰਾ ਮੇਲਾ,ਅਮਰਨਾਥ,ਕੇਦਾਰਨਾਥ ਵਿਖੇ ਹਰ ਸਾਲ ਹੁੰਦੀਆਂ ਮੌਤਾਂ
ਕੀ ਬਾਰਡਰ ਪਾਰੋਂ ਆਉਂਦੀਆਂ ਹਨ।
26-ਭੋਲਾ,ਨਰਾਇਣਾਂ ਦੇ ਆਸ਼ਰਮਾਂ ਦੇ ਪ੍ਰਵਚਨ ਸੁਣਦੇ ਸੈਂਕੜੇ ਹਿੰਦੂ ਮਾਰੇ ਗਏ।ਇਹ ਖੁੂਨ ਖਰਾਬਾ ਕਿਉਂ? ਅਯੁੱਧਿਆ ਦੇ ਰਾਮ ਮੰਦਿਰ ਨੇ ਕਿੰਨੇ ਭਗਤ ਮਜਦੂਰ ਖਾ ਲਏ।
27-ਉੱਚ ਅਹੁਦੇ ਤੇ ਬਿਰਾਜਮਾਨ ਕਰਨਲ ਸੋਫੀਆ ਕੁਰੇਸ਼ੀ ਜੋ ਆਪਣੀ ਜਾਨ ਤਲੀ ਤੇ ਧਰ ਕੇ ਆਪਣਾ ਘਰ ਪਰਿਵਾਰ ਲਾਂਭੇ ਕਰ ਕੇ ਸਰਹੱਦ ਤੇ ਤਸੀਹਾ ਕੱਟਦੀ ਨੂੰ ਮੰਦੇ ਬੋਲ ਮਾਰਨ ਵਾਲਾ ਮੰਤਰੀ ਅਤਿਵਾਦੀ ਦਹਿਸ਼ਤਗਰਦ ਨਹੀਂ ਤਾਂ ਕੀ ਹੈ?
28- ਗੋਲਡ ਮੈਡਲਿਸਟ ਭਲਵਾਨ ਯੁਵਤੀਆਂ ਦਾ ਸੋਸ਼ਣ ਕਰਨ ਵਾਲਾ ਮੰਤਰੀ ਦਹਿਸ਼ਤਗਰਦ ਨਹੀਂ ਤਾਂ ਕੀ ਹੈ।
29-ਅੰਕਿਤ ਕੀਤਾ ਗਿਆ ਹੈ ਇਕ ਮਿੰਟ ਵਿੱਚ ਪੰਜ ਬਲਾਤਕਾਰ ਹੁੰਦੇ ਹਨ ਜਿਹਦੇ ਚੋਂ ਤਿੰਨ ਕਤਲ ਵੀ ਹੁੰਦੇ ਹਨ।ਇਹੋ ਵਿਕਾਸ ਹੋ ਰਿਹਾ ਹੈ।ਕੀ ਬਲਾਤਕਾਰੀ ਵੀ ਕਾਤਲ ਤੇ ਅਤਵਾਦੀ ਨਹੀਂ ਹਨ।?
30-ਇਹੋ ਜਿਹੇ ਗਦਾਰ ਬਹਾਦਰਾਂ ਨੂੰ ਬਾਰਡਰ ਤੇ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਨਹੀਂ ਭੇਜਿਆ ਜਾਂਦਾ -ਕਿਉਂ?
ਅਤਿਵਾਦੀ ਦਸ਼ਿਤਗਰਦ ਆਲੇ ਦੁਆਲੇ ਆਸਪਾਸ ਦਨਦਨਾਉਂਦੇ ਫਿਰਦੇ ਹਨ ਪਹਿਲਾਂ ਆਪਣੇ ਘਰ ਤੇ ਕਾਰਵਾਈ ਕਰਨੀ ਬਣਦੀ ਹੈ।ਘਰ ਦਾ ਭੇਤੀ ਲੰਕਾ ਢਾਹੇ ਉਸਨੂੰ ਕਾਬੂ ਕਰਨਾ ਬਣਦਾ ਹੈ।
ਸੰਵੇਦਨਸ਼ੀਲਤਾ ਕੋਲ ਅਨੇਕਾਂ ਸਵਾਲ ਜਵਾਬ ਦੇ ਮੁੰਤਿਜ਼ਰ ਹਨ।ਜਵਾਬ ਤਾਂ ਬਣਦਾ ਹੈ।
ਸੱਠ ਬਾਹਠ ਵਰ੍ਹੇ ਪਹਿਲਾਂ ਇਸ ਗੀਤ ਵਿੱਚ ਗੀਤਕਾਰ ਨੇ ਸੰਕੇਤਕ ਜਵਾਬ ਦਿੱਤਾ ਸੀ-
" ਆਤੀ ਹੈ ਆਵਾਜ਼ ਯਹੀ ਮੰਦਿਰ ਮਸਜਿਦ ਗੁਰਦਵਾਰੋਂ ਸੇ-ਂ
ਸੰਭਲ ਕੇ ਰਹਨਾ ਸੰਭਲ ਕੇ ਰਹਨਾ ਅਪਨੇ ਘਰ ਮੇਂ ਛਿਪੇ ਗਦਾਰੋਂ ਸੇ" ॥
ਰਣਜੀਤਕੌਰਗੁੱਡੀ ਤਰਨਤਾਰਨ
" ਮਸੀਹਾ - ਰਾਮਬਾਣ " - ਰਣਜੀਤ ਕੋਰ ਗੁੱਡੀ ਤਰਨ ਤਾਰਨ
ਠੀਕ ਠਾਕ ਕੰਮ ਕਾਰ ਕਰਦੇ ਅਚਾਨਕ ਹੀ ਸੇਵਾ ਸਿੰਘ ਦੀ ਤਬੀਅਤ ਵਿਗੜ ਗਈ ਉਸਨੇ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਆਪ ਹੀ ਸੰਭਾਲਣ ਦੀ ਪਰ ਗੜਬੜੀ ਵਧਦੀ ਗਈ ਤੇ ਉਹਨੇ ਸਵਿਤਰੀ ਆਪਣੀ ਪਤਨੀ ਨੂੰ ਅਵਾਜ਼ ਦਿੱਤੀ।ਸਵਿਤਰੀ ਨੇ ਵੀ ਆਹਰ ਪਾਹਰ ਕੀਤਾ ਘਰੇਲੂ ਨੁਸਖਾ ਜਾਂ ਫਸਟ ਏਡ ਕਹਿ ਲਓ ਪਰ ਸੇਵਾ ਸਿੰਘ ਦੀ ਹਾਏ ਹਾਏ ਵਧ ਗਈ।ਸਵਿਤਰੀ ਨੂੰ ਧਿਆਨ ਆਇਆ ਮੁਹੱਲਾ ਕਲਿਨਕ ਦਾ ਉਹ ਦੌੜੀ ਸਾਰਾ ਮੁਹੱਲਾ ਛਾਣ ਮਾਰਿਆ ਕਿਤੇ ਕੋਈ ਕਲਿਨਕ ਨਾਂ ਲੱਭਾ ।ਮੁੜੀ ਆਉਂਦੀ ਨੂੰ ਉਹਨੂੰ ਦੂਜੇ ਮਹੱਲੇ ਦਾ ਝੋਲਾ ਛਾਪ ਡਾਕਟਰ ਦਿਸਿਆ ਤੇ ਉਹਨੂੰ ਉਹ ਘਰ ਲੈ ਆਈ।
ਚਾਲੀ ਕੁ ਸਾਲ ਪਹਿਲਾਂ ਡਾਕਟਰ ਬੁਲਾਉਣ ਤੇ ਘਰ ਆ ਜਾਂਦੇ ਸੀ ਕੁਝ ਕੁ ਫਰਿਸ਼ਤਾ ਸਿਫ਼ਤ ਡਾਕਟਰ ਘਰ ਆਉਣ ਦੀ ਕੋਈ ਫੀਸ ਨਹੀਂ ਸੀ ਵਸੂਲਦੇ ਪਰ ਕੁਝ ਤੇ ਪੂਰੀ ਛਿਲ ਲਾਹੁੰਦੇ।ਪਰ ਇਲਾਜ ਲੱਭ ਜਾਂਦਾ ਤੇ ਵੇਲੇ ਸਿਰ ਬਚਾਅ ਵੀ ਹੋ ਜਾਂਦਾ।ਬੰਦੇ ਨੂੰ ਫੀਸ ਦੀ ਰਕਮ ਭੁੱਲ ਜਾਂਦੀ ਤੇ ਡਾਕਟਰ ਹਮੇਸ਼ ਲਈ ਰਜਿਸਟਰ ਹੋ ਜਾਂਦਾ।
ਉਹ ਅੱਛਾ ਵਕਤ ਦੂਰ ਕਿਤੇ ਗੁਮ ਹੋ ਗਿਆ,ਉਸ ਤੋਂ ਬਾਦ ਡਾਕਟਰਾਂ ਨੇ ਅੱਤਵਾਦ ਦਾ ਪੱਜ ਭਾਲ ਲਿਆ ਤੇ ਘਰ ਚੋਖੀ ਫੀਸ ਤੇ ਵੀ ਆਉਣ ਤੌਂ ਸਹੁੰ ਖਾ ਲਈ।ਗਲ ਵੀ ਠੀਕ ਸੀ ਹਾਲਾਤ ਹੀ ਅੇਸੇ ਸਨ ਕਿ ਹਰ ਕੋਈ ਜਾਨ ਲੁਕਾਈ ਫਿਰਦਾ ਸੀ।ਖੇੈਰ ਸੇਵਾ ਸਿੰਘ ਦੀ ਹਾਲਤ ਵੇਖ ਕੇ ਝੋਲਾ ਛਾਪ ਡਾਕਟਰ ਨੇ ਕਿਹਾ,ਇਹਨਾਂ ਨੂੰ ਹਸਪਤਾਲ ਲਿਜਾਣਾ ਪੈਣਾ।ਉਹ ਰਿਕਸ਼ਾ ਲੈ ਆਇਆ ਤੇ ਸਵਿਤਰੀ ਨੇ ਉਸਨੂੰ ਕਿਹਾ ਨੇੜੈ ਤੋਂ ਨੇੜੇ ਜਿਹੜਾ ਹਸਪਤਾਲ ਹੈ ਉਥੇ ਲੈ ਚਲ,ਹਸਪਤਾਲ ਪੁੱਜੇ ਬਰਵਕਤ ਡਾਕਟਰ ਦੇ ਯਤਨਾਂ ਨਾਲ ਸੇਵਾ ਸਿੰਘ ਦੀ ਜਾਨ ਵਿੱਚ ਜਾਨ ਆ ਗਈ।
ਇਹਨਾਂ ਦਾ ਆਪਣਾ ਪੁੱਤਰ 'ਰਾਮਦਾਸ'ਡਾਕਟਰੀ ਦੀ ਪੜ੍ਹਾਈ ਲਈ ਦਿਲੀ ਕਾਲਜ ਹੋਸਟਲ ਵਿੱਚ ਰਹਿੰਦਾ ਸੀ।ਜਦ ਉਸਨੂੰ ਇਸ ਸਾਰੇ ਕਿੱਸੇ ਦਾ ਪਤਾ ਲਗਾ ਉਸਨੇ ਉਸੀ ਦਿਨ ਕਸਮ ਲੈ ਲਈ ਕਿ ਉਹ ਘਰ ਘਰ ਮੋਬਾਇਲ ਡਾਕਟਰੀ ਸੇਵਾ ਕਰੇਗਾ।ਅੇਮ.ਬੀ.ਬੀ.ਅੇਸ.ਦੀ ਡਿਗਰੀ ਲੈ ਉਹ ਘਰ ਆ ਗਿਆ ਤੇ ਘਰੇ ਹੀ ਆਪਣੀ ਬੈਠਕ ਨੂੰ ਕਲਿਨਕ ਬਣਾ ਲਿਆ ਇਕਾ ਦੁਕਾ ਮਰੀਜ਼ ਵੀ ਆਉਣ ਲਗੇ।ਗਲ ਬਹੁਤੀ ਬਣੀ ਨਾਂ ਲੋਕ ਕਿਹੜਾ ਅਣਜਾਣ ਤੇ ਇਤਬਾਰ ਕਰਦੇ ਹਨ।ਉਹ ਇਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰ ਹੋ ਗਿਆ।ਦੋ ਮਹੀਨੇ ਤਕ ਵੱਡੇ ਡਾਕਟਰ ਨੇ ਉਸਨੂੰ ਕੋਈ ਮਰੀਜ਼ ਨਾਂ ਵੇਖਣ ਦਿੱਤਾ ਅਲਬੱਤਾ ਉਸ ਕੋਲੋਂ ਸਫਾਈ ਸੇਵਕ ਦਾ ਕੰਮ ਲਿਆ।ਰਾਮਦਾਸ ਨੇ ਜਦ ਡਾਕਟਰ ਨੂੰ ਇਸ ਬਾਰੇ ਬੇਨਤੀ ਕੀਤੀ ਤਾਂ ਅਗੋਂ ਵੱਡਾ ਡਾਕਟਰ ਕਹਿੰਦਾ ਆਪ ਮਰੀਜ਼ ਲੈ ਕੇ ਆਓ ਉਪਰੇਸ਼ਨ ਕੇਸ ਲਿਆਓ ਤੇ ਫੇਰ ਪਰੇਕਟਿਸ ਕਰ ਕੇ ਕੁਝ ਕਮਾਓਗੇ ਤਾਂ ਤਨਖਾਹ ਵੀ ਮਿਲੇਗੀ ।ਰਾਮਦਾਸ ਵੱਡੇ ਡਾਕਟਰ ਦੇ ਜਵਾਬ ਤੇ ਹੈਰਾਨ ਪਰੇਸ਼ਾਨ ਹੋ ਗਿਆ।ਕਰੇ ਤਾਂ ਕੀ ਕਰੇ ?
ਰਾਮਦਾਸ ਨੇ ਨਿਜੀ ਹਸਪਤਾਲ ਦੀ ਹਾਜਰੀ ਛੱਡ ਦਿੱਤੀ ਤੇ ਸਰਕਾਰੀ ਹਸਪਤਾਲ ਗੇੜੀ ਦੇਣ ਲਗ ਪਿਆ ਇੰਨੇ ਦਿਨਾਂ ਚ ਉਹ ਲੋਕਾਂ ਵਿਚ ਰਚ ਮਿਚ ਗਿਆ ਸੀ ।ਇਕ ਦਿਨ ਉਹਨੇ ਅੇਸ ਅੇਮ ਓ ਨਾਲ ਮੁਲਾਕਾਤ ਕੀਤੀ ਤੇ ਉਸਨੂੰ ਆਪਣੀ ਮਨਸ਼ਾ ਦੱਸੀ ਕਿ ਉਹ ਡਾਕਟਰੀ ਸੇਵਾ ਕਰਨੀ ਚਾਹੁੰਦੈ।ਸਰਕਾਰੀ ਹਸਪਤਾਲ ਡਾਕਟਰ ਦੋ ਵਜੇ ਤੱਕ ਹੁੰਦੇ ਨੇ ਤੇ ਫਿਰ ਵਾਰੀ ਨਾਲ ਅੇਮਰਜੇਂਸੀ ਡਾਕਟਰ ਡਿਉਟੀ ਦੇਂਦਾ ਹੈ,ਜੋ ਕਿ ਹੁੰਦਾ ਤਾਂ ਆਪਣੀ ਰਿਹਾਇਸ਼ ਤੇ ਹੀ ਹੈ ਬੁਲਾਉਣ ਤੇ ਹੀ ਕਿਤੇ ਰੱਬ ਤਰਸੀ ਆ ਜਾਂਦਾ ਹੈ।ਨਹੀਂ ਤੇ ਸਾਰੇ ਸਰਕਾਰੀ ਡਾਕਟਰ ਦੋ ਵਜੇ ਤੋਂ ਬਾਦ ਆਪਣੇ ਨਿਜੀ ਕਲਿਨਕ ਤੇ ਬੈਠਦੇ ਹਨ।ਅੇਸ ਅੇਮ ਓ ਨੇ ਰਾਮਦਾਸ ਨੂੰ ਸਲਾਹ ਦਿੱਤੀ ਕਿ ਉਹ ਦੋ ਵਜੇ ਤੋਂ ਬਾਦ ਮਰੀਜ਼ ਵੇਖ ਲਿਆ ਕਰੇ ਤਜੁਰਬੇ ਲਈ ।ਵੈਸੇ ਵੀ ਬਹੁਤ ਸਾਰੇ ਪਰਚੀ ਵਾਲੇ ਮਰੀਜ਼ ਵੀ ਡਾਕਟਰ ਨੂੰ ਦੋ ਵਜੇ ਤਕ ਮਿਲਣ ਤੋਂ ਅਸਮਰਥ ਮੁੜ ਜਾਂਦੇ ਨੇ।ਰਾਮਦਾਸ ਅਸਮਰਥਾਂ ਨੂੰ ਵੇਖਣ ਲਗ ਪਿਆ ਤੇ ਅੇਮਰਜੈਂਸੀ ਵਿੱਚ ਵੀ ਹਾਜਰ ਹੋਣ ਲਗ ਗਿਆ ਜਿਥੇ ਕਿਤੇ ਉਸਦੇ ਵਸ ਤੋਂ ਬਾਹਰ ਹੁੰਦਾ ਉਹ ਅੇਮਰਜੇਂਸੀ ਡਾਕਟਰ ਨੂੰ ਬੁਲਾ ਲੈਂਦਾ ਤੇ ਉਹਦੀ ਪੂਰੀ ਸ਼ਹਾਇਤਾ ਕਰਦਾ ਉਪਰੇਸ਼ਨ ਕੇਸ ਵੀ ਸੰਭਾਲ ਲੈਂਦਾ।ਉਹ ਦੁਖੀਆਂ ਨੂੰ ਦਿਲਾਸਾ ਦੇਂਦਾ ਤਾਂ ਮਰੀਜ਼ ਵੀ ਮਨ ਤੋਂ ਤਕੜੇ ਹੋ ਜਾਂਦੇ,ਪੈਸੇ ਦੀ ਕਮਾਈ ਉਸਨੂੰ ਧੇਲਾ ਵੀ ਨਹੀਂ ਸੀ ਪਰ ਸ਼ੋਹਰਤ ਉਸਨੇ ਬਹੁਤ ਕਮਾ ਲਈ ਲੋਕ ਉਸਨੂੰ ਮਸੀਹਾ ਆਖਣ ਲਗੇ।
ਮੋਟੀ ਤਨਖਾਹ ਲੈਣ ਵਾਲੇ ਡਾਕਟਰ ਬਹੁਤਾ ਵਕਤ ਚਾਹ ਪੀਣ ਗੱਪਾਂ ਮਾਰਨ ਤੇ ਮੀਟਿੰਗਾਂ ਵਿੱਚ ਤੇ ਘੜੀ ਤੇ ਦੋ ਵਜਣ ਦੇ ਇੰਤਜ਼ਾਰ ਵਿੱਚ ਗੁਜਾਰਦੇ ਨੇ।ਰਾਮਦਾਸ ਦਾ ਅਮਲ ਰੰਗ ਲੈ ਆਇਆ ਤੇ ਉਹਦੇ ਘਰ ਮਰੀਜ਼ਾਂ ਦੀ ਭੀੜ ਲਗਣ ਲਗੀ ।ਉਸਨੇ ਲਾਇਸੈਂਸ ਹਾਸਲ ਕਰ ਲਿਆ ਤੇ ਜੇਨਰਿਕ ( ਸਸਤੀਆਂ ਅਸਲੀ ) ਸਰਕਾਰੀ ਦਵਾਈਆਂ ਲਿਆ ਕੇ ਮਰੀਜ਼ਾਂ ਨੂੰ ਦੇਣੀਆਂ।ਉਸਨੇ ਫਾਰਮੇਸੀ ਤੇ ਟਰੇਨਿੰਗ ਵੀ ਲਈ ਤੇ ਦਵਾਈਆਂ ਦੇ ਇਸਤਮਾਲ ਬਾਰੇ ਸੱਭ ਪੜ੍ਹਾਈ ਪਾਸ ਕਰ ਲਈ।
ਉਹਨੇ ਮੋਬਾਇਲ ਡਾਕਟਰੀ ਸਹਾਇਤਾ ਵੀ ਅਪਨਾ ਲਈ ਗਲੀ ਗਲੀ ਘਰ ਘਰ ਜਾਂਦਾ ਆਪਣੇ ਇਲਾਕੇ ਦਾ ਉਹ ਫਰਿਸ਼ਤਾ ਡਾਕਟਰ ਬਣ ਗਿਆ ਹੈ।ਸੋਸ਼ਲ ਮੀਡੀਆ ਤੇ ਛਾ ਗਿਆ।ਉਸਦੇ ਬਾਰੇ ਜਾਣ ਕੇ ਉਹਦੇ ਵਰਗੇ ਹੋਰ ਅੱਠ ਬੇਰੁਜਗਾਰ ਡਾਕਟਰ ਵੀ ਇਸੀ ਪੈਂਤੜੇ ਤੇ ਚਲ ਨਿਕਲੇ ਹਨ।ਨਾ ਸਰਕਾਰੀ ਹਸਪਤਾਲ ਤੇ ਨਾਂ ਮੁਹੱਲਾ ਕਲਿਨਕ ਲੋਕ ਸਮਰਥਕ ਹੋ ਸਕੇ ਪਰ ਤਨੋ ਮਨੋ ਸੇਵਾ ਭਾਵਨਾ ਵਾਲੇ ਸਧਾਰਨ ਮੱਧ ਵਰਗੀ ਤਬਕੇ ਦੀਆਂ ਤੰਗੀਆਂ ਤੁਰਸ਼ੀਆਂ ਚੋਂ ਪੈਦਾ ਹੋਏ ਡਾਕਟਰ ਮਸੀਹਾ ਹੋ ਨਿਬੜੇ।
ਸ਼ੁਗਰ ,ਹਈਪਰਟੇਨਸ਼ਨ, ਬੀ.ਪੀ,ਹਾਈ ਨੂੰ ਰੋਜ਼ ਖਾਣ ਵਾਲੀ ਗੋਲੀ ਉਹ ਬਹੁਤੇ ਸਸਤੇ ਜੇਨਰਿਕ ਸਟੋਰ ਤੋਂ ਮੰਗਵਾ ਦੇਂਦਾ।ਲੋਕ ਉਸਤੇ ਵਿਸ਼ਵਾਸ ਕਰਦੇ ਹਨ।ਕੋਈ ਲੰਬੇ ਚੌੜੇ ਟੇਸਟਾਂ ਦਾ ਬੋਝ ਉਹ ਨਹੀਂ ਪਾਉਂਦਾ।ਹੁਣ ਤਾਂ ਮਰੀਜ਼ਾਂ ਨੇ ਉਸਦਾ ਨਾਮ ਬਦਲ ਕੇ 'ਰਾਮਬਾਣ' ਰੱਖ ਦਿੱਤਾ ਹੈ।ਉਹਦੇ ਮਾਂਬਾਪ ਨੂੰ ਢੇਰਾਂ ਦੁਆਵਾਂ ਤੇ ਸ਼ੁਭ ਕਾਮਨਾਵਾਂ ਅਚੇਤ ਹੀ ਵਸੂਲ ਹੁੰਦੀਆਂ ਹਨ।ਰੱਬ ਦਾ ਦਾਸ ਪੁੱਤ ਹੈ ।
ਨੇੜੇ ਦੇ ਨਰਸਿੰਗ ਕਾਲਜ ਵਿੱਚ ਨਰਸਿੰਗ ਕੋਰਸ ਕਰਦੇ ਤਿੰਨ ਚਾਰ ਮੁੰਡੇ ਕੁੜੀਆਂ ਰਾਮਦਾਸ ਰਾਮਬਾਣ ਦੇ ਕਲਿਨਕ ਤੇ ਸ਼ਾਮ ਨੂੰ ਆ ਜਾਂਦੇ ਤੇ ਲਗਦੇ ਹੱਥ ਜਿਥੇ ਕਿਤੇ ਮਲ੍ਹਮ ਪੱਟੀ ਦੀ ਲੋੜ ਹੁੰਦੀ ਉਹ ਕਰ ਦੇਂਦੇ ਇਸ ਤਰਾਂ ਉਹਨਾਂ ਦੀ ਪਰੇਕਟਿਸ ਹੋ ਜਾਂਦੀ ਤੇ ਰਾਮਦਾਸ ਦੀ ਮਦਦ ਵੀ।ਡਾਕਟਰ ਰਾਮਦਾਸ ਵਕਤ ਕੱਢ ਕੇ ਉਹਨਾਂ ਨੂੰ ਪੜ੍ਹਾ ਵੀ ਦੇਂਦਾ,ਜੋ ਸਮਝ ਨਾ ਆਉਂਦਾ ਸਮਝਾ ਕੇ ਉਹਨਾਂ ਦੇ ਸਿਰ ਵਿੱਚ ਪਾ ਦੇਂਦਾ ਤੇ ਉਹ ਚੰਗੇ ਨੰਬਰਾਂ ਵਿੱਚ ਇਮਤਿਹਾਨ ਪਾਸ ਕਰ ਲੈਂਦੇ ਹਨ।ਜੀਤੂ ਨੇ ਅੇਕਸਰੇ ਦਾ ਕੋਰਸ ਮੁਕਾ ਲਿਆ ਤੇ ਉਹ ਵੀ ਉਹਦੇ ਕਲਿਨਕ ਤੇ ਆ ਜਾਂਦਾ ਹੈ ।ਸਰਕਾਰੀ ਹਸਪਤਾਲ ਵਿਚਲੀ ਪਰੇਕਟਿਸ,ਹੱਥੀਂ ਕੰਮ ਕਰਨ ਦੀ ਇੱਛਾ,ਮਿਹਨਤ ਤੇ ਲਗਨ ਨੇ ਉਸਨੂੰ ਹਰ ਪੱਖ ਤੋਂ ਕਾਬਲ ਡਾਕਟਰ ਬਣਾ ਦਿੱਤਾ ਹੈ ਤੇ ਰੱਬ ਨੇ ਵੀ ਉਸ ਤੇ ਖੁਸ਼ ਹੋ ਕੇ ਉਸਦੇ ਹੱਥਾਂ ਨੂੰ ਸ਼ਫ਼ਾ ਬਖਸ਼ੀ ਹੇੈ।ਸਫ਼ਾ ਤੇ ਸ਼ਫ਼ਾ ਜਦ ਮਿਲ ਜਾਣ ,ਦਵਾ ਤੇ ਦੁਆ ਮਿਲ ਜਾਣ ਤਾਂ ਹਿੰਮਤੇ ਮਰਦ ਤੇ ਮਦਦ ਖੁਦਾ ਹੋ ਹੀ ਜਾਂਦੀ ਹੈ।
ਅੇੈਸੇ ਨਿਰਛਲ ਤੇ ਨਿਸਵਾਰਥ ਡਾਕਟਰਾਂ ਦੀ ਸਮਾਜ ਨੂੰ ਸਖ਼ਤ ਜਰ੍ਰਰਤ ਹੈ।ਕਾਸ਼ ਅੇੈਸੇ ਮਸੀਹੇ ਆਮ ਹੋ ਜਾਣ । 'ਆਮੀਨ'
ਜਾਂਦੇ ਜਾਂਦੇ-ਆਓ ਮਿਲ ਕੇ ਸਰਕਾਰ ਨੂੰ ਬੇਨਤੀ + ਅਪੀਲ ਕਰੀਏ ਮੁਫ਼ਤ ਸਹੂਲਤਾਂ ਜੋ ਇਸ ਵਕਤ ਚਾਲੂ ਨੇ ਉਹਨਾਂ ਨਾਲੋਂ ਕਿਤੇ ਵੱਧ ਜਰ੍ਰਰਤ ਹੈ ਮੋਬਾਇਲ ਡਾਕਟਰੀ ਸਹੂਲਤ ਦੀ ਸੋ ਬਾਕੀ ਰਹਿਣ ਦਿਓ ਬੱਸ ਸਿਖਿਆ ਤੇ ਸਿਹਤ ਸਹੂਲਤਾਂ ਆਮ ਕਰ ਦਿਓ ਸਰਕਾਰ ਜੀ ।ਜਾਨ ਹੈ ਤਾਂ ਜਹਾਨ ਹੈ।
ਰਣਜੀਤ ਕੋਰ ਗੁੱਡੀ ਤਰਨ ਤਾਰਨ
ਬੁਰਾਈ ਦੇ ਸਾਹਵੇਂ ਸੀਨਾ ਤਾਨ ਲਈਦਾ ਵੇ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਅੱਛਾਈ ਨਾਲ ਹੋਵੇ ਟਕਰਾ ਤੇ ਗੁਨਾਹ ਮੰਨ ਲਈਦਾ ਵੇ
ਸ਼ਾਮ ਹੋ ਗਈ ਹੈ,ਉਮਰ ਦਾ ਆਖਰੀ ਪਹਿਰ ਹੈ
ਕਿਸ ਚਿਹਰੇ ਤੇ ਚਿਹਰਾ ਹੋਰ ਪਛਾਣ ਲਈਦਾ ਵੇ
ਮੇਰੇ ਨਾਲ ਨਰਾਜ਼ ਹੋ ਜਾਂਦਾ ਹੈ ਉਹ ਅਕਸਰ
ਜਦ ਕਿਸੇ ਦਾ ਮਖੌਟਾ ਬਿਆਨ ਲਈਦਾ ਵੇ
ਮਾਲ ਭ੍ਰਸ਼ਿਟਾਚਾਰ ਦਾ ਵੰਡ ਲੈਂਦੇ ਨੇ ਬਰਾਬਰ
ਇਹ ਸੱਭ ਕੁਝ ਉਹਦੇ ਕੋਲੋਂ ਜਾਣ ਲਈਦਾ ਵੇ
ਧੰਨਵਾਦ ਹੈ ਉਹਨਾਂ ਦਾ ਜੋ ਮੇਰੇ ਨਾਲ ਸਹਿਮਤ ਨੇ
ਉਂਜ ਆਪਣੀਆਂ ਕਮੀਆਂ ਤੇ ਕਰ ਧਿਆਨ ਲਈਦਾ ਵੇ
ਹੱਕ ਸੱਚ ਇਨਸਾਫ਼ ਦੀ ਰਾਹ ਤੇ ਰਹੋ ਤੁਰਦੇ
ਕੋਲੇ ਬਹਿ ਵਡੇਰਿਆਂ ਤੋਂ ਗਿਆਨ ਲਈਦਾ ਵੇ॥
ਧੁੱਪਾਂ ਵੀ ਗੈਰ ਨੇ
ਛਾਵਾਂ ਵੀ ਗੈਰ ਨੇ
ਕਿੱਤ ਵਲ ਕਰੀਏ ਉਂਗਲੀ
ਨਿਗਾਹਾਂ ਵੀ ਗੈਰ ਨੇ
ਕਿੰਜ ਭਰੀਏ ਉਹਦਾ ਦਮ
ਸਾਹਵਾਂ ਵੀ ਗੈਰ ਨੇ
ਉਹਦੀ ਗੱਪ ਤਾਂ ਅੰਬਰਾਂ ਤੱਕ
ਸਾਡੇ ਸੱਚ ਵੀ ਅਪੈੈਰ ਨੇ
ਅੱਗ ਵਰਾ੍ਹਉਂਦੇ ਉਹਦੇ ਜੁਮਲੇ
ਸਾਡੇ ਹਰਫ਼ ਨਿਰਵੈਰ ਨੇ
ਧੁਪਾਂ ਵੀ ਗੈਰ ਨੇ...........
ਰਣਜੀਤ ਕੌਰ ਗੁੱਡੀ ਤਰਨ ਤਾਰਨ 9780282816
ਬੇਨਤੀ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਏਕਾ ਦੇ ਇਤਫ਼ਾਕ ਦੇ
ਪਿਆਰ ਮੁਹੱਬਤ ਪਾਕ ਦੇ ,ਰੋਜ਼ੀ ਰਿਜ਼ਕ ਰਜ਼ਾਕ ਦੇ
ਕੁਝ ਪਾਣੀ ਸੁੱਚਾ ਸਾਫ਼ ਦੇ,ਦੇ ਬਾਣੀ ਦਾ ਪਰਤਾਪ ਦੇ
ਅੰਨ ਦਾਤੇ ਤੂੰ ਇਨਸਾਫ਼ ਦੇ,ਮੱਤ ਪੱਤ ਹਵਾਲੇ ਆਪਦੇ
ਗੁਰੂ ਨਾਨਕ ਸੱਚੇਪਾਤਸ਼ਾਹ ਬਖ਼ਸ਼ ਦੇ,ਕਰ ਮਾਫ਼ ਦੇ
ਮਜਦੂਰਾਂ ਨੂੰ ਮਜਦੂਰੀਆਂ,ਦੇ ਸੱਭ ਨੂੰ ਸਬਰ ਸਬੂਰੀਆਂ
ਦੇ ਦਸ ਨਹੁੰਆਂ ਦੀ ਕਿਰਤ, ਕਰ ਨੇਕ ਮੁਰਾਦਾਂ ਪੂਰੀਆਂ
ਨੇਕ ਨੀਤੀ ਜਪੁਜੀ ਦਾ ਜਾਪ ਦੇ,ਹੱਥ ਜੋੜ ਤੁਸਾਂ ਨੂੰ ਆਖਦੇ
ਵਾਹਿਗੁਰੂ ਸਾਨੂੰ ਬਖਸ਼ ਦੇ ਕਰ ਮਾਫ਼ ਦੇ
ਅਸੀਂ ਕਲਯੁਗੀ ਜੀਅ ਸੰਸ਼ਾਰ ਦੇ,ਭਰੇ ਹੋਏ ਹੰਕਾਰ ਦੇ
ਨਿਂਦਿਆ ਚੁਗਲੀ ਤੋਹਮਤਾਂ ਵਿੱਚ ਟੱਕਰਾਂ ਫਿਰਦੇ ਮਾਰਦੇ
ਤੁਸਾਂ ਲੱਖਾਂ ਹੀ ਦੁਨੀਆ ਤਾਰ ਤੀ,ਇਸ ਮਸਕੀਨ ਨੂੰ ਵੀ ਤਾਰ ਦੇ
ਇਹ ਸਾਰੀ ਦੁਨੀਆ ਤਾਰ ਦੇ ਇਸ 'ਅਗਿਆਤ'ਨੂੰ ਵੀ ਤਾਰ ਦੇ
ਧੰਨ ਗੁਰੂ ਨਾਨਕ ਬਖ਼ਸ਼ ਦੇ ਕਰ ਮਾਫ਼ ਦੇ-ਗੁਰੂ ਨਾਨਕ ਸੱਚੇ ਪਾਤਸ਼ਾਹ......
2== ਹੇ ਕਰਤਾਰ ਹੇ ਸਿਰਹਣਹਾਰ ਇੰਨਾ ਕਰ ਦੇ ਪਰਉਪਕਾਰ
ਸ਼ਾਡੇ ਦੇਸ਼ ਨੂੰ ਕੁਝ ਚੰਗੇ ਲੀਡਰ ਦੇ ਉਧਾਰ
ਕਰਨ ਜੋ ਮੁਲਕ ਦਾ ਨੇਕ ਪਾਕ ਉਦਾਰ '
ਇਹ ਬੰਦੇ ਡੁੱਬੇ ਵਿੱਚ ਹੰਕਾਰ ਦੇ
ਹਵਸ ਲਾਲਚ ਵਿੱਚ ਟੁੱਭੀਆਂ ਮਾਰ ਦੇ
ਇਹਨਾਂ ਮੁਲਕ ਕਰ ਥੇਹ ਦੇਣਾ
ਵਿੱਚ ਗੱਡ ਤਕਲਾ-ਸੇਹ ਦੇਣਾ
ਸੱਚੇ ਪਾਤਸ਼ਾਹ ਕਰ ਛੇਤੀ,ਕਿਤੇ ਦੇਰ ਨਾਂ ਜਾਵੇ ਹੋ
ਤੇਰੀ ਹਾਜਰੀ ਹਜੂਰੀ ਵਿੱਚ ਕਿਤੇ ਹਨੇਰ ਨਾਂ ਜਾਵੇ ਹੋ
ਹੇ ਕਰਤਾਰ ਹੇ ਸਿਰਜਣਹਾਰ ਇੰਨਾ ਕਰ ਦੇ ਪਰਉਪਕਾਰ
ਇਸ ਦੇਸ਼ ਚੋਂ ਕੁਰਸੀ ਲੋਭ ਦਵੈਤ ਹੰਕਾਰ ਬੁਲਾ ਦੇ ਪਾਰ
ਰਣਜੀਤ ਕੌਰ ਗੁੱਡੀ ਤਰਨ ਤਾਰਨ
" ਨਾਜ਼ ਤੋਂ ਮਮਤਾ ਤੱਕ "- ਰਣਜੀਤ ਕੌਰ ਗੁੱਡੀ ਤਰਨ ਤਾਰਨ
ਨਹੀਂ ਆਸਾਨ ਨਹੀਂ ਮੁਟਿਆਰ ਦਾ ਅੋਰਤ ਹੋਣਾ
ਨਹੀਂ ਆਸਾਨ ਨਹੀਂ ਨਾਜ਼ ਤੋਂ ਮਮਤਾ ਹੋਣਾ ਨਹੀਂ ਆਸਾਨ ਨਹੀਂ ......
ਭਰੇ ਮਨ ਨਾਲ ਮੁਸਕਰਾ ਦੇਣਾ
ਜ਼ਰਾ ਜਿਹੀ ਖੁਸ਼ੀ ਤੇ ਅੱਖ ਭਰ ਲੈਣਾ
ਕਿੰਨੀ ਵਾਰ ਖੁਦੀ ਨੂੰ ਖੁਦ ਵਿੱਚ ਸਮੇੇਟਣਾ
ਗੜਕਦੇ ਤੂਫਾਨਾਂ ਨੂੰ ਦੁਪੱਟੇ ਵਿੱਚ ਲਪੇਟਣਾ
ਗ੍ਰਹਿਸਤ ਦੀ ਅੱਗ ਵਿੱਚ ਤਪ ਕੇ ਸੋਨਾ ਹੋਣਾ-ਨਹੀਂ ਆਸਾਨ ਨਹੀਂ...,
ਆਪਣੀ ਪਹਿਚਾਨ ਲਈ ਆਪਣਾ ਆਪ ਗਵਾਉਣਾ
ਰਿਸ਼ਤਿਆਂ ਦੀ ਮਾਲਾ ਨੂੰ ਵਾਰ ਵਾਰ ਸੰਜੋਣਾ ਪਰੋਣਾ
ਕਦੇ ਖੁਦ ਨਾਲ ਲੜਾਈ,ਕਦੇ ਜਮਾਨੇ ਦਾ ਸਾਮ੍ਹਣਾ
ਅਨੇਕਾਂ ਹੀ ਦੈਂਤਾਂ ਦਾ ਮਨ ਵਿੱਚ ਪਨਪਣਾ
ਕੰਡਿਆਂ ਦੀ ਸੇਜ ਹੈ ਦੁਰਗਾ ਹੋਣਾ-----ਨਹੀਂ ਆਸਾਨ ਨਹੀਂ....
ਚਿਹਰਿਆਂ ਤੇ ਜੰਮੀ ਧੁੂਲ ਕਿਤੇ ਰਿਸ਼ਤੇ ਤੇ ਨਾ ਜਮ ਜਾਏ-
ਮਨ ਲਾ ਕੇ ਪਰੋਏ ਫੁੱਲ,ਕਿਤੇ ਮਾਲਾ ਹੀ ਨਾ ਬਿਖਰ ਜਾਏ
ਫਿਕਰ ਇਹੋ ਵਿੱਚ ਰਾਤ ਦਿਨ ਫਨਾਹ ਹੋਣਾ-ਨਹੀਂ ਆਸਾਨ ਨਹੀਂ ਮੁਟਿਆਰ...
ਉਂਗਲੀ ਸੜ ਜਾਏ ਤੇ ਗਿਲਾ ਆਟਾ ਲਾ ਲੈਣਾ
ਮਨ ਸੜ ਜਾਏ ਤੇ ਚੁਪਕੇ ਦੋ ਹੰਝੂ ਵਹਾ ਲੈਣਾ
ਪਿਆਜ਼ ਦੇ ਬਹਾਨੇ ਰੋਣਾ----ਨਹੀਂ ਆਸਾਨ ਨਹੀਂ....
ਪ੍ਰੀਤਾਂ ਦਾ ਕੰਡੇਦਾਰ ਵੇਲ ਹੋ ਜਾਣਾ -ਤੇ
ਤੇ- ਇਸ ਵੇਲ ਨੂੰ ਲਿਬਾਸ ਬਣਾ ਲੈਣਾ-
ਅੇੈਸਾ ਹੀ ਹੈ ਮੁਟਿਆਰ ਤੋਂ ਅੋਰਤ ਹੋਣਾ
ਹੈ ਜੋ ਪੁਰਸਲਾਤ ਦੇ ਉਸ ਪਾਰ ਹੋਣਾ,--ਨਹੀਂ ਆਸਾਨ ਨਹੀਂ
ਅਲ੍ਹੜ ਉਮਰ ਤਿਲਕਵਾਂ ਪੈਂਡਾ-ਨਹੀਂ ਆਸਾਨ ਨਹੀਂ ......
ਹਾਰੀ ਹੋਈ ਜਿੰਦਗੀ ਨਾਲ ਜਿਉਣਾ
ਅੱੱੱੱਗ ਨੂੰ ਅੱਗ ਨਾਲ ਬੁਝਾਉਣਾ----
ਨਹੀਂ ਆਸਾਨ ਨਹੀਂ ਮੁਟਿਆਰ ਦਾ ਅੋਰਤ ਹੋਣਾ
ਉਹੋ ਜਾਣਦੀ ਹੈ ਜਾਂ ਫਿਰ ਉਹਦਾ ਰੱਬ-ਨਹੀਂ ਆਸਾਨ ਨਹੀਂ
ਮੁਟਿਆਰ ਦਾ ਅੋਰਤ ਹੋਣਾ.................
ਰਣਜੀਤ ਕੌਰ ਗੁੱਡੀ ਤਰਨ ਤਾਰਨ